.

ਮਨੁੱਖ, ਸਮਾਜ ਅਤੇ ਗੁਰਮਤਿ

(ਕਿਸ਼ਤ ਤੀਜੀ)

ਹਾਕਮ ਸਿੰਘ

ਮਨੁੱਖਾਂ ਦੀਆਂ ਰੁੱਚੀਆਂ, ਯੋਗਤਾਵਾਂ ਅਤੇ ਸਾਧਨਾਂ ਵਿਚ ਅੰਤਰ ਹੁੰਦੇ ਹਨ ਇਸ ਲਈ ਮਨੁੱਖ ਵੱਖੋ ਵਖਰੇ ਪੇਸ਼ੇ, ਕੰਮ ਅਤੇ ਸ਼ੁਗ਼ਲ ਅਖਤਿਆਰ ਕਰਨ ਲਈ ਸਿੱਖਿਆ ਅਤੇ ਜਾਣਕਾਰੀ ਪ੍ਰਾਪਤ ਕਰਦੇ ਹਨ। ਹਰ ਵਿਸ਼ੇ ਦੀ ਗਿਆਨ ਪਰਾਪਤੀ ਦਾ ਮੂਲ ਢੰਗ ਤਕਰੀਬਨ ਇਕੋ ਜਿਹਾ ਹੈ। ਗਿਆਨ ਪ੍ਰਾਪਤ ਕਰਨ ਲਈ ਮਨੁੱਖ ਨੂੰ ਸਿੱਖਿਆ ਸੰਸਥਾਵਾਂ ਵਿਚ ਅਧਿਆਪਕਾਂ ਅਤੇ ਪਾਠ ਪੁਸਤਕਾਂ ਜਾਂ ਗ੍ਰੰਥਾਂ ਦੀ ਸਹਾਇਤਾ ਨਾਲ ਅਧਿਐਨ, ਖੋਜ ਅਤੇ ਅਭਿਆਸ ਕਰਨਾ ਪੈਂਦਾ ਹੈ। ਗਿਆਨ ਪਰਾਪਤੀ ਦੇ ਢੰਗ ਸਮਾਨ ਹੋਣ ਕਾਰਨ ਬਹੁਤੇ ਸਿੱਖ ਸ਼ਰਧਾਲੂ ਇਹ ਸਮਝ ਲੈਂਦੇ ਹਨ ਕਿ ਅਧਿਆਤਮਿਕ ਗਿਆਨ ਵੀ ਇਹਨਾਂ ਢੰਗਾਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਐਸਾ ਨਹੀਂ ਹੈ ਕਿਉਂਕਿ ਅਧਿਆਤਮਿਕ ਗਿਆਨ ਅਤੇ ਸੰਸਾਰਕ ਜਾਣਕਾਰੀ ਵਿਚ ਮੂਲ ਅੰਤਰ ਹੈ ਅਤੇ ਇਹਨਾਂ ਦੋਨਾਂ ਦੇ ਮਨੋਰਥ ਵੱਖੋ ਵਖਰੇ ਹਨ। ਰਸਮੀ ਸਿੱਖਿਆ ਅਤੇ ਅਭਿਆਸ ਦੁਆਰਾ ਅਧਿਆਤਮਿਕ ਗਿਆਨ ਪ੍ਰਾਪਤ ਕਰਨਾ ਬਹੁਤ ਔਖਾ ਹੈ।
ਅਧਿਆਤਮਿਕ ਗਿਆਨ ਅਤੇ ਸੰਸਾਰਕ ਜਾਣਕਾਰੀ ਦੇ ਅੰਤਰ ਦਾ ਆਧਾਰ ਇਹ ਹੈ ਕਿ ਇਹ ਦੋਨੋਂ ਵਖਰੀਆਂ ਧਰਾਤਲਾਂ ਤੇ ਵਿਚਰਦੇ ਹਨ ਅਤੇ ਇਹਨਾਂ ਦੇ ਵਿਸ਼ਿਆਂ ਵਿਚ ਕੋਈ ਸਾਂਝ ਨਹੀਂ ਹੈ। ਅਧਿਆਤਮਿਕ ਗਿਆਨ ਅਦਿੱਖ ਪ੍ਰਭੂ ਦਾ ਗਿਆਨ ਹੈ, ਸਮਾਜਕ ਜਾਣਕਾਰੀ ਚਲਾਇਮਾਨ ਸੰਸਾਰ ਦਾ ਅਨੁਭਵ ਹੈ। ਅਧਿਆਤਮਿਕ ਗਿਆਨ ਵਿਸ਼ਵਾਸ ਤੇ ਆਧਾਰਤ ਇਲਹਾਮੀ ਗਿਆਨ ਹੈ ਜਦੋਂ ਕਿ ਸੰਸਾਰਕ ਜਾਣਕਾਰੀ ਮਨੁੱਖੀ ਅਨੁਭਵ ਦਾ ਸਿੱਟਾ ਹੈ। ਅਧਿਆਤਮਿਕ ਗਿਆਨ ਸਦੀਵੀ ਸੱਚ ਹੈ ਅਤੇ ਬਦਲਦਾ ਨਹੀਂ ਪਰ ਸਮਾਜਕ ਜਾਣਕਾਰੀ ਨਿਰੰਤਰ ਬਦਲ ਰਹੀ ਸ੍ਰਿਸ਼ਟੀ ਦੀ ਜਾਣਕਾਰੀ ਹੋਣ ਕਾਰਨ ਬਦਲਦੀ ਰਹਿੰਦੀ ਹੈ। ਅਧਿਆਤਮਿਕ ਗਿਆਨ ਦਾ ਸਬੰਧ ਮਨੁੱਖੀ ਅੰਤਹਿਕਰਣ ਵਿਚ ਮਨ ਨਾਲ ਹੈ ਜਦੋਂ ਕਿ ਸੰਸਾਰਕ ਗਿਆਨ ਦਾ ਸਬੰਧ ਮਨੁੱਖ ਦੇ ਬਾਹਰਲੇ ਚੁਗਿਰਦੇ ਸਮਾਜ ਜਾਂ ਬ੍ਰਹਮੰਡ ਨਾਲ ਹੈ। ਅਧਿਆਤਮਿਕ ਗਿਆਨ ਦਾ ਮਨੋਰਥ ਮਨੁੱਖੀ ਮਨ ਨੂੰ ਸੁਧਾਰ ਕੇ ਪ੍ਰਭੂ ਨੂੰ ਮਿਲਣ ਯੋਗ ਬਣਾਉਣਾ ਹੈ ਅਤੇ ਸੰਸਾਰਕ ਜਾਣਕਾਰੀ ਦਾ ਮਨੋਰਥ ਕਿਰਤਾਂ, ਕੰਮਾਂ, ਪੇਸ਼ਿਆਂ ਵਿਚ ਨਿਪੁੰਨਤਾ ਅਤੇ ਸਰੀਰ ਦੇ ਸਵਾਸਥ ਅਤੇ ਮਨੋਰੰਜਨ ਵਿਚ ਸਹਾਇਤਾ ਪਰਦਾਨ ਕਰਨਾ ਹੈ। ਸਿੱਖਿਆ ਸੰਸਥਾ ਤੋਂ ਪ੍ਰਾਪਤ ਜਾਣਕਾਰੀ ਮਨ ਵਸ ਕਰਨ ਲਈ ਉਪਯੋਗੀ ਸਿੱਧ ਨਹੀਂ ਹੁੰਦੀ ਕਿਉਂਕਿ ਮਨ ਨਾ ਤੇ ਸਰੀਰ ਹੁੰਦਾ ਹੈ ਅਤੇ ਨਾ ਹੀ ਸੰਸਾਰਕ ਕਿਰਤ। ਮਨੁੱਖੀ ਮਨ ਤੇ ਮਨੁੱਖਾ ਸਰੀਰ ਅਤੇ ਦਿਮਾਗ ਦਾ ਸਵਾਮੀ ਹੈ, ਮਾਲਕ ਹੈ। ਸਰੀਰ ਅਤੇ ਦਿਮਾਗ ਆਪਣੇ ਮਾਲਕ ਮਨ ਨੂੰ ਕੋਈ ਸਿੱਖਿਆ ਜਾਂ ਆਦੇਸ਼ ਦੇਣ ਦੇ ਸਮਰਥ ਨਹੀਂ ਹੁੰਦੇ।
ਗੁਰਮਤਿ ਗਿਆਨ ਦੀ ਪਰਾਪਤੀ ਮਨੁੱਖੀ ਮਨ ਤੇ ਨਿਰਭਰ ਕਰਦੀ ਹੈ। ਇਸ ਲਈ ਮਨ ਦੀ ਅਸਲੀਅਤ ਨੂੰ ਜਾਨਣ ਉਪਰੰਤ ਹੀ ਗੁਰਮਤਿ ਗਿਆਨ ਦੀ ਪਰਾਪਤੀ ਦੇ ਭੇਦ ਨੂੰ ਜਾਣਿਆ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਮਨ ਜੋਤ ਸਰੂਪ ਹੈ। ਮਨੁੱਖਾ ਸਰੀਰ ਵਿਚ ਇਹ ਪ੍ਰਭੂ ਦਾ ਅੰਸ਼ ਹੈ। ਇਹ ਸਰੀਰ ਵਿਚ ਵਸਦਾ ਹੈ ਪਰ ਆਪ ਇਹ ਬਿਣਸਹਾਰ ਸਰੀਰ ਦਾ ਭਾਗ ਨਹੀਂ ਹੈ। ਚੇਤਨਤਾ ਮਨ ਦਾ ਗੁਣ ਹੈ। ਮਨ ਸਰੀਰ ਦੀ ਸ਼ਕਤੀ (ਊਰਜਾ) ਨੂੰ ਵਰਤਦਾ ਹੈ ਜਿਸ ਦਾ ਇਹ ਆਪ ਸੋਮਾ ਹੈ। ਇਹ ਸਰੀਰ ਦਾ ਚਾਲਕ ਅਤੇ ਮਾਲਕ ਹੈ। ਸਰੀਰ ਮਨ ਦੇ ਹੁਕਮ ਵਿਚ ਕੰਮ ਕਰਦਾ ਹੈ। ਦੂਜੇ ਪਾਸੇ, ਮਨੁੱਖ ਸਮਾਜ ਵਿਚ ਰਹਿੰਦਾ ਹੈ। ਸਮਾਜ ਵਿਚ ਤ੍ਰੈ ਗੁਣਾਂ ਦਾ ਵਰਤਾਰਾ ਹੈ ਅਤੇ ਮਾਇਆ ਦਾ ਪਰਭਾਵ ਹੈ। ਮਾਇਆ ਪ੍ਰਭੂ ਦਾ ਸਿਰਜਿਆ ਦੂਜਾ ਭਾਵ ਹੈ, ਭਰਮ ਹੈ, ਭੁਲੇਖਾ ਹੈ। ਮਨੁੱਖੀ ਮਨ ਤੇ ਵੀ ਮਾਇਆ ਦਾ ਪਰਭਾਵ ਹੈ। ਮਾਇਆ ਦੇ ਪਰਭਾਵ ਅਧੀਨ ਮਨੁੱਖਾ ਮਨ ਉਹੋ ਕਰਦਾ ਹੈ ਜੋ ਮਾਇਆ ਉਸ ਨੂੰ ਸੁਝਾਉਂਦੀ ਹੈ ਕਿਉਂਕਿ “ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੇ ਕੋਇ॥” (ਪੰ: ੫੯੫)। ਸਿੱਖ ਸ਼ਰਧਾਲੂ ਗੁਰਬਾਣੀ ਦਾ ਪਾਠ, ਜਾਪ, ਕੀਰਤਨ, ਵਿਚਾਰ, ਨਿਤਨੇਮ ਅਤੇ ਧਾਰਮਕ ਵਿਹਾਰ ਮਾਇਆ ਤੋਂ ਪਰਭਾਵਿਤ ਮਨ ਨਾਲ ਕਰਦੇ ਹਨ। ਕੁੱਝ ਸ਼ਰਧਾਲੂ ਗੁਰਬਾਣੀ ਉਪਦੇਸ਼ ਨੂੰ ਸਮਝਦੇ ਹਨ ਅਤੇ ਉਸ ਉਪਦੇਸ਼ ਨੂੰ ਜੀਵਨ ਵਿਚ ਧਾਰਨ ਕਰਨ ਲਈ ਮਨ ਨੂੰ ਪ੍ਰੇਰਤ ਕਰਦੇ ਹਨ। ਪਰ ਮਨ ਮਾਇਆ ਦੇ ਅਧੀਨ ਹੋਣ ਕਾਰਨ ਉਹੋ ਕੁੱਝ ਕਰਦਾ ਹੈ ਜੋ ਮਾਇਆ ਉਸ ਨੂੰ ਕਰਨ ਦੀ ਆਗਿਆ ਦਿੰਦੀ ਹੈ ਨਾ ਕਿ ਜੋ ਬੁੱਧੀ ਤਜਵੀਜ਼ ਕਰਦੀ ਹੈ। ਮਾਇਆ ਮਨ ਨੂੰ ਆਪਣੇ ਅੰਦਰ, ਆਪਣੇ ਅੰਤਹਿਕਰਣ ਵਲ ਧਿਆਨ ਦੇਣ ਤੋਂ ਵੀ ਰੋਕੀ ਰੱਖਦੀ ਹੈ। ਕਈ ਸ਼ਰਧਾਲੂ ਗੁਰਬਾਣੀ ਉਪਦੇਸ਼ ਤੋਂ ਪਰਭਾਵਿਤ ਹੋ ਕੇ ਗੁਰ-ਸ਼ਬਦ ਦੇ ਅਭਿਆਸ ਦੁਆਰਾ ਪ੍ਰਭੂ ਮਿਲਾਪ ਦੀ ਕਾਮਨਾ ਕਰਦੇ ਹਨ। ਉਹਨਾਂ ਵਿਚੋਂ ਬਹੁਤਿਆਂ ਦੀ ਗੁਰਬਾਣੀ ਸੂਝ ਅਤੇ ਮਾਇਆ ਦਾ ਪਰਭਾਵ ਉਹਨਾਂ ਦੀਆਂ ਸੰਸਾਰਕ ਇੱਛਾਵਾਂ ਉਤੇਜਿਤ ਕਰ ਦਿੰਦਾ ਹੈ ਅਤੇ ਉਹਨਾਂ ਨੂੰ ਧਾਰਮਕ ਜਗਤ ਵਿਚ ਪ੍ਰਸਿੱਧੀ ਖੱਟਣ, ਧਾਰਮਕ ਆਗੂ, ਧਰਮ ਸ਼ਾਸਤਰੀ, ਸੰਤ, ਬ੍ਰਹਮ ਗਿਆਨੀ, ਗੁਰੂ, ਆਦਿ ਬਨਣ ਲਈ ਉਤਸ਼ਾਹਿਤ ਕਰ ਦਿੰਦਾ ਹੈ, ਅਤੇ ਉਹ ਆਪਣਾ ਅਸਲੀ ਉਦੇਸ਼ ਭੁੱਲ ਜਾਂਦੇ ਹਨ। ਜੋ ਮਨ ਮਾਇਆ ਪਿਛੇ ਭਟਕਣ ਲੱਗ ਪਵੇ ਉਸ ਨੂੰ ਗੁਰ-ਸ਼ਬਦ ਪ੍ਰਭਾਵਤ ਨਹੀਂ ਕਰ ਸਕਦਾ। ਇਸੇ ਲਈ ਗੁਰਬਾਣੀ ਮਨੁੱਖ ਨੂੰ ਗੁਰਮਤਿ ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰਨ ਲਈ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਦਾ ਉਪਦੇਸ਼ ਕਰਦੀ ਹੈ। ਪਰ ਮਨ ਮਨੁੱਖ ਦੇ ਵਸ ਵਿਚ ਨਹੀਂ ਹੁੰਦਾ ਅਤੇ ਨਾ ਹੀ ਸੰਸਾਰ ਵਿਚ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਦੇ ਸਮਰਥ ਹੁੰਦਾ ਹੈ। ਇਸ ਲਈ ਗੁਰਬਾਣੀ ਮਨੁੱਖ ਨੂੰ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਲਈ ਪ੍ਰਭੂ ਅੱਗੇ ਅਰਦਾਸ ਕਰਨ ਦਾ ਉਪਦੇਸ਼ ਕਰਦੀ ਹੈ। ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਮਨ ਮਾਇਆ ਦੇ ਪਰਭਾਵ ਤੋਂ ਮੁਕਤ ਹੋ ਜਾਂਦਾ ਹੈ। ਸੰਸਾਰ ਵਿਚ ਮਨੁੱਖ ਦੀ ਸਥਿਤੀ ਇਸ ਪਰਕਾਰ ਚਿਤਰੀ ਜਾ ਸਕਦੀ ਹੈ: ਮਨੁੱਖ ਮਨ ਦੇ ਅਧੀਨ ਹੈ, ਮਨ ਮਾਇਆ ਦੇ ਪਰਭਾਵ ਅਧੀਨ ਹੈ ਅਤੇ ਮਾਇਆ ਪ੍ਰਭੂ ਦੇ ਹੁਕਮ ਵਿਚ ਹੈ। ਗੁਰਮਤਿ ਗਿਆਨ ਪ੍ਰਾਪਤ ਕਰਨ ਲਈ ਮਨੁੱਖ ਨੂੰ ਤਿੰਨ ਪਰੀਖਿਆਵਾਂ ਪਾਸ ਕਰਨੀਆਂ ਪੈਂਦੀਆਂ ਹਨ (੧) ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਦੀ ਸਤਸੰਗਤ ਵਿਚ ਮਿਲ ਬੈਠਣ ਦੀ, (੨) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਦੀ, ਅਤੇ (੩) ਗੁਰ-ਸ਼ਬਦ ਦੇ ਅਭਿਆਸ ਰਾਹੀਂ ਮਨ ਨੂੰ ਵਸ ਕਰਨ ਦੀ। ਗੁਰਬਾਣੀ ਦਾ ਕਥਨ ਹੈ: “ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ॥ ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ॥“ (ਪੰ: ੧੩੦੧)। ਗੁਰੂ ਦੀ ਕਿਰਪਾ ਤੋਂ ਬਿਨਾ ਜਾਪ, ਤਾਪ, ਸੁੱਚ, ਸੰਜਮ, ਸਿਮਰਨ, ਆਦਿ ਧਾਰਮਕ ਕਰਮ ਬੇਅਰਥ ਹਨ। ਇਸ ਗੁਰ ਵਾਕ ਦਾ ਇਹ ਅਰਥ ਨਹੀਂ ਕਿ ਕੇਵਲ ਹਿੰਦੂ ਧਰਮ ਦੇ ਜਾਪ ਤਾਪ ਬੇਅਰਥ ਹਨ ਬਲਕਿ ਹਰ ਧਰਮ ਦਾ ਜਾਪ ਤਾਪ ਜਾਂ ਨਾਮ ਸਿਮਰਨ ਅਰਥਹੀਣ ਹੁੰਦਾ ਹੈ ਜਦੋਂ ਤਕ ਸ਼ਰਧਾਲੂ ਤੇ ਗੁਰੂ ਦੀ ਕਿਰਪਾ ਨਾ ਹੋਵੇ। ਜੋਗੀ ਸਰੀਰ ਦੁਆਰਾ ਮਨ ਨੂੰ ਕਾਬੂ ਕਰਨ ਦਾ ਜਤਨ ਕਰਦੇ ਹਨ, ਪਰ ਉਹ ਨਹੀਂ ਜਾਣਦੇ ਕਿ “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥“ (ਪੰ: ੩੩੦)।
ਕਰੋੜਾਂ ਲੋਕ ਪ੍ਰਭੂ ਦੇ ਜਾਪ ਤਾਪ, ਸਿਮਰਨ ਵਿਚ ਰੁੱਝੇ ਹਨ ਅਤੇ ਉਸ ਦੀ ਬਖ਼ਸ਼ਿਸ਼ ਲਈ ਹਰ ਸਮੇਂ ਅਰਦਾਸਾਂ ਕਰਦੇ ਹਨ ਪਰ ਜਿਸ ਤੇ ਉਸ ਦੀ ਨਦਰ ਹੋ ਜਾਂਦੀ ਹੈ ਉਹੋ ਪਰਵਾਨ ਚੜ੍ਹਦੇ ਹਨ। ਗੁਰਮਤਿ ਦੇ ਦੱਸੇ ਰਾਹ ਤੇ ਚਲਦਿਆਂ ਪ੍ਰਭੂ ਦੀ ਕਿਰਪਾ ਲਈ ਅਰਦਾਸ ਕਰਨ ਵਾਲੇ ਹੀ ਉਸ ਦੀ ਕਿਰਪਾ ਦੇ ਪਾਤਰ ਬਣਦੇ ਹਨ। ਕਈ ਵਿਦਵਾਨ ਮਨ ਨੂੰ ਸੰਸਕਾਰਾਂ ਦੇ ਅਧੀਨ ਮੰਨਦੇ ਹਨ। ਇਹ ਇਕ ਭੁਲ ਹੈ ਕਿਉਂਕਿ ਸੰਸਕਾਰਾਂ ਦਾ ਸਬੰਧ ਸਰੀਰਕ ਇੰਦਰੀਆਂ ਨਾਲ ਹੁੰਦਾ ਹੈ, ਮਨ ਨਾਲ ਨਹੀਂ। ਮਨ ਮਾਇਆ ਦੇ ਪਰਭਾਵ ਅਧੀਨ ਭਟਕਦਾ ਰਹਿੰਦਾ ਹੈ। ਪੰਜ ਵਿਸ਼ੇ ਵਿਕਾਰਾਂ ਦਾ ਪਰਭਾਵ ਵੀ ਮਨ ਉਤੇ ਹੁੰਦਾ ਹੈ ਸਰੀਰ ਤੇ ਨਹੀਂ। ਸੰਸਾਰਕ ਜਾਣਕਾਰੀ ਮਨੁੱਖ ਨੂੰ ਆਪਣੇ ਚੁਗਿਰਦੇ ਨੂੰ ਆਪਣੀ ਇੱਛਾ ਅਨੁਸਾਰ ਵਰਤਣ ਦੇ ਯੋਗ ਬਣਾਉਂਦੀ ਹੈ ਪਰ ਮਨ ਨੂੰ ਵਸ ਕਰਨ ਦੇ ਕੰਮ ਨਹੀਂ ਆਉਂਦੀ। ਮਨ ਨੂੰ ਤੇ ਪ੍ਰਭੂ ਹੀ ਆਪਣੀ ਕਿਰਪਾ ਕਰ ਕੇ ਮਾਇਆ ਦੇ ਚੱਕਰਵਿਯੂ ਵਿਚੋਂ ਕੱਢ ਕੇ ਗੋਬਿੰਦ ਮਿਲਣ ਦੇ ਰਾਹ ਪਾ ਸਕਦਾ ਹੈ। ਅਧਿਆਤਮਿਕ ਗਿਆਨ ਅਤੇ ਸਮਾਜਕ ਧਰਮ ਦੇ ਅੰਤਰ ਬਾਰੇ ਬਹੁਤੇ ਵਿਦਵਾਨ ਅਤੇ ਪੜ੍ਹੇ ਲਿਖੇ ਲੋਕ ਅਣਜਾਣ ਹਨ। ਉਹ ਸਮਝਦੇ ਹਨ ਕਿ ਗੁਰਬਾਣੀ ਪੜ੍ਹਨ ਅਤੇ ਉਸ ਦੇ ਅਰਥ ਜਾਨਣ ਨਾਲ ਹੀ ਗੁਰਮਤਿ ਗਿਆਨ ਦੀ ਪਰਾਪਤੀ ਹੋ ਜਾਂਦੀ ਹੈ। ਕਈ ਵਿਦਵਾਨ ਅਤੇ ਸ਼ਰਧਾਲੂ ਧਰਮ ਪ੍ਰਤੀ ਸ਼ਰਧਾ ਅਤੇ ਧਾਰਮਕ ਜੀਵਨ ਦੀ ਰਹਿਤ ਨੂੰ ਹੀ ਗੁਰਮਤਿ ਗਿਆਨ ਸਮਝ ਲੈਂਦੇ ਹਨ। ਧਰਮ ਦੇ ਪੇਸ਼ਾਵਰ ਉਪਾਸ਼ਕ ਜਾਂ ਪੁਜਾਰੀ ਧਰਮ ਨੂੰ ਵਪਾਰਕ ਵਸਤੂ ਬਣਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਵੇਚਣ ਜਾਂ ਪ੍ਰਭਾਵਤ ਕਰਨ ਦਾ ਜਤਨ ਕਰਦੇ ਹਨ। ਜਿਵੇਂ ਵਪਾਰੀ ਮਾਲ ਵੇਚਣ ਲਈ ਆਪਣੇ ਮਾਲ ਦੀਆਂ ਸਿਫਤਾਂ ਕਰਕੇ ਲਾਹਾ ਖੱਟਦੇ ਹਨ, ਇਸੇ ਤਰ੍ਹਾਂ ਧਰਮ ਦੇ ਵਪਾਰੀ ਅਧਿਆਤਮਿਕ ਗਿਆਨ ਨੂੰ ਝੂਠੀਆਂ ਸੱਚੀਆਂ ਕਹਾਣੀਆਂ ਅਤੇ ਮਨ ਲੁਭਾਓ ਜਾਂ ਭਾਵਨਾਵਾਂ ਉਤੇਜਿਤ ਕਰਨ ਵਾਲੀਆਂ ਵਾਰਦਾਤਾਂ ਨਾਲ ਰੋਚਕ ਬਣਾ ਕੇ ਵੇਚਦੇ ਹਨ, ਅਤੇ ਕਈ ਰੰਗ ਤਮਾਸ਼ੇ ਕਰਕੇ ਇਸ ਨੂੰ ਐਡਵਰਟਾਈਜ਼ ਕਰਦੇ ਹਨ। ਅਧਿਆਤਮਿਕ ਗਿਆਨ ਪ੍ਰਾਪਤ ਕਰਨ ਲਈ ਮਨੁੱਖ ਨੂੰ ਖਰੀਦਦਾਰ ਨਹੀਂ ਸ਼ਰਧਾਲੂ ਬਨਣਾ ਪੈਂਦਾ ਹੈ ਅਤੇ ਸਮਾਜ ਵਿਚ ਉਸ ਗਿਆਨ ਨੂੰ ਧਰਮ ਰਾਹੀਂ ਅਭਿਵਿਅਕਤ ਕਰਨ ਲਈ ਸ਼ਰਧਾਲੂਆਂ ਦੇ ਇਕੱਠ ਨੂੰ ਸਤਸੰਗਤ ਬਨਣਾ ਪੈਂਦਾ ਹੈ। ਸਤਸੰਗਤ ਸ਼ਬਦ-ਗੁਰੂ ਵਿਚ ਸੁਰਤ ਜੋੜਨ ਨਾਲ ਬਣਦੀ ਹੈ ਅਤੇ ਸ਼ਬਦ ਵਿਚ ਸੁਰਤ ਜੋੜਨ ਦੀ ਯੋਗਤਾ ਗੁਰੂ ਬਖਸ਼ਦਾ ਹੈ।
ਗੁਰਮਤਿ ਦਾ ਮਨੋਰਥ ਮਨੁੱਖਤਾ ਦੀ ਅਗਵਾਈ ਕਰਨਾ ਹੈ। ਸਮਾਜ ਨੂੰ ਗੁਰਬਾਣੀ ਉਪਦੇਸ਼ ਦੀ ਸੂਝ ਦੇਣ ਦੀ ਜ਼ਿੰਮੇਵਾਰੀ ਗੁਰਮਤਿ ਦੇ ਸ਼ਰਧਾਲੂਆਂ ਦੀ ਹੈ। ਉਹ ਸ਼ਰਧਾਲੂ ਜਿਨ੍ਹਾਂ ਆਪ ਗੁਰਮਤਿ ਅਨੁਸਾਰੀ ਜੀਵਨ ਧਾਰਨ ਕੀਤਾ ਹੋਇਆ ਹੈ ਉਹੋ ਗੁਰਮਤਿ ਉਪਦੇਸ਼ ਦਾ ਸੰਚਾਰ ਕਰਨ ਦੇ ਯੋਗ ਹੁੰਦੇ ਹਨ। ਸ਼ਰਧਾਲੂਆਂ ਦਾ ਜੀਵਨ ਕੈਸਾ ਹੁੰਦਾ ਹੈ ਇਸ ਬਾਰੇ ਸ਼ੰਕਾ ਨਵਿਰਤ ਕਰਨ ਲਈ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ: “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ॥” (ਪੰ: ੧)। ਪ੍ਰਭੂ ਦੇ ਹੁਕਮ ਦੀ ਤਾਮੀਲ ਕਰਨ ਨਾਲ ਬੰਦਾ ਧਾਰਮਕ ਸਚਿਆਰਾ ਬਣਦਾ ਹੈ। ਸਾਰੀ ਸ੍ਰਿਸ਼ਟੀ ਵਿਚ ਪ੍ਰਭੂ ਦਾ ਹੁਕਮ ਵਰਤਦਾ ਹੈ ਪਰ ਉਸ ਹੁਕਮ ਨੂੰ ਬੁਝਣਾ ਔਖਾ ਹੈ। ਪ੍ਰਭੂ ਦਾ ਹੁਕਮ ਬੁਝਣ ਦੀ ਸਮਰਥਾ ਗੁਰਮਤਿ ਅਨੁਸਾਰੀ ਜੀਵਨ ਧਾਰਨ ਕਰਨ ਨਾਲ ਆਉਂਦੀ ਹੈ। ਐਸੇ ਜੀਵਨ ਦੇ ਕੀ ਗੁਣ ਹੁੰਦੇ ਹਨ ਉਹਨਾਂ ਦਾ ਵਰਣਨ ਗੁਰੂ ਨਾਨਕ ਸਾਹਿਬ ਨੇ ਜਪੁ ਜੀ ਦੀ ੨੮ਵੀਂ ਪਉੜੀ ਵਿਚ ਇਸ ਪਰਕਾਰ ਕੀਤਾ ਹੈ: “ਮੁੰਦਾ ਸੰਤੋਖ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥“ (ਪੰ: ੬)। ਇਸ ਪਉੜੀ ਵਿਚ ਗੁਰੂ ਨਾਨਕ ਪਾਤਸ਼ਾਹ ਜੋਗੀ ਦੀ ਜੀਵਨ ਸ਼ੈਲੀ ਅਤੇ ਭਾਸ਼ਾ ਵਿਚ ਜੋਗੀ ਅਤੇ ਮਨੁੱਖਤਾ ਨੂੰ ਗੁਰਮਤਿ ਅਨੁਸਾਰੀ ਸਮਾਜਕ ਜੀਵਨ ਬਤੀਤ ਕਰਨ ਦੀ ਜੁਗਤ ਦੱਸਦੇ ਹਨ। ਉਹ ਜੋਗੀ ਨੂੰ ਉਪਦੇਸ਼ ਕਰਦੇ ਹਨ ਕਿ ਹੇ ਜੋਗੀ, ਜੇਕਰ ਤੂੰ ਸੰਤੋਖ ਦੀਆਂ ਮੁੰਦਰਾਂ, ਮਿਹਨਤ ਦਾ ਭਾਂਡਾ ਅਤੇ ਝੋਲੀ ਬਣਾ ਲਵੇਂ, ਧਿਆਨ ਦੀ ਬਿਭੂਤੀ ਸਵਾਹ ਸਰੀਰ ਤੇ ਮਲ ਲਵੇਂ, ਮੌਤ ਦੀ ਗੋਦੜੀ ਬਣਾ ਲਵੇਂ, ਸਰੀਰ ਨੂੰ ਵਿਕਾਰਾਂ ਤੋਂ ਕੁਆਰਾ ਅਛੋਹ ਰੱਖੇਂ, ਸ਼ਰਧਾ ਦਾ ਡੰਡਾ ਬਣਾ ਲਵੇਂ, ਸਾਰੀ ਮਨੁੱਖਤਾ ਨੂੰ ਮਿੱਤਰ ਸਮਝੇਂ ਅਤੇ ਆਪਣੇ ਮਨ ਨੂੰ ਕਾਬੂ ਕਰ ਲਵੇਂ ਤਾਂ ਤੂੰ ਸਾਰਾ ਜੱਗ ਜਿੱਤ ਲਵੇਂਗਾ। ਐਸਾ ਬਨਣ ਲਈ ਜੋਗੀ ਤੂੰ ਉਸ ਪ੍ਰਭੂ ਨੂੰ ਪਰਣਾਮ ਕਰ ਜੋ ਸਭ ਦਾ ਮੁੱਢ ਹੈ, ਅਨਾਦੀ ਹੈ, ਸੁੱਧ ਸਰੂਪ ਹੈ, ਅਬਿਨਾਸੀ ਹੈ ਅਤੇ ਸਦਾ ਰਹਿਣ ਵਾਲਾ ਹੈ। ਗੁਰਬਾਣੀ ਮਨੁੱਖ ਨੂੰ ਸੰਸਾਰ ਵਿਚ ਰਹਿੰਦੇ ਹੋਏ ਸੰਤੋਖ, ਉੱਦਮ, ਪ੍ਰਭੂ ਵਿਚ ਧਿਆਨ, ਮੌਤ ਦਾ ਭਾਓ, ਵਿਕਾਰਾਂ ਤੋਂ ਬਚਾਓ, ਸ਼ਰਧਾ, ਮਨੁੱਖਤਾ ਨਾਲ ਪਿਆਰ ਅਤੇ ਮਨ ਨੂੰ ਵਸ ਕਰਕੇ ਪ੍ਰਭੂ ਨੂੰ ਪਰਣਾਮ ਕਰਨ ਦੇ ਮਾਰਗ ਤੇ ਚਲ ਕੇ ਸਚਿਆਰਾ ਬਨਣ ਦਾ ਉਪਦੇਸ਼ ਕਰਦੀ ਹੈ।
.