.

ਨਿਰਵੈਰ

ਵੀਰ ਭੁਪਿੰਦਰ ਸਿੰਘ

ਆਓ, ਜ਼ਰਾ ਰੱਬ ਜੀ ਦੇ ਇਸ ‘‘ਨਿਰਵੈਰਤਾ’’ ਵਾਲੇ ਗੁਣ ਦੀ ਵਿਚਾਰ ਕਰੀਏ ਕਿ ਰੱਬ ਜੀ, ਕਿਸੇ ਨਾਲ ਵੈਰ ਨਹੀਂ ਕਰਦੇ ਹਨ, ਕੀ ਆਸਤਿਕ ਤੇ ਕੀ ਨਾਸਤਿਕ, ਕੀ ਪਾਪੀ ਤੇ ਕੀ ਪੁੰਨੀ, ਕੀ ਚੋਰ ਤੇ ਕੀ ਸਾਧੂ। ਸੰਤਾਂ, ਸਾਧਾਂ, ਚੋਰਾਂ, ਡਾਕੂਆਂ ਨੂੰ ਵੀ ਰੋਜ਼ੀ-ਰੋਟੀ ਦਿੰਦੇ ਹਨ। ‘‘ਦੇਦਾ ਦੇ ਲੈਦੇ ਥਕਿ ਪਾਹਿ।। ਜੁਗਾ ਜੁਗੰਤਰਿ ਖਾਹੀ ਖਾਹਿ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 2) ਕੇਵਲ ਗਾਵਾਂ-ਮੱਝਾਂ ਨੂੰ ਹੀ ਆਕਸੀਜਨ ਨਹੀਂ ਦਿੰਦੇ ਬਲਕਿ ਸੱਪਾਂ, ਠੂਹਿਆਂ, ਚੂਹਿਆਂ ਦੀ ਖੁੱਡ ’ਚ ਵੀ ਆਕਸੀਜਨ ਪਹੁੰਚਾ ਦਿੰਦੇ ਹਨ। ਰੱਬ ਜੀ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੇ ਹਨ ਭਾਵੇਂ ਰੱਬ ਜੀ ਦੀ ਹੋਂਦ ਨੂੰ ਕੋਈ ਮੰਨੇ ਜਾਂ ਨਾ ਮੰਨੇ, ਭਾਵੇਂ ਰੱਬ ਜੀ ਬਾਰੇ ਕੋਈ ਕੁਬੋਲ ਬੋਲੇ ਜਾਂ ਅਕਿਰਤਘਣਤਾ ਕਰੇ (ਭਾਵ ਰੱਬ ਜੀ ਦੇ ਦਿੱਤੇ ਦਾ ਸ਼ੁਕਰ ਨਾ ਕਰੇ)। ਰੱਬ ਜੀ ਕਿਸੇ ਉੱਤੇ ਕਦੀ ਵੀ ਨਾਰਾਜ਼ ਨਹੀਂ ਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਵਿਚ ਰੱਬ ਜੀ ਦੇ ਬੇਅੰਤ ਗੁਣਾਂ ਵਿਚੋਂ ਨਿਰਵੈਰਤਾ ਵਾਲੇ ਗੁਣ ਬਾਰੇ ਇਕ ਸ਼ਬਦ ਵਿੱਚ ਸਮਝਾਇਆ ਗਿਆ ਹੈ:

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।। ਹਉ ਸੰਮਲਿ ਥਕੀ ਜੀ ਓਹੁ ਕਦੇ ਨਾ ਬੋਲੈ ਕਉਰਾ।।

(ਗੁਰੂ ਗ੍ਰੰਥ ਸਾਹਿਬ, ਪੰਨਾ : 784)

ਭਾਵ, ਮੈਂ ਤਾਂ ਲੱਭ-ਲੱਭ ਥੱਕ ਗਈ ਪਰ ਰੱਬ ਜੀ ਦੀ ਕਰਨੀ ’ਚੋਂ ਕਦੀ, ਕੋਈ ਕੌੜਾ ਬੋਲ ਨਹੀਂ ਲੱਭਾ, ਕਿਉਂਕਿ ਰੱਬ ਜੀ ਤਾਂ : ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ।। (ਗੁਰੂ ਗ੍ਰੰਥ ਸਾਹਿਬ, ਪੰਨਾ : 784) ਭਾਵ ਪੂਰਨ ਹਨ। ਉਨ੍ਹਾਂ ਨੂੰ ਕਉੜਾ ਬੋਲ, ਕਿਸੇ ਨੂੰ ਸਜ਼ਾ ਦੇਣਾ, ਕਿਸੇ ਨਾਲ ਵੈਰ ਕੱਢਣਾ ਆਉਂਦਾ ਹੀ ਨਹੀਂ। ਇਸ ਦਾ ਮਤਲਬ, ਰੱਬ ਜੀ ਸ੍ਰਿਸ਼ਟੀ ਉੱਤੇ ਜ਼ੁਲਮ ਨਹੀਂ ਕਰਦੇ ਅਤੇ ਨਾ ਹੀ ਕਿਸੇ ਤੋਂ ਕਰਾਉਂਦੇ ਹਨ, ਨਾ ਹੀ ਕੋਈ ਬਦਲਾ ਲੈਣ ਜਾਂ ਵਿਤਕਰੇ ਦੀ ਭਾਵਨਾ ਕਾਰਨ ਉਹ ਕਰੋਪੀ, ਭੂਚਾਲ ਜਾਂ ਹੜ੍ਹ ਲਿਆਉਂਦੇ ਹਨ, ਸਗੋਂ ਇਹ ਸਭ ਰੱਬੀ ਨਿਯਮਾਂ ਅਧੀਨ ਹੁੰਦਾ ਹੈ। ਰੱਬ ਜੀ ਤਾਂ ਉਦਾਰਤਾ ਭਰੇ, ਸਮੁੰਦਰੀ ਹਿੱਕ, ਵਿਸ਼ਾਲ ਹਿਰਦੇ ਵਾਲੇ ਹਨ ਮਿਹਰ ਭਰੀ ਬਖ਼ਸ਼ਿਸ਼ ਦੀ ਬਾਰਿਸ਼ ਹੀ ਕਰਦੇ ਰਹਿੰਦੇ ਹਨ।

ਰੱਬ ਜੀ ਨਿਰਵੈਰ ਹਨ, ਇਸ ਕਰ ਕੇ ਸਾਡੇ ਅਵਗੁਣਾਂ ਨੂੰ ਚਿਤਾਰਦੇ ਹੀ ਨਹੀਂ ਬਲਕਿ ਵੇਖ ਕੇ ਅਣਡਿੱਠ ਵੀ ਕਰ ਦਿੰਦੇ ਹਨ। ਸਾਨੂੰ ਸਾਡੇ ਕਰਮਾਂ ਦੀ ਸਜ਼ਾ ਨਹੀਂ ਦਿੰਦੇ, ਬਲਕਿ : ਆਪੇ ਬੀਜਿ ਆਪੇ ਹੀ ਖਾਹੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 4) ਅਤੇ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 134) ਅਨੁਸਾਰ ਜੈਸਾ ਅਸੀਂ ਬੀਜਦੇ ਹਾਂ, ਵੈਸਾ ਹੀ ਵੱਢਦੇ ਹਾਂ। ਰੱਬ ਜੀ ਇਸ ਵਿੱਚ ਆਪਣਾ ਦਖ਼ਲ ਨਹੀਂ ਦਿੰਦੇ। ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਰੱਬ ਜੀ ਨੇ ਸ੍ਰਿਸ਼ਟੀ ਦੇ ਅਟੱਲ ਨਿਯਮ ਬਣਾ ਦਿੱਤੇ ਹਨ। ਉਨ੍ਹਾਂ ਮੁਤਾਬਿਕ :

ਬੀਜੈ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ।।

(ਗੁਰੂ ਗ੍ਰੰਥ ਸਾਹਿਬ, ਪੰਨਾ : 474)

ਜਿਵੇਂ ਕਿ ਮਨੁੱਖ ਜ਼ਹਿਰ ਬੀਜੇ ਅਤੇ ਅੰਮ੍ਰਿਤ ਰੂਪੀ ਫਲ ਪ੍ਰਾਪਤ ਕਰਨਾ ਚਾਹੇ ਜਾਂ ਮਨੁੱਖ ਕਿੱਕਰ ਬੀਜ ਕੇ ਅੰਬ ਪ੍ਰਾਪਤ ਕਰਨਾ ਚਾਹੇ ਤਾਂ ਕੁਝ ਵੀ ਉਲਟਾ ਸਿੱਧਾ ਨਹੀਂ ਹੋ ਸਕਦਾ ਕਿਉਂਕਿ ਕੁਦਰਤ ਦੇ ਨਿਯਮਾਂ ’ਚ ਸਦਾ ਨਿਆਉ ਹੀ ਹੁੰਦਾ ਹੈ। ਇਸ ਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਸਾਡੇ ਸੁੱਖ-ਦੁੱਖ ਦਾ ਕਾਰਨ ਅਸੀਂ ਆਪ ਹੀ ਹਾਂ, ਇਸ ’ਚ ਰੱਬ ਜੀ ਨਿਰਲੇਪ (ਅਛੋਹ) ਹਨ। ਅਸੀਂ ਜੈਸੀ ਕਰਨੀ ਕਰਦੇ ਹਾਂ ਜਾਂ ਜੈਸਾ ਸੋਚਦੇ ਹਾਂ ਉਸੇ ਅਨੁਸਾਰ ਹੀ ਅਸੀਂ ਸੁੱਖ-ਦੁੱਖ ਭੋਗਦੇ ਰਹਿੰਦੇ ਹਾਂ।

ਆਓ, ਹੁਣ ਰੱਬ ਜੀ ਦੇ ਇਸ ਨਿਰਵੈਰਤਾ ਵਾਲੇ ਗੁਣ ਨੂੰ ਆਪਣੇ ਨਿਜੀ ਜੀਵਨ ’ਚ ਢਾਲਣ ਬਾਰੇ ਵਿਚਾਰ ਸਾਂਝੀ ਕਰੀਏ।

ਰੱਬ ਜੀ ਨਿਰਵੈਰ ਹਨ ਪਰ ਅਸੀਂ ਤਾਂ ਸਭ ਨਾਲ ਵੈਰ ਕਰਦੇ ਹਾਂ। ਰੱਬ ਜੀ ਸਾਡੇ ਅਵਗੁਣਾਂ ਨੂੰ ਚਿਤਾਰਦੇ ਹੀ ਨਹੀਂ ਪਰ ਅਸੀਂ ਤਾਂ ਕਿਸੇ ਦੇ ਕੀਤੇ ਕਸੂਰ ਕਾਰਨ, ਸਾਰੀ ਉਮਰ ਵੈਰ ਹੀ ਕਮਾਉਂਦੇ ਰਹਿੰਦੇ ਹਾਂ। ਇਸੇ ਕਾਰਨ ਸਾਡੀ ਸਭ ਨਾਲ ਦੂਰੀ ਬਣੀ ਰਹਿੰਦੀ ਹੈ। ਜਦੋਂ ਸਾਡੀ ਹੋਰਨਾਂ ਨਾਲ ਵੈਰ ਅਤੇ ਈਰਖ਼ਾ ਕਾਰਨ ਦੂਰੀ ਬਣਦੀ ਹੈ, ਅਸੀਂ ਤੰਗਦਿਲੀ ਦੀਆਂ ਦੀਵਾਰਾਂ ਦੇ ਕਿਲ੍ਹੇ ’ਚ ਬੰਦ ਹੋ ਜਾਂਦੇ ਹਾਂ। ਸਾਡੀ ਆਤਮਾ ਦੀ ਉਡਾਰੀ ਰੁਕ ਜਾਂਦੀ ਹੈ। ਅਸੀਂ ਆਤਮਕ ਤੌਰ ’ਤੇ ਕਮਜ਼ੋਰ, ਵੈਰੀ ਅਤੇ ਬਦਲਾ ਲੈਣ ਵਾਲੀ ਬਿਰਤੀ ਵਾਲੇ ਬਣ ਜਾਂਦੇ ਹਾਂ। ਸਿੱਟੇ ਵਜੋਂ ਸਾਂਝੀਵਾਲਤਾ ਅਤੇ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ’’ ਵਾਲੀ ਵਿਸ਼ਾਲਤਾ ਸਾਡੇ ਤੋਂ ਦੂਰ ਹੀ ਰਹਿ ਜਾਂਦੀ ਹੈ। ਅਸੀਂ ਵਿਕਾਰੀ ਬੁੱਧੀ ਵੱਲ ਪ੍ਰੇਰਿਤ ਹੋ ਜਾਂਦੇ ਹਾਂ। ਜੋ ਮਨੁੱਖ ਸੱਚ ਦਾ ਪ੍ਰਚਾਰ ਕਰ ਰਿਹਾ ਹੋਵੇ ਅਤੇ ਉਸ ਪ੍ਰਚਾਰ ਨਾਲ ਜੇ ਸਾਡੀ ਹਉਮੈ ਨੂੰ, ਝੂਠੀ ਸ਼ਾਨ ਨੂੰ ਧੱਕਾ ਵਜਦਾ ਹੋਵੇ ਤਾਂ ਅਸੀਂ ਉਸ ਮਨੁੱਖ ਨਾਲ ਅੰਦਰੋਂ-ਅੰਦਰ ਵੈਰ ਕਮਾਉਣ ਲੱਗ ਪੈਂਦੇ ਹਾਂ।

ਸਾਨੂੰ ਚਾਹੀਦਾ ਸੀ ਕਿ ਰੱਬ ਜੀ ਦੇ ਨਿਰਵੈਰਤਾ ਭਰੇ ਗੁਣ ਨੂੰ, ਅਮਲ ’ਚ ਲਿਆਈਏ ਉਲਟੇ ਅਸੀਂ ਤਾਂ ਆਪ ਹੀ ਰੱਬ ਜੀ ਦੇ ਨਿਰਵੈਰਤਾ ਵਾਲੇ ਗੁਣ ਤੋਂ ਮੁਨਕਰ ਹੋ ਜਾਂਦੇ ਹਾਂ ਕਿਉਂਕਿ ਉਸਨੂੰ ਮੰਨਣ ਨਾਲ ਸਾਨੂੰ ਨਿਰਵੈਰਤਾ ਵਾਲੀ ਜੀਵਨੀ ਜਿਊਣੀ ਪਵੇਗੀ। ਮੁਨਕਰ ਹੋਣ ਦੇ ਕਾਰਨ ਹੀ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਫਿਰਦੇ ਹਾਂ ਕਿ ‘‘ਰੱਬ ਸਜ਼ਾਵਾਂ ਦਿੰਦਾ ਹੈ, ਸੁੱਖਣਾ ਸੁੱਖੀ ਨੂੰ ਪੂਰਾ ਨਾ ਕਰੋ ਤਾਂ ਹੇਠਲੀ-ਉਤਲੀ ਕਰ ਦਿੰਦਾ ਹੈ। ਅਸੀਂ ਆਪ ਵੀ ਸ਼ਰਧਾ ਭਰੀਆਂ ਪ੍ਰਾਰਥਨਾਵਾਂ, ਅਰਦਾਸਾਂ ਰਾਹੀਂ ਇਹ ਕਹਿੰਦੇ ਹਾਂ ਕਿ ਰੱਬ ਜੀ ਫਲਾਣੇ ਮਨੁੱਖ ਨੂੰ ਸਜ਼ਾ ਦੇਵੇ ਤਾਂ ਮੇਰੇ ਕਲੇਜੇ ’ਚ ਠੰਢ ਪਵੇ।’’ ਪਰ ਰੱਬ ਜੀ ਐਸੀਆਂ ਬਦਲੇ ਲੈਣ ਵਾਲੀਆਂ ਅਖੌਤੀ ਅਰਦਾਸਾਂ ਸੁਣ ਕੇ, ਆਪਣਾ ਨਿਰਵੈਰਤਾ ਵਾਲਾ ਗੁਣ ਨਹੀਂ ਛੱਡਦੇ ਬਲਕਿ ਐਸੀਆਂ ਪ੍ਰਾਰਥਨਾਵਾਂ ਸੁਣਦੇ ਹੀ ਨਹੀਂ ਹਨ। ਹੁਣ ਜੇ ਕਰ ਅਸੀਂ ਨਿਰਵੈਰਤਾ ਵਾਲਾ ਇਹ ਰੱਬੀ ਗੁਣ ਆਪਣੇ ਜੀਵਨ ’ਚ ਢਾਲ ਲਈਏ ਤਾਂ ਅਸੀਂ :

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 1299)

ਵਾਲੀ ਅਵਸਥਾ ਮਾਣ ਸਕਦੇ ਹਾਂ। ਫਿਰ ਤਾਂ ਭਾਵੇਂ ਕੋਈ ਅਮੀਰ ਹੋਵੇ ਜਾਂ ਗ਼ਰੀਬ, ਪਾਪੀ ਹੋਵੇ ਜਾਂ ਪੁੰਨੀ, ਦੇਸੀ ਹੋਵੇ ਜਾਂ ਪਰਦੇਸੀ, ਗੋਰਾ ਹੋਵੇ ਜਾਂ ਕਾਲਾ, ਸਾਡੇ ਮਜ਼ਹਬ ਦਾ ਹੋਵੇ ਜਾਂ ਗ਼ੈਰ-ਮਜ਼ਹਬੀ, (ਅਖੌਤੀ) ਨੀਵੀਂ ਜਾਤ ਦਾ ਹੋਵੇ ਤੇ ਭਾਵੇਂ ਉੱਚ ਜਾਤੀਆਂ, ਆਪਣਾ ਹੋਵੇ ਜਾਂ ਪਰਾਇਆ, ਸਾਡਾ ਸਭ ਨਾਲ ਨਿਰਵੈਰਤਾ ਕਾਰਨ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ’’ ਵਾਲਾ ਸਲੂਕ/ਵਤੀਰਾ ਬਣਦਾ ਜਾਂਦਾ ਹੈ। ਸਿੱਟੇ ਵਜੋਂ ਰੱਬ ਜੀ ਦਾ ਨਿਰਵੈਰਤਾ ਵਾਲਾ ਗੁਣ ਅਮਲੀ ਤੌਰ ਤੇ ਜਿਊਣ ਨਾਲ ਸਾਡੀ ਆਤਮਾ ਤਕੜੀ ਹੁੰਦੀ ਜਾਂਦੀ ਹੈ। ਜਦੋਂ ਅਸੀਂ ਇਹ ਸਮਝ ਜਾਂਦੇ ਹਾਂ ਕਿ :

ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ।।

(ਗੁਰੂ ਗ੍ਰੰਥ ਸਾਹਿਬ, ਪੰਨਾ : 1101)

ਰੱਬ ਜੀ ਜੇ ਕਿਸੇ ਦੇ ਅਵਗੁਣਾਂ ਨੂੰ ਨਹੀਂ ਚਿਤਾਰਦੇ ਹਨ ਅਤੇ ਸਭ ਨਾਲ ਇਕੋ ਜਿਹੇ ਰਹਿੰਦੇ ਹਨ ਤਾਂ ਰੱਬ ਜੀ ਦੇ ਇਸ ਗੁਣ ਨੂੰ ਆਪਣੇ ਜੀਵਨ ਵਿੱਚ ਧਾਰਦੇ-ਧਾਰਦੇ ਅਸੀਂ ਵੀ ਕਿਸੇ ਦੇ ਅਵਗੁਣਾਂ ਕਾਰਨ ਉਸ ਨਾਲ ਵੈਰ ਕਮਾਉਣ ਲਈ ਬਦਲਾ ਨਹੀਂ ਲੈਂਦੇ ਅਤੇ ਨਾ ਹੀ ਉਸ ਦੀ ਨਿੰਦਾ ਕਰਦੇ ਹਾਂ ਬਲਕਿ ਪਿੱਠ ਪਿੱਛੇ ਵੀ ਕਿਸੇ ਮਨੁੱਖ ਦੀ ਨਿੰਦਾ ਨਹੀਂ ਕਰਦੇ ਹਾਂ। ਇਸੇ ਕਾਰਨ ਅਸੀਂ ਦੂਜਿਆਂ ਨੂੰ ਮਾਫ਼ ਕਰਦੇ ਅਤੇ ਵੇਖ ਕੇ ਅਣਡਿੱਠ ਕਰਨ ਦਾ ਗੁਣ ਸਿੱਖਦੇ ਜਾਂਦੇ ਹਾਂ। ਸਿੱਟੇ ਵਜੋਂ, ਰੱਬੀ ‘‘ਨਿਰਵੈਰਤਾ’’ ਵਾਲਾ ਗੁਣ ਅਮਲੀ ਤੌਰ ’ਤੇ ਸਾਡੇ ਜੀਵਨ ’ਚ ਸਾਨੂੰ ਆਤਮਕ ਸੁੱਖ ਦੇਣ ਲੱਗ ਪੈਂਦਾ ਹੈ। ਕਿਉਂਕਿ :

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨਾ ਹਢਾਇ।। ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ।।

(ਗੁਰੂ ਗ੍ਰੰਥ ਸਾਹਿਬ, ਪੰਨਾ : 1382)

ਜਦੋਂ ਅਸੀਂ ਕਿਸੇ ਮਨੁੱਖ ਦੇ ਬੁਰੇ ਵਤੀਰੇ ਦੇ ਬਾਵਜੂਦ ਵੀ (ਬਦਲਾ ਲੈਣ ਬਦਲੇ) ਭਲਾ ਕਰਦੇ ਹਾਂ ਤਾਂ ਅਸੀਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਚੈਨ ਵਿੱਚ ਰਹਿੰਦੇ ਹਾਂ ਅਤੇ ਹਉਮੈ ਦੀ ਅਗਨੀ ਵਿੱਚ ਸੜਨੋਂ ਬਚ ਜਾਂਦੇ ਹਾਂ। ਸਾਨੂੰ ਨਿਮਰਤਾ ਅਤੇ ਮਿਠਾਸ ਵਾਲੀ, ਜੀਵਨੀ ਦੀ ਜਾਚ ਆ ਜਾਂਦੀ ਹੈ। ਇਸੇ ਕਾਰਨ ਪੂਰਨ ਮਨੁੱਖਤਾ ਵਲ ਅਸੀਂ ਵੱਧਦੇ ਜਾਂਦੇ ਹਾਂ। ਓੜਕ :‘‘ਸੰਪੂਰਨੁ ਥੀਆ ਰਾਮ।।’’ ਵਾਲੀ ਅਵਸਥਾ ਮਾਣਨ ਲੱਗ ਪੈਂਦੇ ਹਾਂ। ਸਾਡੇ ਜੀਵਨ ’ਚ ਠੰਢਕ, ਮਿਠਾਸ ਅਤੇ ਮਾਨਸਿਕ ਸ਼ੁੱਧਤਾ ਭਰਨ ਲਈ ਰੱਬੀ ਗੁਣ ‘ਨਿਰਵੈਰ’ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਿਧਾਂਤਾਂ ’ਚ ਅੰਕਿਤ ਕੀਤਾ ਗਿਆ ਹੈ।

ਨਿਰਵੈਰਤਾ ਵਾਲਾ ਗੁਣ ਅਮਲੀ ਤੌਰ ’ਤੇ ਭਾਈ ਘਨਈਆ ਜੀ ਨੇ ਜੀਵਿਆ। ਉਹ ਸਿੱਖ ਪੰਥ ਲਈ ਚਾਨਣ ਮੁਨਾਰਾ ਬਣੇ। ਉਹ ਮਸ਼ਹੂਰ ਹੀ ਇਸੇ ਕਰਕੇ ਸੀ ਕਿ ਇਹ ਨਿਰਵੈਰਤਾ ਦਾ ਅੰਮ੍ਰਿਤ ਉਨ੍ਹਾਂ ਦੇ ਜ਼ਿਹਨ ਵਿੱਚ ਸੀ ਜਿਸ ਕਾਰਨ ਉਨ੍ਹਾਂ ਨੂੰ ‘‘ਨਾ ਕੋ ਬੈਰੀ’’ ਨਜ਼ਰੀ ਪੈਂਦੇ ਸਨ ਤੇ ਉਨ੍ਹਾਂ ਨੇ ਗ਼ੈਰਾਂ ਨੂੰ ਵੀ (ਜਿਨ੍ਹਾਂ ਨੂੰ ਦੁਸ਼ਮਨ ਕਿਹਾ ਜਾਂਦਾ ਹੈ) ਪਾਣੀ ਪਿਲਾ ਕੇ ਮਲ੍ਹਮ ਪੱਟੀ ਕੀਤੀ ਸੀ। ਅਫ਼ਸੋਸ, ਅੱਜ ਅਸੀਂ ਭਾਈ ਘਨਈਆ ਜੀ ਦੀ ਵਡਿਆਈ ਕਰਦੇ ਥੱਕਦੇ ਨਹੀਂ ਪਰ ਆਪ ਭਾਈ ਘਨਈਆ ਜੀ ਵਲੋਂ ਨਿਰਵੈਰਤਾ ਭਰਪੂਰ ਨਿਭਾਇਆ ਗਿਆ ਕਿਰਦਾਰ ਅਪਨਾਉਣ ਲਈ ਤਿਆਰ ਹੀ ਨਹੀਂ ਹਾਂ।

ਰੋਜ਼ਮੱਰਾ ਦੀ ਜੀਵਨੀ ’ਚ, ਆਪਣੇ ਘਰਾਂ ਦੇ ਰਿਸ਼ਤਿਆਂ, ਕੰਮਾਂ ਕਾਜਾਂ ਅਤੇ ਇਸ ਦੁਨੀਆ ਦੇ ਨਾਲ ਇਸ ਕੀਮਤੀ ਨਿਰਵੈਰਤਾ ਵਾਲੇ ਗੁਣ ਨੂੰ ਜਿਊ ਕੇ, ਰੱਬੀ ਇਕਮਿਕਤਾ ਦਾ ਅਨੰਦ ਮਾਣ ਸਕਦੇ ਹਾਂ। ਤਕੜੀ ਸਾਡੇ ਹੱਥ ਹੈ ਕਿ ਅਸੀਂ ਵੈਰੀ ਵਾਲੇ ਅਵਗੁਣ ਨੂੰ ਵਜ਼ਨ ਜ਼ਿਆਦਾ ਦੇਣਾ ਹੈ ਕਿ ਨਿਰਵੈਰਤਾ ਵਾਲੇ ਕੀਮਤੀ ਗੁਣ ਨੂੰ।

ਜਦੋਂ ਅਸੀਂ ਨਿਰਵੈਰਤਾ ਵਾਲੇ ਕੀਮਤੀ ਗੁਣ ਨੂੰ ਜਿਊਣ ਲੱਗ ਪਵਾਂਗੇ ਤਾਂ ਜਿਸ ਨਾਲ ਵੀ ਪਲ ਭਰ ਦੀ ਪਿਆਰ ਭਰੀ ਸਾਂਝ ਕਰਾਂਗੇ, ਜ਼ਿੰਦਗੀ ਭਰ ਲਈ ਉਸ ਪਲ ਭਰ ਦੇ ਪਿਆਰ ਦੀ ਕੀਮਤ ਇਤਨੀ ਉੱਚੀ ਕਰ ਦਿਆਂਗੇ ਕਿ ਆਪਣੀ ਸੋਚ ਵਿੱਚ ਵੀ ਉਸਦਾ ਵਿਗਾੜ ਜਾਂ ਨਿੰਦਾ ਨਹੀਂ ਕਰਾਂਗੇ। ਇਹੋ ਤਾਂ ਨਿਰਵੈਰਤਾ ਭਰੇ ਹਿਰਦੇ ਦੀ ਧਾਰਮਕਤਾ ਦਾ ਲਖਾਇਕ ਹੁੰਦਾ ਹੈ ਕਿਉਂਕਿ ਧਾਰਮਕਤਾ ਵਿਖਾਉਣ ਲਈ ਨਹੀਂ ਹੁੰਦੀ ਬਲਕਿ ਜੀਵੀ ਜਾਂਦੀ ਹੈ।
.