.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਪੈਂਤੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਨੁੱਕਤਾ ਨੰ: ੪-ਗੁਰਮੱਤ ਦੇ ਨਾਮ `ਤੇ ਰੰਗ ਬਿਰੰਗਾ ਪ੍ਰਚਾਰ- ਦੇਖਣਾ ਇਹ ਵੀ ਹੈ ਕਿ ਜਦੋਂ ਸਮੂਚੀ ਗੁਰਬਾਣੀ ਰਚਨਾ ਭਾਵ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਦੀ ਵਿਚਾਰ ਦਾ ਧੁਰਾ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ” (ਪੰ: ੬੪੬) ਭਾਵ ਇਕੋ ਹੀ ਹੈ ਤਾਂ ਫ਼ਿਰ ਉਸੇ ਗੁਰਬਾਣੀ ਤੋਂ ਉਤਪੰਨ ਹੋਣ ਵਾਲੀ ਵਿਚਾਰਧਾਰਾ ਤੇ ਜੀਵਨ ਜਾਚ ਨੇ ਵੀ ਇਕੋ ਹੀ ਹੋਣਾ ਹੈ ਨਾ ਕਿ ਭਿੰਨ ਭਿੰਨ।

ਜਦਕਿ ਇਸਦੇ ਨਾਲ ਸ਼ਰਤ ਇਹ ਵੀ ਹੈ ਕਿ ਅਜਿਹਾ ਤਾਂ ਹੀ ਸੰਭਵ ਹੈ, ਜੇਕਰ ਗੁਰਬਾਣੀ ਦੇ ਪ੍ਰਚਾਰ ਤੇ ਗੁਰਬਾਣੀ ਦੀ ਵਿਚਾਰਧਾਰਾ `ਤੇ ਕੋਈ ਸਖ਼ਤ ਤੇ ਮਜ਼ਬੂਤ ਕੁੰਡਾ ਵੀ ਹੋਵੇ। ਉਸ ਤਰ੍ਹਾਂ ਦਾ ਕੁੰਡਾ ਜਿਵੇਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਦੇ ਸਮੇਂ ਤੱਕ ਬਰਾਬਰ ਚਲਿਆ ਆਉਂਦਾ ਸੀ ਅਤੇ ਜਿਸਦੇ ਇਤਿਹਾਸਕ ਸਬੂਤ ਵੀ ਬਹੁਤੇਰੇ ਅਤੇ ਸਪਸ਼ਟ ਮਿਲਦੇ ਹਨ। (ਵੇਰਵਾ ਦੇ ਆਏ ਹਾਂ)

ਇਸ ਤੋਂ ਬਾਅਦ ਇਹ ਵੀ ਦੇਖ ਚੁੱਕੇ ਹਾਂ ਕਿ ਸੰਨ ੧੭੧੬ ਤੋਂ ਲੈ ਕੇ ਅੱਜ ਤੱਕ ਗੁਰਮੱਤ ਦੇ ਪ੍ਰਚਾਰ `ਚ ਇਹੀ ਸਭ ਤੋਂ ਵੱਡੀ ਘਾਟ ਚਲਦੀ ਆ ਰਹੀ ਹੈ ਅਤੇ ਪੰਥਕ ਤਲ `ਤੇ ਅਜਿਹੀਆਂ ਸਾਰੀਆਂ ਚੋਟਾਂ ਵੀ ਉਸੇ ਤੋਂ ਹੀ ਖਾ ਰਹੇ ਹਾਂ। ਇਕੋ ਇੱਕ ਅਤੇ ਉਸੇ ਗੁਰਮੱਤ ਦੇ ਨਾਮ `ਤੇ ਲਗਾਤਾਰ ਸੰਨ ੧੭੧੬ ਤੋਂ ਲੈ ਕੇ ਅੱਜ ਤੱਕ ਹੋ ਰਿਹਾ ਹੈ ਰੰਗ ਬਿਰੰਗਾ ਪ੍ਰਚਾਰ; ਇਹੀ ਜੜ੍ਹ ਹੈ ਅਜੋਕੇ ਸਾਰੇ ਪੰਥਕ ਵਖ੍ਰੇਵਿਆਂ ਅਤੇ ਅਜੋਕੀ ਪੰਥਕ ਅਧੋਗਤੀ ਦੀ।

ਸਮੂਚੀ ਸਿੱਖ ਕੌਮ ਲਈ ਇਸ ਤੋਂ ਵੀ ਵੱਡੀ ਤੇ ਹਾਨੀਕਾਰਕ ਗੱਲ ਇਹ ਹੈ ਕਿ ਇਕੋ ਇੱਕ ਗੁਰਮੱਤ ਦੇ ਨਾਮ `ਤੇ ਜੇਕਰ ਉਹ ਰੰਗ ਬਿਰੰਗਾ ਪ੍ਰਚਾਰ ਹੋ ਵੀ ਰਿਹਾ ਹੈ ਤਾਂ ਉਹ ਵੀ, ਸਿੱਖ ਧਰਮ ਦੇ ਸੋਮੇ ਇਤਿਹਾਸਕ ਸਥਾਨਾਂ ਤੇ ਗੁਰਦੁਆਰਿਆਂ ਰਸਤੇ। ਉਪ੍ਰੰਤ ਉਹ ਵੀ ਉਨ੍ਹਾਂ ਹੀ ਗੁਰੂ ਕੀਆਂ ਸੰਗਤਾਂ ਵਿਚਕਾਰ ਜਿਹੜੀਆਂ ਆਪਣੇ ਘਰਾਂ ਤੋਂ ਤਾਂ ਗੁਰੂ ਦੀ ਗੱਲ ਸੁਨਣ ਗੁਰਦੁਆਰਿਆਂ `ਚ ਜਾਂਦੀਆਂ ਹਨ। ਇਸ ਤਰ੍ਹਾਂ ਉਥੇ ਕੀਤੇ ਜਾ ਰਹੇ ਉਸ ਗੁਰਮੱਤ ਦੇ ਰੰਗ ਬਿਰੰਗੇ ਪ੍ਰਚਾਰ ਨੂੰ ਹੀ ਗੁਰਬਾਣੀ ਅਤੇ ਗੁਰੂ ਦਾ ਉਪਦੇਸ਼ ਮੰਨ ਕੇ ਘਰਾਂ ਨੂੰ ਪਰਤਦੀਆਂ ਹਨ। ਬੱਸ ਇਸੇ ਤੋਂ ਸਾਰੇ ਵਖ੍ਰੇਵੇਂ ਵੀ ਪੈਦਾ ਹੁੰਦੇ ਜਾ ਰਹੇ ਹਨ।

ਨੁੱਕਤਾ ਨੰ: ੫-ਰੰਗ ਬਿਰੰਗੇ ਗੁਰਮੱਤ ਪ੍ਰਚਾਰ ਦੇ ਰੰਗ ਬਿਰੰਗੇ ਰੂਪ- ਸਪਸ਼ਟ ਹੈ ਅਤੇ ਚੰਗੀ ਤਰ੍ਹਾਂ ਦੇਖ ਵੀ ਚੁੱਕੇ ਹਾਂ ਕਿ ਗੁਰਮੱਤ ਦੇ ਇਸ ਰੰਗ ਬਿਰੰਗੇ ਪ੍ਰਚਾਰ ਦਾ ਇਹ ਸਿਲਸਿਲਾ ਅਰੰਭ ਹੁੰਦਾ ਹੈ ਸੰਨ ੧੭੧੬ ਭਾਵ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ। ਉਸ ਦੇ ਨਾਲ ਇਹ ਵੀ ਦੇਖ ਚੁੱਕੇ ਹਾਂ ਕਿ ਇੱਕ ਤਾਂ ਉਦੋਂ ਰਾਜਸੀ ਹਾਲਾਤਾਂ ਕਾਰਣ ਸਿੱਖ ਕੌਮ ਦਾ ਵਾਸਾ ਸ਼ਹਿਰਾਂ `ਚ ਨਹੀਂ ਬਲਕਿ ਪਹਾੜਾਂ, ਜੰਗਲਾਂ ਤੇ ਮਰੂਥਲਾਂ ਆਦਿ `ਚ ਬਦਲ ਚੁੱਕਾ ਸੀ।

ਜਦਕਿ ਦੂਜੇ ਪਾਸੇ, ਸਿੱਖ ਧਰਮ ਨਾਲ ਸੰਬੰਧਤ ਸਾਰੇ ਇਤਿਹਾਸਕ ਸਥਾਨ, ਧਰਮਸ਼ਾਲਾਵਾਂ (ਗੁਰਦੁਆਰੇ) ਤੇ ਗੁਰੂ ਕੀਆਂ ਸ਼੍ਰਧਾਲੂ ਸੰਗਤਾਂ, ਤਾਂ ਵੀ ਸ਼ਹਿਰਾਂ `ਚ ਹੀ ਰਹਿੰਦੀਆਂ ਤੇ ਵਸਦੀਆਂ ਸਨ।

ਇਸ ਤਰ੍ਹਾਂ ਸਮੇਂ ਦਾ ਲਾਭ ਲੈ ਕੇ, ਉਦੋਂ ਰਾਤੋ ਰਾਤ ਗੁਰਮੱਤ ਦੇ ਪ੍ਰਚਾਰ `ਤੇ ਪੂਰੀ ਤਰ੍ਹਾਂ ਵਿਰੋਧੀ ਤਾਕਤਾਂ ਕਾਬਿਜ਼ ਹੋ ਗਈਆਂ। ਉਨ੍ਹਾਂ ਵਿਰੋਧੀ ਤਾਕਤਾਂ `ਚ ਸਭ ਤੋਂ ਪਹਿਲਾਂ ਸਿਰਮੌਰ ਤਾਂ ਉਹ ਵਿਪਰ ਹੀ ਸੀ ਜਿਹੜਾ ਗੁਰਬਾਣੀ ਵਿਚਾਰਧਾਰਾ ਦੇ ਪ੍ਰਚਾਰ ਕਾਰਣ ਪਹਿਲੇ ਜਾਮੇ ਤੋਂ ਹੀ ਪ੍ਰੇਸ਼ਾਨ ਸੀ। ਫ਼ਿਰ ਉਸ ਵਿਪਰ ਦਾ ਹੀ ਉਗਰ ਰੂਪ ਸਨ ਨਿਰਮਲੇ ਸਾਧ, ਉਪ੍ਰੰਤ ਗੁਰੂ ਪ੍ਰਵਾਰਾਂ `ਚੋਂ ਪ੍ਰਗਟ ਹੋਏ ਉਦਾਸੀ, ਮੀਨੇ ਭਾਵ ਪ੍ਰਿਥੀਏ, ਧੀਰਮਲੀਏ ਤੇ ਰਾਮਰਾਈਏ ਆਦਿ, ਜਦਕਿ ਕਾਫ਼ੀ ਹੱਦ ਤੀਕ ਇਹ ਸਾਰਾ ਜ਼ਿਕਰ ਆ ਵੀ ਚੁੱਕਾ ਹੈ ਇਥੇ ਤਾਂ ਇਹ ਇਸ ਪਾਸੇ ਇਹ ਕੇਵਲ ਇਸ਼ਾਰਾ ਮਾਤ੍ਰ ਹੀ ਹੈ।

ਸਪਸ਼ਟ ਹੈ, ਇਹ ਸਾਰੇ ਤੇ ਬਾਕਾਇਦਾ ਸਿੱਖ ਧਰਮ ਦੇ ਇਹ ਸਾਰੇ ਬਨਾਵਟੀ ਪ੍ਰਚਾਰਕ, ਉਥੇ ਨਾਮ ਤਾਂ ਗੁਰਬਾਣੀ ਤੇ ਗੁਰਮੱਤ ਅਥਵਾ ਸਿੱਖ ਧਰਮ ਦੇ ਪ੍ਰਚਾਰ ਦਾ ਹੀ ਵਰਤਦੇ ਸਨ ਜਦਕਿ ਬੋਲੀ ਤੇ ਸੋਚ ਸਾਰਿਆਂ ਦੀ ਆਪਣੀ-ਆਪਣੀ ਤੇ ਇੱਕ ਦੂਜੇ ਤੋਂ ਵੀ ਵੱਖਰੀ ਵੱਖਰੀ ਬਲਕਿ ਕਈ ਹਾਲਤਾਂ `ਚ ਆਪਸ ਵਿਰੋਧੀ ਵੀ ਹੁੰਦੀ ਸੀ। ਇਸ ਸਾਰੇ ਤੋਂ ਬਾਅਦ ਇਹ ਵੀ ਕਿ ਮੂਲ ਰੂਪ `ਚ ਗੁਰਬਾਣੀ ਦੀ ਵਿਚਾਰਧਾਰਾ ਦਾ ਅਸਲ ਪ੍ਰਚਾਰ ਲਗਭਗ ਕਿਸੇ ਰਾਹੀਂ ਤੇ ਕਿਧਰੇ ਵੀ ਨਹੀਂ ਸੀ ਹੋ ਰਿਹਾ।

ਇਸੇ ਦਾ ਨਤੀਜਾ ਸੀ ਕਿ ਇਸ ਦੌਰਾਨ ਸਿੱਖ ਧਰਮ ਦੇ ਸੋਮੇ ਸਮੂਹ ਸਿੱਖ ਇਤਿਹਾਸਕ ਸਥਾਨਾਂ ਤੇ ਗੁਰਦੁਆਰਿਆਂ ਰਸਤੇ ਜਿਤਨਾ ਵੀ ਗੁਰਬਾਣੀ, ਗੁਰਮੱਤ ਰਹਿਣੀ ਤੇ ਸਿੱਖ ਧਰਮ ਦੇ ਨਾਮ `ਤੇ ਪ੍ਰਚਾਰ ਹੋ ਰਿਹਾ ਸੀ ਉਹ ਅਸਲੋਂ ਗੁਰਬਾਣੀ, ਗੁਰਮੱਤ ਰਹਿਣੀ ਤੇ ਸਿੱਖ ਧਰਮ ਦਾ ਪ੍ਰਚਾਰ ਨਹੀਂ ਬਲਕਿ ਉਨ੍ਹਾਂ ਸਾਰਿਆਂ ਰਾਹੀਂ ਉਹ ਗੁਰਮੱਤ ਵਿਰੋਧੀ ਪ੍ਰਚਾਰ ਹੀ ਹੋ ਰਿਹਾ ਸੀ।

ਇਸ ਤੋਂ ਬਾਅਦ ਸੰਨ ੧੮੪੯, ਪੰਜਾਬ `ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਤਾਂ ਇਸ ਪਾਸਿਓਂ ਬਾਕੀ ਕਸਰ ਉਨ੍ਹਾਂ ਨੇ ਵੀ ਕਿਸੇ ਤਰ੍ਹਾਂ ਦੀ ਨਹੀਂ ਸੀ ਛੱਡੀ। ਕੇਵਲ ਇਸ `ਚ ਕੁੱਝ ਢੰਗ ਹੀ ਨਵੇਂ ਜੁੜ ਗਏ ਸਨ। ਜਦਕਿ ਲੋੜ ਅਨੁਸਾਰ ਇਸਦਾ ਕੁੱਝ ਹੋਰ ਵੇਰਵਾ ਅੱਗੇ ਚੱਲ ਕੇ ਵੀ ਆਵੇਗਾ।

ਉਪ੍ਰੰਤ ਇਸ ਦੌਰਾਨ ਪੰਥਕ ਸੰਭਾਲ ਦੇ ਪੱਖੋਂ ਜੇਕਰ ਨਿਰੰਕਾਰੀ ਤੇ ਨਾਮਧਾਰੀ, ਦੋ ਲਹਿਰਾਂ ਉਭਰੀਆਂ ਵੀ ਤਾਂ ਬਾਅਦ `ਚ ਉਹ ਦੋਨੋਂ ਵੀ ਹਾਈਜੈਕ ਹੋ ਗਈਆਂ। ਉਹ ਦੋਨੋਂ ਲਹਿਰਾਂ ਵੀ ਕੁੱਝ ਸਮੇਂ ਬਾਅਦ ਗ਼ਲਤ ਹੱਥਾਂ `ਚ ਚਲੀਆਂ ਗਈਆਂ ਤੇ ਗੁਰੂ ਡੰਮਾਂ ਦਾ ਸ਼ਿਕਾਰ ਹੋ ਗਈਆਂ। ਉਸ ਦਾ ਨਤੀਜਾ, ਇਸ ਤਰ੍ਹਾਂ ਜਦੋਂ ਉਹ ਪੰਥਕ ਲਹਿਰਾਂ ਵੀ ਗ਼ੈਰ ਜ਼ਿਮੇਵਾਰ ਹੱਥਾਂ `ਚ ਚਲੀਆਂ ਗਈਆਂ ਤਾਂ ਸਿੱਖ ਧਰਮ ਦੇ ਨਾਂ ਤੇ ਕੀਤਾ ਜਾ ਰਿਹਾ ਉਨ੍ਹਾਂ ਰਾਹੀਂ ਸਿੱਖ ਧਰਮ ਦਾ ਸ਼ੁਧ ਪ੍ਰਚਾਰ ਵੀ ਅਸਲ `ਚ ਹੁਣ ਸਿੱਖ ਧਰਮ ਤੇ ਗੁਰਮੱਤ ਦਾ ਪ੍ਰਚਾਰ ਨਹੀਂ ਸੀ ਰਹਿ ਚੁੱਕਾ ਬਲਕਿ ਕੁੱਝ ਹੋਰ ਹੀ ਬਣ ਚੁੱਕਾ ਸੀ।

ਉਸ ਦਾ ਵੱਡਾ ਨੁਕਸਾਨ ਹੋਇਆ, ਚੂੰਕਿ ਆਪਣੇ-ਆਪਣੇ ਸਮੇਂ ਨਾਲ ਅਤੇ ਅੱਗੇ ਪਿੱਛੇ ਇਹ ਦੋਵੇਂ ਲਹਿਰਾਂ ਪੰਥਕ ਸੰਭਾਲ ਨਾਲ ਸੰਬੰਧਤ ਸਨ; ਇਸ ਲਈ ਇਨ੍ਹਾਂ ਲਹਿਰਾਂ `ਚ ਵੱਡੀ ਗਿਣਤੀ ਜਾਗਰੂਕ ਤੇ ਜੀਵਨ ਰਹਿਣੀ ਵਾਲੇ ਸਿੱਖਾਂ ਦੀ ਵੀ ਬਣ ਚੁੱਕੀ ਸੀ। ਉਸੇ ਦਾ ਨਤੀਜਾ, ਜਦੋਂ ਇਨ੍ਹਾਂ ਲਹਿਰਾਂ ਦਾ ਗੁਰੂ ਡੰਮਾਂ ਰਾਹੀਂ ਹਾਈ ਜੈਕ ਤੇ ਅਪਹਰਣ ਹੋ ਗਿਆ ਤਾਂ ਸਿਧੇ ਤੌਰ `ਤੇ ਵੱਡੀ ਗਿਣਤੀ `ਚ ਇਸ ਧੋਖੇ ਦਾ ਸ਼ਿਕਾਰ ਹੋਣ ਵਾਲੀਆਂ ਤੇ ਵੰਡੀਆਂ ਜਾਣ ਵਾਲੀਆਂ ਵੀ ਸਿੱਖ ਸੰਗਤਾਂ ਹੀ ਸਨ।

ਨੁੱਕਤਾ ਨੰ: ੬-ਇਸ ਤੋਂ ਬਾਅਦ ਸਿੱਖ ਧਰਮ ਦੀ ਸੰਭਾਲ ਲਈ ਅੱਗੇ-ਪਿਛੇ ਦੋ ਸਿੰਘ ਸਭਾ ਲਹਿਰਾਂ ਉਠੀਆਂ। ਇੱਕ ਸੰਨ ੧੮੭੩ `ਚ ਅੰਮ੍ਰਿਤਸਰ ਸਾਹਿਬ ਤੋਂ ਤੇ ਦੂਜੀ ਲਾਹੌਰ ਤੋਂ ਸੰਨ ੧੮੮੮ `ਚ। ਜਦਕਿ ਦੂਜੀ ਸਿੰਘ ਸਭਾ ਲਹਿਰ ਦੀ ਅਸਲੋਂ ਕਾਇਮੀ “ਚੀਫ਼ ਖਾਲਸਾ ਦਿਵਾਨ ਸੋਸਾਇਟੀ” ਦੇ ਨਾਮ `ਤੇ ਸੰਨ ੧੯੦੩ `ਚ ਲਾਹੌਰ `ਚ ਹੋਈ। ਇੱਕ ਤਾਂ ਹੁਣ ਤੱਕ ਆ ਚੁੱਕੇ ਵੇਰਵਿਆਂ ਅਨੁਸਾਰ ਸੰਨ ੧੭੧੬ ਤੋਂ ਅਰੰਭ ਹੋ ਕੇ ਇਨ੍ਹਾਂ ਸਿੰਘ ਸਭਾ ਲਹਿਰਾਂ ਦੇ ਅਰੰਭ ਸੰਨ ੧੮੭੩ ਭਾਵ ਪਿਛਲੇ ਲਗਭਗ ਢਾਈ ਸੌ ਸਾਲਾਂ `ਚ ਗੁਰਮੱਤ ਪੱਖੋਂ ਸੰਗਤਾਂ ਦੀ ਸਿੱਖ ਜੀਵਨ ਰਹਿਣੀ ਵੀ ਅੰਤਾਂ ਦੀ ਮਾਰ ਖਾ ਚੁੱਕੀ ਸੀ। ਦੂਜਾ, ਕੁਦਰਤ ਵੱਲੋਂ ਇਹ ਦੋਵੇਂ ਸਿੰਘ ਸਭਾ ਲਹਿਰਾਂ ਵੀ ਐਸੇ ਸਮੇਂ ਉਭਰੀਆਂ ਸਨ ਜਦੋਂ ਕਿ ਨਾਲ ਹੀ ਦੂਜੇ ਪਾਸੇ ਉਦੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਵੀ ਸ਼ਿਖਰਾਂ ਨੂੰ ਜਾ ਰਹੀ ਸੀ।

ਦਰਅਸਲ ਉਸ ਸਮੇਂ ਭਾਰਤ ਦੀ ਆਜ਼ਾਦੀ ਵਾਲੀ ਲੜਾਈ ਦੇ ਭਖਣ ਦਾ ਮੂਲ ਕਾਰਣ ਵੀ ਅੰਗ੍ਰੇਜ਼ ਦਾ ਸੰਨ ੧੮੪੯ `ਚ ਪੰਜਾਬ `ਤੇ ਕਾਬਿਜ਼ ਹੋਣਾ ਤੇ ਸਿੱਖ ਕੌਮ ਰਾਹੀਂ ਉਸ ਦੀ ਗ਼ੁਲਾਮੀ ਨੂੰ ਇੱਕ ਦਿਨ ਲਈ ਵੀ ਕਬੂਲ ਨਾ ਕਰਣਾ ਹੀ ਸੀ। ਇਹੀ ਕਾਰਣ ਸੀ ਕਿ ਇੱਕ ਪਾਸੇ ਸਿੰਘ ਸਭਾ ਲਹਿਰਾਂ ਨੇ ਜਨਮ ਲਿਆ ਤੇ ਉਸ ਦੇ ਨਾਲ ਹੀ ਗੁਰਦੁਆਰਾ ਸੁਧਾਰ ਲਹਿਰ, ਬਬਰ ਅਕਾਲੀ ਲਹਿਰ, ਗਦਰ ਪਾਰਟੀ ਲਹਿਰ, ਕਾਮਾਗਾਟਾ ਮਾਰੂ ਜਹਾਜ਼ ਦਾ ਸਾਕਾ, ਜਲਿਆਂ ਵਾਲੇ ਬਾਗ਼ ਦਾ ਸਾਕਾ ਅਦਿ ਭਾਰਤ ਦੀ ਆਜ਼ਾਦੀ ਦੇ ਅਜਿਹੇ ਭਿੰਨ ਭਿੰਨ ਰੂਪਾਂ `ਚ ਵੀ ਕੋਈ ਦੂਜਾ ਨਹੀਂ ਬਲਕਿ ਉਥੇ ਵੀ ਸਿੱਖ ਕੌਮ ਹੀ ਮੋਹਰੀ ਸੀ। ਉਹੀ ਸਿੱਖ ਕੌਮ ਜਿਹੜੀ ਇਨ੍ਹਾਂ ਸਿੰਘ ਸਭਾ ਲਹਿਰਾਂ ਦੀ ਵੀ ਬੁਨਿਆਦ ਤੇ ਜੀਅ ਜਾਣ ਸੀ।

ਆ ਚੁੱਕੇ ਵੇਰਵਿਆਂ ਤੋਂ ਸਪਸ਼ਟ ਹੈ ਕਿ ਸੰਨ ੧੭੧੬ ਤੋਂ ਅਰੰਭ ਹੋ ਕੇ ਅੱਜ ਸੰਨ ੧੮੭੩ ਤੱਕ ਸਿੱਖ ਕੌਮ ਲਗਾਤਾਰ ਗੁਰਮੱਤ ਆਧਾਰਿਤ ਜੀਵਨ ਪੱਖੋਂ, ਗਹਿਰੇ ਤੋਂ ਗਹਿਰੇ ਅਗਿਆਨਤਾ ਦੇ ਹਨੇਰੇ ਖੂਹ `ਚ ਹੀ ਧਸਦੀ ਜਾ ਰਹੀ ਸੀ। ਇਸ ਤਰ੍ਹਾਂ ਜਦੋਂ ਗੁਰਮੱਤ ਪੱਖੋਂ ਅਗਿਆਨਤਾ ਦੇ ਅਜਿਹੇ ਕਾਲੇ ਹਨੇਰੇ ਯੁਗ `ਚ, ਇਨ੍ਹਾਂ ਸਿੰਘ ਸਭਾ ਲਹਿਰਾਂ ਨੇ ਜਨਮ ਲਿਆ ਤਾਂ ਬੇਸ਼ਕ ਅਣਜਾਣੇ `ਚ ਹੀ ਸਹੀ, ਪਰ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਖ਼ੁੱਦ ਸਿੱਖ ਸੰਗਤਾਂ ਵੱਲੋਂ ਹੀ ਭਰਵਾਂ ਵਿਰੋਧ ਸਹਿਣਾ ਪਿਆ, ਦੂਜਾ ਉਸ ਸਮੇਂ ਅੰਗ੍ਰੇਜ਼ ਹਕੂਮਤ ਦੀਆਂ ਕੁਟਲ ਚਾਲਾਂ ਦਾ ਸ਼ਿਕਾਰ, ਪੰਥਕ ਤੱਲ `ਤੇ ਰਾਜਸੀ ਹਾਲਾਤ ਵੀ ਉਨ੍ਹਾਂ ਦੀ ਸਫ਼ਲਤਾਂ ਦੇ ਰਸਤੇ `ਚ ਲੋਹੇ ਦੀਆਂ ਭਾਰੀ ਭਰਕਮ ਦਿਵਾਰਾਂ ਤੋਂ ਘੱਟ ਨਹੀਂ ਸਨ।

ਇਸ ਤਰ੍ਹਾਂ ਇਹ ਦੋਵੇਂ ਸਿੰਘ ਸਭਾ ਲਹਿਰਾਂ ਵੀ ਕੁਲ ਮਿਲਾ ਕੇ ਪੰਥਕ ਵਿਚਾਰਧਾਰਾ ਤੇ ਸਿੱਖੀ ਜੀਵਨ ਦੀ ਸੰਭਾਲ ਵਾਲੇ ਪਾਸਿਓੁਂ ਬਹੁਤਾ ਕੁੱਝ ਨਾ ਕਰ ਸਕੀਆਂ ਤੇ ਜਲਦੀ ਹੀ ਆਪਣੀ ਅਸਲੀਅਤ ਗੁਆ ਬੈਠੀਆਂ। ਬੇਸ਼ੱਕ ਮੁੱਖ ਤੌਰ `ਤੇ ਇਨ੍ਹਾਂ ਸਿੰਘ ਸਭਾ ਲਹਿਰਾਂ ਅਤੇ ਉਨ੍ਹਾਂ ਦਾ ਹੀ ਅਗ਼ਲਾ ਰੂਪ ਸੀ, ਗੁਰਦੁਆਰਾ ਸੁਧਾਰ ਲਹਿਰ, ਇਨ੍ਹਾਂ ਦਾ ਹੀ ਅਗ਼ਲਾ ਸਿਰਾ ਤੇ ਪੰਥਕ ਪ੍ਰਾਪਤੀ ਸੀ ਦਾ ਰੂਪ ਸੀ ਸੰਨ ੧੯੨੦ `ਚ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮ੍ਰਿਤਸਰ।

ਉਹ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮ੍ਰਿਤਸਰ; ਜਿਹੜੀ ਅਨੇਕਾਂ ਘਾਲਣਾਵਾਂ ਘਾਲਣ ਤੋਂ ਬਾਅਦ ਹੋਂਦ `ਚ ਆਈ ਸੀ ਪਰ ਅੰਗ੍ਰੇਜ਼ ਹਕੂਮਤ ਦੀ ਪੰਥ ਮਾਰੂ ਕੁਟਲਨੀਤੀ, ਉਸ ਰਾਹੀਂ ਉਸ ਨੇ ਸ਼੍ਰੋਮਣੀ ਕਮੇਟੀ ਦੀ ਜੜ੍ਹ `ਚ ਵੀ ਗੁਰਦੁਆਰਾ ਚੋਣਾਂ ਵਾਲੇ ਪੰਥ ਮਾਰੂ ਜ਼ਹਿਰ ਨੂੰ ਘੋਲ ਦਿੱਤਾ। ਅਜਿਹਾ ਮਾਰੂ ਜ਼ਹਿਰ, ਜਿਹੜਾ ਅੰਗ੍ਰੇਜ਼ ਰਾਹੀਂ ਭਾਰਤ ਤੋਂ ਚਲੇ ਜਾਣ ਦੇ ਕਈ ਦਹਾਕੇ ਬਾਅਦ, ਅੱਜ ਵੀ ਤੇ ਹਰ ਦਿਨ ਕੇਵਲ ਪੰਜਾਬ ਹੀ ਨਹੀਂ ਬਲਕਿ ਸੰਸਾਰ ਤੱਲ `ਤੇ ਪੂਰੀ ਸਿੱਖ ਕੌਮ ਦੀਆਂ ਜੜ੍ਹਾਂ ਗਾਲ ਰਿਹਾ ਹੈ।

ਨੁੱਕਤਾ ਨੰ: ੭-ਪੰਥ ਦੀ ਹੋ ਰਹੀ ਤਬਾਹੀ ਦੀ ਇਸੇ ਲੜੀ `ਚ, ਪੰਥ ਦਾ ਇੱਕ ਹੋਰ ਪਾਸੇ ਧਿਆਣ ਦੁਆਉਣਾ ਵੀ ਜ਼ਰੂਰੀ ਹੈ। ਉਹ ਇਹ ਕਿ ਸੰਨ ੧੮੪੯ `ਚ, ਰਾਜਸੀ ਤਲ `ਤੇ ਰਾਜਸੀ ਗ਼ਦਾਰਾਂ ਦੀਆਂ ਕਾਲੀਆਂ ਕਰਤੂਤਾਂ ਦਾ ਨਤੀਜਾ, ਪੰਜਾਬ `ਤੇ ਅੰਗ੍ਰੇਜ਼ਾਂ ਦੀ ਹਕੂਮਤ ਹੋ ਗਈ। ਪੰਜਾਬ `ਚੋਂ ਖਾਲਸਾ ਰਾਜ ਸਮਾਪਤ ਹੋ ਗਿਆ ਅਤੇ ਪੰਜਾਬ `ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ।

ਬੇਸ਼ੱਕ ਉਦੋਂ ਤੱਕ ਅੰਗ੍ਰੇਜ਼ ਬਾਰੇ ਤਾਂ ਇਹ ਪ੍ਰਚਲਣ ਵੀ ਸੰਸਾਰ `ਚ ਆਪਣੀ ਜਗ੍ਹਾ ਬਣਾ ਚੁੱਕਾ ਸੀ ਕਿ ‘ਅੰਗ੍ਰੇਜ਼ ਦਾ ਸੂਰਜ ਕਦੇ ਡੁੱਬਣ ਵਾਲਾ ਨਹੀਂ’। ਇਹ ਤਾਂ ਅੰਗ੍ਰੇਜ਼ ਦੀ ਵੀ ਬਦਕਿਸਮਿਤੀ ਹੀ ਸੀ ਜਿਹੜੇ ਕਿ ਖ਼ਾਲਸਾ ਰਾਜ ਵਿਚਲੇ ਉਨ੍ਹਾਂ ਗ਼ਦਾਰਾਂ ਦੇ ਢਏ ਚੜ੍ਹ ਕੇ ਉਸ ਨੇ ਪੰਜਾਬ `ਚ ਕਦਮ ਰੱਖ ਲਏ। ਉਸੇ ਦਾ ਨਤੀਜਾ ਸੀ ਕਿ ਉਸ ਤੋਂ ਇੱਕ ਦੰਮ ਬਾਅਦ, ਅੰਗ੍ਰੇਜ਼ ਦੇ ਰਾਜ ਵਾਲਾ ਸੰਸਾਰ ਭਰ `ਚ ਕਦੇ ਨਾ ਡੁੱਬਣ ਵਾਲਾ ਸੂਰਜ ਵੀ ਤੇਜ਼ੀ ਨਾਲ ਡੁੱਬਣਾ ਸ਼ੁਰੂ ਹੋ ਗਿਆ ਤੇ ਪੂਰੀ ਤਰ੍ਹਾਂ ਡੁੱਬ ਵੀ ਗਿਆ; ਖ਼ੈਰ ਫ਼ਿਰ ਵੀ ਉਹ ਇੱਕ ਬਿਲਕੁਲ ਵੱਖਰਾ ਤੇ ਲੰਮਾਂ ਵਿਸ਼ਾ ਹੈ।

ਜਦਕਿ ਇਥੇ ਇਸਦਾ ਸੰਬੰਧ ਕੇਵਲ ਇਤਨਾ ਹੀ ਹੈ ਕਿ ਅੰਗ੍ਰੇਜ਼ ਇਸ ਪੱਖੋਂ ਵੀ ਬੜਾ ਦੂਰ ਅੰਦੇਸ਼ ਸੀ ਕਿ ਜਿਸ ਮੁਲਕ, ਇਲਾਕੇ ਤੇ ਦੇਸ਼ `ਚ ਉਸ ਨੇ ਆਪਣੇ ਰਾਜ ਦੀਆਂ ਜੜ੍ਹਾਂ ਜਦੋਂ ਵੀ ਪੱਕੀਆਂ ਕਰਣੀਆਂ ਹੁੰਦੀਆਂ ਸਨ, ਉਹ ਸਭ ਤੋਂ ਪਹਿਲਾਂ ਉਥੇ ਪਹੁੰਚ ਕੇ ਉਸਦੀ ਸਭਿਅਤਾ ਤੇ ਇਤਿਹਾਸ ਆਦਿ ਦਾ ਚੰਗੀ ਤਰ੍ਹਾਂ ਅਧਿਯਣ ਤੇ ਉਸ ਦੀ ਘੋਖ ਵੀ ਕਰ ਲੈਂਦਾ ਸੀ।

ਇਸ ਲਈ ਪੰਜਾਬ ਤੇ ਕਾਬਿਜ਼ ਹੁੰਦੇ ਸਾਰ ਵੀ ਉਸ ਨੇ ਸਭ ਤੋਂ ਪਹਿਲਾਂ, ਸਿੱਖ ਸਭਿਅਤਾ, ਸਿੱਖ ਇਤਿਹਾਸ ਤੇ ਗੁਰਬਾਣੀ ਦੇ ਅਧਿਯਣ ਲਈ ਆਪਣਾ ਜਾਲ ਵਿਛਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਇਥੌਂ ਦੀ ਐਜੂਕੇਸ਼ਨ ਪ੍ਰਣਾਲੀ ਨੂੰ ਵੀ ਪੂਰੀ ਤਰ੍ਹਾਂ ਆਪਣੇ ਕੰਟਰੌਲ `ਚ ਲੈਣਾ ਅਰੰਭ ਕਰ ਦਿੱਤਾ ਤਾ ਕਿ ਆਉਣ ਵਾਲੀ ਪਨੀਰੀ ਨੂੰ ਵੀ ਉਹ ਸੌਖੇ ਅਤੇ ਆਪਣੇ ਢੰਗ ਨਾਲ ਢਾਲ ਸਕੇ, ਉਸ ਨੂੰ ਵੀ ਅਰੰਭ ਤੋਂ ਹੀ ਆਪਣੇ ਰੰਗ `ਚ ਰੰਗ ਸਕੇ ਤੇ ਲੋੜ ਅਨੁਸਾਰ ਵਰਤ ਸਕੇ।

ਇਸ ਤੋਂ ਬਾਅਦ ਫ਼ਿਰ ਜਦੋਂ ਅੰਗ੍ਰੇਜ਼ ਦੇ ਕਿਰਦਾਰ ਨੂੰ ਸੰਨ ੧੮੪੯ ਤੋਂ ਲੈ ਕੇ ਸੰਨ ੧੯੪੭ ਭਾਵ ਜਦੋਂ ਭਾਰਤ ਆਜ਼ਾਦ ਹੋਇਆ, ਇਸ ਵਿਚਲੇ ਇਤਿਹਾਸ ਨੂੰ ਘੋਖਦੇ ਹਾਂ ਤਾਂ ਉਸ ਦੀ ਕਰਣੀ `ਚੋਂ ਦੋ ਗੱਲਾਂ ਹੋਰ ਵੀ ਉਘੜ ਕੇ ਸਾਹਮਣੇ ਆਉਂਦੀਆਂ ਹਨ ਜਿਹੜੀਆਂ ਕਿ ਇਸ ਤਰ੍ਹਾਂ ਹਨ:-

(੧) ਇੱਕ ਤਾਂ ਉਸ ਨੇ ਸਭ ਕੁੱਝ ਉਹੀ ਕੀਤਾ, ਜਿਸ ਤੋਂ ਜ਼ਾਹਿਰਾ ਤੌਰ `ਤੇ ਉਹ ਆਪਣੇ ਆਪ ਨੂੰ ਸਿੱਖਾਂ ਦਾ ਵੱਡਾ ਪ੍ਰਸ਼ੰਸਕ ਤੇ ਹਮਦਰਦ ਬਣ ਕੇ ਸਾਹਮਣੇ ਆ ਸਕੇ। ਇਸ ਤਰ੍ਹਾਂ ਉਹ ਸਿੱਖਾਂ ਦੀ ਹਮਦਰਦੀ ਨੂੰ ਜਿੱਤ ਕੇ ਅਤੇ ਉਨ੍ਹਾਂ ਦੀ ਵੱਡੀ ਤਾਕਤ ਨੂੰ ਵੀ ਭਾਰਤ `ਚ ਆਪਣੇ ਰਾਜ ਦੀਆਂ ਜੜ੍ਹਾਂ ਪੱਕੀਆਂ ਕਰਣ ਲਈ ਵਰਤ ਸਕੇ।

(੨) ਦੂਜਾ, ਖ਼ਾਲਸਾ ਰਾਜ ਦੇ ਗ਼ਦਾਰਾਂ ਦੀਆਂ ਲੀਹਾਂ `ਤੇ ਚੱਲ ਕੇ ਬਲਕਿ ਉਨ੍ਹਾਂ ਤੋਂ ਵੀ ਦੋ ਕਦਮ ਅੱਗੇ ਹੋ ਕੇ, ਅੰਗ੍ਰੇਜ਼ ਨੇ ਦੂਰਅੰਦੇਸ਼ੀ ਨਾਲ ਸਿੱਖ ਕੌਮ ਦੇ ਅੰਦਰ ਤੱਕ ਧੱਸ ਕੇ ਸਿੱਖ ਕੌਮ ਨੂੰ ਆਪਸ `ਚ ਵਧ ਤੋਂ ਵਧ ਪਾੜਿਆ ਤੇ ਉਸ ਪਾਟਕ ਨੂੰ ਹੀ ਨਹੀਂ ਬਲਕਿ ਉਨ੍ਹਾਂ ਪਾਟਕਾਂ ਨੂੰ ਅੰਤ ਤੱਕ ਆਪਣੇ ਰਾਜਪਾਟ ਦੀ ਤਾਕਤ ਲਈ ਵਰਤਿਆ ਵੀ।

ਇਸ ਤਰ੍ਹਾਂ ਇਨ੍ਹਾਂ ਦੋਨਾਂ ਪੱਖਾਂ ਤੋਂ ਵੀ ਅੰਗਰੇਜ਼ ਆਪਣੀਆਂ ਚਾਲਾਂ `ਚ ਪੂਰੀ ਤਰ੍ਹਾਂ ਸਫ਼ਲ ਰਿਹਾ ਪਰ ਸਿੱਖ ਉਸ ਦੀਆਂ ਇਨ੍ਹਾਂ ਕੁਟਲਨੀਤੀਆਂ ਤੇ ਕਰਣੀਆਂ ਨੂੰ ਸਮੇਂ ਸਿਰ ਨਾ ਪਹਿਚਾਣ ਸਕੇ।

ਨੁੱਕਤਾ ਨੰ: ੮-ਅੰਗ੍ਰੇਜ਼ ਦੀ ਸਿੱਖਾਂ ਵਾਸਤੇ ਇਸੇ ਮਾਨਸਿਕ ਖੋਟ ਦਾ ਨਤੀਜਾ ਸੀ ਕਿ ਆਏ ਦਿਨ ਸਿੱਖ ਕੌਮ `ਚ ਗੁਰੂ ਡੰਮਾ, ਮਹੰਤਾਂ ਤੇ ਨਿੱਤ ਨਵੇਂ ਡੇਰਿਆਂ ਨੂੰ ਹਵਾ ਮਿਲ ਰਹੀ ਸੀ। ਜਦਕਿ ਦੂਜੇ ਪਾਸੇ ਭਾਈ ਮਹਾਰਾਜ ਸਿੰਘ ਆਦਿ ਵਰਗੇ ਪੰਥਕ ਹੀਰਿਆਂ ਦਾ ਉਸ ਰਾਹੀਂ ਦਿਨ-ਰਾਤ ਘਾਣ ਕੀਤਾ ਤੇ ਕਰਵਾਇਆ ਜਾ ਰਿਹਾ ਸੀ।

ਕੁਝ ਹੋਰ ਗਹਿਰਾਈ `ਚ ਜਾਵੋ ਤਾਂ ਸ਼੍ਰੌਮਣੀ ਕਮੇਟੀ ਦੀ ਜੜ੍ਹ `ਚ ਚੋਣਾਂ ਵਾਲੇ ਰਾਖਸ਼ ਦਾ ਜਫ਼ਾ ਪੱਕਾ ਕਰਣਾ, ਇਹ ਵੀ ਉਸ ਦੀਆਂ ਇਨ੍ਹਾਂ ਚਾਲਾਂ `ਚੋਂ ਹੀ ਬਹੁਤ ਵੱਡੀ ਚਾਲ ਸੀ। ਉਸੇ ਦਾ ਨਤੀਜਾ ਹੈ ਕਿ ਸੰਨ ੧੯੪੭ `ਚ ਅੰਗ੍ਰੇਜ਼ ਰਾਹੀਂ ਭਾਰਤ `ਚੋਂ ਚਲੇ ਜਾਣ ਤੋਂ ਪੈਂਠ ਸਾਲ ਬਾਅਦ ਹੁਣ ਤਾਂ ਸਿੱਖ ਕੌਮ ਸੰਸਾਰ ਤਲ `ਤੇ ਹੀ ਲਗਾਤਾਰ ਰਸਾਤਲ ਨੂੰ ਜਾ ਰਹੀ ਹੈ ਤਾਂ ਮੁੱਖ ਤੌਰ `ਤੇ ਗੁਰਦੁਆਰਿਆਂ `ਚ ਆਪਣਾ ਪੱਕਾ ਆਸਨ ਜਮਾ ਕੇ ਬੈਠੇ ਹੋਏ ਇਸ ਚੋਣਾਂ ਵਾਲੇ ਰਾਖਸ਼ ਕਾਰਣ ਹੀ।

ਨੁੱਕਤਾ ਨੰ: ੯-ਇਸ ਦੇ ਨਾਲ ਸੰਨ ੧੯੨੦ `ਚ ਸ਼੍ਰੋਮਣੀ ਕਮੇਟੀ ਦੀ ਕਾਇਮੀ ਦੇ ਨਾਲ ਨਾਲ ਬਹੁਤ ਸਾਰੇ ਡੇਰਿਆਂ ਨੇ ਵੀ ਆਪਣੇ ਆਪਣੇ ਰੰਗ ਰੂਪ ਬਦਲ ਲਏ ਤਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਪਕੜ ਤੋਂ ਬਾਹਿਰ ਰਹਿਣ ਤੇ ਅਜਿਹਾ ਹੋਇਆ ਵੀ। ਜਦਕਿ ਇਸ ਦਾ ਬਹੁਤ ਵੱਡਾ ਪੰਥਕ ਨੁਕਸਾਨ ਇਹ ਹੋਇਆ ਕਿ ਉਸ ਸਮੇਂ ਤਾਂ ਇਨ੍ਹਾਂ ਡੇਰਿਆਂ ਦੀ ਗਿਣਤੀ ਚਾਹੇ ਥੋੜੀ ਤੇ ਜਿਤਨੀ ਵੀ ਰਹੀ ਹੋਵੇਗੀ।

ਦੂਜੇ ਪਾਸੇ ਕੌਮੀ ਪਾਟਕ ਲਈ ਉਹ ਇਨਾਂ ਵੱਡਾ ਮੁਗਾਰ ਸਾਬਤ ਹੋਏ ਕਿ ਅੱਜ ਦੀ ਤਾਰੀਖ `ਚ ਪੰਜਾਬ ਦੇ ਲਗਭਗ ਸਾਢੇ ਬਾਰਾਂ ਹਜ਼ਾਰ ਪਿੰਡਾ `ਚ ਅਠਾਰਾ ਹਜ਼ਾਰ ਤੋਂ ਵਧ ਤਾਂ ਅਜਿਹੇ ਡੇਰੇ ਹੀ ਦੱਸੇ ਜਾਂਦੇ ਹਨ। ਅਜਿਹੇ ਡੇਰੇ ਜਿਹੜੇ ਅਪਣੀ-ਆਪਣੀ ਡਫਲੀ ਵਜਾ ਰਹੇ ਹਨ। ਇਸਤਰ੍ਹਾਂ ਵਿਰਲਿਆਂ ਨੂੰ ਛੱਡ ਕੇ ਬਾਕੀ ਸਾਰੇ ਸੰਗਤਾਂ ਨੂੰ ਦਿਨ ਰਾਤ ਗੁਮਰਾਹ ਕਰਣ `ਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ `ਚ ਰਹਿੰਦੇ ਹਨ। ਫ਼ਿਰ ਇਹ ਕਿ ਉਨ੍ਹਾਂ ਨੂੰ ਕੋਈ ਪੁਛਣ ਵਾਲਾ ਵੀ ਨਹੀਂ ਤੇ ਨਾ ਅਜਿਹਾ ਸੰਭਵ ਹੀ ਹੈ।

ਨੁੱਕਤਾ ਨੰ: ੧੦-ਇਸ ਤੋਂ ਬਾਅਦ ਸਿੱਖਾਂ ਨੂੰ ਵਧ ਤੋਂ ਵਧ ਭਾਰਤ ਦੀਆਂ ਫ਼ੋਜਾਂ `ਚ ਲੈਣਾ ਵੀ ਸਿੱਖ ਕੌਮ ਲਈ ਅੰਗ੍ਰੇਜ਼ੀ ਚਕਰਵਿਊ ਸੀ ਜਿਸ `ਚ ਸਿੱਖ ਕੌਮ ਬੁਰੀ ਤਰ੍ਹਾਂ ਤੇ ਆਪਣੇ ਆਪ ਫ਼ਸਦੀ ਗਈ। ਇਸ ਲਈ ਸਮਝਣਾ ਹੈ ਕਿ ਇਹ ਚਕਰਵਿਊਹ ਕੀ ਸੀ? ਤਾਂ ਤੇ:-

(੧) ਅੰਗ੍ਰੇਜ਼ ਹਕੂਮਤ ਸਿੱਖਾਂ ਨੂੰ ਵਧ ਤੋਂ ਵਧ ਭਾਰਤੀ ਫ਼ੌਜਾਂ `ਚ ਲੈਣ ਤੋਂ ਬਾਅਦ ਫ਼ਿਰ ਉਨ੍ਹਾਂ ਦੇ ਸਿੱਖੀ ਸਰੂਪ ਦੀ ਸੰਭਾਲ ਵੱਲ ਵੀ ਵਧ ਤੋਂ ਵਧ ਧਿਆਣ ਦਿੰਦੀ। ਉਥੇ ਹਰੇਕ ਫ਼ੌਜੀ ਲਈ ਪਾਹੁਲ ਧਾਰੀ ਹੋਣਾ ਵੀ ਪੱਕਾ ਕੀਤਾ ਹੋਇਆ ਸੀ। ਉਨ੍ਹਾਂ ਲਈ, ਉਨ੍ਹਾਂ ਦੀਆਂ ਬੈਰਕਾਂ `ਚ ਗੁਰਦੁਆਰੇ ਕਾਇਮ ਕੀਤੇ ਤੇ ਗ੍ਰੰਥੀ ਵੀ ਰਖਵਾਏ ਹੋਏ ਸਨ।

ਜਦਕਿ ਉਨ੍ਹਾਂ ਬੈਰਕਾਂ ਅੰਦਰ ਆਪਣੇ ਵੱਲੋਂ ਸਥਾਪਤ ਗੁਰਦੁਆਰਿਆਂ ਅੰਦਰ ਗ੍ਰੰਥੀ ਸਿੰਘਾਂ ਰਾਹੀਂ ਫ਼ੌਜੀਆਂ ਦੀ ਪੱਕਿਆਈ ਗੁਰਮੱਤ ਜੀਵਨ ਪੱਖੋਂ ਨਹੀਂ ਬਲਕਿ ਇਹ ਕਰਵਾਈ ਜਾਂਦੀ ਕਿ ਇਹ ਫ਼ੌਜੀ ਪੱਕੇ ਸਿੱਖ ਹੋਣ ਦੇ ਨਾਤੇ, ਅੰਗ੍ਰੇਜ਼ ਹਕੂਮਤ ਦੇ ਪੱਕੇ ਵਫ਼ਾਦਾਰ ਰਹਿਣਗੇ। (ਇਥੇ ਖਾਸ ਧਿਆਨ ਦੇਣਾ ਹੈ ਕਿ ਇਥੇ ਵੀ ਇਹ ਵਫ਼ਾਦਾਰੀ ਗੁਰੂ ਪਾਤਸ਼ਾਹ ਦੀ ਨਹੀਂ ਬਲਕਿ ਅੰਗ੍ਰੇਜ਼ ਹਕੂਮਤ ਦੀ ਸੀ)

(੨) ਇਨ੍ਹਾਂ ਫ਼ੌਜੀਆਂ ਦੇ ਉਪਰਲੇ ਰੈਂਕਾ `ਤੇ ਹਮੇਸ਼ਾਂ ਅੰਗ੍ਰੇਜ਼ ਅਫ਼ਸਰਾਂ ਨੂੰ ਹੀ ਮੁਕਰੱਰ ਕੀਤਾ ਜਾਂਦਾ ਪਰ ਸਿੱਖਾਂ ਤੇ ਭਾਰਤੀਆਂ ਨੂੰ ਬਿਲਕੁਲ ਨਹੀਂ। ਇਸ ਤਰ੍ਹਾਂ ਅੰਗ੍ਰੇਜ਼ਾਂ ਦੇ ਸ਼ਾਸਨ ਕਾਲ `ਚ ਕੇਵਲ ਸਿੱਖ ਹੀ ਨਹੀਂ ਬਲਕਿ ਕਿਸੇ ਵੀ ਭਾਰਤੀ ਨੂੰ ਤੇ ਕਦੇ ਵੀ ਵੱਡਾ ਫ਼ੌਜੀ ਅਫ਼ਸਰ ਨਹੀਂ ਸੀ ਬਣਾਇਆ ਗਿਆ। ਇਸ ਤਰ੍ਹਾਂ ਸਮੂਚੀ ਭਾਰਤੀ ਫ਼ੌਜ ਹਮੇਸ਼ਾਂ ਅੰਗ੍ਰੇਜ਼ ਅਫ਼ਸਰਾਂ ਦੇ ਅਧੀਨ ਹੀ ਹੁੰਦੀ ਸੀ।

(੩) ਇਸਤਰ੍ਹਾਂ ਇਥੇ ਵੀ ਅੰਗ੍ਰੇਜ਼ ਨੇ ਇਨ੍ਹਾਂ ਸਿੱਖ ਫ਼ੌਜਾਂ ਦੀ ਵੱਡੀ ਤਾਕਤ ਤੇ ਇਨ੍ਹਾਂ ਦੀ ਗੁਰੂ ਸਾਹਿਬ ਪ੍ਰਤੀ ਵਫ਼ਾਦਾਰੀ ਨੂੰ, ਬੜੀ ਕੁਟਲਨੀਤੀ ਨਾਲ ਕੇਵਲ ਭਾਰਤ `ਚ ਹੀ ਨਹੀਂ ਬਲਕਿ ਸੰਸਾਰ ਭਰ, ਆਪਣੇ ਸ਼ਾਸਨ ਤੇ ਆਪਣੀ ਹਕੂਮਤ ਦੀ ਮਜ਼ਬੂਤੀ ਤੇ ਵਫ਼ਾਦਾਰੀ ਲਈ ਹੀ ਵਰਤਿਆ ਸੀ।

(੪) ਅੰਗ੍ਰੇਜ਼ ਨੇ ਹਰੇਕ ਉਹ ਹੀਲਾ ਵਰਤਿਆ ਜਿਸ ਤੋਂ, ਪੰਜਾਬ ਤੇ ਖਾਸਕਰ ਸਿੱਖ ਵਧ ਤੋਂ ਵਧ ਅਣਪੜ੍ਹ ਰਹਿਣ। ਦਰਅਸਲ ਅਸਿਧੇ ਤੌਰ `ਤੇ ਇਸ ਤਰ੍ਹਾਂ, ਅਣਪੜ੍ਹ ਰਖ ਕੇ ਉਹ ਸਿੱਖਾਂ ਨੂੰ ਗੁਰਬਾਣੀ ਦੀ ਸੋਝੀ ਤੋਂ ਦੂਰ ਰਖਣਾ ਚਾਹੁੰਦਾ ਸੀ। ਉਸਨੇ ਅਜਿਹੇ ਪ੍ਰਚਲਣ ਵੀ ਕਾਇਮ ਕੀਤੇ ਜਿਵੇਂ “ਸਿੱਖ ਤਾਂ ਜਨਮਾਂਦਰੂ ਹੀ ਸ਼ੇਰ ਹੁੰਦੇ ਹਨ, ਇਨ੍ਹਾਂ ਨੂੰ ਤਾਂ ਪੜ੍ਹਣ ਦੀ ਲੋੜ ਹੀ ਨਹੀਂ” ਆਦਿ। ਇਸ ਸਾਰੇ ਪਿਛੇ ਉਸਦਾ ਮਕਸਦ ਸੀ ਕਿ ਪੰਜਾਬ ਅਣਪੜ੍ਹ ਰਵੇ ਤੇ ਗੁਰਬਾਣੀ ਜੀਵਨ ਤੋਂ ਪੂਰੀ ਤਰ੍ਹਾਂ ਕੱਟਿਆ ਰਵੇ ਜਿਸ ਤੋਂ ਖਾਸਕਰ ਸਿੱਖ ਫ਼ੌਜੀਆਂ ਰਸਤੇ ਉਹ ਇਨ੍ਹਾਂ ਦੇ ਸਿੱਖੀ ਜੋਸ਼ ਨੂੰ ਉਹ ਸੌਖਾ ਵਰਤਦਾ ਰਹੇ।

ਇਹੀ ਨਹੀਂ, ਇਸਦੇ ਨਾਲ ਉਸ ਨੇ ਇੱਕ ਜਰਮਨ ਵਿਦਵਾਨ ਆਰਨੈਸਰ ਟਰੰਪ (Ernest Trump) ਦੇ ਜ਼ਰੀਏ “ਗੁਰੂ ਗ੍ਰੰਥ ਸਾਹਿਬ ਜੀ” ਦਾ ਅੰਗ੍ਰੇਜ਼ੀ ਉਲੱਥਾ ਵੀ ਕਰਵਾਇਆ। ਹਾਲਾਂਕਿ ਅੰਤ ਤੱਕ ਉਸ ਵਿਦਵਾਨ ਆਰਨੈਸਰ ਟਰੰਪ ਦੇ ਮਨ `ਚ ਗੁਰਬਾਣੀ ਵਿਚਾਰਧਾਰਾ ਨੂੰ ਸਮਝਣ ਲਈ ਨਾ ਕੋਈ ਲਗਣ ਸੀ ਤੇ ਨਾ ਚਾਹਤ। ਇਸੇ ਤਰ੍ਹਾਂ ਉਸ ਨੇ ਕੁੱਝ ਹੋਰ ਅੰਗ੍ਰੇਜ਼ ਵਿਦਵਾਨਾਂ ਰਾਹੀਂ ਵੀ ਸਿੱਖ ਇਤਿਹਾਸ, ਫ਼ਿਲਾਸਫ਼ੀ ਆਦਿ ਦੇ ਅਨੁਵਾਦ ਕਰਵਾਏ ਤੇ ਗੁਰੂ ਸਾਹਿਬਾਨ ਦੇ ਜੀਵਨ ਵੀ ਲਿਖਵਾਏ।

ਇਸ ਸਾਰੇ ਪਿਛੇ ਵੀ ਉਸ ਦੀ ਉਹੀ ਚਾਲ ਸੀ। ਇੱਕ ਤਾਂ ਸਿੱਖ ਸਦਾ ਇਹ ਮਹਿਸੂਸ ਕਰਣ ਕਿ ਅੰਗ੍ਰੇਜ਼ ਦੇ ਮਨ `ਚ ਸਿੱਖ ਧਰਮ ਤੇ ਸਿੱਖ ਸਾਹਿਤ ਲਈ ਵੱਡੀ ਲਗਣ ਹੈ। ਦੂਜਾ, ਬ੍ਰਾਹਮਣ ਦੀਆਂ ਲੀਹਾਂ `ਤੇ ਚੱਲ ਕੇ ਅੰਗ੍ਰੇਜ਼ ਵੀ, ਸ਼ਿੱਖ ਧਰਮ ਦੀ ਅਜਿਹੀ ਚੌਤਰਫ਼ਾ ਜਾਣਕਾਰੀ ਕਾਰਣ, ਸਿੱਖ ਕੌਮ ਨੂੰ ਗੁਰਬਾਣੀ ਜੀਵਨ ਤੋਂ ਤੋੜ ਕੇ ਆਪਣੇ ਰੰਗ `ਚ ਸੌਖਾ ਰੰਗ ਸਕੇ। ਜਦਕਿ ਅੱਜ ਤਾਂ ਇਹ ਸਭ ਕੁੱਝ ਜੱਗ ਜ਼ਾਹਿਰ ਵੀ ਹੈ, ਕਾਸ਼ ਸਮੇਂ ਸਿਰ ਕੌਮ ਨੇ ਉਸਦੀਆਂ ਇਨ੍ਹਾਂ ਕੁਚਾਲਾਂ ਨੂੰ ਭਾਂਪ ਲਿਆ ਹੁੰਦਾ।

ਇਸ ਤਰ੍ਹਾਂ ਅੰਗ੍ਰੇਜ਼ ਨੇ ਜ਼ਾਹਿਰਾ ਸਿੱਖ ਧਰਮ ਪੱਖੀ ਆਪਣੇ ਅਜਿਹੇ ਕਦਮਾਂ ਨਾਲ, ਸਿੱਖ ਫ਼ੋਜੀਆਂ ਸਮੇਤ ਪੂਰੀ ਸਿੱਖ ਕੌਮ `ਤੇ ਆਪਣਾ ਅਜਿਹਾ ਪ੍ਰਭਾਵ ਪੱਕਾ ਕਰ ਲਿਆ ਕਿ ਅੰਗ੍ਰੇਜ਼ ਸਿੱਖਾਂ ਦੇ ਵੱਡੇ ਹਮਦਰਦ ਹਨ। ਜਦਕਿ ਸਚਾਈ ਇਸ ਸਾਰੇ ਦੇ ਬਿਲਕੁਲ ਉਲਟ ਸੀ। ਇਸੇ ਲੜੀ `ਚ ਉਸਨੇ ਸਿੱਖਾਂ ਨੂੰ ਮਾਰਸ਼ਲ ਕੌਮ ਵੀ ਐਲਾਣਿਆ ਤੇ ਹੋਰ ਵੀ ਕਈ ਅਜਿਹੇ ਹਰਬੇ ਵੀ ਵਰਤੇ ਸਨ। #35SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.