.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੮)

Gurmat and science in present scenario (Part-8)

ਅਕਾਲ ਪੁਰਖੁ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ।

Akal Purkh created this universe from Sunn (Zero/Nil/Vacuum)

ਬਿਗ ਬੈਂਗ ਸਿਧਾਂਤ ਅਨੁਸਾਰ ਅੱਜਕਲ ਦੀ ਸਾਇੰਸ ਦੀਆਂ ਖੋਜਾਂ ਇਹੀ ਦਰਸਾਉਂਦੀਆਂ ਹਨ ਕਿ ਸ੍ਰਿਸ਼ਟੀ ਦਾ ਕੋਈ ਆਰੰਭ ਜਰੂਰ ਸੀ। ਸਟੈਂਡਰਡ ਥਿਊਰੀ (Standard theory) ਅਨੁਸਾਰ ਕੁਦਰਤ ਇੱਕ ਇਕਾਈ (Singularity ) ਤੋਂ ਲਗਭਗ ੧੩. ੭ ਪਦਮ (13.7 billion) ਸਾਲ ਪਹਿਲਾਂ ਆਰੰਭ ਹੋਈ। ਇਹ ਇਕਾਈ (Singularity ) ਕੀ ਹੈ, ਕਿਸ ਤਰ੍ਹਾਂ ਪੈਦਾ ਹੋਈ, ਇਹ ਕੋਈ ਨਹੀਂ ਦੱਸ ਸਕਦਾ, ਇਥੇ ਭੌਤਿਕ ਵਿਗਿਆਨ (Physics) ਦੇ ਆਮ ਨਿਯਮ ਲਾਗੂ ਨਹੀਂ ਹੁੰਦੇ ਹਨ। ਇਹ ਬਲੈਕ ਹੋਲ ਦੇ ਕੇਂਦਰ ਵਿੱਚ ਸਥਿਤ ਕਹੀ ਜਾਂਦੀ ਹੈ। ਜਿਸ ਦੀ ਘਨਤਾ (Density) ਅਮਿਤ ਹੈ, ਬਹੁਤ ਜਿਆਦਾ ਹੈ ਜਿਸ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਹੈ। ਇਹ ਬਿਗ ਬੈਂਗ ਨਾਲ ਆਰੰਭ ਹੋਈ ਤੇ ਫੈਲਦੀ ਗਈ ਤੇ ਨਾਲੋ ਨਾਲ ਠੰਡੀ ਹੁੰਦੀ ਗਈ। ਇਹ ਅੱਜ ਵੀ ਹੋਰ ਫੈਲ ਰਹੀ ਹੈ ਤੇ ਨਾਲੋ ਨਾਲ ਠੰਡੀ ਹੋ ਰਹੀ ਹੈ। ਇਸ ਇਕਾਈ ਤੋਂ ਪਹਿਲਾਂ ਕੋਈ ਪੁਲਾੜ, ਸਮਾਂ, ਪਦਾਰਥ ਜਾਂ ਊਰਜਾ ਕੁੱਝ ਵੀ ਨਹੀਂ ਸੀ (Prior to the singularity, nothing existed, not space, time, matter, or energy)। ਹੁਬਲ ਨਿਯਮ (Hubble's Law) ਅਨੁਸਾਰ ਗਲੈਕਸੀਆਂ ਸਾਡੇ ਤੋਂ ਦੂਰ ਜਾ ਰਹੀਆਂ ਹਨ। ਗਲੈਕਸੀਆਂ ਦੇ ਫੈਲਣ ਦੀ ਇਹ ਖੋਜ਼ ਇਹੀ ਦੱਸਦੀ ਹੈ ਕਿ ਕੁਦਰਤ ਪਹਿਲਾ ਇੱਕ ਇਕਾਈ ਦੀ ਤਰ੍ਹਾਂ ਸੀ।

ਸਟੈਂਡਰਡ ਮਾਡਲ ਅਨੁਸਾਰ ਹਿਗਜ਼ ਬੋਸੋਨ (Higgs boson) ਇੱਕ ਮੁਢਲਾ ਪਾਰਟੀਕਲ ਹੈ। ਹੋਰ ਸਭ ਮੁਢਲੇ ਪਾਰਟੀਕਲ ਤਜਰਬਿਆਂ ਤੇ ਖੋਜਾਂ ਨਾਲ ਲੱਭੇ ਜਾ ਚੁਕੇ ਹਨ, ਹਿਗਜ਼ ਬੋਸੋਨ ਨੂੰ ਪੈਦਾ ਕਰਨਾ ਤੇ ਵੇਖਣਾਂ (detect) ਬਹੁਤ ਮੁਸ਼ਕਲ ਹੈ। ਜੇ ਕਰ ਇਸ ਮੁਢਲੇ ਪਾਰਟੀਕਲ ਦਾ ਠੋਸ ਸਬੂਤ ਮਿਲ ਗਿਆ ਤਾਂ ਕੁਦਰਤ ਦੇ ਰਹਸਿਅ ਨੂੰ ਸਮਝਣਾਂ ਆਸਾਨ ਹੋ ਜਾਵੇਗਾ। ਸਰਨ (CERN) ਵਿੱਚ ਇੱਕ ਬਹੁਤ ਵੱਡੇ ਹੈਡਰੌਨ ਕੋਲਾਇਡਰ (Large Hadron Collider) ਨਾਲ ਤਜੱਰਬੇ ਕੀਤੇ ਜਾ ਰਹੇ ਹਨ।

ਅੱਜ ਕੱਲ ਦੀ ਸਾਇੰਸ ਤਾਂ ਵੈਕੀਉਂਮ, ਬਲੈਕ ਹੋਲ ਜਾਂ ਇਕਾਈ (Vacuum, Black hole, Singularity) ਦੀਆਂ ਗੱਲਾਂ ਕਰਦੀ ਹੈ। ਪਰੰਤੂ ਗੁਰਬਾਣੀ ਅਨੁਸਾਰ ਅਕਾਲ ਪੁਰਖੁ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ। ਅਕਾਲ ਪੁਰਖੁ ਤੋਂ ਪਰੇ ਹੋਰ ਕੁੱਝ ਵੀ ਨਹੀਂ ਤੇ ਉਹ ਨਿਰੋਲ ਆਪ ਹੀ ਆਪ ਹੈ, ਤੇ ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ। ਉਸ ਅਕਾਲ ਪੁਰਖੁ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ, ਉਹ ਅਪਰ ਅਪਾਰ ਅਕਾਲ ਪੁਰਖੁ ਆਪਣੇ ਸਹਾਰੇ ਆਪ ਹੀ ਹੈ, ਅਕਾਲ ਪੁਰਖੁ ਦੇ ਆਪਣੇ ਆਪ ਤੋਂ ਬਿਨਾ ਹੋਰ ਕੁੱਝ ਵੀ ਨਹੀਂ। ਅਕਾਲ ਪੁਰਖੁ ਸੁੰਨ ਅਵਸਥਾ ਵੀ ਆਪ ਹੀ ਪੈਦਾ ਕਰਦਾ ਹੈ, ਤੇ ਆਪ ਹੀ ਆਪਣੀ ਕੁਦਰਤ ਰਚ ਕੇ ਵੇਖਦਾ ਹੈ। ਅਕਾਲ ਪੁਰਖੁ ਆਪ ਹੀ ਸੁੰਨ ਅਵਸਥਾ ਤੋਂ ਹਵਾ, ਪਾਣੀ ਆਦਿਕ ਤੱਤ ਪੈਦਾ ਕਰਦਾ ਹੈ। ਆਪ ਹੀ ਸੁੰਨ ਅਵਸਥਾ ਤੋਂ ਸ੍ਰਿਸ਼ਟੀ ਪੈਦਾ ਕਰ ਕੇ, ਆਪਣੇ ਆਪ ਤੋਂ ਆਪ ਹੀ ਅਨੇਕਾਂ ਸਰੀਰ ਤੇ ਸਰੀਰਕ ਕਿਲ੍ਹਿਆਂ ਦੇ ਰਾਜੇ, ਭਾਵ ਜੀਵ ਪੈਦਾ ਕਰਦਾ ਹੈ। ਅੱਗ, ਪਾਣੀ ਆਦਿਕ ਤੱਤਾਂ ਨਾਲ ਬਣੇ ਹੋਏ ਅਨੇਕਾਂ ਸਰੀਰ ਤੇ ਉਨ੍ਹਾਂ ਸਰੀਰਾਂ ਵਿਚਲੀ ਜੀਵ ਆਤਮਾ ਵੀ ਅਕਾਲ ਪੁਰਖੁ ਦੀ ਹੀ ਜੋਤਿ ਹੈ। ਅਕਾਲ ਪੁਰਖੁ ਆਪਣੇ ਆਪ ਵਿੱਚ ਆਪਣੀ ਸ਼ਕਤੀ ਟਿਕਾਈ ਰੱਖਦਾ ਹੈ। ਜੀਵਾਂ ਦੇ ਪੰਜ ਗਿਆਨ ਇੰਦ੍ਰੇ, ਮਨ ਤੇ ਬੁਧੀ, ਇਹ ਸੱਤੇ (੫+੨) ਸਰੋਵਰ ਵੀ ਅਕਾਲ ਪੁਰਖੁ ਨੇ ਆਪਣੇ ਆਪੇ ਤੋਂ ਹੀ ਬਣਾਏ ਹਨ। ਜਿਸ ਅਕਾਲ ਪੁਰਖੁ ਨੇ ਜੀਵ ਪੈਦਾ ਕੀਤੇ ਹਨ, ਉਹ ਆਪ ਹੀ ਉਨ੍ਹਾਂ ਨੂੰ ਸੰਭਾਲਦਾ ਹੈ ਤੇ ਆਪਣੇ ਵੀਚਾਰ ਮੰਡਲ ਵਿੱਚ ਰੱਖਦਾ ਹੈ।

ਆਕਾਸ਼ ਵਿੱਚ ਜੋ ਅਣਗਿਣਤ ਚੰਦ ਸੂਰਜ ਦਿਖਾਈ ਦਿੰਦੇ ਹਨ, ਉਹ ਸਭ ਅਕਾਲ ਪੁਰਖੁ ਤੋਂ ਹੀ ਬਣੇ ਹਨ, ਉਸ ਦੀ ਆਪਣੀ ਹੀ ਜੋਤਿ ਸਾਰੇ ਬ੍ਰਿਹਮੰਡ ਵਿੱਚ ਪਸਰ ਰਹੀ ਹੈ। ਉਹ ਅਦ੍ਰਿਸ਼ਟ ਤੇ ਬੇਅੰਤ ਅਕਾਲ ਪੁਰਖੁ ਕਿਸੇ ਹੋਰ ਦੇ ਆਸਰੇ ਨਹੀਂ ਰਹਿੰਦਾ ਹੈ, ਕਿਸੇ ਦਾ ਮੁਥਾਜ ਨਹੀਂ, ਉਹ ਆਪਣੇ ਆਪ ਵਿੱਚ ਆਪ ਹੀ ਮਸਤ ਰਹਿੰਦਾ ਹੈ। ਅਕਾਲ ਪੁਰਖੁ ਨੇ ਹੀ ਧਰਤੀ, ਆਕਾਸ਼, ਤਾਰੇ ਆਦਿ ਨਿਰੋਲ ਆਪਣੇ ਆਪੇ ਤੋਂ ਹੀ ਪੈਦਾ ਕੀਤੇ ਹਨ। ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖੁ, ਆਪਣੀ ਤਾਕਤ ਦੇ ਸਹਾਰੇ ਭਾਵ ਆਪਣੇ ਹੁਕਮੁ ਅਨੁਸਾਰ, ਬਿਨਾ ਕਿਸੇ ਹੋਰ ਥੰਮ੍ਹਾਂ ਦੇ ਇਸ ਧਰਤੀ ਤੇ ਆਕਾਸ਼ ਨੂੰ ਟਿਕਾਈ ਰੱਖਦਾ ਹੈ। ਅੱਜਕਲ ਉਸ ਹੁਕਮੁ ਨੂੰ ਅਸੀਂ ਗਰੇਵੀਟੇਸ਼ਨ (Gravitation) ਨਾਲ ਜਾਣਦੇ ਹਾਂ। ਅਕਾਲ ਪੁਰਖੁ ਤਿੰਨੇ ਭਵਨ, ਭਾਵ ਸਾਰੀ ਸ੍ਰਿਸ਼ਟੀ ਪੈਦਾ ਕਰ ਕੇ, ਆਪ ਹੀ ਇਨ੍ਹਾਂ ਨੂੰ ਮਾਇਆ ਦੀ ਲਪੇਟ ਵਿੱਚ ਬੰਨ੍ਹੀ ਰੱਖਦਾ ਹੈ। ਅਕਾਲ ਪੁਰਖੁ ਆਪ ਹੀ ਇਹ ਸਭ ਕੁੱਝ ਪੈਦਾ ਕਰਦਾ ਹੈ, ਤੇ ਆਪ ਹੀ ਨਾਸ ਕਰਦਾ ਹੈ। ਅਕਾਲ ਪੁਰਖੁ ਨਿਰੋਲ ਆਪਣੇ ਆਪੇ ਤੋਂ ਹੀ ਜੀਵ ਉਤਪੱਤੀ ਦੀਆਂ ਖਾਣੀਆਂ ਬਣਾਉਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ। ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪਣੇ ਆਪ ਵਿੱਚ ਹੀ ਸਮਾ ਜਾਂਦੀ ਹੈ। ਅਕਾਲ ਪੁਰਖੁ ਨੇ ਜਗਤ ਰਚਨਾ ਦਾ ਕੁੱਝ ਅਜੇਹਾ ਕੌਤਕ ਰਚਿਆ, ਕਿ ਧਰਤੀ ਵਿਚੋਂ ਆਪਣੇ ਆਪ ਬਨਸਪਤੀ ਆਦਿ ਉੱਗ ਪਏ। ਅਕਾਲ ਪੁਰਖੁ ਆਪਣੇ ਹੁਕਮ ਨਾਲ ਆਪ ਹੀ ਹੈਰਾਨ ਕਰਨ ਵਾਲਾ ਇਹ ਜਗਤ ਤਮਾਸ਼ਾ ਵਿਖਾ ਦਿੰਦਾ ਹੈ। ਦਿਨ ਰਾਤ, ਸੁਖ ਦੁਖ, ਪਾਤਾਲ ਆਕਾਸ਼, ਭਵਨ, ਜਨਮ ਮਰਨ, ਦੇਵ ਦਾਨਵ, ਪੰਜ ਤੱਤ, ਬੁਰਾ ਭਲਾ, ਆਦਿ ਸੱਭ ਅਕਾਲ ਪੁਰਖੁ ਨੇ ਆਪ ਹੀ ਪੈਦਾ ਕੀਤੇ ਹਨ। ਪਰ ਇਨ੍ਹਾਂ ਸਭ ਬਾਰੇ ਗਿਆਨ ਕੋਈ ਗੁਰਮੁਖਿ ਹੀ ਗੁਰੂ ਦੇ ਸਬਦਿ ਵਿੱਚ ਆਪਣੇ ਆਪ ਨੂੰ ਲੀਨ ਕਰਕੇ ਸਮਝ ਸਕਦਾ ਹੈ। ਜਿਸ ਮਨੁੱਖ ਦਾ ਮਨ ਸਬਦ ਗੁਰੂ ਦੁਆਰਾ ਉਸ ਦੀ ਸ਼ਰਨ ਪੈ ਕੇ, ਉਸ ਸ਼ਾਂਤੀ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਉਹ ਆਪਣਾ ਜਨਮ ਸਫਲ ਕਰ ਲੈਂਦਾ ਹੈ।

ਮਾਰੂ ਮਹਲਾ ੧॥ ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥ ੧॥ ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥ ੨

ਸੁੰਨਹੁ ਚੰਦੁ ਸੂਰਜੁ ਗੈਣਾਰੇ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ॥ ੫॥ ਸੁੰਨਹੁ ਧਰਤਿ ਅਕਾਸੁ ਉਪਾਏ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥ ੬॥ ਸੁੰਨਹੁ ਖਾਣੀ ਸੁੰਨਹੁ ਬਾਣੀ॥ ਸੁੰਨਹੁ ਉਪਜੀ ਸੁੰਨਿ ਸਮਾਣੀ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ॥ ੭॥ (੧੦੩੭, ੧੦੩੮)

ਸਾਇੰਸ ਜੀਵਾਂ ਅਤੇ ਪਦਾਰਥਾਂ ਦੀ ਜਾਣਕਾਰੀ ਤਾਂ ਦੱਸਦੀ ਹੈ। ਪਰੰਤੂ ਇਹ ਨਹੀਂ ਦੱਸ ਸਕਦੀ ਕਿ ਪਦਾਰਥ ਤੋਂ ਜੀਵ ਕਿਸ ਤਰ੍ਹਾਂ ਬਣੇ, ਚੇਤਨਾਂ ਕਿਸ ਤਰ੍ਹਾਂ ਪੈਦਾ ਹੋਈ, ਜੀਵਾਂ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ। ਪੰਛੀ ਕਿਸ ਤਰ੍ਹਾਂ ਉਡਦੇ ਹਨ। ਇਨ੍ਹਾਂ ਸੱਭ ਦੀ ਸੰਭਾਲ ਕੌਣ ਤੇ ਕਿਸ ਤਰ੍ਹਾਂ ਕਰਦਾ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖੁ ਜਿਸ ਤਰ੍ਹਾਂ ਚਾਹੁੰਦਾ ਹੈ, ਉਹ ਪੈਦਾ ਕਰਦਾ ਹੈ, ਤੇ ਜੀਵਾਂ ਪਾਸੋਂ ਆਪਣੇ ਹੁਕਮੁ ਅਨੁਸਾਰ ਕਰਵਾਉਂਦਾ ਹੈ। ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਜਿਵੇਂ ਉਸ ਦਾ ਹੁਕਮੁ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ।

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ (੭)

ਅਕਾਲ ਪੁਰਖੁ ਨੇ ਜਦੋਂ ਆਪਣੇ ਆਪ ਨੂੰ ਆਪ ਪਰਗਟ ਕੀਤਾ ਸੀ, ਉਸ ਸਮੇਂ ਤਾਂ ਨਾ ਪਾਣੀ ਸੀ, ਨਾ ਸੋਕਾ ਸੀ ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਬ੍ਰਿਹਮੰਡ ਵਿੱਚ ਅਨੇਕਾਂ ਤਾਰੇ ਸਨ, ਉਸ ਵੇਲੇ ਅਕਾਲ ਪੁਰਖੁ ਆਪ ਹੀ ਸੁੰਨ ਅਵਸਥਾ ਵਿੱਚ ਆਪਣੇ ਅੰਦਰ ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਇਕੱਲਾ ਆਪ ਹੀ ਆਪਣੇ ਹੁਕਮੁ (ਸਬਦ) ਨੂੰ ਸਮਝਦਾ ਸੀ। ਉਸ ਵੇਲੇ ਨਾ ਇਹ ਮਾਇਆ ਸੀ, ਨਾ ਇਸ ਮਾਇਆ ਦੇ ਪ੍ਰਭਾਵ ਵਿੱਚ ਮਸਤ ਹੋਏ ਕੋਈ ਜੀਵ ਸਨ, ਨਾ ਕੋਈ ਸੂਰਜ ਸੀ, ਨਾ ਚੰਦ੍ਰਮਾ ਸੀ, ਨਾ ਹੀ ਕੋਈ ਹੋਰ ਜੋਤਿ ਸੀ। ਅਕਾਲ ਪੁਰਖੁ ਦੀ ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਨਜ਼ਰ, ਉਸ ਦੇ ਆਪਣੇ ਅੰਦਰ ਟਿਕੀ ਹੋਈ ਸੀ। ਜਦੋਂ ਉਸ ਅਕਾਲ ਪੁਰਖੁ ਨੇ ਹਵਾ ਪਾਣੀ ਅੱਗ ਆਦਿਕ ਤੱਤ ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ। ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਸਾਰੇ ਅਕਾਲ ਪੁਰਖੁ ਦੇ ਪੈਦਾ ਕੀਤੇ ਹੋਏ ਜੀਵ ਹਨ, ਜੋ ਉਸ ਦੇ ਦਰ ਦੇ ਮੰਗਤੇ ਹਨ, ਤੇ ਉਹ ਆਪ ਸਭ ਨੂੰ ਦਾਤਾਂ ਦੇਣ ਵਾਲਾ ਹੈ। ਸਰਬ ਕਲਾ ਸਮਰੱਥ ਤੇ ਜਾਨਣਹਾਰ ਅਕਾਲ ਪੁਰਖੁ ਆਪਣੀ ਵੀਚਾਰ ਤੇ ਰਜ਼ਾ ਅਨੁਸਾਰ ਸਭ ਨੂੰ ਦਾਤਾਂ ਦਿੰਦਾ ਹੈ।

ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ॥ ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ॥ ੨॥ ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ॥ ਸਰਬ

ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ॥ ੩॥ ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ॥ ਸਰਬੇ ਜਾਚਿਕ ਤੂੰ ਅਕਾਲ ਪੁਰਖੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ॥ ੪॥ (੫੦੩, ੫੦੪)

ਸਿਧਾਂ ਨੇ ਵੀ ਗੁਰੂ ਸਾਹਿਬ ਨੂੰ ਸਵਾਲ ਕੀਤਾ ਸੀ ਕਿ ਤੁਸੀ ਸ੍ਰਿਸ਼ਟੀ ਦੇ ਮੁੱਢ ਦਾ ਕੀ ਵਿਚਾਰ ਦੱਸਦੇ ਹੋ? ਉਦੋਂ ਅਕਾਲ ਪੁਰਖੁ ਦਾ ਟਿਕਾਣਾ ਕਿਥੇ ਸੀ? ਅਕਾਲ ਪੁਰਖੁ ਨਾਲ ਡੂੰਘੀ ਜਾਣ-ਪਛਾਣ ਦਾ ਕੀ ਸਾਧਨ ਦੱਸਦੇ ਹੋ? ਹਰੇਕ ਹਿਰਦੇ ਵਿੱਚ ਕਿਸ ਦਾ ਨਿਵਾਸ ਹੈ? ਕਾਲ ਦੀ ਚੋਟ ਮਾਰਨ ਵਾਲਾ ਸੋਟਾ ਕਿਵੇਂ ਸਾੜਿਆ ਜਾ ਸਕਦਾ ਹੈ? ਨਿਰਭੈਤਾ ਦੀ ਅਵਸਥਾ ਤਕ ਕਿਵੇਂ ਅੱਪੜਿਆ ਜਾ ਸਕਦਾ ਹੈ? ਕਿਵੇਂ ਹਉਮੈ ਵੈਰੀ ਦਾ ਨਾਸ ਹੋਵੇ, ਜਿਸ ਸਦਕਾ ਸਹਜ ਤੇ ਸੰਤੋਖ ਦਾ ਆਸਣ ਪਛਾਣਿਆ ਜਾ ਸਕੇ, ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ?

ਗੁਰੂ ਨਾਨਕ ਸਾਹਿਬ ਨੇ ਉੱਤਰ ਦਿਤਾ ਕਿ ਜਿਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਉਸ ਦੇ ਨਿੱਜ ਸਰੂਪ ਵਿੱਚ ਅਕਾਲ ਪੁਰਖੁ ਟਿਕ ਜਾਂਦਾ ਹੈ। ਜਿਸ ਅਕਾਲ ਪੁਰਖੁ ਨੇ ਸ੍ਰਿਸ਼ਟੀ ਰਚਨਾ ਰਚੀ ਹੈ, ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਛਾਣ ਲੈਂਦਾ ਹੈ, ਨਾਨਕ ਉਸ ਦਾ ਦਾਸ ਹੈ। ਇਸ ਲਈ ਲੋੜ ਹੈ ਕਿ ਅਸੀਂ ਅਕਾਲ ਪੁਰਖੁ ਦੇ ਹੁਕਮੁ ਨੂੰ ਗੁਰਬਾਣੀ ਦੁਆਰਾ ਪਹਿਚਾਣੀਏ, ਤਾਂ ਜੋ ਅਸੀਂ ਆਪਣੇ ਅੰਦਰਲੇ ਹਉਮੈ ਤੇ ਕਾਬੂ ਪਾ ਕੇ, ਸਹਜ ਸੰਤੋਖ ਵਾਲਾ ਜੀਵਨ ਬਤੀਤ ਕਰ ਸਕੀਏ।

ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥ ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ॥ ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ॥ ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ॥ ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ॥ ੨੧॥ (੯੪੦)

ਸਿਧਾਂ ਨੇ ਵੀ ਗੁਰੂ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿ ਇਹ ਸੁੰਨ ਦੀ ਅਵੱਸਥਾ ਕਿਥੋਂ ਆਈ, ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ? ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਅਕਾਲ ਪੁਰਖੁ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ ਅਕਾਲ ਪੁਰਖੁ ਨਾਲ ਪਿਆਰ ਕਿਵੇਂ ਬਣੇ? ਹੇ ਨਾਨਕ! ਸਾਨੂੰ ਉਸ ਅਕਾਲ ਪੁਰਖੁ ਬਾਰੇ ਵਿਚਾਰ ਦੱਸ ਜੋ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ, ਉਨ੍ਹਾਂ ਦੀ ਸੁਣਨ ਵਾਲਾ ਹੈ।

ਗੁਰੂ ਨਾਨਕ ਸਾਹਿਬ ਨੇ ਉੱਤਰ ਦਿਤਾ ਕਿ ਜੀਵ ਅਕਾਲ ਪੁਰਖੁ ਦੇ ਹੁਕਮੁ ਵਿੱਚ ਇਥੇ ਆਉਂਦਾ ਹੈ, ਹੁਕਮੁ ਵਿੱਚ ਹੀ ਇਥੋਂ ਤੁਰ ਜਾਂਦਾ ਹੈ, ਤੇ ਜੀਵ ਨੂੰ ਹੁਕਮੁ ਵਿੱਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ। ਪੂਰੇ ਗੁਰੂ ਦੀ ਰਾਹੀਂ ਮਨੁੱਖ ਅਕਾਲ ਪੁਰਖੁ ਨੂੰ ਮਿਲ ਸਕਦਾ ਹੈ, ਅਕਾਲ ਪੁਰਖੁ ਨਾਲ ਪਿਆਰ ਪਾਉਂਣ ਲਈ ਸੱਚੇ ਅਕਾਲ ਪੁਰਖੁ ਨੂੰ ਹਮੇਸ਼ਾਂ ਆਪਣੇ ਚਿਤ ਵਿੱਚ ਯਾਦ ਰੱਖਣ ਦੀ ਕਮਾਈ ਕਰਨੀ ਪਵੇਗੀ। ਇਹ ਸਮਝ ਗੁਰੂ ਦੇ ਸ਼ਬਦ, ਭਾਵ ਗੁਰਬਾਣੀ ਤੋਂ ਹੀ ਮਿਲਦੀ ਹੈ, ਕਿ ਅਕਾਲ ਪੁਰਖੁ ਕਿਹੋ ਜਿਹਾ ਹੈ ਤੇ ਕਿੰਨਾਂ ਬੇਅੰਤ ਹੈ।

ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ॥ ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ॥ ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ॥ ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ॥ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ॥ ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ॥ ੨੨॥ (੯੪੦)

ਹਰੇਕ ਮਨੁੱਖ ਸੁੰਨ ਅਵਸਥਾ ਦਾ ਜ਼ਿਕਰ ਕਰਦਾ ਹੈ, ਜਿਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ ਹਨ। ਪਰ ਅਮਲੀ ਜੀਵਨ ਵਿੱਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ ਸਦਾ ਟਿਕੀ ਰਹਿਣ ਵਾਲੀ ਸੁੰਨ ਅਵਸਥਾ ਕਿਵੇਂ ਬਣ ਸਕਦੀ ਹੈ। ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਉਣ ਨਾਲ ਹੀ, ਇਸ ਅਵਸਥਾ ਬਾਰੇ ਸਮਝ ਆ ਸਕਦੀ ਹੈ। ਕੋਈ ਸਵਾਲ ਪੁੱਛ ਸਕਦਾ ਹੈ ਕਿ ਸੁੰਨ ਅਵਸਥਾ ਵਿੱਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ? ਤਾਂ ਇਸ ਦਾ ਉੱਤਰ ਇਹ ਹੈ ਕਿ ਅਜੇਹੇ ਮਨੁੱਖ ਉਸ ਅਕਾਲ ਪੁਰਖੁ ਵਰਗੇ ਹੀ ਹੋ ਜਾਂਦੇ ਹਨ, ਜਿਸ ਤੋਂ ਉਹ ਪੈਦਾ ਹੋਏ ਹਨ। ਜਿਹੜੇ ਮਨੁੱਖ ਗੁਰੂ ਦੇ ਹੁਕਮ ਅਨੁਸਾਰ ਚਲ ਕੇ ਮਨ ਨੂੰ ਗੁਰੂ ਦੀ ਮਤ ਅਨੁਸਾਰ ਢਾਲ ਲੈਂਦੇ ਹਨ, ਉਹ ਮੁੜ ਮੁੜ ਨਾ ਜੰਮਦੇ ਹਨ, ਨਾ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ।

ਸੁੰਨੋ ਸੁੰਨੁ ਕਹੈ ਸਭੁ ਕੋਈ॥ ਅਨਹਤ ਸੁੰਨੁ ਕਹਾ ਤੇ ਹੋਈ॥ ਅਨਹਤ ਸੁੰਨਿ ਰਤੇ ਸੇ ਕੈਸੇ॥ ਜਿਸ ਤੇ ਉਪਜੇ ਤਿਸ ਹੀ ਜੈਸੇ॥ ਓਇ ਜਨਮਿ ਨ ਮਰਹਿ ਨ ਆਵਹਿ ਜਾਹਿ॥ ਨਾਨਕ ਗੁਰਮੁਖਿ ਮਨੁ ਸਮਝਾਹਿ॥ ੫੨॥ (੯੪੩, ੯੪੪)

ਗੁਰੂ ਦੀ ਕਿਰਪਾ ਨਾਲ ਭਾਵ ਅਕਾਲ ਪੁਰਖੁ ਨੂੰ ਗੁਰਬਾਣੀ ਦੁਆਰਾ ਵਿਚਾਰਨ ਨਾਲ ਕੁਦਰਤ ਦੀ ਅਸਲੀਅਤ ਸਮਝ ਆ ਜਾਂਦੀ ਹੈ, ਕਿ ਅਕਾਲ ਪੁਰਖੁ ਆਪਣੇ ਰਚੇ ਹੋਏ ਜਗਤ ਵਿੱਚ ਆਪ ਵਿਆਪਕ ਹੈ। ਫਿਰ ਜਦੋਂ ਮਨੁੱਖ ਗੁਰੂ ਦੀ ਮਤ ਦੁਆਰਾ ਵੇਖਦਾ ਤੇ ਸਮਝਦਾ ਹੈ, ਤਾਂ ਹਰੇਕ ਚੀਜ਼ ਉਸ ਨੂੰ ਅਕਾਲ ਪੁਰਖੁ ਦਾ ਰੂਪ ਹੀ ਦਿੱਸਦੀ ਹੈ, ਸਭ ਦਾ ਮੂਲ (ਮੁਢ, ਆਰੰਭ) ਵੀ ਅਕਾਲ ਪੁਰਖੁ ਹੀ ਦਿਖਾਈ ਦਿੰਦਾ ਹੈ। ਇਹ ਸਾਰਾ ਦਿੱਸ ਰਿਹਾ ਸੰਸਾਰ ਵੀ ਅਕਾਲ ਪੁਰਖੁ ਆਪ ਹੀ ਹੈ ਤੇ ਸਭ ਵਿੱਚ ਉਸ ਦੀ ਜੋਤਿ ਵਿਆਪਕ ਹੈ।

ਗੁਰ ਪ੍ਰਸਾਦਿ ਤਤੁ ਸਭੁ ਬੂਝਿਆ॥ ਜਬ ਦੇਖਉ ਤਬ ਸਭੁ ਕਿਛੁ ਮੂਲੁ॥ ਨਾਨਕ ਸੋ ਸੂਖਮੁ ਸੋਈ ਅਸਥੂਲੁ॥ ੫॥ (੨੮੧)

ਇਹ ਸੱਭ ਕੁੱਝ ਅਕਾਲ ਪੁਰਖੁ ਦੀ ਗੁਪਤ ਰਚਨਾ ਹੈ, ਜਿਸ ਬਾਰੇ ਉਹ ਆਪ ਹੀ ਜਾਣਦਾ ਹੈ। ਜਦੋਂ ਉਸ ਅਕਾਲ ਪੁਰਖੁ ਨੂੰ ਚੰਗਾ ਲੱਗਾ ਤਾਂ ਉਸ ਨੇ ਇਹ ਜਗਤ ਪੈਦਾ ਕਰ ਦਿੱਤਾ। ਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ ਨਾ ਦਿੱਸਣ ਵਾਲੇ ਸਹਾਰੇ (Gravitation) ਨਾਲ ਆਪੋ ਆਪਣੇ ਥਾਂ ਤੇ ਟਿਕਾ ਦਿੱਤਾ। ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਵੀ ਪੈਦਾ ਕਰ ਦਿੱਤੇ, ਭਾਵ ਜਗਤ ਨੂੰ ਪੈਦਾ ਕਰਨ, ਨਾਸ ਕਰਨ ਤੇ ਸੰਭਾਲਣ ਦਾ ਸਿਸਟਮ ਚਲਾ ਦਿੱਤਾ, ਤੇ ਜਗਤ ਵਿੱਚ ਮਾਇਆ ਦਾ ਮੋਹ ਵੀ ਵਧਾ ਦਿੱਤਾ। ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ, ਉਸ ਨੂੰ ਸਮਝ ਆ ਗਈ ਕਿ ਅਕਾਲ ਪੁਰਖੁ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ। ਉਸ ਅਕਾਲ ਪੁਰਖੁ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ। ਪੂਰੇ ਗੁਰੂ ਤੋਂ ਇਹ ਸਮਝ ਪੈਂਦੀ ਹੈ, ਕਿ ਕੋਈ ਵੀ ਜੀਵ ਅਕਾਲ ਪੁਰਖੁ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ। ਜਿਹੜੇ ਬੰਦੇ ਉਸ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗੇ ਜਾਂਦੇ ਹਨ, ਉਹ ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ ਹੈਰਾਨ ਹੁੰਦੇ ਹਨ, ਤੇ ਹੈਰਾਨੀ (ਵਿਸਮਾਦ) ਦੀ ਸਥਿਤੀ ਵਿੱਚ ਉਸ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ।

ਮਾਰੂ ਮਹਲਾ ੧॥ ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥ ਵਿਰਲੇ ਕਉ ਗੁਰ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ ੧੫॥ ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ ੧੬॥ ੩॥ ੧੫॥ (੧੦੩੬)

ਅਕਾਲ ਪੁਰਖੁ ਨੇ ਬਿਨਾ ਕਿਸੇ ਉਚੇਚੇ ਜਤਨ ਦੇ ਆਪਣੇ ਹੁਕਮ ਦੁਆਰਾ ਇਹ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। ਜਗਤ ਉਤਪਤੀ ਦੇ ਕੰਮ ਕਰ ਕਰ ਕੇ ਉਹ ਆਪਣੀ ਵਡਿਆਈ ਆਪ ਹੀ ਵੇਖ ਰਿਹਾ ਹੈ। ਅਕਾਲ ਪੁਰਖੁ ਆਪ ਹੀ ਸਭ ਕੁੱਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ ਕਰਵਾ ਰਿਹਾ ਹੈ, ਤੇ ਆਪਣੀ ਰਜ਼ਾ ਅਨੁਸਾਰ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੋ ਕੇ ਵਿਚਰ ਰਿਹਾ ਹੈ।

ਹੁਕਮੀ ਸਹਜੇ ਸ੍ਰਿਸਟਿ ਉਪਾਈ॥ ਕਰਿ ਕਰਿ ਵੇਖੈ ਅਪਣੀ ਵਡਿਆਈ॥ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ॥ ੧॥ (੧੦੪੩, ੧੦੪੪)

ਇਹ ਸਾਰਾ ਦਿੱਸਦਾ ਜਗਤ ਜਿਸ ਵਿੱਚ ਅਣਗਿਣਤ ਪਾਤਾਲ, ਪੁਰੀਆਂ, ਤੇ ਮੰਡਲ ਹਨ, ਉਹ ਸਭ ਅਕਾਲ ਪੁਰਖੁ ਨੇ ਹੀ ਪੈਦਾ ਕੀਤੇ ਹਨ, ਇਸ ਜਗਤ ਵਿੱਚ ਅਕਾਲ ਪੁਰਖੁ ਦਾ ਕਰੜਾ ਹੁਕਮ ਜਗਤ ਦੀ ਕਾਰ ਚਲਾ ਰਿਹਾ ਹੈ। ਇਸ ਸਾਰੇ ਜਗਤ ਨੂੰ ਅਕਾਲ ਪੁਰਖੁ ਆਪਣੇ ਹੁਕਮ ਅਨੁਸਾਰ ਪੈਦਾ ਕਰਦਾ ਹੈ, ਹੁਕਮ ਵਿੱਚ ਹੀ ਢਾਹੁੰਦਾ ਹੈ। ਅਕਾਲ ਪੁਰਖੁ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਗੁਰੂ ਨਾਲ ਮੇਲ ਕੇ ਆਪਣੇ ਚਰਨਾਂ ਵਿੱਚ ਜੋੜਦਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਸ ਹੁਕਮ ਦੀ ਸੋਭਾ ਕਰਦਾ ਹੈ। ਅਕਾਲ ਪੁਰਖੁ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ, ਉਹ ਅਗੋਚਰ ਹੈ ਤੇ ਉਸ ਨੂੰ ਕਿਸੇ ਕਿਸਮ ਦਾ ਕੋਈ ਫਿਕਰ ਨਹੀਂ, ਉਹ ਬੇਪਰਵਾਹ ਹੈ। ਅਕਾਲ ਪੁਰਖੁ ਕਿਸੇ ਮਨੁੱਖ ਨੂੰ ਜਿਸ ਤਰ੍ਹਾਂ ਦੀ ਮਤਿ ਦਿੰਦਾ ਹੈਂ, ਉਹ ਉਹੋ ਜਿਹਾ ਬਣ ਜਾਂਦਾ ਹੈ। ਉਹ ਆਪ ਹੀ ਮਨੁੱਖ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਆਪਣੇ ਸਬਦ ਦੁਆਰਾ ਹੁਕਮੁ ਬਾਰੇ ਸੂਝ ਬਖ਼ਸ਼ਦਾ ਹੈ।

ਪਾਤਾਲ ਪੁਰੀਆ ਲੋਅ

ਆਕਾਰਾ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ॥ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ॥ ੫॥ ਹੁਕਮੈ ਬੂਝੈ ਸੁ ਹੁਕਮੁ ਸਲਾਹੇ॥ ਅਗਮ ਅਗੋਚਰ ਵੇਪਰਵਾਹੇ॥ ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ॥ ੬॥ (੧੦੬੦, ੧੦੬੧)

ਅਕਾਲ ਪੁਰਖੁ ਬੇਅੰਤ ਸਮਾਂ ਗੁਪਤ ਅਵਸਥਾ ਵਿੱਚ ਹੀ ਰਿਹਾ, ਬੇਅੰਤ ਸਮਾਂ ਉਹ ਸੁੰਨ ਅਵਸਥਾ ਵਿੱਚ ਟਿਕਿਆ ਰਿਹਾ। ਬੇਅੰਤ ਸਮਾਂ ਇੱਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਜਿਸ ਤਰ੍ਹਾਂ ਧੁੰਦ ਵਿੱਚ ਕੁੱਝ ਦਿਖਾਈ ਨਹੀਂ ਦਿੰਦਾ ਹੈ, ਇਸੇ ਤਰ੍ਹਾਂ ਉਹ ਅਜੇਹੀ ਅਵਸਥਾ ਸੀ ਜੋ ਕਿ ਨਾ ਤਾਂ ਮਨੁੱਖ ਬਿਆਨ ਕਰ ਸਕਦਾ ਹੈ ਤੇ ਨਾ ਹੀ ਸਮਝ ਸਕਦਾ ਹੈ। ਫਿਰ ਅਕਾਲ ਪੁਰਖੁ ਨੇ ਆਪ ਹੀ ਆਪਣੇ ਆਪ ਨੂੰ ਜਗਤ-ਰੂਪ ਵਿੱਚ ਪਰਗਟ ਕਰ ਲਿਆ।

ਕੇਤੜਿਆ ਦਿਨ ਗੁਪਤੁ ਕਹਾਇਆ॥ ਕੇਤੜਿਆ ਦਿਨ ਸੁੰਨਿ ਸਮਾਇਆ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ॥ ੧੨॥ (੧੦੮੧, ੧੦੮੨)

ਇਸ ਜਗਤ-ਰੂਪੀ ਅਵਸਥਾ ਵਿੱਚ ਪਰਗਟ ਹੋ ਕੇ ਉਹ ਬਲਵਾਨ ਅਕਾਲ ਪੁਰਖੁ ਆਪ ਹੀ ਆਪਣੇ ਆਪ ਨੂੰ ਮਾਇਆ ਅਖਵਾ ਰਿਹਾ ਹੈ। ਉਹ ਸੂਰਮਾ ਅਕਾਲ ਪੁਰਖੁ ਆਪ ਹੀ ਸਾਰੇ ਜਗਤ ਵਿੱਚ ਆਪਣਾ ਹੁਕਮ ਚਲਾ ਰਿਹਾ ਹੈ। ਸਭ ਜੀਵਾਂ ਦੇ ਅੰਦਰ ਉਸ ਨੇ ਆਪ ਹੀ ਸੁਖ ਤੇ ਸ਼ਾਂਤੀ ਵਰਤਾਈ ਹੋਈ ਹੈ, ਕਿਉਂਕਿ ਉਹ ਆਪ ਹੀ ਮੀਂਹ ਵਿੱਚ ਪੈਣ ਵਾਲੇ ਠੰਢੇ ਗੜਿਆਂ ਵਰਗਾ ਸੀਤਲ ਸੁਭਾਅ ਵਾਲਾ ਹੈ ਤੇ ਅੰਦਰੋਂ ਬਰਫ ਦੀ ਤਰ੍ਹਾਂ ਸ਼ਾਂਤ ਤੇ ਠੰਢੇ ਠਾਰ ਸੁਭਾ ਵਾਲਾ ਹੈ।

ਆਪੇ ਸਕਤੀ ਸਬਲੁ

ਕਹਾਇਆ॥ ਆਪੇ ਸੂਰਾ ਅਮਰੁ ਚਲਾਇਆ॥ ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ॥ ੧੩॥ (੧੦੮੧, ੧੦੮੨)

ਜਿਵੇਂ ਅਕਾਲ ਪੁਰਖੁ ਦੀ ਰਜ਼ਾ ਹੁੰਦੀ ਹੈ, ਤਿਵੇਂ ਹੀ ਉਹ ਜੀਵਾਂ ਨੂੰ ਜੀਵਨ ਦੇ ਰਾਹ ਤੇ ਤੋਰਦਾ ਹੈ, ਉਹ ਕਦੇ ਤਾਂ ਜੀਵ ਨੂੰ ਅਗਿਆਨਤਾ ਵਿੱਚ ਫਸਾ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੰਵਾਈ ਰੱਖਦਾ ਹੈ, ਤੇ ਕਦੇ ਉਸ ਅੰਦਰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਸੂਝ ਟਿਕਾ ਕੇ, ਉਸ ਨੂੰ ਅਗਿਆਨਤਾ ਨੀਂਦ ਤੋਂ ਜਗਾ ਕੇ ਜੀਵਨ ਵਿੱਚ ਆਨੰਦ ਮਾਨਣ ਦਾ ਮਾਰਗ ਦਿਖਾ ਦਿੰਦਾ ਹੈ।

ਕਾਨੜਾ ਮਹਲਾ ੪॥ ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ॥ ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ॥ ੮॥ ੧॥ (੧੩੦੮)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੁ ਸਾਹਿਬਾਂ ਨੇ ਕਈ ਸਾਲ ਪਹਿਲਾਂ ਹੀ ਸਮਝਾ ਦਿਤਾ ਸੀ, ਕਿ ਅਕਾਲ ਪੁਰਖੁ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ। ਅਕਾਲ ਪੁਰਖੁ ਤੋਂ ਪਰੇ ਹੋਰ ਕੁੱਝ ਵੀ ਨਹੀਂ ਤੇ ਉਹ ਨਿਰੋਲ ਆਪ ਹੀ ਆਪ ਹੈ, ਤੇ ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ। ਅਕਾਲ ਪੁਰਖੁ ਆਪ ਹੀ ਸੁੰਨ ਅਵਸਥਾ ਤੋਂ ਹਵਾ, ਪਾਣੀ ਆਦਿਕ ਤੱਤ ਪੈਦਾ ਕਰਦਾ ਹੈ। ਆਪ ਹੀ ਸੁੰਨ ਅਵਸਥਾ ਤੋਂ ਸ੍ਰਿਸ਼ਟੀ ਪੈਦਾ ਕਰ ਕੇ, ਆਪਣੇ ਆਪ ਤੋਂ ਆਪ ਹੀ ਅਨੇਕਾਂ ਸਰੀਰ ਤੇ ਜੀਵ ਪੈਦਾ ਕਰਦਾ ਹੈ। ਅੱਗ, ਪਾਣੀ ਆਦਿਕ ਤੱਤਾਂ ਨਾਲ ਬਣੇ ਹੋਏ ਅਨੇਕਾਂ ਸਰੀਰ ਤੇ ਉਨ੍ਹਾਂ ਸਰੀਰਾਂ ਵਿਚਲੀ ਜੀਵ ਆਤਮਾ ਵੀ ਅਕਾਲ ਪੁਰਖੁ ਦੀ ਹੀ ਜੋਤਿ ਹੈ। ਜਿਸ ਅਕਾਲ ਪੁਰਖੁ ਨੇ ਜੀਵ ਪੈਦਾ ਕੀਤੇ ਹਨ, ਉਹ ਆਪ ਹੀ ਉਨ੍ਹਾਂ ਨੂੰ ਸੰਭਾਲਦਾ ਹੈ ਤੇ ਆਪਣੇ ਵੀਚਾਰ ਮੰਡਲ ਵਿੱਚ ਰੱਖਦਾ ਹੈ।

ਅਕਾਲ ਪੁਰਖੁ, ਆਪਣੀ ਤਾਕਤ ਦੇ ਸਹਾਰੇ ਭਾਵ ਆਪਣੇ ਹੁਕਮੁ ਅਨੁਸਾਰ, ਬਿਨਾ ਕਿਸੇ ਹੋਰ ਥੰਮ੍ਹਾਂ ਦੇ ਇਸ ਧਰਤੀ ਤੇ ਆਕਾਸ਼ ਨੂੰ ਟਿਕਾਈ ਰੱਖਦਾ ਹੈ। ਦਿਨ ਰਾਤ, ਸੁਖ ਦੁਖ, ਪਾਤਾਲ ਆਕਾਸ਼, ਭਵਨ, ਜਨਮ ਮਰਨ, ਦੇਵ ਦਾਨਵ, ਪੰਜ ਤੱਤ, ਬੁਰਾ ਭਲਾ, ਆਦਿ ਸਭ ਅਕਾਲ ਪੁਰਖੁ ਨੇ ਆਪ ਹੀ ਪੈਦਾ ਕੀਤੇ ਹਨ। ਪਰ ਇਨ੍ਹਾਂ ਸਭ ਬਾਰੇ ਗਿਆਨ ਕੋਈ ਗੁਰਮੁਖਿ ਹੀ ਗੁਰੂ ਦੇ ਸਬਦਿ ਵਿੱਚ ਆਪਣੇ ਆਪ ਨੂੰ ਲੀਨ ਕਰਕੇ ਸਮਝ ਸਕਦਾ ਹੈ।

ਅਕਾਲ ਪੁਰਖੁ ਨੇ ਜਦੋਂ ਆਪਣੇ ਆਪ ਨੂੰ ਆਪ ਪਰਗਟ ਕੀਤਾ ਸੀ, ਉਸ ਸਮੇਂ ਤਾਂ ਨਾ ਪਾਣੀ ਸੀ, ਨਾ ਸੋਕਾ ਸੀ ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਬ੍ਰਿਹਮੰਡ ਵਿੱਚ ਅਨੇਕਾਂ ਤਾਰੇ ਸਨ, ਉਸ ਵੇਲੇ ਅਕਾਲ ਪੁਰਖੁ ਆਪ ਹੀ ਸੁੰਨ ਅਵਸਥਾ ਵਿੱਚ ਆਪਣੇ ਅੰਦਰ ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਇਕੱਲਾ ਆਪ ਹੀ ਆਪਣੇ ਹੁਕਮੁ (ਸਬਦ) ਨੂੰ ਸਮਝਦਾ ਸੀ।

ਇਹ ਸੱਭ ਕੁੱਝ ਅਕਾਲ ਪੁਰਖੁ ਦੀ ਗੁਪਤ ਰਚਨਾ ਹੈ, ਜਿਸ ਬਾਰੇ ਉਹ ਆਪ ਹੀ ਜਾਣਦਾ ਹੈ। ਅਕਾਲ ਪੁਰਖੁ ਬੇਅੰਤ ਸਮਾਂ ਗੁਪਤ ਅਵਸਥਾ ਵਿੱਚ ਹੀ ਰਿਹਾ, ਬੇਅੰਤ ਸਮਾਂ ਉਹ ਸੁੰਨ ਅਵਸਥਾ ਵਿੱਚ ਟਿਕਿਆ ਰਿਹਾ। ਪੂਰੇ ਗੁਰੂ ਤੋਂ ਇਹ ਸਮਝ ਪੈਂਦੀ ਹੈ, ਕਿ ਕੋਈ ਵੀ ਜੀਵ ਅਕਾਲ ਪੁਰਖੁ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ।

ਇਸ ਲਈ ਲੋੜ ਹੈ ਕਿ ਅਸੀਂ ਅਕਾਲ ਪੁਰਖੁ ਦੇ ਹੁਕਮੁ ਨੂੰ ਗੁਰਬਾਣੀ ਦੁਆਰਾ ਪਹਿਚਾਣੀਏ, ਤਾਂ ਜੋ ਅਸੀਂ ਆਪਣੇ ਅੰਦਰਲੇ ਹਉਮੈ ਤੇ ਕਾਬੂ ਪਾ ਕੇ, ਸਹਜ ਸੰਤੋਖ ਵਾਲਾ ਜੀਵਨ ਬਤੀਤ ਕਰ ਸਕੀਏ। ਅਕਾਲ ਪੁਰਖ ਦਾ ਹੁਕਮੁ ਸਮਝਣ ਲਈ ਆਪਣੇ ਅੰਦਰ ਅਕਾਲ ਪੁਰਖ ਦੇ ਗੁਣ ਪੈਦਾ ਕਰਨੇ ਜਰੂਰੀ ਹਨ। ਇਸ ਲਈ ਆਓ ਸਾਰੇ ਜਾਣੇ ਸਬਦ ਗੁਰੂ ਦੁਆਰਾ ਆਪਣੇ ਅੰਦਰ ਗਿਆਨ ਦਾ ਚਾਨਣ ਪੈਦਾ ਕਰੀਏ ਅਤੇ ਪੂਰੀ ਦੁਨੀਆਂ ਵਿਚੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਨ ਲਈ ਉਪਰਾਲਾ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
.