.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੦)

Gurmat and science in present scenario (Part-10)

ਅਕਾਲ ਪੁਰਖੁ ਆਪ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਤੇ ਸਮੇਟਣ ਵਾਲਾ ਹੈ

Akal Purkh Himself is the creator and destroyer of this universe and this universe is not permanent

ਜਿਵੇਂ ਕਿਸੇ ਬਾਜ਼ੀਗਰ ਨੇ ਕਦੇ ਬਾਜ਼ੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ, ਇਸੇ ਤਰ੍ਹਾਂ ਅਕਾਲ ਪੁਰਖੁ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ, ਇਸ ਵਿੱਚ ਅਨੇਕਾਂ ਰੂਪ ਤੇ ਭੇਖ ਵਿਖਾ ਰਿਹਾ ਹੈ। ਜਦੋਂ ਅਕਾਲ ਪੁਰਖੁ ਆਪਣੀ ਇਹ ਜਗਤ ਰੂਪੀ ਨਕਲੀ ਸ਼ਕਲ ਉਤਾਰ ਕੇ ਖੇਡ ਦਾ ਖਿਲਾਰਾ ਰੋਕ ਦਿੰਦਾ ਹੈ, ਤਾਂ ਫਿਰ ਉਹ ਇੱਕ ਆਪ ਹੀ ਆਪ ਰਹਿ ਜਾਂਦਾ ਹੈ। ਅਕਾਲ ਪੁਰਖੁ ਦੇ ਸਰਗੁਣ ਰੂਪ ਵਿੱਚ ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ। ਇਹ ਕੋਈ ਨਹੀਂ ਦੱਸ ਸਕਦਾ, ਕਿ ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ। ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ ਤੇ ਮੁੜ ਪਾਣੀ ਵਿੱਚ ਰਲ ਜਾਂਦੀਆਂ ਹਨ। ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ, ਪਰ ਉਹ ਅਸਲ ਵਿੱਚ ਸੋਨਾ ਹੀ ਹੁੰਦੇ ਹਨ। ਕਿਸੇ ਰੁੱਖ ਦਾ ਬੀ ਬੀਜ ਕੇ ਜੜ੍ਹਾਂ, ਤਣਾਂ, ਟਾਹਣੀਆਂ, ਪੱਤੇ, ਫੁੱਲ, ਫਲ, ਆਦਿਕ ਉਸ ਦੇ ਕਈ ਕਿਸਮਾਂ ਦਾ ਸਰੂਪ ਵੇਖਣ ਵਿੱਚ ਆ ਜਾਂਦੇ ਹਨ। ਰੁੱਖ ਦੇ ਫਲ ਪੱਕਣ ਤੇ ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ, ਤਿਵੇਂ ਇਸ ਬਹੁ ਰੰਗੀ ਸੰਸਾਰ ਦਾ ਅਸਲਾ ਇੱਕ ਅਕਾਲ ਪੁਰਖੁ ਹੀ ਹੈ। ਜਦੋਂ ਬੱਦਲ ਆਉਂਦੇ ਹਨ ਤਾਂ ਇਹ ਆਕਾਸ਼ ਪਾਣੀ ਨਾਲ ਭਰੇ ਹੋਏ ਹਜ਼ਾਰਾਂ ਘੜਿਆਂ (ਬੱਦਲਾਂ) ਵਿੱਚ ਵਖ ਵਖ ਦਿੱਸਦਾ ਹੈ। ਜਦੋਂ ਘੜੇ ਟੁੱਟ ਜਾਂਦੇ ਹਨ, ਮੀਂਹ ਪੈ ਹਟਦਾ ਹੈ, ਤਾਂ ਇਹ ਬੱਦਲ ਸਾਫ ਹੋ ਜਾਂਦੇ ਹਨ, ਤੇ ਸਿਰਫ ਇਕੱਲਾ ਆਕਾਸ਼ ਦਿੱਸਦਾ ਰਹਿ ਜਾਂਦਾ ਹੈ। ਅਕਾਲ ਪੁਰਖੁ ਦੀ ਪੈਦਾ ਕੀਤੀ ਜੀਵਾਤਮਾ ਵਿੱਚ ਮਾਇਆ ਦੇ ਕਾਰਨ ਕਈ ਭਰਮ, ਲੋਭ, ਮੋਹ ਆਦਿਕ ਦੇ ਵਿਕਾਰ ਉੱਠਦੇ ਰਹਿੰਦੇ ਹਨ। ਜਦੋਂ ਇਹ ਸਾਰੇ ਭਰਮ ਮਿਟ ਜਾਂਦੇ ਹਨ, ਤਾਂ ਉਹੀ ਜੀਵਾਤਮਾ ਇੱਕ ਅਕਾਲ ਪੁਰਖੁ ਦਾ ਹੀ ਰੂਪ ਹੋ ਜਾਂਦੀ ਹੈ। ਅਕਾਲ ਪੁਰਖੁ ਆਪਣੇ ਨਿਰਗੁਣੁ ਸਰੂਪ ਵਿੱਚ ਕਿਸੇ ਨੂੰ ਦਿਖਾਈ ਨਹੀਂ ਦਿੰਦਾਂ ਹੈ, ਉਹ ਨਾਸ ਰਹਿਤ ਹੈ, ਤੇ ਉਸ ਦਾ ਕਦੇ ਅੰਤ ਨਹੀਂ ਹੁੰਦਾ ਹੈ। ਉਹ ਅਕਾਲ ਪੁਰਖੁ ਜੀਵਾਤਮਾ ਰੂਪ ਹੋ ਕੇ ਵੀ ਨਾ ਆਪ ਜੰਮਦਾ ਹੈ, ਨਾ ਆਪ ਮਰਦਾ ਹੈ। ਪੂਰੇ ਗੁਰੂ ਦੀ ਕਿਰਪਾ ਨਾਲ ਹਉਮੈ ਦੀ ਮੈਲ ਅੰਦਰੋਂ ਧੋਤੀ ਜਾ ਸਕਦੀ ਹੈ, ਫਿਰ ਮਨੁੱਖ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਤੇ, ਉਸ ਨੂੰ ਇਹ ਜਗਤ, ਅਕਾਲ ਪੁਰਖੁ ਦਾ ਆਪਣਾ ਹੀ ਰੂਪ ਦਿੱਸਣ ਲਗ ਪੈਂਦਾ ਹੈ।

ਰਾਗੁ ਸੂਹੀ ਮਹਲਾ ੫ ਘਰੁ ੧॥ ੴ ਸਤਿਗੁਰ ਪ੍ਰਸਾਦਿ॥ ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥ ਸਾਂਗੁ ਉਤਾਰਿ ਥੰਮਿੑਓ ਪਾਸਾਰਾ॥ ਤਬ ਏਕੋ ਏਕੰਕਾਰਾ॥ ੧॥ ਕਵਨ ਰੂਪ ਦ੍ਰਿਸਟਿਓ ਬਿਨਸਾਇਓ॥ ਕਤਹਿ ਗਇਓ ਉਹੁ ਕਤ ਤੇ ਆਇਓ॥ ੧॥ ਰਹਾਉ॥ ਜਲ ਤੇ ਊਠਹਿ ਅਨਿਕ ਤਰੰਗਾ॥ ਕਨਿਕ ਭੂਖਨ ਕੀਨੇ ਬਹੁ ਰੰਗਾ॥ ਬੀਜੁ ਬੀਜਿ ਦੇਖਿਓ ਬਹੁ ਪਰਕਾਰਾ॥ ਫਲ ਪਾਕੇ ਤੇ ਏਕੰਕਾਰਾ॥ ੨॥ ਸਹਸ ਘਟਾ ਮਹਿ ਏਕੁ ਆਕਾਸੁ॥ ਘਟ ਫੂਟੇ ਤੇ ਓਹੀ ਪ੍ਰਗਾਸੁ॥ ਭਰਮ ਲੋਭ ਮੋਹ ਮਾਇਆ ਵਿਕਾਰ॥ ਭ੍ਰਮ ਛੂਟੇ ਤੇ ਏਕੰਕਾਰ॥ ੩॥ ਓਹੁ ਅਬਿਨਾਸੀ ਬਿਨਸਤ ਨਾਹੀ॥ ਨਾ ਕੋ ਆਵੈ ਨਾ ਕੋ ਜਾਹੀ॥ ਗੁਰਿ ਪੂਰੈ ਹਉਮੈ ਮਲੁ ਧੋਈ॥ ਕਹੁ ਨਾਨਕ ਮੇਰੀ ਪਰਮ ਗਤਿ ਹੋਈ॥ ੪॥ ੧॥ (੭੩੬)

ਸ੍ਰਿਸ਼ਟੀ ਰਚਨਾ ਹੋਣ ਤੋਂ ਪਹਿਲਾਂ, ਅਕਾਲ ਪੁਰਖੁ ਸਿਰਫ ਇਕੱਲਾ ਆਪ ਹੀ ਸੀ, ਤੇ ਉਸ ਨੇ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਆਪਣੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵਿੱਚ ਆਪ ਹੀ ਵਿਆਪਕ ਹੈ। ਸਭ ਜੀਵਾਂ ਵਿੱਚ ਅਕਾਲ ਪੁਰਖੁ ਆਪ ਬੋਲ ਰਿਹਾ ਹੈ ਤੇ ਉਹ ਆਪ ਹੀ ਸੁਨਣ ਵਾਲਾ ਹੈ। ਅਕਾਲ ਪੁਰਖੁ ਜਿਸ ਤਰ੍ਹਾਂ ਚਾਹੁੰਦਾ ਹੈ, ਉਹ ਸ੍ਰਿਸ਼ਟੀ ਨੂੰ ਰਚਦਾ ਹੈ, ਤੇ ਆਪ ਹੀ ਜਗਤ ਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ। ਅਕਾਲ ਪੁਰਖੁ ਤੋਂ ਵੱਖਰਾ ਕੁੱਝ ਵੀ ਨਹੀਂ ਹੈ, ਉਸ ਨੇ ਆਪਣੇ ਹੁਕਮ ਰੂਪੀ ਧਾਗੇ ਵਿੱਚ ਸਾਰੇ ਜਗਤ ਨੂੰ ਪਰੋ ਕੇ ਰੱਖਿਆ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖੁ ਆਪ ਸੂਝ ਬਖ਼ਸ਼ਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦਾ ਸਦਾ ਥਿਰ ਰਹਿਣ ਵਾਲਾ ਨਾਮੁ ਹਾਸਲ ਕਰ ਲੈਂਦਾ ਹੈ।

ਅਸਟਪਦੀ॥ ਆਪਿ ਕਥੈ ਆਪਿ ਸੁਨਨੈਹਾਰੁ॥ ਆਪਹਿ ਏਕੁ ਆਪਿ ਬਿਸਥਾਰੁ॥ ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ॥ ਆਪਨੈ ਭਾਣੈ ਲਏ ਸਮਾਏ॥ (੨੯੨)

ਅਕਾਲ ਪੁਰਖੁ ਆਪ ਹਸਤੀ ਵਾਲਾ ਹੈ, ਉਸ ਦੀ ਹੋਂਦ ਹੈ। ਭਾਵੇਂ ਅਸੀਂ ਅਕਾਲ ਪੁਰਖੁ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ ਹਾਂ, ਪਰ ਜੋ ਕੁੱਝ ਉਸ ਨੇ ਪੈਦਾ ਕੀਤਾ ਹੈ, ਤੇ ਸਾਡੇ ਆਸੇ ਪਾਸੇ ਹੋ ਰਿਹਾ ਹੈ, ਉਹ ਸਭ ਕੁੱਝ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਾਂ। ਇਸ ਲਈ ਅਕਾਲ ਪੁਰਖੁ ਆਪ ਹੋਂਦ ਵਾਲਾ ਹੈ ਤੇ ਉਹ ਸਭ ਵਿੱਚ ਵਿਆਪਕ ਹੈ, ਤੇ ਸਭ ਥਾਵਾਂ ਤੇ ਮੌਜੂਦ ਹੈ। ਇਸ ਬਾਰੇ ਵੀ ਕੋਈ ਭਰਮ ਭੁਲੇਖਾ ਨਹੀਂ ਕਿ ਸਾਰੀ ਸ੍ਰਿਸ਼ਟੀ, ਉਸ ਅਕਾਲ ਪੁਰਖੁ ਤੋਂ ਹੋਈ ਹੈ। ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦਿੰਦਾ ਹੈ, ਜੇ ਭਾਵੇ ਤਾਂ ਫਿਰ ਸਾਰੀ ਸ੍ਰਿਸ਼ਟੀ ਨੂੰ ਸਮੇਟ ਕੇ ਇੱਕ ਆਪ ਹੀ ਆਪ ਹੋ ਜਾਂਦਾ ਹੈ।

ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ॥ (੨੯੪)

ਜਦੋਂ ਅਕਾਲ ਪੁਰਖੁ ਨੇ ਆਪ ਜਗਤ ਦੀ ਖੇਡ ਰਚ ਦਿੱਤੀ, ਤਾਂ ਮਾਇਆ ਦੇ ਬੰਧਨ, ਅਹੰਕਾਰ, ਮੋਹ, ਭਰਮ ਭੁਲੇਖੇ, ਡਰ, ਦੁੱਖ ਸੁਖ, ਆਦਰ ਨਿਰਾਦਰ, ਪਾਪ ਪੁੰਨ, ਨਰਕ ਸੁਰਗ, ਘਰਾਂ ਦੇ ਧੰਧੇ, ਆਦਿ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ। ਅਕਾਲ ਪੁਰਖੁ ਆਪਣਾ ਤਮਾਸ਼ਾ ਕਰ ਕੇ ਆਪ ਹੀ ਵੇਖ ਰਿਹਾ ਹੈ। ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇੱਕ ਆਪ ਹੀ ਆਪ ਹੋ ਜਾਂਦਾ ਹੈ।

ਆਪਨ ਖੇਲੁ ਆਪਿ ਕਰਿ ਦੇਖੈ॥ ਖੇਲੁ ਸੰਕੋਚੈ ਤਉ ਨਾਨਕ ਏਕੈ॥ ੭॥ (੨੯੧, ੨੯੨)

ਇਹ ਜਗਤ ਸੂਤਰ ਦਾ ਧਾਗਾ ਸਮਝ ਲਵੋ, ਜਿਵੇਂ ਧਾਗੇ ਨੂੰ ਗੰਢਾਂ ਪਈਆਂ ਹੋਈਆਂ ਹੋਣ, ਸੰਸਾਰਕ ਜੀਵਾਂ ਨੂੰ ਮਾਇਆ ਦੇ ਮੋਹ ਦੀਆਂ ਦਸੇ ਪਾਸੇ ਗੰਢਾਂ ਪਈਆਂ ਹਨ, ਭਾਵ, ਮੋਹ ਵਿੱਚ ਫਸੇ ਜੀਵ ਦਸੇ ਪਾਸੇ ਖਿੱਚੇ ਜਾ ਰਹੇ ਹਨ। ਇਹ ਜਗਤ ਰਸਮੀ ਧਾਰਮਿਕ ਕਰਮ ਕਰਦਾ ਹੋਇਆ ਵੀ, ਮੋਹ ਦੀ ਭਟਕਣਾ ਵਿੱਚ ਇਤਨਾ ਖੁੰਝਿਆ ਹੋਇਆ ਹੈ, ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਅਨੇਕਾਂ ਜੀਵ ਇਹ ਰਸਮੀ ਧਾਰਮਿਕ ਕਰਮ ਕਾਂਡ ਕਰ ਕਰ ਕੇ ਹਾਰ ਗਏ, ਪਰੰਤੂ ਗੁਰੂ ਦੀ ਸ਼ਰਨ ਆਉਂਣ ਤੋਂ ਬਿਨਾ ਇਹ ਮੋਹ ਦੀ ਗੰਢਾਂ ਨਹੀਂ ਖੁਲ੍ਹਦੀਆਂ ਹਨ।

ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ॥ ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ॥ ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ॥ ੬॥ (੬੩੫)

ਜਿਵੇਂ ਮਾਲਾ ਦੇ ਇਕੋ ਧਾਗੇ ਵਿੱਚ ਕਈ ਮਣਕੇ ਪਰੋਤੇ ਹੁੰਦੇ ਹਨ, ਤੇ, ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ, ਤਿਵੇਂ ਜਗਤ ਦੇ ਸਾਰੇ ਹੀ ਜੀਵ ਮਣਕੇ, ਅਕਾਲ ਪੁਰਖੁ ਦੀ ਸੱਤਾ ਰੂਪ ਧਾਗੇ ਵਿੱਚ ਪਰੋਤੇ ਹੋਏ ਹਨ, ਸੰਸਾਰ ਚੱਕਰ ਦੀ ਇਹ ਮਾਲਾ ਕਈ ਤਰੀਕਿਆਂ ਨਾਲ, ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ। ਜਦੋਂ ਅਕਾਲ ਪੁਰਖੁ ਆਪਣੀ ਸੱਤਾ ਰੂਪ ਧਾਗਾ ਇਸ ਜਗਤ ਮਾਲਾ ਵਿਚੋਂ ਖਿੱਚ ਲੈਂਦਾ ਹੈ, ਤਾਂ ਸਾਰੀ ਮਾਲਾ ਇਕੋ ਥਾਂ ਵਿੱਚ ਆ ਜਾਂਦੀ ਹੈ, ਸਾਰੀ ਸ੍ਰਿਸ਼ਟੀ ਇਕੋ ਅਕਾਲ ਪੁਰਖੁ ਵਿੱਚ ਹੀ ਲੀਨ ਹੋ ਜਾਂਦੀ ਹੈ। ਗੁਰੂ ਸਾਹਿਬ ਜੋਗੀਆਂ ਨੂੰ ਸਮਝਾ ਰਹੇ ਹਨ ਕਿ ਜੋਗੀਆਂ ਦੇ ਮਠ ਵਾਂਗ ਇਹ ਜਗਤ ਵੀ ਇੱਕ ਮਠ ਹੈ, ਚਾਰੇ ਜੁਗਾਂ ਵਿੱਚ ਭਾਵ ਸਦਾ ਤੋਂ ਹੀ ਇਹ ਜਗਤ ਮਠ ਇੱਕ ਅਕਾਲ ਪੁਰਖੁ ਦਾ ਹੀ ਬਣਾਇਆ ਹੋਇਆ ਹੈ। ਇਸ ਜਗਤ ਮਠ ਵਿੱਚ ਜੀਵ ਨੂੰ ਖ਼ੁਆਰ ਕਰਨ ਲਈ ਅਨੇਕਾਂ ਵਿਕਾਰ ਰੂਪੀ ਔਖੇ ਸਥਾਨ ਹਨ ਅਤੇ ਵਿਕਾਰਾਂ ਵਿੱਚ ਫਸੇ ਜੀਵਾਂ ਵਾਸਤੇ ਅਨੇਕਾਂ ਹੀ ਜੂਨਾਂ ਹਨ, ਜਿਨ੍ਹਾਂ ਵਿਚੋਂ ਜੀਵਾਂ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਲੰਘੀਦਾ ਹੈ। ਜਦੋਂ ਕੋਈ ਮਨੁੱਖ ਅਕਾਲ ਪੁਰਖੁ ਦੇ ਦੇਸ ਦੀ ਭਾਲ ਕਰਦਾ ਕਰਦਾ, ਗੁਰੂ ਦੇ ਦਰ ਤੇ ਪਹੁੰਚਦਾ ਹੈ, ਤਾਂ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜੇ ਉਸ ਮਨੁੱਖ ਨੂੰ ਅਕਾਲ ਪੁਰਖੁ ਦਾ ਘਰ ਲੱਭ ਪੈਂਦਾ ਹੈ। ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ, ਕਿ ਹਰੇਕ ਹਿਰਦੇ ਵਿੱਚ ਅਕਾਲ ਪੁਰਖੁ ਦੀ ਚੇਤਨ ਸੱਤਾ ਦੀ ਸੁੰਦਰ ਕਿੰਗਰੀ ਵੱਜ ਰਹੀ ਹੈ। ਇਹ ਸੁੰਦਰ ਕਿੰਗਰੀ ਵੱਜਦੀ ਸੁਣ ਸੁਣ ਕੇ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜੇ ਹੋਏ ਮਨੁੱਖ ਦੇ ਮਨ ਵਿੱਚ ਇਹ ਕਿੰਗਰੀ ਮਿੱਠੀ ਲੱਗਣ ਲੱਗ ਪੈਂਦੀ ਹੈ। ਫਿਰ ਉਸ ਮਨੁੱਖ ਨੂੰ ਅਕਾਲ ਪੁਰਖੁ ਦੀ ਖਲਕਤ ਨਾਲ ਪਿਆਰ ਪੈ ਜਾਂਦਾ ਹੈ ਤੇ ਉਸ ਦੀ ਰਜ਼ਾ ਵਿੱਚ ਚਲਣਾ ਚੰਗਾ ਲਗਦਾ ਹੈ।

ਏਕੈ ਸੂਤਿ ਪਰੋਏ ਮਣੀਏ॥ ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ॥ ਫਿਰਤੀ ਮਾਲਾ ਬਹੁ ਬਿਧਿ ਭਾਇ॥ ਖਿੰਚਿਆ ਸੂਤੁ ਤ ਆਈ ਥਾਇ॥ ੩॥ (੮੮੬)

ਧਰਤੀ ਦੇ ਨੌ ਖੰਡ ਤੇ ਚਾਰ ਖਾਣੀਆਂ ਕਹੀਆਂ ਜਾਂਦੀਆਂ ਹਨ, ਪਰ ਕੁਦਰਤ ਵਿੱਚ ਕਰੋੜਾਂ ਹੀ ਖੰਡ ਤੇ ਖਾਣੀਆਂ ਹਨ, ਜਿਨ੍ਹਾਂ ਰਾਹੀਂ ਕਰੋੜਾਂ ਹੀ ਜੀਵ ਪੈਦਾ ਹੋਏ ਹਨ। ਕਰੋੜਾਂ ਹੀ ਆਕਾਸ਼ ਤੇ ਬ੍ਰਹਮੰਡ ਹਨ, ਜਿਨ੍ਹਾਂ ਵਿੱਚ ਕਰੋੜਾਂ ਹੀ ਜੀਵ ਹਨ ਤੇ ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ। ਅਕਾਲ ਪੁਰਖੁ ਨੇ ਕਈ ਤਰੀਕਿਆਂ ਨਾਲ ਜਗਤ ਦੀ ਰਚਨਾ ਕੀਤੀ ਹੈ ਤੇ ਕਈ ਵਾਰੀ ਜਗਤ ਦੀ ਰਚਨਾ ਕੀਤੀ ਹੈ। ਫਿਰ ਇਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਆਪ ਹੋ ਜਾਂਦਾ ਹੈ। ਅਕਾਲ ਪੁਰਖੁ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਅਕਾਲ ਪੁਰਖੁ ਤੋਂ ਪੈਦਾ ਹੋ ਕੇ ਫਿਰ ਉਸ ਵਿੱਚ ਲੀਨ ਹੋ ਜਾਂਦੇ ਹਨ। ਉਸ ਅਕਾਲ ਪੁਰਖੁ ਦਾ ਅੰਤ ਕੋਈ ਮਨੁੱਖ ਨਹੀਂ ਜਾਣਦਾ ਹੈ, ਕਿਉਂਕਿ ਉਸ ਅਕਾਲ ਪੁਰਖੁ ਵਰਗਾ ਉਹ ਆਪ ਹੀ ਆਪ ਹੈ।

ਕਈ ਕੋਟਿ ਖਾਣੀ ਅਰੁ ਖੰਡ॥ ਕਈ ਕੋਟਿ ਅਕਾਸ ਬ੍ਰਹਮੰਡ॥ ਕਈ ਕੋਟਿ ਹੋਏ ਅਵਤਾਰ॥ ਕਈ ਜੁਗਤਿ ਕੀਨੋ ਬਿਸਥਾਰ॥ ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥ ਕਈ ਕੋਟਿ ਕੀਨੇ ਬਹੁ ਭਾਤਿ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ ਤਾ ਕਾ ਅੰਤੁ ਨ ਜਾਨੈ ਕੋਇ॥ ਆਪੇ ਆਪਿ ਨਾਨਕ ਪ੍ਰਭੁ ਸੋਇ॥ ੭॥ (੨੭੫, ੨੭੬)

ਇਹ ਜਿਤਨੇ ਵੀ ਖੰਡ, ਮੰਡਲ, ਪਾਤਾਲ ਤੇ ਦੀਪ ਹਨ, ਇਹ ਸਾਰੇ ਅਕਾਲ ਪੁਰਖੁ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ। ਇਨ੍ਹਾਂ ਨੂੰ ਬਣਾਉਂਣ ਵਾਲਾ ਵੀ ਉਹ ਆਪ ਹੈ, ਤੇ ਸਮਾਂ ਪਾ ਕੇ ਇੱਕ ਦਿਨ ਇਹ ਖਤਮ ਵੀ ਹੋ ਜਾਣਗੇ। ਇਸ ਵਿਸ਼ਾਲ ਮੰਡਲ ਵਿਚ, ਸੂਰਜ ਵੀ ਇੱਕ ਤਾਰਾ ਹੈ, ਤੇ ਉਹ ਵੀ ਇੱਕ ਦਿਨ ਬਾਕੀ ਤਾਰਿਆਂ ਦੀ ਤਰ੍ਹਾਂ ਆਪਣਾ ਕਾਲ ਪੂਰਾ ਕਰਕੇ ਖਤਮ ਹੋ ਜਾਵੇਗਾ। ਸਿਰਫ ਨਾਸ ਰਹਿਤ ਅਕਾਲ ਪੁਰਖੁ ਹੀ ਸਦਾ ਕਾਇਮ ਰਹਿਣ ਵਾਲਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਯਾਦ ਕਰਦਾ ਹੈ ਤੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ, ਉਹ ਵੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ ਤੇ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।

ਖੰਡ ਪਤਾਲ ਦੀਪ ਸਭਿ ਲੋਆ॥ ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ॥ ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ॥ ੭॥ (੧੦੭੬)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਅਕਾਲ ਪੁਰਖੁ ਆਪ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਸਮੇਟਣ ਵਾਲਾ ਹੈ।

ਅਕਾਲ ਪੁਰਖੁ ਦੇ ਸਰਗੁਣੁ ਰੂਪ ਵਿੱਚ ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ। ਇਹ ਕੋਈ ਨਹੀਂ ਦੱਸ ਸਕਦਾ, ਕਿ ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ। ਅਕਾਲ ਪੁਰਖੁ ਆਪਣੇ ਨਿਰਗੁਣੁ ਸਰੂਪ ਵਿੱਚ ਕਿਸੇ ਨੂੰ ਦਿਖਾਈ ਨਹੀਂ ਦਿੰਦਾਂ ਹੈ, ਉਹ ਨਾਸ ਰਹਿਤ ਹੈ, ਤੇ ਉਸ ਦਾ ਕਦੇ ਅੰਤ ਨਹੀਂ ਹੁੰਦਾ ਹੈ।

ਸ੍ਰਿਸ਼ਟੀ ਰਚਨਾ ਹੋਣ ਤੋਂ ਪਹਿਲਾਂ, ਅਕਾਲ ਪੁਰਖੁ ਸਿਰਫ ਇਕੱਲਾ ਆਪ ਹੀ ਸੀ, ਤੇ ਉਸ ਨੇ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਆਪਣੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵਿੱਚ ਆਪ ਹੀ ਵਿਆਪਕ ਹੈ। ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦਿੰਦਾ ਹੈ, ਜੇ ਭਾਵੇ ਤਾਂ ਫਿਰ ਸਾਰੀ ਸ੍ਰਿਸ਼ਟੀ ਨੂੰ ਸਮੇਟ ਕੇ ਇੱਕ ਆਪ ਹੀ ਆਪ ਹੋ ਜਾਂਦਾ ਹੈ।

ਅਕਾਲ ਪੁਰਖੁ ਨੇ ਕਈ ਤਰੀਕਿਆਂ ਨਾਲ ਜਗਤ ਦੀ ਰਚਨਾ ਕੀਤੀ ਹੈ ਤੇ ਕਈ ਵਾਰੀ ਜਗਤ ਦੀ ਰਚਨਾ ਕੀਤੀ ਹੈ। ਫਿਰ ਇਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਆਪ ਹੋ ਜਾਂਦਾ ਹੈ। ਅਕਾਲ ਪੁਰਖੁ ਦਾ ਅੰਤ ਕੋਈ ਮਨੁੱਖ ਨਹੀਂ ਜਾਣਦਾ ਹੈ, ਕਿਉਂਕਿ ਉਸ ਅਕਾਲ ਪੁਰਖੁ ਵਰਗਾ ਉਹ ਆਪ ਹੀ ਆਪ ਹੈ।

ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ, ਕਿ ਹਰੇਕ ਹਿਰਦੇ ਵਿੱਚ ਅਕਾਲ ਪੁਰਖੁ ਦੀ ਚੇਤਨ ਸੱਤਾ ਹੈ, ਫਿਰ ਉਸ ਮਨੁੱਖ ਨੂੰ ਅਕਾਲ ਪੁਰਖੁ ਦੀ ਖਲਕਤ ਨਾਲ ਪਿਆਰ ਪੈ ਜਾਂਦਾ ਹੈ ਤੇ ਉਸ ਦੀ ਰਜ਼ਾ ਵਿੱਚ ਚਲਣਾ ਚੰਗਾ ਲਗਦਾ ਹੈ।

ਇਸ ਲਈ ਆਓ ਸਾਰੇ ਜਾਣੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣ ਦੀ ਜਾਚ ਸਿਖੀਏ ਤਾਂ ਜੋ ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(Dr. Sarbjit Singh)

RH1 / E-8, Sector-8, Vashi, Navi Mumbai - 400703.

Email = [email protected]

http://www.sikhmarg.com/article-dr-sarbjit.html

(ਡਾ: ਸਰਬਜੀਤ ਸਿੰਘ)

ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.




.