.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੧)

Gurmat and science in present scenario (Part-11)

ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ

Nothing is born and nothing dies. Birth and death are only the Akal Purkh’s game

ਕੁਦਰਤ ਅਨੁਸਾਰ ਇਹ ਧਰਤੀ ਅਜੇਹਾ ਗ੍ਰਹਿ ਹੈ ਜਿਥੇ ਪਾਣੀ ਮਿਲਦਾ ਹੈ, ਜਿਸ ਕਰਕੇ ਜੀਵਨ ਸੰਭਵ ਹੈ। ਅਨੇਕਾ ਜੀਵ ਪੈਦਾ ਹੁੰਦੇ ਹਨ ਤੇ ਮਰਦੇ ਰਹਿੰਦੇ ਹਨ। ਧਰਤੀ ਉਪਰ ਪੈਦਾ ਹੁੰਦੇ ਹਨ ਤੇ ਧਰਤੀ ਵਿੱਚ ਸਮਾ ਜਾਂਦੇ ਹਨ। ਅਸਲੀਅਤ ਇਹ ਹੈ ਕਿ ਨਾ ਕੁੱਝ ਜੰਮਦਾ ਹੈ ਤੇ ਨਾ ਕੁੱਝ ਮਰਦਾ ਹੈ। ਇਹ ਜਨਮ ਮਰਣ ਦਾ ਚਕਰ ਤਾਂ ਅਕਾਲ ਪੁਰਖੁ ਆਪ ਹੀ ਕਰ ਰਿਹਾ ਹੈ, ਇਹ ਖੇਲ ਉਸ ਦਾ ਬਣਾਇਆ ਹੋਇਆ ਹੈ। ਜਨਮ ਤੋਂ ਪਹਿਲਾਂ ਜੀਵ ਦਿਖਾਈ ਨਹੀਂ ਦਿੰਦਾ ਹੈ, ਪਰ ਬਾਅਦ ਵਿੱਚ ਜਨਮ ਤੋਂ ਬਾਅਦ ਦਿਖਾਈ ਦਿੰਦਾਂ ਹੈ। ਮਰਣ ਤੋਂ ਪਹਿਲਾਂ ਜੀਵ ਦਿਖਾਈ ਦਿੰਦਾ ਹੈ, ਪਰ ਮਰਨ ਤੋਂ ਬਾਅਦ ਦਿਖਾਈ ਨਹੀਂ ਦਿੰਦਾ ਹੈ। ਜੰਮਣਾ, ਮਰਣਾ, ਦਿਸਣਾ ਤੇ ਅਣਦਿਸਣਾ, ਇਹ ਸਾਰਾ ਸੰਸਾਰ ਅਕਾਲ ਪੁਰਖੁ ਨੇ ਆਪਣੇ ਹੁਕਮੁ ਵਿੱਚ ਚਲਣ ਵਾਲਾ ਬਣਾ ਦਿੱਤਾ ਹੈ। ਸਾਰੇ ਜੀਵਾਂ ਵਿੱਚ ਕੇਵਲ ਅਕਾਲ ਪੁਰਖੁ ਆਪ ਹੀ ਹੈ, ਉਹ ਅਨੇਕਾਂ ਤਰੀਕਿਆਂ ਨਾਲ ਜਗਤ ਨੂੰ ਬਣਾ ਕੇ ਫਿਰ ਨਾਸ ਵੀ ਕਰਦਾ ਹੈ। ਅਕਾਲ ਪੁਰਖੁ ਆਪ ਅਬਿਨਾਸ਼ੀ ਹੈ, ਉਸ ਦਾ ਕੁੱਝ ਵੀ ਨਾਸ ਨਹੀਂ ਹੁੰਦਾ, ਸਾਰੇ ਬ੍ਰਹਮੰਡ ਦੀ ਰਚਨਾ ਵੀ ਉਹ ਆਪ ਹੀ ਰਚ ਰਿਹਾ ਹੈ। ਉਸ ਸਰਬ ਵਿਆਪਕ ਅਕਾਲ ਪੁਰਖੁ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਸ ਬਾਰੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਜੇ ਉਹ ਆਪ ਆਪਣਾ ਨਾਮੁ ਜਪਾਏ ਤਾਂ ਹੀ ਜੀਵ ਉਸ ਦਾ ਜਾਪ ਕਰਦੇ ਹਨ।

ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ॥ ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ॥ ਆਗਿਆਕਾਰੀ ਧਾਰੀ ਸਭ ਸ੍ਰਿਸਟਿ॥ ਆਪੇ ਆਪਿ ਸਗਲ ਮਹਿ ਆਪਿ॥ ਅਨਿਕ ਜੁਗਤਿ ਰਚਿ ਥਾਪਿ ਉਥਾਪਿ॥ ਅਬਿਨਾਸੀ ਨਾਹੀ ਕਿਛੁ ਖੰਡ॥ ਧਾਰਣ ਧਾਰਿ ਰਹਿਓ ਬ੍ਰਹਮੰਡ॥ ਅਲਖ ਅਭੇਵ ਪੁਰਖ ਪਰਤਾਪ॥ ਆਪਿ ਜਪਾਏ ਤ ਨਾਨਕ ਜਾਪ॥ ੬॥ (੨੮੧, ੨੮੨)

ਜਿਹੜਾ ਮਨੁੱਖ ਗੁਰਬਾਣੀ ਅਨੁਸਾਰ ਅਡੋਲ ਅਵਸਥਾ ਵਿੱਚ ਟਿਕ ਕੇ, ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਦਾ ਹੈ, ਉਸ ਦਾ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਨਾ ਕਬੂਲ ਹੋ ਜਾਂਦਾ ਹੈ। ਉਸ ਮਨੁੱਖ ਨੂੰ ਨਾ ਆਤਮਕ ਮੌਤ ਆਉਂਦੀ ਹੈ, ਤੇ ਨਾ ਹੀ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ। ਅਕਾਲ ਪੁਰਖੁ ਦਾ ਦਾਸ ਉਸ ਵਿੱਚ ਹਮੇਸ਼ਾਂ ਲੀਨ ਰਹਿੰਦਾ ਹੈ, ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਦਾ ਹੈ, ਅਕਾਲ ਪੁਰਖੁ ਆਪਣੇ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ। ਉਹ ਸੇਵਕ ਜਿਧਰ ਵੇਖਦਾ ਹੈ, ਉਸ ਨੂੰ ਅਕਾਲ ਪੁਰਖੁ ਹੀ ਦਿਖਾਈ ਦਿੰਦਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿਖਾਈ ਦਿੰਦਾ ਹੈ। ਗੁਰੂ ਸਾਹਿਬ ਦੀ ਸਰਨ ਵਿੱਚ ਪੈ ਕੇ ਤੇ ਗੁਰਬਾਣੀ ਦੀ ਸਿਖਿਆ ਅਨੁਸਾਰ ਅਕਾਲ ਪੁਰਖੁ ਦੀ ਭਗਤੀ ਕੀਤਿਆਂ, ਉਹ ਆਤਮਕ ਟਿਕਾਣਾ ਮਿਲ ਜਾਂਦਾ ਹੈ, ਜਿਥੇ ਮਨ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਪਰ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਨ ਤੋਂ ਬਿਨਾ, ਗੁਰੂ ਨੂੰ ਮਿਲਣ ਤੋਂ ਬਿਨਾ, ਮਨੁੱਖ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿੱਚ ਪਇਆ ਰਹਿੰਦਾ ਹੈ।

ਧਨਾਸਰੀ ਮਹਲਾ ੧॥ ਸਹਜਿ ਮਿਲੈ ਮਿਲਿਆ ਪਰਵਾਣੁ॥ ਨਾ ਤਿਸੁ ਮਰਣੁ ਨ ਆਵਣੁ ਜਾਣੁ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ॥ ਜਹ ਦੇਖਾ ਤਹ ਅਵਰੁ ਨ ਕੋਇ॥ ੧॥ ਗੁਰਮੁਖਿ ਭਗਤਿ ਸਹਜ ਘਰੁ ਪਾਈਐ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ॥ ੧॥ ਰਹਾਉ॥ (੬੮੬)

ਜਦੋਂ ਕੋਈ ਪ੍ਰਾਣੀ ਮਰ ਜਾਂਦਾ ਹੈ, ਤਾਂ ਉਸ ਦੇ ਪੰਜ ਤਤੀ ਸਰੀਰ ਵਿਚੋਂ ਸੁਆਸ ਨਿਕਲ ਕੇ ਹਵਾ ਵਿੱਚ ਮਿਲ ਜਾਂਦੇ ਹਨ, ਭਾਵ ਅਲੋਪ ਹੋ ਜਾਂਦੇ ਹਨ। ਜਿਸ ਤਰ੍ਹਾਂ ਸਾਨੂੰ ਹਵਾ ਦਿਖਾਈ ਨਹੀਂ ਦਿੰਦੀ ਹੈ, ਇਸੇ ਤਰ੍ਹਾਂ ਸਵਾਸ ਵੀ ਦਿਖਾਈ ਨਹੀਂ ਦਿੰਦੇ ਹਨ, ਕਿ ਕਿਥੇ ਚਲੇ ਗਏ। ਸਾਇੰਸ ਦੇ ਕਿਸੇ ਜੰਤਰ ਨਾਲ ਅਸੀਂ ਹਵਾ ਦਾ ਦਬਾਅ ਜਾਂ ਦਿਸ਼ਾ ਤਾਂ ਜਾਣ ਸਕਦੇ ਹਾਂ, ਪਰੰਤੂ ਇਹ ਬਿਲਕੁਲ ਨਹੀਂ ਜਾਣ ਸਕਦੇ ਕਿ ਸਰੀਰ ਵਿਚੋਂ ਸੁਆਸ ਕਿਥੇ ਗਏ ਹਨ। ਮਨੁੱਖਾ ਸਰੀਰ ਜੋ ਕਿ ਪਾਣੀ, ਹਵਾ, ਤੇ ਧਰਤੀ ਦੀ ਮਿੱਟੀ ਵਿੱਚ ਪੈਦਾ ਹੋਇਆ, ਤੇ ਪਦਾਰਥਾਂ ਨਾਲ ਵਧਿਆ ਫੁਲਿਆ ਸੀ, ਇੱਕ ਦਿਨ ਇਸ ਧਰਤੀ ਦੀ ਮਿੱਟੀ ਵਿੱਚ ਮਿਲ ਜਾਂਦਾ ਹੈ। ਜੀਵਾਤਮਾ ਅਕਾਲ ਪੁਰਖੁ ਦੀ ਸਰਬ ਵਿਆਪਕ ਜੋਤਿ ਨਾਲ ਜਾ ਰਲਦਾ ਹੈ। ਮੁਏ ਨੂੰ ਰੋਣ ਵਾਲਾ ਤਾਂ ਭੁਲੇਖੇ ਵਿੱਚ ਹੀ ਰੋਂਦਾ ਹੈ, ਅਸਲੀਅਤ ਇਹ ਹੈ ਕਿ ਕੋਈ ਵੀ ਜੀਵਾਤਮਾ ਮਰਦਾ ਨਹੀਂ। ਗੁਰੂ ਸਾਹਿਬ ਤਾਂ ਗੁਰਬਾਣੀ ਵਿੱਚ ਸਮਝਾਂਉਂਦੇ ਹਨ ਕਿ ਉਸ ਗੁਰਮੁਖਿ ਨਾਲ, ਜਿਹੜਾ ਕਿ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾਂਦਾ ਹੈ, ਮਿਲ ਕੇ ਬੇਸ਼ੱਕ ਵਿਚਾਰ ਕਰ ਲਵੋ, ਤਾਂ ਸਮਝ ਆ ਜਾਵੇਗੀ, ਕਿ ਜੰਮਣਾਂ ਮਰਨਾਂ ਤਾਂ ਇਹ ਇੱਕ ਖੇਡ ਬਣੀ ਹੋਈ ਹੈ। ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ, ਉਸ ਵੇਲੇ ਭਵਿੱਖ ਵਿੱਚ ਬੀਤਣ ਵਾਲੀ ਗੱਲ ਨਹੀਂ ਸਮਝਦਾ, ਕਿ ਜਿਹੜਾ ਹੁਣ ਕਿਸੇ ਦੇ ਵਿਛੋੜੇ ਕਰਕੇ ਰੋ ਰਿਹਾ ਹੈ, ਆਖ਼ਰ ਉਸ ਨੇ ਵੀ ਇੱਕ ਦਿਨ ਇਥੋਂ ਕੂਚ ਕਰ ਜਾਣਾ ਹੈ। ਜੀਵ ਭਰਮ ਤੇ ਮੋਹ ਦੇ ਬੰਧਨਾਂ ਵਿੱਚ ਬੱਝੇ ਹੋਏ ਹਨ, ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਇੱਕ ਸੁਪਨੇ ਵਾਂਗ ਹੈ, ਇਹ ਅਖ਼ੀਰ ਵਿੱਚ ਸੁਪਨੇ ਦੀ ਤਰ੍ਹਾਂ ਬੀਤ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਜੀਵ ਵਿਅਰਥ ਹੀ ਬੌਖਲਾਂਦਾ ਰਹਿੰਦਾ ਹੈ। ਇਹ ਜਗਤ ਤਾਂ ਅਕਾਲ ਪੁਰਖੁ ਨੇ ਇੱਕ ਖੇਡ ਬਣਾਈ ਹੋਈ ਹੈ। ਉਸ ਅਕਾਲ ਪੁਰਖੁ ਦੇ ਕਦੇ ਖ਼ਤਮ ਨਾ ਹੋਣ ਵਾਲੇ ਹੁਕਮੁ ਵਿੱਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਚਲੇ ਜਾਂਦੇ ਹਨ। ਵੈਸੇ ਕੋਈ ਵੀ ਜੀਵਾਤਮਾ ਕਦੀ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ ਜੋਗਾ ਹੈ ਹੀ ਨਹੀਂ। ਇਹ ਜੀਵਾਤਮਾ ਕਦੀ ਨਾਸ ਨਹੀਂ ਹੁੰਦਾ, ਕਿਉਂਕਿ ਇਸ ਦਾ ਅਸਲ ਸਦਾ ਕਾਇਮ ਰਹਿਣ ਵਾਲਾ ਹੈ। ਆਮ ਲੋਕ ਇਸ ਜੀਵਾਤਮਾ ਨੂੰ ਜਿਸ ਤਰ੍ਹਾਂ ਦਾ ਸਮਝਦੇ ਹਨ, ਇਹ ਤਰ੍ਹਾਂ ਦਾ ਨਹੀਂ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਕੁਦਰਤ ਦੀ ਇਹ ਅਸਲੀਅਤ ਸਮਝ ਲਈ ਹੈ। ਗੁਰੂ ਜਿਸ ਮਨੁੱਖ ਦਾ ਭਰਮ ਭੁਲੇਖਾ ਦੂਰ ਕਰ ਦਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।

ਰਾਮਕਲੀ ਮਹਲਾ ੫॥ ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ ੧॥ ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥ ੧॥ ਰਹਾਉ॥ ਅਗਲੀ ਕਿਛੁ ਖਬਰਿ ਨ ਪਾਈ॥ ਰੋਵਨਹਾਰੁ ਭਿ ਊਠਿ ਸਿਧਾਈ॥ ਭਰਮ ਮੋਹ ਕੇ ਬਾਂਧੇ ਬੰਧ॥ ਸੁਪਨੁ ਭਇਆ ਭਖਲਾਏ ਅੰਧ॥ ੨॥ ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥ ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥ ੩॥ ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥ ੪॥ ੧੦॥ (੮੮੫)

ਅਕਾਲ ਪੁਰਖੁ ਦਾ ਨਾਮੁ ਹਰੇਕ ਜੀਵ ਦੇ ਸਰੀਰ ਦੇ ਅੰਦਰ ਨਿਵਾਸ ਰੱਖਦਾ ਹੈ, ਅਬਿਨਾਸ਼ੀ ਅਕਾਲ ਪੁਰਖੁ ਆਪ ਹੀ ਹਰੇਕ ਦੇ ਅੰਦਰ ਮੌਜੂਦ ਹੈ। ਜੀਵ ਉਸ ਅਕਾਲ ਪੁਰਖੁ ਦਾ ਅੰਸ ਹੈ, ਇਸ ਵਾਸਤੇ ਜੀਵਾਤਮਾ ਨਾ ਮਰਦਾ ਹੈ, ਤੇ ਨਾ ਹੀ ਕੋਈ ਇਸ ਨੂੰ ਮਾਰ ਸਕਦਾ ਹੈ। ਰਜ਼ਾ ਦਾ ਮਾਲਕ ਅਕਾਲ ਪੁਰਖੁ ਜੀਵ ਪੈਦਾ ਕਰ ਕੇ ਆਪਣੇ ਹੁਕਮੁ ਵਿੱਚ ਸਭ ਦੀ ਸੰਭਾਲ ਕਰਦਾ ਹੈ। ਇਸ ਲਈ ਲੋੜ ਹੈ ਕਿ ਗੁਰੂ ਸਾਹਿਬ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝੀਏ ਤੇ ਆਪਣਾ ਮਨੁੱਖਾ ਜਨਮ ਸਫਲ ਕਰਈਏ।

ਦੇਹੀ ਅੰਦਰਿ ਨਾਮੁ ਨਿਵਾਸੀ॥ ਆਪੇ ਕਰਤਾ ਹੈ ਅਬਿਨਾਸੀ॥ ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ॥ ੧੩॥ (੧੦੨੬)

ਆਮ ਤੌਰ ਤੇ ਜਿਸ ਤਰ੍ਹਾਂ ਸਮਾਂ ਗੁਜਰਦਾ ਹੈ ਜਾਂ ਦਿਨ ਬੀਤਦੇ ਹਨ, ਤਾਂ ਲੋਕ ਅਕਸਰ ਇਹੀ ਕਹਿੰਦੇ ਹਨ ਕਿ ਬੱਚਾ ਵੱਡਾ ਹੋ ਰਿਹਾ ਹੈ। ਅੱਜਕਲ ਕਈ ਲੋਕ ਹਰ ਸਾਲ ਬੱਚਿਆਂ ਦਾ ਜਨਮ ਦਿਨ ਵੀ ਮਨਾਉਂਦੇ ਹਨ। ਜਿਸ ਤਰ੍ਹਾਂ ਸਵੇਰੇ ਸੂਰਜ ਚੜ੍ਹਦਾ ਹੈ ਤੇ ਸ਼ਾਮ ਨੂੰ ਡੁੱਬਦਾ ਹੈ, ਤਾਂ ਇਸ ਸਮੇਂ ਨੂੰ ਇੱਕ ਦਿਨ ਦਾ ਸਮਾਂ ਬੀਤ ਗਿਆ ਕਹਿੰਦੇ ਹਨ। ਅਸਲੀਅਤ ਇਹ ਹੈ ਕਿ ਇਸ ਸਮੇਂ ਦੇ ਦੌਰਾਨ ਮਿਲੇ ਹੋਏ ਸੁਆਸਾਂ ਵਿਚੋਂ ਹਰੇਕ ਜੀਵ ਦੀ ਬਚੀ ਹੋਈ ਉਮਰ ਇੱਕ ਦਿਨ ਘਟ ਜਾਂਦੀ ਹੈ। ਜਿਸ ਦਾ ਤਨ ਮਨ ਮਾਇਆ ਦੇ ਪਦਾਰਥ ਭੋਗਣ ਵਿੱਚ ਰੁੱਝਾ ਹੋਇਆ ਹੈ, ਉਸ ਨੂੰ ਇਸ ਬਾਰੇ ਕੋਈ ਫਿਕਰ ਜਾਂ ਸੋਝੀ ਨਹੀਂ ਹੁੰਦੀ ਹੈ, ਤੇ ਉਹ ਆਪਣੇ ਹੰਕਾਰ ਕਰਕੇ ਪਰਵਾਹ ਵੀ ਨਹੀਂ ਕਰਦਾ ਹੈ। ਬੀਤ ਗਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ ਹੈ, ਤੇ ਅਜੇਹਾ ਅਵੇਸਲਾ ਜੀਵ ਇੱਕ ਦਿਨ ਆਪਣੀ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ। ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ ਜੋ ਇਸ ਬਾਰੇ ਸੁਚੇਤ ਰਹਿੰਦਾ ਹੈ, ਆਪਣਾ ਜੀਵਨ ਵਿਅਰਥ ਗਵਾਉਣ ਦੀ ਬਜਾਏ, ਆਪਣਾ ਸਮਾਂ ਸਫਲ ਕਰਦਾ ਹੈ, ਅਜੇਹਾ ਮਨੁੱਖ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ। ਧਨ, ਦੌਲਤ, ਮਾਇਆ ਤੇ ਰੁਤਬੇ ਕਰਕੇ ਹਰੇਕ ਜੀਵ ਆਪਣੇ ਹੰਕਾਰ ਨਾਲ ਆਫਰਿਆ ਹੋਇਆ ਹੈ, ਕਿਸੇ ਦੇ ਸਮਝਾਇਆਂ ਵੀ ਸਮਝਦਾ ਨਹੀਂ ਤੇ ਆਕੜ ਕਰਕੇ ਵਿਕਾਰ ਕਰਨ ਤੋਂ ਹਟਦਾ ਨਹੀਂ। ਅਕਾਲ ਪੁਰਖੁ ਆਪ ਜੀਵ ਦੀ ਆਕੜ ਨੂੰ ਵੇਖ ਰਿਹਾ ਹੈ, ਜਦੋਂ ਉਹ ਠੋਕਰ ਮਾਰਦਾ ਹੈ ਜਾਂ ਇਸ ਦੇ ਸੁਆਸ ਮੁਕਾ ਦੇਂਦਾ ਹੈ ਤਾਂ ਇਹ ਅਜੇਹਾ ਹੰਕਾਰੀ ਧਰਤੀ ਤੇ ਡਿਗ ਪੈਂਦਾ ਹੈ, ਤੇ ਉਸ ਦਾ ਸਰੀਰ ਮਿੱਟੀ ਵਿੱਚ ਮਿਲ ਜਾਂਦਾ ਹੈ।

ਮਃ ੧॥ ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ॥ ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ॥ ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮੀੑਐ॥ ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ॥ ੨॥ (੧੨੪੪)

ਮਨੁੱਖ ਹਮੇਸ਼ਾ ਆਪਣੇ ਮਨ ਦੀ ਗਲ ਮੰਨਦਾ ਹੈ ਤੇ ਮਨ ਅਨੁਸਾਰ ਚਲਦਾ ਹੈ, ਇਸੇ ਲਈ ਗੁਰੂ ਸਾਹਿਬ ਖਾਸ ਤੌਰ ਤੇ ਮਨ ਨੂੰ ਸਮਝਾਂਉਂਦੇ ਹਨ ਕਿ ਤੂੰ ਅਕਾਲ ਪੁਰਖੁ ਦਾ ਨਾਮੁ ਕਿਉਂ ਭੁਲਾਈ ਬੈਠਾ ਹੈਂ? ਜਦੋਂ ਇਹ ਸਰੀਰ ਨਾਸ ਹੋ ਜਾਂਦਾ ਹੈ, ਤਾਂ ਫਿਰ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਜਮਾਂ ਨਾਲ ਵਾਹ ਪੈਂਦਾ ਹੈ। ਇਹ ਸੰਸਾਰ ਤਾਂ, ਮਾਨੋ ਧੂਏਂ ਦਾ ਪਹਾੜ ਹੈ, ਜਿਸ ਨੂੰ ਹਵਾ ਦਾ ਇੱਕ ਬੁੱਲਾ ਆਉਂਦਾ ਹੈ ਤੇ ਉਡਾ ਕੇ ਲੈ ਜਾਂਦਾ ਹੈ। ਹੁਣ ਅਸੀਂ ਜਿਊਦੇ ਹਾਂ, ਅਗਲੇ ਪਲ ਵਿੱਚ ਕੀ ਹੋਣਾਂ ਹੈ, ਅਸੀਂ ਕੁੱਝ ਨਹੀਂ ਕਹਿ ਸਕਦੇ ਹਾਂ। ਮਨੁੱਖ ਦਾ ਮਨ ਆਪਣੇ ਆਪ ਨੂੰ ਇਸ ਜਗਤ ਵਿੱਚ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈ, ਜਿਸ ਕਰਕੇ ਉਹ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ? ਪਰਿਵਾਰ ਦੀ ਖਾਤਰ ਅਨੇਕਾ ਤਰੀਕਿਆਂ ਨਾਲ ਧਨ ਇਕੱਠਾ ਕਰਨ ਵਿੱਚ ਲਗਾ ਰਹਿੰਦਾ ਹੈ। ਪਰ ਇਸ ਮਨ ਨੂੰ ਚੰਗੀ ਤਰ੍ਹਾਂ ਸਮਝ ਲੈਣਾਂ ਚਾਹੀਦਾ ਹੈ, ਕਿ ਧਨ, ਇਸਤ੍ਰੀ, ਜਾਇਦਾਦ, ਘਰ, ਇਨ੍ਹਾਂ ਵਿਚੋਂ ਕੋਈ ਵੀ ਚੀਜ਼ ਮੌਤ ਵੇਲੇ ਜੀਵ ਦੇ ਨਾਲ ਨਹੀਂ ਜਾਂਦੀ। ਸਿਰਫ਼ ਅਕਾਲ ਪੁਰਖੁ ਦੀ ਭਗਤੀ ਅਨੁਸਾਰ ਕੀਤੇ ਚੰਗੇ ਕਰਮ ਹੀ ਮਨੁੱਖ ਦੇ ਨਾਲ ਰਹਿੰਦੇ ਹਨ। ਇਸ ਲਈ ਸਿਰਫ਼ ਅਕਾਲ ਪੁਰਖੁ ਦੇ ਪਿਆਰ ਵਿੱਚ ਟਿਕ ਕੇ ਉਸ ਦਾ ਭਜਨ ਕਰਿਆ ਕਰ ਤਾਂ ਜੋ ਗੁਰਬਾਣੀ ਦੁਆਰਾ ਉਸ ਦੇ ਹੁਕਮੁ ਦੀ ਪਹਿਚਾਨ ਹੋ ਸਕੇ ਤੇ ਉਸ ਅਨੁਸਾਰ ਚਲਣ ਦੀ ਜਾਚ ਆ ਜਾਵੇ।

ਬਸੰਤੁ ਮਹਲਾ ੯॥ ਮਨ ਕਹਾ ਬਿਸਾਰਿਓ ਰਾਮ ਨਾਮੁ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ॥ ੧॥ ਰਹਾਉ॥ ਇਹੁ ਜਗੁ ਧੂਏ ਕਾ ਪਹਾਰ॥ ਤੈ ਸਾਚਾ ਮਾਨਿਆ ਕਿਹ ਬਿਚਾਰਿ॥ ੧॥ ਧਨੁ ਦਾਰਾ ਸੰਪਤਿ ਗ੍ਰੇਹ॥ ਕਛੁ ਸੰਗਿ ਨ ਚਾਲੈ ਸਮਝ ਲੇਹ॥ ੨॥ ਇੱਕ ਭਗਤਿ ਨਾਰਾਇਨ ਹੋਇ ਸੰਗਿ॥ ਕਹੁ ਨਾਨਕ ਭਜੁ ਤਿਹ ਏਕ ਰੰਗਿ॥ ੩॥ ੪॥ (੧੧੮੬, ੧੧੮੭)

ਅਕਾਲ ਪੁਰਖੁ ਤੋਂ ਬਿਨਾ ਤੇਰਾ ਹੋਰ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ। ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਾਂ ਕੌਣ ਕਿਸੇ ਦਾ ਭਰਾ ਬਣਦਾ ਹੈ? ਮਰਨ ਤੋਂ ਬਾਅਦ ਕੋਈ ਰਿਸ਼ਤੇਦਾਰ ਜਾ ਸਬੰਧੀ ਨਹੀਂ ਰਹਿੰਦਾ ਹੈ। ਇਹ ਧਨ, ਧਰਤੀ, ਸਾਰੀ ਮਾਇਆ ਜਿਨ੍ਹਾਂ ਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ, ਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਵੀ ਜੀਵ ਦੇ ਨਾਲ ਨਹੀਂ ਜਾਂਦੀ। ਫਿਰ ਜੀਵ ਕਿਉਂ ਇਨ੍ਹਾਂ ਨਾਲ ਚੰਬੜਿਆ ਰਹਿੰਦਾ ਹੈ? ਇਸ ਤੋਂ ਉਲਟ ਜਿਹੜਾ ਅਕਾਲ ਪੁਰਖੁ ਸਭ ਕੁੱਝ ਦੇਣ ਵਾਲਾ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ, ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ ਜੀਵਾਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਨਾਲ ਪਿਆਰ ਕਿਉਂ ਨਹੀਂ ਪਾਉਂਦਾ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ, ਉਹ ਸਵੇਰੇ ਉਠਣ ਵੇਲੇ ਅਲੋਪ ਹੋ ਜਾਂਦਾ ਹੈ, ਠੀਕ ਉਸੇ ਤਰ੍ਹਾਂ ਇਹ ਸਾਰਾ ਜਗਤ ਹੈ, ਜਿਸ ਨੇ ਕਿ ਇੱਕ ਦਿਨ ਨਾਸ ਹੋ ਜਾਣਾ ਹੈ।

ਰਾਗੁ ਸਾਰੰਗ ਮਹਲਾ ੯॥ ਹਰਿ ਬਿਨੁ ਤੇਰੋ ਕੋ ਨ ਸਹਾਈ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ॥ ੧॥ ਰਹਾਉ॥ ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ॥ ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ॥ ੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ॥ ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ॥ ੨॥ ੧॥ (੧੨੩੧)

ਗੁਰੂ ਸਾਹਿਬ ਸੁਚੇਤ ਕਰਦੇ ਹਨ ਤੇ ਸਮਝਾਂਉਂਦੇ ਹਨ ਕਿ ਜਿਵੇਂ ਸੁੱਤੇ ਪਿਆਂ ਸੁਪਨਾ ਆਉਂਦਾ ਹੈ ਅਤੇ ਉਸ ਸੁਪਨੇ ਵਿੱਚ ਕਈ ਪਦਾਰਥ ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲਉ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਜਗਤ ਵਿੱਚ ਦਿੱਸ ਰਹੇ, ਇਨ੍ਹਾਂ ਪਦਾਰਥਾਂ ਵਿਚੋਂ ਕੋਈ ਵੀ ਪਦਾਰਥ ਸਦਾ ਸਾਥ ਨਿਭਾਣ ਵਾਲਾ ਨਹੀਂ ਹੈ। ਮਾਇਆ ਇਕੱਠੀ ਕਰਨ ਦੀ ਖ਼ਾਤਰ ਲੋਕ ਦਿਨ ਰਾਤ ਭਟਕਦੇ ਫਿਰਦੇ ਰਹਿੰਦੇ ਹਨ, ਤੇ ਅਨੇਕਾਂ ਪਾਪ ਕਮਾ ਕੇ ਵੱਧ ਤੋਂ ਵੱਧ ਮਾਇਆ ਇਕੱਠੀ ਕਰਨ ਵਿੱਚ ਲੱਗੇ ਰਹਿੰਦੇ ਹਨ। ਕ੍ਰੋੜਾਂ ਬੰਦਿਆਂ ਵਿੱਚ ਕੋਈ ਵਿਰਲਾ ਅਜਿਹਾ ਹੁੰਦਾ ਹੈ, ਜਿਸ ਦੇ ਮਨ ਵਿੱਚ ਅਕਾਲ ਪੁਰਖੁ ਦੀ ਯਾਦ ਟਿਕੀ ਹੁੰਦੀ ਹੈ ਤੇ ਉਹ ਸਮਝਦਾ ਹੈ, ਕਿ ਵਿਕਾਰਾਂ ਨਾਲ ਇਕੱਠੀ ਕੀਤੀ ਹੋਈ ਮਾਇਆ ਨਾਲ ਨਹੀਂ ਜਾਣੀ। ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ, ਤਿਵੇਂ ਹੀ ਅਕਾਲ ਪੁਰਖੁ ਨੇ ਜਗਤ ਦੀ ਇਹ ਖੇਡ ਬਣਾਈ ਹੋਈ ਹੈ। ਅਨੇਕਾਂ ਜੀਵ ਪੈਦਾ ਹੁੰਦੇ ਰਹਿੰਦੇ ਹਨ ਤੇ ਮਰਦੇ ਰਹਿੰਦੇ ਹਨ। ਪਰ ਮਾਇਆ ਦੇ ਨਸ਼ੇ ਵਿੱਚ ਫਸਿਆ ਹੋਇਆ ਤੇ ਆਤਮਕ ਜੀਵਨ ਵੱਲੋਂ ਅੰਨ੍ਹਾ ਹੋਇਆ ਮਨੁੱਖ ਆਪਣੇ ਆਤਮਕ ਜੀਵਨ ਬਾਰੇ ਕੁੱਝ ਵੀ ਨਹੀਂ ਸੋਚਦਾ। ਅਕਾਲ ਪੁਰਖੁ ਦੇ ਭਜਨ ਤੋਂ ਬਿਨਾ ਅਜਿਹੇ ਮਨੁੱਖ ਨੂੰ ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ਤੇ ਉਹ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ।

ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ॥ ੨੩॥ ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ॥ ੨੪॥ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥ ੨੫॥ ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ॥ ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ॥ ੨੬॥ (੧੪੨੭)

ਅਕਾਲ ਪੁਰਖੁ ਦੀ ਮਿਹਰ ਨਾਲ ਜਦੋਂ ਸਤਿਗੁਰੂ ਦਿਆਲ ਹੋ ਜਾਂਦਾ ਹੈ, ਤਾਂ ਮਨੁੱਖ ਸਬਦ ਗੁਰੂ ਦੁਆਰਾ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। ਗੁਰੂ ਹਰ ਥਾਂ ਵਿਆਪਕ ਅਕਾਲ ਪੁਰਖੁ ਦਾ ਅਸਚਰਜ ਰੂਪ ਵਿਖਾ ਦਿੰਦਾ ਹੈ, ਤੇ ਮਾਇਆ ਦੇ ਮੋਹ ਦੀ ਫਾਹੀ ਕੱਟ ਕੇ ਆਪਣਾ ਦਾਸ ਬਣਾ ਲੈਂਦਾ ਹੈ, ਗੁਰਮੁਖਾਂ ਦੀ ਸੇਵਾ ਵਿੱਚ ਲਾ ਦਿੰਦਾ ਹੈ, ਤੇ ਮਨੁੱਖ ਸਿਰਫ਼ ਨਾਮੁ ਦਾ ਪੁਜਾਰੀ ਬਣ ਜਾਂਦਾ ਹੈ। ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮਨ ਵਿੱਚ ਪਰਗਟ ਹੁੰਦਾ ਹੈ, ਤਾਂ ਮਨ ਅੰਦਰ ਅਕਾਲ ਪੁਰਖੁ ਦੀ ਹੋਂਦ ਦਾ ਚਾਨਣ ਹੋ ਜਾਂਦਾ ਹੈ, ਤੇ ਮਨੁੱਖ ਨੂੰ ਸਭ ਥਾਂ ਉਸੇ ਦਾ ਚਾਨਣ ਦਿਖਾਈ ਦੇਣ ਲਗ ਪੈਂਦਾ ਹੈ। ਗੁਰੂ ਦੀ ਕਿਰਪਾ ਨਾਲ ਜਦੋਂ ਜੀਵ ਆਤਮਕ ਜੀਵਨ ਦੇਣ ਵਾਲੇ ਅਕਾਲ ਪੁਰਖੁ ਦਾ ਨਾਮੁ ਰਸ ਪੀਂਦਾ ਹੈ, ਤਾਂ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ। ਉਸ ਦਾ ਮਨ ਅਕਾਲ ਪੁਰਖੁ ਦੇ ਨਾਮੁ ਵਿੱਚ ਟਿਕ ਜਾਂਦਾ ਹੈ ਤੇ ਫਿਰ ਉਸ ਨੂੰ ਕੋਈ ਡਰ ਪੋਹ ਨਹੀਂ ਲਗਦਾ। ਗੁਰੂ ਦਾ ਹੁਕਮੁ ਮੰਨ ਕੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਦੁੱਖਾਂ ਦਾ ਡੇਰਾ ਉਠ ਜਾਂਦਾ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਜਦੋਂ ਤੋਂ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ ਸਰੂਪ ਅਕਾਲ ਪੁਰਖੁ ਹੀ ਦਿੱਸ ਰਿਹਾ ਹੈ। ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਹੋ ਗਿਆ ਹੈ, ਕਿ ਨਾ ਕੁੱਝ ਜੰਮਦਾ ਹੈ ਨਾ ਕੁੱਝ ਮਰਦਾ ਹੈ, ਇਹ ਸੱਭ ਅਕਾਲ ਪੁਰਖੁ ਨੇ ਇੱਕ ਖੇਲ ਰਚਾਇਆ ਹੋਇਆ ਹੈ। ਸਰਬ ਵਿਆਪਕ ਤੇ ਸਭ ਦੀ ਪਾਲਣਾ ਕਰਨ ਵਾਲਾ ਅਕਾਲ ਪੁਰਖੁ ਅਪਹੁੰਚ ਹੈ, ਭਾਵ ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਅਤੇ ਅਕਾਲ ਪੁਰਖੁ ਦੇ ਭਗਤਾਂ ਨੂੰ ਉਸ ਦੇ ਨਾਮੁ ਦਾ ਹੀ ਓਟ ਤੇ ਆਸਰਾ ਹੈ।

ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ॥ ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ॥ ੪॥ ੧੫॥ ੧੩੬॥ (੨੦੯)

ਭਗਤ ਪੀਪਾ ਜੀ ਸਮਝਾਂਉਂਦੇ ਹਨ ਕਿ ਦੇਸ ਦੇਸਾਂਤਰਾਂ ਨੂੰ ਖੋਜ ਕੇ ਆਖ਼ਰ ਆਪਣੇ ਸਰੀਰ ਦੇ ਅੰਦਰ ਹੀ ਮੈਂ ਅਕਾਲ ਪੁਰਖੁ ਦਾ ਨਾਮੁ ਰੂਪੀ ਨੌ ਨਿਧ ਖਜ਼ਾਨਾ ਲੱਭ ਲਿਆ ਹੈ, ਹੁਣ ਮੇਰੇ ਸਰੀਰ ਵਿੱਚ ਅਕਾਲ ਪੁਰਖੁ ਦੀ ਯਾਦ ਦਾ ਹੀ ਤੇਜ ਪ੍ਰਤਾਪ ਹੈ, ਉਸ ਦੀ ਬਰਕਤ ਨਾਲ ਮੇਰੇ ਲਈ ਨਾ ਕੁੱਝ ਜੰਮਦਾ ਹੈ, ਨਾ ਮਰਦਾ ਹੈ ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ। ਪੀਪਾ ਜੀ ਬੇਨਤੀ ਕਰਦੇ ਹਨ, ਜੋ ਸ੍ਰਿਸ਼ਟੀ ਦਾ ਰਚਣਹਾਰ ਅਕਾਲ ਪੁਰਖੁ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ, ਉਹੀ ਮਨੁੱਖਾ ਸਰੀਰ ਵਿੱਚ ਹੈ, ਜੋ ਮਨੁੱਖ ਖੋਜ ਕਰਦਾ ਹੈ, ਉਹ ਉਸ ਨੂੰ ਲੱਭ ਲੈਂਦਾ ਹੈ, ਜੇ ਸਤਿਗੁਰੂ ਮਿਲ ਪਏ ਤਾਂ ਅੰਦਰ ਹੀ ਦਰਸ਼ਨ ਕਰਾ ਦਿੰਦਾ ਹੈ। ਇਸ ਸ਼ਬਦ ਵਿੱਚ ਭਗਤ ਪੀਪਾ ਜੀ ਮੂਰਤੀ ਪੂਜਾ ਦੀ ਬਜਾਏ ਸਰੀਰ ਮੰਦਰ ਵਿੱਚ ਵੱਸਦੇ ਅਕਾਲ ਪੁਰਖੁ ਨੂੰ ਸਿਮਰਨ ਲਈ ਕਹਿੰਦੇ ਹਨ। ਜਿਸ ਮਨੁੱਖ ਦੇ ਸਰੀਰ ਵਿੱਚ ਸਾਰਿਆਂ ਅੰਦਰ ਰਮੇ ਹੋਏ ਅਕਾਲ ਪੁਰਖੁ ਦੀ ਯਾਦ ਦੀ ਦੁਹਾਈ ਮੱਚ ਜਾਂਦੀ ਹੈ, ਉਹ ਦੇਸ ਦੇਸਾਂਤਰਾਂ ਦੇ ਤੀਰਥਾਂ ਤੇ ਮੰਦਰਾਂ ਵਲ ਭਟਕਣ ਦੇ ਥਾਂ ਸਰਬ ਵਿਆਪਕ ਅਕਾਲ ਪੁਰਖੁ ਨੂੰ ਆਪਣੇ ਸਰੀਰ ਵਿੱਚ ਹੀ ਲੱਭ ਲੈਂਦਾ ਹੈ। ਇਸ ਲਈ ਉਸ ਸਰਬ ਵਿਆਪਕ ਅਕਾਲ ਪੁਰਖੁ ਨੂੰ ਆਪਣੇ ਸਰੀਰ ਦੇ ਅੰਦਰ ਲੱਭੋ, ਇਹੀ ਅਸਲ ਦੇਵਤੇ ਦੀ ਭਾਲ ਹੈ, ਇਹੀ ਅਸਲ ਮੰਦਰ ਹੈ, ਇਹੀ ਅਸਲ ਪੂਜਾ ਹੈ। ਪਰ ਉਸ ਪਰਮ ਤੱਤ ਅਕਾਲ ਪੁਰਖੁ ਨੂੰ ਨਿਰਾ ਆਪਣੇ ਸਰੀਰ ਵਿੱਚ ਹੀ ਨਾ ਸਮਝ ਰੱਖਣਾ, ਸਾਰੇ ਬ੍ਰਹਮੰਡ ਵਿੱਚ ਵੀ ਉਸ ਨੂੰ ਹੀ ਵੱਸਦਾ ਵੇਖੋ। ਪਰੰਤੂ ਇਹ ਸੂਝ ਸਤਿਗੁਰੂ ਪਾਸੋਂ ਮਿਲਦੀ ਹੈ। ਭਗਤ ਜੀ ਇਹੀ ਸਮਝਾਂਉਂਦੇ ਹਨ ਕਿ ਉਹ ਅਕਾਲ ਪੁਰਖੁ ਮਨੁੱਖਾ ਸਰੀਰ ਵਿੱਚ ਵੱਸਦਾ ਹੈ, ਤੇ ਉਹੀ ਅਕਾਲ ਪੁਰਖੁ ਸਾਰੇ ਬ੍ਰਹਮੰਡ ਵਿੱਚ ਵੱਸਦਾ ਹੈ। ਉਹ ਅਕਾਲ ਪੁਰਖੁ ਪਰਮ ਤਤੁ ਹੈ, ਭਾਵ ਸਾਰੀ ਰਚਨਾ ਦਾ ਮੂਲ ਕਾਰਨ ਹੈ, ਅਕਾਲ ਪੁਰਖੁ ਬ੍ਰਹਮੰਡ ਵਿੱਚ ਨਿਰਾ ਵੱਸਦਾ ਹੀ ਨਹੀਂ ਹੈ, ਉਹ ਬ੍ਰਹਮੰਡ ਨੂੰ ਬਨਾਣ ਵਾਲਾ ਵੀ ਹੈ।

ਪੀਪਾ॥ ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ॥ ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ॥ ੧॥ ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ॥ ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ॥ ੧॥ ਰਹਾਉ॥ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ ੨॥ ੩॥ (੬੯੫)

ਜਿਵੇਂ ਕਿਸੇ ਬਾਜ਼ੀਗਰ ਨੇ ਕਦੇ ਬਾਜੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ, ਇਸੇ ਤਰ੍ਹਾਂ ਅਕਾਲ ਪੁਰਖੁ ਨੇ ਇਹ ਜਗਤ ਤਮਾਸ਼ਾ ਰਚਿਆ ਹੋਇਆ ਹੈ, ਇਸ ਵਿੱਚ ਅਨੇਕਾਂ ਰੂਪ ਤੇ ਭੇਖ ਵਿਖਾ ਰਿਹਾ ਹੈ। ਜਦੋਂ ਅਕਾਲ ਪੁਰਖੁ ਆਪਣੀ ਇਹ ਜਗਤ ਰੂਪੀ ਨਕਲੀ ਸ਼ਕਲ ਉਤਾਰ ਕੇ ਖੇਡ ਦਾ ਖਿਲਾਰਾ ਰੋਕ ਦਿੰਦਾ ਹੈ, ਤਾਂ ਫਿਰ ਉਹ ਇੱਕ ਆਪ ਹੀ ਆਪ ਰਹਿ ਜਾਂਦਾ ਹੈ। ਅਕਾਲ ਪੁਰਖੁ ਦੇ ਸਰਗੁਣੁ ਰੂਪ ਵਿੱਚ ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ। ਇਹ ਕੋਈ ਨਹੀਂ ਦੱਸ ਸਕਦਾ, ਕਿ ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ। ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ ਤੇ ਮੁੜ ਪਾਣੀ ਵਿੱਚ ਰਲ ਜਾਂਦੀਆਂ ਹਨ। ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ, ਪਰ ਉਹ ਅਸਲ ਵਿੱਚ ਸੋਨਾ ਹੀ ਹੁੰਦੇ ਹਨ। ਕਿਸੇ ਰੁੱਖ ਦਾ ਬੀ ਬੀਜ ਕੇ ਜੜ੍ਹਾਂ, ਤਣਾਂ, ਟਾਹਣੀਆਂ, ਪੱਤੇ, ਫੁੱਲ, ਫਲ, ਆਦਿਕ ਉਸ ਦੇ ਕਈ ਕਿਸਮਾਂ ਦਾ ਸਰੂਪ ਵੇਖਣ ਵਿੱਚ ਆ ਜਾਂਦੇ ਹਨ। ਰੁੱਖ ਦੇ ਫਲ ਪੱਕਣ ਤੇ ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ, ਤਿਵੇਂ ਇਸ ਬਹੁ ਰੰਗੀ ਸੰਸਾਰ ਦਾ ਅਸਲਾ ਇੱਕ ਅਕਾਲ ਪੁਰਖੁ ਹੀ ਹੈ। ਜਦੋਂ ਬੱਦਲ ਆਉਂਦੇ ਹਨ ਤਾਂ ਇਹ ਆਕਾਸ਼ ਪਾਣੀ ਨਾਲ ਭਰੇ ਹੋਏ ਹਜ਼ਾਰਾਂ ਘੜਿਆਂ (ਬੱਦਲਾਂ) ਵਿੱਚ ਵੱਖ ਵੱਖ ਦਿੱਸਦਾ ਹੈ। ਜਦੋਂ ਘੜੇ ਟੁੱਟ ਜਾਂਦੇ ਹਨ, ਮੀਂਹ ਪੈ ਹਟਦਾ ਹੈ, ਤਾਂ ਇਹ ਬੱਦਲ ਸਾਫ ਹੋ ਜਾਂਦੇ ਹਨ, ਤੇ ਸਿਰਫ ਇਕੱਲਾ ਆਕਾਸ਼ ਦਿੱਸਦਾ ਰਹਿ ਜਾਂਦਾ ਹੈ। ਅਕਾਲ ਪੁਰਖੁ ਦੀ ਪੈਦਾ ਕੀਤੀ ਜੀਵਾਤਮਾ ਵਿੱਚ ਮਾਇਆ ਦੇ ਕਾਰਨ ਕਈ ਭਰਮ, ਲੋਭ, ਮੋਹ ਆਦਿਕ ਦੇ ਵਿਕਾਰ ਉੱਠਦੇ ਰਹਿੰਦੇ ਹਨ। ਜਦੋਂ ਇਹ ਸਾਰੇ ਭਰਮ ਮਿਟ ਜਾਂਦੇ ਹਨ, ਤਾਂ ਉਹੀ ਜੀਵਾਤਮਾ ਇੱਕ ਅਕਾਲ ਪੁਰਖੁ ਦਾ ਹੀ ਰੂਪ ਹੋ ਜਾਂਦੀ ਹੈ। ਅਕਾਲ ਪੁਰਖੁ ਆਪਣੇ ਨਿਰਗੁਣੁ ਸਰੂਪ ਵਿੱਚ ਕਿਸੇ ਨੂੰ ਦਿਖਾਈ ਨਹੀਂ ਦਿੰਦਾਂ ਹੈ, ਉਹ ਨਾਸ ਰਹਿਤ ਹੈ, ਤੇ ਉਸ ਦਾ ਕਦੇ ਅੰਤ ਨਹੀਂ ਹੁੰਦਾ ਹੈ। ਉਹ ਅਕਾਲ ਪੁਰਖੁ ਜੀਵਾਤਮਾ ਰੂਪ ਹੋ ਕੇ ਵੀ ਨਾ ਆਪ ਜੰਮਦਾ ਹੈ, ਨਾ ਆਪ ਮਰਦਾ ਹੈ। ਪੂਰੇ ਗੁਰੂ ਦੀ ਕਿਰਪਾ ਨਾਲ ਹਉਮੈ ਦੀ ਮੈਲ ਅੰਦਰੋਂ ਧੋਤੀ ਜਾ ਸਕਦੀ ਹੈ, ਫਿਰ ਮਨੁੱਖ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਤੇ, ਉਸ ਨੂੰ ਇਹ ਜਗਤ, ਉਸ ਅਕਾਲ ਪੁਰਖੁ ਦਾ ਆਪਣਾ ਹੀ ਰੂਪ ਦਿੱਸਣ ਲਗ ਪੈਂਦਾ ਹੈ।

ਰਾਗੁ ਸੂਹੀ ਮਹਲਾ ੫ ਘਰੁ ੧॥ ੴ ਸਤਿਗੁਰ ਪ੍ਰਸਾਦਿ॥ ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥ ਸਾਂਗੁ ਉਤਾਰਿ ਥੰਮਿੑਓ ਪਾਸਾਰਾ॥ ਤਬ ਏਕੋ ਏਕੰਕਾਰਾ॥ ੧॥ ਕਵਨ ਰੂਪ ਦ੍ਰਿਸਟਿਓ ਬਿਨਸਾਇਓ॥ ਕਤਹਿ ਗਇਓ ਉਹੁ ਕਤ ਤੇ ਆਇਓ॥ ੧॥ ਰਹਾਉ॥ ਜਲ ਤੇ ਊਠਹਿ ਅਨਿਕ ਤਰੰਗਾ॥ ਕਨਿਕ ਭੂਖਨ ਕੀਨੇ ਬਹੁ ਰੰਗਾ॥ ਬੀਜੁ ਬੀਜਿ ਦੇਖਿਓ ਬਹੁ ਪਰਕਾਰਾ॥ ਫਲ ਪਾਕੇ ਤੇ ਏਕੰਕਾਰਾ॥ ੨॥ ਸਹਸ ਘਟਾ ਮਹਿ ਏਕੁ ਆਕਾਸੁ॥ ਘਟ ਫੂਟੇ ਤੇ ਓਹੀ ਪ੍ਰਗਾਸੁ॥ ਭਰਮ ਲੋਭ ਮੋਹ ਮਾਇਆ ਵਿਕਾਰ॥ ਭ੍ਰਮ ਛੂਟੇ ਤੇ ਏਕੰਕਾਰ॥ ੩॥ ਓਹੁ ਅਬਿਨਾਸੀ ਬਿਨਸਤ ਨਾਹੀ॥ ਨਾ ਕੋ ਆਵੈ ਨਾ ਕੋ ਜਾਹੀ॥ ਗੁਰਿ ਪੂਰੈ ਹਉਮੈ ਮਲੁ ਧੋਈ॥ ਕਹੁ ਨਾਨਕ ਮੇਰੀ ਪਰਮ ਗਤਿ ਹੋਈ॥ ੪॥ ੧॥ (੭੩੬)

ਅਕਾਲ ਪੁਰਖੁ ਦੀ ਦਰਗਾਹ ਅਜੇਹੀ ਹੈ, ਤੇ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਆਪ ਵੀ ਅਜੇਹਾ ਹੈ ਕਿ ਉਸ ਦੀ ਹਜ਼ੂਰੀ ਵਿੱਚ ਪਹੁੰਚ ਕੇ ਕੋਈ ਸਵਾਲੀ ਖ਼ਾਲੀ ਨਹੀਂ ਮੁੜਦਾ। ਜਿਸ ਮਨੁੱਖ ਉਤੇ ਅਕਾਲ ਪੁਰਖੁ ਦੀ ਮੇਹਰ ਹੋਵੇ, ਜਿਸ ਉਤੇ ਉਸ ਦੀ ਬਖ਼ਸ਼ਸ਼ ਹੋਵੇ, ਉਸ ਨੂੰ ਨਾਮੁ ਦਾ ਖ਼ਜ਼ਾਨਾ ਮਿਲਦਾ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਅਕਾਲ ਪੁਰਖੁ ਅੱਗੇ ਇੱਕ ਮੰਗਤੇ ਦੀ ਤਰ੍ਹਾਂ ਬੇਨਤੀ ਕਰਨੀ ਹੈ, ਕਿ ਮੈਨੂੰ ਆਪਣੇ ਨਾਮੁ ਦੀ ਦਾਤ ਦਿਉ ਤਾਂ ਕਿ ਮੇਰੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਚਰਨਾਂ ਲਈ ਪਿਆਰ ਪੈਦਾ ਹੋਵੇ। ਸਿਰਫ਼ ਉਸ ਹਿਰਦੇ ਵਿੱਚ ਅਕਾਲ ਪੁਰਖੁ ਦੇ ਚਰਨਾਂ ਲਈ ਪ੍ਰੇਮ ਪੈਦਾ ਹੁੰਦਾ ਹੈ, ਜਿਸ ਵਿੱਚ ਉਹ ਆਪ ਇਸ ਪ੍ਰੇਮ ਦੀ ਕਦਰ ਪਾ ਦਿੰਦਾ ਹੈ। ਜਿਸ ਅਕਾਲ ਪੁਰਖੁ ਨੇ ਇਹ ਜਗਤ ਰਚਨਾ ਬਣਾਈ, ਜੀਵਾਂ ਦੇ ਹਿਰਦੇ ਵਿੱਚ ਪ੍ਰੇਮ ਦੀ ਖੇਡ ਵੀ, ਉਹ ਆਪ ਹੀ ਖੇਡਦਾ ਹੈ। ਜੀਵਾਂ ਦੇ ਹਿਰਦੇ ਵਿੱਚ ਆਪਣੇ ਨਾਮੁ ਦੀ ਕਦਰ ਵੀ ਉਹ ਆਪ ਹੀ ਟਿਕਾਂਦਾ ਹੈ। ਅਕਾਲ ਪੁਰਖੁ ਗੁਰੂ ਰਾਹੀਂ ਜੀਵ ਦੇ ਹਿਰਦੇ ਵਿੱਚ ਪਰਗਟ ਹੁੰਦਾ ਹੈ, ਤੇ ਜਿਸ ਦੇ ਅੰਦਰ ਪਰਗਟ ਹੁੰਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਆਪ ਹੀ ਜੀਵ ਰੂਪ ਹੋ ਕੇ ਜਗਤ ਵਿੱਚ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ, ਉਸ ਤੋਂ ਬਿਨਾ ਨਾ ਕੋਈ ਆਉਂਦਾ ਹੈ ਤੇ ਨਾ ਕੋਈ ਜਾਂਦਾ ਹੈ।

ਜਿਨਿ ਕਿਛੁ ਕੀਆ ਸੋ ਕਿਛੁ ਕਰੈ॥ ਅਪਨੀ ਕੀਮਤਿ ਆਪੇ ਧਰੈ॥ ਗੁਰਮੁਖਿ ਪਰਗਟੁ ਹੋਆ ਹਰਿ ਰਾਏ॥ ਨਾ ਕੋ ਆਵੈ ਨਾ ਕੋ ਜਾਇ॥ ੩॥ (੮੭੮)

ਗੁਰੂ ਦੇ ਸ਼ਬਦ ਨੂੰ ਸੁਰਤਿ ਵਿੱਚ ਟਿਕਾਣ ਦੀ ਸੂਝ, ਜਿਸ ਮਨੁੱਖ ਦੇ ਹਿਰਦੇ ਵਿੱਚ ਆ ਜਾਂਦੀ ਹੈ। ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮੁ ਰਸ ਪੀਂਦਾ ਹੈ। ਗੁਰੂ ਨੇ ਜਿਸ ਮਨੁੱਖ ਦੀ ਭਟਕਣਾ ਦੂਰ ਕਰ ਦਿੱਤੀ, ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ। ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਸ ਨੂੰ ਮੌਤ ਦਾ ਡਰ ਨਹੀਂ ਲਗਦਾ। ਅਜਿਹਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। ਜਿਹੜਾ ਮਨੁੱਖ ਪੂਰੇ ਗੁਰੂ ਦੀ, ਪੂਰੀ ਬਾਣੀ ਰਾਹੀਂ ਪੂਰਨ ਅਕਾਲ ਪੁਰਖੁ ਦੀ ਯਾਦ ਵਿੱਚ ਜੁੜਦਾ ਹੈ, ਉਹ ਉਸ ਵਿੱਚ ਸਮਾਇਆ ਰਹਿੰਦਾ ਹੈ ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦਾ ਹੈ।

ਮਰੈ ਨਾਹੀ ਸਦ ਸਦ ਹੀ ਜੀਵੈ॥ ਅਮਰੁ ਭਇਆ ਅਬਿਨਾਸੀ ਥੀਵੈ॥ ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ॥ ੧੪॥॥ ੧੭॥ ੧॥ ੩॥ (੧੦੭੪)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਧਰਤੀ ਉਪਰ ਅਨੇਕਾ ਜੀਵ ਪੈਦਾ ਹੁੰਦੇ ਹਨ ਤੇ ਧਰਤੀ ਵਿੱਚ ਹੀ ਸਮਾ ਜਾਂਦੇ ਹਨ। ਪਰ ਅਸਲੀਅਤ ਇਹ ਹੈ ਕਿ ਨਾ ਕੁੱਝ ਜੰਮਦਾ ਹੈ ਤੇ ਨਾ ਕੁੱਝ ਮਰਦਾ ਹੈ। ਇਹ ਜਨਮ ਮਰਣ ਦਾ ਚਕਰ ਤਾਂ ਅਕਾਲ ਪੁਰਖੁ ਆਪ ਹੀ ਕਰ ਰਿਹਾ ਹੈ।

ਮਨੁੱਖਾ ਸਰੀਰ ਜੋ ਕਿ ਪਾਣੀ, ਹਵਾ, ਤੇ ਧਰਤੀ ਦੀ ਮਿੱਟੀ ਵਿੱਚ ਪੈਦਾ ਹੋਇਆ, ਤੇ ਪਦਾਰਥਾਂ ਨਾਲ ਵਧਿਆ ਫੁਲਿਆ ਸੀ, ਇੱਕ ਦਿਨ ਇਸ ਧਰਤੀ ਦੀ ਮਿੱਟੀ ਵਿੱਚ ਮਿਲ ਜਾਂਦਾ ਹੈ। ਜੀਵਾਤਮਾ ਅਕਾਲ ਪੁਰਖੁ ਦੀ ਸਰਬ ਵਿਆਪਕ ਜੋਤਿ ਨਾਲ ਜਾ ਰਲਦਾ ਹੈ।

ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਇੱਕ ਸੁਪਨੇ ਵਾਂਗ ਹੈ, ਇਹ ਅਖ਼ੀਰ ਵਿੱਚ ਸੁਪਨੇ ਦੀ ਤਰ੍ਹਾਂ ਬੀਤ ਜਾਂਦਾ ਹੈ। ਉਸ ਅਕਾਲ ਪੁਰਖੁ ਦੇ ਕਦੇ ਖ਼ਤਮ ਨਾ ਹੋਣ ਵਾਲੇ ਹੁਕਮੁ ਵਿੱਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਚਲੇ ਜਾਂਦੇ ਹਨ।

ਬੀਤ ਗਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ ਹੈ, ਤੇ ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ ਜੋ ਆਪਣਾ ਜੀਵਨ ਵਿਅਰਥ ਗਵਾਉਣ ਦੀ ਬਜਾਏ, ਆਪਣਾ ਸਮਾਂ ਸਫਲ ਕਰਦਾ ਹੈ, ਅਜੇਹਾ ਮਨੁੱਖ ਆਪਣੇ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ।

ਇਹ ਸੰਸਾਰ ਤਾਂ, ਮਾਨੋ ਧੂਏਂ ਦਾ ਪਹਾੜ ਹੈ, ਜਦੋਂ ਹਵਾ ਦਾ ਇੱਕ ਬੁੱਲਾ ਆਉਂਦਾ ਹੈ ਤਾਂ ਸਭ ਕੁੱਝ ਉਡਾ ਕੇ ਲੈ ਜਾਂਦਾ ਹੈ। ਹੁਣ ਅਸੀਂ ਜਿਊਦੇ ਹਾਂ, ਅਗਲੇ ਪਲ ਵਿੱਚ ਕੀ ਹੋਣਾਂ ਹੈ, ਅਸੀਂ ਕੁੱਝ ਨਹੀਂ ਕਹਿ ਸਕਦੇ। ਮਰਨ ਤੋਂ ਬਾਅਦ ਕੋਈ ਰਿਸ਼ਤੇਦਾਰ ਜਾ ਸਬੰਧੀ ਨਹੀਂ ਰਹਿੰਦਾ ਹੈ।

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ, ਉਹ ਸਵੇਰੇ ਉਠਣ ਵੇਲੇ ਅਲੋਪ ਹੋ ਜਾਂਦਾ ਹੈ, ਠੀਕ ਉਸੇ ਤਰ੍ਹਾਂ ਇਹ ਸਾਰਾ ਜਗਤ ਹੈ, ਜਿਸ ਨੇ ਕਿ ਇੱਕ ਦਿਨ ਨਾਸ ਹੋ ਜਾਣਾ ਹੈ।

ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ, ਤਿਵੇਂ ਹੀ ਅਕਾਲ ਪੁਰਖੁ ਨੇ ਜਗਤ ਦੀ ਇਹ ਖੇਡ ਬਣਾਈ ਹੋਈ ਹੈ।

ਅਕਾਲ ਪੁਰਖੁ ਦੀ ਮਿਹਰ ਨਾਲ ਜਦੋਂ ਸਤਿਗੁਰੂ ਦਿਆਲ ਹੋ ਜਾਂਦਾ ਹੈ, ਤਾਂ ਮਨੁੱਖ ਸਬਦ ਗੁਰੂ ਦੁਆਰਾ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ, ਤੇ ਫਿਰ ਗੁਰੂ ਹਰ ਥਾਂ ਵਿਆਪਕ ਅਕਾਲ ਪੁਰਖੁ ਦਾ ਅਸਚਰਜ ਰੂਪ ਵਿਖਾ ਦਿੰਦਾ ਹੈ।

ਪੀਪਾ ਜੀ ਬੇਨਤੀ ਕਰਦੇ ਹਨ, ਜੋ ਸ੍ਰਿਸ਼ਟੀ ਦਾ ਰਚਣਹਾਰ ਅਕਾਲ ਪੁਰਖੁ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ, ਉਹੀ ਮਨੁੱਖਾ ਸਰੀਰ ਵਿੱਚ ਹੈ। ਜੋ ਮਨੁੱਖ ਸਤਿਗੁਰ ਦੁਆਰਾ ਆਪਣੇ ਅੰਦਰ ਖੋਜਦਾ ਹੈ, ਉਹ ਅਕਾਲ ਪੁਰਖੁ ਨੂੰ ਆਪਣੇ ਅੰਦਰੋਂ ਲੱਭ ਲੈਂਦਾ ਹੈ।

ਜਿਵੇਂ ਕਿਸੇ ਬਾਜ਼ੀਗਰ ਨੇ ਕਦੇ ਬਾਜ਼ੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ, ਇਸੇ ਤਰ੍ਹਾਂ ਅਕਾਲ ਪੁਰਖੁ ਨੇ ਇਹ ਜਗਤ ਤਮਾਸ਼ਾ ਰਚਿਆ ਹੋਇਆ ਹੈ।

ਅਕਾਲ ਪੁਰਖੁ ਗੁਰੂ ਰਾਹੀਂ ਜੀਵ ਦੇ ਹਿਰਦੇ ਵਿੱਚ ਪਰਗਟ ਹੁੰਦਾ ਹੈ, ਤੇ ਜਿਸ ਦੇ ਅੰਦਰ ਪਰਗਟ ਹੁੰਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਆਪ ਹੀ ਜੀਵ ਰੂਪ ਹੋ ਕੇ ਜਗਤ ਵਿੱਚ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ।

ਜਿਹੜਾ ਮਨੁੱਖ ਪੂਰੇ ਗੁਰੂ ਦੀ, ਪੂਰੀ ਬਾਣੀ ਰਾਹੀਂ ਪੂਰਨ ਅਕਾਲ ਪੁਰਖੁ ਦੀ ਯਾਦ ਵਿੱਚ ਜੁੜਦਾ ਹੈ, ਉਹ ਉਸ ਵਿੱਚ ਸਮਾਇਆ ਰਹਿੰਦਾ ਹੈ ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦਾ ਹੈ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮, RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
http://www.sikhmarg.com/article-dr-sarbjit.html
.