.

ਜਸਬੀਰ ਸਿੰਘ ਵੈਨਕੂਵਰ

ਸਤਰਿ ਕਾ ਮਤਿਹੀਣੁ (ਭਾਗ ਦੂਜਾ)

ਕਈ ਸੱਜਣ ਇਹ ਤਰਕ ਪੇਸ਼ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਹੈ ਕਿ ‘ਸਤਰਿ ਕਾ ਮਤਿਹੀਣੁ’। ਗੁਰਬਾਣੀ ਦਾ ਫ਼ਰਮਾਨ ਗ਼ਲਤ ਕਿਵੇਂ ਹੋ ਸਕਦਾ ਹੈ? ਜਦੋਂ ਕੋਈ ਪ੍ਰਾਣੀ ਗੁਰੂ ਗ੍ਰੰਥ ਸਾਹਿਬ ਇਸ ਫ਼ਰਮਾਨ ਦਾ ਹਵਾਲਾ ਦੇਂਦਾ ਹੈ ਤਾਂ ਆਮ ਮਨੁੱਖ (ਸਿੱਖ) ਇਸ ਨੂੰ ਗੁਰਬਾਣੀ ਦਾ ਸੱਚ ਸਮਝ ਲੈਂਦਾ ਹੈ। ਇਸ ਤਰ੍ਹਾਂ ਦਾ ਧਾਰਨਾ ਆਮ ਸਿੱਖ ਦੀ ਹੀ ਨਹੀਂ ਬਲਕਿ ਕਈ ਵਿਦਵਾਨ ਵੀ ਇਸ ਤੁਕ ਦਾ ਹਵਾਲਾ ਦੇਂਦੇ ਹਨ। ਇਹ ਗੱਲ ਠੀਕ ਹੈ ਕਿ ਇਹ ਫ਼ਰਮਾਨ ਗੁਰੂ ਨਾਨਕ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ ਅਤੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪਰ ਇਹ ਸੱਚ ਹੋਣ ਦੇ ਬਾਵਜੂਦ ਵੀ ਇਹ ਕਥਨ ਗੁਰਬਾਣੀ ਦੇ ਸੱਚ ਦਾ ਹਿੱਸਾ ਨਹੀਂ ਹੈ, ਭਾਵ, ‘ਸਤਰਿ ਕਾ ਮਤਿਹੀਣੁ’ ਗੁਰਬਾਣੀ ਦੇ ਸੱਚ ਦਾ ਹਿੱਸਾ ਨਹੀਂ ਹੈ। ਇਹ ਫ਼ਰਮਾਨ ਗੁਰਬਾਣੀ ਦੇ ਸੱਚ ਦਾ ਭਾਗ ਕਿਉਂ ਨਹੀਂ ਹੈ? ਇਸ ਦੀ ਚਰਚਾ ਕਰਨ ਤੋਂ ਪਹਿਲਾਂ, ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਜਿਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ, ਇਸ ਦੀ ਸੰਖੇਪ ਜਿਹੀ ਚਰਚਾ ਕਰਨੀ ਢੁੱਕਵੀਂ ਹੋਵੇਗੀ।
ਗੁਰਬਾਣੀ ਦਾ ਸੱਚ ਸਮਝਣ ਲਈ ਜਿਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ, ਉਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਸੰਬੰਧਤ ਫ਼ਰਮਾਨ ਗੁਰਬਾਣੀ ਦੇ ਸੱਚ ਹੈ ਜਾਂ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਦਿੱਤਾ ਹੋਇਆ ਦ੍ਰਿਸ਼ਟਾਂਤ। ਇਸ ਦੇ ਨਾਲ ਹੀ ਇਹ ਵੀ ਦੇਖਣ ਦੀ ਲੋੜ ਹੈ ਕਿ ਸੰਬੰਧਤ ਫ਼ਰਮਾਨ ਵਿੱਚ ਬਾਣੀ ਰਚੇਤਿਆਂ ਨੇ ਆਪਣਾ ਮਤ ਪੇਸ਼ ਕੀਤਾ ਹੈ ਜਾਂ ਕਿਸੇ ਦੂਜੇ ਮਤ ਜਾਂ ਲੋਕੋਕਤੀ ਆਦਿ ਦਾ ਵਰਨਣ ਹੈ। ਚੂੰਕਿ ਗੁਰਬਾਣੀ ਵਿੱਚ ਕਈ ਥਾਈਂ ਗੁਰੂ ਸਾਹਿਬਾਨ ਨੇ ਆਪਣਾ ਮਤ ਪੇਸ਼ ਕਰਨ ਤੋਂ ਪਹਿਲਾਂ ਦੂਜੇ ਜਾਂ ਦੂਜਿਆਂ ਮਤਾਂ ਦਾ ਵਰਨਣ ਕੀਤਾ ਹੈ। ਉਦਾਹਰਣ ਵਜੋਂ ਸਿਧ ਗੋਸਟਿ ਦੀ ੭ਵੀਂ ਪਉੜੀ ਦੀ ਇਸ ਪੰਗਤੀ ਨੂੰ ਦੇਖਿਆ ਜਾ ਸਕਦਾ ਹੈ:- ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ॥
ਇਸ ਪੰਗਤੀ ਵਿੱਚ ਗੁਰੂ ਨਾਨਕ ਸਾਹਿਬ ਆਪਣੇ ਮਤ ਦਾ ਨਹੀਂ ਬਲਕਿ ਜੋਗੀਆਂ ਦੇ ਮਤ ਦਾ ਜ਼ਿਕਰ ਕਰ ਰਹੇ ਹਨ। ਇਹ ਗੱਲ ਜਿਸ ਪਉੜੀ ਦੀ ਇਹ ਪੰਗਤੀ ਹੈ, ਉਸ ਨੂੰ ਪੜ੍ਹਣ ਨਾਲ ਸਪਸ਼ਟ ਹੁੰਦੀ ਹੈ। ਪੂਰੀ ਪਉੜੀ ਇਸ ਤਰ੍ਹਾਂ ਹੈ:- ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ॥ ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ॥ ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ॥ ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ॥ (ਪੰਨਾ ੯੩੮) ਅਰਥ:- ਜੋਗੀ ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ—ਅਸੀ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ; ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ ‘ਸੁਖ’, ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ।
ਇਸ ਤੋਂ ਅਗਲੀ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣਾ ਮਤ ਪ੍ਰਗਟ ਕੀਤਾ ਹੈ:- ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡ+ਲਾਈ॥ ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ॥ ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ॥ (ਪੰਨਾ ੯੩੯) ਅਰਥ:- ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿੱਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿੱਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿੱਚ ਮਨ ਨੂੰ ਡੋਲਣ ਨਾਹ ਦੇਵੇ; (ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ। (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿੱਚ ਭੀ) ਅਡੋਲ ਰਹਿ ਕੇ ‘ਨਾਮ’ ਵਿਹਾਝਦਾ ਹੈ; ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿੱਚ ਨਹੀਂ ਪੈਂਦਾ)।
ਜੇਕਰ ਕੋਈ ਸੱਜਣ ‘ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ’ ਦੇ ਫ਼ਰਮਾਨ ਦਾ ਹਵਾਲਾ ਦੇ ਕੇ ਇਹ ਆਖੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਤੀਰਥਾਂ `ਤੇ ਇਸ਼ਨਾਨ ਕਰਨ ਨਾਲ ਮਨ ਦੀ ਮੈਲ ਹੀ ਨਹੀਂ ਲਹਿੰਦੀ ਸਗੋਂ ਸੁਖ ਵੀ ਮਿਲਦਾ ਹੈ, ਤਾਂ ਇਸ ਕਥਨ ਵਿੱਚ ਕਿੰਨੀ ਕੁ ਸਚਾਈ ਹੋਵੇਗੀ; ਸੁਜਾਨ ਪਾਠਕ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹਨ।
ਗੁਰਬਾਣੀ ਦੇ ਸਿਧਾਂਤਕ ਸੱਚ ਸੰਬੰਧੀ ਇਸ ਗੱਲ ਦਾ ਹਮੇਸ਼ਾਂ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਸੱਚ ਸਦੀਵੀ ਹੈ ਅਤੇ ਇਹ ਹਰ ਇੱਕ ਉੱਤੇ ਢੁੱਕਦਾ ਹੈ। ਜੇਕਰ ‘ਸਤਰਿ ਕਾ ਮਤਿਹੀਣੁ’ ਦਾ ਸੱਚ, ਗੁਰਬਾਣੀ ਦੇ ਸੱਚ ਦਾ ਹਿੱਸਾ ਹੁੰਦਾ ਤਾਂ ਇਹ ਸੱਚ ਹਰੇਕ ਸਥਾਨ, ਹਰੇਕ ਸਮੇਂ ਅਤੇ ਹਰ ਇੱਕ ਮਨੁੱਖ ਉੱਤੇ ਇੱਕੋ ਜਿਹਾ ਢੁੱਕਦਾ। ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ ਨਹੀਂ ਹੈ ਕਿ ਇੱਕ ਨਹੀਂ ਬਲਕਿ ਅਨੇਕਾਂ ਅਜਿਹੇ ਪ੍ਰਾਣੀ ਅੱਜ ਵੀ ਮੌਜੂਦ ਹਨ, ਜਿਹਨਾਂ ਦੀ ਉਮਰ ਸੱਤਰ ਸਾਲ ਜਾਂ ਇਸ ਤੋਂ ਵਧੀਕ ਹੈ, ਸਮਾਜ ਦੀ ਉਸਾਰੀ ਵਿੱਚ ਬਹੁਤ ਹੀ ਯੋਗਦਾਨ ਪਾ ਰਹੇ ਹਨ। ਰਾਜਨੀਤਕ, ਧਾਰਮਿਕ, ਸਮਾਜਕ, ਵਿਦਿਅਕ ਅਤੇ ਵਿਗਿਆਨਕ ਆਦਿ ਹਰੇਕ ਖੇਤਰ ਵਿੱਚ, ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਵਿਅਕਤੀ ਹੋਏ ਹਨ ਅਤੇ ਅੱਜ ਵੀ ਮੌਜੂਦ ਹਨ, ਜਿਹਨਾਂ ਨੇ ਆਪੋ-ਆਪਣੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਪਾ ਰਹੇ ਹਨ। ਅੱਜ ਕਈ ਦੇਸ਼ਾਂ ਵਿੱਚ ਤਾਂ ਰਿਟਾਇਰਮੈਂਟ ਦੀ ਉਮਰ ਸੱਤਰ ਸਾਲ ਦੀ ਹੈ। ਜਿਵੇਂ ਕਿ ਅਸੀਂ ਸ਼ੁਰੂ ਵਿੱਚ ਜ਼ਿਕਰ ਕਰ ਆਏ ਹਾਂ ਕਿ ਬਢੇਰੀ ਉਮਰ ਵਿੱਚ ਸਰੀਰ ਵਿੱਚ ਜਵਾਨੀ ਵਾਲਾ ਬਲ ਨਹੀਂ ਰਹਿੰਦਾ। ਸਰੀਰਕ ਕਮਜ਼ੋਰੀ ਦਾ ਆਉਣਾ ਸੁਭਾਵਿਕ ਹੈ। ਇਸ ਤੋਂ ਇਲਾਵਾ ਯਾਦ ਸ਼ਕਤੀ ਵੀ ਕਮਜ਼ੋਰ ਹੋਣ ਲੱਗ ਪੈਂਦੀ ਹੈ। ਇਹ ਠੀਕ ਹੈ ਕਿ ਬੁਢੇਪੇ ਵਿੱਚ
dementia ਆਦਿ ਦੀ ਬੀਮਾਰੀ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਪਰ ਇਹ ਕਮਜ਼ੋਰੀ ਜਾਂ ਬੀਮਾਰੀ ਮਤਿ ਹੀਣ ਦਾ ਲਖਾਇਕ ਨਹੀਂ ਹੈ।
ਕਈ ਸੱਜਣ ਕਹਿੰਦੇ ਹਨ ਕਿ ਜਿਵੇਂ ‘ਗੁਰਮੁਖਿ ਬੁਢੇ ਕਦੇ ਨਾਹੀ’ ਫ਼ਰਮਾਨ ਵਿੱਚ ਕਿਹਾ ਹੈ ਕਿ ਗੁਰਮੁਖ ਕਦੀ ਬੁੱਢੇ ਨਹੀਂ ਹੁੰਦੇ ਇਸੇ ਤਰ੍ਹਾਂ ‘ਸਤਰਿ ਕਾ ਮਤਿਹੀਣੁ’ ਫ਼ਰਮਾਨ ਵਿੱਚ ਮਨਮੁਖਾਂ ਬਾਰੇ ਕਿਹਾ ਹੈ ਕਿ ਉਹ ਸੱਤਰ ਸਾਲ ਦਾ ਮੱਤਹੀਣ ਹੁੰਦਾ ਹੈ। ਪਰ ‘ਗੁਰਮੁਖਿ ਬੁਢੇ ਕਦੇ ਨਾਹੀ’ ਦਾ ਇਹ ਭਾਵ ਨਹੀਂ ਹੈ ਕਿ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ। ਉਮਰ ਨਾਲ ਸਰੀਰਕ ਬੁਢੇਪਾ ਹਰ ਇੱਕ ਤੇ ਆਉਂਦਾ ਹੈ; ਕੋਈ ਗੁਰਮੁਖ ਹੈ ਜਾਂ ਮਨਮੁਖ। ਕੁਦਰਤ ਦੇ ਨਿਯਮ ਕਿਸੇ ਨਾਲ ਭੇਦ-ਭਾਵ ਨਹੀਂ ਕਰਦੇ ਹਨ। ਗੁਰਮਖਾਈ ਦੇ ਸਿਖਰ ਨੂੰ ਛੁਹਿਣ ਵਾਲੇ ਬਾਬਾ ਫ਼ਰੀਦ ਸਾਹਿਬ ਦੇ ਨਿਮਨ ਲਿਖਤ ਸਲੋਕਾਂ ਵਿੱਚ ਇਸ ਸਚਾਈ ਨੂੰ ਦੇਖਿਆ ਜਾ ਸਕਦਾ ਹੈ:-
(ੳ) ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿੑ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥ (ਪੰਨਾ ੧੩੭੮) ਅਰਥ:-ਹੇ ਫਰੀਦ! ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ (ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ, ਪਰ ਅੱਜ (ਬੁਢੇਪੇ ਵਿਚ) ਮੈਨੂੰ ਫਰੀਦ ਨੂੰ (ਇਹ ਰਤਾ ਪਰੇ ਪਿਆ) ਲੋਟਾ ਸੈ ਕੋਹਾਂ ਤੇ ਹੋ ਗਿਆ ਹੈ (ਸੋ, ਬੰਦਗੀ ਦਾ ਵੇਲਾ ਭੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ)।
(ਅ) ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ॥ ਜੇ ਸਉ ਵਰਿੑਆ ਜੀਵਣਾ ਭੀ ਤਨੁ ਹੋਸੀ ਖੇਹ॥ (ਪੰਨਾ ੧੩੮੦) ਅਰਥ:- ( ‘ਵਿਸੁ ਗੰਦਲਾਂ’ ਪਿੱਛੇ ਦੌੜ ਦੌੜ ਕੇ ਹੀ) ਸ਼ੇਖ਼ ਫਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ। ਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ (ਤੇ ਇਹਨਾਂ ‘ਵਿਸੁ ਗੰਦਲਾਂ’ ਤੋਂ ਸਾਥ ਟੁੱਟ ਜਾਇਗਾ)।
ਇਸ ਲਈ ‘ਗੁਰਮੁਖਿ ਬੁਢੇ ਕਦੇ ਨਾਹੀ’ ਦਾ ਇਹ ਭਾਵ ਨਹੀਂ ਹੈ ਕਿ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ। ‘ਗੁਰਮੁਖਿ ਬੁਢੇ ਕਦੇ ਨਾਹੀ’ ਦਾ ਠੀਕ ਭਾਵ ਸਮਝਣ ਲਈ ਜਿਸ ਸਲੋਕ ਦੀ ਇਹ ਪੰਗਤੀ ਹੈ, ਉਸ ਨੂੰ ਪੜ੍ਹਣ ਨਾਲ ਸਪਸ਼ਟ ਹੁੰਦਾ ਹੈ; ਪੂਰਾ ਸਲੋਕ ਇਸ ਤਰ੍ਹਾਂ ਹੈ:-
ਗੁਰਮੁਖਿ ਬੁਢੇ ਕਦੇ ਨਾਹੀ ਜਿਨਾੑ ਅੰਤਰਿ ਸੁਰਤਿ ਗਿਆਨੁ॥ ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ॥ ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ॥ ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ॥ (ਪੰਨਾ ੧੪੧੮) ਅਰਥ:- ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਟਿਕੀ ਰਹਿੰਦੀ ਹੈ, ਆਤਮਕ ਜੀਵਨ ਦੀ ਸੂਝ ਟਿਕੀ ਰਹਿੰਦੀ ਹੈ, ਉਹ ਮਨੁੱਖ (ਆਤਮਕ ਜੀਵਨ ਵਿਚ) ਕਦੇ ਕਮਜ਼ੋਰ ਨਹੀਂ ਹੁੰਦੇ। ਉਹ ਸਦਾ ਹੀ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਬਣੀ ਰਹਿੰਦੀ ਹੈ। ਉਹ ਮਨੁੱਖ (ਚੰਗੇ ਮੰਦੇ ਕੰਮ ਦੀ) ਪਰਖ ਦੇ ਆਨੰਦ ਵਿੱਚ ਸਦਾ ਮਗਨ ਰਹਿੰਦੇ ਹਨ, (ਹਰੇਕ) ਦੁੱਖ ਵਿੱਚ (ਹਰੇਕ) ਸੁਖ ਵਿੱਚ ਉਹ ਸਦਾ ਅਡੋਲ-ਚਿੱਤ ਰਹਿੰਦੇ ਹਨ। ਉਹਨਾਂ ਨੂੰ ਹਰ ਥਾਂ ਸਿਰਫ਼ ਸਰਬ-ਵਿਆਪਕ ਪਰਮਾਤਮਾ ਸਾਥੀ ਹੀ ਵੱਸਦਾ ਦਿੱਸਦਾ ਹੈ।
ਇਸ ਸਲੋਕ ਤੋਂ ਅਗਲੇ ਸਲੋਕ ਵਿੱਚ ਇਸ ਭਾਵ ਨੂੰ ਹੋਰ ਵੀ ਸਪਸ਼ਟ ਰੂਪ ਵਿੱਚ ਦਰਸਾਇਆ ਹੈ:-
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨਾੑ ਅੰਤਰਿ ਹਰਿ ਸੁਰਤਿ ਨਾਹੀ॥ ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ॥ ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ॥ ਓਨਾ ਮੈਲੁ ਪੰਤਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ॥ ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ॥ ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ॥ ਅਰਥ:- ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਰੋਏ ਸਰੀਰਕ ਅੰਗਾਂ ਵਾਲਾ ਹੁੰਦਾ ਹੋਇਆ ਭੀ (ਆਤਮਕ ਜੀਵਨ ਵਿਚ) ਬੁੱਢੇ ਮਨੁੱਖ ਵਰਗਾ ਕਮਜ਼ੋਰ ਹੁੰਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦੀ ਲਗਨ ਨਹੀਂ ਹੁੰਦੀ, ਉਹ ਮਨੁੱਖ (ਧਾਰਮਿਕ) ਕਰਮ (ਭੀ) ਹਉਮੈ ਵਿੱਚ (ਰਹਿ ਕੇ ਹੀ) ਕਰਦੇ ਹਨ, ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ) ਪਿਆਰ ਵਿੱਚ ਟਿਕ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਹੁੰਦੇ ਹਨ। ਜਿਹੜੇ ਮਨੁੱਖ ਗੁਰੂ ਦੇ ਅਨੁਸਾਰ ਰਹਿ ਕੇ ਜੀਵਨ ਚਾਲ ਚੱਲਦੇ ਹਨ, ਉਹਨਾਂ ਨੂੰ (ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਵਿਕਾਰਾਂ ਦੀ) ਜੂਠ (ਉਸ ਦੇ ਮਨ ਤੋਂ) ਕਦੇ ਭੀ ਨਹੀਂ ਲਹਿੰਦੀ, ਭਾਵੇਂ ਉਹ ਸੌ ਵਾਰੀ (ਉਸ ਨੂੰ) ਧੋਣ ਦਾ ਜਤਨ ਕਰਦਾ ਰਹੇ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਗੁਰੂ ਦੀ ਗੋਦ ਵਿੱਚ ਲੀਨ ਕਰ ਕੇ ਪਰਮਾਤਮਾ ਨੇ (ਆਪ ਆਪਣੇ ਚਰਨਾਂ ਵਿਚ) ਮਿਲਾਇਆ ਹੁੰਦਾ ਹੈ।
ਜਿਸ ਬੁਢੇਪੇ ਅਥਵਾ ਕਮਜ਼ੋਰੀ ਦਾ ‘ਗੁਰਮੁਖਿ ਬੁਢੇ ਕਦੇ ਨਾਹੀ’ ਵਿੱਚ ਜ਼ਿਕਰ ਹੈ, ਇਸ ਕਮਜ਼ੋਰੀ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ:-
(੧) ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥ (ਪੰਨਾ ੧੪੨੯) ਅਰਥ:- ਹੇ ਭਾਈ! (ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ। ਹੇ ਨਾਨਕ! ਆਖ—ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇੱਕ ਵਸੀਲਾ ਹੈ)। (੨) ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥ (ਪੰਨਾ ੧੪੨੯) ਅਰਥ:- ਹੇ ਭਾਈ! (ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ। ਸੋ, ਹੇ ਨਾਨਕ! (ਆਖ—ਹੇ ਪ੍ਰਭੂ!) ਸਭ ਕੁੱਝ ਤੇਰੇ ਹੱਥ ਵਿੱਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ। ਇਹਨਾਂ ਦੋਹਾਂ ਸਲੋਕਾਂ ਨੂੰ ਪੜ੍ਹਨ ਮਗਰੋਂ ਕਿਸੇ ਤਰ੍ਹਾਂ ਦਾ ਭਰਮ-ਭਲੇਖੇ ਦੀ ਕੋਈ ਗ਼ੁਜ਼ਾਇਸ਼ ਨਹੀਂ ਰਹਿੰਦੀ ਹੈ ਕਿ ‘ਗੁਰਮੁਖਿ ਬੁਢੇ ਕਦੇ ਨਾਹੀ’ ਦਾ ਭਾਵ ਸਰੀਰਕ ਤੌਰ `ਤੇ ਬੁੱਢੇ ਹੋਣ ਤੋਂ ਨਹੀਂ ਬਲਕਿ ਆਤਮਕ ਕਮਜ਼ੋਰੀ ਤੋਂ ਹੈ।
ਬਾਣੀ ਰਚੇਤਿਆਂ ਨੇ ਜਨ-ਸਾਧਾਰਨ ਦੀ ਸਮਝ ਵਿੱਚ ਆਉਣ ਵਾਲੀ ਦੀ ਬੋਲੀ ਦੀ ਹੀ ਨਹੀਂ ਸਗੋਂ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਆਲੇ-ਦੁਆਲੇ ਅਤੇ ਲੋਕਾਂ ਵਿੱਚ ਪ੍ਰਚਲਤ ਸ਼ਬਦਾਵਲੀ, ਲੋਕੋਕਤੀਆਂ ਅਤੇ ਮੁਹਾਵਿਆਂ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਭਿੰਨ ਭਿੰਨ ਜਾਤੀ ਸਮੂਹ ਵਿੱਚ ਪ੍ਰਚਲਤ ਰਸਮਾਂ-ਰਿਵਾਜਾਂ, ਅਤੇ ਪ੍ਰਚਲਤ ਰੂਪਕ, ਅਲੰਕਾਰਾਂ ਦੀ ਵਰਤੋਂ ਵੀ ਕੀਤੀ ਹੈ। ਇਹਨਾਂ ਦੀ ਵਰਤੋਂ ਦੁਆਰਾ ਬਾਣੀ ਰਚੇਤਿਆਂ ਨੇ ਪ੍ਰਚਲਤ ਧਾਰਨਾਵਾਂ ਦੀ ਸਚਾਈ ਨੂੰ ਪਰਵਾਨ ਕਰਨ ਦਾ ਐਲਾਨ ਨਹੀਂ ਕੀਤਾ ਹੈ ਸਗੋਂ ਬਾਣੀਕਾਰਾਂ ਨੇ ਤਾਂ ਕੇਵਲ ਇਹਨਾਂ ਦੀ ਵਰਤੋਂ ਕਰਕੇ ਗੁਰਮਤਿ ਦੀ ਜੀਵਨ-ਜੁਗਤ ਨੂੰ ਹੀ ਦ੍ਰਿੜ ਕਰਵਾਇਆ ਹੈ। ਇਸ ਲਈ ਗੁਰਬਾਣੀ ਵਿੱਚ ਪ੍ਰਚਲਤ ਸ਼ਬਦਾਵਲੀ ਦੀ ਵਰਤੋਂ ਦਾ ਮਨੋਰਥ, ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣਾ ਹੀ ਹੈ। ਬਾਣੀਕਾਰਾਂ ਦਾ ਆਦਰਸ਼ ਨਾ ਤਾਂ ਪ੍ਰਚਲਤ ਮਾਨਤਾਵਾਂ ਨੂੰ ਦ੍ਰਿੜ ਕਰਾਉਣਾ ਹੈ, ਨਾ ਹੀ ਕਾਵਿ ਦੇ ਭਿੰਨ ਭਿੰਨ ਰੂਪਾਂ ਦੀਆ ਵੰਨਗੀਆਂ ਨੂੰ ਅਤੇ ਨਾ ਹੀ ਸਮਾਜ ਵਿੱਚ ਪ੍ਰਚਲਤ ਕਿਸੇ ਹੋਰ ਰਸਮੋ-ਰਿਵਾਜ ਨੂੰ; ਗੁਰਬਾਣੀ ਦੇ ਸੱਚ ਦਾ ਮੁੱਖ ਮਨੋਰਥ ਸੁਚੱਜੀ ਜੀਵਨ-ਜੁਗਤ ਨੂੰ ਦ੍ਰਿੜ ਕਰਾਉਣਾ ਹੈ। ਇਹ ਜੀਵਨ-ਜੁਗਤ ਹਰ ਇੱਕ ਲਈ ਜ਼ਰੂਰੀ ਹੈ।
ਆਮ ਤੌਰ `ਤੇ ਪ੍ਰਚਲਤ ਸ਼ਬਦਾਵਲੀ ਦੇ ਹਰੇਕ ਰੂਪ (ਅਨਮਤੀ ਸ਼ਬਦਾਵਲੀ, ਮੁਹਾਵਰੇ, ਲੋਕੋਕਤੀਆਂ, ਸਮੇਂ ਅਤੇ ਸਥਾਨ ਦਾ ਸੱਚ) ਨੂੰ ਗੁਰਬਾਣੀ ਦਾ ਸੱਚ ਹੀ ਸਮਝਿਆ ਜਾ ਰਿਹਾ ਹੈ ਪਰੰਤੂ ਪ੍ਰਚਲਤ ਧਾਰਨਾਵਾਂ ਅਥਵਾ ਮਨੌਤਾਂ ਦਾ ਗੁਰਬਾਣੀ ਦੇ ਸੱਚ ਨਾਲ ਸੰਬੰਧ ਨਹੀਂ ਹੈ। ਗੁਰਬਾਣੀ ਦੇ ਸੱਚ ਨੂੰ ਦੇਸ਼, ਜਾਤ, ਧਰਮ ਅਤੇ ਸਮੇਂ ਦੀ ਵਲਗਣ ਵਿੱਚ ਨਹੀਂ ਵਲਿਆ ਜਾ ਸਕਦਾ ਹੈ, ਚੂੰਕਿ ਇਹ ਸੱਚ ਇਹਨਾਂ ਸਮੂਹਾਂ ਤੋਂ ਬਹੁਤ ਉਪਰ ਹੈ। ਗੁਰਬਾਣੀ ਦਾ ਸੱਚ ਹਮੇਸ਼ਾਂ ਸਮੇਂ ਦਾ ਹਾਣੀ ਰਿਹਾ ਹੈ, ਹੁਣ ਵੀ ਹੈ, ਅਤੇ ਆਉਣ ਵਾਲੇ ਸਮੇਂ ਵੀ ਰਹੇਗਾ। ਇਹ ਸੱਚ ਕਦੀ ਵੀ ਪੁਰਾਣਾ ਨਹੀਂ ਹੋਵੇਗਾ; ਹਮੇਸ਼ਾਂ ਹੀ ਮਨੁੱਖਤਾ ਦੀ ਰਹਿਨੁਮਾਈ ਕਰਦਾ ਰਹੇਗਾ। ਗੁਰਬਾਣੀ ਦੇ ਸੱਚ ਦਾ ਰੂਪ ਸਮੇਂ ਨਾਲ ਪੁਰਾਣਾ ਹੋਣ ਦੀ ਥਾਂ ਸਗੋਂ ਹੋਰ ਜ਼ਿਆਦਾ ਚਮਕਦਾ ਹੈ। ਇਸ ਲਈ ਇਸ ਉੱਤੇ ਸਮੇਂ ਦੀ ਗਰਦ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਦੀ ਅਹਿਮੀਅਤ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੈ। ਇਹ ਹੀ ਕਾਰਨ ਹੈ ਕਿ ਜਿੱਥੇ ਵਿਗਿਆਨਕ ਉਨਤੀ ਨਾਲ ਕਈ ਧਾਰਮਿਕ ਮਨੌਤਾਂ ਗ਼ਲਤ ਸਾਬਤ ਹੋ ਰਹੀਆਂ ਹਨ ਉੱਥੇ ਗੁਰਬਾਣੀ ਦਾ ਸੱਚ ਹੋਰ ਪ੍ਰਬਲ ਰੂਪ ਵਿੱਚ ਉਭਰ ਕੇ ਲੋਕਾਈ ਦੇ ਸਾਹਮਣੇ ਆ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਹੋਰ ਗੁਰਸਿੱਖਾਂ ਦੀ ਬਾਣੀ ਵੀ ਹੈ। ਭਗਤ ਸਾਹਿਬਾਨ ਭਿੰਨ ਭਿੰਨ ਇਲਾਕਿਆਂ ਦੇ ਵਸਨੀਕ ਸਨ। ਇਸ ਲਈ ਇਹਨਾਂ ਦੀ ਬਾਣੀ ਵਿੱਚ ਸਥਾਨਕ ਰਸਮਾਂ-ਰਿਵਾਜਾਂ ਦੇ ਨਾਲ ਨਾਲ ਉਸ ਇਲਾਕੇ ਵਿੱਚ ਪ੍ਰਚਲਤ ਲੋਕੋਕਤੀਆਂ ਅਤੇ ਮੁਹਾਵਰਿਆਂ ਦੀ ਵਰਤੋਂ ਵੀ ਮਿਲਦੀ ਹੈ। ਭਾਵੇਂ ਬਾਣੀ ਰਚੇਤਿਆਂ ਦਾ ਮਨੋਰਥ ਆਪਣੇ ਸਮੇਂ ਅਤੇ ਸਥਾਨ ਨਾਲ ਸੰਬੰਧਤ ਰੀਤੀ-ਰਿਵਾਜਾਂ ਜਾਂ ਕਹਾਵਤਾਂ ਆਦਿ ਦੀ ਜਾਣਕਾਰੀ ਦੇਣਾ ਨਹੀਂ, ਪਰ ਚੂੰਕਿ ਇਹ ਸਭ ਕੁੱਝ ਲੋਕਾਂ ਨਾਲ ਜੁੜਿਆ ਹੋਇਆ ਹੈ, ਇਸੇ ਲਈ ਬਾਣੀ ਰਚੇਤਿਆਂ ਨੇ ਇਹਨਾਂ ਦੀ ਭਰਪੂਰ ਵਰਤੋਂ ਕੀਤੀ ਹੋਈ ਹੈ।
‘ਸਤਰਿ ਕਾ ਮਤਿਹੀਣ’ ਦੀ ਪੰਗਤੀ ਗੁਰੂ ਨਾਨਕ ਸਾਹਿਬ ਦੇ ਉਚਾਰਣ ਕੀਤੇ ਹੋਏ ਸਲੋਕ ਦੀਆਂ ਪੰਜਾਂ ਪੰਗਤੀਆਂ ਵਿੱਚੋਂ ਤੀਜੀ ਪੰਗਤੀ ਦਾ ਪਹਿਲਾ ਹਿੱਸਾ ਹੈ। ਇਹ ਸਲੋਕ ‘ਮਾਝ ਕੀ ਵਾਰ’ ਦੀ ਪਹਿਲੀ ਪਉੜੀ ਨਾਲ ਦਰਜ ਤਿੰਨ ਸਲੋਕਾਂ ਵਿੱਚੋਂ ਤੀਜਾ ਸਲੋਕ ਹੈ। ਪੂਰਾ ਸਲੋਕ ਇਸ ਤਰ੍ਹਾਂ ਹੈ:-
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥ ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥ ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ॥ ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ॥ ੩॥ (ਪੰਨਾ ੧੩੮)
ਇਸ ਤੁਕ ਦੇ ਭਾਵ ਨੂੰ ਸਮਝਣ ਲਈ ਇਸ ਸਲੋਕ ਨੂੰ ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਦਰਜ ਦੋਹਾਂ ਸਲੋਕਾਂ ਅਤੇ ਪਉੜੀ ਨੂੰ ਵੀ ਵਿਚਾਰਦੇ ਹਾਂ ਤਾਂ ਕਿ ਇਸ ਪਉੜੀ ਅਤੇ ਇਸ ਨਾਲ ਦਰਜ ਸਲੋਕਾਂ ਦੇ ਸਮੁੱਚੇ ਭਾਵ ਨੂੰ ਸਮਝਿਆ ਜਾ ਸਕੇ। (ਚੱ ਲਦਾ)
.