.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਜਮਦੂਤ ਦਾ ਸੰਕਲਪ (ਭਾਗ ਤੀਜਾ)

ਗੁਰੂ ਗ੍ਰੰਥ ਸਾਹਿਬ ਵਿੱਚ ਜਮਦੂਤ/ਜਮਦੂਤਾਂ ਨੂੰ ਜਮਾਣੀ, ਜਮਹਿ, ਜਮਤ, ਜਮੂਆ, ਜਾਮ, ਜਮਾਦਿ, ਜਮਾ, ਜਮਾਨੈ, ਜਮਕਾਲੁ, ਕਾਲ ਆਦਿ ਵੀ ਕਿਹਾ ਗਿਆ ਹੈ। ਜਿਵੇਂ ਕਿ ਅਸੀਂ ਸ਼ੁਰੂ ਵਿੱਚ ਇਸ ਗੱਲ ਦਾ ਵਰਣਨ ਕਰ ਆਏ ਹਾਂ ਕਿ ਗੁਰਬਾਣੀ ਵਿੱਚ ਇਹ ਸ਼ਬਦ ਕਿਧਰੇ ਮੁਹਾਵਰੇ ਦੇ ਰੂਪ ਵਿੱਚ, ਕਿਧਰੇ ਡਰ, ਮੌਤ ਅਤੇ ਕਿਧਰੇ ਆਤਮਕ ਮੌਤ ਦੇ ਭਾਵਾਰਥ ਵਿੱਚ ਆਇਆ ਹੈ। ਬਾਣੀਕਾਰਾਂ ਨੇ ਜਮਦੂਤਾਂ ਸੰਬੰਧੀ ਪ੍ਰਚਲਤ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਹੈ। ਬਾਣੀ ਰਚੇਤਿਆਂ ਨੇ ਜਮਦੂਤ ਸ਼ਬਦ ਨੂੰ ਪ੍ਰਚਲਤ ਅਰਥਾਂ ਨਾਲੋਂ ਵਿਕਾਰਾਂ ਆਦਿ ਦੇ ਭਾਵਾਰਥ ਵਿੱਚ ਵਰਤ ਕੇ ਇਹਨਾਂ ਤੋਂ ਮਨੁੱਖ ਨੂੰ ਸੁਚੇਤ ਕੀਤਾ ਹੈ। ਗੁਰਬਾਣੀ ਦੀ ਜੀਵਨ-ਜੁਗਤ ਨੂੰ ਅਪਣਾਉਣ ਨਾਲ ਇਹਨਾਂ ਹੀ ਭਿਆਨਕ ਜਮਦੂਤਾਂ ਤੋਂ ਮਨੁੱਖ ਦਾ ਬਚਾਓ ਹੁੰਦਾ ਹੈ। ਇਹਨਾਂ ਵਿਕਾਰ ਰੂਪ ਜਮਦੂਤਾਂ ਨਾਲ ਮਨੁੱਖ ਦਾ ਵਾਹ ਮਰਨ ਮਗਰੋਂ ਨਹੀਂ ਸਗੋਂ ਜਿਊਂਦੇ ਜੀਅ ਪੈਂਦਾ ਹੈ।
ਇਸ ਭਾਵ ਨੂੰ ਹੋਰ ਸਪਸ਼ਟ ਰੂਪ ਵਿੱਚ ਸਮਝਣ ਲਈ ਗੁਰਬਾਣੀ ਵਿੱਚ ਨਿਮਨ ਲਿਖਤ ਸ਼ਬਦਾਂ ਦੀ ਕ੍ਰਮਵਾਰ ਚਰਚਾ ਕਰ ਰਹੇ ਹਾਂ:-ਜਮ ਮਾਰਗ, ਜਮ ਜਾਲ, ਜਮ ਜਾਲੇ, ਜਮ ਮਾਰ, ਜਮੁ ਤ੍ਰਾਸ, ਜੋਹਿਆ ਜਮਕਾਲੇ, ਜਮਕਾਲਿ ਗਰਠੇ, ਨਿਤ ਕਰੈ ਜਮੁ ਸਿਰਿ ਮਾਰ, ਜਮੁ ਸਿਰਿ ਮਾਰੇ ਕਰੇ ਖੁਆਰਾ, ਜਮ ਕਾ ਫਾਹਾ ਗਲਹੁ ਨ ਕਟੀਐ, ਜਮ ਕੀ ਜੇਵੜੀ, ਜਮ ਕਾ ਜੇਵੜਾ, ਜਮਡੰਡ, ਜਮ ਡੰਡਾ, ਜਮ ਕਾ ਠੇਂਗਾ, ਜਮ ਖੁਆਰੀ, ਜਮ ਦੋਖੰ, ਜਮ ਮਗਿ, ਜਮ ਮਾਰਗ, ਜਮ ਕੈ ਪੰਥਿ, ਜਮ ਕੈ ਘਾਟ, ਜਮ ਮਾਰ, ਜਮ ਫੰਧ, ਜਮ ਬੰਧ, ਜਮ ਕੀ ਫਾਸ, ਜਮ ਕੀ ਫਾਸੀ, ਜਮਪੁਰਿ, ਜਮਕਾਲਿ ਗਰਠੇ, ਜਮੁ ਜਾਗਾਤੀ, ਜਮ ਰਾਜੇ ਕੇ ਹੇਰੂ, ਮਾਰਿਆ ਕਾਲੁ ਜਮਕੰਕਰ ਭੁਇਅੰਗਾ, ਦੂਤ, ਧਰਮ ਰਾਇ ਕੇ ਦੂਤ, ਦਰਿ ਠਾਢੇ ਜਮ ਜੰਦਾਰੇ, ਜਮਕੰਕਰੁ ਖਾਈ, ਜਮ ਕਾਗਰ, ਜਮਿ ਛੋਡੀ ਮੋਰੀ ਲਾਗਿ, ਮਾਰਿਆ ਕਾਲੁ ਜਮਕੰਕਰ ਭੁਇਅੰਗਾ, ਜਮਕੰਕਰ ਨਸਿ ਗਏ ਵਿਚਾਰੇ, ਜਮਕੰਕਰੁ ਖਾਈ ਆਦਿ।
ਜਮ ਮਾਰਗ:
ਗੁਰਬਾਣੀ ਵਿੱਚ ਜਮ ਮਗਿ/ਜਮ ਮਾਰਗਿ ਦਾ ਕਈ ਥਾਈਂ ਜ਼ਿਕਰ ਆਇਆ ਹੈ। ਜਿਸ ਜਮ ਮਾਰਗ ਦਾ ਗੁਰਬਾਣੀ ਵਰਨਣ ਕਰਦੀ ਹੈ, ਉਹ ਪੁਰਾਣਾਂ ਵਿੱਚ ਵਰਣਿਤ ਜਮ ਮਾਰਗ ਨਾਲੋਂ ਭਿੰਨ ਹੈ। ਗੁਰਬਾਣੀ ਵਿਚਲੇ ਜਮ ਮਾਰਗ ਉੱਤੇ ਜਿਊਂਦੇ ਜੀਅ ਤੁਰਨਾ ਪੈਂਦਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਇਸ ਅੰਤਰ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:-
ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ॥ ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ॥ ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ॥ ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ॥ ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ॥ ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ॥ (ਪੰਨਾ ੭੭੫)
ਅਰਥ: ਹੇ ਭਾਈ! ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ, (ਕਿਉਂਕਿ ਉਸ ਦੇ ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ। ਹੇ ਭਾਈ! (ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ। (ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ। ਹੇ ਭਾਈ! (ਜੀਵਨ-ਸਫ਼ਰ ਵਿੱਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਬੇਲੀ ਨਹੀਂ ਬਣਦਾ। ਹੇ ਨਾਨਕ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿੱਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ।
ਜਮ ਮਗਿ ਜਾਂ ਜਮ ਮਾਰਗਿ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ‘ਜਮ ਕੈ ਪੰਥਿ, ਜਮ ਕੈ ਘਾਟ, ਜਮ ਕੀ ਵਾਟ’ ਆਦਿ ਸ਼ਬਦ ਆਏ ਹਨ। ਇਹ ਸਾਰੇ ਸਮਾਨਾਰਥ ਸ਼ਬਦ ਹਨ। ਇਹਨਾਂ ਦਾ ਅਰਥ ਹੈ: ਜਮ ਦੇ ਰਸਤੇ ਉੱਤੇ ਭਾਵ ਵਿਕਾਰਾਂ ਦੇ ਰਾਹ `ਤੇ। ਹੇਠ ਲਿਖੇ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਵਡਭਾਗੀ ਸਤਿਗੁਰੁ ਪਾਇਆ॥ ਜਿਨਿ ਜਮ ਕਾ ਪੰਥੁ ਮਿਟਾਇਆ॥ ਹਰਿ ਭਗਤਿ ਭਾਇ ਚਿਤੁ ਲਾਗਾ॥ ਜਪਿ ਜੀਵਹਿ ਸੇ ਵਡਭਾਗਾ॥ (ਪੰਨਾ ੬੨੩) ਅਰਥ: ਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ, ਜਿਸ (ਗੁਰੂ) ਨੇ (ਉਹਨਾਂ ਵਾਸਤੇ) ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ, ਪ੍ਰਭੂ ਦੇ ਪ੍ਰੇਮ ਵਿਚ, ਮਗਨ ਰਹਿੰਦਾ ਹੈ। ਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ।
(ਅ) ਆਜੁ ਮੈ ਬੈਸਿਓ ਹਰਿ ਹਾਟ॥ ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ॥ (ਪੰਨਾ ੧੨੬੯) ਅਰਥ: ਹੇ ਭਾਈ! ਹੁਣ ਮੈਂ ਉਸ ਹੱਟ (ਸਾਧ ਸੰਗਤਿ) ਵਿੱਚ ਆ ਬੈਠਾ ਹਾਂ ਜਿੱਥੇ ਹਰਿ-ਨਾਮ ਮਿਲਦਾ ਹੈ। ਉਥੇ ਮੈਂ ਸੰਤ ਜਨਾਂ ਨਾਲ ਸਾਂਝ ਪਾ ਕੇ ਹਰਿ-ਨਾਮ ਸਰਮਾਇਆ (ਇਕੱਠਾ ਕੀਤਾ ਹੈ, ਜਿਸ ਦੀ ਬਰਕਤਿ ਨਾਲ) ਮੈਂ ਜਮਦੂਤਾਂ ਦੇ ਪੱਤਣ ਤੇ ਨਹੀਂ ਜਾਂਦਾ (ਭਾਵ, ਮੈਂ ਉਹ ਕਰਮ ਨਹੀਂ ਕਰਦਾ, ਜਿਨ੍ਹਾਂ ਕਰ ਕੇ ਜਮਾਂ ਦੇ ਵੱਸ ਪਈਦਾ ਹੈ)।
(ੲ) ਦਿਨਸੁ ਰੈਨਿ ਹਰਿ ਕੀਰਤਨੁ ਗਾਈਐ॥ ਸੋ ਜਨੁ ਜਮ ਕੀ ਵਾਟ ਨ ਪਾਈਐ॥ (ਪੰਨਾ ੩੮੬) ਅਰਥ: (ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ (ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ) ਜ਼ਿੰਦਗੀ ਦੇ ਸਫ਼ਰ ਵਿੱਚ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ।
ਪੁਰਾਣਾਂ ਵਿੱਚ ਜਿਸ ਜਮ ਮਾਰਗ ਦਾ ਜ਼ਿਕਰ ਹੈ, ਉਸ ਉੱਤੇ ਮਨੁੱਖ ਨੂੰ ਮਰਨ ਮਗਰੋਂ ਤੁਰਨਾ ਪੈਂਦਾ ਹੈ ਅਤੇ ਇਸ ਮਾਰਗ `ਤੇ “ਜਮਦੂਤ ਜੀਵ ਦੇ ਗਲ ਵਿੱਚ ਰੱਸੀ ਬੰਨ੍ਹ ਕੇ ਇਸ ਤਰ੍ਹਾਂ ਲੈ ਜਾਂਦੇ ਹਨ ਜਿਸ ਤਰ੍ਹਾਂ ਰਾਜੇ ਦੇ ਸਿਪਾਹੀ ਅਪਰਾਧੀ ਮਨੁੱਖ ਨੂੰ ਦੰਡ ਦੇਣ ਲਈ ਘਸੀਟਦੇ ਹੋਏ ਲੈ ਜਾਂਦੇ ਹਨ। … ਪਾਪੀ ਜੀਵ ਨੂੰ ਘੱਟ ਤੋਂ ਘੱਟ ਦੋ ਸੌ ਸੰਤਾਲੀ ਜੋਜਨ ਮਾਰਗ ਦਿਨ ਰਾਤ ਜਮਦੂਤਾਂ ਦੇ ਨਾਲ ਅਨੇਕ ਤਰ੍ਹਾਂ ਦੇ ਕਸ਼ਟ ਸਹਿੰਦੇ ਹੋਏ ਚਲਣਾ ਪੈਂਦਾ ਹੈ। (ਗਰੁੜ ਪੁਰਾਣ- ਅਧਿਆਏ ਪਹਿਲਾ)”
ਪਰ ਗੁਰਬਾਣੀ ਵਿੱਚ ਜਿਸ ਜਮ ਮਾਰਗ ਦਾ ਜ਼ਿਕਰ ਹੈ, ਇਸ ਮਾਰਗ ਉੱਤੇ ਮਨੁੱਖ ਨੂੰ ਮਰਨ ਮਗਰੋਂ ਨਹੀਂ ਬਲਕਿ ਜਿਊਂਦੇ ਜੀਅ ਤੁਰਨਾ ਪੈਂਦਾ ਹੈ। ਇਸ ਜਮ ਮਾਰਗ ਦਾ ਰੂਪ ਆਤਮਕ ਮੌਤ ਹੈ। ਇਹ ਆਤਮਕ ਮੌਤ ਆਚਰਣਿਕ ਕਮਜ਼ੋਰੀਆਂ ਦੇ ਰੂਪ ਵਿੱਚ ਮਨੁੱਖ ਨੂੰ ਆਉਂਦੀ ਹੈ। ਇਹਨਾਂ ਕਮਜ਼ੋਰੀਆਂ ਦਾ ਸ਼ਿਕਾਰ ਹੋਇਆ ਮਨੁੱਖ, ਦੇਖਣ ਨੂੰ ਤਾਂ ਮਨੁੱਖ ਹੀ ਦਿਖਾਈ ਦੇਂਦਾ ਹੈ ਪਰ ਉਸ ਅੰਦਰ ਇਨਸਾਨੀਅਤ ਨਹੀਂ ਹੁੰਦੀ:- ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ॥ (ਪੰਨਾ ੧੨੮੪) ਅਰਥ: ਉਹ (ਅਸਲ ਵਿਚ) ਪਸ਼ੂ ਹਨ ਅੰਦਰੋਂ ਕਾਲੇ ਹਨ (ਵੇਖਣ ਨੂੰ) ਮਨੁੱਖਾ ਚੰਮ ਨਾਲ ਵਲ੍ਹੇਟੇ ਹੋਏ ਹਨ (ਭਾਵ, ਵੇਖਣ ਨੂੰ ਮਨੁੱਖ ਦਿੱਸਦੇ ਹਨ)। ਕਿਸੇ ਵੀ ਰਸਮੀ ਧਰਮ ਕਰਮ ਨਾਲ ਇਸ ਆਤਮਕ ਮੌਤ ਤੋਂ ਛੁਟਕਾਰਾ ਨਹੀਂ ਹੁੰਦਾ ਹੈ। ਗੁਰਬਾਣੀ ਵਿੱਚ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਇਹ ਦ੍ਰਿੜ ਕਰਵਾਇਆ ਹੈ:-
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (ਪੰਨਾ ੭੪੭) ਅਰਥ: ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ।
ਨਿਮਨ ਲਿਖਤ ਸ਼ਬਦ ਵਿੱਚ ਰਸਮੀ ਧਰਮ ਕਰਮ ਦੇ ਭਾਵ ਨੂੰ ਹੋਰ ਸਪਸ਼ਟ ਕੀਤਾ ਗਿਆ ਹੈ:-
ਹਰਿ ਬਿਨੁ ਅਵਰ ਕ੍ਰਿਆ ਬਿਰਥੇ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ॥ ੧॥ ਰਹਾਉ॥ ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ॥ ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ॥ ੧॥ ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ॥ ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ॥ ੨॥ ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ॥ ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ॥ ੩॥ ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ॥ ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ॥ ੪॥ (ਪੰਨਾ ੨੧੬)
ਅਰਥ: (ਹੇ ਭਾਈ!) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ। (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ—ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ। ੧।
ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿੱਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇੱਕ ਕੌਡੀ ਭੀ ਨਹੀਂ ਮਿਲਦਾ। ਹੇ ਭਾਈ! ਜੀਵ ਦੇ ਨਾਲ ਪਰਲੋਕ ਵਿੱਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿੱਚ ਕੰਮ ਨਹੀਂ ਆਉਂਦਾ। ੧।
ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਲੱਭ ਸਕਦਾ। ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿੱਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ। ੨।
(ਹੇ ਭਾਈ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਨਹੀਂ ਮਿਲਦਾ। ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ। ੩।
(ਹੇ ਭਾਈ!) ਨਾਨਕ ਇਹ ਇੱਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ (ਉਹ ਵਿਚਾਰ ਇਹ ਹੈ—ਹੇ ਭਾਈ!) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ। ੪।
ਇਹਨਾਂ ਵਿਕਾਰ ਰੂਪੀ ਜਮਦੂਤਾਂ ਦਾ ਸਰੂਪ ਅਤੇ ਇਹਨਾਂ ਵਲੋਂ ਰਸਮੀ ਧਰਮ ਕਰਮਾਂ ਨੂੰ ਲੁਟਣ ਦਾ ਸਰੂਪ ਇਸ ਸ਼ਬਦ ਵਿੱਚ ਦੇਖਿਆ ਜਾ ਸਕਦਾ ਹੈ:-
ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ॥ ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ॥ ੧॥ ਦੇਵ ਸੰਸੈ ਗਾਂਠਿ ਨ ਛੂਟੈ॥ ਕਾਮ ਕ੍ਰੋਧ ਮਾਇਆ ਮਦੁ ਮਤਸਰ ਇਨ ਪੰਚਹੁ ਮਿਲਿ ਲੂਟੇ॥ ੧॥ ਰਹਾਉ॥ ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ॥ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ॥ ੨॥ ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ॥ ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ॥ ੩॥ (ਪੰਨਾ ੯੭੩) ਅਰਥ: ਹੇ ਪ੍ਰਭੂ! ਕਾਮ, ਕ੍ਰੋਧ, ਮਾਇਆ (ਦਾ ਮੋਹ), ਅਹੰਕਾਰ ਤੇ ਈਰਖਾ-ਸਾੜਾ—ਇਹਨਾਂ ਪੰਜਾਂ ਨੇ ਰਲ ਕੇ (ਸਭ ਜੀਵਾਂ ਦੇ ਆਤਮਕ ਗੁਣਾਂ ਨੂੰ) ਲੁੱਟ ਲਿਆ ਹੈ (ਇਸ ਵਾਸਤੇ ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰੋਂ) ਸਹਿਮ ਦੀ ਗੰਢ ਨਹੀਂ ਖੁਲ੍ਹਦੀ। ੧। ਰਹਾਉ।
ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿੱਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ; (ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ? । ੧।
(ਕਾਮਾਦਿਕ ਦੀ ਲੁੱਟ ਦੇ ਕਾਰਨ, ਜੀਵਾਂ ਦੇ ਅੰਦਰੋਂ) ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ਕਿ ਅਸੀ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ, ਗਿਆਨਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ (ਜਿਹੜੇ ਭੀ ਪਾਸੇ ਪਏ ਉਸੇ ਦਾ ਹੀ ਮਾਣ ਹੋ ਗਿਆ)। ੨।
ਹੇ ਰਵਿਦਾਸ! ਆਖ— (ਜਿਨ੍ਹਾਂ ਨੂੰ ਕਾਮਾਦਿਕਾਂ ਨੇ ਲੁੱਟ ਲਿਆ ਹੈ, ਉਹ) ਸਾਰੇ ਹੀ ਕਮਲਿਆਂ ਵਾਂਗ ਗ਼ਲਤੀ ਖਾ ਰਹੇ ਹਨ ਤੇ (ਇਹ) ਨਹੀਂ ਸਮਝਦੇ (ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਦਾ ਨਾਮ ਹੈ); ਮੈਨੂੰ ਰਵਿਦਾਸ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ। ੩।
ਜਮ ਮਾਰਗ `ਤੇ ਤੁਰਿਆਂ ਮਨੁੱਖ ਇਨਸਾਨੀਅਤ ਤੋਂ ਹੇਠਾਂ ਡਿੱਗ ਪੈਂਦਾ ਹੈ ਜਦ ਕਿ ਗੁਰਬਾਣੀ ਵਿੱਚ ਮਨੁੱਖ ਨੂੰ ਜਮ ਮਾਰਗ ਤੋਂ ਵਰਜ ਕੇ ਹਰਿ ਮਾਰਗ ਉੱਤੇ ਚਲਣ ਦੀ ਪ੍ਰੇਰਨਾ ਕੀਤੀ ਹੋਈ ਹੈ:-
(ੳ) ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ॥ ਨਿਰਮਲ ਰਸਨਾ ਅੰਮ੍ਰਿਤੁ ਪੀਉ॥ ਸਦਾ ਸੁਹੇਲਾ ਕਰਿ ਲੇਹਿ ਜੀਉ॥ ਨੈਨਹੁ ਪੇਖੁ ਠਾਕੁਰ ਕਾ ਰੰਗੁ॥ ਸਾਧਸੰਗਿ ਬਿਨਸੈ ਸਭ ਸੰਗੁ॥ ਚਰਨ ਚਲਉ ਮਾਰਗਿ ਗੋਬਿੰਦ॥ ਮਿਟਹਿ ਪਾਪ ਜਪੀਐ ਹਰਿ ਬਿੰਦ॥ ਕਰ ਹਰਿ ਕਰਮ ਸ੍ਰਵਨਿ ਹਰਿ ਕਥਾ॥ ਹਰਿ ਦਰਗਹ ਨਾਨਕ ਊਜਲ ਮਥਾ॥ (ਪੰਨਾ ੨੮੧)
ਅਰਥ: ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ। ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ। ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ, (ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ। ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ, ਭਲਿਆਂ ਦੀ ਸੰਗਤਿ ਵਿੱਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ। ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ। ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ। ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ); (ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿੱਚ ਸੁਰਖ਼-ਰੂ ਹੋ ਜਾਈਦਾ ਹੈ।
(ਅ) ਚਰਨਹ ਗੋਬਿੰਦ ਮਾਰਗੁ ਸੁਹਾਵਾ॥ ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ॥ ੧॥ ਰਹਾਉ॥ ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ॥ ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ॥ ੧॥ ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ॥ ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ॥ ੨॥ (ਪੰਨਾ ੧੨੧੨)
ਅਰਥ: ਹੇ ਭਾਈ! ਪੈਰਾਂ ਨਾਲ (ਨਿਰਾ) ਪਰਮਾਤਮਾ ਦਾ ਰਸਤਾ (ਹੀ ਤੁਰਨਾ) ਸੋਹਣਾ ਲੱਗਦਾ ਹੈ। ਹੋਰ ਅਨੇਕਾਂ ਰਸਤਿਆਂ ਉੱਤੇ ਜਿਤਨੀ ਭੀ ਦੌੜ-ਭੱਜ ਕਰੀਦੀ ਹੈ, ਉਤਨਾ ਹੀ ਦੁੱਖ ਲੱਗਦਾ ਹੈ, ਉਤਨਾ ਹੀ ਹਾਹੁਕਾ ਲੱਗਦਾ ਹੈ। ੧। ਰਹਾਉ।
ਹੇ ਭਾਈ! ਪਰਮਾਤਮਾ ਦਾ ਦਰਸਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ, (ਪਰਮਾਤਮਾ ਦੇ ਸੰਤ ਜਨਾਂ ਦੀ) ਟਹਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ। ਜਿਸ ਹਿਰਦੇ ਵਿੱਚ ਪਰਮਾਤਮਾ ਆ ਵੱਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ ਉਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ। ੧।
ਹੇ ਭਾਈ! ਪਰਮਾਤਮਾ ਦੇ ਨਾਮ ਵਿੱਚ ਸਾਰੇ (ਹੀ) ਖ਼ਜ਼ਾਨੇ ਹਨ, ਜਿਸ ਮਨੁੱਖ ਦੇ ਮੱਥੇ ਉਤੇ (ਪਰਮਾਤਮਾ ਨੇ ਆਪਣੀ) ਮਿਹਰ ਨਾਲ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖ ਦਿੱਤਾ, ਉਸ ਮਨੁੱਖ ਨੇ (ਨਾਮ) ਪ੍ਰਾਪਤ ਕਰ ਲਿਆ। ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ (ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ, ਤੇ ਉਸ ਦੀ ਜ਼ਿੰਦਗੀ) ਸੁਖ ਵਿੱਚ ਆਤਮਕ ਅਡੋਲਤਾ ਵਿੱਚ ਆਨੰਦ ਵਿੱਚ ਗੁਜ਼ਰਨ ਲੱਗ ਪਈ। ੨।
ਕਈ ਸੱਜਣ ਸੁਖਮਨੀ ਦੇ ਨਿਮਨ ਲਿਖਤ ਫ਼ਰਮਾਨ ਦਾ ਭਾਵ ਪੁਰਾਣਾਂ ਵਿੱਚ ਵਰਣਿਤ ਜਮ ਮਾਰਗ ਤੋਂ ਲੈਂਦੇ ਹਨ:-
ਜਹ ਮਾਤ ਪਿਤਾ ਸੁਤ ਮੀਤ ਨ ਭਾਈ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ॥ ਜਹ ਮਹਾ ਭਇਆਨ ਦੂਤ ਜਮ ਦਲੈ॥ ਤਹਿ ਕੇਵਲ ਨਾਮੁ ਸੰਗਿ ਤੇਰੈ ਚਲੈ॥ ਜਹ ਮੁਸਕਲ ਹੋਵੈ ਅਤਿ ਭਾਰੀ॥ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ॥ ਅਨਿਕ ਪੁਨਹਚਰਨ ਕਰਤ ਨਹੀ ਤਰੈ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ॥ ਗੁਰਮੁਖਿ ਨਾਮੁ ਜਪਹੁ ਮਨ ਮੇਰੇ॥ ਨਾਨਕ ਪਾਵਹੁ ਸੂਖ ਘਨੇਰੇ॥ ੧॥ … ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ॥ ਜਿਹ ਪੈਡੈ ਮਹਾ ਅੰਧ ਗੁਬਾਰਾ॥ ਹਰਿ ਕਾ ਨਾਮੁ ਸੰਗਿ ਉਜੀਆਰਾ॥ ਜਹਾ ਪੰਥਿ ਤੇਰਾ ਕੋ ਨ ਸਿਞਾਨੂ॥ ਹਰਿ ਕਾ ਨਾਮੁ ਤਹ ਨਾਲਿ ਪਛਾਨੂ॥ ਜਹ ਮਹਾ ਭਇਆਨ ਤਪਤਿ ਬਹੁ ਘਾਮ॥ ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ॥ ਜਹਾ ਤ੍ਰਿਖਾ ਮਨ ਤੁਝੁ ਆਕਰਖੈ॥ ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ॥ ੪॥ (ਪੰਨਾ ੨੬੪)
ਅਰਥ: ਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ), ਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ)। ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ, ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ। ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ, (ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿੱਚ ਬਚਾ ਲੈਂਦਾ ਹੈ। ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ, (ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ। (ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ; ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ। ੧।
ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ, ਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ। ਜਿਸ (ਜ਼ਿੰਦਗੀ ਰੂਪ) ਰਾਹ ਵਿੱਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ, (ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ। ਜਿਸ ਰਸਤੇ ਵਿੱਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ, ਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ। ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ, ਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ। (ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ, ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ)। ੪।
ਪਰ ਜਿਹਨਾਂ ਜਮਦੂਤਾਂ ਅਤੇ ਜਮ ਦੇ ਮਾਰਗ ਦਾ ਇਸ ਫ਼ਰਮਾਨ ਵਿੱਚ ਜ਼ਿਕਰ ਹੈ, ਉਸ ਦੇ ਸਰੂਪ ਨੂੰ ਨਿਮਨ ਲਿਖਤ ਫ਼ਰਮਾਨ ਵਿੱਚ ਦੇਖਿਆ ਜਾ ਸਕਦਾ ਹੈ:-
ਉਨ ਤੇ ਰਾਖੈ ਬਾਪੁ ਨ ਮਾਈ॥ ਉਨ ਤੇ ਰਾਖੈ ਮੀਤੁ ਨ ਭਾਈ॥ ਦਰਬਿ ਸਿਆਣਪ ਨਾ ਓਇ ਰਹਤੇ॥ ਸਾਧਸੰਗਿ ਓਇ ਦੁਸਟ ਵਸਿ ਹੋਤੇ॥ (ਪੰਨਾ ੧੮੨) ਅਰਥ: ਉਹਨਾਂ (ਪੰਜਾਂ ਡਾਕੂਆਂ ਤੋਂ) ਨਾਹ ਪਿਉ ਬਚਾ ਸਕਦਾ ਹੈ, ਨਾਹ ਮਾਂ ਬਚਾ ਸਕਦੀ ਹੈ। ਉਹਨਾਂ ਤੋਂ ਨਾਂਹ ਕੋਈ ਮਿੱਤਰ ਬਚਾ ਸਕਦਾ ਹੈ, ਨਾਂਹ ਕੋਈ ਭਰਾ ਬਚਾ ਸਕਦਾ ਹੈ। ਉਹ ਪੰਜੇ ਡਾਕੂ ਨਾਹ ਧਨ ਨਾਲ ਵਰਜੇ ਜਾ ਸਕਦੇ ਹਨ, ਨਾਹ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ। ਉਹ ਪੰਜੇ ਦੁਸ਼ਟ ਸਿਰਫ਼ ਸਾਧ ਸੰਗਤਿ ਵਿੱਚ ਰਿਹਾਂ ਹੀ ਕਾਬੂ ਵਿੱਚ ਆਉਂਦੇ ਹਨ।
ਇਸ ਲਈ ਗੁਰਬਾਣੀ ਵਿੱਚ ਜਮ ਮਾਰਗ ਦਾ ਭਾਵ ਪੁਰਾਣਾਂ ਵਿਚਲੇ ਜਮ ਮਾਰਗ ਤੋਂ ਨਹੀਂ ਹੈ। ਇਹ ਮਾਰਗ ਉਸ ਜੀਵਨ-ਜੁਗਤ ਦਾ ਪ੍ਰਤੀਕ ਹੈ ਜਦੋਂ ਕੋਈ ਮਨੁੱਖ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਕੇ ਜਿਊਂਦਾ ਹੈ। ਸੋ, ਇਹ ਮਾਰਗ ਧਾਤ ਅਥਵਾ ਮਾਇਆ ਦਾ ਹੈ। (ਚੱਲਦਾ)




.