.

ਜਸਬੀਰ ਸਿੰਘ ਵੈਨਕੂਵਰ

ਸਤਰਿ ਕਾ ਮਤਿਹੀਣੁ

ਕਰਤੇ ਦੀ ਕੁਦਰਤ ਵਿੱਚ ਇੱਕ ਅਟੱਲ ਅਤੇ ਵਿਆਪਕ ਨਿਯਮ ਦੇਖਣ ਵਿੱਚ ਆ ਰਿਹਾ ਹੈ ਕਿ ਜਿਸ ਦਾ ਜਨਮ ਹੁੰਦਾ ਹੈ, ਉਹ ਸਮਾਂ ਪਾ ਕੇ ਜਵਾਨ ਹੁੰਦਾ ਹੈ, ਜਵਾਨੀ ਮਗਰੋਂ ਬੁਢਾਪੇ ਦੀ ਦਹਲੀਜ਼ `ਤੇ ਕਦਮ ਰੱਖਦਾ ਹੈ ਅਤੇ ਅੰਤ ਫਿਰ ਆਪਣੇ ਮੁਢਲੇ ਸੋਮੇ ਵਿੱਚ ਸਮਾਅ ਜਾਂਦਾ ਹੈ। ਇਹ ਨਿਯਮ ਪ੍ਰਭੂ ਦੀ ਹਰ ਇੱਕ ਕ੍ਰਿਤ ਉੱਤੇ ਲਾਗੂ ਹੋਣ ਕਾਰਨ ਪ੍ਰਭੂ ਦੀ ਸਰਬੋਤਮ ਕ੍ਰਿਤ ਮਨੁੱਖ ਉੱਤੇ ਵੀ ਢੁੱਕਦਾ ਹੈ। ਮਨੁੱਖ ਦਾ ਜਨਮ ਹੁੰਦਾ ਹੈ, ਬਚਪਨ ਮਗਰੋਂ ਜਵਾਨ ਹੁੰਦਾ ਹੈ, ਜਵਾਨ ਹੀ ਫਿਰ ਸਮਾਂ ਪਾ ਕੇ ਬੁੱਢਾ ਹੋ ਜਾਂਦਾ ਹੈ। ਬੁਢੇਪਾ ਮਨੁੱਖ ਦੀ ਯਾਤਰਾ ਦਾ ਅੰਤਲਾ ਪੜਾਆ ਹੈ, ਇਸ ਪਿੱਛੋਂ ਪ੍ਰਾਣੀ ਆਪਣੇ ਸੋਮੇ ਵਿੱਚ ਹੀ ਲੀਨ ਹੋ ਜਾਂਦਾ ਹੈ। ਇਸ ਲਈ ਹੀ ਆਮ ਤੌਰ `ਤੇ ਮਨੁੱਖ ਦੀਆਂ ਤਿੰਨ ਅਵਸਥਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ: ਬਚਪਨ, ਜਵਾਨੀ ਅਤੇ ਬੁਢੇਪਾ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਰੀਰ ਦੀਆਂ ਇਹਨਾਂ ਤਿੰਨ ਅਵਸਥਾਵਾਂ ਦਾ ਜ਼ਿਕਰ ਕਰਦਿਆਂ ਇਹ ਸਪਸ਼ਟ ਕੀਤਾ ਹੈ ਕਿ ਜੇਕਰ ਮਨੁੱਖ ਨੇ ਮਨੁੱਖੀ ਜੀਵਨ ਦੇ ਆਦਰਸ਼ ਨੂੰ ਨਹੀਂ ਸਮਝਿਆ ਤਾਂ ਇਸ ਦਾ ਬਾਲਪਣ, ਜਵਾਨੀ ਅਤੇ ਬੁਢੇਪਾ ਵਿਅਰਥ ਹਨ:-
ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥ ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ॥ (ਪੰਨਾ 1428) ਅਰਥ:- ਹੇ ਨਾਨਕ! ਆਖ- (ਹੇ ਭਾਈ!) ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ— (ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)। (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ।
ਜਿਸ ਤਰ੍ਹਾਂ ਕੁਦਰਤ ਦੇ ਹੋਰ ਨਿਯਮ ਕਿਸੇ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ ਨਹੀਂ ਕਰਦੇ, ਇਸੇ ਤਰ੍ਹਾਂ ਇਹ ਨਿਯਮ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ; ਹਰੇਕ ਮਨੁੱਖ ਬਚਪਨ ਮਗਰੋਂ ਜਵਾਨ ਹੁੰਦਾ ਹੈ ਅਤੇ ਜਵਾਨੀ ਮਗਰੋਂ ਬੁਢੇਪੇ ਦੀ ਦਹਲੀਜ਼ ਤੇ ਕਦਮ ਰੱਖਦਾ ਹੈ। ਇਸ ਲਈ ਭਾਵੇਂ ਕੋਈ ਅਮੀਰ ਹੈ ਜਾਂ ਗ਼ਰੀਬ ਹੈ, ਗੋਰਾ ਹੈ ਜਾਂ ਕਾਲਾ ਹੈ, ਇਸਤ੍ਰੀ ਹੈ ਜਾਂ ਪੁਰਸ਼ ਹੈ, ਆਸਤਕ ਹੈ ਜਾਂ ਨਾਸਤਕ ਹੈ, ਪੜ੍ਹਿਆ ਹੈ ਜਾਂ ਅਣਪੜ੍ਹ ਹੈ, ਸਾਰਿਆਂ ਦੀਆਂ ਇਹ ਤਿੰਨ ਅਵਸਥਾਵਾਂ ਹਨ। ਜੇਕਰ ਕਿਸੇ ਦੀ ਬਚਪਨ ਜਾਂ ਭਰ ਜਵਾਨੀ ਵਿੱਚ ਮੌਤ ਹੋ ਜਾਵੇ ਤਾਂ ਉਹ ਗੱਲ ਅਲੱਗ ਹੈ; ਪਰ ਆਮ ਹਾਲਤ ਵਿੱਚ ਬਚਪਨ ਤੋਂ ਬਾਅਦ ਜਵਾਨੀ ਅਤੇ ਜਵਾਨੀ ਤੋਂ ਪਿੱਛੋਂ ਬੁਢੇਪਾ ਹਰ ਇੱਕ `ਤੇ ਆਉਂਦਾ ਹੈ।
ਬੁਢੇਪਾ ਜੀਵਨ ਯਾਤਰਾ ਦਾ ਉਹ ਪੜਾਅ ਹੈ ਜਿੱਥੇ ਅਪੜ ਕੇ ਮਨੁੱਖ ਦਾ ਸਰੀਰਕ ਬਲ ਘਟਦਾ ਹੀ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਬੁਢੇਪੇ ਦੀ ਇਸ ਤਸਵੀਰ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:-
(ੳ) ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ॥ 1॥ . . ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ॥ ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ॥ 2॥ (ਪੰਨਾ 659) ਅਰਥ:- ਹੇ ਜੀਵ! (ਬਿਰਧ ਅਵਸਥਾ ਵਿੱਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ, ਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿੱਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅਧਿਆਸ ਨਹੀਂ ਛੱਡਦਾ?)। 1.
ਹੇ ਪ੍ਰਾਣੀ! (ਬਿਰਧ ਹੋਣ ਕਾਰਨ) ਤੇਰੇ ਸਰੀਰ ਵਿੱਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿੱਚ ਸੜਨ ਰਹਿੰਦੀ ਹੈ, ਕਲੇਜੇ ਵਿੱਚ ਦਰਦ ਉਠਦੀ ਹੈ (ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸ਼ਾਰੇ ਹੀ ਜਿਸਮ ਵਿੱਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ)। 2.
(ਅ) ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ॥ ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ॥ (ਪੰਨਾ 1381) ਅਰਥ:- ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਤੇ ਮਨ ਵਿੱਚ ਟੋਏ ਟਿੱਬੇ ਬਣਾਏ ਹੋਏ ਸਨ) ਕੰਮ ਕਰਨੋਂ ਰਹਿ ਗਏ ਹਨ। (ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ, ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ)।
ਸਰੀਰਕ ਇੰਦ੍ਰਿਆਂ ਦੀ ਕਮਜ਼ੋਰੀ ਕਾਰਨ ਮਨੁੱਖ ਕੇਵਲ ਜੀਭ ਦਾ ਰਸ ਹੀ ਮਾਣ ਸਕਦਾ ਹੈ। ਇਸ ਕਾਰਨ ਹੀ ਕਈ ਵਿਚਾਰਵਾਨਾਂ ਨੇ ਬੁਢੇਪੇ ਬਾਰੇ ਇਹ ਕਿਹਾ ਹੈ ਕਿ ਇਸ ਉਮਰ ਵਿੱਚ ਮਨੁੱਖ ਫਿਰ ਬਚਪਣ ਦੇ ਤਲ `ਤੇ ਆ ਜਾਂਦਾ ਹੈ। (ਬੁਢਾਪਾ ਜ਼ਿਆਦਾਤਰ ਬਚਪਨ ਦਾ ਹੀ ਪੁਨਾਗਮਨ ਹੁੰਦਾ ਹੈ-ਪ੍ਰੇਮ ਚੰਦ) ਬੁਢੇਪੇ ਦੀ ਇਸ ਲਚਾਰਗੀ ਕਾਰਨ ਹੀ ਇਹ ਅਖਾਣ ਪ੍ਰਚਲਤ ਹੈ ਕਿ, “ਬੁੱਢੇ ਵਾਰੇ, ਖਲਕ ਦਵਾਰੇ”।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਬੁਢੇਪਾ ਮਨੁੱਖ ਦੇ ਜੀਵਨ ਦਾ ਅੰਤਲਾ ਪੜਾਅ ਹੈ। ਇਸ ਪੜਾਅ `ਤੇ ਪਹੁੰਚੇ ਹੋਏ ਮਨੁੱਖ ਕੋਲ ਆਪਣੇ ਜੀਵਨ ਜਿਊਂਣ ਦਾ ਲੰਮਾ ਤਜਰਬਾ ਹੁੰਦਾ ਹੈ; ਜੀਵਨ ਦਾ ਨਿਜੀ ਅਨੁਭਵ ਹੁੰਦਾ ਹੈ। ਜੀਵਨ ਦੇ ਇਸ ਪੜਾਅ `ਤੇ ਅਪੜੇ ਬਜ਼ੁਰਗ ਨੇ ਆਪਣੇ ਜੀਵਨ ਦੇ ਇਸ ਸਫ਼ਰ ਵਿੱਚ ਬਹੁਤ ਕੁੱਝ ਆਪਣੀਆਂ ਅੱਖਾਂ ਨਾਲ ਦੇਖਿਆ, ਕੰਨਾਂ ਨਾਲ ਸੁਣਿਆ ਅਤੇ ਆਪਣੇ ਹੱਥੀਂ ਬਹੁਤ ਕੁੱਝ ਕੀਤਾ ਹੁੰਦਾ ਹੈ। ਇਸ ਤਰ੍ਹਾਂ ਇਸ ਕੋਲ ਜੀਵਨ ਜੀਉਂਣ ਦੇ ਇਸ ਅਉਸਰ ਕਾਰਨ ਬੀਤੇ ਸਮੇਂ ਦਾ ਤਜਰਬਾ ਹੀ ਨਹੀਂ ਸਗੋਂ ਇਹ ਖ਼ੁਦ ਅਤੀਤ ਦਾ ਹਿੱਸਾ ਵੀ ਹੁੰਦਾ ਹੈ। ਇਸ ਦਾ ਬੌਧਕ ਵਿਕਾਸ ਆਪਣੀ ਚਰਮ ਸੀਮਾ `ਤੇ ਹੁੰਦਾ ਹੈ। ਜੀਵਨ ਦੀ ਇਸ ਯਾਤਰਾ ਦੇ ਅਨੁਭਵ ਕਾਰਨ ਹੀ ਕਈ ਵਾਰ ਕਿਸੇ ਬਜ਼ੁਰਗ ਦੇ ਮੂੰਹੋਂ (ਖ਼ਾਸ ਤੌਰ `ਤੇ ਜਦੋਂ ਉਸ ਦੇ ਬੌਧਕ ਬਲ ਨੂੰ ਕਿਸੇ ਵਲੋਂ ਚੈਂਲਜ ਕੀਤਾ ਜਾਂਦਾ ਹੈ ਜਾਂ ਉਸ ਦੀ ਆਖੀ ਹੋਈ ਗੱਲ ਵਲ ਕੋਈ ਧਿਆਨ ਨਹੀਂ ਦੇਂਦਾ) ਇਹ ਸੁਣਨ ਨੂੰ ਮਿਲਦਾ ਹੈ ਕਿ ‘ਮੇਰੇ ਧੌਲੇ ਧੁੱਪ ਵਿੱਚ ਚਿੱਟੇ ਨਹੀਂ ਹੋਏ’। ਬਜ਼ੁਰਗ ਦੀ ਬੋਲ-ਚਾਲ, ਉੱਠਣ-ਬੈਠਣ ਅਤੇ ਸੋਚਣ ਆਦਿ ਵਿੱਚ ਇਸ ਪਕਿਆਈ ਨੂੰ ਦੇਖਿਆ ਜਾ ਸਕਦਾ ਹੈ। ਇਸ ਲਈ ਕਈ ਵਿਦਵਾਨਾਂ ਦਾ ਇਹ ਮਤ ਹੈ ਕਿ, “ਜਿੰਨਾਂ ਕੋਈ ਬਜ਼ੁਰਗ ਹੋਵੇਗਾ, ਉਨਾ ਹੀ ਉਹ ਸਿਆਣਾ ਹੋਵੇਗਾ ਤੇ ਉਸ ਦੀ ਬੋਲ ਚਾਲ ਸੰਕੋਚਵੀਂ, ਜ਼ੋਰਦਾਰ, ਮੁਹਾਵਰਾ ਰੂਪ ਹੋਏਗੀ”। (ਪੰਜਾਬੀ ਮੁਹਾਵਰਾ ਕੋਸ਼)
ਆਪਣੀ ਉਮਰ ਦੇ ਆਖ਼ਰੀ ਪੜਾਅ ਤੇ ਅਪੜੇ ਹੋਏ ਮਨੁੱਖ, ਬੀਤੇ ਸਮੇਂ ਦਾ ਕੇਵਲ ਗਵਾਹ ਹੀ ਨਹੀਂ ਹੁੰਦੇ ਸਗੋਂ ਖ਼ੁਦ ਵੀ ਬੀਤੇ ਇਤਿਹਾਸ ਦੇ ਪਾਤਰ ਹੁੰਦੇ ਹਨ। ਇਸ ਲਈ ਆਪਣੇ ਆਪ ਵਿੱਚ ਇਹ ਆਪਣੇ ਸਮੇਂ ਦੇ ਇਤਿਹਾਸ ਦੇ ਮਹੱਤਵ ਪੂਰਨ ਅਤੁੱਟ ਅੰਗ ਹੁੰਦੇ ਹਨ। ਇਸ ਲਈ ਹੀ ਕਈ ਵਿਦਵਾਨ ਬਜ਼ੁਰਗਾਂ ਨੂੰ ਚਲਦਾ-ਫਿਰਦਾ ਇਤਿਹਾਸ ਕਹਿੰਦੇ ਹਨ। ਬਜ਼ੁਰਗਾਂ ਦੇ ਜੀਵਨ ਪ੍ਰਤੀ ਇਸ ਅਨੁਭਵ ਦੇ ਲੰਮੇ ਤਜਰਬੇ ਕਾਰਨ ਹੀ ਕਈ ਵਿਚਾਰਵਾਨ ਇਸ ਤਰ੍ਹਾਂ ਦੀ ਸੋਚ ਰੱਖਦੇ ਹਨ ਕਿ “ਕਾਸ਼, ਜਵਾਨੀ ਨੂੰ ਸਮਝ ਹੁੰਦੀ ਅਤੇ ਬੁਢੇਪੇ ਕੋਲ ਸ਼ਕਤੀ ਹੁੰਦੀ”। ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਫਰੋਲ ਕੇ, ਇਸ ਵਿੱਚੋਂ ਜੀਵਨ ਦੇ ਕਿਸੇ ਅਨੁਭਵ ਨੂੰ ਸਮਝਣ ਦੀ ਥਾਂ ਕਈ ਵਾਰ ਅਜਿਹੇ ਬਾਲਕ ਜਾਂ ਜਵਾਨ ਵਿਅਕਤੀ, ਬਜ਼ੁਰਗ ਦੇ ਜੀਵਨ-ਅਨੁਭਵ ਤੋਂ ਲਾਭ ਉਠਾਉਣ ਦੀ ਥਾਂ ਅਜਿਹੇ ਵਿਅਕਤੀ ਨੂੰ ਨਸੀਹਤਾਂ ਦੇਣ ਲੱਗ ਪੈਂਦੇ ਹਨ।
(ਨੋਟ:-ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿਗਿਆਨ ਨੇ ਮਨੁੱਖ ਦੇ ਗਿਆਨ ਵਿੱਚ ਬਹੁਤ ਵਾਧਾ ਕੀਤਾ ਹੈ। ਇਸ ਵਿਗਿਆਨਕ ਜੁਗ ਵਿੱਚ ਆਏ ਦਿਨ ਮਨੁੱਖ ਨੂੰ ਕੁੱਝ ਨਵਾਂ ਦੇਖਣ ਅਤੇ ਮਾਣਨ ਦਾ ਮੌਕਾ ਮਿਲ ਰਿਹਾ ਹੈ। ਜੋ ਅੱਜ ਦੀ ਨਵੀਂ ਪੀੜ੍ਹੀ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ, ਉਹ ਪੁਰਾਣੀ ਪੀੜ੍ਹੀ ਨੂੰ ਨਹੀਂ ਸੀ ਮਿਲਿਆ। ਅਜੋਕੇ ਜੁਗ ਵਿੱਚ ਜਿਤਨਾ ਕੁ ਅੱਠ ਦੱਸ ਸਾਲ ਦੇ ਬੱਚੇ ਨੂੰ ਕਈ ਗੱਲਾਂ ਦਾ ਗਿਆਨ ਹੈ ਪੁਰਾਣੇ ਸਮੇਂ ਵਿੱਚ ਇਤਨਾ ਗਿਆਨ ਭਰ ਜਵਾਨੀ ਵਿੱਚ ਵੀ ਨਹੀਂ ਸੀ ਹੁੰਦਾ। ਇਸ ਲਈ ਜੇਕਰ ਕੋਈ ਬਜ਼ੁਰਗ ਆਪਣੇ ਹੀ ਤਜਰਬੇ ਅਤੇ ਸਿਆਣਪ ਨੂੰ ਤਰਜੀਹ ਦੇ ਕੇ ਇਸ ਸੱਚ ਤੋਂ ਇਨਕਾਰ ਕਰਦਾ ਹੈ ਤਾਂ ਇਸ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਬਜ਼ੁਰਗ ਸ਼੍ਰੇਣੀ ਨੂੰ ਇਸ ਸੱਚ ਨੂੰ ਸਵੀਕਾਰ ਕਰਨ ਤੋਂ ਕਿਸੇ ਤਰ੍ਹਾਂ ਦੀ ਹਿਚਕਚਾਹਟ ਨਹੀਂ ਦਿਖਾਉਣੀ ਚਾਹੀਦੀ। ਆਪਣੀ ਸਿਆਣਪ ਅਤੇ ਤਜਰਬੇ ਨੂੰ ਅੱਜ ਦੀਆਂ ਪਰਿਸਥਿੱਤੀਆਂ ਦੇ ਸੰਦਰਭ ਵਿੱਚ ਦੇਖਣ ਪਰਖਣ ਦੀ ਲੋੜ ਹੈ।)
ਜੀਵਨ ਦੇ ਇਸ ਅਨੁਭਵ ਕਾਰਨ ਹੀ ਜਦੋਂ ਵਡੇਰੀ ਉਮਰ ਦਾ ਵਿਅਕਤੀ ਕੋਈ ਅਜਿਹੀ ਗੱਲ ਜਾਂ ਕੰਮ ਕਰਦਾ ਹੈ, ਜਿਹੜਾ ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲਾ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਕਿ, “ਧੌਲਾ ਝਾਟਾ (ਧੌਲੀ ਦਾੜੀ) ਤੇ ਆਟਾ ਖਰਾਬ” ; ਜਾਂ “ਬਾਣ ਨਾ ਗਈ ਤੇਰੀ ਬੁੱਢ ਬਢੇਂਦੀ ਵੇਰੀ”। ਇਹਨਾਂ ਅਖਾਣਾਂ ਵਿੱਚ ਜੀਵਨ ਦੇ ਇਸ ਪੜਾਅ ਤੇ ਅਪੜੇ ਹੋਏ ਮਨੁੱਖ ਤੋਂ ਹਮੇਸ਼ਾਂ ਹੀ ਸਿਆਣਪ ਭਰਪੂਰ ਵਰਤਾਰੇ ਦੀ ਆਸ ਰੱਖੀ ਜਾਂਦੀ ਹੈ। ਬਜ਼ੁਰਗ ਆਪਣੇ ਆਪ ਵਿੱਚ ਅਣਛਪੀ ਕਿਤਾਬ ਹੁੰਦੇ ਹਨ। ਬਜ਼ੁਰਗ ਉਹ ਅਣਛਪੀ ਕਿਤਾਬ ਹੈ, ਜੋ ਦੂਜੀਆਂ ਨਾਲੋਂ ਕਈ ਪੱਖਾਂ ਵਿੱਚ ਸਮਾਨਤਾ ਰੱਖਦਿਆਂ ਹੋਇਆਂ ਵੀ ਭਿੰਨਤਾ ਰੱਖਦੀ ਹੈ; ਚੂੰਕਿ ਹਰੇਕ ਮਨੁੱਖ ਦਾ ਤਜਰਬਾ, ਦੇਖਣ ਸਮਝਣ ਦੀ ਸਮਰੱਥਾ ਆਦਿ ਵੱਖ ਵੱਖ ਹੁੰਦੇ ਹਨ।
ਜੀਵਨ ਦੇ ਇਸ ਪੜਾਅ `ਤੇ ਪਹੁੰਚੇ ਹੋਏ ਮਨੁੱਖ ਦੇ ਅਨੁਭਵ ਅਤੇ ਸਿਆਣਪ ਸੰਬੰਧੀ ਲੋਕੋਕਤੀਆਂ ਅਤੇ ਲੋਕ ਕਥਾਵਾਂ ਵਿੱਚ ਕਈ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚਲਤ ਹਨ। ਵੱਖ-ਵੱਖ ਜਾਤਾਂ, ਧਰਮਾਂ, ਇਲਾਕਿਆਂ ਆਦਿ ਵਿੱਚ ਬਜ਼ੁਰਗਾਂ ਨੂੰ ਅਨੁਭਵੀ ਮੰਨਦਿਆਂ ਹੋਇਆਂ, ਹਰੇਕ ਕਾਰਜ ਵਿੱਚ ਉਹਨਾਂ ਦਾ ਸਾਲਾਹ-ਮਸ਼ਵਰਾ ਲੈਂਦੇ ਹਨ। ਜਿਵੇਂ (ਲਗ ਪਗ) ਹਰੇਕ ਦੇਸ਼ ਦੇ ਆਦਿਵਾਸੀਆਂ ਵਿੱਚ ਆਪਣੇ ਬਜ਼ੁਰਗਾਂ ਬਾਰੇ ਇਹੋ-ਜਿਹੀ ਧਾਰਨਾ ਪਾਈ ਜਾਂਦੀ ਹੈ। ਬੁਢੇਪੇ ਨੂੰ ਆਮ ਤੌਰ `ਤੇ ਬੀਮਾਰੀ, ਸਨਕਪੁਣਾ, ਚਿੜਚਿੜੇਪਣ ਦੇ ਪ੍ਰਤੀਕ ਵਜੋਂ ਹੀ ਦੇਖਿਆ ਅਥਵਾ ਸਮਝਿਆ ਜਾਂਦਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਬੁਢੇਪੇ ਵਿੱਚ (ਸਰੀਰਕ ਕਮਜ਼ੋਰੀ ਕਾਰਨ) ਇਹਨਾਂ ਅਲਾਮਤਾਂ ਦਾ ਆਮ ਤੌਰ `ਤੇ ਮਨੁੱਖ ਨੂੰ ਸਾਹਮਣਾ ਕਰਨਾ ਪੈਂਦਾ ਹੈ, ਪਰੰਤੂ ਬੁਢੇਪੇ ਨੂੰ ਕੇਵਲ ਇਹਨਾਂ ਅਲਾਮਤਾਂ ਦਾ ਹੀ ਪ੍ਰਤੀਕ ਮੰਨ ਕੇ, ਇਹਨਾਂ ਦੀ ਸੂਝ-ਬੂਝ ਅਥਵਾ ਸਿਆਣਪ ਨੂੰ ਨਜ਼ਰ-ਅੰਦਾਜ਼ ਕਰਨ ਠੀਕ ਨਹੀਂ ਹੈ।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਬਜ਼ੁਰਗੀ ਦਾ ਸੰਬੰਧ ਉਮਰ ਨਾਲ ਨਹੀਂ, ਸਿਆਣਪ ਨਾਲ ਹੁੰਦਾ ਹੈ। ਕਈ ਪ੍ਰਾਣੀ ਬਚਪਨ ਵਿੱਚ ਵੀ ਸਿਆਣਪ ਦਾ ਮੁਜੱਸਮਾ ਹੁੰਦੇ ਹਨ ਅਤੇ ਕਈ ਵਡੇਰੀ ਉਮਰ ਵਿੱਚ ਵੀ ਬਾਲਕ ਬੁੱਧੀ ਦੇ ਹੀ ਮਾਲਕ ਹੁੰਦੇ ਹਨ। ਭਾਈ ਬੁੱਢਾ ਜੀ, ਗੁਰੂ ਨਾਨਕ ਸਾਹਿਬ ਨੂੰ ਬਚਪਨ ਵਿੱਚ ਹੀ ਮਿਲੇ ਸਨ, ਪਰ ਆਪ ਜੀ ਮੂੰਹੋਂ ਬਿਬੇਕ ਵੈਰਾਗ ਦੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਸੀ ਕਿ ਭਾਵੇਂ ਤੇਰੀ ਉਮਰ ਛੋਟੀ ਹੈ, ਪਰ ਸਮਝ ਕਰਕੇ ਤੂੰ ਬੁੱਢਾ ਹੈਂ। ਗੁਰੂ ਨਾਨਕ ਸਾਹਿਬ ਦੇ ਇਹਨਾਂ ਬੋਲਾਂ ਕਾਰਨ ਹੀ ਬਾਲਕ ਬੂੜਾ ‘ਭਾਈ ਬੁੱਢਾ’ ਦੇ ਨਾਮ ਨਾਲ ਪ੍ਰਸਿੱਧ ਹੋ ਗਏ ਸਨ। ਇਸ ਲਈ ਹੀ ਇੱਕ ਵਿਚਾਰਵਾਨ ਨੇ ਲਿਖਿਆ ਹੈ ਕਿ, “ਕਈ ਜਵਾਨੀ ਵਿੱਚ ਹੀ ਮਹਾਤਮਾ ਬੁੱਧ ਬਣ ਜਾਂਦੇ ਹਨ ਅਤੇ ਕਈ ਬੁਢੇਪੇ ਵਿੱਚ ਵੀ ਬਾਬਾ ਦੀਪ ਸਿੰਘ ਹੁੰਦੇ ਹਨ। ਜਵਾਨੀ ਜਾਂ ਬੁਢੇਪੇ ਦਾ ਵਿਅਕਤੀ ਦੀ ਉਮਰ ਨਾਲ ਕੋਈ ਸੰਬੰਧ ਨਹੀਂ ਹੁੰਦਾ, ਇਹ ਮਨ ਦੀਆਂ ਵੱਖ-ਵੱਖ ਅਵਸਥਾਵਾਂ ਹਨ”।
ਸਾਡੇ ਸਮਾਜ ਵਿੱਚ ਜੇਕਰ ਕੋਈ ਵਡੇਰੀ ਉਮਰ ਵਿੱਚ ਆਪਣੇ ਆਪ ਨੂੰ ਕਿਸੇ ਤਰ੍ਹਾਂ ਰੁਝੇਵੇਂ ਵਿੱਚ ਰੱਖਣ ਲਈ ਕੋਈ ਕੰਮ-ਕਾਜ ਕਰਦਾ ਹੈ ਤਾਂ ਉਸ ਨੂੰ ਸਾਬਾਸ਼ ਦੇਣ ਦੀ ਬਜਾਏ ਤਾਹਣੇ-ਮਿਹਣੇ ਮਾਰਨ ਦਾ ਰੁਝਾਣ ਹੈ। ਇਸ ਬਾਰੇ ਇੱਕ ਅਖਾਣ ਵੀ ਪ੍ਰਚਲਤ ਹੈ: “ਤ੍ਰੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ”। ਜੇਕਰ ਕੋਈ ਪੜ੍ਹਣਾ ਲਿਖਣਾ ਚਾਹੇ ਤਾਂ ਵੀ ਉਤਸ਼ਾਹਤ ਕਰਨ ਦੀ ਥਾਂ ਇਹੋ-ਜਿਹੇ ਅਖਾਣਾਂ ਦੁਆਰਾ ਉਸ ਨੂੰ ਨਿਰ-ਉਤਸ਼ਾਹਤ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ:-
“ਬੁੱਢੇ ਤੋਤੇ ਵੀ ਕਦੇ ਪੜ੍ਹੇ ਨੇ” ਜਾਂ, “ਬੁੱਢੇ ਤੋਤੇ ਪੜ੍ਹਨ ਕੁਰਾਨ” ਇਸ ਤਰ੍ਹਾਂ ਦੀ ਲੋਕੋਕਤੀ ਅੰਗਰੇਜ਼ੀ ਵਿੱਚ ਵੀ ਪ੍ਰਚਲਤ ਹੈ:
You can’t teach an old dog new tricks.
ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਇਸ ਕਥਨ ਵਿੱਚ ਅਤਿਕਥਨੀ ਨਹੀਂ ਹੈ।
ਇਸ ਧਾਰਨਾ ਕਾਰਨ ਵੱਡੀ ਉਮਰ ਦੇ ਲੋਕਾਂ ਦੀ ਬਹੁਗਿਣਤੀ ਆਪ ਹੀ ਮੈਦਾਨ ਛੱਡ ਜਾਂਦੀ ਹੈ ਅਤੇ ਮੰਜਾ ਮੱਲ ਬੈਠਦੀ ਹੈ। ਰੁਝੇਵੇਂ ਘੱਟਣ ਨਾਲ, ਯਾਦ-ਸ਼ਕਤੀ ਵੀ ਘੱਟ ਜਾਂਦੀ ਹੈ। ਇਸ ਤਰ੍ਹਾਂ ਦੀ ਧਾਰਨਾ ਨੇ ਬਜ਼ੁਰਗਾਂ ਨੂੰ ਆਮ ਜੀਵਨ ਨਾਲੋਂ ਅਲੱਗ-ਥਲੱਗ ਕੇ ਮੰਜੇ ਉੱਤੇ ਹੀ ਪੱਕਾ ਆਸਨ ਲਾਉਣ ਲਈ ਮਜਬੂਰ ਕਰ ਦਿੱਤਾ। ਪਰ ਇਸ ਦੇ ਉਲਟ “ਸਫ਼ਲ ਵਿਅਕਤੀ, ਬੁਢਾਪੇ ਵਿੱਚ ਵੀ ਲਾਭਕਾਰੀ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ”। ਅਜੋਕੇ ਸਮੇਂ ਹੀ ਨਹੀਂ ਸਗੋਂ ਪੁਰਾਣੇ ਸਮੇਂ ਤੋਂ ਹੀ ਬਜ਼ੁਰਗਾਂ ਨੂੰ ਕੋਈ ਨਾ ਕੋਈ ਆਹਰ ਕਰਦੇ ਰਹਿਣ ਦੀ ਸਾਲਾਹ ਦਿੱਤੀ ਜਾਂਦੀ ਰਹੀ ਹੈ; ਇਸ ਲਈ ਪ੍ਰਚਲਤ ਲੋਕੋਕਤੀਆਂ ਵਿੱਚ ਵੀ “ਬੇਕਾਰੀ ਤੋਂ ਬੇਗਾਰ ਭਲੀ” ਜਾਂ “ਬੇਕਾਰ ਨਾ ਬੈਠ ਕੁਛ ਕੀਆ ਕਰ ਔਰ ਨਹੀਂ ਤੋ ਪਜਾਮਾ ਉਧੇੜ ਕੇ ਸੀਆ ਕਰ” ਦੀ ਪ੍ਰੇਰਨਾ ਕੀਤੀ ਹੋਈ ਮਿਲਦੀ ਹੈ। ਪਰ ਫਿਰ ਵੀ ਸਾਡੇ ਸਮਾਜ ਵਿੱਚ ਇਸ ਪੱਖੋਂ ਅਜੇ ਅਗਿਆਨਤਾ ਹੀ ਪਾਈ ਜਾਂਦੀ ਹੈ। (ਸਾਡੇ ਭਾਈਚਾਰੇ ਵਿੱਚ ਇਹ ਇੱਕ ਚੰਗੀ ਸ਼ੁਰੂਆਤ ਹੈ ਕਿ ਦੂਜੀਆਂ ਕਮਨਿਊਟੀਆਂ ਨੂੰ ਦੇਖ ਕੇ ਵਡੇਰੀ ਉਮਰ ਵਿੱਚ ਵੀ ਹਰੇਕ ਖੇਤਰ ਵਿੱਚ ਕੁੱਝ ਨਾ ਕੁੱਝ ਕਰਦੇ ਰਹਿਣ ਦੀ ਰੁਚੀ ਵਧਦੀ ਜਾ ਰਹੀ ਹੈ)
ਇਸ ਲਈ ਕਈ ਵਿਚਾਰਵਾਨਾਂ ਦਾ ਇਹ ਖ਼ਿਆਲ ਹੈ ਕਿ,
“Anyone who stops learning is old wheather at twenty or eighty. Anyone who keeps learning stays young. The greatest thing in life is to keep your mind young”. (Henry Ford)
ਪਰ ਸਾਡੇ ਸਮਾਜ ਵਿੱਚ ਵਡੇਰੀ ਉਮਰ ਵਿੱਚ ਆਰਾਮ ਨਾਲ ਬੈਠਣ ਨੂੰ ਉੱਚ ਅਥਵਾ ਖਾਨਦਾਨੀ ਰੁਤਬੇ ਦਾ ਨਾਂ ਦਿੱਤਾ ਜਾਂਦਾ ਹੈ। ਇਸ ਲਈ ਹੀ ਆਮ ਤੌਰ `ਤੇ ਇਹ ਧਾਰਨਾ ਹੈ ਕਿ ਜਦੋਂ ਘਰ ਨੂੰਹ ਆ ਜਾਵੇ ਤਾਂ ਸੱਸ ਕਿਸੇ ਕੰਮ-ਕਾਜ ਦਾ ਸਾਰਾ ਬੋਝ ਨੂੰਹ `ਤੇ ਹੀ ਸੁਟ ਦੇਂਦੀ ਹੈ। (ਇਹਨਾਂ ਮੁਲਕਾਂ ਵਿੱਚ ਇਹ ਰੁਚੀ ਬੜੀ ਤੇਜ਼ੀ ਨਾਲ ਘਟਦੀ ਜਾ ਰਹੀ ਹੈ ਪਰ ਭਾਰਤ ਆਦਿ ਦੇਸ਼ਾਂ ਵਿੱਚ ਅਜੇ ਵੀ ਇਹ ਰੁਚੀ ਮੌਜੂਦ ਹੈ)
ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਦੇ ਇਸ ਅੰਤਲੇ ਪੜਾਅ ਦੇ ਇੱਕ ਹੋਰ ਪੱਖ ਨੂੰ ਸਾਡੇ ਸਾਹਮਣੇ ਰੱਖਿਆ ਹੈ। ਜਿਸ ਵਿੱਚ ਇੰਦ੍ਰਿਆਂ ਦੀਆਂ ਸੁਭਾਵਕ ਕਮਜ਼ੋਰੀਆਂ ਦਾ ਸ਼ਿਕਾਰ ਹੋਣ ਨੂੰ ਕੁਦਰਤੀ ਪ੍ਰਕ੍ਰਿਆ ਦੇ ਰੂਪ ਵਿੱਚ ਸਵੀਕਾਰ ਕਰਕੇ, ਮਨੁੱਖ ਵਲੋਂ ਆਪਣੇ ਗੱਲ ਵਿੱਚ ਖ਼ੁਦ ਪਾਏ ਹੋਏ ਜਾਲ ਦੇ ਰੂਪ ਦਾ ਵਰਨਣ ਕੀਤਾ ਹੈ:-
(ੳ) ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ॥ ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ॥ ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ॥ ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ॥ (ਪੰਨਾ 93) ਅਰਥ:- ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ। ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿੱਚ ਹਨ)। ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿੱਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ। ਜਗਤ ਵਿੱਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ।
(ਅ) ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ॥ ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ॥ (ਪੰਨਾ 793) ਅਰਥ:- (ਤੇਰੀਆਂ) ਅੱਖਾਂ ਕਮਜ਼ੋਰ ਹੋ ਚੁਕੀਆਂ ਹਨ, ਕੰਨ ਭੀ (ਹੁਣ) ਸੁਣਨੋ ਰਹਿ ਗਏ ਹਨ, ਸੁਹਣਾ ਸਰੀਰ (ਭੀ) ਰਹਿ ਗਿਆ ਹੈ; ਬੁਢੇਪੇ ਨੇ ਆ ਸੱਦ ਮਾਰੀ ਹੈ ਤੇ (ਤੇਰੀ) ਸਾਰੀ ਅਕਲ ਭੀ (ਠੀਕ) ਕੰਮ ਨਹੀਂ ਕਰਦੀ, ਪਰ (ਤੇਰੀ) ਮਾਇਆ ਦੀ ਖਿੱਚ (ਅਜੇ ਤਕ) ਨਹੀਂ ਮੁੱਕੀ।
ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਇਸ ਸੱਚ ਨੂੰ ਆਪਣੀ ਰਚਨਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ:- ਸੁਧ ਨ ਹੋਵੈ ਬਾਲ ਬੁਧਿ ਬਾਲਕ ਲੀਲਾ ਵਿੱਚ ਵਿਹਾਵੈ॥ ਭਰ ਜੋਬਨ ਭਰਮਾਈਐ ਪਰ ਤਨ ਪਰ ਧਨ ਨਿੰਦ ਲੁਭਾਵੈ॥ ਬਿਰਧ ਹੋਆ ਜੰਜਾਲ ਵਿੱਚ ਮਹਾਂ ਜਾਲ ਪਰਵਾਰ ਫਹਾਵੈ॥ ਬਲ ਹੀਣਾ ਮਤਿ ਹੀਣ ਹੋਇ ਨਾਉਂ ਬਹਤਰਿਆ ਬਰੜਾਵੈ॥ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿਦਿਸ ਧਾਵੈ॥ ਸਾਧ ਸੰਗਤਿ ਗੁਰ ਸ਼ਬਦ ਵਿਣ ਲਖ ਚੌਰਾਸੀ ਜੋਨ ਭਵਾਵੈ॥ ਅਉਸਰ ਚੁਕਾ ਹਥ ਨ ਆਵੈ॥ (ਵਾਰ 5, ਪਉੜੀ 18) ਅਰਥ:- ਬਾਲਕ ਬੁੱਧੀ ਵਿੱਚ ਸਮਝ ਨਹੀਂ ਹੁੰਦੀ, ਬਾਲਕਾਂ ਦੀ ਖੇਡ ਵਿੱਚ ਉਮਰ ਬੀਤਦੀ ਹੈ। ਜਦੋਂ ਜੋਬਨ ਭਰਦਾ ਹੈ ਤਦ ਭਰਮ ਜਾਂਦਾ ਹੈ ਤੇ ਪਰਾਏ ਸਰੀਰ, ਪਰਾਏ ਧਨ ਤੇ ਪਰਾਈ ਨਿੰਦਾ ਵਿੱਚ ਲੋਭ ਜਾਂਦਾ ਹੈ। ਬਿਰਧ ਹੋ ਕੇ ਜੰਜਾਲਾਂ ਵਿੱਚ ਪੈ ਜਾਂਦਾ ਹੈ, ਪਰਵਾਰ ਦੇ ਮਹਾਂ ਜਾਲ ਵਿੱਚ ਫਸ ਜਾਂਦਾ ਹੈ। ਬਲ ਤੋਂ ਹੀਣਾ, ਬੁੱਧ ਤੋਂ ਹੀਣਾ ਹੋ ਜਾਂਦਾ ਹੈ, ਬਰੜਾ ਬਰੜਾ ਉਠਦਾ ਹੈ, ਲੋਕ ਸੱਤਰਿਆ ਬਹੱਤ੍ਰਿਆ ਨਾਂ ਰੱਖ ਦੇਂਦੇ ਹਨ। ਅੱਖੋਂ ਅੰਨ੍ਹਾਂ, ਕੰਨੋਂ ਬੋਲਾ, ਪੈਰੋਂ ਪਿੰਗਲਾ, ਸਰੀਰ ਚੱਲ ਨਹੀਂ ਸਕਦਾ ਪਰੰਤੂ ਮਨ ਦਸੋ ਦਿਸ਼ਾਂ ਨੂੰ ਦੌੜਦਾ ਹੈ। ਸਾਧ ਸੰਗਤ ਤੇ ਗੁਰ ਸ਼ਬਦ ਬਿਨਾਂ ਚੌਰਾਸੀ ਲੱਖ ਜੂਨਾਂ ਵਿੱਚ ਪਿਆ ਭਟਕਦਾ ਹੈ। ਮਨੁੱਖੀ ਦੇਹ ਦਾ ਸਮਾਂ ਚੁਕ ਗਿਆ ਫਿਰ ਹੱਥ ਨਹੀਂ ਆਉਂਦਾ।
ਖ਼ੈਰ, ਅਸੀਂ ਬੁਢੇਪੇ ਸੰਬੰਧੀ ਵਿਸ਼ੇਸ਼ ਤੌਰ `ਤੇ ਇੱਕ ਪਹਿਲੂ ਦੀ ਹੀ ਚਰਚਾ ਕਰਨਾ ਚਾਹੁੰਦੇ ਹਾਂ, ਇਸ ਲਈ ਬੁਢੇਪੇ ਨਾਲ ਸੰਬੰਧ ਦੂਜੇ ਪਹਿਲੂਆਂ ਦੀ ਚਰਚਾ ਤੋਂ ਸੰਕੋਚ ਕਰ ਰਹੇ ਹਾਂ। ਉਹ ਵਿਸ਼ੇਸ਼ ਪਹਿਲੂ ਇਹ ਹੈ ਕਿ ਜੋ ਵਡੇਰੀ ਉਮਰ ਵਾਲੇ ਪ੍ਰਾਣੀਆਂ ਨੂੰ ਸੱਤਰਿਆ-ਬਹੱਤਰਿਆ ਆਖ ਕੇ ਉਹਨਾਂ ਦੀ ਦਿੱਤੀ ਹੋਈ ਸਾਲਾਹ ਆਦਿ ਨੂੰ ਨਜ਼ਰ-ਅੰਦਾਜ਼ ਹੀ ਨਹੀਂ ਕੀਤਾ ਜਾਂਦਾ ਸਗੋਂ ਬਜ਼ਰੁਗਾਂ ਨੂੰ ਇਹ ਵੀ ਮਹਿਸੂਸ ਕਰਾਇਆ ਜਾਂਦਾ ਹੈ ਕਿ ਹੁਣ ਉਹ ਉਮਰ ਦੀ ਇਸ ਪੜਾਅ ਵਿੱਚ ਆਪਣੇ ਹੋਸ਼-ਹਵਾਸ ਖੋਹ ਬੈਠ ਹਨ। (ਨੋਟ:-ਹਿੰਦੀ ਵਿੱਚ ‘ਸੱਤਰਿਆ–ਬਹੱਤਰਿਆ’ ਦੀ ਥਾਂ ‘ਸਠਿਆ ਗਿਆ ਹੈ’ ਸ਼ਬਦ ਵਰਤਿਆ ਜਾਂਦਾ ਹੈ।) ਇਸ ਲੋਕੋਕਤੀ ਦੁਆਰਾ ਅਸੀਂ ਬਜ਼ੁਰਗਾਂ ਨੂੰ ਮਾਨਸਕ ਤੌਰ ਤੇ ਅਪਾਹਜ ਬਣਾਉਣ ਦਾ ਪੁੱਖ਼ਤਾ ਪ੍ਰਬੰਧ ਕਰਨ ਦਾ ਅਪਰਾਧ ਕਮਾਇਆ ਹੋਇਆ ਹੈ। ਇਹ ਠੀਕ ਹੈ ਕਿ ਸਿਆਣਪ ਦਾ ਸੰਬੰਧ ਉਮਰ ਨਾਲ ਨਹੀਂ ਹੈ। ਇਹ ਵੀ ਠੀਕ ਹੈ ਕਿ ਬੁਢੇਪੇ ਵਿੱਚ ਸਰੀਰਕ ਕਮਜ਼ੋਰੀ ਅਤੇ ਹੋਰ ਕਈ ਤਰ੍ਹਾਂ ਦੀਆਂ ਮਾਨਸਕ ਅਤੇ ਸਰੀਰਕ ਕਮਜ਼ੋਰੀਆਂ ਦਾ ਮਨੁੱਖ ਸ਼ਿਕਾਰ ਹੋ ਜਾਂਦਾ ਹੈ ਪਰੰਤੂ ਇਸ ਦੇ ਬਾਵਜੂਦ ਮਨੁੱਖ ਬੁੱਧੀ-ਹੀਣ ਨਹੀਂ ਹੁੰਦਾ।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਬੁਢੇਪੇ ਦੀ ਦਹਿਲੀਜ਼ `ਤੇ ਪਹੁੰਚਦਿਆਂ ਮਨੁੱਖ ਦੇ ਵਿਚਾਰਾਂ ਵਿੱਚ ਪਕਿਆਈ ਆ ਜਾਂਦੀ ਹੈ। ਇਸ ਪਕਿਆਈ ਕਾਰਨ ਹੀ ਥੋਹੜੀ ਕੀਤਿਆਂ ਮਨੁੱਖ ਆਪਣੇ ਵਿਚਾਰਾਂ ਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ। ਬਜ਼ੁਰਗ ਆਪਣੇ ਨਿਜੀ ਅਨੁਭਵ ਭਾਵੇਂ ਉਹ ਗ਼ਲਤ ਹੀ ਹੋਣ ਕਾਰਨ ਹੀ ਦੂਜਿਆਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਨ ਤੋਂ ਕਿਨਾਰਾ ਵੱਟ ਲੈਂਦਾ ਹੈ। ਵਿਚਾਰਾਂ ਦੇ ਵਖੇਰਵਿਆਂ ਕਾਰਨ ਹੀ ਕਈ ਬਜ਼ੁਰਗ ਨੌਜਵਾਨਾਂ ਨੂੰ ਮੂਰਖ ਸਮਝਦੇ ਹਨ ਅਤੇ ਨੌਜਵਾਨ ਬਜ਼ੁਰਗਾਂ ਨੂੰ ਪਾਗਲ ਕਹਿੰਦੇ ਹਨ। (ਚੱਲਦਾ)
.