.

ਜਸਬੀਰ ਸਿੰਘ ਵੈਨਕੂਵਰ

ਕੋਟਿ ਗ੍ਰਹਣ ਪੁੰਨ ਫਲ ਮੂਚੇ

ਬਾਣੀ ਰਚੇਤਿਆਂ ਨੇ ਗੁਰਬਾਣੀ ਦਾ ਸਿਧਾਂਤਕ ਸੱਚ ਦ੍ਰਿੜ ਕਰਾਉਣ ਲਈ ਅਨਮਤੀ ਧਾਰਨਾਵਾਂ, ਪ੍ਰਚਲਤ ਲੋਕੋਕਤੀਆਂ, ਮੁਹਾਵਰਿਆਂ ਅਤੇ ਪ੍ਰਚਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਇਹ ਢੰਗ ਵੀ ਵਰਤਿਆ ਗਿਆ ਹੈ ਕਿ ਪ੍ਰਚਲਤ ਗ਼ਲਤ ਮਾਨਤਾਵਾਂ ਦਾ ਖੰਡਨ ਕਰਨ ਦੀ ਥਾਂ, ਉਹਨਾਂ ਨੂੰ ਪ੍ਰਭੂ ਸਿਮਰਨ ਦੇ ਟਾਕਰੇ `ਤੇ ਤੁੱਛ ਦਰਸਾ ਕੇ ਜਾਂ ਪ੍ਰਭੂ ਸਿਮਰਨ ਵਿੱਚ ਹੀ ਉਹਨਾਂ ਕਰਮਾਂ ਦੇ ਕਥਿਤ ਫਲ਼ ਜਾਂ ਮਹਾਤਮ ਦੇ ਆ ਜਾਣ ਦਾ ਵਰਨਣ ਕਰਕੇ ਪ੍ਰਚਲਤ ਧਾਰਨਾ ਦਾ ਖੰਡਨ ਕੀਤਾ ਹੈ। ਜਿਵੇਂ:
(ੳ) ਕੋਟਿ ਮਜਨ ਜਾ ਕੈ ਸੁਣਿ ਨਾਮ॥ ਕੋਟਿ ਪੂਜਾ ਜਾ ਕੈ ਹੈ ਧਿਆਨ॥ ਕੋਟਿ ਪੁੰਨ ਸੁਣਿ ਹਰਿ ਕੀ ਬਾਣੀ॥ ਕੋਟਿ ਫਲਾ ਗੁਰ ਤੇ ਬਿਧਿ ਜਾਣੀ॥ (ਪੰਨਾ ੨੩੮) ਅਰਥ:- (ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸੁਣਨ ਵਿੱਚ ਕ੍ਰੋੜਾਂ ਤੀਰਥ-ਇਸ਼ਨਾਨ ਆ ਜਾਂਦੇ ਹਨ, ਜਿਸ ਪਰਮਾਤਮਾ ਦਾ ਧਿਆਨ ਧਰਨ ਵਿੱਚ ਕ੍ਰੋੜਾਂ ਦੇਵ-ਪੂਜਾ ਆ ਜਾਂਦੀਆਂ ਹਨ, ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਨ ਵਿੱਚ ਕ੍ਰੋੜਾਂ ਪੁੰਨ ਹੋ ਜਾਂਦੇ ਹਨ, ਗੁਰੂ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆਂ ਇਹ ਸਾਰੇ ਕ੍ਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ।
(ਇਸ ਫ਼ਰਮਾਨ ਵਿੱਚ ਸਤਿਗੁਰੂ ਜੀ ਨੇ ਤੀਰਥਾਂ ਦੇ ਇਸ਼ਨਾਨ ਦਾ ਮਹਾਤਮ, ਦੇਵਤਿਆਂ ਦੀ ਪੂਜਾ ਦਾ ਫਲ਼ ਅਤੇ ਪੁੰਨ ਕਰਮ ਦੀ ਪ੍ਰਚਲਤ ਧਾਰਨਾ ਦਾ ਇਹ ਆਖ ਕੇ ਖੰਡਨ ਕੀਤਾ ਹੈ ਕਿ ਪਰਮਾਤਮਾ ਦੇ ਨਾਮ ਵਿੱਚ ਇਹ ਸਭ ਕੁੱਝ ਆ ਜਾਂਦਾ ਹੈ। ਭਾਵ, ਪ੍ਰਭੂ ਦੇ ਗੁਣ ਧਾਰਨ ਕਰਨੇ ਇਹਨਾਂ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਹੈ ਅਰਥਾਤ ਪ੍ਰਭੂ ਦਾ ਚਿੰਤਨ ਕਰਨ ਵਾਲਿਆਂ ਨੂੰ ਇਹਨਾਂ ਕਰਮਾਂ ਦੀ ਜ਼ਰੂਰਤ ਨਹੀਂ ਹੈ।)
(ਅ) ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ॥ (ਪੰਨਾ ੫੪੬) ਅਰਥ:-ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕ੍ਰੋੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ, (ਭਾਵ, ਕ੍ਰੋੜਾਂ ਕੀਤੇ ਹੋਏ ਜੱਗ ਭੀ ਹਰਿ-ਨਾਮ ਦੇ ਟਾਕਰੇ ਤੇ ਤੁੱਛ ਹਨ)।
(ਇਸ ਫ਼ਰਮਾਨ ਵਿੱਚ ਜੱਗਾਂ/ਯੱਗ ਦੇ ਮਹਾਤਮ ਦੀ ਪ੍ਰਚਲਤ ਧਾਰਨਾ ਨੂੰ ਪ੍ਰਭੂ ਸਿਮਰਨ ਦੇ ਟਾਕਰੇ ਤੇ ਤੁੱਛ ਆਖਿਆ ਹੈ।)
ਇਸ ਤਰ੍ਹਾਂ ਦੇ ਫ਼ਰਮਾਨਾਂ ਵਿੱਚ ਪ੍ਰਚਲਤ ਮਾਨਤਾਵਾਂ ਨੂੰ ਗ਼ਲਤ ਕਹਿਣ ਦੀ ਥਾਂ ਉੱਚ ਆਦਰਸ਼ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਅਪਣਾਉਣ ਨਾਲ ਇਹਨਾਂ ਦੀ ਸੁਤੇ-ਸਿਧ ਹੀ ਪ੍ਰਾਪਤੀ ਹੋ ਜਾਣ ਦਾ ਵਰਨਣ ਕੀਤਾ ਹੈ। ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਇਸ ਵਿਧੀ ਦਾ ਕਈ ਥਾਈਂ ਪ੍ਰਯੋਗ ਕੀਤਾ ਹੋਇਆ ਹੈ। ਇਸ ਵਿਧੀ ਦੀ ਵਰਤੋਂ ਕਰਦਿਆਂ ਹੋਇਆਂ ਹੀ ਹਜ਼ੂਰ ਨੇ ਸੂਰਜ ਜਾਂ ਚੰਦ੍ਰ ਗ੍ਰਹਿਣ ਦੀ ਕੁਦਰਤੀ ਪ੍ਰਕ੍ਰਿਆ ਨਾਲ ਸੰਬੰਧਤ ਵਹਿਮ-ਭਰਮ, ਪਾਠ-ਪੂਜਾ ਅਤੇ ਦਾਨ-ਪੁੰਨ ਆਦਿ ਦੇ ਕਥਿਤ ਮਹਾਤਮ ਤੋਂ ਮਨੁੱਖ ਨੂੰ ਉਪਰ ਉਠਾਉਂਦਿਆਂ ਫ਼ਰਮਾਇਆ ਹੈ:-
ਹਰਿ ਹਰਿ ਨਾਮਿ ਮਜਨੁ ਕਰਿ ਸੂਚੇ॥ ਕੋਟਿ ਗ੍ਰਹਣ ਪੁੰਨ ਫਲ ਮੂਚੇ॥ (ਪੰਨਾ ੧੯੭) ਅਰਥ:- (ਹੇ ਭਾਈ!) ਪਰਮਾਤਮਾ ਦੇ ਨਾਮ-ਤੀਰਥ ਵਿੱਚ ਇਸ਼ਨਾਨ ਕਰ ਕੇ ਸੁੱਚੇ (ਜੀਵਨ ਵਾਲਾ ਬਣ ਜਾਈਦਾ ਹੈ)। (ਨਾਮ-ਤੀਰਥ ਵਿੱਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇਂ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ। ੧। ਰਹਾਉ। (ਨੋਟ: ਪਰਮਾਤਮਾ ਦੇ ਨਾਮ-ਤੀਰਥ ਵਿੱਚ ਇਸ਼ਨਾਨ ਤੋਂ ਭਾਵ ਰੱਬੀ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਤੋਂ ਹੈ।)
ਗ੍ਰਹਿਣ ਸਮੇਂ ਦਾਨ-ਪੁੰਨ ਕਰਨ ਨਾਲ ਕਿਸੇ ਤਰ੍ਹਾਂ ਦਾ ਵਿਸ਼ੇਸ਼ ਤੌਰ `ਤੇ ਫਲ਼ ਮਿਲਣ ਦੀ ਸੰਭਾਵਨਾ ਨੂੰ ਸਤਿਗੁਰੂ ਜੀ ਨਹੀਂ ਮੰਨਦੇ ਹਨ। ਪਰ ਚੂੰਕਿ ਇਸ ਤਰ੍ਹਾਂ ਦਾ ਵਿਸ਼ਵਾਸ ਪ੍ਰਚਲਤ ਸੀ (ਅਤੇ ਅੱਜ ਵੀ ਹੈ) ਕਿ ਗ੍ਰਹਿਣ ਸਮੇਂ ਕੀਤੇ ਹੋਏ ਪੁੰਨ-ਦਾਨ ਦਾ ਵਿਸ਼ੇਸ਼ ਮਹਾਤਮ ਹੈ, ਇਸ ਲਈ ਹਜ਼ੂਰ ਇਸ ਵਹਿਮ ਦਾ ਖੰਡਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਕੇ ਇਹਨਾਂ ਅਨੁਸਾਰ ਆਪਣਾ ਜੀਵਨ ਬਿਤਾਉਣ ਨਾਲ, ਇੱਕ ਨਹੀਂ ਬਲਕਿ ਕ੍ਰੋੜਾਂ ਹੀ ਗ੍ਰਹਿਣਾਂ ਦੇ ਸਮੇਂ ਮੰਨੇ ਹੋਏ ਦਾਨ-ਪੁੰਨ ਦੇ ਫਲ਼ ਨਾਲੋਂ ਵਧੇਰੇ ਫਲ਼ਦਾਰ ਹੈ।
(ਕਥਿਤ) ਧਾਰਮਕ ਆਗੂਆਂ ਨੇ ਗ੍ਰਹਿਣ ਦੇ ਇਸ ਕੁਦਰਤੀ ਵਰਤਾਰੇ ਨੂੰ ਵੀ ਲੁੱਟ-ਖਸੁੱਟ ਦਾ ਸਾਧਨ ਬਣਾਇਆ ਹੋਇਆ ਸੀ (ਅਤੇ ਅੱਜ ਵੀ ਇਹ ਲੁੱਟ-ਖਸੁੱਟ ਜਾਰੀ ਹੈ)। ਭਾਈ ਕਾਨ੍ਹ ਸਿੰਘ ਨਾਭਾ ਇਸ ਸੰਬੰਧ ਵਿੱਚ ਲਿਖਦੇ ਹਨ, “ਨਿਯਮਿਤ ਗਤਿ ਅਨੁਸਾਰ ਜਦ ਸੂਰਯ ਅਤੇ ਚੰਦ੍ਰਮਾ ਦੇ ਮਧਯ ਪ੍ਰਿਥਿਵੀ ਆ ਜਾਂਦੀ ਹੈ ਤਦ ਚੰਦ੍ਰ ਗ੍ਰਹਣ, ਅਰ ਸੂਰਯ ਤਥਾ ਪ੍ਰਿਥਿਵੀ ਦੇ ਮਧਯ ਚੰਦ੍ਰਮਾ ਆਉਣ ਤੋਂ ਸੂਰਯ ਗ੍ਰਹਣ ਹੋਂਦਾ ਹੈ, ਜਿਸਦੇ ਪੌਰਾਣਿਕ ਲੋਕ ਅਨੇਕ ਸ਼ੁਭ ਅਸ਼ੁਭ ਫਲ ਕਲਪਦੇ ਹਨ, ਅਰ ਰਾਹੁ ਕੇਤੁ ਨਾਮਕ ਰਾਖਸਾਂ ਦੁਆਰਾ ਗ੍ਰਹਣ ਦਾ ਹੋਣਾ ਮੰਨਦੇ ਹਨ ਅਤੇ ਗ੍ਰਹਣ ਵੇਲੇ ਇਸਨਾਨ ਦਾਨ ਜਪ ਆਦਿਕ ਦੇ ਅਨੇਕ ਪ੍ਰਕਾਰ ਔਰ ਮਹਾਤਮ ਲਿਖ ਕੇ ਸਵਾਰਥ ਸਿੱਧੀ ਦਾ ਅਦਭੁਤ ਯਤਨ ਕੀਤਾ ਹੈ, ਗੁਰੁਮਤ ਇਨ੍ਹਾਂ ਵਹਿਮਾਂ ਤੋਂ ਪਾਕ ਹੈ। (ਗੁਰੁਮਤ ਮਾਰਤੰਡ)
ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਫ਼ਰਮਾਨ (ਹਰਿ ਹਰਿ ਨਾਮਿ ਮਜਨੁ ਕਰਿ ਸੂਚੇ॥ ਕੋਟਿ ਗ੍ਰਹਣ ਪੁੰਨ ਫਲ ਮੂਚੇ) ਦਾ ਅਰਥ ਇਉਂ ਕੀਤਾ ਹੈ:-
ਗ੍ਰਹਣ ਮੁਕਤ ਹੋਣ ਪੁਰ ਸ਼ੁੱਧੀ ਵਾਸਤੇ ਸ਼ਨਾਨ ਕਰਨ ਦੀ ਥਾਂ ਵਾਹਗੁਰੂ ਦੇ ਨਾਮ ਦੁਆਰਾ ਮਨ ਨੂੰ ਧੋਣਾ ਉੱਤਮ ਹੈ। ਕ੍ਰੋੜਾਂ ਗ੍ਰਹਣਾਂ ਵਿੱਚ ਪੁੰਨ ਦਾਨ ਕਰਨ ਤੋਂ ਵਧ ਕੇ ਕਰਤਾਰ ਦਾ ਸਿਮਰਣ ਹੈ।”
“ਚੰਨ ਗ੍ਰਹਿਣ ਬਾਰੇ ਇੱਕ ਲੌਕਿਕ ਕਥਾ {ਵੀ} ਪ੍ਰਚਲਤ ਹੈ। ਰਵਾਇਤ ਹੈ, ਚੰਨ ਨੂੰ ਇੱਕ ਵਾਰ ਰੁਪਏ ਪੈਸੇ ਦੀ ਸਖ਼ਤ ਲੋੜ ਪੈ ਗਈ। ਰੁਪਏ ਦਾ ਪ੍ਰਬੰਧ ਕਿਧਰੋਂ ਨਾ ਹੋਣ ਕਰਕੇ, ਚੰਨ ਨੇ ਇੱਕ ‘ਡੂਮ’ ਤੋਂ ਸੂਦ ਉਤੇ ਰੁਪਏ ਲੈ ਲਏ। ਚੰਨ ਤੋਂ ਇਹ ਰਕਮ ਮੋੜੀ ਨਾ ਗਈ ਤੇ ਸੂਦ ਵਧਦਾ ਗਿਆ। ਜਦੋਂ ਵੀ ਡੂਮ ਚੰਨ ਤੋਂ ਰਕਮ ਉਗਰਾਹੁਣ ਜਾਂਦਾ ਹੈ, ਚੰਨ ਸ਼ਰਮ ਦਾ ਮਾਰਿਆ ਆਪਣਾ ਸਿਰ ਮੂੰਹ ਛੁਪਾ ਲੈਂਦਾ ਹੈ ਤੇ ਉਦੋਂ ਤਕ ਮੂੰਹ ਨਹੀਂ ਵਿਖਾਉਂਦਾ ਜਦੋਂ ਤਕ ਧਰਤੀ ਦੇ ਲੋਕ ਡੂੰਮਾਂ ਨੂੰ ਚੋਖੀ ਸਾਰੀ ਚੀਜ਼ ਵਸਤ ਤੇ ਰੁਪਿਆ ਪੈਸਾ ਦਾਨ ਦੇ ਕੇ ਚੰਨ ਦਾ ਕੁੱਝ ਰਿਣ ਹੋਲਾ ਨਹੀਂ ਕਰ ਦੇਂਦੇ”। (ਪੰਜਾਬੀ ਲੋਕਧਾਰਾ ਵਿਸ਼ਵਕੋਸ਼)
ਸੂਰਜ ਅਤੇ ਚੰਦ੍ਰਮਾ ਦੇ ਗ੍ਰਹਿਣ ਦੀ ਇਸ ਪ੍ਰਕ੍ਰਿਆ ਬਾਰੇ ਇਸ ਤਰ੍ਹਾਂ ਦੀਆਂ ਕਾਲਪਣਿਕ ਧਾਰਨਾਵਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ, ਗ੍ਰਹਿਣ ਸਮੇਂ ਦਾਨ-ਪੁੰਨ ਕਰਨ ਲਈ ਜਨ-ਸਾਧਾਰਨ ਨੂੰ ਉਤਸ਼ਾਹਤ ਕੀਤਾ ਗਿਆ। ਲੋਕਾਂ ਨੂੰ ਉਤਸ਼ਾਹਤ ਕਰਨ ਲਈ ਢੰਗ ਇਹ ਵਰਤਿਆ ਗਿਆ ਕਿ ਤੁਹਾਡੇ ਵਲੋਂ ਦਾਨ-ਪੁੰਨ ਕਰਨ ਨਾਲ ਸੂਰਜ ਅਤੇ ਚੰਦ੍ਰਮਾ ਨੂੰ ਰਾਹੂ ਅਤੇ ਕੇਤੂ ਰਾਖਸ਼ ਦੀ ਪਕੜ `ਚੋਂ ਮੁਕਤ ਹੋ ਜਾਣਗੇ।
ਗੁਰੂ ਗ੍ਰੰਥ ਸਾਹਿਬ ਵਿੱਚ ਰਾਹੂ ਅਤੇ ਕੇਤੂ ਦਾ ਵਰਨਣ ਕੀਤਾ ਹੋਇਆ ਹੈ, ਪਰ ਇਹ ਵਰਨਣ ਰਾਹੂ ਅਤੇ ਕੇਤੂ ਸੰਬੰਧੀ ਪੁਰਾਣਿਕ ਧਾਰਨਾ ਦੀ ਪੁਸ਼ਟੀ ਵਜੋਂ ਨਹੀਂ ਸਗੋਂ ਪ੍ਰਚਲਤ ਧਾਰਨਾ ਦਾ ਜ਼ਿਕਰ ਕਰਦਿਆਂ ਹੋਇਆਂ, ਹਰ ਪਰਿਸਥਿੱਤੀ ਵਿੱਚ ਰੱਬੀ ਰਜ਼ਾ ਅਨੁਸਾਰ ਪ੍ਰਸੰਨ ਰਹਿਣ ਦੇ ਪ੍ਰਸੰਗ ਵਿੱਚ ਆਇਆ ਹੈ:-
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥ (ਪੰਨਾ ੧੪੨) ਅਰਥ:- ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ), ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿੱਚ ਹੀ ਮੇਰੇ ਉੱਤੇ) ਪਰਗਟ ਹੋਵੇ, ਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ।
(ਨੋਟ:- ਪੁਰਾਣਾਂ ਦੀ ਕਥਾ ਹੈ ਕਿ ਮੋਹਨੀ ਅਵਤਾਰ ਦੀ ਅਗਵਾਈ ਵਿੱਚ ਦੇਵਤਿਆਂ ਨੇ ਸਮੁੰਦਰ ਰਿੜਕ ਕੇ ੧੪ ਰਤਨ ਕੱਢੇ, ਉਹਨਾਂ ਚੌਦਾਂ ਰਤਨਾਂ ਵਿਚੋਂ ਇੱਕ ‘ਅੰਮ੍ਰਿਤ’ ਸੀ ਅਤੇ ਜਦੋਂ ਦੇਵਤੇ ਰਲ ਕੇ ਅੰਮ੍ਰਿਤ ਪੀਣ ਲੱਗੇ, ਤਾਂ ‘ਰਾਹੂ’ ਦੈਂਤ ਭੀ ਭੇਸ ਵਟਾ ਕੇ ਦੇਵਤਿਆਂ ਦੀ ਕਤਾਰ ਵਿੱਚ ਆ ਬੈਠਾ ਤੇ ‘ਅੰਮ੍ਰਿਤ’ ਪੀ ਗਿਆ। ਚੰਦਰਮਾ ਤੇ ਸੂਰਜ ਨੇ ‘ਰਾਹੂ’ ਨੂੰ ਪਛਾਣ ਲਿਆ, ਉਹਨਾਂ ਨੇ ‘ਰਾਹੂ’ ਬਾਰੇ ਮੋਹਨੀ ਅਵਤਾਰ ਨੂੰ ਦੱਸਿਆ, ਜਿਸ ਨੇ ਸੁਦਰਸ਼ਨ ਚੱਕਰ ਨਾਲ ਇਸ (ਰਾਹੂ) ਦਾ ਸਿਰ ਕੱਟ ਦਿੱਤਾ। ਅੰਮ੍ਰਿਤ ਪੀਣ ਕਰਕੇ ਇਹ ਅਮਰ ਹੋ ਗਿਆ ਸੀ, ਇਸ ਲਈ ਇਸ ਦੇ ਦੋ ਸਰੀਰ ਬਣ ਗਏ: ‘ਰਾਹੂ’ ਅਤੇ ‘ਕੇਤੂ’। ਇਹ ‘ਰਾਹੂ’ ਅਤੇ ‘ਕੇਤੂ’ ਹੁਣ ਤਕ ਵੈਰ ਲੈਣ ਲਈ ਕਦੇ ਕਦੇ ਚੰਦਰਮਾ ਤੇ ਸੂਰਜ ਨੂੰ ਆ ਗ੍ਰਸਦੇ ਹਨ, ਜਿਸ ਕਰਕੇ ਗ੍ਰਿਹਣ ਲੱਗ ਜਾਂਦਾ ਹੈ)।
ਇੱਥੇ ਇੱਕ ਇਤਿਹਾਸਕ ਘਟਨਾ ਦਾ ਵਰਨਣ ਕਰਨਾ ਢੁੱਕਵਾਂ ਹੋਵੇਗਾ। ਮਹਾਨ ਜਲ ਯਾਤਰੀ ਕੋਲੰਬਸ, ਜਿਸ ਨੇ ਐਮਰੀਕਾ ਨੂੰ ਲੱਭਿਆ ਸੀ, ਭਟਕਦਾ ਭਟਕਦਾ ਜਦੋਂ ਪੱਛਮੀ ਦੀਪ ਸਮੂਹ ਵਿੱਚ ਪਹੁੰਚਿਆ ਤਾਂ ਉੱਥੇ ਦੇ ਵਸਨੀਕਾਂ (ਜੈਮੀਕਨਾਂ) ਨੇ ਕੋਲੰਬਸ ਅਤੇ ਇਸ ਦੇ ਸਾਥੀਆਂ ਨੂੰ ਸ਼ੁਰੂ ਵਿੱਚ ਖਾਣ-ਪੀਣ ਲਈ ਵਸਤੂਆਂ ਤਾਂ ਦੇ ਦਿੱਤੀਆਂ ਪਰੰਤੂ ਫਿਰ ਇਹਨਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸੰਕਟ ਸਮੇਂ ਕੋਲੰਬਸ ਨੂੰ ਇੱਕ ਅਨੋਖੀ ਤਰਕੀਬ ਸੁੱਝੀ। ਕੋਲੰਬਸ ਨੂੰ ਇਸ ਗੱਲ ਦਾ ਪਤਾ ਸੀ ਕਿ ੨੯ ਫਰਵਰੀ ੧੫੦੪ ਈ. ਨੂੰ ਚੰਦ੍ਰ ਗ੍ਰਹਿਣ ਲੱਗੇਗਾ। ਉਸ ਨੇ ਉੱਥੋਂ ਦੇ ਵਸਨੀਕਾਂ ਦੇ ਮੁੱਖੀ ਨੂੰ ਕਿਹਾ ਕਿ ਤੁਹਾਡੇ ਵਲੋਂ ਸਾਨੂੰ ਖਾਣ-ਪੀਣ ਲਈ ਕੁੱਝ ਨਾ ਦੇਣ ਕਾਰਨ ਸਾਡਾ ਰੱਬ ਤੁਹਾਡੇ ਨਾਲ ਨਰਾਜ਼ ਹੋ ਗਿਆ ਹੈ। ਇਸ ਨਰਾਜ਼ਗੀ ਦਾ ਜ਼ਾਹਰਾ ਰੂਪ ਵਿੱਚ ਪ੍ਰਗਟਾਵਾ ਹੋਣ ਵਾਲਾ ਹੈ। ਤਿੰਨ ਦਿਨ ਮਗਰੋਂ ਉਹਨਾਂ ਦੇ ਰੱਬ ਦੇ ਗੁੱਸੇ ਨੂੰ ਅਸਮਾਨ ਵਿੱਚ ਪ੍ਰਤੱਖ ਰੂਪ ਵਿੱਚ ਦੇਖਿਆ ਜਾ ਸਕੇਗਾ। ਇਹ ਉਹਨਾਂ ਦੀ ਬਰਬਾਦੀ ਦਾ ਸੰਕੇਤ ਹੋਵੇਗਾ। ਕੋਲੰਬਸ ਦੀਆਂ ਇਹਨਾਂ ਗੱਲਾਂ ਵਲ ਮੁਖੀ ਨੇ ਪਹਿਲਾਂ ਤਾਂ ਕੋਈ ਧਿਆਨ ਨਾ ਦਿੱਤਾ ਪਰੰਤੂ ਜਦੋਂ ਰਾਤ ਨੂੰ ਚੰਦ੍ਰਮਾ ਚੜ੍ਹਿਆ ਤਾਂ ਉਸ ਦਾ ਹੇਠਲਾ ਹਿੱਸਾ ਗਾਇਬ ਦੇਖ ਕੇ ਜੈਮੀਕਨ ਨਿਵਾਸੀ ਘਬਰਾ ਗਏ। ਜਦੋਂ ਥੋਹੜੀ ਦੇਰ ਪਿੱਛੋ ਪੂਰਨ ਰੂਪ ਵਿੱਚ ਚੰਦ੍ਰ ਗ੍ਰਹਿਣ ਲੱਗ ਗਿਆ ਤਾਂ ਉਹ ਬਹੁਤ ਹੀ ਭੈਭੀਤ ਹੋ ਕੇ ਕੋਲੰਬਸ ਦੇ ਪੈਰਾਂ ਤੇ ਡਿੱਗ ਕੇ ਗਿੜਗਿੜਾਉਣ ਲੱਗ ਪਏ ਕਿ ਉਹ ਉਹਨਾਂ ਵਲੋਂ ਆਪਣੇ ਭਗਵਾਨ ਅੱਗੇ ਅਰਦਾਸ ਕਰਕੇ ਉਹਨਾਂ ਦੀ ਭੁੱਲ ਬਖ਼ਸ਼ਾ ਦੇਵੇ। ਉਹ ਉਹਨਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਪਹਿਲਾਂ ਵਾਂਗ ਦੇਣਗੇ। ਕੋਲੰਬਸ, ਜੋ ਮਨ ਹੀ ਮਨ ਵਿੱਚ ਹੱਸ ਰਿਹਾ ਸੀ, ਆਦਿਵਾਸੀਆਂ ਦੀਆਂ ਅਰਜ਼ੋਈਆਂ ਸੁਣ ਕੇ ਕਹਿਣ ਲੱਗਾ ਕਿ ਉਹ ਇਕਾਂਤ ਵਿੱਚ ਆਪਣੇ ਰੱਬ ਨੂੰ ਬੇਨਤੀ ਕਰੇਗਾ। ਉਸ ਨੇ ਪੰਜਾਹ ਕੁ ਮਿੰਟ ਬੰਦ ਕਮਰੇ ਵਿੱਚ ਬਿਤਾਉਣ ਮਗਰੋਂ ਬਾਹਰ ਆ ਕੇ ਜੈਮੀਕਨਾਂ ਨੂੰ ਕਿਹਾ ਕਿ ਉਸ ਦੇ ਪਰਮਾਤਮਾ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ। ਜੈਮੀਕਨ ਨਿਵਾਸੀਆਂ ਨੇ ਦੇਖਿਆ ਕਿ ਸੱਚ-ਮੁੱਚ ਥੋਹੜੀ ਦੇਰ ਬਾਅਦ ਚੰਦ੍ਰਮਾ ਆਪਣੀ ਪਹਿਲੀ ਵਰਗੀ ਹਾਲਤ ਵਿੱਚ ਦਿਖਾਈ ਦੇਣ ਲੱਗ ਪਿਆ ਹੈ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਸੱਚ-ਮੁੱਚ ਕੋਲੰਬਸ ਦਾ ਰੱਬ ਉਹਨਾਂ ਨਾਲ ਨਰਾਜ਼ ਹੋ ਗਿਆ ਸੀ।
ਧਿਆਨ ਰਹੇ ਕਿ ਆਦਿ ਵਾਸੀ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਸਨ ਕਿ ਚੰਦ੍ਰ ਗ੍ਰਹਿਣ ਲਗਣ ਦਾ ਕੀ ਕਾਰਨ ਸੀ। ਜੇਕਰ ਉਹ ਜਾਣੂੰ ਹੁੰਦੇ ਤਾਂ ਕੋਲੰਬਸ ਦੀ ਇਹ ਤਰਕੀਬ ਕਾਮਯਾਬ ਨਾ ਹੁੰਦੀ। ਪੁਰਾਣੇ ਸਮੇਂ ਵਿੱਚ ਆਮ ਮਨੁੱਖ ਗ੍ਰਹਿਣ ਲਗਣ ਦੇ ਅਸਲ ਕਾਰਨ ਤੋਂ ਅਣਜਾਣ ਸੀ। ਇਸ ਲਈ ਜੋ ਕੁੱਝ ਵੀ ਕਿਸੇ ਨੇ ਕਿਹਾ ਜਨ-ਸਾਧਾਰਨ ਨੇ ਉਸ ਨੂੰ ਸੱਚ ਕਰ ਕੇ ਮੰਨ ਲਿਆ। ਪਰ ਅਜੋਕੇ ਯੁੱਗ ਵਿੱਚ ਇਸ ਸੰਬੰਧੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ-ਭੁਲੇਖਾ ਨਹੀਂ ਹੈ। ਪਰ ਫਿਰ ਵੀ ਭਾਰਤ ਵਰਗੇ ਦੇਸ਼ ਵਿੱਚ ਅੱਜ ਵੀ ਗ੍ਰਹਿਣ ਨਾਲ ਸੰਬੰਧਤ ਕਈ ਤਰ੍ਹਾਂ ਦੇ ਵਹਿਮ-ਭਰਮ ਪ੍ਰਚਲਤ ਹਨ। ਜਿਵੇਂ:-ਗ੍ਰਹਿਣ ਨੂੰ ਅਸ਼ੁੱਭ ਮੰਨਣਾ ਅਤੇ ਗ੍ਰਹਿਣ ਦੇ ਮੁਕਣ ਉੱਤੇ ਸ਼ੁਧੀ ਲਈ ਇਸ਼ਨਾਨ ਕਰਕੇ ਇਹ ਸਮਝਣਾ ਕਿ ਇਸ ਤਰ੍ਹਾਂ ਨਾਲ ਗ੍ਰਹਿਣ ਦਾ ਚੰਦਰਾ ਪ੍ਰਭਾਵ ਉਤਰਦਾ ਹੈ। ਇਸ ਤੋਂ ਇਲਾਵਾ ਘਰ ਦੇ ਸਾਰੇ ਬਰਤਨ ਮਾਂਜ ਕੇ ਸੁੱਚੇ ਕਰਨੇ, ਆਦਿ।
ਕੋਲੰਬਸ ਨੇ ਤਾਂ ਆਪਣੀ ਅਤੇ ਆਪਣੇ ਸਾਥੀਆਂ ਦੀ ਜਾਨ ਬਚਾਉਣ ਲਈ ਇਸ ਝੂਠ ਦਾ ਸਹਾਰਾ ਲਿਆ ਸੀ, ਪਰੰਤੂ ਗ੍ਰਹਿਣ ਸਮੇਂ ਪੁੰਨ-ਦਾਨ ਅਤੇ ਇਸ਼ਨਾਨ ਆਦਿ ਦਾ ਮਹਾਤਮ ਲਿਖਣ ਅਤੇ ਪਰਚਾਰਨ ਵਾਲਿਆਂ ਨੇ ਆਪਣੇ ਲਈ ਹੀ ਨਹੀਂ ਸਗੋਂ ਆਪਣੇ ਪੈਰਕਾਰਾਂ ਲਈ ਵੀ ਜਨ-ਸਾਧਾਰਨ ਦੀ ਲੁੱਟ-ਖਸੁੱਟ ਦਾ ਪੱਕਾ ਬਾਨਣੂ ਬਣ ਦਿੱਤਾ ਹੈ।
ਪ੍ਰਚਲਤ ਗ਼ਲਤ ਧਾਰਨਾਵਾਂ ਆਦਿ ਤੋਂ ਮਨੁੱਖ ਨੂੰ ਉਪਰ ਉਠਾਉਣ ਦਾ ਇਸ ਤਰ੍ਹਾਂ ਦਾ ਭਾਵ ਹੋਰ ਵੀ ਕਈ ਫ਼ਰਮਾਨਾਂ ਵਿੱਚ ਦੇਖਿਆ ਜਾ ਸਕਦਾ ਹੈ। ਜਿਵੇਂ:-
(ੳ) ਜੇ ਓਹੁ ਗ੍ਰਹਨ ਕਰੈ ਕੁਲਖੇਤਿ॥ ਅਰਪੈ ਨਾਰਿ ਸੀਗਾਰ ਸਮੇਤਿ॥ ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ॥ ਕਰੈ ਨਿੰਦ ਕਵਨੈ ਨਹੀ ਗੁਨੈ॥ (ਪੰਨਾ ੮੭੫) ਅਰਥ:-ਜੇ ਕੋਈ ਮਨੁੱਖ ਕੁਲਖੇਤਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੇ, ਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣਾਂ ਨੂੰ) ਦਾਨ ਕਰ ਦੇਵੇ, ਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣੇ; ਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਲਾਭ ਨਹੀਂ।
(ਅ) ਅਸੁਮੇਧ ਜਗਨੇ॥ ਤੁਲਾ ਪੁਰਖ ਦਾਨੇ॥ ਪ੍ਰਾਗ ਇਸਨਾਨੇ॥ ੧॥ ਤਉ ਨ ਪੁਜਹਿ ਹਰਿ ਕੀਰਤਿ ਨਾਮਾ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ॥ ੧॥ ਰਹਾਉ॥ ਗਇਆ ਪਿੰਡੁ ਭਰਤਾ॥ ਬਨਾਰਸਿ ਅਸਿ ਬਸਤਾ॥ ਮੁਖਿ ਬੇਦ ਚਤੁਰ ਪੜਤਾ॥ ੨॥ ਸਗਲ ਧਰਮ ਅਛਿਤਾ॥ ਗੁਰ ਗਿਆਨ ਇੰਦ੍ਰੀ ਦ੍ਰਿੜਤਾ॥ ਖਟੁ ਕਰਮ ਸਹਿਤ ਰਹਤਾ॥ ੩॥ ਸਿਵਾ ਸਕਤਿ ਸੰਬਾਦੰ॥ ਮਨ ਛੋਡਿ ਛੋਡਿ ਸਗਲ ਭੇਦੰ॥ ਸਿਮਰਿ ਸਿਮਰਿ ਗੋਬਿੰਦੰ॥ ਭਜੁ ਨਾਮਾ ਤਰਸਿ ਭਵ ਸਿੰਧੰ॥ ੪॥ (ਪੰਨਾ ੮੭੩)
ਅਰਥ:- ਜੇ ਕੋਈ ਮਨੁੱਖ ਅਸਮੇਧ ਜੱਗ ਕਰੇ, ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ ਅਤੇ ਪ੍ਰਾਗ ਆਦਿਕ ਤੀਰਥ ਤੇ ਇਸ਼ਨਾਨ ਕਰੇ। ੧। ;
ਤਾਂ ਭੀ ਇਸ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ। ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ। ੧। ਰਹਾਉ।
ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ, ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ, ਜੇ ਮੁੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ। ੨। ;
ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ, ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿੱਚ ਰੱਖਦਾ ਹੋਵੇ, ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ। ੩। ;
ਰਾਮਾਇਣ (ਆਦਿਕ) ਦਾ ਪਾਠ- ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ। ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ, (ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਗਾ। ੪।
(ੲ) ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ॥ ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ॥ ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ॥ ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ॥ (ਪੰਨਾ ੪੮) ਅਰਥ:- ਜਿਸ ਸਮੇਂ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ (ਉਸ ਸਮੇਂ, ਮਾਨੋ) ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ। ਜੇ ਕੋਈ ਭਾਗਾਂ ਵਾਲੀ ਜੀਭ ਪਰਮਾਤਮਾ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ (ਇਸ ਕੰਮ ਦੀ) ਬਰਾਬਰੀ ਨਹੀਂ ਕਰ ਸਕਦਾ। (ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ) ਮਨ ਵਿਚ, ਸਰੀਰ ਵਿਚ, ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰ ਕੇ ਆ ਵੱਸਦਾ ਹੈ। ਇਹ ਜਿੰਦ, ਇਹ ਸਰੀਰ, ਇਹ ਧਨ ਸਭ ਕੁੱਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਮੈਂ ਸਦਾ ਹੀ ਉਸ ਤੋਂ ਸਦਕੇ ਜਾਂਦਾ ਹਾਂ।
ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਵਿੱਚ ਗੁਰਬਾਣੀ ਦੇ ਸੱਚ ਨੂੰ ਜਿਸ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਦਰਸਾਇਆ ਗਿਆ ਹੈ, ਕਿਸੇ ਤਰ੍ਹਾਂ ਦਾ ਕੋਈ ਭਰਮ-ਭੁਲੇਖਾ ਨਹੀਂ ਰਹਿੰਦਾ। ਸੋ, ‘ਹਰਿ ਹਰਿ ਨਾਮਿ ਮਜਨੁ ਕਰਿ ਸੂਚੇ॥ ਕੋਟਿ ਗ੍ਰਹਣ ਪੁੰਨ ਫਲ ਮੂਚੇ॥’ ਫ਼ਰਮਾਨ ਵਿੱਚ ਸਤਿਗੁਰੂ ਜੀ ਗ੍ਰਹਿਣ ਸਮੇਂ ਕੀਤੇ ਜਾਣ ਵਾਲੇ ਵਾਲੇ ਕਿਸੇ ਜਪ ਤਪ, ਦਾਨ-ਪੁੰਨ ਜਾਂ ਹੋਰ ਕਰਮ ਦਾ ਕੋਈ ਵਿਸ਼ੇਸ਼ ਫਲ ਅਥਵਾ ਮਹਾਤਮ ਸਵੀਕਾਰ ਨਹੀਂ ਕਰ ਰਹੇ ਹਨ। ਹਜ਼ੂਰ ਤਾਂ ਕੇਵਲ ਗੁਰਮਤਿ ਦੀ ਜੀਵਨ-ਜੁਗਤ ਦੇ ਵਿਸ਼ੇਸ਼ ਪਹਿਲੂ ਵਲ ਹੀ ਧਿਆਨ ਦਿਵਾ ਕੇ ਮਨੁੱਖ ਨੂੰ ਰੱਬੀ ਗੁਣਾਂ ਨੂੰ ਧਾਰਨ ਕਰਨ ਲਈ ਉਤਸ਼ਾਹਤ ਕਰ ਰਹੇ ਹਨ।
ਇਸ ਭਾਵ ਨੂੰ ਹੋਰ ਵੀ ਸਪਸ਼ਟ ਰੂਪ ਵਿੱਚ ਸਮਝਣ ਲਈ, ਜਿਸ ਸ਼ਬਦ ਦੀਆਂ ਇਹ ਪੰਗਤੀਆਂ ਹਨ, ਉਸ ਸਮੁੱਚੇ ਸ਼ਬਦ ਨੂੰ ਪੜ੍ਹਨ ਅਤੇ ਵਿਚਾਰਨ ਨਾਲ ਦੇਖਿਆ ਜਾ ਸਕਦਾ ਹੈ। ਇਹ ਸਾਰਾ ਸ਼ਬਦ ਇਸ ਤਰ੍ਹਾਂ ਹੈ:-
ਹਰਿ ਹਰਿ ਨਾਮਿ ਮਜਨੁ ਕਰਿ ਸੂਚੇ॥ ਕੋਟਿ ਗ੍ਰਹਣ ਪੁੰਨ ਫਲ ਮੂਚੇ॥ ੧॥ ਰਹਾਉ॥ ਹਰਿ ਕੇ ਚਰਣ ਰਿਦੇ ਮਹਿ ਬਸੇ॥ ਜਨਮ ਜਨਮ ਕੇ ਕਿਲਵਿਖ ਨਸੇ॥ ੧॥ ਸਾਧਸੰਗਿ ਕੀਰਤਨ ਫਲੁ ਪਾਇਆ॥ ਜਮ ਕਾ ਮਾਰਗੁ ਦ੍ਰਿਸਟਿ ਨ ਆਇਆ॥ ੨॥ ਮਨ ਬਚ ਕ੍ਰਮ ਗੋਵਿੰਦ ਅਧਾਰੁ॥ ਤਾ ਤੇ ਛੁਟਿਓ ਬਿਖੁ ਸੰਸਾਰੁ॥ ੩॥ ਕਰਿ ਕਿਰਪਾ ਪ੍ਰਭਿ ਕੀਨੋ ਅਪਨਾ॥ ਨਾਨਕ ਜਾਪੁ ਜਪੇ ਹਰਿ ਜਪਨਾ॥ ੪॥ (ਪੰਨਾ ੧੯੭)
ਅਰਥ:- (ਹੇ ਭਾਈ!) ਪਰਮਾਤਮਾ ਦੇ ਨਾਮ-ਤੀਰਥ ਵਿੱਚ ਇਸ਼ਨਾਨ ਕਰ ਕੇ ਸੁੱਚੇ (ਜੀਵਨ ਵਾਲਾ ਬਣ ਜਾਈਦਾ ਹੈ)। (ਨਾਮ-ਤੀਰਥ ਵਿੱਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ। ੧। ਰਹਾਉ।
(ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿੱਚ ਪਰਮਾਤਮਾ ਦੇ ਚਰਨ ਵੱਸ ਪੈਣ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ। ੧।
(ਹੇ ਭਾਈ! ਜਿਸ ਮਨੁੱਖ ਨੇ) ਸਾਧ ਸੰਗਤਿ ਵਿੱਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਫਲ ਪ੍ਰਾਪਤ ਕਰ ਲਿਆ, ਜਮਾਂ ਦਾ ਰਸਤਾ ਉਸ ਦੀ ਨਜ਼ਰੀਂ ਭੀ ਨ ਪਿਆ (ਆਤਮਕ ਮੌਤ ਉਸ ਦੇ ਕਿਤੇ ਨੇੜੇ ਭੀ ਨਾਹ ਢੁੱਕੀ)। ੨।
(ਹੇ ਭਾਈ! ਜਿਸ ਮਨੁੱਖ ਨੇ) ਆਪਣੇ ਮਨ ਦਾ, ਆਪਣੇ ਬੋਲਾਂ ਦਾ, ਆਪਣੇ ਕੰਮਾਂ ਦਾ ਆਸਰਾ ਪਰਮਾਤਮਾ (ਦੇ ਨਾਮ) ਨੂੰ ਬਣਾ ਲਿਆ, ਉਸ ਤੋਂ ਸੰਸਾਰ (ਦਾ ਮੋਹ) ਪਰੇ ਹਟ ਗਿਆ, ਉਸ ਤੋਂ (ਵਿਕਾਰਾਂ ਦਾ ਉਹ) ਜ਼ਹਰ ਪਰੇ ਰਹਿ ਗਿਆ (ਜੋ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ੩।
ਹੇ ਨਾਨਕ! ਮਿਹਰ ਕਰ ਕੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ, ਉਹ ਮਨੁੱਖ ਸਦਾ ਪ੍ਰਭੂ ਦਾ ਜਾਪ ਜਪਦਾ ਹੈ, ਪ੍ਰਭੂ ਦਾ ਭਜਨ ਕਰਦਾ ਹੈ। ੪।
.