.

“ਦੁਬਿਧਾ”

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹਰ ਰੋਜ਼ ਸਾਨੂੰ ਇਹੀ ਸੇਧ ਬਖ਼ਸ਼ਿਸ਼ ਕਰਦੀ ਹੈ ਕਿ ਐ ਪ੍ਰਾਣੀ ਤੂੰ ਸਾਰੀ ਸਰਿਸ਼ਟੀ ਦੇ ਰਚਣਹਾਰ/ਪਾਲਣਹਾਰ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨ ਦਾ ਓਪਰਾਲਾ ਕਰਦਾ ਰਹਿ ਅਤੇ ਜਿਹੜਾ ਪ੍ਰਾਣੀ ਇੱਕ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈ, ਉਹ ਫਿਰ ਕਿਸੇ ਪ੍ਰਕਾਰ ਦੀ ਦੁਬਿਧਾ ਵਿੱਚ ਪੈ ਕੇ ਖ਼ਜ਼ਲ-ਖ਼ੁਆਰ ਨਹੀਂ ਹੁੰਦਾ! ਦੁਬਿਧਾ ਤੇ ਦੁਚਿਤ ਦਾ ਇੱਕ ਹੀ ਭਾਵ ਜਾਪਦਾ ਹੈ ਕਿ ਉਹ ਪ੍ਰਾਣੀ ਜਿਹੜਾ ਦੋਹੀਂ ਪਾਸੀਂ ਮਨ ਲਾਈ ਰੱਖੇ ਜਾਂ ਇੰਜ ਕਹਿ ਲਵੋ ਕਿ ਜਿਸ ਪ੍ਰਾਣੀ ਦੀ ਡੋਲਣ ਵਾਲੀ ਬਿਰਤੀ ਹੋਵੇ ਅਤੇ ਦੋਹਾਂ ਪਾਸਿਆਂ ਵੱਲ ਝੁਕਾਉ ਰੱਖੇ।

ਜਪੁ ਜੀ ਸਾਹਿਬ (ਪਉੜੀ ੫/੬) ਦਾ ਪਾਠ ਕਰਦੇ ਸਮੇਂ ਅਸੀਂ ਪੜ੍ਹਦੇ ਹਾਂ:

“ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥”

ਇਵੇਂ ਹੀ, ਗੁਰੂ ਅਮਰਦਾਸ ਸਾਹਿਬ ਵੀ ਓਪਦੇਸ਼ ਕਰਦੇ ਹਨ: ਮ: ੩ ਪੰਨਾ ੬੪੬॥

“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥

ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥ ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ॥

ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ॥ ਕਰਮਿ ਪੀਆਵਣਹਾਰੁ॥ ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ॥ ੨॥

ਭਾਵੇਂ “ਦੁਬਿਧਾ” ਬਾਰੇ ਕਈ ਤੁੱਕਾਂ ਸਾਂਝੀ ਕੀਤੀਆਂ ਹੋਈਆਂ ਹਨ, ਪਰ ਸੱਭ ਤੋਂ ਬੇਹਤਰ ਤਾਂ ਇਹ ਹੀ ਹੈ ਕਿ ਅਸੀਂ ਆਪ ਹਰ ਰੋਜ਼ ਗੁਰਬਾਣੀ ਦਾ ਸਾਧਾਰਨ ਪਾਠ ਕਰੀਏ ਅਤੇ ਰੂਹਾਨੀ ਗੁਣਾਂ ਨੂੰ ਗ੍ਰਹਿਣ ਕਰਕੇ, ਸਚਿਆਰ ਜੀਵਨ ਸਫਲਾ ਕਰੀਏ।

ਗੁਰੂ ਗਰੰਥ ਸਾਹਿਬ: ਪੰਨਾ ੧੯, ਸਿਰੀਰਾਗੁ ਮਹਲਾ ੧॥

ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ॥ ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ॥

ਗੁਰਿ ਰਾਖੇ ਸੇ ਉਬਰੇ ਹੋਇ ਮੁਠੀ ਧੰਧੈ ਠਗਿ॥ ੨॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਜਿਨ੍ਹਾਂ ਪ੍ਰਾਣੀਆਂ ਨੇ ਦੁਨਿਆਵੀਂ ਮਾਇਕ ਪਦਾਰਥਾਂ ਵਿੱਚ ਗ਼ਲਤਾਨ ਹੋ ਕੇ, ਅਕਾਲ ਪੁਰਖ ਦੇ ਸੱਚੇ ਨਾਮ ਨੂੰ ਵਿਸਾਰ ਦਿੱਤਾ, ਉਹ ਦੁਬਿਧਾ/ਦੁਚਿੱਤੀ ਵਿੱਚ ਫਸ ਗਏ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ੍ਹ ਕੇ ਆਪਣਾ ਜੀਵਨ ਖ਼ੁਆਰ ਕਰ ਗਏ। ਪਰ, ਜਿਨ੍ਹਾਂ ਪ੍ਰਾਣੀਆਂ ਨੂੰ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਹੋ ਗਈ, ਉਹ ਆਪਣਾ ਜੀਵਨ ਸਫਲਾ ਕਰ ਗਏ, ਪਰ ਹੋਰ ਲੋਕਾਈ ਆਪਣੇ ਮਨਮਤਿ ਧੰਧਿਆਂ ਕਰ ਕੇ ਠਗੇ ਗਏ। (੨)

ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ॥ ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ॥

ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ॥ ੧॥

ਅਰਥ: ਗੁਰੂ ਸਾਹਿਬ ਮਨਮੁੱਖ ਪ੍ਰਾਣੀ ਦੀ ਹਾਲਤ ਬਿਆਨ ਕਰਦੇ ਹਨ ਕਿ ਐਸਾ ਪ੍ਰਾਣੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ੍ਹ ਕੇ ਸੁਆਹ ਵਾਂਗ ਹੋ ਜਾਂਦਾ ਹੈ ਅਤੇ ਉਸ ਦਾ ਮਨ ਮਾਇਆ ਦੇ ਮੋੇਹ ਵਿੱਚ ਪੈ ਕੇ ਨਿਕੰਮਾ ਮਨੂਰ ਬਣ ਜਾਂਦਾ ਹੈ। ਇੰਜ, ਉਸ ਦੇ ਆਪਣੇ ਹੀ ਔਗਣ ਵੈਰੀ ਬਣ ਜਾਂਦੇ ਹਨ ਪਰ ਫਿਰ ਭੀ ਉਹ ਬੁਰੇ ਕੰਮਾਂ ਵਿੱਚ ਮਸਤ ਰਹਿੰਦਾ ਹੈ। ਅਸਲ ਵਿੱਚ ਇਲਾਹੀ ਉਪਦੇਸ਼ ਤੋਂ ਬਿਨਾ ਐਸਾ ਪ੍ਰਾਣੀ ਮਨ ਦੇ ਪਿੱਛੇ ਲਗ ਕੇ, ਬੇੜੀ ਦੇ ਡੁੱਬਣ ਵਾਂਗ ਆਪਣੀ ਜ਼ਿੰਦਗੀ ਵਿਅਰਥ ਗੁਆ ਦਿੰਦਾ ਹੈ।

ਪੰਨਾ ੧੦੯: ਰਾਗੁ ਮਾਝ ਅਸਟਪਦੀਆ ਮਹਲਾ ੧॥

ਸਾਕਤ ਕੂੜੇ ਸਚੁ ਨ ਭਾਵੈ॥ ਦੁਬਿਧਾ ਬਾਧਾ ਆਵੈ ਜਾਵੈ॥ ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ॥ ੫॥

ਪੰਨਾ ੩੫੨, ਆਸਾ ਮਹਲਾ ੧॥ ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ॥ ਦੁਬਿਧਾ ਛੋਡਿ ਨਾਮਿ ਨਿਸਤਰੈ॥ ੨॥

ਪੰਨਾ ੪੧੬॥ ਕਨਿਕ ਕਾਮਨੀ ਹੇਤੁ ਗਵਾਰਾ॥ ਦੁਬਿਧਾ ਲਾਗੇ ਨਾਮੁ ਵਿਸਾਰਾ॥

ਪੰਨਾ ੪੧੯॥ ਦੁਬਿਧਾ ਛੋਡ ਕੁਵਾਟੜੀ ਮੂਸਹੁਗੇ ਭਾਈ॥ ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ॥ ੬॥

ਪੰਨਾ ੬੩੪, ਸੋਰਠਿ ਮਹਲਾ ੧॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥

ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ॥ ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ॥

ਪੰਨਾ ੬੮੫, ਧਨਾਸਰੀ ਮਹਲਾ ੧॥ ਰਖਿ ਰਖਿ ਚਰਨ ਧਰੇ ਵੀਚਾਰੀ॥ ਦੁਬਿਧਾ ਛੋਡਿ ਭਏ ਨਿਰੰਕਾਰੀ॥

ਪੰਨਾ ੯੦੪-੯੦੫, ਰਾਮਕਲੀ ਮਹਲਾ ੧॥

ਦੁਬਿਧਾ ਰਾਤੇ ਮਹਲੁ ਨ ਪਾਵਹਿ॥ ਜਿਸੁ ਗੁਰ ਪਰਸਾਦੀ ਨਾਮੁ ਅਧਾਰੁ॥ ਕੋਟਿ ਮਧੇ ਕੋ ਜਨੁ ਆਪਾਰੁ॥ ੭॥

ਪੰਨਾ ੧੧੫੩, ਭੈਰਉ ਅਸਟਪਦੀਆ ਮਹਲਾ ੧॥ ਤੀਰਥਿ ਭਰਮੈ ਰੋਗੁ ਨ ਛੁਟਸਿ ਪੜਿਆ ਬਾਦੁ ਬਿਬਾਦੁ ਭਇਆ॥

ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ॥ ੮॥

ਪੰਨਾ ੧੧੯੦, ਬਸੰਤੁ ਮਹਲਾ ੧॥ ਦੁਬਿਧਾ ਦੁਰਮਤਿ ਅਧੁਲੀ ਕਾਰ॥ ਮਨਮੁਖਿ ਭਰਮੈ ਮਝਿ ਗੁਬਾਰ॥ ੧॥

ਪੰਨਾ ੧੩੪੨, ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ॥

ਦੁਬਿਧਾ ਬਉਰੀ ਮਨੁ ਬਉਰਾਇਆ॥ ਝੂਠੈ ਲਾਲਚਿ ਜਨਮੁ ਗਵਾਇਆ॥

ਪੰਨਾ ੧੩੪੩, ਪ੍ਰਭਾਤੀ ਮਹਲਾ ੧॥ ਦੁਬਿਧਾ ਚੂਕੈ ਤਾਂ ਸਬਦੁ ਪਛਾਣੁ॥ ਘਰਿ ਬਾਹਰਿ ਏਕੋ ਕਰਿ ਜਾਣੁ॥ ਏਹਾ ਮਤਿ ਸਬਦੁ ਹੈ ਸਾਰੁ॥ ਵਿਚਿ ਦੁਬਿਧਾ ਮਾਥੈ ਪਵੈ ਛਾਰੁ॥ ੭॥

ਪੰਨਾ ੩੫, ਸਿਰੀਰਾਗੁ ਮਹਲਾ ੩॥

…ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰਧਾਰਿ॥ ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ॥ ੧॥

ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਜਿਨ੍ਹਾਂ ਪ੍ਰਾਣੀਆਂ ਦੀ ਖ਼ੋਟ-ਭਰੀ ਦੁਬਿਧਾ ਅਕਾਲ ਪੁਰਖ ਨੇ ਦੂਰ ਕਰ ਦਿੱਤੀ, ਉਨ੍ਹਾਂ ਨੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਿਆ ਹੁੰਦਾ ਹੈ। ਐਸੇ ਗੁਰਮੁੱਖ ਪ੍ਰਾਣੀ, ਅਕਾਲ ਪੁਰਖ ਦੀ ਸੱਚੀ ਬਾਣੀ ਨੂੰ ਸਿਮਰਦੇ ਹੋਏ, ਅਕਾਲ ਪੁਰਖ ਨਾਲ ਇਕ-ਮਿਕ ਹੋ ਜਾਂਦੇ ਹਨ।

ਪੰਨਾ ੧੧੩, ਮਾਝ ਮਹਲਾ ੩॥ ਏਕਮ ਏਕੈ ਆਪੁ ਉਪਾਇਆ॥ ਦੁਬਿਧਾ ਦੂਜਾ ਤ੍ਰਿਬਧਿ ਮਾਇਆ॥

ਪੰਨਾ ੧੧੯॥ ਗੁਰ ਪਰਸਾਦੀ ਸਹਜੁ ਕੋ ਪਾਏ॥ ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ॥

ਪੰਨਾ ੧੨੭, ਮਾਝ ਮਹਲਾ ੩॥ ਇਹ ਮਨੁ ਚੰਚਲੁ ਵਸਿ ਨ ਆਵੈ॥ ਦੁਬਿਧਾ ਲਾਗੈ ਦਹ ਦਿਸਿ ਧਾਵੈ॥

ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ॥ ੪॥

ਪੰਨਾ ੨੪੪, ਗਉੜੀ ਮਹਲਾ ੩॥ ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ॥

ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ॥ ੨॥

ਪੰਨਾ ੨੪੫॥ ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ॥ ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ॥ ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ॥

ਪੰਨਾ ੨੪੫॥ ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ॥ ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ॥ ੨॥

ਪੰਨਾ ੬੬੩, ਧਨਾਸਰੀ ਮਹਲਾ ੩॥ ਏਕੁ ਅਚਰਜੁ ਜਨ ਦੇਖਹੁ ਭਾਈ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ॥

ਪੰਨਾ ੧੧੨੮, ਭੈਰਉ ਮਹਲਾ ੩॥ ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ॥ ੧॥

ਪੰਨਾ ੧੧੩੦, ਭੈਰਉ ਮਹਲਾ ੩॥ ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ॥ ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਾੲਈ॥ ੧॥

…ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ॥ ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ॥ ੧॥

ਪੰਨਾ ੧੨੩੩, ਸਾਰਗ ਮਹਲਾ ੩॥ ਦੁਬਿਧਾ ਮਹਲੁ ਨ ਪਾਵੈ ਜਗਿ ਝੂਠੀ ਗੁਣ ਅਵਗਣ ਨ ਪਛਾਣੇ॥ ੭॥

ਪੰਨਾ ੧੨੪੭, ਸਾਰੰਗ ਕੀ ਵਾਰ ਸਲੋਕ ਮ: ੩॥ ਦੁਬਿਧਾ ਚੂਕੀ ਸਹਜਿ ਸੁਭਾਇ॥ ਅੰਤਰਿ ਨਾਮੁ ਵਸਿਆ ਮਨਿ ਆਇ॥

ਪੰਨਾ ੧੩੧੦, ਕਾਨੜਾ ਮਹਲਾ ੪॥ ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੇ ਰੰਗੁ ਨਾ ਆਵੈਗੋ॥

ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ॥ ੨॥

ਅਰਥ: ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਦੁਬਿਧਾ ਕਰਕੇ, ਮੇਰ-ਤੇਰ ਦੇ ਲੋਭ ਵਿੱਚ ਫਸੇ ਰਹਿੰਦੇ ਹਨ, ਉਨ੍ਹਾਂ ਦੇ ਕੋਰੇ ਮਨ ਉੱਤੇ ਅਕਾਲ ਪੁਰਖ ਦੇ ਪਿਆਰ ਦਾ ਰੰਗ ਨਹੀਂ ਚੜ੍ਹ ਸਕਦਾ। ਪਰ, ਜਦੋਂ ਉਨ੍ਹਾਂ ਨੂੰ ਗੁਰੂ ਓਪਦੇਸ਼ ਦੁਆਰਾ ਸੋਝੀ ਪ੍ਰਾਪਤ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ ਵੀ ਨਵਾਂ ਆਤਮਿਕ ਜਨਮ ਮਿਲ ਜਾਂਦਾ ਹੈ ਅਤੇ ਉਹ ਫਿਰ ਅਕਾਲ ਪੁਰਖ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ। ੨।

ਪੰਨਾ ੨੩੭, ਗਉੜੀ ਮਹਲਾ ੫॥ ਸਹਜੇ ਗ੍ਰਿਹ ਮਹਿ ਸਹਜਿ ਉਦਾਸੀ॥ ਸਹਜੇ ਦੁਬਿਧਾ ਤਨ ਕੀ ਨਾਸੀ॥ ਜਾ ਕੈ ਸਹਜਿ ਮਨਿ ਭਇਆ ਅਨੰਦੁ॥ ਤਾ ਕਉ ਭੇਟਿਆ ਪਰਮਾਨੰਦੁ॥ ੫॥

… ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ॥ ਇਸਹਿ ਮਾਰਿ ਰਾਜ ਜੋਗੁ ਕਮਾਵੈ॥ ੧॥ ਰਹਾਉ॥

ਪੰਨਾ ੨੩੮, ਮਹਲਾ ੫॥ ਗੁਰਿ ਦੁਬਿਧਾ ਜਾ ਕੀ ਹੈ ਮਾਰੀ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ॥ ੮॥

ਪੰਨਾ ੧੧੮੫, ਬਸੰਤੁ ਮਹਲਾ ੫ ਘਰੁ ੨ ਹਿੰਡੋਲ॥ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ੧॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਐ ਸਤ-ਸੰਗੀਓ, ਆਓ ਆਪਾਂ ਸੱਭ ਸੰਗਤ ਵਿੱਚ ਇੱਕਠੇ ਬੈਠ ਕੇ, ਅਕਾਲ ਪੁਰਖ ਦੇ ਸੱਚੇ ਨਾਮ ਨਾਲ ਸੁਰਤਿ ਜੋੜ ਕੇ ਆਪਣੇ ਦਿਲਾਂ ਵਿਚੋਂ ਮੇਰ-ਤੇਰ ਦੀ ਦੁਬਿਧਾ ਤਿਆਗ ਦੇਈਏ। ਇੰਜ, ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣ ਕੇ, ਚੌਪੜ ਖੇਡ ਵਾਂਗ, ਆਪਣੀ ਚਟਾਈ/ਕੱਪੜਾ ਵਿਛਾਅ ਕੇ ਆਪਣਾ ਧਿਆਨ, ਅਕਾਲ ਪੁਰਖ ਨਾਲ ਜੋੜੀ ਰੱਖੀਏ। ੧। (ਫਿਰ, ਸਿੱਖ ਕਿਉਂ ਅਲੱਗ ਅਲੱਗ ਧੜਿਆਂ ਵਿੱਚ ਪੈ ਕੇ ਖ਼ੁਆਰ ਹੋ ਰਹੇ ਹਨ?)

ਪੰਨਾ ੩੩੧, ਰਾਗੁ ਗਉੜੀ ਚੇਤੀ ਕਬੀਰ ਜੀ ਕੀ॥ ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ॥

ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ॥ ੧॥

ਪੰਨਾ ੩੪੩, ਗਉੜੀ ਥਿੰਤੀ ਕਬੀਰ ਜੀ॥ ਛਠਿ ਖਟੁ ਚਕ੍ਰ ਛਹੂੰ ਦਿਸ ਧਾਇ॥ ਬਿਨੁ ਪਰਚੈ ਨਹੀ ਥਿਰਾ ਰਹਾਇ॥

ਦੁਬਿਧਾ ਮੇਟਿ ਖਿਮਾ ਗਹਿ ਰਹਹੁ॥ ਕਰਮ ਧਰਮ ਕੀ ਸੂਲ ਨ ਸਹਹੁ॥ ੭॥

ਅਰਥ: ਭਗਤ ਕਬੀਰ ਜੀ ਬਿਆਨ ਕਰਦੇ ਹਨ ਕਿ ਪ੍ਰਾਣੀ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ ਦੁਨਿਆਵੀ ਪਦਾਰਥਾਂ ਵਿੱਚ ਭਟਕਦੇ ਰਹਿੰਦੇ ਹਨ। ਜਦ ਤੱਕ ਪ੍ਰਾਣੀ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਨਹੀਂ ਕਰਦਾ, ਤਦ ਤਕ ਉਹ ਖ਼ੁਆਰ ਹੋਇਆ ਰਹਿੰਦਾ ਹੈ। ਜਦੋਂ ਪ੍ਰਾਣੀ ਆਪਣੀ ਦੁਬਿਧਾ-ਬਿਰਤੀ ਤੋਂ ਛੁੱਟਕਾਰਾ ਪਾ ਕੇ, ਅਕਾਲ ਪੁਰਖ ਦੀ ਸ਼ਰਨ ਵਿੱਚ ਨਹੀਂ ਆਉਂਦਾ, ਤਦ ਤਕ ਉਹ ਦੁਨਿਆਵੀਂ ਕਰਮਾਂ-ਧਰਮਾਂ ਵਿਚੋਂ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦਾ। (੭)

ਦਾਸਰੇ ਨੂੰ ਸਮਝ ਨਹੀਂ ਆ ਰਹੀ ਕਿ ਐਨੇ ਗੁਰਬਾਣੀ ਦੇ ਓਪਦੇਸ਼ਾਂ ਦੇ ਹੁੰਦਿਆਂ, ਸਿੱਖ ਕੌਮ ਦੁਬਿਧਾ ਦੀ ਉਲਝਣ ਵਿੱਚ ਪੈ ਕੇ ਕਿਉਂ ਖ਼ੁਆਰ ਹੋ ਰਹੀ ਹੈ। ਆਓ, ਦੁਬਿਧਾ/ਦੁਚਿਤੇ ਦਿਆਂ ਦੇ ਕੁੱਝ ਕੁ ਮਸਲਿਆਂ ਉੱਪਰ ਪੰਛੀ-ਝਾਤ ਮਾਰ ਲਈਏ:

1. ਗੁਰੂ ਸਾਹਿਬ ਦਾ ਹੁਕਮ ਹੈ ਕਿ ਸਿੱਖਾਂ ਨੂੰ ਇੱਕ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਹੀ ਗ੍ਰਹਿਣ ਕਰਨਾ ਚਾਹੀਦਾ ਹੈ। ਪਰ ਫਿਰ ਭੀ ਅਸੀਂ ਕਈ ਦੇਵੀ-ਦੇਵਤਿਆਂ ਅਤੇ ਵਿਣਾਸ਼ ਹੋਣ ਵਾਲੇ ਪ੍ਰਾਣੀਆਂ ਦੇ ਕਿਉਂ ਝੋਲੀ-ਚੁੱਕ ਬਣਦੇ ਹੈਂ?

2. ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫੁਰਮਾਨ ਹੈ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”। ਪਰ ਫਿਰ ਵੀ ਕਈ ਸਿੱਖ ਬਚਿਤ੍ਰ ਨਾਟਕ ਦੇ ਡਰਾਮੇ ਦੀ ਪ੍ਰੋੜਤਾ ਕਰਦੇ ਨਜ਼ਰ ਆਉਂਦੇ ਹਨ।

3. ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ (੫੨੩) ਸ਼ਬਦ “ੴ ਸਤਿਗੁਰ ਪ੍ਰਸਾਦਿ॥” ਨਾਲ ਆਰੰਭ ਹੁੰਦੇ ਹਨ ਤਾਂ ਅਰਦਾਸਿ ਸਮੇਂ ਇਹ ਸ਼ਬਦਾਵਲੀ ਕਿਉਂ ਨਹੀਂ ਵਰਤੀ ਜਾਂਦੀ? ਫਿਰ ਸਿੱਖਾਂ ਨੇ ਅਰਦਾਸਿ, ‘ਵਾਰ ਦੁਰਗਾ ਕੀ’ ਦੀ ਅਰੰਭਕ ਸ਼ਬਦਾਵਲੀ ‘ਸ੍ਰੀ ਭਗਉਤੀ ਜੀ ਸਹਾਇ’ ਕਿਉਂ ਪ੍ਰਚਲਤ ਕੀਤੀ ਹੋਈ ਹੈ? ੧੪੬੯ ਤੋਂ ਲੈ ਕੇ ੧੬੯੯ ਤੱਕ (੨੩੦ ਸਾਲ) ਗੁਰੂ ਸਾਹਿਬਾਨ ਕਿਵੇਂ ਅਰਦਾਸਿ ਕਰਦੇ ਹੁੰਦੇ ਸਨ ਜਾਂ ੧੭੦੯ ਤੋਂ ੧੯੨੯ ਤੱਕ ਕਿਵੇਂ?

4. ‘ਰਾਗਮਾਲਾ’ ਕਿਸੇ ਗੁਰੂ ਸਾਹਿਬ ਜਾਂ ਭਗਤ ਵਲੋਂ ਨਹੀਂ ਉਚਾਰੀ ਹੋਈ ਅਤੇ ਨਾ ਹੀ ਉਸ ਵਿੱਚ ਸਾਰੇ (੩੧) ਰਾਗਾਂ ਦਾ ਵੇਰਵਾ ਮਿਲਦਾ ਹੈ, ਫਿਰ ਇਸ ਤੋਂ ਕਿਉਂ ਨਹੀਂ ਛੱਟਕਾਰਾ ਪਾ ਲਿਆ ਜਾਂਦਾ? ਕੀ ਇਹ ਦੁਬਿਧਾ ਨਹੀਂ, ਜਿਵੇਂ ਇਹ ਮਸਲਾ ੩ ਫਰਵਰੀ ੧੯੪੫ ਤੋਂ ਹੀ ਲਟਕ ਰਿਹਾ ਹੈ!

5. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ “ਸਿੱਖ ਸਟੇਟ ਦੀ ਕਾਇਮੀ ਲਈ” ਲਈ ੯ ਮਾਰਚ ੧੯੪੬ ਨੂੰ ਮਤਾ ਪਾਸ ਕੀਤਾ ਸੀ। ਫਿਰ ੨੬ ਨਵੰਬਰ ੧੯੪੯ ਨੂੰ ਇੰਡੀਆ ਦੇ ਸੰਵਿਧਾਨ ਦੀ ਮੰਨਜੂਰੀ ਸਮੇਂ ਸਿੱਖਾਂ ਦੇ ਪ੍ਰਤੀਨਿਧ ਮੈਂਬਰਾਂ (ਹੁਕਮ ਸਿੰਘ ਅਤੇ ਭੁਪਿੰਦਰ ਸਿੰਘ ਮਾਨ) ਨੇ ਦਸਤਖਤ ਨਹੀਂ ਸਨ ਕੀਤੇ। ਪਰ ਫਿਰ ਭੀ, ਉਸੀ ਸੰਵਿਧਾਨ ਹੇਠ ਸਿੱਖ ਇਲੈਕਸ਼ਨਾਂ ਲੜਦੇ ਹਨ ਅਤੇ ਸੌਂਹ ਖਾਂਦੇ ਹਨ! ਕੀ ਐਸੀ ਦੁਬਿਧਾ ਸਦਾ ਲਈ ਚਲਦੀ ਰਹੇਗੀ?

ਐਸੇ ਦੁਬਿਧਾ ਭਰੇ ਬੇਅੰਤ ਮਸਲੇ ਹਨ, ਪਰ ਸਿੱਖ ਕੌਮ ਆਪਸ ਵਿੱਚ ਹੀ ਝਗੜਾ ਕਰਦੀ ਕਰਦੀ ਖ਼ੁਆਰ ਹੋ ਰਹੀ ਹੈ ਕਿਉਂਕਿ ਕੌਮ ਦੇ ਚੌਧਰੀ ਆਪਣੀ ਆਪਣੀ ਕੁਰਸੀ ਅਤੇ ਬਲੈਕ ਦੀ ਮਾਇਆ ਇੱਕਠੀ ਕਰਨ ਦੇ ਆਹਾਰ ਵਿੱਚ ਲਗੇ ਹੋਏ ਹਨ! ਇਸ ਦਾ ਇੱਕ ਹੀ ਇਲਾਜ ਹੈ ਕਿ ਸਾਰੇ ਸਿੱਖ ਇੱਕ “ਗੁਰੂ ਗਰੰਥ ਸਾਹਿਬ (ਪੰਨੇ ੧ ਤੋਂ ੧੪੨੯ ਤੱਕ) “ਵਿੱਚ ਅੰਕਿਤ ਬਾਣੀ ਦਾ ਹੀ ਸਿਮਰਨ ਕਰਨ ਅਤੇ ਉਸ ਨੂੰ ਪੂਰੀ ਤਰ੍ਹਾਂ ਸਮਝ ਕੇ ਆਪਣਾ ਆਪਣਾ ਜੀਵਨ ਬਤੀਤ ਕਰਨ। ਸਾਰੇ ਸਿੱਖ ਆਪਣੇ ਆਪਣੇ ਨੇੜੇ ਸਥਾਪਤ ਕੀਤੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਅਤੇ ਕਥਾ ਦੀ ਸੰਗਤ ਕਰਕੇ ਸਚਿਆਰ ਬਣ ਜਾਣ। ਇੰਜ, ਅਸੀਂ ਦੁਬਿਧਾ/ਦੁਚਿਤੀ ਤੋਂ ਛੁੱਟਕਾਰਾ ਪਾ ਸਕਦੇ ਹਾਂ!

ਖਿਮਾ ਦਾ ਜਾਚਿਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੩ ਅਕਤੂਬਰ ੨੦੧੩




.