.

ਸਿਲੇਬਸ ਤੋਂ ਬਾਹਰ ਪੜ੍ਹਾਈ ਦੇਖੋ ਕੈਸੇ ਰੰਗ ਲਿਆਈ?
ਅਵਤਾਰ ਸਿੰਘ ਮਿਸ਼ਨਰੀ (5104325827)

ਧਰਮਸ਼ਾਲਾਵਾਂ, ਮਦਰੱਸਿਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਰਕਾਰੀ ਸਿਖਿਆ ਬੋਰਡ ਦੇ ਵਿਦਵਾਨਾਂ ਵੱਲੋਂ ਪ੍ਰਵਾਣਿਤ ਵਿਸ਼ੇ ਜਾਂ ਸਿਲੇਬਸ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਹਨ। ਸਿਆਣੇ ਅਤੇ ਮਿਹਨਤੀ ਵਿਦਿਆਰਥੀ ਪੂਰੀ ਤਨਦੇਹੀ ਨਾਲ ਮਨ ਲਾ ਕੇ ਪੜ੍ਹਦੇ-ਵਿਚਾਰਦੇ ਹਨ। ਫਿਰ ਉਨ੍ਹਾਂ ਵਿਸ਼ਿਆਂ ਸਬੰਧੀ ਸਵਾਲ ਹੀ ਪ੍ਰੀਖਿਆ ਵਿੱਚ ਪਾਏ ਜਾਂਦੇ ਹਨ। ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਪ੍ਰੀਖਿਆ ਵਿੱਚੋਂ ਪਾਸ ਅਤੇ ਅਵੇਸਲੇ-ਮਨਖੱਟੂ ਵਿਦਿਆਰਥੀ ਫੇਲ ਹੋ ਜਾਂਦੇ ਹਨ। ਜਰਾ ਸੋਚੋ! ਜੇ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਅਧਿਆਪਕ ਸਿਲੇਬਸ, ਪਾਠਕ੍ਰਮ ਜਾਂ ਵਿਸ਼ੇ ਦੇ ਉਲਟ ਜਾਂ ਕੁਝ ਹੋਰ ਹੀ ਰਲਾ ਕੇ ਪੜ੍ਹਾਈ ਜਾਵੇ ਤਾਂ ਵਿਦਿਆਰਥੀ ਕਨਫਿਊਜ਼ ਹੋ ਜਾਂਦੇ ਹਨ ਅਤੇ ਪ੍ਰੀਖਿਆ ਵੇਲੇ ਪਾਸ ਹੋਣ ਲਈ ਨਕਲ ਦਾ ਸਹਾਰਾ ਲੈਂਦੇ ਹਨ। ਜਿਨ੍ਹਾਂ ਸਿਆਣੇ ਤੇ ਮਿਹਨਤੀ ਵਿਦਿਆਰਥੀਆਂ ਨੇ ਅਸਲੀ ਸਿਲੇਬਸ ਨੂੰ ਘਰੇ ਆਪਣੇ ਮਾਂ ਬਾਪ ਜਾਂ ਟਿਊਸ਼ਨ ਤੇ ਕਿਸੇ ਚੰਗੇ ਅਧਿਆਪਕ ਤੋਂ ਪੜ੍ਹਿਆ ਹੁੰਦਾ ਹੈ ਉਹ ਕਨਫਿਊਜ਼ ਵੀ ਨਹੀਂ ਹੁੰਦੇ ਅਤੇ ਪ੍ਰੀਖਿਆ ਵਿੱਚ ਵੀ ਚੰਗੇ ਨੰਬਰ ਲੈ ਜਾਂਦੇ ਹਨ।
ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਤਾਂ ਵਿਦਿਆ ਦੇ ਕੇਂਦਰ ਹਨ। ਜੇ ਉਨ੍ਹਾਂ ਵਿੱਚ ਅਸਲੀ ਅਤੇ ਯੋਗ ਸਿਲੇਬਸ ਪੜ੍ਹਾਏ ਜਾਣ ਤਾਂ ਵਿਦਿਆਰਥੀ ਅੱਗੇ ਜਾ ਕੇ ਵੱਡੀਆਂ ਵੱਡੀਆਂ ਮੱਲਾਂ ਮਾਰ ਕੇ ਮਾਪਿਆਂ, ਅਧਿਆਪਕਾਂ, ਦੇਸ਼ ਅਤੇ ਕੌਮ ਦਾ ਨਾਂ ਉੱਚਾ ਕਰਦੇ ਹਨ ਪਰ ਜੇ ਅਧਿਆਪਕ ਹੀ ਅਵੇਸਲੇ ਜਾਂ ਅੰਧਵਿਸ਼ਵਾਸ਼ੀ ਹੋ ਸਿਲੇਬਸ ਦੇ ਉਲਟ ਜਾਂ ਹੋਰ ਇਧਰ-ਉਧਰ ਦੀਆਂ ਕਹਾਣੀਆਂ ਪੜ੍ਹਾਈ ਜਾਣ ਤਾਂ ਵਿਦਿਆ ਦਾ ਮਿਆਰ ਡਿੱਗਦਾ ਅਤੇ ਵਿਦਿਆਰਥੀਆਂ ਦਾ ਭਵਿੱਖ ਵੀ ਧੁੰਦਲਾ ਹੋ ਜਾਂਦਾ ਹੈ। ਇਵੇਂ ਬਹੁਤੇ ਵਿਦਿਆਰਥੀ ਆਪ ਮੁਹਾਰੇ ਹੋ ਗਲਤ ਪਾਸੇ ਵੀ ਤੁਰ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਉਪਰ ਅਸਲੀ ਸਿਲੇਬਸ ਦੇ ਉਲਟ ਨਿਕੰਮੀ ਪੜ੍ਹਾਈ ਦਾ ਰੰਗ ਚੜ੍ਹ ਜਾਂਦਾ ਹੈ। ਫਿਰ ਉਹ ਐਸੇ ਉਪੱਧਰ ਵੀ ਕਰ ਬੈਠਦੇ ਹਨ ਜਿਨ੍ਹਾਂ ਨਾਲ ਮਾਪਿਆਂ, ਅਧਿਆਪਕਾਂ ਅਤੇ ਦੇਸ਼ ਕੌਮ ਦਾ ਨਾਂ ਬਦਨਾਮ ਹੁੰਦਾ ਹੈ। ਇਸ ਵਿੱਚ ਕਸੂਰ ਕਿਸਦਾ ਹੈ? ਉੱਤਰ ਹੈ ਅਧਿਆਪਕਾਂ ਅਤੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਸਕੂਲ ਦੀਆਂ ਕਲਾਸਾਂ ਵਿੱਚ ਸਿਲੇਬਸ ਦੇ ਉਲਟ ਪੜ੍ਹਾਈ ਕਰਾਈ ਜਾਂ ਪ੍ਰਬੰਧਕਾਂ ਅਤੇ ਸਰਕਾਰ ਨੇ ਐਸਾ ਕਰਨ ਵਾਲੇ ਅਧਿਆਪਕਾਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਸਗੋਂ ਭਾਈਬੰਦੀਆਂ ਪਾਲੀਆਂ ਜਾਂ ਰਿਸ਼ਵਤਖੋਰੀ ਦੀ ਆੜ ਵਿੱਚ ਹੀ ਰੁੜੇ ਰਹੇ।
ਐਨ ਇਸੇ ਤਰ੍ਹਾਂ ਸਿੱਖੀ ਦੇ ਬਹੁਤੇ ਧਾਰਮਿਕ ਅਦਾਰੇ ਗੁਰਦੁਆਰਿਆਂ ਆਦਿਕ ਵਿੱਚ ਵੀ ਐਸਾ ਸ਼ਰੇਆਂਮ ਹੋ ਰਿਹਾ ਹੈ। ਗੁਰਦੁਆਰੇ ਸਿੱਖੀ ਦੇ ਸੋਮੇ ਅਤੇ ਗੁਰਮਤਿ ਦੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਹਨ। ਇਨ੍ਹਾਂ ਧਾਰਮਿਕ ਅਦਾਰਿਆਂ ਦਾ ਸਿਲੇਬਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਪਾਠ, ਕੀਰਤਨ, ਕਥਾ ਵਿਚਾਰ, ਕਵੀ, ਢਾਡੀ, ਗੁਰ ਇਤਿਹਾਸ, ਸਿੱਖ ਰਹਿਤ ਮਰਯਾਦਾ, ਸ਼ਸ਼ਤ੍ਰ ਵਿਦਿਆ, ਨਿਸ਼ਾਨ, ਲੰਗਰ, ਕੈਲੰਡਰ, ਸਰਬਤ ਦਾ ਭਲਾ, ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਵਾਲਾ ਹੈ। ਚਾਹੀਦਾ ਤਾਂ ਸੀ ਗੁਰਦੁਆਰੇ ਆਦਿਕ ਧਰਮ ਵਿਦਿਆਲਿਆਂ ਜਾਂ ਧਰਮ ਅਦਾਰਿਆਂ ਦਾ ਪੂਰਾ ਸਿਲੇਬਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਿਕ ਹੁੰਦਾ ਪਰ ਕੁਝਕੁ ਨੂੰ ਛੱਡ ਕੇ ਐਸਾ ਨਹੀਂ ਹੋ ਰਿਹਾ ਸਗੋਂ ਟਕਸਾਲਾਂ, ਸੰਪ੍ਰਦਾਵਾਂ, ਡੇਰਿਆਂ, ਵੱਖ-ਵੱਖ ਸਾਧਾਂ-ਸੰਤਾਂ ਅਤੇ ਜਥੇਬੰਦੀਆਂ ਦੇ ਆਪੂੰ ਬਣਾਏ ਸਿਲੇਬਸ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ ਅਤੇ ਸਿੱਖ ਰਹਿਤ ਮਰਯਾਦਾ ਦੇ ਵੀ ਉਲਟ ਹਨ ਹੀ ਪਾਰਟੀ ਤੌਰ ਤੇ ਲਾਗੂ ਕੀਤੇ ਜਾਂਦੇ ਹਨ। ਸੰਪ੍ਰਦਾਵਾਂ ਅਤੇ ਡੇਰਿਆਂ ਵਿੱਚ ਤਾਂ ਗੁੜਤੀ ਹੀ ਬਹੁਤੇ ਅਨਮੱਤੀ ਗ੍ਰੰਥਾਂ (ਪੁਸਤਕਾਂ) ਦੀ ਦਿੱਤੀ ਜਾਦੀ ਹੈ। ਫਿਰ ਓਥੋਂ ਦੇ ਪੜ੍ਹੇ ਵਿਦਿਆਰਥੀ ਹੀ ਗੁਰਦੁਆਰਿਆਂ ਜਾਂ ਧਰਮ ਅਦਾਰਿਆਂ ਵਿੱਚ ਧਰਮ ਅਧਿਆਪਕ ਬਣਦੇ ਜਾਂ ਬਣਾਏ ਜਾਂਦੇ ਹਨ।
ਗੁਰਮਤਿ ਦਾ ਸਿਲੇਬਸ ਜਾਂ ਵਿਦਿਆ ਪੂਰਨ ਤੌਰ ਤੇ ਵਹਿਮਾਂ, ਭਰਮਾਂ, ਕਰਮਕਾਂਡਾਂ, ਆਪੂੰ ਬਣੇ ਦੇਹਧਾਰੀ ਸਾਧਾਂ-ਸੰਤਾਂ, ਪਾਖੰਡੀ ਗੁਰੂਆਂ, ਢੌਂਗੀ ਬ੍ਰਹਮਗਿਆਨੀਆਂ, ਚਾਲਬਾਜ ਰਾਜਨੀਤਕਾਂ ਅਤੇ ਭੇਖਧਾਰੀ ਠੱਗਾਂ ਦੇ ਵਿਰੁੱਧ ਹੈ ਜਾਂ ਉਨ੍ਹਾਂ ਦੇ ਸ਼ਰੇਆਮ ਪੜ੍ਹਦੇਫਾਸ਼ ਕਰਦਾ ਹੈ ਪਰ ਬਹੁਤੇ ਗੁਰਦੁਆਰਿਆਂ, ਧਰਮ ਅਸਥਾਨਾਂ, ਅਦਾਰਿਆਂ, ਟਕਸਾਲਾਂ, ਸੰਪ੍ਰਦਾਵਾਂ ਜਾਂ ਸਿੱਖੀ ਨਾਲ ਸਬੰਧਤ ਕਹੇ ਜਾਂਦੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਸੁੱਚੀ ਗੁਰਮਤਿ ਵਿਦਿਆ ਰੂਪੀ ਵਿਚਾਰਧਾਰਾ ਦੇ ਐਨ ਉਲਟ ਉਪ੍ਰੋਕਤ ਸਭ ਕੁਝ ਪੜ੍ਹਾਇਆ, ਲਿਖਾਇਆ ਅਤੇ ਪ੍ਰਚਾਰਿਆ ਜਾ ਰਿਹਾ ਹੈ। ਕੀ ਇਹ ਸਿੱਖ ਸੰਗਤਾਂ ਰੂਪੀ ਵਿਦਿਆਰਥੀਆਂ ਨਾਲ ਸ਼ਰੇਆਮ ਧੋਖਾ ਨਹੀਂ? ਸਿਲੇਬਸ ਕੁਝ ਹੋਰ ਤੇ ਪੜ੍ਹਾਇਆ ਕੁਝ ਹੋਰ ਹੀ ਜਾ ਰਿਹਾ ਹੈ। ਫਿਰ ਐਡੀ ਵੱਡੀ ਹਨੇਰ ਗਰਦੀ ਕਿ ਉਸ ਸਭ ਕੁਝ ਨੂੰ ਗੁਰਮਤਿ ਪੜ੍ਹਾਈ ਜਾਂ ਪ੍ਰਚਾਰ ਦਾ ਨਾਂ ਦਿੱਤਾ ਜਾਂਦਾ ਹੈ। ਗੁਰਮਤਿ ਨੂੰ ਢਾਹ ਲੌਣ ਵਾਲੇ ਅਖੌਤੀ ਗ੍ਰੰਥਾਂ, ਮਨੋ ਕਲਪਿਤ ਸਾਖੀਆਂ, ਕਰਮਕਾਂਡੀ ਬ੍ਰਾਹਮਣੀ ਸੰਪ੍ਰਦਾਈ ਮਰਯਾਦਾ, ਮਸਿਆ, ਪੁੰਨਿਆਂ, ਪੰਚਕਾਂ, ਸੰਗ੍ਰਾਂਦਾਂ, ਡੇਰਦਾਰ ਸਾਧਾਂ ਦੀਆਂ ਬਰਸੀਆਂ, ਰੱਖੜੀਆਂ, ਲੋਹੜੀਆਂ ਅਤੇ ਦੀਵਾਲੀਆਂ ਪੜ੍ਹਾਈਆਂ, ਪ੍ਰਚਾਰੀਆਂ ਅਤੇ ਮਨਾਈਆਂ ਜਾ ਰਹੀਆਂ ਹਨ। ਭੰਗੜੇ ਪਾਏ, ਸਿਖਾਏ ਅਤੇ ਗੁਰਮਤਿ ਵਿਰੋਧੀ ਯੋਗਾ ਅਭਿਆਸ ਕਰਵਾਏ ਜਾ ਰਹੇ ਹਨ। ਐਸੀ ਗੁਰਮਤਿ ਸਿਲੇਬਸ ਤੋਂ ਬਾਹਰ ਦੀ ਪੜ੍ਹਾਈ ਸਿੱਖ ਸੰਗਤ ਰੂਪੀ ਵਿਦਿਆਰਥੀਆਂ ਵਿੱਚ ਦਿਨ ਬ-ਦਿਨ ਅਨਮੱਤੀ ਅੰਧ ਵਿਸ਼ਵਾਸ਼ ਅਤੇ ਨਿਰਾਸ਼ਤਾ ਪੈਦਾ ਕਰ ਰਹੀ ਹੈ। ਇਸ ਕਰਕੇ ਸਿੱਖੀ ਸਰੂਪ ਵਾਲੇ ਗੁਰਮਤਿ ਧਾਰੀ ਨੌਜਵਾਨ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ।
ਪ੍ਰੈਕਟੀਕਲ ਤੌਰ ਤੇ ਬਹੁਤੇ ਪ੍ਰਬੰਧਕ ਅਤੇ ਪ੍ਰਚਾਰਕ ਜਾਤ-ਪਾਤ, ਊਚ-ਨੀਚ, ਛੂਆ-ਛਾਤ, ਲੋਕਲਾਜ ਅਤੇ ਸੰਪ੍ਰਦਾਈ ਡੇਰਾਵਾਦੀ ਸੋਚ ਦੇ ਬ੍ਰਾਹਮਣੀ ਜਾਲ ਵਿੱਚ ਫਸੇ ਹੋਏ ਹਨ। ਇਸ ਕਰਕੇ ਐਸੀ ਗੁਰਮਤਿ ਵਿਰੋਧੀ ਸਿਲੇਬਸ ਦੀ ਪੜ੍ਹਾਈ ਸੰਗਤ ਰੂਪੀ ਵਿਦਿਆਰਥੀਆਂ ਦੇ ਰੋਜ਼ਮਰਾ ਜੀਵਨ ਪੱਤਰਿਆਂ ਤੇ ਵੱਖਰੇ ਹੀ ਰੰਗ ਚੜ੍ਹਾਈ ਜਾ ਰਹੀ ਹੈ। ਇਹ ਰੰਗ ਹਨ-ਅੰਧ ਵਿਸ਼ਵਾਸ਼, ਕਰਮਕਾਂਡ, ਮਨੋ ਕਲਪਿਤ ਸਾਖੀਆਂ, ਚੁਟਕਲੇ, ਸੰਪਟ, ਇਕੋਤਰੀਆਂ ਆਦਿਕ ਭਾੜੇ ਦੇ ਪਾਠ, ਕੀਰਤਨ, ਕਥਾ, ਗੁਰਮਤਿ ਵਿਰਧੀ ਗ੍ਰੰਥ ਅਤੇ ਵੱਖ-ਵੱਖ ਮਰਯਾਦਾਵਾਂ। ਦਾਸ ਦੀ ਸਮੂੰਹ ਸਿੱਖ ਜਥੇਬੰਦੀਆਂ, ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਪੁਰਜੋਰ ਸਲਾਹ ਰੂਪ ਅਪੀਲ ਹੈ ਕਿ ਸਿੱਖੀ ਜਾਂ ਗੁਰਮਤਿ ਨੂੰ ਪੂਰੀ ਦੁਨੀਆਂ ਵਿੱਚ ਪ੍ਰਚਾਰਨਾਂ ਹੈ ਤਾਂ ਧਰਮ ਅਸਥਾਨਾਂ ਰੂਪ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਤਾਂ ਵਾਲਾ ਜਾਂ ਸਿਧਾਤਾਂ ਦੀ ਕਸਵੱਟੀ ਤੇ ਪੂਰਾ ਉਤਰਨ ਵਾਲਾ ਸਿਲੇਬਸ ਹੀ ਲਾਗੂ ਕਰੋ ਅਤੇ ਇਸੇ ਸਿਲੇਬਸ ਨੂੰ ਪ੍ਰਣਾਏ ਹੋਏ ਵਿਅਕਤੀ ਹੀ ਪ੍ਰਬੰਧਕ ਜਾਂ ਪ੍ਰਚਾਰਕ ਹੋਣ ਨਾਂ ਕਿ ਡੇਰੇਦਾਰ ਜਾਂ ਸੰਪ੍ਰਦਾਈ ਜੋ ਆਏ ਦਿਨ ਗੁਰਮਤਿ ਦੇ ਸਿਲੇਬਸ ਰੂਪ ਕਾਗਜ਼ ਜਾਂ ਕਪੜੇ ਉੱਤੇ ਅੰਧ ਵਿਸ਼ਵਾਸ਼ਾਂ ਦਾ ਭਗਵਾ ਰੰਗ ਚੜ੍ਹਾਈ ਜਾ ਰਹੇ ਹਨ।
ਕੌਮ ਚਾਲਬਾਜ ਰਾਜਨੀਤਕ ਪਾੜੋ ਤੇ ਰਾਜ ਕਰੋ ਵਾਲੇ ਡੇਰਦਾਰ ਅਤੇ ਰਾਜਸੀ ਲੀਡਰਾਂ ਦੇ ਰੰਗ ਬਰੰਗੇ ਸਿਲੇਬਸਾਂ ਵਿੱਚ ਪਜ਼ਲ ਹੋ ਕੇ, ਆਪਸੀ ਫੁੱਟ ਅਤੇ ਬੇਵਿਸ਼ਵਾਸ਼ੀ ਦਾ ਸ਼ਿਕਾਰ ਹੋ ਨਿਰਾਸ਼ਤਾ ਦੇ ਆਲਮ ਵਿੱਚ ਠੋਕਰਾਂ ਖਾਣ ਲਈ ਮਜ਼ਬੂਰ ਕੀਤੀ ਜਾ ਰਹੀ ਹੈ। ਜਰਾ ਸੋਚੋ! ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤਾਂ ਉਤੇ ਪਰਖਿਆ ਸਿਲੇਬਸ ਗੁਰਦੁਆਰਿਆਂ ਰੂਪ ਧਰਮ ਸਕੂਲਾਂ ਵਿੱਚ ਲਾਗੂ ਕਰਨਾ ਗੁਰਮਤਿ ਦੀ ਚੜ੍ਹਦੀ ਕਲਾ ਹੈ ਜਾਂ ਫਿਰ ਡੇਰੇਦਾਰ-ਸੰਪ੍ਰਦਾਈਆਂ ਦੇ ਗੁਰਮਤਿ ਵਿਰੋਧੀ ਗ੍ਰੰਥਾਂ ਜਾਂ ਮਰਯਾਦਾਵਾਂ ਵਾਲਾ। ਅੱਜ ਸਿਲੇਬਸ ਗੁਰਮਤਿ ਵਾਲਾ ਨਾਂ ਹੋਣ ਕਰਕੇ ਸਾਬਤ ਸੂਰਤ ਬਾਣਾਧਾਰੀ ਸਿੱਖ ਵੀ ਬ੍ਰਾਹਮਣਵਾਦ ਅਤੇ ਡੇਰਾਵਾਦ ਦੇ ਰੰਗ ਵਿੱਚ ਰੰਗਿਆ ਪਿਆ ਹੈ। ਸ਼ਕਲੋਂ ਸੂਰਤੋਂ ਜਰੂਰ ਸਿੱਖ ਲਗਦਾ ਹੈ ਪਰ ਕਰਮਾਂ ਤੋਂ ਕੇਸਾਧਾਰੀ ਕਰਮਕਾਂਡੀ ਬ੍ਰਾਹਮਣ ਹੋ ਪ੍ਰਬੰਧ ਅਤੇ ਪ੍ਰਚਾਰ ਵਿੱਚ ਖੇਤਰ ਵਿੱਚ ਆ ਕੇ, ਅਗਿਆਨਤਾ ਜਾਂ ਅੰਧ ਵਿਸ਼ਵਾਸ਼ ਰੂਪ ਗੁਰਮਤਿ ਦੇ ਸਿਲੇਬਸ ਦੀ ਥਾਂ ਅਨਮੱਤਾਂ ਦਾ ਮਿਲਗੋਭਾ ਸਿਲੇਬਸ ਲਾਗੂ ਕਰਕੇ ਵੀ ਗੁਰਮੱਤੀ ਹੋਣ ਦੇ ਡੰਕੇ ਵਜਾ ਰਿਹਾ ਹੈ। ਗੁਰੂ ਭਲੀ ਕਰੇ! ਸਿੱਖ ਕੌਮ ਦੇ ਆਗੂਆਂ ਨੂੰ ਸੁਮਤਿ ਬਖਸ਼ੇ ਤਾਂ ਕਿ ਉਹ ਅਸਲ ਤੇ ਨਕਲ ਦੀ ਪਛਾਣ ਕਰਕੇ ਕੌਮੀ ਭਲਾਈ ਕਰ ਸਕਣ।
.