.

ਸਿੱਖ ਸਟੱਡੀਜ਼ ਦੀ ਵਾਸਤਵਿਕਤਾ
ਹਾਕਮ ਸਿੰਘ

(ਕਿਸ਼ਤ ਨੰ: 04)

ਪੰਥ ਦਾ ਜ਼ਿਕਰ ਅਕਸਰ ਮਿਸਲਾਂ ਦੇ ਦੌਰ ਵਿਚ ਆਉਂਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਨਣ ਮਗਰੋਂ ਇਸ ਦੀ ਬਹੁਤ ਪ੍ਰਸਿੱਧੀ ਹੋਈ ਹੈ। ਕਿਸੇ ਧਰਮ ਦੇ ਉਪਾਸ਼ਕਾਂ ਵਲੋਂ ਆਪਣੇ ਧਰਮ ਦਾ ਸਮਾਜਕ ਸੰਗਠਨ ਬਣਾ ਲੈਣਾ ਲਾਹੇਵੰਦ ਹੁੰਦਾ ਹੈ, ਜਿਵੇਂ ਭਾਰਤੀ ਪਾਰਸੀਆਂ ਨੇ ਕੀਤਾ ਹੋਇਆ ਹੈ ਅਤੇ ਸਿੱਖਾਂ ਵਿਚ ਚੀਫ ਖਾਲਸਾ ਦੀਵਾਨ ਨੇ ਕੀਤਾ ਸੀ। ਪਰ ਜਦੋਂ ਧਰਮ ਵਿਚ ਪਾੜ ਪੈ ਕੇ ਸੰਪਰਦਾਵਾਂ ਬਨ ਜਾਣ ਤਾਂ ਧਾਰਮਕ ਸੰਗਠਨ ਬਣਾਉਣਾ ਸੰਭਵ ਨਹੀਂ ਹੁੰਦਾ। ਅਜੋਕਾ ਸਿੱਖ ਧਰਮ ਤੇ ਲੀਰੋ ਲੀਰ ਹੋਇਆ ਪਿਆ ਹੈ। ਰਾਜਸੀ ਆਗੂ ਸਿੱਖਾਂ ਵਿਚੋਂ ਗੁਰਮਤਿ ਦੇ ਪਰਭਾਵ ਨੂੰ ਮਿਟਾਉਣ ਲਈ ਜਤਨਸ਼ੀਲ ਹਨ ਅਤੇ ਪੁਜਾਰੀ ਵਰਗ ਗੁਰਬਾਣੀ ਉਪਦੇਸ਼ ਵਿਚ ਰਲਾ ਕਰਕੇ ਉਸ ਨੂੰ ਵਿਗਾੜਨ ਲੱਗਾ ਹੋਇਆ ਹੈ। ਕਈ ਵਿਦਵਾਨ ਪੰਥ ਦਾ ਆਧਾਰ ਗੁਰਮਤਿ ਨੂੰ ਮੰਨਦੇ ਹਨ ਪਰ ਗੁਰਬਾਣੀ ਵਿਚ ਪੰਥ ਦੀ ਹੋਂਦ, ਬਣਤਰ ਅਤੇ ਮਨੋਰਥ ਬਾਰੇ ਕੋਈ ਸੇਧ ਨਹੀਂ ਮਿਲਦੀ। ਪੰਥ ਕੋਈ ਸਿਆਸੀ ਪਾਰਟੀ ਜਾਂ ਸਮਾਜਕ ਸੰਸਥਾ ਵੀ ਨਹੀਂ ਹੈ। ਪੰਥ ਨੂੰ ਅੰਮ੍ਰਿਤਧਾਰੀ ਸਿੰਘਾਂ ਦਾ ਸੰਗਠਨ ਤੇ ਆਖਿਆ ਜਾ ਸਕਦਾ ਹੈ ਪਰ ਐਸਾ ਕੋਈ ਸੰਗਠਨ ਹਾਲੇ ਤੱਕ ਹੋਂਦ ਵਿਚ ਨਹੀਂ ਆਇਆ ਹੈ। ਗੈਰ-ਅੰਮ੍ਰਿਤਧਾਰੀ ਸਿੱਖ, ਡੇਰੇਦਾਰ, ਰਾਧਾ ਸੁਆਮੀ, ਨਾਮਧਾਰੀ, ਨਿਰੰਕਾਰੀ, ਕਈ ਰਵਿਦਾਸੀਏ ਤੇ ਹੋਰ ਵੀ ਆਪਣੇ ਆਪ ਨੂੰ ਸਿੱਖ ਸਮਝਦੇ ਹਨ। ਕਈ ਵਿਦਵਾਨ ਪੰਥ ਨੂੰ ਗੁਰੂ ਦੀ ਪਦਵੀ ਦੇ ਦਿੰਦੇ ਹਨ। ਉਹਨਾਂ ਅਨੁਸਾਰ ਸਿੱਖਾਂ ਦਾ ਇਕ ਨਹੀਂ ਦੋ ਗੁਰੂ ਹਨ, ਗ੍ਰੰਥ ਗੁਰੂ ਅਤੇ ਪੰਥ ਗੁਰੂ। ਉਹ ਪੰਥ ਨੂੰ ਗੁਰੂ ਦੀ ਦੇਹ ਆਖਦੇ ਹਨ ਅਤੇ ਗ੍ਰੰਥ ਨੂੰ ਆਤਮਾ, ਭਾਵੇਂ ਸਾਧਾਰਣ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ‘ਪਰਗਟ ਗੁਰਾਂ ਕੀ ਦੇਹ’ ਮੰਨਦੇ ਹਨ। ਪੰਥ ਦਾ ਕੀ ਮਨੋਰਥ ਹੈ, ਇਸ ਦੀ ਕਾਰਜ ਵਿਧੀ ਅਤੇ ਉਸ ਦੇ ਕੀ ਨਿਯਮ ਹਨ? ਪੰਥ ਨੇ ਆਪਣੀ ਜਿੰਮੇਵਾਰੀ ਨਿਭਾਉਣ ਲਈ ਹੁਣ ਤੱਕ ਕੀ ਕੀਤਾ ਹੈ? ਅਜਿਹੇ ਪ੍ਰਸ਼ਨਾਂ ਦੇ ਉਤਰ ਪੰਥ ਦੇ ਹਿਤੈਸ਼ੀਆਂ ਦੇ ਸਾਹਿਤ ਵਿਚੋਂ ਲੱਭਣੇ ਸੌਖੇ ਨਹੀਂ ਹਨ। ਇਤਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਮਿਸਲਾਂ ਦੇ ਸਮੇਂ ਪੰਥ ਗੁਰਮਤੇ ਕਰਿਆ ਕਰਦਾ ਸੀ। ਗੁਰਮਤੇ ਦੀ ਪਰੱਥਾ ਮਹਾਰਾਜਾ ਰਣਜੀਤ ਸਿੰਘ ਨੇ ਸਮਾਪਤ ਕਰ ਦਿੱਤੀ ਸੀ। ਫਿਰ ਇਕ ਗੁਰਮਤਾ ੧੫-੧੬ ਨਵੰਬਰ, ੧੯੨੦ ਨੂੰ ਅੰਮ੍ਰਿਤਧਾਰੀ ਸਿੰਘਾਂ ਦੇ ਇਕੱਠ ਨੇ ਸ੍ਰੀ ਅੰਮ੍ਰਿਤਸਰ ਵਿਚ ਕੀਤਾ ਸੀ। ਉਸ ਤੋਂ ਮਗਰੋਂ ਹੋਏ ਗੁਰਮਤਿਆਂ ਬਾਰੇ ਕੋਈ ਪਰਮਾਣਿਕ ਜਾਣਕਾਰੀ ਉਪਲੱਬਧ ਨਹੀਂ ਹੈ।
ਗ੍ਰੰਥ ਗੁਰੂ ਅਤੇ ਪੰਥ ਗੁਰੂ ਦੇ ਸਬੰਧਾਂ ਬਾਰੇ ਸਿੱਖ ਜਗਤ ਵਿਚ ਸਪੱਸ਼ਟਤਾ ਨਹੀਂ ਹੈ। ਪੰਥ ਗੁਰਬਾਣੀ ਉਪਦੇਸ਼ ਦੀ ਪਾਲਣਾ ਨਹੀਂ ਕਰਦਾ ਰਿਹਾ ਹੈ ਕਿਉਂਕਿ ਉਸ ਦੇ ਰਾਜਸੀ ਅਜੰਡੇ ਵਿਚ ਗੁਰਬਾਣੀ ਉਪਦੇਸ਼ ਫਿਟ ਨਹੀਂ ਬੈਠਦਾ। ਪੰਥ ਦੀ ਕਾਰਗੁਜ਼ਾਰੀ ਨੇ ਉਸ ਨੂੰ ਗੁਰਮਤਿ ਨਾਲੋਂ ਨਖੇੜ ਛਡਿਆ ਹੈ। ਗ੍ਰੰਥ ਅਤੇ ਪੰਥ ਦੇ ਸਬੰਧਾਂ ਦਾ ਵਿਸ਼ਾ ਦਰ ਅਸਲ ਗੁਰਮਤਿ ਅਤੇ ਸਿਆਸਤ ਦੇ ਸਬੰਧਾਂ ਦਾ ਹੀ ਦੂਜਾ ਨਾਂ ਹੈ। ਮੂਲ ਸਵਾਲ ਇਹ ਹੈ ਕਿ ਗੁਰਮਤਿ ਦਾ ਮਨੁੱਖੀ ਸਮਾਜ ਅਤੇ ਸਿਆਸਤ ਵਿਚ ਕੀ ਮਹੱਤਵ ਅਤੇ ਕਰਤਵ ਹੈ? ਕਈ ਸਿੱਖ ਵਿਦਵਾਨ ਧਰਮ ਤੰਤਰਕ ਰਾਜ ਜਾਂ ‘ਰਾਜ ਕਰੇਗਾ ਖਾਲਸਾ’ ਦੇ ਮੁੱਦਈ ਹਨ ਪਰ ਉਹ ਖਾਲਸਾ ਰਾਜ ਦੇ ਗੁਰਮਤਿ ਨਾਲ ਸਬੰਧ ਅਤੇ ਉਸ ਰਾਜ ਵਿਚ ਗੁਰਮਤਿ ਦੇ ਵਿਸ਼ੇਸ਼ ਕਰਤਵ ਬਾਰੇ ਸੰਤੋਖ ਜਨਕ ਜਾਣਕਾਰੀ ਨਹੀਂ ਦਿੰਦੇ। ਖਾਲਸਾ ਰਾਜ ਵਾਲੇ ਸਮਾਜ ਵਿਚ ਗੁਰਬਾਣੀ ਵਿਚ ਦਰਸਾਏ ਕਿਹੜੇ ਗੁਣ ਹੋਣਗੇ ਅਤੇ ਕਿਵੇਂ? ਗੁਰਬਾਣੀ ਆਤਮਕ ਗਿਆਨ ਹੈ ਇਹ ਮਨੁੱਖ ਨੂੰ ਆਪਣੇ ਮਨ ਤੇ ਕਾਬੂ ਕਰਕੇ ਪ੍ਰਭੂ ਸਿਮਰਨ ਦਾ ਉਪਦੇਸ਼ ਕਰਦੀ ਹੈ ਅਤੇ ਸਾਰੇ ਸਮਾਜ ਸੇਵਕਾਂ ਅਤੇ ਸਿਆਸਤਦਾਨਾਂ ਨੂੰ, ਭਾਵੇਂ ਉਹ ਖਾਲਸਾ ਰਾਜ ਵਿਚ ਹੋਣ ਜਾਂ ਹੋਰ ਕਿਸੇ ਰਾਜ ਵਿਚ, ਗੁਰਮਤਿ ਅਨੁਸਾਰੀ ਸੱਚਾ ਸੁੱਚਾ ਜੀਵਨ ਧਾਰਨ ਕਰਕੇ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਹੈ। ਉਹ ਖਾਲਸਾ ਰਾਜ ਦੇ ਆਗੂਆਂ ਲਈ ਕੋਈ ਵਿਸ਼ੇਸ਼ ਉਪਦੇਸ਼ ਨਹੀਂ ਕਰਦੀ। ਗੁਰਬਾਣੀ ਦਾ ਉਪਦੇਸ਼ ਤੇ ਸਾਰੀ ਮਾਨਵਤਾ ਲਈ ਹੈ ਕਿਸੇ ਖਾਸ ਵਰਗ, ਧੜੇ, ਦੇਸ਼, ਸੰਸਥਾ ਜਾਂ ਪਾਰਟੀ ਲਈ ਨਹੀਂ ਹੈ। ਗੁਰਬਾਣੀ ਵਿਚ ਸਮਾਜ ਸੇਵਕਾਂ ਲਈ ਕੁੱਝ ਅਜਿਹੇ ਫੁਰਮਾਨ ਹਨ: “ਦਾਸਾ ਕਾ ਦਾਸ ਵਿਰਲਾ ਕੋਇ ਹੋਇ॥ ਊਤਮ ਪਦਵੀ ਪਾਵੈ ਕੋਇ॥” (ਪੰ: ੧੦੭੪); “ਕਬੀਰ ਰੋੜਾ ਹੁਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ॥ ਐਸਾ ਕੋਈ ਦਾਸੁ ਹੁਇ ਤਾਹਿ ਮਿਲੈ ਭਗਵਾਨ॥ ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ॥ ਕਬੀਰ ਖੇਹ ਹੂਈ ਤਉ ਕਿਆ ਭਇਆ ਜੋ ਉਡਿ ਲਾਗੈ ਅੰਗ॥ ਹਰਿ ਜਨ ਅਸਾ ਚਾਹੀਐ ਜਿਉ ਪਾਨੀ ਸਰਬੰਗ॥ ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥” (ਪੰ: ੧੩੭੨) ; “ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥੧॥ ਰਹਾਉ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰ: ੧੨੯੯) ; “ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ॥” (ਪੰ: ੧੩੩੪); “ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ॥” ਅਤੇ “ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਹਿ ਤੈ ਜਾਨ॥” (ਪੰ: ੧੪੨੭); “ਨੀਚਾ ਅੰਦਰਿ ਨੀਚ ਜਾਤ ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲਿਅਨਿ ਤਿਥੈ ਨਦਰਿ ਤੇਰੀ ਬਖਸੀਸ॥” (ਪੰ: ੧੫); “ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪ ਬੀਚਾਰ॥ ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ॥” (ਪੰ: ੨੫੯); “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ। ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ ਲੋਗਾ ਭਰਮਿ ਨ ਭੁਲਹੁ ਭਾਈ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥” (ਪੰ: ੧੩੪੯); “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਿਹ ਬਾਹਰਾ ਜੀਓ॥” (ਪੰ: ੯੭); “ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ॥ ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮਾਰੇ॥ (ਪੰ: ੩੭੯) ; “ਘਘੈ ਘਾਲ ਸੇਵਕੁ ਜੋ ਘਾਲੈ ਸਬਦਿ ਗੁਰੂ ਕੇ ਲਾਗ ਰਹੈ॥ ਬੁਰਾ ਭਲਾ ਜੋ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ॥” (ਪੰ: ੪੩੨) ; “ਬਿਨ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ” (ਪੰ: ੯੯੨)। “ਜਿਸੁ ਸਰਬ ਸੁਖਾਂ ਫਲ ਲੋੜੀਅਹਿ ਸੋ ਸਚੁ ਕਮਾਵਉ॥ ਨੇੜੈ ਦੇਖਉ ਪਰਬ੍ਰਹਮੁ ਇਕ ਨਾਮ ਧਿਆਵਉ॥ ਹੋਇ ਸਗਲ ਕੀ ਰੇਣੁਕਾ ਹਰ ਸੰਗ ਸਮਾਵਉ॥ ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰ ਜਾਵਉ॥” (ਪੰ: ੩੨੨); “ਕਰਮ ਕਰਤ ਹੋਵੈ ਨਿਹਕਰਮ॥ ਤਿਸੇ ਬੈਸਨੋ ਕਾ ਨਿਰਮਲ ਧਰਮ॥ ਕਾਹੂ ਫਲ ਕੀ ਇਛਾ ਨਹੀ ਬਾਛੈ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ॥” (ਪੰ: ੨੭੪। ਗੁਰਬਾਣੀ ਸਿਆਸਤਦਾਨਾਂ, ਸਮਾਜ ਸੇਵਕਾਂ ਅਤੇ ਆਗੂਆਂ ਨੂੰ ਨਿਮਾਣੇ, ਗਿਆਨਵਾਨ, ਸੱਚੇ ਕਿਰਦਾਰ ਵਾਲੇ, ਹਉਮੈ ਰਹਿਤ, ਗੁਣਕਾਰੀ, ਨਿਸ਼ਕਾਮ ਸੇਵਕ ਅਤੇ ਪ੍ਰਭੂ ਦਾ ਨਾਮ ਸਿਮਰਨ ਵਾਲਾ ਜੀਵਨ ਧਾਰਨ ਕਰਨ ਦਾ ਉਪਦੇਸ਼ ਕਰਦੀ ਹੈ। ਇਹ ਸਿਆਸਤਦਾਨਾਂ ਵਲੋਂ ਝਗੜੇ ਅਤੇ ਹਿੰਸਕ ਕਾਰਵਾਈਆਂ ਕਰਨ ਦੀ ਨਿਖੇਧੀ ਕਰਦੀ ਹੈ। ਗੁਰਬਾਣੀ ਦੇ ਕਥਨ ਹਨ: “ਕਲਹਿ ਬੁਰੀ ਸੰਸਾਰਿ ਵਾਦੇ ਖਪੀਐ॥” (ਪੰ: ੧੪੨); “ਬਿਨ ਬੂਝੇ ਝਗਰਤ ਜਗੁ ਕਾਚਾ॥’ (ਪੰ: ੨੨੪); “ਝਗਰੁ ਕੀਏ ਝਗਰਉ ਹੀ ਪਾਵਾ॥” (ਪੰ: ੩੪੧) ਅਤੇ “ਮੰਦਾ ਕਿਸੈ ਨ ਆਖਿ ਝਗੜਾ ਪਾਵਣਾ॥” (ਪੰ: ੫੬੬)। ਗੁਰਬਾਣੀ ਸਾਰੇ ਸਿਆਸਤਦਾਨਾਂ ਨੂੰ ਸੱਚੇ ਲੋਕ ਸੇਵਕ ਬਨਣ ਲਈ ਪ੍ਰੇਰਿਤ ਕਰਦੀ ਹੈ। ਗੁਰਮਤਿ ਦਾ ਉਦੇਸ਼ ਰਾਜ ਪ੍ਰਬੰਧ ਵਿਚ ਦਖ਼ਲ ਅੰਦਾਜ਼ੀ ਕਰਨਾ ਨਹੀਂ ਹੈ ਸਿਆਸਤਦਾਨਾਂ ਅਤੇ ਸਮਾਜ ਸੇਵਕਾਂ ਨੂੰ ਆਪਣਾ ਆਚਰਨ ਸੁਧਾਰਨ ਲਈ ਉਤਸ਼ਾਹਿਤ ਕਰਨਾ ਹੈ। ਗੁਰਬਾਣੀ ਅਨੁਸਾਰ ਸਮਾਜਕ ਜੀਵਨ ਨੂੰ ਸੁਖੀ ਅਤੇ ਸਫਲ ਬਨਾਉਣ ਦਾ ਇਹੋ ਸਭ ਤੋਂ ਉਤਮ ਢੰਗ ਹੈ।
ਕਈ ਸਿੱਖ ਸੰਸਥਾਵਾਂ ਦੇ ਆਗੂ ਅਤੇ ਕਈ ਪੁਜਾਰੀ ਇਤਿਹਾਸਕ ਸਰੋਤ ਸਮਝੀਆਂ ਜਾਂਦੀਆਂ ਪੁਰਾਤਨ ਲਿਖਤਾਂ ਅਤੇ ਦਸਮ ਗ੍ਰੰਥ ਦੀ ਪਰਮਾਣਿਕਤਾ ਤੇ ਸ਼ੰਕਾ ਕਰਨ ਨੂੰ ਸਿੱਖ ਪਰੰਪਰਾ ਦੀ ਅਵੱਗਿਆ ਸਮਝਦੇ ਹਨ ਅਤੇ ਯੂਨੀਵਰਸਿਟੀਆਂ ਦੇ ਬਹੁਤੇ ਵਿਦਵਾਨ ਅਤੇ ਖੋਜੀ ਉਹਨਾਂ ਨਾਲ ਸਹਿਮਤੀ ਪਰਗਟ ਕਰਦੇ ਦਿਸਦੇ ਹਨ। ਜਿਨ੍ਹਾਂ ਹਾਲਾਤਾਂ ਵਿਚ ਇਹ ਗ੍ਰੰਥ ਰਚੇ ਗਏ ਸਨ ਉਹਨਾਂ ਨੂੰ ਅਤੇ ਜਿਨ੍ਹਾਂ ਲੇਖਕਾਂ ਨੇ ਇਹ ਗ੍ਰੰਥ ਰਚੇ ਹਨ ਉਹਨਾਂ ਦੇ ਪਿਛੋਕੜ ਅਤੇ ਮਨੋਰਥ ਨੂੰ ਘੋਖੇ ਬਿਨਾ ਇਹਨਾਂ ਲਿਖਤਾਂ ਨੂੰ ਪਰਮਾਣਿਕ ਮੰਨ ਕੇ ਇਹਨਾਂ ਦੇ ਆਧਾਰ ਤੇ ਗੁਰ ਇਤਹਾਸ ਦੀ ਰਚਣਾ ਕਰਨੀ ਸਿੱਖ ਜਗਤ ਨਾਲ ਧੋਖਾ ਹੈ। ਪਰੰਪਰਾ ਦੇ ਉਪਾਸ਼ਕ ਅਤੇ ਪੁਜਾਰੀ ਵਰਗ ਗੁਰਮਤਿ ਵਿਚਾਰਧਾਰਾ ਅਤੇ ਗੁਰ ਇਤਹਾਸ ਨੂੰ ਆਪਣਾ ਰਾਖਵਾਂ ਅਧਿਕਾਰ ਖੇਤਰ ਸਮਝਦੇ ਹਨ ਅਤੇ ਅਕਾਦਮਿਕ ਅਦਾਰਿਆਂ ਦੇ ਵਿਦਵਾਨਾਂ ਅਤੇ ਖੋਜੀਆਂ ਨੂੰ ਸੁਤੰਤਰ ਵਿਚਾਰਾਂ ਨਾਲ ਖੁੱਲ੍ਹੀ ਖੋਜ ਕਰਨ ਤੋਂ ਰੋਕਦੇ ਹਨ। ਉਹਨਾਂ ਨੇ ਕਈ ਵਿਦਵਾਨਾਂ ਨੂੰ ਜ਼ਲੀਲ ਕੀਤਾ ਹੈ। ਯੂਨੀਵਰਸਿਟੀਆਂ ਵਿਚ ਸਿੱਖ ਧਰਮ ਤੇ ਕੀਤੀ ਜਾ ਰਹੀ ਖੋਜ ਤੇ ਇਤਰਾਜ਼ ਕੀਤੇ ਹਨ ਅਤੇ ਵਿਦਵਾਨਾਂ ਦੀਆਂ ਰਚਨਾਵਾਂ ਦੇ ਪਰਕਾਸ਼ਨ ਤੇ ਰੋਕ ਲਾਈ ਹੈ। ਕਈ ਛਪ ਚੁਕੀਆਂ ਪੁਸਤਕਾਂ ਨੂੰ ਪਰਕਾਸ਼ਤ ਨਹੀਂ ਹੋਣ ਦਿੱਤਾ ਹੈ। ਪੁਜਾਰੀ ਵਰਗ ਸਿੱਖ ਧਰਮ ਨੂੰ ਮੱਧਕਾਲੀ ਧਾਰਮਕ ਵਿਚਾਰਧਾਰਾ ਦਾ ਭਾਗ ਬਣਾ ਕੇ ਰੱਖਣਾ ਚਾਹੁੰਦਾ ਹੈ। ਉਹ ਗੁਰਮਤਿ ਵਿਰੋਧੀ ਪਰੰਪਰਾਗਤ ਵਿਚਾਰਧਾਰਾ ਦਾ ਸਮਰਥਕ ਹੈ ਅਤੇ ਗੁਰਮਤਿ ਦੇ ਸੱਚ ਨੂੰ ਪਰਗਟ ਕਰਦੀਆਂ ਨਵੀਨ ਵਿਚਾਰਾਂ ਦੇ ਸੰਚਾਰ ਦਾ ਵਿਰੋਧੀ ਹੈ। ਉਹਨਾਂ ਦਾ ਇਹ ਅਯੋਗ ਅਤੇ ਆਪੱਤੀਜਨਕ ਵਤੀਰਾ ਸਿੱਖ ਸਟੱਡੀਜ਼ ਦੀ ਪਰਗਤੀ ਵਿਚ ਬੜੀ ਭਾਰੀ ਰੁਕਾਵਟ ਬਣਿਆ ਹੋਇਆ ਹੈ। ਇਸੇ ਕਰਕੇ ਸਿੱਖ ਸਟੱਡੀਜ਼ ਵਿਚ ਸੁਤੰਤਰ ਸੋਚ ਦਾ ਵਾਤਾਵਰਣ ਨਹੀਂ ਬਣ ਸਕਿਆ ਹੈ ਅਤੇ ਸਿੱਖ ਵਿਦਵਾਨ ਰੂੜ੍ਹੀਵਾਦੀ ਸੋਚ ਤੋਂ ਛੁਟਕਾਰਾ ਨਹੀਂ ਪਾ ਸਕੇ ਹਨ।
ਸਿੱਖ ਸਟੱਡੀਜ਼ ਦੇ ਖੇਤਰ ਵਿਚ ਇਹ ਤਿੰਨ ਮੁੱਖ ਵਿਸ਼ੇ ਆਉਂਦੇ ਹਨ:
੧. ਗੁਰਬਾਣੀ;
੨. ਗੁਰ ਇਤਹਾਸ; ਅਤੇ
੩. ਧਰਮਾਂ ਦਾ ਤੁਲਨਾਤਮਕ ਅਧਿਐਨ।
ਗੁਰਬਾਣੀ ਵਿਚਾਰਧਾਰਾ ਬਾਰੇ ਮੌਲਕ ਲਿਖਤਾਂ ਦੀ ਬਹੁਤ ਘਾਟ ਹੈ। ਗੁਰਮਤਿ ਦੇ ਸੰਕਲਪਾਂ ਦੀ ਵਿਆਖਿਆ ਰਵਾਇਤ ਅਤੇ ਰੂੜ੍ਹ ਵਾਦ ਦੇ ਘੇਰੇ ਤੋਂ ਬਾਹਰ ਨਹੀਂ ਨਿਕਲ ਪਾਈ ਹੈ। ਸਿੱਖ ਧਾਰਮਕ ਵਿਚਾਰਧਾਰਾ ਨੂੰ ਦੂਜੇ ਧਰਮਾਂ ਦੇ ਪਰਿਪੇਖ ਵਿਚ ਵਿਚਾਰਨ ਦੀ ਲੋੜ ਹੈ ਤਾਂ ਜੋ ਗੁਰਮਤਿ ਵਿਚਾਰਧਾਰਾ ਦੇ ਅਨੂਪ ਅਤੇ ਭਾਵਪੂਰਨ ਸੰਕਲਪ ਜੱਗ ਜ਼ਾਹਰ ਹੋ ਸਕਣ। ਧਾਰਮਕ ਸੰਕਲਪਾਂ ਦਾ ਤੁਲਨਾਤਮਕ ਅਧਿਐਨ ਗੁਰਬਾਣੀ ਵਿਚਾਰਧਾਰਾ ਦੀ ਵਿਸ਼ੇਸ਼ਤਾ ਪਰਗਟ ਕਰਨ ਵਿਚ ਸਹਾਇਕ ਹੁੰਦਾ ਹੈ। ਸਿੱਖ ਵਿਦਵਾਨਾਂ ਨੂੰ ਦੂਜੇ ਧਰਮਾਂ ਦੇ ਵਿਸ਼ਵਾਸਾਂ ਅਤੇ ਰੀਤਾਂ ਨੂੰ ਛੁਟਿਆਉਣਾ ਨਹੀਂ ਚਾਹੀਦਾ ਕੇਵਲ ਗੁਰਮਤਿ ਵਿਚਾਰਧਾਰਾ ਦੇ ਮਾਨਵੀ ਅਤੇ ਪਰਤੱਖ ਸੱਚ ਨੂੰ ਉਜਾਗਰ ਕਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਯਾਤਰਾਵਾਂ ਵਿਚ ਪਾਖੰਡ, ਦਿਖਾਵੇ, ਅਮਾਨਵੀ ਅਤੇ ਕਪਟੀ ਰੀਤਾਂ ਦਾ ਖੰਡਨ ਕੀਤਾ ਹੈ ਕਿਸੇ ਧਰਮ ਨੂੰ ਨਹੀਂ ਛੁਟਿਆਇਆ ਹੈ। ਗੁਰਬਾਣੀ ਤੇ ਮੁਸਲਮਾਨਾਂ ਨੂੰ ਸੱਚੇ ਮੁਸਲਮਾਨ ਬਨਣ ਅਤੇ ਹਿੰਦੂਆਂ ਨੂੰ ਪਾਖੰਡ ਅਤੇ ਧਰਮ ਦੇ ਨਾਂ ਤੇ ਲੁੱਟਣ ਵਾਲਿਆਂ ਤੋਂ ਸਾਵਧਾਨ ਕਰਦੀ ਹੈ।
ਸਿੱਖ ਧਰਮ ਦੀਆਂ ਪਰੰਪਰਾਵਾਂ ਮੱਧਕਾਲੀਨੀ ਅਤੇ ਗੁਰਮਤਿ ਵਿਰੋਧੀ ਸੋਚ ਤੋਂ ਪਰਭਾਵਿਤ ਹਨ ਅਤੇ ਪੁਜਾਰੀ ਵਰਗ ਦੀ ਇਹ ਪਰਾਫੈਸ਼ਨਲ ਜਿੰਮੇਵਾਰੀ ਅਤੇ ਉਦੇਸ਼ ਹੈ ਕਿ ਉਹ ਉਹਨਾਂ ਨੂੰ ਬਰਕਰਾਰ ਰਖੇ। ਅਕਾਦਮਿਕ ਅਦਾਰਿਆਂ ਦੇ ਵਿਦਵਾਨਾਂ ਤੋਂ ਆਸ ਰੱਖੀ ਜਾਂਦੀ ਸੀ ਕਿ ਕਮ ਅਜ਼ ਕਮ ਉਹ ਆਪਣੀ ਆਧੁਨਿਕ ਅਤੇ ਵਿਸ਼ਵ ਵਿਆਪੀ ਸੋਚ ਦੁਆਰਾ ਸਿੱਖ ਧਰਮ ਦੀ ਗੁਰਮਤਿ ਵਿਚਾਰਧਾਰਾ ਨੂੰ ਇੱਕੀਵੀਂ ਸ਼ਤਾਬਦੀ ਦੀ ਸੋਚ ਦੇ ਹਾਣੀ ਬਣਾਉਣ ਦਾ ਜਤਨ ਕਰਨਗੇ। ਦੂਜੇ, ਗੁਰ ਇਤਹਾਸ ਨੂੰ ਮਿਥਹਾਸਕ ਕਹਾਣੀਆਂ, ਸ਼ਰਧਾ ਭਾਵਨਾਵਾਂ ਦੇ ਪਰਦਰਸ਼ਨ, ਰੂੜ੍ਹ ਵਾਦੀ ਵਿਚਾਰਾਂ ਅਤੇ ਪੱਖਪਾਤੀ ਵਰਨਣ ਤੋਂ ਮੁਕਤ ਕਰਵਾ ਕੇ ਭਰੋਸੇ ਯੋਗ ਤੱਥਾਂ ਤੇ ਆਧਾਰਤ ਗੁਰਮਤਿ ਅਨੁਸਾਰੀ ਵਿਆਖਿਆ ਰਾਹੀਂ ਗੁਰਮਤਿ ਸਿਧਾਂਤਾਂ ਨੂੰ ਸਪਸ਼ਟ ਕਰਨ ਦਾ ਸਹਾਇਕ ਬਣਾ ਸਕਣਗੇ। ਜੋ ਕੰਮ ਸਿੰਘ ਸਭਾਵਾਂ ਪੂਰਾ ਨਹੀ ਸਨ ਕਰ ਸਕੀਆਂ ਉਹ ਕੰਮ ਅਜੋਕੇ ਅਕਾਦਮਿਕ ਅਦਾਰਿਆਂ ਦੇ ਵਿਦਵਾਨਾਂ ਤੋਂ ਸਿਰੇ ਚਾੜ੍ਹਨ ਦੀ ਆਸ ਸੀ। ਸਿੱਖ ਵਿਗਿਆਨੀਆਂ, ਪਰਾਫੈਸ਼ਨਲਾਂ, ਪ੍ਰਬੰਧਕਾਂ ਅਤੇ ਗੁਰਮਤਿ ਦੇ ਪਿਆਰਿਆਂ ਨੇ ਤੇ ਸਿੱਖ ਸਟੱਡੀਜ਼ ਵਿਚ ਕਾਫੀ ਯੋਗਦਾਨ ਪਾਇਆ ਹੈ ਪਰ ਅਕਾਦਮਿਕ ਅਦਾਰਿਆਂ ਦੇ ਵਿਦਵਾਨਾਂ ਦੇ ਯੋਗਦਾਨ ਦੀ ਪੱਧਰ ਅਤੇ ਮਾਤਰਾ ਨਿਰਾਸ਼ਾਜਨਕ ਰਹੀ ਹੈ। ਸਿੱਖ ਧਰਮ ਨੂੰ ਇੱਕੀਵੀਂ ਸ਼ਤਾਬਦੀ ਦਾ ਹਾਣੀ ਹੋਣ ਲਈ ਗੁਰਮਤਿ ਦੇ ਤੁਲਨਾਤਮਕ ਅਧਿਐਨ ਅਤੇ ਪਰਮਾਣਿਕ ਸਿੱਖ ਇਤਹਾਸ ਦੀ ਆਵਸ਼ਕਤਾ ਹੈ।
ਬਹੁਤੇ ਸਿੱਖ ਵਿਦਵਾਨ ਗੁਰਮਤਿ ਨੂੰ ਵਿਸ਼ਵ ਦੀ ਆਧੁਨਿਕ ਅਤੇ ਅਗਾਂਹਵਧੂ ਧਾਰਮਕ ਵਿਚਾਰਧਾਰਾ ਆਖਦੇ ਹਨ। ਪਰ ਵਿਸ਼ਵ ਦੇ ਧਾਰਮਕ ਸਾਹਿਤ ਵਿਚ ਪਰਭਾਵਸ਼ਾਲੀ ਦਿਖ ਰਹੇ ਗੁਰਮਤਿ ਸਾਹਿਤ ਦਾ ਯੋਗਦਾਨ ਨਾਂ ਮਾਤਰ ਹੈ ਅਤੇ ਵਿਸ਼ਵ ਜਾਣਕਾਰੀ ਭੰਡਾਰ ਦੇ ਅਥਾਹ ਸਮੁੰਦਰ ਵਿਚ ਤੇ ਇਹ ਇਕ ਤੁਪਕਾ ਹੀ ਹੈ। ਗੁਰਮਤਿ ਸਾਹਿਤ ਦੀ ਮਾਤਰਾ ਬਹੁਤ ਥੋੜ੍ਹੀ ਹੈ ਅਤੇ ਇਸ ਦੇ ਆਮ ਸਾਹਿਤ ਦੀ ਵਿਦਵਤਾ ਦਾ ਮਿਆਰ ਵੀ ਸੰਤੋਖ ਜਨਕ ਨਹੀਂ ਹੈ। ਸਿੱਖ ਵਿਦਵਾਨ ਹੁਣ ਤੱਕ ਗੁਰਮਤਿ ਗਿਆਨ ਦੇ ਸੰਚਾਰ ਲਈ ਸੁਤੰਤਰ ਅਕਾਦਮਿਕ ਵਾਤਾਵਰਣ ਬਨਾਉਣ ਵਿਚ ਵੀ ਸਫਲ ਨਹੀਂ ਹੋਏ ਹਨ। ਵਿਸ਼ਵ ਦੇ ਧਾਰਮਕ ਸਾਹਿਤ ਦੇ ਸੰਦਰਭ ਵਿਚ ਸਿੱਖ ਧਰਮ ਦੀ ਸਟੱਡੀ ਪ੍ਰਾਰੰਭਕ ਅਵਸਥਾ ਵਿਚ ਹੀ ਆਖੀ ਜਾ ਸਕਦੀ ਹੈ। -ਸਮਾਪਤ।
.