.

ਅਮ੍ਰਿਤ ਵੇਲਾ

ਸਦੀਆਂ ਤੋਂ ਧਰਮ ਦੇ ਮਾਰਗ ਵਿੱਚ ‘ਅਮ੍ਰਿਤ ਵੇਲੇ’ ਦੀ ਬਹੁਤ ਅਹਿਮੀਅਤ ਮੰਨੀ ਜਾਂਦੀ ਹੈ, ਆਖਿਰ ਇਸ ਸਮੇ ਨੂੰ ਇਤਨੀ ਅਹਿਮੀਅਤ ਕਿਉਂ ਦਿੱਤੀ ਜਾਂਦੀ ਹੈ? ਅੱਜ ਆਪਾਂ ਇਸ ਵਿਸ਼ੇ ਤੇ ਵੀਚਾਰ ਕਰਨੀ ਹੈ।

ਧਰਮੀ ਅਤੇ ਅਧਰਮੀ ਜੀਵਨ ਵਿੱਚ ਬੁਨਿਆਦੀ ਭਿੰਨਤਾ ਇਹ ਹੁੰਦੀ ਹੈ ਕਿ ਧਰਮੀ ਜੀਵਨ ਪਰਿਵਰਤਨ ਸ਼ੀਲ ਹੁੰਦਾ ਹੈ ਜਦ ਕਿ ਅਧਰਮੀ ਅਮੋੜ ਜੀਵਨ ਹੁੰਦਾ ਹੈ ਜੋ ਬਦਲਾਵ ਨਹੀਂ ਕਰ ਸਕਦਾ। ਇਸ ਲਈ ਧਰਮੀ ਨੂੰ ਗੁਰਮੁਖ ਅਤੇ ਅਧਰਮੀ ਨੂੰ ਮਨਮੁਖ ਕਿਹਾ ਜਾਂਦਾ ਹੈ। ਜੀਵਨ ਪਰਿਵਰਤਨ (ਬਦਲਾਵ) ਲਈ ਉਸ ਤੋਂ ਜੀਵਨ ਦਾ ਪ੍ਰਭਾਵਤ ਹੋਣਾ ਅਤਿ ਜਰੂਰੀ ਹੈ ਜਿਸ ਵੱਲ ਜੀਵਨ ਨੂੰ ਪਰਿਵਰਤਨ ਕਰਨਾ ਹੁੰਦਾ ਹੈ। ਜਿਵੇਂ ਕਿ ਸ਼ਰਾਬੀ ਬਣਨ ਲਈ ਜੀਵਨ ਦਾ ਕਿਸੇ ਸ਼ਰਾਬੀ ਤੋਂ ਪ੍ਰਭਾਵਤ ਹੋਣਾ ਅਤਿ ਜਰੂਰੀ ਹੈ। ਇਸ ਤਰ੍ਹਾਂ ਪ੍ਰਭੂ ਨਾਲ ਮਿਲਾਪ ਲਈ ਜੀਵਨ ਦਾ ਪ੍ਰਭੂ ਤੋਂ ਪ੍ਰਭਾਵਤ ਹੋਣਾ ਅਤਿ ਜਰੂਰੀ ਹੈ।

ਅਧਿਆਤਮਿਕ ਆਸਥਾ ਵਿੱਚ ਅਮ੍ਰਿਤ ਵੇਲਾ ਧਰਮੀ ਜੀਵਨ ਵਾਲਿਆਂ ਲਈ ਸਭ ਤੋਂ ਪ੍ਰਭਾਵਿਤ ਕਰਨ ਵਾਲਾ ਸਮਾ ਮੰਨਿਆ ਜਾਂਦਾ ਹੈ ਕਿਉਂਕਿ ਉਸ ਸਮੇ ਮਨ ਦੀਆਂ ਵਾਸ਼ਨਾਵਾਂ ਬਹੁਤੀਆਂ ਵਿਸਥਾਰ ਵਿੱਚ ਖਿਲਰੀਆਂ ਨਹੀਂ ਹੁੰਦੀਆਂ। “ਦੂਜੈ ਬਹੁਤੇ ਰਾਹ, ਮਨ ਕੀਆ ਮਤੀ ਖਿੰਡੀਆ॥ ਬਹੁਤੁ ਪਏ ਅਸਗਾਹ, ਗੋਤੇ ਖਾਹਿ ਨ ਨਿਕਲਹਿ॥” ਮ: ੧, ਪੰਨਾ-੧੪੫॥ ਭਾਵ:- ਦੁਜੇ ਪਹਿਰ (ਸੂਰਜ ਚੜਿਆਂ) ਮਨ ਦੀਆਂ ਰੁਚੀਆਂ ਬਹੁਤੇ ਕੰਮ ਕਾਰਾਂ ਵਿੱਚ ਪੈ ਜਾਂਦੀਆਂ ਹਨ ਫਿਰ ਜੀਵਨ ਉਹਨਾ ਵਿੱਚ ਹੀ ਡੁੱਬਿਆ (ਪ੍ਰਭਾਵਤ) ਹੋਇਆ ਰਹਿੰਦਾ ਹੈ। ਜਿਸ ਕਾਰਨ ਪ੍ਰਮਾਤਮਾ ਤੋਂ ਪ੍ਰਭਾਵਤ ਨਹੀਂ ਰਹਿ ਸਕਦਾ। ਪਰ ਇਹ ਅੰਮ੍ਰਿਤ ਵੇਲਾ ਧਰਮੀ ਜੀਵਨ ਦਾ ਪਹਿਲਾ ਪੜਾਵ ਹੀ ਹੁੰਦਾ ਹੈ। ਜਿਵੇਂ ਬਹੁਤ ਦੇਰ ਦੀ ਖੜੀ ਕਿਸੇ ਗੱਡੀ ਨੂੰ ਸ਼ੁਰੂ ਸ਼ੁਰੂ ਵਿੱਚ ਧੱਕਾ ਲਗਾ ਕੇ ਹੀ ਚਲਾਉਣਾ ਪੈਂਦਾ ਹੈ। ਉਸ ਤੋਂ ਬਾਅਦ ਤਾਂ ਗੱਡੀ ਆਪਣੀ ਰਫ਼ਤਾਰ ਵਿੱਚ ਆਪ ਹੀ ਚੱਲਦੀ ਰਹਿੰਦੀ ਹੈ। ਇਸ ਤਰ੍ਹਾਂ ਹੀ ਧਰਮੀ ਜੀਵਨ ਲਈ ਅਗਲਾ ਪੜਾਵ “ਊਠਤ ਬੈਠਤ ਸੋਵਤ ਧਿਆਈਐ॥ ਮਾਰਗਿ ਚਲਤ ਹਰੇ ਹਰਿ ਗਾਈਐ”॥ ਮ: ੫/ਪੰਨਾ-੩੮੬॥ ਵਾਲੀ ਅਵਸਥਾ ਬਣ ਜਾਂਦੀ ਹੈ। ਕਿਉਂਕਿ ਪਹਿਲੇ ਪੜਾਵ (ਅੰਮ੍ਰਿਤ ਵੇਲੇ) ਦੀ ਘਾਲਣਾ ਰਾਹੀਂ ਭਗਤ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ “ਮਨ ਖੁਟਹਰ! ਤੇਰਾ ਨਹੀ ਬਿਸਾਸੁ; ਤੂ ਮਹਾਂ ਉਦਮਾਦਾ॥ ਖਰ ਕਾ ਪੈਖਰੁ ਤਉ ਛੁਟੈ, ਜਉ ਊਪਰਿ ਲਾਦਾ॥ ਰਹਾਉ॥ ਮ: ੫/ਪੰਨਾ-੮੧੫॥ ਭਾਵ-ਹੇ ਖੋਟੇ ਮਨ! ਤੂੰ ਮਸਤ ਹਾਥੀ ਵਾਂਙ ਬੇਮੁਹਾਰਾ ਚੱਲਦਾ ਹੈਂ; ਤੇਰੇ ਉਪਰ ਮੈਨੂੰ ਕੋਈ ਵਿਸਵਾਸ ਨਹੀਂ ਰਿਹਾ। (ਇਸ ਲਈ ਮੈ ਤੈਨੂੰ ਕੇਵਲ ਅੰਮ੍ਰਿਤ ਵੇਲੇ ਹੀ ਨਹੀਂ, ਸਗੋਂ ਹਰ ਸਮੇ ਪ੍ਰਭੂ ਦੀ ਯਾਦ ਤੋਂ ਇਉਂ ਪ੍ਰਭਾਵਤ ਕਰਕੇ ਰੱਖਾਂਗਾ ਜਿਵੇਂ) ਗਧੇ ਦੇ ਉਪਰ ਭਾਰ ਰੱਖਣ ਨਾਲ ਹੀ ਉਸ ਦੀ ਰੱਸੀ ਨਾਲ ਬੰਨ੍ਹੀ ਹੋਈ ਲੱਤ ਖੋਲੀਦੀ ਹੈ। (ਤਾਂ ਜੋ ਗਧਾ ਲੱਤ ਮਾਰਕੇ ਕੋਈ ਨੁਕਸਾਨ ਨਾ ਪਹੁੰਚਾ ਸਕੇ)।

ਅੰਮ੍ਰਿਤ ਵੇਲੇ ਦੀ ਅਹਿਮੀਅਤ ਮਨ ਦੀਆਂ ਵਾਸ਼ਨਾਵਾਂ (ਕੰਮ ਕਾਰ ਦੇ ਰੁਝੇਵੇ ਜੀਵਨ) ਤੋਂ ਨਿਰਲੇਪ (ਇਕਾਂਤ) ਸਮੇ ਨੂੰ ਆਖਦੇ ਹਨ ਨਾ ਕਿ ਕੇਵਲ ਰਾਤ ਦੇ ਕਿਸੇ ਇੱਕ ਭਾਗ ਨੂੰ। ਜੇਕਰ ਅੰਮ੍ਰਿਤ ਵੇਲੇ (ਸੂਰਜ ਦੀ ਰੋਸ਼ਨੀ ਤੋਂ ਪਹਿਲਾਂ ਦੇ ਸਮੇ) ਵੀ ਮਨ ਦੁਨੀਆਦਾਰੀ ਵਾਸ਼ਨਾਵਾਂ ਤੋਂ ਪ੍ਰਭਾਵਤ ਹੈ ਤਾਂ ਸੇਵਕ ਅੰਮ੍ਰਿਤ ਵੇਲੇ ਵੀ ਪ੍ਰਮਾਤਮਾ ਤੋਂ ਪੂਰੀ ਤਰ੍ਹਾਂ ਪ੍ਰਭਾਵਤ ਨਹੀਂ ਹੋ ਸਕਦਾ, ਬੇਸ਼ਕ ਕਿਸੇ ਭੀ ਬਾਣੀ ਦਾ ਪਾਠ ਕਿਉਂ ਨਾ ਕੀਤਾ ਜਾ ਰਿਹਾ ਹੋਵੇ।

ਦੂਜਾ ਪਹਿਲੂ ਇਹ ਹੈ ਕਿ ਮਨ ਇੱਕ ਸਮੇ ਕਿਸੇ ਇੱਕ ਸਿਧਾਂਤ ਤੋਂ ਹੀ ਪ੍ਰਭਾਵਤ ਰਹਿ ਸਕਦਾ ਹੈ ਜਿਵੇਂ ਕੋਈ ਮਨੁਖ ਇਕੋ ਸਮੇਂ ਦੋ ਵਿਅਕਤੀਆਂ ਤੋਂ ਪ੍ਰਭਾਵਤ ਨਹੀਂ ਹੋ ਸਕਦਾ ਬੇਸ਼ੱਕ ਜੀਵ ਦੋਨਾਂ ਤੋਂ ਪ੍ਰਭਾਵਤ ਹੋਣਾ ਚਾਹ ਰਿਹਾ ਹੋਵੇ। ਉਹਨਾ ਦੋਵਾਂ ਵਿੱਚੋਂ ਕਿਸੇ ਇੱਕ ਤੋਂ ਵੱਧ ਪ੍ਰਭਾਵਤ ਹੋ ਜਾਵੇਗਾ, ਦੋਨਾਂ ਤੋਂ ਬਰਾਬਰ ਨਹੀਂ। ਇਸ ਤਰ੍ਹਾਂ ਹੀ ਭਗਤ ਗੁਰਦੁਆਰਾ ਸਾਹਿਬ ਵਿਖੇ ਅਲੱਗ ਅਲੱਗ ਸਿਧਾਂਤਾਂ ਵਾਲੀਆਂ ਬਾਣੀਆਂ ਦੇ ਹੋ ਰਹੇ ਪਾਠਾਂ ਤੋਂ ਇੱਕ ਸਮੇਂ ਇੱਕ ਸਾਰ ਪ੍ਰਭਾਵਤ ਨਹੀਂ ਰਹਿ ਸਕਦਾ ਕਿਸੇ ਇੱਕ ਬਾਣੀ ਦਾ ਨਿਰਾਦਰ ਹੋਵੇਗਾ ਹੀ। ਬੇਸ਼ਕ ਦੋਵੇਂ ਹੀ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪੜ੍ਹੀਆਂ ਜਾ ਰਹੀਆਂ ਹੋਣ। ਇਸ ਲਈ ਸਿੱਖ ਰਹਿਤ ਮਰਯਾਦਾ ਵਿੱਚ ਸਾਫ਼ ਦਰਜ ਹੈ ਕਿ ਗੁਰੂ ਘਰ (ਗੁਰਦੁਆਰਿਆਂ) ਵਿੱਚ ਇਕੋ ਸਮੇਂ ਇੱਕ ਸਿਧਾਂਤ `ਤੇ ਹੀ ਪਹਿਰਾ ਦਿੱਤਾ ਜਾਵੇ। ਭਾਵ-ਕੀਰਤਨ, ਕਥਾ, ਪਾਠ ਆਦਿ ਵਿਚੋਂ ਕੇਵਲ ਇੱਕ ਦਾ ਹੀ ਪ੍ਰਵਹ ਸੰਗਤ ਵਿੱਚ ਚਲਾਇਆ ਜਾਵੇ।

ਉਕਤ ਵੀਚਾਰ ਨੂੰ ਧਿਆਨ ਵਿੱਚ ਰੱਖ ਕੇ ਜਦੋਂ ਗੁਰੂ ਘਰਾਂ ਵਿੱਚ ਗੁਰਮਤਿ ਤੋਂ ਉਲਟ ਹੋ ਰਹੇ ਧਾਰਮਿਕ ਕਰਮ ਵੇਖਣ ਨੂੰ ਮਿਲਦੇ ਹਨ ਤਾਂ ਸੰਗਤ ਦੀ ਗੁਰਬਾਣੀ ਬਾਰੇ ਨਾਸਮਝੀ ਪ੍ਰਤੱਖ ਸਮਝ ਵਿੱਚ ਆਉਦੀ ਪ੍ਰਤੀਤ ਹੁੰਦੀ ਹੈ ਜੋ ਕਿ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਇਹੋ ਜਿਹਾ ਭਗਤ ਗੁਰੂ ਘਰ ਜਾਣ ਦੇ ਬਾਵਯੂਦ ਭੀ ਬਹੁਤੇ ਸਮੇ ਤੱਕ ਸੰਸਾਰਕ ਦੁਖਾਂ ਦਾ ਸਾਹਮਣਾ ਨਹੀਂ ਕਰ ਸਕਦਾ। ਆਖਿਰ ਇੱਕ ਦਿਨ ਆਖ ਹੀ ਦੇਂਦਾ ਹੈ ਕਿ “ਭਈ ਨਿਰਾਸੀ ਬਹੁਤੁ ਦਿਨ ਲਾਗੇ, ਦੇਸ ਦੇਸੰਤਰ ਮੈ ਸਗਲੇ ਝਾਗੇ॥ ਮ: ੫/ਪੰਨਾ-੭੩੭॥ ਭਾਵ (ਪਾਠ ਕਰਦਿਆਂ, ਸੇਵਾ ਕਰਦਿਆਂ) ਬਹੁਤ ਸਮਾ ਬੀਤ ਗਿਆ ਕੋਈ ਜੀਵਨ ਪਰਿਵਰਤਨ ਨਹੀਂ ਹੋਇਆ, ਆਨੰਦ ਨਹੀਂ ਬਣਿਆ ਇਸ ਲਈ ਉਕਤ ਧਾਰਮਿਕ ਰਸਮਾ ਤੋਂ ਨਿਰਾਸ ਹੋ ਗਈ। ਸਮਾਜ ਵਿੱਚ ਇਹੋ ਜਿਹੇ ਬੇਅੰਤ ਵਿਅਕਤੀ ਮਿਲਦੇ ਹਨ ਜਿਨਾ ਨੇ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਨੂੰ ਭੰਗ ਕੀਤਾ ਹੈ।

ਮਾਨਵਤਾ ਦੇ ਇਤਿਹਾਸ ਵਿੱਚ ਸਰਬ ਸ੍ਰੇਸ਼ਟ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤਮਈ ਕੀਰਤਨ ਜਾਂ ਸਬਦ ਵੀਚਾਰ ਸੁਣ ਕੇ ਜਦੋਂ ਵਿਵੇਕੀ ਭਗਤ ਜਨ ਅੰਮ੍ਰਿਤ (ਇਕਾਂਤ) ਵੇਲੇ ਗੁਰੂ ਸਿੱਖਿਆ ਰਾਹੀਂ ਵਿਕਾਰੀ ਫ਼ੁਰਨਿਆਂ `ਤੇ ਕਾਬੂ ਪਾਉਂਦੇ ਹੋਏ ਪ੍ਰਮਾਤਮਾ ਤੋਂ ਪ੍ਰਭਾਵਤ ਹੋਣ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਨ ਤਾਂ ਕੁੱਝ ਉਕਤ ਬਿਆਨ ਕੀਤੇ ਗਏ ਭਗਤ ਜਨ ਆਪਣੀ ਮੱਤ ਦੇ ਅਮੋੜ ਨਿੱਤਨੇਮ ਜਾਂ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲੈ ਕੇ ਜਿੱਥੇ ਇੱਕ ਤੋਂ ਵੱਧ ਵਿਸ਼ਿਆਂ ਦੀ ਆ ਰਹੀ ਆਵਾਜ ਕਰਕੇ ਆਪ ਪ੍ਰਮਾਤਮਾ ਤੋਂ ਪ੍ਰਭਾਵਤ ਨਹੀਂ ਹੋ ਸਕਦੇ ਉੱਥੇ ਪ੍ਰਭੂ ਨਾਲ ਜੁੜ ਬੈਠੀ ਹੋਰ ਸੰਗਤ ਦਾ ਭੀ ਜੁੜਿਆ ਹੋਇਆ ਧਿਆਨ ਤੋੜਨ ਦੇ ਭਾਗੀ, ਪਾਪੀ ਬਣਦੇ ਹਨ।

ਸਿਰ ਢੱਕ ਕੇ ਰੱਖਣਾ, ਅਰਦਾਸ ਵਿੱਚ ਖੜੇ ਹੋਣਾ, ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਨਾ, ਪ੍ਰਭੂ ਜੀ ਦਾ ਸਿਮਰਨ ਕਰਨਾ ਆਦਿ ਧਾਰਮਿਕ ਵਿਸ਼ੇ ਭਗਤ ਨੂੰ ਪ੍ਰਭਾਵਤ ਕਰਨ ਲਈ ਹੀ ਹੁੰਦੇ ਹਨ ਤਾਂ ਜੋ ਜੀਵ ਹਉਮੈ ਮੁਕਤ ਹੋ ਸਕੇ ਕਿਉਂਕਿ “ਹਉਮੈ ਵਿਚਿ ਜਗੁ ਉਪਜੈ ਪੁਰਖਾ”॥ ਮ: , ੯੪੬॥ ਪਰ ਅਯੋਕੇ ਹਾਲਾਤਾਂ ਨੂੰ ਵੇਖਦਿਆਂ ਲਗਦਾ ਹੈ ਕਿ ਗੁਰੂ ਘਰਾਂ ਦੀ ਸੇਵਾ (ਪ੍ਰਧਾਨਗੀ) ਪ੍ਰਾਪਤ ਕਰਨ ਲਈ ਕਿਵੇਂ ਸ਼ਰਾਬਾਂ ਦੀ ਵਰਤੌਂ ਕੀਤੀ ਜਾਂਦੀ ਹੈ, ਵਿਰੋਧੀ ਧਿਰ ਨੂੰ ਨੀਵਾਂ ਵਿਖਾਉਣ ਲਈ “ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗਣ ਚਲੀਐ॥ ਮ: ੧, ੭੬੬॥ ਭਾਵ ਗੁਰਸਿਖਾਂ ਦੇ ਕੇਵਲ ਗੁਣਾਂ ਨੂੰ ਹੀ ਗ੍ਰਹਿਣ ਕਰਨਾ ਹੈ ਨਾ ਕਿ ਅਵਗੁਣਾ ਨੂੰ। ਬੀਬੀਆਂ ਗੁਰਬਾਣੀ ਦੇ ਅਨੇਕਾਂ ਪਾਠ ਕਰਨ ਦੇ ਬਾਵਯੂਦ ਵੀ ਬਿਉਟੀ ਪਾਰਲਰ, ਸਰੀਰਕ ਸੀਂਗਾਰ, ਕਰਵਾ ਚੌਥ ਵਰਤ ਆਦਿ ਤੋਂ ਇਤਨੀਆ ਪ੍ਰਭਾਵਤ ਹਨ ਕਿ ਗੁਰੂ ਜੀ ਨੂੰ ਕਹਿਣਾ ਪਿਆ ਕਿ “ਏਤੇ ਰਸ ਸਰੀਰ ਕੇ, ਕੈ ਘਟਿ ਨਾਮੁ ਨਿਵਾਸੁ”॥ ਮ: ੧, ੧੫॥ ਇਤਨੇ ਗੁਰੂ ਉਪਦੇਸਾਂ ਦਾ ਪਾਠ ਅੰਮ੍ਰਿਤ ਵੇਲੇ ਪੜ, ਸੁਣ ਕੇ ਜੀਵ ਪ੍ਰਭਾਵਤ ਹੋਣ ਦੀ ਬਜਾਏ ਗੁਰਬਾਣੀ ਉਕਤ ਉਪਦੇਸਾਂ ਦਾ ਘੋਰ ਨਿਰਾਦਰ ਕਰਦਾ ਆਮ ਵੇਖਿਆ ਜਾ ਸਕਦਾ ਹੈ। ਕਹਿਣਾ ਗਲਤ ਨਹੀਂ ਹੋਵੇਗਾ ਕਿ ਅਸੀਂ ਰਾਤਾਂ ਨੂੰ ਜਾਗ ਕੇ ਕੀ ਕਮਾਇਆ?

ਗੁਰਸਿੱਖ ਲਈ ਨਿਤਨੇਮ (ਪੰਜ ਬਾਣੀਆਂ ਭਾਵ ਗੁਰੂ ਬੋਲੀ ਦੀ ਰਾਹੀਂ ਪ੍ਰਭੂ ਜੀ ਦੇ ਸਨਮੁੱਖ ਆਪਣੀ ਭਾਵਨਾ ਪ੍ਰਗਟ ਕਰਦਿਆਂ ਉਸ ਨੂੰ ਸਰਬ ਕਲਾ ਸਮਰੱਥ ਅਨੁਭਵ ਕਰਕੇ ਉਸ ਤੋਂ ਪ੍ਰਭਾਵਤ ਹੋਣਾ ਤਾਂ ਜੋ ਪ੍ਰਭੂ ਯਾਦ ਦੀ ਛਾਪ ਸਾਡੇ ਅਧਿਆਤਮਿਕ ਜੀਵਨ `ਤੇ ਹਮੇਸ਼ਾ ਲਈ ਪੈ ਜਾਵੇ) ਦਾ ਪਾਠ ਕਰਨਾ ਨੇਕ ਜੀਵਨ ਲਈ ਜਰੂਰੀ ਭਾਗ ਮੰਨਿਆਂ ਗਿਆ ਹੈ। ਇਹ ਕਾਰਜ ਇਕੱਲਿਆਂ ਜਾਂ ਸੰਗਤੀ ਤੌਰ `ਤੇ ਵੀ ਕੀਤਾ ਜਾ ਸਕਦਾ ਹੈ। “ਹਰਿ ਸਿਮਰਨ ਕੀ ਸਗਲੀ ਬੇਲਾ॥ ਹਰਿ ਸਿਮਰਨੁ ਬਹੁ ਮਾਹਿ, ਇਕੇਲਾ॥” ਮ: ੫/ਪੰਨਾ-੧੧੫੦॥ ਪਰ ਸੰਗਤੀ ਤੌਰ `ਤੇ ਤਾਂ ਹੀ ਪਾਠ ਕੀਤਾ ਜਾਏ ਅਗਰ ਸੰਗਤ ਭੀ ਉਹੀ ਬਾਣੀ ਪੜ੍ਹ ਰਹੀ ਹੋਵੇ ਜੋ ਖੁਦ ਪੜ੍ਹਨੀ ਹੈ। ਐਸਾ ਨਾ ਹੋਵੇ ਕਿ ਕੁੱਝ ਸੰਗਤ ‘ਜਪੁ’ ਬਾਣੀ ਪੜ੍ਹ ਰਹੀ ਹੋਵੇ ਅਤੇ ਕੁੱਝ ‘ਸੁਖਮਣੀ’ ਅਤੇ ਜਾਂ ਕੋਈ ਕੁੱਝ ‘ਹੋਰ ਬਾਣੀ’। ਇਸ ਤਰ੍ਹਾਂ ਪਾਠ ਕੀਤਿਆਂ ਪ੍ਰਭੂ ਜੀ ਨੂੰ ਨਾ ਤਾਂ ਪ੍ਰਸੰਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਆਪ ਪ੍ਰਭੂ ਜੀ ਤੋਂ ਪ੍ਰਭਾਵਤ ਹੋ ਸਕੀਦਾ ਹੈ।

ਕੁੱਝ ਵੀਰ ਸੰਗਤ ਨੂੰ ਗਿਆਨ (ਬਿਬੇਕਤਾ) ਵੱਲ ਨਾ ਪ੍ਰੇਰ ਕੇ ਕੇਵਲ ਸ਼ਰਧਾ ਭਾਵਨਾ ਦੇ ਆਸਰੇ ਕੇਵਲ ਪਾਠਾਂ ਦੀਆਂ ਲੜੀਆਂ ਦੇ ਫ਼ਲਾਂ ਦੀ ਪ੍ਰਾਪਤੀ ਦਾ ਝਾਂਸਾ ਦੇ ਕੇ ਉਹਨਾ ਦੀ ਕੇਵਲ ਆਸਥਾ ਨੂੰ ਜ਼ਰੀਆ ਬਣਾ ਕੇ ਆਪਣੀ ਸੰਤ, ਬ੍ਰਹਮਗਿਆਨੀ ਆਦਿ ਉਪਾਧੀ ਨੂੰ ਕਾਇਮ ਬਣਾ ਕੇ ਰੱਖਣਾ ਚਾਹ ਰਹੇ ਹਨ, ਜੋ ਕੌਮ ਅਤੇ ਨਿਜ ਲਈ ਬਹੁਤ ਹੀ ਨੁਕਸਾਨ ਦਾਇਕ ਹੈ।

ਸੋ ਗੁਰੂ ਸਿਧਾਂਤ ਨੂੰ ਸਮਰਪਿਤ ਹਰ ਇੱਕ ਗੁਰਸਿਖ ਦਾ ਫ਼ਰਜ (ਜਿਮੇਵਾਰੀ) ਹੈ ਕਿ ਜਿੱਥੇ ਭੀ ਲਗਾਤਾਰ ਗੁਰਬਾਣੀ ਦਾ ਪ੍ਰਵਹ ਚੱਲਦਾ ਰਹਿੰਦਾ ਹੋਵੇ ਉਥੇ ਗੁਰਬਾਣੀ ਦਾ ਗੁਟਕਾ ਸਾਹਿਬ ਨਾ ਰੱਖਿਆ ਜਾਵੇ। ਅਗਰ ਪਹਿਲਾਂ ਤੋਂ ਉੱਥੇ ਗੁਟਕਾ ਸਾਹਿਬ ਰੱਖੇ ਪਏ ਹੋਣ ਤਾਂ ਉਹਨਾ ਨੂੰ ਕਿਸੇ ਹੋਰ ਨਿਵੇਕਲੇ ਸਥਾਨ `ਤੇ ਰੱਖ ਦੇਣਾ ਚਾਹੀਦਾ ਹੈ। ਤਾਂ ਜੋ ਗੁਰੂ ਘਰ ਪਹੁੰਚਣ ਵਾਲੀ ਹਰ ਇੱਕ ਸੰਗਤ ਇਕਾਗਰਤਾ ਨਾਲ ਗੁਰੂ ਸਿਧਾਂਤ ਨੂੰ ਸਮਝਦੀ ਹੋਈ ਪ੍ਰਮਾਤਮਾ ਤੋਂ ਪ੍ਰਭਾਵਤ ਹੋ ਕੇ ਜੀਵਨ ਵਿੱਚ ਕੁਦਰਤ ਵਲੋਂ ਮਿਲੇ ਅਮੋਲਕ ਅਮ੍ਰਿੰਤ ਵੇਲੇ ਦਾ ਸਹੀ ਲਾਭ ਉਠਾ ਸਕੇ।

ਅਵਤਾਰ ਸਿੰਘ (ਗਿਆਨੀ) ਠੂਠੀਆਂ ਵਾਲੀ, ਮਾਨਸਾ

mo:9814035202, Email : avtar020267@gmail.com
.