.

ਜਪਹੁ ਤ ਏਕੋ ਨਾਮਾ!

ਸੰਸਾਰ ਵਿਖੇ ਰਹਿੰਦੇ ਸਿੱਖ ਪਰਿਵਾਰਾਂ ਨੂੰ ਭਲੀ-ਭਾਂਤ ਜਾਣਕਾਰੀ ਹੈ ਕਿ “ਗੁਰੂ ਗਰੰਥ ਸਾਹਿਬ” ਵਿੱਚ ਅੰਕਤਿ ਬਾਣੀ ੴ ਸਤਿ ਨਾਮੁ ਤੋਂ ਲੈ ਕੇ ਮੁੰਦਾਵਣੀ ਦੀ ਅਖੀਰਲੀ ਪੰਕਤੀ: ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ਤੱਕ (ਪੰਨੇ ੧ ਤੋਂ ੧੪੨੯) ਸਾਨੂੰ ਇਹੀ ਓਪਦੇਸ਼ ਗ੍ਰਹਿਣ ਕਰਾਉਂਦੇ ਹਨ ਕਿ ਐ ਪ੍ਰਾਣੀ, ਅਕਾਲ ਪੁਰਖ ਦੇ ਸੱਚੇ ਨਾਮ ਦੇ ਸਿਮਰਨ ਦੁਆਰਾ, ਉਸ ਦੀ ਸਿਫਤਿ-ਸਾਲਾਹ ਵਿੱਚ ਜੁੜਿਆ ਰਹਿ ਅਤੇ ਰੂਹਾਨੀ ਵਡਿਆਈਆਂ ਅਨੁਸਾਰ ਆਪਣਾ ਜੀਵਨ ਬਤੀਤ ਕਰ ਕਿਉਂਕਿ ਅਕਾਲ ਪੁਰਖ ਹੀ ਸੱਭ ਦਾ ਪ੍ਰਤਿਪਾਲਕ ਅਤੇ ਰਖਵਾਲਾ ਹੈ। ਸਾਰੇ ਸ਼ਬਦ ਤਾਂ ਬਿਆਨ ਨਹੀਂ ਕੀਤੇ ਜਾ ਸਕਦੇ, ਪਰ ਕੁੱਝ ਕੁ ਤੁੱਕਾਂ ਦਾ ਵੇਰਵਾ ਦੇਣ ਦਾ ਯੱਤਨ ਕੀਤਾ ਹੈ:

ਗੁਰੂ ਗਰੰਥ ਸਾਹਿਬ ਦੇ ਪੰਨਾ ੭੨੮, ਰਾਗੁ ਸੂਹੀ ਮਹਲਾ ੧॥ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ:

“ਜਪਹੁ ਤ ਏਕੋ ਨਾਮਾ॥ ਅਵਰਿ ਨਿਰਾਫਲ ਕਾਮਾ॥ ੧॥ ਰਹਾਉ॥

ਪੰਨਾ ੧੦੬੦, ਮਾਰੂ ਮਹਲਾ ੩॥ ਗੁਰੂ ਅਮਰਦਾਸ ਸਾਹਿਬ ਓਚਾਰਨ ਕਰਦੇ ਹਨ:

ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ॥

ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ॥ ੧੨॥

ਪੰਨਾ ੧੨੯੬, ਕਾਨੜਾ ਮਹਲਾ ੪॥ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਨ:

ਹਰਿ ਗੁਨ ਗਾਵਹੁ ਜਗਦੀਸ॥ ਏਕਾ ਜੀਹ ਕੀਚੈ ਲਖ ਬੀਸ॥

ਜਪਿ ਹਰਿ ਹਰਿ ਸਬਦਿ ਜਪੀਸ॥ ਹਰਿ ਹੋ ਹੋ ਕਿਰਪੀਸ॥ ੧॥ ਰਹਾਉ॥

ਪੰਨਾ ੫੩੧, ਦੇਵਗੰਧਾਰੀ ੫॥ ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ:

ਗੁਰ ਕੇ ਚਰਨ ਰਿਦੈ ਪਰਵੇਸਾ॥ ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ॥ ੧॥ ਰਹਾਉ॥ ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ॥ ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ॥ ੧॥ ਕਰਿ ਕਿਰਪਾ ਅਪੁਨਾ ਦਾਸੁ ਕੀਨੋ ਬੰਧਨ ਤੋਰਿ ਨਿਰਾਰੇ॥ ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ॥ ੨॥ ੧੮॥

ਪੰਨਾ ੬੨੩, ਸੋਰਠਿ ਮਹਲਾ ੫॥ ਗੁਰੂ ਅਰਜਨ ਸਾਹਿਬ ਕਹਿੰਦੇ ਹਨ:

ਵਿਚਿ ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ॥ ਮਜਨੁ ਗੁਰ ਆਂਦਾ ਰਾਸੇ॥ ਜਪਿ ਹਰਿ ਹਰਿ ਕਿਲਵਿਖ ਨਾਸੇ॥ ੧॥

ਪੰਨਾ ੨੧੯, ਗਉੜੀ ਮਹਲਾ ੯॥ ਗੁਰੂ ਤੇਗ਼ ਬਹਾਦਰ ਸਾਹਿਬ ਸੋਝੀ ਬਖ਼ਸ਼ਿਸ਼ ਕਰਦੇ ਹਨ:

ਸਾਧੋ ਗੋਬਿੰਦ ਕੇ ਗੁਨ ਗਾਵਉ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ॥ ੧॥ ਰਹਾਉ॥

ਪੰਨਾ ੩੩੭, ਰਾਗੁ ਗਉੜੀ ਪੂਰਬੀ ਕਬੀਰ ਜੀ॥ ਭਗਤ ਕਬੀਰ ਜੀ ਬਿਆਨ ਕਰਦੇ ਹਨ:

ਰਾਮ ਜਪਉ ਜੀਅ ਐਸੇ ਐਸੇ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥ ੧॥

ਪਰ ਹੇਠਲੇ ਸ਼ਬਦ ਤੋਂ ਇੰਜ ਜਾਪਦਾ ਹੈ ਜਿਵੇਂ ਕਿ “ਅਰਜੁਨ ਦੇਵ ਗੁਰੂ” ਨੂੰ ਜੱਪਣ ਸਦਕਾ, ਜੀਵ ਜਨਮ ਮਰਨ ਦੇ ਦੁੱਖ ਵਿੱਚ ਨਹੀਂ ਪੈਂਦਾ। ਜਦੋਂ ਅਸੀਂ ਹੋਰ ਬੇਅੰਤ ਸ਼ਬਦਾਂ ਦੀ ਵਿਚਾਰ ਕਰਦੇ ਹਾਂ ਤਾਂ ਜਾਪਦਾ ਹੈ, ਜਿਵੇਂ ਕਿ ਭਟ ਮਥੁਰਾ ਜੀ, ਗੁਰੂ ਅਰਜਨ ਸਾਹਿਬ ਦੇ ਦਰਬਾਰ ਦੀ ਹਾਜ਼ਰੀ ਭਰ ਕੇ, ਸਾਡੇ ਨਾਲ ਗੁਰੂ ਓਪਦੇਸ਼ ਸਾਂਝਾ ਕਰਦੇ ਹਨ! ਮੇਰੀ ਸੋਚਣੀ ਗ਼ਲਤ ਹੋ ਸਕਦੀ ਹੈ, ਇਸ ਲਈ ਬੇਨਤੀ ਹੈ ਕਿ ਹੋਰ ਕੋਈ ਸਜਨ ਸੋਝੀ ਦੇਣ ਦੀ ਕ੍ਰਿਪਾਲਤਾ ਕਰੇ ਕਿਉਂਕਿ ਇਹੀ ਸ਼ੰਕਾ ਅਰਦਾਸ ਕਰਨ ਸਮੇਂ ਵੀ ਪੈਦਾ ਹੋ ਜਾਂਦਾ ਹੈ, ਜਦੋਂ ਅਰਦਾਸੀਆ ਜਾਂ ਅਸੀਂ ਆਪ ਅਰਦਾਸਿ ਕਰਦੇ ਹਾਂ:

ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਛੱਪਦੇ “ਸੁੰਦਰ ਗੁਟਕਾ ਅਤੇ ਨਿਤਨੇਮ ਤੇ ਹੋਰ ਬਾਣੀਆਂ” ਵਿਖੇ ਸਿਰਲੇਖ: “ਅਰਦਾਸ” : … “ਸ੍ਰੀ ਹਰਿਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਈਂ ਹੋਇ ਸਹਾਇ”॥ ਸਰਲ ਅਰਥਾਂ ਵਿੱਚ ਅਸੀਂ ਇੰਜ ਕਹਿ ਸਕਦੇ ਹੈਂ ਕਿ ਸ੍ਰੀ ਹਰਿਕਿਸ਼ਨ ਗੁਰੂ ਨੂੰ ਧਿਆਉਣ ਅਤੇ ਉਨ੍ਹਾਂ ਦੇ ਦਰਸ਼ਨ ਕਰਨ ਦੁਆਰਾ, ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਤੇਗ਼ ਬਹਾਦਰ ਗੁਰੂ ਦੇ ਸਿਮਰਨ ਨਾਲ ਘਰ ਵਿੱਚ ਨੌ ਨਿੱਧਾਂ, ਭਾਵ ਕਿ ਬੇਅੰਤ ਖ਼ਜ਼ਾਨੇ ਪਰਾਪਤ ਹੋ ਜਾਂਦੇਂ ਹਨ! {ਇਹ ਦੋਵੇਂ ਤੁੱਕਾਂ ਬਚਿਤ੍ਰ ਨਾਟਕ ਦੀ “ਵਾਰ ਦੁਰਗਾ ਕੀ ਪਹਿਲੀ ਪਉੜੀ” ਵਿਚੋਂ ਲਈਆਂ ਹੋਈਆਂ ਹਨ} ਪਰ, ਗੁਰਬਾਣੀ ਸੇਧ ਦਿੰਦੀ ਹੈ ਕਿ ਅਕਾਲ ਪੁਰਖ ਆਪ ਹੀ ਸੱਭ ਨੂੰ ਦੇਣਹਾਰ ਹੈ:

ਗੁਰੂ ਗਰੰਥ ਸਾਹਿਬ, ਪੰਨਾ ੫੯੪, ਸਲੋਕੁ ਮ: ੩॥

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥

ਪੰਨਾ ੬੭੧, ਧਨਾਸਰੀ ਮਹਲਾ ੫॥

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ॥

ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਧਿ ਨੀਕੀ ਖਟਾਨੀ॥

ਪੰਨਾ ੯੭, ਰਾਗੁ ਮਾਝ ਮਹਲਾ ੫॥

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ॥

ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ॥ ੨॥

ਪੰਨਾ ੨੦੫, ਗਉੜੀ ਮਹਲਾ ੫॥

ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ॥

ਨਉ ਨਿਧਿ ਨਾਮੁ ਨਿਧਾਨੁ ਇੱਕ ਠਾਈ ਤਉ ਬਾਹਰਿ ਕੈਠੈ ਜਾਇਓ॥ ੩॥

ਪੰਨਾ ੧੦੧੮, ਮਾਰੂ ਮਹਲਾ ੫॥

ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ॥ ੫॥

ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ॥ ੬॥

ਪੰਨਾ ੧੪੦੯॥ ਸਵੀਏ ਮਹਲੇ ਪੰਜਵੇ ਕੇ ੫॥

ਜਗ ਅਉਰੁ ਨ ਜਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ॥ ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ੍ਹ ਅੰਮ੍ਰਿਤ ਨਾਮੁ ਪੀਅਉ॥ ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ॥ ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥ ੫॥

ਅਰਥ: ਭਟ ਮਥੁਰਾ ਜੀ, ਗੁਰੂ ਅਰਜਨ ਸਾਹਿਬ ਦਾ ਉਪਦੇਸ਼, ਸੰਗਤ ਨਾਲ ਸਾਂਝਾ ਕਰਦਾ ਹੈ ਕਿ ਹੇ ਭਾਈ, ਇਸ ਸੰਸਾਰ ਦੇ ਘੋਰ ਹਨ੍ਹੇਰੇ ਵਿੱਚ ਕਿੰਨੇ ਵੀ ਮਸ਼ਹੂਰ ਅਵਤਾਰ/ਮਹਾਂਰਿਸ਼ੀ ਆਏ ਹੋਂਣ, ਪਰ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਰਾਖਾ ਨਹੀਂ ਹੋ ਸਕਦਾ। ਜਿਹੜੇ ਪ੍ਰਾਣੀ ਅਕਾਲ ਪੁਰਖ ਦੇ ਸੱਚੇ ਨਾਮ ਨਾਲ ਜੁੜ ਗਏ, ਉਨ੍ਹਾਂ ਦੇ ਕ੍ਰੋੜਾਂ ਹੀ ਦੁੱਖ ਦੂਰ ਹੋ ਗਏ ਭਾਵ, ਕਿ ਉਨ੍ਹਾਂ ਨੂੰ ਫਿਰ ਕੋਈ ਹੋਰ ਚਿੰਤਾ ਨਹੀਂ ਸਤਾਉਂਦੀ। ਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ ਅਤੇ ਇਹ ਨਾਹ ਸਮਝ ਬੈਠੀ ਕਿ ਅੰਮ੍ਰਿਤ-ਰੂਪ ਨਾਮ ਅਕਾਲ ਪੁਰਖ ਤੋਂ ਵੱਖਰਾ ਹੈ। ਗੁਰੂ ਸਾਹਿਬ ਫਿਰ ਸਮਝਾਉਂਦੇ ਹਨ ਕਿ ਜਿਹੜੇ ਪ੍ਰਾਣੀ ਅੰਮ੍ਰਿਤ-ਨਾਮ ਜੱਪਦੇ ਹਨ, ਇੰਜ ਸਮਝੋ ਕਿ ਵਾਹਿਗੁਰੂ ਨੇ ਆਪ ਉਨ੍ਹਾਂ ਦੇ ਹਿਰਦੇ ਵਿੱਚ ਨਿਵਾਸ ਕੀਤਾ ਹੋਇਆ ਹੈ। (੫)

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥ ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ ੬॥

ਅਰਥ: ਭਟ ਮਥੁਰਾ ਜੀ ਆਪਣੀ ਹਾਲਤ ਬਿਆਨ ਕਰਦੇ ਹਨ ਕਿ ਹੇ ਭਾਈ, ਜਦੋਂ ਤੱਕ ਅਸੀਂ ਅਕਾਲ ਪੁਰਖ ਦੇ ਸਹੀ ਰਾਸਤੇ ਉੱਪਰ ਨਹੀਂ ਸੀ ਚਲੇ, ਤਦ ਤਾਈਂ ਅਸੀਂ ਇੱਧਰ-ਉੱਧਰ ਵਿਅਰਥ ਹੀ ਭੱਟਕਦੇ ਰਹੇ। ਇੰਜ, ਅਸੀਂ ਸੰਸਾਰ ਦੇ ਡਰਾਉਣੇ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਸੀ ਅਤੇ ਕਿਸੇ ਵੇਲੇ ਭੀ ਸਾਡਾ ਪੱਛੋਤਾਵਾ ਨਹੀਂ ਸੀ ਮਿੱਟਦਾ। ਭਟ ਮਥੁਰਾ ਜੀ ਅੱਗੇ ਕਹਿੰਦੇ ਹਨ ਕਿ ਹੁਣ ਜਦੋਂ ਤੋਂ ਅਸੀਂ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਆ ਕੇ ਸੰਗਤ ਕੀਤੀ, ਸਾਨੂੰ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਇਸ ਜਗਤ ਤੋਂ ਸੁਰਖਰੂ ਹੋਂਣ ਦਾ ਇੱਕ ਹੀ ਉਪਾਏ ਹੈ ਕਿ ਅਕਾਲ ਪੁਰਖ ਦਾ ਨਾਮ ਹੀ ਸੱਭ ਤੋਂ ਵੱਡਾ ਅਵਤਾਰ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਉਪਦੇਸ਼ ਕਰਦੇ ਹਨ ਕਿ ਹੇ ਭਾਈ, ਤੁਸੀਂ ਐਸੇ ਦੇਵ ਗੁਰੂ ਦਾ ਨਾਮ ਜਪੋ ਜਿਹੜਾ ਜਨਮ-ਮਰਣ ਅਤੇ ਸੰਸਾਰਕ ਦੁੱਖਾਂ ਤੋਂ ਰਹਿਤ ਹੈ। ਇਸ ਲਈ, ਅਕਾਲ ਪੁਰਖ ਦਾ ਹੀ ਸਦਾ ਨਾਮ ਜਪੋ ਅਤੇ ਉਸ ਦੀ ਹੀ ਰਜ਼ਾਅ ਵਿੱਚ ਰਹੋ। (੬)

ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ॥ ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ॥ ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ॥ ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ॥ ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥ ੭॥ ੧੯॥

ਅਰਥ: ਇਸ ਭਿਆਨਕ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਨਾਮ ਜੱਪਣ ਲਈ ਸੇਧ ਬਖ਼ਸ਼ੀ ਹੈ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵੱਸ ਜਾਂਦਾ ਹੈ, ਉਨ੍ਹਾਂ ਦੇ ਸਾਰੇ ਦੁੱਖ-ਦਰਿਦ੍ਰ ਦੂਰ ਹੋ ਜਾਂਦੇ ਹਨ। ਐਸਾ ਗੁਰਮੁੱਖ ਪਿਆਰਾ, ਅਕਾਲ ਪੁਰਖ ਜੈਸਾ ਨਿਰਮਲ-ਰੂਪ ਹੋ ਜਾਂਦਾ ਹੈ। ਜਿਸ ਪ੍ਰਾਣੀ ਨੇ ਆਪਣੇ ਹਿਰਦੇ ਵਿੱਚ ਮਾਲਕ ਦਾ ਨਾਮ ਗ੍ਰਹਿਣ ਕਰ ਲਿਆ ਹੈ, ਉਹ ਸਮਝੋ ਕਿ ਅਕਾਲ ਪੁਰਖ ਨਾਲ ਇੱਕ-ਮਿੱਕ ਹੋ ਗਿਆ। ਭਟ ਮਥੁਰਾ ਜੀ ਨੂੰ ਹੁਣ ਇੰਜ ਲਗ ਰਿਹਾ ਕਿ ਇਸ ਧਰਤੀ ਤੋਂ ਲੈ ਕੇ ਆਕਾਸ਼ ਤੱਕ, ਅਕਾਲ ਪੁਰਖ ਦੀ ਹੀ ਜੋਤਿ ਵਿੱਚਰ ਰਹੀ ਹੈ। ਜਦੋਂ ਤੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸੰਗਤ ਕੀਤੀ ਹੈ, ਸਾਡੇ ਸਾਰੇ ਸ਼ੰਕੇ ਦੂਰ ਹੋ ਗਏ ਹਨ ਅਤੇ ਸਾਨੂੰ ਇੰਜ ਲਗ ਰਿਹਾ ਹੈ ਕਿ ਸੱਭ ਪਾਸੇ ਵਾਹਿਗੁਰੂ ਦਾ ਹੀ ਵਸੇਰਾ ਹੈ।

“ਗਉੜੀ ਸੁਖਮਨੀ ਮ: ੫॥ ਅਸਟਪਦੀ ੧੪॥ ਪੰਨਾ ੨੮੧, ਵਿਖੇ ਗੁਰੂ ਅਰਜਨ ਸਾਹਿਬ ਓਚਾਰਣ ਕਰਦੇ ਹਨ:

॥ ਸਲੋਕੁ॥ ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ॥ ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ॥ ਅਸਟਪਦੀ॥ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥ ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ॥ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ॥ ਨਾਨਕ ਬਿਘਨੁ ਨ ਲਾਗੈ ਕੋਇ॥ ੧॥

ਇਸ ਲਈ ਬਾਰ ਬਾਰ ਇਹੀ ਬੇਨਤੀ ਹੈ ਕਿ ਸਾਨੂੰ ਸਿੱਖਾਂ ਨੂੰ “ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਸ਼ਬਦ-ਗੁਰੂ” ਦੀ ਸਿਖਿਆ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ, ਨਾਹ ਕਿ ਕਿਸੇ ਅਖੌਤੀ ਸੰਤ-ਬਾਬੇ ਜਾਂ ਹੋਰ ਕਿਸੇ ਇੱਸ਼ਟ ਉਪਰ ਭਰੋਸਾ ਕਰਨਾ!

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੬ ਜੂਨ ੨੦੧੩
.