.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਤੀਸਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਦੋ ਕਰੋੜ ਨਹੀਂ, ਵੀਹ ਕਰੋੜ ਤੋਂ ਵੀ ਵੱਧ?

ਤਾਂ ਫ਼ਿਰ ਉਹ ਕਿਵੇਂ ਤੇ ਕਿਸਤਰ੍ਹਾਂ?

ਹੁਣ ਸੁਆਲ ਕੇਵਲ ਇਤਨਾ ਹੀ ਬਾਕੀ ਰਹਿ ਜਾਂਦਾ ਹੈ ਜਦੋਂ ਭਾਰਤ ਦੀ ਜਨਗਣਨਾ `ਚ ਸਿੱਖਾਂ ਦੀ ਅਜੋਕੀ ਗਿਣਤੀ ਦੋ ਕਰੋੜ ਤੋਂ ਵੀ ਘੱਟ ਹੈ ਤਾਂ ਨਾਨਕ ਪੰਥੀਆਂ ਤੇ ਸਿੱਖ ਸ਼੍ਰਧਾਲੂਆਂ ਸਮੇਤ ਸਿੱਖਾਂ ਦੀ ਇਹ ਕੁਲ ਗਿਣਤੀ ਵੀਹ ਕਰੋੜ ਤੋਂ ਵੀ ਵੱਧ ਕਿਵੇਂ ਤੇ ਕਿਸਤਰ੍ਹਾਂ ਹੈ? ਉਪ੍ਰੰਤ ਇਸ ਨੂੰ ਸੰਭਾਲਣਾ ਕਿਵੇਂ ਹੈ?

ਸਮਝਣ-ਵਿਚਾਰਣ ਦੀ ਗੱਲ ਇਹ ਵੀ ਹੈ ਕਿ ਜਦੋਂ ਇੱਕ ਗ਼ੈਰ ਸਿੱਖ ਲਿਖਾਰੀ, ਕਾਦੀਆਨੀ ਮੁਸਲਮਾਨ ਫ਼ਿਰਕੇ ਦੇ ਆਗੂ, ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਅਨੁਸਾਰ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ `ਚ ਹੀ ਗ੍ਰੁਰੂ ਕੇ ਸਿੱਖਾਂ ਦੀ ਗਿਣਤੀ ਤਿੰਨ ਕਰੋੜ ਸੀ। ਉਪ੍ਰੰਤ ਇਹ ਵੀ ਇਤਿਹਾਸਕ ਸਚਾਈ ਹੈ ਕਿ ਤਲਵੰਡੀ ਭਾਵ ਨਨਕਾਨਾ ਸਾਹਿਬ ਵਿਖੇ ਦੋ ਸਮੇਂ ਦੇ ਸਤਿਸੰਗਾਂ ਵਾਲਾ ਸਿਲਸਿਲਾ ਕਾਇਮ ਕਰਣ ਤੋਂ ਬਾਅਦ, ਆਪਣੇ ੪੭ ਸਾਲਾਂ ਦੇ ਪ੍ਰਚਾਰ ਦੌਰਿਆਂ ਦੌਰਾਨ, ਗੁਰਦੇਵ ਜਿੱਥੇ-ਕਿੱਥੇ ਵੀ ਵਿਚਰੇ, ਉਨ੍ਹਾਂ ਨੇ ਆਪਣਾ ਇਹ ਦੋ ਵੱਕਤ ਦਾ ਸਤਿਸੰਗ ਵੀ ਚਾਲੂ ਰਖਿਆ। ਦੂਜਾ, ਗੁਰਦੇਵ ਨੇ ਇਨ੍ਹਾਂ ਸਤਿਸੰਗ ਰਾਹੀਂ ਨਾਲ ਨਾਲ, ਦੂਰ ਦਰਾਜ਼ ਤੇ ਦੇਸ਼-ਵਿਦੇਸ਼ਾਂ `ਚ ਸੰਗਤਾਂ ਵੀ ਕਾਇਮ ਕੀਤੀਆਂ। ਇਹ ਵੀ ਕਿ ਗੁਰਦੇਵ ਨੇ ਹਰੇਕ ਇਲਾਕੇ `ਚ ਨਾਲ ਨਾਲ ਉਨ੍ਹਾਂ ਸੰਗਤਾਂ ਦੇ ਆਗੂ ਵੀ ਥਾਪੇ। ਇੱਕ ਗੱਲ ਹੋਰ ਇਹ ਕਿ, ਗੁਰਦੇਵ ਨੇ ਉਨ੍ਹਾਂ ਸੰਗਤਾ ਨੂੰ ਕਿਧਰੇ ਵੀ ਆਗੂ ਹੀਣ ਨਹੀਂ ਸੀ ਛੱਡਿਆ।

ਇਸ ਤੋਂ ਬਾਅਦ ਇਹ ਵੀ ਇਤਿਹਾਸਕ ਸਚਾਈ ਹੈ ਕਿ ਗੁਰਦੇਵ ਕੇਵਲ ਪੰਜਾਬ ਤੇ ਭਾਰਚ `ਚ ਹੀ ਨਹੀਂ ਬਲਕਿ ਸੁਮੇਰ ਪਰਬਤ ਦੀਆਂ ਬਰਫ਼ਾਨੀ ਚੋਟੀਆਂ ਤੇ ਦੂਰ ਦਰਾਜ਼ ਭਾਵ ਅਫ਼ਗਾਨਿਸਤਾਨ, ਇਰਾਕ, ਅਰਬ ਦੇਸ਼, ਮੱਕੇ ਮਦੀਨੇ, ਬਗ਼ਦਾਦ, ਲੰਕਾ, ਚੀਨ, ਬਰਮਾ, ਜਾਪਾਨ ਆਦਿ ਦੇਸ਼ਾਂ `ਚ ਭਾਵੇਂ ਕਿਧਰੇ ਵੀ ਵਿਚਰੇ, ਉਨ੍ਹਾਂ ਦਾ ਸਤਿਸੰਗਾਂ ਵਾਲਾ ਸਿਲਸਿਲਾ ਵੀ ਸਸਦਾ ਕਾਇਮ ਰਿਹਾ। ਇਥੋਂ ਤੱਕ ਕਿ ਬਰਮਾ ਦੀ ਰਾਜਧਾਨੀ ਦਾ ਨਾਮ ‘ਨਾਨਕਿੰਗ’ ਅੱਜ ਵੀ ਗੁਰਦੇਵ ਰਾਹੀਂ ਉਥੋਂ ਦੀ ਫ਼ੇਰੀ ਦੀ ਯਾਦ ਦਿਵਾਉਂਦਾ ਹੈ। ਹਿਮਾਲੀਆ ਪਰਬਤ ਦੀ ਚੋਟੀ, ਮਾਉਂਟ ਐਵਰੈਸਟ ਨੂੰ ਸਰ ਕਰਦਿਆਂ ਇੱਕ ਹੋਰ ਸਚਾਈ ਵੀ ਸਾਹਮਣੇ ਆਈ। ਉਹ ਇਹ ਕਿ ਉਥੋਂ ਦੇ ਵਾਸੀ ਵੀ ਗੁਰੂ ਨਾਨਕ ਪਾਤਸ਼ਾਗ ਦੀਆਂ ਮੂਰਤੀਆਂ ਨੂੰ ਸਾਹਮਣੇ ਰੱਖ ਕੇ, ਆਪਣੇ ਦੇਵਤੇ ਦੇ ਤੌਰ `ਤੇ ‘ਨਾਨਕ ਲਾਮਾਂ’ ਦੇ ਨਾਮ ਨਾਲ, ਉਨ੍ਹਾਂ ਦੀ ਯਾਦ ਨੂੰ ਹਰ ਸਮੇਂ ਤਾਜ਼ਾ ਕਰਦੇ ਨਜ਼ਰ ਆਏ।

“ਕੁਝ ਅਗਰਹਾਰੀ ਸਿੱਖਾਂ ਸੰਬੰਧੀ” - ਕੇਵਲ ਮਿਸਾਲ ਵੱਜੋਂ ਇਥੇ ਅਗਰਹਾਰੀ ਸਿੱਖਾਂ ਸੰਬੰਧੀ ਵੇਰਵਾ ਦੇਣਾ ਵੀ ਅਯੋਗ ਨਹੀਂ ਹੋਵੇਗਾ। ਇਸ ਵਿਸ਼ੇ `ਤੇ ਆਪਣੀ ਇੱਕ ਲਿਖਤ `ਚ ਸ੍ਰ ਜਗਮੋਹਨ ਸਿੰਘ ਜੀ ਨੇ ਚਾਨਣਾ ਪਾਇਆ ਹੈ। ਸ੍ਰ ਜਗਮੋਹਨ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਥਾਪਤ ‘ਸਿੱਖ ਮਿਸ਼ਨ, ਪੂਰਬੀ ਭਾਰਤ ਕਲਕਤਾ ਨਾਲ ਸੰਬੰਧਤ ਹੋ ਕੇ ਕਲਕੱਤਾ ਦੇ ਇਲਾਕੇ ਸਸਾਰਾਮ `ਚ ਵੀ ਗਏ ਸਨ। ਦਰਅਸਲ ਇਹ ਅਗਰਹਾਰੀ ਸਿੱਖ ਅਸਲ `ਚ ਉਥੋਂ ਦੇ ਹੀ ਵਸਨੀਕ ਹਨ। ਉਨ੍ਹਾਂ ਅਨੁਸਾਰ, ਆਪਣੇ ਪਹਿਲੇ ਪ੍ਰਚਾਰ ਦੌਰੇ ਸਮੇਂ ਗੁਰੂ ਨਾਨਕ ਪਾਤਸ਼ਾਹ ਬਨਾਰਸ ਤੋਂ ਗਿਆ ਨੂੰ ਜਾਂਦੇ ਹੋਏ ਉਥੇ ਭਾਵ ਸਸਾਰਾਮ `ਚ ਰੁੱਕੇ ਸਨ। ਸਸਾਰਾਮ ਦੇ ਇਸ ਖ਼ਿਤੇ ਨੂੰ ਬਿਹਾਰ ਦਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ।

ਉਂਝ ਸਸਾਰਾਮ ਦਾ ਇਹ ਇਲਾਕਾ ਸਮ੍ਰਾਟ ਅਸ਼ੋਕ ਦੇ ਸ਼ਾਸਨ ਕਾਲ ਦੇ ਸਮੇਂ ਨਾਲ ਜੁੜਿਆ ਹੋਇਆ ਵੀ ਮੰਨਿਆ ਜਾਂਦਾ ਹੈ। ਉਂਜ ਉਨ੍ਹਾਂ ਅਨੁਸਾਰ, ਉਸ ਇਲਾਕੇ `ਚ ਅਸ਼ੋਕ ਸਤੰਭਾਂ ਤੋਂ ਇਲਾਵਾ ਕੁੱਝ ਹੋਰ ਪੁਰਾਤਨ ਨਿਸ਼ਾਨੀਆਂ ਤੇ ਇਲਾਕੇ ਨਾਲ ਜੁੜੇ ਹੋਏ ਬਹੁਤੇਰੇ ਪ੍ਰਚਲਣ ਵੀ ਮਿਲਦੇ ਹਨ। ਭਾਰਤ ਦਾ ਪਠਾਨ ਸ਼ਾਸਕ ਸ਼ੇਰਸ਼ਾਹ ਸੂਰੀ ਵੀ ਇਥੋਂ ਦਾ ਹੀ ਵਸਨੀਕ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸਨੂੰ ਦਫ਼ਨਾਇਆ ਵੀ ਉਸੇ ਹੀ ਇਲਾਕੇ `ਚ ਗਿਆ ਸੀ। ਪਹਿਲੇ ਪਾਤਸ਼ਾਹ ਤੋਂ ਬਾਅਦ ਤੀਜੇ ਪਾਤਸ਼ਾਹ ਸਮੇਂ ਵੀ ਇਥੇ ਗੁਰੂ ਕੀਆਂ ਸੰਗਤਾਂ ਦੀ ਗਿਣਤੀ ਅਤੇ ਅਗਰਹਾਰੀ ਸਿੱਖਾਂ ਦੀ ਗਿਣਤੀ `ਚ ਬਹੁਤ ਵਾਧਾ ਹੋਇਆ ਸੀ।

ਤੀਜੇ ਪਾਤਸ਼ਾਹ ਨੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਨਿਆਈਂ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਜਗ੍ਹਾ ਜਗ੍ਹਾ `ਤੇ ਸੰਗਤਾਂ ਤੇ ਉਨ੍ਹਾਂ ਲਈ ਆਗੂ ਤੇ ਪ੍ਰਚਾਰਕ ਵੀ ਥਾਪੇ ਸਨ। ਉਨ੍ਹਾਂ ਪ੍ਰਚਾਰਕਾਂ `ਚੋਂ ਹੀ ਤੀਜੇ ਪਾਤਸ਼ਾਹ ਰਾਹੀਂ ਭਾਈ ਫਗੂ ਨੂੰ ਇਸ ਇਲਾਕੇ ਦਾ ਪ੍ਰਚਾਰਕ ਅਥਵਾ ਮਸੰਦ ਵੀ ਥਾਪਿਆ ਸੀ। ਉਪ੍ਰੰਤ ਭਾਈ ਫਗੂ ਨੇ ਨੌਵੇਂ ਪਾਤਸ਼ਾਹ ਦੇ ਸਮੇਂ ਤੱਕ ਇਸ ਇਲਾਕੇ `ਚ ਸਿੱਖ ਧਰਮ ਦੇ ਪ੍ਰਚਾਰ ਦੀ ਭਰਵੀਂ ਸੇਵਾ ਨਿਭਾਈ। ਸਿੱਖ ਧਰਮ ਦੇ ਪ੍ਰਚਾਰ ਦੀ ਇਸ ਲੰਮੇਰੀ ਸੇਵਾ ਕਾਰਣ, ਗੁਰੂ ਕੀਆਂ ਸੰਗਤਾਂ ਵਿਚਕਾਰ ਇਸਨੂੰ `ਚਾਚਾ ਫਗੂ’ ਕਰਕੇ ਵੀ ਕਿਹਾ ਜਾਣ ਲੱਗਾ। ਚਾਚੇ ਫਗੂ ਦੀ ਯਾਦ `ਚ ਉਥੇ ਗੁਰਦੁਆਰਾ ਵੀ ਹੈ।

ਉਪ੍ਰੰਤ ਇਸੇ ਲੜੀ `ਚ ਨੌਵੇਂ ਪਾਤਸ਼ਾਹ ਵੀ ਸਸਾਰਾਮ `ਚ ਪਧਾਰੇ ਸਨ। ਨੌਵੇਂ ਪਾਤਸ਼ਾਹ ਦੀ ਫ਼ੇਰੀ ਸਮੇਂ ਉਨ੍ਹਾਂ ਰਾਹੀਂ ਲਗਾਈ ਹੋਈ ਇੱਕ ਇਤਿਹਾਸਕ ਬੇਰੀ, ਉਥੇ ਅੱਜ ਵੀ ਗੁਰੂ ਕੀਆਂ ਸੰਗਤਾਂ ਦੀ ਸ਼ਰਧਾ ਦਾ ਕੇਂਦਰ ਹੈ। ਉਸ ਇਲਾਕੇ `ਚ ਇਤਿਹਾਸਕ ਤੇ ਪੁਰਾਤਣ, ਕੁਲ ਮਿਲਾ ਕੇ ਦਸ ਗੁਰਦੁਆਰੇ ਹਨ। ਗਿਆਨੀ ਗਿਆਨ ਸਿੰਘ ਰਚਤ ਤਵਾਰੀਖ ਗੁਰੂ ਖਾਲਸਾ ਤੇ ਗੁਰ ਪ੍ਰਤਾਪ ਸੂਰਜ `ਚ ਵੀ ‘ਸਸਾਰਾਮ ਫਗੂ ਚਾਚੇ ਦੇ ਘਰ’, ਉਪ੍ਰੰਤ ਭਾਈ ਕਾਨ੍ਹ ਸਿੰਘ ਜੀ ਨਾਭਾ ਜੀ ਕ੍ਰਿਤ ‘ਸਸਾਰਾਮ ਡੇਰਾ, ਬੇਰੀ ਬਾਗ਼ ਵਿੱਚ ਨਿਵਾਸ” `ਚ ਵੀ ਅਜਿਹੇ ਜ਼ਿਕਰ ਆਏ ਹੋਏ ਹਨ। ਖ਼ੈਰ ਸ੍ਰਦਾਰ ਸਾਹਿਬ ਨੇ ਆਪਣੀ ਉਸ ਲਿਖਿਤ `ਚ ਇਸ ਵਿਸ਼ੇ ਸੰਬੰਧੀੇ ਹੋਰ ਵੀ ਬਹੁਤ ਵੇਰਵਾ ਦਿੱਤਾ ਹੋਇਆ ਹੈ।

ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਇਹ ਅਗਰਹਾਰੀ ਸਿੱਖ, ਮਨ ਦੀਆਂ ਗਹਿਰਾਈਆਂ ਤੋਂ ਗੁਰੂਦਰ ਤੇ ਗੁਰਦੁਆਰਿਆਂ ਦੇ ਸਤਿਕਾਰ ਨਾਲ ਜੁੜੇ ਹੋਏ ਹਨ। ਇਨ੍ਹਾਂ ਲੋਕਾਂ ਨੇ ਜਿੱਥੇ ਕਈ ਛੋਟੇ ਕੰਮਾਂ `ਚ ਮੁਹਾਰਤ ਹਾਸਿਲ ਕੀਤੀ ਹੋਈ ਹੈ ਉਥੇ ਇਨ੍ਹਾਂ `ਚੋਂ ਕਈ ਵੱਡੇ ਵੱਡੇ ਕਪੜੇ ਆਦਿ ਤੇ ਹੋਰ ਭਿੰਨ ਭਿੰਨ ਕਿਤਿਆਂ ਦੇ ਥੋਕ ਵਪਾਰੀ ਵੀ ਹਨ। ਉਂਝ ਸਮੇਂ ਦੇ ਨਾਲ-ਨਾਲ ਇਹ ਅਗਰਹਾਰੀ ਸਿੱਖ ਵੀ ਭਾਰਤ ਦੇ ਕਈ ਦੂਜੇ ਪ੍ਰਾਂਤਾਂ `ਚ ਫੈਲ ਚੁੱਕੇ ਹਨ। ਕੌਮ ਵੱਲੋਂ ਇਨ੍ਹਾਂ ਦੀ ਯੋਗ ਸੰਭਾਲ ਨਾ ਹੋਣ ਕਰਕੇ, ‘ਸੰਨ ੮੪ ਦੇ ਸਿੱਖ ਕਤਲੇਆਮ (ਨਸਲਕੁਸ਼ੀ) ਸਮੇਂ, ਇਨ੍ਹਾਂ `ਚੋਂ ਬਹੁਤੇਰੇ, ਆਪਣਾ ਸਿੱਖੀ ਸਰੂਪ ਵੀ ਗੁਆ ਚੁੱਕੇ ਹਨ, ਜਦਕਿ ਉਹ ਅੱਜ ਵੀ ਆਪਣੇ ਆਪ ਨੂੰ ਮੰਣਦੇ ਤੇ ਕਹਿੰਦੇ ਸਿੱਖ ਧਰਮ ਦਾ ਅੰਗ ਹੀ ਹਨ ਅਤੇ ਗੁਰਦੁਆਰਿਆਂ ਨਾਲ ਹੀ ਜੁੜੇ ਹੋਏ ਹਨ। ਲੋੜ ਹੈ ਤਾਂ ਕੌਮ ਰਾਹੀਂ ਉਨ੍ਹਾਂ ਦੀ ਯੋਗ ਤਰੀਕੇ ਸੰਭਾਲ ਕਰਣ ਦੀ।

“ਘਰ ਘਰ ਅੰਦਰ ਧਰਮਸਾਲ” - ਇਹ ਤਾਂ ਅਗਰਹਾਰੀ ਸਿੱਖਾਂ ਦੀ ਕੇਵਲ ਇੱਕ ਮਿਸਾਲ ਹੀ ਹੈ ਜਦਕਿ ਇਸ ਤਰ੍ਹਾਂ ਦੇ ਭਾਰਤ ਭਰ ਤੇ ਵਿਦੇਸ਼ਾਂ `ਚ ਹੋਰ ਵੀ ਬਹੁਤੇਰੇ ਸਿੱਖ ਕਬੀਲੇ ਹਨ ਜਿਨ੍ਹਾਂ ਦੀ ਸੰਭਾਲ ਕਰਣ ਦੀ ਲੋੜ ਹੈ। ਜਿਵੇਂ ਕਿ ਵੇਰਵਾ ਆ ਚੁੱਕਾ ਹੈ ਕਿ ਪਹਿਲੇ ਪਾਤਸ਼ਾਹ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਜਿੱਥੇ ਕਿੱਥੇ ਵੀ ਪਧਾਰਦੇ, ਗੁਰਦੇਵ ਨੇ ਜਗ੍ਹਾ ਜਗ੍ਹਾਂ `ਤੇ ਸੰਗਤਾਂ ਅਤੇ ਧਰਮਸ਼ਾਲਾਵਾਂ ਵੀ ਕਾਇਮ ਕੀਤੀਆਂ ਸਨ ਤੇ ਉਨ੍ਹਾਂ ਸੰਗਤਾਂ ਲਈ ਆਗੂ ਤੇ ਪ੍ਰਚਾਰਕ ਵੀ ਥਾਪੇ ਸਨ। ਇਸ ਤਰ੍ਹਾਂ ਇਹ ਸਿਲਸਿਲਾ ਦਸਵੇਂ ਪਾਤਸ਼ਾਹ ਦੇ ਸਮੇਂ ਤੱਕ ਕਾਇਮ ਰਿਹਾ।

ਇਹ ਵੀ ਕਿ ਸੰਗਤਾਂ ਲਈ ਸਥਾਪਿਤ ਕੀਤੇ ਉਹ ਸਾਰੇ ਪ੍ਰਚਾਰਕ ਤੇ ਆਗੂ ਆਮ ਜੀਵਨ ਵਾਲੇ ਨਹੀਂ ਸਨ ਹੁੰਦੇ ਬਲਕਿ ਬਹੁਤ ਉੱਚੇ-ਸੁੱਚੇ ਤੇ ਗੁਰਮੱਤ ਜੀਵਨ-ਰਹਿਣੀ ਵਾਲੇ ਹੁੰਦੇ ਸਨ। ਲਾਹੌਰ ਦਾ ਵਣਜਾਰਾ ਸਿੱਖ, ਭਾਈ ਮਨਸੁਖ ਜਿਹੜਾ ਕਿ ਆਪਣੇ ਵਣਜ ਦੇ ਨਾਲ ਨਾਲ ਲੰਕਾ ਦੇ ਰਾਜੇ ਸ਼ਿਵਨਾਭ ਦੇ ਜੀਵਨ ਨੂੰ ਬਦਲਣ ਤੱਕ ਦੀ ਵੀ ਸਮਰਥਾ ਰਖਦਾ ਸੀ। ਇਸੇਤਰ੍ਹਾਂ ਪੰਜਵੇਂ ਪਾਤਸ਼ਾਹ ਸਮੇਂ ਵਣਜਾਰਾ ਸਿੱਖ, ਭਾਈ ਕਲਿਆਣਾ ਜਿਸ ਨੇ ਮੰਡੀ ਦੇ ਰਾਜੇ ਹਰੀ ਸੈਣ ਦਾ ਜੀਵਨ ਵੀ ਬਦਲ ਕੇ ਰਖ ਦਿੱਤਾ ਸੀ।

ਇਸੇ ਤਰ੍ਹਾਂ ਦਸਾਂ ਪਾਤਸ਼ਾਹੀਆਂ ਦੇ ਸਮੇਂ ਤੱਕ ਦਾ ਸਿੱਖ ਇਤਿਹਾਸ, ਭਾਈ ਸੱਜਨ (ਪਹਿਲਾਂ ਸੱਜਨ ਠੱਗ) ਤੇ ਕੌਡਾ ਭੀਲ ਆਦਿ ਵਰਗੀਆਂ ਮਿਸਾਲਾਂ ਤੋਂ ਅਰੰਭ ਹੋ ਕੇ ਅੰਤ ਤੱਕ ਭਰਿਆ ਪਿਆ ਹੈ। ਉਹ ਸੱਜਨ ਜਿਹੜੇ ਗੁਰਦੇਵ ਵੱਲੋਂ ਸਮੇਂ ਸਮੇਂ `ਤੇ ਪ੍ਰਚਾਰਕ ਥਾਪੇ ਜਾਂਦੇ ਰਹੇ। ਸਮੇਂ-ਸਮੇਂ ਨਾਲ ਸਥਾਪਤ ਅਜਿਹੇ ਸਿੱਖ ਪ੍ਰਚਾਰਕਾਂ ਦੇ ਗੁਰਮੱਤ ਪ੍ਰਚਾਰ ਦੀ ਸੀਮਾਂ ਆਖ਼ਿਰ ਉਨ੍ਹਾਂ ਦੇ ਆਪਣੇ-ਆਪਣੇ ਜੀਵਨ ਦੀ ਸੰਭਾਲ ਤੀਕ ਸੀਮਿਤ ਨਹੀਂ ਸੀ। ਉਹ ਇਲਾਕੇ-ਇਲਾਕੇ ਦੀਆਂ ਸੰਗਤਾਂ ਤੇ ਆਗੂ ਵੀ ਸਨ ਅਤੇ ਉਨ੍ਹਾਂ ਰਾਹੀਂ ਕੀਤੇ ਗਏ ਗੁਰਮੱਤ ਪ੍ਰਚਾਰ ਦੇ ਕੇਂਦਰ ਸਿੱਖੀ ਪ੍ਰਚਾਰ ਦੇ ਮਾਨੋ ਚਲਦੇ ਦਰਿਆ ਤੇ ਚਸ਼ਮੇ ਸਨ ਜਿਨ੍ਹਾਂ ਦੇ ਰੁਕਣ ਦੀ ਵੀ ਕਿਧਰੇ ਸੂਚਨਾ ਨਹੀਂ ਮਿਲਦੀ, ਖੋਜ ਕੀਤਿਆਂ ਉਨ੍ਹਾਂ ਸੰਬੰਧੀ ਜਾਣਕਾਰੀਆਂ ਜ਼ਰੂਰ ਪ੍ਰਾਪਤ ਹੋ ਸਕਦੀਆਂ ਹਨ।

ਵਿਚਾਰਣ ਦਾ ਵਿਸ਼ਾ ਇਹ ਵੀ ਹੈ ਕਿ ਉਨ੍ਹਾਂ ਰਾਹੀ ਨਿੱਤ ਪ੍ਰਫ਼ੁਲਤ ਕੀਤੀ ਜਾਂਦੀ ਸਿੱਖ ਫੁਲਵਾੜੀ ਤੇ ਉਹ ਗੁਰੂ ਕੀ ਸਿੱਖੀ, ਆਖ਼ਿਰ ਉਹ ਗਈ ਕਿਧਰ? ਕਾਬਲੀ ਸੰਗਤ, ਬਨਾਰਸੀ ਸੰਗਤ, ਦਿੱਲੀ ਦੀ ਸੰਗਤ, ਯੂ ਪੀ ਦੀ ਸੰਗਤ, ਬੰਗਾਲੀ ਸੰਗਤ, ਅਸਾਮੀ ਸੰਗਤ, ਕਸ਼ਮੀਰ ਦੀ ਸੰਗਤ ਆਦਿ ਬਹੁਤੇਰੇ ਅਜਿਹੇ ਲਫ਼ਜ਼ ਹਨ ਜਿਹੜੇ ਅੱਜ ਵੀ ਗੁਰੂ ਹਸਤੀਆਂ ਰਾਹੀਂ ਇਲਾਕੇ-ਇਲਾਕੇ `ਚ “ਘਰ ਘਰ ਅੰਦਰ ਧਰਮਸਾਲ” ਅਨੁਸਾਰ ਭਿੰਨ ਭਿੰਨ ਸੰਗਤਾਂ ਨੂੰ ਕਾਇਮ ਕਰਣ ਦੀ ਸੂਚਣਾ ਦਿੰਦੇ ਤੇ ਗਵਾਹੀ ਭਰਦੇ ਹਨ।

ਨੌਵੇਂ ਪਾਤਸ਼ਾਹ ਰਾਹੀਂ ਪੂਰਬ ਦੇਸ਼ ਦੇ ਦੌਰੇ ਸਮੇਂ ਜੋ ਵੱਡੀ ਗਿਣਤੀ `ਚ ਸੰਗਤਾਂ ਕਾਇਮ ਹੋਈਆਂ ਤੇ ਆਸਾਮ ਆਦਿ `ਚ ਜਿਹੜੇ ਗੁਰੂ ਕੇ ਸਿੱਖ ਸੱਜੇ ਉਨ੍ਹਾਂ ਦੀ ਸੂਚਨਾ ਅੱਜ ਵੀ ਮਿਲਦੀ ਹੈ। ਇੱਕ ਸੂਚਨਾ ਅਨੁਸਾਰ ਕੁੱਝ ਸਮਾਂ ਪਹਿਲਾਂ ਇੱਕ ਬੰਗਾਲੀ ਲੇਖਕ ਨੇ ਜਦੋਂ ਇੱਕ ਪੁਸਤਕ The Other Sikhs ਛਪਵਾਈ ਤਾਂ ਉਸਨੇ ਵੀ ਉਸ ਪੁਸਤਕ `ਚ ਆਸਾਮੀ ਸਿੱਖਾਂ ਦਾ ਵੇਰਵਾ ਦਿੱਤਾ। ਇਸੇਤਰ੍ਹਾ ਇੱਕ ਹੋਰ ਸੂਚਨਾ ਅਨੁਸਾਰ ਜਦੋਂ ਅਗਰਵਾਲ ਸਮਾਜ ਨੇ ਆਪਣੇ ਪੁਰਖੇ ਉਗਰਸੈਨ ਦੇ ਨਾਮ `ਤੇ ਆਪਣੀ ਰਾਜਧਾਨੀ ਅਗਰੋਹੀ ਦਾ ਪੁਨਰ ਨਿਰਮਾਣ ਕੀਤਾ ਤਾਂ ਉਸ `ਚ ਅਗੇਰੀ ਸਿੱਖ ਵੀ ਵੱਡੀ ਗਿਣਤੀ `ਚ ਸ਼ਾਮਿਲ ਹੋਏ ਤਾਂ ਫ਼ਿਰ ਉਨ੍ਹਾਂ ਅਗੇਰੀ ਸਿੱਖਾਂ ਦਾ ਮੂਲ ਕਦੋਂ ਤੋਂ ਚਲਦਾ ਆ ਰਿਹਾ ਸੀ, ਜਿਸਦਾ ਕਿ ਸਾਨੂੰ ਇਥੇ ਅੱਜ ਤੱਕ ਵੀ ਪਤਾ ਨਹੀ।

ਗੁਰਬਾਣੀ `ਚ ਜਿਹੜੇ ਪੰਦਰਾਂ ਭਗਤਾਂ ਦੀ ਬਾਣੀ ਦਰਜ ਹੋਈ ਹੈ ਜੇਕਰ ਉਨ੍ਹਾਂ ਦੀਆਂ ਸਿਖਿਆਂਵਾਂ ਤੇ ਜੀਵਨ ਦਾ ਸਤਿਕਾਰ ਕਰਣ ਵਾਲੇ ਸੰਗਠਨ ਜਿਵੇਂ ਕਬੀਰ ਪੰਥੀਏ, ਰਵੀਦਾਸੀਏ, ਨਾਮਦੇਵ ਦੇ ਸ਼੍ਰਧਾਲੂਆਂ ਆਦਿ ਵਿਚਕਾਰ ਕਿਸੇ ਯੋਗ, ਗੁਰਮੱਤ ਭਰਪੂਰ ਤੇ ਅਪਣਤ ਵਾਲੇ ਢੰਗ ਨਾਲ ਪ੍ਰਚਾਰ ਕੀਤਾ ਜਾਵੇ ਅਤੇ ਉਨ੍ਹਾਂ ਅਨੰਤ ਲੋਕਾਂ ਦੀ ਸੰਭਾਲ ਕੀਤੀ ਜਾਵੇ ਤਾਂ ਉਨ੍ਹਾਂ ਵਿਚਕਾਰ ਵੀ ਗੁਰੂਦਰ ਨਾਲ ਸੰਬੰਧਤ ਨਾਨਕ ਪੰਥੀ ਅੱਜ ਵੀ ਵੱਡੀ ਗਿਣਤੀ `ਚ ਮਿਲਦੇ ਹਨ ਤੇ ਉਨ੍ਹਾਂ ਤੋਂ ਸਿੱਖੀ ਦੀ ਜ਼ਮੀਨ ਹੋਰ ਵੀ ਕਈ ਗੁਣਾਂ ਵਧ ਪ੍ਰਫ਼ੁਲਤ ਹੋ ਸਕਦੀ ਹੈ। ਇਸ ਤਰ੍ਹਾਂ ਜਿਵੇਂ ਕਿ ਭਾਈ ਗੁਰਦਾਸ ਜੀ ਨੇ ਤਾਂ ਉਦੋਂ ਹੀ ਸਪਸ਼ਟ ਕਰ ਦਿੱਤਾ ਸੀ ਕਿ:

“ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥

ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ” (ਭਾ: ਗੁ: ੧/੨੭)

ਇਸ ਲਈ ਜੇ ਕਰ ਅਜੇ ਵੀ ਇਸ ਪਾਸੇ ਸਿਦਕਦਿਲੀ ਨਾਲ ਟੁਰਾਂ ਗੇ ਤਾਂ ਹਰ ਪਾਸੇ ਖਿੰਡੇ ਤੇ ਬਿਖਰੇ ਹੋਏ ਢੰਗ ਨਾਲ ਸਿੱਖੀ ਦਾ ਬੀਜ ਅੱਜ ਵੀ ਸੌਖਾ ਮਿਲਦਾ ਜਾਵੇਗਾ। ਉਹ ਸਮੁਦਾਇ, ਕਬੀਲੇ ਤੇ ਇਲਾਕੇ ਅੱਜ ਵੀ ਬੇਅੰਤ ਹਨ ਜਿਨ੍ਹਾਂ ਨੂੰ ਅੱਜ ਵੀ ਆਪਣੇ ਪੁਰਖਿਆਂ `ਤੇ ਉਨ੍ਹਾਂ ਰਾਹੀਂ ਗੁਰੂਦਰ ਨਾਲ ਜੁੜੇ ਹੋਣ `ਤੇ ਮਾਣ ਹੈ। ਉਹ ਜਿਹੜੇ ਅੱਜ ਵੀ ਤਰਸਦੇ ਹਨ ਕਿ ਕੌਮ ਉਨ੍ਹਾਂ ਦੀ ਸੰਭਾਲ ਕਰੇ। ਗਲਵਕੜੀ `ਚ ਲੈ ਕੇ ਉਨ੍ਹਾਂ ਅੰਦਰ ਸੁੱਤੇ ਹੋਏ ਸਿੱਖੀ ਜੀਵਨ ਨੂੰ, ਅੱਜ ਵੀ ਜਗਾਇਆ ਜਾ ਸਕਦਾ ਹੈ। ਜਦਕਿ ਉਨ੍ਹਾਂ ਦੇ ਗੁਰਮੱਤ ਪੱਖੋਂ ਅਜਿਹੇ ਵਿਗਾੜ ਲਈ ਸਮੇਂ ਸਮੇਂ ਦੇ ਰਾਜਸੀ ਹਾਲਾਤ, ਸਿੱਖ ਵਿਰੋਧੀ ਤਾਕਤਾਂ ਤੋਂ ਇਲਾਵਾ ਇਸ ਪੱਖੋਂ ਪੰਥ ਦੀ ਆਪਣੇ ਵੱਲੋਂ ਉਨ੍ਹਾਂ ਦੀ ਕੀਤੀ ਜਾ ਰਹੀ ਲਾਪਰਵਾਹੀ ਵੀ ਘੱਟ ਜ਼ਿੰਮੇਵਾਰ ਨਹੀਂ।

‘ਨਾਨਕ ਪੰਥੀ ਸੂਚੀ’ - ਨਾਨਕ ਪੰਥੀਆਂ ਦੀ ਸੂਚੀ ਬਹੁਤ ਲੰਮੀ ਹੈ, ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਪੱਖੋਂ ਅਸੀਂ ਜਿਤਨਾ ਜਾਗਦੇ ਜਾਂਵਾਂਗੇ ਅਤੇ ਖੌਜਾਂ ਕਰਾਂਗੇ ਇਹ ਸੂਚੀ ਵੀ ਲੰਮੇਰੀ ਹੁੰਦੀ ਜਾਵੇਗੀ। ਫ਼ਿਰ ਵੀ ਇਥੇ ਅਸੀਂ ਸ਼੍ਰੌ: ਗੁ: ਪ੍ਰ: ਕਮੇਟੀ ਦੇ ਮਾਸਕ ਪਤ੍ਰ “ਗੁਰਮਤਿ ਪ੍ਰਕਾਸ਼” ਸਤੰਬਰ ੧੯੬੯ `ਚ ਇਸ ਵਿਸ਼ੇ ਨਾਲ ਸੰਬੰਧਤ ਗਿ: ਫ਼ੌਜਾ ਸਿੰਘ ਜੀ ਦਾ ਇੱਕ ਲੇਖ ‘ਨਾਨਕ ਪੰਥੀ ਸੂਚੀ’ ਛਪਿਆ ਸੀ। ਪਾਠਕਾਂ ਦੀ ਜਾਣਕਾਰੀ ਤੇ ਵਧੇਰੇ ਲਾਭ ਹਿੱਤ ਇਥੇ ਅਸੀਂ ਉਸ `ਤੇ ਆਧਾਰਤ ਕੁੱਝ ਜ਼ਿਕਰ ਕਰਣਾ ਵੀ ਜ਼ਰੂਰੀ ਸਮਝਦੇ ਹਾਂ। ਉਸ ਸੂਚੀ `ਚ ਉਨ੍ਹਾਂ ਨੇ ਇਸ ਸੰਬੰਧੀ ਕਾਫ਼ੀ ਤੋਂ ਜ਼ਿਆਦ ਤੇ ਭਰਪੂਰ ਜਾਣਕਾਰੀਆਂ ਦਿੱਤੀਆਂ ਸਨ। ਜੇਕਰ ਉਹ ਸਾਰੀ ਸੂਚੀ ਨਹੀਂ ਫ਼ਿਰ ਵੀ ਉਸ ਸੂਚੀ `ਚੋ ਕੁੱਝ ਹਵਾਲੇ ਦੇਣੇ ਲਾਹੇਵੰਦ ਹੋਣਗੇ ਜਿਵੇਂ:-

(ੳ) ਚੌਥੇ ਪਾਤਸ਼ਾਹ ਰਾਹੀਂ ਅਰੰਭ ਕੀਤੀ ਮਸੰਦ ਪ੍ਰਥਾ ਨੂੰ ਦਰਜਾ-ਬ-ਦਰਜਾ ਸਤਵੇਂ ਪਾਤਸ਼ਾਹ ਨੇ ਵੀ ਅੱਗੇ ਵਧਾਇਆ ਸੀ। ਆਪ ਜੀ ਨੇ ਵੀ ਤਿੰਨ ਨਵੇਂ ਪ੍ਰਚਾਰ ਡੇਰੇ ਜਿਨ੍ਹਾਂ ਨੂੰ ਉਸ ਸਮੇਂ ਦੀ ਬੋਲੀ `ਚ ਧੂਨੀਏ ਕਿਹਾ ਜਾਂਦਾ ਸੀ, ਸਥਾਪਤ ਕੀਤੇ ਸਨ।

(ਪਹਿਲਾ) ਭਾਈ ਭਗਤੂ, ਕਰਤਾਪੁਰ ਸਾਹਿਬ ਆਪ ਦੇ ਦਰਸ਼ਨਾਂ ਨੂੰ ਆਇਆ `ਤੇ ਉਥੇ ਹੀ ਚਲਾਣਾ ਕਰ ਗਿਆ। ਗੁਰਦੇਵ ਨੇ ਉਸ ਪ੍ਰਚਾਰ ਕੇਂਦਰ ਦੀ ਸਪੁਰਦਗੀ, ਉਸ ਦੇ ਸਪੁੱਤ੍ਰ ਭਾਈ ਜੀਉਣਾ ਜੀ ਨੂੰ ਕੀਤੀ।

(ਦੂਜਾ) ਭਾਈ ਫੇਰੂ ਨੂੰ ਪ੍ਰਚਾਰਕ ਥਾਪ ਕੇ ਲੰਮੇ ਦੇਸ ਭਾਵ ਕਸੂਰ ਆਦਿ ਇਲਾਕਿਆਂ `ਚ ਭੇਜਿਆ।

(ਤੀਜਾ) ਬੋਧ ਗਯਾ ਦਾ ਸੰਨਿਆਸੀ ਮਹੰਤ ਭਗਵਾਨ ਗਿਰੀ ਆਪ ਦੇ ਦਰਸ਼ਨਾਂ ਨੂੰ ਆਇਆ `ਤੇ ਸਿੱਖ ਸਜ ਗਿਆ। ਗੁਰਦੇਵ ਨੇ ਉਸ ਦਾ ਨਾਮ ਬਦਲ ਕੇ ‘ਭਗਤ ਭਗਵਾਨ’ ਰਖਿਆ ਤੇ ਉਸਨੂੰ ਉਸ ਦੇ ਬੋਧ ਗਯਾ ਵਾਲੇ ਇਲਾਕੇ ਲਈ ਹੀ ਪ੍ਰਚਾਰ ਦੀ ਜ਼ਿਮੇਵਾਰੀ ਸੌਂਪ ਦਿੱਤੀ। ਜਦਕਿ ਉਸ ਪਰਗਨੇ `ਚ ਉਸ ਦੇ ਪਹਿਲਾਂ ਤੋਂ ਹੀ 360 ਡੇਰੇ ਸਨ। ਵਿਚਾਰਣ ਵਾਲੀ ਉਸ ਤੋਂ ਵੱਡੀ ਗੱਲ ਇਹ ਵੀ ਹੈ ਕਿ ਇਸ ਤਰ੍ਹਾਂ ਬੁਧ ਧਰਮ ਨੂੰ ਤਿਆਗ ਕੇ ਉਸ ਸਮੇਂ ਉਹ ਮਹੰਤ ਭਗਵਾਨ ਗਿਰੀ ਤੋਂ ਭਗਤ ਭਗਵਾਨ ਅਧੀਨ, ਸਿੱਖ ਧਰਮ ਦੇ ਪ੍ਰਚਾਰ ਲਈ ਇੱਕ ਦੰਮ ਜੋ ੩੬੦ ਡੇਰੇ ਚਾਲੂ ਹੋਏ ਸਨ ਤਾਂ ਅੱਜ ਉਨ੍ਹਾਂ ਦੀ ਹੋਂਦ ਕਿੱਥੇ ਹੈ?

ਗਿ: ਜੀ ਨੇ ਵੀ ਉਸ ਸੂਚੀ `ਚ ਉਨ੍ਹਾਂ ੩੬੦ ਡੇਰਿਆ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਉਦਾਸੀ ਮਹਾਪੁਰਸ਼ਾਂ ਦੀਆਂ ੩੬੦ ਗਦੀਆਂ ਅੱਜ ਵੀ ਮੌਜੂਦ ਹਨ। ਇਨ੍ਹਾਂ ਦਾ ਸਭ ਤੋਂ ਵੱਡਾ ਡੇਰਾ ਰਾਜਗਿਰੀ `ਚ ਹੈ। ਉਪ੍ਰੰਤ ਪਟਨਾ, ਦੁਰਭੰਗਾ, ਮੁਘੇਰ, ਮੁਜ਼ੱਫ਼ਰਪੁਰ, ਸਿਲੀ ਗੁੜੀ ਤੱਕ ਇਨ੍ਹਾਂ ਦੀਆਂ ਗਡੀਆਂ ਫੈਲੀਆਂ ਹੋਈਆਂ ਹਨ।

(ਅ) ਇਸ ਤੋਂ ਬਾਅਦ, ਗਿਆਨੀ ਜੀ ਅਨੁਸਾਰ ਹੀ, ਪੂਰਨੀਆਂ ਜਿਹੜੀ ਅੱਜ ਰਿਆਸਤ ਨਾ ਰਹਿ ਕੇ ਬਿਹਾਰ ਦਾ ਪੂਰਾ ਪ੍ਰਾਂਤ ਬਣ ਚੁੱਕੀ ਹੋਈ ਹੈ ਉਸ ਇਲਾਕੇ ਦਾ ਰਾਜਘਰਾਣਾ ਵੀ ਨਾਨਕ ਪੰਥੀ ਹੈ। ਇਸੇ ਕਾਰਣ ਉਨ੍ਹਾਂ ਦੇ ਰਾਜ ਮਹੱਲ `ਚ ਵੀ ਗੁਰਦੁਆਰਾ ਹੈ। ਉਸ ਸੂਬੇ `ਚ ਕਾਇਸਥ ਜਾਤੀ ਦੇ ਲੋਕ ਵੱਡੀ ਗਿਣਤੀ `ਚ ਹਨ ਜਿਹੜੇ ਬਹੁਤਾ ਕਰਕੇ ਹੈਣ ਹੀ ਨਾਨਕ ਪੰਥੀ। ਹੋਰ ਤਾਂ ਹੋਰ, ਗਿ: ਜੀ ਅਨੁਸਾਰ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸਾਦ ਵੀ ਉਨ੍ਹਾਂ `ਚੋਂ ਹੀ ਇੱਕ ਸਨ ਅਤੇ ਜੀਵਨ ਰਹਿਣੀ ਕਰਕੇ ਆਪ ਵੀ ਪੱਕੇ ਨਾਨਕ ਪੰਥੀ ਸਨ।

(ੲ) ਇਸ ਤੋਂ ਅੱਗੇ ਗਿ: ਜੀ ਨੇ ਆਸਾਮ ਤੱਕ ਦੇ ਕਈ ਇਲਾਕਿਆਂ `ਚ ਨਾਨਕ ਪੰਥੀਆਂ ਦੀ ਭਰਵੀਂ ਗਿਣਤੀ ਤੇ ਉਨ੍ਹਾਂ ਦੇ ਗੜ੍ਹਾਂ ਸੰਬੰਧੀ ਵੀ ਵੇਰਵੇ ਨਾਲ ਜ਼ਿਕਰ ਕੀਤਾ ਹੈ। ਇਥੋਂ ਤੱਕ ਕਿ ਉਨ੍ਹਾਂ ਨਾਨਕ ਪੰਥੀਆਂ ਦੀ ਵੱਸੋਂ `ਚ ਬਹੁਤ ਥਾਵੇਂ ਤਾਂ ਪੂਰਨ ਸਰੂਪ `ਚ ਕੇਸਾਧਾਰੀ ਅਸਾਮੀ ਸਿੱਖ ਵੀ ਮੌਜੂਦ ਹਨ। ਇਸ ਤੋਂ ਇਲਾਵਾ ਉਥੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਿਆਂ ਸੰਬੰਧੀ ਵੇਰਵਾ ਵੀ ਦਿੱਤਾ ਹੈ।

ਇਹ ਵੀ ਸਪਸ਼ਟ ਕੀਤਾ ਹੈ ਕਿ ਦਸਮੇਸ਼ ਪਿਤਾ ਦੇ ਸਮੇਂ ਆਸਾਮ ਦਾ ਰਾਜਾ ਰਤਨ ਰਾਇ (ਜਿਸਦਾ ਜਨਮ ਹੀ ਗੁਰਦੇਵ ਦੇ ਵਰਦਾਨ ਤੋਂ ਹੋਇਆ ਸ਼ੀ)। ਉਪ੍ਰੰਤ ਉਹੀ ਰਾਜਾ ਰਤਨ ਰਾਇ ਗੁਰਦੇਵ ਦੇ ਚਰਨਾਂ `ਚ ਪ੍ਰਸਾਦੀ ਹਾਥੀ ਆਦਿ ਤੁਹਫ਼ੇ ਲੈ ਕੇ ਹਾਜ਼ਰ ਹੋਇਆ ਸੀ। ਉਹ ਆਪਣੀ ਵਾਪਸੀ ਸਮੇਂ ਗੁਰਦੇਵ ਪਾਸੋਂ ਆਪਣੀ ਫ਼ੌਜ ਲਈ ੭੦ ਸਿੱਖਾਂ ਨੂੰ ਵੀ ਨਾਲ ਲੈ ਗਿਆ ਸੀ। ਉਪ੍ਰੰਤ ਉਨ੍ਹਾਂ ਸਿੱਖਾਂ ਦੇ ਉਥੇ ਆਸਾਮੀ ਪ੍ਰਵਾਰ ਅੱਜ ਵੀ ਵਸਦੇ ਹਨ ਤੇ ਹੁਣ ਉਨ੍ਹਾਂ ਸਿੱਖਾਂ ਦੀ ਮਾਤ ਭਾਸ਼ਾ ਵੀ ਅਸਾਮੀ ਹੀ ਬਣ ਚੁੱਕੀ ਹੋਈ ਹੈ।

(ਸ) ਇਸੇਤਰ੍ਹਾਂ ਸ਼ਾਹਪੁਰ, ਜ਼ਿਲਾ ਆਰਾ `ਚ ਵੀ ਉਦਾਸੀਆਂ ਦਾ ਗੁਰਦੁਆਰਾ ਹੈ ਤੇ ਇਹ ਉਦਾਸੀਆਂ ਦੀ ਵੱਡੀ ਰਿਆਸਤ ਵੀ ਹੈ। ਉਪ੍ਰੰਤ ਜਗਦੀਸ਼ ਪੁਰ ਆਰਾ `ਚ ਵੀ ਉਦਾਸੀਆਂ ਦੀ ਬਹੁਤ ਵੱਡੀ ਗੱਦੀ ਦੱਸੀ ਹੈ ਜਦਕਿ ਇਸੇ ਤੋਂ ਇਹ ਸਾਰੇ ਇਲਾਕੇ ਨਾਨਕਪੰਥੀਆਂ ਦੇ ਹੀ ਗੜ੍ਹ ਦੱਸੇ ਹਨ। ਇਨ੍ਹਾਂ ਤੋਂ ਇਲਾਵਾ ਉਥੇ ਭਿੰਨ ਭਿੰਨ ਗੁਰਦੁਆਰਿਆਂ `ਚ ਇਤਿਹਾਸਕ ਯਾਦਗਾਰਾਂ ਸੰਬੰਧੀ ਵਰਨਣ ਵੀ ਆਇਆ ਹੈ ਜਿਵੇਂ ਨੌਵੇਂ ਪਾਤਸ਼ਾਹ ਦੀ ਹੱਥ ਲ਼ਿਖਤ ਦਸਖਤੀ ਪੰਜ ਗ੍ਰੰਥੀ, ਦਸਮੇਸ਼ ਪਿਤਾ ਦੀ ਦਸਖ਼ਤੀ ਬੀੜ ਜਿਸ `ਚ ਮੂਲ ਮੰਤਰ ਦਸਮੇਸ਼ ਜੀ ਦੇ ਕਰ ਕਮਲਾਂ ਨਾਲ ਲਿਖਿਆ ਹੋਇਆ ਹੈ ਆਦਿ ਉਥੇ ਕੁੱਝ ਹੋਰ ਅਜਿਹੀਆਂ ਯਾਦਗਾਰਾਂ ਵੀ ਪ੍ਰਾਪਤ ਹਨ।

ਉਂਜ ਸਾਡੇ ਵੱਲੋਂ ਪਹਿਲਾਂ ਦਿੱਤਾ ਜਾ ਚੁੱਕਾ ਸਾਸਾਰਮ ਤੇ ਅਗਰਹਾਰੀ ਸਿੱਖਾਂ ਸੰਬੰਧੀ ਵੇਰਵਾ, ਗਿਆਨੀ ਜੀ ਨੇ ਵੀ ਆਪਣੀ ਸੂਚੀ `ਚ ਸਸਾਰਾਮ, ਅਗਰਹਾਰੀ ਸਿੱਖਾਂ, ਗੁਰੂ ਸਾਹਿਬਾਨ ਰਾਹੀਂ ਸਸਾਰਾਮ ਆਦਿ ਦੇ ਦੌਰੇ, ਚਾਚੇ ਫਗੂ ਤੇ ਉਥੋਂ ਦੇ ਇਤਿਹਾਸਕ ਗੁਰਦੁਆਰਿਆਂ ਆਦਿ ਵਿਸ਼ਿਆਂ ਦਾ ਜ਼ਿਕਰ ਵੀ ਕੀਤਾ ਹੈ।

(ਹ) ਸਿੰਧ, ਯੂ: ਪੀ ਅਤੇ ਕਾਂਗੜੇ ਦੇ ਨਾਨਕ ਪੰਥੀ-ਗਿ: ਫ਼ੌਜਾ ਸਿੰਘ ਜੀ ਨੇ ਆਪਣੀ ਉਸ ਸੂਚੀ `ਚ ਸਿੰਧੀ ਨਾਨਕ ਪੰਥੀਆਂ, ਯੂ: ਪੀ ਦੇ ਵਣਜਾਰੇ ਨਾਨਕ ਪੰਥੀਆਂ ਤੇ ਕਾਂਗੜੇ ਦੇ ਨਾਨਕ ਪੰਥੀਆਂ ਦਾ ਵੀ ਭਰਵਾਂ ਜ਼ਿਕਰ ਕੀਤਾ ਹੈ। ਜ਼ਿਲਾ ਕਾਂਗੜਾ ਜਿਹੜਾ ਹੁਣ ਹਿਮਾਚਲ ਪ੍ਰਦੇਸ਼ `ਚ ਹੈ ਉਥੋਂ ਦੇ ਲੱਖਾਂ ਦੀ ਗਿਣਤੀ `ਚ ਵਸਨੀਕ ਨਾਨਕ ਪੰਥੀਆਂ ਬਾਰੇ ਵੀ ਦੱਸਿਆ ਹੈ। ਉਨ੍ਹਾਂ ਅਨੁਸਾਰ, ਕਾਂਗੜੇ `ਚ ਜਿਹੜੇ ਵੱਡੀ ਗਿਣਤੀ `ਚ ਨਾਨਕ ਪੰਥੀ ਵਸਦੇ ਹਨ, ਉਨ੍ਹਾਂ `ਚੋਂ ਬਹੁਤੇ ਡੇਰਾ ਬਾਬਾ ਵਡਭਾਗ ਸਿੰਘ ਨਾਲ ਜੁੜੇ ਹੋਏ ਹਨ।

ਉਨ੍ਹਾਂ ਤੋਂ ਇਲਾਵਾ ਉਨ੍ਹਾਂ ਅਨੁਸਾਰ ਹਨ ਸਿੰਧ ਦੇ ਨਾਨਕ ਪੰਥੀ। ਸਿੰਧ ਸੂਬੇ `ਚ ਉਦਾਸੀ ਸੰਤਾਂ ਦੀ ਸਭ ਤੋਂ ਵੱਡੀ ਗੱਦੀ ਸਿੰਧ ਬੇਲਾ ਦੀ ਸੀ। ਦਰਅਸਲ ਇਹ ਗੱਦੀ ਲਖਨਉ ਵਾਲੇ ਮੀਆਂ ਸ਼ਾਹੀ ਉਦਾਸੀ ਵਾਲੀ ਗੱਦੀ ਦਾ ਹੀ ਵਿਸਤਾਰ ਸੀ ਜਿਨ੍ਹਾਂ ਨੇ ਉਥੇ ਲਖਾਂ ਲੋਕਾਂ ਵਿਚਕਾਰ ਗੁਰਮੱਤ ਦਾ ਪ੍ਰਚਾਰ ਕੀਤਾ ਤੇ ਲਗਭਗ ਪੂਰੇ ਸਿੰਧ ਸੂਬੇ ਨੂੰ ਨਾਨਕ ਪੰਥੀ ਬਣਾਇਆ ਸੀ। ਉਦਾਸੀਆਂ ਦੀ ਇਸੇ ਗੱਦੀ ਦੇ ਇੱਕ ਸਾਧ ਨੇ ਕਾਬੁਲ `ਚ ਜਾ ਕੇ ਵੀ ਗੁਰਮੱਤ ਦਾ ਭਰਵਾਂ ਪ੍ਰਚਾਰ ਕੀਤਾ, ਜਿਸਦਾ ਜ਼ਿਕਰ ਮੁਹਸਨ ਫ਼ਾਨੀ ਦੀ ਲਿਖਤ ‘ਦਬਿਸਤਾਨ ਮੁਜ਼ਾਹਿਬ’ `ਚ ਵੀ ਮਿਲਦਾ ਦੱਸਿਆ ਗਿਆ ਹੈ।

ਗੁਰਮੱਤ ਪ੍ਰਚਾਰ ਦੀ ਇਸੇ ਲੜੀ `ਚ ਪ੍ਰਸਿੱਧ ਕੀਰਤਨੀੲ ਭਾਈ ਚੇਲਾ ਰਾਮ ਜੀ ਸੰਧੀ, ਉਨ੍ਹਾਂ ਦੇ ਸਪੁਤ੍ਰ ਭਾਈ ਲਛਮਣ ਚੇਲਾ ਰਾਮ ਤੇ ਬੀਬੀ ਕਮਲਾ ਵੀ ਆਉਂਦੇ ਹਨ। ਨਾਨਕ ਪੰਥੀਆਂ ਦੇ ਇਸੇ ਸਿੰਧੀ ਸਮਾਜ ਰਾਹੀਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਹਿੰਦੀ, ਗੁਜਰਾਤੀ, ਬੰਗਾਲੀ, ਮਰਾਠੀ, ਤਾਮਿਲ, ਤੇਲਗੂ, ਅੰਗ੍ਰੇਜ਼ੀ ਤੇ ਸਿੰਧੀ ਭਾਸ਼ਾ `ਚ ਤਰਜਮੇ ਕਰਣ ਦੀ ਵੀ ਸੂਚਣਾ ਹੈ।

ਦੇਸ਼ ਦੀ ਵੰਡ ਤੋਂ ਬਾਅਦ, ਬਾਕੀਆਂ ਵਾਂਙ ਇਹ ਨਾਨਕ ਪੰਥੀ ਸਿੰਧੀਪ੍ਰਵਾਰ ਵੀ ਭਾਰਤ ਦੇ ਵੱਖ ਵੱਖ ਪ੍ਰਾਂਤਾਂ `ਚ ਫੈਲ ਗਏ ਜਿਨ੍ਹਾਂ `ਚੋਂ ਰਾਜਸਥਾਨ, ਦਿੱਲੀ, ਗੁਜਰਾਤ, ਮਹਾਰਾਸ਼ਟਰ ਉਪ੍ਰੰਤ ਮਧਪ੍ਰਦੇਸ਼ `ਚ ਇੰਦੋਰ ਇਨ੍ਹਾਂ ਦਾ ਪ੍ਰਮੁੱਖ ਕੇਂਦਰ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇਵੀ ਬੜੇ ਬੜੇ ਸੁੰਦਰ ਗੁਰਦੁਆਰੇ ਬਣਾਏ ਹਨ। ਇਨ੍ਹਾਂ ਨਾਨਕ ਪੰਥੀ ਸਿੱਖਾਂ ਦੀ ਗਿਣਤੀ ਵੀ ਲੱਖਾਂ `ਚ ਹੈ ਤੇ ਇਨ੍ਹਾਂ ਨਾਨਕ ਪੰਥੀ ਸਿੰਧੀ ਸਿੱਖਾਂ ਵਿਚਕਾਰ ਵੱਡੇ ਵੱਡੇ ਧਨਾਡ ਵਪਾਰੀ ਵੀ ਹਨ। ਇਨ੍ਹਾਂ `ਚ ਵੀ ਬਹੁਤੇਰੇ ਪੂਰਨ ਕੇਸਾਧਾਰੀ ਨਾਨਕ ਪੰਥੀ ਸਿੱਖ ਹਨ।

(ਕ) ਯੂ: ਪੀ `ਚ ਨਾਨਕ ਪੰਥੀ-ਇਸ ਤੋਂ ਬਾਅਦ ਵਿਸ਼ਾ ਆਉਂਦਾ ਹੈ ਯੂ: ਪੀ ਦੇ ਨਾਨਕ ਪੰਥੀਆਂ ਦਾ। ਪੀਲੀ ਭੀਤ `ਚ ਨਾਨਕ ਪੰਥੀਆਂ ਦਾ ਸਭ ਤੋਂ ਵੱਡਾ ਕੇਂਦਰ ‘ਨਾਨਕ ਮਤਾ’ ਹੈ। ਉਥੋਂ ਦਾ ਗੁਰਦੁਆਰਾ ਨਾਨਕ ਮਤਾ, ਗੁਰੂ ਨਾਨਕ ਪਾਤਸ਼ਾਹ ਦੀ ਜੋਗੀਆਂ ਨਾਲ ਹੋਈ ਗੋਸ਼ਟੀ ਦੀ ਯਾਦ `ਚ ਇਤਿਹਾਸਕ ਸਥਾਨ ਹੈ। ਜਦਕਿ ਗੁਰਦੇਵ ਦੀ ਜੋਗੀਆਂ ਨਾਲ ਹੋਈ ਗੋਸ਼ਟੀ ਤੋਂ ਪਹਿਲਾਂ ਇਸ ਇਲਾਕੇ ਦਾ ਨਾਮ ‘ਗੋਰਖ ਮਤਾ’ ਵੀ ਰਿਹਾ ਹੈ। ਛੇਵੇਂ ਪਾਤਸ਼ਾਹ ਨੇ ਬਾਬਾ ਅਲਮਸਤ ਜੀ ਨੂੰ ਇਥੋਂ ਦਾ ਪ੍ਰਚਾਰਕ ਥਾਪਿਆ ਸੀ। ਪਹਿਲੇ ਪਾਤਸ਼ਾਹ ਦੇ ਸਮੇਂ ਦਾ ਇਥੇ ਇਤਿਹਾਸਕ ਪਿਪਲ ਵੀ ਹੈ। ਉਹ ਪਿਪਲ ਜਿਸ ਹੇਠਾਂ ਬੈਠ ਕੇ ਗੁਰਦੇਵ ਦੀ ਜੋਗੀਆਂ ਨਾਲ ਗੋਸ਼ਟੀ ਕੀਤੀ ਸੀ ਤੇ ਜਿਸ `ਚ ਕਈ ਪੱਖਾਂ ਤੋਂ ਜੋਗੀ ਲੋਕ ਨਿਰੁਤਰ ਵੀ ਹੋਏ ਸਨ।

ਗੁਰਦੁਆਰਾ ਨਾਨਕ ਮਤਾ ਦੇ ਸਥਾਨ `ਤੇ ਹਰੇਕ ਦਿਵਾਲੀ ਨੂੰ ਇਨ੍ਹਾਂ ਨਾਨਕ ਪੰਥੀ ਸਿੱਖਾਂ ਦਾ ਬਹੁਤ ਵੱਡਾ ਮੇਲਾ ਵੀ ਲਗਦਾ ਦੱਸਿਆ ਹੈ। ਇਸ ਮੇਲੇ ਸਮੇਂ ਬਰੇਲੀ, ਨੈਨੀਤਾਲ, ਪੀਲੀਭੀਤ, ਗੋਰਖਪੁਰ ਤੇ ਹੋਰ ਦੂਰੋਂ ਦੂਰੋਂ ਨਾਨਕ ਪੰਥੀ ਸਿੱਖ ਪੁੱਜਦੇ ਹਨ। ਵਿਸ਼ੇਸ਼ ਕਰ ਉਦੋਂ ਗੁਰੂ ਚਰਨਾਂ `ਚ ਅਰਦਾਸ ਕਰਕੇ ਇਹ ਲੋਕ ਆਪਣੀਆਂ ਕਲਾਈਆਂ `ਚ ਪਹਿਲੀ ਵਾਰੀ ਕੜੇ ਪਾਉਣ ਤੇ ਅਰੰਭ ਵਾਲੀ ਰਸਮ ਵੀ ਕਰਦੇ ਹਨ।

ਇਥੇ ਹੀ ਨਾਨਕ ਸਾਗਰ ਦੇ ਆਸਪਾਸ ਬਾਰੂ ਜਾਤੀ ਵਸਦੀ ਹੈ। ਇਨ੍ਹਾਂ ਲੋਕਾਂ ਦਾ ਵੇਸ ਪਹਾੜੀ ਗੁਜਰਾਂ ਵਰਗਾ ਭੂਸਾ ਤੇ ਨਸਲ ਮੰਗੋਲ ਜਾਤੀ ਨਾਲ ਰਲਦੀ ਮਿਲਦੀ ਹੈ। ਇਨ੍ਹਾਂ ਦੇ ਨੱਕ ਨੇਪਾਲੀ ਗੋਰਖਿਆਂ ਵਾਂਘ ਫੀਨੇ ਹੁੰਦੇ ਹਨ। ਗਿਆਨੀ ਫ਼ੌਜਾ ਸਿੰਘ ਜੀ ਅਨੁਸਾਰ ਦਿਵਾਲੀ ਤੋਂ ਬਾਅਦ ਲਗਭਗ ਇੱਕ ਹਜ਼ਾਰ ਗੱਡਿਆਂ `ਤੇ ਇਨ੍ਹਾਂ ਦੀ ਯਾਤਰਾ ਬੜੇ ਸਤਿਕਾਰ ਨਾਲ ਗੁਰਦੁਆਰੇ ਦਰਸ਼ਨਾਂ ਨੂੰ ਆਉਂਦੀ ਹੈ। ਇਹ ਸਾਰੇ ਵੀ ਗੁਰੂ ਦਰ ਨਾਲ ਬਹੁਤ ਵਧ ਸ਼ਰਧਾ ਰਖਦੇ ਹਨ ਤੇ ਸਾਰੇ ਨਾਨਕ ਪੰਥੀ ਹਨ।

ਇਨ੍ਹਾਂ ਤੋਂ ਇਲਾਵਾ ਜ਼ਿਲਾ ਬਿਜਨੌਰ `ਚ ਵੀ ਰਮੀਈਏ ਜਾਤੀ ਦੇ ਨਾਨਕ ਪੰਥੀ ਵਸਦੇ ਹਨ। ਇਹ ਲੋਕ ਚੱਲ ਫ਼ਿਰ ਕੇ ਦਵਾਈਆਂ ਵੇਚਦੇ ਤੇ ਚਸ਼ਮੇ (ਐਨਕਾਂ) ਬਣਾਉਂਦੇ ਹਨ। ਇਨ੍ਹਾਂ ਦੇ ਆਪਣੇ ਚਾਲੀ ਪਿੰਡ ਹਨ ਤੇ ਨੂਰਪੁਰ ਇਨ੍ਹਾਂ ਦਾ ਵੱਡਾ ਕੇਂਦਰ ਹੈ ਜਿੱਥੇ “ਗੁਰੂ ਨਾਨਕ ਇੰਟਰ ਕਾਲਿਜ” ਵੀ ਕਾਇਮ ਕੀਤਾ ਗਿਆ ਹੈ। ਲਗਭਗ ਇਹ ਸਾਰੇ ਹੀ ਕੇਸਾਧਾਰੀ ਤੇ ਅੰਮ੍ਰਿਤਧਾਰੀ ਵੀ ਹੋ ਚੁੱਕੇ ਹਨ। ਇਨ੍ਹਾਂ ਨੇ ਵੀ ਵੱਡੇ ਵੱਡੇ ਗੁਰਦੁਆਰੇ ਬਣਾਏ ਹੋਏ ਹਨ। ਯੂ: ਪੀ ਮਿਸ਼ਨ ਵੱਲੋਂ ਇਨ੍ਹਾਂ ਵਿਚਕਾਰ ਹਰ ਸਾਲ ਦਿਵਾਨ ਵੀ ਸਜਾਏ ਜਾਂਦੇ ਹਨ।

ਇਸੇ ਇਲਾਕੇ `ਚ ਵੱਡੀ ਗਿਣਤੀ ਜਾਟਵ (ਚਮਾਰ) ਨਾਨਕ ਪੰਥੀਆਂ ਦੀ ਵੀ ਹੈ। ਯੂ: ਪੀ ਦੇ ਅਲੀਗੜ੍ਹ, ਬੁਲੰਦ ਸ਼ਹਿਰ, ਬਰੇਲੀ, ਏਟਾਵਾ, ਮੇਨਪੁਰੀ ਆਦਿ ਇਲਕਿਆਂ `ਚ ਜਾਟਵ ਨਾਨਕ ਪੰਥੀਆਂ ਦੀ ਭਾਰੀ ਗਿਣਤੀ ਵਸਦੀ ਦੱਸੀ ਗਈ ਹੈ। ਇਨ੍ਹਾਂ ਨਾਨਕ ਪੰਥੀਆਂ ਵਿਚਕਾਰ, ਲੋਪੋ ਪਿੰਡ ਅੰਮ੍ਰਿਤਸਰ ਦੇ ਉਦਾਸੀ ਬਾਵਿਆਂ ਨੇ ਗੁਰਮੱਤ ਦੇ ਪ੍ਰਚਾਰ ਵਾਲੀ ਸੇਵਾ ਨਿਭਾਈ ਹੋਈ ਹੈ ਤੇ ਇਹ ਸਭ ਉਸੇ ਦਾ ਨਤੀਜਾ ਹੈ।

ਉਦਾਸੀਆਂ ਦੇ ਡੇਰੇ? - ਸ਼ੱਕ ਨਹੀਂ ਕਿ ਚਲਦੀ ਵਿਚਾਰ ਲੜੀ `ਚ ਨਾਨਕ ਪੰਥੀਆਂ ਨਾਲ ਸੰਬੰਧਤ ਉਦਾਸੀਆਂ ਦੇ ਡੇਰਿਆਂ ਰਾਹੀਂ ਗੁਰਮੱਤ ਪ੍ਰਚਾਰ ਦਾ ਜ਼ਿਕਰ ਵੀ ਬਾਰ ਬਾਰ ਆ ਰਿਹਾ ਹੈ। ਇਸ ਦੇ ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਹੈ ਕਿ ਉਦਾਸੀਆਂ ਦੇ ਡੇਰੇ ਵੀ ਇੱਕ ਨਹੀਂ ਬਲਕਿ ਦੋ ਤਰ੍ਹਾਂ ਦੇ ਹਨ। ਇੱਕ ਉਹ ਹਨ, ਜਦੋਂ ਬਾਬਾ ਸ੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਸਮੇਂ ਗੁਰੂਦਰ ਤੋਂ ਆਪਣਾ ਵਖ੍ਰੇਵਾਂ ਤਿਆਗ ਦਿੱਤਾ ਅਤੇ ਆਪਣੇ ਉਸ ਵੱਕਤ ਦੇ ਚਾਰੋਂ ਵੱਡੇ ਧੂਨੀਏ ਵੀ ਗੁਰੂ ਪਾਤਸ਼ਾਹ ਦੀ ਸੇਵਾ `ਚ ਗੁਰਮੱਤ ਤੇ ਗੁਰਬਾਣੀ ਦੇ ਪ੍ਰਚਾਰ ਲਈ ਅਰਪਣ ਕਰ ਦਿੱਤੇ। ਇਸ ਤਰ੍ਹਾਂ ਉਹ ਤੇ ਉਨ੍ਹਾਂ ਨਾਲ ਸੰਬੰਧਤ ਸਾਰੇ ਉਦਾਸੀ ਡੇਰੇ ਸਾਡੇ ਅਤੀ ਸਤਿਕਾਰ ਦੇ ਪਾਤ੍ਰ ਤੇ ਅੱਜ ਵੀ ਗੁਰਮੱਤ ਦੇ ਪ੍ਰਚਾਰ ਦੀ ਲਗਣ ਵਾਲੇ ਹੀ ਹਨ।

ਇਸ ਤੋਂ ਬਾਅਦ, ਉਦਾਸੀਆਂ ਦੇ ਹੀ ਦੂਜੇ ਡੇਰੇ ਉਹ ਹਨ, ਜਿਨ੍ਹਾਂ ਨੂੰ ਆਪਣੇ ਵਖ੍ਰੇਵੇਂ ਵਾਲਾ ਲਹੂ ਲੱਗ ਚੁੱਕਾ ਹੋਇਆ ਸੀ ਤੇ ਉਨ੍ਹਾਂ ਨੇ ਆਪਣੇ ਉਸ ਵਖ੍ਰੇਵੇਂ ਨੂੰ ਖ਼ਤਮ ਨਹੀਂ ਸੀ ਕੀਤਾ। ਉਹ ਡੇਰੇ ਅੱਜ ਵੀ ਗੁਰੂਦਰ ਤੋਂ ਟੁੱਟ ਕੇ ਅਤੇ ਆਪਣੇ ਵਖਰੇ ਢੰਗ ਨਾਲ ਹੀ ਚਲਦੇ ਹਨ। ਇਸ ਲਈ ਉਨ੍ਹਾਂ ਦਾ ਗੁਰਮੱਤ ਦੇ ਪ੍ਰਚਾਰ ਨਾਲ ਕੁੱਝ ਵੀ ਸੰਬੰਧ ਨਹੀਂ। ਇਹ ਵੀ ਸੱਚ ਹੈ ਕਿ ਅਖਵਾਉਂਦੇ ਉਹ ਵੀ ਉਦਾਸੀਆਂ ਦੇ ਡੇਰੇ ਹੀ ਹਨ ਤੇ ਉਹ ਵੀ ਆਪਣਾ ਨਾਤਾ ਬਾਬਾ ਸ੍ਰੀ ਚੰਦ ਜੀ ਨਾਲ ਹੀ ਜੋੜਦੇ ਹਨ।

ਜਦਕਿ ਇਹ ਵੀ ਸੱਚ ਹੈ ਕਿ ਇਨ੍ਹਾਂ ਦੂਜੀ ਲੜੀ ਦੇ, ਉਦਾਸੀ ਡੇਰਿਆਂ ਨਾਲ ਪੰਥ ਦਾ ਕੁੱਝ ਵੀ ਲੈਣਾ ਦੇਣਾ ਨਹੀਂ। ਇਹ ਵੀ ਕਿ ਇਸ ਸਾਰੇ ਵਿਸ਼ੇ ਸੰਬੰਧੀ ਕੁੱਝ ਹੋਰ ਵੇਰਵਾ ਅੱਗੇ ਚੱਲ ਕੇ ਵੀ ਆਵੇਗਾ। #30 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.