.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਛਬੀਸਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਸਿੰਘ ਸਭਾ ਲਹਿਰ ਦਾ ਆਰੰਭ ਸੰਨ ੧੮੭੩

ਇਸਦੇ ਨਾਲ ਨਾਲ ਇਹ ਵੀ ਸਮਝਣਾ ਹੈ ਕਿ ਬੇਸ਼ਕ ਉਦੋਂ ਸਿੰਘ ਸਭਾ ਲਹਿਰਾਂ ਦੇ ਵਜੂਦ `ਚ ਆਉਣ ਲਈ, ਵੱਕਤੀ ਕਾਰਣ ਭਾਵੇਂ ਆਰੀਆ ਸਮਾਜੀ ਘਟਣਾ ਹੀ ਸੀ। ਜਦਕਿ ਇਸ ਦੇ ਨਾਲ ਨਾਲ ਇਸ ਦਾ ਦੂਜਾ ਵੱਡਾ ਕਾਰਣ ਹੋਰ ਵੀ ਹੈ। ਉਹ ਕਾਰਣ ਇਹ ਸੀ ਕਿ ਸੰਨ ੧੮੪੯, ਜਦੋਂ ਪੰਜਾਬ `ਤੇ ਅੰਗ੍ਰੇਜ਼ ਕਾਬਿਜ਼ ਹੋ ਗਿਆ ਤਾਂ ਉਸਦਾ ਪਹਿਲਾ ਨਿਸ਼ਾਨਾ ਹੀ ਸਰਕਾਰੀ ਸਾਧਨਾ ਦੀ ਵਰਤੋਂ ਕਰਕੇ ਵੱਡੀ ਤੋਂ ਵੱਡੀ ਗਿਣਤੀ `ਚ ਸਿੱਖਾਂ ਨੂੰ ਇਸਾਈ ਬਨਾਉਣਾ ਸੀ। ਇਸ ਤਰ੍ਹਾਂ, ਸ਼ੱਕ ਨਹੀਂ ਕਿ ਉਹ ਆਪਣੇ ਇਸ ਗ਼ਲੀਚ ਨਿਸ਼ਾਨੇ ਵੱਲ ਤੇਜ਼ੀ ਨਾਲ ਵਧ ਵੀ ਰਿਹਾ ਸੀ। ਬਲਕਿ ਉਹ ਤਾਂ ਅਜਿਹੇ ਅੰਦਾਜ਼ੇ ਵੀ ਲਗਾਈ ਬੈਠਾ ਸੀ ਕਿ ਬਹੁਤ ਜਲਦੀ ਉਹ ਸਿੱਖ ਧਰਮ ਨੂੰ ਪੰਜਾਬ `ਚ ਖ਼ਤਮ ਵੀ ਕਰ ਦੇਵੇਗਾ। ਇਸ ਤਰ੍ਹਾਂ ਉਹ ਕੇਵਲ ਸਿੱਖਾਂ ਵਿਚਾਲੇ ਗੁਰੂ ਡੰਮਾਂ ਨੂੰ ਵਾਧਾ ਦੇ ਕੇ, ਉਪ੍ਰੰਤ ਸਿੱਖ ਲਿਟ੍ਰੇਚਰ ਦਾ ਭੁਲੇਖਾ ਦੇ ਕੇ, ਬੇਅੰਤ ਦੂਸ਼ਿਤ ਤੇ ਮੂਲੋਂ ਸਿੱਖ ਵਿਰੋਧੀ ਲਿਟ੍ਰੇਚਰ ਨੂੰ ਬੜ੍ਹਾਵਾ ਹੀ ਨਹੀਂ ਸੀ ਦੇ ਰਿਹਾ, ਬਲਕਿ ਉਹ ਆਪਣਾ ਬਹੁਤਾ ਧਿਆਣ ਸਿੱਖਾਂ ਨੂੰ ਇਸਾਈ ਬਨਾਉਣ `ਤੇ ਵੀ ਲਗਾ ਰਿਹਾ ਸੀ।

ਹੁਣ ਵਿਸ਼ਾ ਲੈਂਦੇ ਹਾਂ ਸਿੰਘ ਸਭਾ ਲਹਿਰਾਂ ਦਾ। ਇਸ ਤਰ੍ਹਾਂ ਸਿੰਘ ਸਭਾ ਲਹਿਰਾਂ ਦੀ ਇਸ ਲੜੀ `ਚ ਪਹਿਲੀ ‘ਸਿੰਘ ਸਭਾ ਲਹਿਰ’ ਅੰਮ੍ਰਿਤਸਰ `ਚੋਂ ਤੇ ਦੂਜੀ ਲਾਹੌਰ `ਚੋਂ ਉਭਰੀ। ਇਹ ਵੀ ਕਿ ਅੰਮ੍ਰਿਤਸਰ ਵਾਲੀ ਸਿੰਘ ਸਭਾ ਦਾ ਅਰੰਭ ਤਾਂ ਭਾਵੇਂ ਸੰਨ ੧੮੭੨ ਦੇ ਅੰਤ `ਚ ਹੋ ਗਿਆ ਸੀ ਪਰ ਇਸਦਾ ਪਹਿਲਾ ਸੈਸ਼ਨ ਅੰਮ੍ਰਿਤਸਰ `ਚ ਸੰਨ ੧੮੭੩ ਦੇ ਅਰੰਭ `ਚ ਹੀ ਹੋਇਆ ਸੀ। ਉਪ੍ਰੰਤ ਦੂਜੀ ਤੇ ਲਾਹੋਰ ਵਾਲੀ ‘ਸਿੰਘ ਸਭਾ ਲਹਿਰ’ ਦਾ ਅਰੰਭ ਸੰਨ ੧੮੭੯ `ਚ ਹੋਇਆ। ਇਹ ਵੱਖਰੀ ਗੱਲ ਹੈ ਕਿ ਕਾਰਜ ਖੇਤ੍ਰ ਬਾਰੇ ਦੋਨਾਂ ‘ਸਿੰਘ ਸਭਾ ਲਹਿਰਾਂ’ `ਚ ਵੱਡੇ ਮਤਭੇਦ ਸਨ। ਫ਼ਿਰ ਵੀ ਦੋਵੇਂ ਲਹਿਰਾਂ ਇਮਾਨਦਾਰ ਤੇ ਪੰਥ ਹੇਤੂ ਸਨ। ਫ਼ਰਕ ਕੇਵਲ ਇਤਨਾ ਸੀ ਕਿ ਲਾਹੌਰ ਵਾਲੀ ਸਿੰਘ ਸਭਾ ਲਹਿਰ ਦਾ ਵਿਚਾਰ ਸਰਕਾਰ ਪੱਖੀ ਹੋ ਕੇ ਸਿੱਖ ਧਰਮ ਦੀ ਸੰਭਾਲ ਕਰਣਾ ਸੀ। ਜਦਕਿ ਅੰਮ੍ਰਿਤਸਰ ਵਾਲੀ ਲਹਿਰ, ਅੰਗ੍ਰੇਜ਼ ਸਰਕਾਰ ਨੂੰ ਪੰਥ ਵਿਰੋਧੀ ਮੰਣਦੀ ਸੀ। ਉਸ ਅੰਗ੍ਰੇਜ਼ ਸਰਕਾਰ ਨੂੰ ਜਿਸ ਦੀਆਂ ਕੁਟਿਲਨੀਤੀਆਂ ਕਾਰਣ ਸਿੱਖ ਰਾਜ ਗਿਆ ਅਤੇ ਪੰਜਾਬ ਗੁਲਾਮ ਹੋਇਆ ਸੀ। ਇਸ ਤਰ੍ਹਾਂ ਇਹ ਦੋਵੇਂ ਸਿੰਘ ਸਭਾ ਲਹਿਰਾਂ ਚੱਲੀਆਂ ਤਾਂ ਠੀਕ ਸਨ, ਪਰ ਇਥੇ ਵੀ ਇੱਕ ਹੋਰ ਮਸਲਾ ਖੜਾ ਹੋ ਗਿਆ।

ਮਸਲਾ ਇਹ ਸੀ ਕਿ ਆਮ ਸਿੱਖ ਮਾਨਸ, ਜਿਸ `ਤੇ ਸੰਨ ੧੭੧੬ ਤੋਂ ਅਰੰਭ ਹੋ ਕੇ ਹੁਣ ਤੀਕ ਸਿੱਖੀ ਜੀਵਨ ਤੇ ਰਹਿਣੀ ਪੱਖੋਂ ਲਗਾਤਾਰ ਹਮਲੇ ਹੀ ਹੋ ਰਹੇ ਸਨ। ਉਸੇ ਦਾ ਨਤੀਜਾ ਸੀ ਕਿ, ਅੱਜ ਉਸ ਸਿੱਖ ਕੋਲ, ਸਿੱਖ ਦੀ ਕੇਵਲ ਸ਼ਕਲ ਹੀ ਬਾਕੀ ਰਹਿ ਚੁੱਕੀ ਸੀ। ਕਿਉਂਕਿ ਹੁਣ ਤਾਂ ਇਹ ਸਿੱਖ, ਉਹ ਸਿੱਖ ਸੀ ਜਿਸਨੂੰ ਪਿਛਲੇ ਲਗਭਗ ੧੬੦ ਸਾਲਾਂ `ਚ ਪੂਰੀ ਤਰ੍ਹਾਂ ਸਿੱਖ ਰਹਿਣੀ ਵੀ ਭੁਲਵਾਈ ਜਾ ਚੁੱਕੀ ਸੀ। ਅੱਜ ਗੁਰਬਾਣੀ ਜਾਂ ਗੁਰਮੱਤ ਦੀ ਨਹੀਂ, ਬਲਕਿ ਬ੍ਰਾਹਮਣ ਮੱਤ ਦੀ ਹਰੇਕ ਸੋਚਨੀ-ਰਹਿਨੀ-ਤਿਓੁਹਾਰ-ਸਗਨ-ਰੀਤੀ-ਰਿਵਾਜ ਹੀ ੳੇੁਸ ਦਾ ਜੀਵਨ ਬਣ ਚੁੱਕੇ ਸਨ। ਗੁਰੂ ਪਾਤਸ਼ਾਹ ਦੀ ਸੱਚੀ-ਸੁੱਚੀ ਸਿੱਖੀ ਤਾਂ ਹੁਣ ਉਸ ਦੇ ਅੰਦਾਜ਼ੇ `ਚ ਵੀ ਨਹੀਂ ਸੀ ਰਹਿ ਚੁੱਕੀ, ਇਹ ਗੱਲ ਵੱਖਰੀ ਹੈ ਕਿ ਜਜ਼ਬਾਤੀ ਤੌਰ `ਤੇ ਅਤੇ ਸ਼ਕਲ ਕਰਕੇ ਉਹ ਅੱਜ ਵੀ ਸਿੱਖ ਹੀ ਸੀ।

ਉਸੇ ਦਾ ਨਤੀਜਾ ਸੀ ਕਿ ਸਿੱਖੀ ਸੰਭਾਲ ਦੇ ਮਨਸ਼ੇ ਨਾਲ ਅੱਗੇ ਆਈਆਂ ਇਨ੍ਹਾਂ ਦੋਨਾਂ ਸਿੰਘ ਸਭਾ ਲਹਿਰਾਂ ਨੂੰ ਸਭ ਤੋਂ ਵੱਧ ਵਿਰੋਧ ਵੀ ਆਪਣੇ ਘਰ `ਚੋਂ ਹੀ ਸਹਿਣਾ ਪਿਆ। ਇਹ ਵਿਰੋਧ ਵੀ ਠੀਕ ਉਸੇ ਤਰ੍ਹਾਂ ਦਾ ਸੀ ਜਿਹੜਾ ਅਕਾਲਪੁਰਖ ਦੀ ਬਖ਼ਸ਼ਿਸ਼ ਨਾਲ ਦਾਸਾਂ ਤੋਂ ਸੰਨ ੧੯੫੬ `ਚ ਅਰੰਭ ਹੋਈ ‘ਸਿੱਖ ਮਿਸ਼ਨਰੀ ਲਹਿਰ’ ਨੂੰ ਅੱਜ ਤੱਕ ਵੀ ਸਹਿਣਾ ਪੈ ਰਿਹਾ ਹੈ।

ਦਰਅਸਲ ਜਦੋਂ ਸੰਨ ੧੮੭੩ ਤੇ ੧੮੭੯ `ਚ ਇਨ੍ਹਾਂ ਸਿੰਘ ਸਭਾ ਲਹਿਰਾਂ ਦਾ ਅਰੰਭ ਹੋਇਆ ਉਸ ਸਮੇਂ ਇਨ੍ਹਾਂ ਲਹਿਰਾਂ ਦੇ ਮੋਢੀ ਧਾਰਮਿਕ ਜੀਵਨ ਵਾਲੇ ਤੇ ਪੰਥ ਨਪੂਰੀ ਤਰ੍ਹਾਂ ਸਮਰਪਤ ਸਨ। ਭਾਈ ਜਵਾਹਰ ਸਿੰਘ, ਭਾਈ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਜੀ ਨਾਭਾ ਆਦਿ ਉਨ੍ਹਾਂ ਮੋਢੀਆਂ `ਚੋਂ ਹੀ ਵਿਸ਼ੇਸ਼ ਸਨ। ਇਥੋਂ ਤੀਕ ਤੇ ਇਹੀ ਕਾਰਣ ਸਨ ਕਿ ਭਾਈ ਗੁਰਮੁਖ ਸਿੰਘ ਜੀ ਨੂੰ ਤਾਂ, ਸਮੇਂ ਦੇ ਪੁਜਾਰੀਵਾਦ ਨੇ ਪੰਥ ਚੋਂ ਵੀ ਛੇਕ ਦਿੱਤਾ ਸੀ। ਠੀਕ ਉਸੇ ਤਰ੍ਹਾਂ ਜਿਵੇਂ ਅੱਜ ਵੀ ਉਸੇ ਇਤਿਹਾਸ ਨੂੰ ਦੋਹਰਾਇਆ ਜਾ ਰਿਹਾ ਹੈ। ਉਪ੍ਰੰਤ ਉਦੋਂ ਗਿਆਨੀ ਦਿੱਤ ਸਿੰਘ ਜੀ ਵਰਗੀ ਸਮੇਂ ਦੀ ਮਹਾਨ ਪੰਥਕ ਹਸਤੀ ਦਾ ਤਾਂ ਸਰੀਰਕ ਅੰਤ ਹੀ ਦਵਾਈ ਤੇ ਇਲਾਜ ਲਈ ਪੈਸੇ ਨਾ ਹੋਣ ਕਾਰਣ, ਵੱਡੀ ਗ਼ਰੀਬੀ ਦੀ ਹਾਲਤ `ਚ ਹੋਇਆ ਸੀ। ਜਦਕਿ ਇਹ ਸਭ ਇਸ ਬਾਰੇ ਕੇਵਲ ਮਿਸਾਲਾਂ ਹੀ ਹਨ, ਇਹ ਦੱਸਣ ਲਈ ਕਿ ਉਦੋਂ ਸਾਡੇ ਇੰਨ੍ਹਾਂ ਸਿੱਖ ਧਰਮ ਦੇ ਪ੍ਰਵਾਣਿਆਂ ਨੂੰ ਵੀ ਬੇ-ਅੰਤਹਾ ਮੁਸ਼ਕਲਾਂ ਦਾ ਸਾਹਮਣਾ ਕਰਣਾ ਪਿਆ ਸੀ ਤੇ ਉਹ ਵੀ, ਆਪਣਿਆ ਹੱਥੋਂ।

ਉਂਜ ਵੱਕਤੀ ਹਾਲਾਤ ਕਾਰਣ ਵੀ, ਇਹ ਲਹਿਰਾਂ ਬਹੁਤ ਲੰਮਾਂ ਸਮਾਂ ਆਪਣੇ ਢੰਗ ਨਾਲ ਕੰਮ ਨਾ ਕਰ ਸਕੀਆ। ਜਦਕਿ ਸੱਚ ਇਹ ਵੀ ਹੈ ਕਿ ਜੇਕਰ ਇਨ੍ਹਾਂ ਲਹਿਰਾਂ ਨੂੰ ਵੀ ਯੋਗ ਤਰੀਕੇ ਨਾਲ ਕੁੱਝ ਸਮਾਂ ਹੋਰ ਮਿਲ ਜਾਂਦਾ ਤਾਂ ਸ਼ਾਇਦ ਸਿੱਖੀ ਸੰਭਾਲ ਪੱਖੋਂ, ਪੰਥ ਦੇ ਅੱਜ ਵਾਲੇ ਹਾਲਾਤ ਨਾ ਹੁੰਦੇ। ਇਸ ਸਾਰੇ ਦੇ ਲਈ ਕਾਰਣ ਇਹ ਸੀ ਕਿ ਪੰਜਾਬ ਦੀ ਇਸ ਨਵੀਂ ਨਵੀਂ ਗੁਲਾਮੀ ਨੂੰ, ਪੰਜਾਬ `ਚ ਖਾਸਕਰ ਉਥੇ ਦੀ ਸਿੱਖ ਵੱਸੋਂ ਨੇ ਪਹਿਲੇ ਦਿਨ ਤੋਂ ਹੀ ਪ੍ਰਵਾਨ ਨਹੀਂ ਸੀ ਕੀਤਾ। ਇਸੇ ਦਾ ਨਤੀਜਾ, ਬਹੁਤ ਜਲਦੀ ਤੇ ਥੋੜੇ ਹੀ ਸਮੇਂ `ਚ ਪੰਜਾਬ ਤੋਂ ਆਰੰਭ ਹੋ ਚੁੱਕੀ ਇਸ ਆਜ਼ਾਦੀ ਦੀ ਲਹਿਰ ਨੇ, ਪੂਰੇ ਭਾਰਤ ਲਈ ਆਜ਼ਾਦੀ ਦੀ ਲੜਾਈ ਦਾ ਰੂਪ ਵੀ ਧਾਰਣ ਕਰ ਲਿਆ।

ਇਸ ਤਰ੍ਹਾਂ ਬੇਸ਼ੱਕ ਇਹ ਸਿੰਘ ਸਭਾ ਲਹਿਰਾਂ, ਉਭਰੀਆਂ ਤਾਂ ਧਰਮ ਪ੍ਰਚਾਰ ਦੇ ਖੇਤ੍ਰ `ਚੋਂ ਸਨ, ਪਰ ਉਸੇ ਪੰਜਾਬ `ਚ, ਹੁਣ ਆਜ਼ਾਦੀ ਦੀ ਲੜਾਈ ਵੀ ਭੜਕ ਉਠੀ ਸੀ। ਸੱਚ ਇਹ ਹੈ ਕਿ ਭਾਰਤ ਦੀ ਇਸ ਆਜ਼ਾਦੀ ਦੀ ਲੜਾਈ `ਚ ਵੀ ਬਹੁਤਾ ਕਰਕੇ ਸਿੱਖ ਹੀ ਆਗੂ ਸਨ। ਉਂਝ ਵੀ ਅਜਿਹੇ ਜੁਝਾਰੂ ਕੰਮਾਂ ਲਈ, ਸਦਾ ਤੋਂ ਦੂਜਿਆਂ ਦੇ ਮੁਕਾਬਲੇ ਬਹੁਤਾ ਕਰਕੇ ਅੱਗੇ ਤਾਂ ਸਿੱਖ ਹੀ ਆਉਂਦੇ ਹਨ। ਇਸ ਤਰ੍ਹਾਂ ਸਿੱਖ ਧਰਮ ਨਾਲ ਸੰਬੰਧਤ ਸਿੰਘ ਸਭਾ ਲਹਿਰ `ਤੇ ਵੀ, ਭਾਵੇਂ ਬਦੋਬਦੀ ਹੀ ਸਹੀ, ਪਰ ਸਚਾਈ ਇਹ ਹੈ ਕਿ ਪੰਜਾਬ ਤੋਂ ਬਦਲ ਕੇ ਭਾਰਤ ਦੀ ਆਜ਼ਾਦੀ ਵਾਲੀ ਲੜਾਈ ਹੀ ਭਾਰੂ ਹੋ ਗਈ। ਇਸੇ ਤੋਂ ਸਿੱਖ ਜਗਤ `ਚ ਨਵੇਂ ਉਭਰੇ ਸਿੰਘ ਸਭਾਈ ਕੰਮ ਉਥੇ ਦੇ ਉਥੇ ਦੱਬ ਗਏ।

ਇਸ ਤਰ੍ਹਾਂ ਸਿੱਖੀ ਸੰਭਾਲ ਲਈ ਸਿੰਘ ਸਭਾ ਲਹਿਰ ਦੇ ਨਾਲ ਨਾਲ, ਸਿੱਖੀ ਜੋਸ਼ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਾਲਾ ਮੋੜ ਲੈ ਲਿਆ। ਇਸ ਨਵੇਂ ਮੋੜ ਕਾਰਣ ਇਸ ਤੋਂ ਬਾਅਦ ਸਿੱਖ ਕੌਮ `ਚੋਂ ਹੀ ਸੰਨ ੧੯੨੦ `ਚ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਲਿਆ। ਫ਼ਿਰ ਇਸ ਤੋਂ ਕੁੱਝ ਹੀ ਸਮਾਂ ਬਾਅਦ, ਬਲਕਿ ਥੋੜੇ ਹੀ ਵਕਫ਼ੇ `ਚ ਗਦਰ ਪਾਰਟੀ ਲਹਿਰ, ਬੱਬਰ ਅਕਾਲੀ ਲਹਿਰ ਆਦਿ ਹੋਰ ਸਿੱਖ ਲਹਿਰਾਂ ਵੀ ਹੋਂਦ `ਚ ਆਈਆਂ। ਹਾਲਾਂਕਿ ਸੰਬੰਧਤ ਆਂਕੜੇ ਵੀ ਦੇ ਚੁੱਕੇ ਹਾਂ ਕਿ ਭਾਰਤ ਦੀ ਇਸ ਆਜ਼ਾਦੀ ਵਾਲੀ ਲੜਾਈ `ਚ ਕੇਵਲ ਸਿੱਖਾਂ ਦਾ ਹਿੱਸਾ ਹੀ ੯੦% ਤੋਂ ਉਪਰ ਹੈ। ਜਦਕਿ ਦੂਜੇ ਪਾਸੇ, ਪੂਰੇ ਭਾਰਤ `ਚ ਸਿੱਖਾਂ ਦੀ ਆਪਣੀ ਗਿਣਤੀ ਕੁਲ ਗਿਣਤੀ ਦਾ ਕੇਵਲ ੨% ਵੀ ਨਹੀਂ।

ਇਥੇ ਵੀ ਬੱਸ ਨਹੀਂ, ਸੰਨ ੧੯੨੦ `ਚ ਭਾਰਤ ਦੀ ਆਜ਼ਾਦੀ ਵਾਲੀ ਇਸੇ ਲੜਾਈ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਉਸੇ ਤੋਂ ਗੁਰਦੁਆਰਾ ਸੁਧਾਰ ਲਹਿਰ ਵਾਲਾ ਰੂਪ ਵੀ ਲੈ ਲਿਆ। ਉਪ੍ਰੰਤ ਇਸ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਨਨਕਾਨਾ ਸਾਹਿਬ ਦਾ ਮੋਰਚਾ, ਗੰਗ ਸਰ ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ਼ ਦਾ ਮੋਰਚਾ, ਦਿੱਲ਼ੀ `ਚ ਗੁਰਦੁਆਰਾ ਰੁਕਾਬ ਗੰਜ ਦੀ ਦਿਵਾਰ ਦਾ ਮੋਰਚਾ ਭਾਵ ਅਜਿਹੇ ਸਾਰੇ ਮੋਰਚਿਆਂ ਦਾ ਵੀ ਆਪਣਾ ਤੇ ਲੰਮਾਂ ਇਤਿਹਾਸ ਹੈ। ਜਦਕਿ ਮੋਰਚਿਆਂ ਵਾਲੀ ਬਾਜ਼ੀ ਤਾਂ ਹੈ ਹੀ ਇਕੱਲੇ ਸਿੱਖਾਂ ਕੋਲ ਸੀ।

ਇਹ ਵੀ ਕਿ ਇਨ੍ਹਾਂ ਮੋਰਚਿਆਂ ਦੌਰਾਨ ਬੇਅੰਤ ਸ਼ਹੀਦ ਹੋਣ ਵਾਲੇ ਤੇ ਵੱਡੇ ਤੋਂ ਵੱਡੇ ਤਸੀਹੇ ਸਹਿਨ ਜਾਂ ਮਾਲੀ ਨੁਕਸਾਨ ਉਠਾਉਣ ਵਾਲੇ ਵੀ ਲੋਕ ਵੀ, ਸਾਰੇ ਦੇ ਸਾਰੇ ਸਿੱਖ ਹੀ ਸਨ। ਇਹ ਵੀ ਕਿ ਇਨ੍ਹਾਂ ਸਿੱਖਾਂ ਦੀ ਗਿਣਤੀ, ਆਜ਼ਾਦੀ ਦੀ ਲੜਾਈ ਸੰਬੰਧੀ ਪਹਿਲਾਂ ਦਿੱਤੀ ਜਾ ਚੁੱਕੀ ਤੇ ਉਸ ਸਰਕਾਰੀ ਗਿਣਤੀ ਤੋਂ ਵੱਖਰੀ ਵੀ ਹੈ। ਇਥੋਂ ਤੀਕ ਕਿ ਉਸ ਸਮੇਂ ਦੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਆਦਿ ਸਮੂਹ ਸਿਰਕੱਢ ਰਾਸ਼ਟਰੀ ਲੀਡਰਾਂ ਅਨੁਸਾਰ ਵੀ, ਭਾਰਤ `ਚ ਉਸ ਸਮੇਂ ਚੱਲ ਰਹੀ ਭਾਰਤ ਦੀ ਆਜ਼ਾਦੀ ਦੀ ਲੜਾਈ `ਚ, ਇਨ੍ਹਾਂ ਮੋਰਚਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ।

ਦੂਜੇ ਪਾਸੇ ਸਿੱਖ ਰਹਿਨੀ, ਜਿਹੜੀ ਕਿ ਲੰਮੇ ਸਮੇਂ ਤੋਂ ਪਹਿਲਾਂ ਹੀ ਮਾਰ ਖਾ ਰਹੀ ਸੀ। ਭਾਵ ਸੰਨ ੧੭੧੬ ਤੋਂ ਅਰੰਭ ਹੋ ਕੇ ਅੱਜ ਤੱਕ, ਇਸੇ ਤੋਂ ਸਿੱਖ ਦੇ ਅਜੋਕੇ ਜੀਵਨ ਅਤੇ ਗੁਰਬਾਣੀ ਸੋਝੀ ਤੋਂ ਪੈਦਾ ਹੋਣ ਵਾਲੇ ਸਿੱਖ ਜੀਵਨ ਵਿਚਕਾਰ ਫਾਸਲਾ, ਹੋਰ ਤੇ ਹੋਰ ਵਧਦਾ ਜਾ ਰਿਹਾ ਸੀ। ਕਿਉਂਕਿ ਪੰਥ ਨੂੰ ਉਸ ਪਾਸਿਓਂ ਆਪਣੀ ਸੰਭਾਲ ਕਰਣ ਲਈ ਤਾਂ ਮੌਕਾ ਹੀ ਨਹੀਂ ਸੀ ਬਣ ਰਿਹਾ। ਇਸ ਤਰ੍ਹਾਂ ਜੇਕਰ ਹੁਣ ਜਾ ਕੇ ਸਿੰਘ ਸਭਾ ਲਹਿਰ ਦੇ ਰੂਪ `ਚ ਗੱਲ ਕੁੱਝ ਅੱਗੇ ਟੁਰੀ ਵੀ ਸੀ, ਤਾਂ ਪੰਜਾਬ ਦੀ ਅਤੇ ਫ਼ਿਰ ਪੰਜਾਬ ਤੋਂ ਟੱਪ ਕੇ ਬਣ ਚੁੱਕੀ ਭਾਰਤ ਦੀ ਆਜ਼ਾਦੀ ਵਾਲੀ ਲੜਾਈ ਕਾਰਣ, ਉਹ ਵੀ ਉਥੇ ਦੀ ਉਥੇ ਬਲਕਿ ਨਾਮ ਮਾਤ੍ਰ ਹੀ ਰਹਿ ਗਈ।

ਸ਼੍ਰੋਮਣੀ ਕਮੇਟੀ ਦੀ ਜੜ੍ਹ `ਚ ਚੋਣਾਂ ਵਾਲਾ ਰਾਖਸ਼- ਬੇਸ਼ੱਕ ਇਹ ਚੋਣਾਂ ਵਾਲਾ ਵਿਸ਼ਾ ਅੱਗੇ ਚੱਲ ਕੇ ਤੇ ਕੁੱਝ ਹੋਰ ਵੇਰਵੇ ਨਾਲ ਵੀ ਲਵਾਂਗੇ। ਪਹਿਲਾਂ ਤਾਂ ਇਹ ਦੇਖਣਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਸਾਰੀਆਂ ਸਿੱਖ ਲਹਿਰਾਂ ਭਾਵ ਸ਼੍ਰੋਮਣੀ ਅਕਾਲੀ ਦਲ, ਗਦਰ ਪਾਰਟੀ ਲਹਿਰ, ਬੱਬਰ ਅਕਾਲੀ ਲਹਿਰਾਂ ਉਪ੍ਰੰਤ ਸ਼੍ਰੋਮਣੀ ਅਕਾਲੀ ਦੱਲ `ਚੋਂ ਹੀ ਗੁਰਦੁਆਰਾ ਸੁਧਾਰ ਲਹਿਰ ਨੇ ਵੀ ਸੰਨ ੧੯੨੦ `ਚ ਜਨਮ ਲੈ ਲਿਆ। ਫਿਰ ਉਸੇ ਗੁਰਦੁਆਰਾ ਸੁਧਾਰ ਲਹਿਰ ਤੋਂ ਹੀ ਸੰਨ ੧੯੨੫ `ਚ ਮੌਜੂਦਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ’ ਵੀ ਹੋਂਦ `ਚ ਆ ਗਈ।

ਇਸ ਤਰ੍ਹਾਂ ਇਹ ਵੀ ਦੇਖ ਚੁੱਕੇ ਹਾਂ ਕਿ ਕਿੱਥੇ ਸੰਨ ੧੭੧੬ ਤੇ ਕਿੱਥੇ ਹੁਣ ਸੰਨ ੧੯੨੫; ਇਨ੍ਹਾਂ ਸਵਾ ਸਵਾ ਦੋ ਸੌ ਸਾਲਾਂ `ਚ ਗੁਰਬਾਣੀ ਜੀਵਨ-ਜਾਚ ਤੋਂ ਅਜੋਕੇ ਸਿੱਖ ਦੀ ਰਹਿਣੀ ਦਾ ਫਾਸਲਾ ਬਹੁਤ ਵੱਡਾ ਤੇ ਲੰਮਾਂ ਹੋ ਚੁੱਕਾ ਸੀ। ਅਜੋਕਾ ਸਿੱਖ-ਨਾਮ, ਸ਼ਕਲ ਤੇ ਜਜ਼ਬਾਤਾਂ ਦਾ ਹੀ ਸਿੱਖ ਰਹਿ ਚੁੱਕਾ ਸੀ। ਜਦਕਿ ਇਹ ਥਾ ਹੁਣ ਬ੍ਰਾਹਮਣੀ ਤਾਨੇ-ਬਾਨੇ `ਚ ਹੀ ਪੂਰੀ ਤਰ੍ਹਾਂ ਜਕੜਿਆ ਪਿਆ ਸੀ। ਉਪ੍ਰੰਤ ਸੰਨ ੧੯੨੫ ਭਾਵ ਆਪਣੀ ਸਥਾਪਤੀ ਤੋਂ ਸੱਤ ਸਾਲ ਬਾਅਦ, ਸੰਨ ੧੯੩੨ `ਚ ‘ਸ਼੍ਰੋਮਣੀ ਗੁ: ਪ੍ਰ: ਕਮੇਟੀ’ ਵੱਲੋਂ ਇੱਕ ‘ਸਿੱਖ ਰਹੁਰੀਤ ਕਮੇਟੀ’ ਕਾਇਮ ਕੀਤੀ ਗਈ। ਇਸ ਕਮੇਟੀ ਦਾ ਮਕਸਦ ਵੀ ਬਹੁਤ ਵੱਡਾ ਸੀ। ਉਂਝ ਇਸਦਾ ਅਸਲ ਤੇ ਮੁੱਖ ਮਕਸਦ ਸੀ ਜੋ ਲੰਮੇ ਸਮੇਂ ਤੋਂ ਵਿਰੋਧੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਿੱਖ ਮਾਨਸ ਨੂੰ ਗੁਰਬਾਣੀ ਜੀਵਨ ਦੇ ਨੇੜੇ ਲਿਆਉਣਾ।

ਇਸਦੇ ਨਾਲ ਇਸ ‘ਸਿੱਖ ਰਹੁਰੀਤ ਕਮੇਟੀ’ ਨੂੰ ਬਨਾਉਣ ਦਾ ਮਕਸਦ ਇਹ ਵੀ ਸੀ ਕਿ ਜਿਥੋਂ ਤੱਕ ਸੰਭਵ ਹੋ ਸਕੇ, ਗੁਰਦੁਆਰਿਆਂ ਨੂੰ ਮੁੜ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ ਜਾਵੇ। ਤੀਜਾ ਇਹ ਕਿ ਗੁਰਦੁਆਰਿਆਂ ਦੇ ਕਾਰਜ `ਚ ਇਕਸਾਰਤਾ ਲਿਆਂਦੀ ਜਾ ਸਕੇ। ਇਸ ਤਰ੍ਹਾਂ ‘ਰਹੁਰੀਤ ਕਮੇਟੀ’ ਦੀ ਲਗਾਤਾਰ ਤੇਰ੍ਹਾਂ ਸਾਲਾਂ ਦੀ ਮਿਹਨਤ ਬਾਅਦ ਮੌਜੂਦਾ ‘ਸਿਖ ਰਹਿਤ ਮਰਿਆਦਾ’ ਸੰਨ ੧੯੪੫ `ਚ ਲਾਗੂ ਹੋਈ। ਹਾਲਾਂਕਿ ਪੰਥਕ ਰਹਿਣੀ ਪੱਖੋਂ, ਅਤਿ ਦੇ ਵਿਗੜੇ ਹੋਏ ਹਾਲਾਤ ਕਾਰਣ, ਇਸ ‘ਰਹਿਤ ਮਰਿਆਦਾ’ `ਚ ਵੀ ਬਹੁਤੇਰੇ ਬ੍ਰਾਹਮਣੀ ਪ੍ਰਭਾਵ ਸਪਸ਼ਟ ਹਨ। ਫਿਰ ਵੀ ਜੇਕਰ ਘੱਟ ਤੋਂ ਘੱਟ, ਉਦੋਂ ਸ਼੍ਰੋਮਣੀ ਕਮੇਟੀ ਆਪ ਹੀ ਇਸ ‘ਰਹਿਤ ਮਰਿਆਦਾ’ ਉਪਰ ਕੇਂਦ੍ਰਤ ਹੋ ਜਾਂਦੀ ਤੇ ਸਮੇਂ ਸਿਰ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ `ਚ ਇਸਨੂੰ ਲਾਗੂ ਕਰ ਦਿੱਤਾ ਜਾਂਦਾ ਤਾਂ ਵੀ ਬਹੁਤ ਕੁੱਝ ਹੋ ਜਾਣਾ ਸੀ। ਇਸ ਤਰ੍ਹਾਂ ਗੁਰਬਾਣੀ ਦੀ ਨੇੜਤਾ ਤੇ ਗੁਰਬਾਣੀ ਰਾਹ `ਤੇ ਚੱਲਣ ਲਈ ਕੁੱਝ ਰਸਤਾ ਥਾ ਜ਼ਰੂਰ ਹੀ ਪੱਧਰਾ ਹੋ ਜਾਣਾ ਸੀ, ਪਰ ਉਦੋਂ ਇੰਨਾਂ ਵੀ ਨਾ ਹੋਇਆ।

ਇਸ ਤੋਂ ਵਧ, ਜੇਕਰ ਇਹ ‘ਸਿੱਖ ਰਹਿਤ ਮਰਿਆਦਾ’ ਸੰਨ ੧੯੪੫ ਪਾਸ ਹੁੰਦੇ ਸਾਰ, ਜੇ ਹੋਰ ਨਹੀਂ ਤਾਂ ਘਟ ਤੋਂ ਘਟ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ `ਚ ਹੀ ਲਾਗੂ ਕਰ ਦਿੱਤੀ ਜਾਂਦੀ ਤਾਂ ਵੀ ਕੌਮ ਦੀ ਵੱਡੀ ਜਿੱਤ ਸੀ। ਇਸ ਤਰ੍ਹਾਂ ਕੇਵਲ ਉਥੇ ਹੀ ਇਸਦੇ ਲਾਗੂ ਹੋ ਜਾਣ `ਤੇ, ਬਹੁਤ ਸਾਰੇ ਸਿੱਖ ਸਿਧਾਂਤ ਸੰਗਤਾਂ ਵਿਚਾਲੇ ਸਾਂਝੇ ਤੇ ਪੱਕੇ ਹੋ ਜਾਣੇ ਸਨ। ਜਦਕਿ ਅਸਲੀਅਤ ਇਹ ਹੈ ਕਿ ਅੱਜ ਤੀਕ ਵੀ, ਦੂਜਿਆਂ ਨੂੰ ਤਾਂ ਕੀ ਉਲ੍ਹਮਾ, ਖ਼ੁਦ ਦਰਬਾਰ ਸਾਹਿਬ ਕੰਪਲੈਕਸ `ਚ ਹੀ ਧੜੱਲੇ ਨਾਲ ਤੇ ਬੇਅੰਤ ਕਾਰਜ, ਇਸ ‘ਰਹਿਤ ਮਰਿਆਦਾ’ ਦੇ ਉਲਟ ਹੋ ਰਹੇ ਹਨ।

ਸਚਾਈ ਹੈ ਕਿ ਉਸ ਸਮੇਂ ਜਦੋਂ ਲੋਹਾ ਗਰਮ ਸੀ, ਤਾਂ ਉਸ `ਤੇ ਕੇਵਲ ਸੱਟ ਮਾਰਣੀ ਹੀ ਬਾਕੀ ਸੀ, ਇਸੇ ਤੋਂ ਅਗੋਂ ਵਾਸਤੇ ਕੌਮ ਲਈ ਰਸਤਾ ਸਾਫ ਹੋ ਜਾਣਾ ਸੀ। ਜੇ ਕਰ ਕੁੱਝ ਹੋਰ ਗਹਿਰਾਈ `ਚ ਜਾਵੋ ਤਾਂ ਇੱਕ ਗੱਲ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦੀ ਹੈ। ਉਹ ਇਹ ਕਿ ਸੰਨ ੧੯੨੫ `ਚ ਸ਼੍ਰੋਮਣੀ ਗੁ: ਪ੍ਰ: ਕਮੇਟੀ ਆਪਣੀ ਹੋਂਦ `ਚ ਤਾਂ ਆਈ ਪਰ ਇਸਦੇ ਨਾਲ ਨਾਲ ਜਿਹੜਾ ਸਾਡੇ ਗਲ `ਚ ਗੁਰਦੁਆਰਾ ਚੋਣਾਂ ਵਾਲਾ ਸੱਪ ਪੈ ਗਿਆ, ਉਹੀ ਸਾਡੀ ਕੌਮ ਦੀ ਬਰਬਾਦੀ ਲਈ ਇੱਕ ਹੋਰ ਤੇ ਬਹੁਤ ਵੱਡਾ ਰਸਤਾ ਖੁੱਲ ਗਿਆ। ਇਨ੍ਹਾਂ ਗੁਰਦੁਆਰਾ ਚੋਣਾਂ ਦਾ ਹੀ ਨਤੀਜਾ ਸੀ ਕਿ ਇਸਦੀ ਆਪਣੀ ਅਗਲੀ ਪੋਂਦ ਤੋਂ ਹੀ ਇਸ ਸ਼੍ਰੋ: ਗੁ: ਕਮੇਟੀ `ਚ, ਜੀਵਨ, ਸੋਝੀ ਵਾਲੇ ਸੱਜਨਾਂ ਲਈ ਲਗਭਗ ਰਸਤਾ ਵੀ ਬੰਦ ਹੋ ਗਿਆ ਤੇ ਹੁਣ ਅੱਜ ਤੱਕ ਅਸੀਂ ਇਸੇ ਸੰਤਾਪ ਨੂੰ ਅੱਗੇ ਤੋਂ ਅੱਗੇ ਭੋਗ ਰਹੇ ਹਾਂ।

ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਡੇਰੇ- ਹੁਣ ਤੀਕ ਦੇ ਵੇਰਵਿਆਂ ਤੋਂ ਇੱਕ ਗੱਲ ਹੋਰ ਸਾਫ਼ ਹੋ ਜਾਂਦੀ ਹੈ। ਉਹ ਇਹ ਕਿ ਸੰਨ ੧੭੧੫ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਸੰਨ ੧੯੪੭ ਤੀਕ ਸਿੱਖ ਮਾਨਸ ਗੁਰਬਾਣੀ ਜੀਵਨ ਦੀ ਸੋਝੀ ਤੇ ਸਾਂਝ ਪੱਖੋਂ ਨਿੱਤ ਪਿਛੇ ਹੀ ਪਿਛੇ ਗਿਆ ਹੈ। ਜੇਕਰ ਵਿੱਚ-ਵਿੱਚ ਕੁੱਝ ਉਪਰਾਲੇ ਹੋਏ ਵੀ ਤਾਂ ਉਹ ਵੀ ਸਮੇਂ ਸਮੇਂ ਦੀਆਂ ਮਜਬੂਰੀਆਂ ਕਾਰਣ ਜ਼ਿਆਦਾ ਪ੍ਰਭਾਵੀ ਨਾ ਹੋ ਸਕੇ। ਇਥੇ ਹੀ ਬੱਸ ਨਹੀਂ, ਲਗਭਗ ਇੰਨ੍ਹਾਂ ਲਗਭਗ ੨੫੦ ਸਾਲਾਂ ਦੇ ਸਮੇਂ `ਚ ਸਿੱਖ ਵਿਰੋਧੀਆਂ, ਗੁਰੂਡੰਮਾਂ ਵੱਲੋਂ ਸਵੈ ਵਿਰੋਧੀ ਗੁਰਮਰਾਹਕੁਨ ਲਿਟ੍ਰੇਚਰ, ਪ੍ਰਚਲਣਾ ਤੇ ਰਹੁ ਰੀਤਾਂ ਆਦਿ ਦਾ ਜਿਵੇਂ ਕਿ ਕੌਮ `ਚ ਹੜ ਹੀ ਆ ਚੁੱਕਾ ਸੀ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ, ਗੁਰਦੁਆਰਿਆਂ ਦਾ ਪ੍ਰਬੰਧ ਤਾਂ ਬਦਲ ਗਿਆ ਪਰ ਇਨ੍ਹਾਂ ਗੁਰਦਆਰਾ ਚੋਣਾਂ ਨੇ ਸਿੱਖ ਧਰਮ ਦੀ ਤਬਾਹੀ ਲਈ ਬਹੁਤ ਸਾਰੇ ਹੋਰ ਨਵੇਂ ਰਸਤੇ ਵੀ ਖੋਲ ਦਿੱਤੇ।

ਇਸਤਰ੍ਹਾਂ ਪਿਛਲੇ ਲਗਭਗ ਢਾਈ ਸੌ ਸਾਲਾਂ ਤੋਂ ਗੁਰਮੱਤ ਦੇ ਨਾਂ `ਤੇ ਜੋ ਬ੍ਰਹਾਮਣੀ ਤੇ ਵਿਰੋਧੀ ਸਮਗ੍ਰੀ ਸੰਗਤਾਂ ਦੀਆਂ ਰਗਾਂ `ਚ ਪਹੁੰਚਾਈ ਜਾ ਰਹੀ ਸੀ ਉਸ ਨੂੰ ਕੱਢਣ ਵਾਲੇ ਪਾਸੇ ਮੂਲੋਂ ਹੀ ਕੰਮ ਨਾ ਹੋਇਆ। ਇਹ ਵੱਖਰੀ ਗੱਲ ਹੈ ਕਿ ਸਾਨੂੰ ਇਸ ਤਬਦੀਲੀ ਦਾ ਇਤਨਾ ਲਾਭ ਜ਼ਰੂਰ ਹੋਇਆ ਕਿ ਦਰਬਾਰ ਸਾਹਿਬ, ਅਮ੍ਰਿਤਸਰ ਸਾਹਿਬ ਦੀ ਪ੍ਰਕਰਮਾਂ `ਚੋਂ ਸੰਨ ੧੯੩੬ `ਚ ਮੂਰਤੀਆ ਹਟਾ ਦਿੱਤੀਆਂ ਗਈਆਂ। ਦੂਜਾ ਇਹ ਕਿ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ `ਚ ਅੰਮ੍ਰਿਤਸਰ ਵਿਖੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਿਜ’ ਹੋਂਦ `ਚ ਆਇਆ। ਉਹ ਕਾਲਿਜ ਜਿਸ ਨੇ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਵਰਗੇ ਮਹਾਨ ਵਿਦਵਾਨ ਵੀ ਪੰਥ ਨੂੰ ਦਿੱਤੇ। ਤੀਜਾ ਇਹ ਕਿ ‘ਖਾਲਸਾ ਕਾਲਿਜ ਲਾਹੌਰ’ ਵੀ ਹੋਂਦ `ਚ ਜਿਸ ਦੇ ਅਧੀਨ ਕਈ ਹੋਰ ਖਾਲਸਾ ਕਾਲਿਜ ਤੇ ਸਕੂਲ ਵੀ ਅਰੰਭ ਹੋਏ।

ਜਦਕਿ ਦੂਜੇ ਪਾਸੇ, ਅਖੰਡ ਪਾਠਾਂ ਦੀਆਂ ਲੜੀਆਂ, ਜੋਤਾਂ, ਥੜ੍ਹਿਆਂ-ਫ਼ਰਸ਼ਾਂ ਦੇ ਕੱਚੀ ਲੱਸੀ ਤੇ ਦੁਧ ਨਾਲ ਇਸ਼ਨਾਨ, ਬੇਰੀਆਂ ਦੀ ਪੂਜਾ, ਸਵੇਰ-ਸ਼ਾਮ, ਜੰਮਨੇ-ਮਰਨੇ, ਸੰਗ੍ਰਾਂਦਾ, ਮੱਸਿਆਵਾਂ, ਪੂਰਨਮਾਸ਼ੀਆਂ ਆਦਿ ਥਿੱਤ ਵਾਰ, ਸਾਡੇ ਗਲੋਂ ਨਾ ਲੱਥੇ। ਹੋਰ ਤਾਂ ਹੋਰ, ਕਈ ਇਤਿਹਾਸਕ ਗੁਰਦੁਆਰਿਆਂ `ਚ ਮੂਰਤੀ ਪੂਜਾ ਤਾਂ ਅੱਜ ਵੀ ਹੋ ਰਹੀ ਹੈ। ਜਿਵੇਂ ਸੰਤੋਖਸਰ ਵਿਖੇ ਕਿਸੇ ਸੰਤੋਖੇ ਰਿਸ਼ੀ ਦੀ ਮੂਰਤੀ ਦੀ ਪੂਜਾ ਤੇ ਉਸ ਸੰਬੰਧੀ ਬਨਾਵਟੀ ਕਹਾਣੀਆਂ। ਇਸੇ ਤਰ੍ਹਾਂ ਭਾਈ ਸਾਲ੍ਹੋ ਦੇ ਗੁਰਦੁਆਰੇ `ਚ ਭਾਈ ਸਾਲ੍ਹੋ ਦੀ ਫ਼ਰਜ਼ੀ ਮੂਰਤੀ ਦੀ ਪੂਜਾ। ਉਪ੍ਰੰਤ ਕਿਸੇ ਸੰਨ੍ਹ ਚੋਂ ਨਿਕਲ ਕੇ ਚੌਰਾਸੀ ਦੇ ਕੱਟੇ ਜਾਣ ਵਾਲੇ ਭਰਮ। ਬਲਕਿ ਉਸੇ ਚੌਰਾਸੀ ਨੂੰ ਕੱਟਣ ਦਾ ਭਰਮ ਪਾਲ ਕੇ, ਗੋਇੰਦਵਾਲ ਸਾਹਿਬ ਵਿਖੇ ੮੪ ਪਉੜੀਆਂ `ਤੇ ੮੪ ਇਸ਼ਨਾਨ ਤੇ ਨਾਲ ਨਾਲ ਬਾਣੀ ਜਪੁ ਦੇ ੮੪ ਪਾਠਾਂ ਵਰਗੇ ਹੱਠ ਕਰਮ। ਭਾਵ ਇਹ ਕਿ ਇਸ ਤਰ੍ਹਾਂ ਹੋਰ ਵੀ ਅਨੰਤ ਗੁਰਮੱਤ ਵਿਰੁਧ ਕਰਮ ਤੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਬੰਧ ਅਧੀਨ ਗੁਰਦੁਆਰਿਆਂ `ਚ ਅੱਜ ਵੀ ਤੇ ਧੜੱਲੇ ਨਾਲ ਹੋ ਰਹੇ ਹਨ।

ਉਥੇ ਅੱਜ ਵੀ ਸਾਡੇ ਪ੍ਰਚਾਰਕ, ਰਾਮਰਾਏ ਦੀ ਸਾਖੀ ਵੀ ਸੁਣਾਈ ਜਾਂਦੇ ਹਨ ਪਰ ਗੁਰਬਾਣੀ ਦੇ ਉਲਟੇ ਪੁਲਟੇ ਤੇ ਗਲਤ-ਮਲਤ ਡੇਰਾਵਦੀ ਅਰਥ ਵੀ ਚੌਵੀ ਘੰਟੇ ਸੰਗਤਾਂ `ਚ ਪਹੁੰਚਾਏ ਜਾ ਰਹੇ ਹਨ, ਕਿਧਰੇ ਕੁੱਝ ਫ਼ਰਕ ਨਹੀਂ ਪਿਆ। ਵਿਰਲਿਆਂ ਨੂੰ ਛੱਡ ਕੇ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਦੇਸ਼-ਵਿਦੇਸ਼ ਤੱਕ ਹਰੇਕ ਗੁਰਦੁਆਰੇ ਉਪਰ ਕੇਵਲ ਇਸ ਇਲੈਕਸ਼ਨਾਂ ਦੇ ਰਾਖਸ਼ ਕਾਰਣ, ਬਹੁਤਾ ਕਰਕੇ ਉਹ ਲੋਕ ਪ੍ਰਬੰਧਕ ਹਨ ਜਿੰਨ੍ਹਾਂ ਬਾਰੇ, ਕੁੱਝ ਨਾ ਕਹਿਣਾ ਹੀ ਬਿਹਤਰ ਹੈ। ਫ਼ਿਰ ਉਨ੍ਹਾਂ ਹੇਠ ਅਣ-ਅਧਿਕਾਰੀ ਪ੍ਰਚਾਰਕਾਂ ਦਾ ਮਕੜੀ ਜਾਲ, ਸੰਗਤਾਂ ਦੇ ਜੀਵਨ ਅੰਦਰ ਗੁਰਬਾਣੀ ਲਈ ਨੇੜਤਾ ਲਿਆਉਣ ਦੀ ਬਜਾਏ, ਗੁਰਬਾਣੀ ਜੀਵਨ ਤੋਂ ਫਾਸਲਾ ਦਿਨੋਂ ਦਿਨ ਤੇ ਅੱਜ ਤੱਕ, ਤੇਜ਼ੀ ਨਾਲ ਵਾਧੇ `ਤੇ ਹੈ।

ਸੰਨ ੧੯੨੫ ਸ਼੍ਰੋ: ਗੁ: ਪ੍ਰ: ਕਮੇਟੀ ਬਨਾਮ ਡੇਰੇ-ਇਕ ਪਾਸੇ ਸੰਨ ੧੯੨੫ `ਚ ਗੁਰਦੁਆਰਿਆਂ `ਤੇ ਪੰਥਕ ਕਬਜ਼ਾ ਹੋ ਗਿਆ। ਦੂਜੇ ਪਾਸੇ ਨਾਲ ਹੀ ਵਿਰੋਧੀ ਤਾਕਤਾਂ ਤੇ ਗੱਦੀਦਾਰਾਂ ਆਦਿ ਰਾਹੀਂ ਅਨੇਕਾਂ ਅਜਿਹੇ ਤੇ ਨਵੇਂ ਨਵੇਂ ਡੇਰੇ ਵੀ ਪਣਪਣੇ ਸ਼ੁਰੂ ਹੋ ਗਏ, ਜਿੰਨ੍ਹਾਂ ਦਾ ਪੂਰਾ ਜ਼ੋਰ ਹੀ ਬ੍ਰਾਹਮਣੀ ਤੇ ਅਣਮੱਤੀ ਰਹਿਣੀ ਨੂੰ ਸੰਗਤਾਂ ਵਿਚਕਾਰ ਵੱਧ ਤੋਂ ਵੱਧ ਦ੍ਰਿੜ ਕਰਣਾ ਸੀ। ਉਨ੍ਹਾਂ ਨੇ ਸੰਗਤਾਂ ਨੂੰ ਤੰਤ੍ਰ ਸਾਸਤ੍ਰ ਆਧਾਰਿਤ ਕੇਵਲ ਅਖੰਡ ਪਾਠਾਂ `ਚ ਹੀ ਨਹੀਂ ਬਲਕਿ ਵੱਧ ਤੋਂ ਵੱਧ ਸੰਪਟ ਤੇ ਦਰਸ਼ਨ ਪਾਠਾਂ ਆਦਿ `ਚ ਵੀ ਉਲਝਾਉਣਾ ਅਰੰਭ ਕਰ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਲੋਕਾਂ ਰਾਹੀਂ ਕੱਟੜ ਬ੍ਰਾਹਮਣੀ ਤੇ ਅਨਮੱਤੀ ਵਿਧੀਆਂ ਅਨੁਸਾਰ ਵੱਡੇ ਵੱਡੇ ਮਹਾਤਮਾਂ ਦੇ ਢੋਂਗ ਰਚ ਕੇ ਅਤੇ ਅਨੇਕਾਂ ਬਨਾਵਟੀ ਤੇ ਮਿਥਿਹਾਸ ਆਧਾਰਤ ਕਹਾਣੀਆਂ ਪ੍ਰਚਲਤ ਕਰਕੇ, ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਦੀ ਸੋਝੀ ਅਤੇ ਜੀਵਨ ਤੋਂ ਹੋਰ ਵੀ ਦੂਰ ਤੋਂ ਵੀ ਦੂਰ ਕਰਣਾ ਸੂਰੂ ਕਰ ਦਿੱਤਾ।

ਇਸਦਾ ਕਾਰਣ ਇਹ ਵੀ ਹੈ ਕਿ ਇਹ ਡੇਰੇ ਤਾਂ ਸਣ ਹੀ ਉਸ ਨਵੇਂ ਗੁਰਦੁਆਰਾ ਕਾਨੂੰਨ ਤੋਂ ਵੀ ਬਾਹਰ। ਉਸੇ ਦਾ ਨਤੀਜਾ, ਜੋ ਦਿਲ `ਚ ਆਵੇ ਉਹੀ ਕਰੋ, ਇਨ੍ਹਾਂ ਨੂੰ ਤਾਂ ਕੋਈ ਪੁੱਛਣ ਵਾਲਾ ਵੀ ਨਹੀਂ। ਇਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਥਾ ਬਲਕਿ ਅੱਜ ਤੱਕ, ਹੋਰ ਵੀ ਅਧਮੂਲ ਮਚਾਇਆ ਹੋਇਆ ਹੈ। ਇਸ ਤਰ੍ਹਾਂ ‘ਇਸਬਗੋਲ ਤੇ ਕੁੱਝ ਨਾ ਫੋਲ’ ਦੀ ਨਿਆਈਂ ਜਿੰਨਾਂ ਵਧ ਇਸ ਵਿਸ਼ੇ ਦੀ ਗਹਿਰਾਈ `ਚ ਜਾਵਾਂਗੇ ਕੌਮ ਦਾ ਭਵਿਖ ਹੋਰ ਤੇ ਹੋਰ ਹਨੇਰਾ ਹੀ ਨਜ਼ਰ ਆਵੇਗਾ। ਕੌਮ ਦੀ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਜਾਵੇਗੀ। ਉਹ ਤਬਾਹੀ ਜਿਸਦੀ ਕਿ ਕੋਈ ਵੀ ਸੀਮਾਂ ਨਜ਼ਰ ਨਹੀਂ ਆ ਰਹੀ। ਵਿਸ਼ਾ ਸਮਝਣ ਦਾ ਇਹ ਵੀ ਹੈ, ਜੇਕਰ ਕੇਵਲ ਕਾਗ਼ਜ਼ ਹੀ ਕਾਲੇ ਕਰਦੇ ਜਾਵਾਂਗੇ ਤਾਂ ਗੱਲ ਤਾਂ ਵੀ ਕਦੇ ਨਹੀਂ ਮੁੱਕੇਗੀ।

ਦੂਜਿਆਂ ਨੂੰ ਗਿੱਲਾ ਤਾਂ ਕੀ ਕਰਣਾ ਹੈ ਜਦੋਂ ਆਜ਼ਾਦੀ ਤੋਂ ਬਾਅਦ, ਗੁਰਦੁਆਰਿਆਂ ਅੰਦਰ ਅੱਜ ਤੀਕ ਸਿੱਖ ਆਗੂ ਵੀ ਇਸ ਪੱਖੋਂ ਪੂਰੀ ਤਰ੍ਹਾਂ ਘੂਕ ਸੁੱਤੇ ਪਏ ਹਨ। ਸਚਾਈ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਅੱਜ ਵੀ ਜੋ ਹਜ਼ਾਰਾਂ ਗੁਰਦੁਆਰੇ ਹਨ, ਉਥੇ ਵੀ ਬਹੁਤਾ ਕਰਕੇ ਪ੍ਰਚਾਰਕ-ਪ੍ਰਬੰਧਕ, ਰਾਗੀ-ਕਥਾਵਾਚਕ-ਢਾਡੀ-ਗ੍ਰੰਥੀ ਸੇਵਾਦਾਰ ਆਦਿ ਬਹੁਤੇ ਉਹੀ ਹਨ ਜਿੰਨ੍ਹਾਂ ਦੀ ਪਿੱਠ ਕਿਸੇ ਨ ਕਿਸੇ ਗੁਰਮੱਤ ਵਿਰੋਧੀ ਡੇਰੇ ਜਾਂ ਗੱਦੀਦਾਰ ਨਾਲ ਹੀ ਜੁੜੀ ਹੋਈ ਹੈ। ਉਹ ਡੇਰੇ ਜਿੱਥੇ ਗੁਰਬਾਣੀ ਦੀ ਵਰਤੋਂ ਸਿੱਖੀ ਜੀਵਨ ਦੀ ਸੰਭਾਲ ਵਾਸਤੇ ਨਹੀਂ ਬਲਕਿ ਬ੍ਰਾਹਮਣੀ ਜਾਂ ਉਨ੍ਹਾਂ ਦੀਆਂ ਆਪਣੀਆਂ ਲੀਹਾਂ `ਤੇ ਹੀ ਹੁੰਦੀ ਹੈ।

ਇਸ ਤਰ੍ਹਾਂ ਉਸ ਸਾਰੇ ਤੇ ਅਜਿਹੇ ਸਮੂਚੇ ਵਾਤਰਵਰਣ ਤੋਂ ਬਾਅਦ ਉਮੀਦ ਕਰਣੀ ਕਿ ਸੰਗਤਾਂ ਦੇ ਜੀਵਨ `ਚ ਗੁਰਬਾਣੀ ਦੀ ਨੇੜਤਾ ਆ ਜਾਵੇ ਜਾਂ ਦੂਰੀ ਨਾ ਵਧੇ-ਅਨਹੋਣੀ ਗੱਲ ਹੈ। ਹੁਣ ਤੀਕ ਇਸ ਵਿਸ਼ੇ `ਤੇ ਅਸੀਂ ਮੋਟੀ ਨਜ਼ਰ ਤਾਂ ਮਾਰ ਹੀ ਚੁੱਕੇ ਹਾਂ ਕਿ ਸੰਗਤਾਂ ਨੂੰ ਡੇਰਿਆਂ, ਗੁਰਦੁਆਰਿਆਂ ਰਸਤੇ ਗੁਰਬਾਣੀ ਸੋਝੀ ਤੇ ਜੀਵਨ ਤੋਂ ਤੋੜਣ ਦਾ ਕੰਮ ਹੀ, ਦਿਨ-ਰਾਤ ਅਤੇ ਜ਼ੋਰਾਂ `ਤੇ ਚੱਲ ਰਿਹਾ ਹੈ, ਅਤੇ ਉਹ ਵੀ ਗੁਰਮੱਤ ਤੇ ਗੁਰਬਾਣੀ ਪ੍ਰਚਾਰ-ਪ੍ਰਸਾਰ ਦੇ ਪਰਦੇ `ਚ।

ਇਸ ਲਈ ਜਦੋਂ ਤੀਕ ਕੋਮ ਦੂਰਅੰਦੇਸ਼ੀ ਵਰਤ ਕੇ ਘਟੋਘਟ ਗੁਰਦੁਆਰਿਆਂ `ਚੋਂ ਚੋਣਾਂ ਵਾਲੇ ਦੈਂਤ ਦਾ ਸੰਘਾਰ ਨਾ ਕਰੇ ਅਤੇ ਪੰਥ ਦਰਦੀ ਨਿ; ਸੁਆਰਥ ਹੋ ਕੇ ਇਮਨਦਾਰੀ ਨਾਲ ਕੋਈ ਵੱਡਾ ਹਮਲਾ ਹੀ ਨਾ ਮਾਰਣ, ਗੱਲ ਨਹੀਂ ਬਣ ਸਕੇਗੀ। ਇਸ ਸੰਬੰਧ `ਚ ਅਸੀਂ ਆਪਣੇ ਗੁਰਮੱਤ ਪਾਠਾਂ ਦੀ ਲੜੀ `ਚ ਹੋਰ ਪਾਠਾਂ ਤੋਂ ਇਲਾਵਾ, ਗੁਰਮੱਤ ਪਾਠ ਨੰ: ੮੫ ‘ਛੇ (੬) ਪੰਥਕ ਲਹਿਰਾਂ ਦੀ ਵੱਡੀ ਲੋੜ’ ਵੀ ਦੇ ਚੁੱਕੇ ਹਾਂ, ਜੇਕਰ ਪੰਥ ਉਸਦਾ ਲਾਹਾ ਹੀ ਲੈ ਲਵੇ ਤਾਂ ਵੀ ਇਸ ਪਾਸੇ ਬਹੁਤ ਕੁੱਝ ਹੋ ਸਕਦਾ ਹੈ।

ਸੰਨ ੧੯੪੭ ਤੋਂ ਬਾਅਦ ਦੇ ਪੰਥਕ ਹਾਲਾਤਾਂ ‘ਤ ਕੇਵਲ ਇੱਕ ਝਾਤ- ਸੰਨ ੧੯੪੭ `ਚ ਭਾਰਤ ਆਜ਼ਾਦ ਹੋ ਗਿਆ। ਨਾਂ ਨੂੰ ਇਹ ਧਰਮ ਨਿਰਪੇਖ (secular) ਹਕੂਮਤ ਬਣੀ, ਜਦਕਿ ਕਰਣੀ ਤੋਂ ਇਹ ਵੀ ਬ੍ਰਾਹਮਣੀ ਜਕੜ ਹੀ ਸਾਬਤ ਹੋਈ। ਧਰਮ ਨਿਰਪੇਖ ਦੇ ਨਾਂ ਹੇਠ ਬਹੁਤਾ ਨਿਸ਼ਾਨਾ ਬਾਕੀ ਧਰਮਾਂ ਨੂੰ ਖ਼ਤਮ ਕਰ ਕੇ ਬ੍ਰਾਹਮਣੀ ਸਮੁੰਦਰ `ਚ ਗ਼ਰਕ ਕਰਣ ਵਾਲਾ ਹੀ ਸਮਝ `ਚ ਆਉਂਦਾ ਹੈ ਤੇ ਅੱਜ ਤੀਕ ਵੀ ਜ਼ਾਹਿਰਾ ਤੌਰ `ਤੇ ਵੀ ਇਹੀ ਕੁੱਝ ਹੋ ਰਿਹਾ ਹੈ। ਇਸਾਈਆਂ-ਮੁਸਲਮਾਨਾਂ ਦੇ ਤਾਂ ਫ਼ਿਰ ਵੀ ਆਪਣੇ ਬਹੁਤੇਰੇ ਮੁਲਕ ਹਨ, ਬਾਕੀ ਤਾਂ ਸਿੱਖ ਹੀ ਬਚਦੇ ਸਨ। ਉਹ ਸਿੱਖ ਦੀ ਜਨਮ ਭੂਮੀ ਵੀ ਭਾਰਤ ਹੈ ਤੇ ਜਿੰਨ੍ਹਾਂ ਉਪਰ ਲਗਾਤਾਰ ਪਿਛਲੇ ਢਾਈ ਸੌ ਸਾਲਾਂ ਤੋ ਹਰ ਪੱਖੋਂ ਅਤੇ ਦਿਨ ਰਾਤ ਬ੍ਰਾਹਮਣੀ ਤੇ ਵਿਰੋਧੀ ‘ਬਖਸ਼ਿਸ਼’ ਹੀ ਹੋ ਰਹੀ ਹੈ।

ਜਦਕਿ ਇਹ ਵੀ ਦੇਖ ਚੁੱਕੇ ਹਾਂ ਕਿ ਉਧਰ ਉਨ੍ਹਾਂ ਡੇਰਿਆਂ ਵੀ ਨੇ ਦਿਨ-ਰਾਤ ਆਪਣਾ ਜਾਲ ਵਿਛਾਇਆ ਹੋਇਆ ਹੈ। ਘੋਖਿਆ ਜਾਵੇ ਤਾਂ ਇਹੀ ਸਾਬਤ ਹੁੰਦਾ ਹੈ ਜਿਵੇਂ ਕਿ ਇਨ੍ਹਾਂ ਡੇਰਿਆਂ ਦੇ ਆਗੂ ਵੀ ਬਹੁਤਾ ਕਰਕੇ ਗੋਲ ਪੱਗਾਂ ਬੰਨੀ, ਸਿੱਖੀ ਸਰੂਪ `ਚ ਹੁੰਦੇ ਹੋਏ ਵੀ ਵਿਚਾਰਧਾਰਾ ਪੱਖੋਂ ‘ਵੱਡੇ ਬ੍ਰਾਹਮਣ’ ਹੀ ਸਾਬਤ ਹੁੰਦੇ ਹਨ। ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਇਹ ਲੋਕ ਵੀ ਕਿਸੇ ਬਾਹਰਲੀ ਤਾਕਤ ਹੀਂ, ਸਿੱਖਾਂ ਵਿਚਕਾਰ ਭੇਜੇ ਜਾ ਰਹੇ ਹਨ। ਇਸ ਤੋਂ ਬਾਅਦ ਦੇਖਿਆ ਜਾਵੇ ਸਰਕਾਰੀ ਪੱਧਰ `ਤੇ ਵੀ ਆਜ਼ਾਦੀ ਦੇ ਪਿਛਲੇ ਪੈਂਠ ਸਾਲਾਂ ਤੋਂ ਵੱਧ ਸਮੇਂ `ਚ ਬਹੁਤਾ ਇਹੀ ਕੁੱਝ ਹੋ ਰਿਹਾ ਹੈ। ਬਲਕਿ ਅੰਗ੍ਰੇਜ਼ ਨੇ ਤਾਂ ਬੇਸ਼ੱਕ ਕਿਸੇ ਵੀ ਕਾਰਣ ਪਰ ਉਸ ਨੇ ਸਿੱਖੀ ਸਰੂਪ `ਤੇ ਪਹਿਰਾ ਦਿੱਤਾ ਸੀ, ਸਿੱਖਾਂ ਨੂੰ ਮਾਰਸ਼ਲ ਕੌਮ ਦੇ ਖਿਤਾਬ ਨਾਲ ਵੀ ਸਤਿਕਾਰਿਆ ਸੀ।

ਇਸਦੇ ਉਲਟ ਅਜੋਕੇ ਤੇ ਸਮਝੇ ਜਾਂਦੇ ਆਪਣੇ ਰਾਜ `ਚ, ਅਨੇਕਾਂ ਪਾਸਿਆਂ ਤੋਂ ਪਤਿਤਪੁਣੇ ਨੂੰ ਹੀ ਹਵਾ ਦਿੱਤੀ ਜਾ ਰਹੀ ਹੈ। ਬਲਕਿ ਸਿੱਖਾਂ ਨੂੰ ਤਾਂ ਸਿੱਖ ਕਰਕੇ ਵੀ ਨਹੀਂ ਪ੍ਰਵਾਣਿਆ ਜਾਂਦਾ। ਇਥੇ ਥਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਹੀ ਪ੍ਰਚਾਰਿਆ ਜਾਂਦਾ ਹੈ। ਸਿੱਖਾਂ ਦੀ ਜਨਮਭੂਮੀ ਪੰਜਾਬ `ਚ ਦੇਖੋ, ਤਾਂ ਉਥੇ ਦਿਨ-ਰਾਤ ਸਿੱਖ ਵਿਰੋਧੀ ਤਾਕਤਾਂ ਸਰਗਰਮ ਹਨ। ਸਿੱਖੀ ਬਾਰੇ ਹਰ ਪੱਖੋਂ ਵੱਧ ਤੋਂ ਵੱਧ ਉਪ੍ਰਾਮਤਾ ਪੈਦਾ ਕਰਣ ਦੇ ਹਰਬੇ ਵਰਤੇ ਜਾ ਰਹੇ ਹਨ। ਮੀਡੀਏ ਰਾਹੀਂ ਸਿੱਖੀ ਸਰੂਪ ਤੇ ਸਿੱਖੀ ਜੀਵਨ ਦਾ ਮਜ਼ਾਕ ਉਡਾਉਣ `ਚ ਕਸਰ ਨਹੀਂ ਛੱਡੀ ਜਾਂਦੀ।

ਸਿੱਖੀ ਸਰੂਪ `ਚ ਵਿਚਰ ਰਹੇ, ਸਿੱਖੀ ਦੇ ਦੁਸ਼ਮਣਾਂ ਲਈ ਹਰ ਸਮੇਂ ਦਰਵਾਜ਼ੇ ਖੁੱਲ੍ਹੇ ਮਿਲਦੇ ਹਨ। ਸਿੱਖਾਂ ਤੋਂ ਉਨ੍ਹਾਂ ਦਾ ਜਮਾਂਦਰੂ ਲਫ਼ਜ਼ ‘ਸਰਦਾਰ ਜੀ’ ਵੀ ਖੋਹਿਆ ਜਾ ਚੁੱਕਾ ਹੈ। ਸਿੱਖਾਂ ਨੂੰ ਦਸਮੇਸ਼ ਜੀ ਵੱਲੋਂ ਉਨ੍ਹਾਂ ਦੀ ਪ੍ਰਵਾਰਕ ਵਿਰਾਸਤ ਤੇ ਬਖ਼ਸ਼ਿਸ਼ ‘ਸਿੰਘ-ਕੌਰ’ ਬਾਰੇ ਵੀ ਉਨ੍ਹਾਂ ਨੂੰ ਹਰ ਤਰੀਕੇ ਲਾਪਰਵਾਹ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਅਜਿਹਾ ਪ੍ਰਚਾਰ ਵੀ ਹਰ ਸਮੇਂ ਹੋ ਰਿਹਾ ਹੈ ਕਿ ਸਿੱਖਾਂ ਨੂੰ ਤਾਂ ‘ਕੇਸਾਂ ਵਾਲੇ ਸਰੂਪ ਦੀ ਵੀ ਲੋੜ ਨਹੀਂ। ਸਿੱਖ ਧਰਮ ਦੇ ਨਾਂ `ਤੇ ਮੂਲੋਂ ਸਿੱਖ ਧਰਮ ਵਿਰੋਧੀ ਨਿੱਤ ਨਵੇਂ-ਨਵੇਂ ਤਿਆਰ ਹੋ ਰਹੇ ਸਾਹਿਤ ਦਾ ਵੀ ਅੰਤ ਨਹੀਂ। ਇਸ ਤਰ੍ਹਾਂ ਜੇਕਰ ਅਜਿਹੇ ਵੇਰਵੇ `ਚ ਹੀ ਪੈ ਜਾਵੀਏ ਤਾਂ ਇਹ ਵੀ ਆਪਣੇ ਆਪ `ਚ ਬਹੁਤ ਲੰਮਾਂ ਚੌੜਾ ਤੇ ਅਨੰਤ ਵੇਰਵਾ ਹੈ।

“ਉਲਾਹਨੋ ਮੈ ਕਾਹੂ ਨ ਦੀਓ” (ਪੰ: ੯੭੮) -ਜਦਕਿ, ਗੁਰਬਾਣੀ ਦੇ ਥੋੜੇ ਸੁਚੇਤ ਹੋ ਕੇ ਕੀਤੇ ਅਧਿਯਣ (ਸਟੱਡੀ) ਤੋਂ ਹੀ ਵਿਸ਼ਾ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਕੇ ਸਿੱਖ ਲਈ ਗੁਰਬਾਣੀ ਹੀ ਇਕੋ ਇੱਕ ਤੇ ਨਿਵੇਕਲਾ ਗੁਰੂ ਹੈ। ਉਪ੍ਰੰਤ ਕੌਮ ਨੂੰ ਇਹ ਵਿਸ਼ਾ ਵੀ ਪਹਿਲੇ ਜਾਮੇ ਤੋਂ ਹੀ, ਅਤੇ ਲਗਾਤਾਰ ਸਪਸ਼ਟ ਕੀਤਾ ਜਾ ਰਿਹਾ ਸੀ। ਇਸ ਲਈ ਦਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ, ੬ ਅਕਤੂਬਰ ਸੰਨ ੧੭੦੮ ਨੂੰ ਵਾਪਰੀ ਇਤਿਹਾਸਕ ਘਟਨਾ, ਕੌਮ ਲਈ ਗੁਰਬਾਣੀ ਦੇ ਇਕੋ ਇੱਕ ਗੁਰੂ ਹੋਣ ਸਬੰਧੀ ਵੀ ਨਵੀਂ ਗੱਲ ਨਹੀਂ ਸੀ। ਉਸ ਸਮੇਂ ਇਹ ਘਟਣਾ ਤਾਂ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰ ਕੇ ਗੁਰਬਾਣੀ ਦੇ ਸੰਪੂਰਣ ਸਰੂਪ, ਸਾਹਿਬ ‘ਸ੍ਰੀ ਗ੍ਰੰਥ ਸਾਹਿਬ ਜੀ” ਨੂੰ ਗੁਰਗੱਦੀ ਸੋਂਪਣਾ ਹੀ ਸੀ। ਇਸ ਤਰ੍ਹਾਂ ਸਮੁਚੀ ਸਿੱਖ ਕੌਮ ਦਾ ਆਪਣਾ ਫ਼ਰਜ਼ ਵੀ ਬਣਦਾ ਹੈ ਕਿ ਬਾਹਰਲੀਆਂ ਚੋਟਾਂ ਤੋਂ ਬਚਣ ਲਈ ਆਪ ਵੀ ਨਿਤਾ ਪ੍ਰਤੀ ਗੁਰਬਾਣੀ ਗੁਰੂ ਦੇ ਚਰਣਾਂ `ਚ ਜੁੜ ਕੇ ਆਪਣੀ ਸੰਭਾਲ ਆਪ ਵੀ ਕਰੇ। ਫ਼ਿਰ ਕਿਸੇ ਨੂੰ ਅਜਿਹੇ ਉਲਾਹਣੇ ਦੇਣ ਦੀ ਲੋੜ ਵੀ ਨਹੀਂ ਰਵੇਗੀ[#26 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.