.

ੴ ਸਤਿ ਗੁਰਪ੍ਰਸਾਦਿ॥
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ, ਸ੍ਰੀ ਅਕਾਲ ਪੁਰਖੁ ਜੀ ਸਹਾਇ॥

ਪ੍ਰਿਥਮੈ ਅਕਾਲ ਪੁਰਖੁ ਸਿਮਰਕੈ, ਪੰਥ ਦੀ ਹਾਲਤ ਵੱਲ ਧਰੋ ਜੀ ਧਿਆਨ। ਅੱਜ ਕੀ ਹੈ ਹਾਲਤ ਕੌਮ ਦੀ ਕਿਥੇ ਗਈ ਪੁਰਾਣੀ ਸ਼ਾਨ। ਸਾਡੇ ਆਗੂਆਂ ਜੋ ਜੋ ਕੀਤੀਆਂ ਆਉ ਸੁਣ ਲਉ ਲਾਕੇ ਧਿਆਨ। ਸਾਨੂੰ ਅਪਣਿਆਂ ਹੀ ਡੋਬਿਆ ਕਿਉਂ ਸੁਣਕੇ ਹੁੰਦੇ ਹੈਰਾਨ। ਜਿਨ੍ਹਾਂ ਬੇੜਾ ਰੋੜ੍ਹਿਆ ਕੌਮ ਦਾ, ਕੁੱਝ ਲਗਾ ਹਾਂ ਕਰਨ ਬਿਆਨ। ਮੇਰੇ ਨਾਲ ਹੁੰਗਾਰਾ ਭਰ ਦਿਉ ਪਈਏ ਲਾਹਣਤਾਂ ਇਨ੍ਹਾਂ ਸਭ ਨੂੰ। ਸਾਰੇ ਰਲਕੇ ਆਖੋ ਜੀ ਦੁਰ ਫਿੱਟੇ ਮੂੰਹ … … ਬੋਲੋ ਜੀ ਦੁਰ ਫਿੱਟੇ ਮੂੰਹ … … …॥
ਜਿਹੜੇ ਜੱਥੇਦਾਰਾਂ ਨੇ ਗੁਰਮਤਿ- ‘ਗੁਰਬਾਣੀ’ ਨੂੰ ਪਿੱਠ ਦੇ ਕੇ ਮਨ ਮਰਜ਼ੀ ਦੇ ਹੁਕਮਨਾਮੇ ਜ਼ਾਰੀ ਕੀਤੇ, ਗੁਰਮੁਖ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੂੰ ਪੰਥ ਚੋਂ ਛੇਕਿਆ, ਪੰਥ ਦੋਖੀਆਂ ਦੀ ਪਿੱਠ ਠੋਕੀ, ਮਨਮੱਤੀਆਂ ਦਾ ਪੱਖ ਪੂਰਿਆ, ਆਈਆਂ ਸ਼ਿਕਾਇਤਾਂ ਦਾ ਗੁਰਬਾਣੀ ਦੇ ਆਸ਼ੇ ਅਨੂੰਸਾਰ ਨਿਪਟਾਰਾ ਨਾਂਹ ਕੀਤਾ, ਪੈਸੇ ਤੇ ਗੱਦੀਆਂ ਦੇ ਲਾਲਚ ਵਿੱਚ ਆਕੇ ਪੰਥ ਦਾ ਨੁਕਸਾਨ ਕੀਤਾ, ਕਿਸੇ ਪੰਥ ਵਿਰੋਧੀ ਇਜੈੰਸੀ ਦੇ ਹੱਥ ਠੋਕੇ ਬਣੇ, ਉਨ੍ਹਾਂ ਬੁਜ਼ਿਦਲ ਤੇ ਲਾਲਚੀ ਜੱਥੇਦਾਰਾਂ ਨੂੰ ਸਾਰੇ ਰਲਕੇ ਆਖੋ ਜੀ ਦੁਰ ਫਿੱਟੇ ਮੂੰਹ … … … … … ਬੋਲੋ ਜੀ ਦੁਰ ਫਿਟੇ ਮੂੰਹ … … … … … … …. .॥
ਜਿਹੜੇ ‘ਪ੍ਰਚਾਰਕ’ ਤੇ ‘ਕਥਾ ਵਾਚਕ’ ਸਿੱਖ ਸਟੇਜਾਂ ਤੇ ਵਿਪਰਵਾਦ ਤੇ ਮਨਮਤ ਦਾ ਪ੍ਰਚਾਰ ਕਰਦੇ, ਮਨਘੜਤ ਸਾਖੀਆਂ ਸੁਣਾਕੇ ਸੰਗਤਾਂ ਨੂੰ ਗੁਮਰਾਹ ਕਰਦੇ, ਸਿੱਖ ਸਿਧਾਂਤ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦੇ, ਅੰਧਵਿਸ਼ਵਾਸ ਫੈਲਾਉਂਦੇ, ਗੁਰਬਾਣੀ ਦੇ ਸ਼ਬਦਾਂ ਦੀ ਮਨਮਰਜੀ ਦੀ ਵਿਆਖਿਆ ਕਰਦੇ, ਉਨ੍ਹਾਂ ਪ੍ਰਚਾਰਕਾਂ ਕਥਾਵਾਚਕਾਂ ਨੂੰ, ਸਾਰੇ ਰਲਕੇ ਆਖੋ ਜੀ ਦੁਰ ਫਿੱਟੇ ਮੂੰਹ … … … … ਬੋਲੋ ਜੀ ਦੁਰ ਫਿੱਟੇ ਮੂੰਹ … … … … …॥
ਜਿਨ੍ਹਾਂ ਨੇ ‘ਸ੍ਰੀ ਅਕਾਲਤਖਤ’ ਦੇ ਬਰਾਬਰ ਹੋਰ ਤਖਤ ਥਾਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁੱਲ ਹੋਰ ਗ੍ਰੰਥ ਰਖੇ, ਪੰਥ `ਚ ਵੰਡੀਆਂ ਪਵਾਈਆਂ, ‘ਇਕ ਪੰਥ’ ‘ਇਕ ਗ੍ਰੰਥ’ ‘ਇਕ ਅਕਾਲ’ ਦੇ ਸਿਧਾਂਤ ਨੂੰ ਖੋਰਾ ਲਾਇਆ ਕੌਮੀ ਇਤਿਹਾਸ ਦੀ ਭੰਨ ਤੋੜ ਕੀਤੀ, ਜਿਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ `ਚ ਮਨ ਆਈਆਂ ਕੀਤੀਆਂ, ਗੁਰਦੁਆਰਿਆਂ ਦਾ ਪੈਸਾ ਖਾਧਾ, ਗੋਲਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ, ਕਾਰਸੇਵਾ ਦੇ ਨਾਮ ਤੇ ਵਿਰਾਸਤੀ ਨਿਸ਼ਾਨੀਆਂ ਮਿਟਾਈਆਂ, ਬਿਰਧ ਸਰੂਪ ਆਖ ਕੇ ਦੁਰਲੱਭ ‘ਗ੍ਰੰਥ’ ਤੇ ਪੋਥੀਆਂ ਸਾੜੀਆਂ, ਉਨ੍ਹਾਂ ਸਾਜਿਸ਼ੀ ਲੋਕਾਂ ਨੂੰ ਸਾਰੇ ਰਲਕੇ ਆਖੋ ਜੀ ਦੁਰ ਫਿੱਟੇ ਮੂੰਹ …. . ਬੋਲੋ ਜੀ ਦੁਰ ਫਿੱਟੇ ਮੂੰਹ … …॥
ਜਿਹੜੇ ਲੋਕ ‘ਗੁਰਬਾਣੀ’ ਨੂੰ ਛੱਡਕੇ ਕੱਚੀ ਬਾਣੀ ਦਾ ਕੀਰਤਨ ਤੇ ਪਾਠ ਕਰਦੇ, ਬਚਿਤ੍ਰਨਾਟਕ ਜਿਹੇ ਗੰਦੇ ਤੇ ਅਸ਼ਲੀਲ ਗ੍ਰੰਥ ਦਾ ਗੁਰਦੁਆਰਿਆਂ ਤੇ ਡੇਰਿਆਂ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁੱਲ ਪ੍ਰਕਾਸ਼ ਕਰਦੇ, ਪੰਥਕ ਰਹਿਤ ਮਰਿਯਾਦਾ ਦੇ ਬਰਾਬਰ ਅਪਣੀ ਅਡੱਰੀ ਮਰਿਯਾਦਾ ਚਲਾਈ, ਅਲੱਗ ਡੇਰੇ ਬਣਾਕੇ ਗੱਦੀਆਂ ਲਗਾਈਆਂ, ਗੁਰ ਇਤਿਹਾਸ ਛੱਡਕੇ, ਡੇਰਿਆਂ ਦੇ ਮੁਖੀਆਂ ਦੇ ਦਿਹਾੜੇ ਮਨਉਂਦੇ, ਗਿਣਤੀ ਮਿਣਤੀ ਤੇ ਤਰ੍ਹਾਂ-ਤਰ੍ਹਾਂ ਦੇ ਪਾਠਾਂ ਦੇ ਚਕੱਰਾਂ `ਚ ਫਸਾਂਉਂਦੇ, ਸੰਗਤਾਂ ਤੋਂ ਮੱਥੇ ਟਿਕਾਉਂਦੇ ਊਚ-ਨੀਚ ਤੇ ਜਾਤਿ-ਪਾਤਿ ਦਾ ਵਿਤਕਰਾ ਕਰਦੇ, ਉਨ੍ਹਾਂ ਨੀਚ ਬਿਰਤੀ ਵਾਲੇ ਲੋਕਾਂ ਨੂੰ, ਸਾਰੇ ਰਲਕੇ ਆਖੋ ਜੀ ਦੁੱਰ ਫਿੱਟੇ ਮੂੰਹ …. ਬੋਲੋ ਜੀ ਦੁਰ ਫਿੱਟੇਮੂੰਹ … … … …॥
ਜਿਹੜੇ ਸਿੱਖ ਲੀਡਰਾਂ ਨੇ ਅਪਣੀ ਚੌਧਰ ਦੇ ਨਸ਼ੇ ਤੇ ਕੁਰਸੀ ਦੇ ਲਾਲਚ ਵੱਸ ਕੌਮ ਨਾਲ ਧ੍ਰੋਹ ਕਮਾਇਆ, ਨੌਜਵਾਨੀ ਦਾ ਘਾਣ ਕਰਵਇਆ, ਬੇਕਸੂਰ ਲੋਕਾਂ ਤੇ ਤਸ਼ੱਦਦ ਕਰਵਾਕੇ ਮਰਵਾਇਆ, ਬੀਬੀਆਂ ਦੀ ਪੱਤ ਰੋਲੀ, ਸਿੱਖ ਮਸਲਿਆਂ ਨੂੰ ਉਲਝਾਇਆ, ਕੌਮ ਦੀ ਕਿਸਮੱਤ ਦੇ ਸੌਦੇ ਕੀਤੇ, ਕੌਮ ਨੂੰ ਗੈਰਾਂ ਹੱਥ ਵੇਚਿਆ, ਦੂਰ ਅੰਦੇਸ਼ੀ ਨਾ ਵਰਤੀ, ਅਪਣੇ ਸਵਾਰਥ ਖਾਤਰ ਮੌਕਾਪ੍ਰਸਤ ਬਣੇ, ਉਨ੍ਹਾਂ ਬੇ-ਗੈਰਤ ਅਤੇ ਸਵਾਰਥੀ ਲੀਡਰਾਂ ਨੂੰ ਸਾਰੇ ਰਲਕੇ ਆਖੋ ਜੀ ਦੁਰ ਫਿੱਟੇ ਮੂੰਹ … … … ਬੋਲੋ ਜੀ ਦੁਰ ਫਿੱਟੇ ਮੂੰਹ … …. .॥
ਜਿਹੜੇ ਸਿੱਖ ‘ਮੜ੍ਹੀਆਂ-ਮਸਾਣਾਂ’ ਪੂਜਦੇ ਖਾਨਗਾਹਾਂ ਤੇ ਜਾਂਦੇ, ਸ਼ਹੀਦਾਂ ਦੇ ਚਿਰਾਗ ਲਗਾਉਂਦੇ, ਵਡਭਾਗੇ ਦੀਆਂ ਚੌਂਕੀਆਂ ਭਰਦੇ, ਧਾਗੇ ਤਵੀਤ ਕਰਦੇ ਕਰਵਾਉਂਦੇ, ਪੁੱਛਾਂ ਪਵਾਉਂਦੇ, ਪੀਰਾਂ ਦੇ ਰੋਟ ਸੁਖਦੇ, ਗੁਗੇ ਨੂੰ ਸੇਵੀਂਆਂ ਚੜ੍ਹਾਉਂਦੇ, ਵਰਤ ਰੱਖਦੇ, ਸਰਾਧ ਖਾਂਦੇ ਖਵਾਉਂਦੇ, ਮਨਮਤੀਆਂ ਦੇ ਡੇਰਿਆਂ ਤੇ ਜਾਂਦੇ ਥਾਂ-ਥਾਂ ਨੱਕ ਰੱਗੜਦੇ, ਜਿਹੜੇ ਭੇਖੀ ਸਿੱਖਾਂ ਨੇ ਸਿੱਖ ਪੰਥ ਨੂੰ ਬਦਨਾਮ ਕੀਤਾ, ਉਨ੍ਹਾਂ ਭੇਖੀ ਤੇ ਭੁੱਲੜ ਸਿੱਖਾਂ ਨੂੰ ਸਾਰੇ ਰਲਕੇ ਆਖੋ ਜੀ ਦੁਰ ਫਿੱਟੇ ਮੂੰਹ … … ਬੋਲੋ ਜੀ ਦੁਰ ਫਿੱਟੇ ਮੂੰਹ … …. .॥
ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਅਕਾਲ ਪੁਰਖ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜਿਹੜੇ ਮਨਮਤੀ ਤੇ ਮਨਮੁਖਾਂ ਦਾ ਏਥੇ ਜਿਕਰ ਕੀਤਾ ਗਿਆ ਹੈ ਉਨ੍ਹਾਂ ਲੋਕਾਂ ਦੇ ਦਰਸ਼ਨ ਤੋਂ ਬਚਾਈਂ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਾਹ ਵਾਸਤਾ ਨਾਂਹ ਪਵਾਈਂ, ਇਨ੍ਹਾਂ ਦੀਆਂ ਕੋਝੀਆਂ ਚਾਲਾਂ ਦਾ ਪਰਦਾ ਜਗ ਜਾਹਰ ਕਰਨਾ, ਇਨ੍ਹਾਂ ਦੀਆਂ ਸਾਜਿਸ਼ਾਂ ਕਾਮਯਾਬ ਨਾ ਹੋਣ ਦੇਣਾ … … … … …. . ਸੱਚੇ ਪਾਤਿਸ਼ਾਹ ‘ਦਾਵਾ ਅਗਨਿ ਬਹੁਤ ਤ੍ਰਿਨਿ ਜਾਲੇ ਕੋਈ ਹਰਿਆ ਬੂਟਿ ਰਹਿਉ ਰੀ” ਦੇ ਮਹਾਂ ਵਾਕ ਅਨੂੰਸਾਰ, ਏਨੀਆਂ ਦੁਸ਼ਵਾਰੀਆਂ ਹੁੰਦਿਆਂ ਹੋਇਆਂ ਵੀ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਤੇ ਗੁਰਮਤਿ ਦਾ ਪ੍ਰਚਾਰ ‘ਤਨ “ਮਨ” ਧਨ’ ਨਾਲ ਸੱਚੇ ਦਿਲੋਂ ਕਰਦੇ ਹਨ ਉਨ੍ਹਾਂ ਗੁਰਮੁਖਾਂ ਦੇ ਸਿਰ ਤੇ ਅਪਣੀਆਂ ਬਖਸ਼ਿਸ਼ਾਂ ਦਾ ਮੇਹਰ ਭਰਿਆ ਹੱਥ ਰਖਣਾ ਹੇ ਸਤਿਗੁਰੂ ਉਨ੍ਹਾਂ ਨੂੰ ਉਤਸ਼ਾਹ ਤੇ ਚਾਅ ਬਖਸ਼ਣਾ। ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਰਖਣਾ ਗੁਰੂ ਪੰਥ ਦੇ ਦਾਸਾਂ ਦੀ ਅਰਦਾਸ ਪ੍ਰਵਾਨ ਕਰਨਾ ਜੀ। “ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ”॥
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ-ਕਲਾਂ, {ਫਤਿਹਾਬਾਦ}. ਮੋਬਾਈਲ-94662-66708, 97287-43287,
.