.

ਸਿੱਖਾਂ ਦੇ ਅੰਦਰ ਦੀ ਕੁਬੁਧਿ ਡੂਮਣੀ!

ਸਿੱਖ ਪ੍ਰਚਾਰਕ ਸੰਗਤਾਂ ਨੂੰ ਹਰ ਸਮੇਂ ਇਹੀ ਓਪਦੇਸ਼ ਸਾਂਝਾ ਕਰਾਉਂਦੇ ਰਹਿੰਦੇ ਹਨ ਕਿ ਗੁਰਬਾਣੀ ਸੱਭ ਜੀਆਂ ਦੇ ਭਲੇ ਲਈ ਓਚਾਰੀ ਹੋਈ ਹੈ ਅਤੇ ਸਾਨੂੰ ਇਸ ਦੀ ਵਿਚਾਰ ਕਰਕੇ, ਆਪਣੇ ਆਪਣੇ ਹਿਰਦੇ ਵਿੱਚ ਵਸਾਅ ਕੇ, ਅਮਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਭੀ ਗੁਰੂ ਸਾਹਿਬਾਨ ਦੇ ਦਰਸਾਏ ਹੋਏ ਸੱਚੇ ਮਾਰਗ `ਤੇ ਚਲ ਕੇ ਆਪਣਾ ਜੀਵਨ ਸਫਲ ਕਰ ਸਕੀਏ। ਇਵੇਂ ਹੀ ਹੇਠ ਬਿਆਨ ਕੀਤੇ ਸ਼ਬਦਾਂ ਤੋਂ ਭਾਵੇਂ ਇੰਜ ਪ੍ਰਤੀਤ ਹੁੰਦਾ ਹੈ ਕਿ ਕਿਸੇ ਬ੍ਰਾਹਮਣ ਅਤੇ ਹਿੰਦੂਆਂ ਦੇ ਹੋਰ ਫਿਰਕਿਆਂ ਨੂੰ ਸੰਬੋਧਨ ਕੀਤੇ ਹੋਏ ਹਨ, ਪਰ ਇਹ ਓਪਦੇਸ਼ ਸਿੱਖਾਂ ਲਈ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਆਪਣੀ ਖੋਟੀ-ਮਤਿ (ਮਨਮਤਿ) ਨੂੰ ਤਿਆਗ ਕੇ ਗੁਰਮੁੱਖ ਬਣ ਜਾਈਏ। ਪਰ, ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਹੁਤ ਸਾਰੇ ਸਿੱਖ ਪਰਿਵਾਰ, ਬਾਹਰਲੇ ਦੇਸ਼ਾਂ ਵਿਖੇ ਆ ਕੇ ਭੀ ਆਪਣੇ ਪਹਿਲੇ ਦੇਸ਼ ਦੇ ਤੰਗ-ਦਿਲੀ ਵਾਲੇ ਖ਼ਿਆਲਾਂ ਤੋਂ ਛੁੱਟਕਾਰਾ ਨਹੀਂ ਪਾ ਸਕੇ। ਉਨ੍ਹਾਂ ਦੀ ਸੋਚਣੀ ਅਤੇ ਰਹਿਣੀ ਵਿੱਚ “ਗੁਰਬਾਣੀ ਤੇ ਗੁਰਮਤਿ” ਦੀ ਝਲਕ ਵੇਖਣ ਵਿੱਚ ਨਹੀਂ ਮਿਲਦੀ, ਜਿਸ ਸਦਕਾ ਅਸੀਂ ਅਜੇ ਵੀ ਸੱਚੇ ਅਤੇ ਪੂਰਨ ਸਿੱਖ ਨਹੀਂ ਬਣ ਸਕੇ! ਆਓ, ਦੋ ਸ਼ਬਦਾਂ ਤੋਂ ਸੇਧ ਲੈਣ ਦਾ ਓਪਰਾਲਾ ਕਰੀਏ:

ਗੁਰੂ ਗਰੰਥ ਸਾਹਿਬ, ਪੰਨਾ ੯੧: ਸਿਰੀਰਾਗ ਕੀ ਵਾਰ ਮਹਲਾ ੪॥ ਸਲੋਕ ਮ: ੧॥ ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ॥ ੧॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਇੰਜ ਸਮਝੋ ਕਿ ਭੈੜੀ ਮਤਿ ਇੱਕ ਡੂਮਣੀ ਮਿਰਾਸਣ ਹੈ, ਨਿਰਦੈਤਾ ਕਸਾਇਣ ਹੈ, ਹਿਰਦੇ ਦੀ ਪਰਾਈ ਨਿੰਦਾ ਇੱਕ ਚੂਹੜੀ ਜਿਹੜੀ ਵਿਚਾਰੀ ਆਪਣੀ ਰੁਜ਼ਗਾਰ ਲਈ ਦੂਜਿਆਂ ਦੀ ਵਿਗਾਰ ਕਰਦੀ ਰਹਿੰਦੀ ਹੈ ਅਤੇ ਕ੍ਰੋਧ ਚੰਡਾਲਣ ਵਾਂਗ ਹੈ, ਜਿਨ੍ਹਾਂ ਨੇ ਮਿਲ ਕੇ ਸਾਨੂੰ ਕੁਰਾਹੇ ਪਾਇਆ ਹੋਇਆ ਹੈ। ਐਸੀ ਭੈੜੀ ਮਤਿ ਹੁੰਦਿਆਂ, ਚੌਕੇ ਦੀ ਸੁੱਚਤਾ ਲਈ ਬਾਹਰ ਲਕੀਰਾਂ ਖਿੱਚਣ ਨਾਲ ਕੋਈ ਫਾਇਦਾ ਨਹੀਂ ਜਿਵੇਂ ਸਿੱਖਾਂ ਵਿੱਚ ਭੀ ਕਈ ਐਸੇ ਟੋਲੇ ਦੇਖੇ ਜਾਂਦੇ ਹਨ, ਜਿਹੜੇ ਬ੍ਰਾਹਮਣਾਂ ਵਾਂਗ ਐਸੀ ਸੁੱਚ-ਭਿੱਟ ਵਿੱਚ ਵਿਸ਼ਵਾਸ਼ ਰੱਖਦੇ ਹਨ। ਅਸਲੀਅਤ ਤਾਂ ਇਹ ਹੈ ਕਿ ਜਿਹੜੇ ਪ੍ਰਾਣੀ ਸੱਚ ਦੇ ਨਿੱਯਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਅੰਮ੍ਰਿਤ-ਮਈ ਗੁਰਬਾਣੀ ਦੁਆਰਾ ਆਪਣੇ ਹਿਰਦੇ ਨੂੰ ਭੀ ਸਾਫ-ਸੁੱਥਰਾ ਰੱਖਦੇ ਹਨ, ਓਹੀ ਸਚਿਆਰ ਹਨ। ਗੁਰੂ ਨਾਨਕ ਸਾਹਿਬ ਓਪਦੇਸ਼ ਕਰਦੇ ਹਨ ਕਿ ਓਹੀ ਪ੍ਰਾਣੀ ਸ੍ਰੇਸ਼ਟ ਸਮਝੇ ਜਾਂਦੇ ਹਨ, ਜਿਹੜੇ ਇਸ ਸੰਸਾਰ ਵਿੱਚ ਵਿਚਰਦੇ ਹੋਏ, ਕਦੇ ਵੀ ਕਿਸੇ ਨੂੰ ਬੁਰੇ/ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ। ੧।

ਮ: ੧॥ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ ੨॥

ਅਰਥ: ਜਿਸ ਪ੍ਰਾਣੀ ਉਪਰ ਅਕਾਲ ਪੁਰਖ ਦੀ ਮਿਹਰ ਹੋ ਜਾਏ, ਉਹ ਹੰਸ (ਗੁਰਮੁੱਖ) ਵਾਂਗ ਬਗੁਲੇ (ਮਨਮੁੱਖ) ਨੂੰ ਭੀ ਹੰਸ-ਬਿਰਤੀ ਵਾਲਾ ਬਣਾਅ ਦਿੰਦਾ ਹੈ। ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਜੇ ਕੋਈ ਪ੍ਰਾਣੀ, ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ, ਤਾਂ ਉਸ ਨੂੰ ਕਾਂ ਤੋਂ ਹੰਸ ਬਣਾਅ ਦਿੰਦਾ ਹੈ, ਭਾਵ ਪਾਪੀ ਤੋਂ ਸੁਅੱਛ ਆਚਰਣ ਵਾਲਾ ਪ੍ਰਾਣੀ। ੨।

ਪਉੜੀ॥ ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ॥ ਭੈ ਬੰਜਨ ਮਿਹਰਵਾਨ ਦਾਸ ਕੀ ਰਾਖੀਐ॥ ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ॥ ੨੦॥

ਅਰਥ: ਐ ਪ੍ਰਾਣੀ, ਜਦੋਂ ਭੀ ਕੋਈ ਕੰਮ ਅਰੰਭ ਕਰਨਾ ਹੋਵੇ, ਤਾਂ ਸਾਨੂੰ ਪਹਿਲਾਂ ਅਕਾਲ ਪੁਰਖ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਇੰਜ, ਸੱਚੇ ਸਤਿਗੁਰੂ ਦੀ ਸਿੱਖਿਆ ਦੁਆਰਾ ਉਹ ਆਪਣੇ ਭਗਤਾਂ ਦੇ ਕੰਮ ਸਵਾਰ ਦਿੰਦਾ ਹੈ। ਇਵੇਂ ਹੀ, ਗੁਰਮੁੱਖਾਂ ਦੀ ਸੰਗਤ ਕਰਨ ਸਦਕਾ, ਇਲਾਹੀ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ। ਮਿਹਰਵਾਨ ਅਕਾਲ ਪੁਰਖ ਆਪਣੇ ਸੇਵਕਾਂ ਦੀ ਪੈਜ ਰੱਖ ਲੈਂਦਾ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਗੁਣ ਗ੍ਰਹਿਣ ਕਰਨ ਕਰਕੇ, ਸਾਡੀ ਪ੍ਰਭੂ ਨਾਲ ਨੇੜਤਾ ਬਣੀ ਰਹਿੰਦੀ ਹੈ। ੨੦।

ਇੰਜ ਹੀ ਇੱਕ ਹੋਰ ਸ਼ਬਦ ਦੁਆਰਾ ਸਾਡੀ ਹਾਲਤ ਬਿਆਨ ਕੀਤੀ ਹੋਈ ਹੈ, ਪਰ ਬਹੁਤ ਸਾਰੇ ਸਿੱਖ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕਰਨਾ ਚਾਹੁੰਦੇ!

ਗੁਰੂ ਗਰੰਥ ਸਾਹਿਬ, ਪੰਨਾ ੧੩੪੭-੧੩੪੮॥ ਪ੍ਰਭਾਤੀ ਮਹਲਾ ੫॥ ਮਨ ਮਹਿ ਕ੍ਰੋਧੁ ਮਹਾ ਅਹੰਕਾਰਾ॥

ਪੂਜਾ ਕਰਹਿ ਬਹੁਤੁ ਬਿਸਥਾਰਾ॥ ਕਰਿ ਇਸਨਾਨੁ ਤਨਿ ਚਕ੍ਰ ਬਣਾਏ॥ ਅੰਤਰ ਕੀ ਮਲੁ ਕਬ ਹੀ ਨ ਜਾਏ॥ ੧॥

ਅਰਥ: ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਐ ਪ੍ਰਾਣੀ, ਜੇ ਮਨ ਕ੍ਰੋਧ ਤੇ ਹਉੇਮੈ ਨਾਲ ਹੀ ਭਰਿਆ ਰਹੇ ਤਾਂ ਦਿਖਾਵੇ ਲਈ ਪਾਠ-ਪੂਜਾ ਕਰਨ ਦਾ ਕੋਈ ਫਾਇਦਾ ਨਹੀਂ। ਇਵੇਂ ਹੀ, ਜੇ ਕੋਈ ਤੀਰਥਾਂ ਵਿਖੇ ਜਾ ਕੇ ਇਸ਼ਨਾਨ ਕਰਦਾ ਰਹੇ ਅਤੇ ਆਪਣੇ ਸਰੀਰ ਉੱਤੇ ਧਰਮੀ ਹੋਣ ਦੇ ਨਿਸ਼ਾਨ ਲਾਈ ਫਿਰੇ ਤਾਂ ਭੀ ਐਸੇ ਭੇਖ ਕਰਨ ਨਾਲ, ਆਪਣੇ ਮਨ ਦੇ ਵਿਕਾਰਾਂ ਦੀ ਮੈਲ ਦੂਰ ਨਹੀਂ ਹੋ ਸਕਦੀ ਕਿਉਂਕਿ ਐਸੇ ਦਿਖਾਵੇ ਦੇ ਕੀਤੇ ਕੰਮ, ਪਖੰਡ ਹੀ ਹਨ। (੧)

ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥ ੧॥ ਰਹਾਉ॥

ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਜੇ ਮਨ ਮਾਇਆ ਦੇ ਮੋਹ ਵਿੱਚ ਹੀ ਉਲਝਿਆ ਰਹੇ, ਪਰ ਬਾਹਰ ਦਿਖਾਵੇ ਲਈ ਵਿਸ਼ਨੂੰ ਦੇਵਤੇ ਦੇ ਨਿਸ਼ਾਨ ਲਗਾ ਕੇ ਅਤੇ ਕੰਨਾਂ ਵਿੱਚ ਮੁੰਦਰਾਂ ਪਾ ਕੇ, ਉਸ ਦਾ ਭਗਉਤੀ ਬਣਿਆ ਫਿਰੇ ਤਾਂ ਐਸੇ ਪਖੰਡ ਕਰਨ ਨਾਲ, ਅਕਾਲ ਪੁਰਖ ਨਾਲ ਇੱਕ-ਮਿੱਕ ਨਹੀਂ ਹੋਇਆ ਜਾ ਸਕਦਾ। (੧-ਰਹਾਉ) { ‘ਭਗਉਤੀ’ ਨੂੰ ਅਕਾਲ ਪੁਰਖ ਜਾਂ ਸ੍ਰੀ ਸਾਹਿਬ ਕਹਿਣਾ ਮਨਮਤਿ ਹੈ}

ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥

ਬਹੁਰਿ ਕਮਾਵਹਿ ਹੋਇ ਨਿਸੰਕ॥ ਜਮਪੁਰਿ ਬਾਂਧਿ ਖਰੇ ਕਾਲੰਕ॥ ੨॥

ਅਰਥ: ਜੇਹੜੇ ਪ੍ਰਾਣੀ ਪੰਜ ਕਾਮਾਦਿਕ - ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵੱਸ ਰਹਿ ਕੇ, ਬੇਅੰਤ ਬੁਰੇ ਕੰਮ ਕਰਦੇ ਰਹਿੰਦੇ ਹਨ, ਪਰ ਬਾਅਦ ਵਿੱਚ ਕਿਸੇ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਕੇ, ਇੰਜ ਸਮਝਦੇ ਹਨ ਕਿ ਉਨ੍ਹਾਂ ਦੇ ਕੀਤੇ ਕੁਕਰਮ ਸੱਭ ਖ਼ੱਤਮ ਹੋ ਗਏ ਹਨ। ਪਰ, ਐਸੇ ਬੇਸ਼ਰਮ ਪ੍ਰਾਣੀ ਫਿਰ ਨਿਧੱੜਕ ਹੋ ਕੇ, ਹੋਰ ਗੁਨਾਹ ਕਰਦੇ ਰਹਿੰਦੇ ਹਨ ਤਾਂ ਉਹ ਕਦੇ ਭੀ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ, ਸਗੋਂ ਅਖੀਰ ਤੱਕ ਖ਼ੁਆਰ ਹੀ ਹੁੰਦੇ ਰਹਿੰਦੇ ਹਨ। (੨)

ਘੂਘਰ ਬਾਧਿ ਬਜਾਵਹਿ ਤਾਲਾ॥ ਅੰਤਰਿ ਕਪਟੁ ਫਿਰਹਿ ਬੇਤਾਲਾ॥

ਵਰਮੀ ਮਾਰੀ ਸਾਪੁ ਨ ਮੂਆ॥ ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ॥ ੩॥

ਅਰਥ: ਕਈ ਐਸੇ ਭੀ ਪ੍ਰਾਣੀ ਹਨ ਜੇਹੜੇ ਘੂੰਘਰੂ ਬੰਨ੍ਹ ਕੇ ਆਪਣੇ ਇੱਸ਼ਟ ਦੀ ਮੂਰਤੀ ਅੱਗੇ ਨੱਚਦੇ ਹਨ, ਪਰ ਉਨ੍ਹਾਂ ਦੇ ਅੰਦਰ ਬੁਰੇ ਕੰਮਾਂ ਦੀ ਲਾਲਸਾ ਹੋਣ ਕਰਕੇ, ਅਸਲੀ ਜੀਵਨ ਜਾਂਚ ਤੋਂ ਖੁੰਜੇ ਹੀ ਰਹਿੰਦੇ ਹਨ। ਗੁਰੂ ਸਾਹਿਬ ਸਾਨੂੰ ਇੱਕ ਸੱਪ ਦੀ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਜੇ ਸੱਪ ਦੀ ਖੁੱਡ ਬਾਹਰੋ ਬੰਦ ਕਰ ਦਿੱਤੀ ਜਾਵੇ ਤਾਂ ਸੱਪ ਨਹੀਂ ਮਰਦਾ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਖੰਡ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਅਕਾਲ ਪੁਰਖ, ਜਿਸ ਨੇ ਸਾਨੂੰ ਪੈਦਾ ਕੀਤਾ, ਉਹ ਤਾਂ ਸਾਡੇ ਦਿਲ ਦੀ ਹਰੇਕ ਗੱਲ ਜਾਣਦਾ ਹੈ। (੩)

ਪੂੰਅਰ ਤਾਪ ਗੇਰੀ ਕੇ ਬਸਤ੍ਰਾ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ॥

ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਇਆ॥ ੪॥

ਅਰਥ: ਗੁਰੂ ਸਾਹਿਬ ਇੱਕ ਹੋਰ ਫਿਰਕੇ ਬਾਰੇ ਬਿਆਨ ਕਰਦੇ ਹਨ ਕਿ ਜੇਹੜੇ ਪ੍ਰਾਣੀ ਧੂਣੀਆਂ ਤਪਾ ਕੇ ਤਪੱਸਿਆ ਕਰਦੇ ਰਹਿੰਦੇ ਹਨ ਅਤੇ ਗੇਰੂ-ਰੰਗ ਦੇ ਕੱਪੜੇ ਪਾਈ ਫਿਰਦੇ ਹਨ ਅਤੇ ਹੋਰ ਕਈ ਦੁੱਖ-ਕਲੇਸ਼ਾਂ ਕਰਕੇ, ਆਪਣੇ ਘਰ ਨੂੰ ਛੱਡ ਕੇ ਬਾਹਰ ਤੁਰੇ ਫਿਰਦੇ ਹਨ। ਜਾਂ ਕਈ ਪ੍ਰਾਣੀ ਆਪਣੇ ਦੇਸ਼ ਨੂੰ ਛੱਡ ਕੇ, ਹੋਰ ਦੂਸਰਿਆਂ ਦੇਸ਼ਾਂ ਵਿਖੇ ਭਟਕਦੇ ਫਿਰਦੇ ਹਨ, ਪਰ ਉਨ੍ਹਾਂ ਦੀ ਭੀ ਹਾਲਤ ਦੇਖੋ ਕਿ ਉਹ ਪੰਜਾਂ ਵਿਕਾਰਾਂ ਨੂੰ ਭੀ ਨਾਲ ਲਈ ਫਿਰਦੇ ਅਤੇ ਉਨ੍ਹਾਂ ਤੋਂ ਛੁੱਟਕਾਰ ਨਹੀਂ ਪਾ ਸਕੇ। (੪) {ਐਸੀ ਹਾਲਤ ਬਹੁਤ ਸਿੱਖ-ਪਰਿਵਾਰਾਂ ਦੀ ਭੀ ਹੈ ਕਿਉਂਕਿ ਉਹ ਭਾਵੇਂ ਕਈ ਸਾਲਾਂ ਤੋਂ ਬਾਹਰ ਰਹਿ ਰਹੇ ਹਨ, ਪਰ ਉਨ੍ਹਾਂ ਦੀ ਪਹਿਲਾਂ ਵਾਲੀ ਬਿਰਤੀ ਵਿੱਚ ਕੋਈ ਫਰਕ ਨਹੀਂ ਪਇਆ। ਇਸ ਲਈ, ਸਾਨਂੂ ਚਾਹੀਦਾ ਹੈ ਕਿ ਪੁਰਾਣੇ ਅੰਧ-ਵਿਸ਼ਵਾਸ਼ੀ ਸੰਸਕਾਰਾਂ ਤੋਂ ਛੁੱਟਕਾਰਾ ਪਾ ਲੈਣਾ ਚਾਹੀਦਾ ਹੈ ਅਤੇ ਸੱਭ ਨਾਲ ਭੈਣ-ਭਰਾਵਾਂ ਵਾਂਗ ਮਿਲ-ਵਰਤ ਕੇ ਰਹਿਣਾ ਚਾਹੀਦਾ ਹੈ}

ਕਾਨ ਫਰਾਇ ਹਿਰਾਏ ਟੂਕਾ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ॥

ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥ ਵੇਸਿ ਨ ਪਾਈਐ ਮਹਾ ਦੁਖਿਆਰੀ॥ ੫॥

ਅਰਥ: ਕਈ ਇਨਸਾਨ ਆਪਣੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਜੋਗੀ ਬਣਨ ਦਾ ਬਹਾਨਾ ਕਰਦੇ ਹਨ ਪਰ ਆਪਣੀ ਭੁੱਖ ਦੀ ਖ਼ਾਤਰ ਦੂਸਰਿਆਂ ਦੇ ਘਰ ਘਰ ਜਾ ਕੇ ਰੋਟੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਮੰਨ ਦੀ ਸ਼ਾਤੀ ਕਿਵੇਂ ਪਰਾਪਤ ਹੋ ਸਕਦੀ ਹੈ। ਆਪਣੀ ਇਸਤ੍ਰੀ ਨੂੰ ਛੱਡ ਕੇ ਪਰਾਈ ਇਸਤ੍ਰੀ ਵਲ ਬੁਰੀ ਨਜ਼ਰ ਰੱਖਦੇ ਰਹਿੰਦੇ ਹਨ। ਇੰਜ, ਧਾਰਮਿਕ ਪਹਿਰਾਵਾ ਪਹਿਣ ਕੇ ਅਕਾਲ ਪੁਰਖ ਨਾਲ ਨੇੜਤਾ ਨਹੀਂ ਹੋ ਸਕਦੀ, ਸਗੋਂ ਐਸਾ ਭੇਖੀ ਹੋਰ ਭੀ ਦੁੱਖੀ ਹੁੰਦਾ ਹੈ। (੫) {ਐਸੀ ਹੀ ਹਾਲਤ, ਅੱਜ-ਕਲ ਅਖੌਤੀ ਸੰਤ-ਬਾਬਿਆਂ ਦੀ ਹੈ}

ਬੋਲੈ ਨਾਹੀ ਹੋਇ ਬੈਠਾ ਮੋਨੀ॥ ਅੰਤਰਿ ਕਲਪ ਭਵਾਈਐ ਜੋਨੀ॥

ਅੰਨ ਤੇ ਰਹਤਾ ਦੁਖੁ ਦੇਹੀ ਸਹਤਾ॥ ਹੁਕਮੁ ਨ ਬੂਝੈ ਵਿਆਪਿਆ ਮਮਤਾ॥ ੬॥

ਅਰਥ: ਕਈ ਪ੍ਰਾਣੀ ਬੋਲਦੇ ਨਹੀਂ ਅਤੇ ਆਪਣੇ-ਆਪ ਨੂੰ ਮੋਨਧਾਰੀ ਕਹਾਉਂਦੇ ਹਨ, ਪਰ ਉਨ੍ਹਾਂ ਦੇ ਅੰਦਰ ਦੀ ਕਲਪਣਾ ਕਰਕੇ ਅਨੇਕ ਜੂਨਾਂ ਦੇ ਡਰ ਵਿੱਚ ਭਟਕਦੇ ਰਹਿੰਦੇ ਹਨ। ਉਹ ਅੰਨ ਦਾ ਤਿਆਗ ਕਰਕੇ, ਆਪਣੇ ਸਰੀਰ ਨੂੰ ਦੁੱਖ ਦਿੰਦੇ ਰਹਿੰਦੇ ਹਨ। ਪਰ, ਜਦੋਂ ਤੱਕ ਐਸਾ ਪ੍ਰਾਣੀ ਅਕਾਲ ਪੁਰਖ ਦੇ ਹੁਕਮ ਨੂੰ ਨਹੀਂ ਸਮਝਦਾ, ਉਹ ਮਾਇਆ-ਜਾਲ ਵਿੱਚ ਹੀ ਫਸਿਆ ਰਹਿੰਦਾ ਹੈ। (੬)

ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ॥ ਪੂਛਹੁ ਸਗਲ ਬੇਦ ਸਿੰਮ੍ਰਿਤੇ॥

ਮਨਮੁਖ ਕਰਮ ਕਰੈ ਅਜਾਈ॥ ਜਿਉ ਬਾਲੂ ਘਰ ਠਉਰ ਨ ਠਾਈ॥ ੭॥

ਅਰਥ: ਅਕਾਲ ਪੁਰਖ ਦੀ ਮਿਹਰ ਤੋਂ ਬਿਨਾ, ਕੋਈ ਭੀ ਪ੍ਰਾਣੀ ਦੁਨਿਆਵੀਂ ਝਮੇਲਿਆਂ ਤੋਂ ਛੁਟਕਾਰਾ ਨਹੀਂ ਪਾ ਸਕਦਾ, ਭਾਵੇਂ ਹਿੰਦੂਆਂ ਦੇ ਸਾਰੇ ਵੇਦ ਤੇ ਸਿਮ੍ਰਿਤੀਆਂ ਨੂੰ ਭੀ ਵਿਚਾਰ ਕੇ ਦੇਖ ਲਵੋ। ਜਿਵੇਂ ਰੇਤ ਦਾ ਬਣਿਆ ਹੋਇਆ ਘਰ ਨਹੀਂ ਰਹਿ ਸਕਦਾ, ਇਵੇਂ ਹੀ ਪ੍ਰਾਣੀ ਆਪਣੇ ਮਨ ਦੇ ਪਿੱਛੇ ਲਗ ਕੇ ਜੇ ਕੋਈ ਦਿਖਾਵੇ ਲਈ ਕਾਰਜ ਕਰਦਾ ਹੈ ਤਾਂ ਉਹ ਵਿਅਰਥ ਹੀ ਜਾਂਦਾ ਹੈ। (੭)

ਜਿਸ ਨੋ ਭਏ ਗ+ਬਿੰਦ ਦਇਆਲਾ॥ ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ॥

ਕੋਟਿ ਮਧੇ ਕੋਈ ਸੰਤੁ ਦਿਖਾਇਆ॥ ਨਾਨਕੁ ਤਿਨ ਕੈ ਸੰਗਿ ਤਰਾਇਆ॥ ੮॥

ਅਰਥ: ਜਿਹੜਾ ਪ੍ਰਾਣੀ, ਅਕਾਲ ਪੁਰਖ ਦੀ ਮਿਹਰ ਦਾ ਪਾਤਰ ਬਣ ਜਾਏ, ਉਹ ਫਿਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਜੀਵਨ ਬਤੀਤ ਕਰਦਾ ਹੈ। ਪਰ, ਐਸਾ ਚੜ੍ਹਦੀ ਕਲਾ ਵਿੱਚ ਵਿਚਰਨ ਵਾਲਾ ਗੁਰਮੁੱਖ ਸੰਤ, ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਭਾਗਵਾਨ ਹੋਵੇਗਾ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਐਸੇ ਸੰਤ-ਜਨਾਂ ਦੀ ਸੰਗਤ ਦੁਆਰਾ ਹੀ ਜਨਮ ਸਫਲ ਕੀਤਾ ਜਾ ਸਕਦਾ ਹੈ। (੮)

ਜੇ ਹੋਵੈ ਭਾਗੁ ਤਾ ਦਰਸਨੁ ਪਾਈਐ॥ ਆਪਿ ਤਰੈ ਸਭੁ ਕੁਟੰਬੁ ਤਰਾਈਐ॥ ੧॥ ਰਹਾਉ ਦੂਜਾ॥ ੨॥

ਅਰਥ: ਅਕਾਲ ਪੁਰਖ ਦੀ ਮਿਹਰ ਸਦਕਾ ਜੇ ਐਸੇ ਗੁਰਮੁੱਖ ਪਿਆਰੇ ਦੀ ਸੰਗਤ ਪਰਾਪਤ ਹੋ ਜਾਏ, ਤਾਂ ਇੰਜ ਸਮਝੋ ਕਿ ਸਾਰੇ ਸੰਗਤ ਕਰਨ ਵਾਲੇ ਆਪਣਾ ਜੀਵਨ ਸਫਲਾ ਕਰ ਗਏ। (ਰਹਾਉ ਦੂਜਾ - ੨)

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਖਿਮਾ ਜਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੧ ਜੁਲਾਈ ੨੦੧੩
.