.

{ਕਿਛ ਸੁਣੀਐ ਕਿਛੁ ਕਹੀਐ …}
ਜਸਵਿੰਦਰ ਸਿੰਘ “ਰੁਪਾਲ”
9814715796

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ ਵਿੱਚ ਪੰਨਾ 660 ਤੇ ਉਚਾਰੇ ਸ਼ਬਦ ਵਿੱਚ ਜਿੱਥੇ ਮਨੁੱਖ ਦੀ ਨਾਸ਼ਮਾਨਤਾ ਦਾ ਬਿਆਨ ਕੀਤਾ ਹੈ, ਉਥੇ ਇਸ ਥੋੜ੍ਹ ਚਿਰੇ ਜੀਵਨ ਨੂੰ ਮਾਇਆ ਅਤੇ ਵਿਸ਼ੇ ਵਿਕਾਰਾਂ ਦੀ ਦੌੜ ਵਿੱਚ ਨਾ ਗਵਾ ਕੇ ਅਕਾਲ ਪੁਰਖ ਦੇ ਗੁਣ ‘ਸੁਣਨ’ ਅਤੇ ‘ਗਾਉਣ’ ਦਾ ਉਪਦੇਸ਼ ਵੀ ਦਿੱਤਾ ਹੈ। ਗੁਰੂ ਸਾਹਿਬ ਨੇ “ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ “ਆਖ ਕੇ ਹੰਕਾਰ ਵਿੱਚ ਫਸੇ ਮਨੁੱਖ ਨੂੰ ਉਸ ਦੀ ਕੌੜੀ ਹਕੀਕਤ ਵੀ ਯਾਦ ਕਰਵਾਈ ਹੈ-ਜੇ ਦਮ ਆ ਗਿਆ ਤਾਂ ‘ਆਦਮੀ’, ਵਰਨਾ ਕੁੱਝ ਵੀ ਨਹੀਂ। ਰਹਾਉ ਦੀ ਪੰਕਤੀ, ਜਿਸ ਵਿੱਚ ਗੁਰਬਾਣੀ ਵਿਧਾਨ ਅਨੁਸਾਰ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਵਿੱਚ ਗੁਰੂ ਸਾਹਿਬ ਫੁਰਮਾਉਂਦੇ ਹਨ:-
“ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ।।” - ਗੁਰੂ ਨਾਨਕ ਜੀ (ਅੰਕ 660)
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਸਿਰਫ਼ ਮਾਇਆ ਦੀ ਦੌੜ ਵਿੱਚ ਹੈ ਅਤੇ ਇਸ ਦੀ ਪ੍ਰਾਪਤੀ ਲਈ ਵਿਸ਼ੇ ਵਿਕਾਰਾਂ ਵਿੱਚ ਅੰਨ੍ਹਾਂ ਹੋਇਆ ਫਿਰਦਾ ਹੈ। ਜੀਵਨ ਦੇ ਉਦੇਸ਼ ਨੂੰ ਭੁੱਲ ਗਿਆ ਹੈ। ਗੁਰੂ ਸਾਹਿਬ ਮਨੁੱਖ ਨੂੰ ਥੋੜ-ਚਿਰੇ ਜੀਵਨ ਦਾ ਅਹਿਸਾਸ ਕਰਾਉਂਦੇ ਹੋਏ ਸ਼ਬਦ ਵੀਚਾਰ ਵੱਲ ਪ੍ਰੇਰਿਤ ਕਰਦੇ ਹਨ। ‘ਵੀਚਾਰ’ ਸਾਡੇ ਜੀਵਨ ਦਾ ਮੁੱਖ ਧੁਰਾ ਹੈ। ਜੋ ਵੀ ਕੰਮ ਮਨੁੱਖ ਕਰਦਾ ਹੈ, ਵੀਚਾਰ ਦੇ ਰਾਹੀਂ ਹੀ ਕਰਦਾ ਹੈ ਅਤੇ ਹਰ ਵੀਚਾਰ ਦੇ ਪਿੱਛੇ ਫੁਰਨੇ ਹੁੰਦੇ ਹਨ। ਗੁਰੂ ਸਾਹਿਬ ਮਨੁੱਖ ਨੂੰ ਚੰਗੇ ਮੰਦੇ ਦੀ ਵੀਚਾਰ ਕਰਨ, ਸੱਚ ਝੂਠ ਦਾ ਨਿਖੇੜਾ ਕਰਨ ਅਤੇ
“ਊਤਮ ਸੰਗਤਿ ਊਤਮੁ ਹੋਵੈ।। ਗੁਣ ਕਉ ਧਾਵੈ ਅਵਗੁਣ ਧੋਵੈ।।”
-ਗੁਰੂ ਨਾਨਕ ਜੀ (ਅੰਕ 414)
ਦੀ ਸਲਾਹ ਦਿੰਦੇ ਹਨ। ਇਹ ਵੀਚਾਰ ਹੀ ਹੈ, ਸੋਚ, ਚਿੰਤਨ, ਜਾਂ ਬੁੱਧੀ ਹੀ ਹੈ, ਜਿਹੜੀ ਮਨੁੱਖ ਨੂੰ ਬਾਕੀ ਮਖਲੂਕਾਤ ਤੋਂ ਸ੍ਰੇਸ਼ਟ ਬਣਾਉਂਦੀ ਹੇ। ਉਕਤ ਪੰਕਤੀ ਵਿੱਚ ਵੀ ਇਹੀ ਸਿਧਾਂਤ ਦਰਸਾਇਆ ਗਿਆ ਹੈ:-
“ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ।।”
ਗੁਰੂ ਨਾਨਕ ਜੀ (ਅੰਕ 661)

ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਜਦ ਤੱਕ ਦੁਨੀਆਂ ਵਿੱਚ ਹੈਂ, ਐ ਨਾਨਕ! ਪ੍ਰਭੂ ਦੀ ਸਿਫਤ ਸਲਾਹ ਸੁਣ ਅਤੇ ਉਸ ਦੀ ਪ੍ਰਸੰਸਾ ਦੇ ਗੀਤ ਗਾ। ਅਸੀਂ ਢੂੰਡ ਕੇ ਥੱਕ ਚੁੱਕੇ ਹਾਂ, ਇੱਥੇ ਸਦਾ ਰਹਿਣ ਵਾਲੀ ਥਾਂ ਨਹੀਂ ਲੱਭੀ। ਇਸ ਲਈ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਤੂੰ ਵਿਸ਼ੇ ਵਿਕਾਰਾਂ ਵੱਲੋਂ ਅਤੇ ਹੰਕਾਰ ਵੱਲੋਂ ਮਰ ਜਾ। ਹਉਮੈ ਨੂੰ ਮਾਰਨਾ ਹੀ ਜੀਵਤਿਆ ਮਰਿ ਰਹੀਐ ਹੈ, ਜਿਸ ਤੋਂ ਬਾਅਦ ਸਦ-ਜੀਵਨ ਮਿਲ ਜਾਂਦਾ ਹੈ।
ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਵੀ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਮੁੱਖ ਧਾਰਮਿਕ ਆਗੂਆਂ-ਜੋਗੀਆਂ, ਕਾਜੀਆਂ, ਬ੍ਰਾਹਮਣਾਂ, ਸਿੱਧਾਂ, ਪੀਰਾਂ ਆਦਿ ਨਾਲ ਸੰਵਾਦ ਰਚਾਇਆ, ਉਨ੍ਹਾਂ ਨੂੰ ਸੁਣਿਆ ਅਤੇ ਫਿਰ ਆਪਣੀ (ਪ੍ਰਭੂ ਦੇ ਘਰ ਦੀ) ਗੱਲ ਕਹੀ। ਸਿੱਧ ਗੋਸ਼ਟਿ ਵਿੱਚ ਪਹਿਲਾਂ ਸਿੱਧਾਂ ਨੂੰ ਸੁਣਿਆ। ਉਹ ਪਹਿਲਾਂ ਬੋਲਦੇ ਹਨ, ਪ੍ਰਸ਼ਨ ਪੁੱਛਦੇ ਹਨ ਅਤੇ ਪਿੱਛੋਂ ਗੁਰੂ ਸਾਹਿਬ ਆਪਣੇ ਪ੍ਰੇਮ ਭਰੇ ਅਣੀਆਲੇ ਤੀਰਾਂ ਵਾਲੀ ਬਾਣੀ ਰਾਹੀਂ ਉਨ੍ਹਾਂ ਨੂੰ ਜਵਾਬ ਦਿੰਦੇ ਹਨ। ਇਸੇ ਤਰਾਂ ਬਾਕੀ ਬਾਣੀਕਾਰ ਵੀ ਵੱਖ ਵੱਖ ਸਮੇਂ ਤੇ ਵੱਖ ਵੱਖ ਲੋਕਾਂ ਨਾਲ ਵਿਚਾਰ –ਚਰਚਾ ਕਰਦੇ ਹਨ।
ਦੁਨਿਆਵੀ ਪੱਖ ਵਿੱਚ ਵੀ ਅਸੀਂ ਜਾਣਦੇ ਹਾਂ ਕਿ ਬੋਲਣਾ ਉਸੇ ਦਾ ਪ੍ਰਵਾਨ ਹੁੰਦਾ ਹੈ, ਜਿਸ ਨੂੰ ਸੁਣਨਾ ਆਉਂਦਾ ਹੋਵੇ। ਵਿਦਵਾਨ ਲੋਕ ਇੱਕ ਸਰੋਤੇ ਨੂੰ ਤਿੰਨ ਵਕਤੇ ਦੇ ਬਰਾਬਰ ਮੰਨਦੇ ਹਨ। ਇਹ ਕਥਨ ਵੀ ਗੁਰਬਾਣੀ ਦੇ ਹੀ ਫੁਰਮਾਨਾਂ ਚੋਂ ਹੀ ਲਿਆ ਗਿਆ ਹੈ:-
“ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ।।
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ।।”
ਗੁਰੁ ਅਮਰ ਦਾਸ ਜੀ (ਅੰਕ922)
“ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ।।
ਨਾਮੁ ਜਪੈ ਨਾਨਕ ਮਨਿ ਪ੍ਰੀਤਿ।।” ਗੁਰੁ ਅਰਜਨ ਦੇਵ ਜੀ (ਅੰਕ 279)

ਅਸੀਂ ਜਾਣਦੇ ਹਾਂ ਕਿ ਇੱਕ ਅੱਛਾ ਸਰੋਤਾ ਹੀ ਵਧੀਆ ਵਕਤਾ ਬਣ ਸਕਦਾ ਹੈ। ਪਰ ਅਫ਼ਸੋਸ, ਕਿ ਸਾਨੂੰ ਤਾਂ ਅਜੇ ਸੁਣਨਾ ਵੀ ਨਹੀਂ ਆਇਆ। ਜੇ ਸੁਣਨਾ ਆ ਜਾਂਦਾ, ਤਾਂ ਸਾਡੇ ਦੁੱਖ ਅਤੇ ਪਾਪ ਕੱਟੇ ਜਾਣੇ ਸਨ- “ਸੁਣਿਐ ਦੂਖ ਪਾਪ ਕਾ ਨਾਸੁ।।” (ਅੰਕ 2)
ਅਸਲ ਵਿੱਚ ਸਾਨੂੰ ਇਹ ਹੀ ਨਹੀਂ ਪਤਾ ਕਿ ਸੁਣਨਾ ਕੀ ਹੈ ਅਤੇ ਕੀ ਬੋਲਣਾ ਹੈ? ਗੁਰੁ ਅਮਰਦਾਸ ਜੀ “ਅਨੰਦ” ਬਾਣੀ ਵਿੱਚ ਸੁਚੇਤ ਕਰਦੇ ਹਨ-
“ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ।।
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ।।”
ਗੁਰੁ ਅਮਰ ਦਾਸ ਜੀ (ਅੰਕ 922)

ਪਰ ਅਸੀ ‘ਸੱਚ’ ਕਿੱਥੋਂ ਸੁਣਦੇ ਹਾਂ? ਸਾਡੇ ਕੰਨ ਤਾਂ ਨਿੰਦਾ, ਚੁਗਲੀ, ਅਨਰਸ ਬੋਲ ਅਤੇ ਗੰਧਣ ਵੈਣਿ ਸੁਣਨਾ ਪਸੰਦ ਕਰਦੇ ਹਾਂ ਅਤੇ ਕੁਦਰਤੀ ਗੱਲ ਹੈ ਕਿ ਜੈਸਾ ਸੁਣਾਂਗੇ, ਸੁਣਦੇ ਰਵਾਂਗੇ, ਉਹੋ ਜਿਹਾ ਹੀ ਸਾਡੇ ਅੰਦਰ ਡੂੰਘੀ ਛਾਪ ਛੱਡਦਾ ਜਾਵੇਗਾ ਅਤੇ ਸੰਸਕਾਰ ਬਣਦੇ ਜਾਣਗੇ। ਅਤੇ ਅਸੀਂ ਬੋਲਾਂਗੇ ਵੀ ਓਹੀ, ਜੋ ਹੁਣ ਤੱਕ ਸੁਣਦੇ ਰਹੇ ਹਾਂ। ਸਾਡੇ ਬੋਲ ਵੀ ਦੁਨਿਆਵੀ ਸਵਾਰਥਾਂ ਅਤੇ ਮਾਇਆਵੀ ਜਾਲ ਤੋਂ ਆਜਾਦ ਨਹੀਂ ਹਨ। ਇਸੇ ਲਈ ਅਸੀਂ ਪਰਮ ਪਿਤਾ ਨਾਲ ਸਾਂਝ ਨਹੀਂ ਬਣਾ ਸਕਦੇ।
“ਗੰਢੁ ਪਰੀਤੀ ਮਿੱਠੇ ਬੋਲ।।” - ਗੁਰੁਨਾਨਕ ਜੀ (ਅੰਕ 143)
ਪਰ ਅਸੀਂ ਮਿੱਠੇ ਬੋਲ ਵਿਸਾਰ ਦਿੱਤੇ ਹਨ।
ਪਹਿਲਾਂ ਸੁਣਨਾ, ਫਿਰ ਮੰਨਣਾ ਅਤੇ ਮਨ ਵਿੱਚ ਭਾਉ ਰੱਖਣਾ ਉਸ ਪ੍ਰਭੂ ਨੂੰ ਮਿਲਣ ਲਈ ਜਰੂਰੀ ਹੈ।
“ਸੁਣਿਆ ਮੰਨਿਆ ਮਨਿ ਕੀਤਾ ਭਾਉ।।” –ਗੁਰੂ ਨਾਨਕ ਜੀ (ਅੰਕ 4)
“ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ।।” -ਗੁਰ ਅਮਰ ਦਾਸ ਜੀ (ਅੰਕ 426)
ਧਾਰਮਿਕ ਜਗਤ ਵਿੱਚ ਪ੍ਰਭੂ ਪਿਤਾ ਦੀ ਸਿਫਤ ਸਾਲਾਹ ਸੁਣਨਾ, ਗੁਰਮੁਖਾਂ ਦੀ ਵੀਚਾਰ ਸੁਣਨੀ, ਸ਼ਬਦ ਵੀਚਾਰ ਕਰਨੀ ਅਤੇ ਅਕਾਲ ਪੁਰਖ ਦੇ ਗੁਣ ਗਾਉਣੇ ਅਤੇ ਹਰਿ ਜਸ ਕਰਨ ਦੀ ਹੀ ਵਡਿਆਈ ਹੈ।
ਗੁਰੂ ਹੁਕਮ ਤਾਂ ਇੱਥੋਂ ਤੱਕ ਹੈ:-
“ਸੰਤੁ ਮਿਲੈ ਕਿਛੁ ਸੁਨੀਐ ਕਹੀਐ।।
ਮਿਲੈ ਅਸੰਤੁ ਮਸ਼ਟਿ ਕਰਿ ਰਹੀਐ।।” – ਭਗਤ ਕਬੀਰ ਜੀ (ਅੰਕ 870)
ਸਿਰਫ ਸੰਤਾਂ (ਪ੍ਰਭੂ ਪ੍ਰੇਮ ਵਾਲੇ ਗੁਰਮੁਖਿ ਜਨ) ਨਾਲ ਹੀ ਗੱਲ ਕਰਨੀ ਚਾਹੀਦੀ ਹੈ (ਉਹ ਵੀ ਸਿਰਫ ਹਰਿ ਜਸ), ਵਰਨਾ ਮਸ਼ਟਿ ਯਾਨੀ ਚੁੱਪ ਕਰ ਜਾਣਾ ਚਾਹੀਦਾ ਹੈ।
ਦੁਨਿਆਵੀ ਤੌਰ ਤੇ ਵੀ ਵਿਚਾਰ ਵਿੱਚ ਬੜੀ ਤਾਕਤ ਹੈ। ਹੁਣ ਤੱਕ ਹੋਈਆਂ ਦੋ ਵੱਡੀਆਂ ਸੰਸਾਰ ਜੰਗਾਂ ਦਾ ਅੰਤ ਕਿੱਥੇ ਹੋਇਆ? ਆਖਰ ਗੱਲਬਾਤ ਤੇ ਜਾਂ ਸਮਝੌਤੇ ਤੇ …। ਕੱਲ ਆਉਣ ਵਾਲੇ ਸਮੇਂ ਵਿੱਚ ਵੀ ਅਤੇ ਆਧੁਨਿਕ ਸਮੇ ਵਿੱਚ ਵੀ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਹੈ-ਵੀਚਾਰ, ਚਿੰਤਨ। ਪਰ ਇਹ ਵਿਚਾਰ ਕੌਣ, ਕਦੋਂ, ਕਿਵੇ ਕਰ ਰਿਹਾ ਹੈ। ਂ ਇਹ ਦੇਖਣ ਵਾਲੀ ਗੱਲ ਹੈ ਅਤੇ ਇਸੇ ਤੇ ਹੀ ਸਿੱਟੇ ਨਿਰਭਰ ਕਰਦੇ ਹਨ।
ਤਾਂ ਤੇ ਆਓ ਕੁੱਝ ਫੈਸਲੇ ਅੱਜ ਹੀ ਕਰੀਏ। ਪਹਿਲੀ ਗੱਲ ਸੁਣਨਾ ਸਿੱਖੀਏ, ਪਰ ਇਸ ਨੂੰ ਵੀ ਪੁਣਨਾ ਜਰੂਰੀ ਹੈ। ਸਿਰਫ਼ ਅਤੇ ਸਿਰਫ਼ ਜੀਵਨ ਦੇ ਅਸਲ ਉਦੇਸ਼ਾਂ ਵੱਲ ਲੈ ਜਾਣ ਵਾਲੇ ਮਹਾਂਪੁਰਖਾਂ ਅਤੇ ਸੂਰਮਿਆਂ ਦੇ ਬਚਨ ਹੀ ਸੁਣੀਏ, ਜਿਹੜੇ ਸਾਡੇ ਆਪਣੇ ਜੀਵਨ ਵਿੱਚ ਕੁੱਝ ਤਬਦੀਲੀਆਂ ਲਿਆ ਸਕਣ। ਆਪਣੇ ਫ਼ਰਜ਼ਾਂ ਨੂੰ ਯਾਦ ਕਰਾਉਂਦੇ ਉਪਦੇਸ਼ ਜਰੂਰ ਸੁਣੀਏ। ਹਾਂ ਆਪਣੇ ਹੱਕਾਂ ਦੀ ਗੱਲ ਵੀ ਸੁਣੀਏ ਅਤੇ ਕਰੀਏ। ‘ਸੱਚ’ ਨੂੰ ਸੁਣਨ ਦਾ ਹੌਸਲਾ ਕਰੀਏ। ਆਪਣੇ ਤੋਂ ਛੋਟਿਆਂ, ਨੀਵਿਆਂ ਅਤੇ ਲਿਤਾੜਿਆਂ ਨੂੰ ਸੁਣੀਏ। ਦੁਖੀਆਂ ਦੇ ਦੁੱਖੜੇ ਸੁਣੀਏ, ਜਗਤ ਜਲੰਦੇ ਦੀਆਂ ਚੀਕਾਂ ਸੁਣੀਏ, ਲੁੱਟੇ ਜਾਣ ਵਾਲੇ ਲੋਕਾਂ ਦੀਆਂ ਭਾਵਨਾਵਾਂ, ਜੋ ਦਰਦ ਦੇ ਰੂਪ ਵਿੱਚ ਹਨ, ਉਨ੍ਹਾਂ ਨੂੰ ਆਪਣੇ ਕੰਨ੍ਹਾਂ ਵਿੱਚ ਪੈਣ ਦੇਈਏ। ਆਪਣੇ ਆਲੋਚਕਾਂ, ਨਿੰਦਕਾਂ ਨੂੰ ਸੁਣੀਏ ਤਾਂ ਕਿ ਆਪਣੇ ਵਿੱਚ ਸੁਧਾਰ ਕੀਤਾ ਜਾ ਸਕੇ। “ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨਿ।।” ਅਨੁਸਾਰ ਮਹਾਂਪੁਰਖਾਂ ਨੂੰ, ਵਧੀਆ ਜੀਵਨ ਜੀਊ ਚੁੱਕੇ ਅਤੇ ਜੀਉ ਰਹੇ ਮਰਜੀਵੜਿਆਂ ਨੂੰ ਸੁਣੀਏ ਅਤੇ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲੀਏ।
ਤੇ ਫਿਰ ਬੋਲਣਾ? ਬੋਲਣ ਤੋਂ ਬਿਨਾਂ ਵੀ ਤਾਂ ਗੁਜ਼ਾਰਾ ਨਹੀਂ। ਗੁਰੂ ਸਾਹਿਬ ਨੇ ਕਿਹਾ ਹੈ:-
“ਸੰਤਨ ਸਿਉ ਬੋਲੇ ਉਪਕਾਰੀ।। ਮੂਰਖ ਸਿਉ ਬੋਲੇ ਝਖ ਮਾਰੀ।।
ਬੋਲਤ ਬੋਲਤ ਬਢਹਿ ਬਿਕਾਰਾ।। ਬਿਨੁ ਬੋਲੇ ਕਿਆ ਕਰੇ ਬੀਚਾਰਾ।।”
ਕਬੀਰ ਜੀ (ਅੰਕ 870)
ਬੋਲਣ ਤੋਂ ਬਿਨਾ ਵੀਚਾਰ ਵੀ ਨਹੀਂ ਹੋ ਸਕਦੀ। ਇਸ ਲਈ ਬੋਲਣਾ ਜਰੂਰੀ ਵੀ ਹੈ। ਪਰ ਕੀ ਬੋਲਿਆ ਜਾਵੇ? ਗੁਰੂ ਅਮਰਦਾਸ ਜੀ ਚਿਤਾਵਨੀ ਦਿੰਦੇ ਹਨ:-
“ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ।।
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ।।”
ਅਮਰਦਾਸ ਜੀ (ਅੰਕ 921)
ਬੋਲਣ ਬਾਰੇ ਕੁੱਝ ਖਾਸ ਨੁਕਤੇ ਇਹ ਹਨ –ਪ੍ਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਬੋਲੇ ਜਾਣ। “ਮੁਹੋ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ” ਦਾ ਜਵਾਬ ਗੁਰੂ ਨਾਨਕ ਜੀ ਆਪ ਹੀ ਦਿੰਦੇ ਹਨ – “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।” ਦੁਨੀਆਂ ਵਿੱਚ ਵਿਚਰਦੇ ਹੋਏ ਵੀ ਮਿੱਠੇ ਬੋਲਾਂ ਨਾਲ ਹਰ ਮੈਦਾਨ ਫਤਹਿ ਪਾਈ ਜਾ ਸਕਦੀ ਹੈ। ਐਸੇ ਬੋਲ ਬੋਲੇ ਜਾਣ ਜਿਸ ਨਾਲ ਕਿਸੇ ਦਾ ਦਿਲ ਨਾ ਦੁਖੇ। ਹਮਦਰਦੀ ਅਤੇ ਪਿਆਰ ਭਰੇ ਬੋਲ ਇੱਕ ਦੁਖੀਏ ਦਾ ਦੁੱਖ ਦੂਰ ਕਰਨ ਦੀ ਯੋਗਤਾ ਰੱਖਦੇ ਹਨ। ਬੋਲ ਸਿਰਫ ਓਹੀ ਬੋਲੇ ਜਾਣ, ਜੋ ਪੁਗਾਏ ਜਾ ਸਕਣ।
“ਬਚਨੁ ਕਰੇ ਤੈ ਖਿਸਕਿ ਜਾਏ, ਬੋਲੇ ਸਭੁ ਕਚਾ।।” -ਅਰਜਨ ਦੇਵ ਜੀ (ਅੰਕ 1099)
ਸੁਣਨ ਅਤੇ ਬੋਲਣ ਦੀ ਕਾਫ਼ੀ ਗੱਲ ਹੋ ਗਈ ਹੈ। ਮੈਂ ਬੋਲਣ ਦਾ ਰੋਲ ਅਦਾ ਕੀਤਾ ਹੈ ਅਤੇ ਤੁਸੀਂ ਸੁਣਨ ਦਾ। ਤੁਸੀਂ ਸੱਚਮੁੱਚ ਮਹਾਨ ਹੋ ਜੋ ਤੁਸੀਂ ਮੇਰੇ ਤੁੱਛ ਜਿਹੇ ਵਿਚਾਰਾਂ ਨੂੰ ਵੀ ਬੜੇ ਠਰੰਮੇ ਨਾਲ ਸੁਣਿਆ ਹੈ। ਬਹੁਤ ਬਹੁਤ ਧੰਨਵਾਦ। ਗਲਤੀਆਂ ਲਈ ਖ਼ਿਮਾ ਕਰਨਾ। … …. .
----------------------00000----------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126




.