.

ਧਰਮ ਦੀ ਸਮੱਸਿਆ-13
ਪੈਗੰਬਰ ਅਧਾਰਿਤ ਨਕਲੀ ਧਰਮ

ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
Tel.: 403-681-8689 www.sikhvirsa.com

ਨੋਟ: ਅੱਜ ਦੇ ਪ੍ਰਚਲਤ ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤੇ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿਕੜੀ ਤੋਂ ਹੈ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਸਾਇੰਸਦਾਨਾਂ ਦੇ ਇੱਕ ਅੰਦਾਜੇ ਮੁਤਾਬਿਕ ਮਨੁੱਖ ਮੌਜੂਦਾ ਰੂਪ ਵਿੱਚ ਧਰਤੀ ਤੇ ਤਕਰੀਬਨ 3 ਲੱਖ ਸਾਲਾਂ ਤੋਂ ਵੱਧ ਸਮੇਂ ਤੋਂ ਵਿਚਰ ਰਿਹਾ ਹੈ। ਜਦੋਂ ਕਿ ਸਾਡੇ ਕੋਲ ਲਿਖਤੀ ਰੂਪ ਵਿੱਚ ਮਨੁੱਖੀ ਇਤਿਹਾਸ ਤਕਰੀਬਨ 5-6 ਹਜ਼ਾਰ ਸਾਲਾਂ ਤੋਂ ਵੱਧ ਪੁਰਾਣਾ ਨਹੀਂ ਹੈ। ਇਸਦਾ ਭਾਵ ਹੈ ਕਿ ਬੇਸ਼ਕ ਮਨੁੱਖ ਇਸ ਧਰਤੀ ਤੇ ਲੱਖਾਂ ਸਾਲਾਂ ਤੋਂ ਵਿਚਰ ਰਿਹਾ ਸੀ, ਪਰ ਉਸਨੇ ਲਿਪੀਬਧ ਭਾਸ਼ਾ ਵਿੱਚ ਪੜ੍ਹਨਾ, ਲਿਖਣਾ ਤੇ ਬੋਲਣਾ ਸਿਰਫ 5 ਕੁ ਹਜ਼ਾਰ ਸਾਲ ਪਹਿਲਾਂ ਹੀ ਸਿੱਖਿਆ ਸੀ। ਇਸ ਤੋਂ ਪਹਿਲਾਂ ਦਾ ਜੋ ਇਤਿਹਾਸ ਜਾਂ ਮਨੁੱਖੀ ਪ੍ਰੰਪਰਾ ਸਾਨੂੰ ਮਿਲਦੀ ਹੈ, ਉਸ ਅਨੁਸਾਰ ਮਨੁੱਖ ਆਪਣੇ ਸ਼ੁਰੂਆਤੀ ਦੌਰ ਦੇ ਲੱਖਾਂ ਸਾਲ ਜੰਗਲਾਂ ਪਹਾੜਾਂ ਵਿੱਚ ਆਮ ਜਾਨਵਰਾਂ ਵਾਂਗ ਹੀ ਨੰਗ ਧੜੰਗਾ ਘੁੰਮਦਾ ਸੀ ਤੇ ਜੋ ਫਲ ਫਰੂਟ, ਵੈਜੀਟੇਸ਼ਨ ਜਾਂ ਸ਼ਿਕਾਰ ਮਿਲਦਾ ਸੀ ਖਾ ਕੇ ਗੁਜ਼ਾਰਾ ਕਰਦਾ ਸੀ। ਹੌਲੀ-ਹੌਲੀ ਮਨੁੱਖੀ ਦਿਮਾਗ ਦਾ ਜਿਵੇਂ-ਜਿਵੇਂ ਵਿਕਾਸ ਹੋਇਆ, ਉਸਨੇ ਜਿਥੇ ਆਪਣੇ ਸ਼ਿਕਾਰ ਲਈ ਹਥਿਆਰ ਬਣਾਉਣੇ ਸ਼ੁਰੂ ਕੀਤੇ, ਉਥੇ ਆਪਣੇ ਤਨ ਨੂੰ ਗਰਮੀ ਸਰਦੀ ਤੋਂ ਬਚਾਉਣ ਲਈ ਪ੍ਰਬੰਧ ਕਰਨਾ ਸ਼ੁਰੂ ਕੀਤਾ, ਇਥੋਂ ਹੀ ਫਿਰ ਆਪਣੇ ਰਹਿਣ ਲਈ ਦਰਖਤਾਂ ਜਾਂ ਪਹਾੜਾਂ ਦੀਆਂ ਖੁੱਡਾਂ ਵਿੱਚ ਜਗ੍ਹਾ ਬਣਾਉਣੀ ਸ਼ੁਰੂ ਕੀਤੀ। ਹੌਲੀ-ਹੌਲੀ ਬਾਕੀ ਜੰਗਲੀ ਜਾਨਵਰਾਂ ਜਾਂ ਕੁਦਰਤੀ ਆਫਤਾਂ ਦੇ ਡਰ ਤੋਂ ਉਸਨੇ ਝੁੰਡ ਬਣਾ ਕੇ ਰਹਿਣਾ ਸ਼ੁਰੂ ਕੀਤਾ। ਜਿਸ ਨਾਲ ਸਮਾਜ ਦਾ ਨਿਰਮਾਣ ਸ਼ੁਰੂ ਹੋਇਆ। ਇਥੋਂ ਹੀ ਬਾਅਦ ਵਿੱਚ ਕਬੀਲੇ ਬਣਨੇ ਸ਼ੁਰੂ ਹੋਏ। ਕੁਦਰਤੀ ਤੌਰ ਤੇ ਮਨੁੱਖੀ ਮਨ (ਦਿਮਾਗ) ਵਿੱਚ ਡਰ ਤੇ ਲਾਲਚ ਮੌਜੂਦ ਹੈ, ਇਹ ਡਰ ਜਿਥੇ ਉਸਨੂੰ ਆਪਣੀ ਜਾਨ ਦੀ ਸੁਰਖਿਆ ਲਈ ਪ੍ਰੇਰਨਾ ਦਿੰਦਾ ਹੈ, ਉਥੇ ਲਾਲਚ ਉਸਨੂੰ ਜਿੰਦਾ ਰਹਿਣ ਲਈ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਕੁੱਝ ਕਰਨ ਵਾਸਤੇ ਉਤਸ਼ਾਹਿਤ ਵੀ ਕਰਦਾ ਹੈ। ਇਸ ਡਰ ਤੇ ਲਾਲਚ ਦੀ ਭਾਵਨਾ ਵਿਚੋਂ ਹੀ ਹੁਣ ਤੱਕ ਮਨੁੱਖੀ ਸਮਾਜ ਦੀ ਸਿਰਜਨਾ ਹੋਈ ਹੈ। ਇਸ ਡਰ ਕਾਰਨ ਹੀ ਮਨੁੱਖ ਨੇ ਜਿਥੇ ਸ਼ੁਰੂਆਤੀ ਦੌਰ ਵਿੱਚ ਇਕੱਠੇ ਰਹਿਣਾ ਸ਼ੁਰੂ ਕੀਤਾ, ਉਥੇ ਲਾਲਚ ਦੀ ਬਿਰਤੀ ਵਿਚੋਂ ਹੀ ਭਵਿੱਖ ਲਈ ਇਕੱਠਾ ਕਰਨ ਦੀ ਭਾਵਨਾ ਦਾ ਜਨਮ ਹੋਇਆ। ਇਸ ਤਰ੍ਹਾਂ ਮਨੁੱਖੀ ਸਮਾਜ ਦੀ ਨੀਂਹ ਡਰ ਤੇ ਲਾਲਚ ਤੇ ਰੱਖੀ ਗਈ। ਇਥੋਂ ਮਨੁੱਖ ਤਰੱਕੀ ਕਰਦਾ ਹੋਰ ਵੱਡੇ ਸਮੂਹਾਂ ਤੋਂ ਹੁੰਦਾ ਹੋਇਆ ਕਬੀਲਿਆਂ ਦੇ ਰੂਪ ਵਿੱਚ ਵਿਕਸਤ ਹੋਇਆ। ਇਨ੍ਹਾਂ ਕਬੀਲਿਆਂ ਵਿੱਚ ਉਹ ਲੋਕ ਜੋ ਸਰਰਿਕ ਤੌਰ ਤੇ ਤਕੜੇ ਸਨ, ਉਹ ਕਬੀਲਾ ਮੁਖੀ ਬਣਨੇ ਸ਼ੁਰੂ ਹੋਏ, ਜਿਨ੍ਹਾਂ ਦਾ ਕੰਮ ਕਬੀਲੇ ਦੀ ਰੱਖਿਆ ਕਰਨਾ ਸੀ। ਹੁਣ ਜਿਥੇ ਆਮ ਵਿਅਕਤੀ ਖਾਣ ਪੀਣ ਲਈ ਸ਼ਿਕਾਰ ਜਾਂ ਹੋਰ ਸਮਾਨ ਇਕੱਠਾ ਕਰਦਾ, ਉਥੇ ਇਹ ਸਰੀਰਕ ਤੌਰ ਤੇ ਬਲਵਾਨ ਕਬੀਲਿਆਂ ਦੇ ਮੋਹਰੀ ਬਾਕੀ ਸਾਥੀਆਂ ਦੀ ਦੂਜੇ ਕਬੀਲਿਆਂ ਜਾਂ ਹੋਰ ਜੰਗਲੀ ਜਾਨਵਰਾਂ ਆਦਿ ਤੋਂ ਰਾਖੀ ਕਰਦੇ। ਜਿਵੇਂ ਜਿਵੇਂ ਕਬੀਲੇ ਵੱਡੇ ਹੁੰਦੇ ਗਏ, ਇਨ੍ਹਾਂ ਕਬੀਲਾ ਮੁੱਖੀਆਂ ਨੇ ਆਪਣੀ ਮੱਦਦ ਲਈ ਹੋਰ ਬੰਦੇ ਨਾਲ ਰਲਾਉਣੇ ਸ਼ੁਰੂ ਕੀਤੇ, ਇਥੋਂ ਫੌਜਾਂ ਦੀ ਸ਼ੁਰੂਆਤ ਹੋਈ। ਫਿਰ ਤਕੜੇ ਕਬੀਲੇ ਮਾੜਿਆਂ ਤੇ ਹਮਲੇ ਕਰਕੇ ਉਨ੍ਹਾਂ ਦੀ ਜਾਇਦਾਦ ਆਦਿ ਲੁੱਟ ਕੇ ਉਨ੍ਹਾਂ ਨੂੰ ਗੁਲਾਮ ਬਣਾ ਕੇ ਆਪਣੇ ਲਈ ਕੰਮ ਕਰਾਉਣ ਲੱਗੇ। ਇਸ ਤਰ੍ਹਾਂ ਜਦੋਂ ਕੋਈ ਕਬੀਲਾ ਇੱਕ ਇਲਾਕੇ ਤੇ ਕਬਜ਼ਾ ਕਰ ਲੈਂਦਾ ਤਾਂ ਦੂਜੇ ਲੋਕ ਉਹ ਇਲਾਕਾ ਛੱਡ ਕੇ ਹੋਰ ਪਾਸੇ ਚਲੇ ਜਾਂਦੇ। ਇਸ ਤਰ੍ਹਾਂ ਅਫਰੀਕਾ ਦੀ ਧਰਤੀ ਤੇ ਪੈਦਾ ਹੋਏ ਮੰਨੇ ਜਾਂਦੇ ਪਹਿਲੇ ਮਨੁੱਖ ਹੌਲੀ ਹੌਲੀ ਹਜ਼ਾਰਾਂ ਸਾਲਾਂ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਖਿਤਿਆਂ ਵਿੱਚ ਜਾ ਵਸੇ। ਇਸੇ ਦੌਰ ਦਾ ਦੂਜਾ ਪੱਖ ਇਹ ਸੀ ਕਿ ਜਿਥੇ ਮਨੁੱਖ ਨੂੰ ਹੋਰ ਜੰਗਲੀ ਜਾਨਵਰਾਂ ਤੇ ਕਬੀਲਿਆਂ ਦੇ ਹਮਲਿਆਂ ਦਾ ਡਰ ਸੀ, ਉਥੇ ਉਸਨੂੰ ਕੁਦਰਤੀ ਆਫਤਾਂ (ਮੀਂਹ, ਹਨ੍ਹੇਰੀ, ਤੂਫਾਨ, ਹੜ੍ਹ, ਭੁਚਾਲ, ਬਿਜਲੀ ਲਿਸ਼ਕਣੀ ਆਦਿ) ਦਾ ਡਰ ਵੀ ਹਮੇਸ਼ਾਂ ਬਣਿਆ ਰਹਿੰਦਾ ਸੀ। ਉਨ੍ਹਾਂ ਸਮਿਆਂ ਵਿੱਚ ਹੀ ਜਿਥੇ ਸਰੀਰਕ ਤੌਰ ਤੇ ਤਕੜੇ ਲੋਕ ਆਪਣੇ ਕਬੀਲੇ ਜਾਂ ਸਮੂਹ ਦੇ ਰਖਵਾਲੇ ਬਣ ਕੇ ਰਾਜ ਕਰਨ ਲੱਗੇ, ਜਿਥੋਂ ਮਨੁੱਖੀ ਇਤਿਹਾਸ ਵਿੱਚ ਰਾਜਨੀਤੀ ਦੀ ਸ਼ੁਰੂਆਤ ਹੋਈ। ਉਥੇ ਦਿਮਾਗੀ ਤੌਰ ਤੇ ਵੱਧ ਵਿਕਸਤ ਲੋਕ ਇਨ੍ਹਾਂ ਸਮੂਹਾਂ ਤੇ ਰਾਜ ਕਰਨ ਲਈ ਆਪਣੀਆਂ ਵੱਖਰੀਆਂ ਸਕੀਮਾਂ ਘੜਨ ਲੱਗੇ ਤਾਂ ਕਿ ਉਹ ਵੀ ਉਨ੍ਹਾਂ ਵਾਂਗ ਆਮ ਵਿਅਕਤੀਆਂ ਤੇ ਰਾਜ ਕਰਨ ਅਤੇ ਵਿਹਲੇ ਬੈਠ ਕੇ ਖਾਣ। ਉਨ੍ਹਾਂ ਨੇ ਕੁਦਰਤੀ ਆਫਤਾਂ ਤੋਂ ਮਨੁੱਖੀ ਮਨ ਦੇ ਡਰ ਨੂੰ ਭਾਂਪ ਕੇ ਉਨ੍ਹਾਂ ਤੋਂ ਬਚਾਅ ਲਈ ਨੁਸਖੇ ਕੱਢਣੇ ਸ਼ੁਰੂ ਕੀਤੇ, ਜਿਥੋਂ ਧਰਮ ਦੀ ਸ਼ੁਰੂਆਤ ਹੋਈ। ਬਾਅਦ ਵਿੱਚ ਅਜਿਹੇ ਬੌਧਿਕ ਤੌਰ ਤੇ ਵੱਧ ਵਿਕਸਤ ਲੋਕ ਧਰਮਾਂ ਦੀ ਪੁਜਾਰੀ ਕਲਾਸ ਬਣੀ। ਅਜਿਹੇ ਪੁਜਾਰੀ ਲੋਕਾਂ ਨੇ ਹੌਲੀ ਹੌਲੀ ਇਹ ਸੰਕਲਪ ਮਨੁੱਖੀ ਸਮੂਹਾਂ ਅੰਦਰ ਵਿਕਸਤ ਕਰ ਲਿਆ ਕਿ ਇਨ੍ਹਾਂ ਕੁਦਰਤੀ ਆਫਤਾਂ ਪਿਛੇ ਇੱਕ ਸ਼ਕਤੀ ਕੰਮ ਕਰਦੀ ਹੈ, ਜਿਸਨੂੰ ਖੁਸ਼ ਕਰਕੇ ਇਨ੍ਹਾਂ ਤੋਂ ਬਚਿਆ ਵੀ ਜਾ ਸਕਦਾ ਹੈ ਤੇ ਉਸ ਤੋਂ ਆਪਣੇ ਲਈ ਫਾਇਦਾ ਵੀ ਲਿਆ ਜਾ ਸਕਦਾ ਹੈ। ਸਮਾਂ ਪੈਣ ਨਾਲ ਮਨੁੱਖ ਇਨ੍ਹਾਂ ਦੋਨਾਂ ਕਿਸਮ ਦੇ ਲੋਕਾਂ ਦੇ ਸੋਸ਼ਣ ਦਾ ਸ਼ਿਕਾਰ ਹੋਣ ਲੱਗਾ ਤਾਂ ਫਿਰ ਕੁੱਝ ਲੋਕ ਇਨ੍ਹਾਂ ਖਿਲਾਫ ਖੜਨੇ ਸ਼ੁਰੂ ਹੋ ਗਏ। ਉਨ੍ਹਾਂ ਸਮਿਆਂ ਵਿੱਚ ਰਾਜਨੀਤਕਾਂ ਤੇ ਪੁਜਾਰੀਆਂ ਨੇ ਆਪਣੇ ਬਚਾਅ ਲਈ ਆਪਸ ਵਿੱਚ ਸਮਝੌਤਾ ਕਰ ਲਿਆ। ਫਿਰ ਇਹ ਰਲ ਕੇ ਮਨੁੱਖ ਨੂੰ ਲੁੱਟਣ ਲੱਗੇ, ਉਨ੍ਹਾਂ ਦਾ ਸੋਸ਼ਣ ਕਰਨ ਲੱਗੇ। ਫਿਰ ਇਨ੍ਹਾਂ ਵਿਚੋਂ ਹੀ ਬਹੁਤ ਲੋਕ ਆਪਣੀ ਸਰੀਰਕ ਜਾਂ ਦਿਮਾਗੀ ਤਾਕਤ ਨਾਲ ਵੱਧ ਸਾਧਨ ਇੱਕਠੇ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਇਸਨੇ ਮਨੁੱਖੀ ਸਮਾਜ ਵਿੱਚ ਇੱਕ ਨਵੀਂ ਕਲਾਸ ਨੂੰ ਜਨਮ ਦਿੱਤਾ, ਜੋ ਕਿ ਵੱਖ-ਵੱਖ ਨਾਮਾਂ ਹੇਠ ਵਿਚਰਦੀ ਹੋਈ ਅੱਜ ਸਰਮਾਏਦਾਰੀ ਦੇ ਨਾਮ ਹੇਠ ਕੰਮ ਕਰ ਰਹੀ ਹੈ। ਇਨ੍ਹਾਂ ਤਿੰਨੇ ਜਮਾਤਾਂ (ਰਾਜਨੀਤਕਾਂ, ਪੁਜਾਰੀਆਂ ਤੇ ਸਰਮਾਏਦਾਰਾਂ) ਨੇ ਅੱਜ ਦੇ ਪ੍ਰਚਲਤ ਜਥੇਬੰਧਕ ਧਰਮਾਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸਮਾਜ ਵਿੱਚ ਰਲ ਕੇ ਸੋਸ਼ਣ ਕਰਨਾ ਸ਼ੁਰੂ ਕੀਤਾ ਹੋਇਆ ਸੀ। ਜੇ ਕੋਈ ਸੋਚੇ ਕਿ ਸ਼ਾਇਦ ਅੱਜ ਧਰਮ, ਰਾਜਨੀਤੀ ਤੇ ਸਰਮਾਏਦਾਰੀ ਦੀ ਤਿਕੜੀ ਲੋਕਾਂ ਨੂੰ ਲੁੱਟ ਰਹੀ ਹੈ, ਅਜਿਹਾ ਨਹੀਂ ਹੈ, ਅਸਲ ਵਿੱਚ ਧਰਮਾਂ ਦੀ ਸ਼ੁਰੂਆਤ ਹੀ ਇਨ੍ਹਾਂ ਦੇ ਸੋਸ਼ਨ ਦੇ ਖਿਲਾਫ ਹੋਈ ਸੀ। ਫਰਕ ਸਿਰਫ ਇਹ ਹੈ ਕਿ ਉਹ ਧਰਮ (ਵਿਚਾਰਧਾਰ) ਜੋ ਇਨ੍ਹਾਂ ਖਿਲਾਫ ਖੜ੍ਹਾ ਹੁੰਦਾ ਸੀ, ਸਮਾਂ ਪਾ ਕੇ ਇਹ ਨਵੇਂ ਰੂਪ ਵਿੱਚ ਇਨ੍ਹਾਂ ਤੇ ਕਾਬਿਜ਼ ਹੋ ਕੇ ਇੱਕ ਨਵਾਂ ਫਿਰਕਾ ਖੜਾ ਕਰ ਲੈਂਦੇ ਰਹੇ। ਸਾਰੇ ਧਰਮਾਂ ਨਾਲ ਇਹੀ ਕੁੱਝ ਵਾਪਰਿਆ ਹੈ।
ਅਗਰ ਅੱਜ ਦੇ ਪ੍ਰਚਲਤ ਧਰਮਾਂ ਦਾ ਸ਼ੁਰੂਆਤੀ ਇਤਿਹਾਸ ਦੇਖੋ ਤਾਂ ਪਤਾ ਚਲਦਾ ਹੈ ਕਿ ਧਰਮ ਦੇ ਪੈਗੰਬਰ, ਗੁਰੂ, ਰਹਿਬਰ, ਇਨਕਲਾਬੀ ਮਹਾਂਪੁਰਸ਼ ਆਦਿ ਨੇ ਇਸ ਤਿਕੜੀ ਵਲੋਂ ਮਨੁੱਖੀ ਸਮਾਜ ਦੇ ਕੀਤੇ ਜਾ ਰਹੇ ਸੋਸ਼ਣ ਖਿਲਾਫ ਆਵਾਜ਼ ਉਠਾਈ ਸੀ। ਆਪਣੇ ਜੀਵਨ ਕਾਲ ਵਿੱਚ ਇਨ੍ਹਾਂ ਖਿਲਾਫ ਸੰਘਰਸ਼ ਲੜਿਆ ਤੇ ਬਹੁਤੀ ਵਾਰ ਇਨ੍ਹਾਂ ਨੇ ਰਲ਼ ਕੇ ਅਜਿਹੇ ਇਨਕਲਾਬੀ ਮਹਾਂਪੁਰਸ਼ਾਂ ਨੂੰ ਸਰੀਰਕ ਤੌਰ ਤੇ ਖਤਮ ਕਰ ਦਿੱਤਾ ਜਾਂ ਜਿਹੜੇ ਬਚ ਜਾਦੇ ਰਹੇ, ਉਨ੍ਹਾਂ ਦੇ ਇਸ ਸੰਸਾਰ ਤੋਂ ਜਾਣ ਬਾਅਦ ਨਵੇਂ ਢੰਗ ਨਾਲ ਉਸਦੀ ਵਿਚਾਰਧਾਰਾ ਤੇ ਕਬਜਾ ਕਰਕੇ, ਉਸਨੂੰ ਆਪਣੇ ਹਿੱਤ ਵਿੱਚ ਸੂਤ ਬੈਠਦਾ ਨਵਾਂ ਰੰਗ ਦੇ ਦਿੰਦੇ। ਪ੍ਰਚਲਤ ਜਥੇਬੰਧਕ ਧਰਮਾਂ ਦੀ ਦੁਨੀਆਂ ਵਿੱਚ ਅੱਜ ਦੋ ਵਿਚਾਰਧਰਾਵਾਂ ਚੱਲ ਰਹੀਆਂ ਹਨ, ਜੋ ਕਿ ਤਕਰੀਬਨ ਮਨੁੱਖੀ ਇਤਿਹਾਸ ਦੇ ਲਿਖਤੀ ਦੌਰ ਤੋਂ ਹੀ ਚੱਲ ਰਹੀਆਂ ਹਨ। ਇੱਕ ਵਿਚਾਰਧਾਰਾ ਨੂੰ ਪੂਰਬੀ ਵਿਚਾਰਧਾਰਾ ਤੇ ਇੱਕ ਨੂੰ ਪੱਛਮੀ ਵਿਚਾਰਧਾਰਾ ਕਿਹਾ ਜਾਂਦਾ ਹੈ, ਭਾਵੇਂ ਕਿ ਦੋਨੋ ਵਿਚਾਰਧਰਾਵਾਂ ਅਸਲ ਵਿੱਚ ਪੂਰਬੀ ਹੀ ਹਨ ਕਿਉਂਕਿ ਤਕਰੀਬਨ ਸਾਰੇ ਧਰਮ ਪੂਰਬ ਵਿੱਚ ਹੀ ਪੈਦਾ ਹੋਏ ਹਨ। ਕੋਈ ਵੀ ਧਰਮ ਪੱਛਮੀ ਦੇਸ਼ਾਂ ਵਿੱਚ ਪੈਦਾ ਨਹੀਂ ਹੋਇਆ, ਪਰ ਪੱਛਮੀ ਦੇਸ਼ਾਂ ਨੇ ਬਾਅਦ ਵਿੱਚ ਇਸਾਈਅਤ ਨੂੰ ਆਪਣਾ ਪ੍ਰਮੁੱਖ ਧਰਮ ਬਣਾਉਣ ਕਾਰਨ ਇਸਨੂੰ ਪੱਛਮੀ ਧਰਮ ਕਿਹਾ ਜਾਣ ਲੱਗਾ। ਪੂਰਬੀ ਧਰਮਾਂ ਦੀ ਪ੍ਰੰਪਰਾ ਵਿੱਚ ਪ੍ਰਮੁੱਖ ਜਥੇਬੰਧਕ ਧਰਮਾਂ ਵਿੱਚ ਵੇਦਾਂਤਿਕ (ਹਿੰਦੂ), ਜੈਨ, ਬੁੱਧ, ਪਾਰਸੀ, ਸਿੱਖ ਆਦਿ ਸ਼ਾਮਿਲ ਹਨ ਤੇ ਪੱਛਮੀ ਧਰਮਾਂ ਦੀ ਪ੍ਰੰਪਰਾ ਵਿੱਚ ਯਹੂਦੀ, ਇਸਾਈ ਤੇ ਇਸਲਾਮ ਪ੍ਰਮੁੱਖ ਜਥੇਬੰਧਕ ਧਰਮ ਹਨ। ਭਾਵੇਂ ਕਿ ਅੱਗੇ ਇਨ੍ਹਾਂ ਪੂਰਬੀ ਤੇ ਪੱਛਮੀ ਧਰਮਾਂ ਦੇ ਸੈਂਕੜੇ ਛੋਟੇ-ਵੱਡੇ ਫਿਰਕੇ ਹਨ। ਅਗਰ ਅਸੀਂ ਇਨ੍ਹਾਂ ਸਾਰੇ ਜਥੇਬੰਧਕ ਧਰਮਾਂ ਦਾ ਇਤਿਹਾਸ ਦੇਖੀਏ ਤਾਂ ਪਤਾ ਲਗਦਾ ਹੈ ਕਿ ਪੱਛਮੀ ਧਰਮਾਂ ਵਿਚੋਂ ਸਭ ਤੋਂ ਪੁਰਾਣੇ ਧਰਮ ਯਹੂਦੀ ਦੇ ਪੈਗੰਬਰ ਮੌਜ਼ਿਜ਼ ਨੇ ਆਪਣੇ ਪਿਤਾ ਪੁਰਖੀ ਕਬੀਲਿਆਂ ਦੇ ਲੋਕਾਂ ਨੂੰ ਈਜਿਪਟ ਤੇ ਰਾਜ ਕਰ ਰਹੇ ਕਬੀਲਿਆਂ ਤੋਂ ਆਜ਼ਾਦ ਕਰਾਉਣ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੂੰ 400 ਸਾਲ ਤੋਂ ਇਨ੍ਹਾਂ ਕਬੀਲਿਆਂ ਨੇ ਗੁਲਾਮ ਬਣਾਇਆ ਹੋਇਆ ਸੀ। ਯਾਦ ਰਹੇ ਮੌਜ਼ਿਜ਼ ਦੇ ਪਿਤਾ ਪੁਰਖੀ ਕਬੀਲੇ ਲੰਬਾ ਸਮਾਂ ਪਹਿਲਾਂ ਉਥੇ ਦੇ ਸ਼ਾਸਕਾਂ ਦੇ ਜ਼ੁਲਮਾਂ ਦੇ ਸਤਾਏ ਗੁਲਾਮੀ ਕਬੂਲਣ ਦੀ ਥਾਂ ਹੋਰ ਇਲਾਕਿਆਂ ਵਿੱਚ ਨੂੰ ਹਿਜਰਤ ਕਰ ਗਏ ਸਨ, ਮੌਜ਼ਿਜ਼ ਨੇ ਆਪਣੇ ਲੋਕਾਂ ਨੂੰ ਆਜ਼ਾਦ ਕਰਾਕੇ ਇਤਿਹਾਸ ਦਾ ਨਵਾਂ ਵਰਕਾ ਲਿਖਿਆ, ਪਰ ਸਮਾਂ ਪਾ ਕੇ ਉਸਦੀ ਵਿਚਾਰਧਾਰਾ ਦੇ ਅਧਾਰ ਤੇ ਖੜੇ ਹੋਏ ‘ਯਹੂਦੀ’ ਧਰਮ ਤੇ ਫਿਰ ਉਹੀ ਜਮਾਤਾਂ ਕਾਬਿਜ ਹੋ ਗਈਆਂ, ਜਿਨ੍ਹਾਂ ਖਿਲਾਫ ਉਨ੍ਹਾਂ ਦੇ ਪੈਗੰਬਰ ਨੇ ਅਜ਼ਾਦੀ ਲਈ ਸੰਘਰਸ਼ ਕੀਤਾ ਸੀ। ਕੁੱਝ ਸਦੀਆਂ ਬਾਅਦ ਫਿਰ ਉਹੀ ਯਹੂਦੀ ਰੋਮਨ ਸ਼ਾਸਨ ਦੇ ਅਧੀਨ ਲੋਕਾਂ ਨੂੰ ਗੁਲਾਮ ਬਣਾ ਕੇ ਸੋਸ਼ਨ ਕਰਨ ਲੱਗੇ ਤਾਂ ਤਕਰੀਬਨ 1000 ਸਾਲ ਬਾਅਦ ਇੱਕ ਗਰੀਬ ਘਰ ਵਿੱਚ ਪੈਦਾ ਹੋਏ ਜੀਸਸ ਨੇ ਇਸ ਰੋਮਨ ਸਾਮਰਾਜ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ, ਉਨ੍ਹਾਂ ਖਿਲਾਫ ਸੰਘਰਸ ਲੜਦਿਆਂ ਸ਼ਹਾਦਤ ਪਾਈ ਤੇ ਮਨੁੱਖਤਾ ਨੂੰ ਨਵਾਂ ਮਾਰਗ ਦਿੱਤਾ, ਜਿਸ ਦੇ ਨਾਮ ਤੇ ਇੱਕ ਨਵਾਂ ਧਾਰਮਿਕ ਫਿਰਕਾ ‘ਇਸਾਈ’ ਹੋਂਦ ਵਿੱਚ ਆਇਆ, ਜਿਸਨੇ ਵੀ ਬਾਅਦ ਵਿੱਚ ਉਹੀ ਕੁੱਝ ਕੀਤਾ, ਜੋ ਕੁੱਝ ਪਹਿਲਾਂ ‘ਯਹੂਦੀ’ ਧਰਮ ਤੇ ਕਾਬਿਜ਼ ਲੋਕਾਂ ਨੇ ਕੀਤਾ ਸੀ। ਇਸਾਈਆਂ ਦਾ 2000 ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸ ਤਰ੍ਹਾਂ ਆਪਣੇ ਪਹਿਲੇ ਦੌਰ ਵਿੱਚ ਕਰੂਸੇਡਜ਼ ਦੇ ਨਾਂ ਤੇ ਇਸਾਈਅਤ ਤੇ ਕਾਬਿਜ਼ ਧਿਰਾਂ ਨੇ ਗੈਰ ਇਸਾਈਆਂ ਤੇ ਜ਼ਬਰ ਜ਼ੁਲਮ ਕੀਤੇ ਅਤੇ ਬਾਅਦ ਵਿੱਚ ਬਸਤੀਵਾਦੀ ਗੋਰੇ ਹਾਕਮਾਂ ਨਾਲ ਰਲ਼ ਕੇ ਆਪਣੀ ਰਾਜਸੀ ਹਵਸ ਪੂਰੀ ਕਰਨ ਲਈ ਦੂਜੀਆਂ ਕੌਮਾਂ ਨੂੰ ਗੁਲਾਮ ਬਣਾਇਆ। ਇਸੇ ਤਰ੍ਹਾਂ ਜਦੋਂ ਅਸੀਂ ਇਸਲਾਮ ਦਾ ਇਤਿਹਾਸ ਵਾਚਦੇ ਹਾਂ ਤਾਂ ਪਤਾ ਚਲਦਾ ਹੈ ਕਿ ਕਿਵੇਂ ਯਹੂਦੀਆਂ, ਇਸਾਈਆਂ ਜਾਂ ਮੂਰਤੀ ਪੂਜ ਅਰਬਾਂ ਦੀਆਂ ਗਲਤ ਮਨੌਤਾਂ ਅਤੇ ਸਥਾਪਤੀ ਵਿਰੁੱਧ ਯਹਾਦ ਖੜਾ ਕਰਨ ਵਾਲੇ ਪੈਗੰਬਰ ਮੁਹੰਮਦ ਦੇ ਨਾਮ ਤੇ ਨਵਾਂ ਖੜਾ ਹੋਇਆ ਫਿਰਕਾ ‘ਇਸਲਾਮ’ ਵੀ ਆਪਣੇ ਪੈਰ ਜਮਾਉਣ ਤੋਂ ਬਾਅਦ ਉਸੇ ਰਾਹ ਤੁਰਿਆ, ਜਿਸ ਰਾਹ ਤੇ ਯਹੂਦੀ ਤੇ ਇਸਾਈ ਤੁਰੇ ਸਨ। ਇਸਲਾਮ ਨੂੰ ਮੰਨਣ ਵਾਲੇ ਸ਼ਾਸਕਾਂ ਨੇ ਆਪਣੀ ਰਾਜ ਵਧਾਉਣ (ਜਾਂ ਇਸਲਾਮ ਵਧਾਉਣ) ਦੀ ਹਵਸ ਵਿੱਚ ਜੋ ਜ਼ੁਲਮ ਗੈਰ ਮੁਸਲਮਾਨਾਂ (ਕਾਫਰਾਂ) ਤੇ ਕੀਤੇ ਉਨ੍ਹਾਂ ਨੂੰ ਪੜ੍ਹ ਕੇ ਅੱਜ ਦੇ ਮਨੁੱਖ ਦਾ ਸਿਰ ਸ਼ਰਮ ਨਾਲ ਝੁਕਦਾ ਹੈ। ਉਨ੍ਹਾਂ ਦੀ ਇਹ ਪ੍ਰੰਪਰਾ ਅੱਜ ਵੀ ਜਾਰੀ ਹੈ, ਜਦੋਂ ਕੱਟੜਪੰਥੀ ਇਸਲਾਮਿਕ ਗੁੱਟ ਦੁਨੀਆਂ ਭਰ ਵਿੱਚ ਇੱਕ ਨਵੀਂ ਕਿਸਮ ਦੀ ਦਹਿਸ਼ਤਗਰਦੀ ਹੇਠ ਇਸਲਾਮ ਦਾ ਰਾਜ ਸਥਾਪਤ ਕਰਨ ਲਈ ਬੇਗੁਨਾਹਾਂ ਦਾ ਖੂਨ ਵਹਾ ਰਹੇ ਹਨ। ਜੇ ਇਸਾਈ ਹਾਕਮ ਗੈਰ ਇਸਾਈਆਂ ਤੇ ਜ਼ੁਲਮ ਕਰਦੇ ਸਨ ਤਾਂ ਪਾਦਰੀ ਹੱਥ ਵਿੱਚ ਬਾਈਬਲ ਫੜੀ ਉਸਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ ਸੀ। ਇਸੇ ਤਰ੍ਹਾਂ ਇਸਲਾਮ ਦਾ ਰਾਜ ਦੁਨੀਆਂ ਵਿੱਚ ਸਥਾਪਿਤ ਕਰਨ ਦੇ ਨਾਮ ਹੇਠ ਜ਼ੁਲਮ ਕਮਾਉਣ ਵਾਲੇ ਮੁਸਲਿਮ ਹਾਕਮਾਂ ਦੇ ਇਸ਼ਾਰੇ ਤੇ ਫਤਵੇ ਜਾਰੀ ਕਰਨ ਵਾਲਾ ਕਾਜ਼ੀ ਜਾਂ ਮੁੱਲਾਂ ਉਨ੍ਹਾਂ ਤੋਂ ਮੂਹਰੇ ਹੁੰਦਾ ਸੀ।
ਹੁਣ ਜੇ ਅਸੀਂ ਪੂਰਬੀ ਧਰਮਾਂ ਦਾ ਇਤਿਹਾਸ ਦੇਖਦੇ ਹਾਂ ਤਾਂ ਇਨ੍ਹਾਂ ਵਿੱਚ ਹਿੰਦੂਆਂ ਦਾ ਪੱਛਮੀ ਧਰਮਾਂ ਵਾਂਗ ਨਾ ਕੋਈ ਇੱਕ ਪੈਗੰਬਰ ਹੈ ਤੇ ਨਾ ਹੀ ਕੋਈ ਇੱਕ ਗ੍ਰੰਥ। ਇਸ ਵਿੱਚ ਅਨੇਕਾਂ ਪੈਗੰਬਰ, ਦੇਵੀ-ਦੇਵਤੇ ਤੇ ਗ੍ਰੰਥ ਹਨ। ਇਤਿਹਾਸ ਮੁਤਾਬਿਕ ਮੱਧ ਏਸ਼ੀਆ ਤੋਂ ਜਿਹੜੇ ਆਰੀਅਨ ਕਬੀਲੇ ਤਕਰੀਬਨ 4000 ਸਾਲ ਪਹਿਲਾਂ ਇਥੇ ਆਏ ਸਨ, ਉਨ੍ਹਾਂ ਨੇ ਇਥੇ ਦੇ ਮੂਲ ਵਸਨੀਕ ਦਰਾਵੜਾਂ ਨੂੰ ਹਰਾ ਕੇ, ਉਨ੍ਹਾਂ ਨੂੰ ਗੁਲਾਮ ਬਣਾ ਕੇ ਜੋ ਰਾਜ ਸਥਾਪਿਤ ਕੀਤਾ, ਉਸ ਵਿਚੋਂ ਹੀ ਹਿੰਦੂ ਧਰਮ ਦਾ ਵਿਕਾਸ ਹੋਇਆ। ਹਿੰਦੂ ਹੁਕਮਰਾਨਾਂ ਨੇ ਆਪਣੇ 4000 ਸਾਲ ਦੇ ਇਤਿਹਾਸ ਵਿੱਚ ਬੋਧੀਆਂ ਦਾ ਵੱਡੇ ਪੱਧਰ ਤੇ ਕਤਲੇਆਮ ਕਰਨ ਤੋਂ ਇਲਾਵਾ, ਇਸਾਈ ਤੇ ਮੁਸਲਿਮ ਸ਼ਾਸਕਾਂ ਵਾਂਗ ਲੋਕਾਂ ਤੇ ਸਿੱਧੇ ਜ਼ੁਲਮ ਘੱਟ ਕੀਤੇ ਸਨ ਅਤੇ ਆਪਣਾ ਧਰਮ ਫੈਲਾਉਣ ਲਈ ਉਹ ਭਾਰਤ ਤੋਂ ਬਾਹਰ ਵੀ ਹਮਲਾਵਰ ਹੋ ਕੇ ਨਹੀਂ ਗਏ। ਪਰ ਉਨ੍ਹਾਂ ਨੇ ਭਾਰਤ ਦੇ ਮੂਲ ਨਿਵਾਸੀ ਦਰਾਵੜਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਸਮਾਜ ਵਿੱਚ ਜਾਤ-ਪਾਤ ਦੇ ਨਾਮ ਤੇ ਜੋ ਜ਼ੁਲਮ ਕੀਤੇ, ਉਹ ਸਾਰੀ ਦੁਨੀਆਂ ਦੇ ਸ਼ਾਸਕਾਂ ਦੇ ਜ਼ੁਲਮਾਂ ਨੂੰ ਮਾਤ ਪਾਉਂਦੇ ਹਨ ਤੇ ਮਨੁੱਖਤਾ ਨੂੰ ਅੱਜ ਵੀ ਸ਼ਰਮਸਾਰ ਕਰਦੇ ਹਨ। ਇਸੇ ਤਰ੍ਹਾਂ ਬੁੱਧ ਧਰਮ ਜੋ ਕਿ ਆਰੀਅਨਾਂ (ਬ੍ਰਹਾਮਣਾਂ) ਦੇ ਖਿਲਾਫ ਖੜਾ ਹੋਇਆ ਪੂਰਬ ਵਿੱਚ ਪਹਿਲਾਂ ਵੱਡਾ ਧਰਮ ਸੀ, ਜੇ ਉਸਦਾ ਇਤਿਹਾਸ ਦੇਖੋ ਤਾਂ ਉਸਦਾ ਵਿਸਤਾਰ ਵੀ ਰਾਜਸੀ ਤਾਕਤ ਤੇ ਤਲਵਾਰ ਦੇ ਜੋਰ ਨਾਲ ਹੋਇਆ ਤੇ ਬਾਅਦ ਵਿੱਚ ਹਿੰਦੂ ਸ਼ਾਸਕਾਂ ਤੇ ਸ਼ੰਕਰਾਚਾਰੀਆ ਵਰਗਿਆਂ ਨੇ ਉਸਦਾ ਖਾਤਮਾ ਵੀ ਤਲਵਾਰ ਦੇ ਜੋਰ ਨਾਲ ਹੀ ਕੀਤਾ। ਅੱਜ ਇਹ ਧਰਮ ਜਿਸ ਬ੍ਰਾਹਮਣਵਾਦ ਵਿਰੁੱਧ ਲੜਨ ਲਈ ਖੜਾ ਹੋਇਆ ਸੀ, ਉਸਦਾ ਹੀ ਅੰਗ ਬਣ ਚੁੱਕਾ ਹੈ। ਇਸੇ ਤਰ੍ਹਾਂ ਜੈਨ ਧਰਮ ਜੋ ਕਿ ਆਰੀਅਨਾਂ ਦੇ ਵੇਦਾਂਤਿਕ ਧਰਮ ਦੇ ਬਰਬਾਬਰ ਖੜ੍ਹਾ ਹੋਇਆ ਧਰਮ ਸੀ, ਉਸਦਾ ਅੰਤ ਉਸੇ ਵੇਦਾਂਤਿਕ ਵਿਚਾਰਧਾਰਾ ਵਿੱਚ ਹੋ ਚੁੱਕਾ ਹੈ। ਉਹ ਹਿੰਦੂਆਂ ਦਾ ਹੀ ਇੱਕ ਫਿਰਕਾ ਬਣ ਚੁੱਕਾ ਹੈ। ਬ੍ਰਹਮਣਵਾਦ ਉਸਨੂੰ ਪੂਰੀ ਤਰ੍ਹਾਂ ਨਿਗਲ ਚੁੱਕਾ ਹੈ। ਪਾਰਸੀ ਧਰਮ ਜਿਹੜਾ ਕਿ ਇਰਾਨ ਵਿੱਚ ਸ਼ੁਰੂ ਹੋਇਆ, ਪਰ ਸਥਾਪਤੀ ਦੇ ਉਲਟ ਖੜਨ ਕਰਕੇ ਉਥੇ ਬਹੁਤਾ ਚਿਰ ਟਿਕ ਨਾ ਸਕਿਆ, ਸਮੇਂ ਦੇ ਹਾਕਮਾਂ ਦੇ ਸਤਾਏ ਪਾਰਸੀ ਹਿੰਦੁਸਤਾਨ ਵਿੱਚ ਆ ਵਸੇ, ਇਥੇ ਇਨ੍ਹਾਂ ਦਾ ਅੰਤ ਬ੍ਰਾਹਮਣਵਾਦ ਦੇ ਸਮੁੰਦਰ ਵਿੱਚ ਹੋ ਚੁੱਕਾ ਹੈ। ਇਹ ਧਰਮ ਗਿਣਤੀ ਪੱਖੋਂ ਖਾਤਮੇ ਕਿਨਾਰੇ ਹੈ। ਸਿੱਖ ਧਰਮ ਜੋ ਕਿ ਧਰਮਾਂ ਦੀ ਦੁਨੀਆਂ ਵਿੱਚ ਸਭ ਤੋਂ ਨਵਾਂ ਧਰਮ ਹੈ, ਇਹ ਜਿਥੇ ਉਸ ਸਮੇਂ ਤੱਕ ਪ੍ਰਚਲਤ ਧਾਰਮਿਕ ਫਿਰਕਿਆਂ ਵਲੋਂ ਧਰਮ ਦੇ ਨਾਮ ਤੇ ਮਨੁੱਖਤਾ ਦੇ ਕੀਤੇ ਜਾ ਰਹੇ ਸੋਸ਼ਣ ਖਿਲਾਫ ਖੜਾ ਹੋਇਆ, ਸਮੇਂ ਦੀਆਂ ਜਾਬਰ ਹਕੂਮਤਾਂ ਨਾਲ ਵੀ ਜੂਝਿਆ। ਲੰਬਾ ਸਮਾਂ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਦਾ ਰਿਹਾ, ਪਰ ਜਦੋਂ ਇਸਦੇ ਅਨੁਆਈਆਂ ਨੂੰ ਰਾਜ ਹਾਸਿਲ ਹੋਇਆ ਤਾਂ ਉਨ੍ਹਾਂ ਨੇ ਵੀ ਪੁਰਾਣੇ ਧਰਮਾਂ ਦੇ ਸ਼ਾਸਕਾਂ ਵਾਂਗ ਰਾਜਸੀ ਤਾਕਤ ਤੇ ਤਲਵਾਰ ਦੇ ਜ਼ੋਰ ਨਾਲ ਰਾਜ ਵਧਾਉਣ ਦੀ ਕੋਸ਼ਿਸ਼ ਕੀਤੀ। ਬੇਸ਼ਕ ਉਹ ਇਸ ਵਿੱਚ ਲੰਬਾ ਸਮਾਂ ਕਾਮਯਾਬ ਨਹੀਂ ਰਹਿ ਸਕੇ। ਪਰ 500 ਸਾਲ ਦੇ ਇਤਿਹਾਸ ਤੋਂ ਬਾਅਦ ਇਹ ਧਰਮ ਵੀ ਜੈਨ, ਬੁੱਧ, ਪਾਰਸੀ ਆਦਿ ਧਰਮਾਂ ਵਾਂਗ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਗਰਕਣ ਕਿਨਾਰੇ ਖੜਾ ਹੈ। ਸਿੱਖ ਧਰਮ ਵੀ ਅੱਜ ਦੂਜੇ ਧਰਮਾਂ ਵਾਂਗ ਰਾਜਨੀਤਕ, ਪੁਜਾਰੀ ਤੇ ਸਰਾਮਏਦਾਰਾਂ ਦੇ ਸ਼ਿਕੰਜੇ ਵਿੱਚ ਪੂਰੀ ਤਰ੍ਹਾਂ ਫਸ ਚੁੱਕਾ ਹੈ।
ਇਥੇ ਪ੍ਰਚਲਤ ਜਥੇਬੰਧਕ ਧਰਮਾਂ ਦਾ ਸੰਖੇਪ ਇਤਿਹਾਸ ਦੱਸਣ ਤੋਂ ਭਾਵ ਇਹ ਹੈ ਕਿ ਜੋ ਕੁੱਝ ਧਰਮਾਂ ਬਾਰੇ ਪੁਜਾਰੀਆਂ ਵਲੋਂ ਸਾਡਾ ਨਜ਼ਰੀਆ ਬਣਾਇਆ ਹੋਇਆ ਹੈ, ਅਸਲ ਵਿੱਚ ਇਹ ਇਸ ਤਰ੍ਹਾਂ ਨਹੀਂ ਹੈ। ਜਿਨ੍ਹਾਂ ਫਿਰਕਿਆਂ ਨੂੰ ਅਸੀਂ ਧਰਮ ਸਮਝਦੇ ਹਾਂ, ਇਨ੍ਹਾਂ ਦਾ ਧਰਮ ਨਾਲ ਕੋਈ ਦੂਰ ਦਾ ਵੀ ਲੈਣ ਦੇਣ ਨਹੀਂ ਹੈ। ਜਿਸ ਤਰ੍ਹਾਂ ਕਿ ਇਤਿਹਾਸਕ ਪੱਖਾਂ ਤੋਂ ਅਸੀਂ ਦੇਖਿਆ ਹੈ ਕਿ ਅੱਜ ਦੇ ਪ੍ਰਚਲਤ ਸਾਰੇ ਧਰਮ ਕਿਸੇ ਮਹਾਨ ਇਨਕਲਾਬੀ ਪੁਰਸ਼ ਵਲੋਂ ਆਪਣੇ ਸਮੇਂ ਦੇ ਸਮਾਜ ਵਿੱਚ ਸ਼ਾਸਕਾਂ, ਪੁਜਾਰੀਆਂ ਤੇ ਸਰਮਾਏਦਾਰਾਂ ਵਲੋਂ ਸਮਾਜ ਦੀ ਕੀਤੀ ਜਾਂਦੀ ਲੁੱਟ ਤੇ ਜ਼ਬਰ ਖਿਲਾਫ ਇੱਕ ਇਨਕਲਾਬ ਸਨ, ਜੋ ਕੁੱਝ ਸਮੇਂ ਲਈ ਕਾਮਯਾਬ ਹੋਏ। ਪਰ ਉਨ੍ਹਾਂ ਇਨਕਲਾਬੀ ਪੈਗੰਬਰਾਂ ਦੇ ਸੰਸਾਰ ਤੋਂ ਜਾਣ ਬਾਅਦ ਇਹ ਸਾਜ਼ਿਸ਼ੀ ਲੋਕ, ਉਨ੍ਹਾਂ ਦੀ ਸਖਸ਼ੀਅਤ ਤੇ ਲੋਕ ਮਨਾਂ ਤੇ ਪਏ ਪ੍ਰਭਾਵ ਤੋਂ ਲਾਭ ਉਠਾ ਕੇ ਨਵੇਂ ਧਾਰਮਿਕ ਚਿੰਨ੍ਹਾਂ, ਨਵੀਂਆਂ ਮਰਿਯਾਦਾਵਾਂ, ਨਵੇਂ ਕਰਮਕਾਂਡਾਂ, ਨਵੇਂ ਗ੍ਰੰਥਾਂ ਆਦਿ ਨਾਲ ਲੈਸ ਹੋ ਕੇ ਉਨ੍ਹਾਂ ਪੈਗੰਬਰਾਂ ਦੇ ਨਾਮ ਤੇ ਨਵਾਂ ਫਿਰਕਾ (ਧਰਮ) ਖੜਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਰਹੇ ਹਨ ਤੇ ਫਿਰ ਉਸ ਨਵੇਂ ਫਿਰਕੇ ਦੇ ਪ੍ਰਚਾਰ ਪ੍ਰਸਾਰ ਦੇ ਨਾਮ ਹੇਠ ਦੂਜੀਆਂ ਵਿਚਾਰਧਾਰਾਵਾਂ ਵਾਲਿਆਂ ਦਾ ਸੋਸ਼ਣ ਕਰਦੇ ਰਹੇ ਹਨ ਤੇ ਉਨ੍ਹਾਂ ਤੇ ਵੱਖ-ਵੱਖ ਢੰਗਾਂ ਨਲ ਜ਼ੁਲਮ ਕਰਦੇ ਰਹੇ ਹਨ।
ਸਿੱਖ ਧਰਮ ਨੂੰ ਛੱਡ ਕੇ ਕਿਸੇ ਵੀ ਧਰਮ ਕੋਲ ਉਸਦੇ ਪੈਗੰਬਰ ਦੀ ਅਸਲੀ ਵਿਚਾਰਧਾਰਾ ਨਹੀਂ ਹੈ (ਇਹੀ ਵਜ੍ਹਾ ਹੈ ਕਿ ਸਿੱਖ ਧਰਮ ਦੇ ਅਨੁਆਈਆਂ ਨੂੰ ਉਨ੍ਹਾਂ ਦੇ ਗੁਰੂਆਂ ਦੀ ਅਸਲੀ ਵਿਚਾਰਧਾਰਾ ਤੋਂ ਤੋੜਨ ਲਈ ਕਈ ਤਰ੍ਹਾਂ ਦੇ ਗ੍ਰੰਥ ਖੜੇ ਕੀਤੇ ਹੋਏ ਹਨ), ਸਾਰੇ ਗ੍ਰੰਥ ਉਨ੍ਹਾਂ ਦੇ ਨਾਵਾਂ ਤੇ ਬਾਅਦ ਵਿੱਚ ਪੁਜਾਰੀਆਂ ਵਲੋਂ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਲਿਖੇ ਹੋਏ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਪੈਗੰਬਰੀ ਪੁਰਸ਼ਾਂ ਦੀ ਮਾਨਵੀ ਸੋਚ ਦੇ ਅੰਸ਼ ਵੀ ਇਨ੍ਹਾਂ ਗ੍ਰੰਥਾਂ ਵਿਚੋਂ ਮਿਲ ਜਾਂਦੇ ਹਨ। ਬੇਸ਼ਕ ਪੈਗੰਬਰ ਜਾਂ ਗੁਰੂ ਕਹੇ ਜਾਂਦੇ ਸਾਰੇ ਮਹਾਂਪੁਰਸ਼, ਆਮ ਮਨੁੱਖਾਂ ਜਾਂ ਸਮਾਜ ਨਾਲੋਂ ਅਗਾਂਹਵਧੂ ਤੇ ਲੋਕ ਪੱਖੀ ਸੋਚ ਦੇ ਧਾਰਨੀ ਹੁੰਦੇ ਹਨ, ਪਰ ਸਾਰੇ ਧਰਮਾਂ ਦੇ ਪੁਜਾਰੀਆਂ ਵਲੋਂ ਉਨ੍ਹਾਂ ਦੇ ਨਾਮ ਤੇ ਲਿਖੇ ਗ੍ਰੰਥਾਂ ਵਿੱਚ ਉਨ੍ਹਾਂ ਨੂੰ ਰੱਬ ਵਲੋਂ ਮਿਲੀਆਂ ਖਾਸ ਕਰਾਮਾਤੀ ਸ਼ਕਤੀਆਂ ਨਾਲ ਲੈਸ ਬਣਾਇਆ ਹੋਇਆ ਹੈ ਤੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਉਹ ਇਨ੍ਹਾਂ ਕਰਾਮਾਤੀ ਸ਼ਕਤੀਆਂ ਨਾਲ ਕੁੱਝ ਵੀ ਕਰਨ ਦੇ ਸਮਰੱਥ ਹੁੰਦੇ ਸਨ। ਪੁਜਾਰੀ ਆਪ ਧਰਮ ਵਿੱਚ ਵਿਚੋਲਾ ਬਣ ਬੈਠਦਾ ਹੈ ਤਾਂ ਕਿ ਲੋਕਾਈ ਆਪਣੀ ਡਰ ਤੇ ਲਾਲਚੀ ਬਿਰਤੀ ਅਧੀਨ ਇਨ੍ਹਾਂ ਦੇ ਪੈਰਾਂ ਤੋਂ ਆਪਣਾ ਸਿਰ ਚੁੱਕ ਕੇ ਜੀਣਾ ਨਾ ਸਿੱਖ ਸਕੇ। ਉਹ ਝੂਠੀਆਂ ਕਰਾਮਾਤਾਂ ਦੀ ਆਸ ਵਿੱਚ ਇਨ੍ਹਾਂ ਦੇ ਸੋਸ਼ਣ ਜਾਂ ਹਾਕਮਾਂ ਦੀਆਂ ਧੱਕੇਸ਼ਾਹੀਆਂ ਖਿਲਾਫ ਨਾ ਖੜ ਸਕਣ। ਇਸੇ ਤਰ੍ਹਾਂ ਇਨ੍ਹਾਂ ਪੁਜਾਰੀਆਂ ਵਲੋਂ ਇਹ ਵੀ ਪ੍ਰਚਾਰਿਆ ਜਾਦਾ ਹੈ ਕਿ ਜੋ ਵੀ ਇਨ੍ਹਾਂ ਗ੍ਰੰਥਾਂ ਵਿੱਚ ਲਿਖਿਆ ਹੁੰਦਾ ਹੈ, ਉਹ ਰੱਬ ਵਲੋਂ ਸਿੱਧਾ ਹੀ ਉਨ੍ਹਾਂ ਨੂੰ ਮਿਲਿਆ ਗਿਆਨ ਹੁੰਦਾ ਹੈ, ਇਸ ਲਈ ਇਸ ਤੇ ਕਿਤੂ ਪ੍ਰੰਤੂ ਨਹੀਂ ਹੋ ਸਕਦਾ, ਅਜਿਹਾ ਪ੍ਰਚਾਰ ਇਸ ਲਈ ਕੀਤਾ ਜਾਦਾ ਹੈ ਤਾਂ ਕਿ ਸਮਾਜ ਆਪਣੇ ਦਿਮਾਗ ਨਾਲ ਸੋਚ ਕੇ ਅੱਗੇ ਨਾ ਵਧ ਸਕੇ, ਉਹ ਹਮੇਸ਼ਾਂ ਆਪਣੀਆਂ ਦੁੱਖ ਤਕਲੀਫਾਂ ਲਈ ਇਨ੍ਹਾਂ ਤੇ ਨਿਰਭਰ ਰਹੇ। ਇਸ ਤੋਂ ਇਲਾਵਾ ਉਸਨੇ ਮਰਿਯਾਦਾਵਾਂ ਤੇ ਕਰਮਕਾਂਡਾਂ ਦਾ ਅਜਿਹਾ ਜਾਲ ਬੁਣਿਆ ਹੁੰਦਾ ਹੈ ਕਿ ਮਨੁੱਖ ਆਪਣੀ ਸੋਚ ਨੂੰ ਕਦੇ ਵੀ ਡਿਵੈਲਪ ਨਾ ਕਰ ਸਕੇ।
ਧਰਮ ਅਸਲ ਵਿੱਚ ਅੰਦਰੋਂ ਜਾਗ ਜਾਣ ਦਾ ਨਾਮ ਹੈ ਤਾਂ ਕਿ ਮਨੁੱਖ ਆਪਣੀਆਂ ਮੌਜੂਦਾ ਸਮੱਸਿਆਵਾਂ ਨੂੰ ਪੁਰਾਣੇ ਤਜਰਬਿਆਂ ਤੇ ਨਵੀਂ ਸੋਚ ਨਾਲ ਹੱਲ ਕਰਕੇ ਅੱਗੇ ਵਧ ਸਕੇ ਤੇ ਇੱਕ ਖੁਸ਼ਹਾਲ ਤੇ ਅਨੰਦਮਈ ਜੀਵਨ ਜੀਅ ਸਕੇ। ਉਸਨੂੰ ਇਸ ਲਈ ਧਰਮਾਂ ਦੀਆਂ ਪ੍ਰਚਲਤ ਮਰਿਯਾਦਾਵਾਂ, ਕਰਮਕਾਂਡਾਂ ਜਾਂ ਚਿੰਨ੍ਹਾਂ ਦੀ ਲੋੜ ਨਹੀਂ ਹੁੰਦੀ, ਪਰ ਜੇ ਮਨੁੱਖ ਇਹ ਛੱਡ ਦੇਵੇ ਤਾਂ ਪੁਜਾਰੀਆਂ ਦਾ ਧਰਮ ਦਾ ਧੰਦਾ ਕਿਵੇਂ ਚੱਲੇ, ਸਮੇਂ ਦੇ ਹਾਕਮ ਮਨੁੱਖਤਾ ਦੀ ਲੁੱਟ ਕਿਵੇਂ ਕਰ ਸਕਣ? ਇਸ ਲਈ ਨਕਲੀ ਧਰਮਾਂ ਦੀ ਸ਼ਾਸਕਾਂ, ਪੁਜਾਰੀਆਂ ਨੂੰ ਹਮੇਸ਼ਾਂ ਲੋੜ ਰਹੀ ਹੈ। ਵੱਖ-ਵੱਖ ਪੈਗੰਬਰਾਂ ਦੇ ਨਾਮ ਤੇ ਪੁਜਾਰੀਆਂ ਵਲੋਂ ਖੜੇ ਕੀਤੇ ਹੋਏ ਸਾਰੇ ਪ੍ਰਚਲਤ ਜਥੇਬੰਧਕ ਧਰਮ, ਉਨ੍ਹਾਂ ਹੀ ਪੈਗੰਬਰਾਂ ਦੀ ਸੋਚ ਦੇ ਐਨ ਉਲਟ ਖੜੇ ਹਨ। ਜਿਥੇ ਪੈਗੰਬਰ ਆਪਣੇ ਸਮਿਆਂ ਵਿੱਚ ਸਥਾਪਤੀ ਖਿਲਾਫ ਜੂਝਦੇ ਹੋਏ ਸ਼ਹਾਦਤਾਂ ਵੀ ਪਾਉਂਦੇ ਰਹੇ, ਉਥੇ ਉਨ੍ਹਾਂ ਦੇ ਨਾਮ ਤੇ ਖੜੇ ਸਾਰੇ ਫਿਰਕੇ ਸਥਾਪਤੀ (ਸਮੇਂ ਦੇ ਹਾਕਮ) ਨਾਲ ਰਲ ਕੇ ਸਮਾਜ ਦੀ ਲੁੱਟ ਕਰਦੇ ਹਨ। ਕਿਸੇ ਵੀ ਇਨਕਲਾਬੀ ਪੈਗੰਬਰੀ ਪੁਰਸ਼ ਦੀ ਕਦੇ ਵੀ ਇਹ ਸੋਚ ਨਹੀਂ ਹੋ ਸਕਦੀ ਕਿ ਉਸਦੇ ਨਾਮ ਤੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲਾ ਫਿਰਕਾ ਖੜਾ ਕਰਕੇ ਸਮਾਜ ਨੂੰ ਲੁਟਿਆ ਜਾਵੇ ਜਾਂ ਉਸਦੀ ਸੋਚ ਦੇ ਪ੍ਰਚਾਰ ਜਾਂ ਪ੍ਰਸਾਰ ਲਈ ਵਿਰੋਧੀ ਜਾਂ ਵੱਖਰੀ ਸੋਚ ਵਾਲੇ ਲੋਕਾਂ ਤੇ ਜ਼ਬਰ ਜ਼ੁਲਮ ਕੀਤੇ ਜਾਣ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕ ਇਨ੍ਹਾਂ ਨਕਲੀ ਧਰਮਾਂ ਵਿੱਚ ਫਸਦੇ ਕਿਉਂ ਹਨ? ਅਸਲ ਵਿੱਚ ਵਿਅਕਤੀ ਜਿਸ ਵੀ ਸਮਾਜ, ਫਿਰਕੇ, ਦੇਸ਼, ਧਰਮ ਆਦਿ ਵਿੱਚ ਪੈਦਾ ਹੁੰਦਾ ਹੈ, ਉਸਦੀ ਬਚਪਨ ਤੋਂ ਹੀ ਮਾਪਿਆਂ, ਸਮਾਜ, ਧਰਮ ਆਦਿ ਵਲੋਂ ਅਜਿਹੀ ਕੰਡੀਸ਼ਨਿੰਗ ਕਰ ਦਿੱਤੀ ਜਾਂਦੀ ਹੈ ਕਿ ਉਹ ਕਦੇ ਆਪਣੇ ਦਾਇਰੇ ਤੋਂ ਬਾਹਰ ਹੋ ਕੇ ਸੋਚਦਾ ਹੀ ਨਹੀਂ ਹੈ। ਜੇ ਕੋਈ ਸੋਚਣ ਦੀ ਕੋਸ਼ਿਸ਼ ਵੀ ਕਰੇ ਤਾਂ ਉਸਤੇ ਸਮਾਜ ਵਲੋਂ ਦਬਾਅ ਹੀ ਇੰਨਾ ਹੁੰਦਾ ਹੈ ਕਿ ਉਹ ਕੁੱਝ ਵੀ ਕਰਨ ਤੋਂ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਦਾ ਹੈ ਤੇ ਜਾਂ ਫਿਰ ਉਸਨੂੰ ਮਾਨਸਿਕ ਤੌਰ ਤੇ ਇਤਨਾ ਹੀਣਾ ਬਣਾ ਦਿੱਤਾ ਗਿਆ ਹੁੰਦਾ ਹੈ ਕਿ ਉਸਨੂੰ ਆਪਣੇ ਫਿਰਕੇ ਦੀ ਬਣਾਈ ਮਰਿਯਾਦਾ, ਪ੍ਰੰਪਰਾ ਜਾਂ ਧਰਮ ਦੇ ਚਿੰਨ੍ਹ ਆਦਿ ਭਾਵੇਂ ਫੋਕਟ ਕਰਮਕਾਂਡ ਲਗਦਾ ਹੋਵੇ, ਪਰ ਉਸਨੂੰ ਛੱਡਣਾ ਉਹ ਪਾਪ ਸਮਝਦਾ ਹੈ। ਪੁਜਾਰੀਆਂ ਦੇ ਬਣਾਏ ਪੁੰਨ-ਪਾਪ ਦੇ ਚੱਕਰ ਵਿੱਚ ਮਨੁੱਖ ਇਸੇ ਤਰ੍ਹਾਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਵਿੱਚ ਫਸਿਆ ਪੀੜ੍ਹੀ-ਦਰ-ਪੀੜ੍ਹੀ ਲੁੱਟ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਨਕਲੀ ਧਾਰਮਿਕ ਫਿਰਕਿਆਂ ਦਾ ਹਾਕਮ ਜਮਾਤਾਂ ਨਾਲ ਰਲ ਕੇ ਚਲਾਇਆ ਜਾਂਦਾ ਧਰਮ ਅਧਾਰਿਤ ਧੰਦਾ ਤੇ ਸੋਸ਼ਣ ਦਾ ਕਾਰੋਬਾਰ ਸਦੀਆਂ ਤੋਂ ਇਸੇ ਤਰ੍ਹਾਂ ਚਲਦਾ ਆ ਰਿਹਾ ਹੈ। ਇਸ `ਚੋਂ ਨਿਕਲਣ ਲਈ ਸਾਨੂੰ ਪਹਿਲਾਂ ਆਪਣੀਆਂ ਸੋਚਾਂ ਨੂੰ ਦਰੁਸਤ ਕਰਨ ਦੀ ਲੋੜ ਹੈ, ਆਪਣੀ ਸੋਚ ਨੂੰ ਨਵਾਂ ਮੋੜਾ ਦੇਣ ਦੀ ਲੋੜ ਹੈ, ਆਪਣੇ ਦਾਇਰੇ ਤੋਂ ਬਾਹਰ ਨਿਕਲ ਕੇ ਸਮੁੱਚੀ ਮਨੁੱਖਤਾ ਦੇ ਪੱਧਰ ਤੇ ਸੋਚਣ ਦੀ ਲੋੜ ਹੈ। ਇਹ ਸਮਝਣ ਦੀ ਲੋੜ ਹੈ ਕਿ ਪੈਗੰਬਰ, ਗੁਰੂ, ਮਹਾਂਪੁਰਸ਼ ਆਦਿ ਸਭ ਮਨੁੱਖ ਹੀ ਸਨ, ਕਿਸੇ ਮਨੁੱਖ ਨੂੰ ਕੁਦਰਤ ਨੇ ਕਦੇ ਕੋਈ ਵਿਸ਼ੇਸ਼ ਕਰਾਮਾਤੀ ਸ਼ਕਤੀ ਨਾਲ ਲੈਸ ਕਰਕੇ ਨਹੀਂ ਭੇਜਿਆ ਤੇ ਨਾ ਹੀ ਕਿਸੇ ਰੱਬ ਨੇ ਕਿਸੇ ਮਨੁੱਖ ਨੂੰ ਕੋਈ ਅਕਾਸ਼ਵਾਣੀ ਕਰਕੇ ਕੋਈ ਗ੍ਰੰਥ ਆਦਿ ਲਿਖਾਇਆ ਹੈ। ਹਰ ਇਨਸਾਨ ਨੇ ਇਸ ਧਰਤੀ ਤੇ ਪੈਦਾ ਹੋ ਕਿ ਆਪਣੇ ਦੇਸ਼, ਸਮਾਜ, ਧਾਰਮਿਕ ਫਿਰਕੇ ਦੀ ਪ੍ਰੰਪਰਾ ਅਨੁਸਾਰ ਭਾਸ਼ਾ ਦਾ ਗਿਆਨ ਹਾਸਿਲ ਕਰਕੇ ਹੀ ਬੋਲਣਾ, ਲਿਖਣਾ, ਪੜ੍ਹਨਾ ਆਦਿ ਸਿਖਿਆ ਹੁੰਦਾ ਹੈ। ਇਥੋਂ ਹੀ ਪੁਰਾਣੇ ਤਜ਼ਰਬਿਆਂ ਦੇ ਗਿਆਨ ਨਾਲ ਆਪਣੀ ਬੁੱਧੀ ਵਿਕਸਤ ਕਰਕੇ ਸਮੇਂ ਦੇ ਹਾਲਾਤਾਂ ਅਨੁਸਾਰ ਆਪਣੀ ਵਿਚਾਰਧਾਰਾ ਬਣਾਈ ਹੁੰਦੀ ਹੈ। ਅਸੀਂ ਦੁਨੀਆਂ ਭਰ ਦੇ ਮਹਾਨ ਪੁਰਸ਼ਾਂ ਜਾਂ ਅਗਾਂਹਵਧੂ ਸੋਚ ਦੇ ਲੋਕਾਂ ਦੇ ਗਿਆਨ ਜਾਂ ਤਜ਼ਰਬਿਆਂ ਤੋਂ ਲਾਭ ਉਠਾ ਕੇ ਨਾ ਸਿਰਫ ਆਪਣਾ ਅੱਜ ਸਵਾਰ ਸਕਦੇ ਹਾਂ, ਸਗੋਂ ਉਸਾਰੂ ਸੋਚ ਨਾਲ ਅੱਗੇ ਵਧ ਸਕਦੇ ਹਾਂ ਤਾਂ ਹੀ ਸਮਾਜ ਤਰੱਕੀ ਕਰ ਸਕਦਾ ਹੈ ਤੇ ਇਹ ਦੁਨੀਆਂ ਹੋਰ ਖੂਬਸੂਰਤ ਹੋ ਸਕਦੀ ਹੈ। ਜੇ ਅਸੀਂ ਪਿਛਲੇ ਗਿਆਨ ਤੋਂ ਅੱਗੇ ਨਹੀਂ ਤੁਰਾਂਗੇ ਤਾਂ ਸਾਡਾ ਤੇ ਅਗਲੀਆਂ ਪੀੜ੍ਹੀਆਂ ਦਾ ਮਾਨਸਿਕ ਵਿਕਾਸ ਨਹੀਂ ਹੋ ਸਕੇਗਾ। ਹਰ ਪੈਗੰਬਰ, ਇਨਕਲਾਬੀ ਪੁਰਸ਼ ਇੱਕ ਨਵੀਂ ਵਿਚਾਰਧਾਰਾ ਮਨੁੱਖਤਾ ਨੂੰ ਦਿੰਦਾ ਰਿਹਾ ਹੈ, ਪਰ ਅਸੀਂ ਜਿਸ ਫਿਰਕੇ ਵਿੱਚ ਪੈਦਾ ਹੁੰਦੇ ਹਾਂ, ਉਸੇ ਫਿਰਕੇ ਦੇ ਪੁਜਾਰੀ ਦੀਆਂ ਮਰਿਯਾਦਾਵਾਂ ਦੇ ਬੰਧਨਾਂ ਵਿੱਚ ਫਸੇ ਨਾ ਤੇ ਉਸ ਫਿਰਕੇ ਤੋਂ ਪਹਿਲੇ ਪੈਗੰਬਰਾਂ ਦਾ ਗਿਆਨ ਹਾਸਿਲ ਕਰਦੇ ਹਾਂ ਤੇ ਨਾ ਹੀ ਬਾਅਦ ਵਿੱਚ ਹੋਏ ਪੈਗੰਬਰਾਂ ਦਾ, ਸਾਨੂੰ ਸਿਰਫ ਇਹੀ ਸਿਖਾਇਆ ਜਾਂਦਾ ਹੈ ਕਿ ਸਾਡੇ ਗੁਰੂ ਜਾਂ ਪੈਗੰਬਰ ਦਾ ਗਿਆਨ ਹੀ ਸੱਚਾ ਤੇ ਆਖਰੀ ਗਿਆਨ ਹੈ, ਨਾ ਇਸ ਤੋਂ ਪਹਿਲਾਂ ਕੁੱਝ ਸੱਚ ਸੀ ਤੇ ਨਾ ਹੀ ਅੱਗੇ ਹੋਵੇਗਾ। ਇਹੀ ਵਜ੍ਹਾ ਹੈ ਕਿ ਫਿਰਕਿਆਂ ਦੀ ਸੋਚ ਵਿੱਚ ਬੱਝਾ ਮਨੁੱਖ ਵੱਖਰੀ ਸੋਚ ਵਾਲਿਆਂ ਨਾਲ ਨਫਰਤ ਕਰਦਾ ਹੈ, ਆਪਣੇ ਫਿਰਕੇ ਦੇ ਪ੍ਰਸਾਰ ਲਈ ਬੇਗੁਨਾਹਾਂ ਦੀ ਜਾਨ ਲੈਂਦਾ ਹੈ। ਅਜਿਹੀ ਸੋਚ ਵਾਲਾ ਵਿਅਕਤੀ ਸਰਬੱਤ ਦੇ ਭਲੇ ਬਾਰੇ ਸੋਚ ਹੀ ਨਹੀਂ ਸਕਦਾ। ਆਉ ਫਿਰਕਿਆਂ ਦੀ ਸੋਚ ਤੋਂ ਆਜ਼ਾਦ ਹੋਈਏ ਤੇ ਮਨੁੱਖਤਾ ਦੇ ਭਲੇ ਦਾ ਜਿਥੋਂ ਵੀ ਗਿਆਨ ਮਿਲਦਾ ਹੋਵੇ ਲੈ ਕੇ ਆਪਣਾ ਤੇ ਮਨੁੱਖਤਾ ਦਾ ਭਲਾ ਕਰੀਏ ਤੇ ਨਕਲੀ ਧਰਮਾਂ ਦੀ ਫਿਰਕੂ ਸੋਚ ਤੋਂ ਆਜ਼ਾਦ ਹੋਈਏ।
(ਚਲਦਾ)
.