.

ਜਸਬੀਰ ਸਿੰਘ ਵੈਨਕੂਵਰ

ਵੱਢੀਖ਼ੋਰ

ਵੱਢੀ ਸ਼ਬਦ ਵਢ ਤੋਂ ਬਣਿਆ ਹੈ। ਵਢ ਦਾ ਅਰਥ ਹੈ ਵਧ ਕਰਨਾ, ਭਾਵ, ਕਤਲ ਕਰਨਾ। ਵੱਢੀ ਦਾ ਅਰਥ ਹੈ ਜਿਸ ਨੂੰ ਲੈਣ ਵਾਲਾ ਦੂਜੇ ਦਾ ਹੱਕ ਵੱਢ ਦੇਂਦਾ ਹੈ। ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਹ ਸ਼ਬਦ ਇਸ ਹੀ ਭਾਵਾਰਥ ਵਿੱਚ ਆਇਆ ਹੈ, ਜਿਵੇਂ: ‘ਵਡੀ ਲੈ ਕੈ ਹਕੁ ਗਵਾਏ॥’ (ਗੁਰੂ ਗ੍ਰੰਥ ਸਾਹਿਬ) ਅਤੇ ‘ਕਾਜ਼ੀ ਹੋਏ ਰਿਸ਼ਵਤੀ ਵਢੀ ਲੈ ਕੇ ਹਕ ਗਵਾਏ।’ (ਭਾਈ ਗੁਰਦਾਸ ਜੀ) ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਵਿੱਚ ਇਸ (ਵੱਢੀ) ਦਾ ਅਰਥ ਇਉਂ ਕੀਤਾ ਹੋਇਆ ਹੈ, “ਜੋ ਹੱਕ ਅਤੇ ਨਿਆਂ ਨੂੰ ਵੱਢ ਸੁੱਟੇ। ਰੁਪਏ ਯਾ ਕੁਛ ਹੋਰ ਦੇ ਕੇ ਕਿਸੇ ਨੂੰ ਉਸ ਦੇ ਅਸਲੀ ਫ਼ਰਜ਼ ਤੋਂ ਬਦਲਾ ਦੇਣਾ”। ਵੱਢੀ ਲਈ ਸਾਡੇ ਸਮਾਜ ਵਿੱਚ ਇਹ ਸ਼ਬਦ ਵੀ ਪ੍ਰਚਲਤ ਹਨ: ਚਾਂਦੀ ਦੀ ਜੁੱਤੀ, ਹਥੇਲੀ ਨੂੰ ਗਰੀਸ ਦੇਣਾ, ਕੰਮ ਨੂੰ ਪਹੀਏ ਲਾਉਣਾ, ਗਾਂਧੀ ਦੀ ਪਰਚੀ, ਮੁੱਠੀ ਗਰਮ ਕਰਨਾ, ਮੂੰਹ ਵਿੱਚ ਹੱਡੀ ਦੇਣਾ।
ਆਮ ਤੌਰ `ਤੇ ਵੱਢੀ ਕਿਤੇ ਕੰਮ ਛੇਤੀ ਕਰਾਉਣ ਲਈ, ਕਿਤੇ ਕੰਮ ਨੂੰ ਲਮਕਾਉਣ ਹਿਤ, ਕਿਤੇ ਜ਼ੁਬਾਨ ਬੰਦ ਰੱਖਣ ਜਾਂ ਖੋਲਣ ਲਈ, ਕਿਤੇ ਗ਼ਲਤ ਕੰਮ ਕਰਨ ਜਾਂ ਕਰਾਉਣ ਲਈ, (ਭਾਵ, ਗ਼ੈਰ-ਕਾਨੂੰਨੀ ਜਾਂ ਗ਼ੈਰ-ਇਖ਼ਲਾਕੀ) ਆਦਿ ਲਈ ਦਿੱਤੀ ਜਾਂਦੀ ਹੈ। ਵੱਢੀ ਨਕਦੀ ਅਥਵਾ ਪੈਸੇ ਦੇ ਰੂਪ ਵਿੱਚ ਹੀ ਨਹੀਂ ਸਗੋਂ ਸਰੀਰ ਤੋਂ ਲੈ ਕੇ ਆਤਮਾ ਨੂੰ ਗਹਿਣੇ ਰੱਖਣ ਤੀਕ ਦਿੱਤੀ ਜਾਂਦੀ ਹੈ। ਮੁੱਖ ਰੂਪ ਵਿੱਚ ਰਿਸ਼ਵਤ ਆਪਣੇ ਜਾਂ ਆਪਣਿਆਂ ਦੇ ਲਾਭ ਲਈ ਦਿੱਤੀ ਜਾਂਦੀ ਹੈ।
ਵੱਢੀ ਲੈਣ ਵਾਲੇ ਨੂੰ ਵੱਢੀਖ਼ੋਰ ਜਾਂ ਰਿਸ਼ਵਤਖ਼ੋਰ ਆਖਿਆ ਜਾਂਦਾ ਹੈ। ਵੱਢੀ ਆਮ ਤੌਰ `ਤੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੋ ਕਿਸੇ ਜ਼ਿੰਮੇਵਾਰ ਪਦਵੀ `ਤੇ ਹੋਵੇ। ਵੱਢੀਖ਼ੋਰ ਵਿਆਕਤੀ ਵੱਢੀ ਲੈ ਕੇ ਉਹ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ ਜੋ ਕਾਨੂੰਨ ਜਾਂ ਆਚਾਰ ਦੇ ਵਿਰੁੱਧ ਹੁੰਦਾ ਹੈ। ਇਸ ਤਰ੍ਹਾਂ ਵੱਢੀਖ਼ੋਰ ਵਿਆਕਤੀ ਰਿਸ਼ਵਤ ਲੈ ਕੇ ਆਪਣੇ ਫ਼ਰਜ਼ ਦੀ ਉਲੰਘਣਾ ਕਰਕੇ ਕਿਸੇ ਇੱਕ ਜਾਂ ਇੱਕ ਤੋਂ ਵਧੀਕ ਵਿਅਕਤੀਆਂ ਦਾ ਹੱਕ ਮਾਰ ਕੇ ਦੂਜੇ ਪ੍ਰਾਣੀ/ਪ੍ਰਾਣੀਆਂ ਨੂੰ ਲਾਭ ਪਹੁੰਚਾਉਂਦਾ ਹੈ। ਵੱਢੀਖ਼ੋਰ ਹਰ ਦੇਸ਼ ਅਤੇ ਹਰੇਕ ਖੇਤਰ ਵਿੱਚ ਮੌਜੂਦ ਹਨ। ਚਪੜਾਸੀ ਤੋਂ ਲੈ ਕੇ ਜੱਜ, ਕੋਂਸਲਰ ਤੋਂ ਲੈ ਕੇ ਮੰਤਰੀਆਂ, ਪ੍ਰਧਾਨ ਮੰਤਰ, ਰਾਸ਼ਟਰਪਤੀ, ਵਕੀਲ, ਖਿਡਾਰੀ, ਪੁਲੀਸ, ਕਲਰਕ, ਪਤਰਕਾਰ, ਹੋਸਟ, ਲੇਖਕ, ਧਾਰਮਿਕ ਪਰਚਾਰਕ, ਧਾਰਮਿਕ, ਸਮਾਜਕ ਅਤੇ ਰਾਜਨੀਤਕ ਆਗੂ, ਡਾਕਟਰ, ਮਾਸਟਰ, ਪ੍ਰੋਫੈਸਰ, ਗੱਲ ਕੀ, ਹਰੇਕ ਮਹਿਕਮੇ ਵਿੱਚ, ਭਾਵੇਂ ਉਹ ਸਰਕਾਰੀ ਹੈ ਜਾਂ ਗ਼ੈਰ ਸਰਕਾਰੀ ਹੈ, ਹਰੇਕ ਜਗ੍ਹਾ ਇਹੋ-ਜਿਹੇ ਵਿਅਕਤੀ ਮੌਜੂਦ ਹਨ ਜੋ ਵੱਢੀ ਲੈ ਕੇ ਨਜ਼ਾਇਜ ਕੰਮ ਕਰਦੇ ਹਨ। ਹਾਂ, ਇਤਨਾ ਕੁ ਜ਼ਰੂਰ ਅੰਤਰ ਹੈ ਕਿ ਕਈ ਦੇਸ਼ਾਂ ਵਿੱਚ ਛੋਟੇ ਤੋਂ ਛੋਟੇ ਕੰਮ ਲਈ ਵੀ ਵੱਢੀ ਦੇਣੀ ਪੈਂਦੀ ਹੈ ਅਤੇ ਕਿਤੇ ਇਤਨੀ ਵਿਆਪਕ ਰੂਪ ਵਿੱਚ ਦੇਖਣ ਨੂੰ ਨਹੀਂ ਮਿਲਦੀ ਹੈ। ਉਦਾਹਰਣ ਵਜੋਂ ਭਾਰਤ ਅਤੇ ਕਈ ਹੋਰ ਦੇਸ਼ਾਂ ਵਿੱਚ ਕੋਈ ਟਾਵਾਂ ਟਾਵਾਂ ਹੀ ਐਸਾ ਸਰਕਾਰੀ ਜਾਂ ਗ਼ੈਰ ਸਰਕਾਰੀ ਮਹਿਕਮਾ ਹੋਵੇਗਾ ਜਿੱਥੇ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਹੁੰਦਾ ਹੋਵੇ। ਜਿਹਨਾਂ ਦੇ ਹੱਥ ਵਿੱਚ ਤਾਕਤ ਹੈ ਉਹਨਾਂ ਨੂੰ ਵੱਢੀ ਦੇਣ ਦੀ ਲੋੜ ਨਹੀਂ ਪੈਂਦੀ ਪਰ ਆਮ ਮਨੁੱਖ ਨੂੰ ਤਾਂ ਧਰਮ ਮੰਦਰਾਂ ਵਿੱਚ ਵੀ ਕਈ ਪਰਿਸਥਿੱਤੀਆਂ ਵਿੱਚ ਸੰਬੰਧਤ ਅਧਿਕਾਰੀਆਂ ਨੂੰ ਚਾਂਦੀ ਦੀ ਜੁੱਤੀ ਮਾਰਨੀ ਪੈਂਦੀ ਹੈ। (ਨੋਟ:- ਪਿਛਲੇ ਮਹੀਨੇ ਹੀ ‘੧੨ ਜੁਲਾਈ ੨੦੧੩’ ਅਖ਼ਬਾਰਾਂ ਵਿੱਚ ਹੀ ਇਹ ਖ਼ਬਰ ਛਪੀ ਸੀ ਕਿ, “ਭਾਰਤ ਵਿੱਚ ੫੪ ਫੀਸਦੀ ਲੋਕਾਂ ਨੇ ਮੰਨਿਆਂ ਕਿ ਸਰਕਾਰੀ ਸੇਵਾਵਾਂ ਹਾਸਲ ਕਰਨ ਲਈ ਉਹਨਾਂ ਨੂੰ ਰਿਸ਼ਵਤ ਦੇਣੀ ਪਈ। ਦੁਨੀਆਂ `ਚ ਇਹ ਇਹ ਔਸਤ ੨੭ ਫੀਸਦੀ ਹੀ ਹੈ। ਇਸ ਵਿੱਚ ਪੁਲਸ, ਅਫਸਰਾਂ ਅਤੇ ਨਿਆਂ ਪਾਲਿਕਾ ਦਾ ਡਿੱਗਦਾ ਅਕਸ ਵੀ ਸਾਹਮਣੇ ਆਇਆ ਹੈ। ਪਿਛਲੇ ਸਾਲਾਂ ਦੌਰਾਨ ਰਾਸ਼ਟਰ ਮੰਡਲ, ੨ ਜੀ ਸਪੈਕਟਰਮ, ਕੋਲਾ ਅਲਾਟਮੈਂਟ, ਕਿਸਾਨ ਕਰਜ਼ ਮਾਫੀ ਵੀ ਵੀ ਆਈ ਪੀ ਹੈਲੀਕਾਪਟਰ ਸਮੇਤ ਸਾਰੇ ਛੋਟੇ ਵੱਡੇ ਘਪਲੇ ਸਾਹਮਣੇ ਆਏ ਹਨ। ਸੰਸਥਾ ਦੇ ‘ਗਲੋਬਲ ਕੁਰੱਪਸ਼ਨ ਬੈਰੋਮੀਟਰ ੨੦੧੩ ਦੀ ਰਿਪੋਰਟ ਦੇ ਮੁਤਾਬਕ, ਦੁਨੀਆਂ ਭਰ `ਚ ਔਸਤਨ ੫੩ ਫੀਸਦੀ ਵਿਅਕਤੀਆਂ ਦੀ ਤੁਲਨਾ ੭੦ ਫੀਸਦੀ ਭਾਰਤੀਆਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ `ਚ ਭਾਰਤ `ਚ ਭ੍ਰਿਸ਼ਟਾਚਾਰ ਵਧਿਆ ਹੈ।” )
ਅਜੋਕੇ ਸਮੇਂ ਵਿੱਚ ਹੀ ਨਹੀਂ ਸਗੋਂ ਪ੍ਰਾਚੀਨ ਸਮੇਂ ਤੋਂ ਵੱਢੀ ਹਰੇਕ ਖੇਤਰ ਵਿੱਚ ਦਿੱਤੀ ਅਤੇ ਲਈ ਜਾਂਦੀ ਹੈ। ਭਾਵੇਂ ਸਦੀਆਂ ਤੋਂ ਹੀ ਵੱਢੀ ਖਾਣ ਨੂੰ ਕਿਸੇ ਵੀ ਸਭਿਅਕ ਮਨੁੱਖ ਨੇ ਨਹੀਂ ਸਲਾਹਿਆ ਹੈ ਪਰ ਫਿਰ ਵੀ ਇਹ ਵਿਆਪਕ ਰੂਪ ਵਿੱਚ ਫੈਲੀ ਹੋਈ ਹੈ। ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਹੀ ਨਹੀਂ ਸਗੋਂ ਧਾਰਮਿਕ ਅਦਾਰਿਆਂ ਵਿੱਚ ਵੀ ਵਿਆਪਕ ਰੂਪ ਵਿੱਚ ਇਹ ਭਿਆਨਕ ਬੀਮਾਰੀ ਫੈਲੀ ਹੋਈ ਹੈ। ਭਾਵੇਂ ਹਰੇਕ ਧਰਮ ਵਿੱਚ ਵੱਢੀ ਲੈਣ ਦੀ ਨਿਖੇਧੀ ਕੀਤੀ ਹੋਈ ਹੈ ਪਰ ਫਿਰ ਵੀ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਵੀ ਵੱਢੀ ਲੈਣ ਵਿੱਚ ਕਿਸੇ ਤਰ੍ਹਾਂ ਦਾ ਸੰਗ-ਸੰਕੋਚ ਜਾਂ ਸ਼ਰਮ ਮਹਿਸੂਸ ਨਹੀਂ ਕਰਦੇ।
ਭਾਵੇਂ ਵੱਢੀ ਸ਼ਬਦ ਇਸ ਪ੍ਰਕਰਣ ਵਿੱਚ ਹੀ ਵਰਤਿਆ ਜਾਂਦਾ ਸੀ ਜਦੋਂ ਵੱਢੀ ਲੈਣ ਵਾਲਾ ਦੂਜੇ ਦਾ ਹੱਕ ਵੱਢ ਦੇਂਦਾ ਸੀ ਪਰ ਹੁਣ ਤਾਂ ਕਈ ਥਾਈਂ ਆਪਣਾ ਹੀ ਹੱਕ ਪ੍ਰਾਪਤ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਵੱਢੀ ਦੇਣੀ ਪੈਂਦੀ ਹੈ। ਜਿਤਨਾ ਚਿਰ ਸੰਬੰਧਤ ਅਧਿਕਾਰੀ ਦੀ ਮੁੱਠੀ ਗਰਮ ਨਾ ਕੀਤੀ ਜਾਵੇ, ਉਤਨੀ ਦੇਰ ਫਾਇਲ ਅੱਗੇ ਹੀ ਨਹੀਂ ਤੁਰਦੀ। ਇਸ ਲਈ ਹੁਣ ਇਹ ਸ਼ਬਦ ਕੇਵਲ ਇਸ ਅਰਥ ਵਿੱਚ ਹੀ ਨਹੀਂ ਵਰਤਿਆ ਜਾਂਦਾ ਕਿ ਵੱਢੀ ਖਾਣ ਵਾਲਾ ਵਿਅਕਤੀ ਵੱਢੀ ਲੈ ਕੇ ਦੂਜੇ ਦਾ ਹੱਕ ਮਾਰ ਦੇਂਦਾ ਹੈ।
ਭਾਵੇਂ ਪ੍ਰਾਚੀਨ ਸਮੇਂ ਤੋਂ ਹੀ ਮੰਨਿਆ ਜਾਂਦਾ ਹੈ ਕਿ ਵੱਢੀ ਦੇਣਾ ਅਤੇ ਵੱਢੀ ਲੈਣਾ ਜੁਰਮ ਹੈ ਪਰੰਤੂ ਫਿਰ ਵੀ ਵੱਢੀ ਲੈਣ ਦੀ ਰੁਚੀ ਘਟਨ ਦੀ ਬਜਾਏ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਹੁਣ ਇਹ ਬੀਮਾਰੀ ਇਤਨੀ ਭਿਆਨਕ ਰੂਪ ਵਿੱਚ ਫੈਲ ਚੁਕੀ ਹੈ ਕਿ ਜਨ-ਸਾਧਾਰਨ ਨੇ ਇਸ ਨੂੰ ਪੂਰਨ ਰੂਪ ਵਿੱਚ ਸਵੀਕਾਰ ਕਰ ਲਿਆ ਹੋਇਆ ਹੈ। ਇਸ ਲਈ ਸਮਾਜ ਵਿੱਚ ਨਾ ਤਾਂ ਰਿਸ਼ਵਤ ਦੇਣ ਵਾਲੇ ਨੂੰ ਮਾੜਾ ਸਮਝਿਆ ਜਾਂਦਾ ਹੈ ਅਤੇ ਨਾ ਹੀ ਲੈਣ ਵਾਲੇ ਨੂੰ। ਇਸ ਲਈ ਵੱਢੀਖ਼ੋਰ ਇਸਤਰੀ ਜਾਂ ਪੁਰਸ਼ ਸਮਾਜ ਵਿੱਚ ਬੜੀ ਆਨ-ਸ਼ਾਨ ਨਾਲ ਰਹਿੰਦੇ ਹਨ; ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਰਮਿੰਦਗੀ ਦਾ ਅਹਿਸਾਸ ਨਹੀਂ ਹੈ। ਸਾਡੇ ਭਾਈਚਾਰੇ ਵਿੱਚ ਤਾਂ ਇਹ ਗੱਲ ਆਮ ਹੀ ਸੁਣਨ ਵਿੱਚ ਆਉਂਦੀ ਹੈ ਕਿ ਮੇਰੇ ਪਤੀ ਜਾਂ ਪੁੱਤਰ ਆਦਿ ਦੀ ਤਨਖ਼ਾਹ ਤਾਂ ਇਤਨੀ ਕੁ ਹੀ ਹੈ ਪਰ ਉਤਲੀ ਆਮਦਨ ਤਨਖ਼ਾਹ ਨਾਲੋਂ ਕਿਤੇ ਜ਼ਿਆਦਾ ਹੈ। ਵੱਢੀ ਲਈ ‘ਉਤਲੀ ਆਮਦਨ’ ਸ਼ਬਦ ਵਰਤਿਆ ਜਾਂਦਾ ਹੈ। ਇਸ ਲਈ ਕਿਸੇ ਨੂੰ ਇਹ ਪੁੱਛਣ ਦੀ ਲੋੜ ਨਹੀਂ ਪੈਂਦੀ ਕਿ ਇਸ ‘ਉਤਲੀ ਆਮਦਨ’ ਤੋਂ ਕੀ ਭਾਵ ਹੈ। ਇਹ ਰੁਚੀ ਸਾਡੇ ਸਮਾਜ ਵਿੱਚ ਇੱਕ ਸਟੈੱਟਸ (ਦਰਜੇ) ਦਾ ਰੂਪ ਧਾਰਨ ਕਰ ਚੁਕਾ ਹੈ।
ਹਾਂ, ਇਤਨਾ ਕੁ ਜ਼ਰੂਰ ਹੈ ਕਿ ਕਦੀ –ਕਦਾਈਂ ਕਈ ਰਿਸ਼ਵਤਖ਼ੋਰ ਕਾਨੂੰਨ ਦੀ ਪਕੜ ਵਿੱਚ ਆ ਜਾਣ ਕਾਰਨ ਜੇਲ ਕੋਠੜੀ ਵਿੱਚ ਪਹੁੰਚ ਜਾਂਦੇ ਹਨ। ਪਰ ਕਈ ਵੱਢੀਖ਼ੋਰ ਤਾਂ ਅਜਿਹੀ ਪਰਿਸਥਿਤੀ ਵਿੱਚ ਵੀ ਵੱਢੀ ਦੇ ਕੇ ਛੁਟਕਾਰਾ ਪਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਵੱਢੀਖ਼ੋਰਾਂ ਦੀਆਂ ਕਈ ਸ਼੍ਰੇਣੀਆਂ ਹਨ। ਕੁੱਝ ਅਜਿਹੇ ਹਨ ਜਿਹੜੇ ਇੱਕ ਜਾਂ ਇੱਕ ਤੋਂ ਵਧੀਕ ਵਿਅਕਤੀਆਂ ਦਾ ਨੁਕਸਾਨ ਕਰਦੇ ਹਨ, ਕਈ ਅਜਿਹੇ ਹਨ ਜਿਹੜੇ ਇੱਕ ਜਾਂ ਇੱਕ ਤੋਂ ਵਧੀਕ ਪਰਵਾਰਾਂ ਦਾ ਨੁਕਸਾਨ ਕਰਦੇ ਹਨ, ਕਈ ਇੱਕ ਪਿੰਡ, ਨਗਰ, ਸ਼ਹਿਰ, ਸੂਬਾ, ਦੇਸ਼ ਦਾ ਨੁਕਸਾਨ ਕਰ ਜਾਂਦੇ ਹਨ, ਕਈ ਇੱਕ ਵਿਸ਼ੇਸ਼ ਧਰਮ, ਕੌਮ, ਜਾਤ ਨੂੰ ਨੁਕਸਾਨ ਪਹੁੰਚਾਉਂਦੇ ਹਨ, ਕਈ ਸਮੁੱਚੀ ਮਨੁੱਖਤਾ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਵੱਢੀਖ਼ੋਰਾਂ ਦੀ ਜੀਵਨ-ਸ਼ੈਲੀ ਦਾ ਵਰਨਣ ਕਰਦਿਆਂ ਆਖਿਆ ਹੈ:- (ੳ) ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਡੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥ ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ॥ ਲੋਕ ਮੁਹਾਵਹਿ ਚਾੜੀ ਖਾਹਿ॥ ਚਉਕਾ ਦੇ ਕੈ ਸੁਚਾ ਹੋਇ॥ ਐਸਾ ਹਿੰਦੂ ਵੇਖਹੁ ਕੋਇ॥ (ਪੰਨਾ ੯੫੧) ਅਰਥ:- ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ, ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ, (ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ, ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ। (ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿੱਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ, ਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ, ਪਰ ਵੇਖੋ ਐਸੇ ਹਿੰਦੂ ਵਲ, (ਨਿਰਾ) ਚੌਕਾ ਦੇ ਕੇ ਹੀ ਸੁੱਚਾ ਬਣਿਆ ਫਿਰਦਾ ਹੈ।
(ਅ) ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ॥ ਨਾਮੁ ਨ ਬੂਝਹਿ ਭਰਮਿ ਭੁਲਾਨਾ॥ ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ॥ (ਪੰਨਾ ੧੦੩੨) ਅਰਥ:- ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ, ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿੱਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ। ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮਤਿ ਦੀ ਫਾਹੀ ਉਹਨਾਂ ਦੇ ਗਲ ਵਿੱਚ ਪਈ ਰਹਿੰਦੀ ਹੈ।
ਇਹਨਾਂ ਫ਼ਰਮਾਨਾਂ ਵਿੱਚ ਕੇਵਲ ਧਾਰਮਿਕ ਆਗੂਆਂ ਦੀ ਇਸ ਕਾਰਜ-ਸ਼ੈਲੀ ਦੀ ਹੀ ਨਿਖੇਧੀ ਨਹੀਂ ਕੀਤੀ ਗਈ ਹੈ ਬਲਕਿ ਹਰੇਕ ਅਜਿਹੇ ਇਨਸਾਨ ਦੀ ਜੀਵਨ-ਸ਼ੈਲੀ ਵਲ ਸੰਕੇਤ ਹੈ ਜੋ ਵੱਢੀ ਲੈ ਕੇ ਦੂਜਿਆਂ ਨਾਲ ਅਨਿਆਂ ਕਰਦਾ ਹੈ। ਧਾਰਮਿਕ ਆਗੂ (ਜਿਸ ਨੂੰ ਆਮ ਮਨੁੱਖ ਰੱਬ ਨਾਲ ਮਿਲਾਉਣ ਵਾਲੇ ਵਿਚੋਲੇ ਦੇ ਰੂਪ ਵਿੱਚ ਦੇਖਦਾ ਹੈ) ਨੂੰ ਆਮ ਮਨੁੱਖ ਨਾਲੋਂ ਵਧੇਰੇ ਜ਼ਿੰਮੇਵਾਰ ਸਮਝਦਿਆਂ ਹੋਇਆਂ ਇਹਨਾਂ ਦਾ ਹੀ ਵਿਸ਼ੇਸ਼ ਤੌਰ `ਤੇ ਜ਼ਿਕਰ ਕੀਤਾ ਹੈ, ਪਰ ਭਾਵ, ਹਰੇਕ ਵੱਢੀ ਲੈਣ ਵਾਲੇ ਤੋਂ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਵੱਢੀ ਖਾਣ ਵਾਲਿਆਂ ਨੂੰ ਮਲੁ (ਗੰਦਗੀ) ਖਾਣ ਵਾਲਾ ਕਿਹਾ ਗਿਆ ਹੈ:-ਕਾਦੀ ਕੂੜੁ ਮਲੁ ਖਾਇ॥ (ਪੰਨਾ ੬੬੨) ਮਲੁ ਦਾ ਅੱਖਰੀਂ ਅਰਥ ਹੈ ਮੈਲ। ਮੈਲ ਤੋਂ ਇੱਥੇ ਭਾਵ ਰਿਸ਼ਵਤਖ਼ੋਰੀ ਤੋਂ ਹੈ।
ਗੁਰਬਾਣੀ ਵਿੱਚ ਵੱਢੀ ਲਈ ‘ਬਿਸਟਾਲਾ’ ਸ਼ਬਦ ਵੀ ਆਇਆ ਹੈ: ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ॥ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ॥ (ਪੰਨਾ ੭੯੩) ‘ਬਿਸਟਾਲਾ’ ਸ਼ਬਦ ਬਿਸਟਾ ਤੋਂ ਬਣਿਆ ਹੈ। ਬਿਸਟਾ ਦਾ ਅਰਥ ਹੈ ਗੰਦਗੀ, ਮਲ, ਗੂੰਹ। ਬਿਸਟਾਲਾ ਦਾ ਅਰਥ ਹੈ ਗੰਦਗੀ ਖਾਣ ਦੀ ਕ੍ਰਿਆ। ਭਾਵ, ਰਿਸ਼ਵਤ, ਵੱਢੀ।
ਸਾਡੇ ਸਮਾਜ ਵਿੱਚ ਵੱਢੀਖ਼ੋਰਾਂ ਦੀ ਇੱਕ ਹੋਰ ਸ਼੍ਰੇਣੀ ਹੈ, ਜਿਸ ਦੀ ਜਨ-ਸਾਧਾਰਨ ਵਿੱਚ ਘੱਟ ਹੀ ਚਰਚਾ ਹੁੰਦੀ ਹੈ। ਇਹ ਸ਼੍ਰੇਣੀ ਧਾਰਮਿਕ ਭੇਖ ਵਿੱਚ ਵਿਚਰਨ ਵਾਲੀ ਹੈ। ਵੱਢੀਖ਼ੋਰਾਂ ਦੀ ਇਹ ਸ਼੍ਰੇਣੀ ਕਿਧਰੇ ਕਥਿਤ ਜੋਤਸ਼ੀਆਂ ਦੇ ਰੂਪ ਵਿੱਚ, ਕਿਧਰੇ ਤਾਂਤ੍ਰਿਕਾਂ ਦੇ ਰੂਪ ਵਿੱਚ, ਕਿਧਰੇ ਕਥਿਤ ਸੰਤ ਬਾਬਿਆਂ ਦੇ ਰੂਪ ਵਿੱਚ ਅਤੇ ਕਿਧਰੇ ਕਥਿਤ ਧਾਰਮਿਕ ਆਗੂਆਂ ਦੇ ਰੂਪ ਵਿੱਚ ਵਿਚਰ ਰਹੀ ਹੈ। (ਨੋਟ:- ਅਸੀਂ ਕੇਵਲ ਉਹਨਾਂ ਕਥਿਤ ਧਾਰਮਿਕ ਆਗੂਆਂ ਦੀ ਹੀ ਗੱਲ ਕਰ ਰਹੇ ਹਾਂ ਜਿਹੜੇ ਧਰਮ ਅਤੇ ਰੱਬ ਦੇ ਨਾਮ `ਤੇ ਭੋਲੀ ਭੋਲੀ ਲੋਕਾਈ ਨੂੰ ਦੋਹੀਂ ਹੱਥੀਂ ਲੁਟਣਾ ਹੀ ਆਪਣੇ ਜੀਵਨ ਦਾ ਆਦਰਸ਼ ਬਣਾਈ ਬੈਠੇ ਹਨ। ਧਰਮ ਦਾ ਤੱਤ ਸਮਝ ਕੇ ਇਸ ਦੀਆਂ ਕਦਰਾਂ-ਕੀਮਤਾਂ ਨੂੰ ਲੋਕਾਈ ਵਿੱਚ ਪ੍ਰਚਾਰਨ ਵਾਲੇ ਸੱਚੇ-ਸੁੱਚੇ ਧਰਮੀਆਂ ਦੀ ਗੱਲ ਨਹੀਂ ਕਰ ਰਹੇ ਹਾਂ। ਇਨਸਾਨੀ ਕਦਰਾਂ-ਕੀਮਤਾਂ ਨੂੰ ਖ਼ੁਦ ਅਪਣਾ ਕੇ, ਲੋਕਾਂ ਵਿੱਚ ਪ੍ਰਚਾਰਨ ਵਾਲਿਆਂ ਦੀ ਇਸ ਸ੍ਰੇਸ਼ਟ ਕਰਣੀ ਅੱਗੇ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ।)
ਤਾਂਤ੍ਰਿਕ, ਜੋਤਸ਼ੀ ਆਦਿ ਦੇ ਰੂਪ ਵਿੱਚ ਵਿਚਰਨ ਵਾਲੀ ਸ਼੍ਰੇਣੀ ਅਕਸਰ ਇਹ ਦਾਅਵਾ ਕਰਦੀ ਹੈ ਕਿ ਉਹ ਹਰੇਕ ਸਮੱਸਿਆ ਦਾ ਹੱਲ ਕੁਛ ਦਿਨਾਂ ਵਿੱਚ ਹੀ ਕਰ ਕੇ ਮਨੁੱਖ ਨੂੰ ਇਸ ਤੋਂ ਛੁਟਕਾਰਾ ਦਿਵਾ ਸਕਦੇ ਹਨ। ਹੈਰਾਨਗੀ ਇਸ ਗੱਲ ਦੀ ਹੈ ਕਿ ਇਹ ਤਾਂਤ੍ਰਿਕ ਬਾਬੇ ਇੱਕ ਦੂਜੇ ਨੂੰ ਚੈਲੰਜ ਕਰਦੇ ਹੋਏ ਇਹ ਦਾਅਵਾ ਕਰਦੇ ਹਨ ਕਿ ਉਹ ਦੂਜੇ ਤਾਂਤ੍ਰਿਕਾਂ ਨਾਲੋਂ ਪਹਿਲਾਂ ਕੰਮ ਕਰਾ ਸਕਦੇ ਹਨ। ਭਾਵੇਂ ਇਹ ਲੋਕ ਸ਼ਰੇਆਮ ਇਸ ਤਰ੍ਹਾਂ ਦੀ ਘੋਸ਼ਣਾ ਕਰ ਰਹੇ ਹਨ ਪਰ ਕਿਸੇ ਦੇਸ਼ ਵਿੱਚ ਅਜਿਹਾ ਕਾਨੂੰਨ ਨਹੀਂ ਹੈ ਜੋ ਇਹਨਾਂ ਨੂੰ ਆਪਣੀ ਪਕੜ ਵਿੱਚ ਲੈ ਸਕੇ।
ਆਮ ਵੱਢੀਖ਼ੋਰਾਂ ਅਤੇ ਧਾਰਮਿਕ ਭੇਖ ਵਿੱਚ ਵਿਚਰਨ ਵਾਲੇ ਵੱਢੀਖ਼ੋਰਾਂ ਵਿੱਚ ਇੱਕ ਬੁਨਿਆਦੀ ਅੰਤਰ ਦੇਖਣ ਵਿੱਚ ਆਉਂਦਾ ਹੈ। ਉਹ ਅੰਤਰ ਇਹ ਹੈ ਕਿ ਆਮ ਵੱਢੀਖ਼ੋਰ, ਵੱਢੀ ਲੈ ਕੇ, ਰਿਸ਼ਵਤ ਦੇਣ ਵਾਲੇ ਦਾ ਜਾਇਜ਼ ਜਾਂ ਨਜਾਇਜ਼ ਕੰਮ ਖ਼ੁਦ ਜਾਂ ਦੂਜੇ ਪਾਸੋਂ ਕਰਵਾ ਦੇਂਦਾ ਹੈ। ਪਰ ਧਾਰਮਿਕ ਭੇਖ ਵਿੱਚ ਵਿਚਰਨ ਵਾਲੇ ਵੱਢੀ ਲੈ ਕੇ ਵੀ ਵੱਢੀ ਦੇਣ ਵਾਲਿਆਂ ਦਾ ਕੰਮ ਨਹੀਂ ਕਰਵਾ ਸਕਦੇ ਹਨ। ਚੂੰਕਿ ਇਹਨਾਂ ਵੱਢੀਖ਼ੋਰਾਂ ਦੇ ਆਪਣੇ ਹੱਥ ਵੱਸ ਕੁੱਝ ਵੀ ਨਹੀਂ ਹੈ। ਉਦਾਹਰਣ ਵਜੋਂ ਜਿਵੇਂ ਕੋਈ ਕਥਿਤ ਜੋਤਸ਼ੀ ਆਦਿ ਗ੍ਰਿਹਾਂ ਬਾਰੇ ਭਰਮ ਪਾ ਕੇ ਕਿਸੇ ਨੂੰ ਕਹਿੰਦਾ ਹੈ ਕਿ ਉਹ ਵਿਸ਼ੇਸ਼ ਪੂਜਾ ਦੁਆਰਾ ਅਮਕੇ ਗ੍ਰਹਿ ਦੇ ਮਾੜੇ ਪ੍ਰਭਾਵ ਤੋਂ ਉਸ ਨੂੰ ਛੁਟਕਾਰਾ ਦਿਵਾ ਦੇਵੇਗਾ। ਪਰ ਗ੍ਰਹਿਾਂ ਨੂੰ ਇਸ ਗੱਲ ਦੀ ਭਿਣਕ ਤੀਕ ਵੀ ਨਹੀਂ ਹੈ ਕਿ ਉਹ ਕਿਸੇ ਪ੍ਰਾਣੀ ਲਈ ਮਾੜਾ ਪ੍ਰਭਾਵ ਪੈਦਾ ਕਰਨ ਦਾ ਕਾਰਨ ਬਣ ਰਹੇ ਹਨ। ਉਹਨਾਂ ਨੂੰ ਤਾਂ ਇਸ ਗੱਲ ਦੀ ਵੀ ਕੋਈ ਖ਼ਬਰ ਨਹੀਂ ਹੈ ਕਿ ਕੋਈ ਵਿਅਕਤੀ ਉਹਨਾਂ ਦੀ ਪੂਜਾ ਕਰ ਰਿਹਾ ਹੈ। ਜੇਕਰ ਇਹ ਕਲਪਣਾ ਕਰ ਵੀ ਲਈਏ ਕਿ ਇਹਨਾਂ ਗ੍ਰਹਿਾਂ ਨੂੰ ਇਸ ਸਭ ਕਿਸੇ ਦੀ ਖ਼ਬਰ ਹੈ ਪਰ ਫਿਰ ਵੀ ਕਿਸੇ ਨੂੰ ਦੁੱਖੀ ਜਾਂ ਸੁਖੀ ਕਰਨਾ ਇਹਨਾਂ ਗ੍ਰਹਿਾਂ ਦੇ ਵੱਸ ਵਿੱਚ ਨਹੀਂ ਹੈ।
ਇਸੇ ਤਰ੍ਹਾਂ ਕੋਈ ਧਾਰਮਿਕ ਭੇਖ ਵਿੱਚ ਵਿਚਰ ਰਿਹਾ ਪਾਖੰਡੀ ਰੱਬ ਦੇ ਨਾਮ `ਤੇ ਲੋਕਾਂ ਪਾਸੋਂ ਧਨ ਬਟੋਰ ਰਿਹਾ ਹੈ। ਪ੍ਰਭਾਵ ਇਹ ਦਿੱਤਾ ਜਾ ਰਿਹਾ ਹੈ ਕਿ ਇਹ ਧਨ-ਪਦਾਰਥ ਰੱਬ ਪਾਸ ਜਾਂ ਉਹਨਾਂ ਦੇ ਅਕਾਲ ਚਲਾਣਾ ਕਰ ਚੁਕੇ ਸੰਬੰਧੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਪਰੰਤੂ ਰੱਬ ਜਾਂ ਕਿਸੇ ਦੇਵੀ ਦੇਵਤੇ ਦੇ ਨਾਮ `ਤੇ ਧਨ-ਪਦਾਰਥ ਲੈਣ ਵਾਲਾ ਪ੍ਰਾਣੀ ਇਸ ਦਾ ਲਾਭ ਆਪ ਹੀ ਉਠਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਹਕੀਕਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੋਇਆ ਹੈ:-
(ੳ) ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ॥ ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ॥ (ਪੰਨਾ ੪੭੯) ਅਰਥ:- ਭੱਤ, ਦਾਲ, ਲੱਪੀ (ਮਿੱਠੀ ਗੋਈ; ਮਿੱਠੀ ਕੜ੍ਹੀ) ਅਤੇ ਮੁਰਕਣੀ ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿੱਚ ਕੁੱਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?)।
(ਅ) ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ॥ ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿੑ ਫੁਰਮਾਈ ਗਾਇ॥ (ਪੰਨਾ ੧੩੭੫) ਅਰਥ:-ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ! ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ)।
ਚੂੰਕਿ ਆਮ ਮੁਸਲਮਾਨ ਕਾਬੇ ਨੂੰ ਖ਼ੁਦਾ ਦਾ ਘਰ ਮੰਨਦਾ ਹੈ, ਇਸ ਵਾਸਤੇ ਕਬੀਰ ਜੀ ਭੀ ਉਹੀ ਖ਼ਿਆਲ ਦੱਸ ਕੇ ਆਖਦੇ ਹਨ ਕਿ ਖ਼ੁਦਾ ਮੇਰੇ ਹੱਜ ਤੇ ਖ਼ੁਸ਼ ਹੋਣ ਦੇ ਥਾਂ ਮੇਰੇ ਨਾਲ ਗੁੱਸੇ ਹੋ ਪਿਆ। ਅਨੇਕਾਂ ਵਾਰੀ ਹੱਜ ਕਰਨ ਤੇ ਭੀ ਖ਼ੁਦਾ ਖ਼ੁਸ਼ ਹੋ ਕੇ ਕਿਉਂ ਹਾਜੀ ਨੂੰ ਦੀਦਾਰ ਨਹੀਂ ਦੇਂਦਾ ਤੇ ਉਹ ਹਾਜੀ ਖ਼ੁਦਾ ਦੀਆਂ ਨਿਗਾਹਾਂ ਵਿੱਚ ਅਜੇ ਭੀ ਕਿਉਂ ਗੁਨਹਗਾਰ ਸਮਝਿਆ ਜਾਂਦਾ ਹੈ—ਇਸ ਭੇਤ ਦਾ ਜ਼ਿਕਰ ਇਹਨਾਂ ਸ਼ਲੋਕਾਂ ਵਿੱਚ ਕੀਤਾ ਗਿਆ ਹੈ ਕਿ ਖ਼ੁਦਾ ਦੇ ਨਾਮ ਤੇ ਗਾਂ ਆਦਿਕ ਦੀ ਕੁਰਬਾਨੀ ਦੇ ਦੇਣੀ, ਰਲ-ਮਿਲ ਕੇ ਸਭ ਕੁੱਝ ਆਪ ਖਾ ਪੀ ਜਾਣਾ ਹੀ ਤੇ ਫਿਰ ਇਹ ਸਮਝ ਲੈਣਾ ਕਿ ਇਸ ਕੁਰਬਾਨੀ ਦੇ ਇਵਜ਼ ਅਸਾਡੇ ਗੁਨਾਹ ਬਖ਼ਸ਼ ਦਿੱਤੇ ਗਏ ਹਨ—ਇਹ ਬੜਾ ਭਾਰਾ ਭੁਲੇਖਾ ਹੈ। ਇਹ, ਖ਼ੁਦਾ ਨੂੰ ਖ਼ੁਸ਼ ਕਰਨ ਦਾ ਤਰੀਕਾ ਨਹੀਂ। ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਾਕੀਜ਼ਗੀ-ਪਵਿਤ੍ਰਤਾ ਨਾਲ। ਨੋਟ:-ਇਥੇ ਮਾਸ ਖਾਣ ਜਾਂ ਨਾਹ ਖਾਣ ਤੇ ਬਹਸ ਨਹੀਂ ਹੈ। ਕਬੀਰ ਜੀ ਸਿਰਫ਼ ਇਹ ਆਖਦੇ ਹਨ ਕਿ ਕੁਰਬਾਨੀ ਦੇਣ ਵਾਲੇ ਖਾ ਪੀ ਤਾਂ ਆਪ ਹੀ ਜਾਂਦੇ ਹਨ, ਪਰ ਫ਼ਰਜ਼ ਇਹ ਕਰ ਲੈਂਦੇ ਹਨ ਕਿ ਖ਼ੁਦਾ ਦੇ ਅੱਗੇ ਭੇਟ ਕੀਤਾ ਗਿਆ ਹੈ ਤੇ ਖ਼ੁਦਾ ਨੇ ਸਾਡੇ ਪਾਪ ਬਖ਼ਸ਼ ਦਿੱਤੇ ਹਨ। ਖ਼ੁਦਾ ਨੂੰ ਖ਼ੁਸ਼ ਕਰਨ ਦੇ ਥਾਂ ਇਹ ਤਾਂ ਉਸ ਨੂੰ ਸਗੋਂ ਨਾਰਾਜ਼ ਕਰਨ ਵਾਲੀ ਗੱਲ ਹੈ।
ਨੋਟ:-ਹਜ਼ੂਰ ਸਾਹਿਬ ਵਿੱਚ ਬਕਰਾ ਵੱਢ ਕੇ ਉਸ ਦੀ ਸਿਰੀ ਨੂੰ ਉਸੇ ਵੇਲੇ ਬਾਟੇ ਵਿੱਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖੇ ਸ਼ਸਤਰ ਨੂੰ ਖੂਨ ਦਾ ਤਿਲਕ ਲਗਾਉਣ ਦੀ ਮਨਮਤੀ ਕ੍ਰਿਆ ਵੀ ਇਸੇ ਸੋਚ ਦਾ ਹੀ ਸਿੱਟਾ ਸਮਝਣਾ ਚਾਹੀਦਾ ਹੈ।
ਭਾਵੇਂ ਵੱਢੀਖ਼ੋਰਾਂ ਦੀ ਇਹ ਅਜਿਹੀ ਸ਼੍ਰੇਣੀ ਹੈ ਜਿਹੜੀ ਵੱਢੀ ਲੈ ਕੇ ਵੀ ਕਿਸੇ ਦਾ ਕੁੱਝ ਨਹੀਂ ਸੰਵਾਰਦੀ, ਪਰ ਫਿਰ ਵੀ ਲੋਕਾਈ ਇਹਨਾਂ `ਤੇ ਅੱਖਾਂ ਮੀਚ ਕੇ ਭਰੋਸਾ ਕਰਦੀ ਰਹੀ ਹੈ ਅਤੇ ਅੱਜ ਵੀ ਕਰਦੀ ਹੈ। ਇਸ ਦਾ ਮੂਲ ਕਾਰਨ ਇਤਨਾ ਹੀ ਇਹ ਹੈ ਕਿ ਜੇਕਰ ਕਿਸੇ ਦਾ ਕੋਈ ਕਾਰਜ ਨੇਪਰੇ ਚੜ੍ਹ ਜਾਂਦਾ ਹੈ ਤਾਂ ਉਹ ਇਹ ਸਮਝਦਾ ਹੈ ਕਿ ਇਹ ਕੰਮ ਇਸ ਸ਼੍ਰੇਣੀ ਦੀ ਬਦੌਲਤ ਹੀ ਹੋਇਆ ਹੈ। ਇਸ ਤਰ੍ਹਾਂ ਇਹ ਸਿਲਸਿਲਾ ਸਦੀਆਂ ਤੋਂ ਨਿਰੰਤਰ ਜਾਰੀ ਹੈ।
ਇਹਨਾਂ ਵੱਢੀਖ਼ੋਰਾਂ ਨੂੰ ਵੀ ਦੂਜੇ ਖੇਤਰ ਵਿੱਚ ਵਿਚਰ ਰਹੇ ਰਿਸ਼ਵਤਖ਼ੋਰਾਂ ਵਾਂਗ ਕਿਸੇ ਤਰ੍ਹਾਂ ਦੀ ਸ਼ਰਮਿੰਦਗੀ ਦਾ ਅਹਿਸਾਸ ਨਹੀਂ ਹੈ। ਅਜੇ ਦੂਜੇ ਖੇਤਰ ਵਿੱਚ ਵੱਢੀ ਲੈਣ ਵਾਲਿਆਂ ਨੂੰ ਤਾਂ ਭਾਵੇਂ ਜ਼ਿੰਦਗੀ ਦੇ ਕਿਸੇ ਮੋੜ `ਚ ਸ਼ਰਮਿੰਦਗੀ ਦਾ ਅਹਿਸਾਸ ਹੋ ਜਾਵੇ ਪਰ ਇਸ ਸ਼੍ਰੇਣੀ ਨੂੰ ਤਾਂ ਕਦੀ ਵੀ ਸ਼ਰਮਿੰਦਗੀ ਦਾ ਅਹਿਸਾਸ ਨਹੀਂ ਹੁੰਦਾ। ਇਹ ਗੱਲ ਵਧੇਰੇ ਵਿਆਖਿਆ ਦੀ ਮੁਹਤਾਜ ਨਹੀਂ ਹੈ ਕਿ ਇਹਨਾਂ ਵੱਢੀਖ਼ੋਰਾਂ ਨੇ ਕਦੀ ਕਿਸੇ ਦਾ ਕੁੱਝ ਨਹੀਂ ਸੰਵਾਰਿਆ ਪਰ ਫਿਰ ਵੀ ਜਨ-ਸਾਧਾਰਨ ਇਹਨਾਂ ਨੂੰ ਬੜਾ ਮਾਣ-ਸਨਮਾਨ ਦੇਂਦਾ ਹੈ।
ਇਹ ਹੀ ਕਾਰਨ ਹੈ ਕਿ ਹਰੇਕ ਦੇਸ਼ ਵਿੱਚ, ਸਮਾਜ ਵਿੱਚ ਮਨੁੱਖ ਕਈ ਤਰ੍ਹਾਂ ਦੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਰ ਇਸ ਤਰ੍ਹਾਂ ਦੇ ਦਾਅਵਾ ਕਰਨ ਵਾਲਿਆਂ ਨੂੰ ਕੋਈ ਇਹ ਸਵਾਲ ਨਹੀਂ ਕਰਦਾ ਕਿ ਜੇਕਰ ਸੱਚ-ਮੁੱਚ ਹੀ ਇਹਨਾਂ ਦੇ ਪਾਸ ਕੋਈ ਜਾਦੂ ਦੀ ਛੜੀ ਹੈ ਤਾਂ ਉਸ ਨੂੰ ਘੁੰਮਾ ਕੇ ਸਮਾਜ ਨੂੰ ਇਹਨਾਂ ਸਮਸਿੱਆਵਾਂ ਤੋਂ ਛੁਟਕਾਰਾ ਕਿਉਂ ਨਹੀਂ ਦਿਵੇ ਦੇਂਦੇ।
ਦੂਜੀ ਸ਼੍ਰੇਣੀ ਵਿੱਚ ਉਹ ਆਉਂਦੇ ਹਨ ਜੋ ਧਾਰਮਿਕ ਭੇਖ ਵਿੱਚ ਵਿਚਰ ਰਹੇ ਹਨ। ਇਹਨਾਂ ਨੂੰ ਵੀ ਦੋ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ। ਇੱਕ ਉਹ ਹਨ ਜੋ ਇਹ ਦਾਅਵਾ ਕਰਦੇ ਹਨ ਕਿ ਰੱਬ ਉਹਨਾਂ ਦੀ ਮੁੱਠੀ ਵਿੱਚ ਬੰਦ ਹੈ, ਜੋ ਉਹ ਚਾਹੁਣ ਉਹ ਪਰਮਾਤਮਾ ਪਾਸੋਂ ਕਰਵਾ ਸਕਦੇ ਹਨ। ਦੂਜੀ ਤਰ੍ਹਾਂ ਦੇ ਉਹ ਹਨ, ਜੋ ਆਪਣੇ ਬਾਰੇ ਤਾਂ ਦਾਅਵਾ ਨਹੀਂ ਕਰਦੇ ਪਰ ਜਿਸ ਸਥਾਨ ਦੀ ਉਹ ਸੇਵਾ-ਸੰਭਾਲ ਜਾਂ ਮੁੱਖੀ ਹਨ, ਉਸ ਬਾਰੇ ਜ਼ਰੂਰ ਇਸ ਤਰ੍ਹਾਂ ਦਾ ਦਾਅਵਾ ਕਰਦੇ ਹਨ ਕਿ ਇਸ ਥਾਂ `ਤੇ ਕੀਤੀ ਹੋਈ ਅਰਦਾਸ ਜਾਂ ਸੁੱਖਣਾ ਅਵੱਸ਼ ਪੂਰੀ ਹੁੰਦੀ ਹੈ। ਪਹਿਲੀ ਤਰ੍ਹਾਂ ਦੀ ਸ਼੍ਰੇਣੀ ਆਮ ਲੋਕਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਕਹਿੰਦੇ ਹਨ ਕਿ ਉਹਨਾਂ ਵਲੋਂ ਕੀਤੀ ਹੋਈ ਪੂਜਾ ਜਾਂ ਦੱਸੀ ਹੋਈ ਪੂਜਾ ਦੀ ਵਿਧੀ ਨਾਲ ਹਰੇਕ ਸਮੱਸਿਆ ਦਾ ਸਹਿਜੇ ਹੀ ਹੱਲ ਹੋ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਵੀ ਕਈ ਵਾਰ ਕਈ ਪਰਚਾਰਕ, ਬਾਬੇ ਆਦਿ ਇਸ ਤਰ੍ਹਾਂ ਦਾ ਦਾਅਵਾ ਕਰਦੇ ਹਨ ਕਿ ਉਹਨਾਂ ਵਲੋਂ ਕੀਤੀ ਹੋਈ ਅਰਦਾਸ ਨਾਲ ਅਮਕੇ ਅਮਕੇ ਪ੍ਰਾਣੀਆਂ ਦੇ ਕਾਰਜ ਪੂਰੇ ਹੋਏ ਹਨ। ਆਮ ਲੋਕੀਂ ਇਹੋ-ਜਿਹੇ ਗਪੌੜ ਮਾਰਨ ਵਾਲਿਆਂ ਦੀਆਂ ਇਹਨਾਂ ਗੱਪਾਂ ਨੂੰ ਸੱਚ ਸਮਝ ਲੈਂਦੇ ਹਨ। ਅਸੀਂ ਵੀ ਅਜਿਹੇ ਹੀ ਇੱਕ ਪ੍ਰਾਣੀ ਨੂੰ ਜਾਣਦੇ ਹਾਂ ਜਿਹੜੇ ਇਹੋ ਜਿਹੇ ਦਾਅਵਾ ਕਰਿਆ ਕਰਦੇ ਸਨ। ਪਰ ਇੱਕ ਵਾਰ ਉਹਨਾਂ ਵਲੋਂ ਇੱਕ ਪਰਵਾਰ ਲਈ ਪੁੱਤਰ ਦੀ ਅਰਦਾਸ ਕਰਨ ਦੇ ਬਾਵਜੂਦ ਜਦੋਂ ਉਹਨਾਂ ਦੇ ਘਰ ਪੁੱਤਰ ਦੀ ਥਾਂ ਸਪੁੱਤਰੀ ਨੇ ਜਨਮ ਲਿਆ ਤਾਂ ਉਹਨਾਂ ਨੂੰ ਪਰਵਾਰ ਦੀ ਕ੍ਰੋਪੀ ਦਾ ਸ਼ਿਕਾਰ ਹੋਣ ਦੇ ਨਾਲ ਨਾਲ, ਉਹਨਾਂ ਕੋਲੋਂ ਲਈ ਹੋਈ ਵੱਢੀ (ਅਡਵਾਂਸ ਭੇਟਾ) ਵੀ ਵਾਪਸ ਕਰਨੀ ਪਈ ਸੀ।
ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੇ ਪ੍ਰਾਣੀਆਂ ਦੇ ਇਹੋ-ਜਿਹੇ ਫੋਕੇ ਦਾਅਵਿਆਂ ਦੀ ਅਸਲੀਅਤ ਲੋਕਾਈ ਦੇ ਸਾਹਮਣੇ ਰੱਖੀ ਹੋਈ ਹੈ। ਚੁਨਾਂਚਿ ਕਬੀਰ ਸਾਹਿਬ ਇਸ ਸ਼੍ਰੇਣੀ ਵਲੋਂ ਸਦੀਆਂ ਤੋਂ ਲੋਕਾਈ ਨੂੰ ਲੁੱਟਣ ਦੇ ਬਾਵਜੂਦ ਵੀ ਕੁੱਝ ਨਾ ਸੰਵਾਰਨ ਦਾ ਨਿਹੋਰਾ ਦੇਂਦਿਆਂ ਫ਼ਰਮਾਉਂਦੇ ਹਨ:-
ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ॥ (ਪੰਨਾ ੪੮੨) ਅਰਥ:- ਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ। ਪਰ ਤੁਸੀ ਹੁਣ ਤਕ ਨਕਾਰੇ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾਹ ਦਿੱਤੀ)
ਇਹੋ-ਜਿਹੇ ਵਿਅਕਤੀ ਹਰੇਕ ਧਰਮ ਵਿੱਚ ਮਿਲਦੇ ਹਨ। ਭਾਵੇਂ ਸੱਚੇ ਧਰਮੀਆਂ ਨੇ ਹਮੇਸ਼ਾਂ ਹੀ ਇਹੋ-ਜਿਹੇ ਵੱਢੀਖ਼ੋਰਾਂ ਦੇ ਵਿਰੁੱਧ ਆਵਾਜ਼ ਉਠਾਈ ਹੈ ਪਰ ਫਿਰ ਵੀ ਇਹਨਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ।
ਦੂਜੀ ਤਰ੍ਹਾਂ ਦੀ ਸ਼੍ਰੇਣੀ ਕਿਸੇ ਵਿਸ਼ੇਸ਼ ਸਥਾਨ ਬਾਰੇ ਆਪ ਅਤੇ ਆਪਣੇ ਸਿੱਖਾਂ ਸੇਵਕਾਂ ਦੁਆਰਾ ਕਈ ਤਰ੍ਹਾਂ ਦੀਆਂ ਮਨ-ਘੜਤ ਕਹਾਣੀਆਂ ਪ੍ਰਚਾਰ ਕੇ ਇਹ ਦਰਸਾਉਣ ਦੀ ਕੋਸ਼ਸ਼ ਕਰਦੀ ਹੈ ਕਿ ਇਸ ਥਾਂ `ਤੇ ਹਰ ਤਰ੍ਹਾਂ ਸੁੱਖਣਾ ਪੂਰੀ ਹੁੰਦੀ ਹੈ।
ਆਮ ਵੱਢੀਖ਼ੋਰਾਂ ਤੋਂ ਤਾਂ ਮਨੁੱਖ ਸੁਚੇਤ ਹੁੰਦਾ ਜਾ ਰਿਹਾ ਹੈ। ਇਸ ਸੁਚੇਤਤਾ ਕਾਰਨ ਹੀ ਕਈ ਵੱਢੀਖ਼ੋਰ ਕਾਨੂੰਨ ਦੀ ਪਕੜ ਵਿੱਚ ਆ ਜਾਂਦੇ ਹਨ ਪਰ ਧਾਰਮਿਕ ਭੇਖ ਵਿੱਚ ਵਿਚਰ ਰਹੇ ਇਹਨਾਂ ਵੱਢੀਖ਼ੋਰਾਂ ਤੋਂ ਜਨ-ਸਾਧਾਰਨ ਅਜੇ ਵੀ ਅਚੇਤ ਹੈ।




.