.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਵੀਹਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਗੁਰਦੁਆਰਿਆਂ `ਚ ਆ ਚੁੱਕੀ ਗੰਦੀ ਰਾਜਨੀਤੀ ਅਤੇ ਪੁਜਾਰੀਵਾਦ- ਸ਼ੱਕ ਨਹੀਂ, ਸਿੱਖ ਧਰਮ `ਚ ‘ਧਰਮ ਤੇ ਰਾਜਨੀਤੀ’ ਦੋਵੇਂ ਇਕੱਠੇ ਹਨ। ਪਰ ਸਚਾਈ ਇਹ ਵੀ ਹੈ ਕਿ ਸਿੱਖ ਧਰਮ `ਚ ਰਾਜਨੀਤੀ ਨੇ ਧਰਮ ਦੇ ਅਧੀਨ ਹੋ ਕੇ ਚੱਲਣਾ ਹੈ। ਜਦਕਿ ਇਸ ਦੇ ਉਲਟ ਗੁਰਦੁਆਰਿਆਂ ਰਸਤੇ ਅੱਜ ਸਿੱਖ ਧਰਮ ਨੂੰ ਗੰਦੀ ਰਾਜਨੀਤੀ ਦਾ ਦੁੰਮਛੱਲਾ ਬਣਾ ਕੇ ਵਰਤਿਆ ਜਾ ਰਿਹਾ ਹੈ। ਗੁਰਦੁਆਰਾ ਸਟੇਜ ਦੀ ਅਜੋਕੀ ਕੁਵਰਤੋਂ ਤੇ ਦੁਰਵਰਤੋਂ ਦਾ ਹੀ ਨਤੀਜਾ ਹੈ ਕਿ ਇਸਦਾ ਲਾਭ ਲੈ ਕੇ ਅੱਜ ਬਹੁਤੇ ਅਯੋਗ ਰਾਜਸੀ ਆਗੂ ਵੀ, ਸਿੱਖ ਧਰਮ `ਚ ਪੈਦਾ ਹੋ ਚੁੱਕੀ ਪੁਜਾਰੀ ਸ਼੍ਰੇਣੀ ਨੂੰ ਹੋਰ ਤੇ ਹੋਰ ਹਵਾ ਦੇ ਰਹੇ ਹਨ। ਇਹ ਵੀ ਬਹੁਤ ਵੱਡਾ ਕਾਰਣ ਹੈ, ਸਿੱਖ ਧਰਮ ਦੀ ਅਜੋਕੀ ਅਧੋਗਤੀ ਦਾ।

ਦਰਅਸਲ ਅੱਜ ਉਹ ਲੋਕ ਵੀ ਤਾਂ ਪੁਜਾਰੀ ਸ਼੍ਰੇਣੀ ਨੂੰ ਆਪਣੇ ਢੰਗ ਨਾਲ ਤੇ ਨਿਜੀ ਲਾਭਾਂ `ਚ ਹੀ ਵਰਤ ਰਹੇ ਹਨ। ਬਲਕਿ ਉਹ ਲੋਕ ਅੱਜ ਗੁਰਦੁਆਰਿਆਂ ਰਸਤੇ, ਇਸ ਪੁਜਾਰੀ ਸ਼੍ਰੇਣੀ ਨੂੰ ਸਿੱਖੀ ਵਿਰੁਧ ਵਰਤਣ `ਚ ਵੀ ਪੂਰੀ ਤਰ੍ਹਾਂ ਸਫ਼ਲ ਹਨ। ਇਸੇ ਦਾ ਭਿਆਣਕ ਸਿੱਟਾ ਇਹ ਆ ਰਿਹਾ ਹੈ ਕਿ ਉਨ੍ਹਾਂ ਲੋਕਾਂ ਰਾਹੀਂ, ਇਸੇ ਪੁਜਾਰੀ ਸ਼੍ਰੇਣੀ ਨੂੰ ਵਰਤ ਕੇ, ਕਿਸੇ ਵੱਡੇ ਤੋਂ ਵੱਡੇ ਸਿੱਖ ਵਿਦਵਾਨ ਨੂੰ ਵੀ ਉਭਰਣ ਤੋਂ ਪਹਿਲਾਂ ਹੀ ਦਬਾਅ ਤੇ ਕੁਚਲ ਦਿੱਤਾ ਜਾਂਦਾ ਹੈ। ਲੋੜ ਹੈ ਕਿ ਸਿੱਖ ਸੰਗਤਾਂ ਜਾਗਣ ਤੇ ਚੋਣਾਂ ਰਸਤੇ ਗੁਰਦੁਆਰਿਆਂ `ਚ ਕਦਮ ਜਮਾ ਚੁੱਕੀ ਘਟੀਆ ਤੇ ਗੰਦੀ ਰਾਜਨੀਤੀ ਤੋਂ ਪੰਥ ਦਾ ਪਿੱਛਾ ਛੁਡਵਾਉਣ, ਤਾ ਕਿ ਸਿੱਖ ਗੁਰਦੁਆਰਾ ਸਟੇਜ ਆਪਣੇ ਅਸਲ ਰੁੱਤਬੇ ਨੂੰ ਹਾਸਲ ਕਰ ਸਕੇ। ਉਂਜ ਗੁਰਦੁਆਰਾ ਚੋਣਾਂ ਵਾਲੇ ਦੂਸ਼ਿਤ ਢੰਗ ਬਾਰੇ ਕੁੱਝ ਵੇਰਵਾ ਅੱਗੇ ਚੱਲ ਕੇ ਵੀ ਆਵੇਗਾ।

ਜੇਕਰ ਭਾਂਡਾ ਹੀ ਗੰਦਾ ਹੈ ਤਾਂ- ਸਪਸ਼ਟ ਹੈ ਕਿ ਜਦੋਂ ਭਾਂਡਾ ਹੀ ਗੰਦਾ ਹੋਵੇ ਤਾਂ ਕਸੂਰ ਦੁੱਧ ਦਾ ਨਹੀਂ, ਕਸੂਰ ਹੁੰਦਾ ਹੈ ਤਾਂ ਉਸ ਗੰਦੇ ਭਾਂਡੇ ਦਾ ਜਿਸ ਕਾਰਣ ਦੁੱਧ ਖਰਾਬ ਹੋਇਆ। ਇਸ ਦੇ ਉਲਟ ਜੇਕਰ ਭਾਂਡਾ ਸੁਅੱਛ ਤੇ ਪੂਰੀ ਤਰ੍ਹਾਂ ਸਾਫ਼ ਕੀਤਾ ਹੋਵੇ ਤਾਂ ਦੁੱਧ ਦੇ ਗੁਣ ਵੀ ਆਪ ਮੁਹਾਰੇ ਉਜਾਗਰ ਹੋਣਗੇ। ਇਸੇ ਤਰ੍ਹਾਂ ਪਾਣੀ ਵੀ ਸਾਡੇ ਜੀਵਨ ਦੀ ਹਰਿਆਵਲ ਹੈ ਫ਼ਿਰ ਬੇਸ਼ੱਕ ਅਨਜਾਣੇ `ਚ ਹੀ ਸਹੀ, ਪਰ ਪਾਣੀ `ਚ ਮਿਲਿਆ ਹੋਇਆ ਜ਼ਹਿਰ, ਸਾਡੀ ਮੌਤ ਦਾ ਕਾਰਣ ਵੀ ਬਣ ਸਕਦਾ ਹੈ। ਇਸੇ ਤਰ੍ਹਾਂ ਸਚਾਈ ਇਹ ਵੀ ਹੈ ਕਿ ਗੁਰਦੁਆਰੇ ਦੀ ਸਟੇਜ, ਗੁਰੂ ਕੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਣ ਤੇ ਮਿਲਾਉਣ ਦਾ ਪ੍ਰਮੁਖ ਵਸੀਲਾ ਤੇ ਸਾਧਨ ਹੈ। ਜਦਕਿ ਦੁਧ ਤੇ ਪਾਣੀ ਵਾਲੀ ਮਿਸਾਲ ਦੀ ਨਿਆਈਂ, ਇਸ `ਚ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਗੁਰਦੁਆਰੇ ਦੀ ਸਟੇਜ ਦੀ ਵਰਤੋਂ ਬਾਰੇ ਸਾਡੀ ਅਜੋਕੀ ਅਣਗਹਿਲੀ ਅਤੇ ਇਸਦੀ ਹੋ ਰਹੀ ਕੁਵਰਤੋਂ-ਦੁਰਵਰਤੋਂ ਹੀ ਅਜੋਕੇ ਸਿੱਖਾਂ ਦੇ ਜੀਵਨ ਅੰਦਰੋਂ ਸਿੱਖ ਧਰਮ ਦੇ ਨਾਲ ਨਾਲ ਸਿੱਖ ਲਹਿਰ ਦੇ ਖ਼ਾਤਮੇ ਦਾ ਕਾਰਣ ਵੀ ਬਣੀ ਹੋਈ ਹੈ।

ਬਾਹਰੋਂ ਤਾਂ ਆਉਣੇ ਨਹੀਂ- ਅਜੋਕੇ ਪ੍ਰਬੰਧਕ, ਪ੍ਰਚਾਰਕ, ਤੇ ਸਿੱਖ ਰਾਜਸੀ ਆਗੂ- ਆਉਣੇ ਤਾਂ ਫ਼ਿਰ ਵੀ ਗੁਰੂ ਕੀਆਂ ਸੰਗਤਾਂ `ਚੋਂ ਹੀ ਹਨ, ਨਾ ਕਿ ਕਿਧਰੋਂ ਬਾਹਰੋਂ। ਜੇਕਰ ਸਿੱਖ ਸੰਗਤਾਂ, ਅੱਜ ਵੀ ਗੁਰਦੁਆਰੇ ਦੀ ਸਟੇਜ ਦੇ ਸਤਿਕਾਰ ਦੀ ਮਹਾਨਤਾ ਨੂੰ ਸਮਝ ਤੇ ਪਹਿਚਾਣ ਲੈਣ ਤਾਂ ਆਪਣੇ ਆਪ ਗੁਰਦੁਆਰਾ ਪ੍ਰਬੰਧਕ ਵੀ ਚੰਗੇ ਹੋਣਗੇ, ਪ੍ਰਚਾਰਕ ਵੀ ਤੇ ਰਾਜਸੀ ਆਗੂ ਵੀ। ਮਾੜੇ ਪ੍ਰਚਾਰਕ ਤੇ ਪ੍ਰਬੰਧਕ, ਆਗੂ ਆਦਿ ਜਾਂ ਤਾਂ ਆਪਣੇ ਆਪ ਪਿੱਛੇ ਪਾ ਦਿੱਤੇ ਜਾਣਗੇ ਜਾਂ ਉਹੀ ਸੁਧਰ ਜਾਣਗੇ। ਇਸ ਲਈ ਕਿਸੇ ਨੁੰ ਉਲ੍ਹਾਮਾ ਦੇਣ ਦੀ ਲੋੜ ਨਹੀਂ, ਲੋੜ ਹੈ ਤਾਂ ਗੁਰਦੁਆਰਿਆ ਲਈ ਚੋਣਾਂ ਵਾਲੇ ਰਸਤੇ ਨੂੰ ਬੰਦ ਕਰਣ ਦੀ ਤੇ ਗੁਰਮੱਤ ਪੱਖੋਂ ਗੁਰੂ ਕੀਆਂ ਸੰਗਤਾਂ ਵਿਚਕਾਰ ਇਸ ਪੱਖੋਂ ਜਾਗ੍ਰਿਤੀ ਤੇ ਜ਼ਿਮੇਵਾਰੀ ਵਾਲੀ ਭਾਵਨਾ ਪੈਦਾ ਹੋਣ ਦੀ।

ਵਿਸ਼ਾ, ਕੇਵਲ ਸ਼ਰਧਾ ਦਾ ਨਹੀਂ- ਇਸ `ਚ ਦੋ ਰਾਵਾਂ ਨਹੀਂ ਕਿ ਸਿੱਖ ਗੁਰਦੁਆਰਾ ਸਟੇਜ ਗੁਰੂ ਕੀ ਸੰਗਤ ਅਤੇ ਗੁਰੂ ਦੇ ਮਿਲਾਵੇ ਲਈ ਸਭ ਤੋਂ ਵੱਡਾ ਤੇ ਪ੍ਰਮੁਖ ਸਾਧਨ ਸੀ ਤੇ ਅੱਜ ਵੀ ਹੈ। ਆਖ਼ਿਰ ਇਸੇ ਗੁਰਦੁਆਰਾ ਸਟੇਜ ਤੋਂ ਸਿੱਖ ਧਰਮ, ਗੁਰਬਾਣੀ ਸਿਧਾਂਤ ਤੇ ਸਿੱਖੀ ਜੀਵਨ ਵੰਡਿਆ ਜਾਣਾ ਹੈ ਅਤੇ ਉਸੇ ਤੋਂ ਸਿੱਖ ਧਰਮ ਦੇ ਨਾਲ ਨਾਲ ਸਿੱਖ ਲਹਿਰ ਦੀ ਰਾਖੀ ਵੀ ਹੋਣੀ ਹੈ। ਇਸ ਲਈ ਗੁਰਦੁਆਰੇ ਦੀ ਸਟੇਜ, ਕੇਵਲ ਸ਼੍ਰਧਾਲੂਆਂ ਦੀ ਸ਼ਰਧਾ ਦਾ ਵਿਸ਼ਾ ਨਹੀਂ। ਸਪਸ਼ਟ ਹੈ ਕਿ ਜਿਸ ਮਨੁੱਖ ਨੇ ਆਪ ਕਦੇ ਗੁਰਬਾਣੀ ਵਿਚਲੀ “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਦੇ ਆਧਾਰ `ਤੇ ਗੁਰਬਾਣੀ ਵਿਚਾਰਧਾਰਾ ਅਤੇ ਗੁਰਮੱਤ ਸਿਧਾਂਤ ਨੂੰ ਸਮਝਿਆ ਤੇ ਅਪਣਾਇਆ ਹੀ ਨਾ ਹੋਵੇ ਉਹ ਇਸ ਸਟੇਜ ਤੋਂ ਸਿੱਖੀ ਜੀਵਨ ਪੱਖੋਂ, ਗੁਰੂ ਕੀਆਂ ਸੰਗਤ ਨੂੰ ਦੇਵੇਗਾ ਵੀ ਕੀ? ਇਸਤਰ੍ਹਾਂ ਜੇਕਰ ਬੁਲਾਰੇ ਕੋਲ ਹੀ ਗੁਰਬਾਣੀ ਦਾ ਸਿਧਾਂਤਕ ਬੋਧ ਨਹੀਂ, ਤਾਂ ਫ਼ਿਰ ਭਾਵੇਂ ਉਹ ਰਾਗੀ ਸਿੰਘ ਹੋਵੇ, ਕਥਾਵਾਚਕ, ਗੁਰਦੁਆਰਾ ਪ੍ਰਬੰਧਕ ਜਾਂ ਕੋਈ ਹੋਰ, ਨਤੀਜਾ ਸਾਰੇ ਪਾਸੇ ਉਹੀ ਆਵੇਗਾ।

ਇਸ ਲਈ ਗੁਰਦੁਆਰੇ ਦੀ ਸਟੇਜ `ਤੇ ਜੇਕਰ ਬੁਲਾਰਾ ਹੀ ਗੁਰਮੱਤ ਪੱਖੋਂ ਅਗਿਆਨੀ ਹੋਵੇ। ਉਪ੍ਰੰਤ ਜੇਕਰ ਪ੍ਰਚਾਰਕ ਹੀ ਅਸ਼ੁੱਧ ਗੁਰਬਾਣੀ ਅਤੇ ਕੱਚੀਆਂ ਰਚਨਾਵਾਂ ਗਾ ਜਾਂ ਬਿਆਣ ਕਰ ਰਿਹਾ ਹੋਵੇ, ਮਿਲਾਵਟੀ ਇਤਿਹਾਸ ਤੇ ਇਧਰ ਉਧਰ ਦੀਆਂ ਗਲਾਂ-ਗੱਪਾਂ ਤੇ ਚੁਟਕਲਿਆਂ ਨਾਲ ਸਮਾਂ ਬਤੀਤ ਕਰ ਰਿਹਾ ਹੋਵੇ; ਉਪ੍ਰੰਤ ਅਜਿਹੀ ਹਰੇਕ ਗੁਰਮੱਤ ਵਿਰੁਧ ਕਰਣੀ `ਚ ਉਸ ਦੀ ਸਹਇਤਾ ਵੀ ਕਰ ਰਹੇ ਹੋਣ ਉਸੇ ਗੁਰਦੁਆਰੇ ਦੇ ਪ੍ਰਬੰਧਕ, ਤਾਂ ਉਸ ਸਾਰੇ ਦਾ ਨਤੀਜਾ ਕੀ ਹੋਵੇਗਾ? ਯਕੀਨਣ ਉਹੀ ਜਿਹੜਾ ਕਿ ਅੱਜ ਆ ਵੀ ਰਿਹਾ ਹੈ। ਇਸ ਤੋਂ ਵਧ, ਜਿਵੇਂ ਕਿ ਭਾਵੇਂ ਕੋਈ ਰਾਗੀ ਜਨ ਹਨ ਭਾਵੇਂ ਕਥਾਵਾਚਕ-ਉਨ੍ਹਾਂ ਕੋਲ ਬਾਣੀ ਵੀ ਗੁਰੂ ਦੀ ਹੈ ਤੇ ਉਨ੍ਹਾਂ ਨੂੰ ਗਲਾ ਵੀ ਗੁਰੂ ਨੇ ਬਖਸ਼ਿਆ ਹੁੰਦਾ ਹੈ। ਜਦਕਿ ਹੁੰਦਾ ਇਹ ਹੈ ਕਿ ਜੇਕਰ ਉਸ ਨੂੰ ਥੋੜੀ ਵਾਹ-ਵਾਹ ਮਿਲ ਗਈ ਤਾਂ ਉਹ ਵਿਆਖਿਆ ਵੀ ਆਪਣੇ ਹੀ ਢੰਗ ਦੀ ਸ਼ੁਰੂ ਕਰ ਦਿੰਦਾ ਹੈ। ਜਦਕਿ ਕਥਾਵਾਚਕ ਦੀ ਜ਼ਿੰਮੇਵਾਰੀ ਤਾਂ ਹੋਰ ਵੀ ਵੱਧ ਹੁੰਦੀ ਹੈ। ਅੱਜ ਤਾਂ ਉਥੇ ਵੀ ਕਿਸੇ ਸੂਝਵਾਨ ਦੀ ਲੋੜ ਨਹੀਂ ਰਹੀ। ਕਿਉਂਕਿ `ਚੋਣਾਂ’ ਜਿੱਤ ਕੇ ਆਏ ਬਹੁਤੇ ‘ਸੂਝਵਾਨ ਪ੍ਰਬੰਧਕਾਂ’ ਦੀ ਛਤਰ ਛਾਇਆ ਹੇਠ ਅਣ-ਅਧਿਕਾਰੀ ਪ੍ਰਚਾਰਕ ਤਾਂ ਸਟੇਜਾਂ ਦੇ ਵਾਰਿਸ ਹੈਣ ਹੀ, ਜੋ ਚਾਹੇ ਬੋਲਦੇ ਜਾਣ, ਰਾਗੀ ਜੋ ਮਰਜ਼ੀ ਗਾਇਣ ਕਰਦੇ ਜਾਣ, ਕੋਈ ਪੁੱਛਣ ਵਾਲਾ ਨਹੀਂ। ਇਸ ਸਾਰੇ ਤੋਂ ਬਾਅਦ ਵੀ ਜੇ ਅਸੀਂ ਉਮੀਦ ਕਰਦੇ ਹਾਂ ਕਿ ਸਿੱਖ ਧਰਮ ਅਧੋਗਤੀ ਵੱਲ ਨਾ ਜਾਵੇ, ਤਾਂ ਇਸ ਸੰਬੰਧੀ ਸਾਨੂੰ ਆਪਣੇ ਆਪ ਨੂੰ ਘੋਖਣ ਦੀ ਵੀ ਲੋੜ ਹੈ।

ਯਥਾ ਰਾਜਾ ਤਥਾ ਪਰਜਾ- ਇਸ ਤੋਂ ਬਾਅਦ, ਅਜੋਕੀ ਗੁਰਦੁਆਰਾ ਸਟੇਜ ਜੇ ਕਰ ਇਸ ਤੋਂ ਵੀ ਦੋ ਕਦਮ ਹੋਰ ਅੱਗੇ ਹੋ ਕੇ ਘੋਖੀਏ ਤਾਂ ਵਿਸ਼ਾ ਹੋਰ ਵੀ ਭਿਆਨਕ ਹੈ। ਕਿਉਂਕਿ ਜੇਕਰ ਉਥੇ ਪ੍ਰਚਾਰਕ ਆਪ ਹੀ ਪਾਹੁਲ ਹੀਣਾ ਹੈ ਤਾਂ ਉਹ ਖੰਡੇ ਦੀ ਪਾਹੁਲ ਲਈ ਸਟੇਜ ਤੋਂ ਕਦੇ ਪ੍ਰੇਰਣਾ ਕਰੇਗਾ ਹੀ ਨਹੀਂ। ਉਪ੍ਰੰਤ, ਜੇਕਰ ਪ੍ਰਚਾਰਕ ਹੈ ਹੀ ਗ਼ੈਰਸਿੱਖ ਤਾਂ ਸਰੂਪ ਲਈ ਪ੍ਰੇਰਣਾ ਵਾਲੀ ਗੱਲ ਵੀ ਨਾਲ ਹੀ ਮੁੱਕ ਜਾਵੇਗੀ। ਬਲਕਿ ਕਿਸੇ ਗੁਰਦੁਆਰਾ ਸਟੇਜ `ਤੇ ਬੈਠਾ ਗ਼ੈਰਸਿੱਖ ਪ੍ਰਚਾਰਕ ਤਾਂ ਪਤਿਤਪੁਣੇ ਲਈ ਹੋਰ ਵੀ ਖੁਲ੍ਹਾ ਸੱਦਾ ਹੁੰਦਾ ਹੈ। ਕਿਉਂਕਿ ਜਦੋਂ ਤੁਹਾਡੀ ਆਪਣੀ ਔਲਾਦ ਹੀ ਤੁਹਾਡੇ ਤੋਂ ਪੁੱਛਦੀ ਹੈ “ਜੇ ਗ਼ੈਰਸਿੱਖ, ਸਿੱਖ ਧਰਮ ਦਾ ਪ੍ਰਚਾਰਕ ਹੋ ਸਕਦਾ ਹੈ, ਤਾਂ ਸਿੱਖ ਕੇਸਹੀਣ ਕਿਉਂ ਨਹੀਂ ਹੋ ਸਕਦਾ? ਤਾਂ ਤੁਹਾਡੇ ਕੋਲ ਇਸਦਾ ਕੀ ਉੱਤਰ ਹੈ? ਇਸ ਤਰੀਕੇ ਔਲਾਦ ਦੇ ਪਤਿਤਪੁਣੇ ਲਈ ਗੱਢਾ ਵੀ ਅਸੀਂ ਆਪ ਹੀ ਖੋਦ ਰਹੇ ਹਾਂ। ਸਪਸ਼ਟ ਹੈ ਕਿ ਕਿਸੇ ਗੈਰਸਿੱਖ ਲਈ ਗੁਰਦੁਆਰੇ ਦਾ ਪ੍ਰਬੰਧਕ ਜਾਂ ਪ੍ਰਚਾਰਕ ਹੋਣਾ, ਹੋਰ ਵੀ ਗ਼ਲਤ ਹੈ। ਜਦਕਿ ਸ਼ਰਧਾ ਲਈ ਸਿੱਖ ਧਰਮ `ਚ ਗੈਰਸਿੱਖ ਸ਼੍ਰਧਾਲੂਆਂ ਲਈ ਬਹੁਤ ਰਸਤੇ ਹਨ। ਸਿੱਖ ਧਰਮ ਦੇ ਵਾਧੇ ਵਾਸਤੇ, ਉਨ੍ਹਾਂ ਭਾਵ ਗ਼ੈਰ ਸਿੱਖਾਂ ਨੂੰ ਵੀ ਭਰਵਾਂ ਤੇ ਵੱਧ ਤੋਂ ਵਧ ਸਤਿਕਾਰ ਮਿਲੇ, ਅਜਿਹਾ ਹੋਣਾ ਜ਼ਰੂਰੀ ਵੀ ਹੈ ਤੇ ਉੱਕਾ ਗ਼ਲਤ ਨਹੀਂ; ਪਰ ਸਿੱਖ ਧਰਮ ਦੇ ਪ੍ਰਚਾਰ ਦੀ ਕੀਮਤ `ਤੇ ਅਜਿਹਾ ਹੋਣਾ ਕਦੇ ਵੀ ਯੋਗ ਨਹੀਂ ਹੋਵੇਗਾ।

ਹੁਣ ਤਾਂ ਸ਼੍ਰਧਾਲੂਆਂ ਦੇ ਕਿੱਤੇ ਹੇਠ ਗੈਰ ਸਿੱਖ ਕੀਰਤਨੀਆਂ-ਪ੍ਰਚਾਰਕਾਂ ਦੀ ਗਿਣਤੀ ਵੀ ਦਿਨੋ ਦਿਨ ਵਾਧੇ `ਤੇ ਹੈ। ਨਾ-ਸਮਝ ਪ੍ਰਬੰਧਕਾਂ ਦੀ ‘ਬਖਸ਼ਿਸ਼’ ਨਾਲ, ਵੱਡੀਆਂ-ਵੱਡੀਆਂ ਸਟੇਜਾਂ `ਤੇ ਵੀ ਉਨ੍ਹਾਂ ਦੇ ਜੱਫੇ ਪੱਕੇ ਕਰ ਦਿਤੇ ਜਾਂਦੇ ਹਨ। ਇਸ ਤਰ੍ਹਾਂ ਦਿਨ-ਦੀਵੀਂ ‘ਸਿੱਖ ਰਹਿਤ ਮਰਿਆਦਾ’ ਦਾ ਵੀ ਮਜ਼ਾਕ ਉਡਾਇਆ ਜਾਂਦਾ ਹੈ। ‘ਸਿੱਖ ਰਹਿਤ ਮਰਿਆਦਾ’ ਪੰ: ੧੩ ਵਿਚਲੇ ਨਿਰਦੇਸ਼ ਦੀ ਮਹਾਣਤਾ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜਿਵੇਂ (ੲ) ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ (ਮਰਦ ਜਾਂ ਤੀਵੀਂ) ਹੀ ਬੈਠਣ ਦਾ ਅਧਿਕਾਰੀ ਹੈ। (ਸ) ਸੰਗਤ ਵਿੱਚ ਪਾਠ ਕੇਵਲ ਸਿੱਖ ਹੀ ਕਰ ਕੇ ਸੁਨਾਵੇ। ਆਪਣੇ ਆਪ ਲਈ ਪਾਠ ਕੋਈ ਗੈਰ ਸਿੱਖ ਵੀ ਕਰ ਸਕਦਾ ਹੈ”।

ਇਸ ਸਾਰੇ ਦੇ ਉਲਟ ਕੇਵਲ ਸ਼ਰਧਾ ਦੇ ਨਾਮ `ਤੇ ਅੱਜ ਸਾਡੀਆਂ ਗੁਰਦੁਆਰਾ ਸਟੇਜਾਂ ਉਪਰ ਕਵਾਲਾਂ, ਗਵਈਆਂ ਤੇ ਫ਼ਿਲਮੀ ਕਲਾਕਾਰਾਂ ਤੀਕ ਦਾ ਬੋਲਬਾਲਾ ਹੈ। ਜੇ ਨਹੀਂ ਤਾਂ ਘਟੋ ਘਟ ਮੋਜੂਦਾ ਤੇ ਨਿੱਤ ਪਣਪ ਰਹੇ ਗੁਰੂਡੰਮਾਂ ਤੇ ਡੇਰਿਆਂ ਨੇੜੇ ਜਾ ਕੇ ਹੀ ਦੇਖੋ ਲਵੋ ਤਾਂ ਵੀ ਗੁਰਦੁਆਰਾ ਸਟੇਜ ਦੀ ਮਹਾਣਤਾ ਬਾਰੇ ਸਮਝ ਆਉਂਦੇ ਦੇਰ ਨਹੀਂ ਲਗੇਗੀ। ਬੇਸ਼ੱਕ ਆਪਣੇ ਨਾਲ ਸਬੰਧਤ ਇਨ੍ਹਾਂ ਡੇਰਿਆਂ ਤੇ ਗੁਰੂ ਡੰਮਾਂ ਵੱਲ ਹੀ ਨਜ਼ਰ ਮਾਰ ਕੇ ਦੇਖ ਲਵੋ! ਉਨ੍ਹਾਂ `ਚੋਂ ਵੀ ਹਰੇਕ ਦੀ ਮਜ਼ਬੂਤੀ ਦਾ ਕਾਰਣ ਵੀ ਉਨ੍ਹਾਂ ਦੇ ਟਕਸਾਲੀ ਬੁਲਾਰੇ ਹੀ ਹੁੰਦੇ ਹਨ, ਜਿੱਥੇ ਕਿ ਬਾਹਰ ਦਾ ਬੰਦਾ ਬਲਕਿ ਤੁਸੀਂ ਵੀ ਦਖ਼ਲ ਨਹੀਂ ਦੇ ਸਕਦੇ। ਦਰਅਸਲ ਗਹੁ ਨਾਲ ਦੇਖਿਆ ਜਾਵੇ ਤਾਂ ਸਾਡੇ ਬਹੁਤੇ ਡੇਰੇ ਤੇ ਗੁਰੂਡੰਮ ਵੀ ਇਸ ਬਦਤਰ ਹੋ ਚੁੱਕੀ ਗੁਰਦੁਆਰਾ ਸਟੇਜ ਅਤੇ ਇਸਦੇ ਪ੍ਰਬੰਧ ਦੀ ਹੀ ਉਪਜ ਹਨ।

‘ਮਰਜ਼ ਬੜ੍ਹਤਾ ਗਿਆ’ - ‘ਮਰਜ਼ ਬੜ੍ਹਤਾ ਗਿਆ, ਜਿਉਂ ਜਿਉਂ ਦਵਾ ਕੀ’। ਹੋਰ ਤਾਂ ਹੋਰ ਜੇ ਦੂਜੇ ਧਰਮਾਂ ਵੱਲ ਵੀ ਨਜ਼ਰ ਮਾਰ ਲਵੀਏ। ਮੁਸਲਮਾਨਾਂ `ਚੋਂ ਬਿਨਾ ਸੁੰਨਤ ਇੱਕ ਵੀ ਮੁਸਲਮਾਨ ਤੇ ਬਿਨਾ ਬੈਪਟਾਈਜ਼ ਸਾਨੂੰ ਇੱਕ ਵੀ ਇਸਾਈ ਨਹੀਂ ਮਿਲੇਗਾ। ਦੂਜੇ ਪਾਸੇ, ਗੁਰਦੁਆਰਾ ਸਟੇਜ ਦੀ ਹੋ ਰਹੀ ਅਜੋਕੀ ਇਸ ‘ਵਧੀਆ’ ਸੰਭਾਲ ਦਾ ਹੀ ਨਤੀਜਾ ਹੈ ਕਿ ਸਿੱਖਾਂ `ਚ ‘ਖੰਡੇ ਦੀ ਪਾਹੁਲ’ ਦਾ ਤਾਂ ਭੋਗ ਹੀ ਪੈ ਚੁੱਕਾ ਹੈ। ਜੇ ਕੁੱਝ ਨੇ ਪਾਹੁਲ ਲਈ ਵੀ ਹੈ ਤਾਂ ਉਨ੍ਹਾਂ ਨੂੰ ਵੀ ਇਹ ਕਿਸੇ ਨਹੀਂ ਦੱਸਿਆ ਹੁੰਦਾ ਕਿ ਪਾਹੁਲ ਲੈਣ ਦਾ ਮਕਸਦ ਕੀ ਹੈ। ਉਨ੍ਹਾਂ ਵਿਚਕਾਰ ਗੁਰਬਾਣੀ ਨੂੰ ਵਿਚਾਰਣ, ਗੁਰਬਾਣੀ ਦੀ ਸਿੱਖਿਆ ਉਪਰ ਚੱਲਣ ਜਾਂ ਆਪਣੇ ਆਪ ਨੂੰ ਘੋਖਣ ਦੀ ਕਿਸੇ ਅੰਦਰ ਲੋੜ ਹੀ ਪੈਦਾ ਨਹੀਂ ਕੀਤੀ ਜਾਂਦੀ। ਇਸ ਲਈ ਜਦੋਂ ਤੀਕ ਸਾਨੂੰ ਆਪਣੀ ਗੁਰਦੁਆਰਾ ਸਟੇਜ ਦੀ ਮਹਾਨਤਾ ਤੇ ਸਤਿਕਾਰ ਬਾਰੇ ਹੀ ਸੋਝੀ ਨਹੀਂ; ਜਿੰਨੇਂ ਗੁਰਦੁਆਰੇ ਵੱਧਣਗੇ, ਜਿੰਨੇਂ ਪ੍ਰਚਾਰਕ, ਕਥਾਵਾਚਕ ਤੇ ਪ੍ਰਬੰਧਕ ਕਮੇਟੀਆਂ ਵਧਣਗੀਆਂ, ਸਿੱਖ ਧਰਮ ਦੀ ਹਾਲਤ ਵੀ ਉਂਨੀਂ ਹੀ ਤੇਜ਼ੀ ਨਾਲ ਵਿਗੜੇਗੀ। ਸਚਾਈ ਇਹ ਹੈ ਕਿ ਅੱਜ ਸਿੱਖੀ ਨੂੰ ਬਾਹਰੋਂ ਖਤਰਾ ਘੱਟ ਹੈ, ਜਦਕਿ ਇਸ ਨੂੰ ਜੇਕਰ ਬਹੁਤਾ ਵੱਡਾ ਖਤਰਾ ਹੈ ਤਾਂ ਸਿੱਖ ਧਰਮ ਦੀ ਗੁਰਦੁਆਰ ਸਟੇਜ ਦੀ ਕੁਵਰਤੋਂ, ਦੁਰਵਰਤੋਂ ਤੇ ਉਸ `ਤੇ ਕਾਬਿਜ਼ ਬਹੁਤੇ ਅਣ-ਅਧਿਕਾਰੀ ਤੇ ਅਯੋਗ ਪ੍ਰਬੰਧਕਾਂ-ਪ੍ਰਚਾਰਕਾਂ ਤੋਂ।

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ - ਇਸ ਲਈ ਗੁਰਦੁਆਰਾ ਸਟੇਜ ਸੰਬੰਧੀ ਵਿਚਾਰ ਅਧੀਨ ਵਿਸ਼ੇ ਨੂੰ ਗਹਿਰਾਈ ਤੋਂ ਪੜ੍ਹਣ ਤੇ ਵਿਚਾਰਣ ਦੀ ਲੋੜ ਹੈ। ਫ਼ੈਸਲਾ ਲੈਣ ਦੀ ਲੋੜ ਹੈ ਕਿ ਇਸ ਪੱਖੋਂ ਮੌਜੂਦਾ ਪੰਥਕ ਅਧੋਗਤੀ `ਚੋਂ ਨਿਕਲਣ ਲਈ ਕਿਵੇਂ ਤੇ ਕੀ ਕੀਤਾ ਜਾ ਸਕਦਾ ਹੈ? ਕੀ ਇਸੇ ਲਈ ਅਸਾਂ ਕੁਰਬਾਨੀਆਂ ਦੇ ਕੇ ਮਹੰਤਾਂ, ਪੁਜਾਰੀਆਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਸਨ? ਸਚਾਈ ਇਹ ਹੈ ਕਿ ਜੋ ਕੁੱਝ ਮਹੰਤਾਂ ਨੇ ਵੀ ਨਹੀਂ ਸੀ ਕੀਤਾ ਅੱਜ ਮੌਜੂਦਾ ਪ੍ਰਬੰਧ-ਪ੍ਰਚਾਰ ਰਾਹੀਂ, ਗੁਰਦੁਆਰਾ ਸਟੇਜਾਂ ਰਸਤੇ ਉਸਤੋਂ ਵੀ ਕਈ ਗੁਣਾਂ ਵੱਧ ਹੋ ਰਿਹਾ ਹੈ।

ਜਦਕਿ ਗੁਰਦੁਆਰਾ ਇਲੈਕਸ਼ਨਾ ਬਾਰੇ ਤਾਂ ਵੇਰਵਾ ਅੱਗੇ ਆਵੇਗਾ ਇਸਲਈ ਇਥੇ ਤਾਂ ਉਸ ਬਾਰੇ ਕੇਵਲ ਚੇਤਾਵਣੀ ਮਾਤ੍ਰ ਹੀ ਹੈ। ਉਹ ਇਹ ਕਿ ਸੰਸਾਰ ਭਰ `ਚ, ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਚੋਣਾਂ (Election) ਵਾਲਾ ਢੰਗ ਕਿਸੇ ਛੋਟੇ ਤੋਂ ਛੋਟੇ ਧਰਮ ਨੇ ਵੀ ਨਹੀਂ ਅਪਣਾਇਆ। ਚੋਣਾਂ ਵਾਲੇ ‘ਫ਼ੀਨੀਅਰ’ ਨੂੰ ਜਿੰਨੀਂ ਜਲਦੀ ਹੋ ਸਕੇ, ਗੁਰਦੁਆਰਿਆਂ ਚੋਂ ਕੱਢਣ ਦੀ ਲੋੜ ਹੈ। ਉਪ੍ਰੰਤ ਇਹ ਵੇਰਵਾ ਵੀ ਆ ਚੁੱਕਾ ਹੈ ਕਿ ਸਿੱਖ ਧਰਮ ਨੂੰ ਅਜੋਕੀ ਅਧੋਗਤੀ `ਚੋਂ ਕੱਢਣ ਲਈ ਸਿੱਖ ਵਿੱਦਿਆ ਕੇਂਦਰਾਂ ਨੂੰ ਵੀ ਗੁਰਦੁਆਰਾ ਪ੍ਰਬੰਧ ਤੋਂ ਪੂਰੀ ਤਰ੍ਹਾਂ ਵੱਖ ਕਰਣਾ ਜ਼ਰੂਰੀ ਹੈ। ਇਥੇ ਇਸ ਲਈ ਕਿ ਗੁਰਦੁਆਰੇ ਦੀ ਸਟੇਜ ਦੇ ਨਾਲ ਨਾਲ ਇਹ ਦੋਵੇਂ ਵਿਸ਼ੇ ਵੀ ਜੁੜਵੇਂ ਹਨ ਤੇ ਵਿਸ਼ੇਸ਼ ਧਿਆਨ ਮੰਗਦੇ ਹਨ।

ਖ਼ੂਬੀ ਇਹ ਕਿ ਜਿਥੋਂ ਅਸਾਂ ਵਿਸ਼ੇ ਦਾ ਅਰੰਭ ਕੀਤਾ ਸੀ ਭਾਵ ਸ਼ਤਾਬਦੀਆਂ ਦੀ ਹੋੜ ਜਿਹੜੀ ਕਿ ਅਜੇ ਵੀ ਲੱਗੀ ਹੋਈ ਹੈ ਤੇ ਇਸ ਦੌਰਾਨ ਵਿਸਾਖੀ ੧੯੯੯, ਉਹ ਵੀ ਕਈ ਸਾਲ ਪਹਿਲਾਂ ਆਈ ਤੇ ਚਲੀ ਗਈ। ਲੱਖਾਂ ਕਰੋੜਾਂ ਅਰਬਾਂ ਦੇ ਪ੍ਰਾਜੈਕਟ ਬਣਾ ਕੇ ਖਰਚ ਕਰ ਦੇਣੇ, ਵੱਖਰੀ ਗੱਲ ਹੈ ਪਰ ਕਿਸੇ ਮਸਲੇ ਦੀ ਗਹਿਰਾਈ ਨੂੰ ਨਾਪ ਕੇ ਤੇ ਉਸਦੀ ਸੇਧ ਮਿੱਥਣੀ, ਉਸ `ਤੇ ਚੱਲਣਾ ਇਹ ਇੱਕ ਹੋਰ ਗੱਲ ਹੈ। ਸੰਸਾਰ `ਚ ਠੰਡ ਵਰਤਾਉਣੀ ਹੈ ਤਾਂ ਸਭਤੋਂ ਪਹਿਲਾਂ ਸਾਨੂੰ ਇਸ ਗੁਰਦੁਆਰੇ ਦੀ ਸਟੇਜ’ ਦੇ ਮਹੱਤਵ ਨੂੰ ਇਮਾਨਦਾਰੀ ਨਾਲ ਸਮਝਣਾ ਤੇ ਸੰਭਾਲਣਾ ਪਵੇਗਾ। ਜਦਕਿ ਇਹ ਵੀ ਸੱਚ ਹੈ ਕਿ ਗੁਰਦੁਆਰਾ ਸਟੇਜ ਵਾਲਾ ਵਿਸ਼ਾ ਬਹੁਤ ਵੱਧ ਪੇਚੀਦਾ ਹੋ ਚੁੱਕਾ ਹੈ। ਇਸ ਲਈ ਜੇ ਕੌਮ ਨੂੰ ਬਚਾਉਣਾ ਹੈ ਤਾਂ ਇਸ ਵਿਸ਼ੇ ਵੱਲ ਸਾਨੂੰ ਬਲਕਿ ਪਹਿਲੇ ਨੰਬਰ `ਤੇ ਧਿਆਨ ਦੇਣ ਲੋੜ ਹੈ।

(੧੦) ਮੌਲਿਕ ਸਿੱਖ ਇਤਿਹਾਸ ਦੀ ਅਣਹੋਂਦ ਤੇ ਸਿੱਖ ਇਤਿਹਾਸ `ਚ ਮਿਲਾਵਟਾਂ ਵੀ ਬਹੁਤ ਵੱਡਾ ਕਾਰਣ ਹਨ ਸਿੱਖ ਧਰਮ ਤੇ ਸਿੱਖ ਲਹਿਰ ਦੀ ਅਜੋਕੀ ਅਧੋਗਤੀ ਦਾ-

ਸਿੱਖ ਇਤਿਹਾਸ ਦਾ ਵੱਡਾ ਦੁਖਾਂਤ ਹੈ ਕਿ ਸਿੱਖ ਇਤਿਹਾਸ ਨੂੰ ਅੱਜ ਜਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ, ਅਨੇਕਾਂ ਪੱਖਾਂ ਤੋਂ ਗੁਰੂ ਇਤਿਹਾਸ ਨੂੰ ਬਿਨਾ ਘੋਖੇ, ਬਿਨਾ ਸਮਝੇ ਬਲਕਿ ਬਹੁਤਾ ਮੱਖੀ `ਤੇ ਮੱਖੀ ਮਾਰਣ ਵਰਗੀ ਗੱਲ ਹੀ ਬਣੀ ਪਈ ਹੈ। ਸਿੱਖ ਇਤਿਹਾਸ `ਤੇ ਕਲਮ ਚੁੱਕਣ ਤੋਂ ਪਹਿਲਾਂ ਸਾਨੂੰ ਇਸ ਦੇ ਮੁਖ ਦੋ ਪੱਖਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜੋ ਇਹ ਹਨ:

(੧) ਗੁਰੂ ਕਾਲ (ਦਸ ਪਾਤਸ਼ਾਹੀਆਂ) ਨਾਲ ਸੰਬੰਧਤ ਇਤਿਹਾਸ ਸੰਬੰਧੀ ਚੇਤਣਤਾ ਦੀ ਲੋੜ।

(੨) ਅੱਜ ਮੌਲਿਕ ਸਿੱਖ ਇਤਿਹਾਸ ਦੀ ਅਣਹੋਂਦ ਕਿਉਂ? ਉਪ੍ਰੰਤ ਅੱਜ ਬਹੁਤਾ ਕਰਕੇ ਜਿਹੜਾ ਸਿੱਖ ਇਤਿਹਾਸ ਸਾਨੂੰ ਪ੍ਰਾਪਤ ਵੀ ਹੈ ਤਾਂ ਉਸ `ਚ ਘਾਟ ਕੀ ਤੇ ਕਿਉਂ ਹੈ?

ਇਸ ਲਈ ਇਸ ਸੰਬੰਧ `ਚ ਦੂਜੇ ਪੱਖ ਦੀ ਗੱਲ ਤਾਂ ਫ਼ਿਰ ਵੀ ਇਸ ਤੋਂ ਬਾਅਦ ਹੀ ਕਰਾਂਗੇ ਜਦਕਿ ਇਸਦਾ ਪਹਿਲਾ ਪੱਖ ਹੈ “ਗੁਰੂ ਕਾਲ ਭਾਵ ਦਸ ਪਾਤਸ਼ਾਹੀਆਂ ਦੇ ਜੀਵਨ ਕਾਲ ਨਾਲ ਸੰਬੰਧਤ ਇਤਿਹਾਸ ਸੰਬੰਧੀ ਚੇਤਣਤਾ ਦੀ ਲੋੜ”। ਤਾਂ ਤੇ ਇਸ ਸੰਬੰਧੀ ਵੀ ਕੇਵਲ ਇਸ਼ਾਰੇ ਮਾਤ੍ਰ:

੦ ਗੁਰੂ ਇਤਿਹਾਸ-ਦੁਨਿਆਵੀ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ, ਡੇਰੇਦਾਰਾਂ, ਗੱਦੀਦਾਰਾਂ, ਜਾਗੀਰਦਾਰਾਂ, ਦੰਭੀ-ਪਾਖੰਡੀ ਗੁਰੂਆਂ ਦਾ ਇਤਿਹਾਸ ਨਹੀਂ ਜਿਸ `ਤੇ ਸਮੇਂ, ਸੰਸਾਰਕ ਉਤਾਰਾਂ-ਝੜਾਵਾਂ ਜਾਂ ਕਿਸੇ ਦਾ ਨਿੱਜੀ ਸੁਭਾਅ; ਪਾਤਸ਼ਾਹ ਦੇ ਰੱਬੀ ਪ੍ਰੋਗਰਾਮ `ਚ ਰੁਕਾਵਟ ਬਣ ਸਕੇ ਜਾਂ ਬਣਿਆ ਹੋਵੇ।

੦ ਗੁਰੂ ਨਾਨਕ ਪਾਤਸ਼ਾਹ ਤੋਂ ਦਸਮੇਸ਼ ਪਿਤਾ ਤੱਕ-ਗੁਰੂ ਕੇਵਲ ਇਕੋ ਹੀ ਹੈ ਤੇ ਉਹ ਹੈ ਅਕਾਲ ਪੁਰਖੀ ਇਲਾਹੀ-ਬ੍ਰਹਮੰਡੀ ਸ਼ਬਦ ਅਥਵਾ ਰੱਬੀ ਗਿਆਨ। – ਅਸਾਂ ਇਸ ਸਚਾਈ ਨੂੰ ਚੇਤੇ ਰੱਖਣਾ ਹੈ ਕਿ ਸਾਡੇ ਗੁਰੂ, ਦਸ ਨਹੀਂ ਬਲਕਿ ਉਹ ਕੇਵਲ ਦਸ ਸਰੂਪ, ਦਸ ਜਾਮੇਂ ਜਾਂ ਦਸ ਪਾਤਸ਼ਾਹੀਆਂ ਤੇ ਇਕੋ ਇੱਕ ਸ਼ਬਦ ਗੁਰੂ ਦਾ ਹੀ ਸਰਰਿਕ ਪ੍ਰਗਟਾਵਾ ਹਨ।

੦ ਗੁਰੂ ਨਾਨਕ ਪਾਤਸ਼ਾਹ ਧੁਰੋਂ ਹੀ, ਇਲਾਹੀ ਗੁਰੂ ਗਿਆਨ ਦਾ ਪ੍ਰਗਟਾਵਾ ਹਨ। ਅੰਤ ਉਸੇ ਰੱਬੀ ਤੇ ਸਦਾ ਥਿਰ ਸੱਚੇ ਗੂਰੂ ਗਿਆਨ– ਨੂੰ ਹੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਰੂਪ `ਚ ਸੰਸਾਰ ਸਾਹਮਣੇ ਸਦਾ ਲਈ ਪ੍ਰਗਟ ਕੀਤਾ ਗਿਆ। ਇਸ ਲਈ “ਗੁਰੂ ਗ੍ਰੰਥ ਸਾਹਿਬ” ਜੀ ਉਸੇ ਸ਼ਬਦ ਰੂਪ ਇਲਾਹੀ ਗਿਆਨ, ਅਕਾਲ ਪੁਰਖ ਦਾ ਹੀ ਅੱਖਰ ਪ੍ਰਗਟਾਵਾ ਹਨ।

੦ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਬਾਰੇ ਭੱਟਾਂ ਨੇ ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ” (ਪੰ੧੩੯੫) ਅਥਵਾ “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ. .” (ਪੰ: ੧੪੦੮) ਅਤੇ ਪੰਚਮ ਪਿਤਾ ਨੇ ਤਾਂ ‘ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ’ (ਪੰ: ੭੫੦) ਕਹਿ ਕੇ ਇਸ ਰੱਬੀ ਸਚਾਈ `ਤੇ ਆਪ ਹੀ ਮੋਹਰ ਵੀ ਲਗਾ ਦਿੱਤੀ।

੦ ਕਿਸੇ ਹੋਰ ਸਬੂਤ ਦੀ ਲੋੜ ਨਹੀਂ, ਆਪਣੇ ਤੋਂ ਬਾਅਦ ਜਿਸ ਵੀ ਸਿੱਖ `ਤੇ ਗੁਰੂ ਨਾਨਕ ਪਾਤਸ਼ਾਹ ਜਾਂ ਉਨ੍ਹਾਂ ਦੇ ਜਾਨਸ਼ੀਨਾਂ `ਤੇ ਸਮੇਂ ਸਮੇਂ ਨਾਲ ਬਖਸ਼ਿਸ਼ ਕੀਤੀ, ਉਹ ਵੀ ਉਸੇ ਇਲਾਹੀ ਗੁਰੂ ਵਾਲੀ ਅਵਸਥਾ ਨੂੰ ਪ੍ਰਾਪਤ ਹੋਏ; ਬਾਕੀ ਨੌ ਗੁਰੂ ਸਰੂਪ ਇਸੇ ਰੱਬੀ ਸੱਚ ਦਾ ਹੀ ਪ੍ਰਗਟਾਵਾ ਹਨ।

੦ ਇਹੀ ਕਾਰਨ ਹੈ ਕਿ ਗੁਰਬਾਣੀ ਰਾਹੀਂ ਪ੍ਰਗਟ ਸਚਾਈਆ ਵੀ “ਆਦਿ ਸਚੁ ਜੁਗਾਦੁ ਸਚੁ॥ ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ” (ਬਾਣੀ ਜਪੁ) ਦਾ ਹੀ ਪ੍ਰਗਟਾਵਾ ਹਨ। ਜਦਕਿ ਅਜੋਕੀਆਂ ਵਿਗਿਆਨਕ ਖੋਜਾਂ, ਗੁਰਬਾਣੀ ਦੇ ਇਸ ਇਲਾਹੀ ਸੱਚ ਤੋਂ ਅੱਜ ਵੀ ਹਜ਼ਾਰਾਂ ਸਾਲ ਪਿੱਛੇ ਹਨ।

੦ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਪ੍ਰੋਗਰਾਮ ਮਨੁੱਖ ਲਈ ਉਲੀਕਿਆ, ਦਸਾਂ ਸਰੂਪਾਂ `ਚ ਉਸੇ ਦੀ ਲੜੀਵਾਰ ਪ੍ਰਪੱਕਤਾ ਹੋਈ। ਸੰਸਾਰਕ ਰੁਕਾਵਟਾਂ, ਘਟਨਾਵਾਂ ਤੇ ਉਤਾਰ ਚੜ੍ਹਾਵ ਉਸ ਦੇ ਬਹਾਵ `ਚ ਨਾ ਰੁਕਾਵਟ ਬਣ ਸਕਦੇ ਸਨ ਤੇ ਨਾ ਬਣ ਸਕੇ। ਗੁਰੂ ਨਾਨਕ ਪਾਤਸ਼ਾਹ ਨੇ ਆਪ, ਆਪਣੇ ਦਸਵੇਂ ਸਰੂਪ `ਚ ਪਹੁੰਚ ਕੇ ਉਸੇ ਇਲਾਹੀ ਸੱਚ ਨੂੰ ਅੱਖਰਾਂ ਦੇ ਰੂਪ `ਚ ਸੰਪੂਰਨਤਾ ਬਖਸ਼ੀ ਅਤੇ ਉਸ ਸਦੀਵੀ ਸੱਚ ਨੂੰ ਸੰਸਾਰ ਸਾਹਮਣੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਰੂਪ `ਚ ਪ੍ਰਗਟ ਕੀਤਾ।

੦ ਗੁਰੂ ਨਾਨਕ ਪਾਤਸ਼ਾਹ ਤੇ ਦਸਮੇਸ਼ ਪਿਤਾ ਭਿੰਨ-ਭਿੰਨ ਨਹੀਂ ਹਨ, ਜਿਵੇਂ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਇਤਿਹਾਸ `ਚ ਬਿਲਕੁਲ ਵੱਖਰੇ ਰੂਪ `ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸੰਨ ੧੪੬੯ (ਆਗਮਨ ਗੁਰੂ ਨਾਨਕ ਸਾਹਿਬ) ਤੇ ਵਿਸਾਖੀ ਸੰਨ ੧੬੯੯, ੨੩੦ ਸਾਲਾਂ ਦੇ ਸਮੇਂ ਨੂੰ ਬਿਲਕੁਲ ਅੱਡ ਅੱਡ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਇਨ੍ਹਾਂ ੨੩੦ ਸਾਲਾਂ `ਚ ਦਸਮੇਸ਼ ਜੀ ਦੇ ਗੁਰਗੱਦੀ ਕਾਲ ਦੇ ੨੪ ਸਾਲ ਵੀ ਆਉਂਦੇ ਹਨ-ਸੰਨ ੧੬੭੫ ਤੋਂ ੧੬੯੯.

੦ ਧਿਆਨ ਰਹੇ! ਗੁਰ-ਇਤਿਹਾਸ ਕੇਵਲ ਉਹੀ ਹੈ ਜਿਹੜਾ ਗੁਰਬਾਣੀ ਦੀ ਕਸਵੱਟੀ `ਤੇ ਪੂਰਾ ਉਤਰਦਾ ਹੋਵੇ। ਬਾਕੀ ਤਾਂ ਕੇਵਲ ਰਲ-ਗੱਡ ਹੀ ਹੈ ਜਿਸ ਤੋਂ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। ਮਿਲਾਵਟੀ ਘਟਨਾਵਾਂ ਦੀ ਤਹਿ ਤੱਕ ਪੁੱਜਣ ਲਈ ਹੰਸ ਬਿਰਤੀ ਦੀ ਲੋੜ ਹੈ। ਅਜਿਹੀ ਹੰਸ ਬਿਰਤੀ ਲਈ ਸੰਬੰਧਤ ਸੱਜਨਾਂ ਅੰਦਰ ਗੁਰਬਾਣੀ-ਸੋਝੀ ਤੇ ਜੀਵਨ, ਦੋਨਾਂ ਦਾ ਹੋਣਾ ਜ਼ਰੂਰੀ ਹੈ।

੦ ਗੁਰੂਦਰ ਦੀਆਂ ਵਿਰੋਧੀ ਤਾਕਤਾਂ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਆਪਣੇ ਪਰ ਮਾਰ ਰਹੀਆਂ ਸਨ। ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਤੱਕ ਇਨ੍ਹਾਂ ਨੇ ਹਮਲੇ ਤਾਂ ਬਹੁਤ ਕੀਤੇ ਪਰ ਸਿੱਖੀ ਦੇ ਮਜ਼ਬੂਤ ਕਿਲੇ `ਚ ਦਾਖਲ ਹੋਣਾ ਤਾਂ ਦੂਰ, ਸੁਰਾਖ ਤੱਕ ਵੀ ਨਾ ਕਰ ਸਕੀਆਂ।

੦ ਸੰਨ ੧੭੧੬, ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਵਿਰੋਧੀ ਤਾਕਤਾਂ ਨੂੰ ਸਿੱਖ ਰਹਿਣੀ, ਸਿਧਾਂਤ, ਇਤਿਹਾਸ ਦੀ ਭੰਨ ਤੋੜ ਲਈ ਖੁੱਲ੍ਹਾ ਸਮਾਂ ਮਿਲ ਗਿਆ। ਸਾਰੇ ਇਤਿਹਾਸਕ ਸਥਾਨਾਂ `ਤੇ ਸਿੱਖ ਰਹਿਣੀ ਦੇ ਵਿਰੋਧੀ ਇੱਕ ਜਾਂ ਦੂਜੇ ਰੂਪ `ਚ ਪੂਰੀ ਤਰ੍ਹਾਂ ਛਾ ਗਏ। ਇੰਨ੍ਹਾਂ ਨੇ ਸਾਡੀ ਰਹਿਣੀ-ਇਤਿਹਾਸ `ਚ, ਗੁਰਬਾਣੀ ਦੀ ਚਾਸ਼ਨੀ ਚੜ੍ਹਾ ਕੇ ਭਰਵੀਂ ਮਿਲਾਵਟ ਕੀਤੀ।

੦ ਅੱਜ ਤੱਕ ਇਸ ਵਿਰੋਧੀ ਹਮਲੇ `ਤੇ ਰੋਕ ਨਹੀਂ ਲੱਗ ਪਾਈ ਤੇ ਹਰ ਪਲ ਜਾਰੀ ਹੈ। ਸਿੱਖ ਨੇ ਸ਼ਸਤ੍ਰਾਂ ਦੀਆਂ ਜੰਗਾਂ ਤਾਂ ਜਿੱਤੀਆਂ ਹਨ ਪਰ ਕਲਮ ਦੀ ਜੰਗ `ਚ ਗੁਰਬਾਣੀ ਜੀਵਨ ਤੋਂ ਦੂਰ ਹੋ ਜਾਣ ਕਾਰਨ ਪੂਰੀ ਤਰ੍ਹਾਂ ਮਾਰ ਖਾ ਰਿਹਾ ਹੈ। ਗੁਰਬਾਣੀ ਸੋਝੀ ਰਾਹੀਂ ਜਾਗਣ ਦੀ ਲੋੜ ਹੈ।

ਸੰਸਾਰ ਤਲ `ਤੇ ਮੰਨਿਆਂ-ਪ੍ਰਮੰਣਿਆਂ ਸੱਚ ਹੈ ਕਿ ਜਿਸ ਕੌਮ ਨੂੰ ਖਤਮ ਕਰਣਾ ਹੋਵੇ ਉਸਦੇ ਇਤਿਹਾਸ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਮੁੱਕ ਜਾਵੇਗੀ। ਜਦਕਿ ਸਿੱਖ ਕੌਮ ਨਾਲ ਤਾਂ ਇਸ ਤੋਂ ਵੀ ਵਡਾ ਅਨਰਥ ਹੋਇਆ ਹੈ। ਸਾਡੇ ਇਤਿਹਾਸ `ਚ ਮਿਲਾਵਟ ਵਾਲੀ ਗਲ ਤਾਂ ਬੜੀ ਪਿੱਛੇ ਰਹਿ ਜਾਂਦੀ ਹੈ-ਇਥੇ ਤਾਂ ਸਾਡਾ ੨੩੦ ਸਾਲਾਂ ਦਾ ਇਤਿਹਾਸ ਹੀ ਖ਼ਤਮ ਕਰਕੇ, ਹਰੇਕ ਗੱਲ ਨੂੰ ਸ਼ੁਰੂ ਹੀ ਵਿਸਾਖੀ ੧੬੯੯ ਤੋਂ ਕੀਤਾ ਗਿਆ ਹੈ। ਉਪ੍ਰੰਤ ਮੁੜਦੇ ਹਾਂ ਅਸਲ ਨੁਕਤੇ ਵੱਲ। ਵੇਰਵਿਆਂ `ਚ ਜਾਣ ਲਈ ਬਹੁਤ ਮੌਕੇ ਹੋਣਗੇ। ਇਥੇ ਕੋਸ਼ਿਸ਼ ਹੈ ਕਿ ਥੋੜ੍ਹੇ ਤੋਂ ਥੋੜ੍ਹੇ ਅਤੇ ਅਤੀ ਸੰਖੇਪ ਢੰਗ ਨਾਲ ਘਟੋਘੱਟ ਆਪਣੇ ਵਿਰਸੇ ਨਾਲ ਜੁੜ ਸਕੀਏ। ਕੁੱਝ ਗੱਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ ਜਿਵੇਂ:

੧.”ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ” (੧/੩੧ ਭਾ: ਗੁ) ਅਤੇ “ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ” (੧/੪੫ ਭਾ: ਗੁ) ਸਪਸ਼ਟ ਹੈ ਕਿ ਸਿੱਖ ਧਰਮ ਦਾ ਪ੍ਰਕਾਸ਼ ਤੇ ਅਰੰਭ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਹੋ ਚੁੱਕਾ ਸੀ। ਸਿੱਖ ਧਰਮ ਸੰਪੂਰਨ ਮਨੁੱਖ ਜਾਤੀ ਦਾ ਮੂਲ ਧਰਮ ਹੈ। ਇਹ ਧਰਮ, ਧਰਮਾਂ ਦੀ ਗਿਣਤੀ `ਚ ਵਾਧਾ ਕਰਣ ਲਈ ਨਹੀਂ।

੨. ਸਿੱਖ ਦੇ ਰੂਪ `ਚ ਮਨੁੱਖੀ ਜੀਵਨ ਦਾ ਵਿਕਾਸ, ਗੁਰਬਾਣੀ ਗਿਆਨ ਰਾਹੀਂ ਪਹਿਲੇ ਜਾਮੇਂ ਤੋਂ ਹੀ ਕੀਤਾ ਗਿਆ। ਇਸੇ ਇਲਾਹੀ ਗਿਆਨ ਨੂੰ ਸਾਰੇ ਮਨੁੱਖ ਮਾਤਰ ਦਾ ਇਕੋ ਇੱਕ ਗੁਰੂ ਹੋਣ ਦੀ ਗੱਲ ਵੀ ਸਮਝਾਈ ਗਈ। ਸਰੀਰਕ ਗੁਰੂਆਂ ਵਾਲੀ ਗੱਲ ਤਾਂ ਪਹਿਲੇ ਜਾਮੇ ਤੋਂ ਹੀ ਪੂਰੀ ਤਰ੍ਹਾਂ ਨਕਾਰ ਦਿੱਤੀ ਗਈ ਸੀ, ਦਸੋਂ ਪਾਤਸ਼ਾਹੀਆਂ ਦੇ ਜੀਵਨ ਇਸ ਪੱਖੋਂ ਸਪਸ਼ਟ ਹਨ।

੩. ਮਨੁੱਖ ਨੂੰ ਉਸਦੇ ਇਲਾਹੀ ਤੇ ਸੰਪੂਰਣ ਕੇਸਾਧਾਰੀ ਸਰੂਪ `ਚ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਪ੍ਰਗਟ ਕੀਤਾ ਜਾ ਚੁੱਕਾ ਸੀ। ਪ੍ਰਭੂ ਦੀ ਰਜ਼ਾ `ਚ ਚੱਲਣ ਵਾਲਾ ਮਨੁੱਖ, ਕਦੇ ਵੀ ਸਰੂਪ ਦੀ ਕੱਟ ਵੱਢ ਨਹੀਂ ਕਰਦਾ। ਅਜਿਹਾ ਮਨੁੱਖ ਜੋਗੀ, ਸੰਨਿਆਸੀ, ਨਾਂਗੇ, ਬਿਭੂਤ ਧਾਰੀ, ਭਗਤ, ਸਾਧ, ਸੰਤ, ਮੋਨੀ, ਵਿਰੱਕਤ ਆਦਿ ਭੇਖਾਂ ਜਾਂ ਨਕਲੀ ਗੁਰੂਡੰਮਾਂ `ਚ ਵੀ ਵਿਸ਼ਵਾਸ ਨਹੀਂ ਰੱਖਦਾ।

੪. ਸਿੱਖ ਪਹਿਲੇ ਜਾਮੇਂ ਤੋਂ ਹੀ ਕੇਸਾਧਾਰੀ ਸਰੂਪ `ਚ ਸੀ। ਤਾਂ ਤੇ ਕੇਸਾਂ ਦੀ ਸੰਭਾਲ-ਸਤਿਕਾਰ ਲਈ ਸਿੱਖ, ਕੰਘਾ ਧਾਰੀ ਤੇ ਦਸਤਾਰਧਾਰੀ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸੀ।

੫. ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣ ਮੱਤ ਵਾਲਾ ਮਾਰਗ ਤਾਂ ਪਹਿਲੇ ਜਾਮੇ ਤੋਂ ਹੀ ਜੰਜੂ ਨਾ ਪਾ ਕੇ ਤਿਆਗ ਦਿੱਤਾ ਸੀ। ਉਪ੍ਰੰਤ ਇਹ ਵੀ, ਚੂੰਕਿ ਬ੍ਰਾਹਮਣ ਦੇ ਸਾਰੇ ਸੋਲਹ ਸੰਸਕਾਰ ਹੀ ਬਿਨਾ ਸੀਤੇ ਕਪੜਿਆਂ ਨਾਲ ਹੁੰਦੇ ਹਨ। ਜਦਕਿ ਰੇਬਦਾਰ ਕਛਹਿਰਾ ਤਾਂ ਬਿਨਾ ਭਰਵੀਆਂ ਸਿਲਾਈਆਂ ਬਣ ਹੀ ਨਹੀਂ ਸਕਦਾ। ਇਸੇ ਲਈ ਸਿੱਖ ਨੂੰ ਕਛਹਿਰਾ ਵੀ ਪਹਿਲੇ ਜਾਮੇ ਤੋਂ ਹੀ ਪੁਆ ਦਿੱਤਾ ਗਿਆ। ਇਸ ਲਈ ਕਛਹਿਰਾ, ਗੁਰੂ ਸਾਹਿਬ ਵੱਲੋਂ ਸਿੱਖ ਲਈ ਅਪਣੇ ਆਪ `ਚ ਚੇਤਾਵਨੀ ਹੈ ਕਿ ‘ਸਿੱਖ ਨੇ ਬ੍ਰਾਹਮਣੀ ਰਸਤੇ `ਤੇ ਨਹੀਂ, ਕੇਵਲ ਗੁਰੂ-ਗੁਰਬਾਣੀ ਦੀ ਆਗਿਆ `ਚ ਹੀ ਵਿਚਰਣਾ ਹੈ।

੬. `ਚਰਨ ਪਾਹੁਲ’ ਰਾਹੀਂ ਸਿੱਖ ਧਰਮ `ਚ ਪ੍ਰਵੇਸ਼ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸੀ। `ਚਰਨਪਾਹੁਲ’ ਦਾ ਮਤਲਬ “ਪੂਰਨ ਸਰੂਪ `ਚ ਰਹਿਣਾ ਤੇ ਗੁਰਬਾਣੀ ਗੁਰੂ ਦੀ ਸਿੱਖਿਆ `ਚ ਚੱਲਣ ਲਈ ਪ੍ਰਣ” ਹੀ ਸੀ। ਅੱਜ ਪੰਜ ਪਿਆਰਿਆਂ ਤੋਂ ‘ਖੰਡੇ ਦੀ ਪਾਹੁਲ’ ਦਾ ਮਤਲਬ ਵੀ ਇਹੀ ਹੈ।

੭. ਧਿਆਣ ਰਹੇ! ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਵਰਤੇ ਜਾ ਰਹੇ `ਚਰਨਪਾਹੁਲ’ ਦਾ ਮਤਲਬ ਕਦੇ ਵੀ ਚਰਨ ਧੋ ਕੇ ਪਿਲਾਉਣਾ ਨਹੀਂ ਸੀ। `ਚਰਨਪਾਹੁਲ’ ਦੇ ਅਰਥ ਵੀ ਬਾਣੀ `ਚੋਂ ਹੀ ਲੈਣੇ ਹਨ-ਅਰਥ ਹਨ ਬਾਣੀ ਦੇ ਚਰਨਾਂ ਨਾਲ ਜੁੜਣਾ ਭਾਵ ਬਾਣੀ ਅਨੁਸਾਰ ਜੀਵਨ ਜੀਉਣ ਦਾ ਪ੍ਰਣ। ਪੈਰ ਧੋ ਕੇ ਪਿਲਾਉਣ ਵਾਲੀਆਂ ਗੱਲਾਂ ਗੁਰਬਾਣੀ ਕਸਵਟੀ `ਤੇ ਕਦੇ ਵੀ ਪੂਰੀਆਂ ਨਹੀਂ ਉਤਰਦੀਆਂ।

੮.”ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ” (ਪੰ: ੧੪੧੨) “ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ” (ਪੰ: ੪੭੧) ਅਥਵਾ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ” (ਪੰ: ੯੧੮) ਸਿੱਖ ਦੀ ਅਜਿਹੀ ਤਿਆਰੀ ਵੀ ਪਹਿਲੇ ਜਾਮੇਂ ਤੋਂ ਹੀ ਕਰਵਾਈ ਗਈ ਸੀ। ਇਸ ਲਈ ਵਿਸਾਖੀ ਸੰਨ ੧੬੯੯ ਨੂੰ ਸਿਰਾਂ ਦੀ ਮੰਗ, ਪੰਥ ਲਈ ਨਵੀਂ ਨਹੀਂ ਸੀ ਪਰ ਅਚਾਣਕ ਜ਼ਰੂਰ ਸੀ।

੯. ਦਸਮੇਸ਼ ਪਿਤਾ ਨੇ ਵਿਸਾਖੀ ੧੬੯੯ ਨੂੰ ਪੰਜ ਪਿਆਰਿਆਂ ਦੇ ਰੂਪ `ਚ ‘ਪੰਥ ਦੀ ਸਾਜਣਾ’ ਕੀਤੀ। ਇਹ ਪੰਥ ਦੀ ਸਾਜਣਾ ਕੀ ਸੀ? ਇਹ ਸੀ ‘ਸਿੱਖ ਧਰਮ `ਚ ਪ੍ਰਵੇਸ਼ ਤੇ ਗੁਰਬਾਣੀ ਜੁਗਤ ਅਨੁਸਾਰ ਪੰਥ ਦੀ ਅਗਵਾਹੀ, ਜੋ ਹੁਣ ਤੱਕ ਗੁਰੂ ਜਾਮਿਆਂ ਤੇ ਅਧਿਕਾਰੀ ਸਿੱਖਾਂ ਕੋਲ ਸੀ, ਹੁਣ ਸਦੀਵ ਕਾਲ ਲਈ ਇਹ ‘ਪਾਹੁਲ ਪ੍ਰਾਪਤ’ ਪੰਜ ਪਿਆਰਿਆਂ ਦੇ ਰੂਪ `ਚ ਪੰਥ ਦੇ ਸਪੁਰਦ ਕਰ ਦਿੱਤੀ “ਬਸ ਇਹੀ ਸੀ ਪੰਥ ਦੀ ਸਾਜਨਾ”।

੧੦.’ਪੰਥ’ ਰੂਪ ਪੰਜਾਂ `ਤੇ ਜੋ ਕੁੰਡਾ ਲਗਾਇਆ ਗਿਆ ਉਹ ਸੀ- ‘ਪੂਜਾ ਅਕਾਲ ਪੁਰਖ ਕੀ…ਪਰਚਾ ਸ਼ਬਦ ਕਾ…ਦੀਦਾਰ ਖਾਲਸੇ ਕਾ’ …। ਅਰਥ- ਇਨ੍ਹਾਂ ਪੰਜਾਂ ਦੇ ਫੈਸਲੇ ੧. ਸਮੂਹਕ ਹੋਣੇ ਹਨ। ੨. ਇੱਕ ਅਕਾਲ ਪੁਰਖ ਦੀ ਭੈਅ-ਭਾਵਨੀ ਚ ਰਹਿ ਕੇ ਨਿਰੋਲ ਗੁਰਬਾਣੀ ਜੁਗਤ ਅਨੁਸਾਰ ਹੋਣੇ ਹਨ। ੩. ਕੇਵਲ ਤੇ ਕੇਵਲ ਸਿੱਖੀ ਸਰੂਪ ਤੇ ਸਿੱਖੀ ਜੀਵਨ-ਰਹਿਣੀ ਵਾਲੇ ਸੱਜਨਾਂ ਨੇ ਹੀ ਕਰਣੇ ਹਨ। #20 DSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.