.

ਸਿੱਖੀ ਸੰਭਾਲ ਸਿੰਘਾ!

(ਕਿਸ਼ਤ ਚੌਬੀਸਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਅਧੋਗਤੀ ਤੋਂ ਬਾਅਦ ਅਧੋਗਤੀ

ਸੰਨ ੧੭੧੫ ਤੋਂ ੧੭੯੯-ਸ਼ੱਕ ਨਹੀਂ ਕਿ ਵੇਰਵਾ ਆ ਚੁੱਕਾ ਹੈ, ਤਾਂ ਵੀ ਵਿਸ਼ੇ ਵੱਲ ਵਧਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਭਾਵੇਂ ਓਪਰੀ ਨਜ਼ਰੇ ਹੀ ਸਹੀ, ਪਰ ਸੰਨ ੧੭੧੫ ਤੋਂ ਸੰਨ ੧੭੯੯ ਤੱਕ ਦੇ ਸਿੱਖ ਇਤਿਹਾਸ `ਤੇ ਫ਼ਿਰ ਤੋਂ ਕੁੱਝ ਨਜ਼ਰ ਸਾਨੀ ਕਰ ਲਈ ਜਾਵੇ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਪ੍ਰੋਕਤ ਚੌਰਾਸੀ ਸਾਲਾਂ ਦੌਰਾਨ, ਸਿੱਖ ਇਤਿਹਾਸ, ਉਸਦੇ ਸਿੱਖੀ ਜੀਵਨ ਤੇ ਰਹਿਨੀ ਪੱਖੋਂ ਸਿੱਖ ਕੌਮ ਦੀ ਵੱਡੀ ਅਧੋਗਤੀ ਹੋਈ। ਜਦਕਿ ਇਹ ਵੀ ਸੱਚ ਹੈ ਕਿ ਇਸ ਦੌਰਾਨ ਸਿੱਖ ਕੌਮ ਨੇ ਕੁੱਝ ਮੱਲਾਂ ਵੀ ਮਾਰੀਆਂ ਜਿਵੇਂ:

ਦੇਖ ਚੁੱਕੇ ਹਾਂ ਕਿ ਸਿੱਖ ਕੌਮ ਨੇ ਪਹਿਲਾਂ ਸੰਨ ੧੭੧੫ ਤੀਕ ਬਾਬਾ ਬੰਦਾ ਸਿੰਘ ਬਹਾਦੁਰ ਦੀ ਕਮਾਨ `ਚ ਬਲਸ਼ਾਲੀ ਖਾਲਸਾ ਰਾਜ ਕਾਇਮ ਕੀਤਾ ਤੇ ਆਪਣਾ ਸਿੱਕਾ ਵੀ ਚਲਾਇਆ। ਉਪ੍ਰੰਤ ਸੰਨ ੧੭੧੬, ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਬਾਅਦ ਸਿੱਖਾਂ ਨੇ ਸੰਨ ੧੭੪੦ `ਚ ਨਵਾਬ ਕਪੂਰ ਸਿੰਘ ਦੀ ਕਮਾਨ ਹੇਠ ਫ਼ਿਰ ਤੋਂ ਖਾਲਸਾ ਰਾਜ ਸਥਾਪਤ ਕਰ ਲਿਆ। ਇਤਨਾ ਹੀ ਨਹੀਂ, ਇਸ ਤੋਂ ਬਾਅਦ ਤੀਜੀ ਵਾਰ ਫ਼ਿਰ, ਸੰਨ ੧੭੭੪, ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਸੁਲਤਾਨ-ਉਲ-ਕੌਮ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਰਾਜ ਕਾਇਮ ਕੀਤਾ। ਇਹ ਵੀ ਕਿ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੇ ਸ਼ਾਸਨ ਤੋਂ ਬਾਅਦ ਆਪ ਜੀ ਨੇ ਵੀ ਸਿੱਖ ਰਾਜ ਦਾ ਆਪਣਾ ਸਿੱਕਾ ਚਲਾਇਆ। ਦਰਅਸਲ ਸਾਡੀਆਂ ਇਹ ਪ੍ਰਾਪਤੀਆਂ ਹੀ ਸੰਨ ੧੭੯੯ `ਚ ਖਾਲਸਾ ਰਾਜ ਦੀ ਕਾਇਮੀ ਲਈ ਬੁਨਿਆਦ ਸਨ। ਦੂਜੇ ਪਾਸੇ ਸਚਾਈ ਇਹ ਵੀ ਹੈ ਕਿ ਇਨ੍ਹਾਂ ਚੌਰਾਸੀ ਸਾਲਾਂ ਦੌਰਾਨ ਹੀ:

(੧) ਇੱਕ ਤਾਂ, ਸਿੱਖ ਧਰਮ ਦੀ ਵਿਚਾਰਧਾਰਾ ਤੇ ਰਹਿਤ ਮਰਿਆਦਾ `ਚ ਵੱਡੀ ਪੱਧਰ `ਤੇ ਬ੍ਰਾਹਮਣ ਅਤੇ ਭਿੰਨ ਭਿੰਨ ਵਿਰੋਧੀ ਤਾਕਤਾਂ ਰਾਹੀਂ ਲਗਾਤਾਰ ਤੇ ਰਜਵੀਂ ਰਲਗੱਡ ਕੀਤੀ ਗਈ। ਅਜਿਹੀ ਰਲਗਡ ਕਿ ਇਸ ਦੌਰਾਨ ਸਿੱਖਾਂ ਨੂੰ ਗੁਰਬਾਣੀ ਆਧਾਰਤ ਸਿੱਖ ਰਹਿਣੀ ਹੀ ਭੁਲਵਾ ਦਿੱਤੀ ਗਈ। ਇਸ ਤਰ੍ਹਾਂ ਜਿਸ ਰਹਿਣੀ `ਚ ਅੱਜ ਸਿੱਖ ਜੀਅ ਰਿਹਾ ਸੀ ਉਹ ਸਿੱਖੀ ਦੇ ਨਾਮ `ਤੇ ਗੁਰਬਾਣੀ ਜੀਵਨ ਜਾਚ ਨਾ ਰਹਿ ਕੇ, ਬਹੁਤਾ ਕਰਕੇ ਬ੍ਰਾਹਮਣੀ, ਵੈਦਿਕ ਤੇ ਅਣਨਮੱਤੀ ਜੀਵਨ ਰਹਿਣੀ ਹੀ ਸੀ।

(੨) ਦੂਜਾ- ਵਿਰੋਧੀਆਂ ਰਾਹੀਂ ਸੰਨ ੧੪੬੯ ਭਾਵ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਲੈ ਕੇ ਸੰਨ ੧੭੦੮, ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਤੱਕ, ਸਿਰਜੇ ਜਾ ਚੁੱਕੇ ਲਾਮਿਸਾਲ ਸਿੱਖ ਇਤਿਹਾਸ ਦਾ ਵੀ ਹਰੇਕ ਨੇ ਆਪਣੇ-ਆਪਣੇ ਢੰਗ ਨਾਲ ਤੇ ਤੇਜ਼ੀ ਨਾਲ ਮਲੀਆਮੇਟ ਕੀਤਾ। ਉਸੇ ਦਾ ਨਤੀਜਾ ਸੀ ਕਿ ਅੱਜ ਸਾਡੇ ਕੋਲ ਉਸ ਸਮੇਂ ਦੀਆਂ ਕੇਵਲ ਕੁੱਝ ਇਤਿਹਾਸਕ ਟੂਕਾਂ ਹੀ ਬਾਕੀ ਹਨ। ਇਸ ਤੋਂ ਬਾਅਦ, ਅੱਜ ਸਾਡੇ ਕੋਲ ਉਸ ਸਮੇਂ ਦਾ ਸਿੱਖ ਇਤਿਹਾਸ ਦੇ ਨਾਮ `ਤੇ ਬਾਕੀ ਸਾਰਾ ਗੁਰਮੱਤ ਦੀ ਚਾਸ਼ਨੀ ਚੜ੍ਹਿਆ ਹੋਇਆ ਬ੍ਰਾਹਮਣੀ, ਵੈਦਿਕ ਤੇ ਅਣਮੱਤੀ ਇਤਿਹਾਸ ਹੀ ਹੈ।

ਸਪਸ਼ਟ ਹੈ ਕਿ ਮੂਲ ਰੂਪ `ਚ ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਭਾਵ ਸੰਨ ੧੭੦੮ ਤੋਂ ਬਾਅਦ ਅਰੰਭ ਹੋਏ ਇਸ ਪੰਥਕ ਤ੍ਰਾਸਦੀ ਦੇ ਭਿਅੰਕਰ ਦੌਰ `ਚ ਲਗਾਤਰ ਫ਼ਸੇ ਹੋਣ ਕਾਰਣ, ਆਪਣੇ ਰਾਜਪਾਟਾਂ ਦੇ ਸੀਮਤ ਸਮਿਆਂ `ਚ ਸਿੱਖ ਜੀਵਨ ਤੇ ਸਿੱਖ ਰਹਿਨੀ ਦੀ ਸੰਭਾਲ ਕਰਣੀ ਤਾਂ ਦੂਰ, ਉਸ `ਚ ਹੋ ਚੁੱਕੇ ਤੇ ਦਬਾਦਬ ਕੀਤੇ ਜਾ ਰਹੇ ਬੇਅੰਤ ਵਿਗਾੜ ਤੇ ਨੁਕਸਾਨ ਨੂੰ ਸਮਝ ਪਾਉਣਾ ਵੀ ਸਿੱਖ ਆਗੂਆਂ ਦੇ ਨਾਲ ਨਾਲ ਸਮੂਚੀ ਸਿੱਖ ਕੌਮ ਲਈ, ਸੌਖੀ ਖੇਡ ਨਹੀਂ ਸੀ। ਬਲਕਿ ਸਚਾਈ ਤਾਂ ਇਹ ਹੈ ਕਿ ਅਜਿਹਾ ਹੋ ਜਾਣਾ ਹੀ ਅਸੰਭਵ ਗੱਲ ਸੀ।

ਫ਼ਿਰ ਇਹ ਵੀ ਕਿ ਸਾਡੇ ਇਹ ਰਾਜਪਾਟ ਵੀ ਸੀਮਤ ਸਾਧਨਾਂ ਕਾਰਣ, ਲੰਮਾਂ ਸਮਾਂ ਨਹੀਂ ਸਨ ਚੱਲ ਸਕੇ। ਇਹੀ ਨਹੀਂ, ਇਨ੍ਹਾਂ ਚੌਰਾਸੀ ਸਾਲਾਂ ਦੌਰਾਨ ਹੀ ਦੋ ਘਲੂਘਾਰੇ ਵੀ ਹੋਏ ਸਨ। ਪਹਿਲਾ ਛੋਟਾ ਘਲੂਘਾਰਾ, ਜੂਨ ਸੰਨ ੧੭੪੬ ਕਾਨੂੰਵਾਨ ਦੀ ਛੰਭ `ਚ ਘਿਰ ਚੁੱਕੇ ਲਗਭਗ ਅੱਠ ਤੋਂ ਦਸ ਹਜ਼ਾਰ ਖਾਲਸੇ ਦਾ ਪ੍ਰਵਾਰਾਂ ਸਮੇਤ ਕਤਲੇਆਮ ਹੋਇਆ। ਉਪ੍ਰੰਤ ੨੮ ਮਾਘ ਸੰਮਤ ੧੮੧੮ ਮੁਤਾਬਕ ੫ ਫਰਵਰੀ ਸੰਨ ੧੭੬੨ ਨੂੰ ਕੁੱਪ ਹਰੀੜੇ (ਰਾਏਪੁਰ ਗੁਜਰਵਾਲ) ਦੇ ਸਥਾਨ `ਤੇ ਖਾਲਸੇ ਦੀ ਅਹਿਮਦਸ਼ਾਹ ਦੁਰਾਨੀ ਨਾਲ ਡੱਟਵੀਂ ਟੱਕਰ ਹੋਈ। ਉਦੋਂ ਵੀ ਇਕੋ ਦਿਨ `ਚ ਲਗਭਗ ੧੫ ਤੋਂ ੨੦ ਹਜ਼ਾਰ ਸਿੰਘ, ਪ੍ਰਵਾਰਾਂ ਸਮੇਤ ਸ਼ਹੀਦ ਹੋਏ। ਜਦਕਿ ਇਸ ਵਾਰੀ ਇਕੱਲੇ ਸਿੱਖ ਪ੍ਰਵਾਰ ਹੀ ਸ਼ਹੀਦ ਨਹੀਂ ਸਨ ਹੋਏ ਬਲਕਿ ਦੂਜੇ ਬੰਨੇਂ, ਗੁਰੂ ਕੇ ਸਿੱਖਾਂ ਨੇ ਇੰਨੀਆਂ ਹੀ ਵੈਰੀ ਦਲ ਦੀਆਂ ਫੋਜਾਂ ਵੀ ਮਾਰ ਮੁਕਾਈਆਂ ਸਨ।

ਇਸ ਤਰ੍ਹਾਂ ਕੁਲ ਮਿਲਾਕੇ ਇਹ ੮੪ ਸਾਲ, ਸਿੱਖਾਂ `ਤੇ ਉਹ ਭਿਆਨਕ ਸਮਾਂ ਸੀ ਜਦੋਂ ਸਿੱਖ ਕੇਵਲ ਆਪਣੇ ਸਰੂਪ ਦੀ ਰਾਖੀ ਲਈ ਹੀ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਝਾਗ ਰਹੇ ਸਨ। ਅਜਿਹੇ ਵਿਰੋਧੀ ਰਾਜਸੀ ਹਾਲਾਤਾਂ `ਚ, ਸਿੱਖਾਂ ਨੂੰ ਲਗਾਤਾਰ ਛੇ-ਛੇ ਦਿਨ ਘੋੜਿਆਂ ਦੀਆਂ ਕਾਠੀਆਂ `ਤੇ ਵੀ ਕੱਟਨੇ ਪੈ ਜਾਂਦੇ ਸਨ। ਕਿਉਂਕਿ ਉਨ੍ਹਾਂ ਦੇ ਖੂਨ ਦਾ ਪਿਆਸਾ ਵੈਰੀ ਦਲ, ਹਰ ਸਮੇਂ ਉਨ੍ਹਾਂ ਪਿੱਛੇ ਪ੍ਰਛਾਵੇਂ ਵਾਂਙ ਲੱਗਾ ਹੁੰਦਾ ਸੀ। ਉਦੋਂ ਦੁਸ਼ਮਣ ਤਾਂ ਹਰ ਪਲ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇ ਹੀ ਸੁਪਨੇ ਲੈ ਰਿਹਾ ਸੀ। ਫ਼ਿਰ ਵੀ ਸਤਿਗੁਰਾਂ ਦੇ ਓਟ ਆਸਰੇ, ਸਿੱਖਾਂ ਨੇ ਕਦੇ ਦਿਲ ਨਹੀਂ ਸੀ ਹਾਰਿਆ, ਵੈਰੀ ਦੀ ਈਨ ਨਹੀਂ ਸੀ ਮੰਨੀ। ਸ਼ਹਿਰਾਂ ਨੂੰ ਤਿਅਗ ਤੇ ਜੰਗਲਾਂ, ਮਰੂਥਲਾਂ ਤੇ ਪਹਾੜਾਂ ਆਦਿ `ਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਉਦੋਂ ਪ੍ਰਭੂ ਬਖ਼ਸ਼ੇ, ਆਪਣੇ ਸਿੱਖੀ ਸਰੂਪ ਦੀ ਵੀ ਡੱਟ ਕੇ ਰਾਖੀ ਕੀਤੀ ਸੀ।

ਅਜਿਹੇ ਹਾਲਾਤ `ਚ ਸਿੱਖ ਆਪਣੇ ਸਿੱਖੀ ਜੀਵਨ ਤੇ ਸਿੱਖ ਰਵਾਇਤਾਂ ਦੀ, ਸੰਭਾਲ ਤਾਂ ਕਰ ਹੀ ਨਹੀਂ ਸਨ ਸਕਦੇ। ਜਦਕਿ ਇਹ ਵੀ ਦੇਖ ਚੁੱਕੇ ਹਾਂ ਕਿ ਉਸ ਸਮੇਂ ਸਿੱਖ ਧਰਮ ਸਥਾਨ ਤੇ ਸਿੱਖ ਧਰਮ ਦਾ ਪ੍ਰਚਾਰ ਵੀ, ਸਿੱਖਾਂ ਦੇ ਆਪਣੇ ਹੱਥ `ਚ ਨਹੀਂ ਸੀ। ਉਦੋਂ ਤਾਂ ਸਿੱਖ ਧਰਮ ਦਾ ਪ੍ਰਚਾਰ ਵੀ, ਸਿੱਖੀ ਦੀ ਚਾਸ਼ਨੀ ਚੜ੍ਹਾ ਕੇ ਅਤੇ ਸਿੱਖੀ ਦੇ ਪਰਦੇ `ਚ, ਸਿੱਖ ਵਿਰੋਧੀਆਂ ਰਾਹੀਂ ਹੀ ਹੋ ਰਿਹਾ ਸੀ।

ਇਸ ਲਈ ਇਹ ਨਾ ਭੁਲੀਏ ਕਿ ਉਸ ਸਮੇਂ ਤੇ ਉਸ ਦੌਰਾਨ ਸਿੱਖ ਧਰਮ ਸਥਾਨਾਂ `ਤੇ ਪੂਰੀ ਤਰ੍ਹਾਂ ਸਿੱਖ ਵਿਰੋਧੀ ਤਤਵ ਹੀ ਕਾਬਿਜ਼ ਸੀ; ਬੇਸ਼ੱਕ ਬਹੁਤਾ ਕਰਕੇ ਉਹ ਲੋਕ ਵੀ ਸਿੱਖ ਸਰੂਪ `ਚ ਹੀ ਸਨ। ਦੂਜੇ ਪਾਸੇ ਅਜਿਹੇ ਹਾਲਾਤ `ਚ ਸੰਗਤਾਂ ਤੱਕ, ਗੁਰਬਾਣੀ ਪ੍ਰਚਾਰ ਦੇ ਪਰਦੇ `ਚ ਜਿਹੜੀ ਵਿਚਾਰਧਾਰਾ ਪੁੱਜ ਰਹੀ ਸੀ, ਉਹ ਵਿਚਾਰਧਾਰਾ ਗੁਰਬਾਣੀ ਦੀ ਨਹੀਂ, ਅਸਲੋਂ ਵਿਰੋਧੀ ਵਿਚਾਰਧਾਰਾ ਹੀ ਸੀ। ਕਿਉਂਕਿ ਉਹ ਸਭ ਮੂਲੋਂ ਹੀ ਸਿੱਖ ਵਿਰੋਧੀਆਂ ਰਾਹੀਂ ਤਿਆਰ ਹੋ ਰਹੀ ਸੀ।

ਪਤਿਤ ਪੁਣੇ ਵੱਲ ਵਧ ਰਹੇ ਸੱਜਨਾਂ ਦੀ ਸੇਵਾ `ਚ- ਦਰਅਸਲ ਸਚਾਈ ਵੀ ਇਹ ਹੈ ਕਿ ਸਿੱਖੀ ਜੀਵਨ ਤੋਂ ਖਾਲੀ ਹੋ ਕੇ, ਅੱਜ ਵੀ ਜਿਹੜਾ ਸਿੱਖੀ ਸਰੂਪ ਅਸੀਂ ਸੰਭਾਲੀ ਬੈਠੇ ਹਾਂ, ਅਸਲ `ਚ ਸਾਡੇ ਕੋਲ ਇਹ ਅਮਾਨਤ ਵੀ ਸਾਨੂੰ, ਸਾਡੇ ਉਨ੍ਹਾਂ ਆਪਣੇ ਬਜ਼ੁਰਗਾਂ ਦੀ ਹੈ। ਉਨ੍ਹਾਂ ਸਿੱਖ ਬਜ਼ੁਰਗਾਂ ਤੋਂ, ਜਿਨ੍ਹਾਂ ਬਾਰੇ ਜ਼ਿਕਰ ਆ ਚੁੱਕਾ ਹੈ। ਇਸ ਲਈ ਦੇਸ਼, ਵਿਦੇਸ਼ਾਂ `ਚ ਵੱਸਦੇ ਅਜਿਹੇ ਸਿੱਖਾਂ ਲਈ ਸੋਚਣ ਦਾ ਮੁਕਾਮ ਹੈ, ਜਿਹੜੇ ਅੱਜ ਆਪ ਹੀ ਜਾ ਕੇ ਨਾਈਆਂ ਦੇ ਧੱਕੇ ਖਾਂਦੇ ਤੇ ਉਸ ਪਿਤਾ ਪੁਰਖੀ ਸਰੂਪ ਨੂੰ ਆਪਣੀ ਹੱਥੀਂ ਤਿਆਗਣ ਲਈ ਤੁਲੇ ਰਹਿੰਦੇ ਹਨ। ਕਾਸ਼! ਉਨ੍ਹਾਂ ਨੇ ਆਪਣੇ ਗੌਰਵਮਈ ਇਤਿਹਾਸ ਤੋਂ ਇਸ ਦੀ ਕੀਮਤ ਹੀ ਪੁੱਛ ਲਈ ਹੁੰਦੀ। ਜਦਕਿ ਸਿੱਖੀ ਜੀਵਨ ਤਾਂ ਉਨ੍ਹਾਂ ਕੋਲੋਂ ਪਹਿਲਾਂ ਹੀ ਉਨ੍ਹਾਂ ੮੪ ਸਾਲਾਂ `ਚ ਪੂਰੀ ਤਰ੍ਹਾਂ ਖੋਇਆ ਜਾ ਚੁੱਕਾ ਸੀ।

ਚੇਤੇ ਰਹੇ! ਇਸ ਤੋਂ ਬਾਅਦ, ਜਿਨ੍ਹਾਂ ਕੋਲੋਂ ਅੱਜ ਇਹ ਸਰੂਪ ਵੀ ਚਲਾ ਜਾਏਗਾ ਤਾਂ ਬਹੁਤ ਜਲਦੀ ਉਹ ਖ਼ੁਦ ਵੀ ਦੁਨੀਆਂ ਦੀ ਭੀੜ `ਚ ਹੀ ਗੁੰਮ ਹੋ ਕੇ ਰਹਿ ਜਾਣਗੇ। ਉਨ੍ਹਾਂ ਦਾ ਅਜੋਕਾ ਫੋਕਾ ਨਾਰ੍ਹਾ ਕਿ ‘ਸਿੱਖੀ ਮਨ ਦੀ ਹੋਣੀ ਚਾਹੀਦੀ ਹੈ’ ਉਨ੍ਹਾਂ ਦੇ ਪ੍ਰਵਾਰਾਂ `ਚੋਂ ਗੁਰੂ ਨਾਨਕ ਪਾਤਸ਼ਾਹ ਦੀ ਨਿੱਘੀ ਯਾਦ ਨੂੰ ਵੀ ਮੁਕਾਅ ਦੇਵੇਗਾ। ਕਿਉਂਕਿ ਸਿੱਖੀ ਦੀ ਹੋਂਦ ਹੀ, ਸਿੱਖੀ ਸਰੂਪ ਦੀ ਵਾੜ ਕਰਕੇ ਸੰਭਾਲੀ ਜਾ ਸਕਦੀ ਹੈ, ਉਸ ਤੋਂ ਬਿਨਾ ਨਹੀਂ। ਇਸ ਲਈ ਜੇ ਅਜੇ ਵੀ ਉਨ੍ਹਾਂ ਨੇ ਆਪਣੇ ਪਿਛੋਕੜ ਵੱਲ ਝਾਤ ਮਾਰ ਕੇ ਆਪਣੀ ਪਛਾਣ ਨਾ ਕੀਤੀ ਤਾਂ ਬਹੁਤ ਜਲਦੀ, ਉਨ੍ਹਾਂ ਦੀ ਔਲਾਦ ਵੀ ਟੱਲੀਆ ਵਜਾਉਣ, ਬ੍ਰਾਹਮਣ ਦੇ ਪੈਰ ਪੂਜਣ ਤੇ ਕਈ ਨਿਸ਼ੇਧ ਕੰਮਾਂ ਦੀ ਦਲਦਲ `ਚ ਫ਼ਸ ਚੁੱਕੀ ਹੋਵੇਗੀ।

ਇਸ ਤੋਂ ਵੱਡੀ ਸ਼ਰਮਨਾਕ ਗੱਲ ਇਹ ਵੀ ਹੈ, ਜਦੋਂ ਸਾਡੇ ਹੀ ਅਖਵਾਉਂਦੇ ਕੁੱਝ ਭੁਲੱੜ ਪਰ ਪਹਿਲਾਂ ਤੋਂ ਪਤਿਤ ਤੇ ਗੁਮਰਾਹ ਹੋ ਚੁੱਕੇ ਸਿੱਖ ਮਾਪੇ, ਆਪ ਆਪਣੀਆਂ ਮਾਸੂਮ ਪੁੰਗਰਦੀਆਂ ਸਿੱਖੀ ਦੀਆਂ ਕੋਮਲ ਕਲੀਆਂ ਨੂੰ, ਆਪਣੀ ਹੱਥੀਂ ਨਾਈਆਂ ਵੱਲ਼ ਲਿਜਾਂਦੇ ਦਿਖਾਈ ਦਿੰਦੇ ਹਨ। ਸਿੱਖ ਫੁਲਵਾੜੀ ਦੀਆਂ ਉਹ ਤਾਂ ਮਾਸੂਮ ਕਲੀਆਂ ਹੁੰਦੀਆਂ ਹਨ, ਉਹ ਜਿੰਨ੍ਹਾਂ ਤੀਕ ਅਜੇ ਸਿੱਖੀ ਦੀ ਖੁਸ਼ਬੂ ਵੀ ਨਹੀਂ ਪੁੱਜੀ ਹੁੰਦੀ। ਇਥੋਂ ਤੱਕ ਕਿ ਅਜਿਹਾ ਸ਼ਰਮਨਾਕ ਨਜ਼ਾਰਾ ਤਾਂ ਲੇਖਕ ਨੇ ਖ਼ੁਦ ਵਿਦੇਸ਼ਾਂ `ਚ ਬੈਠ ਕੇ ਆਪਣੇ ਸਾਹਮਣੇ ਵੀ ਦੇਖ ਲਿਆ ਹੈ। ਉਪ੍ਰੰਤ ਇਥੋਂ ਤੱਕ ਕਿ ਉਥੇ ਤਾਂ ਲਗਭਗ ਅੱਧੀ ਤੋਂ ਵਧ ਸਿੱਖ ਵੱਸੋਂ ਖ਼ੁਦ ਹੀ ਆਪਣੇ ਸਰੂਪ ਨੂੰ ਆਪ ਤਿਆਗੀ ਬੈਠੀ ਹੈ। ਜਦਕਿ ਇਸ ਦੇ ਲਈ ਨਾ ਉਨ੍ਹਾਂ ਨੂੰ ਕੋਈ ਮਜਬੂਰੀ ਹੈ ਤੇ ਨਾ ਇਸ ਬਾਰੇ ਉਨ੍ਹਾਂ `ਤੇ ਕੋਈ ਸਰਕਾਰੀ ਜਾਂ ਬਾਹਰਲਾ ਦਬਾਅ।

ਸੋਚਿਆ ਜਾਵੇ ਤਾਂ ਸਿੱਖਾਂ ਅੰਦਰ ਆਪਣਾ ਸਰੂਪ ਗੁਆਉਣ ਵਾਲੀ ਛੂਤ ਦੀ ਬਿਮਾਰੀ, ਉਨ੍ਹਾਂ ਵਿਦੇਸ਼ਾਂ ਦੀ ਉਪਜ ਨਹੀਂ। ਬਲਕਿ ਇਸ ਛੂਤ ਤੇ ਪਲੇਗ ਵਾਲੇ ਰੋਗ ਦੇ ਕਿਟਾਣੂ ਵੀ, ਉਨਾਂ ਕੋਲ ਸਿੱਖ ਧਰਮ ਦੀ ਜਨਮ ਭੂਮੀ, ਪੰਜਾਬ ਤੋਂ ਹੀ ਉਨ੍ਹਾਂ ਦੇ ਨਾਲ ਗਏ ਹੁੰਦੇ ਹਨ। ਕਿਉਂਕਿ ਇੱਕ ਸੂਚਨਾ ਮੁਤਾਬਕ, ਖ਼ੁਦ ਪੰਜਾਬ `ਚ ਤਾਂ ਅਜਿਹੇ ਪਤਿਤ ਸਿੱਖ ਬੱਚੇ-ਬੱਚੀਆਂ ਦੀ ਗਿਣਤੀ, ਲਗਭਗ ੯੮% ਤੋਂ ਵੀ ਅੱਗੇ ਪੁੱਜੀ ਹੋਈ ਹੈ। ਪੱਕੀ ਗੱਲ ਹੈ ਕਿ ਜੇਕਰ ਸਾਡੇ ਆਗੂ ਹੀ ਕੁੱਝ ਸਿਆਣੇ ਹੁੰਦੇ ਤਾਂ ਵੀ ਬਹੁਤ ਕੁੱਝ ਸੰਭਲਿਆ ਜਾ ਸਕਦਾ ਸੀ। ਦਰਅਸਲ ਇਹ ਸਾਡੇ ਆਗੂਆਂ ਦੇ ਨਿੱਜੀ ਕਿਰਦਾਰ ਤੇ ਖ਼ੁਦ ਉਨ੍ਹਾਂ ਰਾਹੀਂ ਆਪਣੇ ਜੀਵਨ, ਰਹਿਨੀ ਤੇ ਵਿਚਾਰ-ਪ੍ਰਚਾਰ ਰਾਹੀਂ ਦਿਨ ਰਾਤ ਪ੍ਰਚਾਰੀ ਜਾ ਰਹੀ ਸੰਨ ੧੭੧੬ ਤੋਂ ਅੱਜ ਤੀਕ ਵਾਲੀ ਬ੍ਰਾਹਮਣੀ, ਅਣਮੱਤੀ ਤੇ ਮਿਲਾਵਟੀ ਸਿੱਖੀ ਦਾ ਹੀ ਨਤੀਜਾ ਹੈ, ਜਿਹੜਾ ਕਿ ਅੱਜ ਪੰਥ ਭੋਗ ਵੀ ਰਿਹਾ ਹੈ।

ਖ਼ੂਬੀ ਇਹ, ਕਿ ਸਾਡੀ ਇਹ ਹਾਲਤ ਅੱਜ ਉਸ ਪੰਜਾਬ `ਚ ਹੈ ਜਿੱਥੇ ਸਾਡੀਆਂ ਨੌ ਗੁਰੂ ਹਸਤੀਆਂ ਦਾ ਆਗਮਨ ਹੋਇਆ। ਜਿੱਥੇ ‘ਸ਼ੋਮ੍ਰਣੀ ਕਮੇਟੀ’ ਬੈਠੀ ਹੈ, ਜਿੱਥੇ ਸਿੱਖ ਧਰਮ ਦੇ ਮੰਨੇ ਜਾ ਰਹੇ ਪੰਜਾਂ `ਚੋਂ ‘ਤਿੰਨ ਤਖਤ’, ਬੇਅੰਤ ਪ੍ਰਚਾਰਕ ਅਤੇ ਮਿਸ਼ਨਰੀ ਜਥੇਬੰਦੀਆਂ ਵੀ ਮੌਜੂਦ ਹਨ। ਇਸ ਤੋਂ ਬਾਅਦ ਵੀ ਸਾਨੂੰ ਆਪਣੀਆਂ ਲੀਡਰੀਆਂ-ਜਥੇਦਾਰੀਆਂ `ਤੇ ਫਖ਼ਰ ਹੈ ਅਤੇ ਅਸੀਂ ਸ਼ਤਾਬਦੀਆਂ ਤੋਂ ਬਾਅਦ ਸ਼ਤਾਬਦੀਆਂ ਤੇ ਕੀਰਤਨ ਦਰਬਾਰਾਂ ਆਦਿ ਦੀਆਂ ਕਤਾਰਾਂ ਲਗਾਈ ਬੈਠੇ ਹਾਂ। ਇਸ ਤਰ੍ਹਾਂ ਪੰਥਕ ਅਧੋਗਤੀ ਪੱਖੋਂ ਜਿੱਥੇ ਅਸੀਂ ਅੱਜ ਪੁੱਜ ਚੁੱਕੇ ਹਾਂ ਕੀ ਇਸ ਤੋਂ ਬਾਅਦ ਵੀ ਸਿੱਖ ਧਰਮ ਤੇ ਸਿੱਖ ਲਹਿਰ ਦੀ ਅਧੋਗਤੀ ਦੇਖਣ ਦੀ ਕੋਈ ਗੱਲ ਬਾਕੀ ਰਹਿ ਜਾਂਦੀ ਹੈ?

ਅਜੋਕੀ ਪੰਥਕ ਗਿਰਾਵਟ ਦੀ ਸੀਮਾਂ? -ਅੱਜ ਹਰੇਕ ਪੰਥ ਦਰਦੀ ਦਾ ਸੁਆਲ ਹੈ ਕਿ ਪੰਥ `ਚ ਇਹ ਅਧੋਗਤੀ ਆਈ ਕਿਵੇਂ? ਹਰੇਕ ਕਰਮਕਾਂਡ ਪੰਥ `ਚ ਦਾਖਿਲ ਹੋ ਚੁੱਕਾ ਹੈ, ਉਪ੍ਰੰਤ ਇਹ ਕਦੇ ਠੀਕ ਹੋਵੇਗਾ ਵੀ ਜਾਂ ਨਹੀਂ ਤੇ ਜੇਕਰ ਠੀਕ ਹੋਵੇਗਾ ਵੀ ਤਾਂ ਕਿਵੇਂ? ਕੋਈ ਇਸ ਪੰਥਕ ਅਧੋਗਤੀ ਨੂੰ ਇਸ ਤਰ੍ਹਾਂ ਵੀ ਦੇਖਦਾ ਹੈ ਕਿ ਜਿਵੇਂ ਅੱਜ ਹਰੇਕ ਧਰਮ ਨੂੰ ਮੰਨਣ ਵਾਲੇ ਅੰਦਰ ਆਪਣੇ ਧਰਮ ਬਾਰੇ ਅਰੁਚੀ ਆਈ ਹੋਈ ਹੈ। ਇਸੇ ਤਰ੍ਹਾਂ ਸਿੱਖ ਵੀ ਫਿਸਲਿਆ ਪਿਆ ਹੈ। ਉਹ ਵੀ ਹਨ, ਜਿਹੜੇ ਇਸ ਨੂੰ ਪਛਮੀ ਸਅਿਭਤਾ ਦਾ ਪ੍ਰਭਾਵ ਦੱਸਦੇ ਹਨ, ਦੂਜੇ ਇਸਦਾ ਕਾਰਣ ਸਾਇੰਸ ਦੀ ਤਰੱਕੀ ਕਹਿੰਦੇ ਹਨ, ਕੁੱਝ ਟੀ. ਵੀ. ਨੂੰ ਦੋਸ਼ ਦੇ ਰਹੇ ਹਨ ਅਤੇ ਕਈ ਕੁੱਝ ਹੋਰ।

ਸਚਾਈ ਇਹ ਹੈ ਕਿ ਬਾਕੀ ਧਰਮਾਂ ਬਾਰੇ ਤਾਂ ਅਸੀਂ ਕੁੱਝ ਨਹੀਂ ਕਹਿੰਦੇ ਪਰ ਸਿੱਖ ਧਰਮ ਦੀ ਅਜੋਕੀ ਗਿਰਾਵਟ ਤੇ ਅਧੋਗਤੀ `ਤੇ ਇੰਨ੍ਹਾਂ `ਚੋਂ ਇੱਕ ਵੀ ਕਾਰਣ ਲਾਗੂ ਨਹੀਂ ਹੁੰਦਾ। ਸਿੱਖ ਧਰਮ ਗੁਰਬਾਣੀ ਰਾਹੀਂ ਬਖਸ਼ੀ ਜੀਵਨ ਜਾਚ ਹੈ। ਗੁਰਬਾਣੀ ਵਾਲਾ ਜੀਵਨ, ਮਨੁੱਖ ਦੀ ਸੋਚਣੀ ਰਹਿਣੀ ਨੂੰ ਹਲਕਾ ਫੁਲਕਾ ਤੇ ਨਰੋਆ ਕਰਦਾ ਹੈ। ਇਹ ਜੀਵਨ ਜਾਚ, ਮਨੁੱਖੀ ਜੀਵਨ ਅੰਦਰ ਨਾ ਮੁੱਕਣ ਵਾਲਾ ਇਲਾਹੀ ਸਰੂਰ ਪੈਦਾ ਕਰਦੀ ਹੈ। ਇਸ ਤੋਂ ਮਨੁੱਖ ਦਾ ਜੀਵਨ ਸੁਆਦਲਾ, ਰਸਦਾਇਕ ਤੇ ਅਨੰਦਮਈ ਤਿਆਰ ਹੁੰਦਾ ਹੈ। ਮਨੁੱਖ ਦੇ ਜੀਵਨ ਅੰਦਰੋਂ ਮਾਨਸਕ ਤਨਾਵ ਘਟਦੇ ਤੇ ਮੁਕਦੇ ਹਨ। ਅਜਿਹੇ ਮਨੁੱਖ ਦਾ ਆਪਣੇ ਘਰ ਪ੍ਰਵਾਰ ਤੇ ਸਮਾਜ `ਚ ਵੀ ਸਤਿਕਾਰ ਵਧਦਾ ਹੈ।

ਗੁਰਬਾਣੀ ਆਧਾਰਤ ਇਲਾਹੀ ਧਰਮ, ਕਿਸੇ ਵੀ ਬਾਹਰੀ ਪ੍ਰਭਾਵ ਕਾਰਣ ਭਲਾ ਕਿਉਂ ਢਿੱਲਾ ਹੋਵੇਗਾ? ਸਚਾਈ ਇਹ ਹੈ ਕਿ ਜਦੋਂ ਜਦੋਂ ਵੀ ਮਨੁੱਖ ਅੰਦਰੋਂ ਗੁਰਬਾਣੀ ਗਿਆਨ ਘਟੇਗਾ ਮਨੁੱਖ ਦੀ ਰਹਿਣੀ ਖੋਖਲੀ ਹੋਵੇਗੀ, ਮਨੁੱਖ ਸਿੱਖੀ ਜੀਵਨ ਤੌ ਦੂਰ ਹੁੰਦਾ ਜਾਵੇਗਾ। ਇਸਦੇ ਉਲਟ ਜਦੋਂ ਜਦੋਂ ਗੁਰਬਾਣੀ ਦਾ ਪ੍ਰਸਾਰ, ਗੁਰਬਾਣੀ ਦੇ ਸ਼ੁਧ ਸਰੂਪ `ਚ ਹੋਵੇਗਾ, ਮਨੁੱਖ ਸਿੱਖੀ ਵੱਲ ਖਿੱਚਿਆ ਆਵੇਗਾ ਅਤੇ ਸਿੱਖ ਲਹਿਰ `ਚ ਵੀ ਵਾਧਾ ਹੋਵੇਗਾ। ਸਚਾਈ ਇਹ ਹੈ ਕਿ ਪਹਿਲਾਂ ਸੰਨ ੧੭੧੫ ਤੋਂ ਸੰਨ ੧੭੯੯ ਲਗਾਤਾਰ ਚੌਰਾਸੀ ਸਾਲ, ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ ‘ਯਥਾ ਰਾਜਾ ਤਥਾ ਪਰਜਾ’ ਅਨੁਸਾਰ ਫ਼ਿਰ ਸੰਨ ੧੭੯੯ ਭਾਵ ਖਾਲਸਾ ਰਾਜ ਆਉਣ `ਤੇ ਜਿਹੜੀ ਸਾਨੂੰ ਇਸ ਪੱਖੋਂ ‘ਲੱਕ ਤੋੜਵੀਂ’ ਘਾਟ ਆਈ। ਉਸੇ ਦਾ ਨਤੀਜਾ ਹੈ ਕਿ ਕੇਵਲ ਕੁੱਝ ਇੱਕ ਨੂੰ ਛੱਡ ਕੇ ਸਿੱਖੀ ਪ੍ਰਚਾਰ-ਪ੍ਰਸਾਰ ਵਾਲਾ ਵਿਸ਼ਾ ਬਹੁਤਾ ਕਰਕੇ ਅੱਜ ਵੀ ਵਿਰੋਧੀਆਂ ਪਾਸ ਹੀ ਹੈ। ਜਦਕਿ ਬਾਕੀ ਸਿੱਖੀ ਪ੍ਰਚਾਰ ਦੇ ਨਾਮ `ਤੇ ਸਭ ਕੁੱਝ ਉਹੀ ਚੱਲ ਰਿਹਾ ਹੈ ਜਿਸ ਸਿੱਖੀ ਦਾ ਬੀਜ ਸੰਨ ੧੭੧੫ ਤੋਂ ਸੰਨ ੧੭੯੯ ਦੇ ਵਿਚਕਾਰ ਪਾਇਆ ਗਿਆ ਤੇ ਪ੍ਰਫ਼ੁਲਤ ਹੋਇਆ।

ਪੰਜਾਬ `ਤੇ ਅੰਗ੍ਰੇਜ਼ੀ ਰਾਜ ਅਤੇ ਗੁਰੂ ਕਾ ਪੰਥ? -ਸਿੱਖ ਜਿਹੜਾ ਹੁਣ ਤੀਕ ਚੌਰਾਸੀ ਜਮਾ ਚਾਲੀ ਭਾਵ ਇੱਕ ਸੌ ਚੌਵੀ ਸਾਲਾਂ ਤੋਂ ਗੁਰਮੱਤ ਜੀਵਨ ਪੱਖੋਂ ਲੰਮੀਂ ਚੋਟ ਸਹਿੰਦਾ ਹੋਇਆ, ਗੁਰਬਾਣੀ ਜੀਵਨ ਤੋਂ ਪੂਰੀ ਤਰ੍ਹਾਂ ਕੱਟ ਚੁੱਕਾ ਸੀ। ਇਸ ਤੋਂ ਭਾਅਦ ਸੰਨ ੧੮੪੯ `ਚ ਪੰਜਾਬ ਉਪਰ ਅੰਗ੍ਰੇਜ਼ਾਂ ਦੀ ਹਕੂਮਤ ਆ ਗਈ। ਅੰਗ੍ਰੇਜ਼ ਨੇ ਵੀ ਇਸ ਪੱਖੋਂ ਆਪਣਾ ਭਰਵਾਂ ਤਾਂਡਵ ਨਾਚ ਕੀਤਾ, ਜੋ ਆਪਣੇ ਆਪ `ਚ ਬਲਦੀ `ਤੇ ਤੇਲ ਦਾ ਕੰਮ ਕਰਣ ਵਾਲਾ ਸੀ। ਪੰਜਾਬ ਅਤੇ ਸਿੱਖਾਂ ਨਾਲ ਵਾਹ ਪੈਣ `ਤੇ ਦੂਰ ਅੰਦੇਸ਼ ਅੰਗ੍ਰੇਜ਼ ਨੇ ਚੰਗੀ ਤਰ੍ਹਾਂ ਦੇਖ ਲਿਆ ਸੀ ਕਿ ਸਿੱਖ, ਆਪਣੇ ਗੁਰੂ ਦੇ ਨਾਂ ਤੋਂ ਆਪਣੀਆਂ ਜਾਨਾਂ ਵੀ ਹੂਲ ਸਕਦਾ ਹੈ। ਇਹ ਵੀ ਕਿ ਇਸ ਦੇ ਜੋਸ਼ ਜਜ਼ਬੇ ਤੇ ਗੁਰੂ ਪ੍ਰਤੀ ਇਸ ਦੀ ਵਫਾਦਾਰੀ ਦਾ, ਸੰਸਾਰ `ਚ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ।

ਉਹ ਇਹ ਹਿਸਾਬ ਵੀ ਲਗਾ ਚੁੱਕਾ ਸੀ ਕਿ ਸਿੱਖ ਜੇਕਰ ਫ਼ਿਰ ਤੋਂ ਗੁਰਬਾਣੀ ਜੀਵਨ ਨਾਲ ਜੁੜ ਗਿਆ ਤਾਂ ਇਹ ਸੁੱਤਾ ਸ਼ੇਰ ਆਪਣੀ ਅਸਲੀਅਤ ਨੂੰ ਬਹੁਤ ਜਲਦੀ ਪਛਾਣ ਲਵੇਗਾ। ਭਲਾਈ ਇਸੇ `ਚ ਹੈ ਕਿ ਇਸ ਨੂੰ ਵੱਧ ਤੋਂ ਵੱਧ ਪੜ੍ਹਾਈ ਲਿਖਾਈ ਤੋਂ ਦੂਰ ਰੱਖਿਆ ਜਾਵੇ। ਇਸ ਦੇ ਜੀਵਨ `ਚ ਅਣਪੜ੍ਹਤਾ ਦਾ ਰੱਜ ਕੇ ਵਾਧਾ ਕੀਤਾ ਜਾਵੇ। ਇਹੀ ਇੱਕ ਰਸਤਾ ਹੈ ਜਿਸ ਤੋਂ ਇਸ ਨੂੰ ਗੁਰਬਾਣੀ ਜੀਵਨ ਤੇ ਗੁਰਬਾਣੀ ਸੋਝੀ ਵੱਲੋਂ ਹੋਰ ਵੀ ਵਧ ਅਨਜਾਣ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਨਾਲ, ਇਹ ਵੀ ਕਿ ਇਸ ਤਰੀਕੇ ਗੁਰੂ ਤੇ ਸਿੱਖੀ ਦੇ ਨਾਂ `ਤੇ ਇਸ ਅੰਦਰਲੇ ਕੁਰਬਾਣੀ ਵਾਲੇ ਜੋਸ਼ ਦਾ ਪੂਰਾ ਪੂਰਾ ਤੇ ਵਧ ਚੜ੍ਹ ਕੇ ਆਪਣੇ ਹੱਕ `ਚ ਲਾਭ ਵੀ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਲਗਭਗ ਪਿਛਲੇ ਡੇੜ ਸੌ ਸਾਲਾਂ ਤੋਂ ਸਿੱਖ ਇਤਿਹਾਸ `ਚ ਮਚਾਈ ਹੋਈ ਗੁਰਮੱਤ ਪੱਖੋਂ ਖਲਬਲੀ, ਜਿਸ ਨੂੰ ਕਿ ਉਹ ਪੂਰੀ ਤਰ੍ਹਾਂ ਭਾਂਪ ਚੁੱਕਾ ਸੀ, ਉਹ ਕਰਣੀ ਉਸ ਨੂੰ ਹੋਰ ਵੀ ਵੱਧ ਰਾਸ ਆਈ। ਅੱਗੇ ਚੱਲ ਕੇ ਇਹ ਵੀ ਦੇਖਾਂਗੇ ਕਿ ਉਸ ਨੇ ਇਸ `ਚ ਹੋਰ ਵੀ ਭਰਵਾਂ ਵਾਧਾ ਕੀਤਾ।

ਅੰਗ੍ਰੇਜ਼ਾਂ ਨੇ ਇਸ ਪੱਖੋਂ ਵੱਡੀ ਕੂਟਨੀਤੀ ਤੋਂ ਕੰਮ ਲਿਆ। ਉਸ ਨੇ ਇੱਕ ਪਾਸੇ ਤਾਂ ਸਿੱਖੀ ਸਰੂਪ ਨੂੰ ਵਧ ਤੋਂ ਵਧ ਸਤਕਾਰ ਦਿੱਤਾ। ਜਿਸ ਦਾ ਨਤੀਜਾ ਹੋਇਆ ਕਿ ਆਮ ਸਿੱਖ ਵੀ, ਅੰਗ੍ਰੇਜ਼ਾਂ ਨੂੰ ਗੁਰੂਦਰ ਦਾ ਵੱਡਾ ਹਿਤੈਸ਼ੀ ਤੇ ਸਤਿਕਾਰ ਕਰਣ ਵਾਲਾ ਮਹਿਸੂਸ ਕਰਣ ਲੱਗ ਪਿਆ। ਇਹ ਵੀ ਕਿ ਅੰਗ੍ਰੇਜ਼ ਨੇ ਸਿੱਖਾਂ ਨੂੰ ਵੱਧ ਤੋਂ ਵੱਧ ਫੋਜਾਂ `ਚ ਭਰਤੀ ਅਤੇ ਸਿੱਖ ਰਹਿਣੀ ਪੱਖੋਂ ਉਸਨੂੰ ਸਹੂਲਤਾਂ ਵੀ ਦਿੱਤੀਆਂ। ਬਲਕਿ ਇਹ ਇਸ ਤਰ੍ਹਾਂ ਹੋਇਆ ਜਿਵੇਂ ਕਿ ਅੰਗ੍ਰੇਜ਼ ਨੇ, ਸਿੱਖ ਦੇ ਸਰੂਪ `ਤੇ ਰੱਜ ਕੇ ਪਹਿਰਾ ਵੀ ਦਿੱਤਾ ਹੋਵੇ। ਇਸ ਦੇ ਨਾਲ ਉਸ ਨੇ ਸਿੱਖ ਰੈਜਮੈਂਟਾਂ ਵੀ ਕਾਇਮ ਕੀਤੀਆਂ ਤੇ ਉਨ੍ਹਾਂ ਰੈਜਮੈਂਟਾਂ ਨੂੰ ਵੀ ਰੱਜਵਾਂ ਸਤਿਕਾਰ ਦਿੱਤਾ।

ਉਨ੍ਹਾਂ ਸਿੱਖ ਰੈਜਮੈਂਟਾਂ `ਚ ਵੀ, ਉਸ ਨੇ ਸਿੱਖ ਸਰੂਪ ਨੂੰ ਕਾਇਮ ਰਖਣ ਅਤੇ ਉਨ੍ਹਾਂ ਦੀ ਸਿਹਤ-ਸੰਭਾਲ ਵੱਲੋਂ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ। ਬਲਕਿ ਸਿੱਖ ਕੌਮ ਨੂੰ ‘ਮਾਰਸ਼ਲ ਰੇਸ’ ਦੇ ਖ਼ਿਤਾਬ ਨਾਲ ਵੀ ਨਿਵਾਜਿਆ। ਹਾਲਾਂਕਿ ਇਸ ਦੇ ਨਾਲ ਨਾਲ ਇਹ ਕੁਟਲਨੀਤੀ ਵੀ ਵਰਤੀ ਕਿ ਫ਼ੌਜਾਂ `ਚ ਉਪਰਲੀਆਂ ਪਦਵੀਆਂ ਤੀਕ ਸਿੱਖ ਤਾਂ ਕੀ, ਕਿਸੇ ਵੀ ਭਾਰਤੀ ਨੂੰ ਨਹੀਂ ਸੀ ਲਿਆ। ਇਹ ਗੱਲ ਸੰਨ ੧੯੪੭, ਭਾਰਤ ਦੀ ਆਜ਼ਾਦੀ ਤੀਕ ਦੇ ਰਿਕਾਰਡਾਂ `ਚੋਂ ਵੀ ਚੰਗੀ ਤਰ੍ਹਾਂ ਦੇਖੀ ਜਾ ਸਕਦੀ ਹੈ।

ਜਦਕਿ ਇਹ ਵੀ ਸੱਚ ਹੈ ਕਿ ਇਸ ਦੇ ਨਾਲ-ਨਾਲ, ਬ੍ਰਾਹਮਣਾਂ, ਉਦਾਸੀਆਂ ਤੇ ਅਜਿਹੇ ਦੂਜੇ ਸਿੱਖ ਵਿਰੋਧੀਆਂ ਦੀ ਤਰਜ਼ `ਤੇ ਅੰਗ੍ਰੇਜ਼ਾਂ ਨੇ ਵੀ ਅਜਿਹੇ ਤੇ ਨਵੇਂ ਅਖੌਤੀ ਸਿੱਖ ਇਤਿਹਾਸ ਦੀ ਸਿਰਜਣਾ ਕੀਤੀ, ਜਿੱਥੋਂ ਸਾਬਤ ਕੀਤਾ ਜਾਵੇ ਕਿ ਭਾਰਤ ਉਪਰ ਅੰਗ੍ਰੇਜ਼ਾਂ ਦਾ ਰਾਜ, ਗੁਰੂ ਸਹਿਬ ਦੀ ਹੀ ਭਵਿੱਖ ਬਾਣੀ ਅਨੁਸਾਰ ਹੋਇਆ ਹੈ। ਮਿਸਾਲ ਵੱਜੋਂ ਇੱਕ ਕਹਾਣੀ ਪਰ ਜਿਹੜੀ ਸਾਖੀ ਦੇ ਨਾਮ `ਤੇ ਪ੍ਰਚਲਤ ਕੀਤੀ ਉਹ ਸੀ ‘ਇਕ ਵਾਰ ਗੁਰੂ ਤੇਗ ਬਹਾਦੁਰ ਸਾਹਿਬ ਆਪਣੇ ਕੇਸ ਹਰੇ ਕਰਦੇ ਹੋਏ ਪੱਛਮ ਵੱਲ ਦੇਖ ਰਹੇ ਸਨ। ਇਸ `ਤੇ ਸਿੱਖਾਂ ਨੇ ਪੁੱਛਿਆ ਪਾਤਸ਼ਾਹ! ਤੁਸੀਂ ਓਧਰ ਕੀ ਦੇਖ ਰਹੇ ਹੋ ਤਾਂ ਪਾਤਸ਼ਾਹ ਨੇ ਉੱਤਰ ਦਿੱਤਾ ਤੇ ਫੁਰਮਾਇਆ ਕਿ ਮੈਂ ਇਹ ਦੇਖ ਰਿਹਾ ਜੋ ਇਸ ਪਾਸਿਉਂ ਮੇਰੇ ਟੋਪੀਆਂ ਵਾਲੇ ਸਿੱਖ (ਗੋਰੇ) ਆਉਣਗੇ, ਜਿਹੜੇ ਕਿ ਭਾਰਤ ਤੇ ਰਾਜ ਕਰਣਗੇ’।

ਇਸ ਤਰ੍ਹਾਂ ਇਹ ਤਾਂ ਇਸ ਪੱਖ `ਤੇ ਕੇਵਲ ਇੱਕ ਮਿਸਾਲ ਹੀ ਹੈ ਜਦਕਿ ਇਸੇ ਤਰ੍ਹਾਂ ਦੀਆਂ ਕਈ ਹੋਰ ਕਹਾਣੀਆਂ ਵੀ ਪ੍ਰਚਲਤ ਕੀਤੀਆਂ ਗਈਆਂ। ਇਸੇ ਤਰਜ਼ `ਤੇ ਸੌ ਸਾਖੀ ਨਾਂ ਦੀ ਇੱਕ ਹੋਰ ਅਜਿਹੀ ਰਚਨਾ ਪ੍ਰਚਲਤ ਕੀਤੀ ਜਿਸ ਨੂੰ ਹਰ ਕੋਈ ਆਪਣੀ ਮਰਜ਼ੀ ਨਾਲ ਢਾਲ ਲੈਂਦਾ ਹੈ। ਉਪ੍ਰੰਤ ਇਸ ਰਚਨਾ ਅੰਦਰ ਵੀ ਅੰਗ੍ਰੇਜ਼ ਨੇ ਦਸਮੇਸ਼ ਜੀ ਰਾਹੀਂ ਭਵਿਖ ਬਾਣੀ ਅਤੇ ਉਨ੍ਹਾਂ ਨਾਲ ਜੋੜ ਕੇ ਹੋਰ ਬਹੁਤ ਕੁੱਝ ਪ੍ਰਚਲਤ ਕੀਤਾ ਹੋਇਆ ਹੈ।

ਅੰਗ੍ਰੇਜ਼ ਨੇ ਤਾਂ ਇਸ ਪਾਸੇ ਇੱਕ ਹੋਰ ਖੇਡ ਵੀ ਖੇਡੀ। ਉਸਨੇ, ਖ਼ੁੱਦ ਸਿੱਖਾਂ `ਚੋਂ ਹੀ ਆਪਣੇ ਕਈ ਮਜਨੂੰ ਵੀ ਪੈਦਾ ਕਰ ਲਏ। ਇਸ ਤਰ੍ਹਾਂ ਉਨ੍ਹਾਂ ਮਜਨੂਆਂ ਦੀ ਭਰਵੀਂ ਵਰਤੋਂ ਕਰਕੇ ਅਜਿਹੀਆਂ ਅਨੇਕਾਂ ਬਨਾਵਟੀ ਗੱਲਾਂ ਨੂੰ ਸਾਖੀਆਂ ਦੇ ਨਾਂ `ਤੇ ਅਤੇ ਗੁਰੂ ਪਾਤਸ਼ਾਹ ਦੀ ਭਵਿਖ ਬਾਣੀ ਆਦਿ ਦੱਸ ਕੇ ਪ੍ਰਚਲਤ ਕੀਤਾ। ਨਿਸ਼ਾਨਾ ਇਕੋ ਇੱਕ ਤੇ ਉਹ ਇਹ ਸੀ ਕਿ ਜਿਸ ਤੋਂ ਸਿੱਖਾਂ ਦੇ ਜੋਸ਼ ਨੂੰ ਹਰ ਤਰੀਕੇ ਤੇ ਗੁਰੂ ਸਾਹਿਬ ਦੇ ਨਾਂ `ਤੇ ਆਪਣੇ ਲਈ ਵਧ ਤੋਂ ਵਧ ਵਰਤਿਆ ਜਾ ਸਕੇ।

ਜਦਕਿ ਇਹ ਵੀ ਦੱਸ ਚੁੱਕੇ ਹਾਂ ਕਿ ਅੰਗ੍ਰੇਜ਼ ਨੇ ਹਰ ਤਰੀਕੇ ਸਿੱਖੀ ਸਰੂਪ ਦੀ ਸੰਭਾਲ ਵੀ ਕੀਤੀ। ਸਿੱਖਾਂ ਨੂੰ ਮਾਰਸ਼ਲ ਰੇਸ ਦਾ ਦਰਜਾ ਦੇ ਕੇ, ਉਨ੍ਹਾਂ ਨੂੰ ਆਪਣੀਆਂ ਫੋਜਾਂ `ਚ ਵੀ ਸਾਰਿਆਂ ਤੋਂ ਵੱਧ ਗਿਣਤੀ `ਚ ਲਿਆ। ਉਸ ਨੇ ਸਿੱਖਾਂ ਦੀ ਆਪਣੇ ਗੁਰੂ ਪ੍ਰਤੀ ਵਫਾਦਾਰੀ ਵਾਲੇ ਸੁਭਾਅ ਨੂੰ ਭਰਵਾਂ ਸਤਿਕਾਰ ਦਿੱਤਾ ਪਰ ਉਸਨੂੰ ਵਰਤਿਆ ਕੇਵਲ ਆਪਣੇ ਲਾਭ ਲਈ ਹੀ। ਇਸ ਤਰ੍ਹਾਂ ਸਿੱਖਾਂ ਵਿਚਲੇ ਆਪਣੇ ਗੁਰੂ ਪ੍ਰਤੀ ਵਫਾਦਾਰੀ ਵਾਲੇ ਸੁਭਾਅ ਨੂੰ ਆਪਣੇ ਲਈ ਵਰਤਣ ਲਈ ਉਸਨੇ ਹਰ ਹੀਲੇ ਮੈਦਾਨ ਤਿਆਰ ਕੀਤਾ ਤੇ ਉਨ੍ਹਾਂ ਨੂੰ ਅੰਤ ਭਾਵ ਸੰਨ ੧੯੪੭ ਤੱਕ ਵਰਤਿਆ ਵੀ।

ਇਸ ਦੇ ਨਾਲ ਨਾਲ ਉਸ ਨੇ ਇੱਕ ਹੋਰ ਗੁੱਝੀ ਚਾਲ ਚੱਲੀ। ਉਸ ਨੇ ਸਿੱਖਾਂ ਦੇ ਇਤਿਹਾਸ, ਰਹਿਨੀ `ਚ ਪਹਿਲਾਂ ਤੋਂ ਚਲਦੀ ਆ ਰਹੀ ਮਿਲਾਵਟ ਵਾਲੀ ਲੜੀ ਨੂੰ ਹੋਰ ਹਵਾ ਦਿੱਤੀ ਤੇ ਮਾਨੋ ਜੋ ਕਸਰ ਸੀ, ਉਸ ਨੇ ਉਹ ਵੀ ਰੱਜ ਕੇ ਪੂਰੀ ਕੀਤੀ। ਇਸ ਦੇ ਲਈ ਉਸ ਦਾ ਮਨੋਰਥ ਇਕੋ ਹੀ ਜਾਪਦਾ ਹੈ, ਉਹ ਇਹ ਕਿ ਸਿੱਖ ਇਤਿਹਾਸ ਪੱਖੋਂ ਖੇਰੂੰ ਖੇਰੂੰ ਹੋ ਜਾਣ `ਤੇ ਆਪਸ `ਚ ਕਦੇ ਵੀ ਇਕੱਠੇ ਨਾ ਹੋ ਸਕਣ।

ਇਸ ਸਾਰੇ ਲਈ ਗੁਰ ਬਿਲਾਸ ਪਾ: ੬, ਗੁਰ ਬਿਲਾਸ ਪਾ: ੧੦, ‘ਭਾਈ ਬਾਲੇ ਵਾਲੀ ਜਨਮ ਸਾਖੀ’ ਆਦਿ ਸਿੱਖ ਧਰਮ ਦੇ ਨਾਂ `ਤੇ ਸਿੱਖ ਵਿਰੋਧੀਆਂ ਰਾਹੀਂ ਤਿਆਰ ਰਚਨਾਵਾਂ ਤਾਂ ਪਹਿਲਾਂ ਹੀ ਰਚੀਆਂ ਤੇ ਪ੍ਰਚਲਤ ਕੀਤੀਆਂ ਜਾ ਚੁੱਕੀਆਂ ਸਨ। ਜਦਕਿ ਇਸ ਦੌਰਾਨ ਇੱਕ ਹੋਰ ਰਚਨਾ ‘ਬਚਿਤ੍ਰ ਨਾਟਕ’ ਦਾ ਨਵਾਂ ਰੂਪ ‘ਦਸਮ ਗ੍ਰੰਥ’, ਉਪ੍ਰੰਤ ਫ਼ਿਰ ‘ਭਾਈ ਬਾਲੇ ਵਾਲੀ ਜਨਮ ਸਾਖੀ’ ਦੇ ਅਧਾਰ `ਤੇ ‘ਸੂਰਜ ਪ੍ਰਕਾਸ਼’ ਤੇ ‘ਪੰਥ ਪ੍ਰਕਾਸ਼’ ਆਦਿ ਰਚਨਾਵਾਂ ਵੀ ਹੋਂਦ `ਚ ਆਈਆਂ। ਜਦਕਿ ਅੱਜ ਸਾਡੇ ਕੋਲ ਅਪਣੇ ਗੁਰੂ ਕਾਲ ਦਾ ਇਤਿਹਾਸ ਖੋਜਣ ਲਈ ਵਸੀਲੇ ਵੀ ਇਹੀ ਹਨ ਅਤੇ ਬਹੁਤਾ ਕਰਕੇ ਇਨ੍ਹਾਂ ਤੋਂ ਵਧ ਹੋਰ ਸਾਡੇ ਕੋਲ ਗੁਰੂ ਕਾਲ ਦੇ ਇਤਿਹਾਸ ਪੱਖੋਂ ਬਹੁਤਾ ਕੁਝ, ਹੈ ਵੀ ਨਹੀਂ। ਲੋੜ ਹੈ ਤਾਂ ਉਸ ਸਾਰੇ `ਚੋਂ ਗੁਰਬਾਣੀ ਦੀ ਕਸਵੱਟੀ `ਤੇ ਅਤੇ ਗ=ਹੰਸ ਬਿਰਤੀ ਨਾਲ ਉਸ `ਚੌ, ਉਸ ਗੁਰੂ ਕਾਲ ਦੇ ਸਿੱਖ ਇਤਿਹਾਸ ਨੂੰ ਖੋਜਣ ਦੀ।

ਇਸੇ ਤਰ੍ਹਾਂ ਉਸਨੇ ਅਜਿਹੀਆ ਗੱਲਾਂ ਵੀ ਪ੍ਰਚਲਤ ਕੀਤੀਆਂ ਜਿਵੇਂ ‘ਸਿੱਖਾਂ ਨੂੰ ਤਾਂ ਪੜ੍ਹਾਈ ਦੀ ਲੋੜ ਹੀ ਨਹੀਂ’, ‘ਬਾਣੀ ਤਾਂ ਹੈ ਹੀ ਅਨੁਭਵ ਦੀ ਚੀਜ਼’ ‘ਸਿੱਖ ਤਾਂ ਜੰਮਦੇ ਹੀ ਸ਼ੇਰ ਹੁੰਦੇ ਹਨ’ ਵਗੈਰਾ, ਵਗੈਰਾ। ਸਪਸ਼ਟ ਹੈ ਅੰਗ੍ਰੇੁਜ਼ਾਂ ਨੇ ਸਿੱਖਾਂ ਦੇ ਸਰੂਪ ਦੀ ਤਾਂ ਰਾਖੀ ਕੀਤੀ ਪਰ ਉਨ੍ਹਾਂ ਦੇ ਜੋਸ਼ ਤੇ ਤਾਕਤ ਨੂੰ ‘ਗੁਰੂ ਦਾ ਹੁਕਮ’ ਤੇ ‘ਗੁਰੂ ਦੀ ਸੇਵਾ ਦੇ ਨਾਂ `ਤੇ ਆਪਣੇ ਰਾਜ ਪਾਟ ਦੇ ਫੈਲਾਅ ਲਈ ਰੱਜ ਕੇ ਵਰਤਿਆ ਵੀ। ਉਸ ਨੇ ਸਿੱਖ ਦਾ ਫੌਜ `ਚ ਭਰਤੀ ਹੋਣ ਵਾਸਤੇ, ਉਸਦਾ ਪਾਹੁਲਧਾਰੀ ਹੋਣਾ ਵੀ ਜ਼ਰੂਰੀ ਕੀਤਾ ਹੋਇਆ ਸੀ। ਜਦਕਿ ਬੜੀ ਕੁਟਿਲਨੀਤੀ ਨਾਲ ‘ਪਾਹੁਲ ਸਮਾਗਮ’ ਸਮੇਂ ਵੀ ‘ਪੰਜ ਪਿਆਰਿਆਂ ਰਸਤੇ ਅੰਗ੍ਰੇਜ਼ ਰਾਜ ਦੀ ਵਫ਼ਾਦਾਰੀ ਲਈ ਪ੍ਰਣ ਹੀ ਲਏ ਜਾਂਦੇ ਸਨ।

ਇਸਦੇ ਨਾਲ ਨਾਲ ਉਸ ਨੇ ਇਸ ਪਾਸੇ ਵੀ ਪੂਰਾ ਧਿਆਨ ਕੀਤਾ ਕਿ ਸਿੱਖ ਪੜ੍ਹਾਈ ਦੀ ਲੋੜ ਹੀ ਮਹਿਸੂਸ ਹੀ ਨ ਕਰਣ ਅਤੇ ਇਨ੍ਹਾਂ `ਚ ਵੱਧ ਤੋਂ ਵੱਧ ਅਨਪੜ੍ਹਤਾ ਫੈਲਾਈ ਜਾਵੇ। ਉਸੇ ਦਾ ਨਤੀਜਾ ਹੈ ਕਿ ਅੱਜ ਵੀ ਪੜ੍ਹਾਈ-ਲਿਖਾਈ `ਚ ਪੰਜਾਬ ਪਛੜਿਆ ਹੋਇਆ ਹੈ। ਇਸ ਤਰ੍ਹਾਂ ਇਸ ਦਾ “ਸਾਰਾ ਜ਼ੋਰ ਇਸੇ ਗੱਲ `ਤੇ ਸੀ ਕਿ ਗੁਰਬਾਣੀ ਦਾ ਸਤਿਕਾਰ ਮੂਰਤੀ ਵਾਂਙ ਹੀ ਹੋਵੇ ਅਤੇ ਗੁਰੂ ਦੇ ਨਾਂ `ਤੇ ਸਿੱਖੀ ਜੋਸ਼ ਦੀ ਵੱਧ ਤੋਂ ਵੱਧ ਵਰਤੋਂ, ਉਹ ਆਪਣੇ ਲਈ ਹੀ ਕਰਦਾ ਰਵੇ। ਅਸਲ `ਚ ਹੁਣ ਤੀਕ ਜੋ ਕੁੱਝ ਬ੍ਰਾਹਮਣ ਤੇ ਦੂਜੀਆਂ ਸਿੱਖ ਵਿਰੋਧੀ ਤਾਕਤਾਂ ਨੇ ਗੁਰਦੁਆਰਿਆਂ `ਤੇ ਕਬਜ਼ੇ ਕਰਣ ਤੋਂ ਬਾਅਦ ਕੀਤਾ ਸੀ, ਅੰਗ੍ਰੇਜ਼ਾਂ ਦੀ ਇਹ ਨਵੀਂ ਖੇਡ ਸਿੱਖਾਂ ਲਈ ਉਸ ਤੋਂ ਵੀ ਕਈ ਗੁਣਾਂ ਵਧ ਖਤਰਨਾਕ ਤੇ ਸਿੱਖ ਧਰਮ `ਤੇ ਇੱਕ ਹੋਰ ਗੁੱਝਾ ਵਾਰ ਸੀ। ਅਜਿਹਾ ਵਾਰ, ਜਿਸ ਨੂੰ ਸਿੱਖ ਮਾਨਸ ਖ਼ੁਦ ਹੀ ਦਬਾ-ਦਬ ਅਤੇ ਅੰਮ੍ਰਿਤ ਸਮਝ ਕੇ ਪੀਂਦਾ ਗਿਆ। #24 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.