.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਜਪਮਾਲਾ ਦਾ ਸੰਕਲਪ

ਜਪਮਾਲਾ ਦਾ ਅਰਥ ਹੈ ਜਪ ਕਰਨ ਸਮੇਂ ਹੱਥ ਵਿੱਚ ਲਈ ਜਾਣ ਵਾਲੀ ਮਾਲਾ। ਇਸ ਨੂੰ ਧਾਰਮਿਕ ਉਦੇਸ਼ ਨਾਲ ਗਲ਼ ਵਿੱਚ ਵੀ ਪਹਿਨਿਆ ਜਾਂਦਾ ਹੈ; ਇਸ ਲਈ ਇਸ ਨੂੰ ਪਹਿਨਣ ਵਾਲਾ ਮਣਕਿਆਂ ਦਾ ਹਾਰ ਵੀ ਕਿਹਾ ਜਾਂਦਾ ਹੈ। ਧਰਮ ਦੀ ਦੁਨੀਆਂ ਵਿੱਚ ਇਹ ਵਿਸ਼ਵਾਸ ਹੈ ਕਿ ਜਪਮਾਲਾ ਦੇ ਮਣਕਿਆਂ (ਦਾਣਿਆਂ) ਨੂੰ ਫੇਰ ਕੇ ਜਾਪ ਕਰਨ ਦਾ ਵਿਸ਼ੇਸ਼ ਮਹਾਤਮ ਮੰਨਿਆ ਜਾਂਦਾ ਹੈ। ਇਹ ਵੀ ਵਿਸ਼ਵਾਸ਼ ਕੀਤਾ ਜਾਂਦਾ ਹੈ ਜਪਮਾਲਾ ਨਾਲ ਜਾਪ ਕਰਨ ਨਾਲ ਮਾਨਸਕ ਮੰਦ ਵਿਚਾਰਾਂ ਤੋਂ ਖਹਿੜਾ ਛੁੱਟ ਜਾਂਦਾ ਹੈ।
ਜਪਮਾਲੀ ਨੂੰ ਭਾਵੇਂ ਕਈ ਧਰਮਾਂ ਵਿੱਚ ਧਾਰਮਿਕ ਜੀਵਨ ਦਾ ਇੱਕ ਅਤੁੱਟ ਹਿੱਸਾ ਮੰਨਿਆ ਜਾਂਦਾ ਹੈ, ਪਰ ਇਸ ਦੇ ਮਣਕਿਆਂ ਦੀ ਗਿਣਤੀ ਅਤੇ ਇਸ ਦੇ ਮਣਕਿਆਂ ਨੂੰ ਫੇਰਨ ਆਦਿ ਵਿੱਚ ਦੇਖਣ ਵਿੱਚ ਭਿੰਨਤਾ ਮਿਲਦੀ ਹੈ। ਇਸ ਭਿੰਨਤਾ ਕਾਰਨ ਹੀ ਕਈ ਵਾਰ ਕਈ ਸੱਜਣ ਜਪਮਾਲੀ ਦੇ ਮਣਕਿਆਂ ਦੀ ਗਿਣਤੀ ਅਤੇ ਇਸ ਨੂੰ ਫੇਰਨ ਦੀ ਵਿਧੀ ਸੰਬੰਧੀ ਸਵਾਲ ਕਰਦੇ ਹਨ। ਸਿੱਖ ਮਤ ਵਿੱਚ ਜਪਮਾਲੀ ਸੰਬੰਧੀ ਅਜਿਹੀ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਵਿੱਚ ਅਨ ਧਰਮਾਂ ਵਿੱਚ ਇਸ ਸੰਬੰਧੀ ਪ੍ਰਚਲਤ ਧਾਰਨਾ ਦਾ ਵਰਨਣ ਕਰਨਾ ਉਚਿਤ ਹੋਵੇਗਾ।
ਹਿੰਦੂ ਮਤ ਦੇ ਗ੍ਰੰਥਾਂ ਵਿੱਚ ਮਾਲਾ ਤਿੰਨ ਪ੍ਰਕਾਰ ਦੀ ਲਿਖੀ ਹੈ-
(ੳ) ਕਰਮਾਲਾ (ਅੰਗੁਲੀਆਂ ਉੱਪਰ ਗਿਣਤੀ ਕਰਨੀ)
(ਅ) ਵਰਣਮਾਲਾ (ੳ ਤੋਂ ੜ ਤੀਕ ਅੱਖਰਾਂ ਨੂੰ ਮਾਲਾ ਕਲਪਨਾ।)
(ੲ) ਮਣਕਿਆਂ ਦੀ ਮਾਲਾ, ਜੋ ਰੁਦ੍ਰਾਖ, ਕਮਲ ਦੇ ਬੀਜ, ਹਾਥੀ ਦੰਦ, ਸ਼ੰਖ ਦੇ ਟੁਕੜੇ, ਚੰਦਨ, ਤੁਲਸੀ, ਮੋਤੀ, ਬਿਲੌਰ, ਮੂੰਗਾ, ਸੁਵਰਣ (ਸੋਨੇ) ਆਦਿ ਦੇ ਮਣਕਿਆਂ ਤੋਂ ਬਣਾਈ ਜਾਂਦੀ ਹੈ।
ਸ਼ਿਵ ਦੇ ਪੈਰੋਕਾਰਾਂ ਦੀ ਜਪਮਾਲਾ ਦੇ ੬੪ ਮਣਕੇ ਹੁੰਦੇ ਹਨ। ਵਿਸ਼ਨੂ ਦੇ ਭਗਤਾਂ ਦੀ ਜਪਮਾਲਾ ਦੇ ੧੦੮ ਮਣਕੇ ਹੁੰਦੇ ਹਨ। ਵਿਸ਼ਨੂ ਭਗਤਾਂ ਵਿੱਚ ਇਹ ਗਿਣਤੀ ਪਵਿੱਤਰ ਮੰਨੀ ਜਾਂਦੀ ਹੈ। ਇੱਕ ਵਿਚਾਰ ਅਨੁਸਾਰ ਇੱਕ ਸੌ ਵਾਰ ਵਿਸ਼ਨੂ ਦਾ ਜਾਪ ਕਰਨ ਲਈ ਅਤੇ ਅੱਠ ਵਾਧੂ ਮਣਕੇ ਹਰ ਸੌ ਜਾਪ ਦੇ ਮਗਰੋਂ ਇੱਕ ਮਣਕੇ ਦਾ ਨਿਸ਼ਾਨ ਲਗਾਣ ਲਈ ਹਨ। ਤਿਬਤੀ ਬੋਧੀਆਂ ਦੀ ਜਪਮਾਲਾ ਦੇ ਵੀ ੧੦੮ ਮਣਕੇ ਹੁੰਦੇ ਹਨ। ਉਹਨਾਂ ਅਨੁਸਾਰ ਇਹ ਮਾਲਾ ਸੌ ਵਾਰ ਨਾਮ ਸਿਮਰਨ ਲਈ ਹੈ ਅਤੇ ਉਪਰਲੇ ਅੱਠ ਮਣਕੇ ਜਾਪ ਵਿੱਚ ਹੋਈ ਅਣਗਹਿਣੀ ਨੂੰ ਪੂਰਨ ਕਰਨ ਲਈ ਹਨ।
ਹਿੰਦੂਆਂ ਵਿੱਚ ਮਾਲਾ ਦੇ ਮਣਕਿਆਂ ਦੇ ਗੁਆਚਣ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਕਈ ਹਿੰਦੂ ਤਾਂ ਜਿਤਨਾ ਚਿਰ ਮਾਲਾ ਦਾ ਮਣਕਾ ਨਾ ਲੱਭੇ ਉਤਨਾ ਚਿਰ ਵਰਤ ਰੱਖਦੇ ਹਨ। ਮਾਲਾ ਦੇ ਮਣਕਿਆਂ ਦੀ ਗਿਣਤੀ ਬਾਰੇ ਵੀ ਕਈ ਤਰ੍ਹਾਂ ਦੀ ਧਾਰਨਾ ਪਾਈ ਜਾਂਦੀ ਹੈ। ਜਿਵੇਂ: “ਪੱਚੀ ਮਣਕਿਆਂ ਦੀ ਮਾਲਾ ਮੁਕਤੀ ਦਾਇਕ, ਸਤਾਈ ਦੀ ਪੁਸ਼ਟੀ ਕਾਰਕ, ਤੀਹਾਂ ਦੀ ਧਨ ਦਾਇਕ, ਪੰਜਾਹ ਦੀ ਮੰਤ੍ਰ ਸਿੱਧੀ ਕਰਨ ਵਾਲੀ ਅਤੇ ਇੱਕ ਸੌ ਅੱਠ ਮਣਕੇ ਦੀ ਸਰਵ ਸਿੱਧੀ ਦੇਣ ਵਾਲੀ ਹੈ। “ (ਯੋਗਿਨੀਤੰਤ੍ਰ) ਜਪਮਾਲਾ ਨੂੰ ਗੁਪਤ ਢੰਗ ਨਾਲ ਜਪਣ ਦਾ ਵਿਸ਼ੇਸ਼ ਮਹਾਤਮ ਸਮਝਿਆ ਜਾਂਦਾ ਹੈ।
ਮੁਸਲਮਾਨਾਂ ਦੀ ਮਾਲਾ (ਤਸਬੀ) ਦੇ (ਇਮਾਮ, ਭਾਵ, ਮੇਰੁ) ਸੌ ਮਣਕੇ ਹੁੰਦੇ ਹਨ। ਕਈ ਮੁਸਲਮਾਨ ਮੇਰੁ ਸਹਿਤ ਮਾਲਾ ਦੇ ੧੦੧ ਮਣਕੇ ਵੀ ਰੱਖਦੇ ਹਨ। ਮੁਸਲਮਾਨ ਮਾਲਾ ਉਲਟੀ ਫੇਰਦੇ ਤੇ ਜਪਦੇ ਹਨ। (ਧਿਆਨ ਰਹੇ ਹਜ਼ਰਤ ਮੁਹੰਮਦ ਸਾਹਿਬ ਨੇ ਜਪਮਾਲਾ/ਤਸਬੀ ਦੀ ਵਰਤੋਂ ਨਹੀਂ ਸੀ ਕੀਤੀ। ਮੁਸਲਮਾਨਾਂ ਵਿੱਚ ਇਸ ਦਾ ਪ੍ਰਚਾਰ ਬੋਧਮਤ ਦੇ ਫਕੀਰਾਂ ਨੂੰ ਦੇਖਕੇ ਹੋਇਆ ਹੈ। ਵਹਾਬੀ ਮੁਸਲਮਾਨ ਹੁਣ ਭੀ ਤਸਬੀ ਨਹੀਂ ਰੱਖਦੇ, ਉਹ ਉਂਗਲੀਆਂ ਉੱਪਰ ਖ਼ੁਦਾ ਦੇ ਨਾਮ ਗਿਣ ਲੈਂਦੇ ਹਨ।) ਮੁਸਲਮਾਨਾਂ ਵਿੱਚੋਂ ਸ਼ੀਆ ਫ਼ਿਰਕੇ ਨਾਲ ਸੰਬੰਧਤ ਮੁਸਲਮਾਨ ਮਸ਼ਹਦ ਵਿੱਚ ਕਰਬਲਾ ਦੀ ਮਿੱਟੀ ਦੇ ਮਣਕਿਆਂ ਦੀ ਮਾਲਾ ਦੀ ਵਰਤੋਂ ਕਰਦੇ ਹਨ ਅਤੇ ਸੁੰਨੀ ਮੁਸਲਮਾਨ ਦਰਬ ਦੇ ਜੜ੍ਹ ਦੀ ਮਾਲਾ ਦੀ ਵਰਤੋਂ ਕਰਦੇ ਹਨ। ਕਈ ਲਕੜ ਦੇ ਮਣਕਿਆਂ ਦੀ ਮਾਲਾ ਰੱਖਦੇ ਹਨ। ਫ਼ਕੀਰ ਲੋਕ ਕੱਚ ਦੇ ਮਣਕਿਆਂ ਦੀ ਮਾਲਾ ਵਰਤਦੇ ਹਨ।
ਈਸਾਈਆਂ ਦੀ ਮਾਲਾ ‘ਰੋਜ਼ਰੀ` ਡੇਢ ਸੌ ਕਾਠ ਦੇ ਮਣਕਿਆਂ ਦੀ ਹੁੰਦੀ ਹੈ। ਹਰੇਕ ਦਸ ਛੋਟੇ ਮਣਕਿਆਂ ਪਿੱਛੋਂ ਇੱਕ ਵਡਾ ਮਣਕਾ ਹੁੰਦਾ ਹੈ। ਇਸ ਤਰ੍ਹਾਂ ਇਸ ਵਿੱਚ ੧੩੫ ਛੋਟੇ ਅਤੇ ੧੫ ਵਡੇ ਮਣਕੇ ਹੁੰਦੇ ਹਨ।
ਕਈ ਕ੍ਰਿਸ਼ਚੀਅਨ ਪਚਵੰਜਾ ਮਣਕੇ ਦੀ ਮਾਲਾ ਭੀ ਰਖਦੇ ਹਨ, ਜਿਸ ਦਾ ਨਾਮ ਚੈਪਲੇਟ ਹੈ। ਇਸ ਵਿੱਚ ਪੰਜਾਹ ਛੋਟੇ ਅਤੇ ਪੰਜ ਵਡੇ ਮਣਕੇ ਹੁੰਦੇ ਹਨ। ਰੋਜ਼ਰੀ ਅਥਵਾ ਜਪਮਾਲਾ ਦਾ ਰੋਮਨ ਕੈਥੋਲਿਕ ਵਿੱਚ ਵਿਸ਼ੇਸ਼ ਤੌਰ `ਤੇ ਦਾ ਪ੍ਰਚਾਰ ਹੈ। ਇਹਨਾਂ ਦੀ ਰੋਜ਼ਰੀ ਦੇ ਮਣਕੇ ਲਕੜ, ਧਾਤ ਜਾਂ ਪੱਥਰ ਦੇ ਹੁੰਦੇ ਹਨ। (ਨੋਟ:- ਈਸਾਈਆਂ ਵਿੱਚ ਵੀ ਜਪਮਾਲਾ ਰੱਖਣ ਅਥਵਾ ਫੇਰਨ ਦਾ ਸ਼ੁਰੂ ਵਿੱਚ ਰਿਵਾਜ ਨਹੀਂ ਸੀ; ਕਾਫ਼ੀ ਬਾਅਦ ਵਿੱਚ ਇਸ ਦਾ ਰਿਵਾਜ ਪਿਆ ਹੈ। ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਈਸਾਈਆਂ ਵਿੱਚ ਵੀ ਜਪਮਾਲਾ ਦਾ ਰਿਵਾਜ ਬੋਧ ਧਰਮ ਦੇ ਬੋਧੀਆਂ ਨੂੰ ਦੇਖ ਕੇ ਹੀ ਪਿਆ ਹੈ।) ਜੈਨੀਆਂ ਦੀ ਮਾਲਾ ੧੧੧ ਮਣਕੇ ਦੀ ਹੁੰਦੀ ਹੈ।
ਪਰ ਸਿੱਖ ਧਰਮ ਵਿੱਚ ਜਪਮਾਲਾ ਸੰਬੰਧੀ ਇਸ ਤਰ੍ਹਾਂ ਦੀ ਕਿਸੇ ਵੀ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸ ਲਈ ਇਸ ਦੇ ਮਣਕਿਆਂ ਦੀ ਗਿਣਤੀ ਅਤੇ ਇਸ ਨੂੰ ਫੇਰਨ ਆਦਿ ਦੇ ਢੰਗ ਦਾ ਕੋਈ ਵਿਧੀ-ਵਿਧਾਨ ਨਹੀਂ ਹੈ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਨਾ ਤਾਂ ਗਿਣਤੀ ਨਾਲ ਜਪ ਦਾ ਨਿਯਮ ਹੈ ਅਤੇ ਨਾ ਹੀ ਅਨ ਧਰਮਾਂ ਵਿੱਚ ਪ੍ਰਚਲਤ ਜਪ ਦੇ ਰੂਪ ਨੂੰ ਹੀ ਸਵੀਕਾਰ ਕੀਤਾ ਗਿਆ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇਸ ਸੰਬੰਧ ਵਿੱਚ ਲਿਖਿਆ ਹੈ ਕਿ, “ਮਾਲਾ ਨਾਲ ਗਿਣਤੀ ਕਰਕੇ ਨਾਮ ਜਪਣਾ ਗੁਰੁਬਾਣੀ ਵਿੱਚ ਵਿਧਾਨ ਨਹੀਂ, ਮਾਲਾ ਧਾਰੀ ਕੇਵਲ ਹਿੰਦੂ ਮੁਸਲਮਾਨ ਆਦਿਕਾਂ ਦੀ ਨਕਲ ਕਰਦੇ ਹਨ।”
ਗੁਰੂ ਗ੍ਰੰਥ ਸਾਹਿਬ ਵਿੱਚ ਜਪਮਾਲਾ ਦਾ ਜ਼ਿਕਰ ਤਾਂ ਕਈ ਥਾਈਂ ਆਇਆ ਹੈ ਪਰੰਤੂ ਕਿਧਰੇ ਵੀ ਇਸ ਦੀ ਮਹਤੱਤਾ ਨੂੰ ਦ੍ਰਿੜ ਕਰਾਉਣ ਜਾਂ ਇਸ ਨੂੰ ਧਾਰਨ ਕਰਨ ਦੇ ਪ੍ਰਕਰਣ ਵਿੱਚ ਨਹੀਂ ਆਇਆ ਹੈ। ਗੁਰਬਾਣੀ ਵਿੱਚ ਜਿੱਥੇ ਵੀ ਇਹ ਸ਼ਬਦ ਆਇਆ ਹੈ, ਉੱਥੇ ਇਸ ਦੇ ਧਾਰਨੀਆਂ ਦੀ ਜੀਵਨ-ਸ਼ੈਲੀ ਉੱਤੇ ਕਟਾਖਸ਼ ਦੇ ਰੂਪ ਵਿੱਚ ਹੀ ਆਇਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:-
(੧) ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥ (ਪੰਨਾ ੧੧੫੮) ਅਰਥ:- (ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿੱਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ) ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ)।
(੨) ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥ (ਪੰਨਾ ੧੩੬੮) ਅਰਥ:- ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿੱਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ? ਤੂੰ ਆਪਣੇ ਹਿਰਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿੱਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ।
(੩) ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥ (ਪੰਨਾ ੯੫੧) ਅਰਥ:- ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ, ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ, (ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ, ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ।
ਗੁਰਬਾਣੀ ਦੇ ਉਪਰੋਕਤ ਫ਼ਰਮਾਨਾਂ ਵਿੱਚ ਹੀ ਨਹੀਂ ਸਗੋਂ ਜਿੱਥੇ ਕਿਤੇ ਵੀ ਜਪਮਾਲਾ ਦਾ ਜ਼ਿਕਰ ਆਇਆ ਹੈ, ਕਿਧਰੇ ਵੀ ਇਸ ਨੂੰ ਰੱਖਣ ਦੀ ਪ੍ਰੋੜਤਾ ਵਿੱਚ ਨਹੀਂ ਆਇਆ ਹੈ। ਜਿਸ ਤਰ੍ਹਾਂ ਹੱਥ ਵਿੱਚ ਮਾਲਾ ਫੜ ਕੇ ਫੇਰਨ ਵਾਲਿਆਂ ਦੇ ਜੀਵਨ-ਢੰਗ ਨੂੰ ਉਪਰੋਕਤ ਫ਼ਰਮਾਨਾਂ ਵਿੱਚ ਦਰਸਾਇਆ ਗਿਆ ਹੈ, ਇਸੇ ਤਰ੍ਹਾਂ ਗਲ਼ ਵਿੱਚ ਪਾਉਣ ਵਾਲਿਆਂ ਸੰਬੰਧੀ ਫ਼ਰਮਾਇਆ ਹੈ:-
(ੳ) ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥ (ਪੰਨਾ ੪੭੬) ਅਰਥ:- (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲ਼ਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ।
(ਅ) ਮ੍ਰਿਗ ਆਸਣੁ ਤੁਲਸੀ ਮਾਲਾ ॥ ਕਰ ਊਜਲ ਤਿਲਕੁ ਕਪਾਲਾ ॥ ਰਿਦੈ ਕੂੜੁ ਕੰਠਿ ਰੁਦ੍ਰਾਖੰ ॥ ਰੇ ਲੰਪਟ ਕ੍ਰਿਸਨੁ ਅਭਾਖੰ ॥ (ਪੰਨਾ ੧੩੫੧) ਅਰਥ:- ਹੇ ਵਿਸ਼ਈ ਮਨੁੱਖ! (ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ, ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ, ਗਲ ਵਿੱਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿੱਚ ਠੱਗੀ ਹੈ। (ਹੇ ਲੰਪਟ! ਇਸ ਤਰ੍ਹਾਂ) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ।
(ੲ) ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥ ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥ (ਪੰਨਾ ੧੩੭੨) ਅਰਥ:- ਹੇ ਕਬੀਰ! (ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾ ਧਨ ਕਮਾਣ ਵਾਲੇ ਬੰਦੇ ਉਮਰ ਅਜਾਈਂ ਗਵਾਂਦੇ ਹਨ ਕਿਉਂਕਿ ਧਨ ਇਥੇ ਹੀ ਪਿਆ ਰਹਿੰਦਾ ਹੈ। ਪਰ ਨਿਰੇ ਭੇਖ ਨੂੰ ਹੀ ਭਗਤੀ-ਮਾਰਗ ਸਮਝਣ ਵਾਲੇ ਭੀ ਕੁੱਝ ਨਹੀਂ ਖੱਟ ਰਹੇ) ਜੇ ਕਿਸੇ ਮਨੁੱਖ ਨੇ ਤਿਲਕ ਚੱਕ੍ਰ ਲਾ ਕੇ ਅਤੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ, ਉਸ ਨੇ ਭੀ ਕੁੱਝ ਨਹੀਂ ਖੱਟਿਆ। (ਇਸ ਧਾਰਮਿਕ ਭੇਖ ਦੇ ਕਾਰਨ) ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ। (ਨੋਟ:- ਚਾਰ ਮਤਾਂ ਦੀ ਮਾਲਾ: ਵੈਸ਼ਨਵਾਂ ਦੀ ਮਾਲਾ ਤੁਲਸੀ, ਕਮਲਗੱਟਾ ਅਤੇ ਸਫ਼ੇਦ ਚੰਦਨ ਦੀ, ਸ਼ਾਕਿਤਾਂ ਦੀ ਮਾਲਾ ਲਾਲ ਚੰਦਨ ਦੀ, ਸ਼ੈਵਾਂ ਦੀ ਮਾਲਾ ਰੁਦ੍ਰਾਖ ਦੀ, ਸੂਰਜ ਉਪਾਸਕਾਂ ਦੀ ਮਾਲਾ ਸੋਨੇ ਦੀ ਹੁੰਦੀ ਹੈ।)
ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਨਿਰਣਾਇਕ ਅਥਵਾ ਸਪਸ਼ਟ ਰੂਪ ਵਿੱਚ ਅੰਕਤ ਹੈ ਕਿ ਕਿਸੇ ਤਰ੍ਹਾਂ ਦੀ ਵੀ ਮਾਲਾ (ਹੱਥ ਵਿੱਚ ਫੇਰਨ ਵਾਲੀ ਜਾਂ ਗਲ਼ ਵਿੱਚ ਪਾਉਣ ਵਾਲੀ) ਨਾਲ ਕਿਸੇ ਮਨੁੱਖ ਨੂੰ ਵਿਕਾਰਾਂ ਤੋਂ ਛੁਟਕਾਰਾ ਹਾਸਲ ਨਹੀਂ ਹੁੰਦਾ। ਗੁਰਬਾਣੀ ਵਿੱਚ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਜੀਵਨ-ਮੁਕਤ ਹੋਣ ਲਈ ਇਸ ਜਪਮਾਲੀ ਦੀ ਥਾਂ ਜਿਹੜੀ ਜਪਮਾਲਾ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੋਇਆ ਹੈ, ਉਹ ਇਸ ਤਰ੍ਹਾਂ ਹੈ:-
ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥ ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥ (ਪੰਨਾ ੧੩੫੬) ਅਰਥ:- ਜਿਹੜਾ ਮਨੁੱਖ (ਗਲੇ ਤੋਂ) ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ਵਿਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ, ਜਿਹੜਾ ਮਨੁੱਖ ਜੀਭ ਨਾਲ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। (ਨੋਟ:-ਹਸਤ ਊਚ ਤੋਂ ਭਾਵ ਗੋਮੁਖੀ ਤੋਂ ਹੈ। ਇਹ ਇੱਕ ਤਰ੍ਹਾਂ ਦੀ ਥੈਲੀ ਹੁੰਦੀ ਹੈ ਜਿਸ ਦਾ ਆਕਾਰ ਗਊ ਦੇ ਮੂੰਹ ਜਿਹਾ ਹੁੰਦਾ ਹੈ। ਇਸ ਵਿੱਚ ਮਾਲਾ ਪਾ ਕੇ ਫੇਰੀ ਜਾਂਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਾਲਾ ਨੂੰ ਜ਼ਮੀਨ ਨਾਲ ਨਹੀਂ ਛੁਹਾਉਣ ਚਾਹੀਦਾ। ਇਸ ਲਈ ਛਾਤੀ ਦੀ ਕੌਡੀ ਨਾਲ ਹੱਥ ਲਾ ਕੇ ਜਪ ਕਰਨ ਦਾ ਨਿਯਮ ਹੈ। ਇਸ ਲਈ ਹੀ ਇਸ ਨੂੰ ਹਸਤ ਊਚ ਕਿਹਾ ਜਾਂਦਾ ਹੈ।)
ਇਸ ਲਈ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਮਣਕਿਆਂ ਦੀ ਮਾਲਾ ਨੂੰ ਗਲ਼ ਵਿੱਚ ਪਾਉਣ ਜਾਂ ਹੱਥ ਵਿੱਚ ਲੈ ਕੇ ਫੇਰਨ ਦੀ ਥਾਂ ਪ੍ਰਭੂ ਨੂੰ ਸਿਮਰਨ ਲਈ ਜਿਸ ਮਾਲਾ ਦੀ ਪ੍ਰੇਰਨਾ ਦਿੱਤੀ ਹੋਈ ਹੈ, ਉਹ ਹੈ:-
(੧) ਹਰਿ ਹਰਿ ਅਖਰ ਦੁਇ ਇਹ ਮਾਲਾ ॥ ਜਪਤ ਜਪਤ ਭਏ ਦੀਨ ਦਇਆਲਾ ॥੧॥ ਕਰਉ ਬੇਨਤੀ ਸਤਿਗੁਰ ਅਪੁਨੀ ॥ ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥ ਹਰਿ ਮਾਲਾ ਉਰ ਅੰਤਰਿ ਧਾਰੈ ॥ ਜਨਮ ਮਰਣ ਕਾ ਦੂਖੁ ਨਿਵਾਰੈ ॥੨॥ ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥ ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥ ਕਹੁ ਨਾਨਕ ਜੋ ਰਾਚੈ ਨਾਇ ॥ ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥ (ਪੰਨਾ ੩੮੮)

ਅਰਥ:- ਹੇ ਸਤਿਗੁਰੂ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ ਕਿ ਕਿਰਪਾ ਕਰ ਕੇ ਮੈਨੂੰ ਆਪਣੀ ਸਰਨ ਵਿੱਚ ਰੱਖ ਤੇ ਮੈਨੂੰ ‘ਹਰਿ ਹਰਿ` ਨਾਮ ਦੀ ਮਾਲਾ ਦੇਹ। ੧। ਰਹਾਉ।
(ਹੇ ਭਾਈ! ਮੇਰੇ ਪਾਸ ਤਾਂ) ‘ਹਰਿ ਹਰਿ`—ਇਹ ਦੋ ਲਫ਼ਜ਼ਾਂ ਦੀ ਮਾਲਾ ਹੈ, ਇਸ ਹਰਿ-ਨਾਮ-ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਭੀ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ। ੧।
ਜੇਹੜਾ ਮਨੁੱਖ ਹਰਿ-ਨਾਮ ਦੀ ਮਾਲਾ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ, ਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ ਲੈਂਦਾ ਹੈ। ੨।
ਜੇਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ ਤੇ ਮੂੰਹ ਨਾਲ ਹਰਿ-ਹਰਿ ਨਾਮ ਉਚਾਰਦਾ ਰਹਿੰਦਾ ਹੈ ਉਹ ਨਾਹ ਇਸ ਲੋਕ ਵਿੱਚ ਤੇ ਨਾਹ ਪਰਲੋਕ ਵਿੱਚ ਕਿਤੇ ਭੀ (ਕਿਸੇ ਗੱਲੇ ਭੀ) ਨਹੀਂ ਡੋਲਦਾ। ੩।
ਹੇ ਨਾਨਕ! ਆਖ—ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੀ ਮਾਲਾ ਉਸ ਦੇ ਨਾਲ (ਪਰਲੋਕ ਵਿੱਚ ਭੀ) ਜਾਂਦੀ ਹੈ। ੪।
(੨) ਹਿਰਦੈ ਜਪਨੀ ਜਪਉ ਗੁਣਤਾਸਾ ॥ ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥ (ਪੰਨਾ ੮੪੧) ਅਰਥ:- ਹੇ ਭਾਈ! ਮੈਂ (ਆਪਣੇ) ਹਿਰਦੇ ਵਿੱਚ ਗੁਣਾਂ ਦੇ ਖ਼ਜ਼ਾਨੇ (ਮਰਮਾਤਮਾ ਦੇ ਨਾਮ) ਨੂੰ ਜਪਦਾ ਹਾਂ (ਇਹੀ ਹੈ ਮੇਰੀ) ਮਾਲਾ। ਪਰਮਾਤਮਾ ਅਪਹੁੰਚ ਹੈ, ਪਰੇ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਤਾਂ ਸੰਤ ਜਨਾਂ ਦੀ ਚਰਨੀ ਲੱਗ ਕੇ ਸੰਤ ਜਨਾਂ ਦੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ।
(੩) ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥ ਹਿਰਦੈ ਫੇਰਿ ਚਲੈ ਤੁਧੁ ਨਾਲੀ ॥੧॥ ਹਰਿ ਹਰਿ ਨਾਮੁ ਜਪਹੁ ਬਨਵਾਲੀ ॥ ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ ॥੧॥ ਰਹਾਉ ॥ ਗੁਰਮੁਖਿ ਸੇਵਾ ਘਾਲ ਜਿਨਿ ਘਾਲੀ ॥ ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥੨॥ ਹਰਿ ਅਗਮ ਅਗੋਚਰੁ ਗੁਰਿ ਅਗਮ ਦਿਖਾਲੀ ॥ ਵਿਚਿ ਕਾਇਆ ਨਗਰ ਲਧਾ ਹਰਿ ਭਾਲੀ ॥੩॥ ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ ॥ ਜਨ ਨਾਨਕ ਤਾਰਹੁ ਨਦਰਿ ਨਿਹਾਲੀ ॥੪॥ (ਪੰਨਾ ੧੧੩੪)

ਅਰਥ:- ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ (ਤੇ, ਅਰਦਾਸ ਕਰਿਆ ਕਰੋ—ਹੇ ਪ੍ਰਭੂ! ਸਾਨੂੰ ਸਤ ਸੰਗਤਿ ਵਿੱਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤਿ ਵਿੱਚ ਰੱਖਦਾ ਹੈਂ, ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ। ੧। ਰਹਾਉ।
ਹੇ ਭਾਈ! (ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ, ਇਹੀ ਹੈ ਮਾਲਾ। (ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿੱਚ ਫੇਰਿਆ ਕਰ। ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ। ੧।
ਹੇ ਭਾਈ! ਜਿਸ (ਮਨੁੱਖ) ਨੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਨ ਦੀ ਮਿਹਨਤ ਕੀਤੀ, (ਜਤ, ਧੀਰਜ, ਉੱਚੀ ਮਤਿ, ਆਤਮਕ ਜੀਵਨ ਦੀ ਸੂਝ, ਭਉ ਆਦਿਕ ਦੀ) ਸਦਾ-ਥਿਰ ਰਹਿਣ ਵਾਲੀ ਟਕਸਾਲ ਵਿੱਚ ਉਸ ਮਨੁੱਖ ਦਾ ਹਰਿ-ਨਾਮ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ। ੨।
ਹੇ ਭਾਈ! (ਜਿਸ ਮਨੁੱਖ ਨੇ ਹਰਿ-ਨਾਮ-ਸਿਮਰਨ ਦੀ ਮਾਲਾ ਹਿਰਦੇ ਵਿੱਚ ਫੇਰੀ) ਗੁਰੂ ਨੇ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ (ਉਸ ਦੇ ਅੰਦਰ ਹੀ) ਵਿਖਾਲ ਦਿੱਤਾ, (ਗੁਰੂ ਦੀ ਸਹਾਇਤਾ ਨਾਲ) ਉਸ ਨੇ ਪਰਮਾਤਮਾ ਨੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ ਭਾਲ ਕੇ ਲੱਭ ਲਿਆ। ੩।
ਹੇ ਨਾਨਕ! (ਆਖ—) ਹੇ ਹਰੀ! ਅਸੀ ਜੀਵ ਤੇਰੇ ਬੱਚੇ ਹਾਂ ਤੂੰ ਸਾਡਾ ਪਾਲਣਹਾਰ ਪਿਤਾ ਹੈਂ। ਮਿਹਰ ਦੀ ਨਿਗਾਹ ਕਰ ਕੇ (ਸਾਨੂੰ) ਦਾਸਾਂ ਨੂੰ (ਆਪਣੇ ਨਾਮ ਦੀ ਮਾਲਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਓ। ੪।
(੪) ਸਭੇ ਵਖਤ ਸਭੇ ਕਰਿ ਵੇਲਾ ॥ ਖਾਲਕੁ ਯਾਦਿ ਦਿਲੈ ਮਹਿ ਮਉਲਾ ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥ (ਪੰਨਾ ੧੦੮੪) ਅਰਥ:- ਹੇ ਖ਼ੁਦਾ ਦੇ ਬੰਦੇ! ਹਰ ਵਕਤ, ਹਰ ਵੇਲੇ ਖ਼ਾਲਕ ਨੂੰ, ਮੌਲਾ ਨੂੰ ਆਪਣੇ ਦਿਲ ਵਿੱਚ ਯਾਦ ਕਰਦਾ ਰਹੁ। ਹਰ ਵੇਲੇ ਖ਼ੁਦਾ ਨੂੰ ਯਾਦ ਕਰਦੇ ਰਹੋ—ਇਹੀ ਹੈ ਤਸਬੀ। ਉਹ ਖ਼ੁਦਾ ਹੀ ਦਸਾਂ ਇੰਦ੍ਰਿਆਂ ਨੂੰ ਵੱਸ ਵਿੱਚ ਲਿਆ ਸਕਦਾ ਹੈ। ਹੇ ਖ਼ੁਦਾ ਦੇ ਬੰਦੇ! ਚੰਗਾ ਸੁਭਾਉ ਅਤੇ (ਵਿਕਾਰਾਂ ਵਲੋਂ) ਤਕੜਾ ਪਰਹੇਜ਼ ਹੀ ਸੁੰਨਤਿ (ਸਮਝ)।
(੫) ਕੰਠੇ ਮਾਲਾ ਜਿਹਵਾ ਰਾਮੁ ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥ (ਪੰਨਾ ੪੭੯) ਅਰਥ:- ਜੀਭ ਉੱਤੇ ਰਾਮ ਦਾ ਸਿਮਰਨ ਹੀ ਮੇਰੇ ਗਲ ਵਿੱਚ ਮਾਲਾ (ਸਿਮਰਨੀ) ਹੈ, ਉਸ ਰਾਮ ਨੂੰ (ਜੋ ਮੇਰੇ ਮਨ-ਤੀਰਥ ਅਤੇ ਜੀਭ ਉੱਤੇ ਵੱਸ ਰਿਹਾ ਹੈ) ਮੈਂ ਹਜ਼ਾਰ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ।
ਭਾਈ ਗੁਰਦਾਸ ਜੀ ਨੇ ਗੁਰਮਤਿ ਦੀ ਜੀਵਨ-ਜੁਗਤ ਦਾ ਵਰਨਣ ਕਰਦਿਆਂ ਇਸ ਸੰਬੰਧ ਵਿੱਚ ਇਉਂ ਕਿਹਾ ਹੈ:- ਮਾਲਾ ਤਸਬੀ ਤੋੜਿ ਕੈ ਜਿਉ ਸਉ ਤਿਵੈ ਅਠੋਤਰੁ ਲਾਇਆ।। ਮੇਰੁ ਇਮਾਮੁ ਰਲਾਇ ਕੈ ਰਾਮੁ ਰਹੀਮੁ ਨ ਨਾਉਂ ਗਣਾਇਆ।। (ਵਾਰ ੩੯, ਪਉੜੀ ੧੧) ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇਸ ਦਾ ਭਾਵਾਰਥ ਇਉਂ ਲਿਖਿਆ ਹੈ, “ਸਤਿਗੁਰੂ ਦੇ ਸਿੱਖ ਵਾਹਿਗੁਰੂ ਦੇ ਦਰਬਾਰੀ ਹਨ, ਉਨ੍ਹਾਂ ਨੇ ਪ੍ਰੇਮ ਦਾ ਪਯਾਲਾ ਪੀਤਾ ਹੈ, ਇੱਕ ਸੌ ਅੱਠ ਮਣਕੇ ਦੀ ਮੇਰੁ ਵਾਲੀ ਮਾਲਾ, ਸੌ ਮਣਕੇ ਦੀ ਇਮਾਮ ਵਾਲੀ ਤਸਬੀ ਛੱਡਕੇ ਰਾਮ ਰਹੀਮ ਨਾਮ ਨਹੀਂ ਜਪਦੇ, ਗਿਣਤੀ ਤਯਾਗ ਕੇ ਵਾਹਗੁਰੂ ਦਾ ਸਿਮਰਣ ਕਰਦੇ ਹਨ, ਹਿੰਦੂ ਮੁਸਲਮਾਨ ਸਿੱਖੀ ਵਿੱਚ ਆ ਕੇ ਇੱਕ ਰੂਪ ਹੋ ਗਏ ਹਨ, ਜਿਵੇਂ ਚੌਪੜ ਦੀ ਬਸਾਤ ਨਰਦਾਂ ਆਖਣ ਨੂੰ ਭਿੰਨ ਨਾਮ ਰਖਦੀਆਂ ਹਨ, ਪਰ ਮਸਮੂਆ ਚੌਪੜ ਆਖੀਦਾ ਹੈ, ਤਿਵੇਂ ਜਾਤਿ ਪਾਤਿ ਮੇਟ ਕੇ ਸਿੱਖ ਹੋ ਗਏ ਹਨ। (ਗੁਰੁਮਤ ਮਾਰਤੰਡ)
ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਜਪਮਾਲਾ ਬਾਰੇ ਪ੍ਰਚਲਤ ਧਾਰਨਾ ਨੂੰ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ ਪਰ ਫਿਰ ਵੀ ਸਿੱਖ ਜਗਤ ਵਿੱਚ ਮਾਲਾ ਸੰਬੰਧੀ ਅਨਮਤਾਂ ਵਾਲੀ ਧਾਰਨਾ ਹੀ ਪਾਈ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਸਿੱਖ ਜਗਤ ਨਾਲ ਸੰਬੰਧਤ ਕਈ ਸੰਪਰਦਾਵਾਂ ਅਤੇ ਜਥੇਬੰਦੀਆਂ ਜਪਮਾਲੀ ਨੂੰ ਸਿੱਖੀ ਜੀਵਨ-ਜਾਚ ਦਾ ਅਤੁੱਟ ਹਿੱਸਾ ਮੰਨਦੀਆਂ ਹਨ। ਅਨਮਤਾਂ ਵਾਂਗ ਇਹ ਸੰਪਰਦਾਵਾਂ ਅਤੇ ਜਥੇਬੰਦੀਆਂ ਵੀ ਕੋਈ ਉਂਨ ਦੀ ਮਾਲਾ, ਕੋਈ ਲੋਹੇ ਦੇ ਮਣਕਿਆਂ ਦੀ ਮਾਲਾ, ਕੋਈ ਮੋਤੀਆਂ ਦੇ ਮਣਕਿਆਂ ਦੀ ਮਾਲਾ ਰੱਖਦੇ ਅਥਵਾ ਫੇਰਦੇ ਹਨ। ਇਹਨਾਂ ਜਥੇਬੰਦੀਆਂ ਨਾਲ ਸੰਬੰਧਤ ਪ੍ਰਾਣੀਆਂ ਦੇ ਹੱਥਾਂ ਵਿੱਚ ਮਾਲਾ ਦੇਖ ਕੇ ਇਹ ਸਮਝ ਲੈਂਦੇ ਹਨ ਕਿ ਸਿੱਖ ਧਰਮ ਵਿੱਚ ਵੀ ਦੂਜੇ ਧਰਮਾਂ ਵਾਂਗ ਜਪਮਾਲਾ ਦਾ ਸੰਕਲਪ ਹੈ। ਜਦ ਕਦੀ ਕੋਈ ਵਿਦਵਾਨ ਇਹ ਲਿਖਦਾ ਜਾਂ ਕਹਿੰਦਾ ਹੈ ਕਿ, “ਸਿੱਖ ਧਰਮ ਵਿੱਚ ਵੀ ਮਾਲਾ ਦੁਆਰਾ ਨਾਮ ਅਭਿਆਸ ਕਰਨ ਦਾ ਰਿਵਾਜ ਹੈ, ਜੋ ਅਠੋਤਰੀ ਦੀ ਥਾਂ ਦਸੋਤਰੀ ਅਰਥਾਤ ਇੱਕ ਸੌ ਦਸ ਮਣਕਿਆਂ ਦੀ ਹੁੰਦੀ ਹੈ। “ (ਗੁਰਮਤ ਨਿਰਣਯ ਭੰਡਾਰ-ਗਯਾਨੀ ਲਾਲ ਸਿੰਘ ਜੀ) ਲੇਖਕ ਜੀ ਨੇ ਕੇਵਲ ਕੁੱਝ ਕੁ ਸਿੱਖਾਂ ਜਾਂ ਜਥੇਬੰਦੀਆਂ ਨਾਲ ਸੰਬੰਧਤ ਵਿਅਕਤੀਆਂ ਨੂੰ ਮਾਲਾ ਨਾਲ ਨਾਮ ਅਭਿਆਸ ਕਰਦਿਆਂ ਦੇਖ ਕੇ ਹੀ ਅਜਿਹਾ ਲਿਖਿਆ ਹੈ। ਇਸ ਲਈ ਵਿਦਵਾਨ ਲੇਖਕ ਜੀ ਨੇ ਆਪਣੇ ਇਸ ਕਥਨ ਦੀ ਪੁਸ਼ਟੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਪ੍ਰਮਾਣ ਪੇਸ਼ ਨਹੀਂ ਕੀਤਾ ਹੈ।
ਕਈ ਸੱਜਣਾਂ ਨੇ ਮਾਲਾ ਆਪਣੇ ਗੁੱਟ ਨਾਲ ਹੀ ਨਹੀਂ ਸਗੋਂ ਗਲ਼ ਅਤੇ ਦਸਤਾਰ ਨਾਲ ਵੀ ਲਪੇਟੀ ਹੁੰਦੀ ਹੈ। ਇਤਨਾ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਦੀਆਂ ਕਲਪਿਤ ਤਸਵੀਰਾਂ ਵਿੱਚ ਗੁਰੂ ਸਾਹਿਬਾਨ ਦੇ ਹੱਥਾਂ `ਚ ਅਤੇ ਗਲ਼ ਵਿੱਚ ਵੀ ਜਪਮਾਲਾ ਪਾਈਆਂ ਦਿਖਾਈਆਂ ਹੋਈਆਂ ਹਨ। ਗੁਰੂ ਅਰਜਨ ਸਾਹਿਬ ਦੀ ਇੱਕ ੨੦ ਮਣਕਿਆਂ ਦੀ ਮਾਲਾ ਦਾ ਪਿੰਡ ਬਿਲਗਾ (ਦੁਆਬਾ) ਵਿੱਚ ਹੋਣ ਦੀ ਚਰਚਾ ਕੀਤੀ ਜਾਂਦੀ ਹੈ। ਆਪਣੇ ਤੌਰ `ਤੇ ਕੋਈ ਵਿਅਕਤੀ ਭਾਵੇਂ ਉਂਨ ਦੀ ਮਾਲਾ ਫੇਰੇ ਜਾਂ ਲੋਹੇ ਦੀ ਜਾਂ ਫਿਰ ਕਿਸੇ ਹੋਰ ਵਸਤੂ ਦੀ, ਪਰ ਇਸ ਨੂੰ ਸਿੱਖੀ ਜੀਵਨ-ਜਾਚ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ। ਖ਼ੈਰ, ਕੁੱਝ ਵੀ ਹੈ, ਅਸੀਂ ਪ੍ਰੇਰਨਾ ਅਤੇ ਸੇਧ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਪਮਾਲਾ ਰੱਖਣ ਜਾਂ ਫੇਰਨ ਜਾਂ ਇਸ ਨਾਲ ਨਾਮ ਅਭਿਆਸ ਕਰਨ ਦਾ ਕੋਈ ਵਰਨਣ ਨਹੀਂ ਹੈ।
ਨੋਟ:- ਕਈ ਹਿੰਦੂ ਫਿਰਕਿਆਂ ਵਿੱਚ ਮਾਲਾ ਕੇਵਲ ਚਿੰਨ੍ਹ ਦੇ ਖਿਆਲ ਨਾਲ ਪਹਿਰੀ ਜਾਂਦੀ ਹੈ। ਜਿਵੇਂ ਵੈਸ਼ਨਵਾਂ ਦੀ ਤੁਲਸੀ ਅਤੇ ਸਫੈਦ ਚੰਦਨ ਜਾਂ ਕਮਲ ਦੀ ਗੱਠਾਂ ਦੀ ਅਤੇ ਸ਼ੈਵਾਂ ਦੀ ਰੁਦ੍ਰਾਖ ਦੀ ਹੁੰਦੀ ਹੈ।




.