.

{ਬਲਿਹਾਰੀ ਕੁਦਰਤਿ ਵਸਿਆ}
ਜਸਵਿੰਦਰ ਸਿੰਘ “ਰੁਪਾਲ”
9814715796


ਤੇਜ ਦੌੜਦੀ ਜਿੰਦਗੀ ਦੇ ਭੀੜ ਭੜੱਕੇ ਅਤੇ ਸ਼ੋਰ ਸ਼ਰਾਬੇ ਤੋਂ ਪਰ੍ਹੇ ਕਦੇ ਕੁਦਰਤ ਨੂੰ ਨੇੜਿਓਂ ਤੱਕੀਏ ਤਾਂ ਮਨ ਸੱਚਮੁੱਚ ਵਿਸਮਾਦ ਵਿੱਚ ਆ ਜਾਂਦਾ ਹੈ। ਕੁਦਰਤ ਵਿੱਚ ਛੁਪ ਬੈਠੇ ਕਾਦਰ ਨੂੰ ਨਮਸਕਾਰ ਕਰਦਾ ਹੈ। ਸਹਿਜ ਅਤੇ ਆਨੰਦ ਦੇ ਉਹ ਪਲ ਜਿੰਦਗੀ ਦਾ ਅਨਮੋਲ ਸਾਂਭਣਯੋਗ ਕੀਮਤੀ ਸਰਮਾਇਆ ਬਣ ਜਾਂਦੇ ਹਨ। … …
ਸਭ ਤੋਂ ਪਹਿਲਾਂ ਊਰਜਾ ਦੇ ਮੁੱਖ ਸਰੋਤ ਸੂਰਜ ਨੂੰ ਤੱਕੋ। ਅਰਬਾਂ ਖਰਬਾਂ ਸਾਲਾਂ ਤੋਂ ਬਿਨਾਂ ਕਿਸੇ ਵਿਤਕਰੇ ਦੇ ਸਭ ਨੂੰ ਜੀਵਨ ਦਾਨ ਦੇ ਰਿਹਾ ਹੈ। ਸੱਚਮੁੱਚ ਦੇਣਾ ਹੀ ਜੀਵਨ ਹੈ ਅਤੇ ਉਹ ਵੀ ਕਿਸੇ ਤਰਾਂ ਦੇ ਵਿਤਕਰੇ ਤੋਂ ਬਿਨਾਂ। ਹਵਾ, ਪਾਣੀ ਅਤੇ ਦਰਤ ਨੇ ਵੀ ਸਮਦ੍ਰਿਸ਼ਟੀ ਸੂਰਜ ਤੋਂ ਹੀ ਸਿੱਖੀ ਲੱਗਦੀ ਹੈ। ਅਸੀਂ ਇਨਾਂ ਦੀਆਂ ਦਾਤਾਂ ਨੂੰ ਮਾਣਦੇ ਹੋਏ ਵੀ ਕਿਉਂ ਵਖਰੇਵਿਆਂ ਵਿੱਚ ਪੈ ਜਾਂਦੇ ਹਾਂ? ਕਿਉਂ ਨਹੀਂ ਇਨਾਂ ਕੁਦਰਤੀ ਦਾਤਾਂ ਵਾਂਗ ਆਪਣੀ ਸੋਚ ਨੂੰ ਸਰਬੱਤ ਲਈ ਇੱਕੋ ਜਿਹੀ ਰੱਖਦੇ? … …
ਆਓ ਗਗਨ-ਚੁੰਬੀ ਪਰਬਤਾਂ ਦੀ ਗੱਲ ਕਰੀਏ। ਇੱਕ ਪਾਸੇ ਧਰਤ ਨਾਲ ਸਾਂਝ ਰੱਖਦੇ, ਆਸਮਾਨ ਨਾਲ ਗੱਲਾਂ ਕਰਦੇ ਹੋਏ ਇਹ ਪਰਬਤ ਸਾਨੂੰ ਅਡੋਲਤਾ ਅਤੇ ਦ੍ਰਿੜ ਵਿਸ਼ਵਾਸ਼ ਦੀ ਪ੍ਰੇਰਨਾ ਦਿੰਦੇ ਹਨ। ਇਨਾਂ ਦੀ ਕੁੱਖ ਚੋਂ ਸ਼ੂਕਦੀਆਂ ਨਦੀਆਂ, ਜੋ ਮੈਦਾਨਾਂ ਵੱਲ ਆ ਰਹੀਆਂ ਹਨ, ਸਾਨੂੰ ਸਦਾ ਚਲਦੇ ਰਹਿਣ ਦਾ ਸੰਦੇਸ਼ ਦਿੰਦੀਆਂ ਹਨ। ਚਲਦੇ ਰਹਿਣਾ ਹੀ ਜੀਵਨ ਹੈ ਅਤੇ ਰੁਕਣਾ ਮੌਤ। ਹਰ ਨਦੀ ਦੀ ਆਖਰੀ ਮੰਜਲ ਸਮੁੰਦਰ ਵਿੱਚ ਸਮਾ ਜਾਣਾ ਹੈ। ਜਿੰਨੀ ਦੇਰ ਵੇਗ ਨਾਲ ਚਲਦੀ ਰਹਿੰਦੀ ਹੈ, ਸਭ ਰੁਕਾਵਟਾਂ ਦੂਰ ਕਰਦੀ ਜਾਂਦੀ ਹੈ ਅਤੇ ਮੈਲ੍ਹਾਂ ਨੂੰ ਧੋਂਦੀ ਜਾਂਦੀ ਹੈ, ਪਰ ਜੇ ਕਿਧਰੇ ਮਾਰੂਥਲਾਂ ਚ’ ਗਵਾਚ ਜਾਏ, ਤਾਂ ਉਸਦੀ ਆਪਣੀ ਹੋਂਦ ਹੀ ਜਾਂਦੀ ਰਹਿੰਦੀ ਹੈ। ਪਰਬਤਾਂ ਤੋਂ ਡਿਗਦੇ ਝਰਨੇ ਅਤੇ ਧਰਤ ਤੋਂ ਪੂਰੇ ਵੇਗ ਨਾਲ ਆ ਰਹੇ ਚਸ਼ਮੇ, ਜੀਵਨ ਦੇ ਭੇਦਾਂ ਵੱਲ ਇਸ਼ਾਰਾ ਕਰਦੇ ਹਨ। ਕਿਧਰੇ ਹਲਕੀ ਬੂੰਦਾਬਾਂਦੀ, ਕਿਧਰੇ ਧੁੱਪ ਤੇ ਮੀਂਹ, ਕਿਧਰੇ ਬਰਫ਼ਬਾਰੀ, ਕਿਧਰੇ ਜਵਾਲਾਮੁਖੀ ਜਾਂ ਆਪਣੇ ਆਪ ਨਿਕਲਦੀਆਂ ਲਾਟਾਂ ਬ੍ਰਹਿਮੰਡੀ ਡਰਾਮੇ ਦੇ ਅਲੱਗ ਅਲੱਗ ਕਾਂਡ ਹਨ। …. .
ਬੜੀ ਮਿੱਠੀ ਮਿੱਠੀ ਹਵਾ ਆ ਰਹੀ ਹੈ। ਜਰੂਰ ਹਵਾ ਭਾਂਤ ਭਾਂਤ ਦੇ ਖੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਹੈ। ਆਓ! ਜ਼ਰਾ ਅੱਖਾਂ ਨੂੰ ਇਨ੍ਹਾਂ ਨਜ਼ਾਰਿਆਂ ਨਾਲ ਭਰ ਲਈਏ। ਵਾਹ! ਕਿੰਨੇ ਸੋਹਣੇ ਛੋਟੇ ਵੱਡੇ, ਵੱਖ ਵੱਖ ਆਕਾਰ ਦੇ ਫੁੱਲ ਆਪਣੀ ਵੱਖਰੀ ਵੱਖਰੀ ਕਹਾਣੀ ਕਹਿ ਰਹੇ ਹਨ। ਜੇ ਕਿਧਰੇ ਭੌਰ ਅਤੇ ਤਿਤਲੀਆਂ ਇਨ੍ਹਾਂ ਫੁੱਲਾਂ ਦਾ ਰਸ ਪੀ ਕੇ ਨਿਹਾਲ ਹੋ ਰਹੇ ਹਨ ਤਾਂ ਐਸੇ ਫੁੱਲ ਵੀ ਹਨ ਜੋ “ਕੀਟਾਂ” ਨੂੰ ਆਪਣੀ ਖੁਰਾਕ ਬਣਾ ਲੈਂਦੇ ਹਨ। ਵੱਖੋ ਵੱਖ ਡੰਡੀਆਂ, ਪੱਤਿਆਂ ਅਤੇ ਕੰਡਿਆਂ ਵਿੱਚ ਘਿਰੇ ਹੋਏ ਇਹ ਫੁੱਲ ਕੁਦਰਤ ਦਾ ਅਨਮੋਲ ਤੋਹਫਾ ਹੈ।
ਆਓ ਪੰਛੀਆਂ ਦੇ ਸੰਗੀਤ ਨਾਲ ਇੱਕ ਮਿੱਕ ਹੋਣ ਦੀ ਕੋਸ਼ਿਸ਼ ਕਰੀਏ। ਚਿੜੀਆਂ ਦੀ ਚੀਂ ਚੀਂ, ਕੋਇਲ ਦੀ ਕੂ ਕੂ, ਕਾਵਾਂ ਦੀ ਕਾਂ ਕਾਂ, ਭੌਰਿਆਂ, ਬੁਲਬੁਲਾਂ, ਤੋਤਿਆਂ, ਮੋਰਾਂ, ਘੁੱਗੀਆਂ ਗਟਾਰਾਂ ਅਤੇ ਹੋਰ ਜਾਨਵਰਾਂ ਦੀਆਂ ਵੱਖ ਵੱਖ ਆਵਾਜਾਂ ਨੂੰ ਪੂਰੇ ਧਿਆਨ ਨਾਲ ਸੁਣੋ। ਜਾਪਦੈ ਜਿਉ ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਹਨ। ਕਈ ਵਾਰੀ ਚੁੱਪ ਬੈਠਿਆਂ ਨੂੰ ਅੱਖਾਂ ਚ’ ਅੱਖਾਂ ਪਾ ਕੇ ਵੇਖੋ, ਇੱਕ ਪ੍ਰੇਮ ਭਰਿਆ ਸਕੂਨ ਮਿਲੇਗਾ। … … ….
ਬੱਦਲਾਂ ਦੀ ਜੋਰਦਾਰ ਗੜ੍ਹਗੜਾਹਟ ਦਾ ਆਪਣਾ ਹੀ ਮਜ਼ਾ ਹੈ। ਮੀਂਹ ਵਿੱਚ ਭਿੱਜਣ ਦਾ ਅਤੇ ਨਹਾਉਣ ਦਾ ਅਸਲ ਲੁਤਫ਼ ਉਨ੍ਹਾਂ ਨੂੰ ਹੀ ਮਿਲ ਸਕਦਾ ਹੈ, ਜਿਹੜੇ ਲੋਕ ਲਾਜ਼ ਨੂੰ ਛੱਡ ਕੇ ਨਹਾਉਣ ਦਾ ਹੌਂਸਲਾ ਰੱਖਦੇ ਹਨ। ਹੁਣ ਤੱਕ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਆਏ ਹੋ, ਠੀਕ ਹੈ ਕਰੋ, ਪਰ ਡੁੱਬਦੇ ਸੂਰਜ ਦੀ ਲਾਲੀ ਨੂੰ ਅੱਖੋਂ ਓਹਲੇ ਨਾ ਕਰ ਦੇਣਾ। ਸਿਰਫ਼ ਪੁੰਨਿਆ ਦੇ ਚੰਨ ਦੀ ਤਾਰੀਫ਼ ਹੀ ਨਾ ਕਰਦੇ ਰਹਿਣਾ, ਯਾਰੋ ਮੱਸਿਆ ਦਾ ਆਪਣਾ ਨਜ਼ਾਰਾ ਹੈ। ਗੂੜ੍ਹੀ ਕਾਲ਼ੀ ਰਾਤ ਨੂੰ ਵੀ ਮਾਣਨਾ ਸਿੱਖੀਏ। ਕਾਲ਼ੀ ਕਾਲ਼ੀ ਰਾਤ ਵਿੱਚ ਆਕਾਸ਼ ਤੇ ਚਮਕਦੇ ਅਤੇ ਲੁਕਣ ਮੀਚੀ ਖੇਡਦੇ ਹੋਏ ਤਾਰੇ ਜਿੰਦਗੀ ਦੇ ਉਤਾਰ ਚੜ੍ਹਾਂਅ ਵੱਲ ਇਸ਼ਾਰਾ ਕਰਦੇ ਹਨ। ਹਰ ਦਿਨ ਤੋਂ ਬਾਅਦ ਰਾਤ ਅਤੇ ਹਰ ਰਾਤ ਤੋਂ ਬਾਅਦ ਦਿਨ ਦਾ ਆਉਣਾ ਇੱਕ ‘ਅਗੰਮੀ ਸਿਧਾਂਤ’ - “ਸਭ ਕੁੱਝ ਬਦਲਦਾ ਹੈ ਪਰ ਪਰੀਵਰਤਨ ਦਾ ਨਿਯਮ ਨਹੀਂ ਬਦਲਦਾ” - ਦੀ ਬਾਤ ਪਾਉਂਦਾ ਹੈ, ਤਾਂ ਫਿਰ ਅਸੀਂ ਕਿਉਂ ਕਿਸੇ ਗ਼ਮੀ ਜਾਂ ਖੁਸ਼ੀ ਨੂੰ ਦਿਲ ਚ’ ਸੰਭਾਲੀ ਰੱਖਦੇ ਹਾਂ? ਜਦਕਿ ਉਹ ਚਿਰ ਸਥਾਈ ਨਹੀਂ।
ਆਓ! ਬਾਗਾਂ ਦੀ ਖੂਬਸੂਰਤੀ ਨਾਲੋਂ ਜੰਗਲ ਵਿੱਚੋਂ ਸੁਹੱਪਣ ਦੀ ਭਾਲ ਕਰੀਏ। ਵੱਖ ਵੱਖ ਰੰਗਾਂ ਅਕਾਰਾਂ ਅਤੇ ਅਲੱਗ ਅਲੱਗ ਤਰਾਂ ਦੇ ਗੁਣਾਂ ਵਾਲੀ ਬਨਸਪਤੀ ਇੱਥੇ ਮਿਲਦੀ ਹੈ। ਇੱਕ ਪਾਸੇ ਜੀਵਨ ਦਾਨ ਦੇਣ ਵਾਲੇ ਅਉਖਧੀ ਭਰਪੂਰ ਬੂਟੇ ਵੀ ਹਨ ਤਾਂ ਦੂਜੇ ਪਾਸੇ ਜਹਿਰੀਲੇ ਬੂਟੇ ਵੀ ਹਨ ਜਿਹੜੇ ਪਲ ਚ’ ਜੀਵਨ ਨੂੰ ਮੌਤ ਵਿੱਚ ਬਦਲ ਦੇਣ। ਅਨਿਸ਼ਚਤਤਾ ਅਤੇ ਬੇਤਰਤੀਬੀ- (ਜੋ ਜੰਗਲ ਦੀ ਲਖਾਇਕ ਹ) ੈ-ਵਿੱਚ ਪੂਰਨ ਆਜ਼ਾਦੀ ਦੇ ਨਿੱਘ ਦਾ ਅਹਿਸਾਸ ਛੁਪਿਆ ਹੈ। ਵੱਖ ਵੱਖ ਤਰਾਂ ਦੇ ਜੰਗਲੀ ਜੀਵਾਂ ਦਾ ਨਿਵਾਸ ਸਥਾਨ ਵੀ ਹੈ ਇਹ। ਇਸ ਜੰਗਲ ਵਿੱਚ ਜੀਵਨ ਅਤੇ ਮੌਤ ਦੀ ਧਾਰਾ ਨਿਰੰਤਰ ਚਲਦੀ ਰਹਿੰਦੀ ਹੈ। ਅਸਲ ਵਿੱਚ ‘ਜਿਉਂਦੇ ਰਹਿਣ ਲਈ ਸੰਘਰਸ਼’ ਦਾ ਸਬਕ ਸਾਨੂੰ ਜੰਗਲ ਹੀ ਸਿਖਾ ਸਕਦੇ ਹਨ। … ….
ਜਾਂਦੇ ਜਾਂਦੇ ਸਮੁੰਦਰਾਂ ਦੀ ਗਹਿਰਾਈ ਅਤੇ ਆਕਾਸ਼ਾਂ ਦੀ ਉਚਾਈ ਵੀ ਮਾਪਦੇ ਚੱਲੀਏ। ਸਮੁੰਦਰ ਦੀ ਵਿਸ਼ਾਲਤਾ ਅਤੇ ਡੂੰਘਾਈ, ਆਪਣੇ ਜਵਾਰ-ਭਾਟੇ ਦੇ ਬਾਵਜੂਦ; ਜਿੰਦਗੀ ਦੀ ਅਸੀਮ ਸਮਰੱਥਾ ਅਤੇ ਸਥਿਰਤਾ ਵੱਲ ਇਸ਼ਾਰਾ ਕਰਦੀ ਹੈ। ਆਕਾਸ਼ ਦੀ ਵਿਸ਼ਾਲਤਾ, ਸ਼ਾਂਤੀ, ਅਣਹੋਂਦ ਚੋਂ ਹੋਂਦ ਨੂੰ ਲੱਭਣ ਦਾ ਯਤਨ, ਇੱਕ ਅਣਦਿਸਦੇ ਪ੍ਰਭੂ ਵਾਂਗ ਹੈ ਜੋ ਨਾ ਹੁੰਦੇ ਹੋਏ ਵੀ ਹੋਣ ਦਾ ਵਿਸ਼ਵਾਸ਼ ਦੁਆਉਂਦਾ ਹੈ ਅਤੇ ਆਪ ਬੇਪਰਦ ਹੋ ਕੇ ਸਭ ਦੇ ਪਰਦੇ ਵੀ ਕੱਜਦਾ ਹੈ। ਸਭ ਨੂੰ ਉਤਾਂਹ ਉੱਠਣ ਅਤੇ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦਾ ਹੈ।
ਕਦੇ ਕਦੇ ਆਤਮਾ ਦੇ ਤਲ ਤੋਂ, ਧੁਰ ਅੰਦਰ ਤੋ, ਕਾਦਰ ਦੀ ਇਸ ਕੁਦਰਤ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰੀਏ। ਜਰੂਰੀ ਨਹੀਂ ਘਰ ਛੱਡ ਕੇ ਜੰਗਲਾਂ, ਪਰਬਤਾਂ ਜਾਂ ਸਮੁੰਦਰਾਂ ਵੱਲ ਦੌੜੀਏ। ਆਪਣੇ ਅੰਦਰੋਂ ਹੀ ਇਨ੍ਹਾਂ ਦੀ ਹੋਂਦ ਨੂੰ, ਇਨ੍ਹਾਂ ਦੇ ਗੁਣਾਂ ਨੂੰ ਅਤੇ ਸੰਦੇਸ਼ ਨੂੰ ਯਾਦ ਕਰੀਏ ਤਾਂ ਕਿ ਉਸ ਕਾਦਰ ਨਾਲ ਵੀ ਸਾਂਝ ਪਾਈ ਜਾ ਸਕੇ।
------------------------00000--------------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126
.