.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਸ਼ੂਮ ਦਾ ਸੰਕਲਪ

ਸ਼ੂਮ ਅਰਬੀ ਦਾ ਸ਼ਬਦ ਹੈ। ਫ਼ਾਰਸੀ ਵਿੱਚ ਸ਼ੂਮ ਸ਼ਬਦ ਬਦ ਜਾਂ ਬੁਰੇ ਸ਼ਗਨ ਦੇ ਭਾਵਾਰਥ ਵਿੱਚ ਵਰਤਿਆ ਜਾਂਦਾ ਹੈ ਪਰੰਤੂ ਪੰਜਾਬੀ ਵਿੱਚ ਇਹ ਕੰਜੂਸ ਦੇ ਅਰਥ ਵਿੱਚ ਵਰਤਿਆ ਜਾਂਦਾ ਹੈ। ਸ਼ੂਮ ਉਸ ਵਿਅਕਤੀ ਨੂੰ ਕਹਿੰਦੇ ਹਨ ਜਿਹੜਾ ਧਨ ਦੇ ਹੁੰਦਿਆਂ ਵੀ ਦਲਿੱਦਰਤਾ ਦੀ ਜ਼ਿੰਦਗੀ ਬਸਰ ਕਰਦਾ ਹੈ। ਸ਼ੂਮ ਸਿਵਾਏ ਹੋਰ ਧਨ ਕਮਾਉਣ ਦੀ ਭਾਵਨਾ ਦੇ, ਕਿਸੇ ਵੀ ਹੋਰ ਸ਼ੈ ਲਈ ਧਨ ਖ਼ਰਚਣਾ ਪਸੰਦ ਨਹੀਂ ਕਰਦਾ। ਸ਼ੂਮ ਦੂਜਿਆਂ ਲਈ ਹੀ ਨਹੀਂ ਸਗੋਂ ਆਪਣੇ ਲਈ ਵੀ ਧਨ ਖ਼ਰਚਣ ਤੋਂ ਸੰਕੋਚ ਕਰਦਾ ਹੈ। ਸ਼ੂਮ ਆਪਣੇ ਪਾਸ ਜਮ੍ਹਾਂ ਹੋਏ ਧਨ ਤੋਂ ਕੋਈ ਲਾਭ ਨਹੀਂ ਉਠਾਉਂਦਾ, ਇਸ ਲਈ ਉਸ ਦੇ ਹਿੱਸੇ ਧਨ ਦੀ ਰਖਵਾਲੀ ਹੀ ਆਈ ਹੈ, ਮਾਲਕੀ ਨਹੀਂ। ਧਨ ਪ੍ਰਤੀ ਇਹੋ-ਜਿਹੀ ਧਾਰਨਾ ਕਾਰਨ ਹੀ ਇਹ ਕਿਹਾ ਜਾਂਦਾ ਹੈ ਕਿ ਸ਼ੂਮ ਉਹ ਬਦਨਸੀਬ ਵਿਅਕਤੀ ਹੈ ਜੋ ਧਨ ਜਮ੍ਹਾਂ ਕਰਦਾ ਰਹਿੰਦਾ ਹੈ ਪਰ ਖ਼ਰਚਦਾ ਨਹੀਂ। ਸ਼ੂਮ ਦੀ ਆਪਣੇ ਪ੍ਰਾਣਾਂ ਨਾਲੋਂ ਵੀ ਧਨ `ਤੇ ਵਧੀਕ ਪਕੜ ਹੁੰਦੀ ਹੈ, ਇਹ ਪਕੜ ਸ਼ੂਮ ਨੂੰ ਹੱਦ ਵੱਧ ਲਾਲਚੀ ਬਣਾ ਦੇਂਦੀ ਹੈ। ਇਹੋ-ਜਿਹੀ ਸੋਚ ਦਾ ਮਾਲਕ ਭੌਤਿਕਵਾਦੀ ਬਣ ਜਾਂਦਾ ਹੈ, ਜਿਸ ਕਾਰਨ ਉਹ ਸਮਾਜ ਤੇ ਪਰਵਾਰ ਨਾਲੋਂ ਵੱਖ ਹੋ ਕੇ, ਨੀਰਸ ਜ਼ਿੰਦਗੀ ਬਸਰ ਕਰਦਾ ਹੈ। ਅਜਿਹੇ ਵਿਅਕਤੀ ਲਈ ਧਨ ਹੀ ਮਹੱਤਵ ਪੂਰਨ ਹੁੰਦਾ ਹੈ, ਇਸ ਲਈ ਉਹ ਦੂਜਿਆਂ ਦੀਆਂ ਪ੍ਰੇਸ਼ਾਨੀਆਂ ਸਮਝਣ `ਚ ਅਸਮਰਥ ਹੋ ਜਾਂਦਾ ਹੈ। ਐਸਾ ਪ੍ਰਾਣੀ ਇਤਨਾ ਤੰਗ-ਦਿਲ ਹੁੰਦਾ ਹੈ ਕਿ ਉਹ ਲੋੜ ਵੇਲੇ ਵੀ ਕਿਸੇ ਦੀ ਲੋੜ ਨੂੰ ਪੂਰਿਆਂ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਐਸੇ ਵਿਅਕਤੀ ਲਈ ਸੇਵਾ ਆਦਿ ਸ਼ਬਦ ਬੇਮਾਅਨੇ ਹੋ ਕੇ ਰਹਿ ਜਾਂਦੇ ਹਨ।
ਸ਼ੂਮ ਜੇਕਰ ਰੱਬ ਨੂੰ ਚੇਤੇ ਕਰਦਾ ਹੈ ਤਾਂ ਇਸ ਖ਼ਿਆਲ ਨਾਲ ਨਹੀਂ ਕਿ ਉਸ ਨੇ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੈ ਬਲਕਿ ਇਸ ਲਈ ਕਿ ਪਰਮਾਤਮਾ ਉਸ ਨੂੰ ਧਨ ਦੀ ਹੋਰ ਬਖ਼ਸ਼ਸ਼ ਕਰੇ:-
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ॥ ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ॥ (ਪੰਨਾ 1426) ਅਰਥ:- ਹੇ ਭਾਈ! (ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ। ਉਹ ਪਰਮਾਤਮਾ (ਜੋ ਸਭ ਕੁੱਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿੱਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿੱਚ ਹੀ ਨਹੀਂ।
(ਭਾਵੇਂ ਰੱਬ ਨੂੰ ਯਾਦ ਕਰਨ ਵਾਲਿਆਂ `ਚੋਂ ਬਹੁਤਿਆਂ ਭਗਤਾਂ ਦਾ ਵੀ ਪਰਮਾਤਮਾ ਨੂੰ ਯਾਦ ਕਰਨ ਦਾ ਮਨੋਰਥ ਰੱਬ ਨੂੰ ਮਿਲਣਾ ਅਥਵਾ ਰੱਬੀ ਗੁਣਾਂ ਨੂੰ ਆਪਣੇ ਅੰਦਰ ਕਰਨਾ ਨਹੀਂ ਹੈ। ਆਮ ਮਨੁੱਖ ਡਰ ਜਾਂ ਲਾਲਚ ਕਾਰਨ ਹੀ ਪਰਮਾਤਮਾ ਨੂੰ ਚੇਤੇ ਕਰਦਾ ਹੈ। ਅਸੀਂ ਚੂੰਕਿ ਵਿਸ਼ੇਸ਼ ਤੌਰ `ਤੇ ਸ਼ੂਮ ਸੰਬੰਧੀ ਚਰਚਾ ਕਰ ਰਹੇ ਹਾਂ, ਇਸ ਲਈ ਸ਼ੂਮ ਦੀ ਹੀ ਗੱਲ ਕਰ ਰਹੇ ਹਾਂ)
ਸ਼ੂਮ ਦੇ ਸਮਾਨਾਰਥ ਸ਼ਬਦ ਹਨ: ਕੰਜੂਸ, ਕਿਰਪਨ, ਸੰਜਮੀ, ਕਿਰਸੀ ਅਤੇ ਸਰਫ਼ਾ ਕਰਨ ਵਾਲਾ। ਸ਼ੂਮ ਨੂੰ ਮੱਖੀ ਚੂਸ ਵੀ ਕਹਿੰਦੇ ਹਨ।
ਭਾਵੇਂ ਕਈ ਵਾਰ ਸਰਫ਼ਾਖ਼ੋਰੀ/ਸੰਜਮਮਈ ਜ਼ਿੰਦਗੀ ਗੁਜ਼ਾਰਨ ਵਾਲੇ ਨੂੰ ਵੀ ਸ਼ੂਮ ਕਿਹਾ ਜਾਂਦਾ ਹੈ, ਪਰੰਤੂ ਸਰਫ਼ਾ ਕਰਨ ਜਾਂ ਸੰਜਮੀ ਮਨੁੱਖ ਸ਼ੂਮ ਨਹੀਂ ਹੁੰਦਾ ਹੈ। ਸਰਫ਼ਾ ਜਾਂ ਸੰਜਮ ਕਰਨ ਵਾਲਾ ਪ੍ਰਾਣੀ ਧਨ ਦੇ ਰਖਵਾਲੇ ਦੀ ਹੈਸੀਅਤ ਵਿੱਚ ਨਹੀਂ ਬਲਕਿ ਮਾਲਕ ਦੀ ਹੈਸੀਅਤ ਵਿੱਚ ਵਿਚਰਦਾ ਹੈ। ਹਾਂ, ਇਹ ਜ਼ਰੂਰ ਹੈ ਕਿ ਇਹੋ-ਜਿਹਾ ਵਿਅਕਤੀ `ਚਾਦਰ ਦੇਖ ਕੇ ਪੈਰ ਪਸਾਰਨ’ `ਚ ਵਿਸ਼ਵਾਸ ਰੱਖਦਾ ਹੈ। ਉਹ ਭਵਿੱਖ ਨੂੰ ਸੁਰੱਖਿਅਤ ਬਣਾਉਣ ਨਾਲ ਸੰਕੋਚ ਨਾਲ ਖ਼ਰਚ ਕਰਕੇ, ਕੁੱਝ ਨਾ ਕੁੱਝ ਬਚਾਉਣ ਦੀ ਭਾਵਨਾ ਨਾਲ ਜਮ੍ਹਾਂ ਕਰਦਾ ਹੈ। ਸੰਜਮ ਨਾਲ ਖ਼ਰਚ ਕਰਨ ਵਾਲਾ ਵਿਅਕਤੀ ਆਪਣੇ ਜਾਂ ਦੂਜਿਆਂ ਦੇ ਜੀਵਨ ਵਿੱਚ (ਧਨ ਨਾਲ ਦੂਰ ਹੋ ਸਕਣ ਵਾਲੀਆਂ) ਅਚਨਚੇਤੀ ਆਈਆਂ ਮੁਸ਼ਕਲਾਂ ਨੂੰ ਸਹਿਜੇ ਹੀ ਦੂਰ ਕਰਨ ਵਿੱਚ ਕਾਮਯਾਬ ਹੁੰਦਾ ਹੈ।
ਸ਼ਰਫ਼ਾ ਕਰਨ ਵਾਲਿਆਂ ਪ੍ਰਤੀ ਜਦੋਂ ਇਹ ਅਖਾਣ ਵਰਤਿਆ ਜਾਂਦਾ ਹੈ ਕਿ, ‘ਸਰਫ਼ਾ ਕਰ ਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ’, ਤਾਂ ਇਹ ਅਖਾਣ ਤਦੋਂ ਹੀ ਵਰਤਿਆ ਜਾਂਦਾ ਹੈ ਜਦੋਂ ਮਨੁੱਖ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਸਰਫ਼ਾਖ਼ੋਰ ਜਾਂ ਸੰਜਮੀ ਮਨੁੱਖ ਦੇ ਬੱਚਤ ਕਰਨ ਵਾਲੇ ਸੁਭਾਅ ਨੂੰ ਨਕਾਰਾਤਮ ਰੂਪ ਵਿੱਚ ਪੇਸ਼ ਨਹੀਂ ਕੀਤਾ ਗਿਆ ਹੈ।
ਗੁਰਬਾਣੀ ਵਿੱਚ ‘ਸਰਫੈ’ ਸ਼ਬਦ ਦੀ ਵਰਤੋਂ ਹੋਈ ਹੋਈ ਹੈ:-ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ॥ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ॥ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ॥ ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ॥ (ਪੰਨਾ 1412) ਅਰਥ:- ਹੇ ਭਾਈ! (ਲੰਮੀ) ਉਮਰ ਭੋਗ ਭੋਗ ਕੇ ਭੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ। ਨਾਹ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ (ਇੱਥੋਂ) ਤੁਰਦਾ ਹੈ (ਨਾਹ ਹੀ ਕੋਈ ਇਹ ਆਖਦਾ ਹੈ ਕਿ ਹੁਣ ਮੇਰੇ ਕੰਮ-ਧੰਧੇ ਮੁੱਕ ਗਏ ਹਨ)। ਹੇ ਭਾਈ! ਆਤਮਕ ਜੀਵਨ ਸੂਝ ਵਾਲਾ ਮਨੁੱਖ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ (ਸਦਾ ਆਪਣੀ ਸੁਰਤਿ ਪਰਮਾਤਮਾ ਦੀ ਯਾਦ ਵਿੱਚ ਜੋੜੀ ਰੱਖਦਾ ਹੈ) (ਪਰਮਾਤਮਾ ਵਿਚ) ਸੁਰਤਿ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ (ਲੋਕ ਪਰਲੋਕ ਵਿਚ) ਇੱਜ਼ਤ ਹੁੰਦੀ ਹੈ। ਪਰ, ਹੇ ਨਾਨਕ! (ਮਾਇਆ-ਵੇੜ੍ਹੇ ਮਨੁੱਖ ਦੀ ਉਮਰ) ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿੱਚ ਹੀ ਬੀਤ ਜਾਂਦੀ ਹੈ (ਸਰਫ਼ਿਆਂ-ਮਾਰੇ ਮਨੁੱਖ ਨੂੰ ਭੀ ਮੌਤ) ਉਸ ਦੀ ਸਲਾਹ ਪੁੱਛਣ ਤੋਂ ਬਿਨਾ ਹੀ ਇੱਥੋਂ ਲੈ ਤੁਰਦੀ ਹੈ। ਕਿਸੇ ਦੀ ਭੀ ਪੇਸ਼ ਨਹੀਂ ਜਾ ਸਕਦੀ।
ਇਸ ਫ਼ਰਮਾਨ ਵਿੱਚ ਹਜ਼ੂਰ ਧਨ ਦਾ ਸਰਫ਼ਾ ਕਰਨ ਵਾਲਿਆਂ ਦਾ ਨਹੀਂ ਸਗੋਂ ਜੀਵਨ ਦੇ ਆਦਰਸ਼ ਨੂੰ ਅੱਖੋਂ ਪਰੋਖਿਆਂ ਕਰਕੇ ਜੀਵਨ ਗੁਜ਼ਾਰਨ ਵਾਲਿਆਂ ਦਾ ਜ਼ਿਕਰ ਕਰਕੇ ‘ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ’ ਦਾ ਸੰਦੇਸ਼ ਦੇ ਰਹੇ ਹਨ।
ਇਸੇ ਤਰ੍ਹਾਂ ਕਿਰਸੀ ਸ਼ਬਦ ਸੰਬੰਧੀ ਵੀ ਕਿਹਾ ਜਾ ਸਕਦਾ ਹੈ। ਇਸ ਦਾ ਭਾਵ ਵੀ ਲੀਚੜਪੁਣਾ ਨਹੀਂ ਬਲਕਿ ਧਨ ਨੂੰ ਸੰਜਮ ਨਾਲ ਖ਼ਰਚ ਕਰਨ ਵਾਲੇ ਮਨੁੱਖ ਤੋਂ ਹੈ। ਸੰਜਮੀ ਜਾਂ ਕਿਰਸੀ ਮਨੁੱਖ ਸ਼ੂਮ ਵਾਂਗ ਧਨ ਨੂੰ ਹੀ ਮਾਈ-ਬਾਪ ਸਮਝਣ ਵਾਲਾ ਨਹੀਂ ਹੁੰਦਾ ਹੈ। ਸ਼ੂਮ ਤਾਂ ਧਨ ਨੂੰ ਹਿੱਕ ਨਾਲ ਹੀ ਲਾ ਕੇ ਰੱਖਣ ਵਿੱਚ ਵਿਸ਼ਵਾਸ ਰੱਖਦਾ ਹੈ। ਸੰਜਮੀ ਮਨੁੱਖ ਤਾਂ ਇਸ ਲਈ ਸੰਜਮ ਤੋਂ ਕੰਮ ਲੈਂਦਾ ਹੈ ਤਾਂ ਕਿ ਭਵਿੱਖ ਲਈ ਅਥਵਾ ਲੋੜ ਵੇਲੇ ਇਸ ਦੀ ਵਰਤੋਂ ਕੀਤੀ ਜਾ ਸਕੇ। ਸ਼ੂਮ ਬਾਰੇ ਤਾਂ ਇਹ ਪ੍ਰਚਲਤ ਹੈ ਕਿ `ਚਮੜੀ ਜਾਏ ਪਰ ਦਮੜੀ ਨਾ ਜਾਏ’
ਸ਼ੂਮ ਬਾਰੇ ਕਈ ਮਨੌਤਾਂ ਪ੍ਰਚਲਤ ਹਨ, ਜਿਵੇਂ:-
(1) ਸੌਣ ਲਗਯੋ ਜਬ ਰੈਨ ਮੇ ਸੂਮ ਕੋ, ਤਾਂਹਿ ਸਮੇ ਸੁਪਨਾ ਅਯੋ ਭਯੋ, ਆਨ ਅਸੀਸ ਕਰੀ ਦਿਜ ਨੇ ਇਮ, “ਰਾਜਿ ਰਖੈ ਤੁਮ ਕੋ ਜਗ ਮੈਯਾ,” ਦੇਨ ਲਗਯੋ ਤਬ ਏਕ ਰੁਪੈਯਾ, ਸੁ ਤਾਂਹਿ ਸਮੇ ਅਖਿਯਾਂ ਖੁਲ ਗੈਯਾ, ਆਹ! ਰੇ ਦੈਯਾ ਕਹਾਂ ਕਰ ਦੈਯਾ! ਜੁ ਜਾਗ ਨ ਆਤੀ ਤੋ ਜਾਤ ਰੁਪੈਯਾ।
(2) ਕਿਰਪਨ ਅਪਨੀ ਯੁਵਤਿ (ਜਵਾਨ ਇਸਤ੍ਰੀ) ਸੋਂ ਰਤਿ ਮਾਨਤ ਅਲਸਾਯ। ਮਤ ਕਹੁੰ ਪੁਤ੍ਰ ਉਦਾਰ ਹੁਐ ਦੈਹੈ ਦ੍ਰਵਯ (ਧਨ) ਲੁਟਾਯ।
ਸ਼ੂਮ ਬਾਰੇ ਕਈ ਅਖਾਣ ਵੀ ਪ੍ਰਚਲਤ ਹਨ, ਜਿਵੇਂ:- ‘ਸ਼ੂਮ ਖੱਟੇ ਧਰਤੀ ਖਾਵੇ।’
ਜਾਂ, ‘ਸ਼ੂਮਾਂ ਦੀਆਂ ਖੱਟੀਆਂ ਕੁੱਝ ਖਾ ਗਏ ਕੁੱਤੇ, ਕੁੱਝ ਖਾ ਗਈਆਂ ਕੁੱਤੀਆਂ।’
ਸ਼ੂਮ ਬਾਰੇ ਜੋ ਵੀ ਇਸ ਤਰ੍ਹਾਂ ਦੀ ਧਾਰਨਾਵਾਂ ਪ੍ਰਚਲਤ ਹਨ, ਇਹਨਾਂ ਵਿੱਚ ਸਚਾਈ ਹੈ ਪਰ ਸ਼ੂਮਾਂ ਬਾਰੇ ਇੱਕ ਵਿਦਵਾਨ ਦੇ ਇਸ ਕਥਨ ਵਿੱਚ ਸਚਾਈ ਨਹੀਂ ਹੈ ਕਿ ‘ਕ੍ਰਿਪਨ ਦੇ ਅੰਤ ਸਮੇਂ ਸੁਆਸ ਬੜੀ ਔਖਿਆਈ ਨਾਲ ਨਿਕਲਦੇ ਹਨ।’ ਇਹ ਤਾਂ ਹੋ ਸਕਦਾ ਹੈ ਕਿਸੇ ਸ਼ੂਮ ਦੇ ਪ੍ਰਾਣ ਬੜੀ ਔਖਿਆਈ ਨਾਲ ਨਿਕਲੇ ਹੋਣ, ਪਰ ਇਸ ਵਿੱਚ ਸਚਾਈ ਨਹੀਂ ਹੈ ਕਿ ਸਾਰੇ ਹੀ ਸ਼ੂਮਾਂ ਦੇ ਪ੍ਰਾਣ ਔਖਿਆਈ ਨਾਲ ਨਿਕਲਦੇ ਹਨ। ਕਈ ਮਹਾਨ ਪਰਉਪਕਾਰੀਆਂ ਦਾ ਅੰਤ ਵੀ ਬਹੁਤ ਭਿਆਨਕ ਹੁੰਦਾ ਹੈ।
ਇਸੇ ਤਰ੍ਹਾਂ ਸ਼ੂਮਾਂ ਬਾਰੇ ਪ੍ਰਚਲਤ ਇਸ ਕਥਨ ਵਿੱਚ ਵੀ ਸਚਾਈ ਨਹੀਂ ਹੈ ਕਿ ‘ਸ਼ੂਮ ਦੀ ਔਲਾਦ ਵੀ ਕ੍ਰਿਪਨ ਹੁੰਦੀ ਹੈ’ ਪਰ ਇਹ ਜ਼ਰੂਰੀ ਨਹੀਂ ਹੈ ਹਰੇਕ ਸ਼ੂਮ ਦੀ ਸੰਤਾਨ ਵੀ ਸ਼ੂਮ ਹੀ ਹੋਵੇਗੀ। ਕਈ ਮਹਾਂ ਦਾਨੀਆਂ ਦੀ ਸੰਤਾਨ ਵੀ ਸ਼ੂਮ ਹੋ ਸਕਦੀ ਹੈ ਅਤੇ ਕਈ ਸ਼ੂਮਾਂ ਦੀ ਸੰਤਾਨ ਵੀ ਪਰਉਪਕਾਰੀ ਬ੍ਰਿਤੀ ਦਾ ਮਾਲਕ ਹੋ ਸਕਦੀ ਹੈ। ਜ਼ਿਆਦਾਤਰ ਇਕੋ ਪਰਵਾਰ ਨਾਲ ਸੰਬੰਧ ਰੱਖਣ ਵਾਲੇ ਭੈਣਾਂ ਭਰਾਵਾਂ ਦਾ ਆਪਣ ਵਿੱਚ ਸੁਭਾਅ ਨਹੀਂ ਮਿਲਦਾ ਹੈ। ਕੋਈ ਸ਼ੂਮ ਹੁੰਦਾ ਹੈ ਅਤੇ ਕੋਈ ਦਾਨੀ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਸ਼ੂਮ ਅਤੇ ਇਸ ਵਲੋਂ ਜਮ੍ਹਾਂ ਕੀਤੇ ਹੋਏ ਧਨ ਦਾ ਕਈ ਥਾਈਂ ਦ੍ਰਿਸ਼ਟਾਂਤ ਦਿੱਤਾ ਹੋਇਆ ਹੈ। ਜਿਵੇਂ:-
(ੳ) ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ॥ ਜਿਉ ਕਿਰਪਨ ਕੇ ਨਿਰਾਰਥ ਦਾਮ॥ (ਪੰਨਾ 269) ਅਰਥ:-ਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ, (ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁੱਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।
(ਇਸ ਫ਼ਰਮਾਨ ਵਿੱਚ ਹਜ਼ੂਰ ਨੇ ਮੁੱਖ ਰੂਪ ਵਿੱਚ ਇਹ ਦਰਸਾਇਆ ਹੈ ਕਿ ਪ੍ਰਭੂ ਦੇ ਗੁਣ ਅਪਣਾਉਣ ਤੋਂ ਬਿਨਾਂ ਮਨੁੱਖ ਦੇ ਸਾਰੇ ਧਰਮ ਕਰਮ ਆਦਿ ਵਿਅਰਥ ਹਨ। ਭਾਵ, ਰਸਮੀ ਧਰਮ ਕਰਮ ਮਨੁੱਖ ਨੂੰ ਜੀਵਨ ਆਦਰਸ਼ ਤੀਕ ਅਪੜਾਉਣ ਵਿੱਚ ਸਹਾਇਕ ਨਹੀਂ ਹੁੰਦੇ ਹਨ। ਰੱਬੀ ਗੁਣਾਂ ਨੂੰ ਅਪਣਾਉਣ ਤੋਂ ਬਿਨਾਂ ਮਨੁੱਖ ਦੇ ਰਸਮੀ ਧਰਮ ਕਰਮ ਇਸ ਤਰ੍ਹਾਂ ਹੀ ਵਿਅਰਥ ਚਲੇ ਜਾਂਦੇ ਹਨ ਜਿਸ ਤਰ੍ਹਾਂ ਸ਼ੂਮ ਦਾ ਜੋੜਿਆ ਹੋਇਆ ਧਨ ਉਸ ਦੇ ਕੰਮ ਨਹੀਂ ਆਉਂਦਾ ਹੈ।)
(ਅ) ਕਿਰਪਨ ਕਉ ਅਤਿ ਧਨ ਪਿਆਰੁ॥ ਹਰਿ ਜਨ ਕਉ ਹਰਿ ਹਰਿ ਆਧਾਰੁ॥ (ਪੰਨਾ 1180) ਅਰਥ:- ਸ਼ੂਮ ਨੂੰ ਧਨ ਦਾ ਬਹੁਤ ਲੋਭ ਹੁੰਦਾ ਹੈ। (ਤਿਵੇਂ) ਪਰਮਾਤਮਾ ਦੇ ਭਗਤ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ।
(ਇਸ ਫ਼ਰਮਾਨ ਵਿੱਚ ਸਤਿਗੁਰੂ ਜੀ ਇਹ ਗੱਲ ਸਮਝਾ ਰਹੇ ਹਨ ਕਿ ਪ੍ਰਭੂ ਦੇ ਸੱਚੇ ਸੇਵਕ ਹਰ ਸਮੇਂ ਹਰਿ ਨਾਮ ਨੂੰ ਪਿਆਰ ਕਰਦੇ ਹਨ। ਜਿਸ ਤਰ੍ਹਾਂ ਸ਼ੂਮ ਨੂੰ ਧਨ ਨਾਲੋਂ ਕੋਈ ਹੋਰ ਵਧੀਕ ਪਿਆਰਾ ਨਹੀਂ ਹੁੰਦਾ, ਇਸੇ ਤਰ੍ਹਾਂ ਪ੍ਰਭੂ ਦੇ ਦਾਸ ਨੂੰ ਪਰਮਾਤਮਾ ਨਾਲੋਂ ਕੋਈ ਹੋਰ ਵਧੀਕ ਪਿਆਰਾ ਨਹੀਂ ਹੁੰਦਾ ਹੈ।)
(ੲ) ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ॥ ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ॥ 1॥ . . ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ॥ ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ॥ 3॥ (ਪੰਨਾ 712)
ਅਰਥ:- (ਹੇ ਭਾਈ! ਜੀਵਨ-ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਸ਼ੂਮ ਦੌੜ-ਭੱਜ ਕਰ ਕਰ ਕੇ ਮੇਹਨਤ ਕਰਦਾ ਹੈ, ਮਾਇਆ ਜੋੜਦਾ ਹੈ, (ਪਰ ਉਸ ਮਾਇਆ ਨਾਲ) ਉਹ ਦਾਨ-ਪੁੰਨ ਨਹੀਂ ਕਰਦਾ, ਸੰਤ ਜਨਾਂ ਦੀ ਸੇਵਾ ਭੀ ਨਹੀਂ ਕਰਦਾ। ਉਹ ਧਨ ਉਸ ਦੇ ਕਿਸੇ ਭੀ ਕੰਮ ਨਹੀਂ ਆਉਂਦਾ। 1. . .
(ਨਾਮ-ਹੀਣ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਮਨੁੱਖ ਸਾਰਾ ਦਿਨ (ਇਹ) ਮਜੂਰੀ ਕਰਦਾ ਹੈ (ਕਿ) ਮੂਹਲੀ ਨਾਲ ਤੁਹ ਹੀ ਛੜਦਾ ਰਹਿੰਦਾ ਹੈ (ਜਾਂ) ਕਿਸੇ ਵਿਗਾਰੀ ਨੂੰ (ਵਿਗਾਰ ਵਿੱਚ ਨਿਰਾ) ਕਸ਼ਟ ਹੀ ਮਿਲਦਾ ਹੈ। (ਮਜੂਰ ਦੀ ਮਜੂਰੀ ਜਾਂ ਵਿਗਾਰ ਦੀ ਵਿਗਾਰ ਵਿਚੋਂ) ਉਹਨਾਂ ਦੇ ਆਪਣੇ ਕੰਮ ਕੁੱਝ ਭੀ ਨਹੀਂ ਆਉਂਦਾ।
(ਇਸ ਫ਼ਰਮਾਨ ਵਿੱਚ ਗੁਰਦੇਵ ਸ਼ੂਮ ਦੀ ਅਭਾਗਤਾ ਵਲ ਧਿਆਨ ਦੁਵਾਉਂਦੇ ਹਨ। ਸ਼ੂਮ ਵਲੋਂ ਜਮ੍ਹਾਂ ਕੀਤੇ ਹੋਏ ਧਨ ਨਾਲ ਨਾ ਤਾਂ ਉਹ ਆਪ ਲਾਭ ਉਠਾਉਂਦਾ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਇਸ ਨਾਲ ਲਾਭ ਹੁੰਦਾ ਹੈ। ਉਹ ਕੇਵਲ ਧਨ ਜੋੜਨ ਦਾ ਕਸ਼ਟ ਹੀ ਉਠਾਉਂਦਾ ਹੈ। ਇਹੀ ਹਾਲ ਰਸਮੀ ਧਰਮ ਕਰਮ ਕਰਨ ਵਾਲਿਆਂ ਦਾ ਹੈ।)
ਇਹਨਾਂ ਉਪਰੋਕਤ ਫ਼ਰਮਾਨਾਂ ਵਿੱਚ ਸ਼ੂਮ ਦੇ ਜੀਵਨ ਦਾ ਇਹ ਪੱਖ ਬਿਆਨ ਕੀਤਾ ਹੈ ਜਿਸ ਵਿੱਚ ਉਹ ਧਨੀ ਹੁੰਦਾ ਹੋਇਆ ਵੀ ਕੰਗਾਲਾਂ ਵਾਂਗ ਜ਼ਿੰਦਗੀ ਗੁਜ਼ਾਰਦਾ ਹੈ। ਇਹੋ-ਜਿਹੀ ਜ਼ਿੰਦਗੀ ਗੁਜ਼ਾਰਦਾ ਹੋਇਆਂ ਸ਼ੂਮ ਨਾ ਤਾਂ ਆਪ ਧਨ ਤੋਂ ਲਾਭ ਉਠਾਉਂਦਾ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਲਾਭ ਉਠਾਉਂਣ ਦੇਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਸ਼ੂਮ ਦੀਆਂ ਧਾਰਨਾਵਾਂ ਦਾ ਜ਼ਿਕਰ ਕਰਦਿਆਂ ਉਸ ਦੀਆਂ ਮਨੌਤਾਂ ਸੰਬੰਧੀ ਇਸ ਤਰ੍ਹਾਂ ਫ਼ਰਮਾਇਆ ਹੈ:-
(ੳ) ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ॥ ਭਾੜੀ ਕਉ ਓਹੁ ਭਾੜਾ ਮਿਲਿਆ ਹ+ਰ ਸਗਲ ਭਇਓ ਬਿਰਾਨਾ॥ (ਪੰਨਾ 497) ਅਰਥ:- (ਹੇ ਭਾਈ! ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ (ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ।
(ਅ) ਸੂਮਹਿ ਧਨੁ ਰਾਖਨ ਕਉ ਦੀਆ, ਮੁਗਧੁ ਕਹੈ ਧਨੁ ਮੇਰਾ॥ ਜਮ ਕਾ ਡੰਡੁ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਿਬੇਰਾ॥ (ਪੰਨਾ 480) ਅਰਥ:- ਸ਼ੂਮ ਨੂੰ ਧਨ ਜੋੜ ਕੇ ਰੱਖਣ ਲਈ ਜੁੜਿਆ ਹੈ, (ਅਤੇ) ਮੂਰਖ (ਸ਼ੂਮ) ਆਖਦਾ ਹੈ—ਇਹ ਧਨ ਮੇਰਾ ਹੈ। (ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇੱਕ ਪਲਕ ਵਿੱਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿੱਚ ਇਹ ਧਨ ਕਿਸੇ ਦਾ ਭੀ ਨਹੀਂ)।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ੂਮ ਧਨ ਹੁੰਦਿਆਂ ਵੀ ਨਿਰਧਨਤਾ ਦਾ ਜੀਵਨ ਬਸਰ ਕਰਦਾ ਹੈ। ਆਪਣੇ ਧਨ ਨਾਲ ਨਾ ਤਾਂ ਉਹ ਆਪ ਕੋਈ ਲਾਭ ਉਠਾਉਂਦਾ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਲਾਭ ਪਹੁੰਚਾਉਂਦਾ ਹੈ। ਪਰ ਫਿਰ ਵੀ ਸ਼ੂਮ ਉਸ ਦਾਨੀ ਨਾਲੋਂ ਚੰਗਾ ਹੈ ਜੋ ਉਹਨਾਂ ਲੋਕਾਂ, ਸੰਸਥਾਵਾਂ, ਜਥੇਬੰਦੀਆਂ ਆਦਿ ਨੂੰ ਦਾਨ ਦਿੰਦਾ ਹੈ ਜਿਹੜੀਆਂ ਮਨੁੱਖਤਾ ਦਾ ਘਾਣ ਕਰ ਰਹੀਆਂ ਹਨ। ਉਦਹਾਰਣ ਵਜੋਂ ਕਿਸੇ ਦੰਭੀ ਪਾਖੰਡੀ ਆਦਿ ਨੂੰ ਦਿੱਤੇ ਹੋਏ ਦਾਨ ਨਾਲ ਇਹਨਾਂ ਲੋਕਾਂ ਵਲੋਂ ਜਿਹੋ-ਜਿਹੇ ਗੁਲ ਖਿਲਾਏ ਜਾ ਰਹੇ ਹਨ ਉਹਨਾਂ ਦੀ ਆਏ ਦਿਨ ਮੀਡੀਏ ਵਿੱਚ ਚਰਚਾ ਹੁੰਦੀ ਰਹਿੰਦੀ ਹੈ।
ਇਹੋ ਜਿਹੇ ਦਾਨੀਆਂ ਦੀ ਗਿਣਤੀ ਫ਼ਜ਼ੂਲ ਖ਼ਰਚ ਕਰਨ ਵਾਲਿਆਂ ਵਿੱਚ ਹੀ ਕੀਤੀ ਜਾਣੀ ਚਾਹੀਦਾ ਹੈ। ਸ਼ੂਮ ਦੇ ਧਨ ਬਾਰੇ ਇਤਨੀ ਕੁ ਸੰਭਾਵਨਾ ਹੈ ਕਿ ਉਸ ਦੇ ਜਾਣ ਮਗਰੋਂ ਉਸ ਦੇ ਵਾਰਸ ਸ਼ਾਇਦ ਉਸ ਦੀ ਯੋਗ ਵਰਤੋਂ ਕਰ ਸਕਣ।
ਸਿਆਣੇ ਪੁਰਸ਼ਾਂ ਸ਼ੂਮ ਦੀ ਇੱਕ ਗਲੋਂ ਜ਼ਰੂਰ ਸਿਫ਼ਤ ਕੀਤੀ ਹੋਈ ਹੈ; ਉਹ ਗੁਣ ਮੰਗਣ ਵਾਲੇ ਨੂੰ ਤੁਰੰਤ ਨਾ ਕਰਨ ਵਾਲਾ। ਇਸ ਲਈ ਹੀ ਸ਼ੂਮ ਨੂੰ ਉਸ ਸਖੀ ਮਨੁੱਖ ਤੋਂ ਜਿਹੜਾ ਕਿਸੇ ਦੀ ਲੋੜ ਨੂੰ ਪੂਰਿਆਂ ਕਰਨ ਦੀ ਥਾਂ ਕੇਵਲ ਲਾਰਾ ਹੀ ਲਾਈ ਰੱਖਦਾ ਹੈ:- ਸਖੀ ਨਾਲੋਂ ਸ਼ੂਮ ਚੰਗਾ ਜਿਹੜਾ ਤੁਰੰਤ ਦੇਵੇ ਜਵਾਬ।
ਸ਼ੂਮ ਨੂੰ ਉਹਨਾਂ ਦਾਨੀਆਂ ਤੋਂ ਵੀ ਚੰਗਾ ਕਿਹਾ ਜਾ ਸਕਦਾ ਹੈ ਜਿਹੜੇ ਐਸੀਆਂ ਸੰਸਥਾਵਾਂ ਜਾਂ ਲੋਕਾਂ ਨੂੰ ਦਾਨ ਦਿੰਦੇ ਹਨ ਜੋ ਮਨੁੱਖਤਾ ਦਾ ਘਾਣ ਕਰਨ ਵਾਲੇ ਹਨ। ਇਹੋ ਜਿਹੀਆਂ ਥਾਵਾਂ ਜਾਂ ਵਿਅਕਤੀਆਂ ਨੂੰ ਮਾਇਆ ਦੇ ਕੇ ਪਾਖੰਡ ਅਤੇ ਫ਼ਜ਼ੂਲ ਦੇ ਕਰਮ ਕਾਂਡਾਂ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਇਹ ਠੀਕ ਹੈ ਕਿ ਸ਼ੂਮ ਆਪਣੇ ਹੀ ਧਨ ਤੋਂ ਨਾ ਤਾਂ ਆਪ ਲਾਭ ਉਠਾਉਂਦਾ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਇਸ ਧਨ ਦਾ ਲਾਭ ਹੈ, ਪਰ ਸ਼ੂਮ ਘੱਟੋ-ਘੱਟ ਪਾਖੰਡ ਅਤੇ ਹਾਨੀਕਾਰਕ ਕਰਮ ਕਾਂਡਾਂ ਨੂੰ ਪ੍ਰਫੁੱਲਤ ਕਰਨ ਵਿੱਚ ਤਾਂ ਆਪਣਾ ਯੋਗਦਾਨ ਨਹੀਂ ਪਾਉਂਦਾ ਹੈ।
ਸ਼ੂਮ ਉਹਨਾਂ ਸਖੀਆਂ ਤੋਂ ਵੀ ਚੰਗਾ ਹੀ ਕਿਹਾ ਜਾ ਸਕਦਾ ਹੈ ਜਿਹੜੇ ਵਿਆਹ ਜਾਂ ਹੋਰ ਇਹੋ-ਜਿਹੇ ਮੌਕਿਆ `ਤੇ ਆਪਣੇ ਧਨ ਦੀ ਪਰਦਰਸ਼ਨੀ ਕਰਦਿਆਂ ਹੋਇਆਂ ਜਨ-ਸਾਧਾਰਨ ਦੇ ਜੀਵਨ ਨੂੰ ਨਰਕ ਬਣਾਉਣ ਦਾ ਕਾਰਨ ਬਣ ਜਾਂਦੇ ਹਨ। ਸ਼ੂਮ ਆਪਣੇ ਜੀਵਨ ਨੂੰ ਜ਼ਰੂਰ ਨਰਕ ਬਣਾ ਲੈਂਦਾ ਹੈ ਪਰ ਉਹ ਕੋਈ ਅਜਿਹਾ ਕਦਮ ਨਹੀਂ ਪੁਟਦਾ ਕਿ ਦੂਜੇ ਉਸ ਦੀ ਰੀਸ ਕਰਕੇ ਆਪਣੇ ਜੀਵਨ ਨੂੰ ਨਰਕ ਬਣਾ ਲੈਣ।
ਜਿਹੜਾ ਮਨੁੱਖ ਪਾਖੰਡ, ਬੇਈਮਾਨੀ, ਹੇਰਾਫੇਰੀ, ਦੂਜਿਆਂ ਦਾ ਹੱਕ ਮਾਰ ਕੇ ਜਾਂ ਵੱਢੀ ਆਦਿ ਲੈ ਕੇ ਉਸ ਵਿੱਚ ਕੁੱਝ ਦਾਨ ਪੁੰਨ ਕਰਕੇ ਦਾਨੀ ਬਣਿਆ ਹੋਇਆ ਹੈ, ਇਹੋ-ਜਿਹੇ ਦਾਨੀ ਨਾਲੋਂ ਵੀ ਸ਼ੂਮ ਚੰਗਾ ਹੈ ਜੇਕਰ ਉਹ ਧਨ ਬਟੋਰਨ ਲਈ ਇਹੋ-ਜਿਹੇ ਕਿਸੇ ਹਥਿਆਰ ਦੀ ਵਰਤੋਂ ਨਹੀਂ ਕਰ ਰਿਹਾ ਹੈ। ਖ਼ੈਰ।
ਗੁਰਬਾਣੀ ਵਿੱਚ ਸ਼ੂਮ ਸ਼ਬਦ ਉਪਰੋਕਤ ਅਰਥ ਤੋਂ ਇਲਾਵਾ ਇੱਕ ਹੋਰ ਭਾਵਾਰਥ ਵਿੱਚ ਵਰਤਿਆ ਗਿਆ ਹੈ। ਨਿਮਨ ਲਿਖਤ ਸ਼ਬਦ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
ਕਿਰਪਨ ਤਨ ਮਨ ਕਿਲਵਿਖ ਭਰੇ॥ ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ॥ 1॥ ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ॥ ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ॥ 1॥ ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ॥ ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ॥ 2॥ (ਪੰਨਾ 714) ਅਰਥ:- ਹੇ ਸ਼ੂਮ! (ਸੁਆਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾਹ ਖ਼ਰਚਣ ਦੇ ਕਾਰਨ ਤੇਰਾ) ਮਨ ਤੇ ਸਰੀਰ ਪਾਪਾਂ ਨਾਲ ਭਰੇ ਪਏ ਹਨ। ਹੇ ਸ਼ੂਮ! ਸਾਧ ਸੰਗਤਿ ਵਿੱਚ ਟਿਕ ਕੇ ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ। ਸਿਰਫ਼ ਉਹ ਪ੍ਰਭੂ ਹੀ ਇਹਨਾਂ ਪਾਪਾਂ ਉਤੇ ਪਰਦਾ ਪਾਣ ਦੇ ਸਮਰਥ ਹੈ। ਰਹਾਉ।
ਹੇ ਸ਼ੂਮ! (ਸਿਮਰਨ ਤੋਂ ਸੁੰਞਾ ਰਹਿਣ ਦੇ ਕਾਰਨ ਤੇਰੇ ਸਰੀਰ-ਰੂਪੀ) ਜਹਾਜ ਵਿੱਚ ਅਨੇਕਾਂ ਛੇਕ ਪੈ ਗਏ ਹਨ, (ਸਿਮਰਤ ਤੋਂ ਬਿਨਾ ਕਿਸੇ ਹੋਰ ਤਰੀਕੇ ਨਾਲ) ਇਹ ਛੇਕ ਬੰਦ ਨਹੀਂ ਕੀਤੇ ਜਾ ਸਕਦੇ। ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ (ਸਰੀਰ) ਜਹਾਜ਼ ਹੈ, ਉਸ ਦੀ ਆਰਾਧਨਾ ਕਰਿਆ ਕਰ। ਉਸ ਦੀ ਸੰਗਤਿ ਵਿੱਚ ਖੋਟੇ (ਹੋ ਚੁਕੇ ਗਿਆਨ-ਇੰਦ੍ਰੇ) ਖਰੇ ਹੋ ਜਾਣਗੇ। 1. ਪਰ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਪਹਾੜ ਚੁੱਕਣੇ ਚਾਹੁੰਦਾ ਹੈ (ਨਿਰੀਆਂ ਗੱਲਾਂ ਨਾਲ) ਉਹ ਪਹਾੜ ਉੱਥੇ ਹੀ ਧਰੇ ਰਹਿ ਜਾਂਦੇ ਹਨ। ਹੇ ਨਾਨਕ! (ਆਖ-) ਹੇ ਪ੍ਰਭੂ! (ਇਹਨਾਂ ਛਿਦ੍ਰਾਂ ਤੋਂ ਬਚਣ ਵਾਸਤੇ ਅਸਾਂ ਜੀਵਾਂ ਵਿਚ) ਕੋਈ ਜ਼ੋਰ ਨਹੀਂ, ਕੋਈ ਤਾਕਤ ਨਹੀਂ। ਅਸੀਂ ਤੇਰੀ ਸਰਨ ਆ ਪਏ ਹਾਂ, ਸਾਨੂੰ ਤੂੰ ਆਪ ਬਚਾ ਲੈ। 2.
ਇਸ ਫ਼ਰਮਾਨ ਵਿੱਚ ਉਸ ਮਨੁੱਖ ਨੂੰ ਸ਼ੂਮ ਆਖਿਆ ਹੈ ਜਿਹੜਾ ਰੱਬੀ ਗੁਣਾਂ ਨੂੰ ਅਪਣਾਉਣ ਤੋਂ ਸੰਕੋਚ ਕਰ ਰਿਹਾ ਹੈ। ਇਸ ਸੰਕੋਚ ਕਾਰਨ ਉਸ ਦੇ ਜੀਵਨ ਵਿੱਚ ਸੁਖ, ਸਹਿਜ, ਧੀਰਜ ਆਦਿ ਦੈਵੀ ਗੁਣ ਖੰਭ ਲਾ ਕੇ ਉੱਡ-ਪੁੱਡ ਗਏ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਧਨ ਦੇ ਲੋਭੀ ਦੇ ਧਨ ਦਾ ਕਿਸੇ ਨੂੰ ਕੋਈ ਲਾਭ ਨਹੀਂ ਪਹੁੰਚਾਉਂਦਾ ਪਰ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ। ਪਰ ਦੈਵੀ ਗੁਣਾਂ ਨੂੰ ਅਪਣਾਉਣ ਤੋਂ ਸੰਕੋਚ ਕਰਨ ਵਾਲਾ ਸ਼ੂਮ, ਆਪਣਾ ਹੀ ਨਹੀਂ ਸਗੋਂ ਦੂਜਿਆਂ ਦਾ ਵੀ ਨੁਕਸਾਨ ਕਰਦਾ ਹੈ। ਸ਼ੁੱਭ ਗੁਣਾਂ ਨੂੰ ਅਪਣਾਉਣ ਤੋਂ ਸੰਕੋਚ ਕਰਕੇ ਅਸੁਰੀ ਸ਼ਕਤੀਆਂ ਨੂੰ ਪਿਆਰ ਕਰਨ ਕਾਰਨ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਆਤਮਕ ਤੌਰ `ਤੇ ਮਰਿਆ ਹੋਇਆ ਅਜਿਹਾ ਪ੍ਰਾਣੀ ਸ਼ਕਲ ਸੂਰਤ ਤੋਂ ਤਾਂ ਮਨੁੱਖ ਲਗਦਾ ਹੈ ਪਰ ਉਸ ਅੰਦਰ ਮਨੁੱਖਤਾ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਮਨੁੱਖਤਾ ਦਾ ਇਤਨਾ ਨੁਕਸਾਨ ਖ਼ੂੰਕਾਰ ਤੋਂ ਖ਼ੂੰਕਾਰ ਜਾਨਵਰ ਨੇ ਵੀ ਨਹੀਂ ਕੀਤਾ ਜਿਤਨਾ ਇਨਸਾਨੀ ਸ਼ਕਲ ਸੂਰਤ ਵਿੱਚ ਵਿਚਰਨ ਵਾਲੇ ਕਥਿਤ ਮਨੁੱਖ ਨੇ ਕੀਤਾ ਹੈ। ਤਾਹੀਓਂ ਇਹੋ-ਜਿਹੇ ਮਨੁੱਖ ਨੂੰ ਗੁਰਬਾਣੀ ਵਿੱਚ ਜ਼ਹਿਰ ਦੀ ਬਗ਼ੀਚੀ ਕਿਹਾ ਹੈ:-
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ॥ (ਪੰਨਾ 105) ਅਰਥ:-ਜੇਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਿਰ ਦੀ ਬਗ਼ੀਚੀ ਜਾਣੋ।
ਇਹੋ-ਜਿਹੇ ਸ਼ੂਮਾਂ ਉੱਤੇ ਇਹ ਫ਼ਰਮਾਨ ਰੋਸ਼ਨੀ ਪਾਉਂਦਾ ਹੈ:-
ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ॥ ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ॥ (ਪੰਨਾ 698) ਅਰਥ:- ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿੱਚ ਬੱਝੇ ਰਹਿੰਦੇ ਹਨ। ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆ) ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ। ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖ਼ਰਚ ਨਹੀਂ ਸਕਦੇ, (ਇਸ ਵਾਸਤੇ ਉਹ) ਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ।
ਇਸ ਲਈ ਹੀ ਗੁਰਬਾਣੀ ਵਿੱਚ ਧਨ ਦੇ ਲੋਭੀ ਨਾਲੋਂ ਅਉਗੁਣਾਂ ਨੂੰ ਗੱਲ ਲਗਾ ਕੇ ਦੈਵੀ ਗੁਣਾ ਤੋਂ ਪ੍ਰੇਹਜ਼ ਕਰਨ ਵਾਲੇ ਸ਼ੂਮਾਂ ਨੂੰ ਮਨੁੱਖਤਾ ਲਈ ਘਾਤਕ ਕਰਾਰ ਦਿੱਤਾ ਹੈ।
ਇਹੋ-ਜਿਹੇ ਸ਼ੂਮ ਜਦੋਂ ਇਸ ਸ਼ੂਮਪੁਣੇ ਨੂੰ ਤਿਆਗਣ ਲਈ ਉਦਮ ਕਰਦੇ ਹਨ ਤਾਂ ਉਹਨਾਂ ਦੇ ਜੀਵਨ ਵਿੱਚ ਆਈ ਹੋਈ ਤਬਦੀਲੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:-
ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ॥ (ਪੰਨਾ 402) ਅਰਥ:- (ਹੇ ਭਾਈ! ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿੱਚ ਉੱਘਾ ਹੋ ਗਿਆ।
ਭਾਵ, ਜਦੋਂ ਤੀਕ ਦੈਵੀ ਗੁਣਾ ਤੋਂ ਸੰਕੋਚ ਕਰਦੇ ਸੀ, ਓਦੋਂ ਤੱਕ ਕੋਈ ਵੀ ਇਨਸਾਨੀਅਤ ਵਾਲੇ ਗੁਣ ਸਾਡੇ ਕੋਲ ਨਹੀਂ ਸੀ। ਹੁਣ ਜਦੋਂ ਦੈਵੀ ਸੰਪਦੀ ਦੀ ਅਹਿਮੀਅਤ ਨੂੰ ਸਮਝ ਕੇ ਇਸ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਸ਼ੁਭ ਗੁਣਾਂ ਨੇ ਸਾਡੇ ਅੰਦਰ ਆ ਡੇਰਾ ਲਗਾ ਲਿਆ ਹੈ। ਇਸ ਖ਼ਿਆਲ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਦਰਸਾਇਆ ਹੈ:-ਜਿਤੁ ਪਾਰਬ੍ਰਹਮੁ ਚਿਤਿ ਆਇਆ॥ ਸੋ ਘਰੁ ਦਯਿ ਵਸਾਇਆ॥ (ਪੰਨਾ 626) ਅਰਥ:- ਹੇ ਭਾਈ! ਜਿਸੇ ਦੇ ਹਿਰਦੇ-ਘਰ ਵਿੱਚ ਪਰਮਾਤਮਾ ਆ ਵੱਸਿਆ ਹੈ, ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤਾ ਹੈ।
ਸੋ, ਗੱਲ ਕੀ, ਗੁਰਬਾਣੀ ਵਿੱਚ ਧਨ ਦੇ ਲੋਭੀ ਸ਼ੂਮ ਨਾਲੋਂ, ਮਨੁੱਖੀ-ਕਦਰਾਂ ਨੂੰ ਅਪਣਾਉਣ ਤੋਂ ਸੰਕੋਚ ਕਰਨ ਵਾਲੇ ਸ਼ੂਮ ਨੂੰ, ਮਨੁੱਖਤਾ ਲਈ ਘਾਤਕ ਕਰਾਰ ਦਿੱਤਾ ਹੋਇਆ ਹੈ। ਮਨੁੱਖ ਨੂੰ ਇਸ ਸ਼ੂਮਪੁਣੇ ਤੋਂ ਉਪਰ ਉਠਣ ਲਈ ਉਤਸ਼ਾਹਤ ਕਰਦਿਆਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਮਨੁੱਖ ਇਸ ਸ਼ੂਮਪੁਣੇ ਤੋਂ ਛੁਟਕਾਰਾ ਪਾ ਲਵੇ ਤਾਂ ਉਹ ਆਪਣੇ ਤਨ, ਮਨ ਅਤੇ ਧਨ ਦੁਆਰਾ ਮਨੁੱਖਤਾ ਦੀ ਸੇਵਾ ਵਿੱਚ ਜੁੱਟ ਪੈਂਦਾ ਹੈ:-
ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ॥ ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ॥ (ਪੰਨਾ 698) ਅਰਥ:- ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਬੜੀ ਸ਼ਰਧਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਕੇ ਆਪਣਾ ਸਰੀਰ ਪਰਮਾਤਮਾ ਦੇ ਅਰਪਣ ਕਰ ਦਿੱਤਾ, ਉਹ ਮਨੁੱਖ ਇਸ ਲੋਕ ਵਿਚ, ਪਰਲੋਕ ਵਿੱਚ ਸੋਭਾ ਖਟਦੇ ਹਨ, ਉਹਨਾਂ ਦੇ ਮਨ ਵਿੱਚ ਪਰਮਾਤਮਾ ਨਾਲ ਗੂੜ੍ਹਾ ਪਿਆਰ ਬਣ ਜਾਂਦਾ ਹੈ।




.