.

(ਸੰਪਾਦਕੀ ਨੋਟ:- ਜਿਵੇਂ ਕਿ ਪਹਿਲਾਂ ਵੀ ਕਈ ਵਾਰੀ ਦੱਸਿਆ ਜਾ ਚੁੱਕਾ ਹੈ ਕਿ ‘ਸਿੱਖ ਮਾਰਗ’ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਸਾਈਟ ਨਿਰੋਲ ਧਾਰਮਿਕ, ਸਿਰਫ ਗੁਰਬਾਣੀ ਦੇ ਸੱਚ ਨੂੰ ਹੀ ਸਮਰਪਿਤ ਹੈ। ਇਸ ਲਈ ਅਸੀਂ ਕੋਈ ਵੀ ਰਾਜਸੀ ਲੇਖ ਖਾਸ ਕਰਕੇ ਖਾਲਸਤਾਨ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਛਾਪਣ ਤੋਂ ਗੁਰੇਜ਼ ਕਰਦੇ ਹਾਂ। ਅੱਜ ਤੋਂ ਕੋਈ 30 ਕੁ ਸਾਲ ਪਹਿਲਾਂ ਮੇਰੇ ਵਿਚਾਰ ਵੀ ਕੁੱਝ ਕੁ ਖਾਲਿਸਤਾਨੀਆਂ ਵਰਗੇ ਹੀ ਸਨ। ਉਸ ਵੇਲੇ ਇੱਕ ਬੰਦੇ ਨੇ ਇੱਕ ਸਵਾਲ ਕੀਤਾ ਸੀ ਕਿ ਜਿਹੜਾ ਖਾਲਸਤਾਨ ਤੁਸੀਂ ਮੰਗਦੇ ਹੋ ਕੀ ਉਹ ਗੁਰੂ ਗੋਬਿੰਦ ਸਿੰਘ ਨਹੀਂ ਸੀ ਬਣਾ ਕੇ ਦੇ ਸਕਦੇ? ਉਸ ਵੇਲੇ ਮੇਰੇ ਕੋਲ ਇਸ ਦਾ ਕੋਈ ਢੁਕਵਾਂ ਜਵਾਬ ਨਹੀਂ ਸੀ। ਜੋ ਕੁੱਝ ਸਮੇਂ ਬਾਅਦ ਗੁਰਬਾਣੀ ਨੂੰ ਸਮਝ ਕੇ ਮਿਲ ਗਿਆ ਸੀ। ਇਸ ਲੇਖ ਵਿੱਚ ਵੀ ਬੀਤੇ ਦੀ ਪੜਚੋਲ ਅਤੇ ਗੁਰਬਾਣੀ ਅਨੁਸਾਰ ਆਪਣੀ ਰਾਇ ਪੇਸ਼ ਕੀਤੀ ਹੈ। ਇਸ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਅਸੀਂ ਕੋਈ ਲੇਖ ਨਹੀਂ ਛਾਪ ਸਕਦੇ ਅਤੇ ਨਾ ਹੀ ਕੋਈ ਵਿਚਾਰ ਕਰ ਸਕਦੇ ਹਾਂ)

ਗੁਰਬਾਣੀ ਦੇ ਸੰਦਰਭ ਵਿੱਚ ਖਾਲਸਤਾਨ ਦੀ ਪਰਾਸੰਗਕਤਾ

ਸਿੱਖਾਂ ਦੀ ਬੁਹਗਿਣਤੀ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣਾ ਇਸ਼ਟ ਮੰਨਦੀ ਹੈ ਅਤੇ ਆਪਣੇ ਜੀਵਨ ਵਿੱਚ ਗੁਰਬਾਣੀ ਤੋਂ ਸੇਧ ਲੈਣ ਦਾ ਪਰਿਆਸ ਕਰਦੀ ਹੈ। ਆਮ ਸਿੱਖਾਂ ਦੀ ਇਹ ਸੁਹਿਰਦ ਮਨੋਕਾਮਨਾ ਵੀ ਹੈ ਕਿ ਸਾਰੇ ਸਿੱਖ ਗੁਰਬਾਣੀ ਉਪਦੇਸ਼ ਅਨੁਸਾਰੀ ਵਿਹਾਰ ਕਰਨ। ਉਹਨਾਂ ਦੀ ਇਹ ਕਾਮਨਾ ਪਰਸੰਸਾਯੋਗ ਹੈ ਪਰ ਹਕੀਕਤ ਇਹ ਹੈ ਕਿ ਬਹੁਤੇ ਸਿੱਖਾਂ ਵਿੱਚ ਗੁਰਬਾਣੀ ਉਪਦੇਸ਼ ਬਾਰੇ ਸਪਸ਼ਟਤਾ ਨਹੀਂ ਹੈ। ਗੁਰਬਾਣੀ ਉਪਦੇਸ਼ ਬਾਰੇ ਅਸਪਸ਼ਟਤਾ ਸਿੱਖ ਧਾਰਮਕ ਪਰੰਪਰਾ ਨੇ ਪੈਦਾ ਕੀਤੀ ਹੋਈ ਹੈ। ਕਈ ਇਤਹਾਸਕ ਕਾਰਨਾਂ ਕਰਕੇ ਸਿੱਖ ਧਾਰਮਕ ਪਰੰਪਰਾ ਦਾ ਗੁਰਬਾਣੀ ਵਿਚਾਰਧਾਰਾ ਨਾਲ ਸੁਮੇਲ ਕਾਇਮ ਨਹੀਂ ਰਹਿ ਪਾਇਆ ਅਤੇ ਪਰੰਪਰਾ ਗੁਰਬਾਣੀ ਵਲੋਂ ਨਕਾਰੇ ਸਨਾਤਨੀ ਵਿਹਾਰ ਨਾਲ ਜਾ ਜੁੜੀ। ਪਰੰਪਰਾ ਅਧਿਆਤਮਕ ਵਿਚਾਰਧਾਰਾ ਨਹੀਂ ਹੁੰਦੀ। ਇਹ ਤੇ ਅਧਿਆਤਮਕ ਵਿਚਾਰਧਾਰਾ ਨੂੰ ਸਮਝਣ ਅਤੇ ਜੀਵਨ ਵਿੱਚ ਧਾਰਨ ਕਰਨ ਲਈ ਲੋੜੀਂਦਾ ਅਨੁਸਾਸ਼ਨ ਹੁੰਦੀ ਹੈ। ਸਨਾਤਨੀ ਵਿਚਾਰਧਾਰਾ ਤੋਂ ਪਰਭਾਵਤ ਸਿੱਖ ਧਾਰਮਕ ਪਰੰਪਰਾ ਗੁਰਬਾਣੀ ਉਪਦੇਸ਼ ਨੂੰ ਸਮਝਣ ਵਿੱਚ ਸਹਾਇਕ ਨਹੀਂ ਹੁੰਦੀ ਉਸ ਬਾਰੇ ਭੁਲੇਖੇ ਪਾਉਂਦੀ ਹੈ। ਬਹੁਤੇ ਸ਼ਰਧਾਲੂ ਸਿੱਖ ਪਰੰਪਰਾ ਦੀ ਗੁਰਬਾਣੀ ਨਾਲੋਂ ਭਿੰਨਤਾ ਤੋਂ ਅਨਜਾਣ ਹਨ ਅਤੇ ਉਹ ਧਾਰਮਕ ਪਰੰਪਰਾ ਨੂੰ ਗੁਰਬਾਣੀ ਉਪਦੇਸ਼ ਤੁੱਲ ਸਮਝੀ ਜਾਂਦੇ ਹਨ। ਉਹ ਗੁਰਬਾਣੀ ਨੂੰ ਪੜ੍ਹਣ ਅਤੇ ਸਮਝਣ ਦਾ ਜਤਨ ਨਹੀਂ ਕਰਦੇ ਅਤੇ ਨਾ ਹੀ ਪਰੰਪਰਾ ਅਤੇ ਗੁਰਮਤਿ ਵਿਚਲੇ ਅੰਤਰ ਨੂੰ ਜਾਨਣ ਦੀ ਕੋਸ਼ਸ਼ਿ ਕਰਦੇ ਹਨ। ਉਹ ਸ਼ਾਇਦ ਇਹ ਵੀ ਨਹੀਂ ਜਾਣਦੇ ਕਿ ਪਰਚਲਤ ਸਿੱਖ ਪਰੰਪਰਾ ਦਾ ਆਧਾਰ ਗੁਰਬਾਣੀ ਨਹੀਂ ਸਨਾਤਨੀ ਵਿਚਾਰਧਾਰਾ ਤੋਂ ਪਰਭਾਵਤ ਪਰੱਥਾ, ਰੀਤੀ ਰਿਵਾਜ, ਮਿਥਹਾਸਕ ਵਰਨਨ ਅਤੇ ਵਿਅਕਤੀਆਂ ਦੇ ਨਿੱਜੀ ਮੱਤ ਹਨ। ਇਸ ਪਰੰਪਰਾ ਵਿੱਚ ਗੁਰਮਤਿ ਉਪਦੇਸ਼ ਦੇ ਵਿਪਰੀਤ ਅੰਤਰੀਵਤਾ (Subjectivism), ਭਰਮ ਅਤੇ ਅੰਧ ਵਿਸ਼ਵਾਸ ਭਾਰੂ ਹਨ। ਸਿੱਖ ਧਰਮ ਦੀ ਪਰੰਪਰਾ ਗੁਰਮਤਿ ਦੇ ਵਿਪਰੀਤ ਹੀ ਨਹੀਂ ਬਲਕਿ ਕਾਫੀ ਸੰਦੇਹਪੂਰਨ ਹੈ ਜਿਸ ਕਰਕੇ ਇਹ ਗੁਰਮਤਿ ਬਾਰੇ ਭੁਲੇਖੇ ਪਾਉਣ ਦੇ ਨਾਲ ਨਾਲ ਕਈ ਵਿਵਾਦ ਵੀ ਖੜ੍ਹੇ ਕਰਦੀ ਹੈ।

ਸਿੱਖ ਜਗਤ ਵਿੱਚ ਪਰੰਪਰਾ ਤੋਂ ਉਭਰੀ ਖਾਲਸਤਾਨ ਦੀ ਮੰਗ ਕਾਫੀ ਸਮੇਂ ਤੋਂ ਉਠੀ ਹੋਈ ਹੈ ਅਤੇ ਆਮ ਚਰਚਾ ਦਾ ਵਿਸ਼ਾ ਹੈ। ਭਾਵੇਂ ਹੁਣ ਬਹੁਤੇ ਸਿੱਖ ਇਸ ਮੰਗ ਦੇ ਸਮਰਥਕ ਨਹੀਂ ਰਹੇ ਹਨ ਫਿਰ ਵੀ ਇਸ ਦੀ ਉਤਪਤੀ, ਘਾਤਕ ਇਤਹਾਸ ਅਤੇ ਪਰਚਲਨ ਨੇ ਸਿੱਖ ਜੀਵਨ ਨੂੰ ਬਹੁਤ ਪਰਭਾਵਤ ਕੀਤਾ ਹੈ ਇਸ ਲਈ ਇਸ ਦੇ ਮੂਲ ਸਿਧਾਂਤ, ਇਸ ਦਾ ਇਤਹਾਸਕ ਪਿਛੋਕੜ ਅਤੇ ਉਸ ਸਿਧਾਂਤ ਦੇ ਗੁਰਬਾਣੀ ਨਾਲ ਸਬੰਧਾਂ ਬਾਰੇ ਵਿਚਾਰ ਕਰਨੀ ਮੁਨਾਸਿਬ ਹੋਵੇਗੀ।

ਪੰਥਕ ਕਮੇਟੀ ਵਲੋਂ ਜਾਰੀ ਕੀਤੇ ਦਸਤਾਵੇਜ਼ ਖਾਲਸਤਾਨ ਦੀ ਸਥਾਪਨਾ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੰਦੇ। ਉਹ ਭਾਰਤ ਵਿੱਚ ਸਿੱਖਾਂ ਨਾਲ ਪੱਖ ਪਾਤ ਅਤੇ ਵਿਤਕਰਾ ਹੋਣ ਕਾਰਨ ਉਹਨਾਂ ਨੂੰ ਆਪਣਾ ਸੁਤੰਤਰ ਰਾਜ ਕਾਇਮ ਕਰਨ ਦੇ ਮੌਲਕ ਅਧਿਕਾਰ ਦਾ ਵਰਨਨ ਕਰਦੇ ਹਨ। ਇਹ ਵੀ ਆਖਿਆ ਜਾਂਦਾ ਹੈ ਕਿ ਅੰਗ੍ਰੇਜ਼ਾਂ ਨੇ ਸਿੱਖ ਰਾਜੇ ਤੋਂ ਪੰਜਾਬ ਵਿੱਚ ਉਸ ਦਾ ਰਾਜ ਖੋਹਿਆ ਸੀ ਇਸ ਲਈ ਅੰਗ੍ਰੇਜ਼ ਸਰਕਾਰ ਨੂੰ ਭਾਰਤ ਆਜ਼ਾਦ ਕਰਨ ਸਮੇਂ ਪੰਜਾਬ ਦਾ ਰਾਜ ਸਿੱਖਾਂ ਨੂੰ ਸੌਂਪਣਾ ਚਾਹੀਦਾ ਸੀ, ਜੋ ਉਹਨਾਂ ਨਹੀਂ ਕੀਤਾ। ਪਰ ਐਸਾ ਨਾ ਕਰਨ ਨਾਲ ਪੰਜਾਬ ਤੇ ਸਿਖਾਂ ਦੇ ਰਾਜ ਕਰਨ ਦਾ ਅਧਿਕਾਰ ਸਮਾਪਤ ਨਹੀਂ ਹੋ ਜਾਂਦਾ। ਖਾਲਸਤਾਨ ਦੇ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲੋਂ ਰਾਜ ਦੇ ਸਿਧਾਂਤ ਦੀ ਮੁਢਲੀ ਜਾਣਕਾਰੀ ਸਾਂਝੀ ਕਰ ਲੈਣੀ ਲਾਹੇਵੰਦ ਹੋਵੇਗੀ।

ਖਾਲਸਤਾਨ ਦੀ ਮੰਗ ਪੰਜਾਬ ਵਿੱਚ ਇੱਕ ਵਖਰੇ ਸੁਤੰਤਰ ਸਿੱਖ ਰਾਜ ਦੀ ਮੰਗ ਹੈ ਇਸ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਰਾਜ, ਜਿਸ ਦੀ ਇਹ ਮੰਗ ਹੈ, ਅਸਲ ਵਿੱਚ ਹੁੰਦਾ ਕੀ ਹੈ ਅਤੇ ਇਸ ਦਾ ਗੁਰਬਾਣੀ ਨਾਲ ਕੀ ਸਬੰਧ ਹੈ? ਕਿਸੇ ਸਮਾਜ ਦੇ ਪ੍ਰਬੰਧ ਨੂੰ ਰਾਜ ਆਖਿਆ ਜਾਂਦਾ ਹੈ। ਰਾਜ ਦਾ ਮਨੋਰਥ ਸਮਾਜ ਦੀ ਰਖਿਆ, ਬੇਹਤਰੀ ਅਤੇ ਸਮਾਜ ਦੇ ਲੋਕਾਂ ਲਈ ਸੁਖਾਵੇਂ ਜੀਵਨ ਦੀ ਵਿਵਸਥਾ ਕਰਨਾ ਮੰਨਿਆ ਜਾਂਦਾ ਹੈ। ਰਾਜ ਦੇ ਤਿੰਨ ਕਰਤਵ ਹੁੰਦੇ ਹਨ: ੧. ਸਮਾਜ ਲਈ ਕਨੂੰਨ ਬਨਾਉਣਾ, ੨. ਉਸ ਕਨੂੰਨ ਨੂੰ ਲਾਗੂ ਕਰਨਾ, ਅਤੇ ੩. ਇਹ ਨਿਰਨਾ ਕਰਨਾ ਕਿ ਕਨੂੰਨ ਠੀਕ ਲਾਗੂ ਹੋ ਰਿਹਾ ਹੈ ਜਾਂ ਨਹੀਂ। ਇਹ ਰਾਜ ਦੀ ਪੁਸਤਕੀ ਪਰਿਭਾਸ਼ਾ ਹੈ ਅਤੇ ਰਾਜ ਦੇ ਨੈਤਕ ਅਧਿਕਾਰ ਦੀ ਬੁਨਯਾਦ ਤੇ ਰੋਸ਼ਨੀ ਪਾਉਂਦੀ ਹੈ। ਪਰ ਇਹ ਪਰਿਭਾਸ਼ਾ ਰਾਜ ਦੀ ਅਸਲੀਅਤ ਬਿਆਨ ਨਹੀਂ ਕਰਦੀ। ਰਾਜ ਦੀ ਅਸਲੀਅਤ ਜਾਨਣ ਲਈ ਮਨੁੱਖਤਾ ਦੇ ਇਤਹਾਸ ਤੇ ਝਾਤ ਮਾਰਨੀ ਪੈਂਦੀ ਹੈ। ਇਤਹਾਸ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਰਾਜ ਸਮਾਜਕ ਸ਼ਕਤੀ ਦਾ ਇਕਲੌਤਾ ਮਾਲਕ ਹੁੰਦਾ ਹੈ। ਇਹ ਇਕੱਲਾ ਹੀ ਸਮਾਜਕ ਸ਼ਕਤੀ ਦੀ ਪ੍ਰਤੀਨਿਧਤਾ ਅਤੇ ਵਰਤੋਂ ਕਰਦਾ ਹੈ। ਸ਼ਕਤੀ ਇੱਕ ਜੰਤਰ ਦੀ ਨਿਆਈਂ ਹੁੰਦੀ ਹੈ ਜੋ ਲੋਕਾਂ ਦੀ ਭਲਾਈ ਲਈ ਵੀ ਵਰਤੀ ਜਾ ਸਕਦੀ ਹੈ ਅਤੇ ਉਹਨਾਂ ਦਾ ਸ਼ੋਸ਼ਨ ਕਰਨ ਲਈ ਵੀ। ਵਿਗਿਆਨੀ ਦੱਸਦੇ ਹਨ ਕਿ ਸ਼ਕਤੀ ਦਾ ਸੁਭਾ (Nature) ਹੈ ਕਿ ਜੇਕਰ ਉਸ ਨੂੰ ਰੋਕਿਆ ਨਾ ਜਾਵੇ ਤਾਂ ਉਹ ਵਧਦੀ ਚਲੀ ਜਾਂਦੀ ਹੈ ਅਤੇ ਵਧਦੀ ਵਧਦੀ ਆਪਣੇ ਆਪ ਨੂੰ ਨਸ਼ਟ ਕਰ ਲੈਂਦੀ ਹੈ। ਸਮਾਜ ਸ਼ਾਸਤਰੀਆਂ ਦਾ ਵਿਚਾਰ ਹੈ ਕਿ ਸ਼ਕਤੀ ਭਰਿਸ਼ਟ ਕਰ ਦਿੰਦੀ ਹੈ ਅਤੇ ਅਸੀਮ ਸ਼ਕਤੀ ਪੂਰਨਭਾਂਤ ਭਰਿਸ਼ਟ ਕਰ ਛਡਦੀ ਹੈ (Power corrupts and absolute power corrupts absolutely)। ਰਾਜ ਸਰਕਾਰਾਂ ਸ਼ਕਤੀ ਅਕਸਰ ਜੰਗਾਂ ਰਾਹੀਂ ਇੱਕ ਦੂਜੇ ਨੂੰ ਅਧੀਨ ਕਰਨ ਜਾਂ ਆਪਣੇ ਨਾਗਰਿਕਾਂ ਨੂੰ ਕਾਬੂ ਵਿੱਚ ਰਖਣ ਲਈ ਵਰਤਦੀਆਂ ਹਨ, ਅਤੇ ਸ਼ਕਤੀ ਦੀ ਭਰਿਸ਼ਟਤਾ ਛੁਪਾਉਣ ਲਈ ਚਾਣਕਿਆ (ਕੁਟੱਲਿਆ) ਜਾਂ ਮੈਕਿਆਵਲੀ (Machiavelli) ਨੀਤੀ ਦੀ ਵਰਤੋਂ ਕਰਦੀਆਂ ਹਨ। ਇਸ ਪਖੋਂ ਆਧੁਨਿਕ ਰਾਜ ਦੇ ਦੋ ਗੁਣ ਆਖੇ ਜਾ ਸਕਦੇ ਹਨ: ੧. ਅਸੀਮ ਸ਼ਕਤੀ ਦੀ ਮਲਕੀਅਤ, ਅਤੇ ੨. ਚਾਣਕਿਆ ਨੀਤੀ ਦੀ ਵਰਤੋਂ। ਫੌਜ ਅਤੇ ਪੁਲਿਸ ਸ਼ਕਤੀ ਦੇ ਪਰਤੀਕ ਹਨ। ਝੂਠ ਬੋਲਣਾ ਅਤੇ ਲੋਕਾਂ ਨੂੰ ਧੋਖਾ ਦੇਣਾ ਚਾਣਕਿਆ ਨੀਤੀ ਅਖਵਾਉਂਦੀ ਹੈ। ਸਮਾਜ ਦਾ ਸੰਤੋਖਜਨਕ ਅਤੇ ਚਿਰੰਜੀਵ ਰਾਜਸੀ ਪ੍ਰਬੰਧ ਕਰਨ ਲਈ ਰਾਜਨੀਤਕ ਅਗੂਆਂ ਨੂੰ ਦੋ ਯੋਗਤਾਵਾਂ ਦੀ ਲੋੜ ਹੁੰਦੀ ਹੈ: ੧. ਰਾਜ ਕਰਨ ਦੀ ਲਿਆਕਤ, ਅਤੇ ੨. ਲੋਕਾਂ ਦੀ ਹਮਾਇਤ ਅਤੇ ਪਰਸੰਸਾ। ਰਾਜਨੀਤਕ ਆਗੂਆਂ ਦੀ ਲਿਆਕਤ ਰਾਜਨੀਤਗਤਾ ਦੀ ਸੂਝ ਅਤੇ ਤਜਰਬੇ ਤੇ ਨਿਰਭਰ ਕਰਦੀ ਹੈ। ਸਿਆਸੀ ਲਿਆਕਤ ਬਹੁਤ ਘੱਟ ਆਗੂਆਂ ਵਿੱਚ ਹੁੰਦੀ ਹੈ। ਜਿਹਨਾਂ ਆਗੂਆਂ ਵਿੱਚ ਸਿਆਸੀ ਲਿਆਕਤ ਨਹੀਂ ਹੁੰਦੀ ਉਹਨਾਂ ਦੇ ਰਾਜ ਨੂੰ ਅਕਸਰ ਫੌਜੀ ਜਰਨੈਲ, ਡਿਕਟੇਟਰ ਜਾਂ ਬਾਦਸ਼ਾਹ ਫੌਜ ਦੇ ਜ਼ੋਰ ਨਾਲ ਹਥਿਆ ਕੇ ਆਪਣਾ ਨਿੱਜੀ ਤਾਨਾਸ਼ਾਹੀ ਰਾਜ ਕਾਇਮ ਕਰ ਲੈਂਦੇ ਹਨ। ਲੋਕਾਂ ਦੀ ਹਮਾਇਤ ਅਤੇ ਪਰਸੰਸਾ ਰਾਜ ਭਾਗ ਵਿੱਚ ਨਾਗਰਿਕਾਂ ਦੀ ਸ਼ਮੂਲੀਅਤ ਤੇ ਨਿਰਭਰ ਕਰਦੀ ਹੈ। ਜਿਸ ਰਾਜ ਵਿੱਚ ਸ਼ਾਸਨ ਦੀ ਨੀਤੀ ਨਿਰਧਾਰਤ ਕਰਨ ਲਈ ਨਾਗਰਿਕਾਂ ਦੀ ਰਾਏ ਲੈਣ ਅਤੇ ਉਸ ਰਾਏ ਤੇ ਅਮਲ ਕਰਨ ਦੀ ਰੀਤ ਹੁੰਦੀ ਹੈ ਉਸ ਰਾਜ ਨੂੰ ਲੋਕ ਆਪਣਾ ਰਾਜ ਸਮਝਦੇ ਹਨ ਅਤੇ ਉਸ ਦੀ ਹਮਾਇਤ ਕਰਦੇ ਹਨ।

ਗੁਰਬਾਣੀ ਦੱਸਦੀ ਹੈ ਕਿ ਸਰਿਸ਼ਟੀ ਦੀ ਸਿਰਜਣਾ ਹਉਮੈ ਵਿੱਚ ਹੋਈ ਹੈ ਜਿਸ ਨੂੰ ਗੁਰਬਾਣੀ ਪ੍ਰਭੂ ਦੀ ਖੇਡ ਅਤੇ “ਦੁਯੀ ਕੁਦਰਤਿ” ਆਖਦੀ ਹੈ। ਸਰਿਸ਼ਟੀ ਦੀ ਖੇਡ ਵਿੱਚ ਮਾਇਆ ਦਾ ਵਰਤਾਰਾ ਹੈ ਜੋ ਪ੍ਰਭੂ ਦੇ ਹੁਕਮ ਵਿੱਚ ਉਸ ਦੇ ਬਣਾਏ ਨਿਯਮਾਂ ਅਨੁਸਾਰ ਵਰਤਦਾ ਹੈ। ਇਸ ਖੇਡ ਦਾ ਇੱਕ ਮਹਤੱਵਪੂਰਨ ਗੁਣ ਇਹ ਹੈ ਕਿ ਇਹ ਚਲਾਏਮਾਨ ਹੈ, ਹਰ ਪਲ ਬਦਲ ਰਹੀ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪਈ ਹੋਈ ਹੈ। ‘ਦੁਯੀ’ ਹੋਣ ਕਰਕੇ ਕੁਦਰਤ ਦੇ ਨਿਯਮ ਵੀ ਅਟੱਲ਼ ਨਹੀਂ ਹੁੰਦੇ ਭਾਵੇਂ ਉਹ ਅਟੱਲ ਜਾਪਦੇ ਹਨ। ਪ੍ਰਭੂ ਇਸ “ਦੁਯੀ” ਕੁਦਰਤ ਵਿੱਚ ਸ਼ਾਂਤਮਈ ਆਸਣ ਲਾਈ ਅਦ੍ਰਿਸ਼ਟ ਬੈਠਾ ਆਪਣੀ ਖੇਡ ਦੇਖ ਰਿਹਾ ਹੈ। ਉਸ ਨੇ ਇਸ ਖੇਡ ਵਿੱਚ ਮਨੁੱਖੀ ਮਨ ਨੂੰ ਆਪਣੇ ਜੀਵਨ ਦਾ ਮਾਰਗ ਨਿਰਧਾਰਤ ਕਰਨ ਦੀ ਖੁਲ੍ਹ ਦੇ ਰੱਖੀ ਹੈ। ਮਨੁੱਖ ਨੇ ਉਸ ਖੁਲ੍ਹ ਦੀ ਵਰਤੋਂ ਕਰਕੇ ਸਮਾਜ, ਉਸ ਦਾ ਰਾਜਸੀ ਪ੍ਰਬੰਧ ਅਤੇ ਸੰਸਥਾਵਾਂ ਆਪਣੀ ਮਰਜ਼ੀ ਅਨੁਸਾਰ ਬਣਾਈਆਂ ਹਨ। ਗੁਰਬਾਣੀ ਦੇ ਫਰਮਾਨ ਹਨ: “ਆਪੀ ਨੇ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉੇ” (ਪੰ: ੪੬੩); “ਹਉਮੈ ਵਿਚਿ ਜਗ ਉਪਜੈ ਪੁਰਖਾ ਨਾਮਿ ਵਿਸਰੀਐ ਦੁਖ ਪਾਈ” (ਪੰ: ੯੪੬); “ਤੀਨਿ ਭਵਨ ਮਹਿ ਏਕਾ ਮਾਇਆ॥ ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ॥” (ਪੰ: ੪੨੪); “ਦੂਜੇ ਭਾਇ ਦੁਸਟਾ ਕਾ ਵਾਸਾ॥ ਭਉਦੇ ਫਿਰਹਿ ਬਹੁ ਮੋਹ ਪਿਆਸਾ॥” (ਪੰ: ੧੦੬੮)। ਭਾਵੇਂ ਕੁਦਰਤ ਵਿੱਚ ਮਨੁੱਖੀ ਮਨ ਪੂਰਨ ਸੁਤੰਤਰਤ ਹੁੰਦਾ ਹੈ ਪਰ ਉਹ ਆਪਣੇ ਹੀ ਬਣਾਏ ਸਮਾਜ ਅਤੇ ਰਾਜ ਪ੍ਰਬੰਧ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਹਿੰਸਾ ਦੇ ਪਰਭਾਵ ਕਾਰਨ ਵਧੀਕੀਆਂ, ਅਨਿਆਏ ਅਤੇ ਅੱਤਿਆਚਾਰ ਦਾ ਵਾਤਾਵਰਣ ਪੈਦਾ ਕਰ ਲੈੰਦਾ ਹੈ। ਮਨੁੱਖ ਦੇ ਆਪਣੀ ਕਥਿਤ ਭਲਾਈ ਲਈ ਸਥਾਪਤ ਕੀਤੇ ਰਾਜ ਵਿੱਚ ਸਵਾਰਥੀ ਰਾਜਨੀਤਕ ਆਗੂ ਅਕਸਰ ਉਸ ਨਾਲ ਲੁਟੇਰੇ ਡਾਕੂਆਂ ਵਾਲਾਂ ਵਿਹਾਰ ਕਰਦੇ ਹਨ। ਰਾਜਾਂ ਦਾ ਇਤਹਾਸ ਮੁੱਖ ਤੌਰ ਤੇ ਕਪਟ, ਹਿੰਸਕ ਵਾਰਦਾਤਾਂ ਅਤੇ ਅੱਤਿਆਚਾਰਾਂ ਦਾ ਹੀ ਇਤਹਾਸ ਹੈ। ਵਿਰਲੇ ਸਮਾਜ ਹੋਏ ਹਨ ਜਿਹਨਾਂ ਵਿੱਚ ਹਿੰਸਾ ਦੀ ਅਣਹੋਂਦ ਰਹੀ ਹੈ। ਲੋਕਾਂ ਦੇ ਸੁਖ ਅਤੇ ਬੇਹਤਰੀ ਲਈ ਜਤਨਸ਼ੀਲ ਰਾਜਾਂ ਦੀ ਵੀ ਇਤਹਾਸ ਵਿੱਚ ਕੋਈ ਕੋਈ ਉਦਾਹਰਣ ਮਿਲਦੀ ਹੈ।

ਮਨੁੱਖਤਾ ਦੇ ਇਤਹਾਸ ਵਿੱਚ ਕਈ ਪਰਕਾਰ ਦੇ ਰਾਜ ਪ੍ਰਬੰਧਾਂ ਦਾ ਜ਼ਿਕਰ ਆਉਂਦਾ ਹੈ। ਪੁਰਾਤਨ ਸਮਿਆਂ ਵਿੱਚ ਕਈ ਸਭਿਤਾਵਾਂ ਅਤੇ ਸਾਮਰਾਜ ਹੋਂਦ ਵਿੱਚ ਅਏ ਅਤੇ ਮਿੱਟ ਗਏ। ਫਿਰ ਕੌਮਾਂ ਹੋਂਦ ਵਿੱਚ ਆਈਆਂ ਅਤੇ ਉਹਨਾਂ ਆਪਣੇ ਕੌਮੀ ਰਾਜ ਸਥਾਪਤ ਕੀਤੇ। ਇਤਹਾਸ ਵਿੱਚ ਅਨੇਕਾਂ ਰਾਜਿਆਂ, ਸੁਲਤਾਨਾਂ, ਬਾਦਸ਼ਾਹਾਂ, ਸਮਰਾਟਾਂ, ਡਿਕਟੇਟਰਾਂ, ਆਦਿ ਦੇ ਬਿਰਤਾਂਤ ਮਿਲਦੇ ਹਨ। ਹੁਣ ਵਿਸ਼ਵ ਭਰ ਵਿੱਚ ਕੌਮੀ ਲੋਕ ਤੰਤਰ ਦਾ ਰਿਵਾਜ ਹੈ ਅਤੇ ਵੋਟਾਂ ਰਾਹੀਂ ਰਾਜ ਸਰਕਾਰ ਸਥਾਪਤ ਕਰਨ ਦੀ ਪਿਰਤ ਪਈ ਹੋਈ ਹੈ। ਜਦੋਂ ਤੋਂ ਰਾਜ ਦੀ ਪਰੱਥਾ ਹੋਂਦ ਵਿੱਚ ਆਈ ਹੈ ਓਦੋਂ ਤੋਂ ਹੀ ਜੰਗਾਂ ਜੁਧਾਂ ਅਤੇ ਅੱਤਿਆਚਾਰਾਂ ਵਿੱਚ ਮਾਸੂਮ ਅਤੇ ਨਿਹੱਥੀ ਮਨੁਖਤਾ ਦਾ ਕਤਲੋ ਗਾਰਤ ਹੁੰਦਾ ਆਇਆ ਹੈ। ੨੦ਵੀਂ ਸ਼ਤਾਬਦੀ ਵਿੱਚ ਤੇ ਵਿਕਸਤ ਦੇਸ਼ਾਂ ਦੀਆਂ ਲੋਕ ਤੰਤਰਾਤਮਕ ਸਾਮਰਾਜੀ ਸਰਕਾਰਾਂ ਨੇ ਦੇਸ਼ ਭਗਤੀ ਦੇ ਨਾਂ ਹੇਠ ਅਤੇ ਧਰਮ ਦੀ ਰਖਿਆ ਅਤੇ ਕਮਯੂਨਿਜ਼ਮ ਦਾ ਖਾਤਮਾ ਕਰਨ ਲਈ ਦੂਜੇ ਵਿਸ਼ਵ ਜੁੱਧ ਵਿੱਚ ਤਕਰੀਬਨ ੮ ਕਰੋੜ ਅਤੇ ਪਹਿਲੇ ਵਿਸ਼ਵ ਜੁੱਧ ਵਿੱਚ ਤਕਰੀਬਨ ੪ ਕਰੋੜ ਮਾਸੂਮ ਲੋਕ ਮਾਰ ਛੱਡੇ ਸੀ। ਹੁਣ ਜੰਗੀ ਅਸਲੇ ਦਾ ਵਪਾਰ ਵਿਸ਼ਵ ਦਾ ਸਭ ਤੋਂ ਵਡਾ ਵਪਾਰ ਬਣਿਆ ਹੋਇਆ ਹੈ ਅਤੇ ਉਦਯੋਗਪਤੀ ਅਤੇ ਰਾਜ ਸਰਕਾਰਾਂ ਵਿਸ਼ਵ ਵਿੱਚ ਜੰਗ ਅਤੇ ਹਿੰਸਾ ਨੂੰ ਬੜ੍ਹਾਵਾ ਦੇਣ ਵਿੱਚ ਰੁਝੀਆਂ ਹੋਈਆਂ ਹਨ। ਪਛੱਮ ਦੇ ਕਈ ਚਿੰਤਕ ਜੰਗ ਨੂੰ ਮਨੁੱਖਤਾ ਦੀ ਪਰਗਤੀ ਦਾ ਸਾਧਨ ਦੱਸਦੇ ਹਨ ਅਤੇਂ ਅਖੌਤੀ ਦਸਮ ਗ੍ਰੰਥ ਜੰਗੀ ਵੈਹਸ਼ਤ ਨੂੰ ਧਾਰਮਕ ਕਿਰਿਆ ਪਰਚਾਰਦਾ ਹੈ। ਆਧੁਨਿਕ ਜੰਗ ਦਾ ਅਣਮਨੁੱਖੀ ਘਿਨਾਉਣਾ ਚਿਹਰਾ ਪਾਬਲੋ ਪਿਕਾਸੋ (Pablo Picasso) ਨੇ ਆਪਣੇ ਜਗਤ ਪਰਸਿਧ ਚਿਤਰ ਗੁਰਨੀਕਾ (Guernica) ਵਿੱਚ ਚਿਤੱਰਤ ਕਰ ਕੇ ਮਾਨਵਤਾ ਦੀ ਜ਼ਮੀਰ ਨੂੰ ਟੁੰਬਿਆ ਸੀ। ਵਿਸ਼ਵ ਵਿੱਚ ਮਾਨਵਤਾ ਦੇ ਪਰੇਮੀਆਂ, ਸਿਆਣੇ ਅਤੇ ਅਮਨ ਪਸੰਦ ਲੋਕਾਂ ਨੇ ਪਹਿਲੋਂ ਲੀਗ ਆਫ ਨੇਸ਼ਨਜ਼ (League of Nations) ਅਤੇ ਹੁਣ ਸੰਯੁਕਤ ਰਾਸ਼ਟਰ (United Nations Organization) ਦੀ ਸਥਾਪਨਾ ਕਰਕੇ ਕੌਮਾਂ ਦੀ ਵੈਹਸ਼ਤ ਤੇ ਕਾਬੂ ਪਾਉਣ ਅਤੇ ਲੋਕਾਂ ਦੇ ਮੂਲ ਨਿੱਜੀ ਅਧਿਕਾਰ ਸਾਕਾਰ ਕਰਨ ਦਾ ਜਤਨ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਸਥਾਪਨਾ ਗੁਰਬਾਣੀ ਵਿੱਚ ਦਰਸਾਈ “ਕੁਦਰਤ ਕੇ ਸਭ ਬੰਦੇ” ਦੇ ਮਾਨਵੀ ਸਿਧਾਂਤ ਦੀ ਪਰਵਾਨਗੀ ਵਲ ਪਰਾਰੰਭਕ ਕਦਮ ਹੈ।

ਮਨੁੱਖੀ ਸਮਾਜ ਅਸਲ ਵਿੱਚ ਇੱਕ ਬਨਾਵਟੀ ਅਤੇ ਮਿਥੀ ਇਕਾਈ ਹੈ। ਇਸ ਨੂੰ ਕਦੋਂ, ਕਿਸ ਨੇ ਅਤੇ ਕਿਊਂ ਬਣਾਇਆ ਸੀ ਇਸ ਦਾ ਠੀਕ ਪਤਾ ਨਹੀਂ। ਸਮਾਜ ਦੇ ਬਹੁਤੇ ਮੈਂਬਰ ਸੁਭਾਵਕ ਹੀ ਸਮਾਜਕ ਬੰਧਨਾਂ ਤੋਂ ਛੁਟਕਾਰਾ ਪਾ ਕੇ ਆਪਣੀ ਮਰਜ਼ੀ ਨਾਲ ਆਜ਼ਾਦ ਜੀਵਨ ਬਤੀਤ ਕਰਨ ਦੇ ਚਾਹਵਾਨ ਹੁੰਦੇ ਹਨ। ਕਈ ਮੈਂਬਰ ਆਪਣੀ ਸੁਤੰਤਰਤਾ ਦਾ ਪਰਗਟਾਵਾ ਕਰਨ ਲਈ ਜੱਥੇ, ਪਾਰਟੀਆਂ, ਭਾਈਚਾਰੇ ਜਾਂ ਧੜੇ ਬਣਾ ਲੈਂਦੇ ਹਨ। ਪਰ ਰਾਜਨੀਤਕ ਸ਼ਕਤੀਆਂ ਮਨੁੱਖੀ ਸੁਤੰਤਰਤਾ ਦੀ ਹਮੇਸ਼ਾ ਵਿਰੋਧਤਾ ਕਰਦੀਆਂ ਹਨ ਅਤੇ ਰਾਜ ਪ੍ਰਬੰਧ ਜਾਂ ਧਾਰਮਕ ਪਰਣਾਲੀ ਰਾਹੀਂ ਆਪਣੇ ਕਨੂੰਨ ਜਾਂ ਮਰਿਆਦਾ ਬਣਾ ਕੇ ਫੌਜਾਂ ਦੇ ਜ਼ੋਰ ਜਾਂ ਅੰਧ ਵਿਸ਼ਵਾਸ ਨਾਲ ਲੋਕਾਂ ਨੂੰ ਸਮਾਜਕ ਸ਼ਾਸਨ ਦੇ ਅਧੀਨ ਰਖਦੀਆਂ ਹਨ। ਯੂਰਪ ਵਿੱਚ ਵਿਗਾਰ (Serfdom) ਰਾਹੀਂ, ਅਮ੍ਰੀਕਾ ਵਿੱਚ ਗੁਲਾਮੀ ਰਾਹੀਂ, ਅਤੇ ਭਾਰਤ ਵਿੱਚ ਵਰਣਵੰਡ (caste system) ਰਾਹੀਂ ਆਮ ਲੋਕਾਂ ਦਾ ਹਜ਼ਾਰਾਂ ਸਾਲ ਸ਼ੋਸ਼ਨ ਹੁੰਦਾ ਰਿਹਾ ਹੈ ਅਤੇ ਜਾਰੀ ਹੈ। ਇੱਕ ਪੱਖੋਂ ਮਨੁਖਤਾ ਦਾ ਇਤਹਾਸ ਮਨੁੱਖ ਦਾ ਸਮਾਜਕ ਬੰਧਨਾਂ ਤੋਂ ਮੁਕਤ ਹੋਣ ਅਤੇ ਆਪਣਾ ਜੀਵਨ ਸੁਤੰਤਰ ਢੰਗ ਨਾਲ ਜੀਊਣ ਦੇ ਸੰਘਰਸ਼ ਦਾ ਹੀ ਇਤਹਾਸ ਹੈ। ਗੁਰਬਾਣੀ ਵਿੱਚ ਦਰਸਾਏ ਮਨੁੱਖੀ ਮੂਲ਼ ਅਧਿਕਾਰਾਂ ਦਾ ਸੰਘਰਸ਼ ਅਜੇ ਅਧਵਾਟੇ ਹੀ ਪੁਜਿਆ ਹੈ। ਗੁਰਬਾਣੀ ਮਨੁੱਖ ਦੀ ਪੂਰਨ ਨਿੱਜੀ ਸੁਤੰਤਰਤਾ ਦੀ ਸਮਰਥਕ ਹੈ। ਇਹ ਸਮਾਜ ਨੂੰ ਭੌਜਲ ਅਤੇ ਇਸ ਦੇ ਰਾਜ ਪ੍ਰਬੰਧ ਨੂੰ ਕੂੜ ਆਖਦੀ ਹੈ। ਗੁਰਬਾਣੀ ਦੇ ਕਥਨ ਹਨ: “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਿਹ ਡਾਰ॥” (ਪੰ: ੧੩੬੬); “ਮਨ ਤੂ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥” (ਪੰ: ੪੪੧); “ਦੁਨੀਆ ਖੋਟੀ ਰਾਸਿ ਕੂੜੁ ਕਮਾਈਆ॥ (ਪੰ: ੧੪੪); “ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ॥ ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ॥” (ਪੰ: ੧੨੪੦); “ਇਹੁ ਸੰਸਾਰੁ ਬਿਖੁ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥” (ਪੰ: ੩੫੩); “ਧੰਧੁ ਪਿਟੈ ਸੰਸਾਰੁ ਸਚੁ ਨ ਭਾਇਆ॥” (ਪੰ: ੪੧੯)। ਗੁਰਬਾਣੀ ਮਨੁੱਖੀ ਮਨ ਨੂੰ ਸੰਸਾਰ ਵਿੱਚ ਵਰਤ ਰਹੀ ਮਾਇਆ ਦੇ ਪਰਭਾਵ ਤੌਂ ਮੁਕਤ ਹੋਣ ਦਾ ਉਪਦੇਸ਼ ਕਰਦੀ ਹੈ। “ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥” (ਪੰ: ੬੯੩); “ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ॥” (ਪੰ: ੫੯੫) ਰਾਜ, ਰਾਜਿਆਂ ਅਤੇ ਰਾਜਸੀ ਆਗੂਆਂ ਦੀ ਅਸਲੀਅਤ ਬਾਰੇ ਗੁਰਬਾਣੀ ਕਥਨ ਕਰਦੀ ਹੈ: “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦਰਮਾ ਦੀਸੈ ਨਾਹੀ ਕਹ ਚੜਿਆ॥” (ਪੰ: ੧੪੫); “ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥” (ਪੰ: ੪੬੯)। ਦੂਸ਼ਤ ਰਾਜ ਪ੍ਰਬੰਧ ਸਮਾਜ ਵਿੱਚ ਮਨੁੱਖੀ ਵਿਕਾਰਾਂ ਦੀ ਵਿਆਪਕਤਾ ਦਾ ਹੀ ਪ੍ਰਤੀਬਿੰਬ ਹੈ, ਇਹਨਾਂ ਵਿਕਾਰਾਂ ਦਾ ਵਰਨਨ ਗੁਰਬਾਣੀ ਇਸ ਪਰਕਾਰ ਕਰਦੀ ਹੈ: “ਅਸੰਖ ਮੂਰਖ ਅੰਧ ਘੋਰ॥ ਅਸੰਖ ਚੋਰ ਹਰਾਮਖੋਰ॥ ਅਸੰਖ ਅਮਰ ਕਰਿ ਜਾਹਿ ਜੋਰ॥ ਅਸੰਖ ਗਲਵਢ ਹਤਿਆ ਕਮਾਹਿ॥ ਅਸੰਖ ਪਾਪੀ ਪਾਪੁ ਕਰਿ ਜਾਹਿ॥ ਅਸੰਖ ਕੂੜਿਆਰ ਕੂੜੇ ਫਿਰਾਹਿ॥ ਅਸੰਖ ਮਲੇਛ ਮਲੁ ਭਖਿ ਖਾਹਿ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ॥ ਨਾਨਕੁ ਨੀਚੁ ਕਹੈ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥” (ਪੰ: ੪)। ਗੁਰਬਾਣੀ ਰਾਜਸੀ ਸ਼ਕਤੀਆਂ ਦੇ ਧਾਰਮਕ ਸਹਾਇਕਾਂ ਦੇ ਕਿਰਦਾਰ ਦੀ ਗਿਰਾਵਟ ਦਾ ਵਰਨਨ ਵੀ ਕਰਦੀ ਹੈ: “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥” (ਪੰ: ੬੬੨)। ਮਾਇਆ ਗਰੱਸੇ ਜਗਤ ਵਿੱਚ ਰਾਜਿਆਂ ਦਾ ਕੀ ਕਰਤਵ ਅਤੇ ਕੈਸਾ ਚਰਿਤਰ ਹੋਣਾ ਚਾਹੀਏ ਇਸ ਪਰਥਾਏ ਗੁਰਬਾਣੀ ਦਾ ਉਪਦੇਸ਼ ਹੈ: “ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥” (ਪੰ: ੧੨੪੦); “ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ” (ਪੰ: ੯੯੨); “ਤਖਤ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੋਈ॥ ਏਹਿ ਭੂਪਤਿ ਰਾਜੇ ਨਾ ਆਖੀਅਹਿ ਦੂਜੈ ਭਾਇ ਦੁਖੁ ਹੋਈ॥ (ਪੰ: ੧੦੮੮)। ਗੁਰਬਾਣੀ ਮਨੁੱਖ ਨੂੰ ਸਮਾਜ ਤੋੜਣ ਲਈ ਨਹੀਂ ਬਲਕਿ ਇਸ ਵਿੱਚ ਰਹਿੰਦੇ ਹੋਏ ਇਸ ਦੀ “ਦੁਯੀ” ਕੁਦਰਤ ਦੀ ਅਸਲੀਅਤ ਨੂੰ ਸਮਝ ਕੇ ਇਸ ਵਿੱਚ ਵਰਤ ਰਹੇ ਵਿਕਾਰ ਤਜਣ ਲਈ ਆਖਦੀ ਹੈ।

ਖਾਲਸਤਾਨ ਦੀ ਮੰਗ ਸਿੱਖ ਪਰੰਪਰਾ ਤੋਂ ਉਤੇਜਤ ਹੋਈ ਹੈ ਇਸ ਲਈ ਇਸ ਮੰਗ ਦੀ ਅਸਲੀਅਤ ਜਾਨਣ ਲਈੰ ਸਿੱਖ ਇਤਹਾਸ ਨੂੰ ਘੋਖਣ ਦੀ ਲੋੜ ਹੈ। ਸਿੱਖ ਇਤਹਾਸ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਪੰਜਾਬੀ ਕੌਮ ਦੀ ਰੂਪ ਰੇਖਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਭਾਸ਼ਾ ਨੇ ਨਿਰਧਾਰਤ ਕੀਤੀ ਸੀ ਅਤੇ ਗੁਰਬਾਣੀ ਉਪਦੇਸ਼ ਨੇ ਹੀ ਪੰਜਾਬੀਆਂ ਨੂੰ ਆਪਣੇ ਸਮਾਜ ਵਿੱਚ ਏਕਤਾ, ਬਰਾਬਰਤਾ ਅਤੇ ਸੁਤੰਤਰਤਾ ਲਿਆਉਣ ਲਈ ਉਤਸ਼ਾਹਤ ਕੀਤਾ ਸੀ। ਸਿੱਖ ਗੁਰਬਾਣੀ ਉਪਦੇਸ਼ ਅਨੁਸਾਰੀ ਜੀਵਨ ਬਤੀਤ ਕਰਨ ਦੇ ਅਭਿਲਾਸ਼ੀ ਸਨ। ਮੁਗਲ ਸ਼ਾਸਨ ਦੇ ਜ਼ੁਲਮ ਅਤੇ ਤਸ਼ੱਦਦ ਨੇ ਉਹਨਾਂ ਨੂੰ ਪੰਜਾਬੀ ਕੌਮ ਸੰਗਠਤ ਕਰਕੇ ਸ਼ਾਸਨ ਦੇ ਅਨਿਆਏ ਅਤੇ ਅੱਤਿਆਚਾਰਾਂ ਦਾ ਵਿਰੋਧ ਕਰਨ ਅਤੇ ਸਾਰੇ ਪੰਜਾਬ ਵਾਸੀਆਂ ਦੇ ਮਨਾਂ ਵਿੱਚ ਏਕਤਾ, ਸੁਤੰਤਰਤਾ ਅਤੇ ਮਨੁੱਖੀ ਬਰਾਬਰਤਾ ਦੀ ਭਾਵਨਾ ਪੈਦਾ ਕਰਨ ਦਾ ਜੋਸ਼ ਭਰ ਦਿੱਤਾ। ਉਹਨਾਂ ਮਿਸਲਾਂ ਸੰਗਠਤ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਪੰਜਾਬ ਦੇਸ਼ ਦੀ ਸੁਤੰਤਰਤਾ ਲਈ ਸੰਘਰਸ਼ ਕਰਨ ਲਈ ਪਰੇਰਤ ਕੀਤਾ। ਥੋੜੇ ਸਮੇਂ ਬਾਅਦ ਹੀ ਮਿਸਲਦਾਰ ਗੁਰਮਤਿ ਦੇ ਰਾਹ ਤੋਂ ਭਟਕ ਗਏ। ਦਵੈਤ ਅਤੇ ਹਉਮੈ ਦੇ ਪਰਭਾਵ ਨੇ ਉਹਨਾਂ ਵਿੱਚ ਛੋਟੇ-ਬੜੇ, ਆਪਣੇ-ਪਰਾਏ, ਅਤੇ ਮਿਤਰ-ਵੈਰੀ ਦੀ ਭਾਵਨਾ ਪੈਦਾ ਕਰ ਦਿੱਤੀ ਜੋੇ ਉਹਨਾਂ ਦੀ ਬਰਬਾਦੀ ਦਾ ਕਾਰਨ ਬਣ ਗਈ।

ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਦਾ ਰਾਜ ਅਤੇ ਸਿੱਖਾਂ ਦੀ ਸਰਦਾਰੀ ਤਕਰੀਬਨ ਸਮਾਪਤ ਕਰ ਦਿੱਤੀ। ਉਸ ਨੇ ਆਪਣੇ ਰਾਜ ਪ੍ਰਬੰਧ ਦੀ ਜ਼ਿਮੇਵਾਰੀ ਡੋਗਰਿਆ ਅਤੇ ਦੂਜੇ ਗੈਰਸਿੱਖਾਂ ਨੂੰ ਸੌਂਪ ਕੇ ਆਪਣੇ ਰਾਜ ਪ੍ਰਬੰਧ ਵਿੱਚ ਸਿੱਖ ਸਰਦਾਰਾਂ ਦੀ ਭਾਗੇਦਾਰੀ ਖਤਮ ਕਰ ਦਿੱਤੀ ਜਿਸ ਨਾਲ ਸਿੱਖ ਨਾਂ ਦੇ ਹੀ ਸਰਦਾਰ ਰਹਿ ਗਏ। ਉਸ ਨੇ ਹਰੀ ਸਿੰਘ ਨਲੂਏ ਨੂੰ ਰਾਜ ਪ੍ਰਬੰਧ ਦੀ ਜ਼ਿਮੇਵਾਰੀ ਸੌਂਪਣ ਦੀ ਥਾਂ ਅਫਗਾਨਾਂ ਨਾਲ ਲੜਣ ਲਾ ਦਿੱਤਾ। ਉਸ ਨੇ ਆਪਣੇ ਪੁਤਰਾਂ ਅਤੇ ਪੋਤਿਆਂ ਨੂੰ ਵੀ ਰਾਜ ਕਰਨ ਦੀ ਸਿਖਿਆ ਪਰਾਪਤ ਕਰਨ ਦਾ ਮੌਕਾ ਨਾ ਦਿੱਤਾ। ਉਸ ਦੀ ਮੌਤ ਮਗਰੋਂ ਉਸ ਦੇ ਰਾਜ ਦੇ ਪ੍ਰਬੰਧਕਾਂ ਨੇ ਉਸ ਦੇ ਅਨਜਾਣ ਵੰਜਸ਼ਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ ਅਤੇ ਪੰਜਾਬ ਦੀ ਸੁਤੰਤਰਤਾ ਗਵਾ ਛੱਡੀ। ਜੇਕਰ ਰਣਜੀਤ ਸਿੰਘ ਮਿਸਲਾਂ ਨੂੰ ਖਤਮ ਕਰਕੇ ਇੱਕ ਪੁਰਖਾ ਰਾਜ ਸਥਾਪਤ ਨਾ ਕਰਦਾ ਤਾਂ ਹੋ ਸਕਦਾ ਹੈ ਕਿ ਅੰਗ੍ਰੇਜ਼ੀ ਰਾਜ ਦੀ ਸੀਮਾ ਜਮਨਾ ਤੋਂ ਅਗੇ ਨਾ ਵਧ ਪਾਉਂਦੀ। ਅੰਗ੍ਰੇਜ਼ਾਂ ਨੇ ਅਫਗਾਨਿਸਤਾਨ ਨਾਲ ਤਿੰਨ ਜੰਗਾਂ ਲੜੀਆਂ ਸਨ ਪਰ ਕੋਈ ਸਫਲਤਾ ਪਰਾਪਤ ਨਾ ਕਰ ਸਕੇ। ਤੀਜੀ ਅਫਗਾਨ ਜੰਗ ਵਿੱਚ ਤੇ ਅੰਗ੍ਰੇਜ਼ਾਂ ਦੀ ਸਾਰੀ ਦੀ ਸਾਰੀ ਫੌਜ ਹੀ ਮਾਰੀ ਗਾਈ ਸੀ। ਜੇਕਰ ਅੰਗ੍ਰੇਜ਼ ਅਫਗਾਨਾਂ ਨੂੰ ਨਹੀਂ ਹਰਾ ਸਕੇ ਸਨ ਤਾਂ ਸਿਖ ਮਿਸਲਦਾਰਾਂ ਨੂੰ ਹਰਾਉਣਾ ਤੇ ਉਹਨਾਂ ਲਈ ਅਸੰਭਵ ਹੋਣਾ ਸੀ। ਅੰਗ੍ਰੇਜ਼ ਹਰ ਜੰਗ ਕੁਟਲ ਨੀਤੀ ਨਾਲ ਜਿਤਦੇ ਸਨ। ਜੇਕਰ ਰਣਜੀਤ ਸਿੰਘ ਅਤੇ ਦੂਜੇ ਮਿਸਲਦਾਰ ਗੁਰਮਤਿ ਤੋਂ ਮੂੰਹ ਨਾ ਮੋੜਦੇ ਤਾਂ ਅੰਗ੍ਰੇਜ਼ ਦੀ ਕੁਟਲ ਨੀਤੀ ਸਫਲ ਨਹੀਂ ਸੀ ਹੋ ਸਕਣੀ। ਖੈਰ ਹੁਣ ਐਸੀ ਕਲਪਨਾ ਕਰਨੀ ਬੇਅਰਥ ਹੈ।

ਅੰਗ੍ਰੇਜ਼ਾਂ ਨੇ ਪੰਜਾਬ ਤੇ ਆਪਣਾ ਰਾਜ ਕਾਇਮ ਕਰਕੇ ਉਸ ਵਿੱਚ ਭਾਰਤ ਦੇ ਦੂਜੇ ਇਲਾਕਿਆਂ ਨਾਲੌ ਵਖਰੀ ਨੀਤੀ ਅਖਤਿਆਰ ਕੀਤੀ ਸੀ, ਜਿਸ ਨੂੰ ਉਹ ‘ਪੰਜਾਬ ਸਕੂਲ ਆਫ ਐਡਮਿਨਿਸਟਰੇਸ਼ਨ’ ਆਖਦੇ ਸਨ। ਇਸ ਨੀਤੀ ਦੇ ਦੋ ਅੰਗ ਸਨ: ੧. ਹਰ ਵਿਰੋਧਤਾ ਨੂੰ ਜ਼ੋਰ ਅਤੇ ਸਖਤੀ ਨਾਲ ਦਬਾਉਣਾ; ੨. ਗੁਰਬਾਣੀ ਦਾ ਨਿਰਾਦਰ ਕਰਨਾ। ਜਾਪਦਾ ਹੈ ਕਿ ਅੰਗ੍ਰੇਜ਼ ਸਿੱਖ ਫੌਜ ਤੋਂ ਆਪਣੀ ਹਾਰ ਨੂੰ ਭੁਲਾਉਣ ਲਈ ਪੰਜਾਬ ਵਿੱਚ ਆਪਣੀ ਜ਼ਾਲਮ ਸ਼ਕਤੀ ਦੀ ਪਰਦਰਸ਼ਨੀ ਕਰ ਰਹੇ ਸਨ। ਕੇਵਲ ਪੰਜਾਬ ਹੀ ਇੱਕ ਐਸਾ ਸੂਬਾ ਸੀ ਜਿਥੇ ਅੰਗ੍ਰੇਜ਼ਾਂ ਨੇ ਕੂਕਿਆਂ ਨੂੰ ਤੋਪਾਂ ਨਾਲ ਬੰਨ੍ਹ ਕੇ ਉਡਾ ਛਡਿਆ, ਗਦਰ ਲਹਿਰ ਦੇ ਜੁਝਾਰੂਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ, ਜਲੀਆਂਵਾਲੇ ਬਾਗ ਵਿੱਚ ਨਿਹੱਥੇ ਲੋਕਾਂ ਨੂੰ ਮਾਰ ਮੁਕਾਇਆ, ਗੁਰਦੁਆਰਾ ਸੁਧਾਰ ਲਹਿਰ ਦੇ ਸ਼ਰਧਾਲੂਆਂ ਤੇ ਅਕਿਹ ਜ਼ੁਲਮ ਢਾਏ। ਅੰਗ੍ਰੇਜ਼ ਗੁਰਬਾਣੀ ਦਾ ਨਿਰਾਦਰ ਕਰਦੇ ਸੀ ਪਰ ਜਦੋਂ ਉਹਨਾਂ ਨੂੰ ਇਹ ਐਹਸਾਸ ਹੋਇਆ ਕਿ ਸਿੱਖ ਸਿਪਾਹੀ ਉਹਨਾਂ ਦੀ ਸਾਮਰਾਜੀ ਨੀਤੀ ਵਿੱਚ ਸਹਾਇਕ ਹੋ ਸਕਦੇ ਹਨ ਤਾਂ ਉਹਨਾਂ ਨੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਨਕਲੀ ਗ੍ਰੰਥ ਅਤੇ ਅਖੌਤੀ ਸੰਤ ਪੈਦਾ ਕਰਕੇ ਗੁਰਬਾਣੀ ਉਪਦੇਸ਼ ਬਾਰੇ ਭੁਲੇਖੇ ਪਾਉਣ ਦੀ ਨੀਤੀ ਅਖਤਿਆਰ ਕਰ ਲਈ।

ਹਿੰਦੁਸਤਾਨੀਆਂ ਨੂੰ ਆਪਣੇ ਰਾਜ ਪ੍ਰਬੰਧ ਨਾਲ ਜੋੜਨ ਲਈ ਅੰਗ੍ਰੇਜ਼ ਸਰਕਾਰ ਨੇ ਰੈਗੁਲੇਟਿੰਗ ਐਕਟ, ੧੯੦੯, ੧੯੧੯ ਅਤੇ ੧੯੩੫ ਦੇ ਐਕਟ ਬਣਾਏ ਅਤੇ ਰਾਊਂਡ ਟੇਬਲ ਕਾਨਫਰੰਸਾਂ ਕੀਤੀਆਂ। ਓਧਰ ਹਿੰਦਸਤਾਨ ਦੀ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਗਈ। ੧੯ਵੀਂ ਸ਼ਤਾਬਦੀ ਦੇ ਅੱਧ ਤੋਂ ਲੈ ਕੇ ੨੦ਵੀਂ ਸ਼ਤਾਬਦੀ ਦੇ ਅੱਧ ਤੱਕ ਦਾ ਸਮਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦਾ ਸਮਾਂ ਹੈ। ਉਸ ਸੰਘਰਸ਼ ਵਿੱਚ ਸਿੱਖਾਂ ਨੂੰ ਬੇਅੰਤ ਕੁਰਬਾਨੀਆਂ ਦੇਣੀਆਂ ਪਈਆਂ। ਉਸ ਸਮੇ ਵਿੱਚ ਵਾਪਰੀਆਂ ਘਟਨਾਵਾਂ ਦੀ ਖਾਲਸਤਾਨ ਦੀ ਮੰਗ ਨਾਲ ਕਾਫੀ ਸਬੰਧਤਾ ਹੈ। ਉਸ ਸੌ ਸਾਲਾ ਅਰਸੇ ਵਿੱਚ ਹੋਈਆਂ ਵਾਰਦਾਤਾਂ ਤੇ ਵਿਚਾਰ ਕਰਦੇ ਹੋਏ ਇੱਕ ਤੱਥ ਧਿਆਨ ਵਿੱਚ ਰਖਣਾ ਬਹੁਤ ਜ਼ਰੂਰੀ ਹੈ। ਮਰਾਠੇ ਦਿੱਲੀ ਜਿਤ ਕੇ ਸਾਰੇ ਹਿੰਦੁਸਤਾਨ ਪਰ ਆਪਣਾ ਰਾਜ ਸਥਾਪਤ ਕਰਨ ਦੇ ਚਾਹਵਾਨ ਸਨ ਅਤੇ ਅੱਜ ਵੀ ਹਨ। ਉਹਨਾਂ ਨੇ ਪੰਜਾਬ ਪਰ ਕਬਜ਼ਾ ਕਰਨ ਲਈ ਸਿੱਖ ਮਿਸਲਾਂ ਤੇ ਵੀ ਹਮਲੇ ਕੀਤੇ। ਪਰ ਸਿੱਖਾਂ ਨੇ ਦਿੱਲੀ ਜਿਤ ਕੇ ਵੀ ਕਦੇ ਪੰਜਾਬ ਤੋਂ ਪੂਰਬੀ ਇਲਾਕਿਆ ਤੇ ਰਾਜ ਕਰਨ ਦੀ ਕਾਮਨਾ ਨਹੀਂ ਕੀਤੀ। ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ, ਲਈ ਹਿੰਦੁਸਤਾਨ ਇੱਕ ਵਖਰਾ ਅਤੇ ਓਪਰਾ ਦੇਸ਼ ਸੀ, ਜਿਸ ਤੇ ਰਾਜ ਕਰਨ ਦੀ ਉਹਨਾਂ ਦੀ ਕੋਈ ਮਨਸ਼ਾ ਨਹੀਂ ਸੀ। ਸ਼ਾਹ ਮੁਹੰਮਦ ਵੀ ਹਿੰਦ ਪੰਜਾਬ ਦੀ ਜੰਗ ਦਾ ਜ਼ਿਕਰ ਕਰਦਾ ਹੈ। ਸਿੱਖ ਮਾਨਸਿਕਤਾ ਵਿੱਚ ਪੰਜਾਬ ਹਿੰਦ ਦਾ ਭਾਗ ਨਹੀਂ ਸੀ। ਸਿੱਖਾਂ ਦੀ ਅਜ਼ਾਦੀ ਦੀ ਲੜਾਈ ਨਾਮਧਾਰੀ, ਗਦਰ ਪਾਰਟੀ ਅਤੇ ਗੁਰਦੁਆਰਾ ਸੁਧਾਰ ਲਹਿਰ ਦੁਆਰਾ ਲੜੀ ਗਈ ਸੀ, ਜਿਹਨਾਂ ਦੇ ਬਹੁਤੇ ਆਗੂ ਉਹਨਾਂ ਦੇ ਆਪਣੇ ਬੰਦੇ ਹੀ ਸਨ। ਸਿੱਖਾਂ ਲਈ ਹਿੰਦੁਸਤਾਨ ਦੀ ਆਜ਼ਾਦੀ ਦਾ ਸੰਘਰਸ਼ ਵੀ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਹੀ ਸੀ ਕਿਊਂਕੇ ੧੯੪੦ ਤਕ ਸਿੱਖਾਂ ਦੀ ਬੁਹਗਿਣਤੀ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਹਿੰਦ ਦੇ ਭਾਈਵਾਲ ਨਹੀਂ ਬਣਾ ਸਕੀ ਸੀ। ਪੰਜਾਬ, ਵਿਸ਼ੇਸ਼ ਕਰਕੇ ਸਿੱਖਾਂ ਦਾ ਹਿੰਦ ਨਾਲੋਂ ਵਖਰੇਵਾਂ ਖਾਲਿਸਤਾਨ ਦੀ ਮੰਗ ਦਾ ਆਧਾਰ ਹੈ। ਇਥੇ ਇੱਕ ਹੋਰ ਤੱਥ ਵੀ ਵਰਨਨਯੋਗ ਹੈ। ਹਿੰਦੁਸਤਾਨ, ਭਾਰਤ ਅਤੇ ਪਾਕਿਸਤਾਨ ਵਿਚੋਂ ਕੋਈ ਦੇਸ਼ ਵੀ ਕਦੇ ਇੱਕ ਕੌਮ ਨਹੀਂ ਸੀ ਅਤੇ ਨਾ ਹੀ ਹੁਣ ਹੈ। ਭਾਰਤ ਅਤੇ ਪਾਕਿਸਤਾਨ ਅਨੇਕ ਕੋਮੀਅਤਾਂ ਦੇ ਸੰਗਠਨ ਹਨ ਅਤੇ ਉਹਨਾਂ ਕੌਮੀਅਤਾਂ ਦਾ ਆਧਾਰ ਉਹਨਾਂ ਵਿੱਚ ਸਥਾਨ, ਭਾਸ਼ਾ, ਸਦਾਚਾਰ ਅਤੇ ਇਤਹਾਸ ਦੀ ਸਾਂਝ ਹੈ। ਭਾਰਤ ਦਾ ਸੰਵਿਧਾਨ ਇਸ ਤੱਥ ਨੂੰ ਅਭਿਵਿਅਕਤ ਕਰਦਾ ਹੈ। ਇਸੇ ਵਾਸਤਵਿਕਤਾ ਨੂੰ ਮੁੱਖ ਰਖਦੇ ਹੋਏ ਦਰਾਵੜਾ ਮੁਨੀਤਾ ਕੜਹਮ (D,M,K,) ਦੇ ਬਾਨੀ ਅਨਾ ਦੁਰਾਏ ਨੇ ਭਾਰਤ ਤੋਂ ਜੁੱਦੇ ਹੋਣ ਦਾ ਪਰਸਤਾਵ ਰੱਖ ਦਿੱਤਾ ਸੀ। ਕਈ ਆਦਿਵਾਸੀ ਆਪਣੀ ਸੁਤੰਤਰਤਾ ਲਈ ਹੁਣ ਵੀ ਜਤਨਸ਼ੀਲ ਹਨ। ਹਰ ਕੌਮੀਅਤ ਨੂੰ ਆਪਣਾ ਸੁਤੰਤਰ ਰਾਜ ਸਥਾਪਤ ਕਰਨ ਦਾ ਮੌਲਕ ਅਧਿਕਾਰ ਹੁੰਦਾ ਹੈ ਪਰ ਕਿਊਂਕੇ ਹਰ ਸੁਤੰਤਰ ਰਾਜ ਵਾਏਬਲ (Viable) ਨਹੀਂ ਹੁੰਦਾ, ਇਸ ਲਈ ਬਹੁਤੀਆਂ ਕੌਮੀਅਤਾਂ ਅਕਸਰ ਸੰਗਠਤ ਰਾਜ ਵਿੱਚ ਰਹਿਣਾ ਬੇਹਤਰ ਸਮਝਦੀਆਂ ਹਨ ਪਰ ਆਪਣੀ ਵਖਰੀ ਸ਼ਕਤੀ ਵਧਾਉਣ ਲਈ ਜਤਨਸ਼ੀਲ ਰਹਿੰਦੀਆਂ ਹਨ। ਭਾਰਤ ਵਿੱਚ ਸਥਾਨਕ ਸਿਆਸੀ ਪਾਰਟੀਆਂ ਦੀ ਉਤਪਤੀ ਅਤੇ ਸਫਲਤਾ ਅਜਿਹੀਆਂ ਕੌਮੀ ਭਾਵਨਾਵਾਂ ਦਾ ਹੀ ਸਿੱਟਾ ਹਨ। ਕੋਮੀਅਤਾਂ ਦਾ ਕੋਈ ਵੀ ਸੰਗਠਨ ਅਤੁੱਟ ਨਹੀਂ ਹੁੰਦਾ ਪਰ ਕੌਮੀਅਤਾਂ ਨੂੰ ਸੁਤੰਤਰਤ ਹੋਣ ਲਈ ਅਕਸਰ ਰਾਜ ਸ਼ਕਤੀ ਨਾਲ ਭਿੜਣਾ ਪੈਂਦਾ ਹੈ। ਇਸੇ ਲਈ ਕਈ ਸੁਤੰਤਰ ਕੌਮਾਂ ਪਹਿਲੇ ਵਿਸ਼ਵ ਜੁੱਧ ਵਿੱਚ ਹੋਂਦ ਵਿੱਚ ਆਈਆਂ ਸਨ। ਪਰ ੧੯੧੮ ਵਿੱਚ ਸੁਤੰਤਰ ਹੋਇਆ ਚੈਕੋਸਲੋਵਾਕੀਆ ੧੯੯੩ ਵਿੱਚ ਆਪਣੀ ਮਰਜ਼ੀ ਨਾਲ ਦੋ ਸੁਤੰਤਰ ਰਾਜਾਂ, ਜ਼ੈਕ ਰਿਪਬਲਿਕ ਅਤੇ ਸਲੋਵੈਕਾਂ ਵਿੱਚ ਵੰਡ ਗਿਆ ਹੈ।

ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦੀ ਅਗਵਾਈ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਮੁਸਲਿਮ ਲੀਗ ਕਰ ਰਹੀਈਆਂ ਸਨ। ਕਾਂਗਰਸ ਦੇ ਵੱਡੇ ਲੀਡਰ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨੈਹਰੂ ਸੂਝਵਾਨ ਬੈਰਿਸਟਰ ਅਤੇ ਵਿਸ਼ਾਲ ਅਨੁਭਵ ਵਾਲੇ ਆਗੂ ਸਨ। ਉਹ ਆਧੁਨਿਕ ਰਾਜਨੀਤੀ ਅਤੇ ਆਪਣੇ ਲੋਕਾਂ ਦੀ ਲੋੜ ਨੂੰ ਸਮਝਦੇ ਸਨ। ਉਹਨਾਂ ਨੂੰ ਵਿਸ਼ਵ ਦੇ ਵਿਦਵਾਨ ਅਤੇ ਸੂਝਵਾਨ ਵਿਅਕਤੀਆਂ ਦਾ ਸਹਿਯੋਗ ਪਰਾਪਤ ਸੀ। ਮੁਸਲਿਮ ਲੀਗ ਦਾ ਮੁੱਖ ਲੀਡਰ, ਮੁਹੱਮਦ ਅਲੀ ਜਿਨਾਹ ਬਹੁਤ ਸਿਆਣਾ ਬੈਰਿਸਟਰ ਸੀ ਅਤੇ ਲਿਆਕਤ ਅਲੀ ਖਾਨ ਵੀ ਸੂਝਵਾਨ ਸੀ। ਮੁਹੱਮਦ ਇਕਬਾਲ ਅਤੇ ਹੋਰ ਉਚ ਕੋਟੀ ਦੇ ਵਿਦਵਾਨ ਉਹਨਾਂ ਦੇ ਸਲਾਹਕਾਰ ਸਨ। ਸਿੱਖ ਆਗੂਆਂ ਦਾ ਪਿਛੋਕੜ ਜ਼ਿਮੀਦਾਰੀ ਅਤੇ ਵਪਾਰ ਦਾ ਸੀ। ਉਹਨਾਂ ਵਿੱਚ ਵਿਸ਼ਵ ਦੇ ਇਤਹਾਸ ਅਤੇ ਆਧੁਨਿਕ ਰਾਜਨੀਤੀ ਦੀ ਸਿਖਿਆ, ਜਾਣਕਾਰੀ ਅਤੇ ਅਨੁਭਵ ਦੀ ਘਾਟ ਸੀ ਜੋ ਉਸ ਸਮੇਂ ਦੀ ਸਿਆਸਤ ਵਿੱਚ ਆਵਸ਼ਕ ਸੀ। ਉਹਨਾਂ ਦੀ ਰਾਜਨੀਤੀ ਦਾ ਧਰੁਵ ਬਿੰਦੂ (Focus) ਪੰਜਾਬ ਅਤੇ ਗੁਰਦੁਆਰਾ ਪ੍ਰਬੰਧ ਸੀ ਅਤੇ ਉਹ ਆਧੁਨਿਕ ਰਾਜਨੀਤੀ ਦੇ ਦਾਓ ਪੇਚਾਂ ਤੋਂ ਨਾਵਾਕਫ ਸਨ। ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਮੰਗਲ ਸਿੰਘ ਅਤੇ ਦੂਜੇ ਸਿੱਖ ਆਗੂ ਹਿੁੰਦੁਸਤਾਨੀ ਰਾਜਨੀਤੀ ਵਿੱਚ ਉਸ ਸਮੇਂ ਦੇ ਹਿੰਦੂ ਅਤੇ ਮੁਸਲਮਾਨ ਸਿਆਸਤਦਾਨਾਂ ਦੇ ਮੁਕਾਬਲੇ ਅਨਾੜੀ ਅਤੇ ਨਾਤਜਰਬੇਕਾਰ ਸਨ।

ਉਸ ਸਮੇਂ ਦੀ ਸਿੱਖ ਰਾਜਨੀਤੀ ਦੀ ਇੱਕ ਹੋਰ ਕਮਜ਼ੋਰੀ ਸੀ। ਮਾਸਟਰ ਤਾਰਾ ਸਿੰਘ ਪੋਠੋਹਾਰ ਦੇ ਸਿੱਖ ਵਪਾਰੀ ਤਬਕੇ ਦਾ ਨੁਮਾਇੰਦਾ ਸੀ ਜਦੋਂ ਕਿ ਸਿੱਖ ਰਾਜਸੀ ਸ਼ਕਤੀ ਦਾ ਕੇਂਦਰ ਮਾਝਾ ਅਤੇ ਉਥੋਂ ਦੇ ਸਿੱਖ ਜ਼ਿਮੀਂਦਾਰ ਸਨ। ਮਾਝੇ ਦੇ ਸਿੱਖ ਜ਼ਿਮੀਦਾਰਾਂ ਅਤੇ ਪੋਠੋਹਾਰ ਦੇ ਸਿੱਖਾਂ ਵਿੱਚ ਵਿਚਾਰਧਾਰਕ ਅਤੇ ਅਨੁਭਵੀ ਸਾਂਝ ਦੀ ਘਾਟ ਸੀ। ਇਸ ਤੋਂ ਵੀ ਵਧੇਰੇ ਚਿੰਤਾਜਨਕ ਤੱਥ ਇਹ ਹੈ ਕਿ ਜਿਸ ਧਰਤੀ ਤੇ ਸਿੱਖ ਬੁਹਗਿਣਤੀ ਰਹਿੰਦੀ ਸੀ ਅਤੇ ਸੁਤੰਤਰ ਸਿੱਖ ਰਾਜ ਕਾਇਮ ਹੋਣ ਦੀ ਸੰਭਾਵਨਾ ਬਣਦੀ ਸੀ ਉਸ ਇਲਾਕੇ ਦੀ ਮਾਸਟਰ ਤਾਰਾ ਸਿੰਘ ਨੂੰ ਸੂਝ ਨਹੀਂ ਸੀ ਅਤੇ ਮਾਝੇ ਦੇ ਸਿੱਖ ਆਗੂ ਪੁਸ਼ਤਾਂ ਤੋਂ ਸਿੱਖੀ ਨਾਲ ਜੁੜੇ ਹੋਣ ਕਾਰਨ ਮਾਲਵੇ ਦੇ ਉਸ ਇਲਾਕੇ ਨੂੰ ਪਛੜਿਆ ਹੋਇਆ ਅਤੇ ਤੁੱਛ ਸਮਝਦੇ ਸਨ। ਮਾਲਵੇ ਵਿੱਚ ਸਿੱਖ ਰਜਿਆਂ ਦਾ ਰਾਜ ਸੀ ਅਤੇ ਉਹਨਾਂ ਨੂੰ ਰਾਜ ਕਰਨਾ ਦਾ ਵਲ ਵੀ ਆਉਂਦਾ ਸੀ। ਮਾਲਵੇ ਦੀਆਂ ਪਟਿਆਲਾ, ਨਾਭਾ, ਸੰਗਰੂਰ, ਫਰੀਦਕੋਟ, ਕੈਥਲ, ਕਲਸੀਆਂ, ਲਾਡਵਾ ਅਤੇ ਹੋਰ ਛੋਟੀਆਂ ਰਿਆਸਤਾਂ ਨੂੰ ਕਪੂਰਥਲਾ ਅਤੇ ਅੰਮ੍ਰਿਤਸਰ ਦੈ ਇਲਾਕੇ ਨਾਲ ਮਿਲਾ ਕੇ ਇੱਕ ਵਿਹਾਰਕ (Viable) ਸੁਤੰਤਰ ਸਿੱਖ ਬੁਹਗਿਣਤੀ ਵਾਲੇ ਪੰਜਾਬੀ ਰਾਜ ਦੀ ਸ਼ਥਾਪਨਾ ਸੰਭਵ ਸੀ ਪਰ ਸਿੱਖ ਆਗੂਆਂ ਵਿਚੋਂ ਕਿਸੇ ਵਿੱਚ ਵੀ ਐਸੀ ਵਿਵਸਥਾ ਦੀ ਕਲਪਨਾ ਕਰਨ ਦੀ ਯੋਗਤਾ ਨਹੀਂ ਸੀ ਅਤੇ ਨਾ ਹੀ ਕੋਈ ਸਿੱਖ ਆਗੂ ਸਿੱਖ ਰਾਜਿਆਂ ਨਾਲ ਢੰਗ ਨਾਲ ਗਲ ਕਰਨ ਦੇ ਸਮਰਥ ਸੀ। ਕਹਿੰਦੇ ਹਨ ਕਿ ਸਰ ਸਟੈਫੋਰਡ ਕਰਿਪਸ ਨੇ ਪੰਜਾਬ ਦੇ ਨਕਸ਼ੇ ਤੇ ਪੈਂਸਲ ਫੇਰ ਕੇ ਸਿੱਖ ਅਗੁਆਂ ਦਾ ਧਿਆਨ ਪਾਣੀਪਤ ਤੋਂ ਲਾਹੌਰ ਤਕ ਦੇ ਇਲਾਕੇ ਵਲ ਆਕਰਸ਼ਤ ਕਰਨ ਦਾ ਜਤਨ ਕੀਤਾ ਸੀ ਪਰ ਉਹਨਾਂ ਲਈ ਤੇ ਕਾਲਾ ਅਖਰ ਭੈਂਸ ਬਰਾਬਰ ਬਣਿਆ ਹੋਇਆ ਸੀ।

ਪਟਿਆਲੇ ਦਾ ਮਹਾਰਾਜਾ ਭੂਪਿੰਦਰ ਸਿੰਘ ਉਸ ਸਮੇਂ ਦਾ ਬਹੁਤ ਹੀ ਕਾਬਲ, ਸਫਲ ਅਤੇ ਸੂਝਵਾਨ ਸਿੱਖ ਸਿਆਸਤਦਾਨ ਹੋਇਆ ਹੈ। ਉਸ ਦਾ ਸਿਆਸੀ ਕੱਦ ਵੱਡੇ ਤੋਂ ਵੱਡੇ ਹਿੰਦੁਸਤਾਨੀ ਸਿਆਸੀ ਲੀਡਰ ਅਤੇ ਰਾਜੇ ਨਾਲੋਂ ਉੱਚਾ ਸੀ ਪਰ ਸਿੱਖ ਜਗਤ ਵਿੱਚ ਉਸ ਦੇ ਚਲਨ ਨੂੰ ਲੈ ਕੇ ਉਸ ਨਾਲ ਪਤਤਾਂ ਵਾਲਾ ਵਿਹਾਰ ਕੀਤਾ ਗਿਆ ਜੋ ਸਿੱਖ ਰਾਜਨੀਤੀ ਲਈ ਹਾਨੀਕਾਰਕ ਸਿੱਧ ਹੋਇਆ। ਜੇਕਰ ਭੂਪਿੰਦਰ ਸਿੰਘ ੧੯੪੭ ਤਕ ਜੀਊਂਦਾ ਰਹਿੰਦਾ ਤਾਂ ਸੁਤੰਤਰ ਹਿੰਦੁਸਤਾਨ ਦਾ ਨਕਸ਼ਾ ਹੋਰ ਦਾ ਹੋਰ ਹੋਣਾ ਸੀ।

ਅੰਗ੍ਰੇਜ਼ਾਂ ਨੇ ੧੯੪੭ ਵਿੱਚ ਸਿੱਖਾਂ ਨੂੰ ਆਪਣੇ ਭਵਿਖ ਦਾ ਨਿਰਨਾ ਕਰਨ ਦਾ ਮੌਕਾ ਦਿੱਤਾ ਸੀ। ਉਸ ਵੇਲੇ ਸਿੱਖਾਂ ਵਿੱਚ ਦੂਰ ਅੰਦੇਸ਼ ਅਤੇ ਸੂਝਵਾਨ ਆਗੂ ਦੀ ਅਣਹੋਂਦ ਨੇ ਸਿੱਖ ਰਾਜਨੀਤਕ ਉਦੇਸ਼ ਨੂੰ ਉਲਝਾ ਕੇ ਨਿਸਫਲ ਕਰ ਦਿੱਤਾ। ਉਸ ਵੇਲੇ ਦੇ ਸਿਆਸੀ ਹਾਲਾਤ ਸਿੱਖ ਆਗੂਆਂ ਦੀ ਸੋਚ, ਸਮਝ ਅਤੇ ਅਨੁਭਵ ਤੋਂ ਬਾਹਰੇ ਸਨ। ਉਹਨਾਂ ਪੂਰਬੀ ਪੰਜਾਬ ਨੂੰ ਸੁਤੰਤਰ ਹਿੰਦ ਨਾਲ ਰਖਣ ਦਾ ਫੈਸਲਾ ਲੈ ਲਿਆ ਪਰ ਉਸ ਸੰਘ ਦੇ ਇਕਰਾਰਨਾਮੇ ਦੀ ਕੋਈ ਮਾਨਤਾ ਪਰਾਪਤ ਲਿਖਤ ਤਿਆਰ ਨਾ ਕਰਵਾਈ। ਸਿੱਖ ਆਗੂ ਤੇ ਅੰਗ੍ਰੇਜ਼ਾਂ ਦੀ ਸਹਾਇਤਾ ਦੇ ਬਾਵਜੂਦ ਹਿੰਦੁਸਤਾਨ ਦੀ ਆਜ਼ਾਦੀ ਦੇ ਫੈਸਲੇ ਵਿੱਚ ਇੱਕ ਬਰਾਬਰ ਦੀ ਪਰਵਾਨਤ ਸੁਤੰਤਰ ਧਿਰ ਵੀ ਨਾ ਬਣ ਪਾਏ। ਉਹ ਹਿੰਦੂ ਆਗੂਆਂ ਦੇ ਪਿਛੇ ਲੱਗਣ ਨੂੰ ਹੀ ਵੱਡਾ ਕਾਰਨਾਮਾ ਅਤੇ ਆਪਣੀ ਸਫਲਤਾ ਸਮਝਦੇ ਰਹੇ। ਪੰਜਾਬ ਦੇ ਸੁਤੰਤਰ ਹਿੰਦ ਨਾਲ ਮਿਲਣ ਦੇ ਪਰਿਣਾਮਾਂ ਤੋਂ ਉਹ ਬਿਲਕੁਲ ਅਨਜਾਣ ਸਨ। ਅਕਾਲੀ ਦਲ ਕਾਂਗਰਸ ਦਾ ਸਹਿਯੋਗੀ ਹੋ ਗਿਆ ਪਰ ਭਾਈਵਾਲੀ ਨਿਭਾਉਣ ਲਈ ਜੋ ਗੁਣ ਆਗੂਆਂ ਵਿੱਚ ਹੋਣੇ ਚਾਹੀਦੇ ਸਨ ਉਹ ਧਾਰਨ ਨਾ ਕਰ ਸਕਿਆ। ਦਰ ਅਸਲ ਸਿੱਖ ਆਗੂ ਗੁਰਮਤਿ ਵਿਚਾਰਧਾਰਾ ਨਾਲੋਂ ਪੂਰੀ ਤਰ੍ਹਾਂ ਟੁਟੇ ਹੋਏ ਸਨ ਅਤੇ ਆਪਣੇ ਸਿੱਖੀ ਸਰੂਪ ਨੂੰ ਨਿੱਜੀ ਪਰਸਿੱਧੀ ਲਈ ਵਰਤ ਰਹੇ ਸਨ। ਇਸ ਲਈ ਉਹ ਨਾ ਤੇ ਅੱਛੇ ਸਿਆਸਤਦਾਨ ਬਣ ਸਕੇ ਅਤੇ ਨਾ ਹੀ ਅੱਛੇ ਸਿੱਖ ਰਹਿ ਸਕੇ। ਉਹ ਗੁਰਬਾਣੀ ਉਪਦੇਸ਼ ਦੇ ਵਿਰੁਧ ਮੁਸਲਮਾਨਾਂ ਨੂੰ ਨਫਰਤ ਕਰਦੇ ਸਨ ਅਤੇ ਗੁਰਬਾਣੀ ਤੋਂ ਅਗਵਾਈ ਲੈਣ ਦੀ ਥਾਂ ਹਿੰਦੂ ਆਗੂਆਂ ਦੇ ਪਿਛੇ ਲੱਗੇ ਹੋਏ ਸਨ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਪੰਜਾਬੀ ਕੌਮ ਦੇ ਆਗੂ ਥਾਪ ਕੇ ਸਰਦਾਰੀ ਬਖਸੀ ਸੀ। ਹਿੰਦੁਸਤਾਨ ਦਾ ਹਰ ਆਮ ਸਿੱਖ ਦੂਜੇ ਰਾਜਾਂ ਦੇ ਆਮ ਲੋਕਾਂ ਨਾਲੋਂ ਮਿਹਨਤੀ, ਰਜਿਆ ਪੁਜਿਆ, ਨਿਪੁੰਨ, ਖੁਲ੍ਹੇ ਅਤੇ ਅਗਾਂਹਵਧੂ ਵਿਚਾਰਾਂ ਵਾਲਾ ਸੀ ਪਰ ਸਿੱਖਾਂ ਦੇ ਨਾਅਹਿਲ ਆਗੂ ਧਰਮ ਦਾ ਵਾਸਤਾ ਪਾ ਕੇ ਉਸ ਨੂੰ ਪਿਛੇ ਧੱਕੀ ਜਾ ਰਹੇ ਸਨ। ਹਿੰਦੁਸਤਾਨ ਦੇ ਬਟਵਾਰੇ ਵਿੱਚ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ।

ਪੰਜਾਬੀ ਸੂਬੇ ਦੇ ਸੰਘਰਸ਼ ਨੇ ਸਿੱਖ ਰਾਜਨੀਤੀ ਦੀ ਮੂਲ਼ ਕਮਜ਼ੋਰੀ ਅਤੇ ਆਗੂਆਂ ਦੀ ਨਾਅਹਿਲੀ ਉਜਾਗਰ ਕਰ ਦਿੱਤੀ। ਸਿੱਖ ਸੁਤੰਤਰਤਾ ਲਹਿਰ ਦਾ ਕੇਂਦਰ ਮਾਝਾ ਸੀ। ਗੁਰੂ ਸਾਹਿਬਾਨ ਦੇ ਸਮੇਂ ਤੋਂ ਮਾਝੇ ਦੇ ਵਸਨੀਕ ਗੁਰਮਤਿ ਨਾਲ ਜੁੜੇ ਹੋਏ ਸਨ। ਉਹਨਾਂ ਪੰਜਾਬ ਦੀਆਂ ਵੱਡੀਆਂ ਸਿੱਖ ਮਿਸਲਾਂ ਅਤੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਭਾਗ ਲਿਆ ਸੀ। ਪਰ ਸਿੱਖ ਰਾਜਨੀਤੀ ਦਾ ਆਗੂ ਪੋਠੋਹਾਰ ਦਾ ਜਮਪਲ ਮਾਸਟਰ ਤਾਰਾ ਸਿੰਘ ਬਣਿਆ ਹੋਇਆ ਸੀ। ਲੋਕਤੰਤਰਾਤਮਕ ਰਾਜ ਲਈ ਬੁਹਗਿਣਤੀ ਦਾ ਸਮਰਥਨ ਜ਼ਰੂਰੀ ਹੁੰਦਾ ਹੈ। ਸਿੱਖਾਂ ਦੀ ਬੁਹਗਿਣਤੀ ਮਾਲਵੇ ਵਿੱਚ ਸੀ ਜਿਸ ਵਿੱਚ ਕੁੱਝ ਬਾਂਗਰ ਅਤੇ ਉਸ ਨਾਲ ਲਗਦਾ ਇਲਾਕਾ, ਜਿਸ ਨੂੰ ਓਦੋਂ ਜੰਗਲ ਆਖਿਆ ਜਾਂਦਾ ਸੀ, ਵੀ ਸ਼ਾਮਲ ਸੀ। ਮਾਲਵੇ ਦੇ ਇਸ ਖਿੱਤੇ ਦੇ ਬਹੁਤੇ ਲੋਕ ਅਨਪੜ੍ਹ, ਦੇਵੀ ਪੂਜਕ, ਵਹਿਮਾਂ ਭਰਮਾਂ ਵਿੱਚ ਗਰੱਸੇ ਅਤੇ ਜਾਤ ਗੋਤ ਦੇ ਵਿਸ਼ਵਾਸੀ ਸਨ। ਉਹਨਾਂ ਤੇ ਸਿੱਖੀ ਦਾ ਮਲ੍ਹਮਾ ਚੜ੍ਹਿਆ ਹੋਇਆ ਸੀ ਪਰ ਉਹ ਰਾਜਸੀ ਭਾਵਨਾਵਾਂ ਤੋਂ ਕੋਰੇ ਸਨ। ਭਾਵੇਂ ਮਾਲਵੇ ਦੇ ਇਸ ਖਿਤੇ ਦੇ ਆਮ ਲੋਕ ਸਿੱਖ ਰਾਜਨੀਤੀ ਤੋਂ ਅਨਜਾਣ ਸਨ ਪਰ ਉਥੋਂ ਦੇ ਵਿਦਵਾਨਾਂ ਨੇ ਸਿੱਖ ਰਾਜਿਆਂ ਦੀ ਸਹਾਇਤਾ ਨਾਲ ਗੁਰਮਤਿ ਸਾਹਿਤ ਵਿੱਚ ਭਾਰੀ ਯੋਗਦਾਨ ਪਾਇਆ ਸੀ। ਭਾਈ ਸੰਤੋਖ ਸਿੰਘ, ਭਾਈ ਕਾਨ੍ਹ ਸਿੰਘ, ਗਿਆਨੀ ਗਯਾਨ ਸਿੰਘ, ਮਾਸਟਰ ਤੇਜਾ ਸਿੰਘ ਅਤੇ ਭਾਈ ਦਿੱਤ ਸਿੰਘ ਨੇ ਗੁਰਮਤਿ ਸਾਹਿਤ ਦੀ ਵਰਨਨਯੋਗ ਰਚਨਾ ਕੀਤੀ ਸੀ। ਤਾਰਾ ਸਿੰਘ ਨਰੋਤਮ ਅਤੇ ਹੋਰ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ (ਫਰੀਦਕੋਟੀ ਟੀਕਾ) ਤਿਆਰ ਕੀਤਾ ਸੀ। ਰਤਨ ਸਿੰਘ ਭੰਗੂ ਵੀ ਪੱਛਮੀ ਮਾਲਵੇ ਦਾ ਵਸਨੀਕ ਸੀ। ਪਰ ਮਾਲਵੇ ਦੇ ਉਸ ਖਿੱਤੇ ਦੇ ਆਮ ਲੋਕਾਂ ਲਈ ਗੁਰਮਤਿ ਇੱਕ ਨਵੀਂ ਵਿਚਾਰਧਾਰਾ ਸੀ। ਪੁਆਧ ਅਤੇ ਪਟਿਆਲੇ ਦੇ ਉਤਰ ਪੱਛਮੀ ਇਲਾਕੇ ਵਿੱਚ ਵੀ ਸਿੱਖਾਂ ਦੀ ਬੁਹਗਿਣਤੀ ਸੀ ਜਿਥੇ ਪਿਛਲੇ ਪੰਜ ਗੁਰੂ ਸਾਹਿਬਾਨ ਦਾ ਟਿਕਾਣਾ ਰਿਹਾ ਸੀ ਅਤੇ ਤਿੰਨ ਸੌ ਸਾਲ ਤੋਂ ਸਿੱਖੀ ਪਰਫੁਲਤ ਹੋ ਰਹੀ ਸੀ। ਪਰ ਇਸ ਇਲਾਕੇ ਦੇ ਸਿੱਖਾਂ ਨੂੰ ਉਸ ਸਮੇਂ ਦੀ ਸਿੱਖ ਸਿਅਸਤ ਵਿੱਚ ਇਲਾਕੀ ਪੱਖਪਾਤ ਕਾਰਨ ਸ਼ਾਮਲ ਨਹੀਂ ਕੀਤਾ ਗਿਆ ਸੀ।

ਲੋਕਤੰਤਰ ਵਿੱਚ ਬੁਹਗਿਣਤੀ ਦੀ ਸਰਦਾਰੀ ਹੁੰਦੀ ਹੈ। ਸਿੱਖਾਂ ਦੀ ਬੁਹਗਿਣਤੀ ਮਾਲਵੇ ਵਿੱਚ ਸੀ ਪਰ ਮਾਲਵੇ ਵਿਚੋਂ ਸਿੱਖਾਂ ਦਾ ਰਾਜਨੀਤਕ ਆਗੂ ਲਭਣਾ ਔਖਾ ਸੀ। ਓਥੋਂ ਦੇ ਸਿੱਖ ਵਿਦਵਾਨਾਂ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ। ਓਥੇ ਸਿੱਖੀ ਦੀ ਸੂਝ ਅਤੇ ਆਗੂਆਂ ਵਾਲੇ ਗੁਣ ਕੇਵਲ ਸੰਤਾਂ ਵਿੱਚ ਸਨ, ਇਸ ਲਈ ਮਾਲਵੇ ਦੇ ਸਿੱਖਾਂ ਨੇ ਸੰਤ ਫਤਿਹ ਸਿੰਘ ਨੂੰ ਆਪਣਾ ਆਗੂ ਥਾਪ ਲਿਆ। ਸੰਤ ਫਤਿਹ ਸਿੰਘ ਨੇ ਮਾਝੇ ਅਤੇ ਦੁਆਬੇ ਦੇ ਸਿੱਖ ਆਗੂ ਮਹੱਤਵਹੀਣ ਬਣਾ ਦਿੱਤੇ ਅਤੇ ਪੋਠੋਹਾਰ ਦੇ ਆਗੂ ਅਸੰਗਤ ਕਰ ਛੱਡੇ। ਪੰਜਾਬੀ ਸੂਬੇ ਦੇ ਸੰਘਰਸ਼ ਦੀ ਸਫਲਤਾ ਨੇ ਸਿੱਖ ਰਾਜਨੀਤੀ ਨੂੰ ਧਰਮਤੰਤਰਕ ਰੂਪ ਦੇ ਦਿੱਤਾ। ਲੋਕਤੰਤਰਕ ਪਰਣਾਲੀ ਵਿੱਚ ਧਰਮਤੰਤਰਕ ਸਿਆਸਤ ਦੇ ਪਰਿਣਾਮ ਸੁਖਾਵੇਂ ਨਹੀਂ ਹੁੰਦੇ ਕਿਊਂਕੇ ਸੰਤਾਂ ਕੋਲ ਅਧਿਕਾਰ ਤੇ ਹੁੰਦਾ ਹੈ ਪਰ ਉਹ ਸੰਤ ਹੋਣ ਕਾਰਨ ਉਤੱਰਦਾਇਕਤਾ ਵਿੱਚ ਵਿਸ਼ਵਾਸ ਨਹੀਂ ਰਖਦੇ। ਉੱਤਰਦਾਇਕਤਾ ਤੋਂ ਸਖਣੀ ਰਾਜਨੀਤੀ ਇੱਕ ਗੰਭੀਰ ਸਮਸਿਆ ਬਣ ਜਾਂਦੀ ਹੈ।

ਮਾਲਵੇ ਦਾ ਮਾਝੇ ਅਤੇ ਦੁਆਬੇ ਨਾਲੋਂ ਇੱਕ ਹੋਰ ਮੂਲ ਅੰਤਰ ਵੀ ਸੀ। ਗੁਰਮਤਿ ਦੇ ਸਹੀ ਪਰਚਾਰ ਕਾਰਨ ਪੋਠੋਹਾਰ ਦੇ ਸਿੱਖਾਂ ਅਤੇ ਹਿੰਦੂਆਂ ਵਿੱਚ ਬਹੁਤ ਭਾਈਵਾਲਤਾ ਰਹੀ ਸੀ। ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਦਯਾ ਨੰਦ ਅਤੇ ਹਿੰਦੂ ਮਹਾਸ਼ਿਆਂ ਦੇ ਪਰਚਾਰ ਨੇ ਹਿੰਦੂਆਂ ਅਤੇ ਸਿੱਖਾਂ ਵਿੱਚ ਇੱਕ ਦੂਜੇ ਪ੍ਰਤਿ ਨਫਰਤ ਪੈਦਾ ਕਰ ਦਿੱਤੀ ਸੀ, ਇਥੋਂ ਤਕ ਕਿ ਹਿੰਦੂਆਂ ਨੇ ਆਪਣੀ ਮਾਤਭਾਸ਼ਾ ਪੰਜਾਬੀ ਨੂੰ ਵੀ ਤਿਆਗ ਦਿੱਤਾ ਸੀ। ਉਥੋਂ ਦੇ ਸਿੱਖਾਂ ਨੇ ਵੀ ਗੁਰਬਾਣੀ ਉਪਦੇਸ਼ ਦੇ ਵਿਪਰੀਤ ਸਿਆਸਤਦਾਨਾਂ ਦੀ ਸ਼ੈਹ ਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਨੀਤੀ ਅਪਣਾਈ ਹੋਈ ਸੀ। ਪਰ ਮਾਲਵੇ ਦੇ ਹਿੰਦੂ ਸਿੱਖਾਂ ਵਿੱਚ ਭਾਈਵਾਲਤਾ ਅਤੇ ਆਪਸੀ ਸਹਿਯੋਗ ਬਹੁਤ ਹੱਦ ਤਕ ਕਾਇਮ ਸੀ।

ਸੰਤ ਫਤਿਹ ਸਿੰਘ ਦੇ ਦਿਹਾਂਤ ਮਗਰੋਂ ਪੰਜਾਬ ਵਿੱਚ ਰਾਜਸੀ ਸੰਤ ਪਰੱਥਾ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਬਰਕਰਾਰ ਰੱਖੀ। ਕਈ ਵਿਦਵਾਨ ਉਸ ਨੂੰ ਕਾਂਗਰਸ ਅਤੇ ਗਿਆਨੀ ਜ਼ੈਲ ਸਿੰਘ ਵਲੋਂ ਥਾਪਿਆ ਆਗੂ ਆਖਦੇ ਹਨ, ਜੋ ਸਹੀ ਨਹੀਂ ਹੈ। ਰਾਜਨੀਤੀ ਕੋਈ ਬਚਿਆਂ ਦੀ ਖੇਡ ਨਹੀਂ ਹੁੰਦੀ ਇਹ ਤੇ ਇਤਹਾਸਕ ਰਾਓਂ ਦਾ ਪਰਗਟਾਵਾ ਅਤੇ ਗੰਭੀਰ ਸਮਾਜਕ ਕਿਰਿਆ ਹੁੰਦੀ ਹੈ। ਸੰਤ ਜਰਨੈਲ ਸਿੰਘ ਆਪਣੀ ਸ਼ਰਧਾ ਅਤੇ ਲਗਨ ਤੋਂ ਉਤਸ਼ਾਹਤ ਹੋ ਕੇ ਪੰਜਾਬ ਸਿਆਸਤ ਵਿੱਚ ਦਾਖਲ ਹੋਇਆ ਸੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਮਦਮੀ ਟਕਸਾਲ ਸੰਪਰਦਾ ਦਾ ਮੁੱਖੀ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅਖੌਤੀ ਦਸਮ ਗ੍ਰੰਥ ਦੀਆ ਰਚਨਾਵਾਂ, ਸਨਾਤਨੀ ਪਰੰਪਰਾ ਅਨੁਸਾਰ ਰਚੇ ਮਿਥਹਾਸ ਅਤੇ ਉਸ ਮਿਥਹਾਸ ਤੇ ਆਧਾਰਤ ਪਰੰਪਰਾ ਨੂੰ ਸਿੱਖ ਧਰਮ ਦਾ ਆਧਾਰ ਮੰਨਦਾ ਸੀ। ਉਹ ਆਪਣੀ ਸੰਪਰਦਾ ਦੀ ਵਿਚਾਰਧਾਰਾ ਦਾ ਸੱਚਾ, ਸੁੱਚਾ, ਅਡੋਲ, ਨਿਡੱਰ ਅਤੇ ਸਿਦਕਵਾਨ ਆਗੂ ਸੀ। ਉਸ ਦਾ ਨਿਸ਼ਚਾ ਸੀ ਕਿ ਅੰਮ੍ਰਿਤ ਪਾਨ ਕਰਨ ਨਾਲ ਹਰ ਸਿੱਖ ਗੁਰਮਤਿ ਦਾ ਧਾਰਨੀ ਅਤੇ ਗੁਰੂ ਗੋਬਿੰਦ ਸਿੰਘ ਦਾ ਸੱਚਾ ਖਾਲਸਾ ਬਣ ਜਾਂਦਾ ਹੈ ਇਸ ਲਈ ਉਸ ਨੇ ਅੰਮ੍ਰਿਤ ਸੰਚਾਰ ਪਰ ਬਹੁਤ ਜ਼ੋਰ ਦਿੱਤਾ ਸੀ। ਉਸ ਦਾ ਵਿਅਕਤਿਤੱਵ ਸਿੱਖਾਂ ਦੇ ਪਿਛਲੇ ਦੋ ਸੌ ਸਾਲਾਂ ਵਿੱਚ ਹੋਏ ਰਾਜਸੀ ਆਗੂਆਂ ਨਾਲੋਂ ਪਰਭਾਵਸ਼ਾਲੀ ਸੀ। ਸਿੱਖ ਰਾਜਨੀਤੀ ਵਿੱਚ ਉਸ ਦਾ ਆਕਰਸ਼ਣ ਅਤੇ ਲੋਕ ਪਰੀਅਤਾ ਅਦੁੱਤੀ ਸੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਿਖਿਆ ਅਤੇ ਅਨੁਭਵ ਦਮਦਮੀ ਟਕਸਾਲ ਦੀ ਦੇਣ ਸੀ। ਉਸ ਵਿੱਚ ਰਾਜਸੀ ਮਸਲਿਆਂ ਅਤੇ ਬੰਦਿਆਂ ਨੂੰ ਸਮਝਣ, ਨਿਰਨੇ ਲੈਣ ਅਤੇ ਉਹਨਾਂ ਤੇ ਤਾਮੀਲ ਕਰਨ ਦੀ ਅਦਭੁੱਤ ਯੋਗਤਾ ਸੀ। ਉਹ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਸੀ। ਅਯੋਗ ਅਤੇ ਸਵਾਰਥੀ ਆਗੂਆਂ ਨੇ ਸਿੱਖ ਰਾਜਨੀਤੀ ਦਾ ਤਾਣਾ ਬਾਣਾ ਐਸਾ ਉਲਝਾ ਛਡਿਆ ਸੀ ਕਿ ਜੇਕਰ ਕੋਈ ਦਿਆਨਤਦਾਰ ਅਤੇ ਸੱਚਾ ਵਿਅਕਤੀ ਉਸ ਦੇ ਚਕ੍ਰਵਯੂ ਵਿੱਚ ਫਸ ਜਾਵੇ ਤਾਂ ਉਹ ਉਸ ਵਿਚੋਂ ਜਿਊਂਦਾ ਬਾਹਰ ਨਹੀਂ ਸੀ ਨਿਕਲ ਸਕਦਾ। ਪਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਬਹੁਤ ਤਜਰਬੇਕਾਰ ਸਿਆਸੀ ਆਗੂ ਸਨ। ਉਹ ਜਿੱਥੇ ਖੜ੍ਹੇ ਦਿਸਦੇ ਸਨ ਉਥੇ ਹੁੰਦੇ ਨਹੀਂ ਸਨ। ਉਹ ਸੰਤ ਜਰਨੈਲ ਸਿੰਘ ਦੀ ਕਰਿਸਮੈਟਿਕ (Chrismatic), ਈਮਾਨਦਾਰ ਅਤੇ ਨਿਡੱਰ ਸ਼ਖਸੀਅਤ ਤੋਂ ਬਹੁਤ ਪਰੇਸ਼ਾਨ ਸਨ। ਪਰਕਾਸ਼ ਸਿੰਘ ਬਾਦਲ ਨੇ ਸਿੱਖ ਨਕਸਲੀ ਯੁਵਕਾਂ ਦਾ ਸ਼ਿਕਾਰ ਖੇਡਿਆ ਸੀ ਇਸ ਲਈ ਨਕਸਲਵਾਦੀ ਵਿਚਾਰਧਾਰਾ ਦੇ ਕਈ ਪਰਸੰਸਕ ਸੰਤ ਜਰਨੈਲ ਸਿੰਘ ਦੀ ਲਹਿਰ ਵਿੱਚ ਸ਼ਾਮਲ ਹੋ ਗਏ ਸਨ। ਨਕਸਲੀ ਹਿੰਸਕ ਸਿਆਸਤ ਵਿੱਚ ਵਿਸ਼ਵਾਸ ਰਖਦੇ ਸਨ, ਉਹਨਾਂ ਦੀ ਸੋਚ ਨੇ ਸੰਤ ਜਰਨੈਲ ਸਿੰਘ ਦੀ ਲਹਿਰ ਨੂੰ ਵੀ ਪਰਭਾਵਤ ਕਰ ਦਿੱਤਾ। ਹਿੰਸਕ ਸਿਆਸਤ ਕਰਨ ਲਈ ਕੇਵਲ ਕਾਡਰ ਅਧਾਰਤ (Cadre based) ਗੁਪਤ ਕੰਮ ਕਰਨ ਵਾਲੀਆਂ ਪਾਰਟੀਆਂ ਹੀ ਯੋਗ ਹੁੰਦੀਆਂ ਹਨ। ਪਰ ਭਿੰਡਰਾਂਵਾਲੇ ਦੀ ਸਿੱਖ ਲਹਿਰ ਤੇ ਭਾਵਨਾਵਾਂ ਤੇ ਟਿੱਕੀ ਹੋਈ ਇੱਕ ਖੁਲ੍ਹੀ ਲਹਿਰ ਸੀ। ਖੁਲ੍ਹੀ ਰਾਜਨੀਤਕ ਲਹਿਰ ਲਈ ਬੰਦੂਕ ਦੀ ਹਿੰਸਕ ਰਾਜਨੀਤੀ ਆਤਮਘਾਤੀ ਹੁੰਦੀ ਹੈ। ਸਰਕਾਰ ਹਰ ਰਾਜਨੀਤਕ ਧੜੇ ਵਿੱਚ ਆਪਣੇ ਏਜੰਟ ਵਾੜ ਕੇ ਰਖਦੀ ਹੈ। ਸੰਤ ਜਰਨੈਲ ਸਿੰਘ ਦੀ ਲਹਿਰ ਵਿੱਚ ਵੀ ਸਰਕਾਰ ਨੇ ਆਪਣੇ ਏਜੰਟ ਵਾੜੇ ਹੋਏ ਸਨ। ਉਹਨਾਂ ਨੇ ਕੁੱਝ ਹਿੰਦੂਆਂ ਨੂੰ ਮਾਰ ਕੇ ਉਸ ਹਿੰਸਕ ਬਣੀ ਲਹਿਰ ਨੂੰ ਹਿੰਦੂ-ਸਿੱਖ ਟਕਰਾਅ ਵਿੱਚ ਬਦਲ ਦਿੱਤਾ। ਕੇਂਦਰ ਸਰਕਾਰ ਦੀ ਨੀਤੀ ਤੇ ਉਸ ਸਮੇਂ ਹਿੰਦੂ ਲਾਬੀ ਦਾ ਪਰਭਾਵ ਸੀ ਜੋ ਸਿੱਖ ਧਰਮ ਅਤੇ ਉਸ ਦੇ ਅਨੁਆਈਆਂ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਪਰ ਤੁਲੀ ਹੋਈ ਸੀ।

ਜਰਨੈਲ ਸਿੰਘ ਭਿੰਡਰਾਂਵਾਲੇ ਨੇ ਖਾਲਸਤਾਨ ਦੀ ਮੰਗ ਨਹੀਂ ਕੀਤੀ ਸੀ। ਪਰ ਹਰ ਰਾਜਨੀਤਕ ਲਹਿਰ ਦਾ ਆਪਣਾ ਇੱਕ ਤਰਕ ਹੁੰਦਾ ਹੈ ਜੋ ਉਸ ਲਹਿਰ ਦੀ ਦਿਸ਼ਾ ਨਿਰਧਾਰਤ ਕਰਦਾ ਹੈ। ਉਸ ਤਰਕ ਤੇ ਆਗੂਆਂ ਦਾ ਨਿਯੰਤਰਣ ਬਹੁਤ ਸੀਮਤ ਹੁੰਦਾ ਹੈ। ਭਿੰਡਰਾਵਾਲੇ ਸੰਤ ਵਲੋਂ ਚਲਾਈ ਲਹਿਰ ਛੇਤੀ ਹੀ ਉਸ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਉਹ ਆਪਣੀ ਹੀ ਲਹਿਰ ਦੇ ਤਰਕ ਦੇ ਚਕ੍ਰਵਿਯੂ ਵਿੱਚ ਫਸ ਗਿਆ। ਉਹ ਅਤੇ ਉਸ ਦੇ ਸਹਿਯੋਗੀਆਂ ਨੂੰ ਸ਼ਹੀਦ ਹੋਣਾ ਪਿਆ ਅਤੇ ਪੰਜਾਬ ਦੇ ਸਿੱਖ ਯੁਵਕਾਂ ਦੀ ਇੱਕ ਪੀੜ੍ਹੀ ਉਸ ਲਹਿਰ ਦੀ ਲਪੇਟ ਵਿੱਚ ਆ ਕੇ ਖਤਮ ਹੋ ਗਈ। ਸਿੱਖਾਂ ਦੇ ਹੱਕਾਂ ਦੇ ਸੰਘਰਸ਼ ਨੇ ਉਹਨਾਂ ਦੀ ਬਰਬਾਦੀ ਕਰ ਛੱਡੀ। ਜਿਹੜੇ ਹੱਕਾਂ ਲਈ ਉਹ ਲੜ ਮਰੇ ਉਹਨਾਂ ਹੱਕਾਂ ਲਈ ਤੇ ਹਿੰਸਾ ਰਹਿਤ ਸੰਘਰਸ਼ ਅਤੇ ਗਲ ਬਾਤ ਰਾਹੀਂ ਵੀ ਕੁੱਝ ਪਰਾਪਤੀ ਕਰਨੀ ਸੰਭਵ ਸੀ। ਰਾਜਨੀਤਕ ਉਦੇਸ਼ ਦੀ ਪਰਾਪਤੀ ਲਈ ਦੋ ਢੰਗ ਵਰਤੇ ਜਾਂਦੇ ਹਨ। ੧. ਲੜਾਈ, ਅਤੇ ੨. ਗਲ ਬਾਤ। ਲੜਾਈ ਵਿੱਚ ਕਦੇ ਕੋਈ ਨਹੀਂ ਜਿਤਿਆ, ਦੋਨੋ ਧਿਰਾਂ ਹਾਰਦੀਆਂ ਹਨ। ਹਾਰੀ ਹੋਈ ਧਿਰ ਤੇ ਹਾਰਦੀ ਹੀ ਹੈ, ਜਿਤਣ ਵਾਲੀ ਧਿਰ ਵੀ ਆਪਣਾ ਮਨੁੱਖੀ ਕਿਰਦਾਰ ਖੋ ਬੈਠਦੀ ਹੈ। ਜਰਨੈਲ਼ ਸਿੰਘ ਭਿੰਡਰਾਂਵਾਲੇ ਵਿੱਚ ਗਲ ਬਾਤ ਰਾਹੀਂ ਆਪਣੇ ਉਦੇਸ਼ ਵਿੱਚ ਸਫਲ ਹੋਣ ਦੀ ਯੋਗਤਾ ਸੀ ਪਰ ਉਹ ਸਿੱਖ ਰਾਜਨੀਤੀ ਦੇ ਚਕ੍ਰਵਿਯੂ ਵਿੱਚ ਉਲਝ ਕੇ ਰਹਿ ਗਿਆ।

ਖਾਲਸਤਾਨ ਦੀ ਮੰਗ ਇੱਕ ਸਿਆਸੀ ਮੰਗ ਹੈ। ਸਿਆਸੀ ਲਹਿਰਾਂ ਬਾਰੇ ਭਵਿਖਬਾਣੀ ਕਰਨੀ ਬਹੁਤ ਔਖੀ ਹੁੰਦੀ ਹੈ। ਇਹ ਠੀਕ ਹੈ ਕਿ ਸਿੱਖ ਆਪਣੀ ਮਰਜ਼ੀ ਨਾਲ ਭਾਰਤ ਸੰਘ ਵਿੱਚ ਸ਼ਾਮਲ ਹੋਏ ਸੀ ਅਤੇ ਉਸ ਸਮੇਂ ਦੇ ਭਾਰਤੀ ਆਗੂਆਂ ਨੇ ਉਹਨਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਭਾਰਤ ਸਰਕਾਰ ਉਹਨਾਂ ਦੀਆਂ ਮੰਗਾਂ ਅਤੇ ਧਾਰਮਕ ਭਾਵਨਾਵਾਂ ਦਾ ਪੂਰਾ ਧਿਆਨ ਰਖੇਗੀ। ਪਰ ਰਾਜਸੀ ਆਗੂਆਂ ਦਾ ਇਹ ਸੁਭਾ ਅਤੇ ਕਮਜ਼ੋਰੀ ਹੁੰਦੀ ਹੈ ਕਿ ਉਹ ਆਪਣੇ ਸਹਿਯੋਗੀ ਨਾਲ ਕੀਤੇ ਵਾਅਦੇ ਨੂੰ ਨਹੀਂ ਉਸ ਦੀ ਸ਼ਕਤੀ ਨੂੰ ਮਾਨਤਾ ਦਿੰਦੇ ਹਨ ਕਿਊਂਕੇ ਰਾਜਨੀਤੀ ਨਿਰੋਲ ਸ਼ਕਤੀ ਦੀ ਖੇਡ ਹੈ। ਸਿਆਸੀ ਅਗੂ ਕੇਵਲ ਸ਼ਕਤੀ ਦੀ ਬੋਲੀ ਸਮਝਦੇ ਹਨ। ਰਾਜਨੀਤਕ ਸ਼ਕਤੀ ਲੋਕਾਂ ਦੇ ਸਮਰਥਨ ਪਰ ਨਿਰਭਰ ਕਰਦੀ ਹੈ। ਸਿੱਖਾਂ ਨੂੰ ਆਪਣਾ ਰਾਜਸੀ ਪਰਭਾਵ ਬਰਕਾਰ ਰਖਣ ਲਈ ਸਿੱਖਾਂ ਵਿੱਚ ਵਿਚਾਰਧਾਰਕ ਸਾਂਝ ਅਤੇ ਬੁਹਗਿਣਤੀ ਦਾ ਸਮਰਥਨ ਬਰਕਰਾਰ ਰਖਣ ਦੀ ਲੋੜ ਸੀ, ਜਿਸ ਵਿੱਚ ਉਹ ਸਫਲ ਨਹੀਂ ਹੋਏ। ਸਿੱਖਾਂ ਵਿੱਚ ਏਕਤਾ ਦੀ ਘਾਟ ਦਾ ਕਾਰਨ ਜਾਨਣ ਲਈ ਆਗੁਆਂ ਨੂੰ ਆਤਮਚੀਨਣ ਦੀ ਲੋੜ ਹੈ ਗੈਰਸਿੱਖਾਂ ਨੂੰ ਕੋਸਣ ਦੀ ਨਹੀਂ। ਉਹਨਾਂ ਨੂੰ ਇਹ ਵੀ ਪੁਛਣ ਦੀ ਲੋੜ ਹੈ ਕਿ ਕੀ ਉਹ ਸੱਚ ਮੁੱਚ ਗੁਰਬਾਣੀ ਉਪਦੇਸ਼ ਅਨੁਸਾਰੀ ਸਿਆਸਤ ਕਰ ਰਹੇ ਹਨ?

ਖਾਲਸਤਾਨ ਦੀ ਮੰਗ ਧਰਮਤੰਤਰਕ ਰਾਜ ਦੀ ਮੰਗ ਹੈ। ਸਿੱਖ ਕੌਮ ਨਹੀਂ ਹੈ ਇੱਕ ਧਰਮ ਹੈ। ਧਰਮ ਨੂੰ ਵੀ ਆਪਣਾ ਰਾਜ ਸਥਾਪਤ ਕਰਨ ਦਾ ਅਧਿਕਾਰ ਹੈ, ਐਸਾ ਕਰਨ ਲਈ ਧਰਮ ਨੂੰ ਕੌਮ ਬਨਣ ਦੀ ਲੋੜ ਨਹੀਂ ਹੁੰਦੀ। ਵਿਸ਼ਵ ਵਿੱਚ ਅੱਜ ਵੀ ਕਈ ਧਰਮਤੰਤਰਕ ਰਾਜ ਹਨ ਜੋ ਕੌਮਾਂ ਨਹੀਂ। ਇਸਲਾਮ ਨੇ ਧਰਮਤੰਤਰਕ ਰਾਜ ਮੱਧ ਏਸ਼ੀਆ ਅਤੇ ਪਾਕਿਸਤਾਨ ਵਿੱਚ ਸਥਾਪਤ ਕੀਤੇ ਹੋਏ ਹਨ। ਇਹਨਾਂ ਰਾਜਾਂ ਦੀ ਵਾਗ ਡੋਰ ਜ਼ਿਆਦਾ ਤਰ ਸੁਲਤਾਨਾਂ, ਫੌਜੀ ਜਰਨੈਲਾਂ ਅਤੇ ਤਨਾਸ਼ਾਹਾਂ ਦੇ ਹੱਥ ਰਹੀ ਹੈ। ਸਾਮਰਾਜੀ ਸ਼ਕਤੀਆਂ ਵਲੋਂ ਅਰਬ ਦੇਸ਼ਾਂ ਵਿੱਚ ਇਸਰਾਈਲ ਦਾ ਸੁਤੰਤਰ ਯਹੂਦੀ ਰਾਜ ਵੀ ਕਾਇਮ ਕੀਤਾ ਗਿਆ ਸੀ। ਉਹ ਚਾਰੇ ਪਾਸਿਓਂ ਵੈਰੀਆਂ ਨਾਲ ਘਿਰਿਆ ਹੋਇਆ ਹੈ, ਅਤੇ ਓਥੇ ਨਿਰੰਤਰ ਜੰਗ ਦੀ ਵਿਵਸਥਾ ਬਣੀ ਰਹਿੰਦੀ ਹੈ। ਇਸਰਾਈਲ ਬਨਣ ਨਾਲ ਯਹੂਦੀ ਧਰਮ ਨੂੰ ਕੋਈ ਵਿਸ਼ੇਸ਼ ਲਾਭ ਪਰਾਪਤ ਨਹੀਂ ਹੋਇਆ ਹੈ। ਇਸਲਾਮ ਦੇ ਧਰਮਤੰਤਰਕ ਰਾਜਾਂ ਦੀ ਵੀ ਕੋਈ ਵਿਸ਼ੇਸ਼ ਪਰਾਪਤੀ ਨਹੀਂ ਆਖੀ ਜਾ ਸਕਦੀ। ਰਾਜ ਪ੍ਰਬੰਧ ਅਤੇ ਧਰਮ ਪੱਖੋਂ ਧਰਮਤੰਤਰਕ ਰਾਜ ਵਿੱਚ ਕੋਈ ਖਾਸ ਖੂਬੀ ਨਹੀਂ ਹੂੰਦੀ।

ਗੁਰਬਾਣੀ ਦੇ ਸੰਦਰਭ ਵਿੱਚ ਖਾਲਸਤਾਨ ਦੀ ਕੋਈ ਪਰਾਸੰਗਕਤਾ (Relevance) ਨਹੀਂ ਬਣਦੀ। ਗੁਰਬਾਣੀ ਅਧਿਆਤਮਕ ਗਿਆਨ ਹੈ ਜਦੋਂ ਕਿ ਖਾਲਸਤਾਨ ਇੱਕ ਸਮਾਜਕ ਇਕਾਈ ਦੇ ਰਾਜਨੀਤਕ ਪ੍ਰਬੰਧ ਦਾ ਸੰਕਲਪ ਹੈ। ਗੁਰਬਾਣੀ ਮਨੁੱਖੀ ਮਨ ਨੂੰ ਸਾਧਣ ਅਤੇ ਸਾਰੀ ਕਾਇਨਾਤ ਵਿੱਚ ਵਿਦਮਾਨ ਉਸ ਕਾਇਨਾਤ ਦੇ ਮਾਲਕ ਪ੍ਰਭੂ ਨਾਲ ਮਿਲਣ ਲਈ ਉਦਮ ਕਰਨ ਦਾ ਉਪਦੇਸ਼ ਹੈ ਜਦੋਂ ਕਿ ਰਾਜਨੀਤੀ ਮਨੁੱਖੀ ਸਰੀਰ ਦੀਆਂ ਪਦਾਰਥਕ ਅਤੇ ਮਾਨਸਕ ਲੋੜਾਂ ਪੂਰੀਆਂ ਕਰਨ ਅਤੇ ਮਨੁੱਖੀ ਰਿਸ਼ਤੇ ਨਿਭਾਉਣ ਦੀ ਵਿਵਸਥਾ ਕਰਨ ਦਾ ਢੰਗ ਹੈ। ਗੁਰਬਾਣੀ ਦਾ ਸਬੰਧ ਪ੍ਰਭੂ ਨਾਲ ਹੈ ਰਾਜਨੀਤੀ ਦਾ ਸਬੰਧ ਮਨੁੱਖ ਦੇ ਸਿਰਜੇ ਸਮਾਜ ਨਾਲ ਹੈ। ਗੁਰਬਾਣੀ ਪ੍ਰਭੂ ਵਲੋਂ ਸਿਰਜੀ ਕੁਦਰਤ ਵਿੱਚ ਵਰਤ ਰਹੀ ਮਾਇਆ ਅਤੇ ਮਾਇਆ ਦੇ ਮਨੁੱਖੀ ਮਨ ਤੇ ਪਰਭਾਵ ਤੋ ਬਚਣ ਦਾ ਉਪਾ ਦੱਸਦੀ ਹੈ ਰਾਜਨੀਤੀ ਸਮਾਜ ਨੂੰ ਖਿੰਡਣ ਅਤੇ ਟੁਟਣ ਤੋਂ ਬਚਾਉਣ ਦੀ ਵਿਧੀ ਹੈ। ਅਧਿਆਤਮਕ ਗਿਆਨ ਅਤੇ ਸਮਾਜ ਦੇ ਕਾਰਜ ਖੇਤਰ, ਢੰਗ ਅਤੇ ਰਾਹ ਵਖੋ ਵਖਰੇ ਹਨ। ਆਤਮਕ ਅਨੰਦ ਅਤੇ ਸਿਅਸੀ ਭਟਕਣ ਨੂੰ ਰਲਗੱਡ ਕਰਨਾ ਅਣਉਚਿਤ ਹੈ। ਕਿਸੇ ਸਮਾਜ ਦੀ ਸਫਲਤਾ ਅਤੇ ਸ਼ਾਂਤੀ ਰਾਜਨੀਤੀ ਦੀ ਸ਼ਕਤੀ ਅਤੇ ਨਾਗਰਿਕਾਂ ਦੀ ਸੁਤੰਤਰਤਾ, ਅਧਿਕਾਰ ਅਤੇ ਲੋੜ ਵਿੱਚ ਉਚਿੱਤ ਸੰਤੁਲਨ ਕਾਇਮ ਕਰਨ ਤੇ ਨਿਰਭਰ ਕਰਦੀ ਹੈ। ਧਰਮਤੰਤਰਕ ਜਾਂ ਧਰਮ ਦੇ ਨਾਂ ਨਾਲ ਕੀਤੇ ਜਾਣ ਵਾਲੇ ਬਹੁਤੇ ਰਾਜਾਂ ਵਿੱਚ ਐਸਾ ਨਹੀਂ ਹੈ। ਉਹਨਾਂ ਰਾਜਾਂ ਵਿੱਚ ਰਾਜਨੀਤਕ ਆਗੂ ਅਕਸਰ ਲੋਕਾਂ ਦੀ ਧਾਰਮਕ ਸ਼ਰਧਾ ਦਾ ਨਾਜਾਇਜ਼ ਫਾਇਦਾ ਉਠਾ ਕੇ ਉਹਨਾਂ ਤੇ ਅਸਿਹ ਅਤੇ ਅਕਿਹ ਜ਼ੁਲਮ ਢਾਉਂਦੇ ਹਨ। ਧਰਮ ਅਤੇ ਰਾਜਨੀਤੀ ਦੇ ਨਾਪਾਕ ਗਠ ਜੋੜ ਦੀ ਅਮਾਨਵੀ ਰੁੱਚੀ ਅਤੇ ਅੱਤਿਆਚਾਰਾਂ ਦੇ ਇਤਹਾਸ ਨੂੰ ਮੁੱਖ ਰਖਦੇ ਹੋਏ ਆਧੁਨਿਕ ਰਾਜਾਂ ਨੇ ਧਰਮ ਅਤੇ ਰਾਜਨੀਤੀ ਨੂੰ ਵਖਰੇ ਰਖਣ ਦਾ ਵਿਧਾਨ ਬਣਾ ਲਿਆ ਹੈ।

ਗੁਰਬਾਣੀ ਮਨੁੱਖੀ ਜੀਵਨ ਲਈ ਚਾਨਣ ਮੁਨਾਰਾ ਹੈ। ਸਮਾਜ ਦੇ ਰਾਜ ਪ੍ਰਬੰਧ ਬਾਰੇ ਗੁਰਬਾਣੀ ਦਾ ਉਪਦੇਸ਼ ਹੈ ਕਿ ਲਾਇਕ ਆਗੂਆਂ ਦਾ ਸੱਚਾ, ਨਿਆਂਪੂਰਨ ਅਤੇ ਸ਼ਾਂਤਮਈ ਹਲੀਮੀ ਰਾਜ ਸਥਾਪਤ ਹੋਵੇ। ਗੁਰਬਾਣੀ ਦਾ ਕਥਨ ਹੈ: “ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤ ਮੇਲਿ ਮਿਲਾਈ॥” (ਪੰ: ੧੦੮੭) ਐਸੇ ਸੱਚੇ, ਸੁਖੀ ਨਿਆਂਪੂਰਨ ਰਾਜ ਦੇ ਵਾਤਾਵਰਣ ਵਿੱਚ ਸਤਸੰਗਤ ਰਾਹੀਂ ਬੇ-ਗਮ ਪੁਰਾ ਦਾ ਆਤਮਕ ਅਨੰਦ ਪਰਾਪਤ ਹੁੰਦਾ ਹੈ। ਗੁਰਬਾਣੀ ਕਿਸੇ ਵੀ ਧਰਮਤੰਤਰਕ ਰਾਜ ਦਾ ਸਮਰਥਨ ਨਹੀਂ ਕਰਦੀ। ਉਹ ਨਿਵੇਕਲੇਪਣ ਦੀ ਸਮਰਥਕ ਨਹੀਂ ਸਾਂਝੀਵਾਲਤਾ, ਰਲ ਮਿਲ ਕੇ ਰਹਿਣ ਦੀ ਸਮਰਥਕ ਹੈ। ਇਸ ਲਈ ਗੁਰਬਾਣੀ ਦੇ ਉਪਦੇਸ਼ ਨੂੰ ਖਾਲਸਤਾਨ ਦੀ ਰਾਜਨੀਤਕ ਮੰਗ ਨਾਲ ਜੋੜਨਾ ਉੱਚਿਤ ਨਹੀਂ ਹੈ।

ਹਾਕਮ ਸਿੰਘ




.