.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਇਕਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

੧੧.‘ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ’ ਆਪਣੇ ਆਪ `ਚ ਇਨ੍ਹਾਂ ਦੀ ਵਿਆਖਿਆ ਹਨ ਕਿ ਪੰਥਕ ਫ਼ੈਸਲਿਆਂ ਲਈ ਸਬੰਧਤ ਪੰਜ ਪਿਆਰੇ ‘ਪਾਹੁਲ ਪ੍ਰਾਪਤ ਹੋਣੇ ਜ਼ਰੂਰੀ ਤਾਂ ਹੈਣ ਹੀ। ਜਦਕਿ ਉਨ੍ਹਾਂ ਦਾ ਕੇਵਲ ਪਾਹੁਲ ਪ੍ਰਾਪਤ ਹੋਣਾ ਹੀ ਕਾਫੀ ਨਹੀਂ। ਇਸਦੇ ਨਾਲ ਨਾਲ ਉਨ੍ਹਾਂ ਪੰਜਾਂ ਲਈ-

(੧) ਪਰਚਾ ਸ਼ਬਦ ਕਾ ਭਾਵ ਉਨ੍ਹਾਂ ਦਾ ਗੁਰਬਾਣੀ ਦਾ ਧੁਰੰਤਰ ਵਿਦਵਾਨ ਹੋਣਾ ਵੀ ਜ਼ਰੂਰੀ ਹੈ; ਤਾ ਕਿ ਪੰਥਕ ਤਲ `ਤੇ ਉਨ੍ਹਾਂ ਰਾਹੀਂ ਲਿਆ ਕੋਈ ਵੀ ਫ਼ੈਸਲਾ ਗੁਰਬਾਣੀ ਦਾਇਰੇ ਤੋਂ ਬਾਹਿਰ ਨਾ ਜਾਂਦਾ ਹੋਵੇ।

(੨) ਦੀਦਾਰ ਖਾਲਸੇ ਕਾ ਭਾਵ ਉਨ੍ਹਾਂ ਦਾ ਕੇਵਲ ਕਕਾਰ ਧਾਰੀ ਹੋਣਾ ਹੀ ਨਹੀਂ ਬਲਕਿ ਨਾਲ ਨਾਲ ਗੁਰਬਾਣੀ ਸੋਝੀ-ਸਿਧਾਂਤ ਤੇ ਗੁਰਬਾਣੀ ਸਿਖਿਆ ਅਨੁਸਾਰ ਆਪਣੇ ਨਿੱਤ ਦੇ ਜੀਵਨ `ਚ ਪ੍ਰਪੱਕ ਹੋਣਾ ਵੀ ਜ਼ਰੂਰੀ ਹੈ।

੧੨. ਇਤਿਹਾਸ ਗਵਾਹ ਹੈ ਸਮੇਂ ਸਮੇਂ ਨਾਲ ਇੰਨ੍ਹਾਂ ਪੰਜਾਂ (ਗੁਰੂ ਕੇ ਪੰਥ) ਦੀ ਤਿਆਰੀ ਵੀ ਦਸਮੇਸ਼ ਜੀ ਨੇ ਆਪਣੇ ਜੀਵਨ ਕਾਲ `ਚ ਆਪ ਹੀ ਕਰਵਾਈ ਸੀ। (ੳ) ਦਾਦੂ ਦੀ ਕਬਰ ਨੂੰ ਤੀਰ ਨਾਲ ਕਲਾਮ (ਅ) ਪੰਜਾਂ ਦੇ ਹੁਕਮ ਨਾਲ ਚਮਕੌਰ ਦੀ ਗੜ੍ਹੀ ਨੂੰ ਛੱਡਣਾ (ੲ) ਬਾਬਾ ਬੰਦਾ ਸਿੰਘ ਜੀ ਬਹਾਦੁਰ ਨੂੰ ਪੰਜਾਂ ਦੀ ਕਮਾਨ `ਚ ਪੰਜਾਬ ਭੇਜਣਾ (ਸ) ਛੇ ਅਕਤੂਬਰ ਸੰਨ ੧੭੦੮ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਅੱਗੇ ਮੱਥਾ ਟੇਕਣ ਤੋਂ ਪਹਿਲਾਂ ਪੰਜਾਂ ਨੂੰ ਤਾਬਿਆ ਖੜਾ ਕਰਣਾ। ਇਸਤਰ੍ਹਾਂ-

ਇਸ ਸਾਰੇ ਪ੍ਰਕਰਣ `ਚ ਇਹ ਵੀ ਧਿਆਨ ਦੇਣਾ ਹੈ ਕਿ ਇਥੇ ਹਰੇਕ ਵਾਰੀ ਪੰਜ ਪਿਆਰੇ ਬਦਲਵੇਂ ਸਨ; ਕਦੇ ਵੀ ਉਹੀ ਜਾਂ ਕਿਸੇ ਵਿਸ਼ੇਸ਼ ਰੁੱਤਬੇ ਦੇ ਆਧਾਰ `ਤੇ ਨਹੀਂ ਸਨ।

੧੩. ਪਾਹੁਲ ਲੈ ਕੇ ਸਿੱਖ ਧਰਮ `ਚ ਪ੍ਰਵੇਸ਼ ਦਾ ਨਿਯਮ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਚਲਦਾ ਆ ਰਿਹਾ ਸੀ। ਇਸ ਲਈ ਵਿਸਾਖੀ ਸੰਨ ੧੬੯੯ ਨੂੰ ਪੰਥ ਲਈ ਇਹ ਵੀ ਨਵੀਂ ਗੱਲ ਨਹੀਂ ਸੀ। ਜੇਕਰ ਉਸ ਦਿਨ ਕੁੱਝ ਨਵੀਆਂ ਗੱਲਾਂ ਸਨ ਤਾਂ ਉਹ ਇਸਤਰ੍ਹਾਂ ਸਨ:

ਪਹਿਲਾ (੧) `ਚਰਨ ਪਾਹੁਲ’ ਨੂੰ ‘ਖੰਡੇ ਦੀ ਪਾਹੁਲ’ `ਚ ਤਬਦੀਲ ਕਰਣਾ॥

ਦੂਜਾ (੨) ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਜ਼ਿੰਮੇਵਾਰੀ ਪੰਜ ਪਿਆਰਿਆਂ ਦੇ ਰੂਪ `ਚ ਪੰਥ ਨੂੰ ਬਖ਼ਸ਼ ਦੇਣੀ।

ਤੀਜਾ (੩) ਨਾਵਾਂ `ਚ ਸਿੰਘ-ਕੌਰ ਵਾਲੀ ਇਕਸਾਰਤਾ ਲਿਆ ਕੇ ਪੰਥ ਨੂੰ ਪ੍ਰਵਾਰਕ ਰੂਪ ਦੇਣਾ ਅਤੇ ਉਸਨੂੰ ਵਰਣ ਵਾਦ ਆਧਾਰਿਤ ਜਾਤੀਆਂ ਪਾਤੀਆਂ ਵਾਲੇ ਚਲਦੇ ਆ ਰਹੀ ਪਰਪਿਾਟੀ ਚੋਂ ਕਢਣਾ।

ਚੌਥਾ (੪) ਆਪਸੀ ਮਿਲਾਪ ਲਈ “ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ” ਵਾਲਾ ਬੋਲਾ ਨਿਯਤ ਕਰਣਾ। ਇਸ ਤਰਾਂ ਸਿੱਖ ਨੂੰ ਖਾਲਸੇ ਦੀ ਉਪਾਧੀ ਨਾਲ ਵੀ ਨਿਵਾਜਣਾ ਆਦਿ।

੧੪.’ਖੰਡੇ ਦੀ ਪਾਹੁਲ’ ਲਈ ਲਫ਼ਜ਼ ‘ਅੰਮ੍ਰਿਤ ਛਕਣਾ’ ਲਗਭਗ ੧੮੭੦ ਤੋਂ ਬਾਅਦ ਪ੍ਰਚਲਤ ਹੋਇਆ। ਦੇਖਿਆ ਜਾਵੇ ਤਾਂ ਇਸ ਕਾਰਜ ਲਈ ਇਹ ਲਫ਼ਜ਼ ਵੀ ਮਿਲਾਵਟ ਤੇ ਸਾਡੀ ਲਾਪਰਵਾਹੀ ਦਾ ਹੀ ਨਤੀਜਾ ਸਾਬਤ ਹੁੰਦਾ ਹੈ। ਨਹੀਂ ਤਾਂ ਇਸ ਕਾਰਜ ਲਈ ਅਸਲ ਤੇ ਅਰੰਭਕ ਲਫਜ਼ ‘ਖੰਡੇ ਦੀ ਪਾਹੁਲ’ ਹੀ ਹੈ ਅਤੇ ਮਕਸਦ ਹੈ ‘ਜੀਵਨ ਭਰ ਗੁਰਬਾਣੀ ਗੁਰੂ ਵਾਲੇ ਅੰਮ੍ਰਿਤ ਨੂੰ ਛਕਣ ਲਈ ਪ੍ਰਣ’।

੧੫. ਇਸਤਰ੍ਹਾਂ ‘ਅੰਮ੍ਰਿਤ ਛਕਣ’ ਦੀ ਜ਼ਿੰਮੇਵਾਰੀ ਤਾਂ “ਖੰਡੇ ਦੀ ਪਾਹੁਲ ਲੈਣ” ਤੋਂ ਬਾਅਦ ਆਰੰਭ ਹੁੰਦੀ ਹੈ। ਇਸ ਦੇ ਉਲਟ ਜਦੋਂ ਅਸੀਂ ਕੇਵਲ ਇੱਕ ਨਿਯਮ ਪੂਰਾ ਕਰਕੇ ਹੀ ਮੰਨ ਲੈਂਦੇ ਹੈ ਕਿ ਅਸਾਂ ਅੰਮ੍ਰਿਤ ਛਕ ਲਿਆ ਹੈ ਤਾਂ ਇੱਕ ਤਰੀਕੇ ਅਸੀਂ ਆਪ ਹੀ ਗੁਰਬਾਣੀ ਜੀਵਨ ਤੋਂ ਦੁਰੇਡੇ ਜਾਣ ਲਈ ਰਸਤਾ ਖੋਲ ਲੈਂਦੇ ਹਾਂ।

੧੬. ਇਥੋਂ ਤੱਕ ਕਿ `ਚਰਨ ਪਾਹੁਲ’ ਰਾਹੀਂ, ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਜ਼ਿੰਮੇਵਾਰੀ ਸੰਨ ੧੬੯੯ ਤੱਕ ਇੱਕ ਗੁਰੂ ਵਿਅਕਤੀ ਜਾਂ ਅਧਿਕਾਰੀ ਪ੍ਰਚਾਰਕ ਕੋਲ ਹੁੰਦੀ ਸੀ। ਜਦਕਿ ਹੁਣ ਇਹ ਜ਼ਿੰਮੇਵਾਰੀ ਪੰਜ ਪਾਹੁਲਧਾਰੀਆਂ ਦੇ ਰੂਪ `ਚ ‘ਗੁਰੂ ਦੇ ਪੰਥ’ ਪਾਸ ਆ ਗਈ। ਇਸ ਲਈ ਹੁਣ ਇਕੱਲਾ ਸੱਜਨ ਕਦੇ ਤੇ ਕੋਈ ਵੀ ਕਿਸੇ ਨੂੰ ‘ਖੰਡੇ ਕੀ ਪਾਹੁਲ’ ਨਹੀਂ ਛਕਾਅ ਸਕਦਾ।

੧੭. ਦਸਮੇਸ਼ ਜੀ ਨੇ ਵਿਸਾਖੀ ੧੬੯੯ ਨੂੰ ਪੰਜਾਂ ਅੱਗੇ ਸਮੂਹਕ ਮੱਥਾ ਉਸੇ ਤਰ੍ਹਾਂ ਟੇਕਿਆ ਜਿਵੇਂ ਗੁਰਬਾਣੀ ਰਾਹੀਂ ਅਗਵਾਹੀ ਦੀ ਜ਼ਿੰਮੇਵਾਰੀ ਗੁਰੂ ਅੰਗਦ ਸਾਹਿਬ ਪਾਸ ਆਉਣ `ਤੇ, ਉਨ੍ਹਾਂ ਅੱਗੇ ਗੁਰੂ ਨਾਨਕ ਪਾਤਸ਼ਾਹ ਨੇ; ਗੁਰੂ ਅਮਰਦਾਸ ਜੀ ਕੋਲ ਆਉਣ `ਤੇ ਗੁਰੂ ਅੰਗਦ ਜੀ ਨੇ ਤੇ ਦਰਜਾ-ਬ-ਦਰਜਾ। “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ” (ਪੰ: ੯੬੬) ਇਸ ਤਰ੍ਹਾਂ ਪੰਥ ਵਾਸਤੇ ਉਸ ਸਮੇਂ ਇਹ ਘਟਣਾ ਵੀ ਨਵੀਂ ਗੱਲ ਨਹੀਂ ਸੀ।

੧੮. ਦਸਮੇਸ਼ ਪਿਤਾ, ਗੁਰੂ ਨਾਨਕ ਪਾਤਸ਼ਾਹ ਦਾ ਹੀ ਦਸਵਾਂ ਰੂਪ ਹਨ, ਫਿਰ ਉਨ੍ਹਾਂ ਨੇ ਵੀ ਪੰਜਾਂ ਕੋਲੋਂ ਪਾਹੁਲ ਲਈ ਤਾਂ ਕਿਉਂ? ਕਿਉਂਕਿ, ਪਾਤਸ਼ਾਹ ਨੇ ਜਦੋਂ `ਚਰਨ ਪਾਹੁਲ’ ਨੂੰ ‘ਖੰਡੇ ਦੀ ਪਾਹੁਲ’ `ਚ ਬਦਲਿਆ ਤਾਂ ਸਾਰੀ ਕੌਮ ਨੂੰ ਨਵੇਂ ਸਿਰਿਓਂ ਪਾਹੁਲ ਲੈਣ ਲਈ ਹੁਕਮ ਕੀਤਾ। ਇਸ ਲਈ ਇਸ ਤਬਦੀਲੀ ਦਾ ਆਰੰਭ ਵੀ (1) ਗੁਰਦੇਵ ਨੇ ਆਪਣੇ ਆਪ ਤੋਂ ਕੀਤਾ। (2) ਇਸੇ ਤਰ੍ਹਾਂ ਪੰਥ ਲਈ ਉਸ ਸਮੇਂ ਸਿੰਘ-ਕੌਰ ਵਾਲਾ ਨਿਯਮ ਵੀ ਲਾਗੂ ਕੀਤਾ ਤਾਂ ਉਸ ਦਾ ਅਰੰਭ ਵੀ ਗੁਰਦੇਵ ਨੇ ਆਪਣੇ ਆਪ ਤੋਂ ਕੀਤਾ ਤੇ ਸਭ ਤੋਂ ਪਹਿਲਾਂ ਆਪ ਹੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਸਜੇ।

੧੯. ਪਹਿਲੇ ਪੰਜਾਂ ਲਈ ਦਸਮੇਸ਼ ਜੀ ਨੇ ਬਾਟਾ ਵੀ ਇਕੱਲਿਆਂ ਤਿਆਰ ਕੀਤਾ ਤੇ ਛਕਾਇਆ ਵੀ ਇਕੱਲਿਆਂ ਹੀ, ਕਿਉਂ? ਕਿਉਂਕਿ ਪਾਤਸ਼ਾਹ ਪਹਿਲਾਂ ਤੋਂ ਹੀ ਕੇਵਲ ਪਾਹੁਲ ਪ੍ਰਾਪਤ ਹੀ ਨਹੀਂ ਬਲਕਿ ਗੁਰੂ ਹਸਤੀ ਵੀ ਸਨ ਤੇ ਅਜਿਹੇ ਕਾਰਜ ਲਈ ਪੂਰਾ ਹੱਕ ਵੀ ਰਖਦੇ ਸਨ। ਉਪ੍ਰੰਤ ਉਂਜ ਵੀ ਆਪ ਇਹ ਸੇਵਾ ਤਾਂ ਪਹਿਲਾਂ ਹੀ ਸੰਨ ੧੬੭੫ ਤੋਂ ੧੬੯੯ ਤੱਕ, `ਚਰਣ ਪਾਹੁਲ’ ਦੇਣ ਦੇ ਰੂਪ `ਚ ਨਿਭਾਉਂਦੇ ਆ ਰਹੇ ਸਨ; ਇਸ ਲਈ ਇਹ ਕਾਰਜ ਵੀ ਉਨ੍ਹਾਂ ਰਾਹੀਂ ਨਵਾਂ ਨਹੀਂ ਸੀ।

੨੦. ਕਿਉਂਕਿ ਪੰਥ ਪਹਿਲੇ ਜਾਮੇ ਤੋਂ ਹੀ ਚਰਨ ਪਾਹੁਲ ਦੇ ਰੂਪ `ਚ ਬਾਕਾਇਦਾ ‘ਪਾਹੁਲ ਪ੍ਰਾਪਤ’ ਸੀ। ਇਹੀ ਕਾਰਨ ਸੀ ਕਿ ਵਿਸਾਖੀ ੧੯੯੯ ਨੂੰ ਕੇਵਲ ਤਰੀਕਾ ਤੇ ਢੰਗ ਬਦਲਣ `ਤੇ ਹੀ ਪਹਿਲੀਆਂ ਪੰਕਤਾਂ ਚ ੮੦, ੦੦੦ ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਲਈ। ਸੰਸਾਰ ਦੇ ਇਤਿਹਾਸ `ਚ ਕੇਸਾਧਾਰੀਆਂ ਦਾ ਇਹ ਸਭ ਤੋਂ ਵੱਡਾ ਤੇ ਪਹਿਲਾ ਇਕੱਠ ਸੀ। ਇਸੇ ਕਾਰਨ ਗੁਰਦੇਵ ਨੇ ਉਸ ਧਰਤੀ ਨੂੰ ਵੀ ਨਵਾਂ ਤੇ ‘ਸ੍ਰੀ ਕੇਸਗੜ੍ਹ ਸਾਹਿਬ’ ਵਾਲਾ ਨਾਮ ਬਖ਼ਸ਼ਿਆ।

੨੧. ਖੰਡੇ ਦੀ ਪਾਹੁਲ ਲੈਣ ਲਈ ਇੱਕੋ ਸਮੇਂ ੮੦, ੦੦੦ ਪ੍ਰਾਣੀਆਂ ਦਾ ਵਿਚਾਰ ਉਠਦੇ ਅਚਾਣਕ ਕੇਸਾਧਾਰੀ, ਕੰਘਾਧਾਰੀ, ਕ੍ਰਿਪਾਨਧਾਰੀ, ਕਛਹਿਰਾਧਾਰੀ ਹੋ ਜਾਣਾ ਕਦੇ ਵੀ ਸੰਭਵ ਨਹੀਂ ਸੀ। ਹੋਰ ਤਾਂ ਹੋਰ, ਸੁੱਤੇ ਸਿੱਧ ਨਸ਼ਿਆਂ ਦਾ ਤਿਆਗ ਤੇ ਕੇਸਾਧਾਰੀ ਹੋ ਜਾਣਾ ਤਾਂ ਉੱਕਾ ਹੀ ਸੰਭਵ ਨਹੀਂ। ਸਪਸ਼ਟ ਹੈ ਕਿ ਕੌਮ ਪਹਿਲਾਂ ਤੋਂ ਹੀ ‘ਪਾਹੁਲ ਪ੍ਰਾਪਤ’ (ਅੰਮ੍ਰਿਤਧਾਰੀ) ਸੀ। ਵਿਸਾਖੀ ੧੬੯੯ ਵਾਲੇ ਦਿਨ ਤਾਂ ਗੁਰਦੇਵ ਨੇ ਕੇਵਲ ਢੰਗ ਤੇ ਪੰਥਕ ਜ਼ਿਮੇਵਾਰੀ ਨੂੰ ਹੀ ਬਦਲਿਆ ਸੀ।

੨੨. ਪੰਜੇ ਕੇਸਾਧਾਰੀ ਕਿਉਂ ਤੇ ਕਿਵੇਂ? ਉਪ੍ਰੰਤ ਇਹ ਵੀ ਸੁਆਲ ਹੈ ਕਿ ਸਿਰਾਂ ਦੀ ਮੰਗ ਸਮੇਂ ਪਾਤਸ਼ਾਹ ਵੱਲੋਂ ਨਿੱਤਨੇਮੀ ਜਾਂ ਕੇਸਾਧਾਰੀ ਹੋਣਾ, ਕਦੇ ਵੀ ਅਜਿਹੀ ਸ਼ਰਤ ਨਹੀਂ ਸੀ। ਫਿਰ ਵੀ ਪਹਿਲੇ ਨਿੱਤਰਣ ਵਾਲੇ ਸਾਰੇ ਦੇ ਸਾਰੇ (ਪੰਜੇ) ਕੇਸਾਧਾਰੀ ਤੇ ਨਿੱਤਨੇਮੀ ਵੀ ਸਨ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਸੰਗਤਾਂ ਪਹਿਲਾਂ ਤੋਂ ਹੀ ਬਾਕਾਇਦਾ ਕੇਸਾਧਾਰੀ, ਨਿਤਨੇਮੀ ਤੇ ਤਿਆਰ-ਬਰ-ਤਿਆਰ ਵੀ ਸਨ। ਕਿਉਂਕਿ ਇਹ ਤਿਆਰੀ ਵੀ ਕਦਮ-ਬ-ਕਦਮ ਪਹਿਲੇ ਜਾਮੇ ਤੋਂ ਹੀ ਚਲਦੀ ਆ ਰਹੀ ਸੀ।

੨੩. ਬੇਸ਼ੱਕ ਕੁੱਝ ਇਤਿਹਾਸਕਾਰਾਂ ਅਨੁਸਾਰ ਪਹਿਲੇ ਤਿੰਨ ਚਾਰ ਦਿਨਾਂ `ਚ ਤਾਂ ਵੀ ੮੦, ੦੦੦ ਪ੍ਰਾਣੀਆਂ ਨੂੰ ਪਾਹੁਲ ਛਕਾਉਣਾ ਕੇਵਲ ਪੰਜਾਂ ਦੇ ਜਥੇ ਦੇ ਵੱਸ ਦਾ ਵਿਸ਼ਾ ਨਹੀਂ ਸੀ ਫ਼ਿਰ ਵੀ ਵੱਡੀ ਗਿਣਤੀ `ਚ ਜਥੇ ਕਾਇਮ ਕਰਣ `ਚ ਦਿੱਕਤ ਨਹੀਂ ਆਈ, ਕਿਉਂਕਿ ਪੰਥ ਪਹਿਲੇ ਜਾਮੇ ਤੋਂ ਹੀ ਚਰਨ ਪਾਹੁਲ ਪ੍ਰਾਪਤ, ਨਿਤਨੇਮੀ ਸੀ ਤੇ ਉਸ ਨੂੰ ਗੁਰਬਾਣੀ ਵੀ ਕੰਠ ਹੁੰਦੀ ਸੀ।

੨੪. ਪ੍ਰਭਾਤੇ-ਜਪੁ, ਸ਼ਾਮਾਂ ਨੂੰ ਸੋਦਰੁ (ਕੇਵਲ ਇੱਕ ਸ਼ਬਦ “ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ. .”), ਰਾਤ ਸੌਣ ਸਮੇਂ ਸੋਹਿਲਾ (ਕੇਵਲ ਇੱਕ ਸ਼ਬਦ “ਗਗਨ ਮੈ ਥਾਲੁ ਰਵਿ ਚੰਦੁ ਦੀਪਕ, ,” ), ਨਿੱਤਨੇਮ ਵਾਲਾ ਨਿਯਮ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਚਲਦਾ ਆ ਰਿਹਾ ਸੀ। ਪੰਜਵੇਂ ਪਾਤਸ਼ਾਹ ਨੇ ਸੋਹਿਲਾ, ਸੋਦਰੁ ਨੂੰ ਉਚੇਚੇ ਪੰਜ ਤੇ ਨੌ ਸ਼ਬਦਾਂ ਦੇ ਸੰਗ੍ਰਿਹ ਬਣਾ ਕੇ ਸੰਪੂਰਣਤਾ ਦਿੱਤੀ ਤਾਂ ਕਿਉਂ? ਕਿਉਂਕਿ ਇਹ ਕੇਵਲ ਗੁਰੂ ਸੰਗਤਾਂ ਦੇ ਨਿੱਤਨੇਮ ਵਾਸਤੇ ਹੀ ਕੀਤਾ ਗਿਆ ਸ਼ੀ। ਉਂਝ ਇਹ ੫+੯ ਭਾਵ ਸਾਰੇ ਚੌਦਾਹ ਦੇ ਚੌਦਾਹ ਸ਼ਬਦ ਆਪਣੇ-ਆਪਣੇ ਰਾਗਾਂ `ਚ ਪਹਿਲਾਂ ਤੋਂ ਹੀ ਮੋਜੂਦ ਸਨ।

੨੫. ਇਸ ਤੋਂ ਇਹ ਵੀ ਸਪਸ਼ਟ ਹੈ ਕਿ ਗੁਰੂ ਕੀਆਂ ਸੰਗਤਾਂ ਲਈ ਨਿੱਤਨੇਮ ਦਾ ਨਿਯਮ ਵਿਸਾਖੀ ੧੬੯੯ ਤੋਂ ਨਹੀਂ, ਬਲਕਿ ਪਹਿਲੇ ਜਾਮੇ ਤੋਂ ਹੀ ਚਾਲੂ ਸੀ। ਉਪ੍ਰੰਤ ਆਦਿ ਬੀੜ `ਚ ਅਸਾਂ ਇਹ ਵੀ ਦੇਖਣਾ ਤੇ ਸਮਝਣਾ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਅੰਦਰ ਸਮੁਚੀ ਗੁਰਬਾਣੀ ਰਚਨਾ ਰਾਗਾਂ ਤੇ ਤਾਲਾਂ ਵਾਲੀ ਬੰਦਸ਼ `ਚ ਹੈ ਜਦਕਿ ਕੇਵਲ ਪਹਿਲੇ ੧ ਤੋਂ ੧੩ ਅੰਗ, ਰਾਗ ਮੁਕਤ ਰਖੇ ਗਏ ਤਾਂ ਕਿਉਂ? ਸਪਸ਼ਟ ਹੈ ਕਿ ਉਹ ੧੩ ਅੰਗ ਸੰਗਤਾ ਦੇ ਨਿਤਨੇਮ ਲਈ ਹੀ ਵੱਖ ਰਖੇ ਗਏ ਹਨ।

੨੬. ਸੰਸਾਰ ਦੇ ਇਤਿਹਾਸ `ਚ ਬਿਲਕੁਲ ਪਹਿਲੀ ਵਾਰ ਹੋਇਆ, ਜਦੋਂ ਕਿਸੇ ਰਹਿਬਰ ਤੇ ਆਗੂ ਨੂੰ ਆਪਣੀ ਉਮਤ `ਤੇ ਇੰਨਾਂ ਵੱਧ ਯਕੀਨ ਸੀ ਕਿ ਉਸ ਦੇ ਸਿੱਖ, ਗੁਰੂ ਦੇ ਹੁਕਮਾਂ ਲਈ ਇਤਨੇ ਵਧ ਤਿਆਰ ਹੋ ਚੁੱਕੇ ਹਨ, ਜੇਕਰ ਨੰਗੀ ਤਲਵਾਰ ਦੀ ਧਾਰ `ਤੇ ਸਿਰ ਵੀ ਮੰਗੇ ਜਾਣ, ਤਾਂ ਉਹ ਆਪਣਾ ਸਿਰ ਵੀ ਭੇਟ ਕਰ ਦੇਣਗੇ। ਇਹ ਸਭ ਵੀ ਅਚਾਨਕ ਨਹੀਂ ਸੀ ਹੋਇਆ। ਆਖਿਰ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ” (ਪੰ: ੧੪੧੨) ਭਾਵ ਇਹੀ ਤਿਆਰੀ ਤਾਂ ਪਹਿਲੇ ਜਾਮੇ ਤੋਂ ਕਰਵਾਈ ਜਾ ਰਹੀ ਸੀ। ਅੱਜ ਤਾਂ ਗੁਰਦੇਵ ਨੇ ਸਿੱਖਾਂ ਦੀ ਕੇਵਲ ਪ੍ਰੀਖਿਆ ਹੀ ਲਈ ਸੀ, ਜਿਸ `ਤੇ ਸਿੱਖ ਵੀ, ਪਾਤਸ਼ਾਹ ਦੇ ਯਕੀਨ `ਤੇ ਪੂਰੇ ਉਤਰੇ ਤੇ ਪ੍ਰੀਖਿਆ `ਚ ੧੦੦% ਨੰਬਰ ਲੈ ਕੇ ਪਾਸ ਹੋਏ।

੨੭. ਖ਼ੂਬੀ ਇਹ ਕਿ ਗੁਰਦੇਵ ਸਿਰ ਮੰਗੇ ਹੀ ਪੰਜ ਤੱਕ ਸਨ ਇਸ ਲਈ ਨਿੱਤਰੇ ਵੀ ਪੰਜ ਹੀ ਸਨ। ਇਸ ਤਰ੍ਹਾਂ ਗੁਰੂ ਨੇ ਹੋਰ ਸਿਰ ਮੰਗੇ ਹੀ ਨਹੀਂ ਸਨ; ਜਦਕਿ ਸਿੱਖਾਂ ਨੇ ਸਿਰ ਅਰਪਣ ਕਰਣੇ ਬੰਦ ਤਾਂ ਨਹੀਂ ਸਨ ਕੀਤੇ। ਕਾਸ਼! ਅਸਾਂ ਤਾਂ ਸੰਸਾਰ ਨੂੰ ਇਹ ਦੱਸਣਾ ਸੀ, ਪਰ ਅਸੀਂ ਤਾਂ ਹੋਰ ਹੀ ਝਗੜਿਆਂ `ਚ ਉਲਝ ਗਏ। ਸ਼ਾਇਦ ਸਾਨੂੰ ਇਮਿਤਿਹਾਨ ਦਾ ਮਤਲਬ ਹੀ ਸਮਝ `ਚ ਨਹੀਂ ਆਇਆ। ਇਸਦੇ ਉਲਟ ਅਸਾਂ ਤਾਂ ਆਪਸ `ਚ ਹੀ ਲੜਣਾ-ਝਗੜਣਾ ਸ਼ੁਰੂ ਕਰ ਦਿੱਤਾ।

੨੮. ਧਿਆਨ ਦੇਣਾ ਹੈ ਕਿ ਪੰਥ ਛੇਵੇਂ ਜਾਮੇ ਤੋਂ ਸ਼ਸਤ੍ਰਧਾਰੀ ਸੀ। ਛੇਵੇਂ ਜਾਮੇ ਸਮੇ ਹਕੂਮਤ ਨਾਲ ਚਾਰ ਜੰਗਾਂ ਇਸ ਗੱਲ ਦਾ ਹੀ ਸਬੂਤ ਹਨ। ਇਥੋਂ ਤੱਕ ਕਿ ਵਿਸਾਖੀ ੧੬੯੯ ਤੱਕ ਤਾਂ ਸਿੱਖ, ਦਸਵੇਂ ਪਾਤਸ਼ਾਹ ਦੀ ਕਮਾਨ ਹੇਠ ਵੀ ਲਗਭਗ ੧੨-੧੩ ਜੰਗਾਂ ਲੜ ਚੁੱਕੇ ਸਨ। ਸਿਰ ਮੰਗਣ ਸਮੇਂ ਕੌਮ ਦਾ ਅਚਾਨਕ ਕ੍ਰਿਪਾਨ ਧਾਰੀ ਹੋਣਾ ਜਾਂ ਸੰਗਤਾਂ `ਚ ਭਗਦੜ ਦੀਆਂ ਗੱਲਾਂ ਕਪੋਲ ਕਲਪਣਾ ਹਨ।

੨੯. ਦੇਖ ਚੁੱਕੇ ਹਾਂ ਕਿ ਪੰਥ ਪਹਿਲੇ ਜਾਮੇਂ ਤੋਂ ਹੀ ਪ੍ਰਗਟ ਕੀਤਾ ਜਾ ਚੁੱਕਾ ਸੀ। ਵਿਸਾਖੀ ੧੬੯੯ ਨੂੰ ਤਾਂ ਬਾਣੀ ਜੁਗਤ ਨੂੰ ਵਰਤਾਉਣ ਦੀ (ਜੁਗਤ ਬਨਾਉਣ ਦੀ ਨਹੀਂ) ਸਰੀਰਕ ਜ਼ਿੰਮੇਵਾਰੀ ਇੱਕ ਗੁਰੂ ਵਿਅਕਤੀ ਤੋਂ ਪਾਹੁਲ ਧਾਰੀ ਪੰਜਾਂ ਦੇ ਰੂਪ `ਚ ‘ਪੰਜ ਪਿਆਰਿਆਂ’ `ਤੇ ਪਾ ਦਿੱਤੀ, ਇਹੀ ਸੀ “ਪੰਥ ਦੀ ਸਿਰਜਨਾ ਕਰਣਾ” ਜਾਂ ‘ਪੰਥ ਨੂੰ ਸਾਜਨਾ’।

੩੦. ਵਿਸਾਖੀ ੧੬੯੯, ਨਾਵਾਂ `ਚ ਸਿੰਘ-ਕੌਰ ਵਾਲੀ ਇਕਸਾਰਤਾ ਲਿਆ ਕੇ ਸਾਡੇ ਤੋਂ ਹਮੇਸ਼ਾਂ ਲਈ ਜਾਤ-ਗੋਤ ਵਾਲੀ ਲਾਹਨਤ ਨੂੰ ਖਤਮ ਕਰ ਦਿੱਤਾ ਗਿਆ ਸੀ। ਸਾਡੇ ਲਈ ਚਾਰ ਕਕਾਰ ਪਹਿਲਾਂ ਤੋਂ ਨਿਯਤ ਸਨ, ਜਦਕਿ ਦਸਮੇਸ਼ ਜੀ ਨੇ ਉਦੋਂ ਉਨ੍ਹਾਂ ਚਾਰ ਕਕਾਰਾਂ `ਚ ਹੀ ਕੜੇ ਵਾਲਾ ਨਵਾਂ ਕਕਾਰ ਜੋੜਿਆ ਭਾਵ ਕੜੇ ਦੀ ਗੋਲਾਈ ਵਾਂਗ, ਗੁਰੂ ਕੀਆਂ ਸੰਗਤਾਂ ਨੂੰ ਬਾਣੀ ਸਿਖਿਆ ਦੇ ਦਾਇਰੇ `ਚ ਜੀਊਣ ਤੇ ਜੀਵਨ ਬਤੀਤ ਕਰਣ ਲਈ ਚੇਤਾਵਣੀ ਵੀ ਦਿੱਤੀ।

੩੧.’ਗੁਰੂ ਗ੍ਰੰਥ ਸਾਹਿਬ’ ਜੀ ਦੀ ਸਿੱਖਿਆ ਨੂੰ ਆਪਣਾ ਆਪ ਸਮਰਪਣ ਕਰਕੇ ਭਾਵ ‘ਖੰਡੇ ਦੀ ਪਾਹੁਲ’ ਲੈ ਕੇ ਹੀ ਕੋਈ ‘ਸਿੱਖ’ ਹੁੰਦਾ ਹੈ। ਉਂਝ ਸਿੱਖ ਦਾ ਮਤਲਬ ਵੀ ਇਹੀ ਹੈ ਕਿ ਉਹ ਗ੍ਰੁਰਬਾਣੀ ਦੀ ਸਿਖਿਆ ਦਾ ਸਿੱਖ ਹੈ, ਨਿਗੁਰਾ ਨਹੀਂ, ਗੁਰੂ ਵਾਲਾ ਹੈ। ਇਸ ਲਈ ਸਿੱਖ ਲਈ ਪਾਹੁਲ ਧਾਰੀ ਹੋਣਾ ਪਹਿਲੇ ਜਾਮੇ ਤੋਂ ਹੀ ਜ਼ਰੂਰੀ ਸੀ ਤੇ ਅੱਜ ਵੀ ਹੈ। ਪਾਹੁਲ ਬਿਨਾ ਕੋਈ ਮਨੁੱਖ ਸ਼੍ਰਧਾਲੂ, ਮਨਮਤੀਆ, ਅਨਮੱਤੀਆ ਜਾਂ ਕੁੱਝ ਵੀ ਹੋ ਸਕਦਾ ਹੈ ਪਰ ‘ਗੁਰੂ ਕਾ ਸਿੱਖ’ ਨਹੀਂ ਹੋ ਸਕਦਾ। ਇਸ ਦੇ ਉਲਟ, ਅੱਜ ਲਗਭਗ ੯੫% ਕੌਮ ਦਾ ਪਾਹੁਲ ਹੀਣ ਹੋਣਾ, ਪੰਥਕ ਅਧੋਗਤੀ ਦਾ ਹੀ ਸੂਚਕ ਹੈ।

੩੨. ਸਿੱਖ ਦੇ ਨਾਵਾਂ `ਚ ਸਿੰਘ-ਕੌਰ ਵਾਲੀ ਤਬਦੀਲੀ ਕਾਰਨ ਸਿੱਖ ਨੂੰ ਹੀ ‘ਸਿੰਘ’ ਤੇ ਮਿਲਾਪ ਲਈ ਫ਼ਤਿਹ ਵਾਲਾ ਬੋਲਾ ਪ੍ਰਾਪਤ ਹੋਣ ਬਾਅਦ ‘ਖਾਲਸਾ’ ਵੀ ਕਿਹਾ ਜਾਣ ਲਗਾ। ਇਸ ਲਈ ਸਿੱਖ, ਸਿੰਘ ਤੇ ਖਾਲਸਾ ਭਿੰਨ ਭਿੰਨ ਮਨੁੱਖ ਨਹੀਂ ਹਨ। ਜਿਵੇਂ ਕਿ ਅੱਜ ਪ੍ਰਚਾਰਿਆ ਜਾ ਰਿਹਾ ਹੈ ਕਿ ਸਿੱਖ ਹੋਰ ਹਨ, ਖਾਲਸੇ ਹੋਰ ਜਾਂ ਸਿੰਘ ਹੋਰ ਹਨ। ਇਹ ਪ੍ਰਚਾਰ ਮੂਲੋਂ ਹੀ ਗ਼ਲਤ ਤੇ ਅਰਥਹੀਣ ਹੈ ਅਤੇ ਉਸਦਾ ਕਾਰਨ ਹੈ ਇਸ ਬਾਰੇ ਸਾਡੀ ਅਗਿਆਨਤਾ ਤੇ ਲਾਪਰਵਾਹੀ।

੩੩. ਸੁੰਨਤ ਬਿਨਾ ਮੁਸਲਮਾਨ ਨਹੀਂ, ਬੈਪਟਾਈਜ਼ ਬਿਨਾ ਕੋਈ ਇਸਾਈ ਨਹੀਂ ਹੁੰਦਾ। ਇਸੇ ਤਰ੍ਹਾਂ ‘ਖੰਡੇ ਦੀ ਪਾਹੁਲ’ ਬਿਨਾ ਕੋਈ ਗੁਰੂ ਕਾ ਸਿੱਖ ਨਹੀਂ ਹੁੰਦਾ। ਦਰਅਸਲ ਅੱਜ ਅਸੀਂ ਪਾਹੁਲ ਵਾਲੀ ਵਾੜ ਦੇ ਟੁੱਟਣ ਦਾ ਹੀ ਖੁਮਿਆਜ਼ਾ ਭੋਗ ਰਹੇ ਹਾਂ ਕਿ ਪਹਿਲਾਂ ਨਿੱਤਨੇਮ ਤੋਂ ਗਏ। ਨਿੱਤਨੇਮ ਤੋਂ ਗਏ ਤਾਂ ਬਾਣੀ ਜੀਵਨ ਤੋਂ ਦੂਰ ਹੋਏ। ਉਪ੍ਰੰਤ ਸ਼ਰਾਬਾਂ-ਵਿੱਭਚਾਰ `ਚ ਡੁੱਬਦੇ ਗਏ, ਹੁਣ ਸਰੂਪ ਵੀ ਜਾ ਰਿਹਾ ਹੈ। ਆਖ਼ਿਰ ਇਹੀ ਤਾਂ ਵਿਰੋਧੀ ਚਾਹੁੰਦਾ ਸੀ, ਜਦਕਿ ਇਸ ਲਈ ਜ਼ਿੰਮੇਵਾਰ ਕੌਣ ਹੈ?

੩੪. ਖਾਲਸੇ ਦਾ ਮਤਲਬ ਹੀ ੴ ਵਾਲਾ ਜੀਵਨ ਹੈ ਤੇ ‘ਗੁਰਪ੍ਰਸਾਦਿ’ ਬਿਨਾ ਇਹ ਪ੍ਰਾਪਤ ਹੀ ਨਹੀਂ ਹੁੰਦਾ। ਬਾਣੀ ਅਨੁਸਾਰ ਜੀਵਨ ਜੀਅ ਕੇ ਅਸੀਂ ‘ਖਾਲਸਾ’ ਜੀਵਨ `ਚ ਪੁੱਜਦੇ ਹਾਂ। ਜਦਕਿ ਕੌਮ ਲਈ ਇਹ ਸੰਕਲਪ ਵੀ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ” (ਪੰ: ੬੫੫) ਤਾਂ ਪਹਿਲੇ ਜਾਮੇ ਤੋਂ ਹੀ, ਗੁਰੂ ਨਾਨਕ ਸਾਹਿਬ ਨੇ ਸੰਸਾਰ ਸਾਹਮਣੇ ਪ੍ਰਗਟ ਕਰ ਦਿੱਤਾ ਸੀ। ਵਿਸਾਖੀ ੧੬੯੯ ਨੂੰ ਤਾਂ ਸਿੱਖ ਨੂੰ ਕੇਵਲ ਇਸ ਖ਼ਿਤਾਬ ਨਾਲ ਨਿਵਾਜਿਆ ਗਿਆ ਤੇ ਇਸ `ਤੇ ਆਧਾਰਿਤ, ਆਪਸੀ ਮਿਲਾਪ ਲਈ ‘ਫ਼ਤਿਹ’ ਵਾਲਾ ਬੋਲਾ ਵੀ ਬਖਸ਼ਿਆ ਗਿਆ।

੩੪. ਨੰਗੀ ਤਲਵਾਰ ਵਾਲੇ ਇਮਤਿਹਾਨ `ਚ ਸਫਲਤਾ ਤੋਂ ਖੁਸ਼ ਹੋ ਕੇ ਵਿਸਾਖੀ ੧੬੯੯ ਵਾਲੇ ਦਿਨ ਪਾਤਸ਼ਾਹ ਨੇ ਪੰਥ ਨੂੰ “ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ” ਦੇ ਬੋਲੇ ਰਾਹੀ, ‘ਖਾਲਸੇ’ ਵਾਲੇ ਖਿਤਾਬ ਨਾਲ ਨਿਵਾਜਿਆ। ਇਸ ਤਰ੍ਹਾਂ ਜਦੋਂ ਸੰਸਾਰ ਸਾਹਮਣੇ ਗੁਰੂ ਸਾਹਿਬ ਵੱਲੋਂ, ਪੰਥ ਲਈ ਇਹ ਬੋਲਾ ਪ੍ਰਗਟ ਹੋਇਆ ਤਾਂ ‘ਸਿੱਖ’ ਲਈ ਹੀ ‘ਖਾਲਸਾ’ ਵਾਲਾ ਸੰਬੋਧਨ ਵੀ ਪ੍ਰਚਲਤ ਹੋ ਗਿਆ। ‘ਖਾਲਸਾ’ ਤੇ ‘ਸਿੰਘ’ ਇਹ ਦੋਵੇਂ ਲਫ਼ਜ਼ ਵੀ ‘ਗੁਰੂ ਕੇ ਸਿੱਖ’ ਲਈ ਹੀ ਹਨ।

੩੫. ਛੇ ਅਕਤੂਬਰ ਸੰਨ ੧੭੦੮, ਨਾਦੇੜ ਸਾਹਿਬ ਦੇ ਸਥਾਨ `ਤੇ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰ ਕੇ ਬਾਣੀ ਦੇ ਸਰੂਪ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ਗੁਰਗੱਦੀ ਦਾਂ ਸੌਂਪਣਾ, ਦਸਵੇਂ ਨਾਨਕ ਦਾ ਸਾਡੇ `ਤੇ ਬਹੁਤ ਵੱਡਾ ਉਪਕਾਰ ਸੀ। ਉਂਝ ਦਸਾਂ ਪਾਤਸ਼ਾਹੀਆਂ ਤੱਕ ਹੀ, ਸਰੀਰ ਨੂੰ ਕਦੇ ਵੀ ਗੁਰੂ ਨਹੀਂ ਸੀ ਪ੍ਰਚਾਰਿਆ। ਇਸ ਲਈ ਉਹ ‘ਗੁਰੂ ਸਰੀਰ’ ਵੀ ਗੁਰਬਾਣੀ ਗੁਰੂ ਨੂੰ ਸੰਸਾਰ `ਚ ਪ੍ਰਗਟ ਕਰਣ ਲਈ ਅਕਾਲਪੁਰਖ ਵੱਲੋਂ ਕੇਵਲ ਸਾਧਨ ਮਾਤ੍ਰ ਹੀ ਸਨ। ਇਸ ਤਰ੍ਹਾਂ ਪਹਿਲੇ ਜਾਮੇਂ ਤੋਂ ਹੀ ਗੁਰੂ, ਕੇਵਲ ਤੇ ਕੇਵਲ ਗੁਰਬਾਣੀ ਨੂੰ ਹੀ ਸਪਸ਼ਟ ਕੀਤਾ ਗਿਆ ਸੀ ਜਿਵੇਂ “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ” (ਪੰ: ੯੮੨) ਜਾਂ “ਬਾਣੀ ਗੁਰਬਾਣੀ ਲਾਗੇ ਤਿਨੑ ਹਥਿ ਚੜਿਆ ਰਾਮ” (ਪੰ: ੪੪੨) ਆਦਿ।

੩੬ ਇਸ ਤਰ੍ਹਾਂ ਗੁਰਬਾਣੀ ਦੇ ਗੁਰੂ ਹੋਣ ਸੰਬੰਧੀ ਹੀ ਗੁਰਬਾਣੀ `ਚ, ਅਨੇਕਾਂ ਪ੍ਰਮਾਣ ਮੌਜੂਦ ਹਨ। ਉਪ੍ਰੰਤ ਨਾਦੇੜ ਸਾਹਿਬ ਵਾਲ਼ੀ ਇਤਿਹਾਸਕ ਘਟਨਾ ਤਾਂ ਅਸਲ `ਚ ਗੁਰਬਾਣੀ ਦੇ ਸੰਪੂਰਨ ਸਰੂਪ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਦੀ ਸੰਪੂਰਣਤਾ ਦਾ ਹੀ ਐਲਾਨ ਸੀ ਤਾ ਕਿ ਬਾਅਦ `ਚ ਕੋਈ ਵੀ ਇਸ `ਚ ਵਾਧਾ-ਘਾਟਾ ਨਾ ਕਰ ਸਕੇ ਅਤੇ ਨਾ ਹੀ ਕਿਸੇ ਨੂੰ ਅਜਿਹਾ ਹੱਕ ਹੀ ਦਿੱਤਾ ਗਿਆ ਹੈ।

੩੭. ਅਕਾਲਪੁਰਖ ਰਾਹੀਂ ਇਲਾਹੀ ਗਿਆਨ ਦੇ ਪ੍ਰਗਟਾਵੇ ਦਾ ਨਾਮ ਹੀ ‘ਸ਼ਬਦ ਗੁਰੂ ਹੈ। ਇਸ ਲਈ ਸ਼ਬਦ ਗੁਰੂ, ਕਰਤੇ ਤੋਂ ਭਿੰਨ ਨਹੀਂ। ਇਹ ਵੱਖਰੀ ਗੱਲ ਹੈ ਕਿ ਮਨੁੱਖਤਾ ਦੇ ਕਲਿਆਣ ਲਈ ਪਾਤਸ਼ਾਹ ਨੇ ਉਸੇ ‘ਸ਼ਬਦ ਗੁਰੂ ਨੂੰ ਅੱਖਰਾਂ ਰਾਹੀਂ “ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ ਪ੍ਰਗਟ ਕੀਤਾ। ਉਂਜ ‘ਸ਼ਬਦ ਗੁਰੂ’ ਨੂੰ ਅੱਖਰਾਂ ਦੀ ਵੀ ਲੋੜ ਨਹੀਂ ਕਿਉਂਕਿ ਉਹ ਤਾਂ ਬ੍ਰਹਮੰਡੀ ਤੇ ਜੁਗੋ ਜੁਗ ਅਟੱਲ ਗਿਆਨ ਹੈ ਜਿਸ ਤੋਂ ਬਿਨਾ ਮਨੁੱਖਾ ਜੀਵਨ ਦੀ ਸਫਲਤਾ ਹੀ ਸੰਭਵ ਨਹੀਂ। ਦਰਅਸਲ ‘ਸ਼ਬਦ ਗੁਰੂ’ ਲਈ ਅੱਖਰਾਂ ਦੀ ਵਰਤੋਂ ਵੀ ਮਨੁੱਖ ਮਾਤ੍ਰ ਦੇ ਕਲਿਆਣ ਲਈ ਹੀ ਹੈ।

੩੮. ਇਹ ਕਹਿਣਾ ਗ਼ਲਤ ਹੈ ਕਿ ਵਿਸਾਖੀ ੧੬੯੯ ਤੱਕ ਸਾਰੇ ਸਿੱਖ ਵੀ ਹਿੰਦੂ ਹੀ ਸਨ, ਕੇਸਾਧਾਰੀ ਅਤੇ ਪਾਹੁਲਧਾਰੀ ਨਹੀਂ ਸਨ। ਉਪ੍ਰੋਕਤ ਵੇਰਵੇ ਤੋਂ ਬਾਅਦ ਸਾਨੂੰ ਇੰਨ੍ਹਾਂ ਗੱਲਾਂ ਬਾਰੇ ਆਪਣੀ ਅਗਿਆਨਤਾ, ਸਮਝ `ਚ ਆ ਜਾਣੀ ਚਾਹੀਦੀ ਹੈ।

ਇਸ ਤਰ੍ਹਾਂ ਵਿਸ਼ੇ ਦੇ ਇਸ ਪਹਿਲੇ ਭਾਗ `ਚ ਸਾਡਾ ਮਕਸਦ ਕੇਵਲ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ `ਚ, ਪੰਥ ਨੂੰ ਉਸ ਦੇ ਵਿਰਸੇ ਨਾਲ ਜੋੜਣਾ ਤੇ ਸਿੱਖ ਇਤਿਹਾਸ `ਚ ਕੀਤੀ ਭਰਵੀਂ ਰਲ-ਗੱਡ ਤੋਂ ਪੰਥ ਨੂੰ ਸੁਚੇਤ ਕਰਣ ਸੰਬੰਧੀ ਕੇਵਲ ਇਸ਼ਾਰਾ ਮਾਤ੍ਰ ਹੀ ਸੀ। ਜਦਕਿ ਇਹ ਗੱਲ ਵੀ ਪੱਕੀ ਹੈ ਕਿ ਸੰਸਾਰ ਭਰ `ਚ ਕੇਵਲ ਤੇ ਕੇਵਲ ਸਿੱਖ ਇਤਿਹਾਸ ਹੀ ਇਕੋ ਇੱਕ ਅਜਿਹਾ ਇਤਿਹਾਸ ਹੈ ਜਿੱਥੇ ਇੱਕ ਪਾਸੇ ਤਾਂ ਇਸ ਇਤਿਹਾਸ `ਚ ਹੋ ਚੁੱਕੀ ਰਲਗੱਡ ਤੇ ਮਿਲਾਵਟ ਨੂੰ ਘੋਖਣ ਤੇ ਪਹਿਚਾਨਣ ਲਈ ਸਾਡੇ ਕੋਲ ਗੁਰਬਾਣੀ ਵਰਗੀ ਇਲਾਹੀ ਦਾਤ ਹੈ।

ਫ਼ਿਰ ਦੂਜੇ ਪਾਸੇ ਇਹ ਵੀ ਅਸਲੀਅਤ ਹੈ ਕਿ ਅਜੋਕੇ ਸਮੇਂ ਜਿਵੇਂ ਕਿ ਵਿਸ਼ੇ ਦੇ ਅਰੰਭ `ਚ ਵੀ ਵਰਨਣ ਆ ਚੁੱਕਾ ਹੈ ਕਿ ਸਿੱਖ ਕੌਮ ਦੇ ਇਤਿਹਾਸ `ਚ ਮਿਲਾਵਟ ਤਾਂ ਫ਼ਿਰ ਵੀ ਬਹੁਤ ਛੋਟੀ ਗੱਲ ਹੈ, ਇਥੇ ਤਾਂ ਸੰਨ ੧੪੬੯ ਤੋਂ ਸੰਨ ੧੬੯੯ ਭਾਵ ੨੩੦ ਸਾਲਾਂ ਦਾ ਸਾਡਾ ਪੂਰਾ ਇਤਿਹਾਸ ਹੀ ਵਿਰੋਧੀਆਂ ਨੇ ਖ਼ਤਮ ਕੀਤਾ ਹੋਇਆ ਹੈ। ਤਾਂ ਤੇ ਸੰਬੰਧਤ ਵਿਸ਼ੇ ਦੇ ਇਸ ਦੂਜੇ ਭਾਗ `ਚ ਹੀ ਇਸ `ਤੇ ਕੁੱਝ ਰੋਸ਼ਨੀ `ਚ ਪਾਉਣ ਦਾ ਯਤਣ ਕਰਾਂਗੇ।

ਇਸ ਲਈ ਸਿੱਖ ਇਤਿਹਾਸ ਨੂੰ ਖੋਜਣ ਅਤੇ ਉਸ ਨੂੰ ਸੰਸਾਰ ਸਾਹਮਣੇ ਉਸਦੇ ਸੁਅੱਛ ਰੂਪ `ਚ ਪ੍ਰਗਟ ਕਰਣ ਲਈ ਗੁਰਬਾਣੀ ਜੀਵਨ ਤੇ ਸੋਝੀ ਵਾਲੇ ਧੂਰੰਤਰ ਵਿਦਵਾਨਾ ਦੀ ਲੋੜ ਹੈ। ਇਸ ਲਈ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਦੋਂ ਤੱਕ ਸਿੱਖ ਇਤਿਹਾਸ ਸੰਬੰਧੀ ਅਜੋਕਾ ਮੱਖੀ ਤੇ ਮੱਖੀ ਮਾਰਣ ਵਾਲਾ ਸਿਲਸਿਲਾ ਹੀ ਜਾਰੀ ਰਵੇਗਾ। ਉਸੇ ਦਾ ਨਤੀਜਾ ਹੋਵੇਗਾ ਕਿ ਉਦੋਂ ਤੱਕ ਕੌਮ ਵੀ ਲਗਾਤਾਰ ਅਧੋਗਤੀ ਨੂੰ ਹੀ ਜਾਂਦੀ ਰਵੇਗੀ। ਇਸ ਲਈ ਚਲਦੇ ਵਿਸ਼ੇ ਦੇ ਹੀ ਇਸ ਦੂਜੇ ਭਾਗ `ਚ ਅਸਾਂ ਇਹ ਦੇਖਣਾ ਹੈ ਕਿ ਸਾਡੇ ਕੋਲ ਅੱਜ ਮੌਲਿਕ ਸਿੱਖ ਇਤਿਹਾਸ ਦੀ ਅਣਹੋਂਦ ਕਿਉਂ ਹੈ? ਉਪ੍ਰੰਤ ਅੱਜ ਬਹੁਤਾ ਕਰਕੇ ਜਿਹੜਾ ਸਿੱਖ ਇਤਿਹਾਸ ਸਾਨੂੰ ਪ੍ਰਾਪਤ ਹੋ ਵੀ ਰਿਹਾ ਹੈ ਤਾਂ ਉਸ `ਚ ਘਾਟ ਕੀ ਤੇ ਕਿਸ ਤਰ੍ਹਾਂ ਦੀ ਹੈ? ਉਂਜ ਇਸ ਵਿਸ਼ੇ ਨੂੰ ਵੀ ਅਸੀਂ ਆਪਣੇ ਗੁਰਮੱਤ ਪਾਠਾਂ ਦੀ ਲੜੀ `ਚ ਗੁਰਮੱਤ ਪਾਠ ਨੰ: ੧੭੧ “ਸਿੱਖ ਧਰਮ ‘ਧਰਮ ਤੇ ਇਤਿਹਾਸ ਦੀ ਆਪਸੀ ਸਾਂਝ’ `ਚ ਵੀ ਕਿਸੇ ਹੱਦ ਤੀਕ ਤੇ ਕਾਫ਼ੀ ਖੁੱਲ ਕੇ ਲੈ ਚੁੱਕੇ ਹਾਂ, ਸੰਗਤਾਂ ਉਸਦਾ ਲਾਭ ਵੀ ਲੈ ਸਕਦੀਆਂ ਹਨ। ਤਾਂ ਤੇ ਹੁਣ ਇਥੇ ਵਿਸ਼ਾ ਹੈ:

“ਮੌਲਿਕ ਸਿੱਖ ਇਤਿਹਾਸ ਦੀ ਅਣਹੋਂਦ ਕਿਉਂ?

ਦਰਅਸਲ ਇਹ ਵਿਸ਼ਾ ਸ਼ੁਰੂ ਹੁੰਦਾ ਹੈ ਸੰ: ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਵਰਣਾ ਸੰਨ ੧੭੦੮ ਭਾਵ ਦਸਮੇਸ਼ ਪਿਤਾ ਦੇ ਸਮੇਂ ਤੱਕ ਤਾਂ-ਸਚਾਈ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਜਿੱਥੇ ਮਨੁੱਖ ਮਾਤ੍ਰ ਦੇ ਜੀਵਨ `ਚ ਦਿਨੋ-ਦਿਨ ਸੱਚ ਧਰਮ ਪੱਖੋਂ ਜਾਗ੍ਰਤੀ ਆ ਰਹੀ ਸੀ। ਉਥੇ ਨਾਲ ਹੀ ਨਾਲ ਉਹ ਲੋਕ ਵੀ ਉੱਭਰ ਤੇ ਪਣਪ ਰਹੇ ਸਨ ਜਿਹੜੇ ਸੱਚ ਦੇ ਜੀਵਨ ਦੀ ਪਛਾਣ ਨਹੀਂ ਸਨ ਕਰ ਸਕਦੇ। ਉਹ ਲੋਕ ਧਰਮ ਦੇ ਲੇਬਲ ਹੇਠ ਚਲਾ ਰਹੇ ਸਨ ਆਪਣੀਆਂ-ਆਪਣੀਆਂ ਦੁਕਾਨਦਾਰੀਆਂ। ਇਸ ਲਈ ਉਹ ਲੋਕ ਸਿੱਖ ਧਰਮ ਦੇ ਪ੍ਰਸਾਰ ਨੂੰ ਆਪਣੇ ਉਪਰ ਵੱਡਾ ਹਮਲਾ ਮੰਨ ਰਹੇ ਸਨ। ਇਸ ਤਰ੍ਹਾਂ ਉਹ, ਗੁਰੂਦਰ ਦੇ ਦਿਨੋਦਿਨ ਤੇ ਤਨੋ ਮਨੋ ਵਿਰੋਧੀ ਤੇ ਵੈਰੀ ਵੀ ਬਣਦੇ ਜਾ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਦੇ ਸਮੇ ਹੀ ਰਾਇ ਬੁਲਾਰ ਪਾਸ ਸ਼ਿਕਾਇਤਾਂ ‘ਮੇਰਾ ਖੇਤ ਨਾਨਕ ਦੀਆਂ ਮੱਝੀਆਂ ਚਰ ਗਈਆਂ ਹਨ’ ਇਸ ਵਿਰੋਧੀ ਸੜ੍ਹਾਂਦ ਦਾ ਹੀ ਅਰੰਭ ਸੀ। ਉਂਜ ਵੀ ਬ੍ਰਾਹਮਣ ਮੱਤ ਕੀ ਸੀ? ਇਹ ਮੱਤ ਸੀ ਮਨੁੱਖ ਮਾਤ੍ਰ ਨੂੰ ਇੱਕ ਅਕਾਲਪੁਰਖ ਤੋਂ ਤੋੜਣਾ ਤੇ ਆਪਣੀ ਪੂਜਾ ਕਰਵਾਉਣਾ।

ਉਸ ਨੇ ਤਾਂ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯) ਅਨੁਸਾਰ ਕਰੋੜਾਂ ਦੇਵੀ ਦੇਵਤੇ ਤੇ ਅਨੇਕਾਂ ਇਸ਼ਟ ਵੀ ਪ੍ਰਚਲਤ ਕਰ ਰਖੇ ਸਨ। ਇਨ੍ਹਾਂ ਪੂਜਾਵਾਂ ਦਾ ਹੀ ਫੈਲਾਅ ਸਨ ਬੇਅੰਤ ਰੀਤਾਂ ਰਸਮਾਂ, ਵਹਿਮ-ਭਰਮ, ਵਰ-ਸ੍ਰਾਪ, ਸਗਨ-ਅਪਸਗਨ, ਸੁੱਚਾਂ-ਭਿਟਾਂ, ਚੌਂਕੇ-ਕਾਰਾਂ, ਟੇਵੇ-ਮੁਹੂਰਤ, ਵਰਣ ਵਾਦ, ਜਨਮ ਪਤ੍ਰ੍ਰੀਆ, ਕੁੰਡਲਣੀਆਂ, ਹਾਰੋਸਕੋਪ, ਰਾਸ਼ੀਫਲ, ਗ੍ਰਿਹ-ਨਖਤ੍ਰ, ਆਦਿ ਬਹੁਤ ਕੁੱਝ ਤੇ ਫ਼ਿਰ ਉਨ੍ਹਾਂ ਤੋਂ ਅੱਗੇ ਉਪਾਵਾਂ ਵਾਲਾ ਲੰਮਾਂ ਚੌੜਾ ਤਾਣਾ-ਬਾਨਾ। ਦਰਅਸਲ ਉਸ ਤੋਂ ਹੀ ਉਸਦੀ ਰੋਟੀ ਰੋਜ਼ੀ ਵੀ ਚੱਲਦੀ ਸੀ। ਇਸੇ ਲਈ ਗੁਰੂਦਰਬਾਰ ਦੀ ਪ੍ਰਫੁਲੱਤਾ ਤੋਂ ਉਹ ਤੇ ਅਜਿਹੀਆਂ ਹੋਰ ਜਨੂੰਨੀ ਸ਼੍ਰੇਣੀਆਂ, ਗੁਰੂ ਦਰ ਦੀ ਪ੍ਰਫ਼ੁਲਤਾ ਤੋਂ ਦੁਖੀ ਸਨ।

ਉਪ੍ਰੰਤ ਇਸੇ ਵਿਰੋਧਤਾ ਦਾ ਹੀ ਰੂਪ ਹੈ ਵਿਰੋਧੀਆਂ ਰਾਹੀਂ ਗੁਰੂ ਕੇ ਲੰਗਰਾਂ `ਚ ਵਿਘਣ ਪਾਉਣੇ, ਗੁਰੂ ਪ੍ਰਵਾਰਾਂ `ਚ ਘੁਸਪੈਠ, ਗੁਰੂਡੰਮ ਚਲਵਾਉਣੇ, ਗੁਰੂ ਦਰਬਾਰ ਵਿਰੁਧ ਨਿਤ ਸਰਕਾਰੀ ਦਰਬਾਰੇ ਸ਼ਿਕਾਇਤਾਂ। ਇਸੇ ਤਰ੍ਹਾਂ, ਨਾਨਕ ਪਦ ਦੀ ਵਰਤੋਂ ਕਰਕੇ ਬੇਅੰਤ ਕੱਚੀ ਬਾਣੀ ਦੀ ਰਚਨਾ ਕਰਵਾਉਣੀ ਤੇ ਹੋਰ ਬਹੁਤ ਕੁਝ। ਪ੍ਰਿਥੀਏ ਰਾਹੀਂ ਪੰਚਮ ਪਾਤਸ਼ਾਹ `ਤੇ ਸੁਲਹੀ ਨੂੰ ਚੜ੍ਹਾ ਕੇ ਲਿਆਉਣਾ, (ਵੱਖਰੀ ਗੱਲ ਹੈ ਕਿ ਸੁਲਹੀ ਦੀ ਮੌਤ ਰਸਤੇ `ਚ ਹੀ ਹੋ ਗਈ)। ਇਥੋਂ ਤੱਕ ਕਿ ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ `ਚ ਵੀ ਇਸੇ ਜਨੂੰਨੀ ਵਰਗ ਦਾ ਵੱਡਾ ਹੱਥ ਸੀ। ਦਰਅਸਲ ਬੀਰਬਲ ਵੀ ਮੂਲ ਰੂਪ `ਚ ਮਹੇਸ਼ਦਾਸ ਬ੍ਰਹਾਮਣ ਤੇ ਸਰਕਾਰੀ ਦਰਬਾਰੇ ਇੰਨ੍ਹਾਂ ਜਾਤ ਅਭਿਮਾਨੀਆਂ ਦਾ ਹੀ ਆਗੂ ਸੀ। ਗੰਗੂ ਰਸੋਈਆ, ਵਜੀਦੇ ਦੇ ਦਰਬਾਰ `ਚ ਸੁੱਚਾ ਨੰਦ, ਇਤਿਹਾਸ ਦੇ ਪੰਨਿਆਂ `ਤੇ ਅਜਿਹੇ ਲੋਕ ਹਮੇਸ਼ਾਂ ਕਾਲੇ ਧੱਬੇ ਹੀ ਜਾਣੇ ਜਾਣਗੇ। ਜਦਕਿ ਇਹ ਸਚਾਈ ਵੀ ਦਿਨ ਦੀਵੀਂ ਪ੍ਰਗਟ ਹੈ ਕਿ ਇਸ ਤਰ੍ਹਾਂ ਬੇਅੰਤ ਹਮਲੇ ਕਰ ਕੇ ਤੇ ਨੀਚਤਾ ਦੀ ਹਦ ਤੀਕ ਜਾ ਕੇ ਵੀ ਵਿਰੋਧੀ ਤਾਕਤਾਂ, ਸਿੱਖ ਧਰਮ ਤੇ ਸਿੱਖ ਲਹਿਰ ਦੇ ਲਗਾਤਾਰ ਹੋ ਰਹੇ ਵਾਧੇ `ਚ ਰੁਕਾਵਟ ਨਾ ਬਣ ਸਕੀਆਂ।

ਇਸਦਾ ਮੁੱਖ ਕਾਰਣ ਸੀ, ਪਹਿਲੇ ਜਾਮੇ ਤੌਂ ਹੀ ਗੁਰਬਾਣੀ ਦਾ ਸਿੱਕੇ-ਬੰਦ ਪ੍ਰਚਾਰ। ਉਦੋਂ ਪ੍ਰਚਾਰਕ ਵੀ ਯੋਗ ਤੇ ਜੀਵਨ ਵਾਲੇ ਥਾਪੇ ਜਾਂਦੇ ਸਨ। ਪਹਿਲੇ ਜਾਮੇ ਤੋਂ ਹੀ ਥਾਂ ਥਾਂ ਸੰਗਤਾਂ ਕਾਇਮ ਕਰਣੀਆਂ ਤੇ ਉਨ੍ਹਾਂ ਦੇ ਆਗੂ ਨੀਯਤ ਕਰਣੇ, ਤੀਜੇ ਜਾਮੇ ਸਮੇ ੨੨ ਮੰਜੀਆਂ ਤੇ ੫੨ ਪੀੜ੍ਹੇ, ਫ਼ਿਰ ਚੌਥੇ ਜਾਮੇ ਸਮੇ ਗੁਰਦੇਵ ਰਾਹੀਂ ਮਸੰਦ ਪ੍ਰਥਾ ਦਾ ਅਰੰਭ ਤੇ ਪੰਜਵੇਂ ਜਾਮੇ ਸਮੇਂ ਮਸੰਦ ਪ੍ਰਥਾ ਨੂੰ ਬਾਕਾਇਦਾ ਸੰਸਥਾ ਦਾ ਰੂਪ ਦੇ ਦੇਣਾ, ਇਹ ਸਭ ਇਸੇ ਲੜੀ `ਚ ਆਉਂਦੇ ਹਨ। ਉਪ੍ਰੰਤ ਜਦੋਂ ਉਸੇ ਮਸੰਦ ਪ੍ਰਥਾ `ਚ ਨੁਕਸ ਆ ਗਿਆ ਤਾਂ ਦਸਮੇਸ਼ ਜੀ ਨੇ ਉਸ ਪ੍ਰਥਾ ਨੂੰ ਵੀ ਆਪ ਹੀ ਬੰਦ ਵੀ ਕਰ ਦਿੱਤਾ। ਕਾਰਣ ਇਕੋ ਸੀ, ਪ੍ਰਚਾਰਕ ਦੀ ਖੋਟ, ਹਜ਼ਾਰਾਂ ਦੇ ਜੀਵਨ ਨੂੰ ਖ਼ਰਾਬ ਕਰਣ ਦਾ ਕਾਰਣ ਬਣਦੀ ਹੈ। ਇਸ ਤਰ੍ਹਾਂ ਉਦੋਂ ਪ੍ਰਚਾਰ ਤੇ ਪ੍ਰਚਾਰਕ, ਦੋਨਾਂ `ਤੇ ਗੁਰੂ ਸਾਹਿਬਾਨ ਰਾਹੀਂ ਸਖ਼ਤ ਕੁੰਡੇ ਦਾ ਮਕਸਦ ਹੀ ਬਾਣੀ ਵਿਚਾਰਧਾਰਾ ਨੂੰ ਹਰੇਕ ਤਾਂਈਂ ਅਤੇ ਉਸ ਦੇ ਸ਼ੁੱਧ ਸਰੂਪ `ਚ ਪਹੁੰਚਾਣਾ ਹੀ ਹੁੰਦਾ ਸੀ। ਸਪਸ਼ਟ ਹੈ ਕਿ ਗੁਰਬਾਣੀ ਦੇ ਪ੍ਰਚਾਰ `ਤੇ ਗੁਰੂ ਸਾਹਿਬਾਨ ਦਾ ਆਪਣਾ ਤੇ ਸਖ਼ਤ ਪਹਿਰਾ ਰਿਹਾ ਹੈ।

ਇਸੇ ਲਈ ਇਹ ਸਚਾਈ ਵੀ ਹੈ ਕਿ ਦੂਜੇ ਪਾਸੇ ਰਾਏ ਬੁਲਾਰ, ਪੀਰ ਬੁਧੂ ਸ਼ਾਹ, ਦਿਵਾਨ ਟੋਡਰਮਾਲ, ਸਾਈਂ ਮੀਆਂ ਮੀਰ, ਭਾਈ ਮੋਤੀ ਰਾਮ ਮਹਿਰਾ, ਨਬੀ ਖਾਂ-ਗ਼ਨੀ ਖਾਂ ਆਦਿ ਗੁਰੂ ਦਰ ਤੋਂ ਕੁਰਬਾਨ ਹੋਣ ਵਾਲਿਆਂ ਦੀ ਲਿਸਟ ਵੀ ਬਹੁਤ ਲੰਮੀ ਹੈ। ਇਸ ਤਰ੍ਹਾਂ ਇੱਕ ਤਾਂ ਇਹ ਕਿ ਉਦੋਂ ਪ੍ਰਚਾਰਕ ਥਾਪੇ ਜਾਂਦੇ ਸਨ ਦੂਜਾ, ਉਨ੍ਹਾਂ ਪ੍ਰਚਾਰਕਾਂ `ਤੇ ਗੁਰੂ ਸਾਹਿਬਾਨ ਦਾ ਸਖ਼ਤ ਕੁੰਡਾ ਵੀ ਹੁੰਦਾ ਸੀ। ਇਹੀ ਕਾਰਣ ਸੀ ਕਿ ਦਸਮੇਸ਼ ਪਿਤਾ ਦੇ ਸਮੇਂ ਤੀਕ ਬੇਅੰਤ ਵਿਰੋਧੀ ਸਾਜ਼ਿਸ਼ਾ ਤੇ ਸਿੱਖ ਲਹਿਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਰੋਧੀਆਂ ਦੇ ਬੇਅੰਤ ਯਤਨ, ਜਿਹੜੇ ਕਿ ਕਦੇ ਇੱਕ ਦਿਨ ਵੀ ਨਹੀਂ ਸਨ ਰੁਕੇ; ਫ਼ਿਰ ਵੀ ਇਹ ਸਭ ਸਿੱਖੀ ਦੇ ਮਜ਼ਬੂਤ ਕਿੱਲੇ `ਚ ਇੱਕ ਸੁਰਾਖ ਤੱਕ ਵੀ ਨਾ ਕਰ ਸਕੇ।

ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ- ਉਪ੍ਰੰਤ ਸਿੱਖ ਧਰਮ ਤੇ ਸਿੱਖ ਲਹਿਰ ਦੀ ਇਤਿਹਾਸਕ ਪੱਖੋਂ ਅਧੋਗਤੀ ਤੇ ਇਤਿਹਾਸਕ ਮਿਲਾਵਟਾਂ ਦੇ ਸਰਵ ਪ੍ਰਮੁੱਖ ਸਮੇਂ ਦਾ ਅਰੰਭ ਹੁੰਦਾ ਹੈ, ਸੰਨ ੧੭੧੬ ਤੋਂ ਬਾਅਦ। ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਸ਼ਹਿਰੀ ਜੀਵਨ ਦਾ ਪੂਰੀ ਤਰ੍ਹਾਂ ਤਿਆਗ ਕਰਣਾ ਪਿਆ। ਉਦੋਂ ਸਿੱਖਾਂ `ਤੇ ਹਰ ਪਾਸਿਓਂ ਜ਼ੁਲਮਾਂ ਦੀ ਹਨੇਰੀ ਛਾ ਗਈ। ਸ਼ਹਿਰਾਂ `ਚ ਸਿੱਖਾਂ ਦੇ ਸਿਰਾਂ ਤੇ ਮੁੱਲ ਪੈ ਰਹੇ ਸਨ। ਸਰਕਾਰੀ ਤਲ `ਤੇ ਸਿੱਖਾਂ ਦਾ ਖੁਰਾ ਖੋਜ ਮੁਕਾਉਣ ਦੀਆਂ ਗੱਲਾਂ ਵੀ ਚੱਲ ਰਹੀਆਂ ਸਨ। ਵੱਕਤੀ ਸਰਕਾਰਾਂ ਨੂੰ, ਸਿੱਖ ਵਿਰੋਧੀ ਤਾਕਤਾਂ ਵੱਲੋਂ ਵੀ ਪੂਰਾ ਪੂਰਾ ਸਾਥ ਮਿਲ ਰਿਹਾ ਸੀ। ਇਸ ਤਰ੍ਹਾਂ ਹੁਣ ਸਿੱਖਾਂ ਦਾ ਵਾਸਾ ਹੀ ਬਹੁਤਾ ਕਰ ਕੇ ਜੰਗਲਾਂ, ਪਹਾੜਾਂ ਤੇ ਮਾਰੂਥਲਾਂ `ਚ ਤਬਦੀਲ ਹੌ ਚੁੱਕਾ ਸੀ। ਸਿੱਖਾਂ ਪਿੱਛੇ ਹਰ ਸਮੇਂ ਵੈਰੀ ਦਲ ਹੁੰਦਾ ਸੀ। ਟਿਕਾਅ ਕਿਤੇ ਨਹੀਂ, ਕਈ ਵਾਰ ਤਾਂ ਲਗਾਤਾਰ ਛੇ ਛੇ ਦਿਨ ਘੋੜਿਆਂ ਦੀਆਂ ਕਾਠੀਆਂ `ਤੇ ਹੀ ਰਹਿਣਾ ਪੈਂਦਾ, ਸਿੱਖ ਕੌਮ ਲਈ ਇਹ ਅਤਿ ਦੀ ਭੀੜਾ ਦਾ ਸਮਾਂ ਸੀ। ਸੰਨ ੧੭੪੬ ਤੇ ਸੰਨ ੧੭੬੨, ਛੋਟੇ ਤੇ ਵੱਡੇ ਦੋ ਘਲੂਕਾਰੇ ਵੀ ਇਸ ਦੌਹਰਾਨ ਹੀ ਹੋਏ।

ਜਦਕਿ ਦੂਜੇ ਪਾਸੇ, ਸਿੱਖਾਂ ਦੇ ਸਾਰੇ ਇਤਿਹਾਸਕ ਸਥਾਨ, ਧਰਮਸ਼ਾਲਾਵਾਂ ਬੇਅੰਤ ਗੁਰੂ ਕੀਆਂ ਸੰਗਤਾਂ ਤੇ ਗੁਰੂਦਰ ਦੇ ਸ਼੍ਰਧਾਲੂ, ਇਹ ਸਭ ਤਾਂ ਵੱਸੋਂ ਵਾਲੇ ਇਲਾਕਿਆਂ `ਚ ਹੀ ਸਨ। ਬੱਸ, ਉਦੋਂ ਹੀ ਅਰੰਭ ਹੁੰਦਾ ਹੈ ਗੁਰਬਾਣੀ ਦੇ ਜੀਵਨ ਅਤੇ ਸਿੱਖ ਦੀ ਰਹਿਣੀ ਵਿਚਕਾਰ ਵੱਡਾ ਫ਼ਾਸਲਾ ਤੇ ਫ਼ਰਕ। ਕੁੱਝ ਹੋਰ ਵੇਰਵੇ `ਚ ਜਾਣ ਤੋਂ ਬਾਅਦ ਹੀ ਪਤਾ ਲਗੇਗਾ ਕਿ ਕਿਸ ਤਰ੍ਹਾਂ ਇਸ ਦੌਹਰਾਨ ਤੇ ਕਿਸ ਤਰ੍ਹਾਂ ਸੰਨ ੧੪੬੯ ਭਾਵ ਪਹਿਲੇ ਪਾਤਸ਼ਾਹ ਦੇ ਆਗਮਨ ਤੋਂ ਲੈ ਕੇ ਸੰਨ ੧੭੧੫ ਤੀਕ ਦੇ ਸਾਡੇ ਇਤਿਹਾਸ ਦਾ ਪੂਰੀ ਤਰ੍ਹਾਂ ਮਲੀਆਮੇਟ ਕੀਤਾ ਗਿਆ, ਜਿਸਦਾ ਸੰਤਾਪ ਅਸੀਂ ਅੱਜ ਵੀ ਭੋਗ ਰਹੇ ਹਾਂ। ਇਸ ਤਰ੍ਹਾਂ ਅੱਜ ਸਾਡੇ ਕੋਲ ਸਾਡੇ ਮੌਲਿਕ ਇਤਿਹਾਸ ਦੀ ਅਣਹੋਂਦ ਹੀ, ਸਾਡੀ ਅਜੋਕੀ ਪੰਥਕ ਅਧੋਗਤੀ ਦਾ, ਬਾਕੀ ਵਰਨਣ ਕੀਤੇ ਜਾ ਰਹੇ ਕਾਰਣਾਂ `ਚੋਂ ਹੀ ਇੱਕ ਪ੍ਰਮੁਖ ਤੇ ਬਹੁਤ ਵੱਡਾ ਕਾਰਣ ਇਹ ਵੀ ਹੈ।

ਕੁਝ ਅਜੋਕੇ ਸਿੱਖ ਇਤਿਹਾਸ ਬਰੇ- ਦਰਅਸਲ ਅੱਜ ਸਾਡੇ ਕੋਲ ਜਿਤਣੇ ਵੀ ਸਿੱਖ ਧਰਮ ਦੇ ਇਤਿਹਾਸਕ ਸ੍ਰੋਤ ਹਨ ਉਨ੍ਹਾਂ `ਚੋਂ ਇੱਕ ਵੀ ਅਸਲੀ ਤੇ ਗੁਰੂਕਾਲ ਦਾ ਨਹੀਂ। ਅੱਜ ਸਾਡੇ ਕੋਲ ਜੇ ਕਰ ਬਚੇ ਹੋਏ ਹਨ ਤਾਂ ਉਹ ਕੇਵਲ ਤੇ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੀ ਹਨ। ਉਪ੍ਰੰਤ ਦੂਜੇ ਨੰਬਰ ਆਉਂਦੇ ਹਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿੱਤ ਜਦਕਿ ਉਹ ਵੀ ਪੂਰੇ ਨਹੀਂ ਤੇ ਉਥੇ ਕੁੱਝ ਮਿਲਾਵਟਾਂ ਵੀ ਸਪਸ਼ਟ ਹਨ। ਇਸ ਤੋਂ ਬਾਅਦ ਸਾਡੇ ਕੋਲ ਹਨ ਭਾਈ ਨੰਦ ਲਾਲ ਸਿੰਘ ਜੀ ਦੀਆਂ ਕੁੱਝ ਰਚਨਾਵਾਂ ਜਾਂ ਕੁੱਝ ਇਸ਼ਾਰੇ ਵਿਦੇਸ਼ੀਆਂ ਦੀਆਂ ਲਿਖ਼ਤਾਂ `ਚੋਂ।

ਉਨ੍ਹਾਂ ਤੋਂ ਇਲਾਵਾ ਸਾਡੇ ਕੋਲ ਅੱਜ ਜਿਤਨਾਂ ਵੀ ਸਿੱਖ ਇਤਿਹਾਸ ਪ੍ਰਾਪਤ ਹੈ ਉਹ ਸਾਰਾ ਉਹ ਹੈ ਜਿਹੜਾ ਕਿ ਸੰਨ ੧੭੧੬ ਦੇ ਬਾਅਦ ਦਾ ਹੀ ਲਿਖਿਆ ਹੋਇਆ ਹੈ। ਇਸ ਤਰ੍ਹਾਂ ਉਨ੍ਹਾਂ `ਚ ਵੀ ਸਿਵਾਏ ਇੱਕ ਅੱਧੀ ਲਿਖਤ ਦੇ ਜਿਵੇਂ ਕਰਮ ਸਿੰਘ ਹਿਸਟੋਰਿਅਨ ਦੀ “ਸਿਖ ਇਤਿਹਾਸ ਦੇ ਬਹੁਮੁੱਲੇ ਲੇਖ” ਨਹੀਂ ਤਾਂ ਬਾਕੀ ਸਾਰੀਆਂ ਲਿਖਤਾਂ ਸੁਣੇ ਸੁਣਾਏ ਦੇ ਆਧਾਰ `ਤੇ ਬ੍ਰਾਹਮਣੀ ਜੀਵਨ ਤੇ ਵਿਚਾਰਧਾਰਾ ਨਾਲ ਉਤ ਪ੍ਰੋਤ ਹਨ, ਜਿਨ੍ਹਾਂ `ਚੋ ਕਿ ਸਿੱਖ ਇਤਿਹਾਸ ਨੂੰ ਢੂੰਡਣ ਲਈ, ਗੁਰਬਾਣੀ ਦੇ ਧੁਰੰਤਰ ਵਿਦਵਾਨਾਂ ਦੀ ਲੋੜ ਹੈ।

ਉਸ ਤੋਂ ਬਾਅਦ ਸਾਡੇ ਕੋਲ ਕੁੱਝ ਲਿਖਤਾਂ ਉਹ ਵੀ ਹਨ ਜਿਨ੍ਹਾਂ ਬਾਰੇ ਸਮੇਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਕੇਵਲ ਸਿੱਖ ਧਰਮ ਨੂੰ ਨੇਸਤੋ ਨਾਬੂਦ ਕਰਣ ਲਈ, ਸਿੱਖੀ ਦਾ ਰੰਗ ਚਾੜ੍ਹ ਕੇ, ਸਿੱਖ ਵਿਰੋਧੀਆਂ ਰਾਹੀਂ ਹੀ ਲਿਖੀਆਂ ਹੋਈਆਂ ਹਨ ਜਿਵੇਂ ਗੁਰਬਿਲਾਸ ਪਾਤਸ਼ਾਹੀ ਛੇਵੀ’ ਤੇ ‘ਬਚਿਤ੍ਰ ਨਾਟਕ’ ਆਦਿ। ਇਸ ਤੋਂ ਬਾਅਦ ਇਸ ਗਿਣਤੀ `ਚ ਆਉਂਦੇ ਹਨ ਸਿੱਖ ਇਤਿਹਾਸ ਸੰਬੰਧੀ ਗ਼ੈਰ ਸਿੱਖ ਤੇ ਵਿਦੇਸ਼ੀ ਲਿਖਾਰੀ ਜਦਕਿ ਉਥੇ ਵੀ ਮੂਲ ਦਿੱਕਤ ਉਹੀ ਹੈ। #21 DSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.