.

ਰਾਗ ਮਾਲਾ ਬਾਰੇ ਗੁਰਮਤਿ ਵਿਚਾਰਾਂ

ਦਾਸ ਦੇ ਹਥੋਂ ਲਿਖਵਾਈਆਂ ਪੁਸਤਕਾਂ ਬਾਰੇ ਸੁਹਿਰਦ ਪਾਠਕਾਂ ਦੇ ਮਨ ਵਿੱਚ ਜਿਉਂ ਜਿਉਂ ਕਦਰ ਵੱਧਦੀ ਗਈ ਤਿਉ ਤਿਉਂ ਰਾਗ ਮਾਲਾ ਬਾਰੇ ਗੁਰਮਤਿ ਦਾ ਪੱਖ ਲਿਖਣ ਦੀ ਮੰਗ ਵੀ ਵਧੀ। ਪਰ ਕਿਉਂਕਿ ਜ਼ਾਹਰਾ ਤੌਰ ਤੇ ਰਾਗ ਮਾਲਾ ਤੋਂ ਗੁਰਮਤਿ ਰਹਿਣੀ ਉੱਤੇ ਬਿੱਪ੍ਰ-ਵਾਦੀ ਦਾ, ਅਥਵਾ ਬ੍ਰਾਹਮਣੀ ਰੀਤੀ-ਰਿਵਾਜ ਦਾ, ਕੋਈ ਅਸਰ ਨਹੀਂ ਪੈ ਰਿਹਾ, ਇਸ ਲਈ, ਧਙਾਣੇ ਦਾ ਇੱਕ ਹੋਰ ਵਾਧੂ ਦਾ ਨਵਾਂ ਝਗੜਾ ਛੇੜ ਬਹਿਣਾ, ਦਾਸ ਨੇ ਸਿਆਣਪ ਨਾ ਸੀ ਮੰਨੀ। ਉਂਜ, ਇਹ ਬਚਨ ਕਰਦਾ ਰਿਹਾ ਹਾਂ ਕਿ, ਜੇ ਕਦੇ ਕੋਈ ਢੁੱਕਵਾਂ ਕਾਰਨ ਨਜ਼ਰੀਂ ਆਇਆ ਤਾਂ, “ਰਾਗ-ਮਾਲਾ” ਬਾਰੇ ਵੀ ਆਪਣੇ ਸਪੱਸ਼ਟ ਵਿਚਾਰ ਲਿਖਣ ਵਿੱਚ ਝਿਜਕ ਨਹੀਂ ਹੋਵੇਗੀ।

ਹੁਣ ਇਸ ‘ਗੁਰ ਬਿਲਾਸ ਪਾਤਸ਼ਾਹੀ 6’ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਦੇ ਸਮੇ ਲਿਖਾਰੀ ਦੀ ਕੁਟਲਤਾ ਸਾਰੇ ਹੱਦ ਬੰਨੇ ਟੱਪਦੀ ਤੁਰੀ ਜਾਂਦੀ ਨਜ਼ਰੀ ਆ ਰਹੀ ਹੈ। ਵਿਚਾਰ ਅਧੀਨ ਇਸ ਚੌਥੇ ਅਧਿਆਇ ਦੇ ਅਖ਼ੀਰ ਵਿੱਚ ਅਸੀਂ ਪੜ੍ਹ ਆਏ ਹਾਂ ਕਿ, ਪਹਲਾਂ ਇਸ ਲਿਖਾਰੀ ਨੇ ਪੁਰਾਣਾਂ ਦੀ ਲੇਖਣੀ ਵਾਂਗ ਹੀ ਝੂਠ-ਵਿਧੀ ਅਨੁਸਾਰ ਸਾਰੇ ਰਾਗ ਦੇਹ ਧਾਰ ਕੇ, ਉਸ ਅਸਥਾਨ ਵਿੱਚ ਆ ਵੜਦੇ ਦਰਸਾ ਦਿੱਤੇ ਜਿਸ ਥਾਂ ਦੀ ਇਕਾਂਤ ਭੰਗ ਕਰਨ ਦੀ ਸਖ਼ਤ ਮਨਾਹੀ ਸਤਿਗੁਰੂ ਜੀ ਵਲੋਂ ਹੀ ਇਸ ਲਿਖਾਰੀ ਨੇ ਆਪ ਹੀ ਦਰਸਾਈ ਹੋਈ ਹੈ। ਫਿਰ ਕਥਿਤ ਦੇਹਧਾਰੀ ਰਾਗ ਬੜਾ ਅਰਥ-ਹੀਣ ਰੋਣਾ ਰੋਂਦੇ ਦਰਸਾਏ ਹੋਏ ਹਨ। ਹੁਣ ਅਸਾਂ ਵੇਖਿਆ ਹੈ ਕਿ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਕਾਰਜ ਦੀ ਸਮਾਪਤੀ ਤੇ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰਕੇ ਇਹ ਕਹਿੰਦੇ ਦਰਸਾਇਆ ਹੈ ਕਿ, “ਪ੍ਰਾਣੀ ਦੀ ਮੌਤ ਉਪਰੰਤ ਪਹਿਲਾਂ ਅਸੀਂ ਗਰੁੜ ਪੁਰਾਣ ਪੜ੍ਹਿਆ ਕਰਦੇ ਸਾਂ, ਪਰ ਅੱਗੇ ਤੋਂ ਕੇਵਲ ਗੁਰਬਾਣੀ ਦੇ ਪਾਠ ਦਾ ‘ਰਾਗ ਮਾਲਾ’ ਪੜ੍ਹ ਕੇ ਭੋਗ ਪਾਉਣ ਨਾਲ ਮ੍ਰਿਤਕ ਪ੍ਰਾਣੀ ਦੇ ਪਾਪ ਛਿਣ ਵਿੱਚ ਨਾਸ ਹੋਣ ਦਾ ਭਰੋਸਾ ਵੀ ਪੰਚਮ ਪਾਤਸ਼ਾਹ ਜੀ ਦੀ ਹੀ ਜ਼ਬਾਨੀ ਨਹੀਂ ਦਰਸਾਇਆ ਹੋਇਆ ਹੈ। ਯਥਾ- “ਇੱਕ ਛਿਨ ਮਹਿ ਪਾਪ ਜਾਹਿ ਤਿਨ ਸੜ”॥ 697॥”

ਪੰਚਮ ਸਤਿਗੁਰੂ ਜੀ ਦੀ ਜ਼ਬਾਨੀ ਪਾਏ ਗਏ ਇਸ ਨਿਰਮੂਲ਼ ਭਰਮ ਤੋਂ ਦਾਸ ਦੇ ਮਨ ਵਿੱਚ ਗੰਭੀਰ ਸ਼ੰਕਾ ਉਪਜਿਆ ਕਿ, ਹੋ ਸਕਦਾ ਹੈ, ਰਾਗ-ਮਾਲਾ ਰੂਪ, ਇਹ ਅਰਥ-ਹੀਨ ਲ਼ਿਖਤ, ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾ ਦੇਣ ਵਾਲਾ ਕੁਟਲ-ਕਾਰਾ ਵੀ ਕਿਤੇ ਏਸੇ ਲਿਖਾਰੀ ਦਾ ਹੀ ਨਾ ਹੋਵੇ? ਸੋ ਦਾਸ ਨੇ ਇਸ ਪੱਖੋ ਵੀ ਪੜਤਾਲ ਕਰਨੀ ਜ਼ਰੂਰੀ ਜਾਣ ਲਈ। ਗਹੁ ਨਾਲ ਵਿਚਾਰ ਕੀਤਿਆ ਦਾਸ ਦੀ ਬੁੱਧੀ ਨੇ ਜਿਨ੍ਹਾਂ ਕਾਰਨਾ ਤੋਂ ਇਹ ਭਰੋਸਾ ਬਣਾ ਲਿਆ ਹੈ ਕਿ, ਗੁਰੂ ਬਾਣੀ ਦੇ ਰਚੇਤਾ ਸਤਿੁਗੁਰੂ ਸਾਹਿਬਾਨ ਨਾਲ, ਰਾਗਾਂ ਦੀ ਇਸ ਕਥਿਤ ਮਾਲਾ ਦਾ ਕਦੇ ਕੋਈ ਸੰਬੰਧ ਨਹੀਂ ਸੀ ਰਿਹਾ, ਉਨ੍ਹਾਂ ਕਾਰਨਾ ਦਾ ਵੇਰਵਾ ਇਸ ਪ੍ਰਕਾਰ ਹੈ:-

(1) ‘ਰਾਗ ਮਾਲਾ’ ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ, ਗੱਲ ਰਾਗਾ ਦੀ ਹੈ, ਬ੍ਰਹਮ ਨਾਲ ਮਿਲਾਪ ਕਰਾ ਰਹੀ ਪਾਵਨ ਗੁਰਬਾਣੀ ਨਾਲ ਇਸ ਦਾ ਕੋਈ ਨੇੜ ਨਹੀਂ ਹੈ। ਰੌਲੇ ਗੌਲੇ ਨੂੰ ਚੁੱਪ ਕਰਾ ਕੇ ਸਰੋਤਿਆ ਦੇ ਮਨਾਂ ਵਿੱਚ ਇਕਾਗਰਤਾ ਬਣਾਉਂਣ ਦਾ ਅਸਰਦਾਰ ਸਾਧਨ ਹੋਣ ਦੇ ਕਾਰਨ, ਗੁਰਮਤਿ ਦੇ ਪਰਚਾਰ ਲਈ ਰਾਗ ਦੀ ਵਰਤੋ ਲਾਹੇ ਵੰਦ ਜ਼ਰੂਰ ਹੈ, ਪਰ ਪ੍ਰਭੂ ਦੀ ਭਗਤੀ ਨਾਲ ਇਨ੍ਹਾਂ ਰਾਗਾਂ ਦਾ ਕੋਈ ਵਾਸਤਾ ਨਹੀ ਹੈ।

(2) ਸਾਡੀ ਮਜਬੂਰੀ ਦੇ ਕਾਰ ਸਾਡੇ ਧਰਮ ਆਗੂ ਆ ਬਣੇ ਉਦਾਸੀਆਂ, ਨਿਰਮਲਿਆਂ, ਅਥਵਾ ਮਹੰਤ ਰੂਪ ਬ੍ਰਾਹਮ ਦੀ ਕੁਟਲਤਾ ਦੇ ਕਾਰਨ ਜਿਸ ਪ੍ਰਥਮ ਬਾਣੀ ਮਹਾਨ ਬਾਣੀ ਦਾ ਨਾਮ ਪੰਥ ਨੇ ਮੂਲ ਮੰਤ੍ਰ ਕਬੂਲ ਕਰ ਲਿਆ ਹੋਇਆ ਹੈ, ਗੁਰੁ ਬਾਣੀ ਦੇ ਰਚੇਤਾ ਸਤਿਗੁਰੂ ਸਾਹਿਬਾਨ ਨੇ, ਪੂਰਾ ਜਾਂ ਛੋਟਾ ਉਹ ਪਾਵਨ ਮੰਤ੍ਰ (ਗੁਰ-ਉਪਦੇਸ਼) ਸਦਾ ਉਸੇ ਬਾਣੀ ਦੇ ਅਰੰਭ ਦੀ ਸਜਾਵਟ ਬਣਾਇਆ ਜੋ ਪਹਿਲੀ ਪੰਗਤੀ ਤੋਂ ਹੀ ਬ੍ਰਹਮ ਨਾਲ ਜੋੜਨ ਦੀ ਅਥਵਾ ਜੀਵਨ ਜੁਗਤ ਸੁਅਰਾਨ ਦੀ ਸਿਖਿਆ ਦੀ ਲਖਾਇਕ ਬਣ ਰਹੀ ਹੁੰਦੀ ਹੈ, ਪਰ ਏਧਰ ਇਸ ਸਾਰੀ ਰਾਗ ਮਾਲਾ ਵਿੱਚੋਂ ਬ੍ਰਹਮ ਦੀ ਵਿਚਾਰ ਦਾ ਕੋਈ ਸੰਕੇਤ ਤੱਕ ਨਹੀ ਮਿਲਦਾ। ਸੋ ਦਾਸ ਦਾ ਅਟੱਲ ਯਕੀਨ ਹੈ ਕਿ, ਸੁਜਾਨ ਅਤੇ ਸਮਰੱਥ ਸਤਿਗੁਰੂ ਜੀ ਪ੍ਰਭੂ ਮਿਲਾਪ ਦੀ ਗੱਲ ਤੋਂ ਵਾਂਜੀ, ਅਥਵਾ ਗੁਰਮਤਿ-ਰਹਿਣੀ ਦੀ ਸਿਖਿਆ ਤੋਂ ਸੱਖਣੀ ਅਜੇਹੀ ਵਿਅਰਥ ਬਾਣੀ ਤੇ “ੴ ਸਤਿਗੁਰ ਪ੍ਰਸਾਦਿ” ਕਦੇ ਨਹੀਂ ਸਨ ਲਿਖ ਸਕਦੇ।

(3) ਗੁਰਮਤਿ-ਗਿਆਨ ਦੇ ਪਰਚਾਰਕ, ਪੰਥ ਵਿੱਚ ਜਾਣੇ ਪਛਾਣੇ ਵਿਦਵਾਨ, ਗਿਆਨੀ ਸੁਰਜੀਤ ਸਿੰਘ ਜੀ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਦਿੱਲੀ, ਦੀ ਲਿਖੀ ਾਗ ਮਾਲਾ ਪੜਚੋਲ” ਨਾਮਕ ਛੋਟੀ ਜਿਹੀ ਪੁਸਤਕ ਨੂੰ ਗਹੁ ਨਾਲ ਪੜ੍ਹਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ, ਇਹ ਰਾਗ ਮਾਲਾ “ਆਲਮ” ਨਾਮੀ ਕਿਸੇ ਕਵੀ ਦੇੁ ਲਿਖੇ ਕਾਮਕੰਦਲਾ ਕਿੱਸੇ ਦੀ ਪਾਤਰ ਨਾਮੀ ਇੱਕ ਨੱਚਾਰ ਬੀਬੀ ਦੀ ਪ੍ਰੇਮ ਕਹਾਣੀ ਦਾ ਹਿੱਸਾ ਹੈ ਜੋ, ਗੁਰ ਬਿਲਾਸ ਦੇ ਲਿਖਾਰੀ ਨੇ, ਅਥਵਾ ਉਸ ਦੇ ਸਮਕਾਲੀ ਬਿੱਪ੍ਰਾਂ ਵਲੋੇਂ, ਸੰਨ 1708 ਤੋਂ 1718 ਵਿਚਕਾਰ, ਕਰਤਾਰ ਪੁਰੀ ਬੀੜ ਸਮੇਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕੀ ਹੱਥ ਲਿਖਤ ਸਰੂਪਾਂ ਵਿੱਚ ਦਰਜ ਕਰ ਲੈਣੀ ਕੋਈ ਅਨਹੋਣੀ ਗੱਲ ਨਹੀਂ ਹੈ। ਸਾਡੇ ਧਰਮ-ਅਸਥਾਨਾਂ ਦੇ ਸੰਚਾਲਕ ਆ ਬਣੇ ਹੋਏ, (ਉਦਾਸੀ, ਨਿਰਮਲੇ, ਮਹੰਤ-ਰੂਪ) ਬ੍ਰਾਹਮਣਾ ਨੇ ਗੁਰਬਿਲਾਸ, ਗੁਰਪ੍ਰਤਾਪ ਸੂਰਜ ਆਦਿ ਗੁਰਮਤਿ ਵਿਰੋਧੀ ਲਿਖਤਾਂ ਦੀ ਵਰਤੋ ਨਾਲ ਸਿਖ ਇਸ ਨੂੰ ਸਿੱਖੀ ਧਰਮ ਦਾ ਅੰਗ ਬਣਾ ਲਿਆ। ਫਿਰ, ਇਸ ਰਾਗ-ਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਸਮੇ ਪੜ੍ਹਨ ਦੀ ਮਹੱਤਤਾ ਗੁਰਬਾਣੀ ਨਾਲੋਂ ਵੀ ਵੱਧ ਦਰਸਾ ਦਿੱਤਾ ਜਿਸ ਨੂੰ ਸਾਡੀ ਅਗਿਆਨਤਾ ਨੇ, ਇਸ ਨੂੰ ਵੀ ਗੁਰਬਾਣੀ ਹੀ ਮੰਨ ਲਿਆ।

ਕਹਾਣੀ ਅੱਗੇ ਤੁਰੀ:-

ਰਾਗਮਾਲਾ ਪੜ੍ਹ ਕੇ ਭੋਗ ਪਾਉਣ ਦੀ ਮਹੱਤਤਾ ਦਰਸਾ ਲੈਣ ਦੇ ਨਾਲ ਹੁਣ, ਕੜਾਹ ਪ੍ਰਸ਼ਾਦ ਵੀ ਕਲਿਆਣ ਕਾਰੀ? ਗੁਰੂ ਬਾਣੀ ਵਿਚਾਰ ਤੋਂ ਜੀਵਨ ਸੁਧਾਰ ਲੈਣ ਦੀ ਲੋੜ ਮੁਕਾਉਣ ਵਾਲੇ ਭਰਮਾਂ ਦੀ ਭਰਮਾਰ ਕਰੀ ਜਾਣ ਵਾਲੀ ਕੁਟਲਤਾ ਨੂੰ ਲਿਖਾਰੀ ਕਦੇ ਨਹੀਂ ਭੁੱਲ਼ਿਆ:-

“ਕੜਾਹ ਕਰਾਵੈ ਹਰਖ ਸੋ ਕੋਟਿ ਯੱਗ ਫੱਲ ਚੀਨ। ਸਭੁ ਸੰਗਤਿ ਸੁਨਿ ਬੈਨ ਗੁਰ, ਧਾਰਿ ਚਿੰਤ ਮੈ ਲੀਨ॥ 700॥ ਜੋ ਇਛਾ ਕੋਊ ਕਰੈ, ਸੋ ਸਭ ਪੂਰਨ ਹੋਇ”। ਸ੍ਰੀ ਮੁਖਿ ਤੇ ਐਸੋ ਕਹਾ ਜਾਨ ਲੇਹੁ ਸਭ ਕੋਇ॥ 701॥

ਅਰਥ:- ਸ਼ਰਧਾ ਭਰਪੂਰ ਖ਼ੁਸ਼ੀਆਂ ਨਾਲ ਕੜਾਹ ਕਰਾਵੋ ਤੇ ਕ੍ਰੋੜਾਂ ਯਗਾਂ ਦਾ ਫਲ ਪ੍ਰਾਪਤ ਕਰੋ। ਸਤਿਗੁਰੂ ਜੀ ਦੇ ਇਹ ਬਚਨ ਆਪਣੇ ਹਿਰਦੇ ਵਿੱਚ ਪੱਕੇ ਕਰ ਲਵੋ। ਇਹ ਗੱਲ ਸਾਰੇ ਠੀਕ ਸਮਝ ਲਵੋ, ਬਚਨ ਸਤਿਗੁਰੂ ਜੀ ਦੇ ਆਪਣੇ ਮੁਖਾਰਬਿੰਦ ਦੇ ਹਨ। (700+7012)

ਅੱਗਲੀਆਂ ਚੌਪੱਈਆਂ ਵਿਚ, ਲਿਖਾਰੀ, ਗੁਰਬਾਣੀ ਦੀ ਸੰਪਾਦਨਾ ਵਾਲੇ ਅਸਥਾਨ ਦੇ ਦਰਸ਼ਨ ਮਾਤ੍ਰ ਦੀ ਅਪਾਰ ਮਹਿਮਾ ਦਰਸਾਉਣ ਦੇ ਨਾਲ, ਸੰਬੰਧਤ ਦਿਨ ਮਹੂਰਤ ਦੀ ਵਡਿਆਈਆਂ ਦਰਸਾ ਕੇ ਗੁਰਮਤਿ ਤੋਂ ਸਾਡੀ ਅਗਿਆਨਤਾ ਨੂੰ ਫ਼ਜ਼ੂਲ ਦੇ ਭਰਮਾਂ ਵਿੱਚ ਜਕੜਦਾ ਹੋਇਆ, ਗੁਰਸਿੱਖ ਨੂੰ ਗੁਰੂਬਾਣੀ-ਗਿਆਨ ਤੋਂ ਤੋੜੀ ਰੱਖਣ ਦੇ ਪੱਕੇ ਭਰਮ ਪਾਉਣੋ ਜ਼ਰਾ ਨਹੀ ਭੁਲਦਾ:-

ਚੌਪਈ॥ ਸ੍ਰੀ ਮੁਖਿ ਬਹੁਰਿ ਕਹੋ ਅਸ ਬੈਨਾ। ਰਾਮਸਰ ਉੱਤਰਿ ਤਟ ਸੁ ਐਨਾ।

ਰਚੀ ਬੀੜ ਇਹ ਠਾਂ ਮਨੁ ਲਾਈ। ਉਪਮ ਥਾਂਵ ਕੀ ਕਹੀ ਨ ਜਾਈ॥ 702॥

ਬਹੁ ਦੁਖ ਤਪਤ ਇਹਾਂ ਜੋ ਆਈ। ਦੇਖਤ ਦਰਸ ਸਾਂਤਿ ਹੋਇ ਜਾਵੈ।

ਭਾਦ੍ਰੋ ਸੁਦਿ ਏਕਮ ਸੁਖਦਾਈ। ਕਰੈ ਦਰਸੁ ਜੋ ਮਨੁ ਚਿਤੁ ਲਾਈ॥ 703॥

ਗ੍ਰਿੰਥ ਭੋਗ ਕਾ ਫਲ ਤਿਹ ਹੋਵੈ। ਜਨਮ ਮਰਨ ਅਘ ਸੰਕਟ ਖੋਵੈ।

ਇਹ ਅਸਥਾਨ ਕੀ ਉਪਮ ਮਹਾਨਾ। ਸ੍ਰੀ ਗ੍ਰਿੰਥ ਜਹਾਂ ਪ੍ਰਗਟਾਨਾ॥ 704॥

ਅਰਥ:- (ਸਤਿਗੁਰੂ ਜੀ ਨੇ (ਸ੍ਰੀ ਪੁਖ ਤੋਂ ਇਹ ਬਚਨ ਬੋਲੇ ਕਿ ਰਾਮਸਰ ਦੇ ਉਤਰੀ ਕਿਨਾਰੇ (ਦੱਖਣ ਦਿਸ਼ਾ ਦੇ ਉਲਟ ਸ਼ਮਾਲੀ ਪਹਾੜ ਦੀ ਬਾਹੀ) ਜਿਸ ਥਾਂ ਬੀੜ ਰਚੀ ਗਈ ਹੈ ਉਸ ਥਾਂ ਦੀ ਸੋਭਾ ਕਥਨ ਕਹਿਣ ਵਿੱਚ ਨਹੀ ਆ ਸਕਦੀ॥ 702॥ ਬੜੇ ਦੁਖਾਂ ਨਾਲ਼ ਸੜਦਾ ਬਲਦਾ ਜ੍ਹਿੜਾ ਭਾਦੋਂ ਸੁਦੀ ਏਕਮ (ਸੰਮਤ 1661) ਨੂੰ ਇਸ ਅਸਥਾਨ ਦੇ ਦਰਸ਼ਨ ਆ ਕਰੇ ਉਹ ਸੁਖਾਂ ਦੀ ਠੰਡਕ ਮਾਣੇਦਾ ਸੁਖੀ ਜੋ ਜਾਵੇਗਾ। 702. ਇਸ ਥਾਂ ਦੇ ਦਰਸ਼ਨ ਮਾਤਰ ਤੋਂ ਹੀ ਗ੍ਰੰਥ ਦੇ ਭੋਗ ਦਾ ਫਲ ਪ੍ਰਾਪਤ ਹੋ ਜਾਵੇਗਾ; (ਗੁਰਬਾਣੀ ਪੜ੍ਹਨ ਸੁਣਨ ਕਮਾਉਣ ਦੀ ਲੋੜ ਨਹੀਂ ਬੱਸ ਇਸ ਥਾਂ ਦੇ ਦਰਸ਼ਨ ਹੀ ਕਾਫ਼ੀ ਹਨ?) ਇਸ ਗ੍ਰੰਥ ਦੀ ਕਥਾ ਸੁਣਦੇ ਰਹਿਣ ਵਾਲੇ ਖ਼ਾਲਸਾ ਜੀ ਨੂੰ ਗੁਰਬਾਣੀ ਅਨੁਸਾਰ ਜੀਵਨ ਬਣਾਉਣ ਦੀ ਲੋੜ ਖ਼ਤਮ? ਸਤਿਗੁਰੂ ਨਾਨਕ ਸਾਹਿਬ ਜੀ ਦੀ ਘਾਲਣਾ ਤੇ ਪਾਣੀ?

ਲਿਖਾਰੀ ਦੀ ਇਸ ਗੰਭੀਰ ਕੁਟਲਤਾ ਤੋਂ ਪਾਠਕ ਸੱਜਣ ਉਚੇਚੇ ਤੌਰ ਤੇ ਸੁਚੇਤ ਰਹਿਣ:--

ਚੌਪਈ॥ ਜਬ ਬੰਨੋ ਨਿਜ ਦਸੇ ਸਿਧਾਯੋ। ਭਯੋ ਧਿਆਇ ਪੂਰਨ ਸੁਖਦਾਯੋ।

ਗ੍ਰਿੰਥ ਬੀੜ ਧਯਾਇ ਪੂਰਨ ਭਯੋ। ਯਾਹਿ ਪੜੈ ਦੁਖੁ ਸਗਲਾ ਗਯੋ॥ 708॥

ਅਰਥ:- (ਭਾਈ) ਵਲੋਂ ਬੀੜ ਨੂੰ ਆਪਣੇ ਦੇਸ ਲੈ ਜਾਣ ਦੇ ਪਰਸੰਗ ਦੇ ਨਾਲ ਹੀ ਇਹ ਸੁਖਦਾਇਕ (ਕਿ ਜਾਂ ਗੁਰਮਤਿ ਵਿਰੋਧੀ ਵਡਾ ਦੁਖਦਾਇਕ?) ਅਧਿਾਇ ਸਮਾਪਤ ਹੋਇਆ। ਇਸ ਅਧਿਆਇ ਦੀ ਕਥਾ ਜਿਹੜਾ ਪ੍ਰਾਣੀ ਪੜ੍ਹੇ ਸੁਣੇਗਾ ਉਸ ਦੇ ਸਾਰੇ ਦੁਖ ਦੂਰ ਹੋ ਜਾਣਗੇ। 708.

ਗੁਰਬਾਣੀ ਦੀ ਮਹਤਤਾ ਘਟਾਉਂਣੀ ਨਾ ਭੁਲਦਾ ਹੋਇਆ ਇਹ ਕੁਟਲ ਲਿਖਾਰੀ ਆਪਣੀ ਮਿਥੀ ਹੋਈ ਪੱਕੀ ਯੋਜਨਾ ਅਧੀਨ ਏਥੇ ਵੀ ਚੌਥੇ ਅਧਿਆਇ ਵਿੱਚ ਜੋ ਝੂਠ ਸਚ ਲਿਖਿਆ ਹੈ ਉਸ ਦੇ ਹੀ ਪੜ੍ਹਨ ਸੁਣਨ ਤੋਂ ਦੁਖਾਂ ਦਾ ਨਾਸ ਹੋਣ ਦਾ ਭਰਮ ਪੱਕਾ ਕਰ ਰਿਹਾ ਹੈ। ਭਗਤ ਸਿੰਘ ਯਹ ਫਲੁ ਅਧਿਕਾਈ। ਜੋਊ ਧਯਾਇ ਪੜ੍ਹੈ ਮਨੁ ਲਾਈ। ਗਿੰਥ ਭੋਗ ਨਰੁ ਸੋ ਫਲੁ ਪਾਵੈ। ਜਨਮ ਬੀਚਿ ਬਹੁਰੋ ਨਹਿ ਆਵੈ॥ 709॥

ਅਰਥ:- (ਆਪਣੀ ਕਲਪਣਾ ਦੀ ਉਪਜ ਕਹਾਣੀ ਤੇ ਪਾਤਰ ਭਗਤ ਸਿੰਘ ਕੋਲੋਂ ਵੀ ਇਹੀ ਆਖਿਆ ਦਰਸਾ ਦਿੱਤਾ ਕਿ) ਜਿਹੜਾ ਕੋਈ ਮਨ ਲਾ ਕੇ ਇਸ ਅਧਿਆਇ ਨੂੰ ਪੜ੍ਹੇ ਉਸ ਨੂੰ (ਬਾਣੀ ਦਾ) ਗ੍ਰੰਥ ਪੜਂਨ ਦੇ ਭੋਗ ਦਾ ਵਡਾ ਫਲ ਪ੍ਰਾਪਤ ਹੋਵੇਗਾ। 709.

ਧਿਆਨ ਰਹੇ ਕਿ ਗੁਰਬਾਣੀ ਦੀ ਸੰਪਦਨਾ ਦਾ ਕਾਰਜ ਸਪਾਤ ਹੋਣ ਤੇ (ਚੌਪਈ 702 ਤੋਂ 709 ਤਕ) ਤਿਆਰ ਹੋਏ ਗ੍ਰੰਥ ਨੂੰ ਬੀੜ ਜਾਂ ਗ੍ਰੰਥ ਤਾਂ ਲਿਖਿਆ ਹੈ, ਪਰ ਗੁਰੂ ਗ੍ਰੰਥ ਕਿਸੇ ਥਾਂ ਨਹੀਂ ਦਰਸਾਇਆ। ਅਗਲੇ ਅਧਿਆਇ ਵਿੱਚ ਸਾਰੀਆਂ ਕਸਰਾਂ ਪੁਰੀਆਂ ਹੋ ਜਾਣ ਦਾ ਸਪੱਸ਼ਟ ਇਸਾਰਾ ਅਗਲੇ ਦੋਹਰੇ ਦੇ ਆਰੰਭ ਵਿਚੋਂ ਹੀ ਮਿਲ ਰਿਹਾ ਹੈ।

ਦੋਹਰਾ॥ ਆਗੇ ਯਹ ਕਥ ਹੋਇਗੀ ਗੁਰੁ ਗ੍ਰਿੰਥ ਅਸਥਾਨ। ਹਰਿਗੋਵਿੰਦ ਕੇ ਵਿਆਹ ਕੀ ਹੁਇ ਹੈ ਕਥਾ ਮਹਾਨ॥ 710॥

ਇਤਿ ਸ੍ਰੀ ਗੁਰ ਬਿਲਾਸ ਸ੍ਰੀ ਗ੍ਰਿੰਥ ਸਾਹਿਬ ਜੀ ਕੀ ਬੀੜ ਬਰਨਨੰ ਨਾਮ ਚਤਰਥੇ ਧਿਆਇ ਸਮਾਪਤੁ ਸੁਭ ਮਸਤੁ॥ 4॥ ਅਫ਼ਜੂ॥

ਅਰਥ:-ਅੱਗੇ ਹੁਣ ਇਹ ਕਥਾ (ਵੇਦਾਂਤੀ ਜੀ ਨੇ ਟੂਕ ਵਿੱਚ ਇਉਂ ਲਿਖਿਆ ਹੋਇਆ ਹੈ:-) “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਥਾਨ ਦੀ ਹੈ ਪ੍ਰਕਾਸ਼ ਦੇ ਅਸਥਾਨ ਦੀ ਅਤੇ ਸਤਿਗ+ਬਿੰਦ ਸਾਹਿਬ ਜੀ ਦੇ ਵਿਆਹ ਦੀ ਵੱਡੀ ਬਿਸਥਾਰ ਪੂਰਵਕ ਕਥਾ ਹੋਵੇਗੀ। 710. ਇਸ ਤੋਂ ਸ੍ਰੀ ਗੁਰਬਿਲਾਸ ਵਿਚਲੀ ਬੀੜ ਰਚੀ ਜਾਣ ਦੀ ਕਥਾ ਵਾਲਾ ਅਧਿਆਇ ਸਮਾਪਤ। 710.

ਸੰਪਾਦਨਾ ਹੰਦੇ ਤਕ ਬੀੜ ਜਾਂ ਕੇਵਲ ਗ੍ਰੰਥ ਹੈ ਪਰ ਅਗਲੇ ਹੀ ਪਲ ਗੁਰੂ ਗ੍ਰੰਥ ਸਾਹਿਬ? ਸੰਪਾਦਨਾਂ ਕਾਲ ਸੰਮਤ 1661 ਹੈ ਪਰ ਦਸ਼ਮੇਸ਼ ਜੀ ਵੋਲ਼ ਗੁਰਿਆਈ ਸੌਪੀ ਜਾਣ ਦਾ ਸੰਮਤ 1765 ਹੈ। 104 ਸਾਲ ਪਹਿਲਾਂ ਹੀ ਗੁਰੂ ਗ੍ਰੰਥ ਅਤੇ ਅਸਥਾਪਨ ਕਰਨ ਦੀਆਂ ਗੱਲਾਂ? ਕਹਾਣੀ ਦੇ ਹਰ ਮੋੜ ਤੇ ਖ਼ਾਲਸਾਂ ਜੀ ਦੀ ਨਿਆਰੀ ਗੁਰਮਤਿ ਮਰਯਾਦਾ ਨੂੰ ਮਨਮਤੀ ਰੰਗ ਚਾੜ੍ਹਿਆ ਗਿਆ? ਹਾਏ ਸਾਡੀ ਏਡੀ ਭਿਆਨਕ ਬਦਕਿਸਮਤੀ? ਗੁਰੂ ਇਤਿਹਾਸ ਨੂੰ ਨਿਰੋਲ ਝੂਠ ਵਿੱਚ ਰੰਗਿਆ ਹੋਇਆ ਹੋਣ ਤੇ ਵੀ ਸਾਡੇ ਧਰਮ ਆਗੂਆਂ ਨੇ ਠੀਕ ਮੰਨ ਲਿਆ? ਵਾਹ, ਸਿੰਘ ਸਾਹਿਬ ਬਣ ਬੈਠੇ ਹੋਏ ਵੇਦਾਂਤੀ ਜੀਓ! ਸਦਕੇ ਜਾਈਏ ਤੁਹਾਡੇ ਜਿਹੇ ਬ੍ਰਾਹਮਣੀ ਦਲਾਲ ਤੋਂ? ਕਿਸੇ ਇੱਕ ਥਾਂ ਤੇ ਹੀ ਲਿਖਾਰੀ ਵਲੋਂ ਲਿਖੇ ਜਾ ਰਹੇ ਝੂਠ ਬਾਰੇ ਬੋਲ ਪੈਂਦੇ … … …. . ਦਿਲ ਕੇ ਫਫੋਲੇ ਜਲ ਉਠੇ ਹੈ ਸੀਨੇ ਕੇ ਦਾਗ਼ ਸੇ। ਇਸ ਘਰ ਕੋ ਆਗ ਲਗ ਰਹੀ ਹੈ ਘਰ ਕੇ ਚਿਰਗ਼ ਸੇ।

ਗੁਰਬਖ਼ਸ਼ ਸਿੰਘ, 10 ਦਸੰਬਰ 2002

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ॥ ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ॥ 6॥ {767} —ਸਮਾਪਤ।
.