.

ਸੇਵਾ

ਵੀਰ ਭੁਪਿੰਦਰ ਸਿੰਘ

ਸੇਵਾ ਦੋ ਕਿਸਮਾਂ ਦੀ ਹੁੰਦੀ ਹੈ :-

(1) ਗੁਰ ਕੀ ਸੇਵਾ

(2) ਖਲਕਤ (ਦੁਨੀਆ) ਦੀ ਸੇਵਾ

ਜੇਕਰ ਖਲਕਤ ਦੀ ਸੇਵਾ ਸਹੀ ਮਾਇਨੇ ’ਚ ਜਿਊਣੀ ਹੋਵੇ ਤਾਂ ਗੁਰ ਦੀ ਸੇਵਾ ਅਤਿ ਜ਼ਰੂਰੀ ਮਹੱਤਤਾ ਰਖਦੀ ਹੈ।

ਖਲਕਤ ਦੀ ਸੇਵਾ ਨੂੰ ਸਮਝਣ ਤੋਂ ਪਹਿਲਾਂ ਗੁਰ ਕੀ ਸੇਵਾ ਬਾਰੇ ਵਿਚਾਰ ਕਰਕੇ ਵੇਖਦੇ ਹਾਂ :-

1. ਗੁਰ ਕੀ ਸੇਵਾ :- ਭਾਰਤ ਦੀ ਰਵਾਇਤ ਵਿੱਚ ਕਈ ਸਦੀਆਂ ਤੋਂ ਪ੍ਰਚਲਤ ਖਿਆਲ ਹੈ ਕਿ ਗੁਰੂ ਲਈ ਪਾਣੀ ਭਰਨਾ, ਉਸ ਨੂੰ ਇਸ਼ਨਾਨ ਕਰਾਉਣਾ, ਉਸ ਦੇ ਚਰਣ ਘੁਟਣਾ, ਪੱਖਾ ਝਲਨਾ, ਉਸਨੂੰ ਰੋਟੀ ਖੁਆਉਣਾ, ਉਸਦਾ ਜੂਠਾ ਆਪ ਖਾਣਾ ‘ਗੁਰੂ ਦੀ ਸੇਵਾ’ ਹੈ। ਇਸ ਕਿਸਮ ਦੇ ਅਨੇਕਾਂ ਹੀ ਕਰਮ ਹਨ ਜੋ ਕਿ ਸ਼ਿਸ਼ ਵਲੋਂ ਗੁਰੂ ਦੀ ਸੇਵਾ ਵਿੱਚ ਕੀਤੇ ਜਾਂਦੇ ਹਨ। ਪਰ ਇਨ੍ਹਾਂ ’ਚ ਵੇਖਣ ਵਿਚਾਰਨ ਵਾਲੀ ਗੱਲ ਹੈ ਕਿ ਇਹ ਸਭ ਜ਼ਰੂਰਤਾਂ ਕਿਸੀ ਸਰੀਰ ਜਾਂ ਆਪਣੇ ਆਪ ਨੂੰ ਗੁਰੂ ਸਮਝ ਬੈਠੇ ਕਿਸੀ ਦੇਹਧਾਰੀ ਮਨੁੱਖ ਦੀਆਂ ਹੁੰਦੀਆਂ ਹਨ। ਜਿਸ ਕਰਕੇ ਸਰੀਰਕ ਗੁਰੂ (ਅਖੌਤੀ) ਦੇ ਸਰੀਰ ਦੀ ਸੇਵਾ ਉਸ ਨੂੰ ਪਾਲਣ ਪੋਸ਼ਣ ਵਾਸਤੇ ਕੀਤੀ ਜਾਂਦੀ ਹੈ। ਜਿਸਦੇ ਬਦਲੇ ਗੁਰੂ ਖੁਸ਼ ਹੋ ਕੇ ਸੇਵਾ ਕਰਣ ਵਾਲੇ ਤੇ ਕਿਰਪਾ/ਬਖ਼ਸ਼ਿਸ਼ ਕਰਕੇ ਉਸਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ ਹੈ ਤੇ ਉਸ ਸੇਵਾ ਕਰਨ ਵਾਲੇ ਸ਼ਿਸ਼/ਚੇਲੇ ਨੂੰ ਦੁਨਿਆਵੀ ਧਨ ਪਦਾਰਥਾਂ ਦੀਆਂ ਦਾਤਾਂ ਬਖ਼ਸ਼ਦਾ ਹੈ। ਜੇਕਰ ਚੇਲਾ ਜਾਂ ਸ਼ਿਸ਼ ਜਾਚਨਾ ਕਰੇ ਕਿ ਸੇਵਾ ਕਰਣ ਦੇ ਬਦਲੇ ਗੁਰੂ ਉਸਨੂੰ ਗਿਆਨ, ਸੰਗੀਤ, ਕਲਾ ਜਾਂ ਨਾਮ ਦਾ ਮੰਤਰ ਦੇਵੇ ਤਾਂ ਗੁਰੂ ਆਪਣੇ ਲਈ ਕੀਤੀ ਗਈ ਸੇਵਾ ’ਤੇ ਖੁਸ਼ ਹੋ ਕੇ ਉਸ ਮਨੁੱਖ ਨੂੰ ਇਹ ਸਭ ਕੁਝ ਵੀ ਦੇ ਦਿੰਦਾ ਹੈ।

ਉਪਰੋਕਤ ਖ਼ਿਆਲ ਕਈ ਸਦੀਆਂ ਤੋਂ ਪ੍ਰੱਚਲਤ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਰੀਏ, ਨੁਕਤੇ ਨਿਗਾਹ ਨਾਲ ਇਸ ਸੇਵਾ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ, ਆਓ ਵਿਚਾਰੀਏ :-

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਨਿਰਪੱਖ ਪੜਚੋਲ ਕਰੀਏ ਤਾਂ ਪਤਾ ਲਗਦਾ ਹੈ ਕਿ ਗੁਰਬਾਣੀ ਅਨੁਸਾਰ ਦੇਹਧਾਰੀ ਗੁਰਤਾ ਨੂੰ ਮੰਨਿਆ ਹੀ ਨਹੀਂ ਗਿਆ। ਜਦੋਂ ਨਾਨਕ ਪਾਤਸ਼ਾਹ ਜੀ ਨੂੰ ਸਿਧਾਂ ਨੇ ਪੁਛਿਆ ‘‘ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ।।“ (ਗੁਰੂ ਗ੍ਰੰਥ ਸਾਹਿਬ, ਪੰਨਾ 942)

ਉਨ੍ਹਾਂ ਉਤਰ ਦਿੱਤਾ ‘‘ਸਬਦੁ ਗੁਰੂ ਸੁਰਤਿ ਧੁਨਿ ਚੇਲਾ।।“ (ਗੁਰੂ ਗ੍ਰੰਥ ਸਾਹਿਬ, ਪੰਨਾ 943)

ਇਸ ਤੋਂ ਇਲਾਵਾ ਸ਼ਬਦ ਗੁਰੂ, ਬਾਣੀ ਗੁਰੂ ਬਾਰੇ ਅਨੇਕਾਂ ਤਰਕ ਭਰਪੂਰ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜਿਨ੍ਹਾਂ ਰਾਹੀਂ ਸਰੀਰਕ ਗੁਰੂ ਨੂੰ ਨਹੀਂ ਬਲਕਿ ਸ਼ਬਦ ਗੁਰੂ - ਸੱਚੇ ਗਿਆਨ ਨੂੰ ਸਤਿਗੁਰ (ਸਤਿਗੁਰ) ਕਿਹਾ ਗਿਆ ਹੈ :-

(1) ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ 759)

(2) ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ।। (ਗੁਰੂ ਗ੍ਰੰਥ ਸਾਹਿਬ, ਪੰਨਾ 793)

ਗੁਰੂ ਗ੍ਰੰਥ ਸਾਹਿਬ ਮੁਤਾਬਿਕ ਰੱਬ ਜੀ ਹੀ ਸੱਚੇ ਗਿਆਨ ਗੁਰੂ ਹਨ ‘‘ਪਾਰਬ੍ਰਹਮ ਗੁਰ ਨਾਹੀ ਭੇਦ” (ਗੁਰੂ ਗ੍ਰੰਥ ਸਾਹਿਬ, ਪੰਨਾ 1142) ਸੋ ਇਸ ਨੁਕਤੇ ਮੁਤਾਬਿਕ ਸ਼ਬਦ ਗੁਰੂ ਦਾ ਸਰੀਰ ਅਤੇ ਸਰੀਰਕ ਲੋੜਾਂ ਹੁੰਦੀਆਂ ਹੀ ਨਹੀਂ। ਸ਼ਬਦ ਗੁਰੂ ਸਾਰੇ ਜਗ ਨੂੰ ਚਾਨਣ ਦਿੰਦਾ ਹੈ, ਸ਼ਬਦ ਗੁਰੂ ਸਭ ਨੂੰ ‘‘ਗੁਰ ਗਿਆਨੁ ਪ੍ਰਚੰਡੁ ਬਲਾਇਆ” (ਗੁਰੂ ਗ੍ਰੰਥ ਸਾਹਿਬ, ਪੰਨਾ 29) ਅਤੇ ਸ਼ੀਤਲਤਾ ਰੂਪੀ ਸਹਿਜ ਸੰਤੋਖ ਦਿੰਦਾ ਹੈ। ਸ਼ਬਦ ਗੁਰੂ ਨੂੰ ਨਾ ਠੰਡ ਲਗਦੀ ਹੈ ਨਾ ਹੀ ਗਰਮੀ, ਨਾ ਕੁਝ ਖਾਣ ਦੀ ਲੋੜ ਹੁੰਦੀ, ਨਾ ਕਪੜੇ ਪਹਿਨਣ ਦੀ ਅਤੇ ਨਾ ਹੀ ਚਰਣ ਘੁਟਵਾਉਣ।

ਇਸ ਕਰਕੇ ਸ਼ਬਦ ਗੁਰੂ ਨੂੰ ਸਰਦੀ-ਗਰਮੀ, ਭੁੱਖ-ਤ੍ਰੇਹ ਦੀਆਂ ਲੋੜਾਂ ਪੂਰੀਆਂ ਕਰਨੀਆਂ ਨਹੀਂ ਪੈਂਦੀਆਂ। ਸ਼ਬਦ ਗੁਰੂ ਦਿਨ-ਰਾਤ, ਸਮੇਂ, ਰੁਤਾਂ, ਥਿੱਤਾਂ ਵਾਰਾਂ ਦਾ ਮੁਥਾਜ ਨਹੀਂ ਅਤੇ ਨਾ ਹੀ ਸੁੱਖ-ਦੁੱਖ ਉਸਨੂੰ ਵਾਪਰਦਾ ਹੈ। ਸਿੱਟੇ ਵਜੋਂ ਇਹੋ ਕਹਿਣਾ ਬਣਦਾ ਹੈ ਕਿ ਸ਼ਬਦ ਗੁਰੂ ਅਤੇ ਅਖੌਤੀ ਸਰੀਰਕ ਗੁਰੂ ’ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਕਿਉਂਕਿ ਸਰੀਰਕ ਗੁਰੂ ਜੰਮਦਾ ਮਰਦਾ ਅਤੇ ਸਰੀਰਕ ਲੋੜਾਂ ਪੂਰੀਆਂ ਕਰਣ ਲਈ ਖਾਂਦਾ-ਪੀਂਦਾ, ਪਹਿਨਦਾ ਅਤੇ ਜਾਗਦਾ-ਸੌਂਦਾ ਹੈ ਪਰ ‘ਸ਼ਬਦ ਗੁਰੂ’ ਸੱਚ ਦੇ ਗਿਆਨ ਨੂੰ ਕਹਿੰਦੇ ਹਨ ਜਿਸ ਨੂੰ ਸਰੀਰਕ ਗੁਰੂ ਵਾਲੀਆਂ ਜ਼ਰੂਰਤਾਂ ਜਾਂ ਲੋੜਾਂ ਦੀ ਪੂਰਤੀ ਲਈ ਕਿਸੇ ਮਨੁੱਖੀ ਸੇਵਾ ਦੀ ਜ਼ਰੂਰਤ ਨਹੀਂ ਹੁੰਦੀ।

ਹੁਣ ਹੋਰ ਵੀ ਸੰਜੀਦਗੀ ਨਾਲ ਵਿਚਾਰਨਾ ਪਵੇਗਾ ਕਿ ਸ਼ਬਦ ਗੁਰੂ ਦੀਆਂ ਸਰੀਰਕ ਲੋੜਾਂ ਹੁੰਦੀਆਂ ਹੀ ਨਹੀਂ ਤਾਂ ਫਿਰ ਗੁਰ ਕੀ ਸੇਵਾ ਕਿਸ ਨੂੰ ਕਹਿੰਦੇ ਹਨ?

ਸੁਣਿਆ ਮੰਨਿਆ ਮਨਿ ਕੀਤਾ ਭਾਉ।। (ਗੁਰੂ ਗ੍ਰੰਥ ਸਾਹਿਬ, ਪੰਨਾ 4)

ਗੁਰ ਕੀ ਸੇਵਾ ਸਬਦੁ ਵੀਚਾਰੁ।। (ਗੁਰੂ ਗ੍ਰੰਥ ਸਾਹਿਬ, ਪੰਨਾ 223)

ਸਿਖੀ ਸਿਖਿਆ ਗੁਰ ਵੀਚਾਰਿ।। (ਗੁਰੂ ਗ੍ਰੰਥ ਸਾਹਿਬ, ਪੰਨਾ 465)

ਭਾਵ ਸੱਚ ਦੇ ਗਿਆਨ ਨੂੰ ਸੁਣ, ਪੜ੍ਹ ਅਤੇ ਸਮਝ ਕੇ ਮਨੁੱਖ ਦਾ ਜੀਵਨ ਉੱਚਾ ਹੁੰਦਾ ਹੈ। ਮਨੁੱਖ ਨੂੰ ਬਿਬੇਕ ਬੁੱਧੀ ਪ੍ਰਾਪਤ ਹੁੰਦੀ ਹੈ। ਜਿਸ ਕਾਰਣ ਮਨੁੱਖ ਦੇ ਤਨ ਅਤੇ ਮਨ (ਸਰੀਰ ਅਤੇ ਅੰਤਰ ਆਤਮਾ) ਦੀ ਸੁਧਾਈ ਹੁੰਦੀ ਹੈ, ਮਨੁੱਖ ਦੀ ਸੁਰਤ, ਮਤ, ਮਨ, ਬੁੱਧ ਘੜੀ ਜਾਂਦੀ ਹੈ। ਸਿੱਟੇ ਵਜੋਂ ਮਨੁੱਖ ਰੱਬੀ ਗੁਣ ਜਿਉਣ ਲੱਗ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਇਹੋ ਗੁਰ ਕੀ ਸੇਵਾ ਦਾ ਲਖਾਇਕ ਹੈ।

ਗੁਰ ਕੀ ਸੇਵਾ ਕਰਹੁ ਦਿਨੁ ਰਾਤਿ।। (ਗੁਰੂ ਗ੍ਰੰਥ ਸਾਹਿਬ, ਪੰਨਾ 741)

ਇਸ ਪੰਕਤੀ ਦਾ ਸੁਨੇਹਾ ਜੇ ਸਰੀਰਕ ਗੁਰੂ ਦੀ ਸੇਵਾ ਪੱਖੋਂ ਲਈਏ ਤਾਂ ਸਰੀਰਕ ਗੁਰੂ ਰਾਤੀ ਸੌਂਦਾ ਵੀ ਹੈ ਤੇ ਭੁੱਖ ਲੱਗਣ ਤੇ ਖਾਂਦਾ ਵੀ ਹੈ ਪਰ ਉਸਦੇ ਸੌਣ ਵੇਲੇ ਵੀ ਜੇ ਉਸਦੀ ਸੇਵਾ ਕਰੀ ਜਾਵੋ ਤਾਂ ਉਸਨੂੰ ਇਤਰਾਜ਼ ਹੋਵੇਗਾ ਅਤੇ ਜੇ ਚੌਵੀ ਘੰਟੇ ਉਸਨੂੰ ਖੁਆਈ ਜਾਵੋ ਤਾਂ ਉਸ ਦਾ ਸਰੀਰ ਖਰਾਬ ਹੋ ਜਾਵੇਗਾ ਭਾਵ ਇਹੋ ਨਿਕਲੇਗਾ ਕਿ ਸਰੀਰਕ ਗੁਰੂ ਦੀ ਸੇਵਾ ਦਿਨ ਰਾਤ, ਚੌਵੀ ਘੰਟੇ ਕੀਤੀ ਹੀ ਨਹੀਂ ਜਾ ਸਕਦੀ। ਜਦੋਂ ਮਨੁੱਖ ਆਪ ਹੀ ਬੀਮਾਰ, ਲਾਚਾਰ, ਭੁੱਖਾ, ਨੰਗਾ ਹੋਵੇ ਤਾਂ ਉਹ ਸਰੀਰਕ ਗੁਰੂ ਦੀ ਸੇਵਾ ਕਰ ਹੀ ਨਹੀਂ ਸਕਦਾ। ਪਰ ਸ਼ਬਦ ਗੁਰੂ ਦਾ ਗਿਆਨ ਲੈ ਕੇ ਉਸ ਅਨੁਸਾਰ ਚੌਵੀ ਘੰਟੇ, ਸੱਤੋ ਦਿਨ, ਸਾਰੀ ਉਮਰ ਜਿਊਣਾ ਹੀ ‘‘ਗੁਰ ਕੀ ਸੇਵਾ ਕਰਹੁ ਦਿਨੁ ਰਾਤਿ।।“ (ਗੁਰੂ ਗ੍ਰੰਥ ਸਾਹਿਬ, ਪੰਨਾ 741) ਕਹਿਲਾਉਂਦਾ ਹੈ।

ਸ਼ਬਦ ਗੁਰੂ ਦੀ ਸੇਵਾ ਕਰਣ ਲਈ ਇਕ ਜਜ਼ਬਾ, ਇਕ ਹਿਰਦਾ ਚਾਹੀਦਾ ਹੈ ਜੋ ਆਪਣੇ ਆਪ ਨੂੰ ਨਿਮਰਤਾ ‘ਚ ਗਿਆਨ ਗੁਰੂ ਅੱਗੇ ਸਮਰਪਣ ਕਰਦਾ ਹੈ ਤਾ ਕਿ ਬਿਬੇਕ ਬੁੱਧੀ ਪ੍ਰਾਪਤ ਹੋ ਸਕੇ ਅਤੇ ਇਨਸਾਨੀਅਤ ਭਰਪੂਰ, ਰੱਬੀ ਗੁਣਾਂ ਭਰਪੂਰ, ਗੁਰਮੁਖ ਜੀਵਨ ਜਿਊ ਸਕੇ।

‘‘ਗੁਰ ਕੀ ਸੇਵਾ ਦਾ ਭਾਵ ਗੁਰੂ ਦੇ ਸ਼ਬਦ ਨਾਲ ਆਪਣੇ ਤਨ ਅਤੇ ਅੰਤਰ ਆਤਮੇ ਦੀ ਸੇਵਾ ਕਰਨਾ ਹੁੰਦਾ ਹੈ।’’ ਸਾਡੀ ਸੁਰਤ, ਮਤ, ਮਨ, ਬੁਧ, ਘੜ ਕੇ ਬਿਬੇਕਤਾ ਭਰਪੂਰ ਹੋ ਜਾਂਦੀ ਹੈ। ਗੁਰ ਕਾ ਸ਼ਬਦ, ਸੱਚਾ ਗਿਆਨ ਮਨੁੱਖ ਨੂੰ ਇਨਸਾਨੀਅਤ ਦੀ ਸਿਖਰ ਤਕ ਪਹੁੰਚਾ ਦਿੰਦਾ ਹੈ, ਜਿਸਦਾ ਸਦਕਾ ਸਾਡੇ ਜੀਵਨ ਦਾ ਹਰੇਕ ਪਲ ਸੰਤੋਖੀ, ਸਹਿਜ ਅਤੇ ਵੰਡ ਛਕੱਣ ਵਾਲਾ ਬਣ ਜਾਂਦਾ ਹੈ। ਸਾਨੂੰ ਸਾਰੇ ਮਨੁੱਖ ‘‘ਕੁਦਰਤਿ ਕੇ ਸਭ ਬੰਦੇ” (ਗੁਰੂ ਗ੍ਰੰਥ ਸਾਹਿਬ, ਪੰਨਾ 1349) ਮਹਿਸੂਸ ਹੋਣ ਲੱਗ ਪੈਂਦੇ ਹਨ। ਸਾਡਾ ਸਭ ਨਾਲ ਵਿਤਕਰੇ ਤੋਂ ਬਿਨਾਂ ਵਾਲਾ ਪਿਆਰ ਪੈ ਜਾਂਦਾ ਹੈ, ਕੋਈ ਤੇਰ ਮੇਰ ਨਹੀਂ ਰਹਿੰਦੀ, ਊਚ-ਨੀਚ, ਜਾਤ-ਪਾਤ, ਮਜ੍ਹਬੀ ਵਿਤਕਰਾ ਅਤੇ ਰੰਗ-ਨਸਲ ਜਾਂ ਲਿੰਗ ਦੇ ਭੇਦ-ਭਾਵ ਮੁੱਕ ਜਾਂਦੇ ਹਨ। ਸਾਡੀ ਬਿਰਤੀ ‘‘ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।।“ (ਗੁਰੂ ਗ੍ਰੰਥ ਸਾਹਿਬ, ਪੰਨਾ 26) ਵਾਲੀ ਬਣ ਜਾਂਦੀ ਹੈ। ਕੰਜੂਸੀ, ਖੁਦਗਰਜ਼ੀ ਮੁੱਕ ਜਾਂਦੀ ਹੈ। ਮਨੁੱਖ ਤੰਗ ਦਿਲੀ ਦੀ ਦੀਵਾਰਾਂ ‘ਚੋਂ ਬਾਹਰ ਨਿਕਲਕੇ ਇਕੋ ਰੱਬ ਦੀ ਸਾਂਝੀਵਾਲਤਾ ਵਾਲੀ ਗੋਦ ਦੇ ਹੁਲਾਰੇ ‘ਚ ਸਾਰੀ ਮਨੁੱਖਤਾ ਨੂੰ ਹਿੱਕ ਨਾਲ ਲਗਾਉਣ ਦਾ ਨਿੱਘ ਮਹਿਸੂਸ ਕਰਣ ਲਗ ਪੈਂਦਾ ਹੈ।

ਖਲਕਤ ਦੀ ਸੇਵਾ

ਲੰਗਰ, ਜੋੜੇ, ਯਾਤਰੀਆਂ ਨੂੰ ਠਹਿਰਾਣਾ, ਕਥਾ-ਕੀਰਤਨ ਦੇ ਪ੍ਰਬੰਧ, ਸਫ਼ਾਈ ਆਦਿ ਸੇਵਾਵਾਂ ਗੁਰਦੁਆਰਿਆਂ ’ਚ ਰੋਜਾਨਾ ਅਤੇ ਧਾਰਮਕ ਇਕੱਠ ’ਚ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸਭ ਦੇ ਪਿੱਛੇ ਗੁਰਮਤ ਦ੍ਰਿੜ ਕਰਾਉਣ ਦਾ ਹੀ ਉਪਰਾਲਾ ਹੁੰਦਾ ਹੈ। ਇਹ ਸਭ ਸੇਵਾਵਾਂ ਕਰਦਿਆਂ ਸਰਬਤ ਦਾ ਭਲਾ, ਮਿਠਾਸ, ਨਿਮਰਤਾ ਆਦਿ ਗੁਣ ਸਿਖਣੇ ਚਾਹੀਦੇ ਹਨ। ਗੁਰੂ ਦੀ ਗੱਲ ਨੂੰ ਆਤਮਕ ਤਲ ਤੇ ਸੁਣਨਾ ਅਤੇ ਮੰਨਣਾ ਅਤਿ ਜਰੂਰੀ ਹੈ, ਜਿਸ ਰਾਹੀਂ ਸਮਾਜਕ ਭਲੇ ਲਈ ਬਿਰਤੀ ਬਣਾਉਣੀ ਹੈ। ਜੇ ਕਰ ਅਸੀਂ ਇਹ ਸਭ ਸੇਵਾਵਾਂ ਕਰੀਏ ਪਰ ਗੁਰਮਤ ਅਨੁਸਾਰ ਅਮਲੀ ਜੀਵਨੀ ਵਾਲੇ, ਚੰਗੇ ਗੁਣਾਂ ਵਾਲੇ ਆਦਰਸ਼ ਮਨੁੱਖ ਨਾ ਬਣੀਏ ਤਾਂ ਐਸੀਆਂ ਸੇਵਾਵਾਂ ਸਾਰੀ ਦੁਨੀਆ ’ਚ ਭਾਵੇਂ ਕੋਈ ਵੀ ਮਜ੍ਹਬ ਜਾਂ ਫਿਰਕਾ ਕਰਦਾ ਹੋਵੇ, ਗੁਰਮਤ ਅਨੁਸਾਰ ਸੇਵਾ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ।

ਗਰੀਬ ਬੱਚਿਆਂ ਲਈ ਸਕੂਲ, ਕਾਲਜ, ਕਿਤਾਬਾਂ, ਕਾਪੀਆਂ, ਵਰਦੀਆਂ ਅਤੇ ਹਸਪਤਾਲ ਖੋਲ੍ਹਣ ਦੀ ਸੇਵਾ ਜੈਸੇ ਅਨੇਕਾਂ ਨਿੱਕੇ ਤੋਂ ਨਿੱਕੇ ਜਾਂ ਵੱਡੇ ਤੋਂ ਵੱਡੇ ਕੰਮ ਸਾਨੂੰ ‘ਖਲਕਤ ਦੀ ਸੇਵਾ’ ਦਾ ਅਹਿਸਾਸ ਕਰਾਉਂਦੇ ਹਨ। ਪਰ ਜੇਕਰ ਇਹ ਸਭ ਸੇਵਾਵਾਂ ਕਰਦਿਆਂ ਅਸੀਂ ਸ਼ਬਦ ਗਿਆਨ ਗੁਰੂ ਰਾਹੀਂ ਬਿਬੇਕ ਬੁੱਧੀ ਪ੍ਰਾਪਤ ਨਹੀਂ ਕੀਤੀ ਤਾਂ ਇਹ ਸੇਵਾ ਸਾਡੀ ਹਉਮੈ ਨੂੰ ਪੱਠੇ ਪਾਉਣ ਦਾ ਕੰਮ ਹੀ ਹੋ ਨਿਬੜਦੀ ਹੈ। ਹੰਕਾਰ ਵੱਸ ਬਿਬੇਕ ਬੁੱਧੀ ਤੋਂ ਵਿਹੂਣਾ ਮਨੁੱਖ ਜੇ ਕੋਈ ਵੀ ਸੇਵਾ ਕਰਦਾ ਹੈ ਤਾਂ ਕ੍ਰੋਧ, ਵਖਰੇਵਾ, ਕੰਜੂਸੀ, ਖੁਦਗਰਜ਼ੀ ਉਸ ਨੂੰ ਬੇਚੈਨ ਰਖਦੇ ਹਨ। ਸਿੱਟੇ ਵਜੋਂ ਵਿਕਾਰਾਂ ਵੱਸ ਪਿਆ ਮਨੁੱਖ ਸਾਂਝੀਵਾਲਤਾ ਦਾ ਹੁਲਾਰਾ ਮਾਣ ਹੀ ਨਹੀਂ ਸਕਦਾ ਤੇ ਜਿਊਂਦਿਆਂ ਜੀਅ ਮੁਕਤ ਅਵਸਥਾ ਨਹੀਂ ਜਿਊ ਸਕਦਾ।

ਸੇਵਾ ਦੇ ਇਸ ਵਿਸ਼ੇ ਨੂੰ ‘ਗੁਰ ਕੀ ਸੇਵਾ’ ਅਤੇ ‘ਖਲਕਤ ਦੀ ਸੇਵਾ’ - ਜੈਸੇ ਦੋਨੋ ਪਹਿਲੂਆਂ ਤੋਂ ਲਿਖਣ ਦਾ ਮਕਸਦ ਕੇਵਲ ਇਤਨਾ ਹੈ ਕਿ ਸਾਨੂੰ ‘‘ਗੁਰ ਕੀ ਸੇਵਾ” ਭਾਵ ਸ਼ਬਦ ਗੁਰੂ (ਗਿਆਨ ਗੁਰੂ) ਰਾਹੀਂ ਆਪਣਾ ਕਿਰਦਾਰ ਮਨੁੱਖਤਾ ਭਰਪੂਰ ਬਣਾਉਣਾ ਹੈ। ਆਪਣਾ ਤਨ ਅਤੇ ਮਨ ਇਤਨਾ ਸੰਵਾਰ ਸ਼ਿੰਗਾਰ ਲੈਣਾ ਹੈ ਤਾ ਕਿ :-

(1) ਸਾਡੀਆਂ ਅੱਖਾਂ ਦੀ ਸੇਵਾ ਹੋ ਜਾਵੇ ਸਾਨੂੰ ‘‘ਨਾ ਕੋ ਬੈਰੀ ਨਹੀ ਬਿਗਾਨਾ” (ਗੁਰੂ ਗ੍ਰੰਥ ਸਾਹਿਬ, ਪੰਨਾ 1299) ਵਾਲੀ ਅਵਸਥਾ ਦੀ ਨਜ਼ਰ ਪ੍ਰਾਪਤ ਹੋ ਜਾਵੇ।

(2) ਸਾਡੇ ਹੱਥਾਂ ਦੀ ਸੇਵਾ ਹੋ ਜਾਵੇ ਤਾ ਕਿ ਸਾਡੇ ਹੱਥਾਂ ਤੋਂ ਕਿਸੀ ਦੇ ਵਿਗਾੜ ਵਾਲੇ ਕੰਮ ਨਾ ਹੋ ਸਕਣ ਬਲਕਿ ਸਭ ਦੇ ਲਈ ਉਸਾਰੂ ਕੰਮ ਕਰ ਸਕੀਏ।

(3) ਸਾਡੇ ਪੈਰਾਂ ਦੀ ਸੇਵਾ ਹੋ ਜਾਵੇ ਤਾ ਕਿ ਸਾਡੇ ਕਦਮ ਗਿਆਨ ਗੁਰੂ ਦੇ ਨਕਸ਼ੇ ਕਦਮ ਤੇ ਟੁਰਨ ਅਤੇ ਭੈੜੇ ਪਾਸੇ, ਭੈੜੀ ਸੰਗਤ ਵੱਲ ਟੁਰ ਕੇ ਨਾ ਜਾ ਸਕਣ।

(4) ਸਾਡੇ ਕੰਨਾਂ ਦੀ ਸੇਵਾ ਹੋ ਜਾਵੇ, ਤਾ ਕਿ ਉਹ ਨਿੰਦਾ ਚੁਗਲੀ ਨੂੰ ਸੁਣਨੋ ਹੱਟ ਜਾਣ ਤੇ ਕੇਵਲ ਸੱਚ ਦੇ ਗਿਆਨ ਨੂੰ ਸੁਣ ਸਕਣ ਦੇ ਲਾਇਕ ਬਣ ਜਾਣ।

ਗੱਲ ਤਾਂ ਸਮਝਣ ਵਾਲੀ ਇਹੋ ਹੈ ਕਿ ‘ਗੁਰ ਕੀ ਸੇਵਾ’ ਦਾ ਮਤਲਬ ਸਰੀਰਕ ਗੁਰੂ ਜੀ ਦੀ ਸੇਵਾ ਕਰਨਾ ਨਹੀਂ ਹੈ। ਦਰਅਸਲ ਸ਼ਬਦ ਗੁਰੂ ਨੂੰ ਪੜ੍ਹ ਸੁਣ ਕੇ, ਸਮਝ ਕੇ ਉਸ ਅਨੁਸਾਰ ਟੁਰਣ ਨਾਲ ਮਨੁੱਖ ਦੀ ਆਪਣੀ ਹੀ ਸੇਵਾ ਹੋ ਜਾਂਦੀ ਹੈ, ਜਿਸ ਨਾਲ ਮਨੁੱਖ ਦਾ ਤਨ ਅਤੇ ਮਨ ਦੋਵੇਂ ਪ੍ਰਫੁਲੱਤ ਹੋ ਜਾਂਦੇ ਹਨ। ਸਿੱਟੇ ਵਜੋਂ ਮਨੁੱਖ ਰੱਬੀ ਗੁਣਾਂ ਵਾਲਾ ਜੀਵਨ ਜਿੳੂਣ ਲੱਗ ਪੈਂਦਾ ਹੈ ਅਤੇ ਜਿਉਂ-ਜਿਉਂ ਰੱਬੀ ਗੁਣਾਂ ਕਾਰਣ ਵੰਡ ਛਕਣਾ, ਸੰਤੋਖ, ਸਹਿਜ ਅਤੇ ਮਿਠਾਸ ਸਿਖਦਾ ਜਾਂਦਾ ਹੈ ਤਿਉਂ-ਤਿਉਂ ਸਾਰੀ ਖਲਕਤ ਨੂੰ ਪਿਆਰ ਕਰਦਾ, ਮਾਫ ਕਰਦਾ ਅਤੇ ਸਭ ਨਾਲ ਸਾਂਝੀਵਾਲਤਾ ਦਾ ਵਤੀਰਾ ਕਰਣ ਦੇ ਸੁਭਾਉ ਵਾਲਾ ਬਣ ਜਾਂਦਾ ਹੈ - ਇਹੋ ਸੇਵਾ ‘ਗੁਰ ਕੀ ਸੇਵਾ’ ਅਤੇ ‘ਖਲਕਤ ਦੀ ਸੇਵਾ’ ਕਹਿਲਾਉਂਦੀ ਹੈ। ਜਿਨ੍ਹਾਂ ਮਨੁੱਖਾ ਨੇ ਗੁਰ ਕੀ ਸੇਵਾ ਵਾਲੀ ਮੁਢਲੀ ਵਿਚਾਰ ਨੂੰ ਨਹੀਂ ਸਮਝਿਆ, ਉਹ ਮਨੁੱਖ ਅਖੌਤੀ ਪਰਉਪਕਾਰ ਦੇ ਨਾਂ ਹੇਠ ਬਹੁਤ ਸੇਵਾਵਾਂ, ਦਾਨ-ਪੁੰਨ ਤਾਂ ਕਰਦੇ ਹਨ ਪਰ ਵੱਖਵਾਦ, ਵਿਤਕਰਾ, ਧੜੇਬਾਜ਼ੀ, ਕ੍ਰੋਧ ਅਤੇ ਹੰਕਾਰ ਵਰਗੀਆਂ ਹੋਰ ਅਨੇਕਾਂ ਬਿਮਾਰੀਆਂ ਤੋਂ ਪੀੜਿਤ ਰਹਿੰਦੇ ਹਨ। ਇਸ ਕਰਕੇ ਕੇਵਲ ਪਰਉਪਕਾਰ ਕਰਕੇ ਖਲਕਤ ਦੀ ਸੇਵਾ ਕਰਨ ਨੂੰ ਗੁਰਮਤ ‘ਚ ਪਰਵਾਨ ਨਹੀਂ ਕੀਤਾ ਗਿਆ।

ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ।।

ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ।। (ਗੁਰੂ ਗ੍ਰੰਥ ਸਾਹਿਬ, ਪੰਨਾ 314)

ਸਿੱਟੇ ਵਜੋਂ ‘ਗੁਰ ਕੀ ਸੇਵਾ’ ਰਾਹੀਂ ਮਨੁੱਖ ਆਪ ਜਾਗਰੁਕ ਹੁੰਦਾ ਹੈ ਤੇ ਆਪ ਮੁਹਾਰੇ, ਸਹਿਜ ਸੁਭਾਇ ਹੀ ਉਸ ਪਾਸੋਂ ਖਲਕਤ ਦੀ ਸੇਵਾ ਹੋਣ ਲੱਗ ਪੈਂਦੀ ਹੈ। ਬਦੋ ਬਦੀ ਸੇਵਾ ਕਰਣਾ ਅਤੇ ਆਪ ਮੁਹਾਰੇ ਸੇਵਾ ਦਾ ਸੁਭਾਅ ਬਣ ਜਾਣਾ - ਇਨ੍ਹਾਂ ਦੋਹਾਂ ‘ਚ ਫਰਕ ਹੁੰਦਾ ਹੈ। ਕਿਉਂਕਿ ਜਾਗਰੁਕ ਮਨੁੱਖ ਨੂੰ ਸੇਵਾ ਕਰਨ ਲਈ ਕੋਈ ਉਦੱਮ ਨਹੀਂ ਕਰਨਾ ਪੈਂਦਾ ਬਲਕਿ ਸਹਿਜ ਸੁਭਾਇ ਹੀ ਉਸ ਤੋਂ ਸੇਵਾ ਹੋਣ ਲੱਗ ਪੈਂਦੀ ਹੈ।
.