.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਜਮਦੂਤ ਦਾ ਸੰਕਲਪ (ਭਾਗ ਸੱਤਵਾਂ)

ਗੁਰਬਾਣੀ ਵਿੱਚ ‘ਜਮ ਕਾ ਫਾਹਾ’ ਦਾ ਕਈ ਥਾਈਂ ਵਰਨਣ ਆਇਆ ਹੈ। ਫਾਹਾ ਦਾ ਅਰਥ ਹੈ ਪਾਸ਼, ਫਾਹੀ, ਫੰਧਾ। ‘ਜਮ ਕਾ ਫਾਹਾ’ ਦਾ ਅਰਥ ਹੈ ਜਮਦੂਤ ਦੀ ਫਾਹੀ ਅਥਵਾ ਫੰਧਾ। ‘ਜਮ ਫਾਹਾ’ ਸ਼ਬਦ ਜਿਸ ਭਾਵਾਰਥ ਵਿੱਚ ਪੁਰਾਣਾਂ ਵਿੱਚ ਆਇਆ ਹੈ, ਗੁਰਬਾਣੀ ਵਿੱਚ ਇਸ ਭਾਵਾਰਥ ਵਿੱਚ ਨਹੀਂ ਆਇਆ ਹੈ। ਪੁਰਾਣਾਂ ਵਿੱਚ ‘ਜਮ ਫਾਹਾ’ ਤੋਂ ਭਾਵ ਜਮਦੂਤਾਂ ਦੀ ਉਸ ਫਾਹੀ ਅਥਵਾ ਫੰਦੇ ਤੋਂ ਹੈ ਜੋ ਮਰਨ ਮਗਰੋਂ ਜਮ ਮਾਰਗ ਦੇ ਰਸਤੇ ਵਿੱਚ ਪਾਪੀ ਮਨੁੱਖ ਦੇ ਗਲ ਵਿੱਚ ਪੈਂਦੀ ਹੈ। ਗਰੁੜ ਪੁਰਾਣ ਵਿੱਚ ‘ਜਮ ਫਾਹਾ’ ਦੇ ਰੂਪ ਦਾ ਸਪਸ਼ਟ ਰੂਪ ਵਿੱਚ ਵਰਨਣ ਕੀਤਾ ਹੋਇਆ ਹੈ, “ਕਿਸੀ ਪ੍ਰਾਣੀ ਨੂੰ ਫਾਹੀ ਵਿੱਚ ਬੰਨ੍ਹ ਕੇ, ਕਿਸੇ ਨੂੰ ਅੰਕੁਸ਼ਾਂ ਨਾਲ ਖਿੱਚ ਕੇ, ਕਿਸੇ ਦੇ ਅੰਗ ਨੂੰ ਸ਼ਸਤ੍ਰਾਂ ਨਾਲ ਛੇਦ ਕਰਦੇ ਹੋਏ ਪਾਪੀ ਪ੍ਰਾਣੀ ਨੂੰ ਜਮਦੂਤ ਜਮਲੋਕ ਵਿੱਚ ਲੈ ਜਾਂਦੇ ਹਨ। ਜਿਸ ਤਰ੍ਹਾਂ ਕਾਲ ਦੀ ਫਾਹੀ ਨਾਲ ਮਨੁੱਖ ਦੇ ਪ੍ਰਾਣ ਖਿੱਚੇ ਜਾਂਦੇ ਹਨ ਇਸ ਤਰ੍ਹਾਂ ਹੀ (ਜਮਦੂਤ) ਕਿਸੇ ਪ੍ਰਾਣੀ ਦੀ ਨੱਕ ਵਿੱਚ ਛੇਕ ਕਰਕੇ, ਉਸ ਵਿੱਚ ਡੋਰੀ ਬੰਨ੍ਹ ਕੇ, ਕਿਸੇ ਦੇ ਕੰਨ ਵਿੱਚ ਰੱਸੀ ਬੰਨ ਕੇ, ਕਿਸੇ ਨੂੰ ਫਾਂਸੀ ਲਗਾ ਕੇ ਰਸਤੇ ਵਿੱਚ (ਖਿੱਚਦੇ ਹਨ)। ਕਿਸੇ ਦੀ ਗਰਦਨ, ਬਾਂਹ ਅਤੇ ਪੈਰ ਨੂੰ ਬੰਨ੍ਹ ਕੇ ਉਸ ਦੇ ਸਿਰ ਉੱਤੇ ਲੋਹੇ ਦਾ ਭਾਰ ਲੱਦ ਕੇ, ਉਸ ਪ੍ਰਾਣੀ ਨੂੰ ਰਸਤੇ ਉੱਤੇ ਚਲਣ ਲਈ ਕਹਿੰਦੇ ਹਨ”। (ਗਰੁੜ ਪੁਰਾਣ-ਅਧਿਆਏ ਪਹਿਲਾ)
ਪਰ ਗੁਰਬਾਣੀ ਵਿੱਚ ‘ਜਮ ਕਾ ਫਾਹਾ’ ਦਾ ਅਜਿਹਾ ਭਾਵ ਨਹੀਂ ਹੈ। ਗੁਰਬਾਣੀ ਅਨੁਸਾਰ ਇਹ ਫਾਹੀ ਆਤਮਕ ਮੌਤ ਦੇ ਰੂਪ ਵਿੱਚ ਵਿਆਪਦੀ ਹੈ ਅਰਥਾਤ ਮਨੁੱਖ ਦੇ ਗਲ ਵਿੱਚ ਇਹ ਫੰਧਾ, ਸਹਿਮ ਅਤੇ ਆਚਰਣਿਕ ਕਮਜ਼ੋਰੀਆਂ ਦੇ ਰੂਪ ਵਿੱਚ ਪੈਂਦਾ ਹੈ। ਸਰੀਰਕ ਕਸ਼ਟ ਦੇ ਰੂਪ ਵਿੱਚ ਹੀ ਨਹੀਂ ਸਗੋਂ ਮੁੱਖ ਰੂਪ ਵਿੱਚ ਆਤਮਕ ਸੰਤਾਪ ਦੇ ਰੂਪ ਵਿੱਚ ਪੈਂਦਾ ਹੈ। ਮਨੁੱਖ ਇਸ ‘ਜਮ ਦੀ ਫਾਹੀ’ ਦਾ ਸ਼ਿਕਾਰ ਮਰਨ ਪਿੱਛੋਂ ਨਹੀਂ ਬਲਕਿ ਜਿਊਂਦੇ ਜੀਅ ਹੁੰਦਾ ਹੈ। ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਵਿੱਚ ਇਸ ਦਾ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:-
(ੳ) ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ॥ ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ॥ ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ॥ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ॥ (ਪੰਨਾ ੮੫) ਅਰਥ:- (ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿੱਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ। (ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿੱਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ, (ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ, ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।
(ਅ) ਆਪੇ ਸਾਜੇ ਸ੍ਰਿਸਟਿ ਉਪਾਏ॥ ਵਿਰਲੇ ਕਉ ਗੁਰ ਸਬਦੁ ਬੁਝਾਏ॥ ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ॥ ਪੰਨਾ ੧੦੫੩) ਅਰਥ:- (ਹੇ ਭਾਈ!) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ। (ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ। (ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ‘ਜਮ ਕਾ ਫਾਹਾ’ ਨੂੰ ‘ਜਮ ਕੀ ਫਾਹੀ, ਜਮ ਕੇ ਫਾਹੇ, ਜਮ ਕੀ ਫਾਸ, ਜਮ ਕੀ ਫਾਸਾ, ਜਮ ਫਾਸੀ, ਜਮ ਕੀ ਫਾਸਏ, ਜਮ ਫਾਂਸ’ ਜਮ ਕਾ ਜੇਵੜਾ, ਕਾਲ ਕੈ ਫਾਂਸਿ, ਜਮ ਕੀ ਜੇਵੜੀ, ਜਮ ਫੰਧ, ਜਮ ਕੀ ਫੰਧਾ, ਜਮ ਕੈ ਸੰਗਲਿ ਆਦਿ ਵੀ ਕਿਹਾ ਗਿਆ ਹੈ। ਜਿਵੇਂ:-
ਫਾਹੀ ਫਾਥਾ ਜਮ ਕੈ ਜਾਲ: ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ਬਿਕਰਾਲ॥ ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ ਫਾਹੀ ਫਾਥਾ ਜਮ ਕੈ ਜਾਲ॥ (ਪੰਨਾ ੮੦੬) ਅਰਥ:- (ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿੱਚ ਫਸ ਕੇ ਜੀਵ) ਅਪਣੱਤ ਦੇ ਮਦ ਵਿਚ, ਮੋਹ ਦੇ ਨਸ਼ੇ ਵਿਚ, ਠੱਗੀ-ਚਲਾਕੀ ਦੇ ਮਦ ਵਿੱਚ ਮਸਤ ਰਹਿੰਦਾ ਹੈ। ਮਾਇਆ ਦੇ ਮੋਹ ਦੇ ਜਕੜ ਨਾਲ ਬੱਝਾ ਹੋਇਆ ਜੀਵ ਬੜੇ ਡਰਾਉਣੇ ਜੀਵਨ ਵਾਲਾ ਬਣ ਜਾਂਦਾ ਹੈ। ਹਰ ਰੋਜ਼ ਵਿਕਾਰ ਕਰਦਿਆਂ ਇਸ ਦੀ ਉਮਰ ਘਟਦੀ ਜਾਂਦੀ ਹੈ, ਇਹ ਜਮ ਦੀ ਫਾਹੀ ਵਿਚ, ਜਮ ਦੇ ਜਾਲ ਵਿੱਚ ਸਦਾ ਫਸਿਆ ਰਹਿੰਦਾ ਹੈ।
ਜਮ ਕੇ ਫਾਹੇ: ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ॥ ਮਾਇਆ ਮੋਹੁ ਪਸਰਿਆ ਪਾਸਾਰਾ॥ ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ॥ (ਪੰਨਾ ੧੦੨੯) ਅਰਥ:- ਜਗਤ ਵਿੱਚ ਮਾਇਆ ਦਾ ਮੋਹ-ਰੂਪ ਖਿਲਾਰਾ ਖਿਲਰਿਆ ਪਿਆ ਹੈ, (ਸਭ ਜੀਵਾਂ ਦਾ) ਪੁੱਤਰ ਨਾਲ ਇਸਤ੍ਰੀ ਨਾਲ ਮੋਹ ਹੈ ਪਿਆਰ ਹੈ (ਪਰ ਇਹ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ), ਇਸ ਆਤਮਕ ਮੌਤ ਦੀਆਂ ਫਾਹੀਆਂ ਸਤਿਗੁਰੂ ਨੇ (ਉਸ ਮਨੁੱਖ ਦੇ ਗਲੋਂ) ਤੋੜ ਦਿੱਤੀਆਂ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ-ਮੰਡਲ ਵਿੱਚ ਟਿਕਾਂਦਾ ਹੈ।
ਜਮ ਕੀ ਫਾਸ: ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ॥ ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ॥ ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ॥ (ਪੰਨਾ ੪੪) ਅਰਥ:- ਸਾਧ ਸੰਗਤਿ ਵਿੱਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। (ਹੇ ਮਨ! ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ। ਮਿਹਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਜਦੋਂ ਮਿਹਰ (ਦੀ ਨਿਗਾਹ) ਕਰਦਾ ਹੈ, ਤਦੋਂ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ੍ਹ ਜਾਂਦੀ ਹੈ।
ਜਮ ਕੀ ਫਾਸਾ: ਲਾਗੀ ਪ੍ਰੀਤਿ ਨ ਤੂਟੈ ਮੂਲੇ॥ ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ॥ ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ॥ (ਪੰਨਾ ੧੦੫) ਅਰਥ:- ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਪ੍ਰਭੂ ਚਰਨਾਂ ਨਾਲ ਲੱਗੀ ਹੋਈ ਉਸ ਦੀ ਪ੍ਰੀਤਿ ਉੱਕਾ ਹੀ ਨਹੀਂ ਟੁੱਟਦੀ, ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿੱਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ।
ਜਮ ਫਾਸੀ: ਜੋ ਆਇਆ ਸੋ ਸਭੁ ਕੋ ਜਾਸੀ॥ ਦੂਜੈ ਭਾਇ ਬਾਧਾ ਜਮ ਫਾਸੀ॥ ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ॥ (ਪੰਨਾ ੧੦੪੭) ਅਰਥ:- ਹੇ ਭਾਈ! ਜਿਹੜਾ ਭੀ ਜੀਵ (ਜਗਤ ਵਿਚ) ਜੰਮਦਾ ਹੈ ਉਹ ਹਰੇਕ ਹੀ (ਜ਼ਰੂਰ ਇਸ ਜਗਤ ਤੋਂ) ਕੂਚ (ਭੀ) ਕਰ ਜਾਂਦਾ ਹੈ, (ਪਰ) ਮਾਇਆ ਦੇ ਮੋਹ ਦੇ ਕਾਰਨ (ਜੀਵ) ਆਤਮਕ ਮੌਤ ਦੀ ਫਾਹੀ ਵਿੱਚ ਬੱਝ ਜਾਂਦਾ ਹੈ। ਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ; ਉਹ ਸਦਾ ਹੀ ਸਦਾ-ਥਿਰ ਪਰਮਾਤਮਾ ਵਿੱਚ ਲੀਨ ਰਹਿੰਦੇ ਹਨ।
ਜਮ ਕੀ ਫਾਸਏ: ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ॥ ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ॥ ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ॥ ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ॥ ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ॥ ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ॥ (ਪੰਨਾ ੬੯੧) ਅਰਥ:-ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿੱਚ (ਰਹਿ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਸੰਗਤਿ ਵਿੱਚ ਜਾਹ, (ਉੱਥੇ) ਇੱਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ, ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿੱਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉੱਤੇ ਬਿਲਕੁਲ ਨਹੀਂ ਤੁਰੀਦਾ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ।
ਜਮ ਕਾ ਜੇਵੜਾ: ਮਨਮੁਖੁ ਅੰਧਾ ਅੰਧੁ ਕਮਾਏ॥ ਬਹੁ ਸੰਕਟ ਜੋਨੀ ਭਰਮਾਏ॥ ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ॥ (ਪੰਨਾ ੧੦੬੭) ਅਰਥ:- ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ (ਔਝੜੇ ਪਿਆ ਰਹਿੰਦਾ ਹੈ)। (ਜੀਵਨ-ਸਫ਼ਰ ਵਿੱਚ ਸਹੀ ਰਸਤੇ ਤੋਂ ਖੁੰਝ ਕੇ) ਉਹ ਅਨੇਕਾਂ ਕਸ਼ਟ ਸਹਾਰਦਾ ਹੈ, ਤੇ, ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰਦਾ ਹੈ। (ਉਹ ਮਨੁੱਖ ਆਪਣੇ ਗਲੋਂ) ਆਤਮਕ ਮੌਤ ਦੀ ਫਾਹੀ ਕਦੇ ਨਹੀਂ ਕੱਟ ਸਕਦਾ। ਅੰਤ ਵੇਲੇ ਭੀ ਉਹ ਬਹੁਤ ਦੁੱਖ ਪਾਂਦਾ ਹੈ।
ਜਮ ਕਾ ਗਲਿ ਜੇਵੜਾ: ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ॥ ਬਿਖਿਆ ਰਾਤਾ ਬਹੁਤੁ ਦੁਖੁ ਪਾਵੈ॥ ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ॥ (ਪੰਨਾ ੨੩੧) ਅਰਥ:- (ਹੇ ਭਾਈ! ਬ੍ਰਹਮਾ ਦੀ ਰਚੀ ਬਾਣੀ ਦਾ ਵਿਦਵਾਨ ਮਨੁੱਖ) ਮਾਇਆ ਦਾ ਤ੍ਰਿਸ਼ਨਾਲੂ ਰਹਿੰਦਾ ਹੋਇਆ ਭੀ (ਆਪਣੇ ਆਪ ਨੂੰ) ਪੰਡਿਤ ਅਖਵਾਂਦਾ ਹੈ, ਮਾਇਆ ਦੇ ਮੋਹ ਵਿੱਚ ਫਸਿਆ ਹੋਇਆ (ਅੰਤਰ ਆਤਮੇ) ਉਹ ਬਹੁਤ ਦੁੱਖ ਸਹਿੰਦਾ ਰਹਿੰਦਾ ਹੈ, ਉਸ ਦੇ ਗਲ ਵਿੱਚ ਆਤਮਕ ਮੌਤ ਦਾ ਫਾਹਾ ਪਿਆ ਰਹਿੰਦਾ ਹੈ, ਆਤਮਕ ਮੌਤ ਉਸ ਨੂੰ ਸਦਾ ਦੁਖੀ ਰੱਖਦੀ ਹੈ।
ਜਮ ਕੀ ਜੇਵੜੀ: ਸਿੰਚਹਿ ਦਰਬੁ ਦੇਹਿ ਦੁਖੁ ਲੋਗ॥ ਤੇਰੈ ਕਾਜਿ ਨ ਅਵਰਾ ਜੋਗ॥ ਕਰਿ ਅਹੰਕਾਰੁ ਹੋਇ ਵਰਤਹਿ ਅੰਧ॥ ਜਮ ਕੀ ਜੇਵੜੀ ਤੂ ਆਗੈ ਬੰਧ॥ (ਪੰਨਾ ੮੮੯) ਅਰਥ:- (ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ। (ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ। (ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ। (ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿੱਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿੱਚ (ਲੈ ਜਾਣਗੇ, ਤੇ ਧਨ ਇੱਥੇ ਹੀ ਰਹਿ ਜਾਇਗਾ)।
ਕਾਲ ਕੈ ਫਾਂਸਿ: ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ॥ ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ॥ (ਪੰਨਾ ੩੯੦) ਅਰਥ:- (ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੁੱਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ, ਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿੱਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤ੍ਰਿੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ।
ਜਮ ਫੰਧ: ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ॥ ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ॥ (ਪੰਨਾ ੧੪੨੭) ਅਰਥ:- ਮਾਇਆ ਦੇ ਨਸ਼ੇ ਵਿੱਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁੱਝ ਭੀ ਨਹੀਂ ਸੋਚਦਾ। ਹੇ ਨਾਨਕ! ਆਖ—ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।
ਜਮ ਕੀ ਫੰਧਾ: ਮੇਰਾ ਬੈਦੁ ਗੁਰੂ ਗੋਵਿੰਦਾ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ॥ (ਪੰਨਾ ੬੧੮) ਅਰਥ:- ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ। (ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿੱਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ)।
ਜਮ ਕੈ ਸੰਗਲਿ: ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ॥ ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ॥ (ਪੰਨਾ ੪੩੪) ਅਰਥ:- (ਹੇ ਮਨ!) ਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿੱਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿੱਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿੱਚ ਆਉਂਦਾ ਜਾਂਦਾ ਹੈ)। (ਹੇ ਮਨ! ਪੰਡਿਤ ਹੋਣ ਦਾ ਮਾਣ ਕਰ ਕੇ ਤੂੰ ਭੀ ਉਸੇ ਸੰਗਲ ਨਾਲ ਬੱਝਾ ਹੋਇਆਂ ਹੈਂ)। ਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ।
ਆਤਮਕ ਮੌਤ ਦੀ ਲਖਾਇਕ ਇਸ ‘ਜਮ ਫਾਹੀ’ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ:-
(ੳ) ਹਸਤੀ ਘੋੜੇ ਦੇਖਿ ਵਿਗਾਸਾ॥ ਲਸਕਰ ਜੋੜੇ ਨੇਬ ਖਵਾਸਾ॥ ਗਲਿ ਜੇਵੜੀ ਹਉਮੈ ਕੇ ਫਾਸਾ॥ (ਪੰਨਾ ੧੭੬) ਅਰਥ:- ਮਨੁੱਖ ਹਾਥੀ ਘੋੜੇ ਵੇਖ ਕੇ ਖ਼ੁਸ਼ੀ (ਮਹਿਸੂਸ ਕਰਦਾ ਹੈ), ਫ਼ੌਜਾਂ ਇਕੱਠੀਆਂ ਕਰਦਾ ਹੈ, ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ, ਪਰ ਉਸ ਦੇ ਗਲ ਵਿੱਚ ਹਉਮੈ ਦੀ ਰੱਸੀ ਹਉਮੈ ਦੇ ਫਾਹੇ ਹੀ ਪੈਂਦੇ ਹਨ।
(ਅ) ਸੰਤ ਸਾਜਨ ਸਿਖ ਭਏ ਸੁਹੇਲੇ॥ ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ॥ ਜਨਮ ਮਰਨ ਦੁਖ ਫਾਹਾ ਕਾਟਿਆ॥ ਕਹੁ ਨਾਨਕ ਗੁਰਿ ਪੜਦਾ ਢਾਕਿਆ॥ (ਪੰਨਾ ੧੩੪੦) ਅਰਥ:- ਹੇ ਭਾਈ! ਜਿਨ੍ਹਾਂ ਸੰਤ-ਜਨਾਂ ਸੱਜਣਾਂ ਸਿੱਖਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਜੋੜਿਆ, ਉਹ ਸੁਖੀ ਜੀਵਨ ਵਾਲੇ ਹੋ ਗਏ। ਹੇ ਨਾਨਕ! ਆਖ—ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ, ਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ (ਗੁਰੂ ਨੇ) ਕੱਟ ਦਿੱਤੀ ਹੈ।
(ੲ) ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥ (ਪੰਨਾ ੫੯੫) ਅਰਥ:-ਹੇ ਨਾਨਕ! (ਦੁਨੀਆ ਦੇ ਸੁਖ ਮਾਣਨ ਦੀ ਖ਼ਾਤਰ) ਅਸੀਂ ਜਿਤਨੇ ਭੀ ਪਾਪ-ਵਿਕਾਰ ਅਸੀਂ ਕਰਦੇ ਹਾਂ, ਇਹ ਸਾਰੇ ਪਾਪ-ਵਿਕਾਰ ਸਾਡੇ ਗਲਾਂ ਵਿੱਚ ਫਾਹੀਆਂ ਬਣ ਜਾਂਦੇ ਹਨ (ਇਹ ਹੋਰ ਹੋਰ ਪਾਪਾਂ ਵਲ ਧਰੂਹ ਕੇ ਲੈ ਜਾਂਦੇ ਹਨ)।
(ਸ) ਹਉ ਹਉ ਕਰਮ ਕਮਾਣੇ॥ ਤੇ ਤੇ ਬੰਧ ਗਲਾਣੇ॥ ਮੇਰੀ ਮੇਰੀ ਧਾਰੀ॥ ਓਹਾ ਪੈਰਿ ਲੋਹਾਰੀ॥ (ਪੰਨਾ ੧੦੦੪) ਅਰਥ:- ਹੇ ਭਾਈ! ਹਉਮੈ ਦੇ ਆਸਰੇ ਜੀਵ (ਅਨੇਕਾਂ) ਕਰਮ ਕਰਦੇ ਹਨ, ਉਹ ਸਾਰੇ ਕਰਮ (ਜੀਵਾਂ ਦੇ) ਗਲ ਵਿੱਚ ਫਾਹੀਆਂ ਬਣ ਜਾਂਦੇ ਹਨ। ਜੀਵ ਆਪਣੇ ਹਿਰਦੇ ਵਿੱਚ ਮਮਤਾ ਵਸਾਈ ਰੱਖਦਾ ਹੈ, ਉਹ ਮਮਤਾ ਹੀ ਜੀਵ ਦੇ ਪੈਰ ਵਿੱਚ ਲੋਹੇ ਦੀ ਬੇੜੀ ਬਣ ਜਾਂਦੀ ਹੈ।
(ਹ) ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ॥ ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ॥ (ਪੰਨਾ ੧੧੯੧) ਅਰਥ:- (ਹੇ ਪ੍ਰਭੂ! ਤੇਰਾ ਇਤਨਾ ਬੇਅੰਤ ਭੰਡਾਰਾ ਹੁੰਦਿਆਂ ਭੀ ਜੀਵ ਦਾ ਮਨ) ਨਾਰਦ (ਜੀਵ ਵਾਸਤੇ) ਖ਼ੁਆਰੀ ਪੈਦਾ ਕਰਦਾ ਹੈ, ਸਿਦਕ-ਹੀਣਾ ਮਨ ਮੁੜ ਮੁੜ (ਪਦਾਰਥ) ਮੰਗਦਾ ਰਹਿੰਦਾ ਹੈ। ਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ ਇਸ ਦੇ ਪੈਰ ਵਿੱਚ ਲੋਹੇ ਦੀ ਬੇੜੀ ਬਣੇ ਪਏ ਹਨ।
‘ਜਮ ਦੀ ਫਾਹੀ’ ਦੇ ਉਪਰੋਕਤ ਰੂਪਾਂ ਤੋਂ ਇਲਾਵਾ ਇਹ ਰੂਪ ਵੀ ਹਨ:-
(੧) ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥ ੧॥ ਮਨ ਰੇ ਸੰਸਾਰੁ ਅੰਧ ਗਹੇਰਾ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ॥ ੧॥ ਰਹਾਉ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ॥ ੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ॥ ੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ॥ ੪॥ (ਪੰਨਾ ੬੫੪)
ਅਰਥ:-ਹੇ ਮੇਰੇ ਮਨ! (ਅਗਿਆਨਤਾ ਦੇ ਕਾਰਨ) ਸਿਮਰਨ ਤੋਂ ਖੁੰਝ ਕੇ ਜਗਤ ਇੱਕ ਹਨੇਰਾ ਖਾਤਾ ਬਣਿਆ ਪਿਆ ਹੈ, ਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵ, ਲੋਕ ਉਹ ਉਹ ਕੰਮ ਕਰ ਰਹੇ ਹਨ ਜਿਨ੍ਹਾ ਨਾਲ ਹੋਰ ਵਧੀਕ ਅਗਿਆਨਤਾ ਵਿੱਚ ਫਸਦੇ ਜਾਣ)। ੧।
ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ (ਰੱਬ ਨੂੰ ਮੱਕੇ ਵਿੱਚ ਹੀ ਸਮਝ ਕੇ ਉਧਰ) ਸਿਜਦੇ ਕਰ ਰਹੇ ਹਨ, ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿੱਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ)। (ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ? ਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ। ੧।
(ਵਿਦਵਾਨ) ਕਵੀ ਲੋਕ ਆਪੋ ਆਪਣੀ ਕਾਵਿ-ਰਚਨਾ ਪੜ੍ਹਨ (ਭਾਵ, ਵਿੱਦਿਆ ਦੇ ਮਾਣ) ਵਿੱਚ ਹੀ ਮਸਤ ਹਨ, ਕਾਪੜੀ (ਆਦਿਕ) ਸਾਧੂ ਕੇਦਾਰਾ (ਆਦਿਕ) ਤੀਰਥਾਂ ਤੇ ਜਾ ਜਾ ਕੇ ਜੀਵਨ ਵਿਅਰਥ ਗਵਾਉਂਦੇ ਹਨ, ਜੋਗੀ ਲੋਕ ਜਟਾ ਰੱਖ ਕੇ ਹੀ ਇਹ ਸਮਝਦੇ ਰਹੇ ਕਿ ਇਹੀ ਰਾਹ ਠੀਕ ਹੈ। (ਹੇ ਪ੍ਰਭੂ!) ਤੇਰੀ ਬਾਬਤ ਸੂਝ ਇਹਨਾਂ ਲੋਕਾਂ ਨੂੰ ਭੀ ਨਾਹ ਪਈ। ੨।
ਰਾਜੇ ਧਨ ਜੋੜ ਜੋੜ ਕੇ ਉਮਰ ਗੰਵਾ ਗਏ, ਉਹਨਾਂ ਸੋਨੇ (ਆਦਿਕ) ਦੇ ਢੇਰ (ਭਾਵ, ਖ਼ਜ਼ਾਨੇ) ਧਰਤੀ ਵਿੱਚ ਦੱਬ ਰੱਖੇ, ਪੰਡਿਤ ਲੋਕ ਵੇਦ-ਪਾਠੀ ਹੋਣ ਦੇ ਹੰਕਾਰ ਵਿੱਚ ਖਪਦੇ ਹਨ, ਤੇ, ਇਸਤ੍ਰੀਆਂ (ਸ਼ੀਸ਼ੇ ਵਿਚ) ਆਪਣੇ ਰੂਪ ਤੱਕਣ ਵਿੱਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ। ੩।
ਆਪੋ-ਆਪਣਾ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾਂ ਸਭ ਜੀਵ ਖ਼ੁਆਰ ਹੋ ਰਹੇ ਹਨ। ਕਬੀਰ ਸਿੱਖਿਆ ਦੀ ਗੱਲ ਆਖਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ (ਜੀਵਨ ਦੀ) ਸਹੀ ਸੂਝ ਨਹੀਂ ਪੈਂਦੀ। ੪।
ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵਨ ਵਿਅਰਥ ਹੈ। ਸਿਮਰਨ-ਹੀਨ ਬੰਦਿਆਂ ਲਈ ਇਹ ਜਗਤ ਇੱਕ ਅੰਨ੍ਹਾ ਖਾਤਾ ਹੈ ਉਹਨਾਂ ਦੇ ਕਰਮ ਉਹਨਾਂ ਵਾਸਤੇ ਹੋਰ ਹੋਰ ਫਾਹੀ ਦਾ ਕੰਮ ਕਰਦੇ ਹਨ।
(੨) ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ॥ ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ॥ (ਪੰਨਾ ੪੩੪) ਅਰਥ:- ਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਸੰਸਕਾਰ ਤੇਰੇ ਅੰਦਰ ਇਕੱਠੇ ਹੋਏ ਪਏ ਹਨ, ਉਹਨਾਂ ਦੇ ਅਧੀਨ ਤੂੰ ਨਿਰੀ ਮਾਇਆ ਦੀ ਖ਼ਾਤਰ ਉਮਰ ਗੁਜ਼ਾਰ ਰਿਹਾ ਹੈਂ, ਪਰ ਆਪਣੇ ਆਪ ਨੂੰ ਪੰਡਿਤ ਸਮਝਦਾ ਤੇ ਪੰਡਿਤ ਅਖਵਾਂਦਾ ਹੈਂ। ਪੰਡਿਤ ਦਾ ਇਹ ਕਰਤੱਬ ਨਹੀਂ ਕਿ ਉਸ ਨੂੰ ਆਪਣੇ ਆਤਮਕ ਜੀਵਨ ਦੀ ਰਤਾ ਭੀ ਸੂਝ ਨ ਹੋਵੇ। ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਛੱਡ, ਤੇ) ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ। (ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ) ਪਾਂਧੇ ਨੇ ਪਹਿਲਾਂ ਆਪਣੇ ਗਲ ਵਿੱਚ (ਮਾਇਆ ਦੀ) ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿੱਚ ਪਾ ਦੇਂਦਾ ਹੈ।
(੩) ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ॥ ਨਾਮੁ ਨ ਬੂਝਹਿ ਭਰਮਿ ਭੁਲਾਨਾ॥ ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ॥ (ਪੰਨਾ ੧੦੩੨) ਅਰਥ:- ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ, ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿੱਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ। ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮਤਿ ਦੀ ਫਾਹੀ ਉਹਨਾਂ ਦੇ ਗਲ ਵਿੱਚ ਪਈ ਰਹਿੰਦੀ ਹੈ।
ਗਰੁੜ ਆਦਿ ਪੁਰਾਣ ਵਿੱਚ ਜਿਸ ‘ਜਮ ਦੀ ਫਾਹੀ’ ਦਾ ਜ਼ਿਕਰ ਹੈ, ਉਸ ਤੋਂ ਮਨੁੱਖ ਕੁੱਝ ਰਸਮੀ ਕਰਮ-ਧਰਮ ਦੁਆਰਾ ਆਪਣਾ ਬਚਾਓ ਕਰ ਸਕਦਾ ਹੈ। ਪਰੰਤੂ ਗੁਰਬਾਣੀ ਵਿੱਚ ਜਿਸ ‘ਜਮਦੂਤ ਦੀ ਫਾਹੀ’ ਦਾ ਜ਼ਿਕਰ ਹੈ, ਇਸ ਫਾਹੀ ਤੋਂ ਕਿਸੇ ਰਸਮੀ ਕਰਮ-ਧਰਮ ਦੁਆਰਾ ਨਹੀਂ ਬਚਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਪੁਰਾਣਾਂ ਵਿੱਚ ਵਰਣਿਤ ‘ਜਮਦੂਤਾਂ ਦੀ ਫਾਹੀ’ ਤੋਂ ਬਚਾਓ ਮਰਨ ਤੋਂ ਪਹਿਲਾਂ ਹੀ ਸੰਭਵ ਹੁੰਦਾ ਹੈ, ਮਗਰੋਂ ਨਹੀਂ; ਭਾਵ, ਜਦੋਂ ਮਨੁੱਖ ‘ਜਮਦੂਤਾਂ ਦੀ ਫਾਹੀ’ ਵਿੱਚ ਫਸ ਜਾਂਦਾ ਹੈ, ਉਸ ਸਮੇਂ ਇਸ ਫਾਹੀ ਤੋਂ ਬਚਣ ਤੋਂ ਕੋਈ ਉਪਾਓ ਨਹੀਂ ਹੈ। ਇਸ ਲਈ ਇਸ ਫਾਹੀ ਵਿੱਚ ਫਸੇ ਹੋਏ ਲਈ ਇਸ ਫਾਹੀ ਵਿੱਚ ਫਸ ਕੇ ਦੁੱਖ ਸਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਹਾਂ, ਇਸ ਫਾਹੀ ਵਿੱਚ ਫਸ ਕੇ ਦੁੱਖ ਸਹਿ ਰਹੇ ਨੂੰ ਪਛੁਤਾਵਾ ਜ਼ਰੂਰ ਹੁੰਦਾ ਹੈ ਪਰ ਇਸ ਪਛੁਤਾਵੇ ਦਾ ਮਨੁੱਖ ਨੂੰ ਕੋਈ ਲਾਭ ਨਹੀਂ ਹੁੰਦਾ। ਪਰ ਗੁਰਬਾਣੀ ਵਿੱਚ ਜਿਸ ਫਾਹੀ ਦਾ ਜ਼ਿਕਰ ਹੈ ਇਸ ਫਾਹੀ ਵਿੱਚ ਫਸਿਆ ਮਨੁੱਖ ਨਿਕਲਣਾ ਚਾਹੇ ਦਾ ਨਿਕਲ ਸਕਦਾ ਹੈ। ਚੂੰਕਿ ਇਸ ਫਾਹੀ ਦਾ ਸ਼ਿਕਾਰ ਮਨੁੱਖ, ਮੌਤ ਮਗਰੋਂ ਨਹੀਂ ਬਲਕਿ ਜਿਊਂਦੇ ਜੀਅ ਹੁੰਦਾ ਹੈ। ਇਸ ਲਈ ਜਦੋਂ ਵੀ ਚਾਹੇ ਇਸ ਫਾਹੀ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਫਾਹੀ ਤੋਂ ਬਚਣ ਲਈ ਕਦੀ ਵੀ ਦਰਵਾਜ਼ੇ ਬੰਦ ਨਹੀਂ ਹੁੰਦੇ। ਜੀਵਨ ਦੇ ਹਰੇਕ ਪੜਾ ਤੇ ਮਨੁੱਖ ਇਸ ਫਾਹੀ ਤੋਂ ਛੁਟਕਾਰਾ ਹਾਸਲ ਕਰ ਸਕਦਾ ਹੈ:
ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ॥ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ॥ (ਪੰਨਾ ੭੯੩) ਅਰਥ:-ਹੇ ਸੰਤ ਜਨੋ! ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਡਰ ਹਰ ਵੇਲੇ ਲਗਿਆ ਰਹਿੰਦਾ ਹੈ (ਭਾਵ, ਮੈਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਕਾਮਾਦਿਕ ਵਿਕਾਰਾਂ ਦਾ ਕਿਤੇ ਜ਼ੋਰ ਪੈ ਕੇ ਮੇਰੇ ਅੰਦਰ ਭੀ ਕੁਕਰਮ ਦਾ ਲੇਖਾ ਨਾਹ ਬਣਨ ਲੱਗ ਪਏ), ਸੋ, ਮੈਂ ਆਪਣੀ ਬਾਂਹ ਉੱਚੀ ਕਰ ਕੇ (ਆਪਣੇ) ਅੱਗੇ ਪੁਕਾਰ ਕੀਤੀ ਤੇ ਉਸ ਨੇ ਮੈਨੂੰ (ਇਹਨਾਂ ਤੋਂ) ਬਚਾ ਲਿਆ।
ਇਸ ਫੰਧੇ ਦਾ ਪੁਰਾਣਾਂ ਦੇ ‘ਜਮਦੂਤਾਂ ਦੇ ਫੰਧੇ’ ਨਾਲੋਂ ਇੱਕ ਹੋਰ ਅੰਤਰ ਹੈ; ਉਹ ਅੰਤਰ ਇਹ ਹੈ ਕਿ ਪੁਰਾਣਾਂ ਵਾਲਾ ‘ਦੂਤਾਂ ਦਾ ਫੰਧਾ’ ਜਦੋਂ ਮਨੁੱਖ ਦੇ ਗਲ ਵਿੱਚ ਪੈਂਦਾ ਹੈ ਤਾਂ ਮਨੁੱਖ ਬਹੁਤ ਦੁਖੀ ਹੁੰਦਾ ਹੈ, ਤੜਪਦਾ ਹੈ। ਪਰ ਗੁਰਬਾਣੀ ਵਿੱਚ ‘ਜਮ ਫੰਧਾ’ ਦਾ ਜੋ ਰੂਪ ਹੈ, ਇਸ ਦਾ ਕਈ ਵਾਰ ਮਨੁੱਖ ਨੂੰ ਪਤਾ ਹੀ ਨਹੀਂ ਚਲਦਾ। ਚੂੰਕਿ ਇਸ ‘ਜਮ ਫੰਧੇ’ ਵਿੱਚ ਫਸਿਆ ਮਨੁੱਖ ਆਤਮਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਆਤਮਕ ਮੌਤੇ ਮਰਿਆ ਹੋਇਆ ਪ੍ਰਾਣੀ ਪਸ਼ੂਪਣੇ ਦਾ ਸ਼ਿਕਾਰ ਹੋ ਜਾਂਦਾ ਹੈ। ਪਸ਼ੂ ਦੇ ਆਪਣੇ ਸੁਹਜ-ਸੁਆਦ ਹਨ ਜਿਹਨਾਂ ਵਿੱਚ ਉਹ ਮਸਤ ਰਹਿੰਦਾ ਹੈ। ਇਸ ਲਈ ਆਮ ਤੌਰ `ਤੇ ਇਸ ਫਾਹੀ ਵਿੱਚ ਫਸਿਆ ਮਨੁੱਖ ਇਸ ਫਾਹੀ ਵਿੱਚੋਂ ਨਿਕਲਣ ਦੀ ਥਾਂ ਹੋਰ ਵਧੇਰੇ ਫਸਣ ਵਿੱਚ ਖ਼ੁਸ਼ੀ ਮਹਿਸੂਸ ਕਰਦਾ ਹੈ। ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:-
(ੳ) ਪਾਪੁ ਬੁਰਾ ਪਾਪੀ ਕਉ ਪਿਆਰਾ॥ ਪਾਪਿ ਲਦੇ ਪਾਪੇ ਪਾਸਾਰਾ॥ (ਪੰਨਾ ੯੩੫) ਅਰਥ:- (ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ, ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ।
(ਅ) ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ॥ ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ॥ (ਪੰਨਾ ੧੩੬੮) ਅਰਥ:- ਹੇ ਕਬੀਰ! (ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿੱਚ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿੱਚ ਇਹ ਬਰਕਤਿ ਹੈ ਕਿ ਸੰਸਾਰ-ਸਮੁੰਦਰ ਵਿੱਚ ਡੁੱਬਣੋਂ ਬਚ ਜਾਈਦਾ ਹੈ, ਪਰ) ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ, ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ (ਸੁਖ ਦੇਣ ਵਾਲੀ ਨਹੀਂ ਜਾਪਦੀ)। (ਵਿਕਾਰੀ ਬੰਦੇ ਦਾ ਸੁਭਾਉ ਮੱਖੀ ਵਾਂਗ ਹੋ ਜਾਂਦਾ ਹੈ) ਮੱਖੀ (ਸੋਹਣੀ ਖ਼ੁਸ਼-ਬੂ ਵਾਲੇ) ਚੰਦਨ ਨੂੰ ਤਿਆਗ ਦੇਂਦੀ ਹੈ, ਜਿੱਥੇ ਬਦ-ਬੂ ਹੋਵੇ ਉਥੇ ਜਾਂਦੀ ਹੈ।
ਸੋ, ਗੱਲ ਕੀ, ਗੁਰੂ ਗ੍ਰੰਥ ਸਾਹਿਬ ਵਿੱਚ ‘ਜਮਦੂਤਾਂ ਦੀ ਫਾਹੀ’ ਦਾ ਪੁਰਾਣਾਂ ਵਿੱਚ ਵਰਣਿਤ ‘ਜਮਦੂਤਾਂ ਦੀ ਫਾਹੀ’ ਤੋਂ ਬਿਲਕੁਲ ਭਿੰਨ ਹੈ। ਗੁਰਬਾਣੀ ਵਿੱਚ ‘ਜਮ ਦੀ ਫਾਹੀ’ ਤੋਂ ਭਾਵ ਆਤਮਕ ਮੌਤ ਤੋਂ ਹੈ ਜੋ ਕਈ ਤਰ੍ਹਾਂ ਦੀਆਂ ਆਤਮਕ ਕਮਜ਼ੋਰੀਆਂ ਦੇ ਰੂਪ ਵਿੱਚ ਮਨੁੱਖ ਨੂੰ ਵਿਆਪਦੀ ਹੈ। ਇਸ ਆਤਮਕ ਮੌਤ ਦਾ ਸ਼ਿਕਾਰ ਮਨੁੱਖ ਇਸ ਜਨਮ ਵਿੱਚ ਹੀ ਹੁੰਦਾ ਹੈ। ਜੇਕਰ ਇਸ ਫਾਹੀ ਦਾ ਸ਼ਿਕਾਰ ਪ੍ਰਾਣੀ ਇਸ ਫਾਹੀ ਤੋਂ ਬਚਣਾ ਚਾਹੁੰਦਾ ਹੈ ਤਾਂ ਉਹ ਇਸ ਫਾਹੀ ਤੋਂ ਬਚ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਇਸ ਫਾਹੀ ਤੋਂ ਬਚਣ ਲਈ ਮਨੁੱਖ ਖ਼ੁਦ ਉਪਰਾਲਾ ਕਰੇ। ਚੂੰਕਿ ਇਸ ‘ਜਮ ਦੀ ਫਾਹੀ’ ਤੋਂ ਕਿਸੇ ਹੋਰ ਦੇ ਰਸਮੀ ਕਰਮ-ਧਰਮ ਦੁਆਰਾ ਨਹੀਂ ਸਗੋਂ ਖ਼ੁਦ ਹੀ ਉਪਰਾਲਾ ਕਰਕੇ ਬਚਣਾ ਪੈਂਦਾ ਹੈ।
.