.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਪਚੀਸਵੀ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਬਦ ਤੋਂ ਬਦਤਰ, ਪਰ ਸੰਭਾਲ ਦੇ ਯਤਨ ਵੀ

ਇਸ ਤਰ੍ਹਾਂ ਭਲੀ ਭਾਂਤੀ ਅੰਦਾਜ਼ਾ ਲਗਾ ਚੁੱਕੇ ਹਾਂ ਕਿ ਖਾਲਸਾ ਰਾਜ ਦੀ ਪ੍ਰਾਪਤੀ, ਸਿੱਖੀ ਜੀਵਨ ਤੇ ਸਿੱਖ ਰਹਿਣੀ ਪੱਖੋਂ ਸਾਡੀ ਹੋਰ ਵੀ ਤਬਾਹੀ ਦਾ ਕਾਰਣ ਬਣੀ ਸੀ। ਬਲਕਿ ਬ੍ਰਾਹਮਣੀ ਅਤੇ ਅਨਮਤੀ ਖੂਹ ਦੀ ਗਹਿਰਾਈ `ਚ ਅਸੀਂ ਇੰਨਾਂ ਵਧ ਧੱਸ ਗਏ ਕਿ ਜਿੱਥੋਂ ਗੁਰਬਾਣੀ ਦੇ ਰੱਸੇ ਤੋਂ ਬਿਨਾ ਨਿਕਲਣਾ, ਸਾਡੇ ਲਈ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ ਰਹਿ ਗਿਆ। ਜਦਕਿ ਇਹ ਰੱਸਾ ਤਾਂ ਸਾਨੂੰ ਸੰਨ ੧੭੧੬ ਤੋਂ ਲੈ ਕੇ ਅੱਜ ਤੀਕ ਨਸੀਬ ਹੀ ਨਹੀਂ ਸੀ ਹੋ ਰਿਹਾ। ਇਸੇ ਕਾਰਣ ਉਦੋਂ ਤੋਂ ਲੈ ਕੇ ਅੱਜ ਤੀਕ ਸਿੱਖੀ ਜੀਵਨ ਤੇ ਰਹਿਨੀ ਪੱਖੋਂ ਬਤੌਰ ਸਿੱਖ ਸਾਡੀ ਹਾਲਤ ਦਿਨੋ ਦਿਨ ਬਦ ਤੋਂ ਵੀ ਬਦਤਰ ਹੁੰਦੀ ਗਈ। ਫ਼ਿਰ ਵੀ ਕਿਧਰੇ ਨਾ ਕਿਧਰੇ ਸਿੱਖੀ ਦਰਦ ਦੀਆਂ ਕਿਰਨਾਂ ਤੇ ਚਿੰਗਾਰੀਆਂ ਸੁਲਘ ਰਹੀਆਂ ਸਨ; ਕਿਉਂਕਿ ਸਿੱਖ ਕੀ ਤੇ ਗ਼ੁਲਾਮੀ ਕੀ? ਦੋਨਾਂ ਦਾ ਆਪਸ `ਚ ਕੋਈ ਜੋੜ ਨਹੀਂ।

ਸੰਨ ੧੮੩੯ ਤੋਂ ੧੮੪੯ ਜਿੱਥੇ ਇੱਕ ਪਾਸੇ ਸਿੱਖ ਰਾਜ ਦਾ ਪਤਨ ਅਤੇ ਅੰਗ੍ਰੇਜ਼ਾਂ ਨਾਲ ਖੂਨੀ ਜੰਗ ਚੱਲ ਰਹੇ ਸਨ, ਦੂਜੇ ਪਾਸੇ, ਉਥੇ ਨਾਲ ਹੀ ਸੰਨ ੧੮੪੫ ਤੋਂ ੧੮੭੩ ਦਾ ਇਹ ਉਹ ਸਮਾਂ ਹੈ ਜਦੋਂ ਸਿੱਖਾਂ `ਚ ਵੀ ਜਾਗ੍ਰਤੀ ਲਹਿਰਾਂ ਫ਼ਿਰ ਤੋਂ ਪਣਪਣੀਆਂ ਅਰੰਭ ਹੋ ਗੲਆਂ। ਉਪ੍ਰੰਤ ਉਸੇ ਦਾ ਨਤੀਜਾ ਸਨ, ਨਿਰੋਲ ਸਿੱਖੀ ਜੀਵਨ ਦੀ ਸੰਭਾਲ ਲਈ ਨਾਮਧਾਰੀ, ਨਿਰੰਕਾਰੀ ਤੇ ਫ਼ਿਰ ਸਿੰਘ ਸਭਾ ਲਹਿਰ ਦਾ ਉਭਰਣਾ। ਅਕਾਲਪੁਰਖ ਨੇ ਖੇਡ ਵਰਤੀ ਅਤੇ ਉਦੋਂ ਅਜਿਹੇ ਨਿਘਰ ਚੁੱਕੇ ਪੰਥਕ ਹਾਲਾਤ ਦੌਹਰਾਨ ਵੀ ਭਾਈ ਮਹਾਰਾਜ ਸਿੰਘ ਜੀ ਵਰਗੇ ਮਹਾਬਲੀ ਤੇ ਸੂਰਮੇ ਇਸ ਮੈਦਾਨ `ਚ ਨਿੱਤਰੇ। ਇਸੇ ਤਰ੍ਹਾਂ ਬਾਬਾ ਰਾਮ ਸਿੰਘ ਜੀ ਦੀ ਅਗਵਾਈ `ਚ ਪਹਿਲਾਂ ਨਾਮਧਾਰੀ ਲਹਿਰ ਨੇ ਜਨਮ ਲਿਆ। ਫ਼ਿਰ ਇਸ ਤੋਂ ਕੁੱਝ ਸਾਲ ਬਾਅਦ ਹੀ ਰਾਵਲਪਿੰਡੀ ਤੋਂ ਭਾਈ ਦਇਆਲ ਦਾਸ ਜੀ ਦੀ ਅਗਵਾਈ `ਚ ਨਿਰੰਕਾਰੀ ਲਹਿਰ ਦੇ ਰੂਪ `ਚ ਕੌਮ ਮੈਦਾਨ `ਚ ਨਿੱਤਰੀ।

ਨਾਮਧਾਰੀ ਲਹਿਰ ਤੇ ਨਿਰੰਕਾਰੀ ਲਹਿਰ, ਕੌਮ `ਚ ਇਹ ਦੋਵੇਂ ਲਹਿਰਾਂ ਲਗਭਗ ੧੦-੧੨ ਸਾਲ ਦੇ ਅੰਤਰ ਨਾਲ ਅੱਗੇ ਪਿੱਛੇ ਉਭਰੀਆਂ। ਇੰਨ੍ਹਾਂ ਦੋਨਾਂ ਲਹਿਰਾਂ ਰਾਹੀਂ ਪੰਥਕ ਸੰਭਾਲ ਲਈ ਕੀਤੇ ਯਤਨਾਂ ਕਾਰਣ ਪੰਥ `ਚ ਮੁੜ ਤੋਂ ਭਰਵੀਂ ਜਾਗ੍ਰਤੀ ਆਈ। ਸਿੱਖਾਂ ਵਿਚਕਾਰ ‘ਅਨੰਦ ਮੈਰਿਜ ਐਕਟ’ ਜਿਹੜਾ ਕਿ ਅੰਤ ਸੰਨ ੧੯੧੦ `ਚ ਬੇਅੰਤ ਕੁਰਬਾਣੀਆਂ ਤੋਂ ਬਾਅਦ ਕਾਨੂੰਨ ਬਣ ਕੇ ਸੰਸਾਰ ਸਾਹਮਣੇ ਆਇਆ। ਇਹ ਉਸ ਸਮੇਂ, ਨਿਰੰਕਾਰੀ ਲਹਿਰ ਦੀ ਹੀ ਦੇਣ ਸੀ। ਇਸ `ਚ ਵੀ ਸ਼ੱਕ ਨਹੀਂ ਕਿ ਸਮੇਂ ਨਾਲ ਨਿਰੰਕਾਰੀ ਤੇ ਨਾਮਧਾਰੀ, ਇਹ ਦੋਵੇਂ ਪੰਥਕ ਲਹਿਰਾਂ, ਗ਼ਲਤ ਹੱਥਾਂ `ਚ ਪਹੁੰਚ ਕੇ ਗੁਰੂਡਮਾਂ ਦਾ ਸ਼ਿਕਾਰ ਹੋ ਗਈਆਂ। ਜਦਕਿ ਪੰਥਕ ਤਲ `ਤੇ ਇਨ੍ਹਾਂ ਰਾਹੀਂ ਆਪਣੇ ਉਸ ਅਰੰਬਕ ਸਮੇਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਗੁਮਰਾਹਕੁਣ ਲਿਖਤਾਂ, ਗੁਰੂਡੰਮਾਂ ਦਾ ਜ਼ੋਰ ਤੇ ਗੁਰੂ ਕਾ ਪੰਥ-ਸੰਨ ੧੮੮੨ `ਚ ਨਾਮਧਾਰੀ ਲਹਿਰ ਦੇ ਜਨਮ ਦਾਤਾ, ਬਾਬਾ ਰਾਮ ਸਿੰਘ ਜੀ ਨੂੰ ਗ੍ਰਿਫਤਾਰ ਕਰ ਕੇ ਕਾਲੇ ਪਾਣੀ ਦੀ ਸਜ਼ਾ ਦੇ ਕੇ, ਬਰਮਾ ਵਿਖੇ ਰੰਗੂਨ ਦੀ ਜੇਲ `ਚ ਭੇਜ ਦਿੱਤਾ ਗਿਆ। ਇਹ ਵੀ ਸੱਚ ਹੈ ਕਿ ਬਾਬਾ ਰਾਮ ਸਿੰਘ ਜੀ, ਅੰਤ ਤੀਕ ‘ਗੁਰੂ ਗ੍ਰੰਥ ਸਾਹਿਬ’ ਦੇ ਹੀ ਵਫ਼ਾਦਾਰ ਸਿੱਖ ਸਨ। ਇਸ ਗੱਲ ਦਾ ਵੱਡਾ ਸਬੂਤ, ਕਿ ਉਨ੍ਹਾਂ ਆਪਣੇ ਅੰਤ ਸਮੇਂ ਤੱਕ ਕੇਵਲ ਤੇ ਕੇਵਲ “ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹੀ ਅਪਣਾ ਗੁਰੂ ਮੰਨਿਆ। ਇਸ ਸੰਬੰਧ `ਚ, ਉਨ੍ਹਾਂ ਦੀ ਆਪਣੀ ਲਿਖਤ, ਉਨ੍ਹਾਂ ਦੀਆਂ ‘ਜੇਲ ਚਿਠੀਆਂ’ ਇਸ ਪੱਖੋਂ ਸਭ ਤੋਂ ਵੱਡਾ ਸਬੂਤ ਹਨ। ਜਦਕਿ ਇਹ ਵੀ ਸੱਚ ਹੈ ਕਿ ਬਾਬਾ ਰਾਮ ਸਿੰਘ ਜੀ ਅੰਤ, ਉਥੇ ਰੰਗੂਨ ਵਿਖੇ ਹੀ ਸੰਨ ੧੮੮੫ `ਚ ਗੁਰਪੁਰੀ ਨੂੰ ਵੀ ਸਿਧਾਰ ਗਏ।

ਇਸ ਤਰ੍ਹਾਂ ਇਧਰ ਬਾਬਾ ਦਿਆਲ ਦਾਸ ਜੀ ਤੋਂ ਬਾਅਦ ਨਿਰੰਕਾਰੀ ਲਹਿਰ ਬਾਬਾ ਰੱਤਾ ਜੀ ਦੀ ਸੰਭਾਲ `ਚ ਅੱਗੇ ਵਧੀ। ਜਦਕਿ ਇਹ ਵੀ ਸੱਚ ਹੈ ਕਿ ਬਾਬਾ ਦਿਆਲ ਦਾਸ ਜੀ ਵਾਲੀ ਅਸਲੀ ਨਿਰੰਕਾਰੀ ਲਹਿਰ ਅੱਜ ਵੀ ਕਾਇਮ ਹੈ। ਇਹ ਵੀ ਕਿ ਕੁੱਝ ਸਮਾਂ ਪਹਿਲਾਂ ਬਾਬਾ ਮਾਨ ਸਿੰਘ ਨਿਰੰਕਾਰੀ ਚੰਡੀਗੜ੍ਹ ਵਿਖੇ ਇਸ ਦੀ ਜ਼ਿੰਮੇਵਾਰੀੰ ਨੂੰ ਨਿਭਾ ਰਹੇ ਸਨ ਤੇ ਲਹਿਰ ਅਜੇ ਵੀ ਚੱਲ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਬਾਬਾ ਰੱਤਾ ਜੀ ਦੇ ਸਮੇਂ `ਚ ਹੀ, ਇਸ ਅਸਲ ‘ਨਿਰੰਕਾਰੀ ਲਹਿਰ’ ਦੇ ਨਾਂ ਨੂੰ ਵਰਤ ਕੇ, ਇੱਕ ਵਿਭਚਾਰੀ ਭਾਈ ਬੂਟਾ ਸਿੰਘ ਨੇ ਆਪਣੇ ਤੌਰ `ਤੇ ਇੱਕ ਹੋਰ ਨਿਰੰਕਾਰੀ ਲਹਿਰ ਕਾਇਮ ਕਰ ਲਈ। ਉਪ੍ਰੰਤ ਇਸੇ ਬੂਟਾ ਸਿੰਘ ਵਾਲੀ ਲਹਿਰ `ਚ ਇੱਕ ਅਵਤਾਰ ਸਿੰਘ ਨਾਂ ਦਾ ਸੱਜਨ ਵੀ ਸ਼ਾਮਲ ਹੋ ਗਿਆ। ਇਸ ਤਰ੍ਹਾਂ ਅਸਲ ਨਿਰੰਕਾਰੀ ਲਹਿਰ ਦੇ ਨਾਲ-ਨਾਲ, ਇਹ ਦੂਜੀ ਤੇ ਅਜੋਕੀ ਨਕਲੀ ਨਿਰੰਕਾਰੀ ਲਹਿਰ ਵੀ ਹੋਂਦ `ਚ ਆ ਗਈ। ਉਂਜ ਇਹ ਸਾਰਾ ਵਿਸ਼ਾ ਨਿਰੰਕਾਰੀ ਲਹਿਰ ਦੇ ਇਤਿਹਾਸ ਤੋਂ ਪੂਰੀ ਤਰ੍ਹਾਂ ਵਾਚਿਆਂ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ, ਜਦਕਿ ਇਥੇ ਉਸ ਵੇਰਵੇ `ਚ ਜਾਣ ਦੀ ਬਹੁਤੀ ਲੋੜ ਨਹੀਂ। ਵਿਸ਼ੇ ਅਨੁਸਾਰ ਇਥੇ ਤਾਂ ਸਾਡਾ ਸੰਬੰਧ ਕੇਵਲ ਬਾਬਾ ਦਿਆਲ ਦਾਸ ਜੀ ਤੇ ਬਾਬਾ ਰਤਾ ਜੀ ਵਾਲੀ ਅਸਲ ਨਿਰੰਕਾਰੀ ਲਹਿਰ ਨਾਲ ਹੀ ਹੈ।

ਉਪ੍ਰੰਤ ਜਿੱਥੋਂ ਤੱਕ ਨਾਮਧਾਰੀ ਲਹਿਰ ਦਾ ਸੰਬੰਧ ਹੈ। ਉਥੇ ਵੀ ਬਾਬਾ ਰਾਮ ਸਿੰਘ ਜੀ ਤੋਂ ਬਾਅਦ, ਸਮਾਂ ਪਾ ਕੇ ਕੁੱਝ ਮੌਕਾ ਪ੍ਰਸਤ, ਨਾਮਧਾਰੀ ਲਹਿਰ `ਤੇ ਵੀ ਛਾ ਗਏ। ਉਸੇ ਦਾ ਨਤੀਜਾ ਕਿ ਇਸ ਤਰ੍ਹਾਂ ਇਹ ਦੋਵੇਂ ਸਿੱਖ ਲਹਿਰਾਂ, ਕੁੱਝ ਸਮੇਂ ਬਾਅਦ ਹੀ ਗੁਰੂਡੰਮਾਂ ਦਾ ਸ਼ਿਕਾਰ ਹੋ ਗਈਆਂ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦੁਰ, ਜਿੰਨ੍ਹਾਂ ਨੇ ਆਪਣੇ ਖੂਨ ਦਾ ਆਖਰੀ ਕਤਰਾ ਤੀਕ ਸਿੱਖੀ ਸਿਦਕ `ਚ, ਗੁਰੂ ਦੇ ਚਰਨਾਂ ਤੋਂ ਨਿਛਾਵਰ ਕਰ ਦਿੱਤਾ ਸੀ। ਜਦਕਿ ਉਨ੍ਹਾਂ ਨੂੰ ਬਦਨਾਮ ਕਰਣ ਲਈ ਵੀ ਅਜਿਹੀਆਂ ਲਿਖਤਾਂ ਦੀ ਭਰਮਾਰ ਕਰ ਦਿੱਤੀ ਗਈ, ਜਿਵੇਂ ਕਿ ਆਪਣੇ ਸਮੇਂ `ਚ ‘ਬਾਬਾ ਜੀ ਵੀ ‘ਗੁਰੂ’ ਬਣ ਬੈਠੇ ਸਨ’। ਜਿਹੜਾ ਕਿ ਮੂਲੋਂ ਹੀ ਗੁਮਰਾਜਕੁਣ ਤੇ ਝੂਠਾ ਪ੍ਰਚਾਰ ਸੀ।

ਇਸੇ ਤਰ੍ਹਾਂ ਮਾਤਾ ਸੁੰਦਰ ਕੌਰ ਦੇ ਪਾਲਤੂ ਪੁੱਤਰ ਅਜੀਤ ਸਿੰਘ, ਜਿਸ ਨੂੰ ਕਿ ਪੰਥ ਨੇ ਕਦੇ ਪ੍ਰਵਾਣ ਹੀ ਨਹੀਂ ਸੀ ਕੀਤਾ, ਉਸ ਦੇ ਨਾਮ `ਤੇ ਵੀ ਇੱਕ ਹੋਰ ਤੇ ਵੱਖਰਾ ‘ਗੁਰੂਡੰਮ’ ਪ੍ਰਚਲਤ ਕੀਤਾ ਗਿਆ। ਇਹ ਵੱਖਰੀ ਗੱਲ ਹੈ ਕਿ ਜੇ ਇਤਿਹਾਸਕ ਗਹਿਰਾਈਆਂ `ਚ ਜਾਇਆ ਜਾਵੇ ਤੇ ਇਨ੍ਹਾਂ ਸਾਰੇ ਪੰਥ ਵਿਰੋਧੀ ਖਡਯੰਤਰਾਂ ਨੂੰ ਵਧ ਤੋਂ ਵਧ ਹਵਾ ਦੇਣ `ਚ ਵੱਡਾ ਹੱਥ, ਉਸ ਸਮੇਂ ਭਾਰਤ `ਤੇ ਕਾਬਿਜ਼ ਹੋ ਚੁੱਕੇ ਅੰਗ੍ਰੇਜ਼ ਹਾਕਮਾਂ ਦਾ ਹੀ ਸੀ।

ਇਸ ਤਰ੍ਹਾਂ ਉਸ ਸਮੇਂ ਦੋਹਰਾਨ ਪੰਥ `ਚ ਹਰ ਪਖੋਂ ਤੇ ਦਿਨ-ਰਾਤ ਪੰਥ ਵਿਰੋਧੀ ਲਿਖਤਾਂ ਦੇ ਨਾਲ ਨਾਲ ਅਜਿਹੇ ਗੁਰੂਡੰਮਾਂ ਦੀਆਂ ਗਿਣਤੀਆਂ ਹੀ ਵਾਧੇ `ਤੇ ਸਨ। ਇਸ ਤਰ੍ਹਾਂ ਇੱਕ ਪਾਸੇ ਵਿਰੋਧੀ ਲਿਖਤਾਂ ਦਾ ਸਾਰਾ ਜ਼ੋਰ ਹੀ ਗੁਰੂ ਕਾਲ ਦੇ ਸਿੱਖ ਇਤਿਹਾਸ ਨੂੰ ਖ਼ਤਮ ਕਰਨਾ ਤੇ ਨਾਲ ਨਾਲ ਉਸ ਨੂੰ ਖ਼ਲਤ ਮਲਤ ਕਰਣਾ ਸੀ। ਜਦਕਿ ਦੂਜੇ ਪਾਸੇ ਇਨ੍ਹਾਂ ਗੁਰੂ ਡੰਮਾਂ ਦਾ ਸਾਰਾ ਜ਼ੋਰ ਤੇ ਇਕੋ ਇੱਕ ਨਿਸ਼ਾਨਾ ਵੀ, ‘ਸ਼ਬਦ ਗੁਰੂ’ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਜ਼ਮਤ ਨੂੰ ਖੋਰਾ ਲਗਾਉਣਾ ਸੀ।

ਇਸੇ ਤੋਂ ਇੱਕ ਪਾਸੇ ਤਾਂ ਇਹ ਸਾਰੇ ਗੁਰੂਡੰਮ ਤੇ ਪਖੰਡੀ ਗੁਰੂ ਆਪਣੇ ਆਪਣੇ ਢੰਗ ਨਾਲ ਸ਼ੋਰ ਮਚਾ ਤੇ ਸੰਗਤਾਂ ਨੂੰ ਭਮਲ ਭੂਸੇ `ਚ ਪਾ ਰਹੇ ਸਨ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਵਾਹਿਦ ਗੁਰੂ ਨਹੀਂ ਹਨ। ਇਸੇ ਤਰ੍ਹਾਂ ਦੂਜੇ ਪਾਸੇ ਗੁਰਬਾਣੀ ਦੀ ਚਾਸ਼ਣੀ ਚੜ੍ਹਾ ਕੇ ਤੇ ਦਬਾਦਬ ਪ੍ਰਚਲਤ ਕੀਤੀਆਂ ਜਾ ਰਹੀਆਂ ਉਨ੍ਹਾਂ ਸਾਰੀਆਂ ਵਿਰੋਧੀ ਲਿਖਤਾਂ ਦਾ ਮਤਲਬ ਹੀ ਗੁਰੂ ਕਾਲ ਦੇ ਗੌਰਵਮਈ ਸਿੱਖ ਇਤਿਹਾਸ ਨੂੰ ਨੇਸਤੋ ਨਾਬੂਦ ਕਰਕੇ ਅਪਣੇ ਆਪਣੇ ਢੰਗ ਨਾਲ ਨਕਲੀ, ਮਿਲਾਵਟੀ ਤੇ ਬ੍ਰਾਹਮਣੀ-ਉਦਾਸੀ ਆਦਿ ਸਿੱਖ ਇਤਿਹਾਸ ਨੂੰ ਸੰਗਤਾਂ `ਚ ਵਧ ਤੋਂ ਵਧ ਪ੍ਰਚਲਤ ਕਰਣਾ ਸੀ।

ਅੱਜ ਸਿੱਖਾਂ ਵਿਚਕਾਰ ਅਣਪੜ੍ਹਤਾ ਦਾ ਬੋਲਬਾਲਾ ਕਿਉਂ? - ਜਿਸ ਸਿੱਖ ਦਾ ਜੀਵਨ ਹੀ ਗੁਰਬਾਣੀ ਸੋਝੀ ਤੋਂ ਸ਼ੁਰੂ ਹੁੰਦਾ ਹੈ। ਉਹ ਗੁਰਬਾਣੀ ਜਿਸ `ਚ ਕੇਵਲ ਭਾਰਤ ਦੀਆਂ ਭਾਸ਼ਾਵਾਂ ਹੀ ਨਹੀਂ ਬਲਕਿ ਅਰਬੀ-ਫ਼ਾਰਸੀ ਆਦਿ ਇਸਲਾਮੀ ਭਾਸ਼ਾਵਾਂ ਦੀ ਵੀ ਭਰਮਾਰ ਹੈ। ਦੇਖਣਾ ਹੈ ਕਿ ਪਹਿਲਾਂ ਤਾਂ ਸੰਨ ੧੭੧੬ ਤੋਂ ਅਰੰਭ ਹੋ ਕੇ ਉਸ ਸਮੇਂ ਦੀਆਂ ਸਮੂਹ ਸਿੱਖ ਵਿਰੋਧੀ ਤਾਕਤਾਂ ਦਾ ਪੂਰਾ ਜ਼ੋਰ ਹੀ ਇਹੀ ਸੀ ਕਿ ਸਿੱਖ ਨੂੰ ਕਿਵੇਂ ਗੁਰਬਾਣੀ ਸੋਝੀ ਤੋਂ ਵੱਧ ਤੋਂ ਵਧ ਦੁਰੇਡੇ ਰੱਖਿਆ ਜਾਵੇ ਤੇ ਆਪਣੇ ਆਪਣੇ ਰੰਗ `ਚ ਰੰਗਿਆ ਜਾਵੇ। ਉਪ੍ਰੰਤ ਅੰਗ੍ਰੇਜ਼ਾਂ ਨੇ ਤਾਂ ਇੱਕ ਕਦਮ ਹੋਰ ਅੱਗੇ ਵਧ ਕੇ, ਸਿੱਖਾਂ ਨੂੰ ਗੁਰਬਾਣੀ ਦੇ ਨਾਲ-ਨਾਲ, ਸੰਸਾਰਿਕ ਪੜ੍ਹਾਈ ਤੋਂ ਵੀ ਦੂਰ ਰੱਖਣ ਲਈ ਬੇਅੰਤ ਹਥਕੰਡੇ ਵਰਤੇ। ਜਦਕਿ ਇਸ ਬਾਰੇ ਭਰਵਾਂ ਜ਼ਿਕਰ ਆ ਚੁੱਕਾ ਹੈ ਤੇ ਇਥੇ ਦੌਹਰਾਨ ਦੀ ਲੋੜ ਨਹੀਂ। ਇਸ ਤਰ੍ਹਾਂ ਉਸ ਲੰਮੀ ਤੇ ਪੰਥ ਵਿਰੋਧੀ ਖੇਡ ਦਾ ਨਤੀਜਾ ਹੈ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਅੱਜ ਤੀਕ ਵੀ ਸਿੱਖ ਮਾਨਸ ਅੰਦਰ ਪੜ੍ਹਾਈ ਲਈ ਉੱਦਮ ਪੈਦਾ ਨਹੀਂ ਹੋ ਰਿਹਾ।

ਇਸੇ ਕਰਕੇ ਸੰਨ ੧੯੪੭ ਤੋਂ ਭਾਵ ਭਾਰਤ ਦੀ ਆਜ਼ਾਦੀ ਦਾ ਅਧੀ ਸਦੀ ਤੋਂ ਵਧ ਸਮਾਂ ਬੀਤ ਜਾਣ ਤੋਂ ਬਾਅਦ ਅੱਜ ਵੀ I.A.S., I.F.S. ਆਦਿ ਉੱਚ ਡਿਗਰੀਆਂ ਤੋਂ ਸਿੱਖ ਪੂਰੀ ਤਰ੍ਹਾਂ ਪੱਛੜਿਆ ਪਿਆ ਹੈ। ਇਸੇ ਤਰ੍ਹਾਂ ਸਰਕਾਰੀ ਤਲ `ਤੇ ਦੇਖ ਲਿਆ ਜਾਵੇ ਤਾਂ ਉਥੇ ਵੱਡੇ ਅਹੁਦਿਆਂ `ਤੇ ਅੱਜ ਵੀ ਸਿੱਖ ਘੱਟ ਹੀ ਪੁੱਜ ਰਹੇ ਹਨ। ਇਸ ਤੋਂ ਬਾਅਦ ਅਜੋਕੇ ਸਮੇਂ ਜੇਕਰ ਕੁੱਝ ਸਿੱਖਾਂ ਅੰਦਰ ਪੜ੍ਹਾਈ ਲਈ ਜੋਸ਼ ਤੇ ਉੱਦਮ ਪੈਦਾ ਹੁੰਦਾ ਵੀ ਹੈ ਤਾਂ ਵੀ ਗੁਰਬਾਣੀ ਦੀ ਪੜ੍ਹਾਈ ਵਾਲੇ ਪਾਸੇ, ਉਨ੍ਹਾਂ ਦੀ ਸੋਚ ਉੱਕਾ ਨਹੀਂ, ਜਾਂਦੀ। ਉਸ ਗੁਰਬਾਣੀ ਵਾਲੀ ਪੜ੍ਹਾਈ ਲਈ, ਜਿਥੋਂ ਕਿ ਉਸ ਨੇ ਸਿੱਖੀ ਜੀਵਨ ਲਈ ਸੇਧ ਲੈਣੀ ਹੁੰਦੀ ਹੈ।

ਉਸੇ ਦਾ ਨਤੀਜਾ ਹੈ ਕਿ ਅੱਜ ਸਕੂਲੀ ਵਿੱਦਿਆ ਲੈ ਕੇ ਜੇਕਰ ਸਿੱਖ ਸੰਸਾਰਕ ਤੌਰ `ਤੇ ਕੁੱਝ ਅੱਗੇ ਵਧਦਾ ਵੀ ਹੈ ਤਾਂ ਵੀ ਉਸ ਦੇ ਜੀਵਨ `ਚ ਗੁਰੂ ਦੀ ਗੱਲ ਨਹੀਂ ਆਉਂਦੀ। ਜੀਵਨ ਦੀ ਅਜਿਹੀ ਹਾਲਤ `ਚ ਜੇਕਰ ਉਹ ਸਿੱਖੀ ਸਰੂਪ `ਚ ਬਚਿਆ ਵੀ ਰਹਿ ਜਾਂਦਾ ਹੈ ਤਾਂ ਵੀ ਸਿੱਖੀ ਜੀਵਨ ਬਾਰੇ ਸੋਝੀ, ਉਸ ਦੇ ਜੀਵਨ ਅੰਦਰੋਂ ਢੂੰਢਿਆਂ ਨਹੀਂ ਮਿਲਦੀ। ਇਸ ਤੋਂ ਵੱਧ, ਜੇ ਉਹ ਕੁਸੰਗਤ ਜਾਂ ਹੂੜਮੱਤ ਦਾ ਸ਼ਿਕਾਰ ਹੋ ਕੇ ਆਪਣਾ ਸਰੂਪ ਵੀ ਗੁਆ ਲੈਂਦਾ ਹੈ ਤਾਂ ਉਹ ਸੰਸਾਰ ਦੀ ਭੀੜ `ਚ ਇਸ ਤਰ੍ਹਾਂ ਗੁੰਮ ਹੋ ਜਾਂਦਾ ਹੈ ਜਿਵੇਂ ਕਿ ਉਹ ਕਦੇ ਸਿੱਖ ਹੈ ਹੀ ਨਹੀਂ ਸੀ। ਉਪ੍ਰੰਤ ਉਸਦੀ ਔਲਾਦ ਤਾਂ ਇਹ ਵੀ ਭੁੱਲ ਜਾਂਦੀ ਹੈ ਕਿ ਉਸਦੇ ਪੂਰਵਜ ਕਦੇ ਸਿੱਖ ਹੁੰਦੇ ਸਨ।

ਇਸ ਤਰ੍ਹਾਂ ਅਜੋਕੇ ਸਿੱਖ ਦਾ ਗੁਰਬਾਣੀ ਸੋਝੀ ਤੇ ਜੀਵਨ-ਜਾਚ ਤੋਂ ਫਾਸਲਾ ਇੰਨਾਂ ਵਧ ਚੁੱਕਾ ਹੈ ਕਿ ਜਿਸਦਾ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ। ਬੇਸ਼ਕ ਇਸ ਪੱਖੋਂ ਸਿੱਖਾਂ ਨੂੰ ਅੰਗ੍ਰੇਜ਼ਾਂ ਦੇ ਸ਼ਾਸਨ ਸਮੇਂ ਵਿਉਂਤਬਧ ਤਰੀਕੇ ਵੱਡੀ ਢਾਹ ਲੱਗੀ। ਫ਼ਿਰ ਵੀ ਸਮਝਣਾ ਇਹ ਹੈ ਕਿ ਗੁਰਬਾਣੀ ਸੋਝੀ ਤੇ ਜੀਵਨ ਲਈ ਵੀ, ਸਿੱਖ ਦੇ ਜੀਵਨ ਅੰਦਰ ਐਕੇਡੈਮਿਕ ਭਾਵ ਸੰਸਾਰਿਕ ਪੜ੍ਹਾਈ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਤਾਂ ਤੇ ਸਿੱਖ ਦੀ ਇਸ ਪਾਸਿਉਂ ਲਾਪਰਵਾਹੀ ਉਸ ਨੂੰ ਕਿਸੇ ਪਾਸੇ ਵੀ ਅੱਗੇ ਨਹੀਂ ਵਧਣ ਦੇਵੇਗੀ ਅਤੇ ਬਹੁਤਾ ਕਰਕੇ ਸਾਡੇ ਨਾਲ ਇਹੀ ਵਾਪਰ ਰਿਹਾ ਹੈ। ਇਸ ਲਈ ਸਾਨੂੰ ਇਸ ਪੱਖੋਂ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ।

ਪਤਿੱਤਪੁਣਾ ਕੇਵਲ ਸਾਡੇ `ਤੇ ਹੀ ਹਾਵੀ ਕਿਉ? - ਸਿੱਖ ਇਲਾਹੀ ਗਿਆਨ ਭਾਵ ਗੁਰਬਾਣੀ ਸੋਝੀ ਤੇ ਗੁਰਬਾਣੀ ਰਹਿਨੀ ਵਾਲੇ ਜੀਵਨ ਦਾ ਨਾਮ ਹੈ। ਉਸ ਤੋਂ ਬਿਨਾ ਸਿੱਖ ਦੀ ਹੋਂਦ ਅੱਜ ਵੀ ਨਹੀਂ ਤੇ ਕਲ ਵੀ ਨਹੀਂ। ਤਾਂ ਤੇ ਮੁੱਖ ਸੁਆਲ ਹੀ ਇਹ ਹੈ ਕਿ ਇਲਾਹੀ ਗਿਆਨ ਵਾਲਾ ਧਰਮ, ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਤੋਂ ਬਿਨਾਂ ਕਿਵੇਂ ਬਚੇ? ਅੱਜ ਸਿੱਖ ਧਰਮ `ਚ ਪਤਿਤਪੁਣਾ ਸ਼ਿਖਰਾਂ `ਤੇ ਪੁੱਜ ਚੁੱਕਾ ਹੈ ਤੇ ਇਹ ਗੱਲ ਕਿਸੇ ਤੋਂ ਲੁੱਕੀ-ਛੁੱਪੀ ਵੀ ਨਹੀਂ ਰਹਿ ਗਈ।

ਆਖਿਰ ਅਜਿਹਾ ਕਿਉਂ? ਬਲਕਿ ਕਈਆਂ ਨੇ ਤਾਂ ਅੱਜ ਖੁੱਲੇ ਆਮ ਲਿਖ ਵੀ ਦਿੱਤਾ ਹੈ ਕਿ ਕੁੱਝ ਸਮਾਂ ਬਾਅਦ, ਜੇਕਰ ਸਿੱਖ ਦੇ ਸਰੂਪ ਨੂੰ ਦੇਖਣਾ ਹੋਵੇਗਾ ਤਾਂ ਉਹ ਕਿਸੇ ਅਜਾਇਬ-ਘਰ ਚੋਂ ਹੀ ਦੇਖਿਆ ਜਾ ਸਕੇਗਾ। ਕੁੱਝ ਤਾਂ ਇਥੋਂ ਤੀਕ ਦਿਲ ਹਾਰ ਚੁੱਕੇ ਤੇ ਕਹਿੰਦੇ ਸੁਣੇ ਗਏ ਹਨ ਕਿ ‘ਕੁਝ ਸਮੇਂ ਬਅਦ ਸ਼ਾਇਦ ਸਿੱਖ ਦੀ ਪਹਿਚਾਣ ਉਸਦੇ ਗਾਤਰੇ ਪਈ ਕ੍ਰਿਪਾਨ ਜਾਂ ਦਾੜ੍ਹੇ-ਦੱਸਤਾਰ ਵਾਲੇ ਸਰੂਪ ਤੋਂ ਨਹੀਂ, ਬਲਕਿ ਉਸਦੇ ਗਲ `ਚ ਪਏ ਪੰਜ-ਕਕਾਰਾਂ ਦੀਆਂ ਨਿਸ਼ਾਨੀਆਂ ਤੋਂ ਹੀ ਹੋ ਸਕੇਗੀ। ਕੀ ਸਾਡੇ ਲਈ ਅਜਿਹੇ ਅੰਦਾਜ਼ੇ ਤੇ ਸਾਡੇ ਲਈ ਇਸ ਤਰ੍ਹਾਂ ਸੁਨਣਾ ਹੀ ਬਾਕੀ ਰਹਿ ਚੁੱਕਾ ਹੈ ਜਾਂ ਫ਼ਿਰ ਸਾਨੂੰ ਇਸ ਪਾਸਿਓਂ ਸੰਭਲਣ ਤੇ ਆਪਣੇ ਬਚਾਅ ਲਈ ਕਿਸੇ ਠੋਸ ਉਦੱਮ ਦੀ ਵੀ ਲੋੜ ਹੈ?

ਇਹ ਹਾਲਤ ਅੱਜ ਉਸ ਕੌਮ ਦੀ ਹੈ ਜਿਸ `ਚੋਂ ਵੱਡੇ ਵੱਡੇ ਤਸੀਹੇ ਸਹਿ ਕੇ ਸ਼ਹੀਦੀਆਂ ਦੇਣ ਵਾਲੇ ਤਾਂ ਬੇਅੰਤ ਸਨ ਪਰ ਸਰੂਪ ਬਾਰੇ ਕਦੇ ਕੋਈ ਨੀਵੀਂ ਬਿਰਤੀ ਨਹੀਂ ਸੀ ਰਖਦਾ। ਇਸ ਦੇ ਲਈ ਜ਼ਾਹਿਰਾ ਕਾਰਨ ਬਹੁਤ ਹਨ ਪਰ ਅਸਲ ਕਾਰਣ ਜੋ ਉੱਘੜ ਕੇ ਸਾਹਮਣੇ ਆਉਂਦਾ ਹੈ, ਉਹ ਇਹ, ਕਿ ਸਿੱਖ ਧਰਮ, ਮੂਲ ਰੂਪ `ਚ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਦਾ ਧਰਮ ਹੈ। ਇਹ ਵੀ ਕਿ ਹਰੇਕ ਨੂੰ ਕਿਸੇ ਵੀ ਗਿਆਨ ਦੀ ਤਿਆਰੀ, ਅਰੰਭ ਅਤੇ ਆਪਣੇ ਆਪ ਤੋਂ ਹੀ ਕਰਨੀ ਹੁੰਦੀ ਹੈ।

ਸੰਸਾਰ ਤਲ `ਤੇ ਵੀ-ਬੇਸ਼ੱਕ ਸੰਸਾਰ ਤਲ `ਤੇ ਹੀ ਵਿਚਾਰ ਲਵੋ? ਕਿਸੇ ਅਰਥ-ਸ਼ਾਸਤ੍ਰੀ ਦਾ ਬੱਚਾ ਤਾਂ ਹੀ ਅਰਥ-ਸ਼ਾਸਤ੍ਰੀ ਹੋਵੇਗਾ ਜੇਕਰ ਉਹ ਆਪਣੇ ਬਾਪੂ ਦੀ ਤਰ੍ਹਾਂ-ਮੁਢੋਂ ਇੱਕ-ਦੋ ਤੋਂ ਗਿਣਤੀ ਸਿਖਣੀ ਤੇ ਲਿਖਣੀ-ਪੜ੍ਹਣੀ ਸ਼ੁਰੂ ਕਰੇ, ਉਂਝ ਨਹੀਂ। ਡਾਕਟਰ ਬਨਣ ਲਈ ਡਾਕਟਰ ਦੇ ਬੱਚੇ ਨੂੰ ਵੀ ਆਪਣੀ ਪੜ੍ਹਾਈ ਦਾ ਅਰੰਭ ਕੇ: ਜੀ: ਤੋਂ ਅਤੇ ਅੱਗੇ ਜਾ ਕੇ ਐਮ: ਬੀ: ਬੀ: ਐਸ ਆਦਿ ਦੀਆਂ ਡਿਗਰੀਆਂ ਸਭ ਉਸੇ ਤਰ੍ਹਾਂ ਲੈਣੀਆਂ ਹੋਣਗੀਆਂ ਜਿਸ ਤਰ੍ਹਾਂ ਉਸ ਦੇ ਬਾਪੂ ਨੇ ਲਈਆਂ ਸਨ।

ਫ਼ਿਰ ਇਹੀ ਵਿਸ਼ਾ ਸਾਇੰਸਦਾਨ, ਐਡਮਨਿਸਟ੍ਰੇਟਰ, ਫ਼ੌਜੀ ਬਲਕਿ ਹਰੇਕ ਸੰਸਾਰਕ ਗਿਆਨ ਉਪਰ ਵੀ ਲਾਗੂ ਹੁੰਦਾ ਹੈ। ਕਿਸੇ ਪ੍ਰਵਾਰ `ਚ ਮਾਤਾ-ਪਿਤਾ ਜਾਂ ਵੱਡਿਆਂ ਦੀ ਕੀਤੀ ਪੜ੍ਹਾਈ ਨਵੇਂ ਜਨਮੇ ਬੱਚੇ ਨੂੰ ਕਿਸੇ ਹੱਦ ਤੱਕ ਸਹਾਈ ਤਾਂ ਹੋ ਸਕਦੀ ਹੈ, ਪਰ ਹਰੇਕ ਬੱਚੇ ਨੂੰ ਆਪਣੀ ਵੀ ਸੰਸਾਰਕ ਪੜ੍ਹਾਈ ਨਰਸਰੀ ਤੇ ਕੇ: ਜੀ ਆਦਿ ਤੋਂ ਹੀ ਆਪ ਹੀ ਅਰੰਭ ਕਰਨੀ ਪਵੇਗੀ। ਉਸਦਾ ਬਾਪੂ ਜਾਂ ਘਰ ਵਾਲਿਆਂ ਨੇ ਭਾਵੇਂ ੰਿਕੰਨੀਆ ਡਿੱਗਰੀਆਂ ਤੇ ਡਿਪਲੋਮੇ ਨਾ ਲੈ ਰਖੇ ਹੋਣ; ਬਾਵਜੂਦ ਇਸ ਸਾਰੇ ਦੇ, ਬਿਨਾ ਪੜ੍ਹਾਈ ਉਹ ਬੱਚਾ ਨਿਰਾ ਪੁਰਾ ਅਨਪੜ੍ਹ ਤੇ ਗੁਆਰ ਹੀ ਰਵੇਗਾ।

ਉਪ੍ਰੰਤ ਇਹ ਵਿਸ਼ਾ ਕੇਵਲ ਸੰਸਾਰਕ ਗਿਆਨਾਂ `ਤੇ ਹੀ ਲਾਗੂ ਨਹੀਂ ਹੁੰਦਾ, ਬਲਕਿ ਸਮੂਹ ਸੰਸਾਰਕ ਗਿਆਨਾਂ ਦੇ ਜਨਮ ਦਾਤੇ ਰੱਬੀ ਅਥਵਾ ਗੁਰਬਾਣੀ ਗਿਆਨ `ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦਾ ਹੈ। ਕਿਉਂਕਿ ਗੁਰਬਾਣੀ ਗਿਆਨ ਤਾਂ ਸੰਸਾਰਕ ਗਿਆਨਾਂ ਤੋਂ ਬਹੁਤ ਉਪਰ ਬਿਨਾ ਵਿਤਕਰਾ ਹਰੇਕ ਦੇ ਜੀਵਨ ਜੀਊਣ ਲਈ ਇਕੋ ਇੱਕ ਤੇ ਨਿਵੇਕਲਾ ਗਿਆਨ ਵੀ ਹੈ। ਉਹ ਗਿਆਨ ਜਿਸ ਗਿਆਨ ਭਰਪੂਰ ਜੀਵਨ ਤੋਂ ਬਿਨਾ ਮਨੁੱਖ ਸੰਸਾਰ ਤਲ `ਤੇ ਸਭਕੁਝ ਕਰਕੇ ਵੀ, ਪਸ਼ੂ ਜੀਵਨ ਹੀ ਬਤੀਤ ਕਰ ਰਿਹਾ ਹੁੰਦਾ ਹੈ। ਚੇਤੇ ਰਹੇ ਕਿ ਸਿੱਖ ਧਰਮ, ਰੱਬੀ ਗਿਆਨ ਤੇ ਉੱਚ ਕਰਣੀ ਦਾ ਧਰਮ ਹੈ, ਇਸ ਲਈ ਸਿੱਖ ਦਾ ਬੱਚਾ ਵੀ ਤਾਂ ਹੀ ਸਿੱਖ ਰਹਿ ਸਕੇਗਾ ਜੇਕਰ ਉਸ ਨੂੰ ਗੁਰਬਾਣੀ ਅਧਾਰਤ ਸਿੱਕੇਬੰਦ ਤੇ ਟਕਸਾਲੀ ਗੁਰੂ ਦੀ ਸਿੱਖਿਆ ਅਥਵਾ ਗੁਰਬਾਣੀ ਗਿਆਨ ਤੇ ਗੁਰਬਾਣੀ ਰਹਿਣੀ ਆਪਣੇ ਜਨਮ ਤੋਂ ਹੀ ਬਲਕਿ ਪੁਸ਼ਤ-ਦਰ-ਪੁਸ਼ਤ ਤੇ ਕਿਸੇ ਯੋਗ ਵਸੀਲੇ, ਨਿਯਮਤ ਢੰਗ ਨਾਲ ਮਿਲੇ।

ਬਿਨਾ ਸ਼ੱਕ ਸਮਝਣ ਦੀ ਲੋੜ ਹੈ ਕਿ ਗੁਰਬਾਣੀ, ਕੇਵਲ ਰੱਬੀ ਗਿਆਨ ਹੀ ਨਹੀਂ ਬਲਕਿ ਮਨੁੱਖ ਲਈ ‘ਇਲਾਹੀ ਤੇ ਰੱਬੀ ਜੀਵਨ-ਜਾਚ’ ਵੀ ਹੈ। ਇਸ ਲਈ ਜ਼ਰੂਰੀ ਇਹ ਹੈ, ਜੇਕਰ ਉਸ ਨੂੰ ‘ਗਰਬਾਣੀ ਵਾਲੀ ਜੀਵਨ ਜਾਚ’ ਪੱਕੀ-ਪਕਾਈ ਆਪਣੀ ਪ੍ਰਵਾਰਕ ਰਹਿਣੀ ਚੋਂ ਹੀ ਮਿਲ ਜਾਵੇ। ਤਾਂ ਵੀ ਇਹ ਨਹੀਂ ਹੋ ਸਕਦਾ ਕਿ ਜੀਵਨ-ਜਾਚ ਵਾਲੇ ਇਸ ਰੱਬੀ ਗਿਆਨ ਭਰਪੂਰ ਧਰਮ `ਚ ਜੀਊਣ ਲਈ ਕੋਈ ਵੀ ਸਿੱਖ ਬੱਚਾ, ਬਿਨਾ ਸਿੱਕੇਬੰਦ ਗੁਰਬਾਣੀ ਗਿਆਨ ਵਾਲੀ ਜੀਵਨ-ਜਾਚ ਤੋਂ, ਬਹੁਤੀ ਦੇਰ ‘ਸਿੱਖ’ ਰਹਿ ਸਕੇ। ਅੱਜ ਤਾਂ ਸਿੱਖ ਬੱਚੇ ਦੀ ਇਹ ਮੁਢਲ਼ੀ ਲੋੜ ਉੱਕਾ ਹੀ ਤੇ ਕਿਸੇ ਪਾਸਿਉਂ ਵੀ ਪੂਰੀ ਨਹੀਂ ਹੋ ਰਹੀ। ਦਰਅਸਲ ਇਹੀ ਵੱਡੀ ਘਾਟ ਹੈ ਅਜੋਕੀ ਪੰਥਕ ਰਹਿਣੀ `ਚ ਅਤੇ ਬਹੁਤ ਵੱਡਾ ਕਾਰਣ ਹੈ ਅਜੋਕੀ ਪੰਥਕ ਅਧੋਗਤੀ ਤੇ ਸਿੱਖ ਲਹਿਰ ਦੇ ਖ਼ਾਤਮੇ ਦਾ।

ਅੱਜ ਦਾ ਸਿੱਖ ਬੱਚਾ ਕਿਧਰ ਨੂੰ? -ਸਾਡਾ ਅੱਜ ਦਾ ਵੱਡਾ ਦੁਖਾਂਤ ਇਹੀ ਹੈ ਕਿ ਅੱਜ ਦੇ ਵਿਗੜੇ ਹੋਏ ਗੁਰਮੱਤ ਪ੍ਰਚਾਰ `ਚ ਜਨਮ ਲੈ ਰਿਹਾ ਸਿੱਖ ਬੱਚਾ, ਜਨਮ ਤੋਂ ਹੀ ਸਿੱਖੀ ਸੰਬੰਧੀ ਸ਼ੰਕਿਆਂ ਦੀ ਪੰਡ ਲੈ ਕੇ ਜਨਮ ਲੈ ਰਿਹਾ ਹੈ। ਇਹ, ਹਾਲਤ ਉਸ ਧਰਮ ਦੀ ਹੈ ਜੋ ਸਭ ਤੋਂ ਵੱਧ ਦਲੀਲ ਭਰਪੂਰ, ਅਗਾਂਹ ਵਧੂ ਅਤੇ ਸਮੁਚੇ ਮਨੁੱਖੀ ਸਮਾਜ ਦੀ ਵੱਡੀ ਲੋੜ ਹੈ। ਸ਼ੰਕਿਆਂ ਦੀ ਇਸ ਸੜ੍ਹਾਂਦ `ਚ ਪੈਦਾ ਹੋਇਆ ਇਹ ਸਿੱਖ ਬੱਚਾ ਫਿਰ ਘੱਟ ਤੋਂ ਘੱਟ ਪੰਜ ਵਰਗਾਂ `ਚ ਤਾਂ ਵੰਡਿਆ ਹੀ ਜਾਂਦਾ ਹੈ:-

ਅੰਧ ਵਿਸ਼ਵਾਸੀ ਹੋ ਕੇ ਧਰਮ ਦੇ ਵਿਗੜੇ ਰੂਪ ਦਾ ਹੀ ਜਨੂੰਨੀ ਬਣ ਜਾਂਦਾ ਹੈ ਅਤੇ ਅਣਜਾਣੇ `ਚ ਹੀ ਸਿੱਖ ਧਰਮ ਦੇ ਪ੍ਰਚਾਰ ਨੂੰ ਵੀ ਬਹੁਤ ਵੱਡੀ ਚੋਟ ਦਿੰਦਾ ਹੈ।

ਇਹ ਸੋਚ ਕੇ `ਚਲੋ ਇਸ `ਚੋਂ ਅਸਾਂ ਕੀ ਲੈਣਾ’ ਜਿੱਧਰ ਦਿਲ ਆਇਆ ਸਿੱਖ ਧਰਮ ਨੂੰ ਅਨਮੱਤਾਂ, ਦੁਰਮੱਤਾਂ, ਬ੍ਰਾਹਮਣੀ ਰੀਤਾਂ, ਹੂੜਮੱਤਾਂ ਆਦਿ `ਚ ਡੁਬੋਂਦੇ ਗਏ। ਇਸ ਤਰ੍ਹਾਂ ਗੁਰੂ ਤੋਂ ਵੀ ਬੇਮੁਖ, ਪ੍ਰਾਪਤ ਮਨੁੱਖਾ ਜਨਮ ਦੀ ਤਬਾਹੀ ਤੇ ਆਪਣੇ ਲਈ ਮੁੜ ਜਨਮਾਂ ਦੇ ਗੇੜ ਲਈ ਰਸਤਾ ਪਧਰਾ ਅਤੇ ਨਾਲ ਨਾਲ ਸਿੱਖ ਧਰਮ ਲਈ ਵੀ ਭਰਵੇਂ ਮਜ਼ਾਕ ਤੇ ਬਦਨਾਮੀ ਦਾ ਕਾਰਣ ਬਣਿਆ।

ਉੱਕਾ ਹੀ ਸਿੱਖੀ ਤੋਂ ਬਾਗੀ, ਪਤਿਤਪੁਣੇ, ਨਾਸਤਿਕਤਾ ਜਾਂ ਗੁਰੂਡੰਮਾਂ, ਅਨਮੱਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਨਤੀਜਾ-ਅੱਜ ਪਤਿਤਪੁਣੇ ਦੀਆਂ ਕਤਾਰਾਂ ਲੱਗੀਆਂ ਪਈਆ ਹਨ।

ਵਿਰਲੇ ਗੁਰਬਾਣੀ ਦੀ ਸਟਡੀ-ਵਿਚਾਰ ਕਰਕੇ ਸੁਅਛ ਸਿੱਖੀ ਜੀਵਨ ਦੀ ਪਛਾਣ ਕਰਦੇ ਹਨ ਤਾਂ ਵੀ ਸਿੱਖੀ ਦਾ ਵਾਤਾਵਰਣ ਉਪ੍ਰੋਕਤ ਤਿੰਨ ਭਾਗਾਂ `ਚ ਵੰਡਿਆ ਮਿਲਦਾ ਹੈ, ਸਾਂਝ ਨਹੀਂ ਬਣ ਆਉਂਦੀ। ਜਿੱਥੇ ਉਨ੍ਹਾਂ ਦੇ ਜੀਵਨ `ਚ ਪਿਆਰ, ਪਰ-ਉਪਕਾਰ ਨੇ ਵਾਧਾ ਪਾਉਣਾ ਸੀ, ਖਿੱਝ ਤੇ ਟੋਕਾ-ਟਾਕੀ ਦਾ ਸੁਭਾਅ ਜਨਮ ਲੈ ਲੈਂਦਾ ਹੈ। ਸਿੱਖੀ ਦੀ ਪ੍ਰਫੁਲਤਾ ਉਥੋਂ ਵੀ ਨਹੀਂ ਹੁੰਦੀ।

ਇਸ ਚੌਥੀ ਕਿਸਮ ਵਾਲਿਆਂ ਚੋਂ ਇੱਕ ਹੋਰ ਕਿਸਮ ਵੀ ਜਨਮ ਲੈਣ ਲਗ ਪਈ ਹੈ। ਜਿਨ੍ਹਾਂ ਨੂੰ ਗੁਰਬਾਣੀ ਜੀਵਨ ਪਖੋਂ ਜਾਗ੍ਰਤੀ ਤਾਂ ਆ ਜਾਂਦੀ ਹੈ ਪਰ ਪੰਥ ਦੀ ਵਿਗੜੀ ਸੰਭਾਲਣ ਦੀ ਬਜਾਏ. ਅਗਿਆਨਤਾ ਦੇ ਇਸ ਵਾਤਾਵਰਣ ਦਾ ਉਲਟਾ ਲਾਭ ਚੁੱਕ ਕੇ, ਹੋਰ ਲੁੱਟ-ਖੋਹ ਦੇ ਰਸਤੇ ਟੁਰ ਪੈਂਦੇ ਹਨ। ਇਹ ਤਬਕਾ ਤਾਂ ਪੰਥ ਲਈ ਹੋਰ ਵੀ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ।

ਭਾਰਤ ਦੀ ਆਜ਼ਾਦੀ ਦਾ ਜਨਮਦਾਤਾ ਹਨ ਸਿੱਖ- ਉਂਜ ਤਾਂ ਇਸ ਵਿਸ਼ੇ ਦਾ ਅਰੰਭ ਹੀ ਗੁਰੂ ਨਾਨਕ ਪਾਤਸ਼ਾਹ ਤੋਂ ਹੁੰਦਾ ਹੈ। ਜਿਉਂ ਜਿਉਂ ਗੁਰਬਾਣੀ ਨੂੰ ਸਮਝਣ ਦਾ ਯਤਣ ਕੀਤਾ ਜਾਵੇ ਤਾਂ ਭਾਰਤ ਦੀ ਆਜ਼ਾਦੀ ਦਾ ਮੂਲ ਵੀ ਉਹੀ ਮਨੁੱਖੀ ਆਜ਼ਾਦੀ ਹੈ ਜਿਸ ਦੇ ਅਲੰਬਰਦਾਰ ਗੁਰੂ ਨਾਨਕ ਪਾਤਸ਼ਾਹ ਹਨ। ਇਸ ਤੋਂ ਬਾਅਦ ਜੇਕਰ ਨਿਰਾ ਪੁਰਾ ਭਾਰਤ ਦੀ ਸੰਨ ੧੯੪੭ ਵਾਲੀ ਆਜ਼ਾਦੀ ਦੀ ਗੱਲ ਹੀ ਕੀਤੀ ਜਾਵੇ ਤਾਂ ਉਸਦੇ ਜਨਮਦਾਤਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਅਥਵਾ ਗੁਰੂ ਨਾਨਕ ਵਿਚਾਰਧਾਰਾ ਹੀ ਹੈ। ਆਂਕੜੇ ਪ੍ਰਾਪਤ ਹਨ, ਭਾਰਤ ਦੀ ਕੁੱਲ ਆਬਾਦੀ `ਚੋਂ, ਆਟੇ `ਚ ਨਮਕ ਦੀ ਗਿਣਤੀ ਦੇ ਬਰਾਬਰ ਹੁੰਦੇ ਹੋਏ ਵੀ, ਭਾਰਤ ਨੂੰ ਆਜ਼ਾਦੀ ਮਿਲੀ ਤਾਂ ਕੇਵਲ ਸਿੱਖਾਂ ਦੀ ਬਦੌਲਤ।

ਸੰਸਾਰ ਪੱਧਰ `ਤੇ ਮੰਨਿਆ ਜਾ ਚੁੱਕਾ ਸੀ ਕਿ ਅੰਗ੍ਰੇਜ਼ਾਂ ਦਾ ਸੂਰਜ ਕਦੇ ਨਹੀਂ ਡੁੱਬ ਸਕਦਾ। ਇਸ ਦੇ ਉਲਟ ਜਦੋਂ ਸੰਨ ੧੮੩੯ ਤੋਂ ਸੰਨ ੧੮੪੯ ਵਿਚਕਾਰ ਸਿੱਖਾਂ ਦੀਆਂ ਅੰਗ੍ਰੇਜ਼ਾਂ ਨਾਲ ਜੰਗਾਂ ਚੱਲ ਰਹੀਆ ਸਨ, ਜੇਕਰ ਗੁਲਾਮੀ ਦੇ ਆਦੀ ਹੋ ਚੁੱਕੇ ਦੂਜੇ ਭਾਰਤੀ ਵੀ ਉਸ ਸਮੇਂ ਸਿੱਖਾਂ ਦਾ ਸਾਥ ਦੇ ਦਿੰਦੇ ਤਾਂ ਭਾਰਤ ਨੇ ਸੰਨ ੧੮੫੦ ਦੇ ਆਸ ਪਾਸ ਭਾਵ ਸੰਨ ੧੯੪੭ ਤੋਂ ਵੀ ਸੌ ਸਾਲ ਪਹਿਲਾਂ ਆਜ਼ਾਦ ਹੋ ਜਾਣਾ ਸੀ। ਇਤਿਹਾਸ ਗਵਾਹ ਹੈ ਕਿ ਜਿੰਨੀਂ ਵਧ ਕੀਮਤ ਅੰਗ੍ਰੇਜ਼ਾਂ ਨੂੰ ਪੰਜਾਬ ਉਪਰ ਕਬਜ਼ਾ ਕਰਣ ਲਈ ਚੁਕਾਣੀ ਪਈ ਇੰਨੀਂ ਤਾਂ ਉਨ੍ਹਾਂ ਨੂੰ ਭਾਰਤ ਸਮੇਤ ਕਿਸੇ ਵੀ ਦੇਸ਼ ਲਈ ਨਹੀਂ ਸੀ ਚੁਕਾਣੀ ਪਈ। ਇਹ ਵੀ ਇਤਿਹਾਸਕ ਸਚਾਈ ਹੈ ਕਿ ਪੰਜਾਬ ਉਪਰ ਕਾਬਜ਼ ਹੁੰਦੇ ਸਾਰ, ਅੰਗ੍ਰੇਜ਼ਾਂ ਦਾ ਕਦੇ ਨਾ ਡੁਬਣ ਵਾਲਾ ਸੂਰਜ ਵੀ ਦਿਨੋ ਦਿਨ ਡੁੱਬਣਾ ਸ਼ੁਰੂ ਹੋ ਗਿਆ। ਉਸਤੋਂ ਬਾਅਦ ਅੰਗ੍ਰੇਜ਼ ਜਿੰਨਾਂ ਸਮਾਂ ਵੀ ਭਾਰਤ `ਤੇ ਕਾਬਜ਼ ਰਹੇ, ਉਨ੍ਹਾਂ ਨੂੰ ਇੱਕ ਰਾਤ ਵੀ ਸੋਖੀ ਨੀਂਦ ਨਸੀਬ ਨਹੀਂ ਹੋਈ।

ਇਥੋਂ ਤੀਕ ਕਿ ਸੰਨ ੧੯੪੭ `ਚ ਭਾਰਤ ਦੇ ਆਜ਼ਾਦ ਹੋਣ ਦੀ ਢਿੱਲ਼ ਸੀ ਕਿ ਇੰਨ੍ਹਾਂ ਅੰਗ੍ਰੇਜ਼ਾਂ ਹੱਥੋਂ ਇਕ-ਇਕ ਕਰਕੇ ਸਾਰੇ ਤੇ ਬਾਕੀ ਮੁਲਕ ਵੀ ਨਿਕਲਣੇ ਸ਼ੁਰੂ ਹੋ ਗਏ ਤੇ ਅਗਲੇ ਕੁੱਝ ਹੀ ਸਾਲਾਂ `ਚ ਇਹ ਫ਼ਿਰ ਤੋਂ ਆਪਣੇ ਦੇਸ਼ ਤੱਕ ਹੀ ਸੀਮਤ ਹੋ ਗਏ। ਸਪਸ਼ਟ ਹੈ, ਜੇਕਰ ਅੰਗ੍ਰੇਜ਼ ਪੰਜਾਬ ਨੂੰ ਹੱਥ ਨਾ ਪਾਉਂਦੇ ਤਾਂ ਇੰਨ੍ਹਾਂ ਦੇ ਕਦਮ ਅਜੇ ਵੀ ਦਿਨੋ ਦਿਨ ਅੱਗੇ ਹੀ ਵਧ ਰਹੇ ਸਨ, ਇਹ ਪਿੱਛੇ ਨਹੀਂ ਸਨ ਜਾ ਰਹੇ। ਖੈਰ! ਗੁਰਬਾਣੀ ਵਿਚਾਰਧਾਰਾ ਤੇ ਰਹਿਣੀ ਦੀ ਬਖਸ਼ਿਸ਼ ਸਦਕਾ, ਪੰਜਾਬ `ਚ ਗੁਰੂ ਕੇ ਸਿੱਖਾਂ ਨੇ ਇਸ ਗੁਲਾਮੀ ਨੂੰ ਇੱਕ ਦਿਨ ਵੀ ਸਵੀਕਾਰ ਨਹੀਂ ਸੀ ਕੀਤਾ। ਉਸੇ ਦਾ ਨਤੀਜਾ ਕਿ ਇਸ ਤੋਂ ਬਾਅਦ ਭਾਰਤ `ਤੇ ਆਪਣਾ ਰਾਜ ਕਾਇਮ ਰੱਖਣ ਲਈ, ਅੰਗ੍ਰੇਜ਼ਾਂ ਨੂੰ ਨਿੱਤ ਨਵੇਂ ਹਥਕੰਡੇ ਵਰਤਣੇ ਪੈ ਰਹੇ ਸਨ। ਮੁੱਕਦੀ ਗੱਲ ਕਿ ਅੰਗ੍ਰੇਜ਼ਾਂ ਲਈ ਪੰਜਾਬ ਦਾਖਲ ਹੋਣਾ ਹੀ ਭਾਰਤ ਦੀ ਆਜ਼ਾਦੀ ਦਾ ਅਸਲ ਕਾਰਣ ਬਣਿਆ ਸੀ।

ਸਪਸ਼ਟ ਹੈ ਕਿ ਸੰਨ ੧੮੪੦ ਤੋਂ ੧੮੪੯ ਜਿੱਥੇ ਇੱਕ ਪਾਸੇ ਸਿੱਖਾਂ ਦੇ ਅੰਗ੍ਰੇਜ਼ਾਂ ਨਾਲ ਜੰਗ ਚੱਲ ਰਹੇ ਸੀ ਤਾਂ ਦੂਜੇ ਪਾਸੇ ਨਾਲ ਹੀ ਸੰਨ ੧੮੪੫ ਤੋਂ ੧੮੭੩ ਦਾ ਇਹ ਉਹ ਸਮਾਂ ਹੈ ਜਦੋਂ ਸਿੱਖਾਂ `ਚ ਧਰਮ ਪੱਖੋਂ ਇੱਕ ਤੋਂ ਬਾਅਦ ਦੂਜੀ ਭਾਵ ਜਾਗ੍ਰਤੀ ਲਹਿਰਾਂ ਵੀ ਨਿੱਤ ਹੀ ਪਣਪ ਰਹੀਆਂ ਸਨ। ਇਸ ਤਰ੍ਹਾਂ ਨਾਮਧਾਰੀ, ਨਿਰੰਕਾਰੀ ਤੇ ਸਿੰਘ ਸਭਾ ਲਹਿਰ ਤੋਂ ਬਾਅਦ ਰਾਜਸੀ ਪੱਧਰ `ਤੇ ਗਦਰ ਪਾਰਟੀ, ਬੱਬਰ ਅਕਾਲੀ ਲਹਿਰ ਅਤੇ ਧਾਰਮਕ ਤਲ `ਤੇ ਹੀ ਗੁਰਦੁਆਰਾ ਸੁਧਾਰ ਲਹਿਰ ਭਾਵ ਸੰਨ ੧੯੪੭ ਤੀਕ ਇਹ ਸਿਲਸਿਲਾ ਉਦੋਂ ਤੱਕ ਨਹੀਂ ਰੁਕਿਆ ਜਦੋਂ ਤੀਕ ਕਿ ਭਾਰਤ ਆਜ਼ਾਦ ਹੀ ਨਹੀਂ ਹੋ ਗਿਆ।

ਉਪ੍ਰੰਤ ਜੇ ਆਂਕੜਿਆਂ ਦੀ ਗੱਲ ਹੀ ਕਰੀਏ ਤਾਂ ਵੀ ਸਿੱਖ, ਜਿਨ੍ਹਾਂ ਦੀ ਗਿਣਤੀ ਭਾਰਤ ਦੀ ਕੁਲ ਆਬਾਦੀ ਦਾ ੨% ਵੀ ਨਹੀਂ, ਸਰਕਾਰੀ ਆਂਕੜਿਆਂ ਅਨੁਸਾਰ ਵੀ ਭਾਰਤ ਦੀ ਆਜ਼ਾਦੀ `ਚ ਸਿੱਖਾਂ ਦਾ ਹਿੱਸਾ ੯੦% ਤੋਂ ਵੀ ਉਪਰ ਹੈ। ‘ਦੀ ਹਿਸਟਰੀ ਆਫ਼ ਇੰਡਿਅਨ ਨੈਸ਼ਨਲ ਕਾਂਗ੍ਰਸ’ `ਚ Patta Bhai Sita Ram Ramaya ਅਨੁਸਾਰ ਵੀ ਆਜ਼ਾਦੀ ਦੀ ਲੜਾਈ `ਚ ਸਿੱਖਾਂ ਦੀ ਗਿਣਤੀ ਫ਼ਾਂਸੀ ਚੜ੍ਹੇ ਕੁਲ ੧੨੧ ਲੋਕਾਂ `ਚੋਂ ੯੪ ਇਕੱਲੇ ਸਿੱਖ ਹੀ ਸਨ। ਇਸੇ ਤਰ੍ਹਾਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਅੰਗ੍ਰੇਜ਼ ਹਕੂਮਤ ਨੇ ਜਿਨ੍ਹਾਂ ਨੂੰ ਦੇਸ਼ ਨਿਕਾਲਾ ਭਾਵ ਕਾਲੇ ਪਾਣੀ ਦੀ ਸਜ਼ਾ `ਤੇ ਭੇਜਿਆ, ਉਨ੍ਹਾਂ ਦੀ ਕੁਲ ਗਿਣਤੀ ੨੬੪੬ ਸੀ। ਜਦਕਿ ਇਨ੍ਹਾਂ `ਚੋਂ ਵੀ ੨੧੪੭ ਕੇਵਲ ਸਿੱਖ ਹੀ ਸਨ।

ਫ਼ਿਰ ਇਸ ਸਾਰੇ ਤੋਂ ਇਲਾਵਾ ਨਾਮਧਾਰੀ ਲਹਿਰ, ਕਾਮਾਗਾਟਾ ਮਾਰੂ ਜਹਾਜ਼ ਵਾਲੀ ਘਟਣਾ, ਗੁਰਦੁਆਰਾ ਸੁਧਾਰ ਲਹਿਰ ਦੋਰਾਨ ਭਿੰਨ ਭਿੰਨ ਮੋਰਚਿਆਂ `ਚ ਉਪ੍ਰੰਤ ਗ਼ਦਰ ਪਾਰਟੀ ਲਹਿਰ, ਬੱਬਰ ਅਕਾਲੀ ਲਹਿਰ ਆਦਿ `ਚ ਵੀ ਬੇਅੰਤ ਸਿੱਖ ਸ਼ਹੀਦ ਹੋਏ। ਜਦਕਿ ਇਹ ਸਾਰੇ ਦੇ ਸਾਰੇ ਸ਼ਹੀਦ ਕੇਵਲ ਤੇ ਕੇਵਲ ਸਿੱਖ ਹੀ ਸਨ। ਜਦਕਿ ਇਨ੍ਹਾਂ ਮਹਾਨ ਕੁਰਬਾਣੀਆਂ ਦਾ ਸੰਬੰਧ ਵੀ ਮੂਲ ਰੂਪ `ਚ ਭਾਰਤ ਦੀ ਆਜ਼ਾਦੀ ਨਾਲ ਬਣਿਆ ਤੇ ਜਿਸ ਨੂੰ ਉਸ ਵੱਕਤ ਦੇ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ ਆਦਿ ਨੇ ਵੀ ਸਵੀਕਾਰਿਾਂ। ਜਦਕਿ ਸਿੱਖ ਸ਼ਹੀਦਾਂ ਦੀ ਇਹ ਗਿਣਤੀ, ਉਪਰ ਦਿੱਤੀਆਂ ਸਿੱਖਾਂ ਦੀਆਂ ਗਿਣਤੀਆਂ ਤੋਂ ਵੀ ਇਲਾਵਾ ਸੀ। ਇਨ੍ਹਾਂ ਸਾਰਿਆਂ ਤੋਂ ਬਾਅਦ ਜਲਿਆਂ ਵਾਲੇ ਬਾਗ਼ ਦਾ ਸਾਕੇ, ਉਪ੍ਰੰਤ ਆਈ-ਏਨ-ਏ (I.N.A) ਭਾਵ “ਇੰਡੀਅਨ ਨੈਸ਼ਨਲ ਆਰਮੀ `ਚ ਵੀ ਸ਼ਹੀਦ ਹੋਣ ਵਾਲੇ ਲੋਕਾਂ `ਚ ਵੱਡੀ ਗਿਣਤੀ ਸਿੱਖਾਂ ਦੀ ਹੀ ਸੀ।

ਸੁਆਮੀ ਦਿਆਨੰਦ ਦਾ ਪੰਜਾਬ `ਚ ਪ੍ਰਵੇਸ਼- ਗੁਰਬਾਣੀ ਜੀਵਨ ਵੱਲੋਂ ਸੰਨ ੧੭੧੫ ਤੋਂ ਲਗਾਤਾਰ ਵਧ ਰਹੇ ਸਿੱਖ ਮਾਨਸ ਦੇ ਫ਼ਾਸਲੇ `ਚ ਸੁਆਮੀ ਦਿਆਨੰਦ ਦਾ ਪੰਜਾਬ `ਚ ਪ੍ਰਵੇਸ਼ ਵੀ ਇੱਕ ਵਿਸ਼ੇਸ਼ ਕੜੀ ਹੈ। ਸੁਆਮੀ ਦਿਆਨੰਦ ਨੂੰ ਗੁਜਰਾਤ ਤੋਂ ਚੱਲ ਕੇ ਆਪਣੇ ਮਿਸ਼ਨ ਲਈ ਕਿਧਰੋਂ ਵੀ ਅਜਿਹਾ ਹੁੰਗਾਰਾ ਨਹੀਂ ਸੀ ਮਿਲਿਆ, ਜਿਹੜਾ ਪੰਜਾਬ `ਚ ਪੁੱਜ ਕੇ ਮਿਲਿਆ। ਦਿਆਨੰਦ ਜਦੋਂ ਪੰਜਾਬ ਪੁੱਜਾ ਤਾਂ ਇਸ ਦੀਆਂ ਕੁੱਝ ਗੱਲਾਂ ਜਿਵੇਂ ਵਰਣਵੰਡ ਦਾ ਵਿਰੋਧ, ਜਾਤਪਾਤ ਦਾ ਵਿਰੋਧ, ਅਵਤਾਰਵਾਦ, ਦੇਵੀ ਦੇਵਤਾ ਵਾਦ, ਬ੍ਰਾਹਮਣਵਾਦ ਤੇ ਨਿਰਮੂਲ ਵਹਿਮਾਂ-ਭਰਮਾਂ ਦਾ ਵਿਰੋਧ ਆਦਿ, ਇਹ ਸਾਰੇ ਵਿਸ਼ੇ, ਸਿੱਖ ਵਿਚਾਰਧਾਰਾ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਸਨ। ਜਦਕਿ ਪਿਛਲੇ ਲਗਭਗ ੧੬੦ ਸਾਲਾਂ ਤੋਂ ਸਿੱਖੀ ਜੀਵਨ `ਚ ਵੀ ਬ੍ਰਾਹਮਣਵਾਦ ਪੂਰੀ ਤਰ੍ਹਾਂ ਆਪਣੀਆਂ ਜੜ੍ਹਾਂ ਜਮਾ ਰਿਹਾ ਸੀ।

ਇਸ ਲਈ ਉਪਰ ਵਰਣਿਤ ਸਿੱਖੀ ਲਹਿਰਾਂ ਦੀ ਬਦੋਲਤ, ਧਰਮ ਪੱਖੋਂ ਜਾਗ ਚੁੱਕੇ ਕੁੱਝ ਸਿੱਖ ਆਗੂ ਵੀ ਇਸ ਗੱਲੋਂ ਬਹੁਤ ਪਰੇਸ਼ਾਨ ਸਨ ਕਿ ਸਿੱਖ ਕੌਮ ਦਾ ਕੀ ਬਣੇਗਾ? ਅਥਵਾ ਇਹ ਕਿ, ਕੌਮ ਨੂੰ ਇਸ ਜਿਲ੍ਹਣ ਚੋਂ ਕਿਵੇਂ ਕਢਿਆ ਜਾਵੇ? । ਇਸੇ ਦਾ ਨਤੀਜਾ, ਉਸ ਸਮੇਂ ਦੇ ਅਜਿਹੇ ਸਿੱਖ ਆਗੂਆਂ ਤੇ ਪੰਥ ਦਰਦੀਆਂ ਨੇ ਵੀ ਅੱਗੇ ਹੋ ਕੇ ਸੁਆਮੀ ਦਿਆਨੰਦ ਵਾਲੀ ਆਰੀਆ ਸਮਾਜ ਲਹਿਰ ਦੀ ਕਮਾਨ ਨੂੰ ਆਪ ਸੰਭਾਲ ਲਿਆ। ਇਹ ਮੰਨ ਕੇ ਜਿਵੇਂ ਕਿ ਸੁਆਮੀ ਦਿਆਨੰਦ ਵੀ ਸਿੱਖ ਵਿਚਾਰਧਾਰਾ ਦਾ ਪ੍ਰਚਾਰ ਹੀ ਕਰ ਰਹੇ ਹਨ। ਇਸ ਤਰ੍ਹਾਂ ਜਦੋਂ ਇਹ ਕਮਾਨ ਹੀ ਸਿੱਖ ਆਗੂਆਂ ਕੋਲ ਸੀ ਤੇ ਉਹ ਵੀ ਸਿੱਖ ਵੱਸੋਂ ਵਾਲੇ ਪੰਜਾਬ `ਚ, ਸਪਸ਼ਟ ਹੈ ਕਿ ਪੰਜਾਬ `ਚ ਇਸ ਦੀਆਂ ਜੜ੍ਹਾਂ ਲੱਗਣੀਆਂ ਬੜੀ ਸੌਖੀ ਗੱਲ ਸੀ। ਇਸੇ ਤੋਂ ਕੁੱਝ ਹੀ ਸਮੇਂ `ਚ ਪੰਜਾਬ `ਚ ਇਸ ਲਹਿਰ ਦਾ ਬੋਲਬਾਲਾ ਵੀ ਹੋ ਗਿਆ।

ਫ਼ਿਰ ਇਸ ਦਾ ਭੇਦ ਉਦੋਂ ਖੁਲ੍ਹਾ ਜਦੋਂ ਇਸ ਨੇ ਆਪਣੇ ਅਸਲ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਤਿਕਾਰ ਵਿਰੁਧ ਅਪ-ਸ਼ਬਦ ਬੋਲਣੇ ਤੇ ਲਿਖਣੇ ਸ਼ੁਰੂ ਕੀਤੇ। ਕੇਸਾਂ ਵਾਲੇ ਇਲਾਹੀ ਸਰੂਪ ਵਿਰੁਧ ਬਕਵਾਸ ਸ਼ੁਰੂ ਕਰ ਦਿੱਤੀ। ਬੇਸ਼ਰਮੀ ਦੀ ਹੱਦ ਇਥੋਂ ਤੀਕ ਟੱਪੀ ਕਿ ਲਾਹੋਰ ਅੰਦਰ ਜਦੋਂ ਕੁੱਝ ਸਿੱਖ ਨੌਜੁਆਨ ਮੁੰਡਿਆਂ ਲਈ ਐਲਾਨ ਕਰਵਾਇਆ ਗਿਆ ਕਿ ਉਹ ਸ਼ਰੇਆਮ ਆਪਣੇ ਕੇਸ ਕਤਲ ਕਰਵਾ ਰਹੇ ਹਨ। ਸੁਆਮੀ ਦਿਆਨੰਦ ਤੇ ਉਸਦੀ ਆਰੀਆ ਸਮਾਜ ਵੱਲੋਂ ਜਦੋਂ ਇਸ ਮਨਹੂਸ ਤੇ ਕਾਲੀ ਕਰਤੂਤ ਲਈ ਬਾਕਾਇਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਤਾਂ ਇੰਨ੍ਹਾਂ ਦੀ ਕਰਤੂਤ ਪੂਰੀ ਤਰ੍ਹਾਂ ਨੰਗੀ ਹੋ ਗਈ, ਸਮਝ ਆ ਗਈ ਕਿ ਪਾਣੀ ਸਿਰ ਤੋਂ ਨਿਕਲ ਚੁੱਕਾ ਸੀ। ਉਸ ਸਮੇਂ ਦੇ ਸਾਡੇ ਉਹੀ ਸਿੱਖ ਲੀਡਰ ਜਿਹੜੇ ਦਿਨ-ਰਾਤ ਪੂਰੇ ਜੋਸ਼ ਨਾਲ ਆਰੀਆ ਸਮਾਜ ਦੇ ਪ੍ਰਚਾਰ ਲਈ ਲੱਗੇ ਹੋਏ ਸਨ, ਉਨ੍ਹਾਂ ਨੇ ਹੀ ਰਾਤੋਂ ਪਹਿਲਾਂ ਅਰੀਆ ਸਮਾਜ ਦਾ ਬਾਈਕਾਟ ਕਰ ਕੇ ਸਿੰਘ ਸਭਾ ਲਹਿਰ ਨੂੰ ਵਜੂਦ `ਚ ਲੈ ਆਂਦਾ, ਇਹ ਜ਼ਿਕਰ ਈਸਵੀ ਸੰਨ ੧੮੭੩ ਦਾ ਹੈ। #25 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.