.

ਸਿੱਖ ਸਟੱਡੀਜ਼ ਦੀ ਵਾਸਤਵਿਕਤਾ
ਹਾਕਮ ਸਿੰਘ

(ਕਿਸ਼ਤ ਨੰ: 01)


ਸਿੱਖ ਧਰਮ ਬਾਰੇ ਅਕਾਦਮਿਕ ਅਦਾਰਿਆਂ, ਸਿੱਖ ਧਾਰਮਕ ਸੰਸਥਾਵਾਂ ਅਤੇ ਵਿਦਵਾਨਾਂ ਵੱਲੋਂ ਪ੍ਰਕਾਸ਼ਿਤ ਮਿਆਰੀ ਲਿਖਤਾਂ ਨੂੰ ਸਿੱਖ ਸਟੱਡੀਜ਼ ਦਾ ਨਾਂ ਦਿੱਤਾ ਜਾਂਦਾ ਹੈ। ਇਹ ਲਿਖਤਾਂ ਜ਼ਿਆਦਾ ਤਰ ਸਿੱਖ ਇਤਹਾਸ, ਸਭਿਆਚਾਰ, ਫ਼ਲਸਫਾ, ਧਰਮ ਅਤੇ ਕਨੂੰਨ ਦੇ ਵਿਸ਼ਿਆਂ ਤੇ ਹੁੰਦੀਆਂ ਹਨ। ਇਹਨਾਂ ਵਿਸ਼ਿਆਂ ਤੇ ਹੁਣ ਕਾਫੀ ਮਾਤਰਾ ਵਿਚ ਸਾਹਿਤ ਉਪਲੱਬਧ ਹੈ। ਇੰਟਰਨੈਟ, ਵਿਕੀਪੀਡਆ ਅਤੇ ਸਿੱਖੀਪੀਡੀਆ ਵਿਚ ਵੀ ਇਹਨਾਂ ਵਿਸ਼ਿਆਂ ਤੇ ਜਾਣਕਾਰੀ ਮਿਲਦੀ ਹੈ। ਕਈ ਯੂਨੀਵਰਸਿਟੀਆਂ ਨੇ ਸਿੱਖ ਧਰਮ ਦੇ ਅਧਿਐਨ ਅਤੇ ਖੋਜ ਵਿਭਾਗ ਸਥਾਪਤ ਕੀਤੇ ਹੋਏ ਹਨ ਅਤੇ ਇਹ ਯੂਨੀਵਰਸਿਟੀਆਂ ਅਤੇ ਕਈ ਸਿੱਖ ਸੰਸਥਾਵਾਂ ਇਹਨਾਂ ਵਿਸ਼ਿਆਂ ਤੇ ਪੁਸਤਕਾਂ ਅਤੇ ਰਸਾਲੇ ਪ੍ਰਕਾਸ਼ਿਤ ਕਰਦੀਆਂ, ਸੈਮੀਨਾਰ, ਕਾਨਫਰੰਸਾਂ ਅਤੇ ਗੋਸ਼ਟੀਆਂ ਕਰਾਉਂਦੀਆਂ ਅਤੇ ਵੈਬਸਾਇਟਾਂ ਚਲਾਉਂਦੀਆਂ ਹਨ। ਕਈ ਸਿੱਖ ਧਰਮ ਦੇ ਵਿਦਵਾਨ ਵੀ ਧਾਰਮਕ ਅਤੇ ਇਤਿਹਾਸਕ ਸਾਹਿਤ ਰਚਣ ਵਿਚ ਰੁੱਝੇ ਹੋਏ ਹਨ।
ਸਿੱਖ ਸਟੱਡੀਜ਼ ਦੀ ਅਰੰਭਤਾ ਅੰਗਰੇਜ਼ਾਂ ਦੀ ਸਿੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਉਤਸੁਕਤਾ ਨਾਲ ਹੋਈ ਸੀ। ਅੰਗਰੇਜ਼ਾਂ ਨੂੰ ਪੰਜਾਬ ਤੇ ਆਪਣਾ ਰਾਜ ਕਾਇਮ ਕਰਨ ਅਤੇ ਉਸ ਨੂੰ ਸਫਲਤਾ ਪੂਰਵਕ ਚਲਾਉਣ ਲਈ ਸਿੱਖ ਧਰਮ, ਇਤਹਾਸ ਅਤੇ ਸਭਿਆਚਾਰ ਬਾਰੇ ਭਰੋਸੇ ਯੋਗ ਜਾਣਕਾਰੀ ਚਾਹੀਦੀ ਸੀ ਤਾਂ ਜੋ ਉਹ ਸਿੱਖਾਂ ਨੂੰ ਆਪਣੇ ਅਧੀਨ ਰੱਖਣ ਅਤੇ ਆਪਣੇ ਹਿੱਤ ਵਿਚ ਵਰਤਣ ਲਈ ਸਹੀ ਨੀਤੀ ਨਿਰਧਾਰਤ ਕਰ ਸਕਣ। ਕਈ ਵਿਦਵਾਨ ਸਮਝਦੇ ਹਨ ਕਿ ਅੰਗਰੇਜ਼ ਸਿੱਖਾਂ ਦੇ ਪਰਸੰਸਕ ਹੋਣ ਕਾਰਨ ਸਿੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਸਨ। ਐਸਾ ਨਹੀਂ ਹੈ। ਅੰਗਰੇਜ਼ਾਂ ਦੀ ਦਿਲਚਸਪੀ ਆਪਣਾ ਰਾਜ ਕਾਇਮ ਅਤੇ ਪੱਕਾ ਕਰਨ ਵਿਚ ਸੀ ਪਰ ਉਹ ਲੋਕਾਂ ਨੂੰ ਇਹ ਜਤਾਉਣ ਵਿਚ ਕੋਈ ਹਰਜ ਨਹੀਂ ਸਨ ਸਮਝਦੇ ਕਿ ਉਹ ਉਹਨਾਂ ਦੇ ਹਾਕਮ ਹੀ ਨਹੀਂ ਪਰਸੰਸਕ ਵੀ ਹਨ। ਅੰਗਰੇਜ਼ਾਂ ਦੀ ਪਰਸੰਸਾ ਉਹਨਾਂ ਦੀ ਘਿਰਨਾ ਨਾਲੋਂ ਵੱਧ ਹਾਨੀਕਾਰਕ ਹੁੰਦੀ ਸੀ। ਜਿਸ ਦੇਸ਼ ਤੇ ਵੀ ਅੰਗਰੇਜ਼ਾਂ ਨੇ ਰਾਜ ਕੀਤਾ ਹੈ ਉਸ ਦੇਸ਼ ਦੇ ਅਮਨ ਚੈਨ ਨਾਲ ਰਹਿ ਰਹੇ ਵਸਨੀਕਾਂ ਵਿਚ ਅੰਗਰੇਜ਼ਾਂ ਨੇ ਵੰਡੀਆਂ ਪਾ ਕੇ ਨਫ਼ਰਤ ਦੇ ਐਸੇ ਬੀਜ ਬੀਜੇ ਹਨ ਕਿ ਉਹ ਲੋਕ ਹਮੇਸ਼ਾ ਲਈ ਆਪਸ ਵਿਚ ਲੜਾਈ ਦੇ ਰਾਹ ਪੈ ਗਏ ਹਨ ਅਤੇ ਉਹਨਾਂ ਦੀਆਂ ਲੜਾਈਆਂ ਦਾ ਅੰਤ ਨਜ਼ਰ ਨਹੀਂ ਆਉਂਦਾ। ਸਿੱਖ ਸਟੱਡੀਜ਼ ਲਈ ਪਹਿਲਾ ਮਹੱਤਵਪੂਰਨ ਕਦਮ ਅੰਗਰੇਜ਼ ਸਰਕਾਰ ਨੇ ੧੮੭੭ ਵਿਚ ਇੰਡੀਆ ਆਫਿਸ, ਲੰਡਨ ਰਾਹੀਂ ਇਕ ਪੂਰਬੀ ਦੇਸ਼ਾਂ ਦੀ ਭਾਸ਼ਾ, ਸਾਹਿਤ ਅਤੇ ਦਰਸ਼ਨ ਦੇ ਜਰਮਨ ਵਿਸ਼ੇਸ਼ਗ, ਅਰਨੈਸਟ ਟਰੰਪ
(Ernest Trumpp) ਨੂੰ ਸਿੱਖਾਂ ਦੇ ਪਵਿਤਰ ਗ੍ਰੰਥ ਦਾ ਅੰਗ੍ਰੇਜ਼ੀ ਅਨੁਵਾਦ ਕਰਨ ਦੀ ਜਿੰਮੇਵਾਰੀ ਸੌਂਪ ਦਿੱਤੀ ਸੀ। ਟਰੰਪ ਨੇ ਗੁਰੂ ਗ੍ਰੰਥ ਸਾਹਿਬ ਦੇ ਕੁੱਝ ਭਾਗਾਂ ਦਾ ਅੰਗ੍ਰੇਜ਼ੀ ਅਨੁਵਾਦ ਕੀਤਾ ਸੀ ਜੋ ਆਦਿ ਗ੍ਰੰਥ ਦੇ ਸ਼ੀਰਸ਼ਕ ਹੇਠ ਪਰਕਾਸ਼ਤ ਹੋਇਆ। ਟਰੰਪ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੋਈ ਦਿਲਚਸਪੀ ਨਹੀਂ ਸੀ ਅਤੇ ਨਾ ਹੀ ਉਸ ਵਿਚ ਗੁਰਬਾਣੀ ਉਪਦੇਸ਼ ਨੂੰ ਸਮਝਣ ਅਤੇ ਬਿਆਨ ਕਰਨ ਦੀ ਯੋਗਤਾ ਸੀ। ਉਸ ਦੀ ਕਿਰਤ ਨੂੰ ਕੇਵਲ ਕੁੱਝ ਆਲੋਚਕ ਹੀ ਪੜ੍ਹਦੇ ਰਹੇ ਹਨ। ਟਰੰਪ ਤੋਂ ਬਾਅਦ ਸਿੱਖ ਧਰਮ ਬਾਰੇ ਅੰਗ੍ਰੇਜ਼ੀ ਵਿਚ ਕਈ ਵਰਣਨਯੋਗ ਪੁਸਤਕਾਂ ਪਰਕਾਸ਼ਤ ਹੋਈਆਂ, ਜਿਨ੍ਹਾਂ ਦੇ ਪੰਜਾਬੀ ਵਿਚ ਇਹ ਸ਼ੀਰਸ਼ਕ ਬਣਦੇ ਹਨ:

ਬਾਵਾ ਛੱਜੂ ਸਿੰਘ- ਦਸ ਗੁਰੂ ਸਾਹਿਬਾਨ ਅਤੇ ਉਹਨਾਂ ਦੀ ਸਿੱਖਿਆ ੧੯੦੩
ਸੇਵਾ ਰਾਮ ਸਿੰਘ- ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆ ਦਾ ਆਲੋਚਨਆਤਮਕ ਅਧਿਐਨ
ਮੈਕਸ ਆਰਥਰ ਮੈਕਾਲਿਫ਼- ਸਿੱਖ ਧਰਮ: ਇਸ ਦੇ ਗੁਰੂ, ਪਵਿਤਰ ਲਿਖਤਾਂ ਅਤੇ ਲੇਖਕ, ੬ ਜਿਲਦਾਂ ੧੯੦੯
ਖਜਾਨ ਸਿੰਘ-ਸਿੱਖ ਧਰਮ ਦਾ ਇਤਹਾਸ ੧੯੧੫
ਡਾਰਥੀ ਫੀਲਡ- ਸਿੱਖਾਂ ਦਾ ਧਰਮ ੧੯੧੫

ਉਨੀਵੀਂ ਅਤੇ ਵੀਹਵੀਂ ਸ਼ਤਾਬਦੀ ਦੇ ਪਹਿਲੇ ਦੋ ਦਹਾਕਿਆਂ ਤਕ ਬਹੁਤੇ ਸਿੱਖ ਵਿਦਵਾਨ ਸਨਾਤਨੀ ਪਰਣਾਲੀ ਅਤੇ ਪਰੰਪਰਾ ਅਨੁਸਾਰ ਸਿੱਖ ਧਰਮ ਅਤੇ ਇਤਹਾਸ ਦੇ ਗ੍ਰੰਥ ਰਚਦੇ ਰਹੇ। ਸਨਾਤਨੀ ਪਰਣਾਲੀ ਵਿਚ ਇਤਹਾਸ ਰਚਣ ਦੀ ਪਰੱਥਾ ਨਹੀਂ ਹੈ ਕਿਉਂਕਿ ਹਿੰਦੂ ਧਰਮ ਵਿਚ ਸਥਾਨ ਅਤੇ ਸਮੇਂ ਦੇ ਯਥਾਰਥ ਨੂੰ ਕਲਪਨਾਤਮਕ ਢੰਗ ਨਾਲ ਪੇਸ਼ ਕਰਕੇ ਸ਼ਰਧਾ ਉਤੇਜਿਤ ਕਰਨ ਵਾਲਾ ਭਰਮਾਊ ਮਿਥਿਹਾਸ ਅਤੇ ਗਲਪ ਰਚਣ ਦੀ ਰੀਤ ਹੈ। ਇਤਹਾਸ ਦੀ ਸਚਾਈ ਨਿਸ਼ਚਿਤ ਸਥਾਨ ਅਤੇ ਸਮੇਂ ਵਿਚ ਵਾਪਰੀਆਂ ਵਾਰਦਾਤਾਂ ਦੇ ਸਹੀ ਅਤੇ ਮੰਨਣਯੋਗ ਵਰਨਣ ਤੇ ਨਿਰਭਰ ਕਰਦੀ ਹੈ ਨਾ ਕਿ ਭਾਵਨਾਵਾਂ ਦੀ ਪਰਦਰਸ਼ਨੀ ਜਾਂ ਕਾਲਪਨਿਕ ਉਡਾਰੀਆਂ ਤੇ। ਜਿਨ੍ਹਾਂ ਸਿੱਖ ਵਿਦਵਾਨਾਂ ਨੇ ਉਹਨਾਂ ਸਮਿਆਂ ਵਿਚ ਗੁਰੂ ਸਾਹਿਬਾਨ ਦੀਆਂ ਜਨਮ ਸਾਖੀਆਂ, ਗੁਰ ਬਿਲਾਸ, ਦਸਮ ਗ੍ਰੰਥ ਅਤੇ ਸਿੱਖ ਧਰਮ ਦੇ ਇਤਹਾਸ ਲਿਖੇ ਹਨ ਉਹ ਸਭ ਸਨਾਤਨੀ ਪਰੰਪਰਾ ਦੇ ਵਿਸ਼ਵਾਸੀ ਅਤੇ ਮਿਥਿਹਾਸ ਰਚਣ ਵਿਚ ਨਿਪੁੰਨ ਸਨ। ਉਹਨਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਦੇ ਪਰਵਾਰਿਕ ਵਿਰੋਧੀਆਂ ਦੇ ਸਹਿਯੋਗੀ ਸਨ। ਉਹਨਾਂ ਦੀਆਂ ਲਿਖਤਾਂ ਗੁਰਬਾਣੀ ਉਪਦੇਸ਼ ਦੇ ਵਿਪਰੀਤ ਅਤੇ ਗੁਰੂ ਸਾਹਿਬਾਨ ਬਾਰੇ ਗੁਮਰਾਹ ਕਰਨ ਵਾਲੀਆਂ ਹਨ ਭਾਵੇਂ ਉਪਰੋਂ-ਉਪਰੋਂ ਉਹ ਸਾਰੇ ਵਿਦਵਾਨ ਗੁਰੂ ਸਾਹਿਬਾਨ ਨੂੰ ਸ਼ਰਧਾ ਦੇ ਫੁਲ ਚੜ੍ਹਾਉਣ ਦਾ ਪਰਭਾਵ ਦਿੰਦੇ ਹਨ। ਉਹਨਾਂ ਲਿਖਤਾਂ ਦੇ ਉਲਟ ਭੱਟ ਵਹੀਆਂ ਵਿਚ ਇਤਿਹਾਸਕ ਤੱਥ ਵਧੇਰੇ ਭਰੋਸੇ ਯੋਗ ਹਨ।
ਗੁਰੂ ਸਾਹਿਬਾਨ ਦੀਆਂ ਉਸ ਸਮੇ ਵਿਚ ਲਿਖੀਆਂ ਜੀਵਨੀਆਂ ਅਤੇ ਦਸਮ ਗ੍ਰੰਥ ਦੀ ਨਾਟਕੀ ਲੱਭਤ ਕਿਸੇ ਵਿਸ਼ੇਸ਼ ਯੋਜਨਾ ਅਧੀਨ ਕੀਤੀਆਂ ਕਾਰਵਾਈਆਂ ਦਾ ਪਰਭਾਵ ਪਾਉਂਦੀਆਂ ਹਨ। ਇਹ ਲਿਖਤਾਂ ਕੁੱਝ ਅਸੁਵਿਧਾਪੂਰਨ ਸਵਾਲ ਵੀ ਖੜ੍ਹੇ ਕਰਦੀਆਂ ਹਨ। ਦਸ ਗੁਰੂ ਸਾਹਿਬਾਨ ਵਿਚੋਂ ਕੇਵਲ ਤਿੰਨ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਲਿਖਤਾਂ ਹੀ ਬਹੁਤੀਆਂ ਪ੍ਰਸਿੱਧ ਅਤੇ ਚਰਚਿਤ ਹਨ। ਗੁਰੂ ਨਾਨਕ ਸਾਹਿਬ ਦੀ ਬਾਲੇ ਵਾਲੀ ਜਨਮ ਸਾਖੀ, ਗੁਰਬਿਲਾਸ ਪਾਤਸ਼ਾਹੀ ੬, ਦਸਮ ਗ੍ਰੰਥ ਅਤੇ ਗੁਰਬਿਲਾਸ ਪਾਤਸ਼ਾਹੀ ੧੦ ਸਿੱਖ ਇਤਹਾਸ ਦੇ ਸੋਮਿਆਂ ਵਜੋਂ ਆਮ ਚਰਚਾ ਵਿਚ ਆਉਂਦੀਆਂ ਹਨ। ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨੀਆਂ ਦੇ ਸਿਰਲੇਖਾਂ ਵਿਚ ਬਿਲਾਸ ਸ਼ਬਦ ਦੀ ਵਰਤੋਂ ਕੁੱਝ ਅਨੋਖੀ ਜਾਪਦੀ ਹੈ। ਇਹ ਸ਼ਬਦ ਗੁਰੂ ਸਾਹਿਬਾਨ ਪ੍ਰਤੀ ਸਤਕਾਰ ਦੇ ਪ੍ਰਗਟਾਵੇ ਦਾ ਪਰਤੀਕ ਨਹੀਂ ਆਖਿਆ ਜਾ ਸਕਦਾ। ਇਹਨਾਂ ਲਿਖਤਾਂ ਵਿਚ ਕਰਾਮਾਤਾਂ ਅਤੇ ਕਲਪਿਤ ਵਾਰਦਾਤਾਂ ਦੀ ਭਰਮਾਰ ਹੈ। ਬਹੁਤੇ ਸਿੱਖ ਇਤਿਹਾਸਕਾਰ ਇਹਨਾਂ ਲਿਖਤਾਂ, ਭਾਈ ਸੰਤੋਖ ਸਿੰਘ ਦੇ ‘ਗੁਰਪ੍ਰਤਾਪ ਸੂਰਯ’, ਰਤਨ ਸਿੰਘ ਭੰਗੂ ਦੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਅਤੇ ਗਿਆਨੀ ਗਿਆਨ ਸਿੰਘ ਦੇ ‘ਪੰਥ ਪ੍ਰਕਾਸ਼’ ਨੂੰ ਗੁਰ ਇਤਹਾਸ ਦੇ ਸਰੋਤਾਂ ਵਜੋਂ ਵਰਤਦੇ ਹਨ। ਇਹਨਾਂ ਸਰੋਤਾਂ ਤੇ ਆਧਾਰਤ ਇਤਿਹਾਸ ਵਿਚ ਮਿਥਿਹਾਸ ਦੀ ਮਾਤਰਾ ਕਾਫੀ ਜ਼ਿਆਦਾ ਹੈ। ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ, ਜਿਸ ਨੂੰ ‘ਵਿਦਯਾ ਸਾਗਰ’ ਦਾ ਨਾਂ ਦਿੱਤਾ ਗਿਆ ਸੀ, ਅਨੰਦਪੁਰ ਦੀ ਜੰਗ ਸਮੇਂ ਨਸ਼ਟ ਹੋ ਗਿਆ ਸੀ। ‘ਮਹਿਮਾ ਪ੍ਰਕਾਸ਼’ ਵਿਚ ਇਸ ਗ੍ਰੰਥ ਬਾਰੇ ਲਿਖਿਆ ਹੈ: “ਨਨੂਆ ਬੈਰਾਗੀ ਸ਼ਯਾਮ ਕਵਿ ਬ੍ਰਹਮ ਭਾਟ ਜੋ ਆਹਿ। ਭਾਈ ਨਿਹਚਲ ਦਾਸ ਪੁਨਿ ਵਡੇ ਗੁਨਿਨ ਤਾਹਿ। ਅਵਰ ਕਿਤਕ ਤਿਨਿ ਨਾਮ ਨ ਜਾਨੋ। ਲਿਖੇ ਸਗਲ ਪੁਨਿ ਕਰੋਂ ਬਖਾਨੋ। ਚਾਰ ਵੇਦ ਦਸ ਅਸ਼ਟ ਪੁਰਾਨ। ਛੈ ਸ਼ਾਸਤ੍ਰ ਸਿਮ੍ਰਿਤਿ ਮਤ ਮਾਨ। ਚੌਬੀਸ ਅਵਤਾਰ ਕੀ ਭਾਖਾ ਕੀਨ। ਚਾਰ ਸੌ ਚਾਰ ਚਰਿੱਤ੍ਰ ਨਵੀਨ। ਰਚਨਾ ਕਰਿ ਪ੍ਰਭੁ ਸ੍ਰਵਨ ਕਰਾਈ। ਭੇ ਪ੍ਰਸੰਨ ਸਤਿਗੁਰਿ ਮਨ ਭਾਈ। ਸੰਸਕਿਰਤ ਬਹੁ ਭਾਖਾ ਕਰੀ। ਵਿਦਯਾ ਸਾਗਰ ਗ੍ਰੰਥ ਪਰ ਚੜ੍ਹੀ”। ਕਈ ਵਿਦਵਾਨ ਅਖੌਤੀ ਦਸਮ ਗ੍ਰੰਥ ਨੂੰ ਨਸ਼ਟ ਹੋਏ ‘ਵਿਦਯਾ ਸਾਗਰ’ ਗ੍ਰੰਥ ਵਿਚੋਂ ਉਪਲੱਬਧ ਕੁਝ ਬਚੀਆਂ ਰਚਨਾਵਾਂ ਦਾ ਸੰਗ੍ਰਹਿ ਮੰਨਦੇ ਹਨ।

ਇਹ ਕਥਿਤ ਇਤਿਹਾਸਕ ਸਰੋਤ ਉਸ ਸਮੇਂ ਰਚੇ ਗਏ ਸਨ ਜਦੋਂ ਸਾਰੇ ਗੁਰ ਅਸਥਾਨਾਂ ਤੇ ਗੁਰਮਤਿ ਵਿਰੋਧੀ ਉਦਾਸੀਆਂ ਅਤੇ ਨਿਰਮਲਿਆਂ ਦੇ ਕਬਜ਼ੇ ਸਨ ਅਤੇ ਸਨਾਤਨੀ ਵਿਚਾਰਧਾਰਾ ਦਾ ਸਿੱਖ ਧਰਮ ਦੀ ਮੁੱਖ ਧਾਰਾ ਤੇ ਪੂਰਾ ਪਰਭਾਵ ਸੀ। ਇਹਨਾਂ ਲਿਖਤਾਂ ਵਿਚ ਗੁਰਬਾਣੀ ਉਪਦੇਸ਼ ਬਾਰੇ ਭੁਲੇਖੇ ਪਾਉਣ ਅਤੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਕਰਾਮਾਤਾਂ ਜੋੜਨ ਦਾ ਮਨੋਰਥ ਪਰਚਲਤ ਗੁਰਮਤਿ ਵਿਰੋਧੀ ਵਿਚਾਰਧਾਰਾ ਨੂੰ ਅਸਲੀ ਗੁਰਮਤਿ ਸਿੱਧ ਕਰਨਾ ਸੀ। ਓਧਰ ਗੁਰਮਤਿ ਦੇ ਧਾਰਨੀ ਸਿੱਖ ਧਰਮ ਵਿਚ ਲੰਮੇ ਸਮੇਂ ਤੋਂ ਗੁਰਬਾਣੀ ਉਪਦੇਸ਼ ਵਿਚ ਵਿਗਾੜ ਪਾਉਣ ਦੀਆਂ ਗਤੀਵਿਧੀਆਂ ਤੋਂ ਬਹੁਤ ਚਿੰਤਤ ਸਨ ਅਤੇ ਧਾਰਮਕ ਪਰਚਾਰ ਵਿਚ ਸੁਧਾਰ ਲਿਆਉਣ ਲਈ ਉਤਸੁਕ ਸਨ। ਇਸ ਸੋਚ ਨੇ ੧੯ਵੀਂ ਸ਼ਤਾਬਦੀ ਵਿਚ ਕਈ ਸੁਧਾਰਕ ਲਹਿਰਾਂ ਨੂੰ ਜਨਮ ਦਿੱਤਾ ਜਿਸ ਤੋਂ ਅੰਗਰੇਜ਼ ਸਰਕਾਰ ਵੀ ਚਿੰਤਤ ਹੋ ਉੱਠੀ। ਉਹਨਾਂ ਵਿਚ ਨਿਰੰਕਾਰੀ ਲਹਿਰ ਦਾ ਨਿਰਮਾਣ ਬਾਬਾ ਦਿਆਲ (੧੭੮੩-੧੮੫੫) ਨੇ ਸਿੱਖਾਂ ਵਿਚ ਆਈ ਨੈਤਿਕ ਗਿਰਾਵਟ ਨੂੰ ਦੂਰ ਕਰਨ ਅਤੇ ਸਿੱਖ ਧਰਮ ਵਿਚ ਸੁਧਾਰ ਲਿਆਉਣ ਲਈ ਕੀਤਾ। ਨਿਰੰਕਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਰਚਾਰ ਤੇ ਜ਼ੋਰ ਦਿੰਦੇ ਸਨ। ਉਹਨਾਂ ਅਨੰਦ ਕਾਰਜ ਅਤੇ ਮਿਰਤਕ ਸੰਸਕਾਰ ਦੀਆਂ ਪਰਚਲਤ ਰਸਮਾਂ ਵਿਚ ਸੁਧਾਰ ਲਿਆਂਦਾ। ਉਹ ਸਿੱਖ ਧਰਮ ਤੇ ਦੂਜੇ ਧਰਮਾਂ ਦੇ ਪਰਭਾਵ, ਮੂਰਤੀ ਪੂਜਾ ਅਤੇ ਕਰਮਕਾਂਡਾਂ ਦਾ ਵਿਰੋਧ ਕਰਦੇ ਸਨ ਅਤੇ ਇਕ ਨਿਰੰਕਾਰ ਦੇ ਪੁਜਾਰੀ ਸਨ। ੧੯੨੯ ਵਿਚ ਸੰਤ ਨਿਰੰਕਾਰੀ ਮਿਸ਼ਨ ਸਥਾਪਤ ਹੋਇਆ ਅਤੇ ਉਸ ਮਿਸ਼ਨ ਨੇ ਬਾਬਾ ਦਿਆਲ ਦੇ ਉਪਾਸ਼ਕਾਂ ਨਾਲੋਂ ਵਖਰਾ ਹੋ ਕੇ ਵਿਅਕਤੀ ਗੁਰੂ ਦੀ ਪਰੱਥਾ ਕਾਇਮ ਕਰ ਪਰੰਪਰਾਗਤ ਧਾਰਮਕ ਮੁੱਖ ਧਾਰਾ ਤੋਂ ਨਾਤਾ ਤੋੜ ਲਿਆ। ਸਿੱਖ ਧਰਮ ਵਿਚ ਸੁਧਾਰ ਲਿਆਉਣ ਲਈ ਹੋਂਦ ਵਿਚ ਆਈ ਦੂਜੀ ਲਹਿਰ ਸ਼ੁਧਤਾ ਵਾਦੀ ਨਾਮਧਾਰੀ ਲਹਿਰ ਸੀ। ਇਸ ਲਹਿਰ ਦੇ ਨਿਰਮਾਤਾ ਬਾਬਾ ਬਾਲਕ ਸਿੰਘ (੧੭੯੯-੧੮੬੧) ਅਤੇ ਉਹਨਾਂ ਦੇ ਚੇਲੇ ਬਾਬਾ ਰਾਮ ਸਿੰਘ ਨੇ ਸਿੱਖਾਂ ਵਿਚ ਫੈਲ ਚੁੱਕੇ ਦੁਰਾਚਾਰ ਨੂੰ ਦੂਰ ਕਰਨ ਅਤੇ ਸਿੱਖ ਧਰਮ ਬਾਰੇ ਸ਼ਰਧਾ ਮਈ ਭਾਵਨਾਵਾਂ ਉਤੇਜਿਤ ਕਰਨ ਲਈ ਗੁਰਦੁਆਰਿਆਂ ਦੇ ਪੁਜਾਰੀਆਂ ਦੇ ਅਨੈਤਿਕ ਅਤੇ ਅੰਧ ਵਿਸ਼ਵਾਸੀ ਵਿਹਾਰਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ। ਬਾਬਾ ਰਾਮ ਸਿੰਘ ਇਕ ਸਿਆਣਾ ਸੰਗਠਕ ਸੀ। ਉਸ ਨੇ ਪੰਜਾਬੀ ਪੜ੍ਹਾਈ ਲਈ ਮੁਢਲੇ ਸਕੂਲ ਖੋਲ੍ਹੇ, ਇਸਤਰੀਆਂ ਨੂੰ ਬਰਾਬਰ ਹੱਕ ਦੇਣ ਦੀ ਰੀਤ ਚਲਾਈ ਅਤੇ ਅੰਮ੍ਰਿਤ ਪਾਨ ਕਰਵਾਏ, ਲੰਗਰ ਚਲਾਏ ਅਤੇ ਸ਼ਰਧਾਲੂਆਂ ਨੂੰ ਸਾਦਾ ਅਤੇ ਸ਼ਰਧਾਪੂਰਨ ਜੀਵਨ ਰਹਿਣ ਲਈ ਪ੍ਰੇਰਿਤ ਕੀਤਾ। ਉਹ ਪੱਛਮੀ ਸਭਿਆਚਾਰ ਦੇ ਪਰਭਾਵ ਦਾ ਵਿਰੋਧੀ ਸੀ। ੧੮੭੨ ਵਿਚ ਨਾਮਧਾਰੀਆਂ ਦੇ ਗ੍ਰੋਹ ਨੇ ਮਲੇਰਕੋਟਲੇ ਦੇ ਮੁਸਲਮਾਨ ਕਸਾਈਆਂ ਨੂੰ ਗਾਈਆਂ ਅਤੇ ਬੈਲ ਮਾਰਨ ਦੇ ਦੋਸ਼ ਵਿਚ ਮਾਰ ਛਡਿਆ ਜਿਸ ਤੇ ਲੁਧਿਆਣੇ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਨੇ ੪੯ ਨਾਮਧਾਰੀ ਸਿੰਘਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਅਤੇ ੩੦ ਨੂੰ ਫਾਂਸੀ ਦੇ ਦਿੱਤੀ। ਬਾਬਾ ਰਾਮ ਸਿੰਘ ਨੂੰ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ। ਅੰਗਰੇਜ਼ ਸਰਕਾਰ ਨੇ ਨਾਮਧਾਰੀਆਂ ਤੇ ਅਸਹਿ ਜ਼ੁਲਮ ਢਾਏ। ਅੰਤ ਵਿਚ ਨਾਮਧਾਰੀ ਲਹਿਰ ਵੀ ਵਿਅਕਤੀ ਗੁਰੂ ਦੀ ਪਰੱਥਾ ਕਾਇਮ ਕਰਕੇ ਸਿੱਖ ਧਾਰਮਕ ਮੁੱਖ ਧਾਰਾ ਨਾਲੋਂ ਵਖਰੀ ਹੋ ਗਈ। ਤੀਜੀ ਧਾਰਮਕ ਸੁਧਾਰ ਲਹਿਰ ਸਿੰਘ ਸਭਾ ਲਹਿਰ ਸੀ। ਇਹ ਲਹਿਰ ਸਿੱਖ ਧਰਮ ਵਿਚ ਪਰਚਲਤ ਕੁਰੀਤੀਆਂ ਦੂਰ ਕਰਨ, ਅਸਲੀ ਮਰਿਆਦਾ ਕਾਇਮ ਕਰਨ ਅਤੇ ਸਿੱਖ ਧਰਮ ਅਤੇ ਵਿੱਦਿਆ ਦਾ ਪ੍ਰਚਾਰ ਕਰਨ ਲਈ ੧੮੭੩ ਵਿਚ ਹੋਂਦ ਵਿਚ ਆਈ। ਵੱਡੇ ਸ਼ਹਿਰਾਂ ਵਿਚ ਸਿੰਘ ਸਭਾਵਾਂ ਸਥਾਪਤ ਹੋ ਗਈਆਂ। ੧੮੮੮ ਵਿਚ ਇਸੇ ਮਨੋਰਥ ਲਈ ਕੇਂਦਰੀ ਸੰਸਥਾ ਖਾਲਸਾ ਦੀਵਾਨ ਲਾਹੌਰ ਹੋਂਦ ਵਿਚ ਆਈ, ਅਤੇ ੧੯੦੩ ਵਿਚ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਹੋਈ। ਚੀਫ ਖਾਲਸਾ ਦੀਵਾਨ ਇਕ ਗੈਰ ਸਿਆਸੀ ਧਾਰਮਕ ਸੰਸਥਾ ਸੀ ਜਿਸ ਦਾ ਮਨੋਰਥ ਧਰਮ, ਸਿੱਖਿਆ ਅਤੇ ਸਭਿਆਚਾਰ ਦੇ ਖੇਤਰ ਵਿਚ ਉੱਨਤੀ ਲਿਆਉਣਾ ਸੀ। ਚੀਫ ਖਾਲਸਾ ਦੀਵਾਨ ਨੇ ਬਹੁਤ ਸਾਰੇ ਖਾਲਸਾ ਸਕੂਲ, ਯਤੀਮਖ਼ਾਨੇ, ਬਿਰਧ ਘਰ ਅਤੇ ਹਸਪਤਾਲ ਖੋਲ੍ਹੇ। ਸਿੱਖ ਧਰਮ ਵਿਚ ਸੁਧਾਰ ਲਿਆਉਣ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਉੱਨਤੀ ਲਈ ਵੀ ਪਰਸੰਸਾ ਯੋਗ ਕੰਮ ਕੀਤੇ। ਬਹੁਤ ਸਾਰੀਆਂ ਸਿੰਘ ਸਭਾਵਾਂ ਚੀਫ ਖਾਲਸਾ ਦੀਵਾਨ ਨਾਲ ਜੁੜੀਆਂ ਹੋਈਆਂ ਸਨ। ਇਹਨਾਂ ਸਾਰੀਆਂ ਸੰਸਥਾਵਾਂ ਨੇ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ, ਸਿੱਖ ਬਚਿਆਂ ਨੂੰ ਪੱਛਮੀ ਅਤੇ ਪੰਜਾਬੀ ਸਿੱਖਿਆ ਦੇਣ ਅਤੇ ਸਿੱਖ ਧਰਮ ਦੇ ਸੰਚਾਰ ਲਈ ਸ਼ਲਾਘਾਯੋਗ ਕੰਮ ਕੀਤਾ। ਇਹ ਸਭਾਵਾਂ ਗੁਰਮਤਿ ਦੇ ਸੰਚਾਰ ਵਿਚ ਪਰੰਪਰਾਗਤ ਸਨਾਤਨੀ ਵਿਚਾਰਧਾਰਾ ਦੇ ਵਿਆਪਕ ਪਰਭਾਵ ਵਿਚ ਸੁਧਾਰ ਲਿਆਉਣ ਵਿਚ ਬਹੁਤਾ ਸਫਲ ਨਹੀਂ ਹੋਈਆਂ ਕਿਉਂਕਿ ਚੀਫ ਖਾਲਸਾ ਦੀਵਾਨ ਦੇ ਸਰੇਸ਼ਟ ਵਰਗ ਦੇ ਧਨਾਢ, ਜਾਗੀਰਦਾਰ ਅਤੇ ਰਾਜੇ ਆਗੂ ਅਤੇ ਉਹਨਾਂ ਦੇ ਸਹਿਯੋਗੀ ਅੰਗਰੇਜ਼ ਸਰਕਾਰ ਦੇ ਵਫ਼ਾਦਾਰ ਅਤੇ ਪਰੰਪਰਾਗਤ ਧਾਰਮਕ ਵਿਚਾਰਧਾਰਾ ਦੇ ਸਮਰਥਕ ਸਨ। ਜਿਸ ਵੀ ਗੁਰਮਤਿ ਦੇ ਧਾਰਨੀ ਨੇ ਗੁਰਮਤਿ ਵਿਰੋਧੀ ਪਰੰਪਰਾਗਤ ਵਿਚਾਰਧਾਰਾ ਨੂੰ ਚੁਣੌਤੀ ਦੇਣ ਦਾ ਜਤਨ ਕੀਤਾ ਚੀਫ ਖਾਲਸਾ ਦੀਵਾਨ ਦੇ ਆਗੂਆਂ ਨੇ ਉਸ ਦਾ ਕਰੜਾ ਵਿਰੋਧ ਕੀਤਾ।
ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਗੁਰਬਾਣੀ ਪਰਚਾਰ ਅਤੇ ਗੁਰਮਤਿ ਅਨੁਸਾਰੀ ਜੀਵਨ ਧਾਰਨ ਕਰਨ ਦੀ ਪਰੇਰਨਾ ਦੇਣ ਲਈ ਹੋਂਦ ਵਿਚ ਆਈਆਂ ਸਨ ਜਦੋਂ ਕਿ ਖਾਲਸਾ ਦੀਵਾਨ ਦਾ ਧਰੁਵ ਬਿੰਦੂ ਅੰਗਰੇਜ਼ਾਂ ਦੀ ਨੀਤੀ ਦੇ ਅਨੁਕੂਲ ਪੱਛਮੀ ਅਤੇ ਪੰਜਾਬੀ ਸਿੱਖਿਆ ਦਾ ਵਿਸਥਾਰ, ਪਰਚਲਤ ਰਉਂ ਅਨੁਸਾਰ ਆਧੁਨਿਕਤਾ ਦਾ ਸਮਰਥਨ ਅਤੇ ਗੁਰਦੁਆਰਾ ਸੁਧਾਰ ਸੀ। ਪੱਛਮੀ ਅਤੇ ਪੰਜਾਬੀ ਸਿੱਖਿਆ ਧਰਮ ਨਿਰਪੇਖਤਾ ਦਾ ਸੰਦੇਸ਼ ਦਰਿੜ੍ਹ ਕਰਵਾਉਂਦੀ ਹੈ। ਗੁਰਦੁਆਰਾ ਸੁਧਾਰ ਦੇ ਪਰੋਗਰਾਮ ਦਾ ਗੁਰਦੁਆਰਿਆਂ ਦੀ ਸੰਪਤੀ ਦੇ ਮਾਲਕਾਂ ਨਾਲ ਟਕਰਾ ਹੋ ਜਾਣਾ ਸੁਭਾਵਕ ਸੀ ਅਤੇ ਉਸ ਟਾਕਰੇ ਦਾ ਸਿਆਸੀ ਪਿੜ ਵਿਚ ਬਦਲ ਜਾਣਾ ਵੀ ਨਿਸ਼ਚਿਤ ਸੀ। ਸਿੰਘ ਸਭਾਵਾਂ ਵੱਲੋਂ ਲਿਆਂਦੀ ਧਾਰਮਕ ਜਾਗਰਤੀ ਗੁਰਦੁਆਰਾ ਸੁਧਾਰ ਵਿਚ ਉਲਝ ਕੇ ਇਕ ਸਿਆਸੀ ਲਹਿਰ ਬਣ ਗਈ। ਸਿੱਖ ਸ਼ਰਧਾਲੂਆਂ ਦੀ ਧਰਮ ਪ੍ਰਤੀ ਸ਼ਰਧਾ ਅਤੇ ਨਿਰਭੈਤਾ ਨੇ ਇਤਿਹਾਸਕ ਗੁਰਦੁਆਰਿਆਂ ਦੇ ਮਾਲਕ ਬਣੇ ਮਹੰਤਾਂ ਅਤੇ ਉਹਨਾਂ ਦੇ ਅੰਗਰੇਜ਼ ਸਾਮਰਾਜੀ ਸਹਾਇਕਾਂ ਦੀ ਪਿੱਠ ਤੇ ਲਾ ਦਿੱਤੀ ਪਰ ਸਿਆਸੀ ਆਗੂਆਂ ਦੇ ਸਵਾਰਥ ਅਤੇ ਨਾ-ਅਹਿਲ ਨੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਜੱਦੀ ਮਹੰਤਾਂ ਤੋਂ ਖੋਹ ਕੇ ਅਵਿਸ਼ਵਾਸੀ ਸਿਆਸਤਦਾਨਾਂ ਨੂੰ ਦੇ ਦਿੱਤਾ। ਜੱਦੀ ਮਹੰਤ ਸਦਾ ਤੋਂ ਹੀ ਸਰਕਾਰ ਦੀ ਕਿਰਪਾ ਦੇ ਪਾਤਰ ਰਹੇ ਹਨ ਉਹਨਾਂ ਨੇ ਸਰਕਾਰ ਦੀ ਸੰਮਤੀ ਨਾਲ ਆਪਣੇ ਨਿਜੀ ਗੁਰਦੁਆਰੇ ਸਥਾਪਤ ਕਰਕੇ ਪੰਜਾਬ ਵਿਚ ਡੇਰਾਵਾਦ ਸ਼ੁਰੂ ਕਰ ਦਿੱਤਾ ਅਤੇ ਹੁਣ ਉਹਨਾਂ ਦੇ ਡੇਰੇ ਗੁਰਮਤਿ ਦੇ ਵਪਾਰ ਨਾਲ-ਨਾਲ ਵੋਟ ਬੈਂਕ ਬਨਾਉਣ ਵਿਚ ਵਿਅਸਤ ਹਨ। ਇਤਿਹਾਸਕ ਗੁਰਦੁਆਰਿਆਂ ਦੇ ਨਵੇਂ ਚੁਣੇ ਸਿਆਸੀ ਮਹੰਤ ਗੁਰਮਤਿ ਨੂੰ ਦੁਨਿਆਵੀ ਕਿੱਤਾ ਅਤੇ ਮਨ ਪਰਚਾਵੇ ਦਾ ਸਾਧਨ ਬਨਾਉਣ ਵਿਚ ਮਸਰੂਫ ਹੋ ਗਏ।




.