.

ਚਰਿਤ੍ਰੋਪਾਖਿਆਨ ਵਿਖੇ “ਸਬੁਧਿ ਬਾਚ ਚੌਪਈ” !

ਜਿਵੇਂ ਬਹੁਤ ਸਾਰੇ ਸਿੱਖਾਂ ਨੂੰ ਜਾਣਕਾਰੀ ਪਰਾਪਤ ਹੋ ਗਈ ਹੈ ਕਿ ਬਚਿਤ੍ਰ ਨਾਟਕ, ਜਿਹੜਾ ਕਿ ਅੱਜ-ਕਲ ਅਖੌਤੀ ਦਸਮ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਵਿੱਚ ਕਿਸੇ ਗੁਮਨਾਮ ਲਿਖਾਰੀ ਨੇ ਸਿਰਲੇਖ: `ਚਰਿਤ੍ਰੋਪਾਖਿਆਨ’ ਹੇਠ ੪੦੪ ਚਰਿਤ੍ਰ ਲਿਖੇ ਹੋਏ ਹਨ। ਅਖੀਰਲੇ ਚਰਿਤ੍ਰ ਨੰਬਰ ੪੦੪ ਦੇ ੪੦੫ ਪੈਰੇ ੧ ਤੋਂ ੪੦੫ ਤੱਕ ਦਰਜ਼ ਕੀਤੇ ਹੋਏ ਹਨ। ਸਾਨੂੰ ਇਹ ਭੀ ਗਿਆਤ ਹੈ ਕਿ “ਦੀ ਸਿੱਖ ਗੁਰਦੁਆਰਾਜ਼ ਐਕਟ ੧੯੨੫” ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਹੋਂਦ ਵਿੱਚ ਆਈ, ਜਿਸ ਦਾ ਮੁੱਖ ਕਾਰਜ: ਇਤਿਹਾਸਕ ਗੁਰਦੁਆਰਿਆਂ ਦੀ ਦੇਖ਼-ਭਾਲ ਕਰਨਾ ਅਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦਾ ਪ੍ਰਚਾਰ ਕਰਨਾ। ਇਸ ਮੰਤਵ ਨੂੰ ਅਗੇ ਤੋਰਨ ਲਈ, ਸਿੱਖ ਰਹਤ ਮਰਯਾਦਾ ਬਾਰੇ ਸੋਚ-ਵਿਚਾਰ ਕੀਤੀ ਗਈ, ਜਿਸ ਸਦਕਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ ੩-੨-੪੫ ਮਤਾ ਨੰਬਰ ੯੭ ਅਨੁਸਾਰ “ਸਿੱਖ ਰਹਿਤ ਮਰਯਾਦਾ” ਨੂੰ ਪ੍ਰਵਾਨਗੀ ਦਿੱਤੀ। ਇੰਜ, ਨਿੱਤ-ਨੇਮ ਅਤੇ ਅੰਮ੍ਰਿਤ ਸੰਸਕਾਰ ਬਾਣੀਆਂ ਹੇਠ ਬੇਨਤੀ ਚੌਪਈ ( ‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸ਼ਟ ਦੋਖ ਤੋਂ ਲੇਹੁ ਬਚਾਈ’ ਤੱਕ) ਪਾਠ ਕਰਨ ਦੀ ਹਿਦਾਇਤ ਕੀਤੀ ਹੋਈ ਹੈ। ਪਰ, ਇਸ ਬਾਰੇ ਹੋਰ ਕੋਈ ਸੰਕੇਤ ਨਹੀਂ ਦਿੱਤਾ ਹੋਇਆ ਕਿ ਇਹ ਵਾਰਤਾ ਕਿਥੋਂ ਲਈ ਗਈ ਅਤੇ ਇਸ ਨੂੰ ਕਿਸ ਆਧਾਰ `ਤੇ ਚੁਣਿਆ ਗਿਆ ਸੀ?

ਅਖੀਰਲੇ ਚਰਿਤ੍ਰ ਨੰਬਰ ੪੦੪ ਵਿਖੇ (੧੪) ਚੌਪਈਆਂ ਲਿਖੀਆਂ ਹੋਈਆਂ ਹਨ ਅਤੇ ਇਸ ਦੇ ਲੜੀ ਨੰਬਰਾਂ ਵਿਚੋਂ ਨੰਬਰ ੩੭੭ ਤੋਂ ੪੦੧ ਨੂੰ ਬਦਲ ਕੇ ੧ ਤੋਂ ੨੫ “ਨਿਤਨੇਮ ਤੇ ਹੋਰ ਬਾਣੀਆਂ” ਦੇ ਗੁਟਕਿਆਂ ਵਿੱਚ ਓਪਰ ਦੱਸੀ ਚੌਪਈ ਦਰਜ਼ ਕੀਤੀ ਹੋਈ ਹੈ। ਪਰ ਇਹ ਜਾਣਕਾਰੀ ਨਹੀਂ ਮਿਲ ਰਹੀ ਕਿ ਅਖੀਰਲੇ ਲੜੀ ਨੰਬਰ ੪੦੨ ਤੋਂ ੪੦੫ ਕਿਉਂ ਸ਼ਾਮਲ ਨਹੀਂ ਕੀਤੇ ਗਏ? ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜੇ (੨੫) ਪੈਰੇ ਹੀ ਲੈਣੇ ਸੀ ਤਾਂ ਇਸ ਚਰਿਤ੍ਰ ਦੀ ਅਰੰਭਕ ਚੌਪਈ ੧ ਤੋਂ ੨੫ ਨੰਬਰ ਹੀ ਲੈ ਲੈਂਦੇ? ਆਓ, ਇਸ ਪਹਿਲੀ ਚੌਪਈ ਬਾਰੇ ਜਾਣਕਾਰੀ ਲਈਏ:

ਸਬੁਧਿ ਬਾਚ ਚੌਪਈ

ਸਤਿ ਸੰਧਿ ਇੱਕ ਭੂਪ ਭਨਿਜੈ। ਪ੍ਰਥਮੇ ਸਤਿਜੁਗ ਬੀਚ ਕਹਿਜੈ।

ਜਿਹ ਜਸ ਪੁਰੀ ਚੌਦਹੂੰ ਛਾਯੋ। ਨਾਰਦ ਰਿਖਿ ਤਬ ਰਾਇ ਮੰਗਾਯੋ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਸਬੁਧਿ ਨੇ ਕਿਹਾ, ਸਤਿ ਸੰਧਿ ਨਾਂ ਦਾ ਇੱਕ ਰਾਜਾ ਦਸਿਆ ਜਾਂਦਾ ਸੀ। (ਉਹ) ਪਹਿਲੇ (ਯੁਗ, ਅਰਥਾਤ), ਸਤਿਯੁਗ ਵਿੱਚ ਹੋਇਆ ਕਿਹਾ ਜਾਂਦਾ ਸੀ। ਉਸ ਦਾ ਯਸ਼ ਚੌਦਾਂ ਲੋਕਾਂ ਵਿੱਚ ਪਸਰਿਆ ਹੋਇਆ ਸੀ। ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ। ੧।

ਸਭ ਦੇਵਨ ਕੋ ਰਾਜਾ ਭਯੋ। ਬ੍ਰਹਮਾ ਤਿਲਕ ਆਪੁ ਤਿਹ ਦਯੋ।

ਨਿਹਕੰਟਕ ਸੁਰ ਕਟਕ ਕਿਯਾ ਸਬ। ਦਾਨਵ ਮਾਰ ਨਿਕਾਰ ਦਏ ਜਬ। ੨।

ਅਰਥ: (ਉਹ) ਸਾਰਿਆਂ ਦੇਵਤਿਆਂ ਦਾ ਰਾਜਾ ਬਣ ਗਿਆ ਅਤੇ ਬ੍ਰਹਮਾ ਨੇ ਆਪ ਉਸ ਨੂੰ ਤਿਲਕ ਲਗਾਇਆ। ਉਸ ਨੇ ਸਾਰੇ ਦੇਵਤਿਆਂ ਦੇ ਦਲ ਨੂੰ (ਵੈਰੀਆਂ ਦੇ ਡਰ ਤੋਂ) ਮੁਕਤ (ਨਿਹਕੰਟਕ) ਕਰ ਦਿੱਤਾ, ਜਦ (ਸਾਰਿਆਂ) ਦੈਂਤਾਂ ਨੂੰ ਮਾਰ ਕੇ ਕਢ ਦਿੱਤਾ। ੨।

ਇਹ ਬਿਧਿ ਰਾਜ ਬਰਖ ਬਹੁ ਕਿਯਾ। ਦੀਰਘ ਦਾੜ ਦੈਂਤ ਭਵ ਲਿਯਾ।

ਦਸ ਸਹਸ ਛੂਹਨਿ ਦਲ ਲੈ ਕੈ। ਚਿੜ ਆਯੋ ਤਿਹ ਊਪਰ ਤੈ ਕੈ। ੩।

ਅਰਥ: ਇਸ ਤਰ੍ਹਾਂ ਉਸ ਨੇ ਬਹੁਤ ਸਾਲਾਂ ਤਕ ਰਾਜ ਕੀਤਾ। (ਤਦ) ਦੀਰਘ ਦਾੜ੍ਹ ਦੈਂਤ ਨੇ ਜਨਮ ਲਿਆ। ਉਹ ਦਸ ਹਜ਼ਾਰ ਅਛੋਹਣੀ ਦਲ ਲੈ ਕੇ ਰੋਹ ਨਾਲ ਉਸ (ਰਾਜੇ) ਉਤੇ ਚੜ੍ਹ ਆਇਆ। ੩।

ਸਭ ਦੇਵਨ ਐ ਸੁਨਿ ਪਾਯੋ। ਦੀਰਘ ਦਾੜ ਦੈਂਤ ਚੜਿ ਆਯੋ।

ਬੀਸ ਸਹਸ ਛੋਹਨਿ ਦਲ ਲਿਯੋ। ਵਾ ਸੌ ਜਾਇ ਸਮਾਗਮ ਕਿਯੋ। ੪।

ਅਰਥ: ਸਭ ਦੇਵਤਿਆਂ ਨੇ ਇਸ ਤਰ੍ਹਾਂ ਸੁਣ ਲਿਆ ਕਿ ਦੀਰਘ ਦੈਂਤ ਚੜ੍ਹ ਕੇ ਆ ਗਿਆ ਹੈ। ਉਨ੍ਹਾਂ ਨੇ ਵੀ ਵੀਹ ਹਜ਼ਾਰ ਅਛੋਹਣੀ ਦਲ ਲੈ ਕੇ ਉਸ ਨਾਲ ਜਾ ਕੇ ਟਾਕਰਾ ਕੀਤਾ। ੪।

ਸੂਰਜ ਕਹ ਸੈਨਾਪਤਿ ਕੀਨਾ। ਦਹਿਨੇ ਓਰ ਚੰਦ੍ਰ ਕਹ ਦੀਨਾ।

ਬਾਈ ਓਰ ਕਾਰਤਿਕੇ ਧਰਾ। ਜਿਹ ਪੌਰਖ ਕਿਨਹੂੰ ਨਹਿ ਹਰਾ। ੫।

ਅਰਥ: (ਦੇਵਤਿਆਂ ਨੇ) ਸੂਰਜ ਨੂੰ ਸੈਨਾ-ਪਤੀ ਬਣਾਇਆ। ਸੱਜਾ ਪਾਸਾ ਚੰਦ੍ਰਮਾ ਨੂੰ ਦਿੱਤਾ। ਖੱਬੇ ਪਾਸੇ ਕਾਰਤਿਕੇਯ ਨੂੰ ਰਖਿਆ ਜਿਸ ਦੇ ਬਲ ਨੂੰ ਕਿਸੇ ਨੇ (ਕਦੇ) ਨਸ਼ਟ ਨਹੀਂ ਕੀਤਾ। ੫।

ਇਹ ਦਿਸ ਸਕਲ ਦੇਵ ਚੜਿ ਧਾਏ। ਉਹਿ ਦਿਸਿ ਤੇ ਦਾਨਵ ਮਿਲਿ ਆਏ।

ਬਾਜਨ ਭਾਤਿ ਭਾਤਿ ਤਨ ਬਾਜੇ। ਦੋਊ ਦਿਸਿਨ ਸੂਰਮਾ ਗਾਜੇ। ੬।

ਅਰਥ: ਇਸ ਪਾਸਿਓਂ ਸਾਰੇ ਦੇਵਤੇ ਚੜ੍ਹ ਪਏ। ਉਸ ਪਾਸੇ ਵਲੋਂ ਸਾਰੇ ਦੈਂਤ ਮਿਲ ਕੇ ਆ ਗਏ। ਕਈ ਤਰ੍ਹਾਂ ਦੇ ਵਾਜੇ ਵਜਣ ਲਗੇ। ਦੋਹਾਂ ਦਿਸ਼ਾਵਾਂ ਵਿੱਚ ਸੂਰਮੇ ਗਜਣ ਲਗੇ। ੬।

ਦੈ ਦੈ ਢੋਲ ਬਜਾਇ ਨਗਾਰੇ। ਪੀ ਪੀ ਭਏ ਕੈਫ ਮਤਵਾਰੇ।

ਤੀਸ ਸਹਸ ਛੋਹਨਿ ਦਲ ਸਾਥਾ। ਰਨ ਦਾਰੁਨੁ ਰਾਚਾ ਜਗਨਾਥਾ। ੭।

ਅਰਥ: (ਉਨ੍ਹਾਂ ਨੌ) ‘ਦੈ ਦੈ’ ਕਰਦੇ ਢੋਲ ਅਤੇ ਨਗਾਰੇ ਵਜਾਏ ਅਤੇ ਸ਼ਰਬਿ ਪੀ ਪੀ ਕੇ ਮਤਵਾਲੇ ਹੋ ਗਏ। ਤੀਹ ਹਜ਼ਾਰ ਅਛੋਹਣੀ ਸੈਨਾ ਵਿੱਚ ਪਰਮਾਤਮਾ ਨੇ ਭਿਆਨਕ ਯੁੱਧ ਮਚਾ ਦਿੱਤਾ। ੭।

ਭਾਤਿ ਭਾਤਿ ਮਾਰੂ ਜਬ ਬਾਜਜੋ। ਦੀਰਘ ਦਾੜ ਦੈਂਤ ਰਨ ਗਾਜੋ।

ਤੀਛਨ ਬਾਨ ਦੋਊ ਦਿਸਿ ਬਹਹੀ। ਜਾਹਿ ਲਗਤ ਤਿਹ ਮਾਝ ਨ ਰਹਹੀ। ੮।

ਅਰਥ: ਜਦ ਭਾਂਤ ਭਾਂਤ ਦੇ ਮਾਰੂ ਵਾਜੇ ਵਜਣ ਲਗੇ, (ਤਦ) ਦੀਰਘ ਦਾੜ੍ਹ ਦੈਂਤ ਰਣ ਵਿੱਚ ਗਜਣ ਲਗਾ। ਦੋਹਾਂ ਪਾਸਿਓਂ ਤੋਂ ਤਿਖੇ ਬਾਣ ਚਲ ਰਹੇ ਸਨ। ਜਿਸ ਨੂੰ ਜਾ ਕੇ ਲਗਦੇ, ਉਸ ਦੇ ਵਿੱਚ ਰਹਿੰਦੇ ਨਹੀਂ ਸਨ (ਭਾਵ- ਪਾਰ ਹੋ ਜਾਂਦੇ ਸਨ)। ੮।

ਧਾਵਤ ਭਏ ਦੇਵਤਾ ਜਬ ਹੀ। ਦਾਨਵ ਭਰੇ ਰੋਸ ਤਨ ਤਬ ਹੀ।

ਭਾਤਿ ਭਾਤਿ ਬਾਦਿਤ੍ਰ ਬਜਾਇ। ਖਤ੍ਰੀ ਉਠੇ ਖਿੰਗ ਖੁਨਸਾਇ। ੯।

ਅਰਥ: ਜਦ ਦੇਵਤੇ ਚੜ੍ਹ ਕੇ ਆ ਗਏ, (ਤਦ) ਦੈਂਤ ਵੀ ਰੋਹ ਨਾਲ ਭਰ ਗਏ। ਭਾਂਤ ਭਾਂਤ ਦੇ ਵਾਜੇ ਵਜਾਏ ਗਏ। ਛਤ੍ਰੀ ਘੋੜਿਆਂ ਨੂੰ ਯੁੱਧ ਲਈ ਉਤੇਜਿਤ ਕਰਨ ਲਗੇ। ੯।

ਚਲੇ ਬਾਨ ਦੁਹੂੰ ਓਰ ਅਪਾਰਾ। ਬਿਛੂਆ ਬਰਛੀ ਬਜ੍ਰ ਹਜਾਰਾ।

ਘਦਾ ਗਰਿਸਟ ਜਵਨ ਪਰ ਝਰ ਹੀ। ਸ੍ਹਯੰਦਨ ਸਹਿਤ ਚੂਰਨ ਤਿਹ ਕਰ ਹੀ। ੧੦।

ਅਰਥ: ਦੋਹਾਂ ਪਾਸਿਆਂ ਤੋਂ ਬੇਹਿਸਾਬ ਬਾਣ, ਬਿਛੂਏ, ਬਰਛੀਆਂ ਅਤੇ ਹਜ਼ਾਰਾਂ ਬਜ੍ਰ ਚਲਣ ਲਗੇ। ਜਿਸ ਉਤੇ ਭਾਰੀ ਗਦਾਵਾਂ ਵਜਦੀਆਂ, ਉਨ੍ਹਾਂ ਨੂੰ ਰਥਾਂ ਸਮੇਤ ਚੂਰ ਚੂਰ ਕਰ ਦਿੰਦੀਆਂ। ੧੦।

ਜਾ ਕੇ ਲਗੇ ਅੰਗ ਮੈ ਬਾਨਾ। ਕਰਾ ਬੀਰ ਤਿਹ ਸਵਰਗ ਪਯਾਨਾ।

ਮਚ੍ਹਯੋ ਬੀਰ ਖੇਤ ਬਿਕਰਾਲਾ। ਨਾਚਤ ਭੂਤ ਪ੍ਰੇਤ ਬੇਤਾਲਾ। ੧੧।

ਅਰਥ: ਜਿਸ ਦੇ ਸ਼ਰੀਰ ਵਿੱਚ ਬਣ ਲਗਦੇ, ਉਹ ਸੂਰਮੇ ਸਵਰਗ ਨੂੰ ਚਲੇ ਜਾਂਦੇ। ਸੂਰਮਿਆਂ ਦਾ ਯੁੱਧ-ਭੂਮੀ ਵਿੱਚ ਭਿਆਨਕ ਯੁੱਧ ਮਚਿਆ ਅਤੇ ਭੂਤ, ਪ੍ਰੇਤ ਅਤੇ ਬੈਤਾਲ ਨਚਣ ਲਗੇ। ੧੧।

ਝੂਮਿ ਝੂਮਿ ਕਹੀ ਗਿਰੇ ਧਰਿਨ ਭਟ। ਜੁਦੇ ਜੁਦੇ ਕਹੀ ਅੰਗ ਪਰੇ ਕਟਿ।

ਚਲੀ ਸ੍ਰੋਨ ਕੀ ਨਦੀ ਬਿਰਾਜੈ। ਬੈਤਰੁਨੀ ਜਿਨ ਕੋ ਲਖਿ ਲਾਜੈ। ੧੨।

ਅਰਥ: ਕਿਧਰੇ ਝੂਮਦੇ ਹੋਏ ਸੂਰਮੇ ਧਰਤੀ ਉਤੇ ਡਿਗੇ ਪਏ ਸਨ ਅਤੇ ਕਿਧਰੇ (ਕਈਆਂ ਦੇ) ਅੰਗ ਕਟੇ ਹੋਏ ਵਖਰੇ ਪਏ ਸਨ। ਲਹੂ ਦੀ ਨਦੀ ਵਗ ਰਹੀ ਸੀ, ਜਿਸ ਨੂੰ ਵੇਖ ਕੇ ਬੈਤਰੁਨੀ (ਵਿਸ਼ੇਸ਼- ਪੁਰਾਣਾਂ ਅਨੁਸਾਰ ਯਮ-ਲੋਕ ਤੋਂ ਉਰਲੇ ਪਾਸੇ ਵਗਣ ਵਾਲੀ, ਗੰਦਗੀ ਨਾਲ ਭਰੀ ਹੋਈ ਨਦੀ ਜੋ ਦੋ ਯੋਜਨ ਚੌੜੀ ਹੈ ਅਤੇ ਜੋ ਹਿੰਦੂ ਮਤ ਅਨੁਸਾਰ ਤਰ ਕੇ ਜਾਣੀ ਹੁੰਦੀ ਹੈ। ਅਜਿਹੇ ਸਮੇਂ ਦਾਨ ਕੀਤੀ ਗਊ (ਸਹਾਇਤਾ ਕਰਦੀ ਹੈ) ਵੀ ਸ਼ਰਮਿੰਦੀ ਹੁੰਦੀ ਸੀ। ੧੨।

ਇਹ ਦਿਸਿ ਅਧਿਕ ਦੇਵਤਾ ਕੋਪੇ। ਉਹਿ ਦਿਸਿ ਪਾਵ ਦਾਨਵਨ ਰੋਪੇ।

ਕੁਪਿ ਕੁਪਿ ਅਧਿਕ ਹ੍ਰਿਦਨ ਮੋ ਭਿਰੇ। ਜੂਝਿ ਜੂਝਿ ਗੇ ਬਹੁਰਿ ਨ ਫਿਰੇ। ੧੩।

ਅਰਥ: ਇਸ ਪਾਸੇ ਦੇਵਤੇ ਬਹੁਤ ਗੁੱਸੇ ਵਿੱਚ ਹੋਏ ਅਤੇ ਉਸ ਪਾਸੇ ਦੈਂਤਾਂ ਨੇ ਪੈਰ ਗਡ ਦਿੱਤੇ। ਹਿਰਦਿਆਂ ਵਿੱਚ ਅਧਿਕ ਕ੍ਰੋਧਿਤ ਹੋ ਕੇ, ਜੂਝ ਜੂਝ ਕੇ (ਮਰ) ਗਏ ਅਤੇ ਫਿਰ ਨ ਪਰਤੇ। ੧੩।

ਕੋਟਿਕ ਕਟਕ ਤਹਾ ਕਟਿ ਮਰੇ। ਜੂਝੇ ਗਿਰੇ ਬਰੰਗਨਿਨ ਬਰੇ।

ਦੋਊ ਦਿਸਿ ਮਰੇ ਕਾਲ ਕੇ ਪ੍ਰੇਰੇ। ਗਿਰੇ ਭੂਮਿ ਰਨ ਫਿਰੇ ਨ ਫੇਰੇ। ੧੪।

ਅਰਥ: ਬਹੁਤ ਸਾਰੇ ਸੂਰਮੇ ਉਥੇ ਕਟ ਕੇ ਮਰ ਗਏ। ਉਹ ਜੂਝ ਕੇ ਡਿਗ ਪਏ ਅਤੇ (ਉਨ੍ਹਾਂ ਨਾਲ) ਪਰੀਆਂ ਨੇ ਵਿਆਹ ਕਰਵਾ ਲਏ। ਕਾਲ ਦੇ ਪ੍ਰੇਰੇ ਹੋਏ ਸੂਰਮੇ ਦੋਹਾਂ ਪਾਸਿਆਂ ਤੋਂ ਮਰੇ। (ਸ਼ੂਰਵੀਰ) ਧਰਤੀ ਉਤੇ ਡਿਗ ਪਏ ਅਤੇ ਫਿਰ ਨਹੀਂ ਪਰਤੇ। ੧੪।

ਸਤਿ ਸੰਧਿ ਦੇਵਿਸ ਇਤ ਧਾਯੋ। ਦੀਰਘ ਦਾੜ ਉਹ ਓਰ ਰਿਸਾਯੋ।

ਬਜ੍ਰ ਬਾਣ ਬਿਛੂਆ ਕੈ ਕੈ ਬ੍ਰਣ। ਜੂਝਿ ਜੂਝਿ ਭਟ ਗਿਰਤ ਭਏ ਰਣ। ੧੫।

ਅਰਥ: ਇਸ ਪਾਸੇ ਤੋਂ ਦੇਵਤਿਆਂ ਦਾ ਸੁਆਮੀ ਸਤਿ ਸੰਧਿ ਚੜ੍ਹ ਪਿਆ ਅਤੇ ਉਸ ਪਾਸੇ ਤੋਂ ਦੀਰਘ ਦਾੜ੍ਹ ਰੋਹ ਵਿੱਚ ਆ ਗਿਆ। ਬਜ੍ਰ ਬਾਣਾਂ ਅਤੇ ਬਿਛੂਆਂ ਨਾਲ ਘਾਇਲ ਸ਼ੂਰਵੀਰ ਜੂਝ ਜੂਝ ਕੇ ਰਣ-ਭੂਮੀ ਵਿੱਚ ਡਿਗ ਰਹੇ ਸਨ। ੧੫।

ਜੋਗਿਨਿ ਜਛ ਕਹੂੰ ਹਰਖਏ। ਭੂਤ ਪ੍ਰੇਤ ਨਾਚਤ ਕਹੂੰ ਭਏ।

ਕਹ ਕਹ ਕਹ ਕਲਿ ਸਾਹ ਸੁਨਾਵਤ। ਭੀਖਨ ਸੁਨੈ ਸਬਦ ਭੈ ਆਵਤ। ੧੬।

ਅਰਥ: ਕਿਤੇ ਜੋਗਣਾਂ ਅਤੇ ਯਕਸ਼ ਖ਼ੁਸ਼ ਹੋ ਰਹੇ ਸਨ ਅਤੇ ਕਿਤੇ ਭੂਤ-ਪ੍ਰੇਤ ਨਚ ਰਹੇ ਸਨ। ਕਲ ( ‘ਕਲਿ’ ) ‘ਕਹ ਕਹ’ ਕਰ ਕੇ ਕਿਲਕਾਰੀਆਂ ਸੁਣਾ ਰਹੀ ਸੀ। (ਉਹ) ਭਿਆਨਕ ਆਵਾਜ਼ ਸੁਣ ਕੇ ਡਰ ਲਗਦਾ ਸੀ। ੧੬।

ਫਿਰੈ ਦੈਂਤ ਕਹੂੰ ਦਾਤ ਨਿਕਾਰੇ। ਬਮਤ ਸ੍ਰੋਨ ਕੇਤੇ ਰਨ ਮਾਰੇ।

ਕਹੂੰ ਸਿਵਾ ਸਾਮੁਹਿ ਫਿਕਰਾਹੀ। ਭੂਤ ਪਿਸਾਚ ਮਾਸ ਕਹੂੰ ਖਾਹੀ। ੧੭।

ਅਰਥ: ਕਿਤੇ ਦੈਂਤ ਦੰਦ ਕਢੀ ਫਿਰਦੇ ਸਨ, ਕਿਤਨੇ (ਸੂਰਮੇ) ਰਣ ਵਿੱਚ ਮਾਰੇ ਹੋਏ ਲਹੂ ਦੀਆਂ ਉਲਟੀਆਂ ਕਰ ਰਹੇ ਸਨ। ਕਿਤੇ ਗਿਦੜੀ ਸਾਹਮਣੇ ਹੋ ਕੇ ਬੋਲ ਰਹੀ ਸੀ ਅਤੇ ਕਿਤੇ ਭੂਤ ਤੇ ਪਿਸ਼ਾਚ ਮਾਸ ਨੂੰ ਖਾ ਰਹੇ ਸਨ। ੧੭।

ਸਕਟਾਬ੍ਹਯੂਹ ਰਚਾ ਸੁਰ ਪਤਿ ਤਬ। ਕ੍ਰੌਚਾਬ੍ਹਯੂਹ ਕਿਯੋ ਅਸੁਰਿਸ ਜਬ।

ਮਚਿਯੋ ਤੁਮਲ ਜੁਧ ਤਹ ਭਾਰੀ। ਗਰਜਤ ਭਏ ਬੀਰ ਬਲ ਧਾਰੀ। ੧੮।

ਅਰਥ: ਜਦ ਦੈਂਤਾਂ ਦੇ ਰਾਜੇ ਨੇ ‘ਕ੍ਰੈਚਾਬ੍ਹਯੂਹ’ (ਅਰਥਾਤ- ਕ੍ਰੌਚ-ਸਾਰਸ ਦੀ ਸ਼ਕਲ ਦਾ ਫ਼ੌਜੀ ਘੇਰਾ) ਬਣਾਇਆ, ਤਦ ਦੇਵਤਿਆਂ ਦੇ ਸੁਆਮੀ ਨੇ ‘ਸਕਟਾਬ੍ਹਯੂਹ’ (ਅਰਥਾਤ- ਕ੍ਰੌਚ-ਸਾਰਸ ਦੀ ਸ਼ਕਲ ਦਾ ਫ਼ੌਜੀ ਘੇਰਾ) ਬਣਾਇਆ, ਤਦ ਦੇਵਤਿਆਂ ਦੇ ਸੁਆਮੀ ਨੇ ‘ਸਕਟਾਬ੍ਹਯੁਹ’ (ਅਰਥਾਤ- ਯੁੱਧ ਵਿੱਚ ਗੱਡੇ ਦੇ ਸਰੂਪ ਵਰਗੀ ਆਯੋਜਿਤ ਸੈਨਿਕ ਟੁਕੜੀ) ਦੀ ਰਚਨਾ ਕੀਤੀ। ਉਥੇ ਬਹੁਤ ਘਮਸਾਨ ਯੁੱਧ ਮਚਿਆ ਅਤੇ ਬਲਵਾਨ ਸੂਰਮੇ ਗਜਣ ਲਗੇ। ੧੮।

ਜੂਝਿ ਗਏ ਜੋਧਾ ਕਹੀ ਭਾਰੇ। ਦੇਵ ਗਿਰੇ ਦਾਨਵ ਕਹੀ ਮਾਰੇ।

ਬੀਰ ਖੇਤ ਐਸਾ ਤਹ ਪਰਾ। ਦੋਊ ਦਿਸਿ ਇੱਕ ਸੁਭਟ ਨ ਉਬਰਾ। ੧੯।

ਕਿਤੇ ਵੱਡੇ ਵੱਡੇ ਯੋਧੇ ਜੂਝ ਮੋਏ ਸਨ। ਕਿਤੇ ਦੇਵਤੇ ਅਤੇ ਕਿਤੇ ਦੈਂਤ ਮਾਰੇ ਹੋਏ ਡਿਗੇ ਪਏ ਸਨ। ਯੁੱਧ-ਭੂਮੀ ਵਿੱਚ ਇਤਨੇ ਸੂਰਮੇ ਡਿਗੇ ਸਨ ਕਿ ਦੋਹਾਂ ਪਾਸੇ ਇੱਕ ਵੀ ਸੂਰਮਾ ਨਹੀਂ ਬਚਿਆ ਸੀ। ੧੯।

ਜੌ ਕ੍ਰਮ ਕ੍ਰਮ ਕਰਿ ਕਥਾ ਸੁਨਾਊ। ਗ੍ਰੰਥ ਬਢਨ ਤੇ ਅਧਿਕ ਡਰਾਊ।

ਤੀਸ ਸਹਸ ਛੂਹਨਿ ਜਹ ਜੋਧਾ। ਮੰਡ੍ਹਯੋ ਬੀਰ ਖੇਤ ਕਰਿ ਕ੍ਰੋਧਾ। ੨੦।

ਅਰਥ: ਜੇ ਮੈਂ ਸਿਲਸਿਲੇਵਾਰ ਕਥਾ ਸੁਣਾਵਾਂ ਤਾਂ ਗ੍ਰੰਥ ਦੇ ਵੱਡੇ ਹੋ ਜਾਣ ਕਰ ਕੇ ਡਰਦਾ ਹਾਂ। ਜਿਥੇ ਤੀਹ ਹਜ਼ਾਰ ਅਛੋਹਣੀ ਯੋਧੇ ਸਨ, (ਉਨ੍ਹਾਂ ਸਾਰਿਆਂ ਨੇ) ਕ੍ਰੋਧਿਤ ਹੋ ਕੇ ਯੁੱਧ ਮਚਾਇਆ ਸੀ। ੨੦।

ਪਤਿਅਨ ਸੋ ਪਤੀਅਨ ਭਿਰਿ ਮਰੇ। ਸਵਾਰਨ ਕੇ ਸਚਾਰਨ ਛੈ ਕਰੇ।

ਰਥਿਯਨ ਤਹ ਰਥਿਯਨ ਕੌ ਘਾਯੋ। ਹਾਥਿਨ ਦੰਤੀ ਸਵਰਗ ਪਠਾਯੋ। ੨੧।

ਅਰਥ: ਸੈਨਾਪਤੀਆਂ ਨਾਲ ਸੈਨਾਪਤੀ ਲੜ ਕੇ ਮਰ ਗਏ। ਸਵਾਰਾਂ ਨੇ ਸਵਾਰਾਂ ਨੂੰ ਨਸ਼ਟ ਕਰ ਦਿੱਤਾ। ਰਥਾਂ ਵਾਲਿਆਂ ਨੇ ਰਥਾਂ ਵਾਲਿਆਂ ਨੂੰ ਮਾਰ ਮੁਕਾਇਆ। ਹਾਥੀਆਂ ਨੇ ਹਾਥੀਆਂ ਨੂੰ ਸਵਰਗ ਭੇਜ ਦਿੱਤਾ। ੨੧।

ਦਲਪਤਿ ਸੌ ਦਲਪਤਿ ਲਰਿ ਮੂਆ। ਇਹ ਬਿਧਿ ਨਾਸ ਕਟਕ ਕਾ ਹੂਆ।

ਬਚੇ ਭੂਪ ਤੇ ਕੋਪ ਬਡਾਈ। ਮਾਡਤ ਭੇ ਹਠ ਠਾਨਿ ਲਰਾਈ। ੨੨।

ਅਰਥ: ਦਲਪਤੀਆਂ ਨਾਲ ਦਲਪਤੀ ਲੜ ਮੋਏ। ਇਸ ਤਰ੍ਹਾਂ (ਸਾਰੀ) ਸੈਨਾ ਦਾ ਨਾਸ਼ ਹੋ ਗਿਆ। (ਜਿਹੜੇ) ਰਾਜੇ ਬਚੇ ਸਨ, ਉਨ੍ਹਾਂ ਨੇ ਕ੍ਰੋਧ ਵਧਾ ਕੇ ਹਠ ਪੂਰਵਕ ਲੜਾਈ ਕਰਨ ਲਗ ਗਏ। ੨੨।

ਰਨ ਮਾਡਤ ਭੇ ਬਿਬਿਧ ਪ੍ਰਕਾਰਾ। ਦੈਂਤ ਰਾਟ ਅਰੁ ਦੇਵ ਨ੍ਰਿਪਾਰਾ।

ਰਸਨਾ ਇਤੀ ਨ ਭਾਖ ਸੁਨਾਊ। ਗ੍ਰੰਥ ਬਢਨ ਤੇ ਅਤਿ ਡਰਪਾਊ। ੨੩।

ਅਰਥ: ਦੈਂਤਾਂ ਦਾ ਰਾਜਾ ਅਤੇ ਦੇਵਤਿਆਂ ਦਾ ਸੁਆਮੀ ਕਈ ਤਰੀਕਿਆਂ ਨਾਲ ਯੁੱਧ ਕਰਨ ਲਗੇ। ਮੇਰੀ ਜੀਭ ਵਿੱਚ ਇਤਨੀ ਸਮਰਥ ਨਹੀਂ ਹੈ ਕਿ (ਸਭ ਦਾ) ਵਰਣਨ ਕਰ ਸਕਾਂ। ਗ੍ਰੰਥ ਦੇ ਵੱਡਾ ਹੋ ਜਾਣ ਤੋਂ ਵੀ ਡਰਦਾ ਹਾਂ। ੨੩।

ਭੁਜੰਗ ਪ੍ਰਯਾਤ ਛੰਦ

ਕਹਾ ਲੌ ਬਖਾਨੌ ਮਹਾ ਲੋਹ ਮਚਿਯੋ। ਦੁਹੂੰ ਓਰ ਤੇ ਬੀਰ ਏਕੈ ਨ ਬਚਿਯੋ।

ਤਬੈ ਆਨਿ ਜੂਟੇ ਦੋਊ ਛਤ੍ਰਧਾਰੀ। ਪਰਾ ਲੋਹ ਗਾੜੋ ਕੰਪੀ ਭੂਮਿ ਸਾਰੀ। ੨੪।

ਅਰਥ: ਕਿਥੋਂ ਤਕ ਵਰਣਨ ਕਰਾਂ, (ਉਥੇ) ਬਹੁਤ ਘਮਸਾਨ ਯੁੱਧ ਹੋਇਆ। ਦੋਹਾਂ ਪਾਸਿਆਂ ਤੋਂ ਇੱਕ ਯੋਧਾ ਵੀ ਨ ਬਚਿਆ। ਤਦ ਦੋਵੇਂ ਛਤ੍ਰਧਾਰੀ ਆ ਕੇ (ਆਪਸ ਵਿਚ) ਜੁਟ ਗਏ। ਬਹੁਤ ਭਾਰਾ ਯੁੱਧ ਹੋਇਆ ਅਤੇ ਸਾਰੀ ਧਰਤੀ ਕੰਬਣ ਲਗ ਗਈ। ੨੪।

ਜੁਟੇ ਰਾਵ ਦੋਊ ਉਠੀ ਧੂਰਿ ਐਸੀ। ਪ੍ਰਲੈ ਕਾਲ ਕੀ ਅਗਨਿ ਕੀ ਧੂਮ੍ਰ ਜੈਸੀ।

ਨ ਹਾਥੈ ਪਸਾਰਾ ਤਹਾ ਦ੍ਰਿਸਟਿ ਆਵੈ। ਕਛੂ ਭੂਮਿ ਆਕਾਸ ਹੇਰੋ ਨ ਜਾਵੇ। ੨੫।

ਅਰਥ: ਦੋਵੇਂ ਰਾਜੇ (ਆਪਸ ਵਿਚ) ਭਿੜ ਗਏ ਅਤੇ ਅਜਿਹੀ ਧੂੜ ਉਡੀ, ਜਿਹੋ ਜਿਹਾ ਪਰਲੋ ਦੇ ਸਮੇਂ ਦੀ ਅਗਨੀ ਦਾ ਧੂੰਆਂ ਹੁੰਦਾ ਹੈ। ਉਥੇ ਪਸਾਰਿਆ ਹੋਇਆ ਹੱਥ ਨਜ਼ਰ ਨਹੀਂ ਆਉਂਦਾ ਸੀ। ਧਰਤੀ ਅਤੇ ਆਕਾਸ਼ ਵੀ ਕੁੱਝ ਵਿਖਾਈ ਨਹੀਂ ਦਿੰਦੇ ਸਨ। ੨੫।

ਇਸ `ਚੌਪਈ’ ਵਿੱਚ ਵੀ ਸਿੱਖਾਂ ਲਈ ਕੇਹੜਾ ਰੂਹਾਨੀ ਤੇ ਦੁਨਿਆਵੀਂ ਓਪਦੇਸ਼ ਹੈ? `ਚੌਪਈ’ ਦੇ ਪਾਠ ਕਰਨ ਵਾਲੇ ਇਹ ਕਿਸ ਆਧਾਰ `ਤੇ ਕਹਿੰਦੇ ਹਨ ਕਿ ਇਹ ਵਾਰਤਾ ਗੁਰੂ ਗੋਬਿੰਦ ਰਾਏ ਸਾਹਿਬ ਨੇ ਮਹਲਾ ੧੦ ਹੇਠ ੧੭੫੩ ਬਿਕ੍ਰਮੀ = ੧੬੯੬ ਨੂੰ ਲਿਖਾਈ ਗਈ ਸੀ? ਕੀ ਇਨ੍ਹਾਂ ਨੇ ਸਾਰੇ `ਚਰਿਤ੍ਰੋਪਾਖਿਆਨ’ ਦਾ ਕਦੇ ਪਾਠ ਕੀਤਾ ਹੈ?

ਆਓ, ਸਦਾ ਯਾਦ ਰੱਖੀਏ ਕਿ ਸੱਭ ਸਿੱਖਾਂ ਦਾ ਇੱਕ ਹੀ ਗੁਰੂ ਹੈ: “ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ”।

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੪ ਅਗਸਤ ੨੦੧੩
.