.

ਜਸਬੀਰ ਸਿੰਘ ਵੈਨਕੂਵਰ

ਮੂਰਖ ਗੰਢੁ ਪਵੈ ਮੁਹਿ ਮਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਰਚੇਤਿਆਂ ਵਲੋਂ ਗੁਰਬਾਣੀ ਦਾ ਸਿਧਾਂਤਕ ਸੱਚ ਦ੍ਰਿੜ ਕਰਾਉਣ ਲਈ ਜਿੱਥੇ ਅਨਮਤਾਂ ਵਿੱਚ ਪ੍ਰਚਲਤ ਮਨੌਤਾਂ ਦੇ ਹਵਾਲੇ ਦਿੱਤੇ ਹੋਏ ਹਨ, ਉੱਥੇ ਸਮੇਂ ਅਤੇ ਸਥਾਨ ਨਾਲ ਸੰਬੰਧਤ ਸੱਚ ਦੀਆਂ ਵੀ ਉਦਾਹਰਣਾਂ ਦਿੱਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਪ੍ਰਚਲਤ ਮੁਹਾਵਰੇ ਅਤੇ ਲੋਕੋਕਤੀਆਂ (ਅਖਾਣਾਂ) ਦੀ ਵੀ ਭਰਪੂਰ ਵਰਤੋਂ ਕੀਤੀ ਹੈ।
ਸਮੇਂ ਨਾਲ ਗੁਰਬਾਣੀ ਦੇ ਕੁੱਝ ਫ਼ਰਮਾਨ ਵੀ ਲੋਕੋਕਤੀਆਂ ਦੇ ਰੂਪ ਵਿੱਚ ਪ੍ਰਚਲਤ ਹੋ ਗਏ ਹਨ। ਜਿਵੇਂ: ਮਨਿ ਜੀਤੈ ਜਗੁ ਜੀਤੁ; ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ; ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ, ਆਦਿ। ਇਹਨਾਂ ਵਿੱਚ ਕੁੱਝ ਫ਼ਰਮਾਨ ਅਜਿਹੇ ਹਨ ਜਿਹਨਾਂ ਦਾ ਆਮ ਤੌਰ `ਤੇ ਜੋ ਭਾਵਾਰਥ ਲਿਆ ਜਾਂ ਸਮਝਿਆ ਜਾਂਦਾ ਹੈ, ਉਸ ਦਾ ਗੁਰਬਾਣੀ ਦੀ ਜੀਵਨ-ਜੁਗਤ ਨਾਲ ਕੋਈ ਸੰਬੰਧ ਨਹੀਂ ਹੈ। ਉਦਾਹਰਣ ਵਜੋਂ ‘ਤਖਤਿ ਬਹੈ ਤਖਤੈ ਕੀ ਲਾਇਕ ਜਾਂ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ’ ਦਾ ਜੋ ਆਮ ਤੌਰ `ਤੇ ਭਾਵ ਲਿਆ ਜਾਂਦਾ ਉਹ ਇਹਨਾਂ ਫ਼ਰਮਾਨਾਂ ਦਾ ਨਹੀਂ ਹੈ।
ਗੁਰਬਾਣੀ ਦੇ ਕਈ ਵਿਆਖਿਆਕਾਰਾਂ ਵਲੋਂ ਜਿਵੇਂ ਅਨਮਤੀ ਹਵਾਲਿਆਂ ਨੂੰ ਗੁਰਬਾਣੀ ਦਾ ਸੱਚ ਸਮਝਿਆ ਜਾ ਰਿਹਾ ਹੈ, ਇਸੇ ਤਰ੍ਹਾਂ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਵਰਤੀਆਂ ਲੋਕੋਕਤੀਆਂ ਨੂੰ ਵੀ ਗੁਰਬਾਣੀ ਦੇ ਸੱਚ ਦੇ ਰੂਪ ਵਿੱਚ ਹੀ ਸਵੀਕਾਰ ਕੀਤਾ ਹੋਇਆ ਹੈ। ਪਰ ਜਿਸ ਤਰ੍ਹਾਂ ਗੁਰਬਾਣੀ ਵਿੱਚ ਆਏ ਅਨਮਤੀ ਹਵਾਲਿਆਂ ਦਾ ਗੁਰਬਾਣੀ ਦੇ ਸਿਧਾਂਤਕ ਸੱਚ ਨਾਲ ਕੋਈ ਸੰਬੰਧ ਨਹੀਂ ਹੈ, ਉਸੇ ਤਰ੍ਹਾਂ ਲੋਕੋਕਤੀਆਂ ਦਾ ਵੀ ਗੁਰਬਾਣੀ ਦੀ ਜੀਵਨ-ਜੁਗਤ ਨਾਲ ਕੋਈ ਸੰਬੰਧ ਨਹੀਂ ਹੈ।
ਬਾਣੀ ਰਚੇਤਿਆਂ ਵਲੋਂ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਜਿਹਨਾਂ ਲੋਕੋਕਤੀਆਂ ਦੀ ਵਰਤੋਂ ਕੀਤੀ ਗਈ ਹੈ, ਉਹਨਾਂ ਵਿੱਚੋਂ ਹੀ ਇੱਕ ਹੈ: ‘ਮੂਰਖ ਗੰਢੁ ਪਵੈ ਮੁਹਿ ਮਾਰ’। ਗੁਰਬਾਣੀ ਵਿੱਚ ਲੋਕੋਕਤੀਆਂ ਨੂੰ ਗੁਰਬਾਣੀ ਦਾ ਸੱਚ ਸਮਝਣ ਵਾਲੇ ਵਿਦਵਾਨ ‘ਮੂਰਖ ਗੰਢੁ ਪਵੈ ਮੁਹਿ ਮਾਰ’ ਵਾਲੇ ਫ਼ਰਮਾਨ ਸੰਬੰਧੀ ਇਹ ਧਾਰਨਾ ਰੱਖਦੇ ਹਨ ਕਿ ਗੁਰੂ ਸਾਹਿਬ ਨੇ ਮੂਰਖ ਬਾਰੇ ਕਿਹਾ ਹੈ ਕਿ ਮੂਰਖ ਦੇ ਮੂਰਖਪੁਣੇ ਨੂੰ ਤਦੋਂ ਹੀ ਰੋਕ ਪੈਂਦੀ ਹੈ ਜਦੋਂ ਉਸ ਦੇ ਮੂੰਹ `ਤੇ ਮਾਰ ਪੈਂਦੀ ਹੈ। ਪਰੰਤੂ ਗੁਰੂ ਸਾਹਿਬ ਇਸ ਫ਼ਰਮਾਨ ਵਿੱਚ ਆਪਣੇ ਮੱਤ ਦਾ ਨਹੀਂ ਬਲਕਿ ਪ੍ਰਚਲਤ ਧਾਰਨਾ ਦਾ ਵਰਨਣ ਕਰ ਰਹੇ ਹਨ। ਜੇਕਰ ਇਸ ਨੂੰ ਗੁਰਬਾਣੀ ਦਾ ਸੱਚ ਮੰਨ ਲਿਆ ਜਾਏ ਤਾਂ ਫਿਰ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਬਾਰੇ ਕੀ ਆਖਾਂਗੇ:
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥ ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥ (ਪੰਨਾ ੪੭੩) ਅਰਥ:- ਜਦੋਂ ਇਸ ਜਗਤ ਵਿੱਚ ਸਦਾ ਰਹਿਣਾ ਹੀ ਨਹੀਂ ਹੈ, ਤਾਂ ਕਿਉਂ ਅਹੰਕਾਰ ਵਿੱਚ (ਪੈ ਕੇ) ਖਪੀਏ? ਕੇਵਲ ਇਹ ਅੱਖਰ (ਭਾਵ, ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ।
ਧਿਆਨ ਰਹੇ ‘ਮੂਰਖ ਗੰਢੁ ਪਵੈ ਮੁਹਿ ਮਾਰ’ ਅਤੇ ‘ਮੂਰਖੈ ਨਾਲਿ ਨ ਲੁਝੀਐ’ ਇਹ ਦੋਵੇਂ ਫ਼ਰਮਾਨ ਗੁਰੂ ਨਾਨਕ ਸਾਹਿਬ ਦੇ ਹੀ ਉਚਾਰਣ ਕੀਤੇ ਹੋਏ ਹਨ। ਕੀ ਇਹ ਤਰਕ ਸੰਗਤ ਹੈ ਕਿ ਇੱਕ ਫ਼ਰਮਾਨ ਵਿੱਚ ਹਜ਼ੂਰ ਮੂਰਖ ਨੂੰ ਮਾਰਨ ਦੀ ਅਤੇ ਦੂਜੇ ਵਿੱਚ ਉਸ ਨਾਲ ਕਿਸੇ ਤਰ੍ਹਾਂ ਦਾ ਝਗੜਾ ਨਾ ਕਰਨ ਦੀ ਸਲਾਹ ਦੇ ਰਹੇ ਹਨ? ਕੀ ਕਿਸੇ ਦੀ ਮਾਰ-ਕੁਟਾਈ ਕਰਕੇ ਉਸ ਦੇ ਮੂਰਖਪੁਣੇ ਨੂੰ ਰੋਕਣ ਦੀ ਕੋਸ਼ਸ਼, ਮੂਰਖ ਨਾਲ ਲੁਝਣਾ ਨਹੀਂ ਹੈ? ਕੀ ਗੁਰੂ ਸਾਹਿਬ ਇੱਕ ਥਾਂ ‘ਮੂਰਖ ਗੰਢੁ ਪਵੈ ਮੁਹਿ ਮਾਰ’ ਆਖ ਕੇ ਦੂਜੀ ਥਾਂ ‘ਮੂਰਖ ਨਾਲਿ ਨ ਲੁਝੀਐ’ ਕਹਿ ਕੇ ਆਪਣੀ ਹੀ ਗੱਲ ਦਾ ਖੰਡਨ ਕਰ ਰਹੇ ਹਨ? ਕੀ ਗੁਰੂ ਸਾਹਿਬ ਦੇ ਬਚਨਾਂ ਵਿੱਚ ਸਵੈ-ਵਿਰੋਧ ਹੈ? ਨਹੀਂ, ਹਰਗ਼ਿਜ਼ ਨਹੀਂ। ਇਹਨਾਂ ਫ਼ਰਮਾਨਾਂ ਵਿੱਚ ਹੀ ਨਹੀਂ, ਗੁਰਬਾਣੀ ਵਿੱਚ ਕਿਧਰੇ ਵੀ ਸਵੈ-ਵਿਰੋਧ ਨਹੀਂ ਹੈ। ਜੇਕਰ ਇਹ ਸਵੈ-ਵਿਰੋਧ ਨਹੀਂ ਹੈ ਤਾਂ ਫਿਰ ਦਾ ਕੀ ਭਾਵ ਹੈ?
(ਨੋਟ:-ਗੁਰੂ ਗ੍ਰੰਥ ਸਾਹਿਬ ਵਿੱਚ ਕੁੱਝ ਅਜਿਹੇ ਫ਼ਰਮਾਨ ਵੀ ਹਨ ਜਿਹੜੇ ਆਪਾ-ਵਿਰੋਧੀ ਪ੍ਰਤੀਤ ਹੁੰਦੇ ਹਨ ਪਰੰਤੂ ਉਹਨਾਂ ਵਿੱਚ ਸਵੈ-ਵਿਰੋਧ ਨਹੀਂ ਹੁੰਦਾ।)
ਮੂਰਖ ਸ਼ਬਦ ਦਾ ਅਰਥ ਹੈ ਮੂੜ੍ਹ, ਮਤਿ ਤੋਂ ਹੀਣਾ, ਬੇਅਕਲ, ਬੁੱਧੀ ਰਹਿਤ।
ਗੁਰਬਾਣੀ ਵਿੱਚ ਮੂਰਖ ਸ਼ਬਦ ਪ੍ਰਚਲਤ ਭਾਵਾਰਥ ਤੋਂ ਬਿਨਾਂ ਹੋਰ ਵੀ ਕਈ ਭਾਵਾਰਥਾਂ ਵਿੱਚ ਆਇਆ ਹੈ; ਜਿਵੇਂ:-
(ੳ) ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ॥ (੧੦੧੫) ਅਰਥ:-ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾਂ ਮੂਰਖ ਹੈ।
(ਅ) ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ॥ (ਪੰਨਾ ੪੯੨) ਅਰਥ:- ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ ਉਹ (ਸਿਮ੍ਰਿਤੀਆਂ ਸ਼ਾਸਤ੍ਰ ਪੜ੍ਹ ਕੇ ਭੀ) ਮੂਰਖ (ਹੀ) ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ (ਕਦੇ ਪਿਆਰ ਨਹੀਂ ਪਾ ਸਕਦਾ।
(ੲ) ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ॥ ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ॥ (ਪੰਨਾ ੫੯੬) ਅਰਥ:-ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ। ਹੇ ਮੇਰੇ ਮਾਲਕ! ਸੁਣ! ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ, ਮੈਂ ਵਿਕਾਰਾਂ ਵਿੱਚ ਡੁੱਬ ਰਿਹਾ ਹਾਂ ਜਿਵੇਂ ਪੱਥਰ ਪਾਣੀ ਵਿੱਚ ਡੁੱਬ ਜਾਂਦਾ ਹੈ। ਮੈਨੂੰ ਕੱਢ ਲੈ।
(ਸ) ਹਮ ਮੂਰਖ ਮੂਰਖ ਮਨ ਮਾਹਿ॥ ਹਉਮੈ ਵਿਚਿ ਸਭ ਕਾਰ ਕਮਾਹਿ॥ (ਪੰਨਾ ੬੬੬) ਅਰਥ:-ਹੇ ਭਾਈ! ਅਸੀਂ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ, (ਸੋ ਜੋ ਅਸੀਂ ਆਪਣੇ) ਮਨ ਵਿੱਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀਂ ਨਿਰੋਲ ਮੂਰਖ ਹਾਂ।
(ਹ) ਪੰਡਿਤੁ ਹੋਇ ਕੈ ਬੇਦੁ ਬਖਾਨੈ॥ ਮੂਰਖੁ ਨਾਮਦੇਉ ਰਾਮਹਿ ਜਾਨੈ॥ (ਪੰਨਾ ੭੧੮) ਅਰਥ:-ਵਿੱਦਿਆ ਹਾਸਲ ਕਰ ਕੇ (ਬ੍ਰਾਹਮਣ ਆਦਿਕ ਤਾਂ) ਵੇਦ (ਆਦਿਕ ਧਰਮ-ਪੁਸਤਕਾਂ) ਦੀ ਚਰਚਾ ਕਰਦਾ ਫਿਰਦਾ ਹੈ, ਪਰ ਮੂਰਖ ਨਾਮਦੇਵ ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ (ਕੇਵਲ ਪਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀਂ ਸਾਂਝ ਪਾਂਦਾ ਹੈ)।
(ਕ) ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ॥ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ॥ ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ॥ (ਪੰਨਾ ੯੫੩) ਅਰਥ:- ਮੂਰਖ ਦਾ ਕਿਹਾ ਉਹੀ ਸੁਣਦਾ ਹੈ (ਭਾਵ, ਮੂਰਖ ਦੇ ਕਹੇ ਉਹੀ ਲੱਗਦਾ ਹੈ) ਜੋ ਆਪ ਮੂਰਖ ਹੋਵੇ। ਮੂਰਖ ਦੇ ਲੱਛਣ ਕੀਹ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ? ਜੋ ਮਨੁੱਖ ਮਾਇਆ ਦਾ ਠੱਗਿਆ ਹੋਇਆ ਹੋਵੇ ਤੇ ਜੋ ਅਹੰਕਾਰ ਵਿੱਚ ਆਤਮਕ ਮੌਤੇ ਮਰਿਆ ਹੋਇਆ ਹੋਵੇ, ਉਸ ਨੂੰ ਮੂਰਖ ਕਹੀਦਾ ਹੈ। (ਇਤਿਆਦਿਕ)
ਭਾਈ ਗੁਰਦਾਸ ਜੀ ਮੂਰਖ ਦੇ ਸੰਬੰਧ ਵਿੱਚ ਇਸ ਤਰ੍ਹਾਂ ਲਿਖਦੇ ਹਨ:-
(ੳ) ਮੂਰਖ ਤਿਸ ਨੋ ਆਖੀਐ ਬੋਲਿ ਨ ਸਮਝੈ ਬੋਲਿ ਨ ਜਾਣੈ॥ ਹੋਰੋ ਕਿਹੁ ਕਰਿ ਪੁਛੀਐ ਹੋਰੋ ਕਿਹੁ ਕਰਿ ਆਖਿ ਵਖਾਣੈ॥ ਸਿਖ ਦੇਇ ਸਮਝਾਈਐ ਅਰਥੁ ਅਨਰਥੁ ਮਨੈ ਵਿਚਿ ਆਣੈ॥ ਵਡਾ ਅਸਮਝੁ ਨ ਸਮਝਈ ਸੁਰਤਿ ਵਿਹੂਣਾ ਹੋਇ ਹੈਰਾਣੈ॥ ਗੁਰਮਤਿ ਚਿਤਿ ਨ ਆਵਈ ਦੁਰਮਤਿ ਮਿਤ੍ਰ ਸਤ੍ਰ ਪਰਵਾਣੈ॥ ਅਗਨੀ ਸਪਹੁਂ ਵਰਜੀਐ ਗੁਣ ਵਿਚਿ ਅਵਗੁਣ ਕਰੈ ਧਿਙਾਣੈ॥ ਮੂਤੈ ਰੋਵੈ ਮਾਂ ਨ ਸਿਞਾਣੈ॥ (ਵਾਰ ੩੨, ਪਉੜੀ ੧੪)
ਅਰਥ:-ਮੂਰਖ ਉਸ ਨੂੰ ਕਹੀਦਾ ਹੈ ਜੋ ਨਾ ਠੀਕ ਬੋਲ ਨੂੰ ਸਮਝੇ, ਨਾ ਹੀ ਬੋਲਣਾ ਜਾਣੇ; ਅਰਥਾਤ ਉਹ ਨਹੀਂ ਜਾਣਦੇ ਕਿ ਹੋਰਨਾਂ ਨੂੰ ਕਿਸ ਤਰ੍ਹਾਂ ਪੁੱਛੀਦਾ ਹੈ ਅਤੇ ਹੋਰਨਾਂ ਨੂੰ ਕਿਵੇਂ ਆਖ ਕੇ ਵਿਆਖਿਆਨ ਕਰੀਦਾ ਹੈ। ਸਿੱਖਿਆ ਦੇ ਕੇ ਸਮਝਾਈਦਾ ਹੈ ਪਰ ਉਹ ਸਿਧੀ ਗੱਲ ਦੇ ਵੀ ਉਲਟੇ ਅਰਥ ਮਨ ਵਿੱਚ ਲਿਆਉਂਦਾ ਹੈ। ਵੱਡਾ ਅਸਮਝ ਸਮਝਦਾ ਨਹੀਂ, ਗਿਆਤ ਥੋਂ ਬਿਨਾਂ ਹੈਰਾਨ ਰਹਿੰਦਾ ਹੈ, ਭਾਵ, ਬਾਂਦਰਾਂ ਵਾਂਙੂੰ ਇੱਕ ਥਾਂਉਂ ਨਹੀਂ ਟਿਕਦਾ। ਗੁਰ ਸਿੱਖਿਆ ਯਾਦ ਨਾ ਰੱਖਕੇ ਖੋਟੀ ਬੁੱਧੀ ਕਰਕੇ ਵੈਰੀ ਮਿਤ੍ਰ ਇਕੋ ਜਿਹੇ ਦੇਖਦਾ ਹੈ। ਅੱਗ ਤੇ ਸੱਪ ਥੋਂ ਕੋਈ ਵਰਜੇ ਤਾਂ ਗੁਣ ਵਿੱਚ ਔਗੁਣ ਹੀ ਜ਼ੋਰ ਧਿਙਾਣੇ ਕਰਦਾ ਹੈ। ਜਿਸ ਤਰ੍ਹਾਂ ਬਾਲਕ ਨੂੰ ਮਾਂ ਬਿਸਤਰੇ ਵਿਚੋਂ ਚੁਕ ਕੇ ਮੁਤਾਉਂਦੀ ਹੈ ਕਿ ਗਿੱਲੇ ਬਿਸਤਰੇ ਨਾਲ ਔਖਾ ਨਾ ਹੋਵੇ, ਉਹ ਰੋਂਦਾ ਹੈ ਤੇ ਮਾਂ ਨੂੰ ਸਿਆਣਦਾ ਨਹੀਂ ਕਿ ਮੇਰਾ ਭਲਾ ਕਰ ਰਹੀ ਹੈ।
(ਅ) ਜੇ ਮੂਰਖੁ ਸਮਝਾਈਐ ਸਮਝੈ ਨਾਹੀ ਛਾਂਵ ਨ ਧੁਪਾ॥ ਅਖੀਂ ਪਰਖਿ ਨ ਜਾਣਈ ਪਿਤਲ ਸੁਇਨਾ ਕੈਹਾਂ ਰੁਪਾ॥ ਸਾਉ ਨ ਜਾਣੈ ਤੇਲ ਘਿਅ ਧਰਿਆ ਕੋਲਿ ਘੜੋਲਾ ਕੁਪਾ॥ ਸੁਰਤਿ ਵਿਹੂਣਾ ਰਾਤਿ ਦਿਹੁ ਚਾਨਣੁ ਤੁਲਿ ਅਨ੍ਹੇਰਾ ਘੁਪਾ॥ ਵਾਸੁ ਕਥੂਰੀ ਥੋਮ ਦੀ ਮਿਹਰ ਕੁਲੀ ਅਧਉੜੀ ਤੁਪਾ॥ ਵੈਰੀ ਮਿਤ੍ਰ ਨ ਸਮਝਈ ਰੰਗੁ ਸੁਰੰਗ ਕੁਰੰਗੁ ਅਛੁਪਾ॥ ਮੂਰਖ ਨਾਲਿ ਚੰਗੇਰੀ ਚੁਪਾ॥ (ਵਾਰ ੩੨, ਪਉੜੀ ੨੦) ਅਰਥ:-ਜੇਕਰ ਮੂਰਖ ਨੂੰ ਸਮਝਾਈਏ ਤਾਂ ਛਾਂ ਅਤੇ ਧੁੱਪ ਨਹੀਂ ਸਮਝਦਾ। ਅੱਖਾਂ ਨਾਲ ਪਿੱਤਲ ਸੋਨੇ ਦੀ ਅਰ ਕੈਂਹੇ ਤੇ ਰੁੱਪੇ ਦੀ ਪਰਖ ਨਹੀ ਕਰਦਾ। ਤੇਲ ਦਾ ਕੁੱਪਾ ਅਰ ਘਿਉ ਦਾ ਘੜਾ ਮੂਰਖ ਦੇ ਕੋਲ ਧਰੋ ਅਥਵਾ ਘੜਾ ਤੇ ਕੁੱਪਾ ਦੋਵੇਂ ਘਿਉ ਤੇ ਤੇਲ ਦਾ ਸਵਾਦ ਨਹੀਂ ਰੱਖਦੇ, ਦੁਹਾਂ ਦਾ ਸੁਆਦ ਨਹੀਂ ਪਰਖ ਸਕਦਾ। ਗਿਆਤ ਥੋਂ ਬਾਝ ਰਾਤ ਦਿਨ ਰਹਿੰਦਾ ਹੈ, ਘੁੱਪ ਹਨੇਰੇ ਤੇ ਚਾਨਣ ਨੂੰ ਬਰਾਬਰ ਜਾਣਦਾ ਹੈ। ਕਸਤੂਰੀ ਅਤੇ ਥੋਮ ਦੀ ਵਾਸ਼ਨਾ ਅਤੇ ਮੇਹਰ ਕੁਲੀ ਮਖਮਲ ਅਤੇ ਚੰਮ ਦਾ ਤੋਪਾ ਇਕੋ ਜਾਣਦਾ ਹੈ। ਵੈਰੀ ਤੇ ਮਿੱਤਰ ਨਹੀਂ ਜਾਣਦਾ, ਲਾਲ ਰੰਗ ਚੰਗੇ ਰੰਗ ਅਤੇ ਖੋਟੇ ਰੰਗ ਛੋਹਣ ਥੋਂ ਦੂਰ ਰਹਿੰਦਾ ਹੈ (ਸੋਝੀ ਨਹੀਂ ਰੱਖਦਾ) ਅਜਿਹੇ ਉਕਤ ਮੂਰਖ ਨਾਲ ਕੀ ਵਰਤਾਰਾ ਜੋਗ ਹੈ? ਮੂਰਖ ਨਾਲ ਚੁੱਪ ਹੀ ਚੰਗੀ ਹੈ।
ਇਸ ਲੇਖ ਵਿੱਚ ਅਸੀਂ ਕੇਵਲ ‘ਮੂਰਖ ਗੰਢੁ ਪਵੈ ਮੁਹਿ ਮਾਰ’ ਸੰਬੰਧੀ ਹੀ ਮੁੱਖ ਰੂਪ ਵਿੱਚ ਚਰਚਾ ਕਰ ਰਹੇ ਹਾਂ ਇਸ ਲਈ ਗੁਰਬਾਣੀ ਵਿੱਚ ਮੂਰਖ ਦੇ ਸੰਕਲਪ ਦੀ ਸਮੁੱਚੇ ਰੂਪ ਵਿੱਚ ਚਰਚਾ ਤੋਂ ਸੰਕੋਚ ਕਰਦੇ ਹੋਏ ਕੇਵਲ ਇਸ ਫ਼ਰਮਾਨ ਤੱਕ ਹੀ ਸੀਮਤ ਰਹਿ ਰਹੇ ਹਾਂ।
‘ਮੂਰਖ ਗੰਢੁ ਪਵੈ ਮੁਹਿ ਮਾਰ’ ਦਾ ਠੀਕ ਭਾਵ, ਜਿਸ ਸਲੋਕ ਦੀ ਇਹ ਪੰਗਤੀ ਹੈ, ਉਸ ਸਲੋਕ ਨੂੰ ਵਿਚਾਰਿਆਂ ਹੀ ਸਪਸ਼ਟ ਹੁੰਦਾ ਹੈ। ਇਹ ਸਲੋਕ ਮਾਝ ਕੀ ਵਾਰ ਦੀ ੧੨ਵੀਂ ਪਉੜੀ ਨਾਲ ਦਰਜ ਦੋ ਸਲੋਕਾਂ ਵਿੱਚ ਦੂਜਾ ਸਲੋਕ ਹੈ। ਪੂਰਾ ਸਲੋਕ ਇਸ ਤਰ੍ਹਾਂ ਹੈ:-ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੋਹਾਰੁ॥ ਗੋਰੀ ਸੇਤੀ ਤੁਟੈ ਭਤਾਰੁ॥ ਪੁਤੀਂ ਗੰਢੁ ਪਵੈ ਸੰਸਾਰਿ॥ ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥ ਕਾਲਾ ਗੰਢੁ ਨਦੀਆ ਮੀਹ ਝੋਲ॥ ਗੰਢੁ ਪਰੀਤੀ ਮਿਠੇ ਬੋਲ॥ ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ ਗੰਢੁ ਨੇਕੀ ਸਤੁ ਹੋਇ॥ ਏਤੁ ਗੰਢਿ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥ ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ॥ ਅਰਥ:- ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ, ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ, ਤਾਂ ਜਗਤ ਵਿੱਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ। ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ (ਨਾਹ ਦਿੱਤਾ ਜਾਏ ਤਾਂ ਰਾਜਾ ਅਤੇ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ। ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ। ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ। ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ। ਵੇਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੁੜਦਾ ਹੈ ਜੇ ਮਨੁੱਖ ਸੱਚ ਬੋਲੇ। ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ। (ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ। ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪੈਂਦੀ ਹੈ। ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ, ਕਿ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿੱਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ।
ਇਸ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਦਾ ਆਪਣਾ ਵਿਚਾਰ ਸਲੋਕ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਹੈ, ਭਾਵ, ‘ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ’ ਇਹਨਾਂ ਪੰਗਤੀਆਂ ਤੋਂ ਪਹਿਲੀਆਂ ਤੁਕਾਂ ਵਿੱਚ ਸਤਿਗੁਰੂ ਜੀ ਨੇ ਸਮੇਂ, ਸਥਾਨ ਦੀਆਂ ਪ੍ਰਚਲਤ ਧਾਰਨਾਵਾਂ ਅਤੇ ਸਚਾਈਆਂ ਦਾ ਵਰਨਣ ਕੀਤਾ ਹੈ। ਸਮੇਂ ਅਤੇ ਸਥਾਨ ਦੇ ਸੱਚ ਦਾ ਹਰੇਕ ਸੱਚ ਸਦੀਵੀ ਨਹੀਂ ਹੈ। ਉਦਾਹਰਣ ਵਜੋਂ ਇਸ ਸਲੋਕ ਦੀਆਂ ‘ਗੋਰੀ ਸੇਤੀ ਤੁਟੈ ਭਤਾਰੁ॥ ਪੁਤੀਂ ਗੰਢੁ ਪਵੈ ਸੰਸਾਰਿ ‘ਤੁਕਾਂ ਨੂੰ ਹੀ ਲੈ ਲਈਏ। ਇਸ ਫ਼ਰਮਾਨ ਵਿੱਚ ਹਜ਼ੂਰ ਫ਼ਰਮਾਉਂਦੇ ਹਨ ਕਿ, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ, ਤਾਂ ਜਗਤ ਵਿੱਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ। ਪਰ ਅਜੋਕੇ ਸਮੇਂ ਵਿੱਚ ਲਗ-ਪਗ ਹਰੇਕ ਦੇਸ਼ ਵਿੱਚ (ਖ਼ਾਸ ਕਰਕੇ ਪੱਛਮੀ ਦੇਸ਼ਾਂ ਵਿੱਚ) ਇੱਕ ਪੁੱਤਰ ਦੀ ਥਾਂ ਦੋ ਤਿੰਨ ਆਦਿ ਪੁੱਤਰ ਹੋਣ ਮਗਰੋਂ ਵੀ ਤਲਾਕ ਹੋ ਰਹੇ ਹਨ। ਤਲਾਕ ਦੀ ਦਰ ਦਿਨ ਪ੍ਰਤਿਦਿਨ ਵੱਧਦੀ ਹੀ ਜਾ ਰਹੀ ਹੈ। ਤਲਾਕ ਦੇ ਇਸ ਦਰ ਨੂੰ ਦੇਖ ਕੇ ਕੀ ਇਹ ਆਖਾਂਗੇ ਕਿ ਗੁਰਬਾਣੀ ਦਾ ਇਹ ਫ਼ਰਮਾਨ ਅਜੋਕੇ ਸਮੇਂ ਵਿੱਚ ਸਾਰਥਕ ਨਹੀਂ ਹੈ? ਨਹੀਂ, ਕਦਾਚਿਤ ਨਹੀਂ ਹੈ। ਗੁਰਬਾਣੀ ਦਾ ਸੱਚ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵੀ ਸੱਚ ਹੀ ਰਹੇਗਾ ਚੂੰਕਿ ਇਹ ਸੱਚ ਵਕਤੀ ਨਹੀਂ ਸਗੋਂ ਸਦੀਵੀ ਹੈ। ਗੁਰਬਾਣੀ ਦਾ ਸੱਚ ਇਸ ਸਲੋਕ ਦੀ ਅੰਤਲੀ ਤੁੱਕ ਵਿੱਚ ਹੈ। ਇਹ ਸੱਚ ਗੁਰੂ ਕਾਲ ਤੋਂ ਪਹਿਲਾਂ ਵੀ ਸੱਚ ਸੀ, ਗੁਰੂ ਕਾਲ ਵਿੱਚ ਵੀ ਸੱਚ ਸੀ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵੀ ਸੱਚ ਹੀ ਰਹੇਗਾ।
(ਨੋਟ:- ਆਮ ਤੌਰ `ਤੇ ‘ਪੁਤੀਂ ਗੰਢੁ ਪਵੈ ਸੰਸਾਰਿ’ ਦਾ ਇਹ ਭਾਵ ਲਿਆ ਜਾਂਦਾ ਹੈ ਕਿ ਪੁੱਤਰਾਂ ਨਾਲ ਸੰਸਾਰ ਵਿੱਚ ਜੋੜ ਜੁੜਦਾ ਹੈ। ਪਰ ਇਸ ਫ਼ਰਮਾਨ ਦਾ ਅਜਿਹਾ ਭਾਵ ਨਹੀਂ ਹੈ। ਇਸ ਤੁਕ ਦਾ ਅਜਿਹਾ ਭਾਵ ਲੈਣ ਵਾਲੇ ਸੱਜਣ ਇਸ ਤੁਕ ਤੋਂ ਪਹਿਲੀ ਪੰਗਤੀ (ਗੋਰੀ ਸੇਤੀ ਤੁਟੈ ਭਤਾਰੁ) ਨੂੰ ਨਜ਼ਰ-ਅੰਦਾਜ਼ ਕਰ ਦੇਂਦੇ ਹਨ। ਜੇਕਰ ਦੋਹਾਂ ਪੰਗਤੀਆਂ ਨੂੰ ਇਕੱਠਿਆਂ ਵਿਚਾਰਿਆ ਜਾਵੇ ਤਾਂ ਇਸ ਤਰ੍ਹਾਂ ਦੇ ਭੁਲੇਖੇ ਦੀ ਕੋਈ ਸੰਭਾਵਨਾ ਨਹੀਂ ਰਹਿੰਦੀ ਹੈ।
ਇਸ ਸਲੋਕ ਤੋਂ ਪਹਿਲੇ ਸਲੋਕ ਅਤੇ ਇਸ ਸਲੋਕ ਨਾਲ ਸੰਬੰਧਤ ਪਉੜੀ ਨੂੰ ਵਿਚਾਰਨ ਨਾਲ ਇਹ ਭਾਵ ਹੋਰ ਵੀ ਸਪਸ਼ਟ ਰੂਪ ਵਿੱਚ ਉਘੜਦਾ ਹੈ।)
ਕਈ ਸੱਜਣ ਆਸਾ ਕੀ ਵਾਰ ਦੇ ਹੇਠ ਲਿਖੇ ਫ਼ਰਮਾਨ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਇਸ ਸਲੋਕ ਵਿੱਚ ਮੂਰਖ ਦੇ ਜੁੱਤੀਆਂ ਪੈਣ ਦੀ ਗੱਲ ਕਰ ਰਹੇ ਹਨ, ਉਸੇ ਤਰ੍ਹਾਂ ‘ਮੂਰਖ ਗੰਢੁ ਪਵੈ ਮੁਹਿ ਮਾਰ’ ਵਾਲੇ ਫ਼ਰਮਾਨ ਵਿੱਚ ਵੀ ਕਰ ਰਹੇ ਹਨ।
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥ (ਪੰਨਾ ੪੭੩)
ਅਰਥ:- ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ)। ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ। ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ। (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ)।
ਇਸ ਫ਼ਰਮਾਨ ਵਿੱਚ ਮੂਰਖ ਸ਼ਬਦ ਉਸ ਵਿਅਕਤੀ ਲਈ ਵਰਤਿਆ ਗਿਆ ਹੈ ਜੋ ਬਦਜ਼ਬਾਨ ਹੈ। ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ ਨਹੀਂ ਹੈ ਕਿ ਕੌੜੇ ਬੋਲ ਬੋਲਣ ਵਾਲੇ ਪ੍ਰਾਣੀ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਪਰ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਇਹ ਦ੍ਰਿੜ ਕਰਵਾਇਆ ਗਿਆ ਹੈ ਕਿ, ‘ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ॥ ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ‘॥ (ਪੰਨਾ ੪੫੦) ਅਰਥ:- (ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ, ਸਿਆਣੇ ਹਨ। ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿੱਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ।
ਕਈ ਵਿਦਵਾਨ ‘ਮੁਹਿ ਮਾਰ’ ਦਾ ਅਰਥ ‘ਮੁਹ ਮਾਰ ਛੱਡਣ ਨਾਲ, ਭਾਵ ਉਦਾਸੀਨ ਰਹਿਣ ਨਾਲ’ ਵੀ ਕਰਦੇ ਹਨ। ‘ਮੁਹਿ ਮਾਰ’ ਦਾ ਇਹ ਭਾਵਾਰਥ ਲੈਣ ਵਾਲੇ ਵਿਦਵਾਨ ‘ਮੂਰਖ ਗੰਢੁ ਪਵੈ ਮੁਹਿ ਮਾਰ’ ਦਾ ਅਰਥ ਕਰਦੇ ਹਨ ਕਿ ਮੂਰਖ ਵਲੋਂ ਮੂੰਹ ਮਾਰ ਛੱਡਣ ਨਾਲ, ਭਾਵ, ਉਦਾਸੀਨ ਰਹਿਣ ਨਾਲ ਗੰਢ ਅਥਵਾ ਜੋੜ ਜੁੜਦਾ ਹੈ।
ਭਾਈ ਗੁਰਦਾਸ ਜੀ ਨੇ ਇਸ ਧਾਰਨਾ ਸੰਬੰਧੀ ਇਉਂ ਲਿਖਿਆ ਹੈ:-
ਕਟਣੁ ਚਟਣੁ ਕੁਤਿਆਂ ਕੁਤੈ ਹਲਕ ਤੈ ਮਨੁ ਸੂਗਾਵੈ॥ ਠੰਢਾ ਤਤਾ ਕੋਇਲਾ ਕਾਲਾ ਕਰਿ ਕੈ ਹਥ ਜਲਾਵੈ॥ ਜਿਉ ਚਕਚੂੰਧਰ ਸਪ ਦੀ ਅੰਨ੍ਹਾ ਕੋੜੀ ਕਰਿ ਦਿਖਲਾਵੈ॥ ਜਾਣੁ ਰਸਉਲੀ ਦੇਹ ਵਿਚਿ ਵਢੀ ਪੀੜ ਰਖੀ ਸਰਮਾਵੈ॥ ਵੰਸਿ ਕਪੂਤ ਕੁਲਛਣਾ ਛਡਿਆ ਬਣੈ ਨ ਵਿਚਿ ਸਮਾਵੈ॥ ਮੂਰਖ ਹੇਤੁ ਨ ਲਾਈਐ ਪਰਹਰਿ ਵੈਰੁ ਅਲਿਪਤੁ ਵਲਾਵੈ॥ ਦੁਹੀਂ ਪਵਾੜੀਂ ਦੁਖਿ ਵਿਹਾਵੈ॥ (ਵਾਰ ੩੨, ਪਉੜੀ ੯) ਅਰਥ:-ਕੁਤਿਆਂ ਦਾ ਕੰਮ ਹੈ ਕਟਣਾ ਤੇ ਚੱਟਣਾ ਹੈ, (ਜੇ ਮਾਰੀਏ ਤਾਂ ਕਟਦਾ ਹੈ ਪਰ ਜੇਕਰ ਪਿਆਰ ਕਰੀਏ ਤਾਂ ਚੱਟਦਾ ਹੈ) ਕੁੱਤੇ ਦੇ ਹਲਕਪੁਣੇ ਤੇ ਮਨ ਡਰਦਾ ਹੈ। ਭਾਵ, ਚੱਟਣਾ ਕੁੱਤੇ ਦਾ ਸੁਭਾੳੇ ਹੈ, ਜੇਕਰ ਹਲਕ ਜਾਏ ਤਾਂ ਉਸ ਦਾ ਚੱਟਣਾ ਹੀ ਮਾਰ ਦੇਂਦਾ ਹੈ, ਇਸ ਲਈ ਉਸ ਤੋਂ ਸੰਕੋਚ ਕਰਨਾ ਹੀ ਚੰਗਾ ਹੈ। ਜਿਸ ਤਰ੍ਹਾਂ ਠੰਢਾ ਕੋਲਾ ਹੱਥ ਕਾਲੇ ਕਰਦਾ ਹੈ, ਤੱਤਾ ਕੋਲਾ ਹੱਥ ਸਾੜਦਾ ਹੈ। ਜਿਸ ਤਰ੍ਹਾਂ ਸੱਪ ਕੋੜ ਕਿਰਲੀ ਨੂੰ ਖਾਂਦਾ ਹੈ ਤਾਂ ਉਸ ਨੂੰ ਕੋੜ੍ਹੀ ਤੇ ਜੇ ਛੱਡਦਾ ਹੈ ਤਾਂ ਅੰਨ੍ਹਾ ਕਰ ਦੇਂਦੀ ਹੈ। ਰਸੌਲੀ ਅਰਥਾਤ ਉਭਰੇ ਹੋਏ ਮਾਸ ਦੀ ਗੰਢ ਨੂੰ ਜੇ ਵੱਢੀਏ ਤਾਂ ਪੀੜ ਕਰਦੀ ਹੈ, ਜੇ ਰੱਖੀ ਜਾਵੇ ਤਾਂ ਸ਼ਰਮ ਲੱਗਦੀ ਹੈ, ਕਿਉਂਕਿ ਉਸ ਨਾਲ ਭੈੜਾ ਰੂਪ ਭਾਸਦਾ ਹੈ। ਕੁਲ ਵਿਖੇ ਖੋਟਾ ਪੁੱਤ੍ਰ ਛੱਡਿਆ ਵੀ ਨਹੀਂ ਬਣਦਾ ਅਤੇ ਨਾ ਹੀ ਪਰਵਾਰ ਵਿੱਚ ਸਮਾ ਸਕਦਾ ਹੈ, ਕਿਉਂਕਿ ਕੋਈ ਨਾ ਕੋਈ ਪੁਆੜਾ ਹੀ ਖੜਾ ਰੱਖਦਾ ਹੈ। ਮੂਰਖ ਨਾਲ ਪਿਆਰ ਨਾ ਕਰੀਏ ਤੇ ਵੈਰ ਵੀ ਛਡੀਏ, ਹਾਂ ਅਲਿਪਤ ਹੋ ਕੇ ਉਦਾਸ ਭਾਉ ਚੰਗਾ ਹੈ। ਨਹੀਂ ਤਾਂ ਦੋਹਾਂ ਪਵਾੜਿਆਂ ਵਿੱਚ ਦੁੱਖ ਹੀ ਹੋਵੇਗਾ।
ਧਿਆਨ ਰਹੇ ਮੂਰਖ ਸੰਬੰਧੀ ਇਹੋ-ਜਿਹੀ ਧਾਰਨਾ ਵਿੱਚ ਸਾਧਾਰਨ ਨੀਤੀ ਦਾ ਵਰਨਣ ਹੈ। ਗੁਰਮਤਿ ਦੀ ਜੀਵਨ-ਜੁਗਤ ਇਹੋ-ਜਿਹੀ ਨੀਤੀ ਤੋਂ ਬਹੁਤ ਉਚੇਰੀ ਹੈ। ਆਮ ਨੀਤੀ ਵਿੱਚ ਮਨੁੱਖ ਆਪਣਾ ਲਾਭ ਜਾਂ ਹਾਨੀ ਦੇਖਦਾ ਹੈ ਪਰ ਗੁਰਮਤਿ ਦੀਆਂ ਕਦਰਾਂ-ਕੀਮਤਾਂ ਮਨੁੱਖ ਨੂੰ ਇਸ ਤੋਂ ਉਪਰ ਉਠਾ ਕੇ ਸੁਆਰਥ ਰਹਿਤ ਹੋ ਕੇ ਮਨੁੱਖਤਾ ਦੀ ਸੇਵਾ ਵਿੱਚ ਜੁਟਣ ਲਈ ਉਤਸ਼ਾਹਤ ਕਰਦੀਆਂ ਹਨ।
ਸੋ, ਗੱਲ ਕੀ, ‘ਮੂਰਖ ਗੰਢੁ ਪਵੈ ਮੁਹਿ ਮਾਰ’ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਵਿਚਾਰ ਪੇਸ਼ ਨਹੀਂ ਕਰ ਰਹੇ ਹਨ ਬਲਕਿ ਲੋਕੋਕਤੀ ਦਾ ਹੀ ਜ਼ਿਕਰ ਕਰ ਰਹੇ ਹਨ। ਗੁਰਬਾਣੀ ਦੀ ਕਾਵਿ-ਸ਼ੈਲੀ ਦਾ ਇੱਕ ਇਹ ਨਿਯਮ ਵੀ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਵਾਰਾਂ ਵਿੱਚ ਜਿਹਨਾਂ ਸਲੋਕਾਂ ਤੇ ਪਉੜੀਆਂ ਰਾਹੀਂ ਗੁਰਦੇਵ ਜੀ ਨੇ ਅਨਮਤੀ ਧਾਰਨਾਵਾਂ ਅਤੇ ਸਮੇਂ ਸਥਾਨ ਨਾਲ ਸੰਬੰਧਤ ਮੁਹਾਵਰਿਆਂ ਦੀ ਵਰਤੋਂ ਕਰਕੇ ਕੋਈ ਸਿਧਾਂਤਕ ਉਪਦੇਸ਼ ਦੇਣ ਦਾ ਯਤਨ ਕੀਤਾ ਹੈ, ਆਮ ਕਰਕੇ ਉਹ ਸੱਚ, ਉਹਨਾਂ ਦੀਆਂ ਅੰਤਲੀਆਂ ਪੰਗਤੀਆਂ ਦੁਆਰਾ ਹੀ ਪ੍ਰਗਟਾਇਆ ਗਿਆ ਹੁੰਦਾ ਹੈ। ਇਸ ਨਿਯਮ ਨੂੰ ਧਿਆਨ ਵਿੱਚ ਰਖਦਿਆਂ ਉਪਰੋਕਤ ਸਾਰੀ ਵਿਚਾਰ ਦਾ ਸਾਰ ਤੱਤ ਇਹ ਹੈ ਕਿ ‘ਮੂਰਖ ਗੰਢੁ ਪਵੈ ਮੁਹਿ ਮਾਰ’ ਤੁਕ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਵਿਚਾਰ ਪੇਸ਼ ਨਹੀਂ ਕਰ ਰਹੇ ਹਨ, ਬਲਕਿ ਆਮ ਨੀਤੀ ਅਥਵਾ ਲੋਕੋਕਤੀ ਦਾ ਹੀ ਜ਼ਿਕਰ ਕਰ ਰਹੇ ਹਨ। ਪਰੰਤੂ ਆਸਾ ਕੀ ਵਾਰ ਅੰਦਰਲੀ ਪਉੜੀ ਦਾ ਅਖੀਰਲਾ ਤੁਕਾਂਸ ‘ਮੂਰਖੈ ਨਾਲਿ ਨ ਲੁਝੀਐ’ ਉਹਨਾਂ ਦਾ ਆਪਣਾ ਵਿਚਾਰ ਹੈ।




.