.

ਗੁਰ ਪ੍ਰਸਾਦਿ

ਵੀਰ ਭੁਪਿੰਦਰ ਸਿੰਘ

ਇਸ ਲਫ਼ਜ਼ ਬਾਰੇ ਜਿਤਨੀ ਵਿਚਾਰ ਕੀਤੀ ਗਈ ਹੈ ਮੁਬਾਰਕ ਹੈ ਅਤੇ ਜਿਤਨੀ ਕੀਤੀ ਜਾਵੇ ਉਤਨਾ ਹੀ ਮਨੁੱਖਤਾ ਦੇ ਭਲੇ ਲਈ ਲਾਹੇਵੰਦ ਹੋ ਸਕਦੀ ਹੈ। ਆਮ ਤੌਰ ’ਤੇ ਇਹੋ ਸੁਣਨ ਪੜ੍ਹਨ ਨੂੰ ਮਿਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਤੇ ‘‘ੴ ਤੋਂ ਸੈਭੰ’’ ਤੱਕ ਰੱਬ ਜੀ ਦੇ ਗੁਣ ਹਨ। ਅਸੀਂ ਪਿੱਛੇ ਵਿਚਾਰ ਆਏ ਹਾਂ ਕਿ ੴ ਤੋਂ ਸੈਭੰ ਤੱਕ ਰੱਬੀ ਗੁਣਾਂ ਨੂੰ ਸਮਝ ਕੇ ਮਨੁੱਖ ਨੇ ਰੱਬੀ ਗੁਣਾਂ ਵਾਲਾ ਬਣਨਾ ਹੈ। ‘‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 1372) ਇਸੇ ਪਾਸੇ ਧਿਆਨ ਦਿਵਾਉਣ ਦਾ ਉੱਦਮ ਹੈ ਕਿ ਕੋਈ ਮਨੁੱਖ ਰੱਬ ਤਾਂ ਹੋ ਨਹੀਂ ਸਕਦਾ ਪਰ ਰੱਬੀ ਗੁਣਾਂ ਨੂੰ ਵੱਧ ਤੋਂ ਵੱਧ ਆਪਣੇ ਅਮਲੀ ਜੀਵਨ ’ਚ ਜਿਊ ਸਕਦਾ ਹੈ।

ਜਦੋਂ ਅਸੀਂ ਇਹ ਸੁਣਦੇ ਪੜ੍ਹਦੇ ਤੇ ਕਹਿੰਦੇ ਹਾਂ ਕਿ ਇਹ ਬਾਣੀ ਸਭ ਤੋਂ ਮੁੱਢ ’ਤੇ ਲਿਖੀ ਹੈ, ਕਈ ਇਸਨੂੰ ਮੰਗਲਾਚਰਣ ਕਹਿੰਦੇ ਹਨ, ਕਈ ਇਸਨੂੰ ਮੂਲ ਮੰਤਰ ਵੀ ਕਹਿ ਦਿੰਦੇ ਹਨ ਪਰ ਇਹ ਅਸੀਂ ਸਾਰੇ ਹੀ ਮੰਨਦੇ ਹਾਂ ਕਿ ਇਹ ਰੱਬੀ ਗੁਣ ਹਨ। ਫਿਰ ਵਿਚਾਰਨ ਵਾਲੀ ਗੱਲ ਹੈ ਕਿ ਇਸ ‘ਆਦਿ ਸਚੁ ਜੁਗਾਦਿ ਸਚੁ’ ਵਾਲੇ ਸਲੋਕ ਤੋਂ ਪਹਿਲਾਂ ਇਨ੍ਹਾਂ ਗੁਣਾਂ ’ਚ ੴ ਤੋਂ ਗੁਰ ਪ੍ਰਸਾਦਿ ਵੀ ਲਿਖਿਆ ਹੋਇਆ ਹੈ ਸੋ ਲਗਦਾ ਹੈ ਕਿ ‘ਗੁਰ ਪ੍ਰਸਾਦਿ’ ਵੀ ਰੱਬੀ ਗੁਣ ਹੀ ਹੈ ਵਰਨਾ ਇਹ ਅਲੱਗ ਕਰਕੇ ਲਿਖਿਆ ਹੁੰਦਾ।

ਬੇਨਤੀ : ਇਹ ਕੋਈ ਬਹਿਸ ਦਾ ਮੁੱਦਾ ਨਹੀਂ ਕੇਵਲ ਵਿਚਾਰਨਯੋਗ ਦਲੀਲ ਹੈ ਕਿ ਜੇ ਮੁੱਢ ਤੇ ਲਿਖੀ ਬਾਣੀ ਰੱਬੀ ਗੁਣਾਂ ਬਾਰੇ ਹੈ ਤਾਂ ‘ਗੁਰ ਪ੍ਰਸਾਦਿ’ ਨੂੰ ਵੀ ਰੱਬੀ ਗੁਣ ਹੀ ਮੰਨਣ ਨਾਲ ਮਨੁੱਖਤਾ ਦਾ ਹੋਰ ਭਲਾ ਹੋ ਸਕਦਾ ਹੈ।

ਜਿਵੇਂ ‘ਅਕਾਲ ਮੂਰਤਿ’ ਦੀ ਵਿਚਾਰ ਸਮੇਂ ਅਸੀਂ ਸਮਝਣ ਦਾ ਜਤਨ ਕੀਤਾ ਕਿ ਅਕਾਲ ਲਫ਼ਜ਼ ਵੱਖਰਾ ਨਹੀਂ ਹੈ ਵਰਨਾ ਅਕਾਲ ਦੇ ‘ਲ’ ਨੂੰ ਔਂਕੜ (ੁ) ਲੱਗੀ ਹੋਣੀ ਸੀ। ਸੋ ਉਥੇ ਲਫ਼ਜ਼ ‘‘ਅਕਾਲ ਮੂਰਤਿ’’ ਇਕਠਿਆਂ ਹੀ ਇਕੋ ਭਾਵ ਅਰਥ ਲਈ ਰੱਬ ਜੀ ਦੇ ਗੁਣ ਬਾਰੇ ਵਿਚਾਰਨਾ ਹੈ। ਉਸੀ ਤਰ੍ਹਾਂ ‘ਗੁਰ ਪ੍ਰਸਾਦਿ’ ‘ਗੁਰ’ ਦੇ ‘ਰ’ ਨੂੰ ਔਂਕੜ ( ੁ) ਨਹੀਂ ਲੱਗੀ ਹੋਈ। ਇਸਦਾ ਮਤਲਬ ਗਿਆਨ ਲਈ ‘ਗੁਰ’ ਲਫ਼ਜ਼ ਵਰਤਿਆ ਹੈ। ਵੈਸੇ ਤਾਂ ਗੁਰ, ਸਤਿਗੁਰ, ਗੁਰੂ, ਸਤਿਗੁਰੂ ਕਿਸਮ ਦੇ ਸਾਰੇ ਲਫ਼ਜ਼ਾਂ ਦਾ ਇਕੋ ਹੀ ਭਾਵ ਅਰਥ ਵਿਚਾਰਨਯੋਗ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਇਸ ਕਿਸਮ ਨਾਲ ਇਹ ਸਾਰੇ ਲਫ਼ਜ਼ਾਂ ਦੇ ਅੰਤ ਵਿੱਚ ‘ਰ’ ਔਂਕੜ, ਮੁਕਤਾ ਜਾਂ ਸਿਹਾਰੀ ਨਾਲ ਵਰਤਿਆ ਗਿਆ ਹੈ। ਸੋ ‘ਅਕਾਲ ਮੂਰਤਿ’ ਵਾਂਗੂੰ ਲਫ਼ਜ਼ ‘ਗੁਰ’ ਨੂੰ ਵੀ ਜੇ ਕਰ ‘ਪ੍ਰਸਾਦਿ’ ਨਾਲ ਰਲਾ ਕੇ ਵਿਚਾਰੀਏ ਤਾਂ ਲਾਹੇਵੰਦ ਹੋਵੇਗਾ।

ਇਥੇ ਵਿਚਾਰਨਯੋਗ ਨੁਕਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਦੀ ਬਾਣੀ ਹੈ। ਹਰੇਕ ਨਵੇਂ ਰਾਗ ਦੇ ਮੁੱਢ ’ਤੇ ਵੀ ਜੇਕਰ ਗੁਰੂ ਨਾਨਕ ਪਾਤਸ਼ਾਹ ਨੇ ਉਸ ਰਾਗ ’ਚ ਬਾਣੀ ਉਚਾਰੀ ਹੈ ਤਾਂ ਉਨ੍ਹਾਂ ਦੀ ਬਾਣੀ ਹੈ। ਜਿਵੇਂ ਦੇਵ ਗੰਧਾਰੀ ਰਾਗ ’ਚ ਗੁਰੂ ਨਾਨਕ ਜੀ ਨੇ ਬਾਣੀ ਉਚਾਰੀ ਹੀ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ’ਚ ਦੇਵਗੰਧਾਰੀ ਰਾਗ ਚੌਥੀ ਪਾਤਸ਼ਾਹੀ ਤੋਂ ਸ਼ੁਰੂ ਕੀਤਾ ਗਿਆ ਹੈ ਵਰਨਾ ਹਰੇਕ ਰਾਗ ਦੀ ਮੁੱਢਲੀ ਬਾਣੀ ਵੀ ਨਾਨਕ ਪਾਤਸ਼ਾਹ ਜੀ ਦੀ ਹੀ ਹੈ। ਜਪੁਜੀ ਸਾਹਿਬ ਸ਼ੁਰੂ ਕਰਨ ਤੋਂ ਪਹਿਲਾਂ ‘‘ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 1) ਵਾਲਾ ਸ਼ਲੋਕ ਵੀ ਨਾਨਕ ਪਾਤਸ਼ਾਹ ਦਾ ਹੈ ਅਤੇ ਹਰੇਕ ਬਾਣੀ ਦੇ ਮੁੱਢ ’ਤੇ ਦਰਜ ਰੱਬੀ ਗੁਣ ੴ ਤੋਂ ਗੁਰ ਪ੍ਰਸਾਦਿ ਵੀ ਨਾਨਕ ਪਾਤਸ਼ਾਹ ਜੀ ਵਲੋਂ ਉਚਾਰੇ ਗਏ ਹਨ। ਸਿਧ ਗੋਸ਼ਟ ਵਿਚ ਵੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਨਾਲ ਵਾਰਤਾਲਾਪ ਦੀ ਬਾਣੀ ਹੈ। ਸਿੱਧਾਂ ਵਲੋਂ ਸਵਾਲ, ਨਾਨਕ ਪਾਤਸ਼ਾਹ ਵਲੋਂ ਜਵਾਬ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਦ੍ਰਿੜਾਏ ਸਿਧਾਂਤ, ਸਿੱਧ ਗੋਸ਼ਟਿ ਦੇ ਸਿਰਲੇਖ ਹੇਠਾਂ ਮਿਲਦੇ ਹਨ। ਉਨ੍ਹਾਂ ’ਚ ਸਿਧਾਂ ਨੇ ਨਾਨਕ ਜੀ ਨੂੰ ਪੁੱਛਿਆ ਕਿ ‘‘ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ’’ (ਗੁਰੂ ਗ੍ਰੰਥ ਸਾਹਿਬ, ਪੰਨਾ : 942) ਤਾਂ ਨਾਨਕ ਪਾਤਸ਼ਾਹ ਜਵਾਬ ਦਿੰਦੇ ਹਨ - ‘‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’’ (ਗੁਰੂ ਗ੍ਰੰਥ ਸਾਹਿਬ, ਪੰਨਾ : 943) ਇਸ ਦਾ ਮਤਲਬ ਨਾਨਕ ਪਾਤਸ਼ਾਹ ‘‘ਸ਼ਬਦ ਗੁਰੂ’’ ਦਾ ਸਿਧਾਂਤ ਸਾਰੀ ਮਨੁੱਖਤਾ ਅੱਗੇ ਰੱਖਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਹ ਬਹੁਤ ਅਹਿਮ ਸਿਧਾਂਤ ਹੈ ਕਿ ਗੁਰੂ ਕਦੀ ਸਰੀਰਕ ਨਹੀਂ ਹੁੰਦਾ ਅਤੇ ਨਾ ਹੀ ਸਰੀਰ ਕਰਕੇ ਕੋਈ ਚੇਲਾ ਹੁੰਦਾ ਹੈ। ਤੱਤ ਗਿਆਨ (ਸ਼ਬਦ ਗੁਰੂ) ਹੀ ਗੁਰੂ ਹੁੰਦਾ ਹੈ ਤੇ ਮਨੁੱਖ ਦੀ ਸੁਰਤ ਹੀ ਉਸ ਗਿਆਨ ਦੀ ਚੇਲਾ ਹੁੰਦੀ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਮਨੁੱਖਤਾ ਨੂੰ ਇਹ ਦ੍ਰਿੜਾਇਆ ਗਿਆ ਹੈ ਕਿ ਸਰੀਰ ਕਰਕੇ ਗੁਰੂ ਕੋਈ ਨਹੀਂ ਹੁੰਦਾ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਦਰਜ ਹੈ ਕਿ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ।’’ (ਗੁਰੂ ਗ੍ਰੰਥ ਸਾਹਿਬ, ਪੰਨਾ : 599) ਕਬੀਰ ਸਾਹਿਬ ਜੀ ਦੀ ਬਾਣੀ ’ਚ ਵੀ ਦਰਜ ਹੈ ਕਿ :-

ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ।। (ਗੁਰੂ ਗ੍ਰੰਥ ਸਾਹਿਬ, ਪੰਨਾ : 793)

ਆਓ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਥੋੜਾ ਹੋਰ ਅੱਗੇ ਵਧੀਏ, ਬਾਣੀ ’ਚ ਆਉਂਦਾ ਹੈ ਕਿ

(1) ਪਾਰਬ੍ਰਹਮ ਗੁਰ ਨਾਹੀ ਭੇਦ।। (ਗੁਰੂ ਗ੍ਰੰਥ ਸਾਹਿਬ, ਪੰਨਾ : 1142)

(2) ਗੁਰੁ ਪਰਮੇਸਰੁ ਏਕੋ ਜਾਣੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 864)

ਇਨ੍ਹਾਂ ਪੰਕਤੀਆਂ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਹ ਸਿਧਾਂਤ ਸਮਝ ਪੈਂਦਾ ਹੈ ਕਿ ਪਰਮੇਸ਼ਰ (ਰੱਬ ਜੀ) ਅਤੇ ਰੱਬ ਜੀ ਦਾ ਗਿਆਨ (ਗੁਰ) ਇਕੋ ਹੀ ਹਨ, ਇਕੋ ਹੀ ਮੰਨਣੇ ਹਨ। ਰੱਬ ਜੀ ਸੱਚੇ ਹਨ ਤੇ ਸੱਚੇ ਦਾ ਗਿਆਨ ਵੀ (ਸਤਿ) ਸੱਚ ਹੈ ਤੇ ਉਸੇ ਸੱਚੇ ਰੱਬ ਦੇ ਸੱਚੇ ਗਿਆਨ ਨੂੰ ਸਤਿਗੁਰ ਵੀ ਕਹਿੰਦੇ ਹਨ। ਸੋ ‘ਰੱਬ’ ਅਤੇ ‘ਗਿਆਨ ਗੁਰ’ ਰਲਵੇਂ ਭਾਵ ਅਰਥਾਂ ’ਚ ਲੈਣਾ ਹੈ।

ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚੋਂ ਅਸੀਂ ਪੰਕਤੀ ‘‘ਆਪਣਾ ਬਿਰਦ ਸਮਾਲੇ’’ ਪੜ੍ਹਦੇ ਹਾਂ ਤਾਂ ਇਸ ਦਾ ਵੀ ਭਾਵ ਇਹੋ ਸਮਝ ਪੈਂਦਾ ਹੈ ਕਿ ‘‘ਰੱਬ ਜੀ ਨੇ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ, ਉਦੋਂ ਤੋਂ ਭਾਵ ਮੁੱਢ ਕਦੀਮਾਂ ਤੋਂ, ਆਦਿ ਤੋਂ, ਰੱਬ ਜੀ ਨੇ ਮਨੁੱਖ ਦੇ ਭਲੇ ਲਈ (ਸਤਿਗੁਰ) ਗਿਆਨ (ਗੁਰ) ਵੀ ਕਿਰਪਾ ਸਦਕਾ ਦੇ ਦਿੱਤਾ ਹੈ। ਜੋ ਮਨੁੱਖ ਉਸ ਸੱਚੇ ਗਿਆਨ, ਸਤਿਗੁਰ ਅਨੁਸਾਰ ਜਿਊਂਦੇ ਹਨ, ਉਹ ਸਹਿਜ ਸੁਭਾਇ ਰੱਬੀ ਨਿਯਮਾਂ ਮੁਤਾਬਿਕ ਰੱਬੀ ਗੁਣਾਂ ਵਾਲਾ ਜੀਵਨ ਜਿਊਣ ਲੱਗ ਪੈਂਦੇ ਹਨ।’’ ਇਹੋ ਰੱਬ ਜੀ ਵਲੋਂ ਉਨ੍ਹਾਂ ਮਨੁੱਖਾਂ ਦੀ ਰੱਖਿਆ ਦਾ ਪ੍ਰਤੀਕ ਕਹਿਲਾਉਂਦਾ ਹੈ। ਕਿਰਪਾ (ਬਖ਼ਸ਼ਿਸ਼) ਲਫ਼ਜ਼ ਨੂੰ ਜੇ ਕਰ ਵਿਚਾਰੀਏ ਤਾਂ ਹੋਰ ਵਿਗਾਸ ਪ੍ਰਾਪਤ ਕਰ ਸਕਦੇ ਹਾਂ। ਦਰਅਸਲ ਕਿਰਪਾ (ਬਖ਼ਸ਼ਿਸ਼) ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਪ੍ਰਸਾਦਿ ਵੀ ਕਿਹਾ ਗਿਆ ਹੈ। ‘ਪ੍ਰਸਾਦਿ’ ਹੀ ਕਿਰਪਾ ਕਹਿਲਾਉਂਦਾ ਹੈ ਪਰ ਕਿਰਪਾ ਜਿਸ ’ਤੇ ਹੋ ਜਾਂਦੀ ਹੈ ਉਹ ਮਨੁੱਖ ਰੱਬੀ ਗੁਣਾਂ ਅਨੁਸਾਰ ਅਮਲੀ ਜੀਵਨੀ ਜਿਊਂਦਾ ਹੈ।

ਬਾਰਿਸ਼ ਇਹ ਦੇਖ ਕੇ ਨਹੀਂ ਹੁੰਦੀ ਕਿ ਭਾਂਡਾ ਕਿਹੋ ਜਿਹਾ ਹੈ। ਦਰਅਸਲ ਬਾਰਿਸ਼ ਤਾਂ ਸਭ ਲਈ ਚੰਗਾ-ਮੰਦਾ, ਪਾਪੀ-ਪੁੰਨੀ, ਆਸਤਕ-ਨਾਸਤਕ, ਸਭ ਲਈ ਹੁੰਦੀ ਹੈ ਪਰ ਜੇ ਭਾਂਡਾ ਸਿੱਧਾ ਹੈ ਤਾਂ ਉਸ ’ਚ ਪੈ ਜਾਂਦੀ ਹੈ। ਇਸਦਾ ਮਤਲਬ ਇਹ ਨਿਕਲਿਆ ਕਿ ਰੱਬ ਜੀ ਨੇ ਮਨੁੱਖਤਾ ਦੇ ਭਲੇ ਲਈ ਆਦਿ ਤੋਂ ਹੀ ਗਿਆਨ ਰੂਪੀ ਬਾਰਿਸ਼ ਦੀ ਬਖ਼ਸ਼ਿਸ਼ ਕੀਤੀ ਹੋਈ ਹੈ। ਜਿਸ ਮਨੁੱਖ ਦਾ ਮਨ ਰੂਪੀ ਭਾਂਡਾ ਸਿੱਧਾ ਹੁੰਦਾ ਹੈ ਤਾਂ ਉਸ ਵਿਚ ਗਿਆਨ ਰੂਪੀ ਬਾਰਿਸ਼ ਪੈ ਜਾਂਦੀ ਹੈ, ਉਸਦਾ ਜੀਵਨ ਰੱਬੀ ਗੁਣਾਂ ਵਾਲਾ ਹੋ ਜਾਂਦਾ ਹੈ, ਇਹੋ ਰੱਬੀ ਇਕਮਿੱਕਤਾ ‘‘ਹਰਿ ਜਨੁ ਐਸਾ ਚਾਹੀਏ ਜੈਸਾ ਹਰਿ ਹੀ ਹੋਇ’’ (ਗੁਰੂ ਗ੍ਰੰਥ ਸਾਹਿਬ, ਪੰਨਾ : 1372) ਦਾ ਲਖਾਇਕ ਹੈ।

ਪ੍ਰਸਾਦਿ (ਕਿਰਪਾ) ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਕੌਣ ਇਸਦੇ ਲਾਇਕ ਹੈ ਤੇ ਕੌਣ ਨਹੀਂ, ਜੇ ਇਸ ਤਰ੍ਹਾਂ ਹੋਵੇ ਤਾਂ ਤੇ ਵਿਤਕਰਾ ਹੋ ਜਾਵੇਗਾ। ਸੋ ‘ਪ੍ਰਸਾਦਿ’ ’ਚ ਵਿਤਕਰੇ ਦੀ ਨਜ਼ਰ ਹੁੰਦੀ ਹੀ ਨਹੀਂ। ਸਭ ਲਈ ‘ਬਿਨਾ ਵਿਤਕਰੇ ਦੀ ਬਾਰਿਸ਼’, ’ਚ ਗਿਆਨ ਰੂਪੀ ‘ਗੁਰ’ ਰੱਬ ਜੀ ਨੇ ਵਰਸਾਇਆ ਹੋਇਆ ਹੈ। ਕੇਵਲ ਆਪਣੇ ਭਾਂਡੇ (ਮਨ) ਸਿੱਧੇ ਕਰਨੇ ਹਨ ਤਾ ਕਿ ਉਸ ਵਿਚ ਰੱਬ ਰੂਪੀ ‘ਪ੍ਰਸਾਦਿ’ ਪੈ ਸਕੇ। ਰੱਬ ਜੀ ਦਾ ਇਹ ਗੁਣ ਹੈ ਕਿ ਰੱਬ ਜੀ ਗਿਆਨ-ਰੂਪੀ ਪ੍ਰਸਾਦਿ ਮਨੁੱਖਤਾ ਦੇ ਭਲੇ ਲਈ ਬਿਨਾ ਵਿਤਕਰੇ ਤੋਂ ਵਰਸਾਂਦੇ ਹੀ ਰਹਿੰਦੇ ਹਨ। ਗੁਰ-ਗਿਆਨ ਰੂਪੀ ਪ੍ਰਸਾਦਿ ਕੇਵਲ ਹਿੰਦੂ ਜਾਂ ਸਿੱਖ, ਮੁਸਲਮਾਨ ਜਾਂ ਇਸਾਈ ਜਾਂ ਕਿਸੇ ਖ਼ਾਸ ਫਿ਼ਰਕੇ ਨੂੰ ਦੇਣਾ ਹੈ ਤੇ ਖ਼ਾਸ ਫਿਰਕੇ ਨੂੰ ਨਹੀਂ ਦੇਣਾ ਹੈ, ਐਸਾ ਵਿਤਕਰਾ ਰੱਬ ਜੀ ਬਿਲਕੁਲ ਨਹੀਂ ਕਰਦੇ। ਭਾਵੇਂ ਕੋਈ ਅਨੀਸ਼ਵਰਵਾਦੀ ਜਾਂ ਸਾਮਵਾਦੀ ਜਾਂ ਨਾਸਤਕ ਹੀ ਕਿਉਂ ਨਾ ਹੋਵੇ। ਰੱਬੀ ਗਿਆਨ (ਗੁਰ ਪ੍ਰਸਾਦਿ) ਸਭ ਲਈ ਵਸ ਰਿਹਾ ਹੈ। ਇਹੋ ਕਾਰਨ ਹੈ ਕਿ ਨਾਸਤਕ ਵੀ ਰੱਬੀ ਗਿਆਨ ਦੇ ਅਨੁਕੂਲ ਖਾਂਦੇ-ਪੀਂਦੇ ਅਤੇ ਆਪਣੇ ਸਰੀਰ ਨੂੰ ਚਲਾਉਂਦੇ ਹਨ। ਉਹ ਰੱਬੀ ਹੋਂਦ ਤੋਂ ਮੁਨਕਰ ਹੋ ਕੇ ਵੀ ਰੱਬੀ ਗੁਰ ਗਿਆਨ ਤੋਂ ਮੁਨਕਰ ਨਹੀਂ ਹੋ ਸਕਦੇ ਹਨ।

ਦੁਨਿਆਵੀ ਬੋਲੀ ’ਚ ਜੇ ਕਰ ਇਸ ਨੁਕਤੇ ਨੂੰ ਥੋੜ੍ਹਾ ਵਿਚਾਰੀਏ ਤਾਂ ਇੰਜ ਕਹਿ ਸਕਦੇ ਹਾਂ, ਜਿਵੇਂ ਕਿ : ‘‘ਇਕ ਮਨੁੱਖ ਲੋੜਵੰਦ ਹੈ, ਉਸਨੂੰ ਕਿਸੇ ਚੀਜ਼ ਦੀ ਸਖ਼ਤ ਲੋੜ ਹੈ। ਹੁਣ ਜੇਕਰ ਕੋਈ ਮਨੁੱਖ ਉਸਦੇ ਅਵਗੁਣਾਂ ਨੂੰ, ਉਸਦੇ ਅਯੋਗਪੁਣੇ ਨੂੰ ਨਾ ਦੇਖ ਕੇ, ਕੇਵਲ ਕਿਰਪਾ ਭਾਵਨਾ ਨਾਲ (ਬਿਨਾ ਅਹਿਸਾਨ ਕੀਤਿਆਂ) ਉਸਦੀ ਲੋੜ ਪੂਰੀ ਕਰਦਾ ਹੈ ਤਾਂ ਇਹੋ ਪ੍ਰਸਾਦਿ ਕਹਿਲਾਉਂਦਾ ਹੈ।’’ ਪ੍ਰਸਾਦਿ ’ਚ ਇਹ ਇੰਤਜ਼ਾਰ ਨਹੀਂ ਹੁੰਦੀ ਕਿ ਲੋੜਵੰਦ ਮੇਰੇ ਬੂਹੇ ’ਤੇ ਮੰਗਣ ਆਵੇ ਤਾਂ ਹੀ ਦੇਵਾਂਗਾ। ਨਹੀਂ ਨਹੀਂ, ਪ੍ਰਸਾਦਿ ਪਿੱਛੇ ਤਾਂ ਕਰੁਣਾ ਦੀ ਰਹਿਮ ਭਰੀ ਹਮਦਰਦੀ, ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਮੰਗਣ ਵਾਲੇ ਲੋੜਵੰਦ ਨੂੰ ਸਮਰੱਥ ਦੇ ਬੂਹੇ ’ਤੇ ਨਹੀਂ ਜਾਣਾ ਪੈਂਦਾ ਬਲਕਿ ਸਮਰੱਥ ਆਪ ਲੋੜਵੰਦ ਦੇ ਬੂਹੇ ’ਤੇ ਬੱਦਲ ਵਾਂਗੂੰ ਜਾ ਕੇ ਵਰਖਾ ਕਰਨ ਲੱਗ ਪੈਂਦਾ ਹੈ। ਪ੍ਰਸਾਦਿ ਵਿਚ ਕਿਰਪਾ ਦ੍ਰਿਸ਼ਟੀ ਦੀ ਐਸੀ ਬਖ਼ਸ਼ਿਸ਼ ਹੁੰਦੀ ਹੈ ਕਿ ਬਿਨਾ ਵਿਤਕਰੇ, ਬਿਨਾ ਵਿਖਾਵੇ ਤੋਂ ਵਰਖਾ ਕਰੀ ਜਾਣਾ ਹੈ।

ਸੋ ਇਹ ਰੱਬ ਜੀ ਦੇ ਗੁਣਾਂ ’ਚੋਂ ਇਕ ਗੁਣ ਹੈ ‘‘ਗੁਰ ਪ੍ਰਸਾਦਿ’’ ਭਾਵ ਰੱਬ ਜੀ ਨੇ ਪ੍ਰਸਾਦਿ (ਕਿਰਪਾ) ਕਰਕੇ ਸ੍ਰਿਸ਼ਟੀ ਅਤੇ ਮਨੁੱਖਾਂ ਦੇ ਭਲੇ ਲਈ ਗਿਆਨ ਰੂਪੀ ਗੁਰ ਦੀ ਵਰਖਾ ਕੀਤੀ ਹੋਈ ਹੈ। ਅਸੀਂ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਜਾਈਏ ਅਤੇ ਕਮਰੇ ਵਿੱਚ ਹਨੇਰਾ ਹੋਵੇ ਪਰ ਜਿਉਂ ਹੀ ਕਮਰੇ ਅੰਦਰ ਰੌਸ਼ਨੀ ਜਗਦੀ ਹੈ ਤਾਂ ਸ਼ੀਸ਼ੇ ਵਿੱਚ ਸਾਨੂੰ ਆਪਣੀ ਸ਼ਕਲ ਨਜ਼ਰ ਆ ਜਾਂਦੀ ਹੈ। ਹੂ-ਬ-ਹੂ ਇਸੇ ਤਰ੍ਹਾਂ ਕਿਰਪਾ ਰੂਪੀ ਗੁਰ-ਗਿਆਨ, ਰੱਬ ਜੀ ਨੇ ਸਾਡੇ ਸਾਹਮਣੇ, ਹਰ ਜਗ੍ਹਾ, ਖਿਲਾਰਿਆ ਹੋਇਆ ਹੈ। ਜਿਸ ਤਰ੍ਹਾਂ ਕੰਡੇ ਦੇ ਨਾਲ ਫੁੱਲ ਲਗਾਇਆ ਹੋਇਆ ਹੈ, ਹਰ ਨਕਾਰਾਤਮਕ ਨਾਲ ਸਕਾਰਾਤਮਕ ਦਿੱਤਾ ਹੋਇਆ ਹੈ, ਹਰ ਦਿਨ ਦੇ ਨਾਲ ਰਾਤ, ਹਰ ਗਰਮੀ ਤੋਂ ਬਾਅਦ ਸਰਦੀ ਦੀ ਰੁੱਤ, ਭਾਵ ਇਹ ਸਾਰੀ ਜਗ੍ਹਾ ਸਾਰੀ ਕਾਇਨਾਤ ਵਿਚ ਸਾਨੂੰ ਨਾਲ-ਨਾਲ ਗੁਰ ਗਿਆਨ ਦਿੱਤਾ ਹੋਇਆ ਹੈ।

ਗਿਆਨ-ਗੁਰੂ ਦੇ ਨਾਲ ਜੇਕਰ ਅਸੀਂ ਆਪਣੇ ਹਿਰਦੇ ਵਿੱਚ ਚਾਨਣ ਕਰ ਲਿਆ ਤਾਂ ਅਸੀਂ ਆਪਣੇ ਆਪ ਨੂੰ ਪਛਾਣ ਜਾਵਾਂਗੇ ਕਿ :

ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ।।

(ਗੁਰੂ ਗ੍ਰੰਥ ਸਾਹਿਬ, ਪੰਨਾ : 129)

ਮੈਂ ਰੱਬ ਜੀ ਦੀ ਹੀ ਅੰਸ਼ ਹਾਂ, ਰੱਬ ਜੀ ਦਾ ਹੀ ਇਕ ਨਿੱਕਾ ਜਿਹਾ ਜ਼ੱਰਾ ਹਾਂ। ਅੱਗੇ ਹੁਣ ਵਿਚਾਰਨਾ ਹੋਰ ਜ਼ਰੂਰੀ ਹੋ ਗਿਆ ਹੈ ਕਿ ‘ਪ੍ਰਸਾਦਿ’ ਦੇ ‘ਦ’ ਨੂੰ (ਿ) ਸਿਹਾਰੀ ਲੱਗੀ ਹੈ। ਇਸਦਾ ਮਤਲਬ ਗਿਆਨ ਗੁਰ ਦੁਆਰਾ ਰੱਬੀ ਇਕਮਿਕਤਾ (ਕਿਰਪਾ) ਮਾਣੀ ਜਾ ਸਕਦੀ ਹੈ।

ਇਹ ਤਾਂ ਠੀਕ ਹੈ ਕਿ ‘ਗੁਰ ਪ੍ਰਸਾਦਿ’ ਰੱਬੀ ਗੁਣ ਹੈ ਕਿ ਰੱਬ ਜੀ ਨੇ ਪ੍ਰਸਾਦਿ ਕਰਕੇ, ਕਿਰਪਾ ਕਰਕੇ ‘ਗੁਰ’ ਦੇ ਦਿੱਤਾ ਹੈ ਪਰ ਜੋ ਵੀ ਮਨੁੱਖ ਗੁਰ (ਗਿਆਨ) ਰਾਹੀਂ ਆਪਣੇ ਜੀਵਨ ਦੀ ਨੁਹਾਰ ਗੁਰਮੁਖ ਕਰ ਲੈਂਦਾ ਹੈ ਉਸਦਾ ਭਾਂਡਾ (ਮਨ) ਸੰਵਰ ਜਾਂਦਾ ਹੈ। ਰੱਬੀ ਇਕਮਿੱਕਤਾ ਮਾਨਣ ਦਾ ਇਕੋ ਇਕ ਤਰੀਕਾ ਹੈ ਗੁਰ-ਗਿਆਨ ਭਾਵ ਸੱਚੇ ਗਿਆਨ (ਸਤਿਗੁਰ) ਅਨੁਸਾਰ ਜਿਊਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਆਉਂਦਾ ਹੈ, ‘‘ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ।। ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 1372) ਭਾਵ ਸੱਚ ਦੇ ਗਿਆਨ ਬਿਨਾ ਮਨੁੱਖ ਧਰਮੀ ਹੋ ਹੀ ਨਹੀਂ ਸਕਦਾ।

ਕਈ ਸੱਜਣ ਕਹਿੰਦੇ ਹਨ, ਰੱਬ ਨੂੰ ਪ੍ਰੇਮ ਨਾਲ ਪਾ ਸਕਦੇ ਹਾਂ ਜਾਂ ਗਿਆਨ ਨਾਲ। ਸੋ ਆਮ ਤੌਰ ’ਤੇ ਇਹ ਦੋ ਰਸਤੇ ਦੱਸੇ ਜਾਂਦੇ ਹਨ। ਵਿਚਾਰਨਯੋਗ ਨੁਕਤਾ ਇਹੋ ਹੈ ਕਿ ਭਾਵੇਂ ਪ੍ਰੇਮ ਮਾਰਗ ਅਪਣਾਓ ਤੇ ਭਾਵੇਂ ਗਿਆਨ, ਦੋਨਾਂ ਦਾ ਆਸ਼ਾ ਸੱਚਾ ਜੀਵਨ ਹੀ ਹੈ। ਦੋਨਾਂ ਦੇ ਰਸਤੇ ਰੱਬੀ ਇਕਮਿੱਕਤਾ, ਰੱਬੀ ਗੁਣਾਂ ’ਤੇ ਪਹੁੰਚਦੇ ਹਨ। ਭਾਵੇਂ ਮਨੁੱਖ ਸੱਚੇ ਗਿਆਨ ਨਾਲ ਸਭ ਜਗ੍ਹਾ, ਹਰੇਕ ਵਿਚ ‘‘ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 988) ਵੇਖੇ ਤੇ ਭਾਵੇਂ ਪ੍ਰੇਮ ’ਚ ਉਸਨੂੰ ‘‘ਸਭੈ ਘਟ ਰਾਮੁ ਬੋਲੈ’’ (ਗੁਰੂ ਗ੍ਰੰਥ ਸਾਹਿਬ, ਪੰਨਾ : 988) ਨਜ਼ਰੀਂ ਪਵੇ। ਦੋਵਾਂ ਦਾ ਸਿੱਟਾ ਇਕੋ ਹੀ ਹੈ। ਪ੍ਰੇਮੀ ਜਾਂ ਗਿਆਨੀ ਦੀ ਜੀਵਨੀ ਦੇ ਗੁਣ ‘ਹਰਿ ਜੀ’ ਵਾਲੇ ਹੀ ਬਣ ਜਾਂਦੇ ਹਨ। ਜਿਸ ਗਿਆਨ ਨਾਲ ਵਿਤਕਰੇ ਦੀ ਨਜ਼ਰ ਠੀਕ ਨਹੀਂ ਹੋਈ ਤੇ ਤੇਰ-ਮੇਰ ਮਜ਼ਹਬੀ ਵਿਤਕਰਾ ਖਤਮ ਨਹੀਂ ਹੋਇਆ ਅਤੇ ਜਿਸ ਪ੍ਰੇਮ ’ਚ ਪ੍ਰੇਮੀ ਤੋਂ ਇਲਾਵਾ ਬਾਕੀ ਸਭ ਓਪਰੇ ਲੱਗਦੇ ਹਨ, ਐਸੇ ਗਿਆਨੀ ਅਤੇ ਪ੍ਰੇਮੀ ਝੂਠੇ ਹਨ। ਪਰ ਸਤਿਗੁਰ (ਸੱਚ ਦਾ ਗਿਆਨ) ਅਤੇ ਸੱਚਾ ਪ੍ਰੇਮ, ਇਸੇ ਗੁਣ ਦੇ ਲਖਾਇਕ ਹਨ ਕਿ ਸਭ ਜਗ੍ਹਾ, ਸਭ ਵਿੱਚ ਇਕ ਰੱਬ ਨਜ਼ਰੀਂ ਪੈਂਦਾ ਹੈ ਤੇ ਰੱਬੀ ਗੁਣਾਂ ਵਾਲਾ ਜੀਵਨ ਹੀ ਉਨ੍ਹਾਂ ਦੇ ਗਿਆਨ ਜਾਂ ਪ੍ਰੇਮ ਦਾ ਪ੍ਰਤੀਕ ਹੁੰਦਾ ਹੈ।

ਰੱਬ ਜੀ ਦੇ ‘ਗੁਰ ਪ੍ਰਸਾਦਿ’ ਵਾਲੇ ਗੁਣ ਨੂੰ ਆਪਣੇ ਜੀਵਨ ’ਚ ਧਾਰਨ ਕਰਨ ਲਈ ਅਸੀਂ ਪਹਿਲਾਂ ਸੱਚ ਦਾ ਗਿਆਨ ਹਾਸਲ ਕਰਨਾ ਹੈ ਤੇ ਸੱਚ ਦੇ ਗਿਆਨ ਕਾਰਨ ਸਾਡਾ ਜੀਵਨ ਧਾਰਮਿਕਤਾ ਭਰਪੂਰ ਹੋ ਜਾਵੇਗਾ। ਫਿਰ ਅਸੀਂ ਵੀ ‘‘ਕਾਹੂ ਫਲ ਕੀ ਇਛਾ ਨਹੀ ਬਾਛੈ’’ (ਗੁਰੂ ਗ੍ਰੰਥ ਸਾਹਿਬ, ਪੰਨਾ : 274) ਜੀਵਾਂਗੇ। ਸਰਬੱਤ ਦੇ ਭਲੇ ਲਈ ਬਿਨਾ ਵਿਤਕਰੇ ਤੋਂ, ਬਿਨਾ ਅਹਿਸਾਨ ਜਤਲਾਇਆਂ, ਅਸੀਂ ਭਲਾਈ ਵਾਲਾ ਜੀਵਨ ਜਿਊਣ ਲੱਗ ਪਵਾਂਗੇ। ਅਸੀਂ ਇਹ ਨਹੀਂ ਕਹਾਂਗੇ ਕਿ ਮੈਂ ਸੱਚ ਦਾ ਪ੍ਰਚਾਰ ਨਹੀਂ ਕਰਨਾ ਕਿਉਂਕਿ ਲੋਕੀ ਮੰਨਦੇ ਤਾਂ ਹੈ ਨਹੀਂ ਜਾਂ ਫਲਾਣੇ ਦਾ ਭਲਾ ਕਿਉਂ ਕਰਾਂ ਜੇ ਉਹ ਮੰਗਣ ਆਇਆ ਹੀ ਨਹੀਂ। ਬਸ, ਅਸੀਂ ਤਾਂ ਡੁਲ੍ਹਦੇ ਜਾਣਾ ਹੈ, ਪਿਆਰ ਵੰਡਦੇ ਜਾਣਾ ਹੈ, ਕੋਈ ਲਵੇ ਜਾਂ ਨਾ ਲਵੇ।

ਕਈ ਮਾਂਪੇ ਬੱਚਿਆਂ ਨੂੰ ਗੁੱਸਾ ਕਰਦੇ ਹਨ ਕਿ ਤੁਹਾਡੇ ਭਲੇ ਲਈ ਕਹਿ ਰਹੇ ਹਾਂ, ਤੁਹਾਡੇ ਲਈ ਕਮਾ ਰਹੇ ਹਾਂ ਆਦਿ, ਆਦਿ। ਇਹ ‘ਪ੍ਰਸਾਦਿ’ ਵਾਲਾ ਗੁਣ ਨਹੀਂ ਹੈ। ਰੱਬ ਜੀ ਦੇ ‘ਪ੍ਰਸਾਦਿ’ ਵਾਲੇ ਗੁਣਾਂ ਨਾਲ ਜਿਊਣ ਵਾਲਾ ਕਦੀ ਵੀ ਇਸ ਤਰ੍ਹਾਂ ਦੀ ਬੋਲੀ ਬੋਲ ਹੀ ਨਹੀਂ ਸਕਦਾ। ਰੱਬ ਜੀ ਦਾ ਗੁਣ ਹੈ ਕਿ ਰੱਬ ਜੀ ਗਿਆਨ ਵੀ ਕਿਰਪਾ ਕਰਕੇ ਦਿੰਦੇ ਨੇ। ਕਿਸੇ ’ਤੇ ਰੋਅਬ ਝਾੜ ਕੇ ਨਹੀਂ, ਕਿਸੇ ਨੂੰ ਡਰਾ-ਧਮਕਾ ਕੇ ਨਹੀਂ। ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਜੇ ਤੂੰ ਇੰਝ ਕੀਤਾ ਤੇ ਉਂਝ ਹੋ ਜਾਵੇਗਾ। ਗੁਰੂ ਗ੍ਰੰਥ ਸਾਹਿਬ ਵਿਚ ਰੱਬ ਜੀ ਦਾ ਇਹ ਗੁਣ ਸਾਨੂੰ ਕਿਉਂ ਸਮਝਾ ਰਹੇ ਹਨ? ਦਰਅਸਲ ਇਸ ਗੁਣ ਰਾਹੀਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਰੱਬ ਗਿਆਨ ਦਿੰਦਾ ਹੈ ਅਤੇ ਦਿੰਦਾ ਕਿਰਪਾ ਦੇ ਨਾਲ ਹੈ। ਉਸਦੀ ਕਿਰਪਾ ਦੇ ਰਾਹੀਂ ਜਿਹੜਾ ਗਿਆਨ ਸਾਨੂੰ ਪ੍ਰਾਪਤ ਹੋਵੇਗਾ, ਉਸ ਰਾਹੀਂ ਅਸੀਂ ਆਪਣੀ ਸ਼ਖ਼ਸੀਅਤ ਘੜ ਸਕਦੇ ਹਾਂ।

ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 129)

ਸੋ ‘ਗਿਆਨ ਗੁਰ’ ਦੇ ‘ਪ੍ਰਸਾਦਿ’ ਰਾਹੀਂ ਮਨੁੱਖ ਰੱਬੀ ਗੁਣਾਂ ਨੂੰ ਆਪਣੇ ਜੀਵਨ ’ਚ ਢਾਲ ਸਕਦਾ ਹੈ। ਜਿਸਦਾ ਜੀਵਨ ਉੱਚੇ ਆਚਰਣ ਵਾਲਾ ਬਣ ਜਾਂਦਾ ਹੈ, ਉਸਦੇ ਪਿੱਛੇ ਗੁਰ ਗਿਆਨ ਦੀ ਪ੍ਰਸਾਦਿ (ਕਿਰਪਾ) ਹੀ ਹੁੰਦੀ ਹੈ। ਸੋ ‘‘ਕਬੀਰਾ ਜਹਾ ਗਿਆਨੁ ਤਹ ਧਰਮੁ ਹੈ’’ (ਗੁਰੂ ਗ੍ਰੰਥ ਸਾਹਿਬ, ਪੰਨਾ : 1372) ਇਹੋ ਸਮਝਾਉਂਦਾ ਹੈ, ‘‘ਗੁਰ ਬਿਨੁ ਕੋਇ ਨ ਉਤਰਸਿ ਪਾਰਿ’’ (ਗੁਰੂ ਗ੍ਰੰਥ ਸਾਹਿਬ, ਪੰਨਾ : 864), ਇਹੋ ਦ੍ਰਿੜਾਉਂਦਾ ਹੈ।
.