.

ਪਤਿਤ: ਅੰਦਰੋਂ ਜਾਂ ਬਾਹਰੋਂ...?

ਸਤਿੰਦਰਜੀਤ ਸਿੰਘ

ਗੁਰੂ ਨਾਨਕ ਸਾਹਿਬ ‘ਸਿੱਖ ਧਰਮ’ ਦੀ ਬੁਨਿਆਦ ਰੱਖਣ ਵਾਲੇ ਮਹਾਨ ਕ੍ਰਾਂਤੀਕਾਰੀ ‘ਤੇ ਦੂਰਅੰਦੇਸ਼ ਜਗਤ ਰਹਿਬਰ ਸਨ, ਜਿੰਨ੍ਹਾਂ ਨੇ ਸਦੀਆਂ ਦੀ ਗੁਲਾਮ ਸੋਚ ਨੂੰ ਮੁੜ ਆਜ਼ਾਦ ਹੋਣ ਲਈ ਹਲੂਣਿਆ, ਉਸਨੂੰ ਵਿਕਾਸ ਵੱਲ ਤੋਰਿਆ, ਉਸ ਨੂੰ ‘ੴ’ ਦੇ ਸਿਧਾਂਤ ਦਾ ਪਾਠ ਪੜ੍ਹਾਇਆ ‘ਤੇ ਉਹਨਾਂ ਵੱਲੋਂ ਬਿਆਨ ਕੀਤੇ ਇਸ ਸਿਧਾਂਤ ਨੂੰ ਸਿੱਖ ਕੇ, ਸਮਝ ਕੇ, ਜੀਵਨ ਵਿੱਚ ਢਾਲਣ ਵਾਲਿਆਂ ਨੂੰ ‘ਸਿੱਖ’ ਹੋਣ ਦਾ ਮਾਣ ਮਿਲਿਆ। ‘ਸਿੱਖ’ ਦਾ ਮਤਲਬ ‘ਸਿੱਖਣ ਵਾਲਾ’ ਤੋਂ ਵੀ ਲਿਆ ਜਾਂਦਾ ਹੈ। ਗੁਰੂ ਸਾਹਿਬ ਨੇ ਜੋ ਵੀ ਕਦਮ ਸਮਾਜ ਸਾਹਮਣੇ ਉਠਾਏ ਜਾਂ ਇੰਝ ਕਹਿ ਲਈਏ ਕੇ ਜੋ ਵੀ ਸ਼ਬਦ, ਗੁਰੂ ਸਾਹਿਬ ਨੇ ਲੋਕਾਂ ਨੂੰ ਮੁਖਾਤਿਬ ਹੋ ਕੇ ਉਚਾਰੇ ਉਹ ਸਿੱਖਿਆ ਨਾਲ ਭਰਪੂਰ ਸਨ, ਉਹਨਾਂ ਪਿੱਛੇ ਕੰਮ ਕਰਦਾ ਕੋਈ ਨਾ ਕੋਈ ਠੋਸ ਕਾਰਨ ਜ਼ਰੂਰ ਸੀ, ਜਿਸਨੂੰ ਅੱਜ ਦੇ ਸਮੇਂ ਸਾਇੰਸ ਵੀ ਸਹੀ ਠਹਿਰਾ ਰਹੀ ਹੈ। ਗੁਰੂ ਸਾਹਿਬ ਵੱਲੋਂ ਉਚਾਰਨ ਕੀਤੀ ਬਾਣੀ ਸੰਸਾਰ ਲਈ ਪ੍ਰੇਰਨਾ ਸ੍ਰੋਤ ਹੈ, ਜੋ ਵੀ ਚਾਹੇ ਇਸ ਬਾਣੀ ਤੋਂ ਮਾਰਗਦਰਸ਼ਨ ਲੈ ਸਕਦਾ ਹੈ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਨ੍ਹਾਂ ਕਿਸੇ ਵਿਤਕਰੇ ਦੇ ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥’ {ਪੰਨਾ 747} ਦੇ ਸਿਧਾਂਤ ਨੂੰ ਸਮਾਜ ਅੱਗੇ ਰੱਖਦਿਆਂ ਸਭ ਨੂੰ ਬਰਾਬਰ ਉਪਦੇਸ਼, ਸਿੱਖਿਆ ਦਿੱਤੀ ਹੈ ਕਿ:

‘ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥’ {ਪੰਨਾ 747}

ਗੁਰਬਾਣੀ ਵਿੱਚ ‘ਸਿੱਖ’ ਬਾਰੇ ਜੋ ਪ੍ਰੀਭਾਸ਼ਾ ਮਿਲਦੀ ਹੈ,ਉਸਦੇ ਜੀਵਨ ਬਾਰੇ ਜੋ ਪਤਾ ਲਗਦਾ ਹੈ, ਉਸ ਦੀ ਇੱਕ ਮਿਸਾਲ ਇਹ ਹੈ:

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ { ਮਃ ੪, ਪੰਨਾ 305}

ਅਰਥ:- ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ, ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ; ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ । ਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।

ਉਪਰੋਕਤ ਜੀਵਨ ਵਾਲੇ ਇਨਸਾਨ ਨੂੰ ਗੁਰੂ ਸਾਹਿਬ ਨੇ ‘ਸਿੱਖ’ ਕਿਹਾ ਹੈ। ਇਸ ਵਿੱਚ ਸਵੇਰੇ ਉੱਠ ਕੇ ‘ਹਰੀ’ ਭਾਵ ਪ੍ਰਮਾਤਮਾ ਦਾ ਨਾਮ ਜਪਣਾ ਇੱਕ ਸਿੱਖ ਦਾ ਗੁਣ ਦਰਸਾਇਆ ਹੈ ਪਰ ਕਿਤੇ ਵੀ ਨਾਮ ਜਪਣ ਲਈ ਕੋਈ ਸ਼ਰਤ ਨਹੀਂ ਰੱਖੀ, ਇਹ ਨਹੀਂ ਕਿਹਾ ਕਿ ਨਾਮ ਕਿਹੜੇ ਧਰਮ ਅਨੁਸਾਰ ਜਪਣਾ ਹੈ ਕਿਉਂਕਿ ਗੁਰੂ ਸਾਹਿਬ ‘ੴ’ ਦੇ ਧਾਰਨੀ ਸਨ ਪਰ ਸਮਾਜ ਨੇ ਵੰਡੀਆਂ ਪਾ ਲਈਆਂ ਕਿ ਆਹ ਸਿੱਖ, ਆਹ ਹਿੰਦੂ, ਆਹ ਮੁਸਲਮਾਨ, ਆਹ ਬੋਧੀ, ਆਹ ਜੈਨੀ, ਆਹ ਪਾਰਸੀ, ਆਹ ਇਸਾਈ ਆਦਿ। ਉਪਰੋਕਤ ਸ਼ਬਦ ਵਿੱਚ ਕਿਰਦਾਰ ਦੀ ਗੱਲ ਮੁੱਖ ਤੌਰ ‘ਤੇ ਕੀਤੀ ਗਈ ਹੈ ਕਿ ‘ਸਿੱਖ ਆਹ ਕੰਮ ਕਰਦਾ ਹੈ’ ਇਹ ਨਹੀਂ ਕਿਹਾ ਕਿ ‘ਸਿੱਖ ਇਸ ਤਰ੍ਹਾਂ ਦਾ ਦਿਸਦਾ ਹੈ’ ਪਰ ਘੜੰਮ ਚੌਧਰੀਆਂ ਨੇ ‘ਚਾਰਦੀਵਾਰੀ’ ਕਰ ਦਿੱਤੀ ਹਰ ਧਰਮ ਦੇ ਦੁਆਲੇ, ਸਿੱਖ ਉਹ ਹੈ ਜੋ ਕੇਸ-ਦਾਹੜੀ ਰੱਖੇ, ਹਿੰਦੂ ਬੋਦੀ ਰੱਖੇ, ਮੁਸਲਮਾਨ ਸੁੰਨਤ ਕਰਾਵੇ ਆਦਿ। ਆਪਾਂ ਗੱਲ ‘ਸਿੱਖ’ ‘ਤੇ ਹੀ ਕੇਂਦਰਿਤ ਰੱਖੀਏ। ਬਹੁਤ ਸਾਰੇ ਐਸੇ ਹਨ ਜੋ ਦਿੱਖ ਕਰਕੇ ‘ਸਿੱਖ’ ਲੱਗਦੇ ਹਨ, ਆਪਣੇ ਆਪ ਨੂੰ ‘ਖਾਲਸਾ’ ਅਖਵਾਉਂਦੇ ਹਨ ਪਰ ਨਿੱਜੀ ਜੀਵਨ ਵਿੱਚ ਗੁਰੂ ਸਾਹਿਬ ਵੱਲੋਂ ਵਰਜਿਤ ਕਰਮਕਾਂਡ ਵੀ ਪੂਰੀ ਸ਼ਿੱਦਤ ਨਾਲ ਕਰਦੇ ਹਨ। ਕਬਰਾਂ, ਮੜ੍ਹੀਆਂ, ਦੇਹਧਾਰੀ ਸਾਧਾਂ ਅੱਗੇ ਲਿਟਦੇ ਅਨੇਕਾਂ ਅੰਮ੍ਰਿਤਧਾਰੀ ਦੇਖੇ ਜਾ ਸਕਦੇ ਹਨ, ਇੱਥੇ ਹੀ ਬੱਸ ਨਹੀਂ ‘ਸ਼ਨੀ’ ਨਾਲ ਵੀ ਬੋਲ-ਚਾਲ ਚੰਗੀ ਰੱਖਦੇ ਹਨ, ਹੱਥਾਂ ‘ਚ ‘ਪੱਥਰ’ ਸਜਾਈ ਫਿਰਦੇ ਹਨ, ਮਨ ਵਿੱਚ ਲਾਲਸਾਵਾਂ ਨਾਲ ਭਰੇ ਹਨ, ਕੂੜ ਪ੍ਰਧਾਨ ਹੈ ਸੋਚ ਵਿੱਚ, ਪਰਾਈ ਇਸਤਰੀ ਵੱਲ ਵੀ ਗਲਤ ਭਾਵਨਾਵਾਂ ਨਾਲ ਤੱਕਦੇ ਹਨ ਪਰ ਹਨ ‘ਖਾਸਲੇ’, ‘ਅੰਮ੍ਰਿਤਧਾਰੀ’, ‘ਸਿੱਖ’, ਕੀ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੇ ਸਿੱਖ ਪ੍ਰਵਾਨ ਹੋ ਸਕਦੇ ਹਨ...? ਹਰਗਿਜ਼ ਨਹੀਂ, ਇਸ ਤਰ੍ਹਾਂ ਦੇ ਲੋਕਾਂ ਬਾਰੇ ਗੁਰੂ ਸਾਹਿਬ ਕਹਿੰਦੇ ਹਨ:

ਮਃ ੧ ॥ ਗਲੀ. ਅਸੀ ਚੰਗੀਆ ਆਚਾਰੀ ਬੁਰੀਆਹ॥

ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥

ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ॥

ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ॥

ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ॥

ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ {ਪੰਨਾ 85}

ਅਰਥ:- ਅਸੀ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ, ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ । (ਫਿਰ ਭੀ) ਅਸੀ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿੱਚ ਰਲੀਆਂ ਮਾਣਦੀਆਂ ਹਨ, ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ । ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ ।2।

ਇੱਥੇ ਫਿਰ ਪ੍ਰਭੂ ਨਾਲ ਇੱਕ-ਮਿੱਕ ਲੋਕਾਂ ਦੀ ਸੰਗਤ ਵਿੱਚ ਰਹਿ ਕੇ ਜਨਮ ਸਫਲ ਹੋਣ ਦੀ ਗੱਲ ਕੀਤੀ ਹੈ ਭਾਵ ਕਿ ਪ੍ਰਾਮਤਮਾ ਦਾ ਨਾਮ ਸਿਮਰਿਆਂ ਹੀ ਜਨਮ ਸਫਲ ਹੋਣਾ ਹੈ। ਜਿਹੜੇ ਵਿਖਾਵੇ ਮਾਤਰ ਧਾਰਮਿਕ ਰਸਮਾਂ ਕਰਨ ਵਾਲੇ ਹਨ, ਦਿਖਾਵੇ ਲਈ ਗਾਤਰਾ ਪਾ ਲੈਂਦੇ ਹਨ, ਦਾਹੜੀ-ਕੇਸ ਰੱਖੇ ਹਨ, ਨਿਤਨੇਮ ਕਰਨ ਦਾ ਦਾਅਵਾ ਵੀ ਕਰਦੇ ਹਨ, ਬਾਰੇ ਗੁਰਬਾਣੀ ਵਿੱਚ ਦਰਜ ਹੈ ਕਿ:

ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥

ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥

ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥

ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥ {ਪੰਨਾ 1013}

ਅਰਥ: ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ) ਪਰ ਆਤਮਿਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿੱਚ ਰੰਗੇ ਜਾਣ ਤੋਂ ਬਿਨ੍ਹਾਂ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ । (ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । (ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ ।5।

ਇੱਥੇ ਫਿਰ ਇਹ ਹੀ ਸਿੱਖਿਆ ਮਿਲਦੀ ਹੈ ਕਿ ਬਾਹਰੀ ਦਿੱਖ ਦਾ ਉਨਾਂ ਚਿਰ ਕੋਈ ਲਾਭ ਨਹੀਂ ਜਿੰਨਾ ਚਿਰ ਮਨ ਕਰਕੇ ਪ੍ਰਮਾਤਮਾ ਦੇ ਗੁਣ ਧਾਰਨ ਨਹੀਂ ਕੀਤੇ। ਜੇ ਮਨ ਵਿੱਚ ਵਿਕਾਰ ਹਨ ਪਰ ਬਾਹਰੀ ਤੌਰ ‘ਤੇ ਧਾਰਮਿਕ ਲਿਬਾਸ ਪੂਰਾ ਹੈ ਤਾਂ ਕੋਈ ਫਾਇਦਾ ਨਹੀਂ। ਮਨ ਦੀ ਦੁਬਿਧਾ ਦੂਰ ਕਰਨ ਲਈ ਉਸ ਪ੍ਰਮਾਤਮਾ ਨਾਲ ਦਿਲੀ ਸਾਂਝ ਪਾਉਣੀ ਪੈਂਦੀ ਹੈ, ਬਾਹਰੀ ਰੂਪ ਕਿਸੇ ਕੰਮ ਨਹੀਂ, ਇਸ ਬਾਰੇ ਕਬੀਰ ਜੀ ਸਮਝਾਉਂਦੇ ਹਨ ਕਿ:

ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥

ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ {ਪੰਨਾ 1365}

ਅਰਥ:- ਹੇ ਕਬੀਰ! (‘ਦੁਨੀਆ’ ਵਾਲਾ) ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ । (ਜਦ ਤੱਕ ਪ੍ਰਭੂ ਨਾਲ ਪ੍ਰੀਤਿ ਨਹੀਂ ਜੋੜੀ ਜਾਂਦੀ, ‘ਦੁਨੀਆ’ ਵਾਲੀ ‘ਦੁਬਿਧਾ’ ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰੱਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ।25।

ਅੱਜ ਦੇ ਸਮੇਂ ਬਹੁਤ ਸਾਰੇ ਕੇਸ-ਦਾਹੜੀ ਰੱਖਣ ਵਾਲੇ, ਅੰਮ੍ਰਿਤਧਾਰੀ ਹਨ ਜੋ ਕਿਰਦਾਰ ਪੱਖੋਂ ਗਲਤ ਹਨ, ਖੁੰਭਾਂ ਵਾਂਘ ਉੱਗੇ ਡੇਰੇਦਾਰ ਵੀ ਦੇਖਣ ਨੂੰ ‘ਖਾਲਸੇ’ ਹਨ, ‘ਸਾਬਤ-ਸੂਰਤ ਸਿੱਖ’ ਹਨ ਪਰ ਅਨੇਕਾਂ ਹਨ ਜਿਹੜੇ ਬਲਾਤਕਾਰ ‘ਤੇ ਕਤਲ ਵਰਗੇ ਦੋਸ਼ਾਂ ਨਾਲ ਘਿਰੇ ਹਨ। ਇੱਕ ਪ੍ਰਸਿੱਧ ਸੰਤ ਬਾਰੇ ਪਿਛਲੇ ਸਮੇਂ ਡਾ:ਖਹਿਰਾ ਨਾਮੀ ਵਿਆਕਤੀ ਨੇ ਮੀਡੀਆ ਸਾਹਮਣੇ ਦੱਸਿਆ ਕਿ ਉਹ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਰਵਾ ਦਿੰਦਾ ਸੀ ਆਪਣੇ ‘ਬਚਨ’ ਪੂਰੇ ਕਰਨ ਲਈ, ਪਿਛਲੇ ਸਮੇਂ ਧਨਵੰਤ ਸਿੰਘ ਨਾਮੀ ‘ਸੰਤ’ ਨੂੰ ਵੀ ਬਲਤਾਕਾਰ ਦੇ ਦੋਸ਼ ਵਿੱਚ ਅਦਾਲਤ ਵੱਲੋਂ ਸਜ਼ਾ ਮਿਲਣ ਬਾਰੇ ਸੁਣਿਆ ਹੈ ਜਦਕਿ ਉਸ ਸਮੇਂ ਦੇ ‘ਜਥੇਦਾਰ’ ਹੁਣਾਂ ਉਸਨੂੰ ਬੇ-ਕਸੂਰ ਦੱਸਿਆ ਸੀ। ਕੀ ਇਸ ਤਰ੍ਹਾਂ ਸਾਬਤ-ਸੂਰਤ ‘ਜਥੇਦਾਰ’ ਵੀ ‘ਗੁਰੂ ਦੇ ਸਿੱਖ’ ਵਾਲੇ ਗੁਣ ਰੱਖਦੇ ਹਨ...? ਜਦਕਿ ਗਲਤ ਦਾ ਸਾਥ ਦੇਣਾ ਵੀ ਗਲਤ ਹੈ। ਦਲਜੀਤ ਸਿੰਘ ਸ਼ਿਕਾਗੋ ਨਾਮੀ ‘ਬਾਬਾ’ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਹੈ, ਉਹ ਵੀ ਸਾਬਤ-ਸੂਰਤ ਹੈ, ਅੰਮ੍ਰਿਤਧਾਰੀ ਹੈ, ਕੀ ਸਾਰੇ ਉਸਨੂੰ ‘ਗੁਰੂ ਦਾ ਸਿੱਖ’ ਮੰਨਦੇ ਹਨ...? ਪਿਛਲੇ ਦਿਨੀਂ ਕੱਟੜ ਸਿੱਖ ਅਖਵਾਉਣ ਵਾਲੇ ‘ਤੇ ਬਾਬਾ ਦੀਪ ਸਿੰਘ ਦੇ ਵਰੋਸਾਏ ਅਖਵਾਉਣ ਵਾਲੇ ਟਕਸਾਲੀ ਇੱਕ-ਦੂਜੇ ਨਾਲ ਲੜੇ ਉਹਨਾਂ ਦੀ ਲੜਾਈ ਗੁਰਬਾਣੀ ਦੇ ਕਿਹੜੇ ਸਿਧਾਂਤ ਨਾਲ ਮੇਲ ਖਾਂਦੀ ਸੀ...? ਕੀ ਇਹ ਮਹਿਜ਼ ‘ਚੌਧਰ ਦੀ ਭੁੱਖ’ ਕਾਰਨ ਨਹੀਂ ਹੋਇਆ...? ਗੱਦੀ ਲਈ ਲੜਨ ਵਾਲੇ ਕੀ ਇਹ ਸਾਰੇ ‘ਗੁਰੂ ਦੇ ਸਿੱਖ’ ਹਨ...?

ਅੱਜ ਸਾਡੀ ਕੌਮ ਦੀ ਤ੍ਰਾਸਦੀ ਹੈ ਕਿ ਅਸੀਂ ਸੱਚ ਬੋਲਣ ਵਾਲੇ ਨੂੰ ਜ਼ਰ ਨਹੀਂ ਸਕਦੇ। ਉਸਨੂੰ ਚੁੱਪ ਕਰਵਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ ‘ਤੇ ਜੇ ਕਿਤੇ ਉਹ ਕੇਸ-ਦਾਹੜੀ ਕਟਵਾਉਣ ਵਾਲਾ ਹੈ ਫਿਰ ਤਾਂ ਗੱਲ ਬਣ ਜਾਂਦੀ ਆ, ‘ਪਤਿਤ’ ਦੀ ਧਾਰਾ ਨਾਲ ਉਹਦਾ ਮੂੰਹ ਬੰਦ ਕਰਨ ਲਈ ਜ਼ੋਰ ਲਾ ਦਿੱਤਾ ਜਾਂਦਾ। ਕੀ ਪਤਿਤ ਸਿਰਫ ਕੇਸ-ਦਾਹੜੀ ਕਟਵਾਉਣ ਵਾਲਾ ਹੀ ਹੈ...? ਗੁਰਬਾਣੀ ਵਿੱਚ ਕਿੱਥੇ ਦਰਜ ਹੈ ਕਿ ਕੇਵਲ ਕੇਸ-ਦਾਹੜੀ ਕਟਵਾਉਣ ਵਾਲਾ ਹੀ ‘ਪਤਿਤ’ ਹੈ...? ਗੁਰੂ ਸਾਹਿਬ ਨੇ ਕਿਰਦਾਰ ਨੂੰ ਮੁੱਖ ਰੱਖ ਕੇ ਉਪਦੇਸ਼ ਦਿੱਤਾ, ਕਿਰਦਾਰ ਉੱਚਾ ਹੋਵੇ ਤਾਂ ਇਨਸਾਨ ਸੱਚਾ ਹੈ ‘ਤੇ ਗੁਰੂ ਨੂੰ ਪ੍ਰਵਾਨ ਹੋਵੇਗਾ। ਲੋਕ ਕਹਾਵਤ ਵੀ ਹੈ ਕਿ ‘ਇੱਜ਼ਤ ਗਈ ਤਾਂ ਸਭ ਕੁੱਝ ਗਿਆ’ ਹੁਣ ਇੱਜ਼ਤ ਕੀ ਮਹਿਜ਼ ਕੇਸ-ਦਾਹੜੀ ਕਟਵਾਉਣ ਨਾਲ ਹੀ ਚਲੀ ਜਾਂਦੀ ਆ...? ਗੁਰੂ ਦਾ ਦਰ ਛੱਡ ਕੇ ਕਬਰਾਂ-ਮੜ੍ਹੀਆਂ ‘ਤੇ ਅਖੌਤੀ ਸਾਧਾਂ ਦੀਆਂ ਜੁੱਤੀਆਂ ‘ਤੇ ਮੱਥੇ ਰਗੜਨ ਨਾਲ ਕੀ ਗੁਰੂ ਦੇ ਦਰ ‘ਤੇ ਇੱਜ਼ਤ ਬਣੀ ਰਹਿੰਦੀ ਆ...? ਗੁਰਬਾਣੀ ਵਿੱਚੋਂ ਸਿੱਖਿਆ ਮਿਲਦੀ ਹੈ ਕਿ:

ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥

ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥

{ਸਿਰੀਰਾਗੁ ਮਹਲਾ ੩, ਪੰਨਾ 26}

ਅਰਥ:- ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿੱਚ, ਹਿਰਦੇ ਵਿੱਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿੱਚ ਪੈ ਜਾਈਦਾ ਹੈ। (ਜਿਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ ।1।

ਗੁਰਬਾਣੀ ਵਿੱਚ ਇਹ ਕਿੱਥੇ ਦਰਜ ਹੈ ਕਿ ਕਰਮਕਾਂਡ, ਪਾਖੰਡ ਜਾਂ ਕਿਸੇ ਅਖੌਤੀ ਡੇਰੇਦਾਰ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਜਾਂ ਫਿਰ ਸੱਚ ਬੋਲਣ ਲਈ ਕੇਸ-ਦਾਹੜੀ ਰੱਖਣੇ ਜ਼ਰੂਰੀ ਹਨ...? ਪਰ ਸਾਡੇ ਲੋਕਾਂ ਨੇ ਬੱਸ ਵਿਚਾਰ ਦਾ ਖਹਿੜਾ ਛੱਡ ਤਾ ‘ਬਾਂਦਰ ਕੀਲੇ ਦੀ ਖੇਡ’ ਵਾਂਗ ਬੱਸ ‘ਪਤਿਤ’ ਦੁਆਲੇ ਹੀ ਘੁੰਮੀ ਜਾਂਦੇ ਆ। ਭਾਈ ਲਹਿਣਾ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਦੀ ਥਾਂ ਉਦੋਂ ਮਿਲੀ ਜਦੋਂ ਉਹ ਕਿਰਦਾਰ ਪੱਖੋਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ‘ਤੇ ਪੂਰੇ ਆਏ, ਖੰਡੇ ਦੀ ਪਾਹੁਲ ਛਕਾਉਣ ਸਮੇਂ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਕਿ ‘ਮੈਨੂੰ ਕੇਸ-ਦਾਹੜੀ ਵਾਲਾ ਇੱਕ ਸੀਸ ਚਾਹੀਦਾ...?’ ਗੁਰੂ ਸਾਹਿਬ ਨੇ ਕਿਰਦਾਰ ਨੂੰ ਅਹਿਮੀਅਤ ਦਿੱਤੀ ਹੈ, ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਉਹ ਦਾਹੜੀਆਂ ਸਤਿਕਾਰ ਦੀਆਂ ਪਾਤਰ ਹਨ ਜੋ ਪ੍ਰਮਾਤਮਾ ਨਾਲ ਸਾਂਝ ਬਣਾਉਣ ਵਾਲੀਆਂ ਹਨ ਭਾਵ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ, ਉਸ ਨਾਲ ਦਿਲੀ ਸਾਂਝ ਬਣਾ ਲਈ ਹੈ, ਉਹਨਾਂ ਦੀਆਂ ਦਾਹੜੀਆਂ ਸਤਿਕਾਰ ਦੀਆਂ ਪਾਤਰ ਹੋ ਜਾਂਦੀਆਂ ਹਨ:

ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥

ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥

ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍ਹ੍ਹਿ ॥੫੨॥ {ਪੰਨਾ 1419}

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ, ਜਿੰਨ੍ਹਾਂ ਦੇ ਮਨ ਵਿੱਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹਰ ਵੇਲੇ ਟਿਕਿਆ ਰਹਿੰਦਾ ਹੈ, ਜਿਹੜੇ ਹਰ ਵੇਲੇ ਗੁਰੂ ਵਿੱਚ ਲੀਨ ਰਹਿੰਦੇ ਹਨ, ਉਹਨਾਂ ਦੇ ਮੂੰਹ ਸੱਚ-ਮੁੱਚ ਸਤਿਕਾਰ ਦੇ ਹੱਕਦਾਰ ਹੋ ਜਾਂਦੇ ਹਨ, ਉਹਨਾਂ ਦੀਆਂ ਦਾੜ੍ਹੀਆਂ ਆਦਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ । ਉਹਨਾਂ ਮਨੁੱਖਾਂ ਦੇ ਕੋਲ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਧਨ ਇਕੱਠਾ ਹੋ ਜਾਂਦਾ ਹੈ, ਉਹ ਮਨੁੱਖ ਲੋਕ ਪਰਲੋਕ ਵਿੱਚ ਉੱਚਾ ਆਤਮਿਕ ਦਰਜਾ ਹਾਸਿਲ ਕਰ ਲੈਂਦੇ ਹਨ। ਜਿਹੜੇ ਮਨੁੱਖ ਹਰ ਵੇਲੇ ਸਦਾ-ਥਿਰ ਹਰਿ-ਨਾਮ ਸੁਣਦੇ ਹਨ, ਸਦਾ-ਥਿਰ ਹਰਿ-ਨਾਮ ਨੂੰ ਸਿਦਕ-ਸ਼ਰਧਾ ਨਾਲ ਆਪਣੇ ਅੰਦਰ ਵਸਾ ਲੈਂਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦੇ ਹਨ ਉਹਨਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ-ਸਤਿਕਾਰ ਦੀ ਥਾਂ ਮਿਲਦੀ ਹੈ, ਉਹ ਸਦਾ-ਥਿਰ ਪ੍ਰਭੂ ਦੀ ਯਾਦ ਵਿੱਚ ਹਰ ਵੇਲੇ ਲੀਨ ਰਹਿੰਦੇ ਹਨ ਪਰ ਗੁਰੂ ਦੀ ਸ਼ਰਨ ਤੋਂ ਬਿਨ੍ਹਾਂ ਸਦਾ-ਥਿਰ ਹਰਿ-ਨਾਮ ਨਹੀਂ ਮਿਲਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜ਼ਰੂਰ ਜ਼ਿੰਦਗੀ ਦੇ ਗ਼ਲਤ ਰਸਤੇ ‘ਤੇ ਪਏ ਰਹਿੰਦੇ ਹਨ:

ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥

ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥

ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥

ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥

ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥

ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ ॥੫੩॥

{ਪੰਨਾ 1419}

ਇਸ ਸ਼ਬਦ ਵਿੱਚ ਵੀ ਆਤਮਿਕ ਤੌਰ ‘ਤੇ ਪ੍ਰਮਾਤਮਾ ਨਾਲ ਜੁੜਨ ਦੀ ਗੱਲ ਕੀਤੀ ਹੈ ‘ਤੇ ਜੁੜੇ ਹੋਏ ਮਨੁੱਖਾਂ ਦੀਆਂ ਦਾਹੜੀਆਂ ਨੂੰ ਸਤਿਕਾਰ ਮਿਲਣ ਦੀ ਗੱਲ ਹੈ, ਇਹ ਨਹੀਂ ਕਿ ਪਹਿਲਾਂ ਕੇਸ-ਦਾਹੜੀ ਰੱਖ ਕੇ ਫਿਰ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ‘ਤੇ ਫਿਰ ਸਤਿਕਾਰ ਮਿਲੇਗਾ।

ਦਿਖਾਵੇ ਲਈ ਕੀਤੇ ਹਰ ਵੇਸ ਅਤੇ ਭੇਖ ਨੂੰ ਗੁਰਬਾਣੀ ਰੱਦ ਕਰਦੀ ਹੈ। ਸਿਰ ਮੁਨਾਉਣ ਵਾਲਾ ਵੀ ਕੋਈ ਸਾਧੂ ਨਹੀਂ ਹੁੰਦਾ ਜੇ ਉਹ ਕਿਰਦਾਰ ਪੱਖੋਂ ਸਾਧੂ ਵਾਲੇ ਗੁਣ ਧਾਰਨ ਨਹੀਂ ਕਰਦਾ। ਕਬੀਰ ਸਾਹਿਬ ਸਮਝਾਂਉਂਦੇ ਹਨ ਕਿ ਇਹ ਜੋ ਸਿਰ ਮੁਨਾ ਕੇ ਆਪਣੇ-ਆਪ ਨੂੰ ‘ਸਾਧ’ ਸਮਝਦਾ ਹੈ, ਇਸ ਨੇ ਆਪਣਾ ਮਨ ਨਹੀਂ ਮੁੰਨਿਆ, ਮਨ ਉੱਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ, ਸਿਰ ਦੇ ਕੇਸ ਮੁਨਾਇਆਂ ਤਾਂ ਇਹ ‘ਸਾਧੂ’ ਨਹੀਂ ਬਣ ਗਿਆ। ਜਿਸ ਵੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ, ਜੇ ‘ਸਾਧੂ’ ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ ਸਿਰ ਮੁਨਾਉਣਾ ਵਿਅਰਥ ਹੈ:

ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥

ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥ {ਪੰਨਾ 1369}

ਇੱਥੇ ਫਿਰ ਬਾਹਰੀ ਭੇਖ ਨੂੰ ਰੱਦ ਕੀਤਾ ਹੈ, ਮਨ ਦੀ ਗੱਲ ਕੀਤੀ ਹੈ ਕਿ ਚੰਗੇ ਜਾਂ ਮਾੜੇ ਕਰਮ ਕਰਨ ਪਿੱਛੇ ਮਨ ਹੁੰਦਾ ਹੈ, ਮਨ ਨੂੰ ਸਹੀ ਰਸਤੇ ਲਗਾਇਆਂ ਹੀ ਬਿਰਤੀ ਚੰਗੀ ਬਣਦੀ ਹੈ ਮਤਲਬ ਕਿ ਮਨ ਵਿੱਚ ਪ੍ਰਮਾਤਮਾ ਦੇ ਗੁਣ ਧਾਰਨ ਕਰਨ ਨਾਲ ਹੀ ਇਨਸਾਨ ਸੱਚਾ-ਸੁੱਚਾ ਬਣ ਸਕਦਾ ਹੈ। ਜਿੰਨ੍ਹਾਂ ਲੋਕਾਂ ਨੇ ਪ੍ਰਮਾਤਮਾ ਨੂੰ ਨਹੀਂ ਸਿਮਰਿਆਂ, ਸੱਚੇ ਗੁਰੂ ਦਾ ਪੱਲਾ ਨਹੀਂ ਪਕੜਿਆ ਉਹ ਇਨਸਾਨ ਨਹੀਂ ਬਲਕਿ ਪਸ਼ੂ ਹਨ, ਉਹ ਮਹਾਂ-ਮੂਰਖ ਹਨ। ਉਹਨਾਂ ਮਨੁੱਖਾਂ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਨਹੀਂ ਹੈ, ਪ੍ਰਭੂ ਨਾਲ ਉਹਨਾਂ ਦਾ ਪ੍ਰੇਮ-ਪਿਆਰ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਵਿਕਾਰਾਂ ਵਿੱਚ ਹੀ ਆਤਮਿਕ ਮੌਤ ਸਹੇੜੀ ਰੱਖਦੇ ਹਨ, ਉਹ ਮੁੜ-ਮੁੜ ਜਨਮ-ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਜਿਹੜਾ-ਜਿਹੜਾ ਮਨੁੱਖ ਆਤਮਿਕ ਜੀਵਨ ਵਾਲੇ ਮਨੁੱਖਾਂ ਨੂੰ ਮਿਲਦਾ ਹੈ, ਉਹ ਵੀ ਪ੍ਰਮਾਤਮਾ ਨੂੰ ਮਨ ਵਿੱਚ ਵਸਾ ਕੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ। ਗੁਰੂ ਦੇ ਸਨਮੁੱਖ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ ਰੱਬੀ ਦਰਬਾਰ ਵਿੱਚ ਸੋਭਾ ਖੱਟਦੇ ਹਨ, ਇਸ ਬਾਰੇ ਗੁਰ-ਫੁਰਮਾਣ ਹੈ:

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥

ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥

ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥

ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥

ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥

ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥

{ਪੰਨਾ 1418}

ਇੱਥੇ ਫਿਰ ਮਨ ਵਿੱਚ ਪ੍ਰਮਾਤਮਾ ਨੂੰ ਵਸਾਉਣ ਦੀ ਗੱਲ ਕੀਤੀ ਹੈ, ਗੁਰੂ ਸਾਹਿਬ ਕਹਿੰਦੇ ਹਨ ਕਿ ਜਿੰਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਨਾਲ ਸੱਚਾ ਪਿਆਰ ਨਹੀਂ ਉਹ ਪਸ਼ੂ ਹਨ, ਇਹ ਨਹੀਂ ਕਿਹਾ ਕਿ ਜਿਹਨਾਂ ਨੇ ਕੇਸ-ਦਾਹੜੀ ਕੱਟੇ ਹਨ ਉਹ ਪਸ਼ੂ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਮਨ ਨੂੰ ਪ੍ਰਾਮਾਤਮਾ ਨਾਲ ਜੋੜਨ ਵਾਲਾ ਆਤਮਿਕ ਤੌਰ ‘ਤੇ ਜਿਉਂਦਾ ਹੈ, ਇਹ ਨਹੀਂ ਕਿਹਾ ਕਿ ਕੇਸ-ਦਾਹੜੀ ਰੱਖਣ ਵਾਲਾ ਹੀ ਆਤਮਿਕ ਤੌਰ ‘ਤੇ ਜਿਉਂਦਾ ਹੈ। ਅਨੇਕਾਂ ਲੋਕ ਹਨ ਜੋ ਇਖਲਾਕ ਤੋਂ ਹੀਣੇ ਕੰਮ ਕਰਦੇ ਹਨ, ਕਿਰਦਾਰ ਤੋਂ ਗਿਰਦੇ ਹਨ ‘ਤੇ ਦਿਖਾਵੇ ਲਈ ਧਾਰਮਿਕ ਪਹਿਰਾਵਾ ਪਾਉਂਦੇ ਹਨ ਪਰ ਮਨ ਵਿੱਚ ਈਰਖਾ ਹੈ, ਸਾੜਾ ਹੈ, ਪਾਪ ਹੈ, ਗਲਤ ਸੋਚ ਹੈ, ਇਸ ਤਰ੍ਹਾਂ ਦੇ ਲੋਕਾਂ ਲਈ ਗੁਰ-ਫੁਰਮਾਣ ਹੈ:

ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥

ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ ਕਰੈ ਛਪਾਇਆ ॥

ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥

ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ ਗਲਿ ਪਾਥਰ ਕੈਸੇ ਤਰੈ ਅਥਾਹ ॥

ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥ ਨਾਨਕ ਤੇ ਜਨ ਸਹਜਿ ਸਮਾਤਿ ॥੫॥ {ਪੰਨਾ 267}

ਇੱਥੇ ਫਿਰ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆ ਵੱਸਦਾ ਹੈ, ਉਹੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਅਨੇਕਾਂ ‘ਖਾਲਸੇ’ ਹਨ ਜਿੰਨ੍ਹਾਂ ਦੇ ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ‘ਤੇ ਅਮਲੀ ਜ਼ਿੰਦਗੀ ਕੁੱਝ ਹੋਰ ਹੈ। ਮਨ ਵਿੱਚ ਪ੍ਰਭੂ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦੇ ਹਨ ਪਰ ਦਿਲ ਦੀਆਂ ਜਾਣਨ ਵਾਲਾ ਪ੍ਰਭੂ ਸਿਆਣਾ ਹੈ, ਉਹ ਕਦੇ ਕਿਸੇ ਦੇ ਬਾਹਰਲੇ ਭੇਖ ਨਾਲ ਖੁਸ਼ ਨਹੀਂ ਹੁੰਦਾ, ਉਸਨੂੰ ਸਿਰਫ ਬਾਹਰੀ ਵੇਸ ਬਣਾ ਕੇ ਖੁਸ਼ ਨਹੀਂ ਕੀਤਾ ਜਾ ਸਕਦਾ। ਜੋ ਮਨੁੱਖ ਹੋਰਨਾਂ ਨੂੰ ਮੱਤਾਂ ਦਿੰਦਾ ਹੈ ਪਰ ਆਪ ਨਹੀਂ ਕਮਾਉਂਦਾ, ਉਹ ਸਦਾ ਜਨਮ-ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜਿਸ ਮਨੁੱਖ ਦੇ ਮਨ ਵਿੱਚ ਨਿਰੰਕਾਰ ਵੱਸਦਾ ਹੈ, ਉਹ ਸੰਸਾਰ ਦੇ ਵਿਕਾਰਾਂ ਤੋਂ ਬਚਦਾ ਹੈ। ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਜਿੰਨ੍ਹਾਂ ਨੇ ਪ੍ਰਮਾਤਮਾ ਨੂੰ ਪਹਿਚਾਣ ਲਿਆ ਹੈ ਭਾਵ ਉਸਨੂੰ ਮਨ ਵਿੱਚ ਵਸਾ ਲਿਆ ਹੈ ਮੈਂ ਉਹਨਾਂ ਦੇ ਪੈਰੀਂ ਪੈਂਦਾ ਹਾਂ:

ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥

ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥

ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥

ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥ ਤਿਸ ਕੀ ਸੀਖ ਤਰੈ ਸੰਸਾਰੁ ॥

ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥ ਨਾਨਕ ਉਨ ਜਨ ਚਰਨ ਪਰਾਤਾ ॥੭॥ {ਪੰਨਾ 269}

ਇੱਥੇ ਫਿਰ ਗੁਰੂ ਸਾਹਿਬ ਮਨ ਦੀ ਗੱਲ ਕਰਦੇ ਹਨ,ਰੱਬੀ ਗੁਣਾਂ ਨੂੰ ਧਾਰ ਕੇ ਪ੍ਰਮਾਤਮਾ ਨਾਲ ਇੱਕ ਹੋਣ ਵਾਲਿਆਂ ਤੋਂ ਸਦਕੇ ਜਾਣ ਦੀ ਗੱਲ ਕਰਦੇ ਹਨ, ਇਹ ਨਹੀਂ ਕਹਿ ਰਹੇ ਕਿ ਕੇਸ-ਦਾਹੜੀ ਰੱਖਣ ਵਾਲਿਆਂ ਦੇ ਸਦਕੇ ਜਾਂਦਾ ਹਾਂ।

ਧਰਮ ਦਾ ਆਗੂ ਹੋਣ ਵਾਲਿਆਂ ਨੂੰ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜਾ ਲੋਕਾਂ ਨੂੰ ਤਾਂ ਉਪਦੇਸ਼ ਕਰਦਾ ਹੈ ਪਰ ਆਪ ਨਹੀਂ ਸਮਝਦਾ, ਅਜਿਹਾ ਬ੍ਰਾਹਮਣ ਲੋਕ-ਪਰਲੋਕ ਕਿਤੇ ਵੀ ਸਫਲ ਨਹੀਂ ਹੁੰਦਾ:

ਬਾਹਰਿ ਭੇਖ ਕਰਹਿ ਘਨੇਰੇ ॥ ਅੰਤਰਿ ਬਿਖਿਆ ਉਤਰੀ ਘੇਰੇ ॥

ਅਵਰ ਉਪਦੇਸੈ ਆਪਿ ਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥ {ਪੰਨਾ 372}

ਹੁਣ ਸਾਡੇ ਸਮਾਜ ਵਿੱਚ ਕਿੰਨੇ ਹੀ ਐਸੇ ਆਗੂ ਬਣੇ ਲੋਕ ਹਨ ਜੋ ਸਾਬਤ-ਸੂਰਤ ਹਨ ਪਰ ਕੰਮ ਬਹੁਤ ਨੀਚ ਪੱਧਰ ਦੇ ਕਰਦੇ ਹਨ। ਸੰਸਾਰ ਵਿੱਚ ਹੋ ਰਹੀਆਂ ਗਲਤ ਘਟਨਾਵਾਂ ਸਿਰਫ ਕੇਸ-ਦਾਹੜੀ ਕਟਵਾਉਣ ਵਾਲੇ ਹੀ ਨ੍ਹੀ ਕਰਦੇ, ਪੈਸੇ ਦੇ ਲਾਲਚ ਦਾ ਸ਼ਿਕਾਰ ਸਿਰਫ ਕੇਸ-ਦਾਹੜੀ ਕਟਵਾਉਣ ਵਾਲੇ ਹੀ ਨਹੀਂ। ਹਰ ਕੋਈ ਵੱਧ ਤੋਂ ਵੱਧ ਮਾਇਆ ਕਮਾਉਣ ਦੀ ਹੋੜ ਵਿੱਚ ਹੈ, ਇਸ ਲਈ ਭਾਵੇਂ ਜਿੰਨਾਂ ਮਰਜ਼ੀ ਗਿਰਨਾ ਪਵੇ। ਹਜ਼ਾਰਾਂ ਡੇਰੇਦਾਰ ਪ੍ਰਤੱਖ ਉਦਾਹਰਨ ਹਨ, ਗੁਰੂ ਦੀ ਹਜ਼ੂਰੀ ਵਿੱਚ ਨੱਚਦੇ ਹਨ, ਝੂਠੀਆਂ ਕਹਾਣੀਆਂ ਸੁਣਾਉਂਦੇ ਹਨ ਜੋ ਗੁਰਮਤਿ ਸਿਧਾਂਤ ‘ਤੇ ਖਰੀਆਂ ਨਹੀਂ ਉਤਰਦੀਆਂ ਪਰ ਸਾਹਮਣੇ ਬੈਠਾ ਕੋਈ ਵੀ ਪੱਗ ਵਾਲਾ ਉੱਠ ਕੇ ਸਵਾਲ ਕਰਨ ਦੀ ਜ਼ੁਰੱਅਤ ਨਹੀਂ ਕਰਦਾ ਪਰ ਜੇ ਕੇਸ-ਦਾਹੜੀ ਕਟਵਾਉਣ ਵਾਲਾ ਕਿਸੇ ਗਲਤ ਨੂੰ ਗਲਤ ਕਹਿ ਦੇਵੇ ਤਾਂ ਝੱਟ ‘ਪਤਿਤ’ ਆਖ ਧੱਕੇ ਮਾਰਨੇ ਸ਼ੁਰੂ ਕਰ ਦਿੰਦਾ ਹੈ। ‘ਆਪਣਾ ਮੂੰਹ ਦੇਖ’ ਦੇ ਫਿਕਰੇ ਕਸੇ ਜਾਂਦੇ ਹਨ, ਕੀ ਇਹੀ ਸਿੱਖਿਆ ਮਿਲਦੀ ਹੈ ਗੁਰਬਾਣੀ ਤੋਂ ਕਿ ਸੱਚੀ ਗੱਲ ਕਰਨ ਵਾਲੇ ‘ਤੇ ਸ਼ਰਤਾਂ ਲਗਾਉ...? ਗੁਰੂ ਸਾਹਿਬ ਤਾਂ ਸਮਝਾਉਂਦੇ ਹਨ ਕਿ ਜੇ ਕਿਸੇ ਮਨੁੱਖ ਨੇ ਆਪਣੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਵਸਾਇਆ, ਸਗੋਂ ਉਸਦੇ ਮਨ ਵਿੱਚ ਲੋਭ ਹੈ, ਪਾਪ ਹੈ ਪਰ ਸਰੀਰ ‘ਤੇ ਧਾਰਮਿਕ ਪਹਿਰਾਵਾ ਧਾਰਨ ਕੀਤਾ ਹੈ ਤਾਂ ਕੋਈ ਲਾਭ ਨਹੀਂ:

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥

ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥ {ਪੰਨਾ 525}

ਉਪਰੋਕਤ ਸਭ ਦਾ ਭਾਵ ਹੈ ਕਿ ਗੁਰੂ ਸਾਹਿਬ ਨੇ ਕਿਤੇ ਵੀ ਇਹ ਸ਼ਰਤ ਨਹੀਂ ਰੱਖੀ ਕਿ ਸੱਚ ਬੋਲਣ ਲਈ ਜਾਂ ਸੱਚ ‘ਤੇ ਪਹਿਰਾ ਦੇਣ ਲਈ ਕੇਸ-ਦਾਹੜੀ ਰੱਖਣੇ ਜ਼ਰੂਰੀ ਹਨ, ਗੁਰੂ ਸਾਹਿਬ ਨੇ ਕਿਰਦਾਰ ਨੂੰ ਉੱਚਾ ਚੁੱਕਣ ਲਈ, ਸੋਚ ਨੂੰ ਸਹੀ ਬਣਾਉਣ ਲਈ ਜ਼ੋਰ ਦਿੱਤਾ। ‘ਕਛਹਿਰਾ’ ਜੋ ਕਿ ਕਿਰਦਾਰ ਨੂੰ ਉੱਚਾ ਰੱਖਣ ਦੀ ਪ੍ਰੇਰਨਾ ਲਈ ਦਿੱਤਾ, ‘ਕੜਾ’ ਜ਼ਰੂਰਤ ਸਮੇਂ ਇੱਕ ਹਥਿਆਰ ਅਤੇ ਸੋਚ ਨੂੰ ਵਿਗਿਆਨਿਕ ਬਣਾਉਣ ਲਈ ਕਿ ਲੋਹੇ ਦੀ ਜ਼ਰੂਰਤ ਆ ਸਰੀਰ ਨੂੰ, ‘ਕੇਸ’ ਕੁਦਰਤ ਨਾਲ ਸਾਂਝ ਨੂੰ ਪੱਕਾ ਕਰਨ ਲਈ, ‘ਕੰਘਾ’ ਸਾਫ-ਸਫਾਈ ਵੱਲ ਧਿਆਨ ਦੇਣ ਲਈ ‘ਤੇ ‘ਕ੍ਰਿਪਾਨ’ ਅਣਖੀ ਸੁਭਾਅ ਬਣਾਉਣ ਲਈ, ਸੱਚ ‘ਤੇ ਪਹਿਰਾ ਦੇਣ ਲਈ ਬਖਸ਼ੀ ਸੀ। ‘ਕੇਸ’ ਕੁਦਰਤ ਨਾਲ ਸਾਂਝ ਪਾਉਣ ਲਈ ਸਨ ਨਾ ਕਿ ਇਹਨਾਂ ਕੇਸਾਂ ਨੂੰ ਹੀ ਸਭ ਕੁੱਝ ਮੰਨਣ ਲਈ। ਕੇਸ ਰੱਖਣੇ ਜ਼ਰੂਰੀ ਹਨ, ਸਾਇੰਸ ਵੀ ਇਹ ਗੱਲ ਮੰਨਦੀ ਹੈ ਕਿ ਕੇਸਾਂ ਵਿੱਚ ਯਾਦ-ਸ਼ਕਤੀ ਲਈ ਜ਼ਰੂਰੀ ਤੱਤ ਹੁੰਦਾ ‘ਤੇ ਇਹਨਾਂ ਨੂੰ ਕਟਾਉਣ ਨਾਲ ਉਹ ਨਸ਼ਟ ਹੁੰਦਾ, ਵਾਲ ਸਾਡੇ ਦਿਮਾਗ ਨੂੰ UV ਕਿਰਨਾਂ ਤੋਂ ਬਚਾਉਂਦੇ ਹਨ, ਸੰਤੁਲਨ ਬਣਾਉਣ ਲਈ ਮੱਦਦ ਕਰਦੇ ਹਨ ਆਦਿ, ਇਸ ਲਈ ਕੇਸ-ਦਾਹੜੀ ਰੱਖਣੇ ਜ਼ਰੂਰੀ ਹਨ ਪਰ ਧਾਰਮਿਕ ਪੱਧਰ ‘ਤੇ ਇਹ ਹੀ ਸਭ ਕੁੱਝ ਨਹੀਂ ਹਨ। ਗੁਰੂ ਸਾਹਿਬ ਕੱਟੜ ਸਨ ਪਰ ਇਸ ਗੱਲ ‘ਤੇ ਕਿ ‘ਪ੍ਰਮਾਤਮਾ ਇੱਕ ਹੈ’, ਉਸ ਵਰਗਾ ਹੋਰ ਕੋਈ ਨਹੀਂ ਉਹ ਇਨਸਾਨੀ ਜੀਵਨ ਦੀਆਂ ਹੋਰ ਗੱਲਾਂ ਲਈ ਕੱਟੜ ਨਹੀਂ ਸਨ। ਜੇ ਅਜਿਹਾ ਹੁੰਦਾ ਤਾਂ ਸਿੱਖ ਇਤਿਹਾਸ ਵਿੱਚ ਹੋਈਆਂ ਲੜਾਈਆਂ ਕੇਵਲ ਅੰਮ੍ਰਿਤਧਾਰੀ ਖਾਲਸਾ ਹੀ ਲੜਦਾ, ਕਿਸੇ ਵੀ ਕੇਸ-ਦਾਹੜੀ ਕਟਵਾਉਣ ਵਾਲੇ ਨੂੰ ਗੁਰੂ ਸਾਹਿਬ ਸਾਹਮਣੇ ਸੱਚ ਲਈ ਸ਼ਹਾਦਤ ਪਾਉਣ ਦਾ ਮੌਕਾ ਨਾ ਮਿਲਦਾ। ਜ਼ਰੂਰਤ ਹੈ ਕਿ ਲੋਕਾਂ ਨੂੰ ਗੁਰਬਾਣੀ ਸਿਧਾਂਤ ਸਮਝਾਇਆ ਜਾਵੇ, ਉਹ ਜਿੰਨਾਂ ਚੰਗਾ ਕੰਮ ਕਰਦੇ ਹਨ, ਉਸਨੂੰ ਸਰਹਾਇਆ ਜਾਵੇ ‘ਤੇ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕੀਤਾ ਜਾਵੇ, ਉਸ ਦੀਆਂ ਕਮੀਆਂ ਨੂੰ ਹਥਿਆਰ ਬਣਾ ਕੇ ਉਸ ਖਿਲਾਫ ਨਾ ਵਰਤਿਆ ਜਾਵੇ ਸਗੋਂ ਕਮੀਆਂ ਬਾਰੇ ਦੱਸ ਕੇ ਦੂਰ ਕਰਨ ਲਈ ਪ੍ਰੇਰਿਆ ਜਾਵੇ। ਜਿਸ ਤਰ੍ਹਾਂ ਅੱਜ ਸਿੱਖੀ ਦੇ ਵਿਹੜੇ ਕਰਮਕਾਂਡ ‘ਤੇ ਪਾਖੰਡੀ ਲੋਕ ਡੇਰਾ ਜਮਾਈ ਬੈਠੇ ਹਨ ਜ਼ਰੂਰਤ ਹੈ ਕਿ ਵੱਧ ਤੋਂ ਵੱਧ ਲੋਕ ਉਹਨਾਂ ਬਾਰੇ ਜਾਣ ਕੇ ਅੱਗੇ ਸੱਚ ਬੋਲ ਸਕਣ, ਉਹ ਭਾਵੇਂ ਕੇਸ-ਦਾਹੜੀ ਰੱਖਣ ਵਾਲੇ ਹੋਣ ‘ਤੇ ਭਾਵੇਂ ਕਟਵਾੳਣ ਵਾਲੇ। ਜੋ ਮਨ ਕਰਕੇ ਸਿੱਖ ਬਣ ਗਿਆ ਉਹ ਤਨ ਕਰਕੇ ਵੀ ਬਣ ਹੀ ਜਾਵੇਗਾ, ਇਸ ਲਈ ਪਹਿਲਾਂ ‘ਮਨ ਕਰਕੇ ਸਿੱਖ’ ਬਣਾਉਣ ਦਾ ਯਤਨ ਹੋਵੇ ਨਾ ਕਿ ਸੁੱਤੇ ਪਿਆਂ ਨੂੰ ਉਠਾ ਕੇ ਅੰਮ੍ਰਿਤ ਛਕਣ ਵਾਲਿਆਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਜਾਵੇ। ਜ਼ਰੂਰੀ ਹੈ ਕਿ ‘ਪਤਿਤ’ ਦੀ ਪ੍ਰੀਭਾਸ਼ਾ ਸਿਰਫ ਕੇਸ-ਦਾਹੜੀ ਕਟਵਾਉਣ ਵਾਲੀਆਂ ਤੱਕ ਹੀ ਸੀਮਤ ਨਾ ਕੀਤੀ ਜਾਵੇ, ਇਸ ਵਿੱਚ ਕਿਰਦਾਰ ਨੂੰ ਵੀ ਸ਼ਾਮਿਲ ਕੀਤਾ ਜਾਵੇ ਕਿਉਂਕਿ ਕਿਰਦਾਰ ਨੂੰ ਗੁਰ-ਸਿਧਾਂਤ ਵਿੱਚ ਅਹਿਮੀਅਤ ਦਿੱਤੀ ਗਈ ਹੈ। ਵੈਸੇ ਵੀ ਅੱਜ ਦੁਨੀਆਂ ਭਰ ਵਿੱਚ ਸਿੱਖ ਕੌਮ ਦੇ ਹਿੱਤਾਂ ਲਈ ਹੁੰਦੇ ਪ੍ਰਦਰਸ਼ਨਾਂ ਵਿੱਚ ਕੇਸ-ਦਾਹੜੀ ਕਟਵਾਉਣ ਵਾਲੇ ਜ਼ਿਆਦਾ ਦਿਖਾਈ ਦਿੰਦੇ ਹਨ, ਜੇ ਇਹਨਾਂ ਨੂੰ ਕੱਢਣ ਦਾ ਯਤਨ ਹੀ ਸਾਡੀ ਕੌਮ ਕਰਦੀ ਰਹੀ ਤਾਂ ਬਾਕੀ ਬਚਦੀ ਸ਼ਕਤੀ ਦਾ ਅੰਦਾਜ਼ਾ ਲਗਾਉ, ਇਸਨੂੰ ਦਬਾਉਣਾ ਕਠਿਨ ਨਹੀਂ ਹੋਵੇਗਾ ਸਰਕਾਰਾਂ ਲਈ। ਸਿੱਖ ਕੌਮ ਦੇ ਦੋਖੀਆਂ ਨੂੰ ਮਾਰਨ ਵਾਲੇ ਅਨੇਕਾਂ ਯੋਧੇ ਪਹਿਲਾਂ ਕੇਸ-ਦਾਹੜੀ ਕਤਲ ਕਰਵਾਉਂਦੇ ਸਨ, ਉਹ ਮਨ ਕਰਕੇ ਸਿੱਖ ਬਣੇ ‘ਤੇ ਫਿਰ ਤਨ ਕਰਕੇ ਵੀ ‘ਤੇ ਅੱਜ ਸ਼ਹਾਦਤਾਂ ਦੇ ਇਤਿਹਾਸ ਵਿੱਚ ਰੌਸ਼ਨ ਚਿਰਾਗ ਬਣ ਕੇ ਚਮਕ ਰਹੇ ਹਨ। ਇਸ ਲਈ ਹਾਲਾਤ ਨਾਲ ਸੋਚ ਨੂੰ ਉੱਚਾ ਚੁੱਕੀਏ ਤਾਂ ਜੋ ਕੌਮ ਦੀ ਬਿਹਤਰੀ ਲਈ ਯਤਨ ਤੇਜ਼ ਹੋ ਸਕਣ। ਇਹ ਲੇਖ ਲਿਖਣ ਦਾ ਮਕਸਦ ਕੇਸ-ਦਾਹੜੀ ਕਟਵਾਉਣ ਨੂੰ ਜ਼ਾਇਜ਼ ਠਹਿਰਾਉਣਾ ਨਹੀਂ ਬਲਕਿ ਇਹ ਵਿਚਾਰ ਸੰਗਤ ਅੱਗੇ ਰੱਖਣਾ ਹੈ ਕਿ ਬੇਸ਼ੱਕ ਕੇਸ-ਦਾਹੜੀ ਕਟਵਾਉਣ ਵਾਲਾ ਵੀ ਪਤਿਤ ਹੈ, ਗੁਰੂ ਸਾਹਿਬ ਮਨੁੱਖ ਨੂੰ ਸ਼ਕਲ-ਸੂਰਤ ਜਿਉਂ ਦੀ ਤਿਉਂ ਰੱਖਣ ਲਈ ਆਖ ਰਹੇ ਹਨ, ਗੁਰਬਾਣੀ ਦਾ ਫੁਰਮਾਣ ਹੈ:

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ {ਪੰਨਾ 1084}

ਪਰ ‘ਪਤਿਤ’ ਕੇਵਲ ਕੇਸ-ਦਾਹੜੀ ਕਟਵਾਉਣ ਵਾਲੇ ਹੀਂ ਨਹੀਂ, ਅੱਜ ਦੇ ਸਮੇਂ ਜ਼ਿਆਦਾਤਰ ਕਿਰਦਾਰ ਪੱਖੋਂ ‘ਪਤਿਤ’ ਹਨ

* ਪਰਾਈ ਇਸਤਰੀ ਨੂੰ ਦੇਖ ਕੇ ਜਿਸਦੇ ਮਨ ਵਿੱਚ ਮਾਂ-ਭੈਣ ਦਾ ਖਿਆਲ ਨਹੀਂ ਆਉਂਦਾ ਉਹ ਪਤਿਤ ਹੈ।

*ਜਿਹੜਾ ਮਾਇਆ ਦੇ ਮੋਹ ਵਿੱਚ ਫਸਿਆ ਹੈ ਉਹ ਪਤਿਤ ਹੈ।

*ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਫਸਿਆ ਵੀ ਪਤਿਤ ਹੈ।

*ਰਿਸ਼ਵਤ ਲੈਣ ਵਾਲਾ ਵੀ ਪਤਿਤ ਹੈ।

*ਕਿਸੇ ਦਾ ਹੱਕ ਮਾਰਨ ਵਾਲਾ ਵੀ ਪਤਿਤ ਹੈ।

*ਝੂਠ ਬੋਲਣ ਵਾਲਾ ਵੀ ਪਤਿਤ ਹੈ।

*ਖੁਸ਼ੀ ਦੇ ਸਮਾਗਮਾਂ ‘ਤੇ ਅਸ਼ਲੀਲ ਅਤੇ ਭੱਦੇ ਗੀਤਾਂ ‘ਤੇ ਨੱਚਣ ਵਾਲਾ ਅਤੇ ਗਾਉਣ ਵਾਲਾ ਵੀ ਪਤਿਤ ਹੈ।

*ਕਬਰਾਂ-ਮੜ੍ਹੀਆਂ ਜਾਂ ਕਿਸੇ ਦੇਹਧਾਰੀ ਦੇ ਪੈਂਰੀਂ ਪੈਣ ਵਾਲਾ ਵੀ ਪਤਿਤ ਹੈ।

’ਤੇ ਸਾਡੀ ਕੌਮ ਸਿਰਫ ‘ਕੇਸ-ਦਾਹੜੀ’ ਕਟਵਾਉਣ ਵਾਲਿਆਂ ਦੇ ਪਿੱਛੇ ਪਈ ਆ। ਕੀ ਕੇਸ-ਦਾਹੜੀ ਰੱਖ ਕੇ ਉਪਰੋਕਤ ਸਭ ਕੰਮ ਕਰਨ ਵਾਲਾ ‘ਸਿੱਖ’ ਹੈ...? ਕੀ ਅੰਮ੍ਰਿਤਧਾਰੀ ਗੁਰਸਿੱਖ ਅਖਵਾਉਣ ਵਾਲੇ ਸਰੀਰ ਦੇ ਹਰ ਹਿੱਸੇ ‘ਤੇ ਉੱਗਦੇ ਕੇਸਾਂ ਨੂੰ ਜਿਉਂ ਦਾ ਤਿਉਂ ਰੱਖਦੇ ਹਨ...? ਜਾਂ ਫਿਰ ਕੇਵਲ ਸਿਰ ਦੇ ਕੇਸਾਂ ਨੂੰ ਹੀ...? ਗੁਰੂ ਸਾਹਿਬ ਨੇ ‘ਸਾਬਤ-ਸੂਰਤ’ ਰਹਿਣ ਲਈ ਕਿਹਾ ਤਾਂ ਕੀ ‘ਸਾਬਤ-ਸੂਰਤ’ ਵਿੱਚ ਕੇਵਲ ਸਿਰ ਦੇ ਕੇਸ ਹੀ ਆਉਂਦੇ ਹਨ...? ਇਨਸਾਨ ਆਪਣੀ ਸਹੂਲਤ ਅਨੁਸਾਰ ਜੇਕਰ ਸਿਰ ਤੋਂ ਇਲਾਵਾ ਸਰੀਰ ਦੇ ਬਾਕੀ ਹਿੱਸਿਆਂ ‘ਤੇ ਉੱਗਦੇ ਵਾਲਾਂ ਨੂੰ ਕਟਵਾਉਂਦਾ ਹੈ ਤਾਂ ਫਿਰ ਕੁਦਰਤ ਨਾਲ ਸਾਂਝ ਕਿਵੇਂ ਰਹਿ ਗਈ...? ਗੁਰੂ ਸਾਹਿਬ ਨੇ ਕਿੱਥੇ ਕਿਹਾ ਕਿ ‘ਕੇਵਲ ਸਿਰ ਦੇ ਵਾਲ ਹੀ ਰੱਖਣੇ ਹਨ’...? ਹਾਂ ਕਿਸੇ ਬਿਮਾਰੀ ਆਦਿਕ ਦੀ ਹਾਲਤ ਵਿੱਚ ਜੇਕਰ ਵਾਲ ਕਟਵਾਉਣੇ ਪੈ ਜਾਣ ਤਾਂ ਵੱਖਰੀ ਗੱਲ ਹੈ ਪਰ ਆਮ ਹਾਲਤ ਵਿੱਚ ਕਿਉਂ...? ਜੇ ਵਾਲ ਕਟਵਾਉਣ ਵਾਲਾ ‘ਪਤਿਤ’ ਹੈ ਤਾਂ ਹਰ ਉਹ ਇਨਸਾਨ ‘ਪਤਿਤ’ ਹੈ ਜੋ ਆਮ ਹਾਲਤ ਵਿੱਚ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਵਾਲ ਕਟਵਾਉਂਦਾ ਹੈ...? ਮਨ ਵਿੱਚ ਗਲਤ ਖਿਆਲ ਆਉਂਦਾ ਹੈ ਤਾਂ ਤਨ ਗਲਤ ਕੰਮ ਕਰਦਾ ਹੈ, ਇਹ ਨਹੀਂ ਕਿ ਪਹਿਲਾਂ ਤਨ ਗਲਤ ਕਰਦਾ ਹੈ ‘ਤੇ ਫਿਰ ਮਨ ਵਿੱਚ ਖਿਆਲ ਆਉਂਦਾ ਹੈ, ਤਾਂ ਫਿਰ ਪਹਿਲਾਂ ਕਿਸ ਨੂੰ ‘ਸ਼ੁੱਧ’ ਕਰਨ ਦੀ ਜ਼ਰੂਰਤ ਹੈ...? ਇਸ ਲਈ ਜ਼ਰੂਰਤ ਹੈ ਕਿ ਮਨ ਕਰਕੇ ‘ਸਿੱਖ’ ਬਣੀਏ ਕੇਵਲ ਤਨ ਦੀਆਂ ਸ਼ਰਤਾਂ ਦੁਆਲੇ ਹੀ ਨਾ ਘੁੰਮੀ ਜਾਈਏ। ਅੱਜ ਦਾ ਜ਼ਮਾਨਾ ਤਕਨੀਕੀਯੁੱਗ ਦਾ ਹੈ, ਸਾਇੰਸ ਦੀ ਦੇਣ ਹੈ ‘ਇੰਟਰਨੈਟ’ ਜਿਸਨੇ ਦੁਨੀਆਂ ਨੂੰ ਜੋੜ ਕੇ ਰੱਖ ਦਿੱਤਾ ਹੈ। ਗੁਰੂ ਸਿਧਾਂਤ ਨੂੰ ਸਹੀ ਤਰੀਕੇ ਲੋਕਾਂ ਤੱਕ ਪਹੁੰਚਦਾ ਕਰਨ ਲਈ ਇਸ ਦੀ ਵਰਤੋਂ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਪੂਰੀ ਦੁਨੀਆਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਨੁਸਾਰ ‘ੴ’ ਦੇ ਮੰਨਣ ਵਾਲੇ ਇਕੱਠੇ ਹੋ ਕੇ ਕਰਮਕਾਂਡ ਖਿਲਾਫ ਲਹਿਰ ਬਣ ਸਕਦੇ ਹਨ ਪਰ ਜੇ ਉਹ ਛੋਟੀਆਂ-2 ਗੱਲਾਂ ਵਿੱਚ ਨਾ ਉਲਝਣ। ਫੇਸਬੁੱਕ ਵਰਗੇ ਮੰਚ ਨੂੰ ਕੁੱਝ ਪੰਥ-ਦਰਦੀ ਗੁਰਮਤਿ ਪ੍ਰਚਾਰ ਲਈ ਵਰਤਣ ਲਈ ਯਤਨਸ਼ੀਲ ਹਨ ਪਰ ਇੱਥੇ ਵੀ ‘ਕੇਸ-ਦਾਹੜੀ’ ਕਟਵਾਉਣ ਵਾਲੇ ਨੂੰ ਗੁਰੂ ਦੀ ਗੱਲ ਕਹਿਣ ਦੇ ਇਵਜ਼ ਵਜੋਂ ਪਹਿਲਾਂ ਕੇਸ-ਦਾਹੜੀ ਰੱਖਣ ਦੀਆਂ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਕੋਈ ਕੇਸ-ਦਾਹੜੀ ਕਟਵਾਉਣ ਵਾਲਾ ਗੁਰੂ ਸਾਹਿਬ ਦੀ ਸਿੱਖਿਆ ਦੀ ਗੱਲ ਕਰਦਾ ਹੈ ਤਾਂ ਉਸਦਾ ਸੁਆਗਤ ਕੀਤਾ ਜਾਵੇ ਨਾ ਕਿ ਪਹਿਲਾਂ ‘ਆਪਣਾ ਮੂੰਹ ਦੇਖ’ ਕਿਹਾ ਜਾਵੇ। ਜ਼ਰੂਰਤ ਹੈ ਲੋਕਾਂ ਨੂੰ ਗੁਰਬਾਣੀ ਦਾ ਸਿਧਾਂਤ ਸਮਝਾਉਣ ਦੀ, ਜਿਹੜਾ ਸਮਝ ਗਿਆ, ਜਿਸਦਾ ਮਨ ਟਿਕ ਗਿਆ, ਜਿਸ ਨੇ ਮਨ ਜਿੱਤ ਲਿਆ ਉਹ ਕੇਸ-ਦਾਹੜੀ ਵੀ ਰੱਖ ਲਵੇਗਾ। ਇਸ ਲਈ ਸਾਰੇ ਪੰਥ ਦਰਦੀ ਸੱਜਣਾਂ ਨੂੰ ਬੇਨਤੀ ਹੈ ਕਿ ਹਰ ਤਰੀਕੇ ਨਾਲ ‘ਪਤਿਤ’ ਦੀ ਗੱਲ ਕੀਤੀ ਜਾਵੇ, ਪਤਿਤਪੁਣਾ ਰੋਕਣ ਲਈ ਗੁਰਬਾਣੀ ਸਿਧਾਂਤ ਦਾ ਪ੍ਰਚਾਰ ਕਰੋ, ਸੱਚ ਬੋਲਣ ਲਈ ਸ਼ਰਤਾਂ ਨਾ ਰੱਖੋ, ਕਿਉਂਕਿ ਅੱਜ ਦੇ ਸਮੇਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ‘ਤੇ ਪੂਰਾ ਉਤਰਨ ਵਾਲਾ ਕੋਈ-ਕੋਈ ਹੈ, ਪਹਿਲਾਂ ਕਿਰਦਾਰ ਨੂੰ ‘ਸਿੱਖ’ ਬਣਾਉ, ਇਸ ਪਾਸੇ ਕੋਈ ਵਿਰਲਾ ਹੀ ਪੂਰਾ ਹੈ।

ਭੁੱਲ-ਚੁੱਕ ਦੀ ਖਿਮਾਂ,

ਸਤਿੰਦਰਜੀਤ ਸਿੰਘ।

ਮਿਤੀ: 21/07/2013
.