.

ਮਨੁੱਖ, ਸਮਾਜ ਅਤੇ ਗੁਰਮਤਿ

(ਕਿਸ਼ਤ ਦੂਜੀ)

ਹਾਕਮ ਸਿੰਘ


ਪੱਛਮੀ ਨਿਜਤੱਵਵਾਦ ਦੇ ਉਲਟ ਹਿੰਦੂ ਸਮਾਜ ਵਿਚ ਮਨੁੱਖ ਦੀ ਹੋਂਦ ਸਮਾਜਕ ਵਰਣ ਨਿਸ਼ਚਿਤ ਕਰਦਾ ਹੈ। ਜੋ ਵਿਅਕਤੀ ਕਿਸੇ ਵਰਣ ਦਾ ਮੈਂਬਰ ਨਹੀਂ ਉਸ ਦਾ ਹਿੰਦੂ ਸਮਾਜ ਵਿਚ ਕੋਈ ਅਸਤਿਤਵ ਨਹੀਂ ਹੁੰਦਾ। ਵਰਣ ਪਰਣਾਲੀ ਵਿਚ ਮਨੁੱਖ ਸਮਾਜਕ ਵਰਣ ਵੰਡ ਦੇ ਨਿਯਮਾਂ ਅਨੁਸਾਰ ਸਵੀਕਾਰੀ ਇਕਾਈ ਹੁੰਦਾ ਹੈ। ਸਮਾਜ ਤੋਂ ਬਿਨਾ ਜਾਂ ਬਾਹਰ ਮਨੁੱਖ ਦੀ ਕੋਈ ਹਸਤੀ ਨਹੀਂ ਹੁੰਦੀ। ਜਿਸ ਮਤ ਤੇ ਇਹ ਵਰਣ ਪਰਣਾਲੀ ਆਧਾਰਤ ਹੈ ਉਸ ਵਿਚ ਪ੍ਰਕਿਰਤੀ ਅਤੇ ਪੁਰਸ਼ ਸ੍ਰਿਸ਼ਟੀ ਵਿਚ ਬ੍ਰਹਮ ਨੂੰ ਅਭਿਵਿਅਕਤ ਕਰਦੇ ਦੋ ਤੱਤ ਮੰਨੇ ਗਏ ਹਨ ਪਰ ਮਨੁੱਖ ਜਾਤੀ ਇਹਨਾਂ ਤੱਤਾਂ ਦਾ ਭਾਗ ਨਹੀਂ ਹੈ। ਪ੍ਰਕਿਰਤੀ ਆਦਿ ਪਦਾਰਥ ਹੈ ਅਤੇ ਪੁਰਸ਼ ਪਾਰਗਾਮੀ ਨਿਜ ਜਾਂ ਨਿਰੋਲ ਚੇਤਨਤਾ ਹੈ। ਸੰਸਾਰ ਵਿਚ ਤ੍ਰੈ ਗੁਣ ਕਿਰਿਆਸ਼ੀਲ ਹਨ ਅਤੇ ਸਮਾਜ ਵਿਚ ਰਹਿਣ ਦੇ ਢੰਗ ਅਤੇ ਸਦਾਚਾਰਕ ਨਿਯਮ ਮਨੁਸਿਮ੍ਰਿਤੀ ਜਾਂ ਮਾਨਵ ਧਰਮ ਸ਼ਾਸਤਰ ਦੀ ਵਰਣ ਪਰਣਾਲੀ ਨਿਰਧਾਰਤ ਕਰਦੀ ਹੈ। ਆਖਿਆ ਜਾਂਦਾ ਹੈ ਕਿ ਪਰਲੋ ਤੋਂ ਬਰਬਾਦ ਹੋਏ ਭਾਰਤ ਲਈ ਮੰਨੂ ਅਤੇ ਭ੍ਰਿਗੂੰ ਨੇ ਮਨੁਸਿਮ੍ਰਿਤੀ ਵਿਚ ਸਨਾਤਨੀ ਸਮਾਜ ਦੀ ਰੂਪ ਰੇਖਾ ਨਿਰਧਾਰਤ ਕੀਤੀ ਸੀ। ਮੰਨੂੰਸਮ੍ਰਿਤੀ ਵਿਚ ਵਿਗਿਆਨਕ ਢੰਗ ਨਾਲ ਕਿਰਤ ਦੇ ਆਧਾਰ ਤੇ ਸਨਾਤਨੀ ਸਮਾਜ ਨੂੰ ਚਾਰ ਵਰਣਾਂ, ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦਰ ਵਿਚ ਵੰਡ ਕੇ ਹਰ ਮਨੁੱਖ ਦੀ ਥਾਂ ਕਿਸੇ ਇੱਕ ਵਰਣ ਵਿਚ ਪੱਕੀ ਸਥਾਪਤ ਕਰ ਦਿੱਤੀ ਗਈ ਸੀ। ਕਿਤਿਆਂ ਦੇ ਆਧਾਰ ਤੇ ਮਨੁੱਖਤਾ ਦੀ ਵੰਡ ਸਮਾਜਕ ਲੋੜਾਂ ਪੂਰੀਆਂ ਕਰਨ ਲਈ ਬਹੁਤ ਉਪਯੋਗੀ ਸੀ। ਇਹ ਵੰਡ ਭਾਰਤੀ ਲੋਕਾਂ ਦੀ ਖੁਸ਼ਹਾਲੀ ਅਤੇ ਗਰੀਬ ਪੜੋਸੀਆਂ ਦੇ ਭਾਰਤ ਨੂੰ ਲੁੱਟਣ ਲਈ ਹੱਲਿਆਂ ਦਾ ਕਾਰਨ ਬਣੀ। ਇਸ ਦਾ ਢਾਂਚਾ ਸਮਾਜ ਨੂੰ ਬਰਕਰਾਰ ਰੱਖਣ ਵਿਚ ਬਹੁਤ ਮਜ਼ਬੂਤ ਅਤੇ ਦੇਰਪਾ ਸਿੱਧ ਹੋਇਆ। ਇਸਲਾਮ ਦੇ ਪੈਰੋਕਾਰ ਤਕਰੀਬਨ ੬੦੦ ਸਾਲ ਇਸ ਢਾਂਚੇ ਨੂੰ ਤੋੜਨ ਜਾਂ ਜ਼ਬਰਦਸਤੀ ਬਦਲਣ ਦੀ ਕੋਸ਼ਿਸ਼ ਕਰਦੇ ਰਹੇ ਪਰ ਇਸ ਵਿਚ ਕੋਈ ਤ੍ਰੇੜ ਨਹੀਂ ਆਈ। ਅੰਗਰੇਜ਼ਾਂ ਨੇ ਹਿੰਦੂ ਸਮਾਜਕ ਢਾਂਚੇ ਨੂੰ ਛੇੜਨ ਦਾ ਜਤਨ ਹੀ ਨਹੀਂ ਕੀਤਾ ਭਾਵੇਂ ਬ੍ਰਾਹਮਣ ਅੰਗਰੇਜ਼ ਨੂੰ ਸ਼ੂਦਰ ਵੀ ਆਖਦੇ ਰਹੇ। ਕਿਤਿਆਂ ਤੇ ਆਧਾਰਤ ਵਰਣ ਵੰਡ ਦਾ ਆਰਥਕ ਅਤੇ ਸਮਾਜਕ ਪਰਭਾਵ ਬਹੁਤ ਡੂੰਘਾ ਹੁੰਦਾ ਹੈ ਇਸ ਲਈ ਐਸੇ ਸਮਾਜਕ ਢਾਂਚੇ ਨੂੰ ਬਦਲਣਾ ਬਹੁਤ ਔਖਾ ਹੋ ਜਾਂਦਾ ਹੈ। ਪ੍ਰਭੂ ਦੇ ਭਗਤ, ਸਿਆਣੇ ਅਤੇ ਸੁਤੰਤਰ ਬਿਰਤੀ ਵਾਲੇ ਵਿਅਕਤੀ ਐਸੇ ਫ਼ੌਲਾਦੀ ਸਮਾਜਕ ਢਾਂਚੇ ਵਿਚ ਕੈਦ ਰਹਿਣ ਨਾਲੋਂ ਸਮਾਜ ਤਿਆਗ ਕੇ ਜੰਗਲਾਂ ਵਿਚ ਸੁਤੰਤਰ ਜੀਵਨ ਬਤੀਤ ਕਰਨ ਨੂੰ ਤਰਜੀਹ ਦਿੰਦੇ ਰਹੇ ਹਨ। ਆਧੁਨਿਕ ਪਰਬੰਧ ਵਿਗਿਆਨ
(Management Science) ਅਤੇ ਸਿੱਖਿਆ ਪਰਣਾਲੀ ਬਹੁਤ ਹੱਦ ਤੱਕ ਮੰਨੂ ਦੇ ਵਰਣ ਵੰਡ ਸਿਧਾਂਤ ਦਾ ਹੀ ਵਿਸਤਾਰ ਹਨ। ਹੈਨਰੀ ਫੋਰਡ (Henry Ford) ਨੇ ਵੀ ਮੰਨੂ ਦੀ ਕਿੱਤੇ ਤੇ ਆਧਾਰਤ ਮਨੁੱਖੀ ਵੰਡ ਦੇ ਸਿਧਾਂਤ ਨੂੰ ਹੋਰ ਤੀਬਰ ਕਰਕੇ ਆਪਣੇ ਉਦਯੋਗ ਵਿਚ ਇਕ ਹੀ ਕੰਮ ਨੂੰ ਛੋਟੇ-ਛੋਟੇ ਹਿਸਿਆਂ ਵਿਚ ਵੰਡ ਕੇ ਇੱਕ ਕਾਮੇ ਲਈ ਛੋਟੇ ਤੋਂ ਛੋਟੇ ਕੰਮ ਦੀ ਪੱਧਤੀ ਕਾਇਮ ਕੀਤੀ ਸੀ। ਮੰਨੂ ਨੇ ਮਨੁੱਖ ਨੂੰ ਸਮਾਜਕ ਸ਼ਕਤੀ ਦਾ ਗੁਲਾਮ ਬਨਾਉਣ ਦਾ ਪ੍ਰਸਤਾਵ ਕੀਤਾ ਸੀ ਅਤੇ ਫੋਰਡ ਨੇ ਮਨੁੱਖ ਨੂੰ ਉਦਯੋਗਪਤੀ ਦੀ ਮਸ਼ੀਨ ਬਨਾਉਣ ਦਾ ਜਤਨ ਕੀਤਾ ਹੈ। ਹੋ ਸਕਦਾ ਹੈ ਕਈ ਪਾਠਕ ਮੰਨੂੰਸਿਮ੍ਰਿਤੀ ਨੂੰ ਵਿਗਿਆਨਕ ਆਖਣ ਤੇ ਇਤਰਾਜ਼ ਕਰਨ। ਦਰ ਅਸਲ ਹਰ ਵਿਗਿਆਨਕ ਕਾਢ ਨਿਰਪੱਖ ਹੁੰਦੀ ਹੈ। ਉਸ ਨੂੰ ਮਾਨਵਤਾ ਦੀ ਭਲਾਈ ਲਈ ਵੀ ਵਰਤਿਆ ਜਾ ਸਕਦਾ ਹੈ ਅਤੇ ਮਨੁੱਖਤਾ ਦੇ ਨੁਕਸਾਨ ਲਈ ਵੀ, ਜਿਵੇਂ ਆਇਨਸਟਾਇਨ ਦੇ ਸਾਪੇਖਵਾਦ (Relativity) ਦਾ ਸਿਧਾਂਤ ਮਨੁੱਖਤਾ ਦਾ ਭਲਾ ਵੀ ਕਰਦਾ ਹੈ ਅਤੇ ਐਟਮ ਬੰਬ ਬਨਾਉਣ ਵਿਚ ਸਹਾਈ ਹੋ ਕੇ ਮਨੁੱਖਤਾ ਦਾ ਵਿਨਾਸ਼ ਵੀ ਕਰਦਾ ਹੈ।
ਮੰਨੂ ਦੀ ਸਮਾਜਕ ਪਰਣਾਲੀ ਵਿਚ ਦੋ ਹੋਰ ਵੱਡੇ ਔਗੁਣ ਹਨ; ਇਕ, ਇਹ ਕਿੱਤੇ ਨੂੰ ਪਰਵਾਰ ਨਾਲ ਜੋੜਦੀ ਹੈ ਜੋ ਗੈਰ ਕੁਦਰਤੀ ਹੈ ਕਿਉਂਕਿ ਕਿੱਤਾ ਵਿਸ਼ੇਸ਼ ਜਾਣਕਾਰੀ ਤੇ ਆਧਾਰਤ ਹੁੰਦਾ ਹੈ ਪਰਵਾਰ ਤੇ ਨਹੀਂ। ਦੂਜੇ, ਇਹ ਕਿਤਿਆਂ ਦਾ ਅਣ ਮਨੁੱਖੀ ਵਰਗੀਕਰਣ ਕਰਕੇ ਅੱਧੇ ਤੋਂ ਵੱਧ ਕਿਰਤੀ ਮਨੁੱਖਾਂ ਦਾ ਨਿਰਾਦਰ ਕਰਦੀ ਹੈ। ਦਰ ਅਸਲ ਹਰ ਵਿਕਾਰ ਰਹਿਤ ਕਿੱਤਾ ਮਨੁੱਖਤਾ ਦੀ ਸੇਵਾ ਅਤੇ ਬੇਹਤਰੀ ਕਰਨ ਵਿਚ ਸਹਾਇਕ ਹੁੰਦਾ ਹੈ ਇਸੇ ਲਈ ਕੰਮ ਨੂੰ ਭਗਤੀ ਆਖਿਆ ਗਿਆ ਹੈ (
Work is worship)। ਸਭ ਤੋਂ ਉਤਮ ਅਤੇ ਆਦਰਯੋਗ ਕਿੱਤਾ ਤੇ ਉਹ ਹੁੰਦਾ ਹੈ ਜਿਹੜਾ ਮਨੁੱਖ ਦੀਆਂ ਮੁਢਲੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਵਿਚ ਸਹਾਈ ਹੁੰਦਾ ਹੋਵੇ। ਗੁਰਬਾਣੀ ਦਾ ਫੁਰਮਾਨ ਹੈ: “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖੁ ਭੁੰਚੁ॥“ (ਪੰ: ੫੨੨)। ਵੈਸੇ ਵੀ ਕੰਮ ਦੀ ਯੋਗਤਾ ਪ੍ਰਭੂ ਦੀ ਦੇਣ ਹੈ, ਕੋਈ ਕੀ ਬਣੇਗਾ ਇਸ ਦਾ ਨਿਰਨਾ ਮਨੁੱਖ ਦੇ ਹੱਥ ਨਹੀਂ ਹੁੰਦਾ। ਕਿਰਤ ਨੂੰ ਬੜੀ ਛੋਟੀ ਆਖਣਾ ਅਤੇ ਪਰਵਾਰ ਨਾਲ ਜੋੜਨਾ ਅਣ ਮਨੁੱਖੀ ਸੋਚ ਦਾ ਪਰਿਣਾਮ ਹੈ। ਭਾਰਤੀ ਸਮਾਜ ਵਿਚ ਹੁਣ ਮੰਨੂਵਾਦ ਅਤੇ ਭਾਰਤੀ ਸੰਵਿਧਾਨ ਦਾ ਸਿੱਧਾ ਟਾਕਰਾ ਹੋ ਗਿਆ ਹੈ। ਸੰਪਰਦਾਇਕ ਅਤੇ ਫਿਰਕਾਪ੍ਰਸਤ ਸ਼ਕਤੀਆਂ ਮੰਨੂਵਾਦ ਦੀਆਂ ਸਮਰਥਕ ਹਨ ਅਤੇ ਮਨੁੱਖੀ ਸੁਤੰਤਰਤਾ ਦੇ ਉਪਾਸ਼ਕ ਮੂਲ ਮਨੁੱਖੀ ਸੰਵਿਧਾਨਕ ਅਧਿਕਾਰਾਂ ਨੂੰ ਆਮ ਲੋਕਾਂ ਦੇ ਜੀਵਨ ਵਿਚ ਸਾਕਾਰ ਕਰਨ ਲਈ ਜਤਨਸ਼ੀਲ ਹਨ।
ਗੁਰਬਾਣੀ ਮਨੁੱਖ ਨੂੰ ਸੁਤੰਤਰ ਅਤੇ ਮਨੁੱਖਾ ਜਨਮ ਨੂੰ ਵਡਮੁੱਲਾ ਆਖਦੀ ਹੈ: “ਅਵਰ ਜੋਨਿ ਤੇਰੀ ਪਨਿਹਾਰੀ॥ ਇਸ ਧਰਤੀ ਮਹਿ ਤੇਰੀ ਸਿਕਦਾਰੀ॥“ (ਪੰ: ੩੭੪)। ਇਸ ਦੇ ਵਿਪਰੀਤ ਸੰਸਾਰ ਅਤੇ ਸਮਾਜ ਨੂੰ ਗੁਰਬਾਣੀ ਵਿਚ ਮਾਇਆਜਾਲ ਆਖਿਆ ਗਿਆ ਹੈ: “ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥“ (ਪੰ: ੬੯੩); “ਕਰਮ ਧਰਮ ਸਭ ਬੰਧਨਾ ਪਾਪ ਪੁਨੰ ਸਨਬੰਧੁ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਬੰਧੁ॥ ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧ॥“ (ਪੰ: ੫੫੧) ਅਤੇ “ਨਾਨਕ ਦੁਨੀਆ ਕੀਆ ਵਡਿਆਈਆ ਅਗੀ ਸੇਤੀ ਜਾਲਿ॥ ਏਨੀ ਜਲੀਈ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ॥“ (ਪੰ: ੧੨੯੦)। ਗੁਰਬਾਣੀ ਮੰਨੁਵਾਦ ਨੂੰ ਅਪਰਵਾਨ ਕਰਦੀ ਹੈ ਕਿਊਂਕੇ ਮੰਨੁ ਦੀ ਵਰਣ ਪਰਣਾਲੀ ਮਨੁੱਖ ਨੂੰ ਸਮਾਜ ਦੀ ਕਠ ਪੁਤਲੀ ਬਣਾਉਂਦੀ ਹੈ ਅਤੇ ਸਮਾਜ ਨੂੰ ਸੰਗਠਤ ਕਰ ਕੇ ਅੱਧੀ ਤੋਂ ਵੱਧ ਮਨੁਖਤਾ ਨੂੰ ਅਪਮਾਨਤ ਕਰਦੀ ਹੈ, ਜਦੋਂ ਕਿ ਗੁਰਬਾਣੀ ਸਾਰੀ ਮਨੁੱਖਤਾ ਨੂੰ ‘ਕੁਦਰਤਿ ਕੇ ਸਭ ਬੰਦੇ’ ਅਤੇ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭਿ ਮਹਿ ਚਾਨਣੁ ਹੋਇ॥“ (ਪੰ: ੬੬੩) ਦਾ ਅਧਿਕਾਰੀ ਆਖਦੀ ਹੈ।
ਅਜੋਕੇ ਸਿੱਖ ਆਗੂ ਭਾਵੇਂ ਮੰਨੂ ਨੂੰ ਬਹੁਤ ਭੰਡਦੇ ਹਨ ਪਰ ਆਪਣਾ ਪੰਥ ਉਸ ਦੇ ਪ੍ਰਸਤਾਵਿਤ ਸਿਧਾਂਤਾਂ ਦੇ ਆਧਾਰ ਤੇ ਬਣਾਉਣ ਦੇ ਹਿਮਾਇਤੀ ਹਨ। ਮੰਨੂ ਪਰਣਾਲੀ ਦੇ ਦੋ ਮੂਲ ਸਿਧਾਂਤ ਹਨ: ਇਕ, ਮਨੁੱਖ ਸਮਾਜ ਦੇ ਅਧੀਨ ਹੈ। ਦੂਜਾ, ਸਾਰੇ ਮਨੁੱਖ ਬਰਾਬਰ ਨਹੀਂ ਹਨ, ਉਹਨਾਂ ਵਿਚ ਊਚ ਨੀਚ ਹੈ। ਸਿੱਖ ਪੰਥ ਦਾ ਸੰਕਲਪ ਮੰਨੂਵਾਦੀ ਸਿਧਾਂਤ ਦੇ ਇਹਨਾਂ ਦੋਨਾਂ ਅੰਗਾਂ ਤੇ ਆਧਾਰਤ ਹੈ। ਪੰਥ ਦੇ ਸੰਕਲਪ ਅਨੁਸਾਰ ਸਿੱਖ ਦੀ ਹੋਂਦ ਪੰਥ ਕਰਕੇ ਹੈ। ਜੋ ਵਿਅਕਤੀ ਪੰਥ ਦਾ ਮੈਂਬਰ ਨਹੀਂ ਉਹ ਸਿੱਖ ਨਹੀਂ ਹੈ। ਸਿੱਖ ਰਹਿਤ ਮਰਯਾਦਾ ਵਿਚ ਲਿਖਿਆ ਹੈ, “ਸਿੱਖ ਨੇ ਇਸ ਲਈ ਸ਼ਖ਼ਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਭੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾਂ ‘ਪੰਥ’ ਹੈ। ਹਰ ਇਕ ਸਿੱਖ ਨੇ ‘ਪੰਥ’ ਦਾ ਇਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ। (ੳ) ‘ਗੁਰੂ ਪੰਥ’ ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ‘ਗੁਰੂ ਪੰਥ’ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।“ ਮਨੁਸਿਮ੍ਰਿਤੀ ਅਨੁਸਾਰ ਮਨੁੱਖ ਸਮਾਜ ਦਾ ਅੰਗ ਹੁੰਦਾ ਹੈ ਅਤੇ ਰਹਿਤ ਮਰਯਾਦਾ ਅਨੁਸਾਰ ਸਿੱਖ ਪੰਥ ਦਾ। ਹਿੰਦੂ ਮਨੁੱਖ ਦੀ ਘੜੀ ਮੂਰਤੀ ਨੂੰ ਦੇਵੀ ਦੇਵਤਾ ਬਣਾ ਕੇ ਪੂਜਦੇ ਹਨ ਸਿੱਖ ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਮੰਨਦੇ ਹਨ। ਮੰਨੂ ਦੇ ਸਿਧਾਂਤ ਦੇ ਅਨੁਕੂਲ ਸਿੱਖ ਪੰਥ ਕੇਵਲ ਤਿਆਰ-ਬਰ-ਤਿਆਰ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਪੰਥ ਦੇ ਮੈਂਬਰ ਕਬੂਲਦਾ ਹੈ। ਕੇਸਾਧਾਰੀ ਸਿੱਖ ਜਿਨ੍ਹਾਂ ਅੰਮ੍ਰਿਤ ਪਾਨ ਨਹੀਂ ਕੀਤਾ ਹੈ, ਅਤੇ ਕੇਸ ਰਹਿਤ ਸਿੱਖ ਪੰਥ ਦੇ ਮੈਂਬਰ ਨਹੀਂ ਹਨ। ਇਹ ਵਖਰੀ ਗੱਲ ਹੈ ਕਿ ਅੰਮ੍ਰਿਤਧਾਰੀ ਸਿੰਘ ਸੰਪਰਦਾਵਾਂ ਅਤੇ ਜਾਤਾਂ ਗੋਤਾਂ ਵਿਚ ਵੰਡੇ ਹੋਏ ਹਨ ਅਤੇ ਰਹਿਣੀ ਬਹਿਣੀ ਅਤੇ ਕਕਾਰਾਂ ਬਾਰੇ ਉਹਨਾਂ ਦੀਆਂ ਕਈ ਪਰਕਾਰ ਦੀਆਂ ਧਾਰਨਾਵਾਂ ਬਣੀਆਂ ਹੋਈਆਂ ਹਨ। ਉਹਨਾਂ ਦੇ ਕਈ ਧਰਮ ਅਸਥਾਨ ਵੀ ਜਾਤਾਂ ਤੇ ਆਧਾਰਤ ਹਨ।
ਗੁਰਬਾਣੀ ਪੰਥ ਦੇ ਸਮਾਜਕ ਸੰਕਲਪ ਨੂੰ ਪਰਵਾਨ ਨਹੀਂ ਕਰਦੀ। ਗੁਰਬਾਣੀ ਵਿਚ ਪੰਥ ਪ੍ਰਭੂ ਪਰਾਪਤੀ ਦੇ ਮਾਰਗ ਨੂੰ ਜਾਂ ਉਸ ਮਾਰਗ ਦੇ ਪਾਂਧੀਆਂ ਨੂੰ ਆਖਿਆ ਗਿਆ ਹੈ, ਸ਼ਰਧਾਲੂਆਂ ਦੇ ਇਕੱਠ ਜਾਂ ਸਮੂਹ ਨੂੰ ਨਹੀਂ। ਗੁਰਬਾਣੀ ਮਨੁੱਖੀ ਏਕਤਾ ਅਤੇ ਸਾਂਝੀਵਾਲਤਾ ਦਾ ਉਪਦੇਸ਼ ਕਰਦੀ ਹੈ, ਜਿਵੇਂ “ਸਭ ਕੋ ਆਸੈ ਤੇਰੀ ਬੈਠਾ॥ ਘਟ ਘਟ ਅੰਤਰਿ ਤੂੰ ਹੈ ਵੁਠਾ॥ ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥“ (ਪੰ: ੯੭)। ਮਨੁੱਖਤਾ ਵਿਚ ਵੰਡੀਆਂ ਪਾਉਣਾ ਅਤੇ ਕੁੱਝ ਵਿਅਕਤੀਆਂ ਨੂੰ ਵਿਸ਼ੇਸ਼ ਸਮਝਣਾ ਗੁਰਬਾਣੀ ਉਪਦੇਸ਼ ਦੇ ਵਿਪਰੀਤ ਹੈ। ਗੁਰੂ ਸਾਹਿਬਾਨ ਦਾ ਨਾਂ ਪੰਥ ਨਾਲ ਜੋੜਨਾ ਅਣਉਚੱਤ ਹੈ ਕਿਉਂਕਿ ਉਹ ਤੇ ਸਿੱਖ ਸੇਵਕਾਂ ਨੂੰ ਗੁਰਬਾਣੀ ਉਪਦੇਸ਼ ਦਰਿੜ੍ਹ ਕਰਵਾਉਂਦੇ ਸਨ ਨਾ ਕਿ ਉਸ ਉਪਦੇਸ਼ ਦੀ ਉਲੰਘਣਾ ਕਰਨ ਲਈ ਪ੍ਰੇਰਿਤ ਕਰਦੇ ਸਨ। ਦਰ ਅਸਲ ਹਰ ਗੁਰਮਤਿ ਵਿਰੋਧੀ ਵਿਚਾਰ ਜਾਂ ਵਿਹਾਰ ਨੂੰ ਗੁਰੂ ਸਾਹਿਬਾਨ, ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਜੀ, ਦੇ ਨਾਂ ਨਾਲ ਜੋੜ ਕੇ ਉਸ ਨੂੰ ਸਿੱਖ ਧਰਮ ਦੀ ਪ੍ਰਵਾਣਤ ਪਰੰਪਰਾ ਬਣਾਉਣ ਦੀ ਰੀਤ ਚਲੀ ਆ ਰਹੀ ਹੈ। ਗੁਰੂ ਸਾਹਿਬ ਦੇ ਵਿਰੋਧੀਆਂ ਨੇ ਆਪਣੇ ਆਪ ਨੂੰ ਉਹਨਾਂ ਦੇ ਸ਼ਰਧਾਲੂ ਹੋਣ ਦਾ ਢਕਵੰਜ ਕਰਕੇ ਗੁਰੂ ਸਾਹਿਬ ਦੇ ਵਿਅਕਤਿੱਤਵ ਨੂੰ ਅਪਮਾਨਤ ਕਰਨ ਅਤੇ ਸਿਖਾਂ ਨੂੰ ਗੁਮਰਾਹ ਕਰਨ ਦਾ ਹਰ ਸੰਭਵ ਜਤਨ ਕੀਤਾ ਹੈ।
ਸਿੱਖ ਧਰਮ ਵਿਚ ਪੰਥ ਇਕ ਬਹੁਤ ਹੀ ਵਚਿੱਤਰ ਅਤੇ ਗੁੰਝਲਦਾਰ ਸੰਕਲਪ ਹੈ। ਪੰਥ ਕੋਈ ਰਸਮੀ
(formal) ਸੰਸਥਾ ਨਹੀਂ ਹੈ। ਇਸ ਦਾ ਕੋਈ ਵਿਧਾਨ ਜਾਂ ਬਾਈਲਾਜ਼ (Byelaws) ਨਹੀਂ ਹੈ। ਪੰਥ ਕਦੋਂ ਅਤੇ ਕਿਸ ਨੇ ਸ਼ੁਰੂ ਕੀਤਾ ਇਸ ਬਾਰੇ ਕੋਈ ਭਰੋਸੇ ਯੋਗ ਇਤਿਹਾਸਕ ਤੱਥ ਉਪਲੱਬਧ ਨਹੀਂ ਹਨ ਪਰ ਪਰੰਪਰਾ ਵਿਚ ਇਸ ਨੂੰ ਬਹੁਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜਿਆ ਜਾਂਦਾ ਹੈ। ਕੁੱਝ ਲੋਕ ਪੰਥ ਨੂੰ ਕੌਮ ਵੀ ਆਖ ਦਿੰਦੇ ਹਨ। ਕੌਮ ਦੀ ਆਪਣੀ ਇਕ ਪ੍ਰਵਾਣਤ ਪਰਿਭਾਸ਼ਾ ਹੈ ਅਤੇ ਪੰਥ ਵਿਚ ਕੌਮ ਵਾਲੇ ਪਰਿਭਾਸ਼ਿਤ ਗੁਣ ਨਹੀਂ ਹਨ। ਸਿੱਖ ਰਹਿਤ ਮਰਯਾਦਾ ਵਿਚ ਦਿੱਤੀ ਪੰਥ ਦੀ ਪਰਿਭਾਸ਼ਾ ਅਨੁਸਾਰ ਤੇ ਕੇਵਲ ਅੰਮ੍ਰਿਤਧਾਰੀ ਸਿੰਘ ਹੀ ਪੰਥ ਦੇ ਮੈਂਬਰ ਹਨ। ਜੇਕਰ ਕੇਸ ਰਹਿਤ ਸਿੱਖ ਅਤੇ ਕੇਸਾਧਾਰੀ ਸਿੱਖ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਰਹਿਤ ਮਰਯਾਦਾ ਅਨੁਸਾਰ ਸਿੱਖ ਨਹੀਂ ਹਨ ਤਾਂ ਤੇ ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਨਹੀਂ ਹੈ ਕਿਉਂਕਿ ਬਹੁਤੇ ਸਿੱਖ ਗਿਣੇ ਜਾਂਦੇ ਵਿਅਕਤੀਆਂ ਨੇ ਅੰਮ੍ਰਿਤ ਨਹੀਂ ਛਕਿਆ ਹੈ। ਪੰਥ ਦੇ ਕਰਤਵ ਅਤੇ ਫੈਸਲੇ ਕਰਨ ਦੀ ਵਿਧੀ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਪੰਥ ਦੇ ਕੀ ਕਰਤਵ ਹਨ? ਪੰਥ ਕਦੋਂ ਅਤੇ ਕਿਥੇ ਇਕੱਤਰਤ ਹੁੰਦਾ ਹੈ ਅਤੇ ਆਪਣੇ ਕਰਤਵਾਂ ਦੀ ਪਾਲਨਾ ਕਿਵੇਂ ਕਰਦਾ ਹੈ? ਪੰਥ ਦੇ ਫੈਸਲੇ ਕੌਣ ਕਰਦਾ ਹੈ: ਸਾਰਾ ਪੰਥ, ਉਸ ਦੀ ਚੁਣੀ ਕੋਈ ਕਮੇਟੀ, ਗੁਰਮਤਾ ਜਾਂ ਫਿਰ ਕੁੱਝ ਸਿੱਖ ਆਪਣੀ ਮਰਜ਼ੀ ਨਾਲ ਇਕੱਠੇ ਹੋ ਕੇ? ਪੰਥਕ ਫੈਸਲੇ ਕਰਨ ਅਤੇ ਸਿੱਖਾਂ ਨੂੰ ਪੰਥ ਵਿਚੋਂ ਛੇਕਣ ਦਾ ਕੀ ਵਿਧਾਨ ਹੈ, ਅਤੇ ਇਹ ਕਿਸ ਨੇ ਅਤੇ ਕਦੋਂ ਬਣਾਇਆ ਹੈ? ਪੰਥ ਬਾਰੇ ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨ ਵਾਲੇ ਬਹੁਤ ਸਾਰੇ ਸਵਾਲਾਂ ਵਿਚੋਂ ਇਹ ਕੁੱਝ ਹੀ ਸਵਾਲ ਹਨ।

ਸਮਾਜ ਅਤੇ ਸਮਾਜਕ ਪੰਥ ਗੁਰਬਾਣੀ ਦੇ ਸੰਕਲਪ ਨਹੀਂ ਹਨ। ਸਮਾਜ ਬਾਰੇ ਜਾਣਕਾਰੀ ਵਿਦਿਅਕ ਜਗਤ ਤੋਂ ਮਿਲਦੀ ਹੈ। ਵਿਦਵਾਨ ਸਮਾਜ ਨੂੰ ਉਸ ਦੇ ਵਿਭਿੰਨ ਅਲੌਕਿਕ ਅੰਗਾਂ ਵਿਚ ਵੰਡ ਕੇ ਸਮਝਣ ਸਮਝਾਉਣ ਦਾ ਜਤਨ ਕਰਦੇ ਹਨ। ਅਜੋਕੇ ਵਿਦਵਾਨ ਸਮਾਜਕ ਜਾਣਕਾਰੀ ਨੂੰ ਇਹਨਾਂ ਸ਼੍ਰੇਣੀਆਂ ਵਿਚ ਵੰਡਦੇ ਹਨ: ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਕਨੂੰਨ, ਸਮਾਜ ਵਿਗਿਆਨ
(Sociology), ਇਤਹਾਸ, ਭੂਗੋਲ, ਸਿੱਖਿਆ ਅਤੇ ਸਮਾਜਕ ਮਨੋਵਿਗਿਆਨਕ। ਕੁੱਝ ਹੋਰ ਵਿਸ਼ੇ ਵੀ ਹਨ, ਜੋ ਭਾਵੇਂ ਨਿਰੋਲ ਸਮਾਜ ਸ਼ਾਸਤਰ ਦਾ ਭਾਗ ਨਹੀਂ ਹਨ ਪਰ ਸਮਾਜਕ ਜਾਣਕਾਰੀ ਨਾਲ ਜੁੜੇ ਹੋਣ ਕਾਰਨ ਸਮਾਜ ਨੂੰ ਸਮਝਣ ਵਿਚ ਸਹਾਇਕ ਹੁੰਦੇ ਹਨ। ਉਹ ਹਨ: ਕਲਾ, ਸਾਹਿਤ, ਭਾਸ਼ਾ, ਧਰਮ, ਮਨੋ ਵਿਗਿਆਨ ਅਤੇ ਫ਼ਿਲਾਸਫ਼ੀ। ਇਹਨਾਂ ਸਾਰੇ ਵਿਸ਼ਿਆਂ ਦਾ ਅਧਿਐਨ ਕਰਨ ਨਾਲ ਸਮਾਜ ਬਾਰੇ ਸੰਤੋਖ ਜਨਕ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਧਰਮ ਅਤੇ ਫ਼ਿਲਾਸਫ਼ੀ ਨੂੰ ਛੱਡ ਕੇ ਬਾਕੀ ਸਾਰੀ ਜਾਣਕਾਰੀ ਦਾ ਅਧਿਆਤਮਿਕ ਗਿਆਨ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਇਹ ਜਾਣਕਾਰੀ ਮਨੁੱਖੀ ਕਿੱਤਿਆਂ ਅਤੇ ਮਨੋਰੰਜਨ ਨਾਲ ਸਬੰਧਿਤ ਹੈ। ਕੇਵਲ ਧਰਮ ਦਾ ਹੀ ਅਧਿਆਤਮਿਕ ਗਿਆਨ ਨਾਲ ਸਬੰਧ ਹੈ। ਅਧਿਆਤਮਿਕ ਗਿਆਨ ਧਰਮ ਦਾ ਆਧਾਰ ਹੈ ਅਤੇ ਧਰਮ ਦੀ ਜ਼ਿੰਮੇਵਾਰੀ ਹੈ ਕਿ ਧਾਰਮਕ ਵਿਚਾਰਧਾਰਾ ਰਾਹੀਂ ਅਧਿਆਤਮਿਕ ਗਿਆਨ ਨੂੰ ਸਮਾਜ ਵਿਚ ਅਭਿਵਿਅਕਤ ਕਰੇ। --ਚਲਦਾ
.