.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੯)

Gurmat and science in present scenario (Part-9)

ਅਕਾਲ ਪੁਰਖੁ ਨੂੰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਪਰੰਤੂ ਉਸ ਦੀ ਰਚਨਾ ਵਿਚੋਂ ਅਨੁਭਵ ਕੀਤਾ ਜਾ ਸਕਦਾ ਹੈ

Akal Purkh cannot be seen with naked eyes but can be realised through His creation

ਅਕਾਲ ਪੁਰਖੁ ਦੀ ਬਣਾਈ ਗਈ ਕੁਦਰਤ ਦੀ ਰਚਨਾ ਬਹੁਤ ਹੈਰਾਨ ਕਰਨ ਵਾਲੀ ਹੈ। ਅਕਾਲ ਪੁਰਖੁ ਦੀ ਅਚਰਜ ਕੁਦਰਤ ਨੂੰ ਪੂਰੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ, ਇਸ ਨੂੰ ਵੇਖ ਕੇ ਮਨ ਵਿੱਚ ਝਰਨਾਹਟ ਜਿਹੀ ਛਿੜ ਜਾਂਦੀ ਹੈ। ਜਦੋਂ ਅਸੀਂ ਕੁਦਰਤ ਦੀ ਅਣਗਿਣਤ ਤਰ੍ਹਾਂ ਦੀ ਰਚਨਾ ਵੇਖਦੇ ਹਾਂ, ਤਾਂ ਅਜੀਬ ਤਰ੍ਹਾਂ ਦੀ ਹੈਰਾਨਗੀ ਹੁੰਦੀ ਹੈ। ਅਕਾਲ ਪੁਰਖੁ ਦੀ ਬੇਅੰਤ ਤੇ ਵਿਸ਼ਾਲ ਰਚਨਾਂ ਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਅਕਾਲ ਪੁਰਖੁ ਦੀ ਬਣਾਈ ਹੋਈ ਅਚਰਜ ਕੁਦਰਤ ਵਿੱਚ ਕਈ ਨਾਦ ਤੇ ਕਈ ਵੇਦ ਹਨ, ਬੇਅੰਤ ਤਰ੍ਹਾਂ ਦੇ ਜੀਵ ਤੇ ਉਨ੍ਹਾਂ ਜੀਵਾਂ ਦੇ ਕਈ ਤਰ੍ਹਾਂ ਦੇ ਅਦਭੁਦ ਭੇਦ ਹਨ। ਕੁਦਰਤ ਦੇ ਬਣਾਏ ਹੋਏ ਅਨੇਕਾਂ ਜੀਵਾਂ ਅਤੇ ਅਣਗਿਣਤ ਪਦਾਰਥਾਂ ਦੇ ਕਈ ਤਰ੍ਹਾਂ ਦੇ ਰੂਪ ਤੇ ਕਈ ਪ੍ਰਕਾਰ ਦੇ ਰੰਗ ਹਨ। ਅਨੇਕਾਂ ਪ੍ਰਕਾਰ ਦੇ ਜੀਵ ਜੰਤੂ ਸਦਾ ਨੰਗੇ ਹੀ ਫਿਰ ਰਹੇ ਹਨ। ਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ, ਕਿਤੇ ਕਈ ਅਗਨੀਆਂ ਅਚਰਜ ਖੇਡਾਂ ਵਿਖਾ ਰਹੀਆਂ ਹਨ। ਅਕਾਲ ਪੁਰਖੁ ਦੀਆਂ ਬਣਾਈਆਂ ਗਈਆਂ ਅਨੇਕਾਂ ਧਰਤੀਆਂ ਹਨ। ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਕਈ ਖਾਣੀਆਂ ਹਨ। ਅਨੇਕਾਂ ਪ੍ਰਕਾਰ ਦੇ ਜੀਵ ਜੰਤੂ ਆਪਣੇ ਖਾਣ ਵਾਲੇ ਪਦਾਰਥਾਂ ਦੇ ਸੁਆਦ ਵਿੱਚ ਲੱਗੇ ਹਨ। ਕਿਤੇ ਜੀਵਾਂ ਦਾ ਆਪਸ ਵਿੱਚ ਮੇਲ ਹੋ ਰਿਹਾ ਹੈ, ਜਾਂ ਹੋਰ ਪੈਦਾ ਹੋ ਰਹੇ ਹਨ, ਤੇ ਕਿਤੇ ਵਿਛੋੜਾ ਹੋ ਰਿਹਾ ਹੈ, ਜਾਂ ਮਰ ਰਹੇ ਹਨ। ਕਿਤੇ ਜੀਵਾਂ ਨੂੰ ਭੁੱਖ ਸਤਾ ਰਹੀ ਹੈ, ਕਿਤੇ ਉਹ ਪਦਾਰਥਾਂ ਦਾ ਭੋਗ ਕਰ ਰਹੇ ਹਨ, ਭਾਵ, ਅਨੇਕਾਂ ਜੀਵ ਆਪਣੀ ਲੋੜ ਅਨੁਸਾਰ ਪਦਾਰਥ ਛਕੀ ਜਾ ਰਹੇ ਹਨ। ਕਿਤੇ ਕੁਦਰਤ ਦੇ ਮਾਲਕ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਹੋ ਰਹੀ ਹੈ, ਕਿਤੇ ਜੀਵ ਅਸਲੀ ਰਾਹ ਤੋਂ ਖੁੰਝ ਕੇ ਭਟਕ ਰਹੇ ਹਨ, ਕਿਤੇ ਠੀਕ ਰਸਤੇ ਤੇ ਜਾ ਰਹੇ ਹਨ, ਇਹ ਸਾਰੀ ਅਚਰਜ ਖੇਡ ਵੇਖ ਕੇ ਮਨ ਵਿੱਚ ਹੈਰਾਨਗੀ ਹੁੰਦੀ ਹੈ, ਕਿ ਇਹ ਸੱਭ ਕੁੱਝ ਕਿਸ ਤਰ੍ਹਾਂ ਹੋ ਰਿਹਾ ਹੈ। ਕੋਈ ਆਖਦਾ ਹੈ ਅਕਾਲ ਪੁਰਖੁ ਨੇੜੇ ਹੈ, ਤੇ ਕੋਈ ਆਖਦਾ ਹੈ ਦੂਰ ਹੈ, ਕੋਈ ਆਖਦਾ ਹੈ ਕਿ ਉਹ ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਇਸ ਅਚਰਜ ਕੌਤਕ ਨੂੰ ਤੱਕ ਕੇ ਮਨ ਵਿੱਚ ਝਰਨਾਟ ਛਿੜਦੀ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਹੈ।

ਸਲੋਕ ਮਃ ੧॥ ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥ ਵਿਸਮਾਦੁ ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ

ਜੰਤ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥ ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ॥ ਵਿਸਮਾਦੁ ਭੁਖ ਵਿਸਮਾਦੁ ਭੋਗੁ॥ ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥ ਵਿਸਮਾਦੁ ਉਝੜ ਵਿਸਮਾਦੁ ਰਾਹ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ ਵਿਸਮਾਦੁ ਦੇਖੈ ਹਾਜਰਾ ਹਜੂਰਿ॥ ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ॥ ੧॥ (੪੬੩-੪੬੪)

ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ, ਜਿਸ ਕਰਕੇ ਦਿਨ ਤੇ ਰਾਤ ਬਣਦੇ ਹਨ। ਧਰਤੀ ਸੂਰਜ ਦੇ ਦੁਆਲੇ ਵੀ ਚੱਕਰ ਲਾਉਂਦੀ ਹੈ, ਤੇ ਅਜੇਹੇ ਇੱਕ ਚੱਕਰ ਦੇ ਸਮੇਂ ਨੂੰ ਇੱਕ ਸਾਲ ਕਹਿੰਦੇ ਹਨ। ਮਨੁੱਖ ਨੇ ਸਮਾਂ ਜਾਨਣ ਲਈ ਆਪਣੇ ਆਪਣੇ ਤਰੀਕੇ ਅਪਨਾਏ, ਜਿਸ ਕਰਕੇ ਤਰ੍ਹਾਂ ਤਰ੍ਹਾਂ ਦੇ ਕਾਲੈਂਡਰ (ਨਾਨਕਸ਼ਾਹੀ, ਗਰੀਗੋਰੀਅਨ, ਜੂਲੀਅਟ, ਆਦਿ) ਪਰਚੱਲਤ ਹਨ। ਪੁਰਾਨੇ ਸਮਿਆਂ ਵਿੱਚ ਸਮਾਂ ਮਾਪਣ ਲਈ ਵਿਸੁਏ (ਅੱਖ ਦੇ ੧੫ ਫੋਰ), ਚਸੇ (੧੫ ਵਿਸੁਏ), ਪਲ (੩੦ ਚਸੇ = ੧ ਪਲ), ਘੜੀਆਂ (੬੦ ਪਲ = ੧ ਘੜੀ), ਪਹਰ (ਸਾਡੇ ੭ ਘੜੀਆਂ = ੧ ਪਹਰ), ਦਿਨ ਰਾਤ (੮ ਪਹਰ = ੧ ਦਿਨ ਰਾਤ), ਥਿੱਤਾਂ (੧੫), ਵਾਰ (੭), ਮਹੀਨਾ (੧੨) ਅਤੇ ਹੋਰ ਅਨੇਕਾਂ ਰੁੱਤਾਂ ਆਦਿਕ ਵਰਤੇ ਜਾਂਦੇ ਸਨ। ਇਹ ਸੱਭ ਕੁੱਝ ਇਕੋ ਹੀ ਸੂਰਜ ਕਰਕੇ ਹੁੰਦੇ ਹਨ, ਜਿਸ ਸੂਰਜ ਮੰਡਲ ਵਿੱਚ ਅਸੀਂ ਰਹਿ ਰਹੇ ਹਾਂ। ਅਜੇਹੇ ਅਨੇਕਾਂ ਸੂਰਜ ਮੰਡਲ ਇਸ ਬ੍ਰਹਿਮੰਡ ਵਿੱਚ ਹੋ ਸਕਦੇ ਹਨ। ਕਰਤੇ ਦੀ ਰਚਨਾ ਬੇਅੰਤ ਹੈ ਤੇ ਇਹ ਸੱਭ ਕੁੱਝ ਕਰਤੇ ਦੇ ਵੱਖ ਵੱਖ ਰੂਪ ਹਨ। ਕੁਦਰਤ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ ਉਹ ਸੱਭ ਅਕਾਲ ਪੁਰਖੁ ਦੇ ਸਿਧਾਂਤ ਅਨੁਸਾਰ ਹੀ ਹੋ ਰਿਹਾ ਹੈ।

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥ ਸੂਰਜੁ ਏਕੋ ਰੁਤਿ

ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ॥ ੨॥ ੨॥ (੧੨-੧੩)

ਜਿਵੇਂ ਸਭ ਬੂਟਿਆਂ ਵਿੱਚ ਬਾਹਰ ਤਾਂ ਅੱਗ ਦਿਖਾਈ ਨਹੀਂ ਦਿੰਦੀ, ਪਰ ਸਭ ਬੂਟਿਆਂ ਦੇ ਅੰਦਰ ਅੱਗ ਗੁਪਤ ਰੂਪ ਵਿੱਚ ਮੌਜੂਦ ਹੈ, ਇਹ ਬੂਟਿਆਂ ਨੂੰ ਅੱਗ ਲਗਾਉਂਣ ਤੋਂ ਬਾਅਦ ਹੀ ਪਤਾ ਲਗਦਾ ਹੈ, ਕਿ ਉਨ੍ਹਾਂ ਅੰਦਰ ਅੱਗ ਹੈ। ਜਿਵੇਂ ਦੁੱਧ ਨੂੰ ਬਾਹਰੋਂ ਵੇਖਿਆ ਜਾਵੇ ਤਾਂ ਕੋਈ ਘਿਉ ਜਾਂ ਮੱਖਣ ਦਿਖਾਈ ਨਹੀਂ ਦਿੰਦਾ ਹੈ, ਪਰ ਹਰੇਕ ਕਿਸਮ ਦੇ ਦੁੱਧ ਵਿੱਚ ਘਿਉ ਮੱਖਣ ਗੁਪਤ ਰੂਪ ਵਿੱਚ ਮੌਜੂਦ ਹੈ, ਜੋ ਕਿ ਦੁੱਧ ਰਿੜਕਣ ਤੋਂ ਬਾਅਦ ਹੀ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਉੱਚੇ ਨੀਵੇਂ, ਚੰਗੇ ਮੰਦੇ, ਸਭ ਜੀਵਾਂ ਵਿੱਚ ਅਕਾਲ ਪੁਰਖੁ ਦੀ ਜੋਤਿ ਸਮਾਈ ਹੋਈ ਹੈ, ਅਕਾਲ ਪੁਰਖੁ ਹਰੇਕ ਸਰੀਰ ਵਿੱਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿੱਚ ਵਿਆਪਕ ਹੈ, ਉਹ ਸੁੰਦਰ ਸਰੂਪ ਅਕਾਲ ਪੁਰਖੁ ਪਾਣੀ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਤੇ ਸਭ ਥਾਂਈ ਰਮਿਆ ਹੋਇਆ ਹੈ। ਉਸ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖੁ ਦੀ, ਸਬਦ ਗੁਰੂ ਦੀ ਸਹਾਇਤਾ ਦੁਆਰਾ ਸਿਫ਼ਤਿ ਸਾਲਾਹ ਕਰਨ ਨਾਲ ਭਰਮ ਭੁਲੇਖੇ ਦੂਰ ਕੀਤੇ ਜਾ ਸਕਦੇ ਹਨ। ਅਕਾਲ ਪੁਰਖੁ ਸਭ ਜੀਵਾਂ ਵਿੱਚ ਵੱਸਦਾ ਹੈ, ਪਰੰਤੂ ਫਿਰ ਵੀ ਉਹ ਆਪ ਸਦਾ ਮਾਇਆ ਦੇ ਮੋਹ ਤੋਂ ਨਿਰਲੇਪ ਹੈ, ਤੇ ਸਭ ਜੀਵਾਂ ਵਿੱਚ ਸਮਾਇਆ ਹੋਇਆ ਹੈ।

ਸੋਰਠਿ ਮਹਲਾ ੫ ਘਰੁ ੨ ਦੁਪਦੇ॥ ੴ ਸਤਿਗੁਰ ਪ੍ਰਸਾਦਿ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥ ੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ॥ ੧॥ ਰਹਾਉ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ॥ ੨॥ ੧॥ ੨੯॥ (੬੧੭)

ਅਕਾਲ ਪੁਰਖੁ ਨੂੰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ, ਪਰੰਤੂ ਉਸ ਦੀ ਰਚਨਾ ਵਿਚੋਂ ਅਨੁਭਵ ਕੀਤਾ ਜਾ ਸਕਦਾ ਹੈ। ਉਹ ਅਕਾਲ ਪੁਰਖੁ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿੱਚ ਵੱਸਣ ਵਾਲਾ ਹੈ, ਫਿਰ ਭੀ, ਉਸ ਉੱਪਰ ਮਾਇਆ ਦਾ ਰਤਾ ਵੀ ਲੇਪ ਨਹੀਂ ਹੈ, ਭਾਵ ਉਹ ਮਾਇਆ ਤੋਂ ਨਿਰਲੇਪ ਹੈ। ਉਹ ਅਕਾਲ ਪੁਰਖੁ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ, ਸੰਤ ਜਨ ਹਰ ਵੇਲੇ ਉਸ ਨੂੰ ਯਾਦ ਕਰਦੇ ਰਹਿੰਦੇ ਹਨ, ਉਸ ਦਾ ਨਾਮੁ ਜਪਦੇ ਰਹਿੰਦੇ ਹਨ।

ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ॥ ੨॥ ੧॥ ੨॥ (੭੦੦)

ਅਕਾਲ ਪੁਰਖੁ ਸੱਭ ਥਾਂ ਤੇ ਸਾਰਿਆਂ ਵਿੱਚ ਵਿਆਪਕ ਹੋ ਕੇ ਦਿਸ ਰਿਹਾ ਹੈ, ਉਸ ਦਾ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ। ਅਕਾਲ ਪੁਰਖੁ ਸੱਭ ਦਾ ਤੇ ਸੱਭ ਤੋਂ ਵੱਡਾ ਪਾਤਿਸ਼ਾਹ ਹੈ। ਉਹ ਪਾਤਿਸ਼ਾਹ ਨਿਰਾ ਸੰਸਾਰ ਵਿੱਚ ਹੀ ਨਹੀਂ ਵੱਸ ਰਿਹਾ, ਉਹ ਤਾਂ ਇਸ ਦਿੱਸਦੇ ਸੰਸਾਰ ਤੋਂ ਬਾਹਰ ਵੀ ਹਰ ਥਾਂ ਵੱਸਦਾ ਹੈ। ਵੇਦ ਜਾਂ ਕਤੇਬ ਆਦਿਕ ਕੋਈ ਵੀ ਧਾਰਮਿਕ ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ। ਪਰੰਤੂ, ਉਹ ਪਾਤਿਸ਼ਾਹ ਆਪਣੀ ਰਚੀ ਹੋਈ ਸ੍ਰਿਸ਼ਟੀ ਵਿੱਚ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ।

ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥ ੪॥ ੩॥ ੧੦੫॥ (੩੯੭)

ਗੁਰੂ ਸਾਹਿਬ ਤਾਂ ਗੁਰਬਾਣੀ ਵਿੱਚ ਸਮਝਾਂਉਂਦੇ ਹਨ ਕਿ ਸਬਦ ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖੁ ਦਾ ਨਾਮ ਜਪਣ ਸਦਕਾ ਹੁਣ ਮੈਂ ਜਿਧਰ ਵੀ ਵੇਖਦਾ ਹਾਂ, ਮੈਨੂੰ ਉਹੀ ਅਕਾਲ ਪੁਰਖੁ ਵੱਸਦਾ ਦਿੱਖਾਈ ਦਿੰਦਾ ਹੈ ਤੇ ਅਕਾਲ ਪੁਰਖੁ ਦੀ ਮਿਹਰ ਸਦਕਾ ਹੁਣ ਇਹ ਮਾਇਆ ਮਨੁੱਖ ਨੂੰ ਕੁਰਾਹੇ ਨਹੀਂ ਪਾਂਦੀ। ਪਰੰਤੂ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲ ਸਕਦੀ। ਇਸ ਲਈ ਸਭ ਤੋਂ ਸ੍ਰੇਸ਼ਟ ਕਰਤੱਵ ਇਹ ਹੈ ਕਿ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸਾਣਾ ਚਾਹੀਦਾ ਹੈ। ਇਸ ਨੂੰ ਛੱਡ ਕੇ ਹੋਰ ਕਿਸੇ ਤਰ੍ਹਾਂ ਦਾ ਕਰਮ ਕਾਂਡ ਕਰਨਾ, ਸਭ ਪਖੰਡ ਹਨ ਤੇ ਇਨ੍ਹਾਂ ਕਰਮ ਕਾਂਡਾਂ ਰਾਹੀਂ ਕੀਤੀ ਪੂਜਾ ਜਾਂ ਦੂਸਰਿਆਂ ਕੋਲੋਂ ਕਰਵਾਈ ਪੂਜਾ ਅੰਤ ਵਿੱਚ ਖ਼ੁਆਰ ਕਰਦੀ ਹੈ।

ਜਹ ਜਹ ਦੇਖਾ ਤਹ ਤਹ ਸੋਈ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥ ਹਿਰਦੈ ਸਚੁ ਏਹ ਕਰਣੀ ਸਾਰੁ॥ ਹੋਰੁ ਸਭੁ ਪਾਖੰਡੁ ਪੂਜ ਖੁਆਰੁ॥ ੬॥ (੧੩੪੩)

ਗੁਰੂ ਸਾਹਿਬ ਤਾਂ ਗੁਰਬਾਣੀ ਵਿੱਚ ਸਮਝਾਂਉਂਦੇ ਹਨ ਕਿ ਜਦੋਂ ਮੈਂ ਇਨ੍ਹਾਂ ਅੱਖਾਂ ਨਾਲ ਨਿਰੇ ਜਗਤ ਨੂੰ ਭਾਵ, ਦੁਨੀਆਂ ਦੇ ਪਦਾਰਥਾਂ ਨੂੰ ਤੱਕਦਾ ਹਾਂ ਤਾਂ ਇਨ੍ਹਾਂ ਮਾਇਕ ਪਦਾਰਥਾਂ ਵਾਸਤੇ ਮੇਰੀ ਲਾਲਸਾ ਕਦੇ ਮੁੱਕਦੀ ਨਹੀਂ, ਸਗੋਂ ਹੋਰ ਵਧਦੀ ਜਾਂਦੀ ਹੈ। ਤ੍ਰਿਸ਼ਨਾ ਅਧੀਨ ਰਹਿ ਕੇ ਇਨ੍ਹਾਂ ਅੱਖਾਂ ਨਾਲ ਉਹ ਪਿਆਰਾ (ਅਕਾਲ ਪੁਰਖੁ) ਦਿੱਸ ਨਹੀਂ ਸਕਦਾ। ਉਹ ਅੱਖਾਂ ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ (ਅਕਾਲ ਪੁਰਖੁ) ਦਿੱਸਦਾ ਹੈ। ਅਜੇਹੀਆਂ ਅੱਖਾਂ ਤ੍ਰਿਸ਼ਨਾ ਅਧੀਨ ਨਹੀਂ ਰਹਿਦੀਆਂ, ਉਹ ਤਾਂ ਦੁਨਿਆਵੀ ਲਾਲਚ ਛੱਡ ਕੇ ਸਿਰਫ ਕਰਤੇ ਵਿੱਚ ਲੀਨ ਰਹਿੰਦੀਆਂ ਹਨ। ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਅਕਾਲ ਪੁਰਖੁ ਨੂੰ ਚਿਤ ਵਿੱਚ ਵਸਾ ਲਿਆ, ਉਹ ਸਾਰੇ ਸੁਖ ਮਾਣ ਲੈਂਦਾ ਹੈ, ਉਹ ਆਪਣੇ ਪਰਵਾਰ ਸਮੇਤ ਆਪ ਵੀ ਆਪਣਾ ਜੀਵਨ ਸਫਲ ਕਰ ਲੈਂਦਾ ਹੈ ਤੇ ਹੋਰ ਸਾਰੇ ਜਗਤ ਨੂੰ ਵੀ ਤਾਰ ਲੈਂਦਾ ਹੈ।

ਮਃ ੫॥ ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ॥

ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥ ੩॥ (੧੦੯੯, ੧੧੦੦)

ਸਿਰਫ ਇੱਕ ਅਕਾਲ ਪੁਰਖੁ ਹੀ ਸੱਭ ਥਾਂ ਤੇ ਵਸ ਰਿਹਾ ਹੈ ਅਤੇ ਸਾਰਿਆਂ ਵਿੱਚ ਉਸ ਦੀ ਜੋਤਿ ਵਿਚਰ ਰਹੀ ਹੈ। ਸੂਰਜ਼, ਚੰਨ, ਤਾਰੇ, ਸਾਰੇ ਬ੍ਰਹਮੰਡਾਂ ਵਿੱਚ ਉਹ ਅਕਾਲ ਪੁਰਖੁ ਹੀ ਵਿਚਰ ਰਿਹਾ ਹੈ। ਇਸ ਲਈ ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿੱਚ ਓਸੇ ਅਕਾਲ ਪੁਰਖੁ ਨੂੰ ਵੇਖੋ। ਚੰਦ੍ਰਮਾ, ਸੂਰਜ, ਤਾਰਿਆਂ ਵਿੱਚ ਵੀ ਇੱਕ ਉਹੀ ਹੈ। ਹਰੇਕ ਜੀਵ ਅਕਾਲ ਪੁਰਖ ਦੀ ਬੋਲੀ ਹੀ ਬੋਲਦਾ ਹੈ, ਭਾਵ ਉਸ ਦਾ ਬੁਲਾਇਆ ਹੀ ਬੋਲ ਰਿਹਾ ਹੈ। ਪਰੰਤੂ ਸਭ ਵਿੱਚ ਹੁੰਦਿਆਂ ਹੋਇਆ ਵੀ ਉਹ ਆਪ ਅਡੋਲ ਹੈ ਤੇ ਕਦੇ ਡੋਲਦਾ ਨਹੀਂ। ਅਕਾਲ ਪੁਰਖੁ ਸਾਰੀਆਂ ਤਾਕਤਾਂ ਰਚ ਕੇ ਜਗਤ ਦੀਆਂ ਖੇਡਾਂ ਖੇਡ ਰਿਹਾ ਹੈ, ਪਰ ਉਹ ਮੁੱਲ ਖਰੀਦਿਆ ਨਹੀਂ ਜਾ ਸਕਦਾ ਤੇ ਨਾ ਹੀ ਉਸ ਦਾ ਮੁੱਲ ਪਾਇਆ ਜਾ ਸਕਦਾ ਹੈ, ਕਿਉਂਕਿ ਉਹ ਅਮੋਲਕ ਗੁਣਾਂ ਵਾਲਾ ਹੈ। ਅਕਾਲ ਪੁਰਖੁ ਦੀ ਜੋਤਿ, ਇਸ ਸੰਸਾਰ ਦੀਆਂ ਸਾਰੀਆਂ ਜੋਤਾਂ ਵਿੱਚ ਜਗ ਰਹੀ ਹੈ, ਉਹ ਮਾਲਕ ਤਾਣੇ ਪੇਟੇ ਵਾਂਗ ਸਭ ਨੂੰ ਆਸਰਾ ਦੇ ਰਿਹਾ ਹੈ। ਪਰੰਤੂ ਅਕਾਲ ਪੁਰਖ ਦੀ ਸਦਾ ਕਾਇਮ ਰਹਿੰਣ ਵਾਲੀ ਤੇ ਸਰਬ ਵਿਆਪਕ ਹਸਤੀ ਦਾ ਯਕੀਨ ਉਨ੍ਹਾਂ ਮਨੁੱਖਾਂ ਦੇ ਅੰਦਰ ਬਣਦਾ ਹੈ, ਜਿਨ੍ਹਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ।

ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ॥ ਸਸੀਅਰ ਸੂਰ ਨਖ੍ਯ੍ਯਤ੍ਰ ਮਹਿ ਏਕੁ॥ ਬਾਣੀ ਪ੍ਰਭ ਕੀ ਸਭੁ ਕੋ ਬੋਲੈ॥ ਆਪਿ ਅਡੋਲੁ ਨ ਕਬਹੂ ਡੋਲੈ॥ ਸਰਬ ਕਲਾ ਕਰਿ ਖੇਲੈ ਖੇਲ॥ ਮੋਲਿ ਨ ਪਾਈਐ ਗੁਣਹ ਅਮੋਲ॥ ਸਰਬ ਜੋਤਿ ਮਹਿ ਜਾ ਕੀ ਜੋਤਿ॥ ਧਾਰਿ ਰਹਿਓ ਸੁਆਮੀ ਓਤਿ ਪੋਤਿ॥ ਗੁਰ ਪਰਸਾਦਿ ਭਰਮ ਕਾ ਨਾਸੁ॥ ਨਾਨਕ ਤਿਨ ਮਹਿ ਏਹੁ ਬਿਸਾਸੁ॥ ੩॥ (੨੯੪)

ਜਿਸ ਅਕਾਲ ਪੁਰਖ ਨੇ ਧਰਤੀ ਤੇ ਅਕਾਸ਼ ਨੂੰ ਟਿਕਾ ਰੱਖਿਆ ਹੈ, ਅਤੇ ਜਿਸ ਨੇ ਪਵਣ, ਸਰੋਵਰਾਂ ਦਾ ਜਲ, ਅੱਗ ਤੇ ਅੰਨ ਆਦਿਕ ਪੈਦਾ ਕੀਤੇ ਹਨ, ਜਿਸ ਦੀ ਮਿਹਰ ਸਦਕਾ ਰਾਤ ਨੂੰ ਚੰਦ੍ਰਮਾ ਤੇ ਤਾਰੇ ਅਤੇ ਦਿਨ ਵੇਲੇ ਸੂਰਜ ਚੜ੍ਹਦਾ ਹੈ, ਜਿਸ ਨੇ ਅਨੇਕਾਂ ਪਹਾੜ ਰਚੇ ਹਨ ਅਤੇ ਜਿਸ ਨੇ ਰੁੱਖਾਂ ਨੂੰ ਫੁੱਲ ਤੇ ਫਲ ਲਾਏ ਹਨ। ਜਿਸ ਨੇ ਦੇਵਤੇ, ਮਨੁੱਖ ਤੇ ਸੱਤ ਸਮੁੰਦਰ ਪੈਦਾ ਕੀਤੇ ਹਨ ਅਤੇ ਤਿੰਨੇ ਭਵਣ (ਧਰਤੀ, ਆਕਾਸ਼ ਤੇ ਪਾਤਾਲ) ਟਿਕਾ ਰੱਖੇ ਹਨ, ਉਹੀ ਇੱਕ ਅਕਾਲ ਪੁਰਖ ਦਾ ਨਾਮੁ ਸਦਾ ਅਟੱਲ ਹੈ। ਗੁਰੂ ਰਾਮਦਾਸ ਜੀ ਨੇ ਸਦਾ ਅਟੱਲ ਰਹਿਣ ਵਾਲੇ ਅਕਾਲ ਪੁਰਖ ਦਾ ਨਾਮੁ, ਉਸ ਦੀ ਵਿਸ਼ਾਲਤਾ ਤੇ ਉਸ ਬਾਰੇ ਗਿਆਨ ਦਾ ਪ੍ਰਕਾਸ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕੀਤਾ। ਇਹੀ ਗਿਆਨ ਦਾ ਸੋਮਾ ਸਾਡੇ ਕੋਲ ਗੁਰੂ ਗਰੰਥ ਸਾਹਿਬ ਦੇ ਰੂਪ ਵਿੱਚ ਹੈ, ਜਿਸ ਸਦਕਾ ਅਸੀਂ ਅਕਾਲ ਪੁਰਖ ਦੀ ਵਿਸ਼ਾਲਤਾ ਬਾਰੇ ਗਿਆਨ ਪ੍ਰਾਪਤ ਕਰ ਸਕਦੇ ਹਾਂ ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਸਕਦੇ ਹਾਂ।

ਜਿਸਹਿ ਧਾਰਿ੍ਯ੍ਯਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ॥ ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ॥ ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ॥ ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ॥ ੧॥ ੫॥ (੧੩੯੯)

ਅਕਾਲ ਪੁਰਖੁ ਕਦੋਂ ਪੈਦਾ ਹੋਇਆ ਇਹ ਕੋਈ ਨਹੀਂ ਜਾਣਦਾ ਹੈ। ਉਸ ਨੂੰ ਪੈਦਾ ਕਰਨ ਵਾਲਾ, ਉਹ ਆਪ ਹੀ ਹੈ। ਜਦੋਂ ਇਹ ਜਗਤ ਬਣਿਆ ਸੀ, ਉਸ ਵੇਲੇ ਕੀ ਸਮਾਂ ਸੀ? ਕਿਹੜਾ ਵਖਤ ਸੀ? ਕਿਹੜੀ ਥਿੱਤ ਸੀ? ਕਿਹੜਾ ਵਾਰ ਸੀ? ਉਸ ਸਮੇਂ ਕਿਹੜੀ ਰੁੱਤ ਸੀ? ਅਤੇ ਕਿਹੜਾ ਮਹੀਨਾ ਸੀ? ਇਹ ਗੱਲ ਕੋਈ ਨਹੀਂ ਜਾਣਦਾ ਤੇ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਇਹ ਸੰਸਾਰ ਕਦੋਂ ਬਣਿਆ ਸੀ। ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਲੱਗਾ, ਜੇ ਪਤਾ ਹੁੰਦਾਂ ਤਾਂ ਇਸ ਮਜ਼ਮੂਨ ਉੱਤੇ ਵੀ ਇੱਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਹੀਂ ਲੱਗ ਸਕੀ, ਨਹੀਂ ਤਾਂ ਉਹ ਵੀ ਲੇਖ ਲਿਖ ਦਿੰਦੇ ਜਿਵੇਂ ਉਨ੍ਹਾਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖਿਆ ਸੀ। ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ ਕਿ ਕਿਹੜੀ ਥਿੱਤ ਸੀ? ਕਿਹੜਾ ਵਾਰ ਸੀ? ਉਸ ਸਮੇਂ ਕਿਹੜੀ ਰੁੱਤ ਸੀ? ਅਤੇ ਕਿਹੜਾ ਮਹੀਨਾ ਸੀ? ਜਿਸ ਸਮੇਂ ਸਿਰਜਣਹਾਰ ਨੇ ਇਹ ਜਗਤ ਪੈਦਾ ਕੀਤਾ ਸੀ, ਉਹ ਅਕਾਲ ਪੁਰਖੁ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਚਿਆ ਤੇ ਕਦੋਂ ਇਹ ਸੰਸਾਰ ਬਣਿਆ?

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ ੨੧॥ (੪, ੫)

ਜਦੋਂ ਸਿਰਫ ਅਕਾਲ ਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਆਪ ਹੀ ਟਿਕਿਆ ਬੈਠਾ ਸੀ, ਉਸ ਸਮੇਂ ਜੰਮਣਾ, ਮਰਨਾ ਤੇ ਮੌਤ ਕਿਥੇ ਸਨ? ਜਦੋਂ ਉਹ ਪੂਰਨ ਕਰਤਾਰ ਸਿਰਫ ਆਪ ਹੀ ਸੀ, ਉਸ ਸਮੇਂ ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ? ਕਿਸੇ ਦਾ ਲੇਖਾ ਪੁੱਛਣ ਵਾਲਾ ਕੋਈ ਚਿਤ੍ਰ ਗੁਪਤ ਨਹੀਂ ਸਨ। ਉਹ ਅਚਰਜ ਰੂਪ ਅਕਾਲ ਪੁਰਖ ਆਪਣੇ ਵਰਗਾ ਆਪ ਹੀ ਹੈ, ਤੇ ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ।

ਆਪਨ ਆਪ ਆਪ ਹੀ ਅਚਰਜਾ॥ ਨਾਨਕ ਆਪਨ ਰੂਪ ਆਪ ਹੀ ਉਪਰਜਾ॥ ੩॥ (੨੯੧)

ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ, ਉਹ ਜਾਣਦਾ ਹੈ ਕਿ ਅਕਾਲ ਪੁਰਖ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ, ਅਕਾਲ ਪੁਰਖ ਆਪ ਹੀ ਸਭ ਅੰਦਰ ਗੁਪਤ ਰੂਪ ਵਿੱਚ ਵਿਆਪਕ ਹੈ, ਅਤੇ ਉਹ ਜਗਤ ਦਾ ਸਹਾਰਾ ਹੈ, ਤੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਆਤਮਕ ਜੀਵਨ ਦੇਣ ਵਾਲੇ ਫਲ, ਉਨ੍ਹਾਂ ਨੂੰ ਹੀ ਲੱਗਦੇ ਹਨ, ਜਿਹੜੇ ਆਤਮਕ ਜੀਵਨ ਦੇਣ ਵਾਲੇ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਦੇ ਹਨ, ਤੇ ਉਸ ਦੇ ਹੁਕਮੁ ਨੂੰ ਸਮਝ ਕੇ ਉਸ ਅਨੁਸਾਰ ਚਲਦੇ ਹਨ।

ਮਾਰੂ ਮਹਲਾ ੩॥ ਆਪੇ ਆਪੁ ਉਪਾਇ ਉਪੰਨਾ॥ ਸਭ ਮਹਿ ਵਰਤੈ ਏਕੁ ਪਰਛੰਨਾ॥ ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ॥ ੧॥ (੧੦੫੧)

ਅਕਾਲ ਪੁਰਖ ਦੀ ਰਚਨਾ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਅਕਾਲ ਪੁਰਖ ਦੀ ਜਗਤ ਰੂਪੀ ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ, ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ ਵੀ ਥੱਕ ਗਏ ਹਨ। ਅਕਾਲ ਪੁਰਖ ਨੇ ਸਾਰੀ ਰਚਨਾ ਆਪਣੇ ਹੁਕਮੁ ਰੂਪੀ ਧਾਗੇ ਵਿੱਚ ਪਰੋ ਰੱਖੀ ਹੈ। ਜਿਸ ਤਰ੍ਹਾ ਪੁੱਤਰ ਇਹ ਨਹੀਂ ਜਾਣ ਸਕਦਾ ਹੈ ਕਿ ਪਿਉ ਕਿਸ ਤਰ੍ਹਾਂ ਪੈਦਾ ਹੋਇਆ ਸੀ। ਇਸੇ ਤਰ੍ਹਾਂ ਅਕਾਲ ਪੁਰਖੁ ਦੇ ਰਚੇ ਹੋਏ ਜੀਵ, ਇਹ ਨਹੀਂ ਜਾਣ ਸਕਦੇ ਹਨ ਕਿ ਅਕਾਲ ਪੁਰਖੁ ਕਿਸ ਤਰ੍ਹਾਂ ਪੈਦਾ ਹੋਇਆ ਸੀ।

ਜਾ ਕੀ ਲੀਲਾ ਕੀ ਮਿਤਿ ਨਾਹਿ॥ ਸਗਲ ਦੇਵ ਹਾਰੇ ਅਵਗਾਹਿ॥ ਪਿਤਾ ਕਾ ਜਨਮੁ ਕਿ ਜਾਨੈ ਪੂਤੁਸਗਲ ਪਰੋਈ ਅਪੁਨੈ ਸੂਤਿ॥ (੨੮੪)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਅਕਾਲ ਪੁਰਖੁ ਦੀ ਬਣਾਈ ਗਈ ਕੁਦਰਤ ਦੀ ਰਚਨਾ ਬਹੁਤ ਹੈਰਾਨ ਕਰਨ ਵਾਲੀ ਹੈ। ਉਹ ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ।

· ਜਿਵੇਂ ਸਭ ਬੂਟਿਆਂ ਵਿੱਚ ਬਾਹਰ ਤਾਂ ਅੱਗ ਦਿਖਾਈ ਨਹੀਂ ਦਿੰਦੀ, ਪਰ ਸਭ ਬੂਟਿਆਂ ਦੇ ਅੰਦਰ ਅੱਗ ਗੁਪਤ ਰੂਪ ਵਿੱਚ ਮੌਜੂਦ ਹੈ, ਜਿਵੇਂ ਦੁੱਧ ਨੂੰ ਬਾਹਰੋਂ ਵੇਖਿਆ ਜਾਵੇ ਤਾਂ ਕੋਈ ਘਿਉ ਜਾਂ ਮੱਖਣ ਨਹੀਂ ਦਿਖਾਈ ਨਹੀਂ ਦਿੰਦਾ ਹੈ, ਪਰ ਹਰੇਕ ਕਿਸਮ ਦੇ ਦੁੱਧ ਵਿੱਚ ਘਿਉ ਮੱਖਣ ਗੁਪਤ ਰੂਪ ਵਿੱਚ ਮੌਜੂਦ ਹੈ, ਇਸੇ ਤਰ੍ਹਾਂ ਅਕਾਲ ਪੁਰਖੁ ਹਰੇਕ ਸਰੀਰ ਵਿੱਚ ਮੌਜੂਦ ਹੈ ਤੇ ਸਾਰੇ ਜੀਵਾਂ ਵਿੱਚ ਵਿਆਪਕ ਹੈ, ਤੇ ਸਭ ਥਾਂਈ ਰਮਿਆ ਹੋਇਆ ਹੈ। ਸਬਦ ਗੁਰੂ ਦੀ ਸਹਾਇਤਾ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਨਾਲ ਭਰਮ ਤੇ ਭੁਲੇਖੇ ਦੂਰ ਕੀਤੇ ਜਾ ਸਕਦੇ ਹਨ।

· ਅਕਾਲ ਪੁਰਖੁ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ, ਪਰ ਫਿਰ ਵੀ, ਉਹ ਮਾਇਆ ਤੋਂ ਨਿਰਲੇਪ ਹੈ। ਅਕਾਲ ਪੁਰਖੁ ਦੀ ਮਿਹਰ ਸਦਕਾ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲ ਸਕਦੀ। ਇਸ ਲਈ ਸਭ ਤੋਂ ਸ੍ਰੇਸ਼ਟ ਕਰਤੱਵ ਇਹ ਹੈ ਕਿ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮ ਹਿਰਦੇ ਵਿੱਚ ਵਸਾਣਾ ਚਾਹੀਦਾ ਹੈ। ਇਸ ਨੂੰ ਛੱਡ ਕੇ ਹੋਰ ਕਿਸੇ ਤਰ੍ਹਾਂ ਦਾ ਕਰਮ ਕਾਂਡ ਕਰਨਾ, ਸਭ ਪਖੰਡ ਹਨ ਤੇ ਇਨ੍ਹਾਂ ਕਰਮ ਕਾਂਡਾਂ ਰਾਹੀਂ ਕੀਤੀ ਪੂਜਾ ਅੰਤ ਵਿੱਚ ਖ਼ੁਆਰ ਕਰਦੀ ਹੈ।

· ਤ੍ਰਿਸਨਾ ਅਧੀਨ ਰਹਿ ਕੇ ਇਨ੍ਹਾਂ ਅੱਖਾਂ ਨਾਲ ਅਕਾਲ ਪੁਰਖੁ ਨਹੀਂ ਦਿੱਸ ਸਕਦਾ। ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਅਕਾਲ ਪੁਰਖੁ ਨੂੰ ਚਿਤ ਵਿੱਚ ਵਸਾ ਲਿਆ, ਉਹ ਸਾਰੇ ਸੁਖ ਮਾਣ ਲੈਂਦਾ ਹੈ, ਉਹ ਆਪਣੇ ਪਰਵਾਰ ਸਮੇਤ ਆਪ ਵੀ ਆਪਣਾ ਜੀਵਨ ਸਫਲ ਕਰ ਲੈਂਦਾ ਹੈ, ਤੇ ਹੋਰ ਸਾਰੇ ਜਗਤ ਨੂੰ ਵੀ ਤਾਰ ਲੈਂਦਾ ਹੈ।

· ਸਿਰਫ ਇੱਕ ਅਕਾਲ ਪੁਰਖੁ ਹੀ ਸੱਭ ਥਾਂ ਤੇ ਹੈ ਅਤੇ ਸਾਰਿਆਂ ਵਿੱਚ ਉਸ ਦੀ ਜੋਤਿ ਵਿਚਰ ਰਹੀ ਹੈ। ਉਹ ਮਾਲਕ ਤਾਣੇ ਪੇਟੇ ਵਾਂਗ ਸਭ ਨੂੰ ਆਸਰਾ ਦੇ ਰਿਹਾ ਹੈ। ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਇਹ ਸੰਸਾਰ ਕਦੋਂ ਬਣਿਆ? ਜਿਸ ਸਿਰਜਣਹਾਰ ਨੇ ਇਹ ਜਗਤ ਪੈਦਾ ਕੀਤਾ ਹੈ, ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਚਿਆ ਤੇ ਕਦੋਂ ਇਹ ਸੰਸਾਰ ਬਣਿਆ?

· ਅਕਾਲ ਪੁਰਖ ਨੇ ਸਾਰੀ ਰਚਨਾ ਆਪਣੇ ਹੁਕਮੁ ਰੂਪੀ ਧਾਗੇ ਵਿੱਚ ਪਰੋ ਰੱਖੀ ਹੈ। ਜਿਸ ਤਰ੍ਹਾ ਪੁੱਤਰ ਇਹ ਨਹੀਂ ਜਾਣ ਸਕਦਾ ਹੈ ਕਿ ਪਿਉ ਕਿਸ ਤਰ੍ਹਾਂ ਪੈਦਾ ਹੋਇਆ ਸੀ। ਇਸੇ ਤਰ੍ਹਾਂ ਅਕਾਲ ਪੁਰਖੁ ਦੇ ਰਚੇ ਹੋਏ ਜੀਵ ਇਹ ਨਹੀਂ ਜਾਣ ਸਕਦੇ ਹਨ ਕਿ ਅਕਾਲ ਪੁਰਖੁ ਕਿਸ ਤਰ੍ਹਾਂ ਪੈਦਾ ਹੋਇਆ ਸੀ।

· ਇਹ ਸੱਭ ਸਿਖਿਆਵਾਂ ਸਾਬਤ ਕਰਦੀਆਂ ਹਨ, ਕਿ ਅਕਾਲ ਪੁਰਖੁ ਨੂੰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਪਰੰਤੂ ਉਸ ਦੀ ਰਚਨਾ ਵਿਚੋਂ ਅਨੁਭਵ ਕੀਤਾ ਜਾ ਸਕਦਾ ਹੈ। ਅਕਾਲ ਪੁਰਖੁ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ, ਪਰ ਉਹ ਮਾਇਆ ਤੋਂ ਨਿਰਲੇਪ ਹੈ। ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਅਕਾਲ ਪੁਰਖੁ ਨੂੰ ਚਿਤ ਵਿੱਚ ਵਸਾ ਲਿਆ, ਉਹ ਆਪਣੇ ਪਰਵਾਰ ਸਮੇਤ ਆਪ ਵੀ ਆਪਣਾ ਜੀਵਨ ਸਫਲ ਕਰ ਲੈਂਦਾ ਹੈ ਤੇ ਹੋਰ ਸਾਰੇ ਜਗਤ ਨੂੰ ਵੀ ਤਾਰ ਲੈਂਦਾ ਹੈ।

(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.




.