.

ਸਿੱਖਾਂ ਦੀ ਅਜੋਕੀ ਹਾਲਤ ਦੇ ਸੰਦਰਭ ਵਿਚ

ਕੀ ਸਿੱਖਾਂ ਦੇ ਦਰਸ਼ਨ ਹੁਣ ਅਜਾਇਬ ਘਰਾਂ ਵਿੱਚ ਹੋਇਆ ਕਰਨਗੇ?

ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)

Cel.: 403-681-8689

40 ਕੁ ਸਾਲ ਪਹਿਲਾਂ ਵਿਦਵਾਨ ਲੇਖਕ ਖੁਸ਼ਵੰਤ ਸਿੰਘ ਨੇ ਪ੍ਰਸਿੱਧ ਵੀਕਲੀ ਅੰਗਰੇਜ਼ੀ ਮੈਗਜ਼ੀਨ ‘Illustrated Weekly’ ਵਿੱਚ ਇੱਕ ਲੇਖ ‘Sikhs on Crossroad’ ਵਿੱਚ ਸਿੱਖਾਂ ਦੀ ਖੁਰਦੀ ਜਾ ਰਹੀ ਬਾਹਰੀ ਪਛਾਣ ਬਾਬਤ ਟਿੱਪਣੀ ਕਰਦਿਆਂ ਕਿਹਾ ਸੀ, ‘ਸਿੱਖਾਂ ਦੇ ਦਰਸ਼ਨ ਹੁਣ ਅਜਾਇਬ ਘਰਾਂ ਵਿੱਚ ਹੀ ਹੋਇਆ ਕਰਨਗੇ’! ਉਸ ਸਮੇਂ ਸਿੱਖ ਸੋਚ ਵਾਲਿਆਂ ਨੇ ਖੁਸ਼ਵੰਤ ਸਿੰਘ ਦੀ ਇਸ ਟਿੱਪਣੀ ਨੂੰ ਕਾਮਰੇਡੀ ਨਜ਼ਰੀਏ ਤੋਂ ਕੀਤੀ ਗਈ ਟਿੱਪਣੀ ਕਹਿਕੇ ਪੱਲਾ ਝਾੜ ਲਿਆ ਸੀ, ਪਰ ਹੁਣ ਜਦੋਂ ਕਿ ਹਾਲਾਤ ਇਸ ਪਾਸੇ ਵੱਲ ਨੂੰ ਹੀ ਮੁੜਦੇ ਪ੍ਰਤੀਤ ਹੋ ਰਹੇ ਹਨ ਤਾਂ ਖੁਸ਼ਵੰਤ ਸਿੰਘ ਦੀ ਇਸ ਟਿੱਪਣੀ ਨੂੰ ਗੰਭੀਰਤਾ ਨਾਲ ਲਿਆ ਜਾਣਾ ਜ਼ਰੂਰੀ ਹੋ ਗਿਆ ਹੈ। ਇਹ ਟਿੱਪਣੀ ਭਾਵੇਂ ਸਿੱਖ ਨੌਜਵਾਨਾਂ ਵਲੋਂ ਸਿੱਖੀ ਦੇ ਛੱਡੇ ਜਾ ਰਹੇ ਬਾਹਰੀ ਸਰੂਪ ਦੇ ਮੱਂਦੇਨਜ਼ਰ ਸੀ, ਪਰ ਪਿਛਲੇ ਸਮੇਂ ਵਿੱਚ ਸਿੱਖ ਲੀਡਰਾਂ ਸਮੇਤ ਆਮ ਸਿੱਖਾਂ ਵਲੋਂ ਜਿਸ ਤਰ੍ਹਾਂ ਸਿੱਖ ਸਿਧਾਂਤਾਂ ਤੋਂ ਕਿਨਾਰਾਕਸ਼ੀ ਕੀਤੀ ਜਾ ਰਹੀ ਹੈ, ਉਸ ਤੋਂ ਇਹ ਸੰਭਾਵਨਾ ਜਰੂਰ ਬਣਦੀ ਜਾ ਰਹੀ ਹੈ ਕਿ ਬਾਹਰੀ ਸ਼ਕਲਾਂ ਵਾਲੇ ਸਿੱਖ ਤਾਂ ਭਾਵੇਂ ਦਿਸਦੇ ਰਹਿਣਗੇ, ਪਰ ਸਿੱਖੀ ਸਿਧਾਂਤਾਂ ਨੂੰ ਪ੍ਰਨਾਏ ਬਾਬੇ ਨਾਨਕ ਦੇ ਰਾਹ ਦੇ ਪਾਂਧੀ ਜਰੂਰ ਅਜ਼ਾਇਬ ਘਰਾਂ ਜਾਂ ਕਿਤਾਬਾਂ ਵਿੱਚ ਹੀ ਰਹਿ ਜਾਣਗੇ। ਸਿੱਖਾਂ ਦੇ ਅਜੋਕੇ ਹਾਲਾਤ ਕੁੱਝ ਅਜਿਹਾ ਹੀ ਰੂਪਮਾਨ ਕਰ ਰਹੇ ਹਨ।

ਅੱਜ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਤੋਂ ਗਾਫਲ ਹੋ ਕੇ ਮੌਕਾਪ੍ਰਸਤੀ ਤੇ ਵਪਾਰੀ ਸੋਚ ਦੇ ਸਾਗਰ ਵਿੱਚ ਗੋਤੇ ਖਾ ਰਹੀਆਂ ਹਨ। ਸਿੱਖ ਧਰਮ ਨੂੰ ਸਾਡੇ ਪ੍ਰਚਾਰਕਾਂ, ਸਾਧਾਂ, ਲੀਡਰਾਂ ਆਦਿ ਨੇ ਮਹਿਜ ਬਿਜਨੈਸ ਤੇ ਰਾਜਨੀਤੀ ਦਾ ਸੰਦ ਬਣਾ ਲਿਆ ਹੈ। ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦਾ ਕੰਮ ਛੱਡਕੇ ਰਾਜਨੀਤਕ ਲੋਕਾਂ ਲਈ ਸਿਰਫ ‘ਗੋਲਕ ਸਾਂਭ’ ਕਮੇਟੀ ਬਣ ਕੇ ਰਹਿ ਗਈ ਹੈ ਤੇ ਆਪਣੇ ਸਮਾਜਕ ਫਰਜ਼ ਵੀ ਸਹੀ ਢੰਗ ਨਾਲ ਅਦਾ ਨਹੀਂ ਕਰ ਰਹੀ। ਸ਼੍ਰੋਮਣੀ ਕਮੇਟੀ ਦਾ ਮੁੱਖ ਮੰਤਵ ਹੁਣ ਸਿਆਸੀ ਲੋਕਾਂ ਦੀ ਚਾਕਰੀ ਕਰਨਾ ਹੀ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਕੰਮ-ਢੰਗ ਵਿੱਚ ਭਾਰੂ ਹੋਈ ਸਿਆਸਤ ਕਾਰਣ ਅੱਜ ਹਜ਼ਾਰਾਂ ਸੰਤ-ਬਾਬੇ ਸਿੱਖ ਸਮਾਜ ਵਿੱਚ ਮਾਨਤਾ ਹਾਸਲ ਕਰ ਗਏ ਹਨ, ਜੋ ਆਪਣੇ ਮਨਮੱਤੀ ਪ੍ਰਚਾਰ ਦੇ ਬਾਵਜੂਦ ਪੰਥਕ ਪੱਧਰ ਤੇ ਸਤਿਕਾਰ ਦੇ ਪਾਤਰ ਵੀ ਬਣ ਗਏ ਹਨ ਤੇ ਸਰਕਾਰੀ ਸਰਪ੍ਰਸਤੀ ਹਾਸਲ ਹੋਣ ਕਰਕੇ ਇਨ੍ਹਾਂ ਸੰਤਾਂ-ਬਾਬਿਆਂ ਦਾ ਦਬਦਬਾ ਹਰ ਖੇਤਰ ਵਿੱਚ ਵਧ ਗਿਆ ਹੈ। ਧਾਰਮਿਕ ਖੇਤਰ ਵਿੱਚ ਇਨਕਲਾਬੀ ਸਿੱਖ ਧਰਮ ਨੂੰ ਕਰਮਕਾਂਡੀ ਤੇ ਬਾਹਰੀ ਦਿਖਾਵੇ ਵਾਲਾ ਬਣਾਉਣ ਤੋਂ ਬਾਅਦ ਹੁਣ ਇਨ੍ਹਾਂ ਨੇ ਸਿੱਖਿਆ ਤੇ ਸਿਹਤ ਖੇਤਰਾਂ ਨੂੰ ਵੀ ਕਰਮਕਾਂਡਾਂ ਤੇ ਅੰਧ ਵਿਸ਼ਵਾਸ਼ਾਂ ਦੀ ਪੁੱਠ ਚਾੜ੍ਹਨ ਲਈ ਸਕੂਲ/ਕਾਲਿਜ਼ ਤੇ ਹਸਪਤਾਲ ਬਣਾਉਣ ਦਾ ਨਵਾਂ ਏਜੰਡਾ ਲਿਆ ਹੈ। ਜਿਸ ਤਹਿਤ ਜਿਥੇ ਭੋਲੇ-ਭਾਲੇ ਕਿਰਤੀ ਸਿੱਖਾਂ ਦੀ ਕਮਾਈ ਹੜੱਪਣਾ ਸੌਖਾ ਹੈ, ਉਥੇ ਉਨ੍ਹਾਂ ਦਾ ਅਕਸ ਵੀ ਸਮਾਜ ਸੇਵਾ ਵਾਲਾ ਬਣਦਾ ਹੈ, ਜਿਸਦਾ ਵਿਰੋਧ ਕਰਨਾ ਵੀ ਸੌਖਾ ਨਹੀਂ ਹੈ। ਸਿੱਖਾਂ ਦੇ ਰਾਜਸੀ ਹਿਤਾਂ ਦੀ ਰਾਖੀ ਲਈ ਹੋਂਦ ਵਿੱਚ ਆਇਆ ਅਕਾਲੀ ਦਲ ਵੀ ਹੁਣ ਆਪਣਾ ਪੰਥਕ ਏਜੰਡਾ ਛੱਡਕੇ ਪੰਜਾਬੀ ਏਜੰਡੇ ਦਾ ਹੀ ਧਾਰਨੀ ਹੋ ਗਿਆ ਹੈ, ਜਿਸ ਨਾਲ ਸਿੱਖਾਂ ਨੂੰ ਰਾਜਸੀ ਖੇਤਰ ਵਿੱਚ ਸਿਧਾਂਤਕ ਅਗਵਾਈ ਦੇਣ ਵਾਲਾ ਵੀ ਕੋਈ ਪਲੇਟਫਾਰਮ ਨਹੀਂ ਰਹਿ ਗਿਆ। ਸਿੱਖੀ ਸਿਧਾਂਤਾਂ ਨੂੰ ਛੱਡ ਕੇ ਅਕਾਲੀ ਦਲ ਤੋਂ ਪੰਜਾਬੀ ਦਲ ਬਣਿਆ ‘ਬਾਦਲ ਦਲ’ ਅਸਲ ਵਿੱਚ ਪੰਜਾਬ ਪ੍ਰਤੀ ਵੀ ਸੁਹਿਰਦ ਨਹੀਂ ਹੈ।

ਸੰਨ 1920 ਵਿੱਚ ਛੋਟੀ ਜਿਹੀ ਘੱਟ ਗਿਣਤੀ ਸਿੱਖਾਂ ਨੇ ਅਕਾਲੀ ਦਲ ਦੀ ਸਥਾਪਨਾ ਆਪਣੇ ਰਾਜਸੀ ਹਿੱਤਾਂ ਦੀ ਪਹਿਰੇਦਾਰੀ ਲਈ ਕੀਤੀ ਸੀ, ਪਰ ਅੱਜ ਅਕਾਲੀ ਦਲ ਸਿੱਖਾਂ ਦੇ ਹਿਤਾਂ ਦੀ ਪਹਿਰੇਦਾਰੀ ਤੋਂ ਪਾਸਾ ਵੱਟ ਚੁੱਕਾ ਹੈ। ਹੁਣ ਅਕਾਲੀ ਦਲ ਦੇ ਚਿੰਤਨ ਸਮਾਗਮ ਕਿਸੇ ਇਤਿਹਾਸਕ ਅਸਥਾਨ ਦੀ ਬਜਾਏ ਗੋਆ ਦੇ ਬਦਨਾਮ ਬੀਚਾਂ ਦੇ ਹੋਟਲਾਂ ਵਿੱਚ ਹੋਣ ਲੱਗ ਪਏ ਹਨ। 1996 ਦੀ ਮੋਗਾ ਕਾਨਫਰੰਸ ਵਿੱਚ ਅਕਾਲੀ ਦਲ ਨੂੰ ਬਕਾਇਦਾ ਰੂਪ ਵਿੱਚ ‘ਪੰਜਾਬੀ ਦਲ’ ਬਣਾ ਦਿਤਾ ਗਿਆ ਸੀ ਤੇ ਇਸ ਮਗਰੋਂ ਇਸ ਦਲ ਨੇ ਸਿੱਖਾਂ ਵਿਚੋਂ ‘ਪ੍ਰੈਕਟੀਕਲ ਸਿੱਖੀ’ ਪੂਰੀ ਤਰ੍ਹਾਂ ਖਤਮ ਕਰਨ ਦਾ ਰਾਹ ਫੜਿਆ ਹੋਇਆ ਹੈ। ਜਿਨ੍ਹਾਂ ਮੁੱਦਿਆਂ ਦੀ ਖਾਤਰ ਪੰਥ ਵੱਲੋਂ ਸੰਨ 1982 ਵਿੱਚ ‘ਧਰਮ ਯੁੱਧ ਮੋਰਚਾ’ ਲਾਇਆ ਗਿਆ ਸੀ, ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਅਨੰਦਪੁਰ ਦਾ ਮਤਾ ਤਾਂ ਪਹਿਲਾਂ ਹੀ ਰੱਦੀ ਦੀ ਟੋਕਰੀ ਵਿੱਚ ਸੁੱਟ ਦਿਤਾ ਗਿਆ ਸੀ, ਪਰ ਹੁਣ ਪੰਜਾਬ ਨਾਲ ਸਬੰਧਤ ਹੋਰ ਮੁੱਦੇ ਵੀ ਦਰਕਿਨਾਰ ਕਰ ਦਿਤੇ ਗਏ ਹਨ। ਚੰਡੀਗੜ੍ਹ ਦੀ ਥਾਂ ਨਵਾਂ ਚੰਡੀਗੜ੍ਹ ਉਸਾਰਨ ਦੀ ਵਿਉਂਤਬੰਦੀ ਅਤੇ ‘ਰਾਇਪੇਰੀਅਨ ਲਾਅ’ ਛੱਡਕੇ ਦਰਿਆਈ ਪਾਣੀਆਂ ਨੂੰ ‘ਰਾਸ਼ਟਰੀ ਜਲ ਨੀਤੀ’ ਅਧੀਨ ਲਿਆਉਣ ਲਈ ਉਤਾਵਲਾ ਅਕਾਲੀ ਦਲ ਉਰਫ ‘ਅਖੌਤੀ ਪੰਜਾਬੀ ਦਲ’ ਇਹ ਸਾਬਤ ਕਰਨ ਤੇ ਤੁਲਿਆ ਹੋਇਆ ਹੈ ਕਿ ਸਿੱਖਾਂ ਦੇ ਸਾਰੇ ਮੁੱਦੇ ਹੀ ਗਲਤ ਸਨ ਤੇ ਇਨ੍ਹਾਂ ਪਿਛੇ ਜੋ ਵੀ ਕੁਰਬਾਨੀਆਂ ਹੋਈਆਂ, ਉਹ ਸਾਰੀਆਂ ਗਲਤ ਸਨ। ਹਿੰਦੂ ਕੱਟੜਪੰਥੀਆਂ ਦੀ ਨਜ਼ਰ ਵਿੱਚ ਸੈਕੂਲਰ ਲੀਡਰ ਬਣਨ ਦੀ ਧੁਨ ਵਿੱਚ ਮਸਤ ਸ. ਬਾਦਲ, ਆਪਣੇ ਹੱਕ ਛੱਡਣ, ਆਪਣੇ ਲੋਕਾਂ ਨਾਲ ਧੋਖਾ ਕਰਨ, ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਨੂੰ ਸੈਕੂਲਰਿਜ਼ਮ ਸਮਝਦਾ ਹੈ।

ਅਖੌਤੀ ਪੰਜਾਬੀ ਦਲ ਬਣ ਚੁੱਕੇ ਅਖੌਤੀ ਅਕਾਲੀ ਦਲ ਦੀ ਇਸ ਬੇਤੁਕੀ ਸਿਆਸਤ ਕਾਰਣ ਜਿਥੇ ਸਿੱਖਾਂ ਦਾ ਵਿਚਾਰਧਾਰਕ ਤੌਰ ਤੇ ਨੁਕਸਾਨ ਹੋ ਰਿਹਾ ਹੈ, ਉਥੇ ਇੱਕ ਨਿਵੇਕਲੀ ਕਿਸਮ ਦੀ ਵਿਚਾਰਧਾਰਾ ਵੀ ਸਿੱਖਾਂ ਵਿੱਚ ਫੈਲ ਰਹੀ ਹੈ ਕਿ ਸ਼ਾਇਦ ਆਪਣੇ ਧਰਮ ਨੂੰ ਛੱਡਣਾ, ਆਪਣੇ ਅਸੂਲਾਂ ਨੂੰ ਤਿਆਗਣਾ ਜਾਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਨਾ ਕਰਨਾ ਸੈਕੂਲਰਿਜ਼ ਤੇ ਦੇਸ਼ ਭਗਤੀ ਹੈ। ਇਸ ਰੁਝਾਨ ਨੇ ਅਕਾਲੀ ਦਲ ਉਰਫ ਪੰਜਾਬੀ ਦਲ ਦਾ ਚਿਹਰਾ-ਮੋਹਰਾ ਹੀ ਬਦਲ ਕੇ ਰੱਖ ਦਿਤਾ ਹੈ। ਅਜੋਕੇ ਸਮੇਂ ਟਕਸਾਲੀ ਅਕਾਲੀ ਖੂੰਜੇ ਲਾ ਦਿਤੇ ਗਏ ਹਨ, ਸਮੈਕੀਏ, ਚਾਪਲੂਸ ਤੇ ਭ੍ਰਿਸ਼ਟ ਲੋਕ ਅਕਾਲੀ ਦਲ ਉਰਫ ਪੰਜਾਬੀ ਦਲ ਦੇ ਵੱਡੇ-ਵੱਡੇ ਅਹੁਦੇਦਾਰ ਨਾਮਜ਼ਦ ਕੀਤੇ ਜਾ ਰਹੇ ਹਨ। ਅਕਾਲੀ ਦਲ ਉਰਫ ਪੰਜਾਬੀ ਦਲ ਵਿਚੋਂ ਸਿਧਾਂਤਕ ਸਿੱਖੀ ਖਤਮ ਕਰਨ ਦਾ ਇਹ ਰੁਝਾਨ ਖਤਰਨਾਕ ਹੱਦ ਤੱਕ ਅੱਗੇ ਵੱਧ ਚੁੱਕਾ ਹੈ, ਜਿਸਨੂੰ ਮੌਕਾਪ੍ਰਸਤ ਲੋਕ ਨਿੱਜੀ ਗਰਜ਼ਾਂ ਲਈ ਹਵਾ ਦੇ ਰਹੇ ਹਨ, ਜਿਸ ਨਾਲ ਰਾਜਸੀ ਪੱਖੋਂ ਸਿੱਖਾਂ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਧਰਮ ਦੇ ਖੇਤਰ ਵਿੱਚ ਪੈਦਾ ਹੋ ਚੁੱਕੇ ਹਜ਼ਾਰਾਂ ਸੰਤ-ਬਾਬੇ ਲੀਡਰ ਬਣਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਨ੍ਹਾਂ ਨੂੰ ਇਨ੍ਹਾਂ ਸਿਆਸੀ ਲੋਕਾਂ ਦੀ ਪੂਰੀ ਸ਼ਹਿ ਪ੍ਰਾਪਤ ਹੈ। ਇਸ ‘ਸੰਤ ਸਮਾਜ’ ਦੀ ਵਜ਼ਾਹ ਕਰਕੇ ਹੀ ਸਿੱਖਾਂ ਵਿੱਚ ਕਰਮਕਾਂਡੀ ਰੁਚੀਆਂ ਦਿਨੋਂ ਦਿਨ ਭਾਰੂ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਸਿੱਖਾਂ ਵਿਚੋਂ ਉੱਦਮਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ਤੇ ਉਹ ਕਰਮਕਾਂਡੀ ਕਿਸਮ ਦੇ ਧਰਮ ਦੇ ਧਾਰਨੀ ਬਣਦੇ ਜਾ ਰਹੇ ਹਨ।

ਇਸ ਸਾਰੇ ਨਾਂਹਪੱਖੀ ਵਰਤਾਰੇ ਵਿੱਚ ਅਕਾਲ ਤਖਤ ਸਾਹਿਬ ਵੀ ਅਛੂਤਾ ਨਹੀਂ ਰਿਹਾ। ਉਸਨੂੰ ਵੀ ਇਨ੍ਹਾਂ ਮਕਾਰ ਸਿਆਸਤਦਾਨਾਂ ਨੇ ਆਪਣੀ ਮੁੱਠੀ ਵਿੱਚ ਬੰਦ ਕਰ ਲਿਆ ਹੈ। ਆਪਣੀ ਸੌੜੀ ਸਿਆਸਤ ਨੂੰ ਸਰਅੰਜ਼ਾਮ ਦੇਣ ਲਈ ਜਿਥੇ ਅਕਾਲ ਤਖਤ ਸਾਹਿਬ ਦਾ ‘ਜਥੇਦਾਰ’ ਮਨਮਰਜ਼ੀ ਦਾ ਲਾਇਆ ਜਾਂਦਾ ਹੈ, ਉਥੇ ਨਾਲ ਹੀ ਉਸ ਤੋਂ ਮਨਮਰਜ਼ੀ ਦੇ ਹੁਕਮ ਵੀ ਕਰਵਾਏ ਜਾਂਦੇ ਹਨ, ਤਾਂਹੀਓਂ ‘ਆਪ ਹੀ ਮੈਂ ਰੱਜੀ-ਪੁੱਜੀ ਤੇ ਆਪ ਹੀ ਮੇਰੇ ਬੱਚੇ ਜੀਣ’ ਦੀ ਕਹਾਵਤ ਵਾਂਗ ਖੁਦ ਨੂੰ ਅਕਾਲ ਤਖਤ ਸਾਹਿਬ ਤੋਂ ਖਿਤਾਬ ਲੈ ਕੇ ‘ਪੰਥ ਰਤਨ’ ਕਹਾਇਆ ਜਾ ਰਿਹਾ ਹੈ। ਸਿਤਮ ਇਹ ਵੀ ਹੈ ਕਿ ਆਮ ਸਿੱਖ ਨੂੰ ਜਿਵੇਂ ਇਸ ਵਰਤਾਰੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਰਹਿ ਗਿਆ, ਸਗੋਂ ਉਹ ਹਰ ਹਾਲ ਵਿੱਚ ਚੁੱਪ ਰਹਿਣ ਵਿੱਚ ਹੀ ਭਲਾਈ ਸਮਝਣ ਲੱਗ ਪਿਆ ਹੈ। ਆਮ ਸਿੱਖ ਅਕਾਲ ਤਖਤ ਸਾਹਿਬ ਦਾ ਸਤਿਕਾਰ ਤਾਂ ਕਰਦਾ ਹੈ, ਪਰ ਉਸਨੂੰ ਸ਼ਰਧਾ ਦੀ ਲੋਰੀ ਦੇ ਕੇ ਇੰਨਾ ਬੇਵਕੂਫ ਜਿਹਾ ਬਣਾ ਦਿਤਾ ਗਿਆ ਹੈ ਕਿ ਉਹ ਵਿਚਾਰਾ ਸਿਆਸਤਦਾਨਾਂ ਦੇ ਕਬਜ਼ੇ ਵਾਲੇ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਵੀ ‘ਇਲਾਹੀ’ ਸਮਝਣ ਦੀ ਭੁੱਲ ਕਰੀ ਜਾ ਰਿਹਾ ਹੈ ਤੇ ਜਾਣੇ-ਅਣਜਾਣੇ ਸਿੱਖੀ ਤੋਂ ਮੂੰਹ ਮੋੜ ਚੁੱਕੇ ਇਨ੍ਹਾਂ ਸਿਆਸਤਦਾਨਾਂ ਅੱਗੇ ਸਿਰ ਝੁਕਾਈ ਜਾ ਰਿਹਾ ਹੈ, ਜਿਸ ਕਰਕੇ ਹਰ ਖੇਤਰ ਵਿੱਚ ਸਿੱਖੀ ਤੋਂ ਵਿਹੂਣੇ ਇਨ੍ਹਾਂ ਅਖੌਤੀ ਸਿੱਖ ਲੀਡਰਾਂ ਦੀ ਪੂਰੀ ਤੂਤੀ ਬੋਲ ਰਹੀ ਹੈ।

ਸਿੱਖ ਸਿਆਸਤ ਦੇ ਇਸ ਨਾਂਹਪੱਖੀ ਵਰਤਾਰੇ ਕਾਰਣ ਕਈ ਤਰ੍ਹਾਂ ਦੇ ਨਵੇਂ ਵਿਵਾਦ ਵੀ ਪੰਥ ਵਿੱਚ ਪੈਦਾ ਹੋ ਰਹੇ ਹਨ ਤੇ ਪੰਥਕ ਮੁੱਦਿਆਂ ਨੂੰ ਹਾਸੋਹੀਣੀ ਸਥਿਤੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜੇਕਰ ਅੰਮ੍ਰਿਤਸਰ ਵਿੱਚ ਕਾਇਮ ਕੀਤੀ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਅਤੇ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਨਵੰਬਰ 1984 ਦੇ ਕਤਲੇਆਮ ਸਬੰਧੀ ਕਾਇਮ ਹੋਣ ਵਾਲੀ ਯਾਦਗਾਰ ਦੇ ਮੁੱਦੇ ਨੂੰ ਹੀ ਲੈ ਲਈਏ, ਤਾਂ ਇਨ੍ਹਾਂ ਵਿੱਚ ਮੌਕਾਪ੍ਰਸਤ ਸਿਆਸਤ ਦਾ ਸਪੱਸ਼ਟ ਝਲਕਾਰਾ ਨਜ਼ਰ ਆਉਂਦਾ ਹੈ। ਅੰਮ੍ਰਿਤਸਰ ਵਿੱਚ ਕਾਇਮ ਕੀਤੀ ‘ਸ਼ਹੀਦੀ ਯਾਦਗਾਰ’ ਨੂੰ ਜਿਸ ਤਰ੍ਹਾਂ ਅਖੰਡ ਪਾਠਾਂ ਦੀ ਬੁਕਿੰਗ ਲਈ ਵਰਤੇ ਜਾਣ ਦੀ ਸਕੀਮ ਹੈ, ਉਹ ਇਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਦਿੱਲੀ ਵਿੱਚ ਕਾਇਮ ਹੋਣ ਵਾਲੀ ਯਾਦਗਾਰ ਬਾਰੇ ਵੀ ਵਿਵਾਦ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਤ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਾਇਮ ਕੀਤੀ ਜਾਣੀ ਹੈ। ਇਸ ਨਾਲ ਇਸ ਅਸਥਾਨ ਦੀ ਮਾਨਤਾ ਉਪਰ ਅਸਰ ਪੈਣਾ ਲਾਜ਼ਮੀ ਹੈ, ਪਰ ਸਿਆਸਤ ਦੇ ਇਸ ਦੌਰ ਵਿੱਚ ਇਨ੍ਹਾਂ ਗੱਲਾਂ ਦੀ ਕਿਸੇ ਨੂੰ ਪਰਵਾਹ ਨਹੀਂ। ਇਸ ਅਖੌਤੀ ਪੰਥਕ ਦਲ ਨੇ ਇੱਕ ਚੰਦ ਹੋਰ ਇਹ ਚੜ੍ਹਾ ਦਿੱਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਏ ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਦੀ ਜਾਤ-ਪਾਤੀ ਮਾਨਸਿਕਤਾ ਵਾਲੀ ਯਾਦਗਾਰ ਬ੍ਰਾਹਮਣ ਸਭਾ ਦੀ ਸਿਫਾਰਸ਼ ਤੇ ਅਨੰਦਪੁਰ ਸਾਹਿਬ ਵਿਖੇ ਬਣਾਉਣ ਦਾ ਫੈਸਲਾ ਕੀਤਾ ਹੈ, ਜਿਹੜੀ ਸਭਾ ਦਾ ਇਹ ਮੰਨਣਾ ਹੈ ਕਿ ਇਹ ਦੋਵੇਂ ਸ਼ਹੀਦ ਗੁਰੂ ਦੇ ਸਿੱਖ ਨਹੀਂ ‘ਬ੍ਰਾਹਮਣ’ ਸਨ। ਅਸਲ ਵਿੱਚ ਸਿੱਖਾਂ ਦੇ ਬਹੁ-ਗਿਣਤੀ ਲੀਡਰ ਹਿੰਦੂਤਵਾ ਦੀਆਂ ਏ ਤੇ ਬੀ ਟੀਮਾਂ ਭਾਜਪਾ ਤੇ ਕਾਂਗਰਸ ਦੀ ਸਿਆਸਤ ਦੇ ਹੱਥਠੋਕੇ ਬਣ ਚੁੱਕੇ ਹਨ। ਕੋਈ ਵੀ ਸਿੱਖਾਂ ਜਾਂ ਸਿੱਖ ਹੱਕਾਂ ਪ੍ਰਤੀ ਸੁਹਿਰਦ ਨਹੀਂ ਹੈ।

ਭਾਵੇਂ ਸਿੱਖ ਸਿਆਸਤ ਵਿੱਚ ਆਈ ਅਜੋਕੀ ਗਿਰਾਵਟ ਲਈ ਮੁੱਖ ਤੌਰ ਤੇ ਬਾਦਲ ਪਰਿਵਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਪਰ ਇਸ ਲਈ ਪੰਜਾਬ ਵਿੱਚ ਵਸਣ ਵਾਲੇ ਸਿੱਖ ਵੀ ਬਰਾਬਰ ਦੇ ਭਾਈਵਾਲ ਹਨ। ਸਿੱਖ ਸੰਸਥਾਵਾਂ ਤੇ ਸਿੱਖ ਮਾਨਸਿਕਤਾ ਉਪਰ ਪੀਡੀ ਤਰ੍ਹਾਂ ਛਾ ਚੁੱਕਿਆ ‘ਬਾਬਾ ਬਾਦਲ’ ਸਿਆਸਤ ਦਾ ‘ਬਾਬਾ ਬੋਹੜ’ ਬਣਕੇ ਸਿੱਖਾਂ ਨੂੰ ਅਮਰਵੇਲ ਦੀ ਤਰ੍ਹਾਂ ਆਪਣੇ ਕਲਾਵੇ ਵਿੱਚ ਲੈ ਚੁੱਕਾ ਹੈ। ਬਾਦਲ ਦੀ ਇਸ ਕਾਮਯਾਬੀ ਪਿਛੇ ਸਿੱਖਾਂ ਵਿੱਚ ਕਰੈਕਟਰ ਪੱਖੋਂ ਆਈ ਕਮਜ਼ੋਰੀ ਤਾਂ ਜ਼ਿੰਮੇਵਾਰ ਹੈ ਹੀ, ਨਾਲੋ ਨਾਲ ਸਿਰਫ ‘ਤੱਕੜੀ’ ਨੂੰ ‘ਪੰਥ’ ਸਮਝਣ ਦਾ ਭਰਮ ਵੀ ਸਿੱਖਾਂ ਨੂੰ ਬਾਦਲ ਦੀ ਝੋਲੀ ਵਿੱਚ ਪੈਣ ਲਈ ਮਜ਼ਬੂਰ ਕਰ ਗਿਆ ਹੈ। ਸਿੱਖਾਂ ਵਿਚਲੇ ਇਸ ਭਰਮ ਨੇ ਬਾਦਲ ਨੂੰ ਬਹੁਤ ਤਾਕਤ ਦਿਤੀ ਹੈ। ਕਾਂਗਰਸ ਵਲੋਂ ਸਿੱਖਾਂ ਖਿਲਾਫ ਵਰਤਾਏ ਘੱਲੂਘਾਰਿਆਂ ਕਰਕੇ ਸਿੱਖਾਂ ਦੀ ਕਾਂਗਰਸ ਪ੍ਰਤੀ ਨਫਰਤ ਨੂੰ ਬਾਦਲ ਨੇ ਆਪਣੇ ਸਿਆਸੀ ਹਿੱਤਾਂ ਲਈ ਪਿਛਲੇ ਸਮੇਂ ਵਿੱਚ ਖੂਬ ਵਰਤਿਆ ਹੈ। ਜਿਸਨੂੰ ਪੰਥਕ ਲੀਡਰਸ਼ਿਪ ਜਾਂ ਜੁਝਾਰੂ ਧਿਰਾਂ ਵਰਤਣ ਵਿੱਚ ਅਸਮਰਥ ਰਹੀਆਂ ਹਨ। ਸ਼ੁਰੂ ਤੋਂ ਸਿੱਖੀ ਸਿਧਾਂਤਾਂ ਤੋਂ ਲਗਭਗ ਕੋਰਾ ਰਿਹਾ, ਬਾਦਲ ਸਿੱਖਾਂ ਦਾ ਸਰਬਪ੍ਰਵਾਨਤ ਆਗੂ ਕਿਵੇਂ ਬਣ ਗਿਆ? ਇਹ ਇੱਕ ਅਜਿਹਾ ਸੁਆਲ ਹੈ, ਜੋ ਸਮੁੱਚੇ ਸਿੱਖ ਸਮਾਜ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੰਦਾ ਹੈ? ਕਿਸਮਤ ਦਾ ਗੇੜ ਕਹਿ ਲਵੋ ਜਾਂ ਸਿੱਖਾਂ ਦੀ ਅਵੇਸਲਤਾ ਜਾਂ ਪੰਥਕ ਲੀਡਰਸ਼ਿਪ ਦੀ ਨਾਕਾਬਲੀਅਤ, ਜੂਨ 1984 ਦੇ ਘੱਲੂਘਾਰਿਆਂ ਮਗਰੋਂ ਗੱਦਾਰਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਬਾਦਲ, 20 ਸਾਲਾਂ ਵਿੱਚ ਕੇਵਲ ਸਿੱਖਾਂ ਦਾ ‘ਵਾਹਦ ਲੀਡਰ’ ਹੀ ਨਹੀਂ ਬਣਿਆ, ਸਗੋਂ ਸਿੱਖ ਕੌਮ ਦੀ ਸਰਵ ਉਚ ਸੰਸਥਾ ਅਕਾਲ ਤਖਤ ਤੋਂ ਆਪਣੇ ਆਪ ਲਈ ‘ਪੰਥ ਰਤਨ’ ਦਾ ਖਿਤਾਬ ਲੈਣ ਵਿੱਚ ਵੀ ਕਾਮਯਾਬ ਰਿਹਾ ਹੈ। ਇਸ ਪਿਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਰਹੀਆਂ ਹਨ, ਬਾਰੇ ਬਹੁਤਾ ਕੁੱਝ ਨਾ ਕਹਿੰਦੇ ਹੋਏ, 1982-83 ਵਿੱਚ ਸ਼ਹੀਦ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬਾਦਲ ਬਾਰੇ ਕੀਤੀ ਟਿਪਣੀ ਸਭ ਕੁੱਝ ਸਪੱਸ਼ਟ ਕਰਦੀ ਹੈ। ਜਦੋਂ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇੱਕ ਸਿੱਖ ਨੌਜਵਾਨ ਵਲੋਂ ਪੁਛੇ ਇੱਕ ਸਵਾਲ ਕਿ ਸ. ਪ੍ਰਕਾਸ਼ ਸਿੰਘ ਬਾਦਲ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਮੌਕੇ ਸਰੋਵਰ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ, ਦੇ ਜਵਾਬ ਵਿੱਚ ਕਿਹਾ ਸੀ ਕਿ ਇਸਦੀ ਪੈਂਟ ਲੁਹਾ ਕੇ ਦੇਖ ਲਵੋ, ਹੇਠਾਂ ਖਾਕੀ ਨਿੱਕਰ (ਆਰ. ਐਸ. ਐਸ. ਦੀ ਵਰਦੀ) ਨਿਕਲੇਗੀ। ਅੱਜ ਇਸ ਪੰਥ ਰਤਨ ਨੇ ਸਿਆਸਤ ਦਾ ਪਰਿਵਾਰੀਕਰਨ, ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰਕੇ ਸਮੁੱਚੀ ਸਿੱਖ ਕੌਮ ਨੂੰ ਆਰ. ਐਸ. ਐਸ. ਦੇ ਸਿਆਸੀ ਵਿੰਗ ਭਾਜਪਾ ਦੀ ਝੋਲੀ ਪਾਇਆ ਹੋਇਆ ਹੈ। ਹੁਣ ਸ਼੍ਰੋਮਣੀ ਕਮੇਟੀ, ਅਕਾਲੀ ਦਲ ਜਾਂ ਅਕਾਲ ਤਖਤ ਦੇ ਸਿੱਖ ਪੰਥ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਫੈਸਲੇ ਅੰਮ੍ਰਿਤਸਰ ਦੀ ਥਾਂ ਨਾਗਪੁਰ ਵਿੱਚ ਹੁੰਦੇ ਹਨ।

ਬਾਦਲ ਪਰਿਵਾਰ ਦੇ ਇਸ ਪੰਥ ਮਾਰੂ ਜੱਫੇ ਕਾਰਣ ਸਿੱਖ ਮਾਨਤਾਵਾਂ ਤੇ ਰਵਾਇਤਾਂ ਨੂੰ ਜੋ ਢਾਹ ਲੱਗੀ ਹੈ, ਉਸਦਾ ਖਮਿਆਜ਼ਾ ਸਿੱਖ ਕੌਮ ਨੂੰ ਕਈ ਦਹਾਕਿਆਂ ਤੱਕ ਭੁਗਤਣਾ ਪਵੇਗਾ। ਬਾਦਲ ਦੇ ਅਜੋਕੇ ਪਰਿਵਾਰਕ ਰਾਜ ਕਾਰਣ ਤਹਿਸ-ਨਹਿਸ ਹੋਈਆਂ ਪੰਥਕ ਮਾਨਤਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਲੰਮਾ ਸੰਘਰਸ਼ ਕਰਨਾ ਪਵੇਗਾ। ਬਾਦਲ ਦੀਆਂ ਪੰਥ ਮਾਰੂ ਨੀਤੀਆਂ ਕਾਰਣ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਿੱਖੀ ਅੰਸ਼-ਬੰਸ਼ ਦਾ ਨਾਮੋ-ਨਿਸ਼ਾਨ ਵੀ ਮਿਟ ਜਾਣ ਦਾ ਅੰਦੇਸ਼ਾ ਬਣ ਗਿਆ ਹੈ ਕਿਉਂਕਿ ਜਿਸ ਸੁਖਬੀਰ ਤੇ ਮਜੀਠੀਏ ਦੀ ਜੋੜੀ ਨੂੰ ਬਾਦਲ ਨੇ ਸੱਤਾ ਦੀ ਕਮਾਨ ਸੌਂਪੀ ਹੋਈ ਹੈ, ਉਹ ਨੌਜਵਾਨਾਂ ਨੂੰ ਸਿੱਖੀ ਨਾਲੋਂ ਤੋੜਨ ਵਿੱਚ ਵੱਡਾ ਰੋਲ ਅਦਾ ਕਰ ਰਹੇ ਹਨ। ਇਸ ਤੋਂ ਇਲਾਵਾ ਕੱਟੜ ਹਿੰਦੂਵਾਦੀ ਪਾਰਟੀ ਭਾਜਪਾ ਨਾਲ ਦਹਾਕਿਆਂ ਦੀ ਯਾਰੀ ਨਿਭਾਉਣ ਲਈ ਵੀ ਸਿੱਖੀ ਸਿਧਾਂਤਾਂ ਨੂੰ ਦਾਅ ਤੇ ਲਾਇਆ ਹੋਇਆ ਹੈ, ਜੋ ਪਿੰਡਾਂ ਵਿੱਚ ਆਪਣਾ ਅਧਾਰ ਮਜ਼ਬੂਤ ਬਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਭਾਜਪਾ ਦਾ ਪੰਜਾਬ ਦੇ ਪਿੰਡਾਂ ਵਿੱਚ ਮਜ਼ਬੂਤ ਅਧਾਰ ਹੋਣ ਦਾ ਸਿੱਧਾ ਅਰਥ ਇਹੀ ਬਣਦਾ ਹੈ ਕਿ ਪਿੰਡਾਂ ਦੇ ਸਿੱਖਾਂ ਨੂੰ ਹਿੰਦੂਵਾਦ ਦੀ ਪਾਣ ਚੜ੍ਹਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਨਾਲ ਵੀ ਸਿੱਖ ਸਭਿਆਚਾਰ ਨੂੰ ਵੱਡੀ ਢਾਹ ਲੱਗਣ ਦੀ ਸੰਭਾਵਨਾ ਹੈ।

ਸਿੱਖਾਂ ਦੀ ਅਜੋਕੀ ਨਿੱਘਰੀ ਹੋਈ ਹਾਲਤ ਇਹੀ ਦਰਸਾਉਂਦੀ ਹੈ ਕਿ ਕੌਮ ਅੱਜ ਖੁਸ਼ਵੰਤ ਸਿੰਘ ਦੇ ਕਥਨ ਅਨੁਸਾਰ ਸਚਮੁੱਚ ਦੋਰਾਹੇ ਤੇ ਖੜੀ ਹੈ। ਕਾਂਗਰਸੀਆਂ ਨੇ ਤਾਂ ਸਿੱਖਾਂ ਨੂੰ ਸਰੀਰਕ ਤੌਰ ਤੇ ਹੀ ਮਾਰਨ ਦਾ ਯਤਨ ਕੀਤਾ ਸੀ, ਜਦਕਿ ਬਾਦਲ-ਭਾਜਪਾ ਗਠਜੋੜ ਸਿੱਖਾਂ ਨੂੰ ਵਿਚਾਰਧਾਰਕ ਤੌਰ ਤੇ ਹੀ ਖਤਮ ਕਰਨ ਤੇ ਤੁਲਿਆ ਹੋਇਆ ਹੈ, ਜੋ ਕਿ ਕਾਂਗਰਸ ਨਾਲੋਂ ਕਿਤੇ ਵੱਧ ਖਤਰਨਾਕ ਹੈ। ਇਹ ਪਹਿਲਾਂ ਤੋਂ ਹੀ ਨਿੱਸਲ ਹੋ ਚੁੱਕੀ ਕੌਮ ਨੂੰ ਹੋਰ ਸਾਹ-ਸੱਤਹੀਣ ਕਰਨ ਦੀ ਕੋਝੀ ਸਾਜ਼ਿਸ਼ ਹੈ। ਇਹ ਇੱਕ ਅਜਿਹਾ ਬੱਜਰ ਗੁਨਾਹ ਹੈ, ਜਿਸ ਲਈ ਬਾਦਲ ਪਰਿਵਾਰ ਤੇ ਉਸਦੀ ਸਮੁੱਚੀ ਜੁੰਡਲੀ ਉਪਰ ‘ਕੌਮ ਧਰੋਹ’ ਦਾ ਕੇਸ ਚਲਾਇਆ ਜਾਣਾ ਬਣਦਾ ਹੈ ਕਿਉਂਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਬਾਦਲ ਹਰ ਪੰਥਕ ਮੁੱਦੇ ਤੋਂ ਭੱਜਦਾ ਤੇ ‘ਗੱਦਾਰੀ’ ਹੀ ਕਰਦਾ ਤੁਰਿਆ ਆ ਰਿਹਾ ਹੈ। ਸੰਨ 1997 ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਕੇ ਵੀ ਬਾਦਲ ਕੱਟੜ ਹਿੰਦੂ ਪਾਰਟੀ ਭਾਜਪਾ ਦਾ ਸਾਥ ਨਹੀਂ ਛੱਡ ਸਕਿਆ ਤੇ ਨਾ ਹੀ ਪੰਜਾਬ ਵਿੱਚ ਕਾਂਗਰਸੀ ਰਾਜ ਦੌਰਾਨ ਮਾਰੇ ਗਏ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਤਫਤੀਸ਼ ਕਰਾ ਸਕਿਆ। ਸਗੋਂ ਇਨ੍ਹਾਂ ਦੀ ਤਫਤੀਸ਼ ਲਈ ਬਣੇ ‘ਪੀਪਲਜ਼ ਕਮਿਸ਼ਨ’ ਨੂੰ ਠੱਪ ਕਰਵਾ ਦਿਤਾ ਸੀ। ਇਸ ਸਮੇਂ ਦੌਰਾਨ ਸਾਹਮਣੇ ਆਈ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦੀ ਤਫਤੀਸ਼ੀ ਰਿਪੋਰਟ ਵੀ ਬਾਦਲ ਨੇ ਸਰਕਾਰੀ ਧੂੜ ਵਿੱਚ ਦੱਬ ਦਿਤੀ ਸੀ।

ਸਿਤਮ ਦੀ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਤੋਂ ਬਾਦਲ ਦੇ ਲਗਾਤਾਰ ਰਾਜ ਕਾਰਣ ਹਰ ਸੰਸਥਾ/ਅਦਾਰੇ ਦਾ ਸਿਸਟਮ ਬਾਦਲੀ ਨੀਤੀਆਂ ਮੁਤਾਬਕ ਢਲ ਗਿਆ ਹੈ। ਸਿਧਾਂਤਕ ਕਹਾਉਂਦੀਆਂ ਸੰਸਥਾਵਾਂ ਵੀ ‘ਬਾਦਲੀ ਸਿਧਾਂਤਾਂ’ ਮੁਤਾਬਕ ਵਿਚਰਨ ਲੱਗ ਪਈਆਂ ਹਨ। ਇਸ ਵਰਤਾਰੇ ਕਾਰਣ ਸਿੱਖਾਂ ਵਿੱਚ ਨੈਤਿਕ ਰੁਚੀਆਂ ਦਿਨੋਂ ਦਿਨ ਘਟਦੀਆਂ ਜਾ ਰਹੀਆਂ ਹਨ ਤੇ ਉਹ ਮੌਕਾਪ੍ਰਸਤੀ ਦੇ ਗੁਲਾਮ ਹੁੰਦੇ ਜਾ ਰਹੇ ਹਨ। ਸਿੱਖਾਂ ਤੇ ਪੈਸੇ ਦੀ ਪਾਣ ਏਨੀ ਚੜ੍ਹ ਗਈ ਹੈ ਕਿ ਉਹ ਹਰ ਗੱਲ ਨੂੰ ਆਰਥਿਕ ਨਜ਼ਰੀਏ ਤੋਂ ਮਾਪਣ ਲੱਗ ਪਏ ਹਨ। ਵਪਾਰੀ ਕਿਸਮ ਦੀ ਬਣ ਰਹੀ ਇਸ ਮਾਨਸਿਕਤਾ ਕਾਰਣ ਸਿੱਖੀ ਪ੍ਰਚਾਰ ਦੇ ਕੇਂਦਰ ਗੁਰਦੁਆਰੇ ‘ਵਪਾਰ ਕੇਂਦਰ’ ਜਾਂ ‘ਦੁਕਾਨਾਂ’ ਬਣਕੇ ਰਹਿ ਗਏ ਹਨ, ਜਿਥੇ ਸਿਰਫ ਪ੍ਰਧਾਨਾਂ ਤੇ ਕਮੇਟੀਆਂ ਦਾ ਵਪਾਰ ਹੀ ਚੱਲਦਾ ਹੈ ਤੇ ਸੰਗਤ ਨੂੰ ਇੱਕ ‘ਗਾਹਕ’ ਤੋਂ ਵੱਧ ਕੁੱਝ ਨਹੀਂ ਸਮਝਿਆ ਜਾਂਦਾ। ਇਸ ਨਾਲ ਪ੍ਰਚਾਰਕਾਂ ਦਾ ਪੱਧਰ ਬੇਹੱਦ ਨੀਂਵਾਂ ਹੋ ਗਿਆ ਹੈ ਤੇ ਉਹ ਵੀ ਇਸ ਵਪਾਰ ਵਿੱਚ ‘ਕਮਾਈ’ ਕਰਨ ਲਈ ਹੀ ਹੱਥ-ਪੈਰ ਮਾਰਦੇ ਪ੍ਰਤੀਤ ਹੁੰਦੇ ਹਨ। ਕਹਿਣ ਤੋਂ ਭਾਵ ਇਹ ਕਿ ਸਿੱਖੀ ਦਾ ਸਿਰਫ ਦਿਖਾਵਾ ਹੀ ਕੀਤਾ ਜਾ ਰਿਹਾ ਹੈ। ਆਮ ਸਿੱਖ ਵਿੱਚ ਵੀ ਧਰਮ ਬਾਰੇ ਜਾਨਣ ਦੀ ਜਗਿਆਸਾ ਕਾਫੀ ਘਟ ਗਈ ਹੈ ਤੇ ਉਹ ਕੇਵਲ ਮੱਥਾ ਟੇਕਣ ਵਾਲੇ ਸਿਆਸਤਦਾਨਾਂ ਨੂੰ ਸੂਤ ਬਹਿੰਦੇ ਰੁਝਾਨ ਦਾ ਹੀ ਧਾਰਨੀ ਹੋ ਕੇ ਰਹਿ ਗਿਆ ਹੈ।

ਕੇਵਲ ਮੱਥਾ ਟੇਕਣ ਦਾ ਇਹ ਰੁਝਾਨ ਸਿੱਖਾਂ ਨੂੰ ਗਿਆਨ ਵਾਲੇ ਪੱਖ ਤੋਂ ਏਨਾ ਦੂਰ ਲੈ ਗਿਆ ਹੈ ਕਿ ਸਿੱਖਾਂ ਦੀ ਸੋਚ-ਸਮਝ ਦਾ ਪੱਧਰ ਇੱਕ ਥਾਂ ਸਥਿਰ ਤਾਂ ਹੋ ਕੇ ਰਹਿ ਹੀ ਗਿਆ ਹੈ, ਸਗੋਂ ਨੀਵਾਣਾਂ ਵੱਲ ਨੂੰ ਵੀ ਜਾਣਾ ਸ਼ੁਰੂ ਹੋ ਗਿਆ ਹੈ। ਧਰਮ ਨੂੰ ਗ੍ਰਹਿਣ ਕਰਨਾ ਹੁਣ ਸਿੱਖਾਂ ਦੀ ਚੇਤਨਾ ਦਾ ਹਿੱਸਾ ਨਹੀਂ ਰਿਹਾ, ਸਗੋਂ ਧਰਮ ਦੇ ਕਰਮਕਾਂਡਾਂ ਨੂੰ ਮਨ ਵਿੱਚ ਵਸਾਕੇ ਸਿਰਫ ਦਿਖਾਵਾ ਕਰਨ ਨੂੰ ਹੀ ਸਿੱਖਾਂ ਨੇ ‘ਧਰਮ’ ਸਮਝ ਲਿਆ ਹੋਇਆ ਹੈ। ਵਿਖਾਵੇ ਦਾ ਇਹ ਧਰਮ ਹਰ ਖੇਤਰ ਵਿੱਚ ਸਿੱਖ ਕੌਮ ਨੂੰ ਕੁਰਾਹੇ ਪਾਉਣ ਦਾ ਸਬੱਬ ਬਣ ਗਿਆ ਹੈ। ਸਿੱਖਾਂ ਤੇ ਵੋਟ ਅਧਾਰਤ ਭਾਰਤੀ ਰਾਜਨੀਤੀ ਏਨੀ ਹਾਵੀ ਹੋ ਚੁੱਕੀ ਹੈ ਕਿ ਉਹ ਪੰਥਕ ਰਵਾਇਤਾਂ ਤੋਂ ਦਿਨੋਂ ਦਿਨ ਮੂੰਹ ਮੋੜਦੇ ਜਾ ਰਹੇ ਹਨ। ਅੱਜ ਸਿੱਖਾਂ ਦੀ ਹਰ ਸੰਸਥਾ/ਅਦਾਰੇ ਤੇ ਭਾਰਤੀ, ਭਾਜਪਈ ਤੇ ਬਾਦਲੀ ਰਾਜਨੀਤੀ ਦਾ ਪ੍ਰਭਾਵ ਸਪੱਸ਼ਟ ਦੇਖਿਆ ਜਾ ਸਕਦਾ ਹੈ, ਜਿਸ ਨਾਲ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦਾ ਰੱਜਵਾਂ ਘਾਣ ਹੋ ਰਿਹਾ ਹੈ। ਅੱਜ ਸਿੱਖਾਂ ਦਾ ਸੰਘਰਸ਼ ਗੁਰਦੁਆਰਿਆਂ/ਸੰਸਥਾਵਾਂ ਦੀਆਂ ਪ੍ਰਧਾਨਗੀਆਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜਿਸ ਕਰਕੇ ਪੰਥ ਪਿਛੇ ਕੁਰਬਾਨ ਹੋਣ ਦੀ ਸੋਚ ਬੀਤੇ ਸਮੇਂ ਦੀ ਹੀ ਗੱਲ ਬਣਕੇ ਰਹਿ ਗਈ ਹੈ।

ਮੁੱਕਦੀ ਗੱਲ, ਅਜੋਕੇ ਮੋਹਰੀ ਸਿੱਖਾਂ ਦਾ ਬਾਹਰੀ ਸਰੂਪ ਤਾਂ ਸਿੱਖਾਂ ਵਾਲਾ ਹੈ, ਪਰ ਕਰਮ ਸਿੱਖਾਂ ਵਾਲੇ ਨਹੀਂ ਹਨ। ਉਹ ਸਿਰਫ ਆਪਣੇ ਚਿਹਰੇ-ਮੋਹਰੇ ਦੇ ਆਸਰੇ ਹੀ ਸਿੱਖ ਹੋਣ ਦਾ ਦਾਅਵਾ ਕਰੀ ਜਾ ਰਹੇ ਹਨ। ਜਦਕਿ ਪ੍ਰੈਕਟੀਕਲ ਜੀਵਨ ਵਿੱਚ ਧਰਮ ਨੂੰ ਉਨ੍ਹਾਂ ਨੇ ਧਾਰਨ ਨਹੀਂ ਕੀਤਾ ਹੋਇਆ। ਜੋ ਕਿਰਦਾਰ ਪੁਰਾਤਨ ਸਿੱਖਾਂ ਦਾ ਹੁੰਦਾ ਸੀ, ਉਹ ਹੁਣ ਵਾਲੇ ਸਿੱਖਾਂ ਦਾ ਨਹੀਂ ਰਿਹਾ। ਇਹ ਸੱਚ ਸਭ ਨੂੰ ਸਵੀਕਾਰ ਕਰ ਹੀ ਲੈਣਾ ਚਾਹੀਦਾ ਹੈ ਕਿਉਂਕਿ ਸੱਚ ਦੇ ਰੂ-ਬ-ਰੂ ਹੋ ਕੇ ਕਿਸੇ ਮਸਲੇ ਦਾ ਹੱਲ ਲੱਭਣਾ ਹੀ ਸਾਰਥਕ ਹੁੰਦਾ ਹੈ। ਨਾਲੇ ਸਿੱਖਾਂ ਦਾ ਤਾਂ ਧਰਮ ਹੀ ਸੱਚ ਤੇ ਅਧਾਰਤ ਹੈ, ਇਸ ਲਈ ਅਜੋਕੀ ਨਿੱਘਰੀ ਹੋਈ ਹਾਲਤ ਦੇ ਮੱਦੇ ਨਜ਼ਰ ਸਿੱਖਾਂ ਨੂੰ ਇਸ ਵਿਚੋਂ ਬਾਹਰ ਨਿਕਲਣ ਦੇ ਨਿੱਠਵੇਂ ਉਪਰਾਲੇ ਕਰਨੇ ਚਾਹੀਦੇ ਹਨ, ਨਹੀਂ ਤਾਂ ਸਰਬੱਤ ਦੇ ਭਲੇ ਦੇ ਧਾਰਨੀ ਤੇ ਮਨੁੱਖਤਾਵਾਦੀ ਸਿੱਖ ਧਰਮ ਨੂੰ ਦਿਖਾਵੇ ਦੇ ਫੋਕਟ ਕਰਮਕਾਂਡਾਂ ਦੀ ਦਲ-ਦਲ ਤੇ ਹਿੰਦੂਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਹੋਣ ਤੋਂ ਕੋਈ ਬਚਾ ਨਹੀਂ ਸਕੇਗਾ।
.