.

ਗੁਰਮਤਿ ਵਿਚਾਰਧਾਰਾ ਦੇ ਸੰਚਾਰ ਦੀ ਅਜੋਕੀ ਸਥਿਤੀ

(ਕਿਸ਼ਤ ਪਹਿਲੀ)

ਹਾਕਮ ਸਿੰਘ

ਸਿੱਖ ਧਰਮ ਵਿਚ ਅਕਸਰ ਦੋ ਸੰਸਥਾਵਾਂ ਹੀ ਚਰਚਾ ਦਾ ਵਿਸ਼ਾ ਹੁੰਦੀਆਂ ਹਨ। ਇਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਜੀ, ਅਕਾਲ ਤਖਤ। ਇਹ ਦੋਨੋਂ ਸੰਸਥਾਵਾਂ ਸਿੱਖ ਸ਼ਰਧਾਲੂਆਂ ਦੀਆਂ ਸ਼ਰਧਾ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਹਨ। ਸ਼ਰਧਾ ਭਾਵਨਾ ਦੇ ਪਰਭਾਵ ਅਧੀਨ ਸਿੱਖ ਸ਼ਰਧਾਲੂ ਅਤੇ ਬਹੁਤੇ ਵਿਦਵਾਨ ਇਹਨਾਂ ਸੰਸਥਾਵਾਂ ਦੇ ਵਿਆਕੁਲ ਕਰਨ ਵਾਲੇ ਤੱਥਾਂ ਨੂੰ ਜਾਨਣ ਤੋਂ ਕੰਨੀ ਕਤਰਾ ਜਾਂਦੇ ਹਨ। ਸਚਾਈ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵੋਟਰਾਂ ਵੱਲੋਂ ਚੁਣੀ ਕੁੱਝ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਜ਼ਿੰਮੇਵਾਰ ਸੰਸਥਾ ਹੈ ਅਤੇ ਅਕਾਲ ਤਖਤ ਸਿੱਖ ਸਿਆਸਤ ਦਾ ਪ੍ਰੇਰਨਾ ਸਰੋਤ ਬਣ ਗਿਆ ਹੈ ਅਤੇ ਹੁਣ ਕਈ ਸ਼ਰਧਾਲੂ ਇਸ ਨੂੰ ਸਿੱਖ ਪਰਭੁਤਾ ਦਾ ਚਿੰਨ੍ਹ ਮੰਨਦੇ ਹਨ। ਸ਼੍ਰੋਮਣੀ ਕਮੇਟੀ ਭਾਵੇਂ ਸਿਆਸੀ ਧੜਾ ਨਹੀਂ ਹੈ ਪਰ ਇਹ ਵੀ ਅਕਾਲ ਤਖਤ ਨੂੰ ਸਿੱਖ ਵੋਟਰਾਂ ਤੋਂ ਆਪਣੀ ਕਾਰਗੁਜ਼ਾਰੀ ਦੀ ਆਲੋਚਨਾ ਰੋਕਣ ਲਈ ਵਰਤਦੀ ਹੈ। ਇਹ ਦੋਨੋਂ ਸੰਸਥਾਵਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੂਲ ਸਰੋਤ ਮੰਨਦੀਆਂ ਹਨ ਪਰ ਇਹਨਾਂ ਦੀ ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਦੇ ਅਧਿਆਤਮਿਕ ਖੇਤਰ ਪ੍ਰਤੀ ਕੋਈ ਪ੍ਰਵਾਣਤ ਜ਼ਿੰਮੇਵਾਰੀ ਨਹੀਂ ਹੈ। ਇਹ ਠੀਕ ਵੀ ਹੈ ਕਿਉਂਕਿ ਗੁਰਮਤਿ ਵਿਚਾਰਧਾਰਾ ਅਤੇ ਗੁਰਬਾਣੀ ਉਪਦੇਸ਼ ਧਾਰਮਕ ਵਿਚਾਰਵਾਨਾਂ, ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਦਾ ਕਾਰਜ ਖੇਤਰ ਹੈ ਗੁਰਦੁਆਰਾ ਪ੍ਰਬੰਧਕਾਂ, ਧਾਰਮਕ ਰੁਚੀ ਰੱਖਣ ਵਾਲੇ ਰਾਜਸੀ ਆਗੂਆਂ ਅਤੇ ਗ੍ਰੰਥੀਆਂ ਦਾ ਨਹੀਂ। ਸਿੱਖ ਧਰਮ ਵਿਚ ਸਥਿਤੀ ਐਸੀ ਬਣੀ ਰਹੀ ਹੈ ਕਿ ਇਕ ਲੰਮੇ ਸਮੇਂ ਤੋਂ ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਗਿਆਨ ਨੂੰ ਸਮਰਪਿਤ ਵਿਚਾਰਵਾਨਾਂ, ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਦੀ ਕੋਈ ਵੀ ਕੇਂਦਰੀ ਸੰਸਥਾ ਹੋਂਦ ਵਿਚ ਨਹੀਂ ਆ ਸਕੀ ਹੈ ਅਤੇ ਵਿਦਵਾਨ ਅਕਸਰ ਗੁਰਦੁਆਰਾ ਪ੍ਰਬੰਧਕਾਂ ਅਤੇ ਸਿਆਸੀ ਰੁਚੀ ਵਾਲੇ ਆਗੂਆਂ ਤੋਂ ਹੀ ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਗਿਆਨ ਦੇ ਖੇਤਰ ਦੀ ਪਰਗਤੀ ਅਤੇ ਸੰਚਾਰ ਦੀ ਆਸ ਰੱਖਦੇ ਰਹੇ ਹਨ। ਗੁਰਮਤਿ ਵਿਚਾਰਧਾਰਾ ਅਤੇ ਗੁਰਬਾਣੀ ਉਪਦੇਸ਼ ਨੂੰ ਸਮਰਪਿਤ ਸੰਸਥਾ ਦੀ ਅਣਹੋਂਦ ਕਾਰਨ ਇਸ ਖੇਤਰ ਵਿਚ ਸੰਭਵ ਪਰਗਤੀ ਨਹੀਂ ਹੋਈ ਹੈ। ਸਿੱਖ ਵਿਦਵਾਨਾਂ, ਧਰਮ ਸ਼ਾਸਤਰੀਆਂ ਅਤੇ ਜਾਗਰੂਕ ਵਿਅਕਤੀਆਂ ਨੇ ਹਾਲੇ ਵੀ ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਦੇ ਅਧਿਆਤਮਿਕ ਖੇਤਰ ਦੀ ਅਗਵਾਈ ਕਰਨ ਲਈ ਕੋਈ ਕੇਂਦਰੀ ਸੰਸਥਾ ਨਹੀਂ ਬਣਾਈ ਹੈ। ਇਸ ਖੇਤਰ ਵਿਚ ਸਿੱਖ ਮਿਸ਼ਨਰੀ ਸੰਸਥਾਵਾਂ ਨੇ ਥੋੜਾ ਕੰਮ ਕੀਤਾ ਹੈ। ਪਰ ਮਿਸ਼ਨਰੀ ਸੰਸਥਾਵਾਂ ਤੇ ਗੁਰਮਤਿ ਸਿੱਖਿਆ ਦੇ ਕੇਂਦਰ ਹਨ ਅਤੇ ਉਹਨਾਂ ਦਾ ਕਾਰਜ ਖੇਤਰ ਗੁਰਬਾਣੀ ਸੰਥਿਆ, ਗੁਰ ਇਤਹਾਸ ਅਤੇ ਗੁਰਮਤਿ ਸੰਕਲਪਾਂ ਬਾਰੇ ਮੁਢਲੀ ਸਿੱਖਿਆ ਦੇਣ ਤਕ ਹੀ ਸੀਮਤ ਹੈ। ਗੁਰਮਤਿ ਦੇ ਅਧਿਆਤਮਿਕ ਉਪਦੇਸ਼ ਦੇ ਸੰਚਾਰ ਲਈ ਗੁਰਮਤਿ ਨੂੰ ਸਮਰਪਿਤ ਵਿਅਕਤੀਆਂ ਨੂੰ ਹੀ ਖ਼ੁਦ ਸੰਗਠਿਤ ਹੋ ਕੇ ਸੰਸਥਾਗਤ ਰੂਪ ਵਿਚ ਉੱਦਮ ਕਰਨਾ ਪੈਣਾ ਹੈ। ਵਿਸ਼ਵ ਦੇ ਧਰਮਾਂ ਦੀ ਇਹੋ ਰੀਤ ਹੈ। ਗੁਰਮਤਿ ਗਿਆਨ ਦੇ ਖੇਤਰ ਵਿਚ ਹੁਣ ਤਕ ਕੋਈ ਕੇਂਦਰੀ ਸੰਸਥਾ ਕਿਉਂ ਹੋਂਦ ਵਿਚ ਨਹੀਂ ਆ ਸਕੀ ਹੈ ਇਸ ਦਾ ਕਾਰਨ ਸਿੱਖ ਇਤਹਾਸ ਵਿਚੋਂ ਹੀ ਮਿਲ ਸਕਦਾ ਹੈ।
ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਦੇ ਸੰਚਾਰ ਲਈ ਜਿਸ ਪਰਕਾਰ ਦੀ ਸੰਸਥਾ ਦੀ ਲੋੜ ਹੈ ਉਸ ਦਾ ਵਰਨਣ ਗੁਰਬਾਣੀ ਵਿਚ ਕੀਤਾ ਗਿਆ ਹੈ। ਗੁਰਬਾਣੀ ਧਰਤੀ ਨੂੰ ਧਰਮਸ਼ਾਲ ਆਖਦੀ ਹੈ: "ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚ ਧਰਤੀ ਥਾਪਿ ਰਖੀ ਧਰਮਸਾਲ॥ " (ਪੰ: ੭)। ਗੁਰੂ ਨਾਨਕ ਸਾਹਿਬ ਨੇ ਜਗਤ ਨੂੰ ਗੁਰਮਤਿ ਮਾਰਗ ਦੀ ਸੂਝ ਦੇਣ ਲਈ ਸੰਗਤ ਸਥਾਪਤ ਕਰਕੇ ਸੰਗਤ ਦੇ ਟਿਕਾਣੇ ਨੂੰ ਧਰਮਸਾਲ ਆਖਿਆ ਹੈ ਅਤੇ ਐਸੀਆਂ ਧਰਮਸਾਲਾਂ ਹੀ ਇਸ ਧਰਤੀ ਨੂੰ ਗੁਰਬਾਣੀ ਵਿਚ ਦੱਸੀ ਧਰਮਸ਼ਾਲ ਬਨਾਉਣ ਯੋਗ ਹਨ। ਧਰਮਸ਼ਾਲਾ ਵਿਚ ਸੰਗਤ ਨੂੰ ਗੁਰਬਾਣੀ ਸਿੱਖਿਆ, ਗੁਰਮਤਿ ਸੰਕਲਪਾਂ ਦੀ ਵਿਚਾਰ ਚਰਚਾ, ਗੁਰਬਾਣੀ ਵਿਆਖਿਆ, ਪ੍ਰਭੂ ਦੀ ਕੀਰਤੀ ਅਤੇ ਨਾਮ ਸਿਮਰਨ ਦੀ ਸੁਵਿਧਾ ਉਪਲੱਬਧ ਹੁੰਦੀ ਸੀ। ਧਰਮਸ਼ਾਲਾ ਧਰਮ ਕਮਾਉਣ ਦੀ ਥਾਂ ਦਾ ਨਾਂ ਹੈ ਅਤੇ ਉਥੇ "ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ॥" ਤੋਂ ਪ੍ਰਭੂ ਪਰੇਮ ਦੀ ਬਖਸ਼ਿਸ਼ ਨਾਲ ਪ੍ਰਭੂ ਮਿਲਾਪ ਦੀ ਸੰਭਾਵਨਾ ਬਣਦੀ ਸੀ। ਧਰਮਸਾਲਾ ਦੇ ਵਾਤਾਵਰਣ ਅਤੇ ਮਰਿਆਦਾ ਦਾ ਵਰਨਨ ਗੁਰਬਾਣੀ ਇਸ ਪਰਕਾਰ ਕਰਦੀ ਹੈ: "ਮੈਂ ਬਧੀ ਧਰਮਸਾਲ ਹੈ॥ ਗੁਰਸਿਖਾ ਲਹਥਾ ਭਾਲ ਕੇ॥ ਪੈਰ ਧੋਵਾ ਪਖਾ ਫੇਰਦਾ ਤਿਸ ਨਿਵ ਨਿਵ ਲਗਾ ਪਾਇ ਜੀਉ॥" (ਪੰ: ੭੩); "ਮੋਹਨ ਤੇਰੇ ਸੋਹਿਨ ਦੁਆਰ ਜੀਉ ਸੰਤ ਧਰਮਸਾਲਾ॥ ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨ ਗਾਵਹੇ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ॥" (ਪੰ: ੨੪੮)। ਧਰਮਸਾਲਾ ਵਿਚ ਗੁਰਮਤਿ ਵਿਚਾਰਧਾਰਾ ਦੀ ਵਿਅਖਿਆ, ਚਰਚਾ, ਗੋਸ਼ਟੀ ਅਤੇ ਸੰਚਾਰ ਲਈ ਸੰਗਤ ਜੁੜਦੀ ਸੀ, ਜਿਸ ਬਾਰੇ ਗੁਰਬਾਣੀ ਦੇ ਕਥਨ ਹਨ: "ਸਤ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ॥" (ਪੰ: ੭੨); ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਧ॥ ਭਗਤਨ ਸੇਤੀ ਗੋਸਟੀ ਜੋ ਕੀਨੋ ਸੋ ਲਾਭ" (ਪੰ: ੧੩੭੭); ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥" (ਪੰ: ੧੩੧੬);

ਗੁਰਮਤਿ ਗਿਆਨ ਦੇ ਸਿੱਖਿਆ, ਅਭਿਆਸ, ਵਿਆਖਿਆ, ਵਿਚਾਰ, ਗੋਸ਼ਟੀ ਅਤੇ ਸੰਚਾਰ ਕੇਂਦਰ ਵਜੋਂ ਧਰਮਸ਼ਾਲਾ ਦੀ ਸਥਾਪਨਾ ਉਸ ਸਮੇਂ ਦੇ ਹਿੰਦੂ ਪੂਜਾ ਸਥਾਨਾਂ ਨਾਲੋਂ ਬਹੁਤ ਵਖਰੀ ਸੀ। ਹਿੰਦੂ ਮੰਦਰਾਂ ਵਿਚ ਪ੍ਰਭੂ ਦੀ ਹਸਤੀ ਬਾਰੇ ਗਿਆਨ ਪਰਦਾਨ ਕਰਨ, ਪ੍ਰਭੂ ਦਾ ਸਿਮਰਨ ਜਾਂ ਵਡਿਆਈ ਕਰਨ ਦੀ ਪਰੱਥਾ ਨਹੀਂ ਸੀ। ਪ੍ਰਭੂ ਦੀ ਥਾਂ ਬ੍ਰਹਮਾ, ਵਿਸ਼ਨੂੰ, ਮਹੇਸ਼, ਦੇਵੀ, ਦੇਵਤੇ ਜਾਂ ਅਵਤਾਰਾਂ ਦੀ ਪੂਜਾ ਕਰਨ ਦੀ ਰੀਤ ਸੀ। ਦੇਵੀ, ਦੇਵਤਿਆਂ ਜਾਂ ਅਵਤਾਰਾਂ ਦੀਆਂ ਪੱਥਰ ਜਾਂ ਹੋਰ ਪਦਾਰਥਾਂ ਦੀਆਂ ਮੂਰਤੀਆਂ ਨੂੰ ਜਿਊਂਦਾ ਜਾਗਦਾ ਇਸ਼ਟ ਮੰਨ ਕੇ ਉਹਨਾਂ ਦੀ ਪੂਜਾ ਨੂੰ ਦੇਵੀ, ਦੇਵਤੇ ਜਾਂ ਅਵਤਾਰ ਦੀ ਪੂਜਾ ਸਮਝਿਆ ਜਾਂਦਾ ਸੀ। ਸ਼ਰਧਾਲੂ ਮੂਰਤੀ ਦੇ ਦਰਸ਼ਨ ਕਰਨ ਅਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਮੂਰਤੀ ਨੂੰ ਦਾਨ ਦਿੰਦੇ ਸਨ। ਦਾਨ ਮਿਲਣ ਤੇ ਪੁਜਾਰੀ ਸ਼ਰਧਾਲੂਆਂ ਦੀਆਂ ਇੱਛਾਵਾਂ ਦੀ ਤਰਿਪਤੀ ਲਈ ਮੂਰਤੀ ਅੱਗੇ ਮੰਤ੍ਰਾਂ ਰਾਹੀਂ ਬੰਦਨਾ ਕਰਦਾ ਸੀ। ਮੰਦਰਾਂ ਨਾਲ ਅਕਸਰ ਸਰੋਵਰ ਦਾ ਨਿਰਮਾਣ ਵੀ ਕੀਤਾ ਜਾਂਦਾ ਸੀ। ਮੰਦਰ ਦੇ ਉਲਟ ਧਰਮਸ਼ਾਲਾ ਵਿਚ ਸੰਗਤ ਦੇ ਜੁੜ ਬੈਠਣ, ਵਿਚਾਰ ਗੋਸ਼ਟੀ, ਪਾਠ ਜਾਂ ਕੀਰਤਨ ਸੁਨਣ ਅਤੇ ਗਾਇਨ ਕਰਨ, ਅਤੇ ਨਾਮ ਸਿਮਰਨ ਦੀ ਸੁਵਿਧਾ ਹੁੰਦੀ ਸੀ।
ਸਾਰੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਵਿਚਾਰ, ਗੋਸ਼ਟੀ, ਸੰਚਾਰ ਅਤੇ ਨਾਮ ਸਿਮਰਨ ਲਈ ਧਰਮਸ਼ਾਲਾ ਦੀ ਹੀ ਵਰਤੋਂ ਕੀਤੀ ਸੀ। ਗੁਰੂ ਕਾਲ ਉਪਰੰਤ ਧਰਮਸ਼ਾਲਾ ਲੋਪ ਹੋ ਗਈਆਂ ਅਤੇ ਉਹਨਾਂ ਦੀ ਥਾਂ ਮੰਦਰ-ਨੁਮਾ ਗੁਰਦੁਆਰਿਆਂ ਨੇ ਲੈ ਲਈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਧਰਮਸ਼ਾਲਾ ਹੀ ਗੁਰਦੁਆਰਾ ਬਣ ਗਈ ਸੀ। ਇਹ ਵਿਚਾਰ ਸਹੀ ਨਹੀਂ ਹੈ ਕਿਉਂਕਿ ਧਰਮਸ਼ਾਲਾ ਅਤੇ ਗੁਰਦੁਆਰੇ ਵਿਚ ਮੂਲ ਅੰਤਰ ਹੈ। ਗੁਰਮਤਿ ਵਿਰੋਧੀਆਂ ਨੇ ਮੰਦਰਾਂ ਵਿਚ ਪਰਚਲਤ ਕਰਮ ਕਾਡਾਂ ਦਾ ਸਿੱਖੀ ਕਰਨ ਕਰਕੇ ਉਹਨਾਂ ਨੂੰ ਧਰਮਸ਼ਾਲਾ ਵਿਚ ਲਾਗੂ ਕਰ ਧਰਮਸ਼ਾਲਾ ਦਾ ਨਾਂ ਬਦਲ ਕੇ ਗੁਰਦੁਆਰੇ ਰੱਖ ਦਿੱਤਾ ਸੀ। ਮੂਰਤੀਆਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਅਤੇ ਚੜ੍ਹਾਵਾ ਚੜ੍ਹਾਉਣ ਦੀ ਰੀਤ ਚਲ ਪਈ ਸੀ। ਬ੍ਰਾਹਮਣ ਪੁਜਾਰੀ ਦੀ ਥਾਂ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਲੈ ਲਈ ਸੀ। ਪੁਜਾਰੀ ਵੱਲੋਂ ਗ੍ਰੰਥ ਸਾਹਿਬ ਦੇ ਗੁਰਬਾਣੀ ਪਾਠ ਦੇ ਨਾਲ ਸ਼ਰਧਾਲੂਆਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਦਾਨ ਲੈ ਕੇ ਹੁਕਮਨਾਮੇ ਲੈਣ ਅਤੇ ਅਰਦਾਸਾਂ ਕਰਨ ਦੀ ਪਰੱਥਾ ਕਾਇਮ ਹੋ ਗਈ ਸੀ। ਗੁਰਦੁਆਰੇ ਵਿਚ ਸੰਗਤ ਲਈ ਧਰਮਸਾਲਾ ਵਾਲੀ ਗੁਰਬਾਣੀ ਵਿਚਾਰ ਚਰਚਾ ਜਾਂ ਗੋਸ਼ਟੀ ਕਰਨ, ਅਤੇ ਗੁਰਬਾਣੀ ਵਿਆਖਿਆ ਅਤੇ ਨਾਮ ਸਿਮਰਨ ਲਈ ਕੋਈ ਸੁਵਿਧਾ ਨਹੀਂ ਹੁੰਦੀ ਸੀ।
ਮੰਦਰਾਂ ਦੀ ਤਰਜ਼ ਤੇ ਗੁਰਦੁਆਰਿਆਂ ਵਿਚ ਵੀ ਪੁਜਾਰੀ ਪਰੱਥਾ ਲਾਗੂ ਹੋ ਗਈ ਸੀ। ਪੁਜਾਰੀ ਪਰੱਥਾ ਤਿੰਨ ਵਿਸ਼ਵਾਸਾਂ ਤੇ ਟਿਕੀ ਹੁੰਦੀ ਹੈ। ਉਹ ਹਨ: ੧. ਪੁਜਾਰੀ ਪ੍ਰਭੂ ਦਾ ਏਲਚੀ ਹੈ, ਜਿਸ ਨੂੰ ਹੁਣ ਕੁਝ ਲੋਕ ਵਜ਼ੀਰ ਦੀ ਪਦਵੀ ਵੀ ਦੇਣ ਲੱਗ ਪਏ ਹਨ; ੨. ਪ੍ਰਭੂ "ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥" ਨਹੀਂ ਹੁੰਦਾ ਬਲਕਿ ਮੂਰਤਾਂ, ਮੂਰਤੀਆਂ, ਗ੍ਰੰਥਾਂ, ਸ਼ਸਤਰਾਂ, ਸਵਾਂਗਾਂ, ਸੰਤਾਂ, ਆਦਿ ਵਿਚ ਰੂਪ ਧਾਰੀ ਬੈਠਾ ਹੁੰਦਾ ਹੈ ਅਤੇ ਇਹਨਾਂ ਗ੍ਰੰਥਾਂ ਨੂੰ ਮੱਥਾ ਟੇਕਣਾ ਜਾਂ ਸੰਤਾਂ ਦੇ ਦਰਸ਼ਨ ਕਰਨਾ ਹੀ ਪ੍ਰਭੂ ਦਾ ਸਿਮਰਨ ਹੈ; ਅਤੇ ੩. ਪੁਜਾਰੀ ਦੇ ਮੰਤ੍ਰ ਪੂਜਾ, ਪਾਠ ਜਾਂ ਅਰਦਾਸ ਵਜੋਂ ਪ੍ਰਭੂ ਸ਼ਰਧਾਲੂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ, ਜਾਂ ਇਉਂ ਕਹੋ ਕਿ ਪੁਜਾਰੀ ਦੇ ਕੀਤੇ ਪੂਜਾ ਪਾਠ ਦਾ ਫਲ ਦਾਨ ਕਰਨ ਵਾਲੇ ਸ਼ਰਧਾਲੂ ਨੂੰ ਪ੍ਰਾਪਤ ਹੋ ਜਾਂਦਾ ਹੈ। ਪੁਜਾਰੀਵਾਦ ਇਕ ਸਰਬ ਵਿਆਪੀ ਪਰਣਾਲੀ ਹੈ ਜਿਸ ਦੀ ਮਨੁੱਖਤਾ ਦੇ ਇਤਹਾਸ ਵਿਚ ਬਹੁਤ ਮਹੱਤਵ ਰਿਹਾ ਹੈ। ਈਸਾਈ ਧਰਮ ਵਿਚ ਪੁਜਾਰੀ ਬਾਦਸ਼ਾਹ ਚੁਣਦੇ, ਉਹਨਾਂ ਨੂੰ ਪਵਿੱਤਰਤਾ ਪਰਦਾਨ ਕਰਦੇ, ਅਤੇ ਪਾਰਲੀਮੈਂਟ ਦੇ ਉਤਲੇ ਸਦਨ ਦੇ ਪੱਕੇ ਮੈਂਬਰ ਬਣ ਕੇ ਸਰਕਾਰਾਂ ਦੀ ਅਗਵਾਈ ਕਰਦੇ ਸੀ। ਇਸਲਾਮ ਵਿਚ ਮੁੱਲਾਂ ਅਤੇ ਕਾਜ਼ੀ ਸਮਾਜ ਅਤੇ ਸ਼ਾਸਨ ਦੇ ਆਗੂ ਮੰਨੇ ਜਾਂਦੇ ਸੀ। ਹਿੰਦੂ ਧਰਮ ਵਿਚ ਬ੍ਰਾਹਮਣ ਸਮਾਜਕ ਨਿਯਮ ਨਿਰਧਾਰਤ ਕਰਦਾ ਸੀ ਅਤੇ ਰਾਜ ਪੰਡਤ ਰਾਜਿਆਂ ਦੇ ਸਲਾਹਕਾਰ ਅਤੇ ਆਗੂ ਹੁੰਦੇ ਸਨ। ਜਦੋਂ ਤੋਂ ਸਮਾਜ ਵਿਗਿਆਨ ਪਰਫੁੱਲਤ ਹੋਇਆ ਹੈ ਪੁਜਾਰੀਆਂ ਦਾ ਸਮਾਜਕ ਪਰਭਾਵ ਘਟ ਗਿਆ ਹੈ। ਰਾਜ, ਸ਼ਾਸਨ ਅਤੇ ਸਿਆਸਤ ਵਿਚ ਉਤਰਦਾਇਕਤਾ ਦਾ ਸਿਧਾਂਤ ਪਰਵਾਨ ਹੋਣ ਨਾਲ ਪੁਜਾਰੀ ਵਰਗ ਰਾਜ ਪਰਣਾਲੀ ਵਿਚੋਂ ਨਿਕਲ ਗਿਆ ਹੈ ਕਿਉਂਕਿ ਉਤਰਦਾਇਕਤਾ ਦਾ ਸਿਧਾਂਤ ਪੁਜਾਰੀ ਨੂੰ ਪਰਵਾਨ ਨਹੀਂ ਹੈ।
ਤਕਰੀਬਨ ਦੋ ਸੌ ਸਾਲ ਗੁਰ ਅਸਥਾਨ ਗੁਰਮਤਿ ਵਿਰੋਧੀ, ਉਦਾਸੀ, ਨਿਰਮਲੇ ਅਤੇ ਮਹੰਤ ਪੁਜਾਰੀਆਂ ਦੇ ਕਬਜ਼ੇ ਵਿਚ ਰਹੇ। ਬਹੁਤੇ ਉਦਾਸੀ ਅਤੇ ਨਿਰਮਲੇ ਸਾਧੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਗਿਆਤਾ ਸਨ ਅਤੇ ਉਹਨਾਂ ਆਪਣਾ ਜੀਵਨ ਗੁਰਬਾਣੀ ਸਮਝਣ ਅਤੇ ਸੰਚਾਰ ਲਈ ਅਰਪਿਤ ਕੀਤਾ ਹੋਇਆ ਸੀ। ਉਹਨਾਂ ਵਿਚੋਂ ਕਈਆਂ ਨੇ ਗੁਰ ਅਸਥਾਨਾਂ ਵਿਚ ਸਿੱਖ ਬਚੇ ਬਚੀਆਂ ਨੂੰ ਪੰਜਾਬੀ ਦੀ ਸਿੱਖਿਆ ਅਤੇ ਗੁਰਬਾਣੀ ਦੀ ਸੰਥਿਆ ਦੇਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਪਰ ਉਹ ਗੁਰਬਾਣੀ ਨੂੰ ਗੁਰਮਤਿ ਵਿਰੋਧੀ ਸਨਾਤਨੀ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ ਸਮਝਣ ਦਾ ਜਤਨ ਕਰਦੇ ਸਨ ਅਤੇ ਸਨਾਤਨੀ ਵਿਚਾਰਧਾਰਾ ਦੇ ਗੁਰਬਾਣੀ ਉਪਦੇਸ਼ ਨਾਲੋਂ ਅੰਤਰ ਨੂੰ ਅਕਸਰ ਅਣਡਿੱਠ ਕਰ ਦਿੰਦੇ ਸਨ ਜਾਂ ਉਸ ਬਾਰੇ ਕੋਈ ਮਿਥਿਹਾਸ ਰਚ ਕੇ ਉਸ ਨੂੰ ਅਰਥਹੀਣ ਬਣਾ ਦਿੰਦੇ ਸਨ। ਅੱਜ ਵੀ ਨਿਰਮਲ ਅਖਾੜਿਆਂ ਵਿਚ ਗੁਰਬਾਣੀ ਦੇ ਅਧਿਆਤਮਿਕ ਉਪਦੇਸ਼ ਬਾਰੇ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ। ਇਹਨਾਂ ਵਿਚੋਂ ਕਈ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਸਿੱਧ ਕਰਨ ਦੇ ਅਭਿਲਾਸ਼ੀ ਹਨ। ਬਹੁਤੇ ਨਿਰਮਲੇ, ਉਦਾਸੀ ਅਤੇ ਮਹੰਤਾਂ ਲਈ ਗੁਰ ਅਸਥਾਨ ਜੀਵਨ ਦਾ ਆਹਾਰ ਸਨ। ਐਸੀ ਸਥਿਤੀ ਵਿਚ ਨੈਤਿਕ ਜੀਵਨ ਵਿਚ ਗਿਰਾਵਟ ਆ ਜਾਣੀ ਸੁਭਾਵਕ ਹੈ। ਫਿਰ ਵੀ ਇਹ ਤੱਥ ਮਹੱਤਵਪੂਰਨ ਹੈ ਕਿ ਨਿਰਮਲੇ ਅਤੇ ਉਦਾਸੀ ਪੁਜਾਰੀਆਂ ਨੇ ਦੋ ਸੌ ਸਾਲ ਗੁਰਬਾਣੀ ਦੀ ਮਸ਼ਾਲ ਜਲਾਈ ਰੱਖੀ ਭਾਵੇਂ ਉਸ ਵਿਚ ਤੇਲ ਸਨਾਤਨੀ ਵਿਚਾਰਧਾਰਾ ਦਾ ਹੀ ਪਾਉਂਦੇ ਰਹੇ। ਉਹਨਾਂ ਵਿਚੋਂ ਕਈ ਗੁਰਬਾਣੀ ਦਾ ਭਗਵਾਂਕਰਨ ਕਰਨ ਲਈ ਜਤਨਸ਼ੀਲ ਵੀ ਰਹੇ ਪਰ ਉਹ ਗੁਰਬਾਣੀ ਦੇ ਚਾਨਣ ਨੂੰ ਧੁੰਦਲਾ ਕਰਨ ਵਿਚ ਸਫਲ ਨਾ ਹੋ ਸਕੇ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ: "ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ" (ਪੰ: ੪੬੩)। ਗੁਰਦੁਆਰਾ ਸੁਧਾਰ ਲਹਿਰ ਦੇ ਪਰਿਣਾਮ ਵਜੋਂ ਸਿੱਖ ਗੁਰਦੁਆਰਾਜ਼ ਐਕਟ, ੧੯੨੫ ਬਨਣ ਨਾਲ ਇਤਿਹਾਸਕ ਗੁਰਦੁਆਰਿਆਂ ਤੋਂ ਮਹੰਤਾਂ, ਉਦਾਸੀ ਅਤੇ ਨਿਰਮਲੇ ਪੁਜਾਰੀਆਂ ਦਾ ਕਬਜ਼ਾ ਅਤੇ ਸਿੱਖ ਧਰਮ ਵਿਚੋਂ ਪੁਜਾਰੀਵਾਦ ਪਰੱਥਾ ਸਮਾਪਤ ਹੋ ਗਈ। ਅੰਗਰੇਜ਼ ਸਰਕਾਰ ਮਹੰਤਾਂ ਤੇ ਦਿਆਲੂ ਸੀ। ਸਰਕਾਰ ਦੀ ਸਹਾਇਤਾ ਨਾਲ ਉਹਨਾਂ ਵਿਚੋਂ ਕਈਆਂ ਨੇ ਆਪਣੇ ਨਿੱਜੀ ਡੇਰੇ ਸਥਾਪਤ ਕਰ ਲਏ ਜਿਸ ਨਾਲ ਸਿੱਖ ਧਰਮ ਵਿਚ ਪੁਜਾਰੀਵਾਦੀ ਸੰਤ ਸਭਿਆਚਾਰ ਉਤਪੰਨ ਹੋ ਗਿਆ, ਕਈ ਪਰਕਾਰ ਦੇ ਸੰਤ ਪਲਪਣ ਲੱਗ ਪਏ ਅਤੇ ਪੁਜਾਰੀਵਾਦੀ ਡੇਰਾ ਪਰੰਪਰਾ ਸਿੱਖ ਧਰਮ ਦਾ ਇਕ ਅਨਿਖੜਵਾਂ ਅੰਗ ਬਣ ਗਈ। ਅੱਜ ਅਣਗਿਣਤ ਸੰਤਾਂ ਦੇ ਡੇਰਿਆਂ ਵਿਚ ਸਿੱਖ ਸ਼ਰਧਾਲੂਆਂ ਦੀਆਂ ਰੌਣਕਾਂ ਲਗਦੀਆਂ ਹਨ।
ਅੰਗਰੇਜ਼ਾਂ ਦੇ ਰਾਜ ਵਿਚ ਪੱਛਮੀ ਸਿੱਖਿਆ, ਸਭਿਆਚਾਰ ਅਤੇ ਈਸਾਈ ਮਿਸ਼ਨਰੀਆਂ ਦੀਆਂ ਕਾਰਵਾਈਆਂ ਤੋਂ ਪਰਭਾਵਿਤ ਪੜ੍ਹੇ ਲਿਖੇ, ਨੌਕਰੀ ਪੇਸ਼ਾ, ਅੰਗਰੇਜ਼ਾਂ ਦੇ ਪਰਸੰਸਕ ਸ਼ਹਿਰੀ ਅਤੇ ਅਮੀਰ ਸਿੱਖ ਗੁਰਦੁਆਰਿਆਂ ਵਿਚ ਨਿਰਮਲੇ ਅਤੇ ਉਦਾਸੀ ਪੁਜਾਰੀਆਂ ਦੀਆਂ ਗੁਰਮਤਿ ਵਿਰੋਧੀ ਸਨਾਤਨੀ ਕਾਰਵਾਈਆਂ ਤੋਂ ਅਸੰਤੁਸ਼ਟ ਸਨ। ਦਯਾ ਨੰਦ ਅਤੇ ਆਰੀਆ ਸਮਾਜੀਆਂ ਦੇ ਗੁਰਮਤਿ ਵਿਰੋਧੀ ਪਰਚਾਰ ਨੇ ਜਾਗਰੂਕ ਸਿੱਖਾਂ ਨੂੰ ਗੁਰ ਅਸਥਾਨਾਂ ਵਿਚੋਂ ਪੁਜਾਰੀਆਂ ਦਾ ਸਨਾਤਨੀ ਪਰਭਾਵ ਸਮਾਪਤ ਕਰਨ ਲਈ ਉਤਸ਼ਾਹਿਤ ਕਰ ਦਿੱਤਾ ਸੀ। ਸਿੱਖਾਂ ਵਿਚ ਆਪਣੇ ਧਰਮ ਪ੍ਰਤੀ ਜਾਗ੍ਰਤੀ ਲਿਆਉਣ ਲਈ ਸਿੰਘ ਸਭਾਵਾਂ ਅਤੇ ਚੀਫ ਖਾਲਸਾ ਦੀਵਾਨ ਨੇ ਭਾਰੀ ਉੱਦਮ ਕੀਤਾ। ਉਹਨਾਂ ਨੇ ਗੁਰਬਾਣੀ ਦੇ ਸਹੀ ਪਰਚਾਰ ਲਈ ਸਿੱਖਿਆ ਅਤੇ ਦੂਜੀਆਂ ਸੰਸਥਾਵਾਂ ਵਿਚ ਸਿੱਖ ਧਰਮ ਦੇ ਸੰਚਾਰ ਦੀ ਵਿਵਸਥਾ ਕਰਵਾਈ। ਉਹਨਾਂ ਦੇ ਪਰਚਾਰ ਦਾ ਉਦੇਸ਼ ਸਿੱਖ ਧਰਮ ਨੂੰ ਹਿੰਦੂ ਧਰਮ ਨਾਲੋਂ ਵਖਰਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਤਮ ਅਧਿਆਤਮਿਕ ਵਿਚਾਰਧਾਰਾ ਵਜੋਂ ਸਥਾਪਤ ਕਰਨਾ ਸੀ। ਸਿੰਘ ਸਭਾਵਾਂ ਦੇ ਪਰਸੰਸਕ ਵੱਧਣ ਲੱਗ ਪਏ। ਸਿੰਘ ਸਭਾਵਾਂ ਅਤੇ ਚੀਫ ਖਾਲਸਾ ਦੀਵਾਨ ਨੇ ਸ਼ਹਿਰੀ ਸਿੱਖ ਤਬਕੇ ਵਿਚ ਆਪਣੇ ਧਰਮ ਪ੍ਰਤੀ ਜਾਗ੍ਰਤੀ ਲੈ ਆਂਦੀ।

ਸਿੱਖਾਂ ਵਿਚ ਵੱਧਦੀ ਧਾਰਮਕ ਜਾਗ੍ਰਤੀ ਗੁਰਦੁਆਰਾ ਸੁਧਾਰ ਲਹਿਰ ਦਾ ਰੂਪ ਧਾਰਨ ਕਰ ਗਈ। ਗੁਰਦੁਆਰਾ ਸੁਧਾਰ ਲਹਿਰ ਇਕ ਧਾਰਮਕ ਸਿਆਸੀ ਲਹਿਰ ਬਣ ਕੇ ਉਭਰੀ ਜਿਸ ਦਾ ਉਦੇਸ਼ ਗੁਰਦੁਆਰਿਆਂ ਦੀਆਂ ਸੇਵਾਵਾਂ ਵਿਚ ਸੁਧਾਰ ਲਿਆਉਣਾ ਸੀ। ਸੁਧਾਰ ਲਿਆਉਣ ਦੀ ਜ਼ਿੰਮੇਵਾਰੀ ਉਸ ਲਹਿਰ ਦੇ ਆਗੂ ਜਾਗਰੂਕ ਅਤੇ ਵਿਦਵਾਨ ਸਿੱਖਾਂ ਨੂੰ ਸੌਂਪਣੀ ਚਾਹੁੰਦੇ ਸਨ। ਪਰ ਸਿਆਸੀ ਲਹਿਰਾਂ ਵਿਚ ਸਿਆਸੀ ਪੈਂਤੜਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ ਜਿਸ ਕਰਕੇ ਉਹਨਾਂ ਵਿਚ ਅਧਿਆਤਮਿਕ ਮਨੋਰਥ ਅਕਸਰ ਰੁਲ ਜਾਂਦੇ ਹਨ ਜਾਂ ਪਿਛੇ ਧੱਕ ਦਿੱਤੇ ਜਾਂਦੇ ਹਨ। ਗੁਰਦੁਆਰਾ ਸੁਧਾਰ ਲਹਿਰ ਦਾ ਵੀ ਇਹੋ ਹਸ਼ਰ ਹੋਇਆ। ਸਿਆਸਤਦਾਨਾਂ ਅਤੇ ਪਰਸਿੱਧੀ ਖੱਟਣ ਲਈ ਬਣੇ ਵਿਦਵਾਨਾਂ ਨੇ ਜਾਗਰੂਕ ਸਿੱਖਾਂ, ਕੁਰਬਾਨੀਆਂ ਦੇਣ ਵਾਲੇ ਸ਼ਰਧਾਲੂਆਂ ਅਤੇ ਧਰਮ ਸ਼ਾਸਤਰੀਆਂ ਨੂੰ ਪਿਛੇ ਧੱਕ ਦਿੱਤਾ ਅਤੇ ਆਪ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਕਨੂੰਨ ਬਨਾਉਣ ਵਿਚ ਰੁੱਝ ਗਏ। ਨਤੀਜਾ ਇਹ ਹੋਇਆ ਕਿ ਜੋ ਜਾਗਰੂਕ ਵਿਅਕਤੀ ਗੁਰਬਾਣੀ ਦਾ ਸਹੀ ਸੰਚਾਰ ਕਰਦੇ ਸੀ ਅਤੇ ਜਿਨ੍ਹਾਂ ਵਿਅਕਤੀਆਂ ਨੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਕਸ਼ਟ ਸਹੇ ਅਤੇ ਕੁਰਬਾਨੀਆਂ ਦਿੱਤੀਆਂ ਸਨ ਉਹਨਾਂ ਵਿਚੋਂ ਬਹੁਤਿਆਂ ਨੂੰ ਨੁੱਕਰੇ ਲਾ ਦਿੱਤਾ ਗਿਆ। ਗੁਰਦੁਆਰਾਜ਼ ਐਕਟ ਅਧੀਨ ਬਣੇ ਬੋਰਡ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮੈਂਬਰਾਂ ਵਿਚ ਬਹੁਗਿਣਤੀ ਸਿਆਸਤਦਾਨਾਂ ਅਤੇ ਸੁਆਰਥੀ ਅਨਸਰਾਂ ਦੀ ਹੋ ਗਈ। ਜਾਗਰੂਕ ਵਿਅਕਤੀਆਂ ਨੂੰ ਇਹ ਹਕੀਕਤ ਸਮਝ ਲੈਣੀ ਚਾਹੀਦੀ ਹੈ ਕਿ ਧਾਰਮਕ ਗਤੀਵਿਧੀਆਂ ਅਤੇ ਸੰਘਰਸ਼ਾਂ ਵਿਚ ਸਿਆਸਤਦਾਨਾਂ ਦੀ ਸ਼ਿਰਕਤ ਅਤੇ ਸਿਆਸੀ ਢੰਗਾਂ ਦੀ ਵਰਤੋਂ ਧਰਮ ਲਈ ਹਮੇਸ਼ਾ ਹਾਨੀਕਾਰਕ ਸਿੱਧ ਹੁੰਦੀ ਹੈ ਕਿਉਂਕਿ ਧਾਰਮਕ ਸੰਘਰਸ਼ ਸੱਚ ਦਾ ਝੂਠ ਨਾਲ ਮੁਕਾਬਲਾ ਹੁੰਦਾ ਹੈ ਅਤੇ ਉਹਨਾਂ ਵਿਚੋਂ ਇਕ ਹੀ ਠੀਕ ਹੁੰਦਾ ਹੈ, ਜਦੋਂ ਕਿ ਸਿਆਸਤ ਇਕ ਸਮਝੌਤਾ ਵਾਦੀ ਕਿਰਿਆ ਹੈ ਅਤੇ ਸਿਆਸਤਦਾਨ ਸੱਚ ਅਤੇ ਝੂਠ ਦੋ ਝਗੜੇ ਵਿਚ ਨਹੀਂ ਪੈਂਦੇ। ਉਹ ਤੇ ਦੋਨੋ ਧਿਰਾਂ ਵਿਚ ਲੈਣ ਦੇਣ ਕਰਕੇ ਸਮਝੌਤਾ ਕਰਵਾ ਆਪਣੀ ਪਰਸਿੱਧੀ ਖੱਟਣ ਵਿਚ ਵਿਸ਼ਵਾਸ ਰੱਖਦੇ ਹਨ। ਸਿਆਸਤਦਾਨਾਂ ਤੋਂ ਗੁਰਮਤਿ ਦੇ ਹਿੱਤ ਵਿਚ ਕਿਸੇ ਕਾਰਵਾਈ ਦੀ ਆਸ ਰੱਖਣੀ ਬੇਅਰਥ ਹੁੰਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਸਿੱਖ ਜਗਤ ਵਿਚ ਬਹੁਤ ਭਾਰੀ ਅਗਿਆਨਤਾ ਹੈ। ਇਹ ਕਮੇਟੀ ਗੁਰਦੁਆਰਾ ਸੁਧਾਰ ਲਹਿਰ ਦਾ ਪਰਿਣਾਮ ਜ਼ਰੂਰ ਹੈ ਪਰ ਇਸ ਦੀ ਸੋਚ ਅਤੇ ਕਾਰਗੁਜ਼ਾਰੀ ਗੁਰਦੁਆਰਾ ਸੁਧਾਰ ਲਹਿਰ ਦੇ ਉਦੇਸ਼ਾਂ ਨਾਲ ਮੇਲ ਨਹੀਂ ਖਾਂਦੀ। ਗੁਰਦੁਆਰਾ ਸੁਧਾਰ ਲਹਿਰ ਗੁਰਦੁਆਰਿਆਂ ਨੂੰ ਮਹੰਤਾਂ, ਨਿਰਮਲੇ ਅਤੇ ਉਦਾਸੀਆਂ ਦੇ ਸਨਾਤਨੀ ਪੂਜਾ ਦੇ ਮਕੜ-ਜਾਲ ਤੋਂ ਮੁਕਤ ਕਰਵਾ ਕੇ ਜਾਗਰੂਕ ਸਿੱਖ ਵਿਦਵਾਨਾਂ ਦੇ ਹੱਥ ਸੌਂਪਣਾ ਚਾਹੁੰਦੀ ਸੀ ਤਾਂ ਜੋ ਗੁਰਦੁਆਰਿਆਂ ਨੂੰ ਸਹੀ ਗੁਰਬਾਣੀ ਸਿੱਖਿਆ ਅਤੇ ਸੰਗਤ ਦੀ ਇਕੱਤਰਤਾ ਦੇ ਧਰਮਸ਼ਾਲ ਕੇਂਦਰ ਬਣਾਇਆ ਜਾ ਸਕੇ। ਗੁਰਦੁਆਰਾ ਪ੍ਰਬੰਧਕਾਂ ਨੂੰ ਸਿਆਸਤ ਤੋਂ ਦੂਰ ਰੱਖਣ ਲਈ ਸਿਆਸੀ ਰੁਚੀ ਰੱਖਣ ਵਾਲੇ ਸਿੱਖਾਂ ਲਈ ਵਖਰਾ ਅਕਾਲੀ ਦਲ ਸਥਾਪਤ ਕਰ ਦਿੱਤਾ ਗਿਆ ਸੀ। ਪਰ ਗੁਰਦੁਆਰਾ ਸੁਧਾਰ ਲਹਿਰ ਸਿੱਖਾਂ ਵਿਚ ਹਲੀਮੀ, ਸੰਤੋਖ ਅਤੇ ਨਿਸ਼ਕਾਮ ਸੇਵਾ ਭਾਵਨਾ ਉਤੇਜਿਤ ਕਰਨ ਵਿਚ ਸਫਲ ਨਾ ਹੋ ਸਕੀ ਅਤੇ ਗੁਰਦੁਆਰੇ ਧਰਮਸ਼ਾਲਾ ਨਾ ਬਣ ਸਕੇ। ਗੁਰਦੁਆਰਾ ਸੁਧਾਰ ਲਹਿਰ ਦੇ ਪਰਿਣਾਮ ਵਜੋਂ ਬਣੇ ਸਿੱਖ ਗੁਰਦੁਆਰਾਜ਼ ਐਕਟ ਨੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਵੱਲੋਂ ਚੁਣੇ ਬੋਰਡ ਨੂੰ ਸੌਂਪ ਕੇ ਮਹੰਤਾਂ ਦਾ ਪੁਜਾਰੀਵਾਦ ਸਮਾਪਤ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਪਰਣਾਲੀ ਦਾ ਸਿਆਸੀਕਰਨ ਕਰ ਦਿੱਤਾ। ਸਿਆਸਤਦਾਨ ਗੁਰਦੁਆਰਾ ਪ੍ਰਬੰਧਕ ਨਾ ਤੇ ਗੁਰਬਾਣੀ ਦੇ ਗਿਆਤਾ ਹੁੰਦੇ ਸਨ ਅਤੇ ਨਾ ਹੀ ਗੁਰਮਤਿ ਪੂਰੀ ਤਰ੍ਹਾਂ ਸਮਝਦੇ ਸਨ। ਉਹਨਾਂ ਵਿਚੋਂ ਬਹੁਤੇ ਰਾਜਸੀ ਸ਼ਕਤੀ ਹਥਿਆਉਣ ਦੇ ਅਭਿਲਾਸ਼ੀ ਸਨ ਅਤੇ ਆਪਣੀਆਂ ਧਾਰਮਕ ਭਾਵਨਾਵਾਂ ਨੂੰ ਲੋਕ ਪ੍ਰੀਅਤਾ ਅਤੇ ਪਰਸਿੱਧੀ ਲਈ ਵਰਤਣ ਦੇ ਚਾਹਵਾਨ ਸਨ। ਹੁਣ ਵੀ ਇਹੋ ਹਾਲ ਹੈ। ਧਰਮ ਸ਼ਾਸਤਰੀਆਂ ਅਤੇ ਜਾਗਰੂਕ ਵਿਦਵਾਨਾਂ ਦੀ ਸੁਤੰਤਰ ਧਾਰਮਕ ਸੋਚ ਤੋਂ ਉਹ ਝੇਂਪ ਖਾਂਦੇ ਸਨ ਅਤੇ ਖਾਂਦੇ ਹਨ।
ਸਿੱਖ ਗੁਰਦੁਆਰਾਜ਼ ਐਕਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਿੱਖ ਵੋਟਰਾਂ ਵੱਲੋਂ ਚੁਣੀ ਸੰਸਥਾ ਹੈ। ਇਸ ਸੰਸਥਾ ਦਾ ਕਾਰਜ ਖੇਤਰ ਪ੍ਰਬੰਧ ਹੈ, ਇਹ ਇਕ ਮੈਨੇਜਰ ਹੈ। ਐਕਟ ਨੇ ਪੁਜਾਰੀਵਾਦ ਸਮਾਪਤ ਕਰ ਦਿੱਤਾ ਹੈ। ਇਸ ਕਮੇਟੀ ਦਾ ਕਰਤਵ ਅਧਿਆਤਮਿਕ ਗਿਆਨ ਸੰਚਾਰ, ਬੌਧਿਕ ਧਾਰਮਕ ਵਿਚਾਰ ਜਾਂ ਧਰਮ ਪਰਚਾਰ ਨਹੀਂ ਹੈ। ਗੁਰਦੁਆਰਿਆਂ ਦੀਆਂ ਸੇਵਾਵਾਂ ਵਿਚ ਸੁਧਾਰ ਲਿਆਉਣ ਲਈ ਕਮੇਟੀ ਨੇ ਉਹਨਾਂ ਸੇਵਾਵਾਂ ਨੂੰ ਤਿੰਨ ਭਾਗਾਂ ਵਿਚ ਵੰਡ ਦਿੱਤਾ ਹੈ। ਉਹ ਤਿੰਨ ਭਾਗ ਹਨ: ੧. ਪਾਠੀ ਅਤੇ ਗ੍ਰੰਥੀ; ੨. ਕੀਰਤਨੀਏ, ਅਤੇ ੩. ਪਰਚਾਰਕ। ਇਹਨਾਂ ਤਿੰਨੋਂ ਕਿਤਿਆਂ ਦਾ ਮਿਆਰ ਦਿਨ ਪਰ ਦਿਨ ਉਨੱਤ ਹੋ ਰਿਹਾ ਹੈ। ਜਿਥੋਂ ਤਕ ਪਾਠੀਆਂ ਅਤੇ ਗ੍ਰੰਥੀਆਂ/ਜੱਥੇਦਾਰਾਂ ਦਾ ਤੁਅਲੱਕ ਹੈ ਉਹਨਾਂ ਵਿਚੋਂ ਬਹੁਤਿਆਂ ਦੀ ਰਸਮੀ ਸਿੱਖਿਆ ਸਾਧਾਰਣ ਪੱਧਰ ਦੀ ਹੈ ਅਤੇ ਉਹ ਕਿਸੇ ਨਾ ਕਿਸੇ ਸੰਪਰਦਾ ਨਾਲ ਜੁੜੇ ਹੋਏ ਹਨ। ਉਹਨਾਂ ਦਾ ਕਰਤਵ ਗੁਰਬਾਣੀ ਪਾਠ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨਾ ਹੈ। ਉਹ ਗੁਰਮਤਿ ਦੇ ਵਿਦਵਾਨ ਨਹੀਂ ਹਨ। ਬਹੁਤ ਸਾਰੇ ਵਿਦਵਾਨ ਇਹਨਾਂ ਗ੍ਰੰਥੀ/ਜੱਥੇਦਾਰਾਂ ਨੂੰ ਪੁਜਾਰੀ ਜਾਂ ਕਲਰਜੀ ਆਖ ਦਿੰਦੇ ਹਨ, ਜੋ ਉਚਿਤ ਨਹੀਂ ਹੈ। ਪੁਜਾਰੀਵਾਦ ਤੇ ਗੁਰਦੁਆਰਾਜ਼ ਐਕਟ ਨੇ ਖਤਮ ਕਰ ਦਿੱਤਾ ਸੀ ਅਤੇ ਮਹੰਤਾਂ ਦੀ ਥਾਂ ਸ਼੍ਰੋਮਣੀ ਕਮੇਟੀ ਨੇ ਲੈ ਲਈ ਹੈ। ਗੁਰਦੁਆਰਾ ਪ੍ਰਬੰਧ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੇ ਇਕ ਧਰਮ ਪ੍ਰਚਾਰ ਕਮੇਟੀ ਬਣਾਈ ਹੋਈ ਹੈ ਅਤੇ ਇਹ ਇਕ ਮਾਸਿਕ ਪੱਤਰ "ਪੰਥ ਪ੍ਰਕਾਸ਼" ਪਰਕਾਸ਼ਤ ਕਰਦੀ ਹੈ। ਇਸ ਨੇ ੧੯੪੫ ਵਿਚ ਇਕ ਰਹਿਤ ਮਰਯਾਦਾ ਪਰਕਾਸ਼ਤ ਕੀਤੀ ਸੀ ਅਤੇ ਕਾਫੀ ਮਾਤਰਾ ਵਿਚ ਗੁਰਮਤਿ ਅਤੇ ਸਿੱਖ ਇਤਹਾਸ ਦੇ ਵਿਸ਼ਿਆਂ ਤੇ ਪੁਸਤਕਾਂ ਪਰਕਾਸ਼ਤ ਕੀਤੀਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਪਰਕਾਸ਼ਨ ਦਾ ਏਕਾ ਧਿਕਾਰ ਵੀ ਇਸ ਨੂੰ ਪ੍ਰਾਪਤ ਹੈ। ਇਸ ਨੇ ਮਿਸ਼ਨਰੀ ਅਤੇ ਕਈ ਸਿੱਖਿਆ ਸੰਸਥਾਵਾਂ, ਲਾਇਬ੍ਰੇਰੀ ਅਤੇ ਅਜਾਇਬ ਘਰ ਵੀ ਸਥਾਪਤ ਕੀਤੇ ਹੋਏ ਹਨ। ਸ਼੍ਰੋਮਣੀ ਕਮੇਟੀ ਭਾਵੇਂ ਇਕ ਨਿਰੋਲ ਪ੍ਰਬੰਧਕ ਕਮੇਟੀ ਹੈ ਪਰ ਸਿੱਖ ਜਗਤ ਵਿਚ ਇਸ ਨੂੰ ਸਿੱਖੀ ਦੀ ਅਲੰਬਰਦਾਰ, ਸਿੱਖ ਧਰਮ ਦੀ ਰਖਿਅਕ, ਪੰਥਕ ਆਗੂ, ਸਿੱਖ ਪਾਰਲੀਮੈਂਟ ਅਤੇ ਹੋਰ ਕਈ ਵਿਸ਼ੇਸ਼ਣਾਂ ਨਾਲ ਪਰਚਾਰਿਆ ਜਾਂਦਾ ਹੈ। ਕਈ ਵਿਦਵਾਨ ਇਸ ਕਮੇਟੀ ਦੀਆਂ ਗੁਰਮਤਿ ਪਰਚਾਰ ਦੇ ਖੇਤਰ ਵਿਚ ਸੀਮਤ ਸਰਗਰਮੀਆਂ ਬਾਰੇ ਅਸਤੁੰਸ਼ਟਤਾ ਪਰਗਟ ਕਰਦੇ ਰਹਿੰਦੇ ਹਨ। ਪਰ ਕਿਉਂਕਿ ਕਮੇਟੀ ਦੀ ਮੁੱਖ ਵਿਧਾਨਕ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧ ਹੈ ਜਿਸ ਲਈ ਇਹ ਸਿੱਖ ਮਤਦਾਤਾ ਨੂੰ ਉਤਰਦਾਇਕ ਵੀ ਹੈ ਇਸ ਲਈ ਇਸ ਨੂੰ ਗੁਰਮਤਿ ਪਰਚਾਰ ਦੀ ਘਾਟ ਲਈ ਜ਼ਿੰਮੇਵਾਰ ਠਹਿਰਾਉਣਾ ਉਚਿਤ ਨਹੀਂ ਹੈ। ਗੁਰਬਾਣੀ ਪਰਚਾਰ ਦਾ ਕੰਮ ਕਮੇਟੀ ਅਧੀਨ ਗੁਰਦੁਆਰਿਆਂ ਦਾ ਹੈ ਕਮੇਟੀ ਦਾ ਨਹੀਂ। ਕਮੇਟੀ ਗੁਰਦੁਆਰਿਆਂ ਦੀਆਂ ਸੇਵਾਵਾਂ ਵਿਚ ਸੁਧਾਰ ਲਿਆਉਣ ਲਈ ਜਤਨਸ਼ੀਲ ਹੈ। ਕਮੇਟੀ ਦੀ ਮੁੱਖ ਜ਼ਿੰਮੇਵਾਰੀ ਅਤੇ ਕਾਰਗੁਜ਼ਾਰੀ ਦੇ ਮੁਲਾਂਕਣ ਵਿਚ ਜ਼ਰੂਰ ਤਰੁੱਟੀਆਂ ਹਨ ਕਿਉਂਕਿ ਸਿੱਖ ਵੋਟਰਾਂ ਨੂੰ ਕਮੇਟੀ ਦੀਆਂ ਵਿਧਾਨਕ ਜ਼ਿੰਮੇਵਾਰੀਆਂ ਅਤੇ ਕਾਰਗੁਜ਼ਾਰੀ ਬਾਰੇ ਉਚਿਤ ਜਾਣਕਾਰੀ ਉਪਲੱਬਧ ਕਰਾਉਣ ਦੀ ਕੋਈ ਵਿਵਸਥਾ ਨਹੀਂ ਹੈ।

ਇਹ ਗੱਲ ਬਹੁਤ ਚਿੰਤਾਜਨਕ ਹੈ ਕਿ ਸਿੱਖ ਧਾਰਮਕ ਵਿਦਵਾਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਕਰਮਚਾਰੀਆਂ ਦੇ ਕਰਤਵਾਂ ਅਤੇ ਅਧਿਕਾਰਾਂ ਬਾਰੇ ਸਹੀ ਜਾਣਕਾਰੀ ਨਹੀ ਹੈ ਅਤੇ ਉਹ ਕਮੇਟੀ ਤੋਂ ਐਸੇ ਕੰਮ ਕਰਵਾਉਣ ਦੀ ਆਸ ਕਰੀ ਜਾਂਦੇ ਹਨ ਜੋ ਕਾਨੂੰਨਨ ਕਮੇਟੀ ਦੇ ਅਧਿਕਾਰ ਤੋਂ ਬਾਹਰ ਹੁੰਦੇ ਹਨ, ਅਤੇ ਜਦੋਂ ਕਮੇਟੀ ਉਹਨਾਂ ਦੀਆਂ ਐਸੀਆਂ ਇੱਛਾਵਾਂ ਪੂਰੀਆਂ ਨਹੀਂ ਕਰਦੀ ਉਹ ਕਮੇਟੀ ਦੀ ਨਾਜਾਇਜ਼ ਆਲੋਚਨਾ ਕਰਦੇ ਹਨ। ਇਸ ਦੇ ਉਲਟ ਡੇਰੇਦਾਰਾਂ ਨੂੰ ਇਸ ਕਮੇਟੀ ਦੇ ਅਧਿਕਾਰਾਂ ਬਾਰੇ ਸਹੀ ਜਾਣਕਾਰੀ ਹੈ। ਉਹਨਾਂ ਨੇ ਆਪਣੇ ਨਿਜੀ ਗੁਰਦੁਆਰੇ ਖੋਲ੍ਹੇ ਹੋਏ ਹਨ ਅਤੇ ਉਹ ਕਮੇਟੀ ਅਤੇ ਇਸ ਦੇ ਕਰਮਚਾਰੀਆਂ ਦੇ ਕੰਮ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਦੇ। ਪਰ ਸਿੱਖ ਪਰਚਾਰਕ ਅਤੇ ਅਖੌਤੀ ਵਿਦਵਾਨ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਧਾਨਕ ਜ਼ਿੰਮੇਵਾਰੀਆਂ ਦੀ ਜਾਣਕਾਰੀ ਹੋਣੀ ਚਾਹੀਦੀ ਸੀ ਉਹ ਇਸ ਬਾਰੇ ਅਣਜਾਣ ਹਨ। ਕਈ ਵਿਦਵਾਨ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਸਿੱਖ ਵੋਟਰਾਂ ਵੱਲੋਂ ਚੋਣ ਪਰਕਿਰਿਆ ਨੂੰ ਹੀ ਦੁਰਘਟਨਾ ਆਖਦੇ ਹਨ। ਉਹ ਇਹ ਨਹੀਂ ਸਮਝਦੇ ਕਿ ਗੁਰਦੁਆਰਾ ਪ੍ਰਬੰਧਕਾਂ ਨੂੰ ਵੋਟਾਂ ਰਾਹੀ ਚੁਣਨਾ ਹੀ ਸਹੀ ਹੈ ਕਿਉਂਕਿ ਵੋਟਾਂ ਰਾਹੀ ਚੁਣੇ ਪ੍ਰਤਿਨਿਧ ਨੂੰ ਮਨ ਮਰਜ਼ੀ ਕਰਨ ਦੀ ਖੁਲ੍ਹ ਨਹੀਂ ਹੁੰਦੀ ਅਤੇ ਉਹ ਆਪਣੀ ਕਾਰਗੁਜ਼ਾਰੀ ਲਈ ਵੋਟਰਾਂ ਨੂੰ ਉਤਰਦਾਇਕ ਹੁੰਦੇ ਹਨ। ਸਿੱਖ ਵਿਦਵਾਨਾਂ ਦੀ ਜਾਣਕਾਰੀ ਲਈ ਸਿੱਖ ਗੁਰਦੁਆਰਾਜ਼ ਐਕਟ ਦੀਆਂ ਕੁੱਝ ਸਬੰਧਿਤ ਧਾਰਾਵਾਂ ਹੇਠ ਦੇ ਰਹੇ ਹਾਂ ਤਾਂ ਜੋ ਉਹ ਭਵਿੱਖ ਵਿਚ ਕਮੇਟੀ ਤੋਂ ਐਸਾ ਕੁਝ ਕਰਨ ਦੀ ਆਸ ਨਾ ਰੱਖਣ ਜੋ ਕਮੇਟੀ ਦੇ ਅਧਿਕਾਰ ਖੇਤਰ ਵਿਚ ਹੈ ਹੀ ਨਹੀਂ। ---ਚਲਦਾ
.