.

ਧਰਮ ਦੀ ਸਮੱਸਿਆ-12
ਅਰਦਾਸ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
Tel.: 403-681-8689 www.sikhvirsa.com

ਨੋਟ: ਅੱਜ ਦੇ ਪ੍ਰਚਲਤ ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤੇ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਕਰਮਕਾਂਡੀ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਵਾਲਾ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ ਤੇ ਧਰਮ ਨੂੰ ਖਤਰੇ ਦੇ ਨਾਮ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਧਰਮ ਨੂੰ ਖਤਰਾ ਨਾਸਤਿਕਾਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਦੇ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਤੇ ਇਸ ਤਿਕੜੀ ਤੋਂ ਹੈ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਪਿਛਲੇ ਸਮੇਂ ਤੋਂ ਅਸੀਂ ਇਸ ਲੇਖ ਲੜੀ ਰਾਹੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਾਠਕਾਂ ਨੂੰ ਨਕਲੀ ਧਰਮਾਂ ਦੀ ਦਲ-ਦਲ ਵਿਚੋਂ ਕੱਢ ਕੇ ਅਸਲੀ ਧਰਮ ਨਾਲ ਜੋੜ ਸਕੀਏ। ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਵਲੋਂ ਖੜੇ ਕੀਤੇ ਨਕਲੀ ਧਾਰਮਿਕ ਫਿਰਕਿਆਂ ਦੇ ਪੂਜਾ ਪਾਠ ਜਾਂ ਅੰਦਰੂਨੀ ਸਿਸਟਮ ਦੀ ਜਦੋਂ ਖੋਜ ਕਰਨ ਦਾ ਯਤਨ ਕਰ ਰਹੇ ਹਾਂ ਤਾਂ ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਇਨ੍ਹਾਂ ਵਿੱਚ ਅਸਲੀ ਧਰਮ ਦਾ ਅੰਸ਼ ਤਾਂ ਕਿਤੇ ਹੀ ਮਿਲਦਾ ਹੈ, ਸਭ ਕੁੱਝ ਨਕਲੀ ਹੀ ਪ੍ਰਚਲਤ ਕੀਤਾ ਜਾ ਚੁੱਕਾ ਹੈ। ਧਰਮ ਦੇ ਨਾਮ ਤੇ ਲੋਕ ਇਤਨੇ ਬੇਹੋਸ਼ ਹੋ ਚੁੱਕੇ ਹਨ ਕਿ ਅੰਧ ਵਿਸ਼ਵਾਸ਼ੀ ਜਾਂ ਕਰਮਕਾਂਡੀ ਸ਼ਰਧਾਲੂ ਤਾਂ ਦੂਰ ਸਾਇੰਸ ਦੀ ਪੜ੍ਹਾਈ ਕਰਕੇ ਡਿਗਰੀਆਂ ਲੈਣ ਵਾਲੇ ਵਿਅਕਤੀ ਵੀ ਇਨ੍ਹਾਂ ਦੇ ਮਾਇਆਜਾਲ ਵਿੱਚ ਬੁਰੀ ਤਰ੍ਹਾਂ ਫਸੇ ਨਜ਼ਰ ਆਉਂਦੇ ਹਨ। ਧਾਰਮਿਕ ਫਿਰਕਿਆਂ ਦੀਆਂ ਕਰਮਕਾਂਡੀ ਤੇ ਅੰਧਵਿਸ਼ਵਾਸ਼ੀ ਰੀਤਾਂ ਰਸਮਾਂ, ਪੂਜਾ ਪਾਠ ਵਿੱਚ ਉਹ ਵੀ ਉਸੇ ਤਰ੍ਹਾਂ ਫਸੇ ਹੋਏ ਹਨ, ਜਿਵੇਂ ਕੋਈ ਕੋਰਾ ਅਨਪੜ੍ਹ ਵਿਅਕਤੀ। ਬਹੁਤ ਸਾਰੇ ਤਰਕਵਾਦੀ ਸੋਚ ਵਾਲੇ ਵਿਅਕਤੀ, ਜੋ ਕਿ ਨਕਲੀ ਧਰਮਾਂ ਦੀਆਂ ਇਨ੍ਹਾਂ ਨਕਲੀ ਰੀਤਾਂ-ਰਸਮਾਂ, ਕਰਮਕਾਂਡਾਂ ਆਦਿ ਦਾ ਅਕਸਰ ਵਿਰੋਧ ਕਰਦੇ ਹਨ, ਪਰ ਜਦੋਂ ਉਨ੍ਹਾਂ ਹੀ ਵਿਅਕਤੀਆਂ ਦੇ ਨਿੱਜੀ ਜੀਵਨ ਵਿੱਚ ਕੋਈ ਮੌਕਾ ਬਣਦਾ ਹੈ, ਜਦੋਂ ਉਹ ਮਨੁੱਖਤਾ ਨੂੰ ਸਹੀ ਮਾਰਗ ਦਰਸ਼ਨ ਦੇ ਸਕਦੇ ਹਨ, ਉਨ੍ਹਾਂ ਰੀਤਾਂ-ਰਸਮਾਂ ਜਾਂ ਕਰਮਕਾਂਡਾਂ ਨੂੰ ਛੱਡ ਕੇ ਨਵੀਂ ਲੀਹ ਪਾ ਸਕਦੇ ਹਨ, ਉਦੋਂ ਉਹ ਵੀ ਪਰਿਵਾਰ ਜਾਂ ਸਮਾਜ ਦੇ ਦਬਾਅ ਜਾਂ ਪ੍ਰਭਾਵ ਵਿੱਚ ਕੋਈ ਫੈਸਲਾ ਲੈਣ ਦੀ ਜ਼ੁਰਅਤ ਨਹੀਂ ਕਰਦੇ, ਜਿਸ ਨਾਲ ਸਮਾਜ ਵਿੱਚ ਕੋਈ ਤਬਦੀਲੀ ਨਹੀਂ ਹੋ ਰਹੀ। ਜਦੋਂ ਤੱਕ ਜਾਗਰੂਕ ਲੋਕ ਸਮਾਂ ਆਉਣ ਤੇ ਧਾਰਮਿਕ ਫਿਰਕਿਆਂ ਦੇ ਨਕਲੀਪਨ ਨੂੰ ਛੱਡ ਕੇ ਮਨੁੱਖਤਾ ਨੂੰ ਕੁੱਝ ਨਵਾਂ ਰਾਹ ਨਹੀਂ ਦਿੰਦੇ, ਕੁੱਝ ਵੀ ਬਦਲਣ ਦੀ ਸੰਭਾਵਨਾ ਨਹੀਂ।
ਹੁਣ ਅੱਜ ਦੇ ਵਿਸ਼ੇ ਵੱਲ ਮੁੜਦੇ ਹਾਂ। ਨਕਲੀ ਧਰਮਾਂ ਦੀ ਲੜੀ ਵਿੱਚ ਅੱਜ ਅਸੀਂ ‘ਅਰਦਾਸ ਜਾਂ ਪ੍ਰਾਰਥਨਾ
(Prayer)’ ਅਧਾਰਿਤ ਨਕਲੀ ਧਰਮ ਦੀ ਚਰਚਾ ਕਰਾਂਗੇ। ਹਰ ਧਾਰਮਿਕ ਫਿਰਕੇ ਵਿੱਚ ਅਰਦਾਸ ਜਾਂ ਪ੍ਰਾਰਥਨਾ ਦਾ ਅਹਿਮ ਰੋਲ ਹੈ। ਜੇ ਅਰਦਾਸ ਕਿਸੇ ਧਾਰਮਿਕ ਫਿਰਕੇ ਵਿਚੋਂ ਕੱਢ ਦਿੱਤੀ ਜਾਵੇ ਜਾਂ ਜੋ ਧਾਰਨਾ ਅਰਦਾਸ ਬਾਰੇ ਵੱਖ-ਵੱਖ ਫਿਰਕਿਆਂ ਦੇ ਸ਼ਰਧਾਲੂਆਂ ਵਿੱਚ ਪ੍ਰਚਲਤ ਹੈ, ਉਸ ਬਾਰੇ ਉਨ੍ਹਾਂ ਨੂੰ ਅਸਲੀਅਤ ਪਤਾ ਲੱਗ ਜਾਵੇ ਤਾਂ ਦਿਨਾਂ ਵਿੱਚ ਹੀ ਅੱਧੋਂ ਵੱਧ ਸ਼ਰਧਾਲੂ ਅਜਿਹੇ ਧਰਮ ਨੂੰ ਛੱਡਣ ਲਈ ਤਿਆਰ ਹੋਣਗੇ। ਡਿਕਸ਼ਨਰੀਆਂ ਮੁਤਾਬਿਕ ਅਰਦਾਸ ਦਾ ਭਾਵ ਹੈ: ਆਪਣੇ ਇਸ਼ਟ, ਗੁਰੂ, ਰਹਿਬਰ, ਪੀਰ, ਪੈਗੰਬਰ, ਦੇਵੀ-ਦੇਵਤੇ ਦੀ ਮੂਰਤੀ, ਧਾਰਮਿਕ ਗ੍ਰੰਥ, ਕਰਾਮਾਤੀ ਸਥਾਨ, ਕਰਾਮਾਤੀ ਵਸਤੂ ਆਦਿ ਅੱਗੇ ਸੱਚੇ ਦਿਲੋਂ, ਸਮਰਪਣ, ਪਿਆਰ, ਭਾਵਨਾ, ਸ਼ਰਧਾ, ਸਤਿਕਾਰ ਆਦਿ ਨਾਲ ਕਿਸੇ ਮੰਗ ਦੀ ਪੂਰਤੀ, ਮੰਗ ਪੂਰੀ ਹੋਣ ਤੇ ਧੰਨਵਾਦ, ਕਿਸੇ ਮੁਸੀਬਤ ਵਿਚੋਂ ਨਿਕਲਣ ਜਾਂ ਕਿਸੇ ਵਿਰੋਧੀ ਨੂੰ ਮੁਸੀਬਤ ਵਿੱਚ ਪਾਉਣ, ਉਤਸ਼ਾਹ ਲੈਣ, ਗੁਰੂ, ਰਹਿਬਰ, ਪੀਰ, ਪੈਗੰਬਰ ਦੀ ਉਸਤਤ ਕਰਨ, ਆਪਣੀਆਂ ਗਲਤੀਆਂ ਤੋਂ ਤੋਬਾ ਕਰਨ, ਕਿਸੇ ਮਿੱਤਰ ਪਿਆਰੇ ਦੀ ਸਿਹਤਯਾਬੀ ਜਾਂ ਸ਼ੁਭ ਇਛਾਵਾਂ ਆਦਿ ਲਈ ਕੀਤੀ ਜੋਦੜੀ, ਫਰਿਆਦ, ਬੇਨਤੀ ਆਦਿ ਨੂੰ ਅਰਦਾਸ ਜਾਂ ਪ੍ਰੇਅਰ ਕਿਹਾ ਜਾਂਦਾ ਹੈ। ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਵੀ ਅਰਦਾਸ ਕਦੇ ਖਾਲੀ ਹੱਥ ਨਹੀਂ ਕਰਨੀ ਚਾਹੀਦੀ ਤੇ ਦੂਜਾ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਪੂਰੀ ਜਰੂਰ ਹੁੰਦੀ ਹੈ ਤੇ ਜੇ ਪੂਰੀ ਨਾ ਹੋਵੇ ਤਾਂ ਤੁਹਾਡੀ ਸ਼ਰਧਾ ਜਾਂ ਵਿਸ਼ਵਾਸ਼ ਵਿੱਚ ਕਮੀ ਹੋ ਸਕਦੀ ਹੈ? ਜਿਸਦੇ ਅੱਗੇ ਅਰਦਾਸ ਕੀਤੀ ਜਾਦੀ ਹੈ, ਉਸਦੀ ਅਰਦਾਸਾਂ ਪੂਰੀਆਂ ਕਰਨ ਵਾਲੀ ਕਰਾਮਾਤੀ ਸ਼ਕਤੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਉਸਤੇ ਕਿੰਤੂ ਨਹੀਂ ਹੋ ਸਕਦਾ, ਉਸਨੂੰ ਚੈਲਿੰਜ ਨਹੀਂ ਕੀਤਾ ਜਾ ਸਕਦਾ। ਤੁਹਾਡੀ ਸ਼ਰਧਾ ਜਾਂ ਤੁਹਾਡੇ ਵਿਸ਼ਵਾਸ਼ ਵਿੱਚ ਤੇ ਕਮੀ ਹੋ ਸਕਦੀ ਹੈ। ਪੁਜਾਰੀ ਅਜਿਹਾ ਪਾਠ ਆਪਣੇ ਸ਼ਰਧਾਲੂਆਂ ਨੂੰ ਬਚਪਨ ਤੋਂ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਬਚਪਨ ਤੋਂ ਮਨੁੱਖ ਦੀ ਘਾੜਤ ਅਜਿਹੀ ਘੜੀ ਹੁੰਦੀ ਹੈ ਕਿ ਸੱਚ ਸਾਹਮਣੇ ਵਰਤਦਾ ਦੇਖ ਕੇ ਵੀ ਉਹ ਸੱਚ ਕਹਿਣ ਜਾਂ ਮੰਨਣ ਦੀ ਹਿੰਮਤ ਨਹੀਂ ਕਰ ਪਾਉਂਦਾ। ਉਹ ਹਮੇਸ਼ਾਂ ਆਪਣੇ ਆਪ ਨੂੰ ਹੀ ਦੋਸ਼ੀ ਸਮਝਦਾ ਹੈ। ਪੁਜਾਰੀਆਂ ਦਾ ਸਾਰਾ ਧੰਦਾ ਇਸ ਅਧਾਰ ਤੇ ਹੀ ਚਲਦਾ ਹੈ। ਪਿਛਲੇ ਦਿਨੀਂ ਇੰਟਰਨੈਟ ਤੇ ਪ੍ਰੇਅਰ ਬਾਰੇ ਖੋਜ ਕਰਦਿਆ ਪਤਾ ਚੱਲਿਆ ਕਿ ਕਈ ਮਾਡਰਨ ਪੁਜਾਰੀਆਂ ਨੇ ਅਜਿਹੀਆਂ ਵੈਬਸਾਈਟਾਂ ਬਣਾਈਆਂ ਹੋਈਆਂ ਹਨ ਕਿ ਤੁਸੀਂ ਉਨ੍ਹਾਂ ਨੂੰ ਆਪਣੀ ਫਰਿਆਦ (ਦੁੱਖ, ਤਕਲੀਫ) ਈ-ਮੇਲ ਰਾਹੀਂ ਭੇਜੋ ਤੇ ਨਾਲ ਕਰੈਡਿਟ ਕਾਰਡ ਰਾਹੀਂ ਪੇ ਕਰੋ ਤੇ ਫਿਰ ਉਹ ਤੁਹਾਡੇ ਲਈ ਅਰਦਾਸ ਕਰਨਗੇ। ਉਨ੍ਹਾਂ ਵੈਬਸਾਈਟਾਂ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਤੁਸੀਂ ਆਪਣੀ ਕਿਸੇ ਦੁੱਖ ਤਕਲੀਫ ਲਈ ਅਰਦਾਸ ਕਿਵੇਂ ਲਿਖਣੀ ਹੈ, ਅਰਦਾਸਾਂ ਦੇ ਸੈਂਪਲ ਵੀ ਦਿੱਤੇ ਹੋਏ ਹਨ। ਇਸਦੇ ਨਾਲ ਹੀ ਅਜਿਹੇ ਸੈਂਪਲ ਵੀ ਦਿੱਤੇ ਹੋਏ, ਜਿਨ੍ਹਾਂ ਵਿੱਚ ਅਨੇਕਾਂ ਸ਼ਰਧਾਲੂਆਂ ਦੀ ਗਵਾਹੀ ਦਿੱਤੀ ਹੋਈ ਹੈ, ਜਿਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੋ ਚੁੱਕੀਆਂ ਹਨ। ਇੱਕ ਪੁਜਾਰੀ ਨੇ ਅਜਿਹੀ ਵੈਬ ਸਾਈਟ ਵੀ ਬਣਾਈ ਹੋਈ ਹੈ ਕਿ ਤੁਸੀਂ ਪੂਜਾ ਪਾਠ ਅਰਦਾਸ ਲਈ ਆਨ ਲਾਈਨ ਪੇ ਕਰੋ ਤਾਂ ਫਿਰ ਉਹ ਤੁਹਾਡੇ ਲਈ ਆਪਣੇ ਧਰਮ ਸਥਾਨ ਤੇ ਬੈਠ ਕੇ ਪੂਜਾ ਕਰੇਗਾ ਤੇ ਤੁਸੀਂ ਆਪਣੇ ਘਰ ਵੈਬ ਕੈਮ ਰਾਹੀਂ ਚੱਲ ਰਿਹਾ ਪੂਜਾ ਪਾਠ ਆਪ ਵੀ ਦੇਖ ਸਕਦੇ ਹੋ ਤੇ ਸ਼ਾਮਿਲ ਵੀ ਹੋ ਸਕਦੇ ਹੋ। ਜਦੋਂ ਅਸੀਂ ਕਹਿੰਦੇ ਹਾਂ ਕਿ ਅੱਜ ਧਰਮ ਵਪਾਰ ਤੋਂ ਵੱਧ ਕੁੱਝ ਨਹੀਂ ਤਾਂ ਸ਼ਰਧਾਲੂ ਨਰਾਜ਼ਗੀ ਪ੍ਰਗਟ ਕਰਦੇ ਹਨ, ਪਰ ਇਹ ਸਭ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਧਰਮ ਦਾ ਵਪਾਰੀਕਰਨ ਨਹੀਂ ਹੋ ਚੁੱਕਾ। ਇੱਕ ਸਾਈਟ ਤੇ ਇਹ ਵੀ ਪੜ੍ਹਨ ਨੂੰ ਮਿਲਿਆ ਕਿ ਅਰਦਾਸ ਨਾਲ ਜੇਕਰ ਪੁਜਾਰੀ ਨੂੰ ਧਰਮ ਦੇ ਨਾਮ ਤੇ ਪੈਸਾ ਦਿੱਤਾ ਜਾਵੇ ਤਾਂ ਉਸਦੇ ਪੂਰੇ ਹੋਣ ਦੇ ਚਾਂਸ ਵਧ ਜਾਂਦੇ ਹਨ। ਕਈ ਅਜਿਹੇ ਫਿਰਕੇ ਵੀ ਹਨ ਜੋ ਕਹਿੰਦੇ ਹਨ ਕਿ ਸਾਨੂੰ ਪੁਜਾਰੀਆਂ ਨੂੰ ਵਿੱਚ ਪਾਉਣ ਦੀ ਲੋੜ ਨਹੀਂ ਸਗੋਂ ਆਪਣੇ ਗੁਰੂ, ਰਹਿਬਰ, ਪੀਰ-ਪੈਗੰਬਰ, ਦੇਵੀ-ਦੇਵਤੇ ਅੱਗੇ ਆਪ ਸਿੱਧੀ ਅਰਦਾਸ ਕਰਨ ਚਾਹੀਦੀ ਹੈ ਤੇ ਸੱਚੇ ਦਿਲੋਂ ਕੀਤੀ ਅਰਦਾਸ ਕਰਦੇ ਬਿਰਥੀ ਨਹੀਂ ਜਾਂਦੀ। ਕਈ ਫਿਰਕੇ ਇਹ ਵੀ ਮੰਨਦੇ ਹਨ ਕਿ ਸਾਨੂੰ ਵਿਅਕਤੀਆਂ, ਦੇਵੀ ਦੇਵਤਿਆਂ ਜਾਂ ਪੀਰਾਂ ਪੈਗੰਬਰਾਂ, ਗੁਰੂਆਂ, ਮੂਰਤੀਆਂ ਆਦਿ ਅੱਗੇ ਅਰਦਾਸ ਕਰਨ ਦੀ ਥਾਂ ਸਿੱਧੀ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਉਹ ਕਿਉਂਕਿ ਸਭ ਦੇ ਦਿਲਾਂ ਦੀਆਂ ਆਪੇ ਜਾਣਦਾ ਹੈ, ਇਸ ਲਈ ਮਨ ਵਿੱਚ ਸੱਚੇ ਦਿਲੋਂ ਸ਼ਰਧਾ ਭਾਵਨਾ ਨਾਲ ਕੀਤੀ ਅਰਦਾਸ ਸਫਲ ਹੋ ਜਾਂਦੀ ਹੈ।
ਹੁਣ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਸਭ ਤਰ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਜਾਂ ਹੋ ਸਕਦੀਆਂ ਹਨ? ਜਾਂ ਫਿਰ ਇਹ ਸ਼ਰਧਾਲੂਆਂ ਦੇ ਮਨਾਂ ਵਿੱਚ ਪੁਜਾਰੀਆਂ ਦਾ ਪਾਇਆ ਮਾਇਆਜਾਲ ਹੀ ਹੈ? ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕ ਇਨ੍ਹਾਂ ਅਰਦਾਸਾਂ ਰੂਪੀ ਨਕਲੀ ਧਰਮਾਂ ਵਿੱਚ ਫਸਦੇ ਕਿਉਂ ਹਨ? ਆਉ ਇਸ ਤੇ ਵਿਚਾਰ ਕਰਦੇ ਹਾਂ। ਧਾਰਮਿਕ ਫਿਰਕਾ ਕੋਈ ਵੀ ਹੋਵੇ, ਉਹ ਇਹ ਮੰਨਦਾ ਹੈ ਕਿ ਸਾਰੇ ਧਰਮਾਂ ਦੇ ਗੁਰੂਆਂ, ਰਹਿਬਰਾਂ, ਪੀਰਾਂ-ਪੈਗੰਬਰਾਂ, ਦੇਵੀ-ਦੇਵਤਿਆਂ, ਸਾਧਾਂ-ਸੰਤਾਂ ਆਦਿ ਦੇ ਉਪਰ ਇੱਕ ਅਜਿਹੀ ਸ਼ਕਤੀ ਹੈ, ਜੋ ਇਸ ਸੰਸਾਰ ਨੂੰ ਚਲਾਉਂਦੀ ਹੈ ਤੇ ਉਸ ਸ਼ਕਤੀ ਦਾ ਨਾਮ ਰੱਬ
(God) ਹੈ ਜਾਂ ਵੱਖ-ਵੱਖ ਫਿਰਕਿਆਂ ਨੇ ਰੱਬ ਦੇ ਵੱਖ-ਵੱਖ ਨਾਮ ਰੱਖੇ ਹੋਏ ਹਨ। ਉਨ੍ਹਾਂ ਅਨੁਸਾਰ ਰੱਬ ਸਮੇਂ ਸਮੇਂ ਗੁਰੂਆਂ ਜਾਂ ਪੈਗੰਬਰਾਂ ਆਦਿ ਨੂੰ ਇਸ ਧਰਤੀ ਤੇ ਖਾਸ ਮਿਸ਼ਨ ਅਧੀਨ ਤੇ ਖਾਸ ਸ਼ਕਤੀਆਂ ਦੇ ਕੇ ਭੇਜਦਾ ਹੈ। ਇਹੀ ਕਾਰਨ ਹੈ ਕਿ ਵੱਖ-ਵੱਖ ਧਰਮਾਂ ਦੇ ਧਰਮ ਗ੍ਰੰਥ ਗੁਰੂਆਂ, ਪੈਗੰਬਰਾਂ ਆਦਿ ਵਲੋਂ ਕੀਤੀਆਂ ਕਰਾਮਾਤਾਂ (ਅਖੌਤੀ) ਨਾਲ ਭਰੇ ਪਏ ਹਨ। ਜਿਥੇ ਇਨ੍ਹਾਂ ਪੈਗੰਬਰੀ ਪੁਰਸ਼ਾਂ ਦਾ ਸਿੱਧਾ ਸਬੰਧ ਰੱਬ ਨਾਲ ਹੁੰਦਾ ਹੈ, ਉੇਥੇ ਇਨ੍ਹਾਂ ਮਹਾਨ ਪੁਰਸ਼ਾਂ ਦੇ ਇਸ ਸੰਸਾਰ ਵਿਚੋਂ ਰੁਖਸਤ ਕਰਨ ਤੋਂ ਬਾਅਦ ਪੁਜਾਰੀ ਲੋਕ ਪੈਗੰਬਰ ਤੇ ਰੱਬ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਕਰਾਮਤਾਂ ਨਾਲ ਲੈਸ ਇਹ ਪੈਗੰਬਰੀ ਪੁਰਸ਼ ਜਿਥੇ ਆਪਣੇ ਸ਼ਰਧਾਲੂਆਂ ਨੂੰ ਮਨ ਇੱਛਤ ਵਰ ਦੇਣ ਦੇ ਸਮਰੱਥ ਹੁੰਦੇ ਹਨ, ਉਥੇ ਵਿਰੋਧੀਆਂ ਨੂੰ ਪਲਾਂ ਵਿੱਚ ਤਬਾਹ ਕਰਨ ਜਾਂ ਸਰਾਪ ਆਦਿ ਦੇਣ ਦੀ ਸ਼ਕਤੀ ਦੇ ਮਾਲਿਕ ਵੀ ਹੁੰਦੇ ਹਨ। ਉਹ ਜੋ ਚਾਹੁਣ ਕਰ ਸਕਦੇ ਹਨ। ਉਨ੍ਹਾਂ ਵਲੋਂ ਜਾਂ ਉਨ੍ਹਾਂ ਅੱਗੇ ਜਾਂ ਉਨ੍ਹਾਂ ਰਾਹੀਂ ਪੂਰਨ ਵਿਧੀ ਨਾਲ ਪੂਜਾ ਪਾਠ ਕਰਕੇ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਰੱਬ ਵਲੋਂ ਸੁਣੀਆਂ ਜਾਂਦੀਆਂ ਹਨ ਤੇ ਰੱਬ ਦੇ ਭਗਤ ਮਨ ਇੱਛਤ ਫਲ ਪਾਉਂਦੇ ਹਨ। ਜਿਹੜੇ ਵਿਅਕਤੀ ਰੱਬ ਦੇ ਭਗਤਾਂ ਜਾਂ ਸ਼ਰਧਾਲੂਆਂ ਨੂੰ ਦੁੱਖ ਦਿੰਦੇ ਹਨ, ਉਨ੍ਹਾਂ ਨੂੰ ਰੱਬ ਆਪ ਸਜ਼ਾਵਾਂ ਦਿੰਦਾ ਹੈ। ਇਥੋਂ ਤੱਕ ਕਿ ਰੱਬ ਆਪਣੇ ਸ਼ਰਧਾਲੂਆਂ ਦੇ ਕਹਿਣ ਤੇ ਸਰਾਪ ਦੇ ਕੇ ਵਿਰੋਧੀ ਦਾ ਸਰਬਨਾਸ਼ ਵੀ ਕਰ ਸਕਦਾ ਹੈ। ਅਜਿਹਾ ਸਭ ਕੁੱਝ ਆਮ ਤੌਰ ਤੇ ਵੱਖ-ਵੱਖ ਧਾਰਮਿਕ ਫਿਰਕਿਆਂ ਦੇ ਪੁਜਾਰੀਆਂ ਦੇ ਪ੍ਰਚਾਰ ਜਾਂ ਉਨ੍ਹਾਂ ਦੇ ਧਰਮ ਗ੍ਰੰਥਾਂ ਵਿਚੋਂ ਪੜ੍ਹਨ ਸੁਣਨ ਨੂੰ ਮਿਲਦਾ ਹੈ। ਇੱਕ ਆਮ ਇਨਸਾਨ ਜੋ ਕਿ ਆਪਣੀ ਮਿਹਨਤ ਮੁਸ਼ੱਕਤ ਨਾਲ ਰੋਜ਼ੀ ਰੋਟੀ ਕਮਾ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਪਾਲਨਾ ਕਰ ਰਿਹਾ ਹੈ, ਉਸ ਕੋਲ ਇਤਨਾ ਸਮਾਂ ਕਿਥੇ ਕਿ ਉਹ ਅਜਿਹੀਆਂ ਡੂੰਘੀਆਂ ਗੱਲ ਬਾਰੇ ਜਾਣੇ ਜਾਂ ਖੋਜ ਕਰੇ, ਉਹ ਤਾਂ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਝੰਬਿਆ, ਦੁੱਖਾਂ ਤਕਲੀਫਾਂ ਦਾ ਭੰਨਿਆ ਪਹਿਲਾਂ ਹੀ ਕੋਈ ਆਸਰਾ ਭਾਲਦਾ ਫਿਰ ਰਿਹਾ ਹੁੰਦਾ ਹੈ, ਜਦੋਂ ਉਸਨੂੰ ਪੁਜਾਰੀਆਂ ਵਲੋਂ ਉਕਤ ਪੱਟੀ ਪੜ੍ਹਾਈ ਜਾਂਦੀ ਹੈ ਤਾਂ ਉਸਨੂੰ ਸਕੂਨ ਮਿਲਦਾ ਹੈ, ਮਨ ਨੂੰ ਦਰਵਾਸ ਮਿਲਦੀ ਹੈ ਕਿ ਉਸਦੇ ਦੁੱਖਾਂ ਤਕਲੀਫਾਂ ਮੁਸੀਬਤਾਂ ਨੂੰ ਹਰਨ ਵਾਲਾ ਵੀ ਕੋਈ ਹੈ, ਜਿਸ ਅੱਗੇ ਫਰਿਆਦੀ ਹੋਇਆਂ ਸਭ ਦੁੱਖ ਕਲੇਸ਼ ਕੱਟੇ ਜਾਣਗੇ? ਉਸ ਕੋਲ ਆਪਣੀਆਂ ਨਿੱਜੀ, ਉਸਦੇ ਸਮਾਜ ਜਾਂ ਮਨੁੱਖਤਾਂ ਦੀਆਂ ਸਾਂਝੀਆਂ ਸਮੱਸਿਆਵਾਂ ਬਾਰੇ ਸੋਚਣ, ਵਿਚਾਰਨ ਜਾਂ ਹੱਲ ਕਰਨ ਲਈ ਨਾ ਤੇ ਸਮਾਂ ਹੀ ਹੁੰਦਾ ਹੈ ਤੇ ਨਾ ਹੀ ਸਮਰੱਥਾ ਹੁੰਦੀ ਹੈ। ਉਸਨੂੰ ਪੁਜਾਰੀਆਂ ਜਾਂ ਧਰਮ ਅਧਾਰਿਤ ਸਮਾਜ ਵਲੋਂ ਬਚਪਨ ਤੋਂ ਤਿਆਰ ਹੀ ਇਸ ਢੰਗ ਨਾਲ ਕੀਤਾ ਹੁੰਦਾ ਹੈ ਕਿ ਉਸਦੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਤਸੱਲੀਬਖਸ਼ ਤੇ ਸ਼ਰਤੀਆ ਇਲਾਜ ਸ਼ਰਧਾ ਨਾਲ ਧਰਮ ਜਾਂ ਰੱਬ ਨੂੰ ਸਮਰਪਿਤ ਹੋਣਾ ਹੈ ਤੇ ਜੋ ਮਾਰਗ ਉਹ ਦਿਖਾਉਣ, ਉਸਨੂੰ ਅੱਖਾਂ ਮੀਟੇ ਮੰਨੀ ਤੁਰੇ ਜਾਣਾ ਹੈ। ਉਸਨੂੰ ਸੋਚਣ ਜਾਂ ਵਿਚਾਰਨ ਦੀ ਲੋੜ ਕੋਈ ਨਹੀਂ ਕਿਉਂਕਿ ਜੋ ਕੁੱਝ ਵੀ ਸੋਚਣ ਤੇ ਵਿਚਾਰਨ ਵਾਲਾ ਸੀ, ਉਹ ਬਹੁਤ ਸਮਾਂ ਪਹਿਲਾਂ ਸਾਡੇ ਧਰਮ ਗੁਰੂਆਂ ਨੇ ਵਿਚਾਰ ਕੇ ਧਰਮ ਗ੍ਰੰਥਾਂ ਵਿੱਚ ਲਿਖ ਦਿੱਤਾ ਹੈ। ਸ਼ਰਧਾਲੂ ਦਾ ਕੰਮ ਉਸਨੂੰ ਅੱਖਾਂ ਮੀਟ ਕੇ ਸ਼ਰਧਾ ਨਾਲ ਮੰਨਣਾ ਹੈ, ਉਸਤੇ ਕਿੰਤੂ ਪ੍ਰੰਤੂ ਕਰਨ ਵਾਲਾ ਕੁੱਝ ਪ੍ਰਾਪਤ ਨਹੀਂ ਕਰ ਸਕਦਾ। ਤੁਸੀ ਕੁੱਝ ਨਵਾਂ ਨਹੀਂ ਸੋਚ ਸਕਦੇ, ਤੁਹਾਨੂੰ ਆਪਣੀਆਂ ਅੱਜ ਦੀਆਂ ਸਾਰੀਆਂ ਸਮੱਸਿਆਵਾਂ ਜਾਂ ਮੌਜੂਦਾ ਦੌਰ ਦੇ ਚੈਲੰਜਾਂ ਦੇ ਹੱਲ ਸਾਡੇ ਧਰਮ ਗ੍ਰੰਥਾਂ ਜਾਂ ਪੁਜਾਰੀਆਂ ਵਲੋਂ ਬਣਾਈਆਂ ਮਰਿਯਾਦਾਵਾਂ ਦੇ ਦਾਇਰੇ ਵਿੱਚ ਰਹਿ ਕਿ ਹੀ ਲੱਭਣੇ ਪੈਣਗੇ। ਤੁਹਾਨੂੰ ਆਪਣੇ ਧਾਰਮਿਕ ਫਿਰਕੇ ਦੇ ਦਾਇਰੇ ਤੋਂ ਬਾਹਰ ਹੋ ਕੇ ਸੋਚਣ ਦੀ ਇਜ਼ਾਜਤ ਨਹੀਂ। ਤੁਸੀਂ ਵੱਧ ਤੋਂ ਵੱਧ ਧਰਮ ਗ੍ਰੰਥਾਂ ਦੇ ਅਰਥ ਹੀ ਕਰ ਸਕਦੇ ਹੋ ਜਾਂ ਹੋਰ ਭਾਸ਼ਾਵਾਂ ਵਿੱਚ ਟਰਾਂਸਲੇਸ਼ਨ ਕਰ ਸਕਦੇ ਹੋ ਤਾਂ ਕਿ ਫਿਰਕੇ ਦਾ ਦਾਇਰਾ ਵਿਸ਼ਾਲ ਹੋ ਸਕੇ। ਇਹੀ ਵਜ੍ਹਾ ਹੈ ਕਿ ਸ਼ਰਧਾਲੂ ਬਹੁਤੀ ਵਾਰ ਆਪਣੀਆਂ ਜਾਂ ਸਮਾਜ ਦੀਆਂ ਸਾਂਝੀਆਂ ਸਮੱਸਿਆਵਾਂ ਬਾਰੇ ਸੋਚਣ ਵਿਚਾਰਨ ਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨ ਦੀ ਥਾਂ ਸਭ ਕੁੱਝ ਰੱਬ ਤੇ ਸੁੱਟ ਦਿੰਦੇ ਹਨ। ਉਹ ਸੋਚਦੇ ਹਨ ਕਿ ਰੱਬ ਆਪੇ ਸਭ ਠੀਕ ਕਰੇਗਾ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਉਨ੍ਹਾਂ ਦੇ ਨੇਮ ਨਾਲ ਪੂਜਾ ਪਾਠ ਕਰਨ ਜਾਂ ਅਰਦਾਸਾਂ ਕਰਨ ਨਾਲ ਸਾਰੇ ਮਸਲੇ ਹੋ ਜਾਣਗੇ, ਸਭ ਦੁੱਖ ਮੁਸੀਬਤਾਂ ਕੱਟੀਆਂ ਜਾਣਗੀਆਂ, ਸਭ ਪਾਸੇ ਖੁਸ਼ਹਾਲੀ ਆ ਜਾਵੇਗੀ? ਅਸਲ ਵਿੱਚ ਫਿਰਕਿਆਂ ਦੀ ਸੋਚ ਵਿੱਚ ਬੱਝਾ ਮਨੁੱਖ, ਸਾਰੀ ਮਨੁੱਖਤਾ ਦੇ ਸਾਂਝੇ ਦੁੱਖਾਂ, ਦਰਦਾਂ, ਤਕਲੀਫਾਂ, ਮੁਸੀਬਤਾਂ ਆਦਿ ਨੂੰ ਕਦੇ ਸਮਝ ਹੀ ਨਹੀਂ ਸਕਦਾ ਕਿਉਂਕਿ ਉਸਨੂੰ ਅਜਿਹਾ ਕਰਨਾ ਕਦੇ ਸਿਖਾਇਆ ਹੀ ਨਹੀਂ ਜਾਂਦਾ, ਉਸਦੀ ਸੋਚ ਨੂੰ ਆਪਣੇ ਨਿੱਜ ਤੋਂ ਉੱਪਰ ਉਠਣਾ ਸਿਖਾਉਂਦੀ ਹੀ ਨਹੀਂ। ਉਹ ਤਾਂ ਆਪਣੀਆਂ ਲੋੜਾਂ, ਮੰਗਾਂ ਆਦਿ ਦੀ ਪੂਰਤੀ ਲਈ ਪੂਜਾ-ਪਾਠ ਜਾਂ ਅਰਦਾਸਾਂ ਵਿੱਚ ਹੀ ਫਸਿਆ ਰਹਿੰਦਾ ਹੈ। ਉਸ ਕੋਲ ਸਰਬੱਤ ਦੇ ਭਲੇ ਲਈ ਕੁੱਝ ਕਰਨ ਦਾ ਵਿਹਲ ਕਿਥੋਂ ਹੈ? ਉਸਦਾ ਸਰਬਤ ਦਾ ਭਲਾ ਤਾਂ ਅਰਦਾਸ ਵਿੱਚ ਆਪਣੀਆਂ ਮੰਗਾਂ ਦੀ ਲਿਸਟ ਤੋਂ ਬਾਅਦ ਕਿਤੇ ਅਖੀਰ ਵਿੱਚ ਆਉਂਦਾ ਹੈ। ਸਾਰੀ ਸ੍ਰਿਸ਼ਟੀ ਦੇ ਇੱਕ ਮਾਲਕ ਰੱਬ ਵਿੱਚ ਯਕੀਨ ਕਰਨ ਦਾ ਦਾਅਵਾ ਕਰਨ ਵਾਲੇ ਮਨੁੱਖ ਦੀ ਸਾਂਝੀਵਾਲਤਾ ਵੀ ਆਪਣੇ ਫਿਰਕੇ ਤੱਕ ਸੀਮਤ ਹੁੰਦੀ ਹੈ। ਪੁਜਾਰੀਆਂ ਦਾ ਧਰਮ ਅਧਾਰਿਤ ਧੰਦਾ ਸ਼ਰਧਾਲੂ ਮਨੁੱਖ ਦੀ ਅਜਿਹੀ ਸੋਚ ਕਾਰਨ ਹੀ ਹੈ। ਜੇ ਮਨੁੱਖ ਪੁਜਾਰੀਆਂ ਦੀ ਫਿਰਕਿਆਂ ਅਧਾਰਿਤ ਸਿੱਖਿਆ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਸੋਚਣ ਲੱਗੇ ਤਾਂ ਉਨ੍ਹਾਂ ਦਾ ਨਕਲੀ ਧਰਮਾਂ ਅਧਾਰਿਤ ਧੰਦਾ ਬਹੁਤਾ ਚਿਰ ਨਹੀਂ ਚੱਲ ਸਕੇਗਾ? ਇਸੇ ਕਾਰਨ ਪੁਜਾਰੀ ਹਰ ਵਕਤ ਸ਼ਰਧਾਲੂ ਨੂੰ ਸੋਚਣ ਤੋਂ ਰੋਕਣ ਦੇ ਉਪਾਅ ਕਰਦੇ ਹਨ ਤੇ ਮਨੁੱਖ ਨੂੰ ਪੂਜਾ, ਪਾਠ, ਕਰਮਕਾਂਡੀ ਮਰਿਯਾਦਾਵਾਂ ਤੇ ਅਰਦਾਸਾਂ ਵਿੱਚ ਉਲਝਾ ਕੇ ਰੱਖਦੇ ਹਨ।
ਹੁਣ ਸੋਚਣਾ ਇਹ ਬਣਦਾ ਹੈ ਕਿ ਇਸਦਾ ਹੱਲ ਕੀ ਹੋਵੇ? ਮਨੁੱਖ ਹਮੇਸ਼ਾਂ ਆਪਣੇ ਭਵਿੱਖ ਲਈ ਚਿੰਤਤ ਰਹਿੰਦਾ ਹੈ, ਬੇਸ਼ਕ ਚਿੰਤਕ ਹੋਣਾ ਵੀ ਚਾਹੀਦਾ ਹੈ, ਇਹ ਚਿੰਤਾ ਹੀ ਉਸਨੂੰ ਅੱਗੇ ਵਧਣ ਲਈ ਜਾਂ ਕੁੱਝ ਹੋਰ ਕਰਨ ਲਈ ਪ੍ਰੇਰਦੀ ਹੈ। ਭਾਵੇਂ ਇਸਦਾ ਨਕਾਰਾਮਤਕ ਪੱਖ ਇਹ ਵੀ ਹੈ ਕਿ ਇਸ ਭਵਿੱਖ ਦੀ ਚਿੰਤਾ ਵਿੱਚ ਬਹੁਤ ਇਕੱਠਾ ਕਰਦਾ ਮਨੁੱਖ, ਜਿਥੇ ਆਪਣਾ ਅੱਜ ਗੁਆ ਲੈਂਦਾ ਹੈ, ਉਥੇ ਦੂਜਿਆਂ ਦੇ ਹੱਕ ਮਾਰਨ ਦੇ ਕੁਰਾਹੇ ਵੀ ਪੈ ਜਾਂਦਾ ਹੈ। ਉਸਦੀ ਭਵਿੱਖ ਲਈ ਚਿੰਤਾ ਵਿਚੋਂ ਹੀ ਡਰ ਪੈਦਾ ਹੁੰਦਾ ਹੈ ਤੇ ਫਿਰ ਬਹੁਤ ਕੁੱਝ ਇਕੱਠਾ ਕਰਨ ਦਾ ਲਾਲਚ ਵੀ। ਜਿਸ ਤਰ੍ਹਾਂ ਇਸ ਲੇਖ ਲੜੀ ਵਿੱਚ ਪਹਿਲਾਂ ਵੀ ਕਈ ਵਾਰ ਜ਼ਿਕਰ ਆਇਆ ਹੈ ਕਿ ਪੁਜਾਰੀਆਂ ਦੇ ਨਕਲੀ ਧਰਮ ਮਨੁੱਖ ਦੇ ਡਰ ਤੇ ਲਾਲਚੀ ਸੁਭਾੳੇ ਕਰਕੇ ਹੀ ਸਦੀਆਂ ਤੋਂ ਚੱਲ ਰਹੇ ਹਨ। ਜਿਥੇ ਪੁਜਾਰੀ ਪਹਿਲਾਂ ਸ਼ਰਧਾਲੂ ਦੇ ਦਿਮਾਗ ਵਿੱਚ ਇਹ ਧਾਰਨਾ ਪੱਕੀ ਕਰਦਾ ਹੈ ਕਿ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਇੱਕ ਸਰਬ ਸ਼ਕਤੀਮਾਨ ਤਾਕਤ ਹੈ, ਜੇ ਉਸ ਵਿੱਚ ਯਕੀਨ ਕਰਨ ਵਾਲਾ ਸ਼ਰਧਾਲੂ ਸੱਚੇ ਦਿਲੋਂ ਉਸਦੀ ਪੂਜਾ ਪਾਠ ਕਰੇ, ਉਸਦੀ ਭਜਨ ਬੰਦਗੀ ਕਰੇ, ਉਸ ਅੱਗੇ ਅਰਦਾਸ ਕਰੇ ਤਾਂ ਨਾ ਸਿਰਫ ਇਸ ਜਨਮ ਵਿੱਚ ਹੀ ਸਭ ਕੁੱਝ ਪ੍ਰਾਪਤ ਕਰ ਸਕਦਾ ਹੈ, ਸਗੋਂ ਅਗਲੇ ਜਨਮਾਂ (ਅਖੌਤੀ) ਲਈ ਵੀ ਆਪਣਾ ਪ੍ਰਬੰਧ ਕਰ ਸਕਦਾ ਹੈ। ਪੁਜਾਰੀਆਂ ਦੇ ਨਕਲੀ ਧਰਮਾਂ ਦਾ ਸਾਰਾ ਧੰਦਾ ਇਸ ਸੋਚ ਤੇ ਹੀ ਖੜਾ ਹੈ। ਪੁਜਾਰੀ ਮਨੁੱਖ ਨੂੰ ਕਦੇ ਵੀ ਇਹ ਨਹੀਂ ਦੱਸਦਾ ਕਿ ਸ੍ਰਿਸ਼ਟੀ ਵਿੱਚ ਰੱਬ (ਕੁਦਰਤ) ਦਾ ਸਾਰਾ ਸਿਸਟਮ ਇੱਕ ਨਿਯਮ ਵਿੱਚ ਚਲਦਾ ਹੈ ਤੇ ਕੁਦਰਤ ਦਾ ਇਹ ਨਿਯਮ
(Law of Nature) ਅਟੱਲ ਹੈ, ਇਸਨੂੰ ਬਦਲਿਆ ਨਹੀਂ ਜਾ ਸਕਦਾ, ਇਸਨੂੰ ਸਮਝ ਕੇ ਆਪਣੇ ਜਾਂ ਮਨੁੱਖਤਾ ਦੇ ਭਲੇ ਲਈ ਵਰਤਿਆ ਜਾ ਸਕਦਾ ਹੈ। ਇਥੇ ਜੋ ਕੁੱਝ ਵੀ ਵਾਪਰ ਹੈ, ਇਹ ਸਭ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਹੈ। ਇਨ੍ਹਾਂ ਨਿਯਮਾਂ ਨੂੰ ਆਪਣੇ ਹੱਕ ਜਾਂ ਵਿਰੋਧ ਵਿੱਚ ਭੁਗਤਾਉਣ ਲਈ ਕਿਸੇ ਪੂਜਾ, ਪਾਠ, ਅਰਦਾਸ ਆਦਿ ਦੀ ਲੋੜ ਨਹੀਂ ਪੈਂਦੀ, ਇਸਨੂੰ ਸਮਝ ਕੇ ਵਰਤਣਾ ਪੈਂਦਾ ਹੈ। ਇਨ੍ਹਾਂ ਨਿਯਮਾਂ ਨੂੰ ਸਮਝ ਕੇ ਸਾਇੰਸਦਾਨਾਂ ਨੇ ਮਨੁੱਖਤਾ ਲਈ ਬੇਸ਼ੁਮਾਰ ਸੁੱਖ ਸਹੂਲਤਾਂ ਪੈਦਾ ਕੀਤੀਆਂ ਹਨ ਤੇ ਕਰ ਰਹੇ ਹਨ। ਇਨ੍ਹਾਂ ਨਿਯਮਾਂ ਨੂੰ ਸਮਝ ਕੇ ਮਨੁੱਖੀ ਜੀਵਨ ਨੂੰ ਸੌਖਾ ਕਰਨ ਤੇ ਦੁੱਖਾਂ, ਤਕਲੀਫਾਂ, ਬੀਮਾਰੀਆਂ ਆਦਿ ਤੋਂ ਬਚਾਉਣ ਦੇ ਯਤਨ ਕੀਤੇ ਜਾਂਦੇ ਹਨ। ਹੁਣ ਇਨ੍ਹਾਂ ਨਕਲੀ ਧਰਮਾਂ ਦੇ ਪੁਜਾਰੀਆਂ ਨੂੰ ਪੁਛਣਾ ਬਣਦਾ ਹੈ ਇਨ੍ਹਾਂ ਦੇ ਪੂਜਾ, ਪਾਠਾਂ, ਅਰਦਾਸਾਂ ਨੇ ਪਿਛਲੇ 5 ਹਜ਼ਾਰ ਸਾਲ ਵਿੱਚ ਮਨੁੱਖਤਾ ਨੂੰ ਸਿਵਾਏ ਝੂਠੇ ਲਾਰਿਆਂ ਦੇ ਕੀ ਦਿੱਤਾ ਹੈ? ਸਗੋਂ ਇਨ੍ਹਾਂ ਧਰਮ ਪੁਜਾਰੀਆਂ ਨੇ ਸਿਆਸੀ ਤੇ ਸਰਮਾਏਦਾਰ ਲੋਕਾਂ ਨਾਲ ਰਲ ਕੇ ਆਪਣੇ ਫਿਰਕਿਆਂ ਦੀ ਗਿਣਤੀ ਵਧਾਉਣ ਤੇ ਧਰਮ ਦੇ ਨਾਮ ਤੇ ਰਾਜ ਸਥਾਪਿਤ ਕਰਨ ਲਈ ਕਰੋੜਾਂ ਲੋਕਾਂ ਦਾ ਧਰਮ ਯੁੱਧਾਂ ਵਿੱਚ ਖੂਨ ਵਹਾਇਆ ਹੈ।
ਅਗਰ ਅਸੀਂ ਨਕਲੀ ਧਰਮਾਂ ਦੀ ਦਲ-ਦਲ ਵਿਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਗੱਲ ਪੱਕੇ ਤੌਰ ਤੇ ਮੰਨ ਲੈਣੀ ਚਾਹੀਦੀ ਹੈ ਕਿ ਇਸ ਸ੍ਰਿਸ਼ਟੀ ਵਿੱਚ ਸਭ ਕੁੱਝ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਚਲਦਾ ਹੈ। ਇਹ ਨਿਯਮ ਕਿਸੇ ਦੇ ਪੂਜਾ, ਪਾਠ, ਸਿਮਰਨ, ਭਜਨ, ਬੰਦਗੀ, ਅਰਦਾਸ ਆਦਿ ਕਰਨ ਨਾਲ ਨਹੀਂ ਬਦਲਦੇ ਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਜਗ੍ਹਾ ਵਿੱਚ ਕੋਈ ਕਰਾਮਾਤੀ ਸ਼ਕਤੀ ਹੁੰਦੀ ਹੈ। ਕਿਸੇ ਮਨੁੱਖ ਕੋਲ ਨਾ ਕਦੇ ਕੋਈ ਅਜਿਹੀਆਂ ਕਰਾਮਾਤੀ ਸ਼ਕਤੀਆਂ ਸਨ ਤੇ ਨਾ ਹੀ ਹੁਣ ਹਨ, ਜਿਨ੍ਹਾਂ ਨਾਲ ਉਹ ਕਿਸੇ ਦਾ ਫਾਇਦਾ ਜਾਂ ਨੁਕਸਾਨ ਕਰ ਸਕਦਾ ਹੈ। ਪੁਜਾਰੀਆਂ ਵਲੋਂ ਪੈਦਾ ਕੀਤਾ ਇਹ ਸਿਰਫ ਭਰਮ ਹੀ ਹੈ। ਜਿਤਨੀ ਜਲਦੀ ਇਸ ਭਰਮਜਾਲ ਵਿਚੋਂ ਨਿਕਲ ਜਾਵਾਂਗੇ, ਉਤਨੀ ਜਲਦੀ ਅਸੀਂ ਨਕਲੀ ਧਰਮਾਂ ਦੇ ਜੰਜਾਲ ਤੋਂ ਮੁਕਤ ਹੋ ਜਾਵਾਂਗੇ। ਕਿਸੇ ਦੀ ਕੋਈ ਅਰਦਾਸ ਕਰਨ ਜਾਂ ਪ੍ਰਾਰਥਨਾ ਕਰਨ ਨਾਲ ਨਾ ਹੀ ਕਦੇ ਕੁੱਝ ਵਾਪਰਿਆ ਹੈ ਤੇ ਨਾ ਹੀ ਵਾਪਰੇਗਾ। ਜੋ ਕੁੱਝ ਵੀ ਵਾਪਰਦਾ ਹੈ, ਉਹ ਅਟੱਲ ਨਿਯਮਾਂ ਅਨੁਸਾਰ ਵਾਪਰਦਾ ਹੈ। ਨਾ ਕਦੇ ਕੋਈ ਕਰਾਮਾਤ ਵਾਪਰੀ ਹੈ ਤੇ ਨਾ ਹੀ ਵਾਪਰੇਗੀ। ਜੋ ਕੁੱਝ ਵੀ ਚੰਗਾ ਜਾਂ ਮੰਦਾ ਹੁੰਦਾ ਹੈ, ਉਹ ਮਨੁੱਖ ਹੀ ਕਰਦਾ ਹੈ। ਸਾਡੀਆਂ ਸਮੱਸਿਆਵਾਂ ਤੇ ਦੁੱਖ ਤਕਲੀਫਾਂ, ਹੁਣ ਸਾਡੇ ਵਲੋਂ ਆਪ ਜਾਂ ਸਾਡੀਆਂ ਪਹਿਲੀਆਂ ਨਸਲਾਂ ਵਲੋਂ ਪੈਦਾ ਕੀਤੀਆਂ ਹੋਈਆਂ ਹਨ। ਬਹੁਤ ਸਾਰੀਆਂ ਸਾਡੀਆਂ ਅੱਜ ਦੀਆਂ ਸਮੱਸਿਆਵਾਂ ਸਾਡੀਆਂ ਡਰ, ਲਾਲਚ, ਈਰਖਾ, ਨਫਰਤ, ਹੰਕਾਰ, ਆਪਣੇ ਆਪ ਨੂੰ ਦੂਜਿਆਂ ਤੋਂ ਉਚਾ ਸਮਝਣ, ਦੂਜਿਆਂ ਦਾ ਹੱਕ ਮਾਰਨ, ਧੱਕਾ ਕਰਨ, ਕਬਜ਼ਾ ਕਰਨ, ਬਹੁਤਾ ਇਕੱਠਾ ਕਰਨ ਆਦਿਕ ਮਨੁੱਖੀ ਕਮਜੋਰੀਆਂ ਕਾਰਨ ਹਨ। ਇਨ੍ਹਾਂ ਦਾ ਹੱਲ ਨਕਲੀ ਧਰਮਾਂ ਦੇ ਪੂਜਾ, ਪਾਠ ਜਾਂ ਅਰਦਾਸਾਂ ਵਿੱਚ ਨਹੀਂ, ਇਹ ਤੁਹਾਡੇ ਸੋਸ਼ਣ ਦੇ ਅੱਡੇ ਹਨ। ਇਹ ਧਰਮ ਦੇ ਨਾਮ ਤੇ ਬਣੀਆਂ ਮਹਿਜ ਦੁਕਾਨਾਂ ਹਨ, ਜਿਥੇ ਅਗਿਆਨਤਾ, ਅੰਧ ਵਿਸ਼ਵਾਸ਼, ਫੋਕਟ ਕਰਮਕਾਂਡ, ਝੂਠੇ ਲਾਰਿਆਂ ਰੂਪੀ ਅਰਦਾਸਾਂ ਆਦਿ ਦਾ ਸੌਦਾ ਸ਼ਰਧਾ ਦੇ ਬੈਗ ਵਿੱਚ ਪਾ ਕੇ ਵੇਚਿਆ ਜਾਂਦਾ ਹੈ। ਇਨ੍ਹਾਂ ਦਾ ਹੱਲ ਅਸਲੀ ਧਰਮ ਨੂੰ ਅਪਨਾਉਣ ਵਿੱਚ ਹੈ। ਅਸਲੀ ਧਰਮ ਧਰਮ ਦੇ ਨਾਮ ਤੇ ਖੜੀਆਂ ਇਮਾਰਤਾਂ ਜਾਂ ਧਰਮ ਦੇ ਨਾਮ ਤੇ ਬਣੀਆਂ ਮਰਿਯਾਦਾਵਾਂ ਜਾਂ ਗ੍ਰੰਥਾਂ ਵਿੱਚ ਨਹੀਂ ਹੈ? ਅਸਲੀ ਧਰਮ ਤਾਂ ਆਪਣੇ ਆਪੇ ਦੀ ਖੋਜ ਦਾ ਨਾਮ ਹੈ, ਆਪਣੇ ਅੰਦਰ ਝਾਤੀ ਮਾਰਨ ਦਾ ਨਾਮ ਹੈ, ਅੰਦਰੋਂ ਜਾਗਣ ਦਾ ਨਾਮ ਹੈ, ਆਪਾ ਚੀਨਣ ਦਾ ਨਾਮ ਹੈ, ਆਪਣੇ ਅੰਦਰ ਤੇ ਬਾਹਰ ਵਰਤਦੇ ਕੁਦਰਤੀ ਵਰਤਾਰਿਆਂ ਨੂੰ ਸਮਝਣ ਤੇ ਅਪਨਾਉਣ ਦਾ ਨਾਮ ਹੈ, ਆਪਣੇ ਅੰਦਰ ਦੀਆਂ ਬੁਨਿਆਦੀ ਕਮਜ਼ੋਰੀਆਂ ਲੋਭ, ਮੋਹ, ਹੰਕਾਰ, ਈਰਖਾ, ਨਫਰਤ, ਕਾਮ ਆਦਿ ਕਮਜੋਰੀਆਂ ਨੂੰ ਸੁਚਾਰੂ ਰੂਪ ਵਿੱਚ ਆਪਣੇ ਤੇ ਸਮਾਜ ਦੇ ਭਲੇ ਲਈ ਵਰਤਣ ਦਾ ਨਾਮ ਹੈ। ਜਿਸ ਦਿਨ ਮਨੁੱਖ ਅੰਦਰੋਂ ਜਾਗ ਪੈਂਦਾ ਹੈ, ਉਸਨੂੰ ਕੁਦਰਤ ਦੇ ਨਿਯਮਾਂ ਦੀ ਸੋਝੀ ਹੋ ਜਾਂਦੀ ਹੈ, ਫਿਰ ਉਸਨੂੰ ਨਾ ਤੇ ਫਿਰਕਿਆਂ ਅਧਾਰਿਤ ਨਕਲੀ ਧਰਮਾਂ ਦੀ ਲੋੜ ਰਹਿੰਦੀ ਹੈ, ਨਾ ਹੀ ਪੂਜਾ, ਪਾਠ, ਅਰਦਾਸਾਂ ਆਦਿ ਨਾਲ ਕੋਈ ਦੁਨਿਆਵੀ ਜਾਂ ਅਗਲੇ ਜਨਮਾਂ ਲਈ ਸਹੂਲਤਾਂ ਲੈਣ ਦਾ ਲਾਲਚ ਰਹਿੰਦਾ ਹੈ ਤੇ ਨਾ ਹੀ ਅਜਿਹੇ ਪੂਜਾ, ਪਾਠਾਂ, ਅਰਦਾਸਾਂ ਆਦਿ ਨਾ ਕਰਨ ਕਾਰਨ ਕੋਈ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਉਸਨੂੰ ਫਿਰ ਸਾਰੀ ਮਨੁੱਖਤਾ (ਸ੍ਰਿਸ਼ਟੀ) ਅੰਦਰ ਨਿਯਮ ਰੂਪ ਵਿੱਚ ਵਸਦਾ ਰੱਬ ਦਿਸ ਪੈਂਦਾ ਹੈ। ਉਸਨੂੰ ਨਾ ਕਿਸੇ ਅਕਾਸ਼ਾਂ ਜਾਂ ਪਤਾਲਾਂ ਵਿੱਚ ਲੁਕ ਬੈਠੇ ਰੱਬ ਦੀ ਪ੍ਰਾਪਤੀ ਲਈ ਕਿਸੇ ਭਜਨ, ਬੰਦਗੀ, ਸਿਮਰਨ ਆਦਿ ਦੀ ਲੋੜ ਪੈਂਦੀ ਹੈ ਤੇ ਨਾ ਹੀ ਉਸਨੂੰ ਕਿਸੇ ਭੋਰੇ ਵਿੱਚ ਬੈਠ ਕੇ ਮਾਲਾ ਫੜ ਕੇ ਬੈਠਣਾ ਪੈਂਦਾ ਹੈ ਤੇ ਨਾ ਹੀ ਉਸਨੂੰ ਗ੍ਰਿਹਸਤ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਭਟਕਣਾ ਪੈਂਦਾ ਹੈ ਤੇ ਨਾ ਕੋਈ ਡੇਰਾ ਬਣਾਉਣ ਦੀ ਲੋੜ ਪੈਂਦੀ ਹੈ। ਉਹ ਤਾਂ ਘਰ ਤੇ ਸਮਾਜ ਵਿੱਚ ਬੈਠਾ ਹੀ ਸੱਚ ਨਾਲ ਜੁੜਿਆ ਰਹਿੰਦਾ ਹੈ। ਉਹ ਨਾ ਸਿਰਫ ਆਪਣੇ ਦੁੱਖਾਂ ਤਕਲੀਫਾਂ ਨੂੰ ਆਪਣੀ ਸਮਰਥਾ, ਯੋਗਤਾ ਤੇ ਸਾਧਨਾਂ ਨਾਲ ਹੱਲ ਕਰਨ ਲਈ ਯਤਨ ਕਰਦਾ ਹੈ, ਸਗੋਂ ਸਾਰੀ ਮਨੁੱਖਤਾ ਦੀਆਂ ਸਮੱਸਿਆਵਾਂ ਉਸਨੂੰ ਆਪਣੀਆਂ ਲਗਦੀਆਂ ਹਨ ਤੇ ਫਿਰ ਉਨ੍ਹਾਂ ਦੇ ਹੱਲ ਲਈ ਪੂਜਾ ਪਾਠ ਅਰਦਾਸਾਂ ਦੇ ਚੱਕਰ ਵਿੱਚ ਨਹੀਂ ਫਸਦਾ, ਸਗੋਂ ਰਲ ਮਿਲ ਕੇ ਹੱਲ ਕਰਨ ਦਾ ਯਤਨ ਕਰਦਾ ਹੈ। ਉਹ ਫਿਰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਰੱਬ ਵਲੋਂ ਕਿਸੇ ਦੇਵੀ ਦੇਵਤੇ ਪੈਗੰਬਰ ਆਦਿ ਨੂੰ ਭੇਜਣ ਦੀ ਆਸ ਵਿੱਚ ਨਹੀਂ ਬੈਠਦਾ। ਉਹ ਇਮਾਨਦਾਰੀ ਨਾਲ ਕਰਮ ਕਰਨ, ਆਪਣਾ ਫਰਜ ਨਿਭਾਉਣ ਵਿੱਚ ਵਿਸ਼ਵਾਸ਼ ਰੱਖਦਾ ਹੈ, ਉਹ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਜੋ ਵੀ ਫਲ ਮਿਲਦਾ ਹੈ, ਉਸ ਵਿੱਚ ਸਬਰ ਕਰਦਾ ਹੈ। ਉਸਦਾ ਜੀਵਨ ਸੰਤੋਖੀ ਹੁੰਦਾ ਹੈ। ਉਸਨੂੰ ਸਮਝ ਹੁੰਦੀ ਹੈ ਕਿ ਮਨ ਵਸਤਾਂ ਨਾਲ ਨਹੀਂ ਸੰਤੋਖ ਨਾਲ ਰੱਜ਼ਦਾ ਹੈ। ਜੇ ਕਿਸੇ ਕਰਮ ਦਾ ਨਤੀਜਾ ਉਸਦੇ ਅਨੁਸਾਰ ਨਹੀਂ ਵੀ ਆਉਂਦਾ ਤਾਂ ਉਹ ਦੁਆਰਾ ਵੱਖਰੇ ਢੰਗ ਨਾਲ ਯਤਨ ਕਰਦਾ ਹੈ ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਉਸਦਾ ਕੰਮ ਉਸਨੂੰ ਆਪ ਹੀ ਕਰਨਾ ਪੈਣਾ ਹੈ ਜਾਂ ਉਸਨੂੰ ਕਿਸੇ ਹੋਰ ਵਿਅਕਤੀ ਦੀ ਮੱਦਦ ਦੀ ਲੋੜ ਹੋ ਸਕਦੀ ਹੈ, ਪਰ ਉਸਨੂੰ ਇਹ ਬਿਲਕੁਲ ਸਪੱਸ਼ਟ ਹੁੰਦਾ ਹੈ ਕਿਸੇ ਬਾਹਰੀ ਅਦਿਖ ਕਰਾਮਾਤੀ ਸ਼ਕਤੀ ਨੇ ਆ ਕੇ ਉਸਦਾ ਨਾ ਕੋਈ ਫਾਇਦਾ ਕਰਨਾ ਹੈ ਤੇ ਨਾ ਹੀ ਨੁਕਸਾਨ। ਇਸ ਲਈ ਸੱਚਾ ਧਰਮੀ ਮਨੁੱਖ ਅਰਦਾਸਾਂ ਜਾਂ ਪੁਜਾਰੀਆਂ ਦੀਆਂ ਕਮਰਕਾਂਡੀ ਮਰਿਯਾਦਾਵਾਂ ਜਾਂ ਪੂਜਾ ਪਾਠ ਵਿੱਚ ਨਹੀਂ ਫਸਦਾ। ਕੁਦਰਤ ਦੇ ਅਟੱਲ ਨਿਯਮਾਂ ਨੂੰ ਸਮਝਦਾ ਹੋਇਆ ਸਰਬਤ ਦੇ ਭਲੇ ਦੀ ਸੋਚ ਦਾ ਧਾਰਨੀ ਹੋਇਆ ਸਹਿਜ ਵਿੱਚ ਚਲਦਾ ਰਹਿੰਦਾ ਹੈ।




.