.

ਜਸਬੀਰ ਸਿੰਘ ਵੈਨਕੂਵਰ

ਸਤਰਿ ਕਾ ਮਤਿਹੀਣੁ (ਭਾਗ ਤੀਜਾ)

ਸਲੋਕੁ ਮਃ ੧॥ ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ॥ ੧॥ (ਪੰਨਾ ੧੩੭)
ਅਰਥ:- ਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੈ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿੱਚ ਚਾਨਣ ਕਰਨ ਵਾਲਾ ਹੈ। ਹੇ ਨਾਨਕ! ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ)। ਜਿਸ ਦਾ ਮਨ ਗੁਰੂ ਵਿੱਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ। ੧।
ਮਃ ੧॥ ਪਹਿਲੈ ਪਿਆਰਿ ਲਗਾ ਥਣ ਦੁਧਿ॥ ਦੂਜੈ ਮਾਇ ਬਾਪ ਕੀ ਸੁਧਿ॥ ਤੀਜੈ ਭਯਾ ਭਾਭੀ ਬੇਬ॥ ਚਉਥੈ ਪਿਆਰਿ ਉਪੰਨੀ ਖੇਡ॥ ਪੰਜਵੈ ਖਾਣ ਪੀਅਣ ਕੀ ਧਾਤੁ॥ ਛਿਵੈ ਕਾਮੁ ਨ ਪੁਛੈ ਜਾਤਿ॥ ਸਤਵੈ ਸੰਜਿ ਕੀਆ ਘਰ ਵਾਸੁ॥ ਅਠਵੈ ਕ੍ਰੋਧੁ ਹੋਆ ਤਨ ਨਾਸੁ॥ ਨਾਵੈ ਧਉਲੇ ਉਭੇ ਸਾਹ॥ ਦਸਵੈ ਦਧਾ ਹੋਆ ਸੁਆਹ॥ ਗਏ ਸਿਗੀਤ ਪੁਕਾਰੀ ਧਾਹ॥ ਉਡਿਆ ਹੰਸੁ ਦਸਾਏ ਰਾਹ॥ ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ ੨॥
ਅਰਥ:- (ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿੱਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ: ) ਪਹਿਲੀ ਅਵਸਥਾ ਵਿੱਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿੱਚ ਰੁੱਝਦਾ ਹੈ; ਦੂਜੀ ਅਵਸਥਾ ਵਿੱਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ, ਤੀਜੀ ਅਵਸਥਾ ਵਿੱਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ। ਚੌਥੀ ਅਵਸਥਾ ਵੇਲੇ ਖੇਡਾਂ ਵਿੱਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ, ਪੰਜਵੀਂ ਅਵਸਥਾ ਵਿੱਚ ਖਾਣ ਪੀਣ ਦੀ ਲਾਲਸਾ ਬਣਦੀ ਹੈ, ਛੇਵੀਂ ਅਵਸਥਾ ਵਿੱਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ। ਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ; ਅਠਵੀਂ ਅਵਸਥਾ ਵਿੱਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ। (ਉਮਰ ਦੇ) ਨਾਂਵੇਂ ਹਿੱਸੇ ਵਿੱਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ), ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।
ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ, ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ। ਜੀਵ ਜਗਤ ਵਿੱਚ ਆਇਆ ਤੇ ਤੁਰ ਗਿਆ, (ਜਗਤ ਵਿੱਚ ਉਸ ਦਾ) ਨਾਮ ਭੀ ਭੁੱਲ ਗਿਆ, (ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁੱਝ ਨਹੀਂ ਅੱਪੜਦਾ)।
ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ, ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ ‘ਅੰਧ ਪਿਆਰ’ ਵਿਚ) ਡੁੱਬ ਰਿਹਾ ਹੈ। ੨।
ਮਃ ੧॥ ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥ ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥ ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ॥ ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ॥ ੩॥ (ਪੰਨਾ ੧੩੮) ਅਰਥ:- ਦਸਾਂ ਸਾਲਾਂ ਦਾ (ਜੀਵ) ਬਾਲਪਨ ਵਿੱਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿੱਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ। ਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ ਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ। ਨੱਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ। ਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ)। ੩।
ਪਉੜੀ॥ ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥ ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ॥ ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ॥ ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ॥ ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ॥ ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ॥ ੧॥
ਅਰਥ:- ਹੇ (ਪ੍ਰਭੂ!) ਤੂੰ ਸਿਰਜਣਹਾਰ ਹੈਂ, ਸਭ ਵਿੱਚ ਮੌਜੂਦ ਹੈਂ, (ਫਿਰ ਭੀ) ਤੇਰੇ ਤੀਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ (ਸਾਰੀ) ਸ੍ਰਿਸ਼ਟੀ ਉਪਾਈ ਹੈ, (ਇਹ ਰਚਨਾ) ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ। (ਜਗਤ ਦਾ ਇਹ) ਸਾਰਾ ਤਮਾਸ਼ਾ ਤੇਰਾ ਹੀ (ਬਣਾਇਆ ਹੋਇਆ) ਹੈ, (ਇਸ ਤਮਾਸ਼ੇ ਦੇ ਭੇਤ ਨੂੰ) ਤੂੰ ਆਪ ਹੀ ਜਾਣਦਾ ਹੈਂ, ਜਿਸ ਨੇ (ਖੇਲ ਬਣਾਇਆ ਹੋਇਆ) ਹੈ।) ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) ‘ਨਾਮ’ ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ, ਉਹ ਮਨੁੱਖ ਗੁਰੂ ਦੇ ਸਨਮੁਖ ਹਨ ਉਹ (ਪ੍ਰਭੂ ਦੇ) ਪਿਆਰ ਵਿੱਚ ਗੂੜ੍ਹੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਰੰਗੇ ਹੋਏ ਹਨ। (ਹੇ ਭਾਈ!) ਜੋ ਪ੍ਰਭੂ ਸਭ ਵਿੱਚ ਵਿਆਪਕ (ਪੁਰਖ) ਹੈ, ਜਗਤ ਦਾ ਰਚਨ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ। ਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ ਕੁੱਝ ਜਾਣਨ ਵਾਲਾ ਹੈਂ; ਹੇ ਮੇਰੇ ਸੱਚੇ (ਸਾਹਿਬ!) ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ੧।
ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਇਸ ਪਉੜੀ ਦਾ ਮੁੱਖ ਭਾਵ ਇਉਂ ਲਿਖਿਆ ਹੈ, ‘ਇਸ ਬਹੁ-ਰੰਗੀ ਜਗਤ ਵਿੱਚ ਜੀਵ ‘ਨਾਮ’ ਤੋਂ ਬਿਨਾ ਦੁਖੀ ਹੋ ਰਿਹਾ ਹੈ’। ਇਸ ਪਉੜੀ ਅਤੇ ਇਸ ਨਾਲ ਸੰਬੰਧਤ ਸਲੋਕਾਂ ਨੂੰ ਇਕੱਠਿਆਂ ਵਿਚਾਰਨ ਉਪਰੰਤ ਇਸ ਨਤੀਜੇ `ਤੇ ਅਪੜੀਦਾ ਹੈ ਕਿ ਗੁਰਦੇਵ ਨੇ ਇਹਨਾਂ ਸਲੋਕਾਂ ਵਿੱਚੋਂ ਜਿੱਥੇ ਪਹਿਲੇ ਸਲੋਕ ਵਿੱਚ ਇਹ ਦੱਸਿਆ ਹੈ ਕਿ ਅਸਲ ਸੁਖ (ਆਤਮਕ ਸੁਖ) ਕਿਵੇਂ ਮਾਨਿਆਂ ਜਾ ਸਕਦਾ ਹੈ, ਉੱਥੇ ਦੂਜੇ ਸਲੋਕ ਵਿੱਚ, ਪਹਿਲੇ ਸਲੋਕ ਵਿੱਚ ਦੱਸੇ ਹੋਏ ‘ਸੁਖ’ ਤੋਂ ਵਾਂਝੇ ਰਿਹਾਂ (ਭਾਵ ਗੁਰੂ ਵਲੋਂ ਬਖ਼ਸ਼ਿਸ਼ ਕੀਤੀ ਜੀਵਨ-ਜੁਗਤ ਤੋਂ ਮੂੰਹ ਮੋੜ ਕੇ ਜੀਵਿਆਂ) ਜੀਵਨ ਦੇ ਹਰੇਕ ਪੜਾਅ `ਚ ਅਗਿਆਨਤਾ ਦੇ ਅੰਧਕਾਰ ਵਿੱਚ ਭਟਕਣ ਦਾ ਜ਼ਿਕਰ ਕੀਤਾ ਹੈ। ਤੀਜੇ ਸਲੋਕ ਵਿੱਚ ਇਸ ਹੀ ਵਿਸ਼ੇ ਦੇ ਸੰਬੰਧ ਵਿੱਚ ਚਰਚਾ ਕਰਦਿਆਂ ਕਿਹਾ ਹੈ ਕਿ ਮਨੁੱਖ ਸੱਚ ਦੇ ਰਸਤੇ ਤੋਂ ਭਟਕ ਕੇ ਸਾਰੀ ਉਮਰ ਖ਼ੁਆਰ ਹੁੰਦਾ ਰਹਿੰਦਾ ਹੈ ਅਤੇ ਅੰਤ ਇਸ ਫ਼ਾਨੀ ਤੋਂ ਸੰਸਾਰ ਤੋਂ ਕੂਚ ਕਰ ਜਾਦਾ ਹੈ। ਸੰਖੇਪ ਵਿੱਚ ਇਸ ਪਉੜੀ ਅਤੇ ਸਲੋਕਾਂ ਦੇ ਸੰਬੰਧ ਵਿੱਚ ਕਿਹਾ ਜਾ ਸਕਦਾ ਹੈ ਕਿ ਇਹਨਾਂ ਵਿੱਚ ਮੁੱਖ ਰੂਪ ਵਿੱਚ ਇਸ ਗੱਲ ਨੂੰ ਦ੍ਰਿੜ ਕਰਵਾਇਆ ਗਿਆ ਹੈ ਕਿ ਜਦੋਂ ਮਨੁੱਖ ਸੱਚੀ ਜੀਵਨ-ਜੁਗਤ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਉਹ ਅਗਿਆਨਤਾ ਦੇ ਅੰਧਕਾਰ ਦਾ ਸ਼ਿਕਾਰ ਹੋ ਕੇ ਆਪਣਾ ਮਨੁੱਖਾ ਜਨਮ ਅਜਾਂਈਂ ਗਵਾ ਜਾਂਦਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਦੇ ਇਹਨਾਂ ਸਲੋਕਾਂ ਦਾ ਮੁੱਖ ਵਿਸ਼ਾ ਉਮਰ ਦੇ ਵੱਖ ਵੱਖ ਪੜਾਵਾਂ ਵਿੱਚ ਮਨੁੱਖ ਦੀ ਮਾਨਸਕ ਅਵਸਥਾ ਦਾ ਨਹੀਂ ਬਲਕਿ ਮਨੁੱਖ ਦੀ ਅਗਿਆਨਤਾ ਦੀ ਹਾਲਤ ਵਿੱਚ ਭਟਕਣਾ ਵਿੱਚ ਪੈ ਕੇ ਹੋ ਰਹੀ ਖ਼ੁਆਰੀ ਦਾ ਵਰਨਣ ਹੈ।
ਉਪਰੋਕਤ ਸਲੋਕਾਂ ਵਿੱਚ ਵਰਨਣ ਕੀਤੀ ਸਚਾਈ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ:-
(ੳ) ਬਾਲਕ ਬਿਰਧਿ ਨ ਸੁਰਤਿ ਪਰਾਨਿ॥ ਭਰਿ ਜੋਬਨਿ ਬੂਡੈ ਅਭਿਮਾਨਿ॥ ਬਿਨੁ ਨਾਵੈ ਕਿਆ ਲਹਸਿ ਨਿਦਾਨਿ॥ (ਪੰਨਾ ੪੧੪) ਅਰਥ:- (ਜਿਸ ਪ੍ਰਾਣੀ ਦੀ ਸੁਰਤਿ ਨਾਹ ਬਾਲ ਉਮਰੇ, ਨਾਹ ਬਿਰਧ ਅਵਸਥਾ ਵੇਲੇ (ਤੇ ਨਾਹ ਹੀ ਜਵਾਨੀ ਸਮੇ) ਕਦੇ ਭੀ ਪਰਮਾਤਮਾ ਵਿੱਚ ਨਹੀਂ ਜੁੜਦੀ, (ਸਗੋਂ) ਭਰ-ਜਵਾਨੀ ਵਿੱਚ ਉਹ (ਜਵਾਨੀ ਦੇ) ਅਹੰਕਾਰ ਵਿੱਚ ਡੁੱਬਾ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਆਖ਼ਰ (ਇਥੋਂ) ਕੀਹ ਖੱਟੇਗਾ?
(ਅ) ਬਾਲ ਬਿਵਸਥਾ ਬਾਰਿਕੁ ਅੰਧ॥ ਭਰਿ ਜੋਬਨਿ ਲਾਗਾ ਦੁਰਗੰਧ॥ ਤ੍ਰਿਤੀਅ ਬਿਵਸਥਾ ਸਿੰਚੇ ਮਾਇ॥ ਬਿਰਧਿ ਭਇਆ ਛੋਡਿ ਚਲਿਓ ਪਛੁਤਾਇ॥ (੮੮੯) ਅਰਥ:-ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ, ਭਰ-ਜਵਾਨੀ ਵੇਲੇ ਵਿਕਾਰਾਂ ਵਿੱਚ ਲੱਗਾ ਰਹਿੰਦਾ ਹੈ, (ਜਵਾਨੀ ਲੰਘ ਜਾਣ ਤੇ) ਤੀਜੀ ਉਮਰੇ ਮਾਇਆ ਜੋੜਨ ਲੱਗ ਪੈਂਦਾ ਹੈ, (ਆਖ਼ਰ ਜਦੋਂ) ਬੁੱਢਾ ਹੋ ਜਾਂਦਾ ਹੈ ਤਾਂ ਅਫ਼ਸੋਸ ਕਰਦਾ (ਜੋੜੀ ਹੋਈ ਮਾਇਆ) ਛੱਡ ਕੇ (ਇੱਥੋਂ) ਤੁਰ ਪੈਂਦਾ ਹੈ।
(ੲ) ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ॥ ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ॥ ੧॥ ਮੇਰੀ ਮੇਰੀ ਕਰਤੇ ਜਨਮੁ ਗਇਓ॥ ਸਾਇਰੁ ਸੋਖਿ ਭੁਜੰ ਬਲਇਓ॥ ੧॥ ਰਹਾਉ॥ ਪੰਨਾ ੪੭੯) ਅਰਥ:- (ਉਮਰ ਦੇ ਪਹਿਲੇ) ਬਾਰ੍ਹਾਂ ਸਾਲ ਅੰਞਾਣਪੁਣੇ ਵਿੱਚ ਲੰਘ ਗਏ, (ਹੋਰ) ਵੀਹ ਵਰ੍ਹੇ (ਲੰਘ ਗਏ, ਭਾਵ, ਤੀਹ ਸਾਲਾਂ ਤੋਂ ਟੱਪ ਗਿਆ, ਤਦ ਤਕ ਭੀ) ਕੋਈ ਤਪ ਨਾ ਕੀਤਾ; ਤੀਹ ਸਾਲ (ਹੋਰ ਬੀਤ ਗਏ, ਉਮਰ ਸੱਠ ਤੋਂ ਟੱਪ ਗਈ, ਤਾਂ ਭੀ) ਕੋਈ ਭਜਨ-ਬੰਦਗੀ ਨਾਹ ਕੀਤੀ, ਹੁਣ ਹੱਥ ਮਲਣ ਲੱਗਾ (ਕਿਉਂਕਿ) ਬੁੱਢਾ ਹੋ ਗਿਆ। ੧। ‘ਮਮਤਾ’ ਵਿੱਚ ਹੀ (ਜੁਆਨੀ ਦੀ) ਉਮਰ ਬੀਤ ਗਈ, ਸਰੀਰ-ਰੂਪ ਸਮੁੰਦਰ ਸੁੱਕ ਗਿਆ, ਤੇ ਬਾਹਾਂ ਦੀ ਤਾਕਤ (ਭੀ ਮੁੱਕ ਗਈ)। ੧। ਰਹਾਉ।
ਇਸ ਭਾਵ ਨੂੰ ਕੇਵਲ ਉਪਰੋਕਤ ਢੰਗਾਂ ਰਾਹੀਂ ਹੀ ਨਹੀਂ ਸਗੋਂ ਚਾਰ ਪਹਰਾਂ ਵਿੱਚ ਵੰਡ ਕੇ ਵੀ ਬਿਆਨ ਕੀਤਾ ਹੈ:-
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ॥ ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ॥ ੧॥ ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ॥ ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ॥ ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ॥ ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ॥ ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ॥ ੨॥ ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ॥ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ॥ ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ॥ ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ॥ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ॥ ੩॥ ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ॥ ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥ ਝੂਠਾ ਰੁਦਨੁ ਹੋਆ ਦ+ਆਲੈ ਖਿਨ ਮਹਿ ਭਇਆ ਪਰਾਇਆ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ॥ ੪॥ (ਪੰਨਾ੭੪-੭੫)
ਅਰਥ:- ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿੱਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿੱਚ ਆ ਨਿਵਾਸ ਲਿਆ ਹੈ। ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿੱਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ।
(ਮਾਂ ਦੇ ਪੇਟ ਵਿੱਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿੱਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਦਾ ਹੈ। ਜਗਤ ਵਿੱਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ। ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿੱਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ। ਹੇ ਨਾਨਕ! ਆਖ—ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿੱਚ ਆ ਨਿਵਾਸ ਲਿਆ। ੧।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿੱਚ (ਸੰਸਾਰ ਵਿੱਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿੱਚ ਰਹਿਣ ਸਮੇ ਹੁੰਦਾ ਹੈ)। ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿੱਚ ਸ੍ਰੀ ਕ੍ਰਿਸ਼ਨ ਜੀ ਨੂੰ। (ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿੱਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ। ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ। ਜੀਵ ਆਪਣੇ ਮਨ ਵਿੱਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ। ਹੇ ਨਾਨਕ! ਆਖ— (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿੱਚ (ਸੰਸਾਰ ਵਿੱਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ। ੨।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿੱਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ। ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।
ਜੀਵ ਮਾਇਆ (ਦੇ ਮੋਹ) ਵਿੱਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਮਨ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿੱਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ, ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ। ਹੇ ਨਾਨਕ! ਆਖ— (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿੱਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ। ੩।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ ) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ। ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ। ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ। ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ, ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ ‘ਮੇਰਾ, ਮੇਰਾ’ ਕਿਹਾ ਕਰਦੇ ਸਨ) ਇੱਕ ਖਿਨ ਵਿੱਚ ਹੀ ਓਪਰਾ ਹੋ ਗਿਆ। ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)। ਹੇ ਨਾਨਕ! ਆਖ— (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ। ੪।
ਇਸ ਭਾਵ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ:-
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ॥ ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ॥ ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ॥ (ਪੰਨਾ ੪੩) ਅਰਥ:- (ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿੱਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ, ਤੀਜੇ ਪਹਰ ਵਿਸ਼ੇ ਭੋਗਦਾ ਰਂਿਹੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ)। ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ)।
ਇਹਨਾਂ ਫ਼ਰਮਾਨਾਂ ਵਿੱਚ ਵੀ ਮੁੱਖ ਰੂਪ ਵਿੱਚ ਮਨੁੱਖ ਵਲੋਂ ਜੀਵਨ ਦੇ ਉੱਚ ਅਦਰਸ਼ ਤੋਂ ਮੂੰਹ ਮੋੜ ਕੇ ਭਟਕਣ ਦਾ ਹੀ ਜ਼ਿਕਰ ਹੈ। ਮਨੁੱਖ ਦੀ ਇਸ ਅਗਿਆਨਮਈ ਦਸ਼ਾ ਨੂੰ ਦਰਸਾਉਣ ਲਈ ਜਿੱਥੇ ਉਪਰੋਕਤ ਢੰਗਾਂ ਦੀ ਵਰਤੋਂ ਕੀਤੀ ਹੋਈ ਹੈ, ਉੱਥੇ ਸਮੁੱਚੇ ਰੂਪ ਵਿੱਚ ਵੀ ਇਸ ਨੂੰ ਬਿਆਨ ਕੀਤਾ ਹੈ:-
(ੳ) ਭਰਮਿ ਭੂਲੇ ਬਾਦਿ ਅਹੰਕਾਰੀ॥ ਸੰਗਿ ਨਾਹੀ ਰੇ ਸਗਲ ਪਸਾਰੀ॥ ਸੋਗ ਹਰਖ ਮਹ ਦੇਹ ਬਿਰਧਾਨੀ॥ ਸਾਕਤ ਇਵ ਹੀ ਕਰਤ ਬਿਹਾਨੀ॥ (ਪੰਨਾ ੮੮੮) ਅਰਥ:-ਹੇ ਭਾਈ! ਜਿਨ੍ਹਾਂ ਪਦਾਰਥਾਂ ਦੀ ਖ਼ਾਤਰ ਮਨੁੱਖ ਭਟਕਣਾ ਵਿੱਚ ਪੈ ਕੇ ਜੀਵਨ ਦੇ ਗ਼ਲਤ ਰਸਤੇ ਪੈ ਜਾਂਦੇ ਹਨ ਅਤੇ ਵਿਅਰਥ ਮਾਣ ਕਰਦੇ ਹਨ, ਉਹ ਸਾਰੇ ਖਿਲਾਰੇ ਕਿਸੇ ਦੇ ਨਾਲ ਨਹੀਂ ਜਾ ਸਕਦੇ। ਕਦੇ ਖ਼ੁਸ਼ੀ ਵਿਚ, ਗ਼ਮੀ ਵਿਚ, (ਇਉਂ ਹੀ) ਸਰੀਰ ਬੁੱਢਾ ਹੋ ਜਾਂਦਾ ਹੈ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਇਸੇ ਤਰ੍ਹਾਂ ਦੀ ਬੀਤ ਜਾਂਦੀ ਹੈ।
(ਅ) ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ॥ ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ॥ (ਪੰਨਾ ੨੦੬) ਅਰਥ:- (ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ। ਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿੱਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ।
ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰਬਾਣੀ ਵਿੱਚ ਬੁਢੇਪੇ ਵਿੱਚ ਆਈ ਸਰੀਰਕ ਕਮਜ਼ੋਰੀ ਨੂੰ ਪ੍ਰਭੂ ਦੀ ਹੁਕਮੀ ਕ੍ਰਿਆ ਦਾ ਅਤੁੱਟ ਅੰਗ ਮੰਨਿਆ ਹੈ। ਪਰ ਫਿਰ ਵੀ ਗ਼ਫ਼ਲਤ ਦੀ ਨੀਂਦ ਵਿੱਚ ਸੁੱਤਿਆਂ ਹੀ ਜਵਾਨੀ ਦਾ ਸਫ਼ਰ ਤਹਿ ਕਰਕੇ ਜੀਵਨ ਦੇ ਅੰਤਮ ਪੜਾਅ (ਬੁਢੇਪੇ)  ਵਿੱਚ ਵਿਚਰ ਰਹੇ ਪ੍ਰਾਣੀ ਨੂੰ ਆਸ ਦੀ ਕਿਰਣ ਦਿਖਾ ਕੇ, ਇਸ ਉਮਰ ਵਿੱਚ ਵੀ ਜਾਗਣ ਲਈ ਉਤਸ਼ਾਹਤ ਕੀਤਾ ਹੈ। ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਇਸ ਤਰ੍ਹਾਂ ਦਰਸਾਇਆ ਹੈ:-
(ੳ) ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ॥ ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ॥ (ਪੰਨਾ ੪੩੨) ਅਰਥ:- (ਇਹ ਕਾਹਦੀ ਪੰਡਿਤਾਈ ਹੈ ਕਿ) ਜਦੋਂ (ਉਧਰ ਤਾਂ) ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਸਾਬਣ ਵਰਤਣ ਤੋਂ ਬਿਨਾ ਹੀ ਸੁਫ਼ੈਦ ਹੋ ਜਾਣ, (ਸਿਰ ਉਤੇ ਇਹ ਚਿੱਟੇ ਕੇਸ) ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ? (ਇਹ ਪੜ੍ਹੇ ਹੋਏ ਦਾ ਰਵਈਆ ਨਹੀਂ, ਇਹ ਤਾਂ ਮੂਰਖ ਦਾ ਰਵਈਆ ਹੈ)।
(ਅ) ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ॥ ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ॥ (ਪੰਨਾ ੧੪੨੮) ਅਰਥ:- ਹੇ ਨਾਨਕ! ਆਖ— (ਹੇ ਭਾਈ! ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿੱਚ ਮਗਨ ਨਹੀਂ ਹੁੰਦਾ।
ਜੇਕਰ ‘ਸਤਰਿ ਕਾ ਮਤਿਹੀਣੁ’ ਗੁਰਬਾਣੀ ਦੇ ਸੱਚ ਦਾ ਹਿੱਸਾ ਹੁੰਦਾ ਤਾਂ ਗੁਰਦੇਵ ਵਡੇਰੀ ਉਮਰ ਵਾਲਿਆਂ ਨੂੰ ਉਮਰ ਦੇ ਇਸ ਪੜਾਅ ਆਸ ਦੀ ਕਿਰਣ ਦਿਖਾ ਕੇ ਇੰਜ ਉਤਸ਼ਾਹਤ ਕਰਦਿਆਂ ਹੋਇਆਂ ਸੁਚੇਤ ਨਾ ਕਰਦੇ।
ਭਾਈ ਗੁਰਦਾਸ ਜੀ ਨੇ ਗੁਰਮਤਿ ਦੇ ਇਸ ਦ੍ਰਿਸ਼ਟੀਕੋਣ ਨੂੰ ਇਸ ਤਰ੍ਹਾਂ ਦਰਸਾਇਆ ਹੈ:-
ਜੈਸੇ ਨਾਉ ਬੂਡਤ ਸੈ ਜੋਊ ਬਚੈ ਸੋਈ ਭਲੋ, ਬੂਡਿ ਗਏ ਪਾਛੈ ਪਛਤਾਇਓ ਰਹਿ ਜਾਤ ਹੈ। ਜੈਸੇ ਘਰ ਲਾਗੇ ਆਗਿ ਜੋਈ ਬਚੈ ਸੋਈ ਭਲੋ, ਜਰਿ ਬੂਝੈ ਪਾਛੈ ਕਛੁ ਬਸੁ ਨ ਬਸਾਤ ਹੈ। ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ, ਸੋਇ ਗਏ ਰਹੇ ਰੀਤੋ ਘਰ ਦੇਖੈ ਉਠਿ ਪ੍ਰਾਤ ਹੈ। ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ, ਪਾਵੈ ਮੋਖ ਪਦਵੀ ਨਾਤਰੁ ਬਿਲਲਾਤ ਹੈ।
ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਉਮਰ ਦੇ ਉਸ ਪੜਾਅ ਨੂੰ ਹੀ ਸਿਆਣਪ ਭਰਪੂਰ ਮੰਨਿਆ ਹੈ, ਜਿਸ ਵਿੱਚ ਮਨੁੱਖ ਗੁਰ ਦੀ ਮੱਤ ਲੈ ਕੇ ਇਨਸਾਨੀਅਤ ਭਰਪੂਰ ਜੀਵਨ ਜਿਊਂਦਾ ਹੈ। ਜੇਕਰ ਮਨੁੱਖ ਇਹੋ ਜਿਹਾ ਜੀਵਨ ਨਹੀਂ ਜਿਊਂਦਾ ਤਾਂ ਭਰ ਜਵਾਨੀ ਵਿੱਚ ਵੀ ‘ਮੱਤ ਹੀਣ’ ਹੀ ਸਮਝਿਆ ਗਿਆ ਹੈ। ਇਸ ਲਈ ਸਿਆਣਪ ਦਾ ਆਧਾਰ ਮਨੁੱਖ ਦੀ ਸਰੀਰਕ ਉਮਰ ਨਹੀਂ ਬਲਕਿ ਸੁਚੱਜੀ ਮੱਤ ਹੈ।
ਸੋ, ਗੱਲ ਕੀ, ‘ਸਤਰਿ ਕਾ ਮਤਿਹੀਣ’ ਵਾਲੇ ਫ਼ਰਮਾਨ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮੁੱਖ ਰੂਪ ਵਿੱਚ ਅਨਿਆਨਤਾ ਦੇ ਹਨ੍ਹੇਰੇ ਦੀ ਭਟਕਣਾ ਕਾਰਨ ਹੋ ਰਹੀ ਖ਼ੁਆਰੀ ਦਾ ਵਰਨਣ ਕੀਤਾ ਹੈ। ਇਸ ਲਈ ‘ਸਤਰਿ ਕਾ ਮਤਿਹੀਣ’ ਗੁਰਬਾਣੀ ਦੇ ਸੱਚ ਦਾ ਭਾਗ ਨਹੀਂ ਹੈ। ਗੁਰਬਾਣੀ ਦਾ ਸੱਚ ਹਰ ਸਮੇਂ, ਹਰ ਇੱਕ ਉੱਤੇ ਇਕੋ ਜਿਹਾ ਢੁੱਕਦਾ ਹੈ। ਗੁਰਬਾਣੀ ਦਾ ਸੱਚ ਇੱਕ ਦੇਸੀ ਅਤੇ ਵਕਤੀ ਨਹੀਂ ਬਲਕਿ ਸਰਬ ਦੇਸੀ ਅਤੇ ਸਰਬ ਕਾਲੀ ਹੈ।
.