.

ਗੁਰਦੁਆਰਾ

(ਕਿਸ਼ਤ-2)

ਵੀਰ ਭੁਪਿੰਦਰ ਸਿੰਘ

ਨਿਸ਼ਾਨ ਸਾਹਿਬ

ਗੁਰਦੁਆਰੇ ਵਿੱਚ ਲਗਿਆ ਨਿਸ਼ਾਨ ਸਾਹਿਬ ਕਿਸੇ ਦੇਸ਼ ਦੇ ਰਾਸ਼ਟਰੀ ਝੰਡੇ ਵਾਗੂੰ ਕੋਈ ਝੰਡਾ ਨਹੀਂ ਹੈ ਬਲਕਿ ਸਾਰੀ ਦੁਨੀਆ ਨੂੰ ਇਕ ਰੱਬ, ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ'' (ਗੁਰੂ ਗ੍ਰੰਥ ਸਾਹਿਬ, ਪੰਨਾ 611) ਦਾ ਸੱਦਾ ਦ੍ਰਿੜ ਕਰਾਉਣ ਦਾ ਪ੍ਰਤੀਕ ਹੈ। ਨਿਸ਼ਾਨ ਸਾਹਿਬ ਰਾਹੀਂ ਦੂਰ-ਦੂਰ ਤਕ ਪਾਂਧੀ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਅਸਥਾਨ ਤੇ ਇਨਸਾਨੀਅਤ ਭਰਪੂਰ, ਮਨੁੱਖਤਾ ਦੇ ਭਲੇ ਲਈ, ਰੂਹਾਨੀਅਤ ਭਰਪੂਰ ਗਿਆਨ ਦਿਤਾ ਜਾਂਦਾ ਹੈ। ਸਰੀਰ ਦੀ ਭੁੱਖ ਪੂਰਤੀ ਲਈ ਲੰਗਰ ਦਿੱਤਾ ਜਾਂਦਾ ਹੈ ਅਤੇ ਆਤਮਾ ਦੀ ਭੁੱਖ ਤ੍ਰਿਪਤਾਉਣ ਲਈ ਸੱਚੇ ਗਿਆਨ ਦਾ ਸਤਿਗੁਰ ਰੂਪੀ ਆਤਮਕ ਭੋਜਨ ਵਰਤਾਇਆ ਜਾਂਦਾ ਹੈ। ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ, ਲਿੰਗ ਅਤੇ ਮਜ਼੍ਹਬੀ ਵਿਤਕਰੇ ਤੋਂ ਬਿਨਾਂ ਗੁਰਦੁਆਰੇ ਅੰਦਰ ਆ ਕੇ ਕੋਈ ਵੀ ਗੁਰੂ ਦੀ ਮੱਤ ਲੈ ਸਕਦਾ ਹੈ।

ਇਸ ਅਸਥਾਨ ਤੇ ਸ਼ਰਾਬ, ਤੰਬਾਕੂ ਅਤੇ ਨਸ਼ੀਲੇ ਪਦਾਰਥ ਵਰਜਿਤ ਹਨ ਅਤੇ ਬਿਨਾਂ ਵਿਤਕਰੇ ਤੋਂ ਹਰੇਕ ਇਨਸਾਨ ਨੂੰ ਮੰਜਾ-ਬਿਸਤਰਾ ਅਤੇ ਠਹਿਰਨ ਲਈ ਸਥਾਨ ਦਿੱਤਾ ਜਾਂਦਾ ਹੈ। ਨਿਸ਼ਾਨ ਸਾਹਿਬ ਪ੍ਰਤੀਕ ਹੈ ਕਿ ਇਹ ਦਰ ਸਾਰੀ ਦੁਨੀਆ ਲਈ ਖੁਲ੍ਹਾ ਹੈ ਅਤੇ ਬਿਨਾਂ ਵਿਤਕਰੇ ਤੋਂ ਇਸ ਅਸਥਾਨ ਵਿੱਚ ਕੋਈ ਵੀ ਮਨੁੱਖ ਆ ਕੇ ਆਤਮਕ ਖੁਰਾਕ ਲਈ ਗਿਆਨ ਪ੍ਰਾਪਤ ਕਰ ਸਕਦਾ ਹੈ। ਕਿਸੇ ਵੀ ਮਜ਼੍ਹਬ ਦਾ ਇਨਸਾਨ ਆ ਕੇ ਸਰੋਵਰ 'ਚ ਇਸ਼ਨਾਨ ਕਰ ਸਕਦਾ ਹੈ, ਲੰਗਰ ਅਤੇ ਜੋੜੇ ਘਰ ਦੀ ਸੇਵਾ ਕਰ ਸਕਦਾ ਹੈ। ਨਿਸ਼ਾਨ ਸਾਹਿਬ ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ਹੈ।

ਪਾਲਕੀ

ਸਦੀਆਂ ਤੋਂ ਭਾਰਤੀ ਸਭਿਅਤਾ 'ਚ ਇੱਕ ਰਿਵਾਜ਼ ਚਲਿਆ ਆ ਰਿਹਾ ਹੈ ਕਿ ਜਦੋਂ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉਸਨੂੰ ਬੜੇ ਸਤਿਕਾਰ-ਪਿਆਰ ਨਾਲ ਪੇਕੇ ਘਰ ਤੋਂ ਸਹੁਰੇ ਘਰ ਡੋਲੀ ਵਿੱਚ ਲਿਜਾਇਆ ਜਾਂਦਾ ਹੈ। ਕਈ ਥਾਵਾਂ ਤੇ ਰਾਜਿਆਂ-ਮਹਾਰਾਜਿਆਂ ਅਤੇ ਅਖੌਤੀ ਸੰਤ-ਮਹਾਤਮਾ ਨੂੰ ਸਤਿਕਾਰ ਵਜੋਂ ਪਾਲਕੀ ਵਿੱਚ ਲੈਕੇ ਆਂਦੇ-ਜਾਂਦੇ ਸਨ। ਕਈ ਡਾਕਟਰ, ਵੈਦ, ਹਕੀਮ ਜਾਂ ਮਾਸਟਰ (ਆਧਿਆਪਕ) ਨੂੰ ਵੀ ਪਾਲਕੀ ਵਿੱਚ ਲਿਜਾਇਆ ਜਾਂਦਾ ਸੀ। ਸਦੀਆਂ ਤੋਂ ਚਲ ਰਹੇ ਇਸ ਪੁਰਾਤਨ ਤਰੀਕੇ ਦਾ ਭਾਵ ਕੇਵਲ ਇਹੋ ਲਿਆ ਜਾ ਸਕਦਾ ਹੈ ‘ਪਾਲਕੀ' ਇਕ ਥਾਂ ਤੋਂ ਦੂਜੀ ਥਾਂ ਸਤਿਕਾਰ ਨਾਲ ਲਿਜਾਉਣ ਦਾ ਸੁੰਦਰ ਵਸੀਲਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਸਤਿਕਾਰ ਨਾਲ ਲੈ ਕੇ ਜਾਣ ਦਾ ਵਿਲੱਖਣ ਢੰਗ ਸਿੱਖ ਜਗਤ ਵਿੱਚ ਪ੍ਰਚਲਤ ਹੈ। ਦਰਅਸਲ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੀ ਵੀ ਬਾਣੀ ਲਿਖੀ ਹੈ ਉਹ ਸਾਰੀ ਮਨੁੱਖਤਾ ਨੂੰ ਅਧਿਆਤਮਕ ਸੁਨੇਹੇ ਰਾਹੀਂ ਬਿਬੇਕ ਬੁੱਧੀ ਬਖ਼ਸ਼ਦੀ ਹੈ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (ਗੁਰੂ ਗ੍ਰੰਥ ਸਾਹਿਬ, ਪੰਨਾ 982)

ਇਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਸਤਿਕਾਰ ਵਜੋਂ ਪਾਲਕੀ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਦਾ ਇਹ ਸੋਹਣਾ ਢੰਗ ਅਪਣਾਇਆ ਗਿਆ ਹੈ। ਪਾਲਕੀ ਦੀ ਅਹਿਮੀਅਤ ਨੂੰ ਸਮਝਣ ਲਈ ਹੇਠਲੀ ਮਿਸਾਲ ਲਾਹੇਵੰਦ ਹੋ ਸਕਦੀ ਹੈ। ਸੁਨਿਆਰਾ ਹੀਰਿਆਂ ਦੀ ਮੁੰਦਰੀ ਨੂੰ ਸ਼ਨੀਲ ਦੀ ਸੁੰਦਰ ਡੱਬੀ ਵਿੱਚ ਰੱਖਦਾ ਹੈ ਪਰ ਡੱਬੀ ਦੀ ਕੀਮਤ ਕੇਵਲ ਹੀਰੇ ਦੀ ਮੁੰਦਰੀ ਕਾਰਨ ਹੀ ਹੈ। ਵਰਨਾਂ ਡੱਬੀ ਦੀ ਕੀਮਤ ਵਿੱਚ ਅਤੇ ਮੁੰਦਰੀ ਦੀ ਕੀਮਤ ਵਿੱਚ ਜ਼ਮੀਨ- ਅਸਮਾਨ ਦਾ ਫਰਕ ਹੁੰਦਾ ਹੈ। ਹਾਂ ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਮਨੁੱਖ ਗਹਿਣਿਆਂ ਨਾਲ ਆਪਣੇ ਤਨ ਦਾ ਸ਼ਿੰਗਾਰ ਕਰਦਾ ਹੈ ਪਰ ਸ਼ਨੀਲ ਦੀ ਡੱਬੀ ਨੂੰ ਤੇ ਕੋਈ ਗਲੇ ਦਾ ਹਾਰ ਜਾਂ ਮੁੰਦਰੀ ਨਹੀਂ ਬਣਾਉਂਦਾ। ਭਾਵ ਇਹ ਨਿਕਲਿਆ ਕਿ ਸ਼ਨੀਲ ਦੀ ਡੱਬੀ ਦਾ ਮਕਸਦ ਕੇਵਲ ਸਫਾਈ ਅਤੇ ਸੁੰਦਰ ਢੰਗ ਨਾਲ ਗਹਿਣੇ ਰੱਖਣ ਅਤੇ ਤਿਜੌਰੀ ਵਿਚੋਂ ਕੱਢ ਕੇ ਗ੍ਰਾਹਕ ਨੂੰ ਦਿਖਾਉਣ ਤੱਕ ਹੀ ਹੈ। ਗ੍ਰਾਹਕ ਦਾ ਤਅੱਲਕ ਕੇਵਲ ਡੱਬੀ ਵਿਚਲੇ ਗਹਿਣਿਆਂ ਨਾਲ ਹੀ ਹੁੰਦਾ ਹੈ। ਹੂਬਹੂ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਆਤਮਾ ਨੂੰ ਸ਼ਿੰਗਾਰਦੀ ਹੈ। ਉਹ ਸਾਡੇ ਅੰਤਰ ਆਤਮੇ ਦਾ ਸ਼ਿੰਗਾਰ ਹੈ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ।। (ਗੁਰੂ ਗ੍ਰੰਥ ਸਾਹਿਬ, ਪੰਨਾ 2)

ਭਾਵ ਗੁਰਬਾਣੀ ਮਨੁੱਖਾਂ ਨੂੰ ਰਤਨ ਜਵਾਹਰ ਜੈਸੀ ਵਡਮੁੱਲੀ ਸਿਖਿਆ ਪ੍ਰਦਾਨ ਕਰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਵਜੋਂ ਸਰਬ ਉੱਚ ਦਰਜਾ ਦੇਂਦੇ ਹੋਏ ਇਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਉਣ ਲਈ ਪਾਲਕੀ ਦੀ ਵਰਤੋਂ ਬਹੁਤ ਵੱਡਮੁੱਲਾ ਅਤੇ ਅਹਿਮ ਢੰਗ ਹੈ। ਮਨੁੱਖ ਨੇ ਇਸ ਪਾਲਕੀ ਚੋਂ ਗੁਰੂ ਗ੍ਰੰਥ ਸਾਹਿਬ ਨੂੰ ਅਦਬ ਨਾਲ ਚੁੱਕ ਕੇ ਪੀਹੜੇ ਉੱਤੇ ਪ੍ਰਕਾਸ਼ ਕਰਨਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਦੀ ਮਤ ਰੂਪੀ ਸੱਚੇ ਗਿਆਨ (ਸਤਿਗੁਰ) ਦਾ ਗਹਿਣਾ ਆਪਣੇ ਕਿਰਦਾਰ ਨੂੰ ਸ਼ਿੰਗਾਰਨ, ਸੰਵਾਰਣ ਅਤੇ ਸੁੰਦਰ ਬਣਾਉਣ ਲਈ ਹਿਰਦੇ ਉੱਤੇ ਧਾਰਣ ਕਰਨਾ ਹੈ, ਜਿਸ ਦਾ ਸਦਕਾ ਮਨੁੱਖ ਦੀ ਬੁੱਧੀ, ਆਤਮਾ, ਜੀਅੜਾ, ਹਿਰਦਾ ਸਦਗੁਣਾਂ ਰੂਪੀ ਹੀਰਿਆਂ, ਰਤਨਾਂ ਨਾਲ ਸ਼ਿੰਗਾਰਿਆ ਜਾਂਦਾ ਹੈ।

ਲੋਕ ਗਹਿਣਿਆਂ ਦੀ ਡੱਬੀ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ ਲੇਕਿਨ ਗਹਿਣਿਆਂ ਨੂੰ ਸੌ ਪ੍ਰਤੀਸ਼ਤ (100%) ਪ੍ਰਮੁੱਖਤਾ ਦਿੰਦੇ ਹਨ। ਪਰ ਜੇ ਅਸੀਂ ਆਪਣੇ ਨਿਜੀ ਜੀਵਨ ਵਿੱਚ ਝਾਤ ਮਾਰ ਕੇ, ਆਪਣੀ ਨਿਰਪੱਖ ਪੜਚੋਲ ਕਰ ਕੇ ਵੇਖੀਏ ਕਿ :-

ਜੇ ਸਾਡਾ ਕਿਰਦਾਰ ਘੜਿਆ, ਸੰਵਾਰਿਆ ਨਹੀਂ ਜਾ ਰਿਹਾ, ਜੇ ਸਾਡੀ ਸ਼ਖ਼ਸੀਅਤ ਰੱਬੀ ਗੁਣਾਂ ਨਾਲ ਸ਼ਿੰਗਾਰੀ ਨਹੀਂ ਜਾ ਰਹੀ ਤਾਂ ਅਸੀਂ ਕਿਸ ਨੂੰ ਅਹਿਮੀਅਤ ਦੇ ਰਹੇ ਹਾਂ ਸ਼ਨੀਲ ਦੀ ਡੱਬੀ ਨੂੰ ਜਾਂ ਗਹਿਣਿਆਂ ਨੂੰ? ਸੋ ਸਾਰੀ ਵਿਚਾਰ ਦਾ ਭਾਵ ਅਰਥ ਇਹੋ ਨਿਕਲਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਸਾਡੀ ਸੀਰਤ ਅਤੇ ਸੁਰਤ ਨੂੰ ਸ਼ਿੰਗਾਰਦੀ ਹੈ, ਸਾਡਾ ਸਦਗੁਣੀ ਕਿਰਦਾਰ ਘੜਦੀ ਹੈ। ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ-ਸੁਣ ਕੇ, ਅਮਲੀ ਜੀਵਨੀ ਦੀ ਸ਼ਖ਼ਸੀਅਤ ਬਣਾਉਨ ਵੱਲ ਹੀ ਮਿਹਨਤ ਕਰਨੀ ਲੋੜੀਂਦੀ ਹੈ। ਅਸੀਂ ਅਕਾਲ ਤਖ਼ਤ (ਅੰਮ੍ਰਿਤਸਰ) ਤੋਂ ਹੀ ਪ੍ਰੇਰਨਾ ਲਈਏ। ਅਕਾਲ ਤਖ਼ਤ ਤੋਂ ਹਰਿਮੰਦਰ ਸਾਹਿਬ ਤੱਕ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਲਿਜਾਇਆ ਜਾਂਦਾ ਹੈ ਪਰ ਪਾਲਕੀ ਵਿੱਚ ਹੀ ਪ੍ਰਕਾਸ਼ ਨਹੀਂ ਕੀਤਾ ਜਾਂਦਾ ਬਲਕਿ ਸੋਹਣੇ ਪੀਹੜੇ ਉੱਤੇ ਪ੍ਰਕਾਸ਼ ਕੀਤਾ ਜਾਂਦਾ ਹੈ। ਸੁਖਆਸਨ ਕਰਕੇ ਸ਼ਾਮ ਨੂੰ ਵਾਪਸ ਅਕਾਲ ਤਖ਼ਤ ਲੈ ਜਾਂਦੇ ਹਨ। ਭਾਵ ਪਾਲਕੀ ਕੇਵਲ ਲਿਆਉਣ-ਲਿਜਾਉਣ ਦਾ ਸਾਧਨ ਹੈ, ਸਿਰਫ ਅਦਬ, ਸਤਿਕਾਰ ਨਾਲ ਇਕ ਥਾਂ ਤੋਂ ਦੂਜੀ ਥਾਂ ਲਿਜਾਉਣ ਦਾ ਢੰਗ ਹੈ। ਅਫਸੋਸ ਆਉਂਦਾ ਹੈ ਜਦੋਂ ਗੁਰਦੁਆਰਿਆਂ 'ਚ ਸੰਗਮਰਮਰ, ਚਾਂਦੀ ਜਾਂ ਸੋਨੇ ਦੀ ਪੱਕੀ ਪਾਲਕੀ ਬਣਾ ਕੇ ਉਸ ਵਿੱਚ ਪ੍ਰਕਾਸ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਘਰਾਂ 'ਚ ਗੁਰਮਤ ਦੇ ਸੰਗਤੀ ਪ੍ਰੋਗਰਾਮਾਂ ਲਈ ਨਿੱਕੀ-ਨਿੱਕੀ ਪਾਲਕੀ ਗੁਰਦੁਆਰਿਆਂ ਵੱਲੋਂ ਭਿਜਵਾ ਦਿੱਤੀ ਜਾਂਦੀ ਹੈ, ਜਿਸ ਦੇ ਅੰਦਰ ਹੀ ਚੰਦੋਆ ਲੱਗਾ ਹੁੰਦਾ ਹੈ, ਸਿੱਟੇ ਵਜੋਂ ਲੋਕੀਂ ਪੰਡਾਲ ਜਾਂ ਘਰਾਂ ਵਿੱਚ ਵੱਡਾ ਚੰਦੋਆ ਲਗਾਉਣ ਤੋਂ ਢਿੱਲ ਕਰਦੇ ਹਨ।

ਵਿਚਾਰਨ ਵਾਲੀ ਗੱਲ ਇਹੋ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਅਤੇ ਅਦਬ ਨਾਲ, ਇਕ ਥਾਂ ਤੋਂ ਦੂਜੀ ਥਾਂ ਲੈ ਕੇ ਆਣ-ਜਾਣ ਦਾ ਪਾਲਕੀ ਕੇਵਲ ਇੱਕ ਸਾਧਨ ਮਾਤਰ ਹੈ। ਪਰ ਪੱਕੀ ਸੰਗਮਰਮਰ ਜਾਂ ਸੋਨੇ ਦੀਆਂ ਪਾਲਕੀਆਂ ਬਣਾ ਕੇ ਉਨ੍ਹਾਂ ਵਿੱਚ ਪ੍ਰਕਾਸ਼ ਕਰਨਾ ਪਾਲਕੀ ਦੀ ਪਰਿਭਾਸ਼ਾ ਨਾਲ ਮੇਲ ਨਹੀਂ ਖਾ ਰਿਹਾ। ਸਾਡਾ ਉਦੱਮ ਇਹੋ ਹੋਣਾ ਚਾਹੀਦਾ ਹੈ ਕਿ ਅਸੀਂ ਪਾਲਕੀ ਦਾ ਸਹੀ ਤਰੀਕਾ ਵਰਤ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆਪਣਾ ਅਮਲੀ ਜੀਵਨ ਬਣਾਈਏ। ਅਸੀਂ ਪਾਲਕੀ ਰੂਪੀ ਸ਼ਨੀਲ ਦੀ ਡੱਬੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੂਪੀ ਹੀਰੇ ਜਵਾਹਰਾਤਾਂ ਨਾਲ ਆਪਣੀ ਮਤ ਨੂੰ ਸ਼ਿੰਗਾਰਨਾ ਹੈ।

ਚੰਦੋਆ

ਪਾਲਕੀ ਦੀ ਗੱਲ ਕਰਦਿਆਂ ਚੰਦੋਏ ਬਾਰੇ ਵੀ ਸਵਾਲ ਪੁੱਛਿਆ ਜਾਂਦਾ ਹੈ। ਚੰਦੋਆ ਆਪਣੇ ਆਪ ਵਿੱਚ ਇਕ ਸਰਵਪ੍ਰਵਾਣਿਤ ਤਰੀਕਾ ਹੈ। ਇੱਥੇ ਸਰਵਪ੍ਰਵਾਣਿਤ ਇਸ ਕਰਕੇ ਲਿਖਿਆ ਗਿਆ ਹੈ ਕਿਉਂਕਿ ਇਸ ਤਰੀਕੇ ਨੂੰ ਅੱਜ-ਕੱਲ ਕਈ ਥਾਵਾਂ ਤੇ ਵਰਤਿਆ ਜਾਂਦਾ ਹੈ। ਜਿਵੇਂ ਕਿ ਨੋਬੇਲ ਪ੍ਰਾਈਜ਼ ਦੇਣ ਵਾਲੀ ਸੰਸਥਾ ਵੀ ਇਸ ਤਰੀਕੇ ਨੂੰ ਵਰਤਦੀ ਹੈ। ਸਵੀਡਨ ਵਿੱਚ ਜਿੱਥੇ ਨੋਬੇਲ ਪ੍ਰਾਈਜ਼ ਦਿੱਤਾ ਜਾਂਦਾ ਹੈ, ਉੱਥੇ ਜਿਹੜੇ ਜੱਜ ਬੈਠਦੇ ਹਨ ਉਨ੍ਹਾਂ ਉੱਤੇ ਚੰਦੋਆ ਤਾਣਿਆ ਜਾਂਦਾ ਹੈ। ਜੋ ਕਿ ਜੱਜਾਂ ਦੀ ਸਰਵ ਪਰਧਾਨਤਾ ਦੇ ਪ੍ਰਤੀਕ ਵਜੋਂ ਸਤਿਕਾਰ ਅਤੇ ਉਨ੍ਹਾਂ ਦੇ ਦਿੱਤੇ ਗਏ ਨਿਰਣੇ ਨੂੰ ਸਿਰ ਮੱਥੇ ਮੰਨ ਲੈਣ ਦਾ ਲਖਾਇਕ ਹੈ। ਭਾਰਤੀ ਰਵਾਇਤ ਵਿੱਚ ਵੀ ਜਦੋਂ ਰਾਜੇ-ਮਹਾਰਾਜੇ ਆਪਣੇ ਦਰਬਾਰ ਵਿੱਚ ਸ਼ੁਸ਼ੋਭਿਤ ਹੁੰਦੇ ਸਨ ਤਾਂ ਉਨ੍ਹਾਂ ਉੱਤੇ ਵੀ ਚੰਦੋਆ ਤਾਣਿਆ ਜਾਂਦਾ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਚੰਦੋਆ ਤਾਣਿਆ ਜਾਂਦਾ ਹੈ ਜੋ ਕਿ ਇਕ ਸੁਰਤਾ, ਸਾਂਝੀਵਾਲਤਾ, ਸਾਰੇ ਮਨੁੱਖਾਂ ਨੂੰ ‘‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।'' (ਗੁਰੂ ਗ੍ਰੰਥ ਸਾਹਿਬ, ਪੰਨਾ 646) ਦਾ ਸੁਨੇਹਾ ਦੇਣ ਦਾ ਪ੍ਰਤੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਕ ਐਸਾ ‘ਗੁਰ' ਹੈ ਜਿਸਨੂੰ ਕੋਈ ਵੀ ਮਨੁੱਖ, ਕਿੱਥੇ ਵੀ ਆਪਣਾ ਜੀਵਨ ਉੱਚਿਆਂ ਕਰਨ ਲਈ ਵਰਤ ਸਕਦਾ ਹੈ। ਸਤਿਗੁਰ ਕੋਈ ਸਰੀਰ ਨਹੀਂ ਹੁੰਦਾ ਹੈ ਪਰ ਸੱਚਾ ਗਿਆਨ ਹੀ ਸਤਿਗੁਰ ਕਹਿਲਾਉਂਦਾ ਹੈ ਜੋ ਕਿ ਬਿਨਾਂ ਵਿਤਕਰੇ ਤੋਂ ਆਕਾਸ਼ ਦੀ ਨਿਆਈਂ ਸਾਰੇ ਸੰਸਾਰ ਦੇ ਮਨੁੱਖਾਂ ਨੂੰ ਚਾਨਣ ਰੂਪੀ ਗਿਆਨ ਦੇ ਰਿਹਾ ਹੈ।

ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ।। (ਗੁਰੂ ਗ੍ਰੰਥ ਸਾਹਿਬ, ਪੰਨਾ 884)

ਇਸ ਪੰਕਤੀ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਕਾਸ਼ (ਗਗਨ) ਨੂੰ ਵੀ ਚੰਦੋਆ ਕਿਹਾ ਗਿਆ ਹੈ। ਭਾਵ ਸਤਿਗੁਰ ਗਗਨ ਦੀ ਨਿਆਈ ਸਾਰੀ ਮਨੁੱਖਤਾ ਨੂੰ ਬਿਨਾਂ ਵਿਤਕਰੇ ਦੇ ਇਕਸਾਰ ਸੁਨੇਹਾ ਦੇ ਰਿਹਾ ਹੈ ਜੋ ਕਿ ਚੰਦੋਏ ਦਾ ਪ੍ਰਤੀਕ ਹੈ। ਸਭ ਲਈ ਸਾਂਝੀਵਾਲਤਾ ਦਾ ਗਿਆਨ ਰੂਪੀ ਸੂਰਜ ਇਕਸਾਰ ਪ੍ਰਕਾਸ਼ ਕਰਦਾ ਹੈ। ਇਸੇ ਅਸਮਾਨ ਰੂਪੀ ਚੰਦੋਏ ਦੀ ਛਤਰ ਛਾਇਆ ਹੇਠ ਸੂਰਜ ਸਭ ਨੂੰ ਹਨੇਰੇ ਤੋਂ ਪ੍ਰਕਾਸ਼ ਦੀ ਰਹਿਨੁਮਾਈ ਦਿੰਦਾ ਹੈ ਅਤੇ ਚੰਨ ਸ਼ੀਤਲਤਾ ਦਿੰਦਾ ਹੈ।

ਇਸੇ ਕਰਕੇ ਸੱਚ ਦਾ ਗਿਆਨ, ਇਨਸਾਨੀਅਤ ਭਰਪੂਰ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਚੰਦੋਆ ਤਾਣਿਆ ਜਾਂਦਾ ਹੈ, ਜਿਵੇਂ ਕੁਦਰਤ ਵਿੱਚ ਆਕਾਸ਼ (ਗਗਨ) ਰੱਬੀ ਕਿਰਤ ਹੈ ਇਸੇ ਤਰ੍ਹਾਂ ਰੱਬੀ ਗਿਆਨ (ਸਤਿਗੁਰ) ਹੀ ਚੰਦੋਏ ਰਾਹੀਂ ਸੁਪਰੀਮ ਅਥਾੱਰਿਟੀ ਦਾ ਲਖਾਇਕ ਹੈ।

ਅੱਜ ਦੁਨੀਆ ਛੋਟੀ ਹੋ ਗਈ ਹੈ, ਕੰਪਿਉਟਰ, ਇੰਟਰਨੈਟ, ਸੈਲਫੋਨਜ਼ ਅਤੇ ਹਵਾਈ ਜਹਾਜ਼ ਨੇ ਸਾਰੇ ਜਗਤ ਨੂੰ ਇਕ ਮੁੱਠੀ ’ਚ ਬੰਦ ਕਰ ਦਿੱਤਾ ਹੈ। ਜੇਕਰ ਸਾਰੀ ਦੁਨੀਆਂ ਨੇੜੇ ਆ ਹੀ ਗਈ ਹੈ ਤਾਂ ਅੱਜ ਸਮਾਂ ਆ ਗਿਆ ਹੈ ਕਿ ਸਾਰੀ ਦੁਨੀਆ ’ਚ ਇਨਸਾਨੀਅਤ ਭਰਪੂਰ ਧਰਮ ਦੀ ਪੜਚੋਲ ਕੀਤੀ ਜਾਵੇ। ਇਸ ਪੜਚੋਲ ਦਾ ਇਹੋ ਸਿੱਟਾ ਨਿਕਲੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਲਈ ਨਿਰੱਪਖ, ਸਰਵਵਿਆਪੀ ਸੱਚ ਦਾ, ਸਤਿਗੁਰ ਦਾ, ਸੱਚੇ ਗਿਆਨ ਗੁਰ ਦਾ ਸੁਨੇਹਾ ਦੇ ਰਿਹਾ ਹੈ। ਗੁਰਬਾਣੀ ਅਨੁਸਾਰ ਰੱਬ ਜੀ ਅਤੇ ਰੱਬੀ ਗਿਆਨ ਇੱਕੋ ਹੀ ਸੱਚ ਦੇ ਪ੍ਰਤੀਕ ਹਨ। ‘‘ਗੁਰ ਗਿਆਨ ਹੀ ਰੱਬ ਹੈ ਤੇ ਰੱਬ ਹੀ ਗੁਰ ਗਿਆਨ ਹੈ।’’ ਨਿਰਪੱਖਤਾ ਨਾਲ ਪੜਚੋਲ ਕੀਤਿਆਂ ਇਹੋ ਸਿੱਟਾ ਨਿਕਲੇਗਾ ਕਿ ਸ਼ਬਦ ਗੁਰੂ ਭਾਵ ਗੁਰੂ ਗ੍ਰੰਥ ਸਾਹਿਬ ਜੀ ਲਈ ਤਾਣਿਆ ਚੰਦੋਆ ਇਸੇ ਗੱਲ ਦਾ ਲਖਾਇਕ ਹੈ।

ਜਿਵੇਂ ਕਿ ਬਾਣੀ ’ਚ ਆਉਂਦਾ ਹੈ - ‘‘ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ।।’’ (ਗੁਰੂ ਗ੍ਰੰਥ ਸਾਹਿਬ, ਪੰਨਾ 964) ਸ਼ਬਦ ਵਿੱਚ ਅੱਗੇ ਆਉਂਦਾ ਹੈ ਕਿ ‘‘ਸਰਬ ਕਲਾ ਭਰਪੂਰੁ ਦਿਸੈ ਜਤ ਕਤਾ।।’’ (ਗੁਰੂ ਗ੍ਰੰਥ ਸਾਹਿਬ, ਪੰਨਾ 965) ਭਾਵ ਰੱਬੀ ਗਿਆਨ ਦੀ ਇਹ ਨਿਸ਼ਾਨੀ ਹੈ ਕਿ ਉਸ ਰਾਹੀਂ ਰੱਬ ਜੀ ਸਭ ਜਗ੍ਹਾ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ ਹਨ। ਜਿਸ ਵੀ ਮਨੁੱਖ ਨੂੰ ਸੱਚ ਦੇ ਗਿਆਨ ਅਨੁਸਾਰ ਅਮਲੀ ਜੀਵਨੀ ਜਿਊਣ ਦਾ ਗੁਰ ਸਮਝ ਆ ਜਾਂਦਾ ਹੈ ਉਸ ਮਨੁੱਖ ਨੂੰ ਸਭ ਜਗ੍ਹਾ, ਸਾਰਿਆਂ ਮਨੁੱਖਾਂ ਵਿਚ ‘‘ਘਟ ਘਟ ਮੈ ਹਰਿ ਜੂ ਬਸੈ’’ (ਗੁਰੂ ਗ੍ਰੰਥ ਸਾਹਿਬ, ਪੰਨਾ 1427) ਭਾਵ ਹਰੇਕ ਮਨੁੱਖ ਵਿੱਚ ਰੱਬ ਜੀ ਹੀ ਮਹਿਸੂਸ ਹੁੰਦੇ ਹਨ। ਜਿਵੇਂ ਆਕਾਸ਼ ਸਾਰੀ ਧਰਤੀ ਉੱਤੇ ਹਰੇਕ ਜਗ੍ਹਾ, ਹਰੇਕ ਜੀਵ ਲਈ ਇਕੋ ਜਿਹਾ ਦਿਸਦਾ ਹੈ। ਉਸੀ ਤਰ੍ਹਾਂ ਸੱਚੇ ਗਿਆਨ ਦੇ ਸਮੁੰਦਰ (ਗੁਰੂ ਗ੍ਰੰਥ ਸਾਹਿਬ) ਉੱਤੇ (ਅਕਾਸ਼ ਰੂਪੀ) ਚੰਦੋਏ ਨੂੰ ਤਾਣਿਆ ਜਾਂਦਾ ਹੈ ਜਿਸ ਨਾਲ ਮਨੁੱਖ ਨੂੰ ‘‘ਸਰਬ ਕਲਾ ਭਰਪੂਰੁ ਦਿਸੈ ਜਤ ਕਤਾ।।’’ (ਗੁਰੂ ਗ੍ਰੰਥ ਸਾਹਿਬ, ਪੰਨਾ 965) ਕੁਦਰਤ ਦੇ ਨੂਰ ਦੀ ਸਮਝ ਪੈ ਜਾਂਦੀ ਹੈ।

ਚਵਰ

ਜਿਵੇਂ ਪਾਲਕੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਨਾਲ ਇਕ ਥਾਂ ਤੋਂ ਦੂਜੀ ਥਾਂ ਲਿਜਾਉਣ ਦਾ ਵੱਡਮੁੱਲਾ ਢੰਗ ਹੈ ਅਤੇ ਸੁਪਰੀਮ ਅਥਾੱਰਿਟੀ ਦਾ ਪ੍ਰਤੀਕ ਚੰਦੋਆ ਹੈ ਉਸੀ ਤਰ੍ਹਾਂ ਚਵਰ ਵੀ ਸੁਪਰੀਮ ਅਥਾੱਰਿਟੀ ਨੂੰ ਸਤਿਕਾਰ ਕਰਨ ਦਾ ਇਕ ਢੰਗ ਹੈ। ਜਿਵੇਂ ਕਿ ਸੱਚਾ ਨਿਆ ਕਰਣ ਵਾਲੇ ਸੱਚੇ-ਸੁੱਚੇ ਰਾਜੇ ਨੂੰ ਉੱਚ ਸ਼ਕਤੀ ਅਤੇ ਉੱਚੇ ਅਹੁਦੇ ਕਾਰਨ ਚਵਰ ਕੀਤੀ ਜਾਂਦੀ ਸੀ, ਉਸੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਲਈ ਚਵਰ ਕੀਤੀ ਜਾਂਦੀ ਹੈ।

ਵਿਚਾਰਨ ਵਾਲੀ ਗੱਲ ਇਹ ਹੈ ਕਿ ਚਵਰ ਸਤਿਕਾਰ ਕਰਨ ਦਾ ਇੱਕ ਢੰਗ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਵਰ ਕਰਨ ਦਾ ਅਰਥ ਹੈ ਇਨਸਾਨੀਅਤ ਭਰਪੂਰ, ਰੱਬੀ ਗੁਣਾਂ ਦਾ ਸੁਨੇਹਾ ਦੇਣ ਵਾਲੀ ਬਾਣੀ ਦਾ ਸਤਿਕਾਰ ਕਰਨਾ, ਜੋ ਕਿ ਸਾਨੂੰ ਸਾਡੇ ਜੀਵਨ ਦਾ ਕਾਰਜ ਰਾਸ ਕਰਣ ਲਈ ਸੱਚੇ ਗੁਰ ਦਾ ਗਿਆਨ ਦਿੰਦੀ ਹੈ।

ਸੁਖਾਸਨ ਸਥਾਨ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਬਾਣੀ ਲਿਖੀ ਗਈ ਹੈ ਉਹ ਸਾਰੇ ਮਨੁੱਖਾਂ ਲਈ ਸਰਬ ਸਾਂਝੀਵਾਲਤਾ, ਏਕਤਾ, ਇਨਸਾਨੀਅਤ ਭਰਪੂਰ ਸ਼ਖ਼ਸੀਅਤ ਬਣਨ ਲਈ ਸੱਚੇ ਗਿਆਨ ਦਾ ਉਪਦੇਸ਼ ਦ੍ਰਿੜਾਉਂਦੀ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਤੇ ਸਤਿਕਾਰਿਆ ਜਾਂਦਾ ਹੈ।

ਗੁਰਤਾ ਦਾ ਸੁਨੇਹਾ ਦੇਣ ਵਾਲੇ ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਵੀ ਕਿਹਾ ਜਾਂਦਾ ਹੈ। ਇਸ ਕਰਕੇ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਉਣ ਲਈ ਸੋਹਣੇ, ਸਾਫ-ਸੁਥਰੇ ਰੁਮਾਲਿਆਂ ’ਚ ਲਪੇਟ ਕੇ ਲਿਜਾਇਆ ਜਾਂਦਾ ਹੈ। ਅਸੀਂ ਭਾਵੇਂ ਕਿਸੀ ਵੀ ਮਜ਼੍ਹਬ ਦੇ ਹੋਈਏ ਪਰ ਦੁਨਿਆਵੀ ਕਿਸੇ ਵੀ ਆਮ ਪੁਸਤਕ ਨੂੰ ਸਤਿਕਾਰ ਨਾਲ ਉੱਚੀ ਥਾਂ ਤੇ ਰਖਦੇ ਹਾਂ, ਮੱਥੇ ਤੇ ਲਾਉਂਦੇ ਹਾਂ, ਉਸਨੂੰ ਮਿੱਟੀ ਧੂੜ ਤੋਂ ਬਚਾਉਂਦੇ ਹਾਂ ਅਤੇ ਸਾਫ-ਸੁਥਰੇ ਕਪੜੇ ’ਚ ਵੀ ਲਪੇਟਦੇ ਹਾਂ। ਵਿਚਾਰਨ ਵਾਲੀ ਗੱਲ ਹੈ ਕਿ ਗੁਰਤਾ ਦਾ ਸੁਨੇਹਾ ਦੇਣ ਵਾਲੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਤਾਂ ਫਿਰ ਕੋਈ ਹੱਦ ਹੀ ਨਹੀਂ ਹੈ। ਭਾਵ ਜਿਸ ਗ੍ਰੰਥ ਵਿਚੋਂ ਸਾਨੂੰ ਰੱਬੀ ਗੁਣਾਂ ਭਰਪੂਰ ਸੁਨੇਹਾ ਮਿਲਦਾ ਹੈ, ਜਿਸ ਰਾਹੀਂ ਮਨੁੱਖ ਪਸ਼ੁਤਾ ਤੋਂ ਉਪਰ ਉਠ ਕੇ ਪੂਰਨ ਮਨੁੱਖਤਾ ਵਾਲੀ ਸ਼ਖ਼ਸੀਅਤ ਪ੍ਰਾਪਤ ਕਰ ਸਕਦਾ ਹੈ ਤਾਂ ਐਸੇ ਗੁਰਤਾ ਦਾ ਸੁਨੇਹਾ ਦੇਣ ਵਾਲੇ ਗ੍ਰੰਥ ਦਾ ਸਤਿਕਾਰ ਜਿਤਨਾ ਕਰੀਏ, ਘੱਟ ਹੈ। ਸਤਿਕਾਰ ਵਜੋਂ ਇਸ ਗ੍ਰੰਥ ਨੂੰ ਮਿੱਟੀ ਧੂੜ ਤੋਂ ਬਚਾ ਕੇ, ਹਰੇਕ ਪੱਖੋਂ ਸਾਫ-ਸੁਥਰਾ ਰਖਿਆ ਜਾਂਦਾ ਹੈ ਅਤੇ ਸੋਹਣੇ ਰੁਮਾਲਿਆਂ ’ਚ ਲਪੇਟਿਆ ਇਸ ਕਰਕੇ ਜਾਂਦਾ ਹੈ ਤਾ ਕਿ ਇਕ ਥਾਂ ਤੋਂ ਦੂਜੀ ਥਾਂ ਸਤਿਕਾਰ ਨਾਲ ਲਿਜਾਇਆ ਜਾ ਸਕੇ। ਕਿਉਂਕਿ ਖੁਲ੍ਹੇ ਰੂਪ ’ਚ ਰਖੇ ਗਏ ਗ੍ਰੰਥ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਉਣ ਵਕਤ ਸਤਿਕਾਰ ਬਰਕਰਾਰ ਰਖਣਾ ਮੁਸ਼ਕਿਲ ਹੈ।

ਆਮ ਤੌਰ ਤੇ ਅਸੀਂ ਸਿੱਖ ਜਗਤ ’ਚ ਵੇਖਦੇ ਹਾਂ ਕਿ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰ ਦਿੱਤਾ ਜਾਂਦਾ ਹੈ ਅਤੇ ਸਵੇਰੇ ਫਿਰ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਰਾਤ ਨੂੰ ਲੋਕਾਈ ਸੌਂ ਜਾਂਦੀ ਹੈ ਤੇ ਕਿਸੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨਾ ਵਿਚਾਰਨਾ ਨਹੀਂ ਹੁੰਦਾ ਇਸ ਕਰਕੇ ਸਫਾਈ ਨੂੰ ਅਤੇ ਇਕ ਥਾਂ ਤੋਂ ਦੂਜੀ ਥਾਂ ਲਿਜਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ’ਚ ਲਪੇਟ ਕੇ ਰਖਿਆ ਜਾਂਦਾ ਹੈ ਜੋ ਕਿ ਸੁਖਾਸਨ ਕਹਿਲਾਉਂਦਾ ਹੈ। ਸੁਖਾਸਨ ਦਾ ਮਤਲਬ ਇਹ ਕੱਢ ਲੈਣਾ ਕਿ ਗੁਰੂ ਜੀ ਸੌਂ ਗਏ ਹਨ, ਸਾਡੀ ਅਗਿਆਨਤਾ ਦਾ ਲਖਾਇਕ ਹੈ।

ਸਤਿਗੁਰ ਦੇ ਪ੍ਰਕਾਸ਼ ਦੀ ਤੁਲਨਾ ਸੂਰਜ ਨਾਲ ਕੀਤੀ ਜਾਂਦੀ ਹੈ ਸੂਰਜ ਭਾਵੇਂ ਰਾਤੀ ਚਮਕਦਾ ਨਹੀਂ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਸੂਰਜ ਸੌਂ ਗਿਆ ਹੈ। ਦਰਅਸਲ ਧਰਤੀ ਗੋਲ ਹੈ ਇਸ ਕਰਕੇ ਸੂਰਜ ਜਦੋਂ ਧਰਤੀ ਦੇ ਇਕ ਪਾਸੇ ਅਸਤ ਹੁੰਦਾ ਹੈ ਤਾਂ ਦੂਜੇ ਪਾਸੇ ਉਦੈ ਵੀ ਹੋ ਜਾਂਦਾ ਹੈ ਪਰ ਜਿਸ ਪਾਸੇ ਚਮਕਦਾ ਦਿਸਦਾ ਨਹੀਂ ਉਸ ਪਾਸੇ ਚੰਨ ਨੂੰ ਰੋਸ਼ਨੀ ਦੇ ਕੇ ਸ਼ੀਤਲਤਾ ਵੀ ਦ੍ਰਿੜਾਉਂਦਾ ਹੈ।

ਸੂਰਜ ਸੌਂਦਾ ਨਹੀਂ ਹੈ ਸਗੋਂ ਧਰਤੀ ਨੂੰ ਸਦੀਵੀ ਪ੍ਰਕਾਸ਼ ਦਿੰਦਾ ਹੈ। ਇਸੀ ਤਰ੍ਹਾਂ ਗੁਰੂ ਵੀ ਨਹੀਂ ਸਾਉਂਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸੁਨੇਹਾ (ਗੁਰ) ਮਨੁੱਖਾਂ ਵਾਸਤੇ ਸਦੀਵੀ ਪ੍ਰਕਾਸ਼ ਦਿੰਦਾ ਰਹਿੰਦਾ ਹੈ। ਰਾਤ ਨੂੰ ਰੁਮਾਲਿਆਂ ’ਚ ਲਪੇਟ ਕੇ ਰਖਣਾ ਗੁਰੂ ਜੀ ਦਾ ਸੌਂ ਜਾਣਾ ਨਹੀਂ ਕਹਿਲਾਉਂਦਾ ਬਲਕਿ ਸਤਿਕਾਰ ਨਾਲ ਸੇਵਾ ਸੰਭਾਲ ਦਾ ਲਖਾਇਕ ਹੈ।

ਪੀੜ੍ਹਾ ਜਿਸ ਉਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ ਰੁਮਾਲਾ ਅਤੇ ਚਵਰ ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਕਰਣ ਦਾ ਸ਼ਲਾਘਾਯੋਗ ਤਰੀਕਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਹੀ ਰੂਪ ’ਚ ਸਤਿਕਾਰ ਤਾਂ ਹੀ ਹੋਵੇਗਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆਪਣੇ ਜੀਵਨ ਵਿੱਚ ਸੁਧਾਰ ਲਿਆਉਂਦੇ ਰਹੀਏ ਵਰਨਾ ਸਾਡਾ ਸਾਰਾ ਜੀਵਨ ਕੇਵਲ ਬਾਹਰਲੇ ਕੀਤੇ ਸਤਿਕਾਰ ਤੱਕ ਸੀਮਿਤ ਰਹਿ ਕੇ ਵਿਅਰਥ ਜਾ ਸਕਦਾ ਹੈ। ਹਾਂ ਪਰ ! ਜੋ ਵੀ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਅਪਣੇ ਜੀਵਨ ਦੀਆਂ ਉਚਿਆਈਆਂ ਨੂੰ ਛੂਹੰਦਾ ਹੈ ਉਸ ਮਨੁੱਖ ਵਲੋਂ ਰੁਮਾਲਾ ਚਵਰ ਅਤੇ ਚੰਦੋਆ ਇਹ ਸਭ ਕੀਤੇ ਗਏ ਸਤਿਕਾਰ ਇਕ ਜਾਗਰੂਕ ਅਵਸਥਾ ਦੇ ਲਖਾਇਕ ਹਨ।
.