.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਬਾਈਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

੨੩੦ ਸਾਲਾਂ ਦਾ ਸਿੱਖ ਇਤਿਹਾਸ ਖ਼ਤਮ ਕੀਤਾ ਤਾਂ ਗਿਆ ਪਰ ਕਿਵੇਂ?

ਜਿਵੇਂ ਕਿ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਅੱਜ ਜਿਸ ਨੂੰ ਅਸੀਂ ਆਪਣਾ ਸਿੱਖ ਇਤਿਹਾਸ ਮੰਨ ਤੇ ਸਮਝ ਰਹੇ ਹਾਂ ਉਹ ਸਾਡਾ ਪੂਰਾ ਇਤਿਹਾਸ ਨਹੀਂ, ਇਹ ਵੱਖਰੀ ਗੱਲ ਹੈ ਕਿ ਉਸ `ਚ ਸਾਡੇ ਪਾਸ ਸਿੱਖ ਇਤਿਹਾਸ ਦੀਆਂ ਕੁੱਝ ਇਤਿਹਾਸਕ ਟੂਕਾਂ ਤੇ ਇਸ਼ਾਰੇ ਜ਼ਰੂਰ ਬਚੇ ਹੋਏ ਹਨ। ਜਦਕਿ ਬਾਕੀ ਤਾਂ ਸਾਰੀਆਂ ਵਿਰੋਧੀ ਮਿਲਾਵਟਾਂ ਤੇ ਰਲਗਡ ਹੀ ਹੈ। ਇਸ ਤਰ੍ਹਾਂ ਇਹ ਸਮਾਂ ਹੈ ਸੰਨ ੧੪੬੯ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਵਿਸਾਖੀ ੧੬੯੯ ਭਾਵ ੨੩੦ ਸਾਲਾਂ ਦਾ, ਮੂਲ ਰੂਪ `ਚ ਜਿਸਦਾ ਸਾਨੂੰ ਆਪਣਾ ਠੀਕ-ਠੀਕ ਇਤਿਹਾਸ ਪ੍ਰਾਪਤ ਹੈ ਹੀ ਨਹੀਂ।

ਇਹ ਤਾਂ ਪਾਤਸ਼ਾਹ ਦੀ ਮਨੁੱਖ ਮਾਤ੍ਰ `ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ ਮਹਾਨ ਬਖ਼ਸ਼ਿਸ਼ ਹੈ ਜਿਸ ਤੋਂ ਕਿ ਸਦੀਵ ਕਾਲ ਲਈ ਕੇਵਲ ਸਾਡੀ ਹੀ ਨਹੀਂ ਬਲਕਿ ਸਮੁਚੀ ਮਾਨਵਤਾ ਦੀ ਜੜ੍ਹ ਹਰੀ ਰਵੇਗੀ ਤੇ ਜਿਸਨੂੰ ਸੱਚ ਧਰਮ ਦਾ ਕੋਈ ਵੱਡੇ ਤੋਂ ਵੱਡਾ ਵੈਰੀ ਵੀ ਖ਼ਤਮ ਨਹੀਂ ਕਰ ਸਕੇਗਾ। ਨਹੀਂ ਤਾਂ, ਸਪਸ਼ਟ ਹੈ ਕਿ ਸਾਡੇ ਇਤਨੇ ਛੋਟੇ ਜਿਹੇ ਇਤਿਹਾਸਕ ਸਮੇਂ `ਚ ਹੀ, ਸਾਡਾ ਖੁਰਾ ਖੋਜ ਮਿਟਾਉਣ ਦੀ, ਵਿਰੋਧੀਆਂ ਵੱਲੋਂ ਕਦੇ ਤੇ ਕੋਈ ਵੀ ਕਸਰ ਨਹੀਂ ਛੱਡੀ ਗਈ। ਇਸੇ ਲਈ ਇਸ ਦੌਹਰਾਨ ਕੌਮ `ਤੇ ਇਤਨੀਆਂ ਹਨੇਰੀਆਂ ਚਲਣ ਦੇ ਬਾਅਦ ਵੀ ਜੇਕਰ ਅੱਜ ਅਸੀਂ ਬਚੇ ਹੋਏ ਹਾਂ ਤਾਂ ਉਸਦੇ ਕੇਵਲ ਦੋ ਹੀ ਮੁੱਖ ਕਾਰਨ ਹਨ:-

(੧) ਪਹਿਲਾ, ਗੁਰਦੇਵ ਦੀ ਮਹਾਨ ਬਖ਼ੀਸਸ, ਸਾਡੇ ਕੋਲ ਸਦੀਵ ਕਾਲ ਲਈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜੀ ਦੇ ਰੂਪ `ਚ ਸੱਚ ਧਰਮ ਦੀ ਜੁਗੋ ਜੁਗ ਅਟੱਲ ਸਚਾਈ ਮੌਜੂਦ ਹੈ। ਜਿਸਦੀ ਕਸਵੱਟੀ `ਤੇ ਕੱਸ ਕੇ ਅਸੀਂ ਅੱਜ ਵੀ ਕਾਫ਼ੀ ਹੱਦ ਤੱਕ ਆਪਣੇ ਮੂਲ ਇਤਿਹਾਸ ਦੀ ਪਹਿਚਾਣ ਕਰਣ ਦੇ ਯੋਗ ਹੋ ਸਕਦੇ ਹਾਂ ਅਤੇ ਇਸ `ਚੋਂ ਮਿਲਾਵਟਾਂ ਨੂੰ ਨੰਗਾ ਕਰ ਸਕਦੇ ਹਾਂ।

(੨) ਦੂਜਾ, ਗੁਰਦੇਵ ਨੇ ਸਾਨੂੰ ਜਿਹੜਾ ਇਲਾਹੀ ਕੇਸਾਧਾਰੀ ਤੇ ਦਸਤਾਰਧਾਰੀ ਸਰੂਪ ਬਖ਼ਸ਼ਿਆ ਹੋਇਆ ਹੈ; ਗੁਰਬਾਣੀ ਵਿਚਾਰਧਾਰਾ ਦੇ ਨਾਲ ਨਾਲ ਉਸੇ ਦਾ ਹੀ ਨਤੀਜਾ ਹੈ ਕਿ ਸੰਨ ੧੭੪੬, ੧੭੬੨ ਤੇ ਸੰਨ ੧੯੮੪ ਦੇ ਘਲੂਘਾਰਿਆਂ ਤੋਂ ਬਾਅਦ ਵੀ, ਅਸੀਂ ਸੰਸਾਰ `ਚ ਤਰੋ-ਤਾਜ਼ੇ ਹੋ ਕੇ ਫ਼ਿਰ ਤੋਂ ਆਪਣੀ ਹੋਂਦ ਨੂੰ ਪ੍ਰਗਟ ਕਰਣ `ਚ ਸਫ਼ਲ ਹੋ ਗਏ ਤੇ ਹੁੰਦੇ ਆ ਰਹੇ ਹਾਂ।

ਉਸ ਤੋਂ ਬਾਅਦ, ਇੱਕ ਹੋਰ ਸਚਾਈ ਇਹ ਵੀ ਹੈ, ਜੇਕਰ ਇਸੇ ਵਿਸ਼ੇ ਨੂੰ ਕੁੱਝ ਹੋਰ ਗਹਿਰਾਈ ਤੋਂ ਲਿਆ ਜਾਵੇ ਤਾਂ ਇਹ ਸਮਾਂ ਕੇਵਲ ਤੇ ਉਪ੍ਰੋਕਤ ੨੩੦ ਸਾਲ ਹੀ ਨਹੀਂ ਬਲਕਿ ਕੁੱਝ ਹੋਰ ਵੀ ਵਧ ਬਣੇਗਾ। ਇਹ ਸਮਾਂ ਬਣੇਗਾ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਸੰਨ ੧੪੬੯ ਤੋਂ ਲੈ ਕੇ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਦੇ ਸਮੇਂ ਤੱਕ ਦਾ ਭਾਵ ੨੪੭ ਸਾਲ

ਇਸਤਰ੍ਹਾਂ ਇਹ ਭਰਪੂਰ ਸਚਾਈ ਹੈ ਕਿ ਅੱਜ ਸਾਡੇ ਕੋਲ ਜਿਤਨਾ ਵੀ ਸਿੱਖ ਇਤਿਹਾਸ ਆਪਣੇ ਅਸਲੀ ਰੂਪ `ਚ ਪ੍ਰਾਪਤ ਹੈ ਉਹ ਸਾਰਾ ਸੰਨ ੧੭੧੬ ਤੋਂ ਬਾਅਦ ਦਾ ਹੀ ਹੈ। ਨਹੀਂ ਤਾਂ ਜਿਤਨਾ ਵੀ ਉਸ ਤੋਂ ਪਹਿਲਾਂ ਦਾ, ਸਾਡੇ ਕੋਲ ਸਾਡਾ ਇਤਿਹਾਸ ਪ੍ਰਾਪਤ ਹੈ:-

ਉਹ ਸਾਰਾ ਦਾ ਸਾਰਾ, ਬੇਸ਼ਕ ਆਪਣਿਆਂ ਨੇ ਵੱਡੇ ਯਤਣ ਕਰਕੇ ਲਿਖਿਆ ਤੇ ਅੱਜ ਵੀ ਅਜਿਹੇ ਯਤਨ ਹੋ ਰਹੇ ਹਨ, ਜਾਂ ਦੂਜੇ ਪਾਸੇ ਸਿੱਖ ਇਤਿਹਾਸ ਦੀ ਚਾਸ਼ਨੀ ਚੜ੍ਹਾ ਕੇ ਵਿਰੋਧੀਆਂ ਨੇ ਲਿਖਿਆ, ਪਰ ਇਹ ਸਾਰੀਆਂ ਦੀ ਸਾਰੀਆਂ ਲਿਖਤਾਂ ਸੰਨ ੧੭੧੬ ਤੋਂ ਬਾਅਦ ਦੀਆਂ ਹੀ ਲਿਖੀਆਂ ਹੋਈਆਂ ਹਨ, ਉਸ ਤੋਂ ਪਹਿਲਾਂ ਦੀਆਂ ਕੋਈ ਵੀ ਲਿਖਤਾਂ ਸਾਡੇ ਪਾਸ ਮੌਜੂਦ ਨਹੀਂ ਹਨ। ਇਹੀ ਕਾਰਨ ਹੈ ਕਿ ਵਿਸਾਖੀ ਸੰਨ ੧੬੯੯ ਦੀ ਮਹਾਨ ਇਤਿਹਾਸਕ ਘਟਨਾ, ਸਾਕਾ ਮੁਕਤਸਰ ਸਾਹਿਬ, ਉਪ੍ਰੰਤ ਦਸਮੇਸ਼ ਪਿਤਾ ਰਾਹੀਂ ਸਾਹਿਬ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ ਤੇ ਗੁਰਗੱਦੀ ਦਾ ਐਲਾਨ, ਉਸ ਦੇ ਨਾਲ ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਤੱਕ ਦਾ ਵਰਨਣ, ਇਹ ਸਾਰੇ ਵਿਸ਼ੇ; ਤੇ ਇਨ੍ਹਾਂ ਪ੍ਰਤੀ ਸਾਡੇ ਕਿਸੇ ਵੀ ਇਤਿਹਾਸਕਾਰ ਦੀ ਲਿਖਤ, ਦੂਜੇ ਇਤਿਹਾਸਕਾਰ ਨਾਲ ਨਹੀਂ ਰਲਦੀ।

ਹੋਰ ਤਾਂ ਹੋਰ ਸਾਡੇ ਨਾਮਧਾਰੀ ਵੀਰਾਂ ਨੇ ਤਾਂ ਇਸੇ ਦਾ ਲਾਭ ਲੈ ਕੇ ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ `ਤੇ ਵੀ ਆਪਣੀ ਹੀ ਕਿਸਮ ਦੀ ਉਟੰਕਣ ਕਰ ਦਿੱਤੀ। ਉਨ੍ਹਾਂ ਨੇ ਉਸੇ ਨੂੰ ਆਧਾਰ ਬਣਾ ਕੇ ਬਾਬਾ ਅਜਾਪਾਲ ਸਿੰਘ ਵਾਲਾ ਇੱਕ ਨਵਾਂ ਕਿਰਦਾਰ ਪੈਦਾ ਕਰ ਲਿਆ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਇਲਾਹੀ ਗੱਦੀ ਨੂੰ ਵੀ ਬਦੋਬਦੀ ਦਸਮੇਸ਼ ਪਿਤਾ ਤੋਂ ਅੱਗੇ ਚੌਹਦਵੇਂ ਤੇ ਪੰਦ੍ਰਵੇਂ ਗੁਰੂ ਤੱਕ ਖਿੱਚ ਰਹੇ ਹਨ। ਇਸ ਤਰ੍ਹਾਂ ਨਾਮਧਾਰੀ ਵੀਰ ਤਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਆਪਣਾ ਗੁਰੂ ਵੀ ਮੰਨਣ ਤੇ ਪ੍ਰਚਾਰਣ ਨੂੰ ਤਿਆਰ ਨਹੀਂ ਹਨ, ਬੇਸ਼ੱਕ ਉਹ ਵੀ ਸਾਡਾ ਹੀ ਅੰਗ ਹਨ।

ਗਹਿਰਾਈ ਤੋਂ ਦੇਖਿਆ ਜਾਵੇ ਤਾਂ ਸਿੱਖ ਧਰਮ ਦੀ ਮੌਜੂਦਾ ਅਤੇ ਹੱਦ ਦਰਜੇ ਦੀ ਹੋ ਚੁੱਕੀ ਅਧੋਗਤੀ ਤੇ ਉਸ `ਚ ਸਿੱਖ ਲਹਿਰ ਤੱਕ ਦੀ ਪੂਰਣ ਤਬਾਹੀ ਦਾ ਬਹੁਤ ਵੱਡਾ ਕਾਰਣ ਇਹ ਵੀ ਹੈ ਕਿ ਸਾਡੇ ਪਾਸ ਆਪਣੇ ੨੪੭ ਸਾਲਾਂ ਦੇ ਇਤਿਹਾਸ ਦਾ ਅਸਲ ਰੂਪ `ਚ ਨਾ ਹੋਣਾ ਤੇ ਵਿਰੋਧੀਆਂ ਰਾਹੀਂ ਆਪਣੇ ਤੌਰ `ਤੇ ਉਸ ਦਾ ਕੀਤਾ ਹੋਇਆ ਪੂਰੀ ਤਰ੍ਹਾਂ ਖ਼ਾਤਮਾ। ਇਸ ਲਈ ਇਸ ਲੜੀ `ਚ ਸਾਡਾ ਅਗਲਾ ਮੁੱਖ ਵਿਸ਼ਾ ਹੀ ਇਹ ਦੇਖਣਾ ਹੈ ਕਿ ਇਹ ਸਭ ਹੋਇਆ ਕਿਵੇਂ ਤੇ ਕਿਉਂ? ਬੇਸ਼ੱਕ ਇਸ ਬਾਰੇ ਕੁੱਝ ਇਸ਼ਾਰਾ ਆ ਚੁੱਕਾ ਹੈ ਤਾਂ ਵੀ ਕਿਸੇ ਹੱਦ `ਚ ਸਚਾਈ ਤੱਕ ਪਹੁੰਚਣ ਲਈ:-

(ੳ) ਈ: ਸੰਨ ੧੭੧੬ ਤੋਂ ਸੰਨ ੧੭੯੯- ਉਂਜ ਤਾਂ ਦਸੰਬਰ ਸੰਨ ੧੭੦੪ `ਚ ਦਸਮੇਸ਼ ਜੀ ਰਾਹੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਅਰੰਭ ਹੋ ਕੇ ਸੰਨ ੧੭੧੫ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਗ੍ਰਿਫਤਾਰੀ ਤੀਕ, ਪੰਥ ਕੋਲ ਟਿਕਾਅ ਦਾ ਬਿਲਕੁਲ ਵੀ ਸਮਾਂ ਨਹੀਂ ਸੀ। (ਸਿਵਾਏ ਉਸ ਸਮੇਂ ਦੇ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਕਮਾਨ ਹੇਠ ਕੁੱਝ ਸਾਲ ਖ਼ਾਲਸਾ ਰਾਜ ਸਥਾਪਤ ਹੋਇਆ। ਇਹ ਵੱਖਰੀ ਗੱਲ ਹੈ ਕਿ ਸਾਧਨਾ ਦੀ ਕਮੀ ਕਾਰਨ ਇਹ ਖ਼ਾਲਸਾ ਰਾਜ ਵੀ ਬਹੁਤ ਸਮਾਂ ਨਾ ਚੱਲ ਸਕਿਆ)। ਉਪ੍ਰੰਤ ਇਹ ਵੀ ਦੇਖ ਚੁੱਕੇ ਹਾਂ ਕਿ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ, ਸੰਨ ੧੭੧੬ ਤੋਂ ਬਾਅਦ ਦਾ ਸਮਾਂ ਤਾਂ ਸਿੱਖਾਂ ਲਈ ਅਤਿ ਦਰਜੇ ਦੀ ਭੀੜਾ ਦਾ ਸਮਾਂ ਸੀ। ਇਸਤਰ੍ਹਾਂ:

(ਅ) ਕਿਸੇ ਹੱਦ ਤੀਕ ਇਹ ਵਰਨਣ ਵੀ ਆ ਚੁੱਕਾ ਹੈ ਕਿ ਉਦੋਂ ਸ਼ਹਿਰਾਂ `ਚ ਤਾਂ ਸਿੱਖਾਂ ਤੇ ਜ਼ੁਲਮਾਂ ਦੀ ਇੰਤਹਾ ਹੋਈ ਪਈ ਸੀ, ਇਸ ਲਈ ਸਿੱਖਾਂ ਦਾ ਵਾਸਾ ਵੀ ਸ਼ਹਿਰਾਂ `ਚ ਨਹੀਂ ਬਲਕਿ ਜੰਗਲਾਂ, ਪਹਾੜਾਂ, ਮਾਰੂਥਲਾਂ ਆਦਿ ਜਾਂ ਫ਼ਿਰ ਘੋੜਿਆਂ ਦੀਆਂ ਕਾਠੀਆਂ `ਤੇ ਹੀ ਸੀ। ਜਦਕਿ ਦੂਜੇ ਪਾਸੇ ਸਿੱਖ ਧਰਮ ਦੀਆਂ ਅਨੰਤ ਤੇ ਬੇਅੰਤ ਸ਼੍ਰਧਾਲੂ ਸੰਗਤਾਂ ਤਾਂ ਫ਼ਿਰ ਵੀ ਸ਼ਹਿਰਾਂ `ਚ ਹੀ ਸਨ।

(ੲ) ਇਸੇ ਦਾ ਨਤੀਜਾ ਕਿ ਸ਼ਹਿਰਾਂ `ਚ ਜਿਤਨੇ ਵੀ ਸਿੱਖ ਧਰਮ ਦੇ ਇਤਿਹਸਕ ਸਥਾਨ ਜਾਂ ਸਿੱਖੀ ਦਾ ਸੋਮਾਂ ਧਰਮਸ਼ਾਲਾਵਾਂ ਭਾਵ ਗੁਰਦੁਆਰੇ ਸਨ, ਉਹ ਪੂਰੀ ਤਰ੍ਹਾਂ ਵਿਰੋਧੀਆਂ ਦੇ ਕਬਜ਼ੇ `ਚ ਚਲੇ ਗਏ। ਇਸ ਤਰ੍ਹਾਂ ਵਿਰੋਧੀਆਂ ਨੂੰ ਜਿਹੜੀ ਸਫ਼ਲਤਾ ਪਿਛਲੇ ਢਾਈ ਸੌ ਸਾਲਾਂ `ਚ ਪ੍ਰਾਪਤ ਨਹੀਂ ਸੀ ਹੋਈ, ਇੰਨ੍ਹਾਂ ਲਈ ਤਾਂ ਰਾਤੋ-ਰਾਤ, ਜਿਵੇਂ ਕਿ ਉਸ ਰਲੇ ਲਈ ਸਾਰੇ ਰਸਤੇ ਹੀ ਖੁੱਲ੍ਹ ਗਏ ਸਨ।

(ਸ) ਸਭ ਤੋਂ ਪਹਿਲਾਂ ਤਾਂ ਬ੍ਰਾਹਮਣ ਵਰਗ `ਚੋਂ ਹੀ ਅਨੇਕਾਂ ਜਿਹੜੇ ਕਿ ‘ਕਾਮ, ਦਾਮ, ਸਾਮ, ਦੰਡ’ ਭੇਦ `ਚ ਪਹਿਲਾਂ ਤੋਂ ਹੀ ਮਾਹਿਰ ਸਨ, ਮਿਠਬੋਲੜੇ ਬਣ ਕੇ, ਉਨ੍ਹਾਂ ਨੇ ਗੁਰਬਾਣੀ ਦਾ ਉਹਲਾ ਲਿਆ ਤੇ ਝੱਟ ਗੁਰਦੁਆਰਿਆਂ ਦੇ ਮਹੰਤ, ਪੁਜਾਰੀ ਆਦਿ ਬਣ ਗਏ। ਜਿਸਦਾ ਵੱਡਾ ਸਬੂਤ ਹੈ ਕਿ ਆਉਂਦੇ ਬਹੁਤ ਹੀ ਥੋੜੇ ਸਮੇਂ `ਚ ਹਰੇਕ ਬ੍ਰਾਹਮਣੀ ਕਰਮਕਾਂਡ ਤੇ ਵਿਸ਼ਵਾਸ ਨੇ ਗੁਰਦੁਆਰਿਆਂ `ਚ ਆਪਣੀ ਜਗ੍ਹਾ ਪੱਕੀ ਕਰ ਲਈ। ਇਸਦਾ ਕੁੱਝ ਵੇਰਵਾ ਅੱਗੇ ਚੱਲ ਕੇ ਆਵੇਗਾ ਵੀ।

(ਹ) ਕਈ ਲੋਕ, ਜਿਨ੍ਹਾਂ ਦੇ ਵਡੇਰਿਆਂ ਜਾਂ ਸੰਬੰਧੀਆਂ ਨੇ ਗੁਰੂ ਕਾਲ ਸਮੇਂ ਸਿੱਖੀ `ਚ ਕਿਸੇ ਇੱਕ ਜਾਂ ਦੂਜੇ ਪੱਖ ਤੋਂ ਨਾਮਨਾ ਖੱਟਿਆ ਸੀ। ਉਹ ਜਿਹੜੇ ਉਸ ਸਮੇਂ ਪਾਤਸ਼ਾਹ ਵੱਲੋਂ ਪ੍ਰਚਾਰਕ ਜਾਂ ਗਦੀਦਾਰ ਵੀ ਥਾਪੇ ਗਏ ਸਨ; ਕਈਆਂ ਨੂੰ ਬਖ਼ਸ਼ਿਸ਼ਾਂ ਵੀ ਹਾਸਲ ਹੋਈਆਂ ਸਨ। ਬਲਕਿ ਉਨ੍ਹਾਂ `ਚੋਂ ਕਈਆਂ ਨੇ ਤਾਂ ਪਾਤਸ਼ਾਹ ਦੇ ਚਰਨਾਂ ਤੋਂ ਕੁਰਬਾਣ ਹੋਣ ਲਈ ਸ਼ਹੀਦੀਆਂ ਤੱਕ ਨੂੰ ਵੀ ਗਲੇ ਲਗਾਇਆ ਸੀ।

ਕਿਸੇ ਹੱਦ ਤੀਕ, ਉਨ੍ਹਾਂ ਨਾਲ ਸੰਬੰਦਤ ਬਹੁਤੇ ਲੋਕ ਅੱਜ ਆਪਣੇ ਉਨ੍ਹਾਂ ਸੰਬੰਧੀਆਂ, ਬਜ਼ੁਰਗਾਂ ਤੇ ਪੂਰਵਜਾਂ ਨਾਲ ਆਪਣਾ ਟਾਂਕਾ ਜੋੜ ਕੇ, ਸਿੱਖੀ ਪ੍ਰਚਾਰ ਸਿਸਟਮ ਚ ਘੁਸਪੈਠ ਕਰ ਗਏ ਬਲਕਿ ਕਈ ਤਾਂ ਅੱਜ ਵੀ ਉਨ੍ਹਾਂ ਦੇ ਨਾਂ `ਤੇ ਆਪਣੀਆਂ-ਆਪਣੀਆਂ ਗੱਦੀਆਂ ਤੇ ਡੇਰੇ ਚਲਾ ਰਹੇ ਹਨ।

ਜਦਕਿ ਗੁਰੂ ਦਰ ਦੀ ਸਚਾਈ ਇਹ ਹੈ ਕਿ ਕਿਸੇ ਗੁਰੂ ਵਿਅਕਤੀ ਨੇ ਜੇਕਰ ਕਦੇ ਕੋਈ ਪ੍ਰਚਾਰਕ, ਗੱਦੀਦਾਰ ਥਾਪਿਆ ਜਾਂ ਬਖ਼ਸ਼ਿਸ਼ ਦਿੱਤੀ ਵੀ ਤਾਂ ਉਸ ਦੀ ਸੀਮਾਂ ਕੇਵਲ ਉਸ ਵਿਅਕਤੀ ਵਿਸ਼ੇਸ਼ ਤੀਕ ਹੀ ਸੀ। ਉਸਦੇ ਪ੍ਰਵਾਰਿਕ ਮੈਬਰਾਂ ਤੇ ਰਿਸ਼ਤੇਦਾਰਾਂ ਤੱਕ ਬਿਲਕੁਲ ਵੀ ਨਹੀਂ ਸੀ। ਇਸ ਲਈ ਇਸ ਸੰਬੰਧ `ਚ ਆਮ ਮਨੁੱਖ ਦੀ ਤਾਂ ਗੱਲ ਹੀ ਕੀ ਹੈ! ਜਿਹੜੀ ਬਖਸ਼ਿਸ਼ ਬਾਬਾ ਲਹਿਣਾ ਜੀ, ਬਾਬਾ ਅਮਰਦਾਸ ਜੀ, ਭਾਈ ਜੇਠਾ ਜੀ ਨੂੰ ਪ੍ਰਾਪਤ ਹੋਈ, ਉਸਦੇ ਹੱਕਦਾਰ ਕੇਵਲ ਉਹ ਹੀ ਸਨ, ਉਨ੍ਹਾਂ ਦੇ ਦੂਜੇ ਪ੍ਰਵਾਰਕ ਸੱਜਨ ਬਲਕਿ ਸ੍ਰੀ ਚੰਦ, ਲਖਮੀ ਦਾਸ, ਦਾਤੂ ਜੀ, ਦਾਸੂ ਜੀ, ਰਾਮਾ ਜੀ, ਬਾਬਾ ਮੋਹਨ ਤੇ ਮੋਹਰੀ ਜੀ ਆਦਿ ਵੀ ਕਦੇ ਨਹੀਂ ਸਨ।

ਇਸੇ ਤਰ੍ਹਾਂ ਜਿਹੜੀ ਬਖਸ਼ਿਸ਼ ਪੰਚਮ ਪਾਤਸ਼ਾਹ ਨੂੰ ਪ੍ਰਾਪਤ ਹੋਈ, ਉਨ੍ਹਾਂ ਦੇ ਭ੍ਰਾਤਾ ਹੋਣ ਦੇ ਬਾਵਜੂਦ ਪ੍ਰਿਥੀ ਚੰਦ, ਮਹਾਦੇਵ ਵੀ ਉਸ ਦੇ ਹੱਕਦਾਰ ਨਹੀਂ ਸਨ। ਇਸੇ ਤਰ੍ਹਾਂ ਧੀਰ ਮਲ, ਰਾਮ ਰਾਇ ਆਦਿ ਵੀ। ਇਸਦੇ ਉਲਟ, ਅੱਜ ਤਾਂ ਅਨੇਕਾਂ ਪਾਖੰਡੀ; ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਠੇਕੇਦਾਰ ਤੇ ਗੱਦੀਦਾਰ ਬਣ ਕੇ ਬਰਸਾਤੀ ਖੁੰਬਾਂ ਦੀ ਵਾਂਙ ਨਿੱਤ ਪ੍ਰਗਟ ਹੋਣ ਲੱਗ ਪਏ ਤੇ ਹੋ ਵੀ ਰਹੇ ਹਨ।

ਇਥੋਂ ਤੱਕ ਕਿ ਆਪਣੇ ਅੰਤਮ ਸਮੇਂ ਬਾਬਾ ਸ੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਦੇ ਸਨਮੁੱਖ, ਆਪਣੀ ਭੁੱਲ ਸਵੀਕਾਰ ਕਰ ਲਈ ਤੇ ਗੁਰੂ ਦਰਬਾਰ ਤੋਂ ਆਪਣਾ ਵਖ੍ਰੇਵਾਂ ਵੀ ਤਿਆਗ ਦਿੱਤਾ। ਜਿਸਦਾ ਵੱਡਾ ਸਬੂਤ, ਉਨ੍ਹਾਂ ਨੇ ਆਪਣੇ ਚਾਰੋਂ ਧੂਨੀਏ (ਪ੍ਰਚਾਰਕ) ਵੀ ਗੁਰੂ ਪਾਤਸ਼ਾਹ ਦੇ ਸਪੁਰਦ ਕਰ ਦਿੱਤੇ। ਫ਼ਿਰ ਵੀ ਇਸ ਬਿਖੜੇ ਸਮੇਂ `ਚ ਅਨੇਕਾਂ ਅਖੌਤੀ ਉਦਾਸੀ, ਸਿੱਖ ਇਤਿਹਾਸਕ ਸਥਾਨਾਂ `ਤੇ ਕਾਬਜ਼ ਹੋ ਗਏ ਜਾਂ ਆਪਣੇ ਡੇਰਿਆਂ ਦਾ ਟਾਂਕਾ ਸਿੱਖ ਧਰਮ ਨਾਲ ਜੋੜ ਕੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਆਪਣੇ ਪਿੱਛੇ ਲਾ ਲਿਆ। ਉਸ ਤੋਂ ਬਾਅਦ, ਇਨ੍ਹਾਂ ਲੋਕਾਂ ਰਾਹੀਂ ਗੁਰੂ ਕੀਆਂ ਸੰਗਤਾਂ ਨੂੰ ਜਿਹੜਾ ਮਸਾਲਾ ਦਿੱਤਾ ਜਾ ਰਿਹਾ ਸੀ, ਉਸ ਸਾਰੇ ਦਾ ਇਕੋ ਮਕਸਦ ਸੀ ਕਿ ਉਦਾਸੀ ਸੰਪ੍ਰਦਾਇ ਦੀ ਸਮ੍ਰਥਾ ਨੂੰ ਗੁਰੂ ਸਾਹਿਬ ਤੋਂ ਵੀ ਵੱਧ ਤੇ ਵੱਡਾ ਸਾਬਤ ਕਰਣਾ। ਜਿਵੇਂ:

(i) “ਪੰਜਵੇਂ ਪਾਤਸ਼ਾਹ ਨੂੰ ਸੁਖਮਨੀ ਸਾਹਿਬ ਦੀ ਸੋਲ੍ਹਵੀਂ (੧੬ਵੀਂ) ਅਸ਼ਟਪਦੀ ਤੋਂ ਅੱਗੇ, ਬਾਣੀ ਫੁਰਣੀ ਬੰਦ ਹੋ ਗਈ: ਫ਼ਿਰ ਜਦੋਂ ਇਹ ਬਖਸ਼ਿਸ਼ ਸ੍ਰੀ ਚੰਦ ਜੀ ਨੇ ਕੀਤੀ ਤਾਂ ਜਾ ਕੇ ਗੁਰਦੇਵ ਨੇ ਇਸ ਬਾਣੀ ਦੀਆਂ ਸੋਲਹ ਤੋਂ ਚੌਵੀ ਅਸ਼ਟਪਦੀਆਂ ਸੰਪੂਰਣ ਹੋਈਆਂ”।

()) ‘ਲਖਮੀਚੰਦ ਆਪਣੇ ਪ੍ਰਵਾਰ ਸਮੇਤ ਘੋੜੇ `ਤੇ ਸੁਆਰ ਹੋ ਕੇ, ਜਦੋਂ ਸੁਰਗ ਨੂੰ ਜਾਣ ਲੱਗੇ ਤਾਂ ਇਹ ਚਿੰਤਾ ਵੀ ਸ੍ਰੀ ਚੰਦ ਜੀ ਨੂੰ ਹੋਈ ਕਿ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਵੰਸ਼ ਹੀ ਮੁੱਕ ਜਾਵੇਗਾ। ਇਸ `ਤੇ ਸ੍ਰੀ ਚੰਦ ਜੀ ਨੇ ਆਪਣੀ ਬਾਂਹ ਲੰਮੀ ਕਰਕੇ ਉਨ੍ਹਾਂ ਨੂੰ ਵਾਪਸ ਮੋੜਿਆ ਅਤੇ ਗੁਰੂ ਨਾਨਕ ਜੀ ਦੀ ਕੁਲ਼ ਨੂੰ ਬਚਾਅ ਲਿਆ’ ਆਦਿ।

ਇਸੇ ਤਰ੍ਹਾਂ ਉਨ੍ਹਾਂ ਉਦਾਸੀਆਂ ਵੱਲੋਂ, ਸਿੱਖ ਇਤਿਹਾਸ ਦੇ ਨਾਂ ਉਪਰ ਅਨੇਕਾਂ ਊਲ-ਜਲੂਲ, ਮਨ ਘੜੰਤ ਤੇ ਬੇ-ਸਿਰਪੈਰ ਦੀਆਂ ਸਾਖੀਆਂ ਦੇ ਨਾਂ ਹੇਠ ਕਹਾਣੀਆਂ ਬੜੇ ਰੋਚਕ ਤੇ ਨਾਟਕੀ ਢੰਗ ਨਾਲ ਪ੍ਰਚਲਤ ਕੀਤੀਆਂ ਗਈਆਂ ਤੇ ਅੱਜ ਤੱਕ ਗੁਰੂ ਕੀਆਂ ਸੰਗਤਾਂ ਵਿਚਕਾਰ ਪ੍ਰਚਲਤ ਹਨ। ਉਪ੍ਰੰਤ ਇਹੀ ਖੇਡ ਹਿੰਦਾਲੀਆਂ ਨੇ ਵੀ ਖੇਡੀ ਜਿਸ ਦਾ ਨਤੀਜਾ, ਸਾਡੇ ਕੋਲ “ਭਾਈ ਬਾਲੇ ਵਾਲੀ ਜਨਮ ਸਾਖੀ” ਅੱਜ ਵੀ ਮੌਜੂਦ ਹੈ।

(ਕ) ਇਸੇ ਤਰ੍ਹਾਂ ਸਮੇਂ ਦਾ ਲਾਭ ਲੈ ਕੇ ਅਨੇਕਾਂ ਬੇਦੀ-ਸੋਢੀ ਵੀ ਗੱਦੀਦਾਰ ਬਣ ਬੈਠੇ ਜਦਕਿ ਸਿੱਖ ਧਰਮ `ਚ ਨਾ ਕੋਈ ਅਜਿਹੀ ਸੇਧ ਹੈ ਨਾ ਨਿਯਮ, ਨਾ ਪਰੀਪਟੀ ਤੇ ਨਾ ਉੱਚੀ-ਨੀਵੀਂ ਜਾਤ ਵਾਲਾ ਬਖੇੜਾ। ਇਥੇ ਤਾਂ “ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ” (ਪੰ: ੮੩) ਅਤੇ “ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ੧ ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ” (ਪ: ੩੨੪) ਆਦਿ ਇਸ ਸੰਬੰਧ `ਚ ਬੇਅੰਤ ਗੁਰਬਾਣੀ ਫ਼ੁਰਮਾਣ ਮੌਜੂਦ ਹਨ। ਇਥੇ ਗੁਰੂ ਦਰ `ਤੇ ਤਾਂ ਸਾਰਿਆਂ ਲਈ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” (ਬਾਣੀ ਜਪੁ) ਦਾ ਹੀ ਸਿਧਾਂਤ ਹੈ ਨਾ ਕਿ ਜਾਤ-ਕੁਲ ਦਾ।

(ਖ) ਪੰਥ ਦੇ ਇਸ ਬਿਖੜੇ ਸਮੇਂ `ਚ ਬਨਾਰਸ ਦੇ ਪੜ੍ਹੇ ਲਿਖੇ ਤੇ ਵਿਦਵਾਨ ਪੰਡਤਾਂ ਨੇ ਵੀ ਇੱਕ ਹੋਰ ਅਤੇ ਨਵੀਂ ਖੇਡ ਖੇਡੀ। ਉਨ੍ਹਾਂ ਨੇ ਵੀ ਸਿੱਖਾਂ ਵਿਚਕਾਰ ਇੱਕ ਨਵਾਂ ‘ਨਿਰਮਲੇ’ ਨਾਂ ਦਾ ਸੰਪ੍ਰਦਾਇ ਸਥਾਪਤ ਕਰ ਦਿੱਤਾ। ਇਸ ਸਮੇਂ ਚੂੰਕਿ ਸਿੱਖੀ ਦੀ ਕਲਮ ਤਾਂ ਹੈ ਹੀ ਉਨ੍ਹਾਂ ਕੋਲ ਸੀ, ਉਨ੍ਹਾਂ ਨੇ ਇਸ ਨਿਰਮਲੇ ਫ਼ਿਰਕੇ ਨੂੰ ਦਸਮੇਸ਼ ਜੀ ਰਾਹੀਂ ਸਥਾਪਿਤ ਕੀਤਾ ਹੋਇਆ, ਪ੍ਰਚਲਤ ਕੀਤਾ। ਭਾਵੇਂ ਕਿ ਗੁਰਮੱਤ ਦੀ ਕਸਵੱਟੀ `ਤੇ ਉਹ ਫ਼ਰਜ਼ੀ ਕਹਾਣੀ (ਸਾਖੀ) ਕਿਸੇ ਤਰ੍ਹਾਂ ਵੀ ਪੂਰੀ ਨਹੀਂ ਉਤਰਦੀ।

ਕਿਉਂਕਿ ਸੰਸਕ੍ਰਿਤ, ਗੁਰੂ ਦਰ `ਤੇ ਵਿਸ਼ੇਸ਼ ਭਾਸ਼ਾ ਕਦੇ ਵੀ ਨਹੀਂ ਸੀ, ਤੇ ਨਾ ਹੀ ਇਸਦੀ ਪ੍ਰਾਪਤੀ ਲਈ ਸਿੱਖਾਂ ਨੂੰ ਆਪਣੇ ਕਛਹਿਰੇ, ਕੜੇ, ਕ੍ਰਿਪਾਨਾਂ ਆਦਿ ਕਕਾਰਾਂ ਦਾ ਤਿਆਗ ਕਰਣ ਦੀ ਲੋੜ ਸੀ। ਫ਼ਿਰ ਉਹ ਵੀ ਇਸ ਲਈ ਕਿ ਉਨ੍ਹਾਂ ਨੇ, ਉਥੋਂ ਦੇ ਬ੍ਰਾਹਮਣਾਂ ਕੋਲੋਂ ਵੈਦਿਕ ਵਿੱਦਿਆ ਲੈਣ ਲਈ ਉਚੇਚੇ ਬਨਾਰਸ ਜਾਣਾ ਸੀ। ਵੇਦਾਂ, ਸ਼ਾਸਤ੍ਰਾਂ ਜਾਂ ਬ੍ਰਾਹਮਣ ਮੱਤ ਬਾਰੇ ਗੁਰਬਾਣੀ ਦਾ ਫੈਸਲਾ, ਕੋਈ ਛੁਪੀ ਗੁੱਝੀ ਚੀਜ਼ ਕਦੇ ਵੀ ਨਹੀਂ ਸੀ। ਕੀ ਪਾਹੁਲਧਾਰੀ ਸਿੱਖਾਂ ਪਾਸੋਂ ਸਿੱਖ ਰਹਿਨੀ ਤੇ ਸਿੱਖੀ ਮਰਿਆਦਾ ਦਾ ਤਿਆਗ ਕਰਵਾ ਕੇ ਇਸੇ ‘ਬ੍ਰਾਹਮਣ ਗੁਰੂ’ ਤੋਂ ਦੀਖਿਆ ਦੀ ਲੋੜ ਪਈ ਤੇ ਉਹ ਵੀ ਖ਼ੁਦ ਦਸਮੇਸ਼ ਜੀ ਨੂੰ ਹੀ?

ਬ੍ਰਾਹਮਣ ਮੱਤ ਤੇ ਵੇਦਾਂ ਬਾਰੇ ਗੁਰਬਾਣੀ `ਚ ਸਪਸ਼ਟ ਫ਼ੈਸਲੇ ਤੇ ਬੇਅੰਤ ਫ਼ੁਰਮਾਨ ਹਨ ਜਿਵੇਂ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ” (ਪੰ: ੧੩੭੭)। ਹੋਰ ਤਾਂ ਹੋਰ, ਉਦੋਂ ਦੀ ਤਾਂ ਗੱਲ ਹੀ ਵੱਖਰੀ ਹੈ ਬਲਕਿ ਅੱਜ ਵੀ ਇਸ ਸੰਪ੍ਰਦਾ ਦੀ ਰਹਿਨੀ ਤੇ ਵਿਚਾਰਧਾਰ ਬਹੁਤਾ ਕਰਕੇ ਜ਼ਾਹਿਰਾ ਗੁਰਬਾਣੀ ਆਧਾਰਿਤ ਪਰ ਮੂਲੋਂ ਵੈਦਿਕ ਹੀ ਹੈ, ਜਿਹੜੀ ਕਿ ਆਪਣੇ ਆਪ `ਚ ਗੁਰਮੱਤ ਰਹਿਨੀ `ਤੇ ਸਿੱਧਾ ਹਮਲਾ ਹੈ। ਬਲਕਿ ਇਹ ਸੱਜਨ ਤਾਂ ਅੱਜ ਵੀ ਆਪਣੇ ਨਾਵਾਂ ਤੋਂ ਪਹਿਲਾਂ ਲਫ਼ਜ਼ ‘ਪੰਡਿਤ’ ਹੀ ਵਰਤਦੇ ਤੇ ਜੋੜਦੇ ਹਨ।

ਉਂਜ ਇਹ ਵੀ ਸਪਸ਼ਟ ਹੈ ਕਿ ਬਨਾਰਸ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਮੱਤ ਪ੍ਰਚਾਰ ਦਾ ਵੱਡਾ ਕੇਂਦ੍ਰ ਰਿਹਾ ਸੀ। ਪੰਜਵੇਂ ਪਾਤਸ਼ਾਹ ਵੱਲੋਂ ਭਾਈ ਗੁਰਦਾਸ ਜੀ ਵਰਗੇ ਮਹਾਨ ਪ੍ਰਚਾਰਕ ਤੇ ਵਿਦਵਾਨ ਤਾਂ ਉਸ ਇਲਾਕੇ `ਚ ਲਗਾਤਾਰ ਗੁਰਬਾਣੀ ਪ੍ਰਚਾਰ ਵੀ ਕਰਦੇ ਰਹੇ। ਵਿਚਾਰਣ ਦਾ ਵਿਸ਼ਾ ਹੈ ਕਿ ਅਜਿਹੀ ਹਾਲਤ `ਚ ਸਿੱਖਾਂ ਨੇ ਉਥੋਂ ਜਾ ਕੇ ਉਨ੍ਹਾਂ ਪੰਡਿਤਾਂ ਕੋਲੋ ਕਿਹੜੀ ਵਿੱਦਿਆ ਲੈਣੀ ਸੀ? ਇਸ ਤੋਂ ਸਚਾਈ ਦੀ ਤਹਿ ਤੀਕ ਪੁੱਜਦੇ ਵੀ ਦੇਰ ਨਹੀਂ ਲਗਣੀ ਚਾਹੀਦੀ। ਉਂਜ ਇਨ੍ਹਾਂ ਨਿਰਮਲੇ ਵਿਦਵਾਨਾਂ ਨੇ ਗੁਰਬਾਣੀ ਦੀ ਰਹਿਣੀ ਤੇ ਅਰਥ ਬੋਧ ਕਰਣ ਸਮੇਂ, ਉਨ੍ਹਾਂ `ਚ ਵੀ ਵੈਦਿਕ ਮੱਤ ਦੀ ਖੁੱਲ ਕੇ ਵਰਤੋਂ ਕੀਤੀ ਹੋਈ ਹੈ ਤੇ ਕਈ ਕਹਾਣੀਆਂ ਦਾ ਸਹਾਰਾ ਵੀ ਲਿਆ ਹੋਇਆ ਹੈ।

ਨਿਰਮਲੇ ਸੰਤ, ਪੁਜਾਰੀ ਸ਼੍ਰੇਣੀ ਤੇ ਮਹੰਤ ਆਦਿ- ਇਸ ਤਰ੍ਹਾਂ ਹੁਣ ਤੱਕ ਦੇਖ ਚੁੱਕੇ ਹਾਂ ਕਿ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਪੰਥਕ ਹਾਲਾਤ ਕਿਸ ਤਰ੍ਹਾਂ ਤੇ ਕਿਸ ਤੇਜ਼ੀ ਨਾਲ ਵਿਗੜੇ। ਉਦੋਂ ਇੱਕ ਪਾਸੇ ਤਾਂ ਉਦਾਸੀ ਮੱਤ ਵਾਲਿਆਂ ਨੇ ਸਿੱਖ ਇਤਿਹਾਸ ਨੂੰ ਆਪਣੇ ਹੀ ਢੰਗ ਨਾਲ ਤੇ ਨਵੇਂ ਸਿਰਿਓਂ ਤੇ ਗੁਰਮੱਤ ਵਿਰੋਧੀ ਘੜ ਘੜ ਕੇ ਪ੍ਰਚਲਤ ਕੀਤਾ। ਇਸ ਦੇ ਨਾਲ ਹੀ ਉਸ ਸਮੇਂ ਦੂਜੇ ਪ੍ਰਗਟ ਹੋ ਗਏ ਨਿਰਮਲਾ ਸੰਪ੍ਰਦਾਏ ਆਦਿ ਨੇ ਵੀ ਇਹੀ ਕੀਤਾ।

ਇਸ `ਚ ਵੀ ਸ਼ੱਕ ਨਹੀਂ ਕਿ ਬਨਾਰਸ ਦੇ ਪੰਡਿਤ, ਵਿਦਵਾਨ ਤਾਂ ਹੈ ਹੀ ਸਨ ਪਰ ਹੁਣ ਇਹ ਵਿਦਵਾਨ ਬਣ ਚੁੱਕੇ ਸਨ ਸਿੱਖ ਮੱਤ ਅਤੇ ਗੁਰਮੱਤ ਦੇ। ਮੂਲੋਂ ਵਿਦਵਾਨ ਤੇ ਪੜ੍ਹੇ ਲਿਖੇ ਤਾਂ ਉਹ ਸਨ ਹੀ ਇਸ ਲਈ ਸੰਗਤਾਂ ਦਾ ਪ੍ਰਭਾਵ ਜਿੱਤਣ `ਚ ਸਭ ਤੋਂ ਵੱਧ ਸਫ਼ਲ ਵੀ ਉਹੀ ਰਹੇ। ਇਧਰ ਉਸ ਸਮੇਂ ਸ਼ਹਿਰਾਂ `ਚ ਵਸਦੀ ਗ੍ਰੁਰੂ ਕੀ ਸੰਗਤ ਵੀ ਇਹੀ ਮੰਨ ਚੁੱਕੀ ਸੀ ਕਿ ਬਾਣੀ ਨੂੰ ਸਭ ਤੋਂ ਵੱਧ ਸਮਝਣ ਵਾਲੇ ਤੇ ਨਾਲ ਨਾਲ ਵੇਦਾਂ ਦੇ ਗਿਆਤਾ ਵੀ ਇਹੀ ਹਨ। ਫਿਰ ਉਦੋਂ, ਜਦੋਂ ਕਿ ਇੰਨ੍ਹਾਂ ਨੇ ਆਪਣਾ ਨਾਤਾ ਵੀ ਦਸਮੇਸ਼ ਜੀ ਨਾਲ ਹੀ ਜੋੜ ਰੱਖਿਆ ਸੀ।

ਇਨ੍ਹਾਂ ਨੇ ਵੀ ਗੁਰਬਾਣੀ ਦੇ ਸਿਧਾਂਤ, ਸੇਧ, ਵਿਆਕਰਨ ਆਦਿ ਨੂੰ ਛਿੱਕੇ ਟੰਗ ਕੇ, ਗੁਰਬਾਣੀ ਦੇ ਅਰਥ ਪੂਰੇ ਵੈਦਕ ਢੰਗ ਨਾਲ ਪ੍ਰਚਲਤ ਕੀਤੇ। ਬਲਕਿ ਗੁਰਬਾਣੀ ਦੇ ਬਹੁਤੇ ਅਰਥ ਤਾਂ ਇਨ੍ਹਾਂ ਨੇ ਆਪਣੇ ਹੀ ਨਿਰੋਏ ਢੰਗ ਨਾਲ ਤਿਆਰ ਕੀਤੇ। ਉਨ੍ਹਾਂ ਅਰਥਾਂ ਨੂੰ ਪੌਰਾਣਕ ਕਹਾਣੀਆਂ ਨਾਲ ਸ਼ਿੰਗਾਰਿਆ ਤੇ ਲੋੜ ਅਨੁਸਾਰ ਨਵੀਆਂ ਕਹਾਣੀਆਂ ਪ੍ਰਚਲਤ ਕਰ ਕੇ ਵੀ ਜੋੜੀਆਂ। ਇਸ ਤਰ੍ਹਾਂ ਗੁਰਬਾਣੀ ਦਾ ਸ਼ਹਿਦ ਚੜ੍ਹੇ ਇੰਨ੍ਹਾਂ ਵੈਦਿਕ ਮੱਤ ਦੇ ਕੈਪਸੂਲਾਂ ਨੂੰ ਵਰਤ ਕੇ ਸੰਗਤਾਂ ਨੂੰ ਪੂਰੀ ਤਰ੍ਹਾਂ ਗੁਰੂ ਪਾਤਸ਼ਾਹ ਦੀ ਨਿੱਘੀ ਗੋਦ `ਚੋਂ ਕਢਿਆ ਤੇ ਵੈਦਿਕ ਮੱਤ ਦੇ ਅਨੁਯਾਯੀ ਬਨਾਉਣ `ਚ, ਕਿਸੇ ਤਰ੍ਹਾਂ ਦੀ ਵੀ ਕਸਰ ਨਾ ਰਹਿਣ ਦਿੱਤੀ। ਇਸ ਲਈ ਅੱਜ ਵੀ ਨਿਰਮਲਾ ਸੰਪ੍ਰਦਾਇ ਦੀ ਕੋਈ ਵੀ ਗੁਰਮੱਤ ਰਚਨਾ ਚੁੱਕ ਕੇ ਪੜ੍ਹ ਲਈ ਜਾਵੇ, ਪਤਾ ਲੱਗ ਜਾਵੇਗਾ ਕਿ ਉਹ ਰਚਨਾਵਾਂ ਕਿਵੇਂ ਵੈਦਕ ਰੰਗ ਤੇ ਪੌਰਾਣਕ ਕਹਾਣੀਆਂ ਨਾਲ ਓਤ-ਪ੍ਰੋਤ ਹਨ ਪਰ ਜ਼ਾਹਿਰਾ ਉਥੇ ਅਰਥ ਕੀਤੇ ਹੋਏ ਹਨ-ਗੁਰਬਾਣੀ ਦੇ।

ਇਸ ਤੋਂ ਬਾਅਦ ਆਉਂਦੇ ਹਨ ਉਹ ਮਹੰਤ ਤੇ ਪੁਜਾਰੀ ਜਿੰਨ੍ਹਾਂ ਦੀ ਮਾਨੋਂ ਇਸ ਸਮੇਂ ਲਾਟਰੀ ਹੀ ਖੁੱਲ੍ਹ ਚੁੱਕੀ ਸੀ। ਉਨ੍ਹਾਂ ਕੋਲ ਨਾ ਬਹੁਤੀ ਵਿੱਦਿਆ ਸੀ ਤੇ ਨ ਹੀ ਉਨ੍ਹਾਂ ਨੂੰ ਇਸ ਦੀ ਲੋੜ ਸੀ। ਗੁਰਬਾਣੀ `ਚ ਹਰੇਕ ਪੌਰਾਣਕ ਰੈਫਰੈਂਸ ਭਾਵੇਂ ਅਵਤਾਰਾਂ ਸੰਬੰਧੀ ਸੀ, ਦੇਵੀ ਦੇਵਤਿਆਂ, ਪ੍ਰਚਲਤ ਭਗਵਾਨਾਂ ਜਾਂ ਗਣਿਕਾ, ਅਜਾਮਲ, ਧਰੁਵ, ਪ੍ਰਹਿਲਾਦ, ਦ੍ਰੋਪਦੀ ਆਦਿ ਸੰਬੰਧੀ। ਜਿਹੜੀਆਂ ਕਹਾਣੀਆਂ ਉਹ ਲੋਕ ਮੰਦਰਾਂ `ਚ ਬੈਠ ਕੇ ਸੁਣਾਉਂਦੇ ਸਨ, ਹੁਣ ਉਹੀ ਗੁਰਦੁਆਰਿਆਂ `ਚ ਬੈਠ ਕੇ ਸੁਨਾਉਣ ਲਈ ਵੀ ਉਨ੍ਹਾਂ ਕੋਲ ਖੁਲ੍ਹਾ ਮੌਕਾ ਸੀ। ਇਹ ਵੱਖਰੀ ਗੱਲ ਹੈ ਕਿ ਗੁਰੂ ਸਾਹਿਬ ਉਥੇ ਉਸ ਕਹਾਣੀ ਜਾਂ ਘਟਨਾ ਦਾ ਖੰਡਣ ਕਰ ਰਹੇ ਹਨ ਜਾਂ ਉਸਨੂੰ ਕਿਸੇ ਮਿਸਾਲ ਲਈ ਵਰਤ ਰਹੇ ਹਨ ਪਰ ਇੰਨ੍ਹਾਂ ਨੂੰ ਉਸ ਨਾਲ ਕੀ? ਇਸ ਰਸਤੇ ਇੰਨ੍ਹਾਂ ਦਾ ਤਾਂ ਆਪਣੇ ਮਤਲਬ ਲਈ ਸੌਖਾ ਹੱਲ ਬਣਿਆ ਪਿਆ ਸੀ।

ਇਸ ਸਾਰੇ ਦਾ ਨਤੀਜਾ, ਮੰਦਿਰਾਂ `ਚ ਹੋ ਰਹੀ ਸ਼ਿਵਲਿੰਗ ਦੀ ਪੂਜਾ ਦੀ ਤਰਜ਼ `ਤੇ ਉਸੇ ਕੱਚੀ ਲਸੀ ਨਾਲ ਗੁਰਦੁਆਰਿਆਂ, ਥੜ੍ਹਿਆਂ-ਫ਼ਰਸ਼ਾਂ ਤੇ ਨਿਸ਼ਾਨ ਸਾਹਿਬਾਂ ਦੇ ਸਨਾਨ, ਪਿੱਪਲ ਪੂਜਾ, ਸੰਗ੍ਰਾਂਦਾਂ -ਮੱਸਿਆਵਾਂ-ਪੂਰਨਮਾਸ਼ੀਆਂ, ਨੌਰਾਤੇ, ਸ਼ਰਾਧ, ਥਿੱਤ ਵਾਰ, ਅਸ਼ਟਮੀਆਂ, ਨੌਮੀਆਂ ਭਾਵ ਸਮ੍ਹੂਹ ਬ੍ਰਾਹਮਣੀ ਤਿਉਹਾਰ, ਰੀਤਾਂ-ਰਸਮਾਂ, ਸਗਨ ਤੇ ਵਿਸ਼ਵਾਸ ਵੀ ਸਿਧੇ ਤੇ ਗੁਰੂ ਦਰ ਰਸਤੇ, ਸੰਗਤਾਂ ਵਿਚਾਲੇ ਪੁੱਜ ਰਹੇ ਸਨ। ਗੁਰਬਾਣੀ ਨੂੰ ਮਨੁੱਖਾ ਜੀਵਨ-ਜਾਚ ਤੋਂ ਤੋੜ ਕੇ, ਵੇਚਣ-ਖਰੀਦਣ ਦਾ ਉਹੀ ਰੂਪ ਦੇ ਦਿੱਤਾ ਜਿਹੜਾ ਮੰਦਰਾਂ-ਸ਼ਿਵਾਲਿਆਂ `ਚ ਵੇਦ-ਮੰਤ੍ਰਾਂ ਆਦਿ ਲਈ ਚੱਲ ਰਿਹਾ ਸੀ। ਮੂਰਤੀ ਪੂਜਾ ਤੇ ਉਸਦੇ ਸਾਰੇ ਢੰਗਾਂ ਨੂੰ ਗੁਰਮੱਤ ਦੀ ਚਾਸ਼ਨੀ ਚੜ੍ਹਾ ਕੇ ਗੁਰਦੁਆਰਿਆਂ `ਚ ਲੈ ਆਂਦਾ। ਤੰਤ੍ਰ ਸ਼ਾਸਤ੍ਰ ਦੇ ਆਧਾਰ `ਤੇ ਗੁਰਬਾਣੀ ਦੇ ਅਖੰਡ ਪਾਠ, ਸਪਤਾਹਕ, ਪਾਕਸ਼ਕ, ਖੁੱਲ੍ਹੇ (ਸਾਧਾਰਣ) ਤੇ ਸੰਪਟ ਪਾਠ ਅਰੰਭ ਕਰ ਕੇ ਗੁਰਦੁਆਰਿਆਂ `ਚ ਗੁਰਬਾਣੀ ਵਪਾਰ ਦੇ ਨਵੇਂ ਕੇਂਦਰ ਖੋਲ੍ਹ ਦਿਤੇ ਗਏ।

ਅਨੇਕਾਂ ਸ਼ਬਦਾਂ ਨੂੰ ਮੰਤ੍ਰਾਂ ਦੀ ਤਰਜ਼ `ਤੇ ਕਾਮਨਾ ਸਿੱਧੀ, ਬਿਮਾਰੀਆਂ ਦੇ ਇਲਾਜ, ਮੁਕੱਦਮਿਆਂ ਦੀ ਸਫ਼ਲਤਾ ਦਾ ਰੂਪ ਦੇ ਕੇ ਪ੍ਰਚਲਤ ਕੀਤਾ ਗਿਆ। ਇਸੇ ਆਧਾਰ `ਤੇ ਸ਼ਬਦਾਂ ਨੂੰ ਵੰਡਣ ਤੇ ਉਨ੍ਹਾਂ ਦੇ ਰੱਟਿਆਂ ਦੀ ਪ੍ਰਥਾ ਵੀ ਅਰੰਭ ਕਰ ਦਿੱਤੀ। ਜਨਮ-ਮਰਨ, ਅਨੰਦ ਕਾਰਜ ਆਦਿ ਲਈ ਸਾਰੀਆਂ ਬ੍ਰਾਹਮਣੀ ਰਸਮਾਂ ਰੀਤਾਂ-ਕਰਮਕਾਂਡਾਂ ਨੂੰ ਗੁਰਬਾਣੀ ਦਾ ਲੇਬਲ ਲਗਾ ਕੇ ਸਿੱਖ ਸੰਗਤਾਂ ਦੇ ਘਰਾਂ ਤੀਕ ਪੁਚਾ ਦਿੱਤਾ ਗਿਆ ਅਤੇ ਇਸ ਲਈ ਉਨ੍ਹਾਂ ਨੂੰ ਬਹੁਤੀ ਮੇਹਨਤ ਵੀ ਨਾ ਕਰਣੀ ਪਈ।

ਹੋਰ ਤਾਂ ਹੋਰ, ਕੇਵਲ ਕਾਮਨਾ ਸਿੱਧੀਆਂ ਹੀ ਨਹੀਂ, ਹਰ ਤਰ੍ਹਾਂ ਦੀਆਂ ਮੰਗਾਂ ਨੂੰ ਅਰਦਾਸਾਂ, ਪਾਠਾਂ ਤੇ ਭਿੰਨ ਭਿੰਨ ਸ਼ਬਦਾਂ ਤੇ ਬਾਣੀਆਂ ਨੂੰ ਗਿਣਤੀ ਮਿਣਤੀ ਦੇ ਪਾਠਾਂ ਨਾਲ ਜੋੜ ਦਿੱਤਾ ਗਿਆ। ਜਿਵੇਂ ਪੰਡਤ ਲੋਕ ਮੰਦਰਾਂ `ਚ ਕਾਮਨਾਵਾਂ ਦੀ ਪੂਰਤੀ ਲਈ ਭਿੰਨ ਭਿੰਨ ਮੰਤ੍ਰ ਜਾਪ ਕਰਕੇ ਦਿੰਦੇ ਵੰਡਦੇ ਤੇ ਮਨ ਮਰਜ਼ੀ ਦੀਆਂ ਭੇਟਾਵਾਂ ਲੈਂਦੇ ਸਨ। ਹੁਣ ਠੀਕ ਉਹੀ ਨਿਯਮ ਪਾਠਾਂ ਅਤੇ ਵੱਖ ਵੱਖ ਸ਼ਬਦਾਂ ਤੇ ਅਰਦਾਸਾਂ ਲਈ ਵੀ ਲਾਗੂ ਹੋ ਗਿਆ। ਪਾਠ ਆਪਣੇ ਆਪ ਜਾਂ ਮਿਲ ਕੇ ਕਰਣ ਤੇ ਸਮਝਣ ਦੇ ਬਦਲੇ, ਪੈਸੇ ਖਰਚ ਕੇ ਕਰਵਾਉਣ ਦੀ ਮਾਨੋ ਚੀਜ਼ ਬਣ ਗਏ।

ਇਸੇ ਦਾ ਵਿਕ੍ਰਤ ਰੂਪ ਸੀ ਜਦੋਂ ਬਾਣੀ ਤੇ ਵੱਖ ਵੱਖ ਸ਼ਬਦਾਂ `ਤੇ ਅਥਰਬਣ ਵੇਦ ਆਧਾਰਿਤ ਧਾਗੇ-ਤਵੀਤਾਂ-ਰਿਧੀਆਂ-ਸਿਧੀਆਂ, ਵਸ਼ੀਕਰਣ, ਦੁਖ-ਬਿਮਾਰੀ ਹਰਣ ਵਾਲੇ ਨਿਯਮ ਵੀ ਲਾਗੂ ਕਰ ਦਿੱਤੇ ਗਏ। ਇਸ ਸਾਰੇ ਦਾ ਉਭਰਵਾਂ ਰੂਪ ਗੁਰਦੁਆਰਿਆਂ `ਚ ਅੱਜ ਵੀ ਦੇਖਿਆ ਜਾ ਸਕਦਾ ਹੈ ਤੇ ਸੰਗਤਾਂ ਦਿਨ ਦੀਵੀਂ ਲੁੱਟੀਆਂ ਜਾ ਰਹੀਆਂ ਹਨ। ਭਾਈ ਸਾਹਿਬ ਨੂੰ ਅਰਦਾਸ ਭੇਟਾ ਦੇ ਕੇ, ਕਾਮਣਾ ਸਿਧੀ ਲਈ ਅਰਦਾਸ ਕਰਵਾਉਣਾ, ਕਿਸੇ ਵੀ ਗੁਰਦੁਆਰੇ `ਚ ਕਿਸੇ ਵੀ ਦਿਨ ਜਾ ਕੇ ਦੇਖ ਸਕਦੇ ਹੋ।

ਉਪ੍ਰੰਤ ਉਸੇ ਵਿਚਲੇ ਸਮੇਂ `ਚ ਗੁਰਬਾਣੀ ਵਿਚਾਰਧਾਰਾ ਦੇ ਉਲਟ, ਗੁਰਮੱਤ ਦੀ ਚਾਸ਼ਨੀ ਚੜ੍ਹੇ, ਅਜਿਹੇ ਬੇਅੰਤ ਬ੍ਰਾਹਮਣੀ ਕਰਕਾਂਡਾ ਤੇ ਵਿਸ਼ਵਾਸਾਂ ਦੇ ਆਧਾਰ `ਤੇ ਸਾਖੀਆਂ ਦੇ ਨਾਮ ਤੇ ਫ਼ਰਜ਼ੀ ਕਹਾਣੀਆਂ ਦਾ ਘੜੇ ਜਾਣਾ ਤੇ ਉਨ੍ਹਾਂ ਦਾ ਸਿੱਖ ਇਤਿਹਾਸ ਦੇ ਨਾਮ `ਤੇ ਪ੍ਰਚਲਤ ਕਰ ਦੇਣਾ ਵੀ ਆਪਣੇ ਆਪ `ਚ ਸਪਸ਼ਟ ਹੋ ਜਾਂਦਾ ਹੈ। ਆਖ਼ਿਰ ਉਸ ਸਮੇਂ ਸਾਡੇ ਕਰਤਾ ਧਰਤਾ ਤੇ ਲਿਖਾਰੀ ਆਦਿ ਵੀ ਤਾਂ ਉਹ ਉਦਾਸੀ, ਨਿਰਮਲੇ, ਅਨੇਕਾਂ ਗੱਦੀਦਾਰ ਤੇ ਬਹੁਤਾ ਕਰਕੇ ਬ੍ਰਾਹਮਣ ਵਰਗ ਤੋਂ ਆਏ ਪਰ ਜ਼ਾਹਿਰਾ ਸਿੱਖ ਸਰੂਪ `ਚ ਭਾਈ ਸਾਹਿਬਾਨ, ਗ੍ਰੰਥੀ, ਮਹੰਤ, ਪੁਜਾਰੀ ਤੇ ਪ੍ਰਚਾਰਕ ਆਦਿ ਹੀ ਸਨ। ਇਸ ਤਰ੍ਹਾਂ ਅਜੋਕੀ ਭਾਈ ਬਾਲੇ ਵਾਲੀ ਜਨਮ ਸਾਖੀ, ਗੁਰਬਿਲਾਸ ਪਾ: ਛੇਵੀਂ ਤੇ ਗੁਰਬਿਲਾਸ ਪਾ: ਦਸਵੀਂ ਆਦਿ ਕਈ ਰਚਨਾਵਾਂ ਇਸ ਦੇ ਉਘੇ ਸਬੂਤ ਹਨ।

ਧਰਮਸਾਲਾਵਾਂ ਤੋਂ ਗੁਰਦੁਆਰੇ- ਇਸ ਤਰ੍ਹ੍ਰਾਂ ਥੋੜ੍ਹੇ ਸਮੇਂ `ਚ ਹੀ ਗੁਰੂ ਕੀਆਂ ਸੰਗਤਾਂ ਜਿਹੜੀਆਂ ਕਲ੍ਹ ਤੀਕ, ਯੋਗ ਪ੍ਰਚਾਰਕਾਂ ਪਾਸੋਂ ਗੁਰਬਾਣੀ ਤੋਂ ਜੀਵਨ-ਜਾਚ ਲੈ ਰਹੀਆਂ ਸਨ, ਉਸੇ ਹੀ ਗੁਰਬਾਣੀ ਦੇ ਪ੍ਰਚਾਰ ਲਈ ਉਨ੍ਹਾਂ ਹੀ ਧਰਮਸ਼ਾਲਾਵਾਂ (ਗੁਰਦੁਆਰਿਆਂ) `ਚ ਹੁਣ ਉਹ ਲੋਕ ਬੈਠੇ ਸਨ, ਜੋ ਮੂਲੋਂ ਗੁਰੂਦਰ ਦੇ ਵੱਡੇ ਵੈਰੀ ਸਨ ਪਰ ਬਾਹਰੋਂ ਸੱਜਨ। ਇਹ ਸਾਰੇ ਹੀ ਆਪਣੇ ਆਪਣੇ ਢੰਗ ਨਾਲ ਗੁਰੂ ਕੀਆਂ ਸੰਗਤਾਂ ਦੇ ਜੀਵਨ ਦੇ ਵਪਾਰੀ ਬਣੇ ਹੋਏ ਤੇ ਉਨ੍ਹਾਂ ਦੇ ਜੀਵਨ-ਰਹਿਣੀ ਨਾਲ ਖਿਲਵਾੜ ਕਰ ਰਹੇ ਸਨ। ਹੋਰ ਤਾਂ ਹੋਰ, ਸਿੱਖ ਧਰਮ ਸਥਾਨਾਂ ਦੇ ਨਾਮ ‘ਧਰਮਸਾਲਾਵਾਂ’ ਤੋਂ ‘ਗੁਰਦੁਆਰੇ’ ਹੋ ਜਾਣਾ ਵੀ ਲਗਭਗ ਉਸ ਵਿਚਲੇ ਸਮੇਂ ਦੀ ਹੀ ਦੇਣ ਹੈ। ਜਦਕਿ ਉਸ ਤੋਂ ਪਹਿਲਾਂ ਸਿੱਖ ਇਤਿਹਾਸ ਅੰਦਰ ‘ਗੁਰਦੁਆਰਾ’ ਲਫ਼ਜ਼ ਇਮਾਰਤਾਂ ਲਈ ਕਦੇ ਤੇ ਕਿਧਰੇ ਵੀ ਨਹੀਂ ਮਿਲਦਾ।

ਅੱਜ ਦੀ ਤਰ੍ਹਾਂ ਉਦੋਂ ਗੁਰਦੁਆਰੇ ਦੀ ਇਮਾਰਤ ਨੂੰ ਹੱਥ ਲਗਾ ਆਉਣ ਨਾਲ, ਕਿਸੇ ਰਾਹੀਂ ਗੁਰਦੁਆਰੇ ਹੋ ਕੇ ਵਾਪਿਸ ਆ ਜਾਣਾ ਬਿਲਕੁਲ ਨਹੀਂ ਸੀ ਹੁੰਦਾ। ਬਲਕਿ ਗੁਰਬਾਣੀ `ਚ ਤਾਂ ਗੁਰਬਾਣੀ ਸੋਝੀ ਹਾਸਲ ਕਰਣ ਲਈ, ਜੀਵਨ ਕਰਕੇ ਗੁਰੂ ਆਦੇਸ਼ਾਂ ਦੇ ਧਾਰਣੀ ਹੋਣ ਨੂੰ ਹੀ ਗੁਰੂਦੁਆਰੇ ਆਉਣਾ ਕਿਹਾ ਹੈ ਜਿਵੇਂ “ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ” (ਪੰ: ੭੨੩) ਉਂਜ ਵੀ ‘ਧਰਮਸਾਲ’ ਲਫ਼ਜ਼, ਆਪਣੇ ਆਪ `ਚ ਸਿੱਖ ਧਰਮ ਤੇ ਸਿੱਖ ਲਹਿਰ ਦੇ ਸਰਬ ਪੱਖੀ ਵਿਕਾਸ ਦਾ ਪ੍ਰਭਾਵ ਦਿੰਦਾ ਹੈ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਗੁਰਦੁਆਰੇ ਦਾ ਅਰਥ ਹੀ ਗੁਰੂ ਦੇ ਦਰ `ਤੇ ਪ੍ਰਵਾਣ ਹੋਣ ਲਈ ਜੀਵਨ ਦਾ ਸੁਆਸ-ਸੁਆਸ ਗੁਰਬਾਣੀ ਗੁਰੂ ਦੀ ਸਿੱਖਿਆ ਨੂੰ ਅਰਪਣ ਕਰਣਾ ਹੀ ਹੁੰਦਾ ਹੈ।

ਇਥੋਂ ਤੀਕ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਵੀ ‘ਹਰਿਮੰਦਿਰ’ ਦਾ ਲਫ਼ਜ਼ ਲਗਭਗ ਇਸੇ ਜੁਗ ਦੀ ਦੇਣ ਸਾਬਤ ਹੁੰਦੀ ਹੈ। ਜਦਕਿ ਗੁਰਬਾਣੀ `ਚ ‘ਹਰਿਮੰਦਿਰ ਜਾਂ ਹਰਮੰਦਰ’ ਲਫ਼ਜ਼ ੨੦ (ਵੀਹ) ਵਾਰੀ ਆਇਆ ਹੈ ਪਰ ਉਹ ਵੀ ਕਿਸੇ ਬਿਲਡਿੰਗ ਲਈ ਨਹੀਂ, ਹਿਰਦੇ ਘਰ ਜਾਂ ਸਾਧ ਸੰਗਤ ਲਈ। ਮਾਲੂਮ ਹੁੰਦਾ ਹੈ ਕਿ ਗੁਰੂ ਕੀਆਂ ਸੰਗਤਾਂ ਨੂੰ ਬ੍ਰਾਹਮਣੀ ਮੰਦਰਾਂ ਵਾਲੇ ਤਾਣੇ-ਬਾਨੇ `ਚ ਉਲਝਾਉਣ ਲਈ ਹੀ, ਦਰਬਾਰ ਸਾਹਿਬ ਨੂੰ ‘ਹਰਿਮੰਦਿਰ’ ਦਾ ਨਾਂ ਦਿੱਤਾ ਗਿਆ। ਇਥੇ ਹੀ ਬੱਸ ਨਹੀਂ, ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ `ਤੇ ਸੋਨੇ ਦਾ ਪੱਤ੍ਰਾ ਚੜ੍ਹਾਉਣ ਬਾਅਦ ਇਸਦਾ ਨਾਂ ‘ਹਰਿਮੰਦਿਰ’ ਤੋਂ ‘ਸੁਅਰਣ ਮੰਦਿਰ’ ਤੇ ਫ਼ਿਰ ਅੰਗ੍ਰੇਜ਼ਾਂ ਸਮੇ ‘ਗੋਲਡਨ ਟੈਂਪਲ’ ਪ੍ਰਚਲਤ ਹੋ ਗਿਆ।

ਇਤਿਹਾਸਕ ਮਿਲਾਵਟਾਂ ਵਾਲੀ ਦੌੜ-ਇਸ ਦੌਰ `ਚ ਭਾਵ ਸੰਨ ੧੭੧੬ ਤੋਂ ਬਾਅਦ ਸਿੱਖ ਇਤਿਹਾਸ ਦੀ ਵੀ ਭਰਵੀਂ ਉਲਟਾ-ਪਲਟੀ ਕੀਤੀ ਗਈ, ਇਸ ਨੇ ਵੀ ਸਿੱਖ ਮਾਨਸ ਨੂੰ ਗੁਰਬਾਣੀ ਜੀਵਨ ਤੋਂ ਦੂਰ ਲੈ ਜਾਣ `ਚ ਆਪਣਾ ਵੱਡਾ ਹਿੱਸਾ ਪਾਇਆ। ਕਿਧਰੇ ਗੁਰੂ ਸਾਹਿਬਾਨ ਦੇਵੀਆਂ ਦੀ ਪੂਜਾ ਕਰ ਰਹੇ ਹਨ, ਕਿਧਰੇ ਭੰਗ ਦੇ ਪ੍ਰਸ਼ਾਦਿ ਵੰਡੇ ਜਾ ਰਹੇ ਹਨ, ਕਿਧਰੇ ਗੁਰੂ ਸਾਹਿਬ ਨੂੰ ਪੁੱਤਰ ਕਾਮਨਾ ਲਈ ਬ੍ਰਾਹਮਣੀ ਤੀਰਥਾਂ ਦੇ ਸਨਾਨ ਤੇ ਬ੍ਰਾਹਮਣਾਂ ਨੂੰ ਦਾਨ-ਪੁੰਨ ਆਦਿ ਕਰਦੇ ਦੱਸਿਆ ਹੈ। ਕਿਧਰੇ ਸਾਬਤ ਕੀਤਾ ਹੈ ਕਿ ਤੀਜੇ ਪਾਤਸ਼ਾਹ ਰਾਤਾਂ ਬੱਧੀ ਬੈਠ ਕੇ ਤਪੱਸਿਆ ਕਰਦੇ ਸਨ ਤੇ ਤਪੱਸਿਆ ਦੌਰਾਨ ਨੀਂਦ ਆਉਣ ਤੋਂ ਸੁਚੇਤ ਰਹਿਣ ਲਈ ਆਪਣੇ ਕੇਸਾਂ ਨੂੰ ਕਿੱਲੀ ਨਾਲ ਬੰਣ੍ਹ ਲੈਂਦੇ ਸਨ। ਕਿਧਰੇ ਤੀਜੇ ਪਾਤਸ਼ਾਹ ਹੀ ਆਪਣੀ ਬਾਕੀ ਉਮਰ, ਚੌਥੇ ਪਾਤਸ਼ਾਹ ਨੂੰ ਦੇ ਰਹੇ ਹਨ। ਇਸੇ ਤਰ੍ਹਾਂ ਨਾਰੀਅਲ-ਤਿਲਕ ਦੀ ਵਰਤੋਂ ਕਰ ਕੇ ਗੁਰੱਗਦੀਆਂ ਸੋਂਪੀਆਂ ਜਾ ਰਹੀਆਂ ਹਨ।

ਉਪ੍ਰੰਤ ‘ਗੁਰੂ ਗ੍ਰੰਥ ਸਾਹਿਬ” ਦੀ ਸੰਪਾਦਨਾ ਸੰਬੰਧੀ ਮੋਹਨ ਦੇ ਚੁਬਾਰੇ ਤੋਂ ਤੇ ਸੰਗਲਾ ਦੀਪ ਆਦਿ ਤੋਂ ਬਾਣੀ ਇਕਤ੍ਰ ਕਰਣ ਦੀਆਂ ਕਈ ਕਹਾਣੀਆਂ ਘੜ ਕੇ ਪ੍ਰਭਾਵ ਦਿਤਾ ਗਿਆ ਹੈ ਕਿ ਬੀੜ ਅਧੂਰੀ ਹੈ ਤੇ ਕੁੱਝ ਬਾਣੀ ਬਾਹਰ ਵੀ ਛੁੱਟ ਗਈ ਹੈ। ਹੋਰ ਤਾਂ ਹੋਰ ਦਸਮੇਸ਼ ਪਿਤਾ ਨੂੰ ਬਾਕੀ ਨੌਂ ਗੁਰੂ ਵਿਅਕਤੀਆਂ ਤੋਂ ਨਿਖੇੜ ਕੇ ਪੇਸ਼ ਕਰਣਾ ਅਤੇ ਅਖੌਤੀ ‘ਦਸਮ ਗ੍ਰੰਥ’ ਪਰ ਅਸਲੋਂ “ਬਚਿਤ੍ਰ ਨਾਟਕ” ਜਿਸ `ਚ ਵਿਦਵਾਨਾਂ ਨੇ ਕੇਵਲ ਚਾਰ-ਪੰਜ ਰਚਨਾਵਾਂ ਹੀ ਦਸਮੇਸ਼ ਜੀ ਦੀਆਂ ਮੰਨੀਆਂ ਹਨ ਉਸਦੀ ਦੀ ਉਤਪਤੀ ਵੀ ਇਸੇ ਕਾਲ ਭਾਵ ਸੰਨ ੧੮੬੦ ਦੇ ਆਸ ਪਾਸ ਹੀ ਸਬਤ ਹੁੰਦੀ ਹੈ। ਇਸ ਤਰ੍ਹਾਂ ਪੌਰਾਣਕ ਆਧਾਰ `ਤੇ ਸਿੱਖ ਇਤਿਹਾਸ `ਚ ਮਿਲਾਵਟਾਂ, ਉਸ ਦੀਆਂ ਕਈ ਤਾਰੀਖਾਂ `ਚ ਅਦਲਾ ਬਦਲੀ ਤੇ ਗੁਰਬਾਣੀ ਅਰਥਾਂ `ਚ ਰਲ-ਗੱਡ। ਆਖਿਰ ਕਿਸ-ਕਿਸ ਇਤਿਹਾਸਕ ਮਿਲਾਵਟ ਦਾ ਵਰਨਣ ਕੀਤਾ ਜਾਵੇ, ਸਿਆਣੇ ਕਹਿੰਦੇ ਹਨ ਜਿਸ ਕੌਮ ਨੂੰ ਖ਼ਤਮ ਕਰਣਾ ਹੋਵੇ ਉਸ ਦੇ ਇਤਿਹਾਸ, ਤੇ ਰਹਿਤ-ਮਰਿਆਦਾ `ਚ ਰਲ-ਗੱਡ ਕਰ ਦੇਵੋ, ਕੌਮ ਆਪਣੇ ਆਪ ਮੁੱਕ ਜਾਵੇਗੀ। ਇਹ ਸਾਰੀ ਖੇਡ ਵਰਤਾਉਣ ਲਈ ਹੁਣ ਤਾਂ ਸ਼ੱਚ ਧਰਮ ਦੇ ਵਿਰੋਧੀਆਂ ਕੋਲ ਮੈਦਾਨ ਵੀ ਖਾਲੀ ਤੇ ਸਮਾਂ ਵੀ ਖੁੱਲ੍ਹਾ ਸੀ। ਆਖ਼ਿਰ ਇਹੀ ਤਾਂ ਭਾਰਤ ਜਮੇਂ ਪਲੇ ਪ੍ਰਵਾਣ ਚੜ੍ਹੇ ਤੇ ਲੰਮਾਂ ਸਮਾਂ ਰਾਜਸੀ ਤਾਕਤ ਤੱਕ ਪੁੱਜੇ ਬੁਧ ਧਰਮ ਨਾਲ ਵੀ ਹੋਇਆ ਸੀ ਜਿਸ ਦਾ ਕਿ ਜਿਵੇਂ ਭਾਰਤ `ਚੋਂ ਖਾਤਮਾ ਹੀ ਕੀਤਾ ਜਾ ਚੁੱਕਾ ਹੋਵੇ।

ਜੇ ਕਰ ਥੋੜ੍ਹਾ ਜਾਗ ਕੇ ਦੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਵਿਰੋਧੀਆਂ ਨੇ, ਸੰਨ ੧੪੬੯ ਤੋਂ ਸੰਨ ੧੧੭੧੬, ੨੪੭ ਸਾਲਾਂ ਦੇ ਸਿੱਖ ਇਤਿਹਾਸ ਨੂੰ ਹੀ ਆਪਣੇ ਵੱਲੋਂ ਤੇ ਆਪਣੇ ਢੰਗ ਨਾਲ ਮੁਕਾਅ ਦਿੱਤਾ ਸੀ। ਉਸੇ ਦਾ ਨਤੀਜਾ ਹੈ ਕਿ ਅੱਜ ਬਹੁਤਾ ਕਰਕੇ ਸਿੱਖ ਧਰਮ ਦੀ ਗੱਲ ਵੀ ਸ਼ੁਰੂ ਹੋ ਰਹੀ ਹੈ ਤਾਂ ਵਿਸਾਖੀ ੧੬੯੯ ਤੋਂ ਨਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ। ਹੋਰ ਤਾਂ ਹੋਰ ਪਿਛਲੇ ਸਾਲਾਂ `ਚ ਤਾਂ ਕੌਮ ਨੇ ਖ਼ੁੱਦ ਹੀ ਬੜੇ ਜੋਸ਼ ਨਾਲ, ਸੰਸਾਰ ਤਲ `ਤੇ ‘ਖਾਲਸੇ (ਸਿੱਖ ਧਰਮ) ਦਾ ੩੦੦ ਸਾਲਾ ਜਨਮ ਦਿਨ ਵੀ ਸੰਨ ੧੯੯੯ `ਚ ਮਨਾ ਲਿਆ।

ਇਸ ਤਰ੍ਹਾਂ ਸੰਸਾਰ ਨੂੰ ਆਪ ਹੀ ਫ਼ੈਸਲਾ ਵੀ ਦੇ ਦਿੱਤਾ ਕਿ ਇਸ ਤੋਂ ਪਹਿਲਾਂ ਸਿੱਖ ਕੌਮ ਦੀ ਵੱਖਰੀ ਹੋਂਦ ਤੇ ਬੁਣਿਆਦ ਹੈ ਹੀ ਨਹੀਂ ਸੀ। ਇਸ ਤਰ੍ਹਾਂ ਇਹ ਕੁਲ ਸਮਾਂ ਬਣਦਾ ਹੈ ਸੰਨ ੧੭੧੫ ਤੋਂ ਸੰਨ ੧੭੯੯ ਭਾਵ ਮਹਾਰਾਜਾ ਰਣਜੀਤ ਸਿੰਘ ਰਾਹੀਂ ਖਾਲਸਾ ਰਾਜ ਸਥਾਪਨਾ ਤੱਕ ਤੇ ਕੁਲ ੮੪ ਸਾਲ। ਜਦਕਿ ਸਾਡੀ ਅਧੋਗਤੀ ਦੀ ਇਹ ਵਾਰਤਾ ਤੇ ਦਾਸਤਾਂ ਇਥੇ ਵੀ ਸਮਾਪਤ ਨਹੀਂ ਹੁੰਦੀ। ਇਹ ਤਾ ਇਸ ਤੋਂ ਵੀ ਅੱਗੇ ਚਲਦੀ ਹੈ ਤੇ ਲੋੜ ਹੈ ਇਸ ਨੂੰ ਸਮਝਣ ਤੇ ਪਹਿਚਾਨਣ ਦੀ। #22 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.