.

ਜਸਬੀਰ ਸਿੰਘ ਵੈਨਕੂਵਰ

ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ ਭੂਮਿ ਵੈਰਣਹ

ਲਗਪਗ ਹਰੇਕ ਕਸਬ (ਕਿੱਤੇ), ਜਾਤ, ਇਲਾਕੇ ਆਦਿ ਬਾਰੇ ਹੀ ਨਹੀਂ ਬਲਕਿ ਮਨੁੱਖ ਦੀ ਸਰੀਰਕ ਡੀਲ-ਡੌਲ ਅਤੇ ਰੂਪ-ਰੰਗ ਨਾਲ ਸੰਬੰਧਤ ਵੀ ਅਖਾਣ ਪ੍ਰਚਲਤ ਹਨ। ਜਿਸ ਤਰ੍ਹਾਂ ਕਾਲੇ ਅਤੇ ਗੋਰੇ ਰੰਗ ਬਾਰੇ ਇਹ ਅਖਾਣ ਪ੍ਰਚਲਤ ਹੈ:- ‘ਕਾਲੇ ਕਰਮਾਂ ਵਾਲੇ ਗੋਰੇ ਗੂੰਹ ਦੇ ਬੋਰੇ`; ਜਾਂ, ਕਾਲਾ ਰੰਗ ਰੱਤੀਆਂ ਵਿਕੇ, ਗੋਰੇ ਰੰਗ ਦੀ ਨੀਲਾਮੀ ਬੋਲੇ`। ਰੰਗ ਤੋਂ ਇਲਾਵਾ ਲ਼ੰਙੇ ਅਤੇ ਕਾਣੇ ਮਨੁੱਖ ਸੰਬੰਧੀ ਇਹ ਅਖਾਣ ਪ੍ਰਚਲਤ ਹੈ ਕਿ, ‘ਲ਼ੰਙੇ ਤੇ ਕਾਣੇ ਦੀ ਇੱਕ ਰਗ ਵੱਧ ਹੁੰਦੀ ਏ`। ਇਹਨਾਂ ਅਖਾਣਾਂ ਦੀ ਰੋਸ਼ਨੀ ਵਿੱਚ ਹੀ ਅਜਿਹੇ ਵਿਅਕਤੀਆਂ ਬਾਰੇ ਕਈ ਤਰ੍ਹਾਂ ਦੀਆਂ ਕਥਾ-ਕਹਾਣੀਆਂ ਪ੍ਰਚਲਤ ਹਨ।
ਜਿਸ ਤਰ੍ਹਾਂ ਕਾਲੇ ਜਾਂ ਗੋਰੇ ਰੰਗ ਅਤੇ ਲ਼ੰਙੇ ਜਾਂ ਕਾਣੇ ਪ੍ਰਾਣੀ ਸੰਬੰਧੀ ਇਹੋ-ਜਿਹੇ ਅਖਾਣ ਪ੍ਰਚਲਤ ਹਨ, ਇਸੇ ਤਰ੍ਹਾਂ ਮਧਰੇ ਕੱਦ ਬਾਰੇ ਵੀ ਕਈ ਤਰ੍ਹਾਂ ਦੀਆਂ ਲੋਕੋਕਤੀਆਂ ਪ੍ਰਚਲਤ ਹਨ। ਜਿਵੇਂ:- ਜਿੰਨਾ ਨਿੱਕਾ ਉਨਾਂ ਹੀ ਤਿੱਖਾ; ਜਿਤਨਾ ਛੋਟਾ ਉਤਨਾ ਖੋਟਾ; ਜਾਂ, ਜਿਤਨਾ ਧਰਤੀ ਦੇ ਉਪਰ ਹੈ, ਉਤਨਾ ਹੀ ਧਰਤੀ ਦੇ ਅੰਦਰ ਹੈ।
ਮਧਰੇ ਪ੍ਰਾਣੀਆਂ ਬਾਰੇ ਹੀ ਨਹੀਂ, ਲੰਮੇ ਵਿਅਕਤੀ ਸੰਬੰਧੀ ਵੀ ਇਹ ਲੋਕੋਕਤੀ ਪ੍ਰਚਲਚਤ ਹੈ: ਜਿੰਨਾ ਲੰਮਾ ਉਤਨਾ ਨਿਕੰਮਾ।
ਅਖਾਣਾਂ ਨੂੰ ਆਮ ਤੌਰ `ਤੇ ਅਨੁਭਵ ਦੀ ਪੁੱਤਰੀ, ਗਿਆਨ ਦੇ ਸਾਗਰ ਦੀ ਗਾਗਰ ਆਖਿਆ ਜਾਂਦਾ ਹੈ। ਇਸ ਲਈ ਇਹਨਾਂ ਦੇ ਸਦਾਚਾਰਕ ਸੱਚ ਨੂੰ ਸਦਾਚਾਰ-ਨੀਤੀ ਤੇ ਧਰਮ, ਦੋਹਾਂ ਨੇ ਹੀ ਆਪਣਾਇਆ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਕਈ ਅਖਾਣ ਸਰਬ ਕਾਲੀ ਅਤੇ ਸਰਬ ਦੇਸੀ ਹਨ; ਭਾਵ, ਇਹਨਾਂ ਵਿੱਚ ਵਰਣਿਤ ਵਿਸ਼ਾ-ਵਸਤੂ ਸਰਬ ਕਾਲੀ ਹੋਣ ਦੇ ਨਾਲ ਹਰੇਕ ਮਨੁੱਖ-ਮਾਤ੍ਰ ਉੱਤੇ ਵੀ ਢੁੱਕਦਾ ਹੈ। ਪਰ ਕੁੱਝ ਅਖਾਣ ਨਾ ਤਾਂ ਸਰਬ ਕਾਲੀ ਹਨ, ਨਾ ਹੀ ਸਰਬ ਦੇਸੀ ਅਤੇ ਨਾ ਹੀ ਵਿਸ਼ੇਸ਼ ਸਮੇਂ ਜਾਂ ਸਥਾਨ ਦੇ ਸੱਚ ਦਾ ਲਖਾਇਕ ਹਨ। ਜਿਵੇਂ:- “ਗਿੱਲ ਸਿੱਖ ਨਹੀਂ, ਚਾਹਿਲ ਮਿੱਤ ਨਹੀਂ”; “ਪੁਲਿਸ ਪਟਵਾਰੀ ਵੇਸਵਾ, ਤਿੰਨੇ ਕਿਸ ਦੇ ਮਿਤ”? ; “ਜਿਸ ਦਾ ਮਿਤ੍ਰ ਖੱਤਰੀ ਹੋਵੇ ਉਸ ਨੂੰ ਦੁਸ਼ਮਨ ਦੀ ਲੋੜ ਨਹੀਂ”; ਜੱਟ ਜੱਟ ਦਾ ਰਹਿੰਦਾ ਕਾਮਾ, ਭੁੱਖਾ ਮਰੇ ਤਾਂ ਕਰੇ ਸਲਾਮਾਂ, ਜੇ ਰੱਜੇ ਤਾਂ ਕੱਢੇ ਗਾਲ, ਜੱਟ ਵਿਗਾੜੇ ਮੁਰਸ਼ਦ ਨਾਲ”।
ਜਾਤੀ-ਗੋਤ, ਅਤੇ ਵਿਹਾਰ ਆਦਿ ਨਾਲ ਸੰਬੰਧਤ ਇਹੋ-ਜਿਹੇ ਅਖਾਣਾਂ ਵਿੱਚੋਂ ਬਹੁਤਿਆਂ ਅਖਾਣਾਂ ਦਾ ਘੇਰਾ ਸੀਮਤ ਹੀ ਨਹੀਂ, ਬਲਕਿ ਇਹ ਸਚਾਈ ਤੋਂ ਵੀ ਕੋਹਾਂ ਦੂਰ ਹਨ। ਇਸ ਤਰ੍ਹਾਂ ਦੇ ਅਖਾਣਾਂ ਵਿੱਚ ਨਾ ਤਾਂ ਅਨੁਭਵ ਹੈ ਨਾ ਹੀ ਵਿਸ਼ਾਲਤਾ ਅਤੇ ਨਾ ਹੀ ਸੁਹਿਰਦਤਾ ਵਾਲਾ ਭਾਵ ਹੈ। ਇਹਨਾਂ ਵਿੱਚ ਨਿਜੀ ਕੁੜੱਤਣ ਅਤੇ ਦਵੈਸ਼ ਦੇ ਬੋਲ-ਬਾਲੇ ਵਾਲੀ ਭਾਵਨਾ ਦੀ ਹੀ ਪ੍ਰਬਲਤਾ ਹੈ।
ਗੁਰਮਤਿ ਦੀ ਜੀਵਨ-ਜੁਗਤ ਵਿੱਚ ਇਹੋ-ਜਿਹੀਆਂ ਲੋਕੋਕਤੀਆਂ ਨੂੰ ਕਿਸੇ ਵੀ ਰੂਪ ਵਿੱਚ ਪਰਵਾਨ ਨਹੀਂ ਕੀਤਾ ਗਿਆ ਹੈ। ਰੰਗ, ਨਸਲ, ਕੱਦ-ਕਾਠ, ਜਾਤ, ਗੋਤ, ਇਲਾਕੇ ਜਾਂ ਕਸਬ ਆਦਿ ਬਾਰੇ ਲੋਕੋਕਤੀਆਂ ਦੀ ਧਾਰਨਾ ਨੂੰ ਗੁਰਬਾਣੀ ਦੇ ਸੱਚ ਨੇ ਪਰਵਾਨ ਨਹੀਂ ਕੀਤਾ ਹੈ। ਚੰਗੇ ਜਾਂ ਮਾੜੇ ਇਨਸਾਨ ਹਰ ਇੱਕ ਧਰਮ, ਜਾਤ, ਇਲਾਕੇ ਅਤੇ ਕਿੱਤੇ ਵਿੱਚ ਹੁੰਦੇ ਹਨ। ਕਿਸੇ ਇੱਕ ਜਾਂ ਇੱਕ ਤੋਂ ਵਧੀਕ ਭੈੜੇ ਪ੍ਰਾਣੀਆਂ ਕਾਰਨ ਉਸ ਨਾਲ ਸੰਬੰਧਤ ਸਮੁੱਚੇ ਧਰਮ, ਜਾਤ, ਇਲਾਕੇ ਜਾਂ ਕਿੱਤੇ ਨਾਲ ਸਬੰਧਤ ਵਿਅਕਤੀ ਮਾੜੇ ਨਹੀਂ ਬਣ ਜਾਂਦੇ ਹਨ। ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਮਾੜੇ ਜਾਂ ਭੈੜੇ ਵਿਅਕਤੀ ਨੂੰ ਹੀ ਭੈੜਾ ਕਿਹਾ ਹੈ ਨਾ ਕਿ ਉਸ ਦੇ ਧਰਮ, ਜਾਤ, ਇਲਾਕੇ ਜਾਂ ਕਸਬ ਆਦਿ ਨੂੰ।
ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਕਈ ਥਾਈਂ ਲੋਕੋਕਤੀਆਂ ਦੀ ਵਰਤੋਂ ਕੀਤੀ ਹੋਈ ਹੈ। ਜਿਵੇਂ:- ‘ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ਜੀਉ`; ਜਾਂ ‘ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ`।।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਗੁਰਬਾਣੀ ਦੇ ਕੁੱਝ ਫ਼ਰਮਾਨਾਂ ਨੂੰ ਵੀ ਅਖਾਣਾਂ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਜਿਵੇਂ:-
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।। ਜਾਂ ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ`।।
ਪਰੰਤੂ ਜਦੋਂ ਗੁਰਬਾਣੀ ਦੇ ਕੁੱਝ ਫ਼ਰਮਾਨਾਂ ਨੂੰ ਉਹਨਾਂ ਦੇ ਅਸਲ ਭਾਵ ਨੂੰ ਅੱਖੋਂ-ਪਰੋਖਿਆਂ ਕਰਕੇ ਉਹਨਾਂ ਨੂੰ ਲੋਕੋਕਤੀਆਂ ਨਾਲ ਜੋੜ ਕੇ ਦੇਖਿਆ ਅਤੇ ਪਰਚਾਰਿਆ ਜਾ ਰਿਹਾ ਹੁੰਦਾ ਹੈ ਤਾਂ ਉਹ ਬਾਣੀ ਰਚੇਤਿਆਂ ਨਾਲ ਇਨਸਾਫ ਨਹੀਂ ਹੈ। ਚੂੰਕਿ ਬਾਣੀ ਰਚੇਤਿਆਂ ਨੇ ਕਿਸੇ ਵੀ ਧਰਮ, ਜਾਤ, ਕਿੱਤੇ ਜਾਂ ਮਨੁੱਖ ਦੀ ਸਰੀਰਕ ਡੀਲ-ਡੌਲ ਜਾਂ ਰੂਪ-ਰੰਗ ਨੂੰ ਲੋਕੋਕਤੀਆਂ ਵਾਂਗ ਨਹੀਂ ਦੇਖਿਆ ਹੈ। ਗੁਰਬਾਣੀ ਦੇ ਸੱਚ ਸੰਬੰਧੀ ਭਾਵੇਂ ਇਹ ਗੱਲ ਵਧੇਰੇ ਵਿਆਖਿਆ ਦੀ ਮੁਹਤਾਜ ਨਹੀਂ ਹੈ ਪਰੰਤੂ ਫਿਰ ਵੀ ਕਈ ਸੱਜਣਾਂ ਵਲੋਂ ਗੁਰਬਾਣੀ ਦੇ ਕਈ ਫ਼ਰਮਾਨਾਂ ਨੂੰ ਲੋਕੋਕਤੀਆਂ ਦੀ ਰੋਸ਼ਨੀ ਵਿੱਚ ਵਿਚਾਰਿਆ ਜਾ ਰਿਹਾ ਹੈ। ਗੁਰਬਾਣੀ ਦੇ ਜਿਹਨਾਂ ਫ਼ਰਮਾਨਾਂ ਨੂੰ (ਕੁਝ ਸੱਜਣਾਂ ਵਲੋਂ) ਲੋਕੋਕਤੀਆਂ ਹੀ ਸਮਝਿਆ ਜਾ ਰਿਹਾ ਹੈ, ਉਹਨਾਂ ਵਿੱਚੋਂ ਸਹਸਕ੍ਰਿਤੀ ਦਾ ਇਹ ਪਾਵਨ ਸਲੋਕ ਵੀ ਹੈ:-
ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ ਭੂਮਿ ਵੈਰਣਹ।। ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ।। (ਪੰਨਾ ੧੩੫੯)
ਗੁਰਬਾਣੀ ਦੇ ਇਸ ਫ਼ਰਮਾਨ ਦਾ ਇਹ ਭਾਵ ਲਿਆ ਜਾਂਦਾ ਹੈ ਕਿ ਕਾਲੇ ਰੰਗ ਅਤੇ ਮਧਰੇ ਵਿਅਕਤੀ ਦੇ ਦਿਲ ਵਿੱਚ ਖੋਟ ਹੁੰਦਾ ਹੈ। ਮਧਰੇ ਵਿਅਕਤੀ ਬਾਰੇ ਪ੍ਰਚਲਤ ਲੋਕੋਕਤੀਆਂ ਦਾ ਉਪਰ ਜ਼ਿਕਰ ਕਰ ਆਏ ਹਾਂ। ਪਰ ਗੁਰਬਾਣੀ ਵਿੱਚ ਮਧਰੇ ਜਾਂ ਕਾਲੇ ਵਿਅਕਤੀ ਬਾਰੇ ਇਸ ਤਰ੍ਹਾਂ ਦੀ ਧਾਰਨਾ ਨਹੀਂ ਹੈ।
‘ਸਿਆਮਲੰ` ਸ਼ਬਦ ਦਾ ਇੱਕ ਅਰਥ ਸਾਂਵਲਾ ਅਤੇ ਦੂਜਾ ਅਰਥ ਸੁੰਦਰ ਅਥਵਾ ਮਨੋਹਰ ਹੈ। ਗੁਰਬਾਣੀ ਵਿੱਚ ‘ਸਿਆਮਲੰ` ਸ਼ਬਦ ਕੇਵਲ ਇਸੇ ਸਲੋਕ ਵਿੱਚ ਹੀ ਆਇਆ ਹੈ, ਉਹ ਵੀ ਕਾਲੇ/ਸਾਂਵਲਾ ਅਰਥ ਵਿੱਚ ਨਹੀਂ ਬਲਕਿ ਸੁੰਦਰ ਦੇ ਅਰਥ ਵਿੱਚ ਆਇਆ ਹੈ। ਹਾਂ ‘ਸਿਆਮ` ਸ਼ਬਦ ਇੱਕ ਤੋਂ ਵਧੀਕ ਵਾਰੀ ਆਇਆ ਹੈ। ‘ਸਿਆਮ` ਸ਼ਬਦ ਕਿਧਰੇ ਕ੍ਰਿਸ਼ਨ ਅਤੇ ਕਿਧਰੇ ਪ੍ਰਭੂ ਦੇ ਅਰਥ ਵਿੱਚ ਆਇਆ ਹੈ। ਹਾਂ ‘ਸਿਆਮੰ` ਸ਼ਬਦ ਕਾਲੇ ਰੰਗ ਦੇ ਅਰਥ ਵਿੱਚ ਆਇਆ ਹੈ ਪਰ ਇੱਥੇ ਵੀ ਭਾਵ ਕ੍ਰਿਸ਼ਨ ਜੀ ਤੋਂ ਹੀ ਹੈ।
ਇਸ ਫ਼ਰਮਾਨ ਵਿੱਚ ਆਏ ‘ਸਿਆਮਲੰ` ਸ਼ਬਦ ਦਾ ਅਰਥ ਕਾਲੇ ਰੰਗ ਤੋਂ ਨਹੀਂ ਸੁੰਦਰ ਅਥਵਾ ਮਨੋਹਰ ਤੋਂ ਹੈ। ਇਸੇ ਤਰ੍ਹਾਂ ‘ਮਧੁਰ` ਦਾ ਅਰਥ ਮਧਰਾ ਮਨੁੱਖ ਨਹੀਂ ਬਲਕਿ ਮਿੱਠੇ ਤੋਂ ਹੈ। ਹਾਂ, ਇਹ ਠੀਕ ਹੈ ਕਿ ‘ਸਿਆਮਲੰ` ਦਾ ਅਰਥ ਕਾਲਾ ਵੀ ਹੈ ਪਰ ਇੱਥੇ ਇਸ ਦਾ ਅਰਥ ਕਾਲਾ ਨਹੀਂ ਬਲਕਿ ਪ੍ਰਕਰਣ ਅਨੁਸਾਰ ਸੁੰਦਰ ਹੈ। (ਨੋਟ: ਮਧਰਾ ਉਸ ਪ੍ਰਾਣੀ ਨੂੰ ਕਹਿੰਦੇ ਹਨ ਜੋ ਮਧਯ ਦਰਜੇ ਦਾ, ਨਾ ਬਹੁਤ ਲੰਮਾ ਅਰ ਨਾ ਬਹੁਤ ਛੋਟੇ ਕੱਦ ਦਾ ਹੈ।)
ਹਰੇਕ ਭਾਸ਼ਾ ਵਿੱਚ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਹੁੰਦੇ ਹਨ ਜਿਹਨਾਂ ਦੇ ਇੱਕ ਤੋਂ ਵਧੀਕ ਅਰਥ ਹੁੰਦੇ ਹਨ ਪਰ ਪ੍ਰਕਰਣ ਅਨੁਸਾਰ ਉਹਨਾਂ ਦਾ ਇੱਕ ਹੀ ਅਰਥ ਲਿਆ ਜਾਂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਸ਼ਬਦਾਂ ਦੇ ਪ੍ਰਕਰਣ ਅਨੁਸਾਰ ਹੀ ਅਰਥ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਅਜਿਹੇ ਕਈ ਸ਼ਬਦ ਹਨ ਜਿਹਨਾਂ ਦੇ ਇੱਕ ਤੋਂ ਵਧੀਕ ਅਰਥ ਹਨ। ਇਹਨਾਂ ਸ਼ਬਦਾਂ ਦੇ ਪ੍ਰਕਰਣ ਅਨੁਸਾਰ ਅਰਥ ਕੀਤੇ ਜਾਂਦੇ ਹਨ। ਉਦਾਹਰਣ ਵਜੋਂ ਗੁਰਬਾਣੀ ਵਿੱਚ ਆਏ ‘ਰਾਵਣ` ਸ਼ਬਦ ਦੀ ਹੀ ਗੱਲ ਕਰਦੇ ਹਾਂ। ਗੁਰਬਾਣੀ ਵਿੱਚ ਇਹ ਸ਼ਬਦ ਦੋ ਅਰਥਾਂ ਵਿੱਚ ਆਇਆ ਹੈ: ਭੋਗਣਾ ਅਥਵਾ ਆਨੰਦ ਲੈਣ ਅਤੇ ਲੰਕਾ ਪਤੀ ਰਾਵਨ। ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਵਿੱਚ ਇਸ ਭਾਵਾਰਥ ਨੂੰ ਦੇਖਿਆ ਜਾ ਸਕਦਾ ਹੈ:-
(੧) ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ।। ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ।। (ਪੰਨਾ ੫੫੭) ਅਰਥ:-ਜਿਸ ਜੀਵ-ਇਸਤ੍ਰੀ ਦੇ ਪੱਲੇ ਇਹ ਗੁਣ ਹੈ (ਜਿਸ ਜੀਵ-ਇਸਤ੍ਰੀ ਨੂੰ ਯਕੀਨ ਹੈ ਕਿ ਪ੍ਰਭੂ ਹੀ ਸੁਖਾਂ ਦਾ ਸੋਮਾ ਹੈ, ਉਹ) ਪ੍ਰਭੂ-ਪਤੀ (ਦਾ ਪੱਲਾ ਫੜ ਕੇ ਉਸ) ਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ) ਪਰ ਜਿਸ ਦੇ ਪੱਲੇ ਇਹ ਗੁਣ ਨਹੀਂ ਹੈ (ਤੇ ਜੋ ਥਾਂ ਥਾਂ ਭਟਕਦੀ ਫਿਰਦੀ ਹੈ) ਉਹ (ਆਤਮਕ ਸੁਖ ਵਾਸਤੇ) ਵਿਅਰਥ ਹੀ ਤਰਲੇ ਲੈਂਦੀ ਹੈ। ਹਾਂ, ਜੇ ਉਸ ਦੇ ਅੰਦਰ ਭੀ ਇਹ ਗੁਣ ਆ ਜਾਏ, ਤਾਂ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਸਫਲ ਉੱਦਮ ਕਰ ਸਕਦੀ ਹੈ।
ਇਸ ਪੰਗਤੀ ਵਿੱਚ ‘ਰਾਵਣ` ਦਾ ਅਰਥ ਹੈ ਰਮਣ, ਭੋਗਣ ਅਥਵਾ ਆਨੰਦ ਲੈਣਾ।
(੨) ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ।। (ਪੰਨਾ ੬੯੫) ਅਰਥ:- (ਹਨੂਮਾਨ ਦੇ ਭਾਗਾਂ ਵਿਚੋਂ ਉਸ ਦੀ ਨਿੱਕੀ ਜਿਹੀ ਕੱਛ ਨਾਹ ਹਟ ਸਕੀ, ਭਾਵੇਂ ਉਸ ਨੇ ਸ੍ਰੀ ਰਾਮ ਚੰਦ੍ਰ ਜੀ ਦੀ ਖ਼ਾਤਰ) ਲੰਕਾ ਦਾ ਕਿਲ੍ਹਾ ਸਾੜਿਆ, ਰਾਵਣ ਦਾ ਬਾਗ਼ ਉਜਾੜ ਦਿੱਤਾ, ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਰਾਮ ਚੰਦ੍ਰ ਜੀ ਨੂੰ ਪ੍ਰਸੰਨ ਵੀ ਕੀਤਾ।
ਇਸ ਪੰਗਤੀ ਵਿੱਚ ‘ਰਾਵਣ` ਦਾ ਅਰਥ ਲੰਕਾ ਪਤੀ ਰਾਵਣ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ‘ਮਧੁਰ` ਸ਼ਬਦ ਚਾਰ ਵਾਰੀ ਆਇਆ ਹੈ। ਪਰ ਕਿਧਰੇ ਵੀ ਇਹ ਸ਼ਬਦ ‘ਮਧਰੇ ਮਨੁੱਖ` ਦੇ ਅਰਥ ਵਿੱਚ ਨਹੀਂ ਆਇਆ ਹੈ। ਗੁਰਬਾਣੀ ਵਿੱਚ ਇਹ ਸ਼ਬਦ ਮਿੱਠਾ, ਪ੍ਰਿਯ, ਪਯਾਰੀ, ਮਿੱਠੀ, ਕੰਨਾ ਨੂੰ ਭਾਉਣ ਵਾਲੀ (ਆਵਾਜ਼) ਦੇ ਅਰਥ ਵਿੱਚ ਹੀ ਆਇਆ ਹੈ।
ਇਹ ਠੀਕ ਹੈ ਕਿ ਕਈ ਵਿਦਵਾਨ ਇਸ ਸਲੋਕ ਵਿੱਚ ‘ਸਿਆਮਲੰ` ਅਤੇ ‘ਮਧੁਰ` ਸ਼ਬਦ ਦਾ ਅਰਥ ਕਾਲਾ ਅਤੇ ਮਧਰਾ ਮਨੁੱਖ ਕਰਦੇ ਹਨ। ਜਿਵੇਂ ਸੰਪਰਦਾਈ ਟੀਕਾ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ` ਵਿੱਚ ਇਸ ਸਲੋਕ ਦੇ ਅਰਥ ਇਸ ਤਰ੍ਹਾਂ ਕੀਤੇ ਹਨ:-
“ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ ਭੂਮਿ ਵੈਰਣਹ।। ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ।। (ਪੰਨਾ ੧੩੫੯) ਅਰਥ:-ਜੋ ਪੁਰਸ਼ ਸਿਆਮਲੰ=ਕਾਲੇ ਰੰਗ ਵਾਲਾ ਹੋਵੇ ਤਾਂ ਕੱਦ ਵਿੱਚ ਮਧਰਾ ਹੋਵੇ ਇਹ ਨਿਯਮ ਹੈ ਕਿ ਤਿਸ ਦੇ ਰਿਦਯੰ+ਭੂਮਿ=ਰਿਦੇ ਰੂਪ ਧਰਤੀ ਵਿੱਚ ਹਮੇਸ਼ਾਂ ਵੈਰਣਹ=ਵੈਰ ਭਾਵ ਟਿਕਿਆ ਰਹਿੰਦਾ ਹੈ। ਐਸੇ ਕਾਲੇ ਰੰਗ ਵਾਲੇ ਤੇ ਮਧੁਰੇ ਪੁਰਸ਼ ਦਾ ਦੁਸਰਿਆਂ ਅੱਗੇ ਜਿਹੜਾ ਨਿਵੰਤਿ=ਨਿਵਣਾ ਹੈ ਇਹ ਮਿਥਿਆ=ਝੂਠਾ ਹੁੰਦਾ ਹੈ ਐਸੇ ਪੁਰਸ਼ਾਂ ਤੋਂ ਸੱਜਣ ਸੰਤ ਜਨ ਹਮੇਸ਼ਾਂ ਹੀ ਸੁਚੇਤ ਰਹਿੰਦੇ ਹਨ। “
ਟੀਕਾਕਾਰ ਨੇ ਇਸ ਦੇ ਨਾਲ ਹੀ ਇਸ ਸਲੋਕ ਦਾ ਦੂਜਾ ਅਰਥ ਵੀ ਕੀਤਾ ਹੈ। ਦੂਜਾ ਅਰਥ ਇਸ ਤਰ੍ਹਾਂ ਕੀਤਾ ਹੈ:-
“ਇਸੇ ਸਲੋਕ ਦਾ ਅੰਤ੍ਰੀਵ-ਦੂਜਾ ਅਰਥ-ਸਿਆਮ ਰੰਗ ਵਾਲੇ ਭਗਵਾਨ ਦੀ ਮਧੁਰ=ਸੁੰਦਰ ਮੂਰਤੀ ਦਾ ਧਿਆਨ ਜਿਸ ਮਨੁੱਖ ਦੀ ਰਿਦੇ ਰੂਪ ਭੂਮੀ ਵਿੱਚ ਵਸਿਆ ਹੈ, ਤਿਸ ਮਨੁੱਖ ਦੇ ਹਿਰਦੇ ਵਿੱਚ ਵੈਰ+ਣਹ=ਵੈਰ ਭਾਵ ਨਹੀਂ ਰਹਿੰਦਾ ਅਥਵਾ- ਜੋ ਸ਼ਿਆਮ ਆਦਿਕ ਰੂਪਾਂ ਨੂੰ ਧਾਰਨ ਵਾਲਾ ਮਾਯਾ ਸਬਲ ਬ੍ਰਹਮ ਹੈ, ਉਹ ਜਿਸ ਮਨੁੱਖ ਨੂੰ ਮਧੁਰ=ਪਿਆਰਾ ਲੱਗਾ ਹੈ ਉਸ ਦੀ ਹਿਰਦੇ ਰੂਪ ਭੂਮੀ ਵਿੱਚ ਫੇਰ ਵੈਰ ਨਹੀਂ ਰਹਿੰਦਾ।
ਐਸੇ ਪੂਰਨ ਕਰਣੀ ਵਾਲੇ ਮਹਾਤਮਾਂ ਦੇ ਚਰਨਾਂ ਤੇ ਜਿਹੜੇ ਮਨੁੱਖ ਸ਼ਰਧਾ ਨਾਲ ਨਿਵੰਤਿ= ਨਿਵਦੇ ਹਨ ਭਾਵ ਨਮਸ਼ਕਾਰ ਕਰਦੇ ਹਨ-ਉਹਨਾਂ ਨੂੰ ਸੰਸਾਰ ਮਿੱਥਿਆ ਪ੍ਰਤੀਤ ਹੋਣ ਲਗ ਪੈਂਦਾ ਹੈ; ਐਸੇ ਸੱਜਣ ਸੰਤ ਚੇਤਨ ਪ੍ਰਭੂ ਦਾ ਸਰੂਪ ਹੀ ਹਨ”। (-ਟੀਕਾਕਾਰ ਗਿਆਨੀ ਕ੍ਰਿਪਾਲ ਸਿੰਘ ਜੀ)
‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼` ਵਿੱਚ ਇਸ ਦਾ ਅਰਥ ਇਉਂ ਕੀਤਾ ਹੈ:-
“ਜੋ ਮਨੁੱਖ ਕਾਲਾ ਹੋਵੇ ਤੇ ਮਧਰਾ ਹੋਵੇ। ਐਉਂ ਵੀ ਅਰਥ ਲੈਂਦੇ ਹਨ: ਕਾਲਾ (ਕ੍ਰਿਸ਼ਨ ਵਤ ਸੁੰਦਰ) ਤੇ ਮਿੱਠਾ ਬੋਲਣ ਵਾਲਾ ਮਨੁੱਖ ਹੋਵੇ, ਪਰ ਜੇ ਰਿਦੇ ਵਿੱਚ ਵੈਰ ਰਖਦਾ ਹੋਵੇ ਤਾਂ ਉਸ ਦਾ ਨੀਉਣਾ ਮਿਥਯਾ ਹੈ। “
ਪਰ ਇਹਨਾਂ ਵਿਦਵਾਨ ਸੱਜਣਾਂ ਵਲੋਂ ਕੀਤੇ ਇਹ ਅਰਥ ਨਾ ਤਾਂ ਪ੍ਰਕਰਣ ਅਨੁਸਾਰ ਹਨ ਅਤੇ ਨਾ ਹੀ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਹਨ। ਹਿਰਦੇ ਵਿੱਚ ਵੈਰ ਰੱਖਣ ਵਾਲਾ ਭਾਵੇਂ ਕੋਈ ਮਧਰਾ ਹੈ ਜਾਂ ਲੰਮਾ ਹੈ, ਕਾਲਾ ਹੈ ਜਾਂ ਗੋਰਾ ਹੈ, ਉਸ ਦਾ ਨਿਊਣਾ ਝੂਠਾ ਅਥਵਾ ਪਾਖੰਡ ਹੀ ਹੈ।
‘ਸ੍ਰੀ ਗੁਰੂ ਗ੍ਰੰਥ ਦਰਪਣ` ਵਿੱਚ ਇਸ ਸਲੋਕ ਦਾ ਅਰਥ ਅਤੇ ਭਾਵ ਇਸ ਤਰ੍ਹਾਂ ਕੀਤਾ ਹੋਇਆ ਹੈ:-
ਮਨੁੱਖ (ਵੇਖਣ ਨੂੰ) ਸੋਹਣਾ ਹੋਵੇ, ਅਤੇ ਮਿਠ-ਬੋਲਾ ਹੋਵੇ, ਪਰ ਜੇ ਉਸ ਦੇ ਹਿਰਦੇ-ਧਰਤੀ ਵਿੱਚ ਵੈਰ (ਦਾ ਬੀਜ) ਹੋਵੇ, ਤਾਂ ਉਸ ਦਾ (ਦੂਜਿਆਂ ਅੱਗੇ) ਲਿਫਣਾ (ਨਿਰੀ) ਠੱਗੀ ਹੈ। ਭਲੇ ਮਨੁੱਖ ਸੰਤ ਜਨ (ਇਸ ਉਕਾਈ ਵਲੋਂ) ਸਾਵਧਾਨ ਰਹਿੰਦੇ ਹਨ। (ਪ੍ਰੋਫੈਸਰ ਸਾਹਿਬ ਸਿੰਘ)
ਭਾਵ:- ਭਲਾ ਮਨੁੱਖ ਉਹ ਹੈ ਜੋ ਅੰਦਰੋਂ ਭੀ ਭਲਾ ਹੈ ਤੇ ਬਾਹਰੋਂ ਭੀ ਭਲਾ ਹੈ। ਅੰਦਰ ਖੋਟ ਰੱਖ ਕੇ ਭਲਾਈ ਦਾ ਵਿਖਾਵਾ ਕਰਨ ਵਾਲਾ ਮਨੁੱਖ ਭਲਾ ਨਹੀਂ ਹੈ।
ਹਿਰਦੇ ਵਿੱਚ ਵੈਰ ਰੱਖਣਾ ਵਾਲਾ ਪ੍ਰਾਣੀ ਭਾਵੇਂ ਕਾਲਾ ਹੈ ਜਾਂ ਗੋਰਾ, ਮਧਰਾ ਹੈ ਜਾਂ ਲੰਮਾ ਉਸ ਵਲੋਂ ਦਿਖਾਈ ਗਈ ਨਿਮ੍ਰਤਾ ਦਿਖਾਵਾ ਹੀ ਹੋਵੇਗਾ। ਭਾਵੇਂ ਮਧਰੇ ਵਿਅਕਤੀ ਬਾਰੇ ਕਈ ਤਰ੍ਹਾਂ ਦੀਆਂ ਲੋਕੋਕਤੀਆਂ ਪ੍ਰਚਲਤ ਹਨ ਪਰੰਤੂ ਫਿਰ ਵੀ ਕਿਸੇ ਅਖਾਣ ਵਿੱਚ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਜੇਕਰ ਮਨ ਵਿੱਚ ਵੈਰ ਰੱਖਣ ਵਾਲਾ ਕੋਈ ਗੋਰੇ ਰੰਗ ਅਤੇ ਲੰਮੇ ਕੱਦ ਦਾ ਹੈ ਤਾਂ ਉਸ ਦੀ ਝੁਕਣਾ ਝੂਠਾ ਨਹੀਂ ਹੈ।
ਇਸ ਸਲੋਕ ਵਿੱਚ ਸਤਿਗੁਰੂ ਜੀ ਨੇ ਮਧਰੇ ਕੱਦ ਜਾਂ ਕਾਲੇ ਰੰਗ ਵਾਲੇ ਮਨੁੱਖ ਸੰਬੰਧੀ ਲੋਕੋਕਤੀਆਂ ਦੀ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਹੈ। ਇਸ ਸਲੋਕ ਵਿੱਚ ਸਤਿਗੁਰੂ ਜੀ ਕਿਸੇ ਮਧਰੇ ਕੱਦ ਜਾਂ ਕਾਲੇ ਰੰਗ ਵਾਲੇ ਵਿਆਕਤੀ ਦੀ ਗੱਲ ਨਹੀਂ ਕਰ ਰਹੇ ਹਨ। ਕੋਈ ਵੀ ਵਿਅਕਤੀ ਭਾਵੇਂ ਉਹ ਕਾਲੇ ਰੰਗ ਦਾ ਹੈ, ਭਾਵੇਂ ਗੋਰੇ ਰੰਗ ਦਾ, ਮਧਰੇ ਕੱਦ ਦਾ ਹੈ ਅਤੇ ਭਾਵੇਂ ਲੰਮੇ ਕੱਦ ਦਾ ਹੈ, ਜੇਕਰ ਉਸ ਦੇ ਹਿਰਦੇ ਵਿੱਚ ਕਪਟ ਹੈ ਤਾਂ ਉਸ ਦਾ ਝੁਕਣਾ ਪਾਖੰਡ ਹੈ।
ਕਈ ਵਿਦਵਾਨਾਂ ਨੇ ਨਿਮਨ ਲਿਖਤ ਫ਼ਰਮਾਨ ਵਿੱਚ ਆਏ ‘ਮਧੁਰੀ` ਸ਼ਬਦ ਦਾ ਵੀ ਛੋਟੇ ਕੱਦ ਵਾਲੀ ਇਸਤ੍ਰੀ ਕੀਤਾ ਹੈ:-
ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ।। ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ।। (ਪੰਨਾ ੫੨੭) ਇਸ ਪੰਗਤੀ ਦੇ ਕਈ ਵਿਦਵਾਨ ਇਸ ਤਰ੍ਹਾਂ ਅਰਥ ਕਰਦੇ ਹਨ, “(ਜਿਸ ਜੀਵ-ਇਸਤ੍ਰੀ ਨੂੰ ਆਪਣੇ) ਪ੍ਰੀਤਮ ਦੇ ਬਚਨ ਹਿਰਦੇ ਵਿੱਚ ਸੁਖਾਅ ਗਏ ਹਨ (ਉਸ ਦੀ ਜੀਵਨ) ਚਾਲ (ਮਰਯਾਦਾ) ਚੰਗੀ ਬਣ ਗਈ ਹੈ। (ਪਹਿਲਾਂ ਭਾਵੇਂ ਉਹ) ਲਟੋਰ (ਆਪ ਹੁਦਰੀ) ਸੀ (ਚਾਹੇ) ਮਧੁਰੀ (ਛੋਟੇ ਕਦ ਵਾਲੀ) ਸੀ (ਪਰ ਜਦੋਂ) ਠਾਕੁਰ ਨੂੰ ਚੰਗੀ ਲਗ ਗਈ (ਜਾਣੋ) ਉਹ ਸੋਹਣੀ ਜੀਵ-ਇਸਤ੍ਰੀ ਪਸੀਜ ਕੇ ਹਰੀ ਪਰਮੇਸ਼ਰ ਨੂੰ ਮਿਲ ਪਈ ਹੈ (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ-ਗਿਆਨੀ ਹਰਿਬੰਸ ਸਿੰਘ)
ਪਰ ਇਸ ਫ਼ਰਮਾਨ ਵਿੱਚ ਵੀ ‘ਮਧੁਰੀ` ਸ਼ਬਦ ਛੋਟੇ ਕੱਦ ਦਾ ਲਖਾਇਕ ਨਹੀਂ ਹੈ, ਬਲਕਿ ਥੋੜ੍ਹ-ਵਿਤੀ ਅਥਵਾ ਸੰਕੀਰਨ ਤੋਂ ਭਾਵ ਹੈ। (ਨੋਟ: ਛੋਟੇ ਕੱਦ ਵਾਲੇ ਪੁਰਸ਼ ਲਈ ‘ਮਧਰਾ` ਅਤੇ ਇਸਤ੍ਰੀ ਲਈ ‘ਮਧਰੀ` ਸ਼ਬਦ ਵਰਤਿਆ ਜਾਂਦਾ ਹੈ ਨਾ ਕਿ ‘ਮਧੁਰ` ਜਾਂ ‘ਮਧੁਰੀ`।)
ਪਰੰਤੂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨਾਂ ਪੰਗਤੀਆਂ ਦਾ ਅਰਥ ਇਉਂ ਕੀਤਾ ਹੈ:
ਅਰਥ:- (ਹੇ ਜਿੱਗਿਆਸੂ ਜੀਵ-ਇਸਤ੍ਰੀ!) ਜਿਸ ਨੂੰ ਪਿਆਰੇ ਪ੍ਰਭੂ ਦੇ ਸਿਫ਼ਤਿ-ਸਾਲਾਹ ਦੇ ਬਚਨ ਹਿਰਦੇ ਵਿੱਚ ਸੁਖਾ ਜਾਂਦੇ ਹਨ, ਜਿਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਪਹਿਲਾਂ ਭਾਵੇਂ) ਲਟੋਰ (ਸੀ) ਥੋੜ੍ਹ-ਵਿਤੀ (ਸੀ, ਉਹ) ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ੍ਰੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿੱਚ ਮਿਲ ਜਾਂਦੀ ਹੈ।
ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਕਿਸੇ ਵੀ ਮਨੁੱਖ ਨੂੰ ਉਸ ਦੀ ਸਰੀਰਕ ਡੀਲ-ਡੌਲ ਜਾਂ ਰੂਪ-ਰੰਗ ਬਾਰੇ ਦੋਸ਼ੀ ਜਾਂ ਕਸੂਰਵਾਰ ਨਹੀਂ ਮੰਨਿਆ ਹੈ ਜੋ ਉਸ ਦੇ ਵੱਸ ਵਿੱਚ ਨਹੀਂ ਹੈ। ਕੋਈ ਮਨੁੱਖ ਰੂਪ-ਰੰਗ ਜਾਂ ਕੱਦ-ਕਾਠ ਕਾਰਨ ਹੀ ਚੰਗਾ ਜਾਂ ਮਾੜਾ ਨਹੀਂ ਹੈ; ਚੰਗਾ ਜਾਂ ਮਾੜਾ ਕਰਮ ਅਤੇ ਨੀਅਤ ਕਰਕੇ ਹੈ। ਦਿਲ ਦੇ ਖੋਟੇ ਕਈ ਲੰਮੇ ਕੱਦ ਵਾਲੇ ਵੀ ਹੁੰਦੇ ਹਨ ਅਤੇ ਕਈ ਮਧਰੇ ਕੱਦ ਵਾਲੇ ਵੀ। ਚੰਗੇ ਜਾਂ ਮਾੜੇ ਦਾ ਕੱਦ-ਕਾਠ ਜਾਂ ਰੂਪ-ਰੰਗ ਨਾਲ ਕੋਈ ਸੰਬੰਧ ਨਹੀਂ ਹੈ।
ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕੱਦ-ਕਾਠ ਅਤੇ ਰੂਪ-ਰੰਗ ਦਾ ਮੂਲ ਕਾਰਨ ਤਾਂ
Endocrine(disorder; Environment (diet); Genetics. ਆਦਿ ਹੈ। ਇਸ ਲਈ ਮਧਰਾ ਹੋਣ ਜਾਂ ਕਾਲੇ ਰੰਗ ਦੇ ਹੋਣ ਵਿੱਚ ਕਿਸੇ ਮਨੁੱਖ ਦਾ ਆਪਣਾ ਕੋਈ ਦੋਸ਼ ਨਹੀਂ ਹੈ। ਲੋਕੋਕਤੀਆਂ ਵਿੱਚ ਭਾਵੇਂ ਮਧਰੇ ਅਤੇ ਕਾਲੇ ਰੰਗ ਦੇ ਪ੍ਰਾਣੀਆਂ ਸੰਬੰਧੀ ਇਹੋ ਜਿਹੀ ਧਾਰਨਾ ਪਾਈ ਜਾਂਦੀ ਹੈ ਪਰੰਤੂ ਗੁਰਬਾਣੀ ਵਿੱਚ ਇਸ ਤਰ੍ਹਾਂ ਦੀ ਧਾਰਨਾ ਨਹੀਂ ਹੈ। ਇਸ ਲਈ ਗੁਰਬਾਣੀ ਦੇ ਇਸ ਫ਼ਰਮਾਨ (ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ ਭੂਮਿ ਵੈਰਣਹ।। ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ) ਵਿੱਚ ਕਾਲੇ ਰੰਗ ਅਤੇ ਮਧਰੇ ਮਨੁੱਖ ਨੂੰ ਕਪਟੀ ਨਹੀਂ ਆਖਿਆ ਹੈ। ਇਸ ਪੰਗਤੀ ਵਿੱਚ ਤਾਂ ਜੋ ਮਨੁੱਖ ਸੁੰਦਰ ਅਤੇ ਮਿਠ ਬੋਲਾ ਹੈ ਪਰ ਉਸ ਦੇ ਰਿਦੇ ਵਿੱਚ ਵੈਰ-ਭਾਵ ਅਥਵਾ ਖੋਟ ਹੈ, ਤਾਂ ਉਸ ਦੇ ਨਿਊਣ ਨੂੰ ਮਿਥਿਆ ਆਖਿਆ ਹੈ। ਪਰ ਇਸ ਦਾ ਇਹ ਭਾਵ ਵੀ ਨਹੀਂ ਹੈ ਕਿ ਜੇਕਰ ਕੋਈ ਕਪਟੀ ਕੁਰੂਪ ਜਾਂ ਮਿਠਬੋਲਾ ਨਹੀਂ ਹੈ ਤਾਂ ਉਸ ਦਾ ਨਿਊਣਾ ਮਿਥਿਆ ਨਹੀਂ ਹੈ। ਨਹੀਂ, ਹਰਿਗ਼ਿਜ਼ ਅਜਿਹਾ ਨਹੀਂ ਹੈ। ਇਸ ਫ਼ਰਮਾਨ ਵਿੱਚ ਤਾਂ ‘ਮੂੰਹ ਮਹਿ ਰਾਮ ਰਾਮ ਬਗਲ ਮੈਂ ਛੁਰੀ` ਵਾਲੇ ਭਾਵ ਦਾ ਪ੍ਰਗਟਾਵਾ ਹੈ।
.