.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਤੇਤੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਗੁਰੂ ਕੇ ਪੰਥ ਦਾ ਵਿਸਤਾਰ, ਉਦੋਂ ਤੇ ਅੱਜ-ਹੁਣ ਤੀਕ ਕੀਤੀ ਜਾ ਚੁੱਕੀ ਲੰਮੀ ਵਿਚਾਰ ਤੋਂ ਦੋ ਗੱਲਾਂ ਤਾਂ ਪੂਰੀ ਤਰ੍ਹਾਂ ਸਪਸ਼ਟ ਹਨ ਜਿਵੇਂ:-

(੧) ਪਹਿਲੀ ਗੱਲ ਇਹ ਕਿ ਸੰਨ ੧੯੪੭ `ਚ, ਭਾਰਤ ਦੀ ਵੰਡ ਤੋਂ ਬਾਅਦ, ਗੁਰੂ ਕਾ ਪੰਥ ਕੇਵਲ ਅੱਜ ਹੀ ਸੰਸਾਰ ਭਰ `ਚ ਨਹੀਂ ਫੈਲਿਆ ਬਲਕਿ ਮੂਲ ਰੂਪ `ਚ ਇਸ ਦਾ ਅਸਲ ਫੈਲਾਅ ਤਾਂ ਗੁਰਦੇਵ ਨੇ ਆਪਣੇ ਦਸਾਂ ਜਾਮਿਆਂ `ਚ ਹੀ, ਸੰਸਾਰ ਭਰ `ਚ ਕਰ ਦਿੱਤਾ ਸੀ। ਅਸਾਂ ਤਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਤੇ ਕਲਗੀਧਰ ਪਿਤਾ ਦੀ ਇਸ ਸਿੱਖ ਧਰਮ ਵਾਲੀ ਕਿਆਰੀ ਅਥਵਾ ਨਰਸਰੀ ਨੂੰ ਆਪਣੇ ਗੁਰਬਾਣੀ ਆਧਾਰਿਤ ਉੱਤਮ ਕਿਰਦਾਰ ਰਾਹੀਂ ਪ੍ਰਫ਼ੁਲਤ ਹੀ ਕਰਣਾ ਸੀ। ਸਪਸ਼ਟ ਹੈ ਕਿ ਇਸ ਕਾਰਜ `ਚ ਅਸੀਂ ਪੂਰੀ ਤਰ੍ਹਾਂ ਅਸਫ਼ਲ ਰਹੇ ਹਾਂ। ਬਲਕਿ ਗੁਰਮੱਤ ਜੀਵਨ ਪੱਖੋਂ ਸਾਡੀਆਂ ਕਮਜ਼ੋਰੀਆਂ ਸਦਕਾ, ਗੁਰੂ ਸਾਹਿਬ ਦੀ ਉਸ ਕਿਆਰੀ ਤੇ ਨਰਸਰੀ ਦੇ ਬਹੁਤੇ ਬੀਜ ਤਾਂ ਸਮੇਂ ਦੀ ਮਾਰ ਹੇਠ ਆ ਕੇ ਪੂਰੀ ਤਰ੍ਹਾਂ ਤਬਾਹ ਤੇ ਬਰਬਾਦ ਵੀ ਗਏ ਹਨ। ਜੇਕਰ ਇਤਨਾ ਨਹੀਂ ਤਾਂ ਵੀ ਬਹੁਤਾ ਕਰਕੇ ਸਮੇਂ ਦੀ ਦੀਆਂ ਪੜਤਾਂ ਹੇਠ ਇਹ ਬੀਜ ਪੂਰੀ ਤਰ੍ਹਾਂ ਦੱਬ ਗਏ ਹਨ। ਅਜਿਹੀਆਂ ਪੜਤਾਂ ਜਿਨ੍ਹਾਂ ਨੂੰ ਹਟਾਣ ਲਈੰ ਅਸੀਂ ਵੱਡੀਆਂ ਤੇ ਗਹਰੀਆਂ ਖੁਦਾਈਆਂ ਕਰਕੇ ਵੀ ਸ਼ਾਇਦ ਉਨ੍ਹਾਂ ਨੂੰ ਕਦੇ ਵੀ ਫ਼ਿਰ ਤੋਂ ਹਰਾ ਭਰਾ ਤੇ ਪ੍ਰਫ਼ੁਲਤ ਨਹੀਂ ਕਰ ਸਕਾਂਗੇ।

(੨) ਜਿਹੜਾ ਸਾਨੂੰ ਅੱਜ ਸੰਸਾਰ ਭਰ `ਚ ਸਿੱਖੀ ਤੇ ਸਿੱਖ ਧਰਮ ਦਾ ਵਿਸਤਾਰ ਜਾਂ ਫੈਲਾਅ ਨਜ਼ਰ ਆ ਰਿਹਾ ਹੈ, ਸਿੱਖ ਧਰਮ ਦਾ ਇਹ ਵਿਸਤਾਰ ਤੇ ਕਿਆਰੀ ਉਹ ਨਹੀਂ, ਸਿੱਖ ਧਰਮ ਦੀ ਜਿਸ ਕਿਆਰੀ ਨੂੰ ਗੁਰੂ ਪਾਤਸ਼ਾਹ ਨੇ ਦਸ ਜਾਮੇ ਧਾਰਨ ਕਰਕੇ, ਬੇਅੰਤ ਘਾਲਣਾ ਘਾਲ ਕੇ ਅਤੇ ਆਪਣੇ ਸਰੀਰਾਂ `ਤੇ ਅਨੰਤ ਕਸ਼ਟ ਸਹਾਰ ਕੇ ਜਿਸਦੀ ਗੋਡੀ ਕੀਤੀ ਸੀ। ਬਲਕਿ ਇਹ ਸਿੱਖੀ ਦਾ ਵਿਸਤਾਰ ਕੇਵਲ ਸੰਨ ੧੯੪੭ `ਚ ਭਾਰਤ ਦੀ ਵੰਡ ਦਾ ਨਤੀਜਾ ਹੈ। ਇਹ ਵਿਸਤਾਰ, ਉਸ ਸਿੱਖੀ ਦਾ ਵਿਸਤਾਰ ਨਹੀਂ ਜਿਸਦਾ ਮੂਲ ਅੱਜ ਵੀ ਵੀਹ ਕਰੋੜ ਤੋਂ ਉਪਰ ਹੈ। ਬਲਕਿ ਇਹ ਵਿਸਤਾਰ ਤਾਂ ਕੇਵਲ ਉਸ ਸਿੱਖੀ ਦਾ ਹੈ ਜਿਹੜੀ ਕਿ ਦੋ ਕਰੋੜ ਤੋਂ ਵੀ ਘੱਟ ਗਿਣਤੀ `ਚ ਸੰਕੋਚੀ ਜਾਣ ਤੋਂ ਬਾਅਦ ਵੀ ਤਿਨਕਾ-ਤਿਨਕਾ ਹੋ ਕੇ ਸੰਸਾਰ ਭਰ `ਚ ਫੈਲਦੀ ਜਾ ਰਹੀ ਹੈ।

ਦੂਜੇ ਲਫ਼ਜ਼ਾਂ `ਚ ਸਿੱਖ ਧਰਮ ਦਾ ਅਜੋਕਾ ਫ਼ੈਲਾਅ ਤਾਂ ਇਸ ਤਰ੍ਹਾਂ ਦਾ ਹੈ ਜਿਹੜਾ ਕਿ ਸੰਨ ੧੯੪੭ `ਚ ਦੇਸ਼ ਦੀ ਵੰਡ ਤੋਂ ਬਾਅਦ, ਜਿਸਨੂੰ ਜਿੱਥੇ ਤੇ ਜਿਸ ਵੀ ਦੇਸ਼ `ਚ ਸਿਰ ਛੁਪਾਉਣ ਦੀ ਜਗ੍ਹਾ ਮਿਲ ਗਈ ਉਸ ਨੇ ਉਥੇ ਹੀ ਆਪਣਾ ਬਚਾਅ ਕੀਤਾ ਤੇ ਆਪਣਾ ਘੋਂਸਲਾ ਬਣਾ ਲਿਆ। ਉਪ੍ਰੰਤ ਸਿੱਖਾਂ ਦਾ ਸੰਸਾਰ ਭਰ `ਚ ਅਜੋਕਾ ਫੈਲਾਅ, ਫ਼ਿਰ ੧੯੪੭ ਤੋਂ ਅਗਲੇ ਤੇ ਬਾਅਦ ਵਾਲੇ ੬੫ ਸਾਲਾਂ ਦਾ ਹੀ ਇਤਿਹਾਸ ਤੇ ਫੈਲਾਅ ਹੈ। ਭਾਵ ਇਹ ਸਭ ਕੇਵਲ ਸਮੇਂ ਦਾ ਹੀ ਵਾਧਾ ਘਾਟਾ ਹੈ ਭਾਵ ਜਿਵੇਂ ਇੱਕ ਮੁਲਕ `ਚੋਂ ਉਠੇ ਤੇ ਕਿਸੇ ਮਜਬੂਰੀ ਕਾਰਣ ਕਿਸੇ ਦੂਜੇ ਮੁਲਕ `ਚ ਜਾ ਕੇ ਵੱਸ ਗਏ।

ਇਹ ਸਿੱਖ ਧਰਮ ਦਾ ਕੇਵਲ ਉਹ ਫੈਲਾਅ ਤੇ ਉਹ ਵਿਸਤਾਰ ਹੈ ਜਿਹੜਾ ਬਹੁਤਾ ਕਰਕੇ ਸਿੱਖੀ ਸਰੂਪ ਕਰਕੇ ਹੀ ਨਜ਼ਰ ਆ ਰਿਹਾ ਹੈ। ਜਦਕਿ ਇਨ੍ਹਾਂ ਅਜੋਕੇ ਸਿੱਖਾਂ ਦੇ ਜੀਵਨ ਅੰਦਰੋਂ ਸਿੱਖੀ ਜੀਵਨ ਵੀ ਬਹੁਤਾ ਕਰਕੇ ਮੁੱਕਿਆ ਪਿਆ ਹੈ ਜਾਂ ਵਿਰਲਿਆਂ `ਚ ਹੀ ਬਾਕੀ ਹੈ। ਨਹੀਂ ਤਾਂ ਜਿਧਰ ਨਜ਼ਰ ਮਾਰੋ ਅਜੋਕੇ ਬਹੁਤੇ ਸਿੱਖਾਂ ਦੇ ਜੀਵਨ ਅੰਦਰ, ਸਾਰੇ ਬ੍ਰਾਹਮਣੀ ਕਰਮਕਾਂਡ ਤੇ ਵਿਪਰਨ ਦੀਆਂ ਰੀਤਾਂ ਦਾ ਹੀ ਬੋਲਬਾਲਾ ਹੈ ਅਤੇ ਉਨ੍ਹਾਂ ਅੰਦਰ ਗੁਰਮੱਤ ਜੀਵਨ ਨਜ਼ਰ ਨਹੀਂ ਆਉਂਦਾ। ਉਸੇ ਦਾ ਨਤੀਜਾ ਹੈ ਕਿ ਇਨ੍ਹਾਂ ਰਹਿੰਦੇ ਖੂੰਹਦੇ ਸਿੱਖਾਂ ਦੇ ਜੀਵਨ ਅੰਦਰੋਂ ਅੱਜ ਇਹ ਸਿੱਖੀ ਵਾਲਾ ਸਰੂਪ ਵੀ ਅਲੋਪ ਹੁੰਦਾ ਜਾ ਰਿਹਾ ਹੈ। ਇਸ ਦਾ ਨਤੀਜਾ ਕੀ ਹੋਵੇਗਾ? ਇਹ ਤਾਂ ਕਰਤਾ ਅਕਾਲ ਪੁਰਖ ਆਪ ਹੀ ਜਾਣਦਾ ਹੈ।

ਸੁਆਲ ਪੈਦਾ ਹੁੰਦਾ ਹੈ ਕਿ ਤਾਂ ਫ਼ਿਰ ਅਜਿਹਾ ਕਿਉਂ ਹੈ? ਗਹਿਰਾਈ ਨਾਲ ਹੱਥਲੀ ਲਿਖਤ ਨੂੰ ਜੇਕਰ ਅਰੰਭ ਤੋਂ ਗਹੁ ਨਾਲ ਪੜ੍ਹਾਗੇ ਤਾਂ ਇਸ ਕਿਉਂ ਦਾ ਜੁਆਬ ਵੀ ਸਾਨੂੰ ਆਪਣੇ ਆਪ ਮਿਲ ਜਾਵੇਗਾ। ਜਦਕਿ ਅਸੀਂ ਵੀ ਇਥੇ ਉਸੇ ਨੂੰ ਫ਼ਿਰ ਤੋਂ ਵੇਰਵੇ ਨਾਲ ਨਾ ਸਹੀ ਪਰ, ਪਾਠਕਾਂ ਦੀ ਸਹੂਲਿਅਤ ਲਈ ਅਤੀ ਸੰਕੋਚਵੇਂ ਢੰਗ ਨਾਲ ਕੇਵਲ ਕੁੱਝ ਨੁੱਕਤਿਆਂ `ਚ ਹੀ ਦੇਣ ਦਾ ਯਤਨ ਜ਼ਰੂਰ ਕਰ ਰਹੇ ਹਾਂ।

ਨੁੱਕਤਾ ਨੰ: ੧- ਮੂਲ ਰੂਪ `ਚ ਸੰਨ ੧੭੦੮, ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੇ ਖਾਸਕਰ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ, ਰਾਜਸੀ ਹਾਲਾਤਾਂ ਕਾਰਣ ਸਿੱਖਾਂ ਦਾ ਵਾਸਾ ਹੀ ਜੰਗਲਾਂ, ਮਾਰੂਥਲਾਂ, ਪਹਾੜਾਂ ਤੇ ਜੰਗਲਾਂ `ਚ ਬਦਲ ਚੁੱਕਾ ਸੀ ਤੇ ਸ਼ਹਿਰਾਂ `ਚ ਨਹੀਂ ਸੀ ਰਿਹਾ।

ਨੁੱਕਤਾ ਨੰ: ੨- ਜਦਕਿ ਅਜਿਹੇ ਬਿਖੜੇ ਹਾਲਾਤ `ਚ ਸਿੱਖਾਂ ਦੇ ਸਾਰੇ ਇਤਿਹਾਸਕ ਸਥਾਨ ਤੇ ਦਸਵੇਂ ਪਾਤਸ਼ਾਹ ਦੇ ਸਮੇਂ ਤੱਕ ਕਾਇਮ ਹੋ ਚੁੱਕੀਆਂ ਸਮੂਹ ਧਰਮਸ਼ਾਲਾਵਾਂ ਅਥਵਾ ਸ਼ੰਗਤਾਂ ਹੁਣ ਅਚਾਣਕ ਹੀ ਵਿਰੋਧੀਆਂ ਦੇ ਹੱਥ ਤੇ ਪ੍ਰਭਾਵ `ਚ ਆ ਚੁੱਕੀਆਂ ਸਨ।

ਨੁੱਕਤਾ ਨੰ: ੩- ਗੁਰੂ ਦਰ ਦੇ ਇਨ੍ਹਾਂ ਸਮੂਹ ਵਿਰੋਧਿੀਆਂ `ਚੋਂ ਗੁਰੂ ਦਰ ਦੇ ਪ੍ਰਮੁੱਖ ਵਿਰੋਧੀ, ਬੇਸ਼ੱਕ ਉਹ ਵੀ ਸਾਰੇ ਬ੍ਰਾਹਮਣ ਤਾਂ ਨਹੀਂ ਪਰ ਕਰਮਕਾਂਡੀ ਬ੍ਰਾਹਮਣ ਵਰਗ ਜ਼ਰੂਰ ਸੀ। ਕਾਰਣ ਸੱਚ ਧਰਮ ਅਥਵਾ ਗੁਰਮੱਤ ਦੇ ਪ੍ਰਕਾਸ਼ ਕਾਰਣ ਸਭ ਤੋਂ ਵਧ ਖੱਤਰਾ ਵੀ ਉਸੇ ਦੀ ਦੁਕਾਨਦਾਰੀ ਨੂੰ ਸੀ। ਉਹ ਤਾਂ ਪਹਿਲੇ ਜਾਮੇ ਤੋਂ ਹੀ ਇਸਦੇ ਲਈ ਆਪਣੇ ਪਾਪੜ ਵੇਲ ਰਿਹਾ ਸੀ। ਫ਼ਿਰ ਵੀ ਦਸਮੇਸ਼ ਜੀ ਦੇ ਸਮੇਂ ਤੱਕ ਉਹ ਸਿੱਖ ਧਰਮ ਦੇ ਮਜ਼ਬੂਤ ਕਿਲੇ `ਚ ਇੱਕ ਸੁਰਖ ਤੱਕ ਵੀ ਨਹੀਂ ਸੀ ਕਰ ਸਕਿਆ।

ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਤਾਂ ਇਸ ਕੋਲ ਆਪਣੇ ਇਸ ਗੁਰਮੱਤ ਵਿਰੋਧੀ ਕਾਰਜ ਲਈ ਖੁੱਲਾ ਸਮਾਂ ਸੀ। ਦੂਜੇ ਪਾਸੇ ਗੁਰੂ ਦਰ ਨਾਲ ਸੰਬੰਧਤ, ਗੁਰੂ ਦਰ ਦੀਆਂ ਸ਼੍ਰਧਾਲੂ ਸਗਤਾਂ ਦਾ ਵਾਸਾ ਤਾਂ ਅਜੇ ਵੀ ਸ਼ਹਿਰਾਂ `ਚ ਹੀ ਸੀ। ਇਸ ਲਈ ਕਾਮ ਦਾਮ ਸਾਮ ਦੰਡ ਭੇਦ `ਚ ਪਹਿਲਾਂ ਤੋਂ ਮਾਹਿਰ ਇਹ ਵਰਗ, ਬਿਨਾ ਢਿੱਲ ਇਨ੍ਹਾਂ ਸਿੱਖ ਇਤਿਹਾਸਕ ਸਥਾਨਾ `ਤੇ ਕਾਬਿਜ਼ ਹੋ ਕੇ ਬੈਠ ਗਿਆ। ਉਸ ਨੇ ਕੇਵਲ ਆਪਣਾ ਰੂਪ ਬਦਲਿਆਂ ਤੇ ਸਭਕੁਝ ਹੁਣ ਉਸੇ ਦੇ ਹੱਥ `ਚ ਸੀ।

ਉਸੇ ਦਾ ਨਤੀਜਾ, ਉਸ ਭਾਊ ਨੇ ਬੜੇ ਸਲੀਕੇ ਨਾਲ ਹਰੇਕ ਬ੍ਰਾਹਮਣੀ ਕਰਮਕਾਂਡ, ਗੁਰਮੱਤ ਦੀ ਚਾਸ਼ਨੀ ਚੜ੍ਹਾ ਕੇ ਗ੍ਰੁਰ ਅਸਥਾਨਾ ਅਤੇ ਗੁਰੂ ਕੀਆਂ ਸੰਗਤਾਂ ਵਿਚਕਾਰ ਲਾਗੂ ਕਰ ਦਿੱਤਾ। ਫ਼ਿਰ ਵੀ ਇਹ ਸਾਰਾ ਵਰਨਣ ਅਰੰਭ `ਚ ਆ ਚੁੱਕਾ ਹੈ, ਇਸ ਲਈ ਉਸ ਨੂੰ ਇਥੇ ਫ਼ਿਰ ਤੋਂ ਦੌਹਰਾਉਣ ਦੀ ਲੋੜ ਨਹੀਂ।

ਨੁੱਕਤਾ ਨੰ: ੪- ਬਨਾਰਸ ਦੇ ਪੜ੍ਹੇ ਲਿਖੇ ਪੰਡਤਾਂ ਨੇ ਵੀ ਸਮੇਂ ਦਾ ਪੂਰਾ ਪੂਰਾ ਲਾਭ ਲਿਆ। ਉਨ੍ਹਾ ਨੇ ਇੱਕ ਫ਼ਰਜ਼ੀ ਕਹਾਣੀ ਨੂੰ ਸਾਖੀ ਦੇ ਨਾਮ `ਤੇ ਰਚਿਆ ਤੇ ਆਪਣਾ ਸਿਧਾ ਸੰਬੰਧ ਗੁਰੂ ਦਰ ਨਾਲ ਜੋੜ ਲਿਆ। ਇਸ ਤਰ੍ਹਾਂ ਸਿੱਖ ਸੰਗਤਾਂ ਵਿਚਕਾਰ, ਨਿਰਮਲਾ ਸੰਪ੍ਰਦਾਇ ਦੇ ਨਾਮ `ਤੇ ਉਨ੍ਹਾ ਨੇ ਆਪਣਾ ਇੱਕ ਨਵਾਂ ਤੇ ਵੱਖਰਾ ਸੰਪ੍ਰਦਾਇ ਕਾਇਮ ਕਰ ਲਿਆ। ਇਹ ਵੱਖਰੀ ਗੱਲ ਹੈ ਕਿ ਗੁਰਬਾਣੀ ਦੀ ਕਸਵੱਟੀ `ਤੇ ਪਰਖਿਆਂ ਉੇਹ ਸਾਖੀ ਨੁਮਾ ਕਹਾਣੀ, ਕਿਸੇ ਤਰ੍ਹਾਂ ਵੀ ਦਸਮੇਸ਼ ਜੀ ਦੇ ਜੀਵਨ ਕਾਲ ਦੀ ਘਟਣਾ ਸਾਬਤ ਨਹੀਂ ਹੁੰਦੀ।

ਖ਼ੈਰ, ਪੜ੍ਹੇ ਲਿਖੇ ਵਿਦਵਾਨ ਪੰਡਿਤ ਹੋਣ ਕਾਰਣ, ਪੜ੍ਹੀਆਂ ਲਿਖੀਆਂ ਤੇ ਬਹੁਤੀਆਂ ਗੁਰੂ ਕੀਆਂ ਸੰਗਤਾਂ `ਤੇ ਆਪਣਾ ਪ੍ਰਭਾਵ ਪਾਉਣ `ਚ ਇਹ ਲੋਕ ਹੋਰ ਵੀ ਬਹੁਤ ਜਲਦੀ ਤੇ ਵਧ ਸਫ਼ਲ ਹੋਏ। ਇਨ੍ਹਾਂ ਨੇ ਆਪਣੇ ਨਿਆਰੇ ਢੰਗ ਨਾਲ ਗੁਰਮੱਤ ਦੀ ਚਾਸ਼ਨੀ ਚੜ੍ਹਾ ਕੇ, ਵੈਦਿਕ ਮੱਤ ਦਾ ਅੱਗੇ ਵਧ ਕੇ ਅਤੇ ਤਨ ਦੇਹੀ ਨਾਲ ਸਿੱਖ ਸੰਗਤਾਂ `ਚ ਪ੍ਰਸਾਰ ਕੀਤਾ। ਜਦਕਿ ਗਹਿਰਾਈ `ਚ ਜਾਵੋ ਤਾਂ ਮੂਲੋਂ ਉਹ ਪ੍ਰਸਾਰ ਗੁਰਮੱਤ ਦਾ ਘਟ ਤੇ ਵੈਦਿਕ ਮੱਤ ਦਾ ਹੀ ਵਧੇਰੇ ਸੀ। ਇਸ ਸਚਾਈ ਨੂੰ, ਸਿੱਖ ਧਰਮ ਨਾਲ ਸੰਬੰਧਤ, ਉਨ੍ਹਾਂ ਦੀਆਂ ਸਮੂਹ ਲਿਖ਼ਤਾ `ਚੋਂ ਅੱਜ ਵੀ ਤੇ ਸੌਖਾ ਪਹਿਚਾਣਿਆ ਤੇ ਘੋਖਿਆ ਜਾ ਸਕਦਾ ਹੈ।

ਨੁੱਕਤਾ ਨੰ: ੫- ਖ਼ੂਬੀ ਇਹ ਕਿ ਇੱਕ ਪਾਸੇ ਕਰਮਕਾਂਡੀ ਬ੍ਰਾਹਮਣ ਆਪਣੇ ਨਵੇਂ ਭਾਈਆਂ ਤੇ ਗ੍ਰੰਥੀਆਂ ਦੇ ਰੂਪ `ਚ ਸਿੱਖ ਇਤਿਹਾਸਕ ਸਥਾਨਾਂ `ਤੇ ਬੈਠ ਕੇ, ਗੁਰਬਾਣੀ ਵਿਚਲੇ ਮਿਥਿਹਾਸਕ ਹਵਾਲਿਆਂ ਤੇ ਮਿਸਾਲਾਂ ਨੂੰ ਇਤਿਹਾਸ ਬਣਾ ਕੇ ਪੇਸ਼ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਹਰੇਕ ਬ੍ਰਾਹਮਣੀ ਕਰਮਕਾਂਡ ਤੇ ਤਿਉਹਾਰ ਨੂੰ ਸਿੱਖ ਕੌਮ `ਤੇ ਵੀ ਬੜੀ ਆਸਾਨੀ ਨਾਲ ਥੋਪ ਰਿਹਾ ਸੀ। ਜਦਕਿ ਦੂਜੇ ਪਾਸੇ ਇਹੀ ਕੰਮ ਇਹ ਨਵੇਂ ਪ੍ਰਗਟ ਹੋਏ ਨਿਰਮਲੇ ਸਾਧ ਵੀ ਆਪਣੇ ਨਿਰਾਲੇ ਤੇ ਨਿਵੇਕਲੇ ਢੰਗ ਨਾਲ ਆਪਣੇ ਵਿਦਵਤਾ ਭਰਪੂਰ ਢੰਗ ਨਾਲ ਕਰ ਰਹੇ ਸਨ। ਫ਼ਰਕ ਸੀ ਤਾਂ ਕੇਵਲ ਦੋਨਾਂ ਦੇ ਢੰਗ-ਤਰੀਕਿਆਂ `ਚ।

ਨੁੱਕਤਾ ਨੰ: ੬- ਇਹ ਵੀ ਭਲੀ ਪ੍ਰਕਾਰ ਦੇਖ ਆਏ ਹਾਂ ਕਿ ਪਹਿਲੇ ਪਾਤਸ਼ਾਹ ਦੇ ਵੱਡੇ ਸਪੁਤ੍ਰ ਬਾਬਾ ਸ੍ਰੀ ਚੰਦ ਜੀ ਨੇ, “ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨੑ ਮੁਰਟੀਐ” (ਪੰ: ੯੬੭) “ਅਨੁਸਾਰ ਗ੍ਰੁਰੂ ਨਾਨਕ ਪਾਸਸ਼ਾਹ ਦੀ ਅਗਿਆ ਦਾ ਪਾਲਣ ਨਹੀਂ ਸੀ ਕੀਤਾ। ਇਤਿਹਾਸਕ ਪੱਖੋਂ ਇਸ ਸੰਬੰਧੀ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਆਪਣਾ ਵੱਖਰਾ ਉਦਾਸੀ ਮੱਤ ਵੀ ਚਲਾ ਲਿਆ ਸੀ। ਇਹ ਵੱਖਰੀ ਗੱਲ ਹੈ ਕਿ ਛੇਵੇਂ ਜਾਮੇ ਸਮੇ ਬਾਬਾ ਸ੍ਰੀਚੰਦ ਜੀ ਨੇ ਆਪਣੇ ਵੱਡੇ ਚਾਰੋਂ ਪ੍ਰਚਾਰਕਾਂ ਸਮੇਤ, ਗੁਰੂ ਦਰ ਨਾਲੋਂ ਆਪਣਾ ਵਖ੍ਰੇਵਾਂ ਖਤਮ ਕਰ ਦਿੱਤਾ ਸੀ। ਜਿਸ ਕਾਰਣ ਬਾਅਦ `ਚ ਉਨ੍ਹਾਂ ਦੇ ਡੇਰਿਆਂ ਰਾਹੀਂ ਵੀ ਗੁਰਮੱਤ ਦਾ ਪ੍ਰਚਾਰ ਹੀ ਹੋਇਆ ਸੀ, ਕਿਸੇ ਵੱਖਰੇ ਉਦਾਸੀ ਮੱਤ ਦਾ ਨਹੀਂ।

ਫ਼ਿਰ ਵੀ ਤਦ ਤੱਕ ਬਾਬਾ ਸ੍ਰੀਚੰਦ ਜੀ ਅਧੀਨ ਕੁੱਝ ਉਦਾਸੀ ਡੇਰੇ ਆਪਣੀ ਵੱਖਰੀ ਹੋਂਦ ਵੀ ਬਣਾ ਚੁੱਕੇ ਹੋਏ ਸਨ। ਇਹ ਵੀ ਕਿ ਇਸ ਤਰ੍ਹਾਂ ਦੋਵੇਂ ਪਾਸੇ, ਗੁਰਮੱਤ ਪੱਖੀ ਵੀ ਤੇ ਦੂਸਰੇ ਵੀ, ਸਾਰੇ ਅਖਵਾਉਂਦੇ ਤਾਂ ਬਾਬਾ ਸ੍ਰੀਚੰਦ ਦੇ ਡੇਰੇ ਅਥਵਾ ਉਦਾਸੀ ਡੇਰੇ ਹੀ ਸਨ। ਸਪਸ਼ਟ ਹੈ ਕਿ ਇਸ ਸਾਰੇ ਦਾ ਪ੍ਰਭਾਵ, ਭਾਵੇਂ ਕਿਧਰੇ ਠੀਕ ਤੇ ਭਾਵੇਂ ਕਿਧਰੇ ਗ਼ਲਤ, ਮੁੜ ਤੁੜ ਕੇ ਪੈਂਦਾ ਤਾਂ ਸਮੂਚੀਆਂ ਗੁਰੂ ਕੀਆਂ ਸੰਗਤਾਂ `ਤੇ ਹੀ ਸੀ।

ਨੁੱਕਤਾ ਨੰ: ੭- ਇਹ ਵੀ ਇਤਿਹਾਸਕ ਸਚਾਈ ਹੈ ਕਿ ਪ੍ਰੀਥੀ ਚੰਦ ਨੇ ਆਪਣੇ ਪੁਤ੍ਰ ਮੇਹਰਬਾਨ ਤੋਂ ਵੀ ਬਾਣੀ ਲਿਖਵਾਈ ਜਦਕਿ ਉਹ ਬਾਣੀ ਜਿਹੜੀ ਉਸ ਨੇ ਲਿਖਵਾਈ ਉਹ ਵੀ ਨਾਨਕ ਤੇ ਗੁਰਬਾਣੀ ਭਗਤਾਂ ਦੇ ਨਾਵਾਂ `ਤੇ ਹੀ ਸੀ। ਬੇਸ਼ੱਕ ਉਹ ਸਾਰੀ ਬਾਣੀ ਨਕਲੀ ਤੇ ਕੱਚੀ ਬਾਣੀ ਸੀ, ਫ਼ਿਰ ਵੀ ਫੈਲਾਈ ਤਾਂ ਉਹ ਵੀ ਉਨ੍ਹਾਂ ਹੀ ਗੁਰੂ ਕੀਆਂ ਸੰਗਤਾਂ ਵਿਚਕਾਰ ਗਈ ਸੀ। ਉਸ ਤੌੰ ਵੀ ਨੁਕਸਾਨ ਤਾਂ ਪੰਥ ਦਾ ਹੀ ਹੋਣਾ ਸੀ ਤੇ ਅੱਜ ਵੀ ਹੋ ਰਿਹਾ ਹੈ।

ਬਲਕਿ ਇਸ ਤੋਂ ਬਾਅਦ ਇਹ ਵੀ ਇਤਿਹਾਸਕ ਸਚਾਈ ਹੈ ਕੁੱਝ ਸਮਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਕਈ ਇਤਿਹਾਸਕ ਸਥਾਨਾਂ `ਤੇ ਰਾਮਰਈਆਂ ਦਾ ਕਬਜ਼ਾ ਵੀ ਰਿਹਾ। ਇਸੇ ਤਰ੍ਹਾਂ ਧੀਰਮਲੀਏ ਵੀ ਮੂਲ ਰੂਪ `ਚ ਗੁਰੂ ਦਰ ਨਾਲ ਸੰਬੰਧਤ ਸਨ। ਇਸ ਤਰ੍ਹਾਂ ਸਮੇਂ ਸਮੇਂ ਨਾਲ ਇਨ੍ਹਾਂ ਧੀਰਮਲੀਆਂ ਤੇ ਰਾਮਰਈਆਂ ਨੇ ਵੀ ਗੁਰੂ ਕੀਆਂ ਸੰਗਤਾਂ ਵਿਚਕਾਰ ਆਪਣੇ ਆਪਣੇ ਜਾਲ ਵਿਛਾਏ।

ਨੁੱਕਤਾ ਨੰ: ੮- ਇਨ੍ਹਾਂ ਤੋਂ ਬਅਦ ਵਡਭਾਗ ਸਿੰਘ ਦਾ ਡੇਰਾ ਵਿਸ਼ਾ ਵੀ ਆਉਂਦਾ ਹੈ। ਇਸਦਾ ਵੀ ਖਾਸਕਰ ਕਾਂਗੜਾ, ਹਿਮਾਚਲ ਪ੍ਰਦੇਸ਼ ਦੇ ਨਾਨਕ ਪੰਥੀਆਂ `ਤੇ ਭਰਵਾਂ ਪ੍ਰਭਾਵ ਹੈ। ਇਹੀ ਨਹੀਂ ਭਾਰਤ ਤੇ ਵਿਦੇਸ਼ਾਂ `ਚ ਵੀ, ਘਰਾਂ ਘਰਾਂ `ਚ ਇਨ੍ਹਾਂ ਦੇ ‘ਸਤਿਸੰਗ’ ਵੀ ਹੁੰਦੇ ਰਹਿੰਦੇ ਹਨ। ਇੱਕ ਜਾਣਕਾਰੀ ਅਨੁਸਾਰ ਇਹ ਲੋਕ ਅੱਜ ਵੀ ਪ੍ਰਕਾਸ਼ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਦਾ ਹੀ ਕਰਦੇ ਹਨ। ਇਸ ਤਰ੍ਹਾਂ ਇਹ ਲੋਕ ਉਥੇ ਪਹਿਲਾਂ ਤਾਂ ਸੰਗਤਾਂ `ਚ ਇੱਕ ਜਾਂ ਦੋ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਨ। ਫ਼ਿਰ ਕੱਚੀਆਂ ਰਚਨਾਵਾਂ ਤੇ ਗੁਰਮੱਤ ਵਿਰੁਧ ਭੁਤਾਂ-ਪ੍ਰੇਤਾਂ ਆਦਿ ਦੇ ਆਡੰਬਰ। ਇਤਿਹਾਸਕ ਪੱਖੋਂ ਵਡਭਾਗ ਰਾਏ, ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਦੇ ਪੌਤਰੇ ਧੀਰ ਮਲ ਦੀ ਵੀ ਪੰਜਵੀਂ ਪੀੜੀ `ਚੋਂ ਦੱਸਿਆ ਜਾਂਦਾ ਹੈ।

ਇਸ ਦਾ ਜਨਮ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਸੱਤ ਸਾਲ ਬਾਅਦ ਸੰਨ ੧੭੧੫ `ਚ ਹੋਇਆ ਸੀ। ਸੂਚਨਾ ਅਨੁਸਾਰ, ਬਾਅਦ `ਚ ਇਹ ਖੰਡੇ ਦੀ ਪਾਹੁਲ ਲੈ ਕੇ ਬਾਕਾਇਦਾ ਸਿੱਖ ਧਰਮ ਦੀ ਮੁੱਖ ਧਾਰਾ `ਚ ਸ਼ਾਮਲ ਹੋ ਗਿਆ ਤੇ ਇਸਦਾ ਨਾਮ ਵੀ ਵਡਭਾਗ ਰਾਏ ਤੋਂ ਵਡਭਾਗ ਸਿੰਘ ਹੋ ਗਿਆ। ਜਦਕਿ ਕੁੱਝ ਸਮੇਂ ਬਾਅਦ ਕਰਤਾਰਪੁਰ (ਜਲੰਧਰ) ਦਾ ਇਲਾਕਾ ਛੱਡ ਕੇ ਇਹ ਪਹਾੜੀ ਇਲਾਕਿਆਂ `ਚ ਚਲਾ ਗਿਆ ਤੇ ਉਥੇ ਜਾ ਕੇ ਇਸ ਨੇ ਮੁੜ ਆਪਣਾ ਉਹੀ ਗੁਰੂਡੰਮ ਤੇ ਭੂਤਾਂ ਪ੍ਰੇਤਾਂ ਨੂੰ ਕੱਢਣ ਵਾਲੇ ਗੁਰਮੱਤ ਵਿਰੁਧ ਕਰਮ ਕਰਣੇ ਸ਼ੁਰੂ ਕਰ ਦਿੱਤੇ। ਇਸਦੀ ਮੌਤ ਸੰਨ ੧੭੬੨ `ਚ ਉਥੇ ਹੀ ਹੋਈ ਸੀ।

ਇਸ ਤਰ੍ਹਾਂ ਬਾਬਾ ਵਡਭਾਗ ਸਿੰਘ ਦੇ ਡੇਰੇ `ਤੇ ਜਾਣ ਵਾਲੀਆਂ ਸੰਗਤਾਂ `ਚ ਅੱਜ ਵੀ ਬਹੁਤੇ ਨਾਨਕ ਪੰਥੀ ਲੋਕ ਤੇ ਸਿੱਖ ਸੰਗਤਾਂ ਹੀ ਹੁੰਦੀਆਂ ਹਨ। ਉਨ੍ਹਾਂ `ਚੋਂ ਵੀ ਖਾਸਕਰ ਉਹ ਸੱਜਨ, ਜਿਹੜੇ ਗੁਰਦੁਆਰੇ ਵੀ ਜਾਂਦੇ ਹਨ ਤੇ ਉਸਦੇ ਡੇਰੇ `ਤੇ ਵੀ ਮਨ ਕਰਕੇ ਇਸ ਲਈ ਜਾਂਦੇ ਹਨ ਕਿਉਂਕਿ ਉਹ ਉਸ ਨੂੰ ਵੀ ਪੂਰੀ ਤਰ੍ਹਾਂ ਸਿੱਖ ਧਰਮ ਦੀ ਸ਼ਾਖਾ ਹੀ ਮੰਣਦੇ ਤੇ ਸਮਝਦੇ ਹਨ।

ਇਸ ਤਰ੍ਹਾਂ ਜੇਕਰ ਕੇਵਲ ਦਸਮੇਸ਼ ਪਿਤਾ ਦੇ ਸਮੇਂ ਤੱਕ ਦੀ ਗੱਲ ਹੀ ਕਰਣੀ ਹੋਵੇ ਤਾਂ ਅਜਿਹੇ ਨੁੱਕਤੇ ਹੋਰ ਵੀ ਬਹੁਤੇਰੇ ਹਨ। ਇਥੇ ਤਾਂ ਇਹ ਕੇਵਲ ਇਸ਼ਾਰਾ ਮਾਤ੍ਰ ਹੀ ਹਨ। ਇਸ ਤੋਂ ਵਧ ਇਥੇ ਲੋੜ ਵੀ ਨਹੀਂ ਬਲਕਿ ਇਹ ਵੀ ਇਸ ਲਈ ਦਿੱਤੇ ਗਏ ਹਨ ਤਾ ਕਿ ਸੰਗਤਾਂ ਵਿਚਕਾਰ ਵਿਸ਼ੇ ਨੂੰ ਸਪਸ਼ਟ ਕੀਤਾ ਜਾ ਸਕੇ। ਉਂਝ ਅਜਿਹੇ ਵੇਰਵੇ ਅਰੰਭ `ਚ ਵੀ ਆ ਚੁੱਕੇ ਹਨ। ਤਾਂ ਤੇ ਇਸ ਤੋਂ ਬਾਅਦ:-

ਨੁੱਕਤਾ ਨੰ: ੯-ਇਹ ਵੱਖਰੀ ਗੱਲ ਹੈ ਕਿ ਦਸਮੇਸ਼ ਪਿਤਾ ਦੇ ਸਮੇਂ ਤੱਕ ਗੁਰਮੱਤ ਪੱਖੋਂ ਸੰਗਤਾਂ ਦੀ ਤਿਆਰੀ ਬਹੁਤ ਮਜ਼ਬੂਤ ਸੀ। ਇਸ ਲਈ ਉਦੋਂ ਤੱਕ ਸੰਗਤਾ `ਤੇ, ਉਪਰ ਵਰਣਿਤ ਤੇ ਅਜਿਹੇ ਹੋਰ ਬਹੁਤੇਰੇ ਧੋਖਿਆਂ ਦਾ ਅਸਰ ਵੀ ਨਹੀਂ ਸੀ ਹੁੰਦਾ। ਫ਼ਿਰ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੇ ਖਾਸਕਰ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ, ਬੇਸ਼ੱਕ ਗੁਰਬਾਣੀ ਦੇ ਨਾਮ `ਤੇ ਹੀ ਸਹੀ ਪਰ ਉੱਪਰ ਦਿੱਤੇ ਨੁੱਕਤਿਆਂ ਤੋਂ ਸਪਸ਼ਟ ਹੈ ਕਿ ਭਿੰਨ ਭਿੰਨ ਪਾਸਿਆਂ ਤੋਂ ਗੁਰੂ ਕੀਆਂ ਸੰਗਤਾ ਵਿਚਕਾਰ ਨਿੱਤ ਤੇ ਹਰ ਸਮੇਂ ਕੀਤੇ ਜਾ ਰਹੇ ਸਵੈ ਵਿਰੋਧੀ ‘ਗੁਰਮੱਤ ਪ੍ਰਚਾਰ’ ਦਾ ਸਿੱਟਾ, ਸੰਗਤਾਂ ਵੀ ਨਿੱਤ ਕਈ ਰੂਪਾਂ, ਵਿਚਾਰ ਧਾਰਾਂਵਾਂ ਤੇ ਜੀਵਨ ਰਹਿਣੀਆਂ `ਚ ਵੰਡੀਆਂ ਜਾ ਰਹੀਆਂ ਸਨ ਅਤੇ ਉਹ ਸਭ ਵੀ ਕੇਵਲ ਸਿੱਖ ਧਰਮ ਦੇ ਨਾਮ `ਤੇ ਹੀ। ਦੂਜੇ ਲਫ਼ਜ਼ਾਂ `ਚ ਨਾਮ ਨੂੰ ਤਾਂ ਉਹ ਹੈਣ ਤਾਂ ਸਾਰੀਆਂ ਗੁਰੂ ਕੀਆਂ ਸੰਗਤਾਂ ਹੀ ਸਨ ਪਰ ਉਨ੍ਹਾਂ ਦੇ ਭਿੰਨ ਭਿੰਨ ਇਕੱਠਾਂ ਤੇ ਸਤਿਸੰਗਾਂ ਵਿਚਕਾਰ ਗੁਰਮੱਤ ਦਾ ਪ੍ਰਚਾਰ ਵੀ ਭਿੰਨ ਭਿੰਨ ਤਰ੍ਹਾਂ ਦਾ ਹੀ ਹੋ ਰਿਹਾ ਸੀ।

ਇਸ ਤਰ੍ਹਾਂ ਅਜਿਹਾ ਸਵੈ ਵਿਰੋਧੀ ਪਰ ਕਹਿਣ ਨੂੰ ਸਾਰਾ ਹੀ ਗੁਰਮੱਤ ਦਾ ਪ੍ਰਚਾਰ ਤੇ ਉਹ ਵੀ ਇਤਿਹਾਸਕ ਸਥਾਨਾਂ ਤੇ ਗੁਰਦੁਆਰਿਆਂ ਰਸਤੇ ਅਤੇ ਉਨ੍ਹਾਂ ਹੀ ਗੁਰੂ ਕੀਆਂ ਸੰਗਤਾਂ ਵਿਚਕਾਰ, ਕੌਮ ਲਈ ਕਿਸੇ ਮਾਰੂ ਹਥਿਆਰ ਤੇ ਜ਼ਹਿਰ ਦੇ ਇਂਜੈਕਸ਼ਨ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਇਸ ਤੋਂ ਵਧ ਸਚਾਈ ਇਹ ਵੀ ਹੈ ਕਿ ਸੰਨ ੧੭੧੬ ਤੋਂ ਅਰੰਭ ਹੋਏ ਇਸ ਸਾਰੇ ਸਵੈ ਵਿਰੋਧੀ ਪ੍ਰਚਾਰ ਤੇ ਉਹ ਵੀ ਸਮੂਚਾ ਗੁਰਮੱਤ ਦੇ ਲੇਬਲ ਹੇਠ, ਅਜਿਹੇ ਦੂਸ਼ਿਤ ਪ੍ਰਚਾਰ ਵਾਲਾ ਸਿਲਸਿਲਾ ਅੱਜ ਵੀ ਬੇਰੋਕ ਤੇ ਨਿਰੰਤਰ ਚੱਲ ਰਿਹਾ ਹੈ। ਉਸੇ ਦਾ ਨਤੀਜਾ ਹੈ ਕਿ ਗੁਰੂ ਕੀਆਂ ਸੰਗਤਾਂ ਵੀ ਨਿੱਤ ਵਧ ਤੋਂ ਵਧ ਭਮਲ ਭੁਸੇ ਤੇ ਵੰਡੀਆਂ ਚ ਪੈਂਦੀਆਂ ਜਾ ਰਹੀਆਂ ਹਨ, ਕੌਮ ਲਗਾਤਰ ਟੁਕੜੇ ਟੁਕੜੇ ਤੇ ਤਾਰ ਤਾਰ ਹੁੰਦੀ ਜਾ ਰਹੀ ਹੈ।

ਬਦ ਤੋਂ ਵੀ ਬਦਤਰ- ਇਸ ਤਰ੍ਹਾਂ ਇਨ੍ਹਾਂ ਨੁੱਕਤਿਆਂ ਰਾਹੀਂ ਅਸਾਂ ਜਿਹੜੀ ਗੱਲ ਕੀਤੀ ਹੈ ਉਹ ਫ਼ਿਰ ਵੀ ਇਥੋਂ ਤੱਕ ਸੀਮਤ ਹੈ ਕਿ ਪੰਥ `ਤੇ ਜਿਹੜੇ ਹਮਲੇ ਦਸਮੇਸ਼ ਪਿਤਾ ਦੇ ਸਮੇਂ ਤੱਕ ਤਾਂ ਪੂਰੀ ਤਰ੍ਹਾਂ ਬੇਅਸਰ ਰਹੇ ਪਰ ਉਨ੍ਹਾਂ ਹਮਲਿਆਂ ਨੇ ਹੀ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਫ਼ਿਰ ਸਿਰ ਚੁੱਕ ਲਿਆ। ਜਦਕਿ ਹੁਣ ਇਹ ਵੀ ਦੇਖਣਾ ਹੈ ਕਿ ਸਿੱਖ ਧਰਮ ਤੇ ਗੁਰਬਾਣੀ ਵਿਚਾਰਧਾਰਾ `ਤੇ ਹਮਲਿਆਂ ਵਾਲਾ ਇਹ ਸਿਲਸਿਲਾ ਉਥੇ ਵੀ ਨਹੀਂ ਸੀ ਰੁਕਿਆ। ਪਹਿਲਾਂ ਤਾਂ ਉਪ੍ਰੋਕਤ ਨੁੱਕਤਿਆਂ ਅਨੁਸਾਰ ਸੰਨ ੧੭੧੬ ਭਾਵ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਸਿੱਖ ਰਹਿਨੀ ਤੇ ਵਿਚਾਰਧਾਰਾ `ਤੇ ਅਜਿਹੇ ਤੇ ਹੋਰ ਵੀ ਕਈ ਤਰ੍ਹਾਂ ਦੇ ਚੌਤਰਫ਼ੋਂ ਹਮਲੇ ਸ਼ੁਰੂ ਹੋ ਗਏ।

ਫ਼ਿਰ ਉਸ ਤੋਂ ਬਾਅਦ ਸੰਨ ੧੭੯੯ `ਚ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਕਾਲ, ਅਥਵਾ ਖਾਲਸੇ ਦੇ ਰਾਜ ਦਾ ਅਰੰਭ ਹੋ ਗਿਆ। ਸੰਨ ੧੭੧੬ ਤੋਂ ਸੰਨ ੧੭੯੯ ਇਨ੍ਹਾਂ ਵਿਚਲੇ ੮੪ ਸਾਲਾਂ `ਚ ਸਿੱਖੀ ਜੀਵਨ ਤੇ ਸਿੱਖ ਰਹਿਣੀ `ਤੇ ਭਿੰਨ ਭਿੰਨ ਢੰਗਾਂ ਨਾਲ ਹੋਏ ਚੌਤਰਫ਼ੇ ਹਮਲਿਆਂ ਦਾ ਨਤੀਜਾ, ਉਦੋਂ ਬੇਸ਼ੱਕ ਸ਼ਕਲ ਕਰਕੇ ਤਾਂ ਸਿੱਖ ਬਚੇ ਹੋਏ ਸਨ ਪਰ ਇਸ ਦੌਹਰਾਨ ਉਨ੍ਹਾਂ ਦੇ ਜੀਵਨ ਅੰਦਰੋਂ ਸਿੱਖੀ ਪੂਰੀ ਤਰ੍ਹਾਂ ਧੋਤੀ ਜਾ ਚੁੱਕੀ ਸੀ। ਜਾਂ ਇਉਂ ਕਹਿ ਲਵੋ! ਕਿ ਇਨ੍ਹਾਂ ੮੪ ਸਾਲਾਂ `ਚ ਸਿੱਖ ਧਰਮ ਨਾਲ ਇਤਨਾ ਕੁੱਝ ਹੋ ਜਾਣ ਦੇ ਬਾਅਦ ਵੀ, ਜੇਕਰ ਇਸ ਧਰਤੀ `ਤੇ ਸਿੱਖ ਬਚਿਆ ਹੋਇਆ ਸੀ ਤਾਂ ਕੇਵਲ ਆਪਣੇ ਸਰੂਪ ਕਰਕੇ ਹੀ।

ਸੰਨ ੧੭੯੯ ਤੋਂ ਸੰਨ ੧੮੪੯? -ਫ਼ਿਰ ਸਮਾਂ ਆਉਂਦਾ ਹੈ ਸੰਨ ੧੭੯੯ ਤੋਂ ਸੰਨ ੧੮੪੯, ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ੪੦+੧੦ ਭਾਵ ਕੁਲ ਉਨ੍ਹਾਂ ਪੰਜਾਅ ਸਾਲਾਂ ਵਾਲਾ। ਸੰਨ ੧੭੧੬ ਤੋਂ ਸੰਨ ੧੭੯੯ ਇਨ੍ਹਾਂ ੮੪ ਸਾਲਾਂ ਦੌਹਰਾਨ ਜਦੋਂ ਸਾਰੀ ਕੌਮ ਦੇ ਜੀਵਨ ਅੰਦਰੋਂ ਸਿੱਖੀ ਜੀਵਨ ਮੁੱਕ ਚੁੱਕਾ ਸੀ ਜਾਂ ਸਿੱਖ ਧਰਮ ਪ੍ਰਤੀ ਗੁਰੂ ਕੀਆਂ ਸੰਗਤਾਂ ਗੁਰਮੱਤ ਜੀਵਨ ਤੇ ਸਿੱਖ ਰਹਿਣੀ ਪੱਖੋਂ ਭਾਂਤ ਭਾਂਤ ਦੇ ਪ੍ਰਭਾਵਾਂ ਦਾ ਸ਼ਿਕਾਰ ਹੋਣ ਕਰਕੇ, ਮੂਲੋਂ ਖਾਲੀ ਹੋ ਚੁੱਕੀਆਂ ਸਨ। ਸਪਸ਼ਟ ਹੈ ਕਿ ਉਦੋਂ ਤੱਕ (ਮਹਾਰਾਜਾ) ਰਣਜੀਤ ਸਿੰਘ ਦੇ ਨਿਜੀ ਜੀਵਨ ਲਈ ਵੀ ਇਹ ਵਿਸ਼ਾ ਵੱਖਰਾ ਨਹੀਂ ਸੀ ਰਹਿ ਚੁੱਕਾ, ਉਸ `ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦਾ ਸੀ। ਉਸੇ ਦਾ ਨਤੀਜਾ, ਬੇਸ਼ਕ ਨਿਜੀ ਤਲ `ਤੇ (ਮਹਾਰਾਜਾ) ਰਣਜੀਤ ਸਿੰਘ ਦਾ ਜਜ਼ਬਾਤੀ ਤੌਰ `ਤੇ ਸਿੱਖੀ ਤੇ ਸਿੱਖ ਸਰੂਪ ਨਾਲ ਅੰਤਾ ਦਾ ਪਿਆਰ ਤੇ ਲਗਾਵ ਸੀ, ਪਰ ਜੀਵਨ ਰਹਿਣੀ ਕਰਕੇ ਉਸਦੇ ਨਿਜੀ ਜੀਵਨ ਅੰਦਰੋਂ ਵੀ ਸਿੱਖ ਰਹਿਣੀ ਗ਼ਾਇਬ ਤੇ ਅਲੋਪ ਹੋ ਚੁੱਕੀ ਹੋਈ ਸੀ।

ਜਦਕਿ ਇਸ ਦੇ ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਸਚਮੁਚ ਜੇਕਰ ਨਿਰਪੱਖ ਤੇ ਬਾਹਰਮੁੱਖੀ ਹੋ ਕੇ ਦੇਖਿਆ ਜਾਵੇ ਤਾਂ ਉਸਦਾ ਰਾਜਕਾਲ ਸਚਮੁਚ ਹੀ ਭਾਰਤ ਦੀ ਧਰਤੀ `ਤੇ ਆਪਣੇ ਆਪ `ਚ ਇਕੋ ਇੱਕ ਸੁਅਰਣ ਯੁੱਗ ਸੀ। ਅਜਿਹਾ ਸੁਅਰਣ ਯੁਗ ਜਿਸ ਦੀ ਪਰਜਾ `ਚ ਹਰੇਕ ਵਿਸ਼ਵਾਸ ਤੇ ਧਰਮ ਵਾਲਾ ਵਿਚਰ ਰਿਹਾ ਇਨਸਾਨ ਸਹੀ ਅਰਥਾਂ `ਚ ਆਪਣੇ ਅਪ ਨੂੰ ਆਜ਼ਾਦ, ਖੁਸ਼ਕਿਸਮਤ ਮੰਣਦਾ ਸੀ। ਇਹ ਵੀ ਕਿ ਇਸ ਵਿਸ਼ੇ `ਤੇ ਅਸੀਂ ਅਰੰਭ `ਚ ਵੇਰਵੇ ਸਹਿਤ ਕੁੱਝ ਹੋਰ ਜ਼ਿਕਰ ਵੀ ਕਰ ਆਏ ਹਾਂ ਜਦਕਿ ਚਲਦੇ ਵਿਸ਼ੇ ਨਾਲ ਹੁਣ ਇਥੇ ਉਸ ਦਾ ਬਹੁਤਾ ਸੰਬੰਧ ਨਹੀਂ।

ਇਥੇ ਤਾਂ ਅਸਾਂ ਕੇਵਲ ਇਹ ਦੇਖਣਾ ਹੈ ਕਿ ਮਹਾਰਜੇ ਦਾ ਬਾਹਰਮੁੱਖੀ ਅਤੀ ਉੱਤਮ ਦਰਜੇ ਦਾ ਰਾਜ ਪ੍ਰਬੰਧ ਹੋਣ ਦੇ ਬਾਵਜੂਦ ਇਨ੍ਹਾਂ ੮੪ ਸਾਲਾਂ ਦੋਹਰਾਨ ਪੰਥਕ ਰਹਿਣੀ ਤੇ ਸਿੱਖ ਸੰਗਤਾਂ ਵਿਚਕਾਰ ਗੁਰਮੱਤ ਜੀਵਨ ਪੱਖੋਂ ਲਗਾਤਰ ਚੋਟਾਂ; ਬਾਕੀ ਪੂਰੀ ਕੌਮ ਵਾਂਙ ਮਹਾਰਾਜਾ ਵੀ ਇਸ ਪੱਖੋਂ ਅਛੂਤਾ ਨਹੀਂ ਸੀ ਬਚਿਆ ਹੋਇਆ। ਆਪਣੇ ਬਾਹਰ ਮੁੱਖੀ ਜੀਵਨ `ਚ ਅਤਿ ਦਰਜੇ ਦਾ ਗੁਰੂ ਦਰ ਨੂੰ ਸਮ੍ਰਪਿਤ ਤੇ ਜਜ਼ਬਾਤੀ ਤੌਰ `ਤੇ ਸਿੱਖ, ਹੋਰ ਤਾਂ ਹੋਰ ਹਰ ਹਾਲ ਗੁਰੂ ਦਰ ਨਾਲ ਤਨੋ ਮਨੋ ਪਿਆਰ ਕਰਣ ਵਾਲਾ ਤੇ ਗੁਰੂ ਤੋਂ ਵਾਰੇ ਵਾਰੇ ਜਾਣ ਵਾਲਾ ਹੋਣ ਦੇ ਬਾਵਜੂਦ, ਸਿੱਖੀ ਜੀਵਨ ਤੇ ਸਿੱਖ ਰਹਿਣੀ ਤੇ ਜੀਵਨ ਪੱਖੋਂ ਉਹ ਵੀ ਪੂਰੀ ਤਰ੍ਹਾਂ ਖਾਲੀ ਹੋਇਆ ਪਿਆ ਸੀ। ਉਸੇ ਦਾ ਨਤੀਜਾ ਸੀ ਕਿ ਉਸ ਦੇ ਚਾਲੀ ਸਾਲਾਂ ਦੇ ਲੰਮੇ ਰਾਜਕਾਲ `ਚ “ਯਥਾ ਰਾਜਾ ਤਥਾ ਪਰਜਾ” ਅਨੁਸਰ ਕੌਮ ਨੂੰ ਤਿੰਨ ਬਹੁਤ ਵੱਡੇ ਨੁਕਸਾਨ ਵੀ ਉਠਾਉਣੇ ਪਏ ਜਿਹੜੇ ਇਸ ਤਰ੍ਹਾਂ ਸਨ:-

(੧) ਮਹਾਰਾਜਾ ਰਣਜੀਤ ਸਿੰਘ ਦੇ ੪੦ ਸਾਲਾਂ ਦੇ ਸ਼ਾਸਨਕਾਲ `ਚ ਸਿੱਖੀ ਜੀਵਨ ਇਤਨਾ ਵਧ ਰਸਾਤਲ ਨੂੰ ਚਲਾ ਗਿਆ ਕਿ ਸਿੱਖ ਧਰਮ ਦੀ ਅੰਦਰੂਨੀ ਹੋਂਦ ਵੀ ਖੱਤਰੇ `ਚ ਪੈ ਗਈ ਸ਼ੀ। ਸਿੱਖਾਂ ਦੀ ਉਹ ਗਿਣਤੀ ਜਿਹੜੀ ਭਾਰਤ ਦੀ ਅਜੋਕੀ ਜਨ-ਗਣਨਾ ਅਨੁਸਾਰ ਦੋ ਕਰੋੜ ਤੋਂ ਵੀ ਘੱਟ ਹੈ ਭਾਵ ਜਿੱਥੋਂ ਅਸਾਂ ਵਿਸ਼ੇ ਦਾ ਅਰੰਭ ਕੀਤਾ ਸੀ, ਉਹ ਗਿਣਤੀ ਵੀ ਉਸਦੇ ਰਾਜ ਤੋਂ ਇੱਕ ਦੰਮ ਬਾਅਦ ਕੇਵਲ ਕੁੱਝ ਲਖਾਂ ਦੀ ਗਿਣਤੀ `ਤੇ ਆ ਗਈ ਸੀ। ਕਿਉਂਕਿ ਉਸ ਦੇ ਰਾਜਕਾਲ `ਚ ਜੇ ਕਰ ਬਹੁਤਿਆਂ ਨੇ ਸਿੱਖੀ ਸਰੂਪ ਧਾਰਨ ਕੀਤਾ ਵੀ ਸੀ ਤਾਂ ਉਸ ਦਾ ਕਾਰਣ ਉਨ੍ਹਾਂ ਦੇ ਮਨ ਤੇ ਜੀਵਨ `ਚ ਗੁਰੂ ਕੀ ਸਿੱਖੀ ਨਹੀਂ ਬਲਕਿ ਸੁਆਰਥ ਤੇ ਚਾਪਲੂਸੀਆਂ ਹੀ ਸਨ ਜਿਹੜੀਆਂ ਕਿ ਉਸ ਦਾ ਰਾਜ ਜਾਣ ਤੋਂ ਇੱਕ ਦੰਮ ਬਾਅਦ ਅਲੋਪ ਵੀ ਹੋ ਗਈਆਂ।

(੨) ਉਸ ਦੇ ਸ਼ਾਸਨਕਾਲ `ਚ ਰਾਜਸੀ ਤੱਲ `ਤੇ ਵਿਪਰਨ ਦੀਆਂ ਰੀਤਾਂ ਤੇ ਬ੍ਰਾਹਮਣੀ ਕਰਮਕਾਂਡਾਂ ਦੀ ਇਤਨੀ ਹਨੇਰੀ ਚੱਲੀ ਕਿ ਕੌਮ ਦਾ ਇਸ ਪੱਖੋਂ ਜਿਤਨਾ ਨੁਕਸਾਨ ਪਿਛਲੇ ਉਨ੍ਹਾਂ ੮੪ ਸਾਲਾਂ `ਚ ਨਹੀਂ ਸੀ ਹੋਇਆ, ਕੌਮ ਦਾ ਉਸ ਤੋਂ ਵਧ ਨੁਕਸਾਨ ਇਨ੍ਹਾਂ ੪੦ ਸਾਲਾਂ `ਚ ਹੋਇਆ। ਇਸ ਤਰ੍ਹਾਂ ਕੇਵਲ ਵਿਪਰਨ ਦੀਆਂ ਰੀਤਾਂ ਤੇ ਬ੍ਰਾਹਮਣੀ ਕਰਮਕਾਂਡਾਂ ਦਾ ਬੋਲਬਾਲਾ ਹੀ ਨਹੀਂ ਬਲਕਿ ਕੁੱਝ ਲਿਖਤਾਂ ਅਨੁਸਾਰ ਉਸ ਦੇ ਰਾਜ `ਚ ਸ਼ਰਾਬ ਤੇ ਸ਼ਬਾਬ ਨੂੰ ਵੀ ਕਾਫ਼ੀ ਵਾਧਾ ਮਿਲਿਆ ਜਿਹੜਾ ਕਿ ਸਿੱਖੀ ਜੀਵਨ ਦੇ ਨਾਮ `ਤੇ ਆਪਣੇ ਆਪ `ਚ ਕਲੰਕ ਹੈ। ਕਿਉਂਕਿ ਸਿੱਖ ਜੀਵਨ ਤਾਂ ਅਜਿਹੀਆਂ ਬੁਰਾਈਆਂ ਤੇ ਸਾਮਾਜਿਕ ਗੰਦਗੀਆਂ ਤੋਂ ਬਿਲਕੁਲ ਪਾਕ ਹੋਣਾ ਚਾਹੀਦਾ ਸੀ।

(੩) ਮਹਾਰਾਜਾ ਦਾ ਆਪਣੇ ਆਪ `ਚ ਗੁਰਮੱਤ ਜੀਵਨ ਪੱਖੋਂ ਕੱਚਾ ਹੋਣ ਦਾ ਹੀ ਨਤੀਜਾ ਸੀ ਕਿ ਇਸ ਦੇ ਰਾਜਕਾਲ `ਚ ਚਾਪਲੂਸ ਕਿਸਮ ਦੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਰਾਜ ਪ੍ਰਬੰਧ `ਚ ਘੁਸਪੈਠ ਕਰਣ ਲਈ ਇਤਨਾ ਖੁੱਲਾ ਸਮਾਂ ਤੇ ਰਸਤਾ ਮਿਲ ਗਿਆ ਕਿ ਉਹ ਲੋਕ ਵੀ ਫ਼ਟਾਫ਼ਟ ਸਿੱਖੀ ਸਰੂਪ ਧਾਰਨ ਕਰਕੇ ਰਾਜ ਪ੍ਰਬੰਧ `ਚ ਖੁਲੱਮ ਖੁੱਲਾ ਦਾਖਲ ਹੋ ਗਏ। ਇਹ ਕਿ ਉਨ੍ਹਾਂ ਲੋਕਾਂ ਨੇ ਕੇਵਲ ਰਾਜ ਪ੍ਰਬੰਧ `ਚ ਘੁਸਪੈਠ ਹੀ ਨਹੀਂ ਸੀ ਕਰ ਲਈ ਬਲਕਿ ਬਹੁਤ ਜਲਦੀ ਰਾਜ ਪ੍ਰਬੰਧ ਦੇ ਕਰਤਾ ਧਰਤਾ ਵੀ ਬਣ ਗਏ ਸਨ। ਦਰਅਸਲ ਉਹੀ ਲੋਕ ਆਪਣੀ ਗ਼ਦਾਰ ਬਿਰਤੀ ਕਾਰਣ ਪੰਜਾਬ ਨੂੰ ਪੂਰੀ ਤਰ੍ਹਾਂ ਗ਼ੁਲਾਮ ਕਰਣ ਤੇ ਪੰਜਾਬ `ਤੇ ਅੰਗ੍ਰੇਜ਼ਾਂ ਦੀ ਪ੍ਰਭੁਸੱਤਾ ਨੂੰ ਕਾਇਮ ਕਰਣ ਦਾ ਕਾਰਣ ਵੀ ਬਣੇ ਸਨ। ਇਸ ਦੇ ਨਾਲ ਪੰਜਾਬ `ਚੋਂ ਖਾਲਸਾ ਰਾਜ ਦੇ ਖੂਨਰੇਜ਼ੀ ਖ਼ਾਤਮੇ ਦੇ ਨਾਲ ਨਾਲ ਜਰਨੈਲ ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਵਰਗੇ ਪੰਥਕ ਯੋਧੇ ਤੇ ਬੇਅੰਤ ਪੰਥ ਦਰਦੀਆਂ ਦਾ ਘਾਣ ਕਰਣ ਤੇ ਖਾਣਾ ਜੰਗੀਆਂ ਪੈਦਾ ਕਰਕੇ ਕਰਵਾਉਣ ਦਾ ਕਾਰਣ ਵੀ, ਇਹ ਵਿਰੋਧੀ ਘੁਸਪੈਠੀਏ ਤੇ ਗ਼ਦਾਰ ਹੀ ਸਨ। #33 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.