.

ੴਸਤਿਗੁਰਪ੍ਰਸਾਦਿ॥
ਉਮੀਦ

ਚੱਢਾ ਸਾਬ੍ਹ ਦਾ ਮੈਂ ਅੱਜ ਇੱਕ ਨਵਾਂ ਹੀ ਰੂਪ ਦੇਖਿਆ ਸੀ। ਜ਼ਿਆਦਾ ਹੈਰਾਨਗੀ ਇਸ ਕਰ ਕੇ ਹੋਈ ਸੀ ਕਿਉਂਕਿ ਜਦੋਂ ਵੀ ਮੈਂ ਉਸ ਨੂੰ ਮਿਲਿਆ ਸਾਂ, ਮੈਂ ਕਦੇ ਵੀ ਉਸ ਅੰਦਰ ਧਰਮ ਪ੍ਰਤੀ ਜਾਂ ਕੌਮ ਪ੍ਰਤੀ ਕਦੇ ਕੋਈ ਲਗਾਵ ਮਹਿਸੂਸ ਨਹੀਂ ਸੀ ਕੀਤਾ। ਨਾ ਉਸ ਦੀ ਆਪਣੀ ਜਮਾਂਦਰੂ ਕੌਮ ਸਿੱਖੀ ਪ੍ਰਤੀ ਅਤੇ ਨਾ ਕਿਸੇ ਹੋਰ ਧਰਮ ਪ੍ਰਤੀ। ਉਸ ਨੇ ਵਿਆਹ ਵੀ ਇੱਕ ਇਸਾਈ ਲੜਕੀ ਨਾਲ ਕਰਾਇਆ ਸੀ। ਆਪ ਤਾਂ ਉਸ ਦਾੜ੍ਹੀ ਕੁਤਰੀ ਹੋਈ ਸੀ ਪਰ ਸਿਰ `ਤੇ ਵਾਲ ਵੀ ਰੱਖੇ ਹੋਏ ਸਨ ਅਤੇ ਪਗੜੀ ਵੀ ਬੰਨੀ ਹੋਈ ਸੀ ਪਰ ਉਸ ਦੇ ਦੋਹਾਂ ਬੱਚਿਆਂ, ਇੱਕ ਪੁਤਰ ਤੇ ਇੱਕ ਧੀ ਦੋਹਾਂ ਦੇ ਵਾਲ ਕੱਟੇ ਹੋਏ ਸਨ, ਉਸ ਦੀ ਇਸਾਈ ਪਤਨੀ ਦੀ ਤਰ੍ਹਾਂ।
ਮੈਂ ਧਰਮ ਪ੍ਰਤੀ ਉਸ ਦੇ ਰੁਝਾਨ ਦਾ ਅੰਦਾਜ਼ਾ ਉਸ ਨਾਲ ਦੂਸਰੀ ਮਿਲਣੀ ਤੋਂ ਹੀ ਲਾ ਲਿਆ ਸੀ। 12-13 ਸਾਲ ਪਹਿਲਾਂ ਉਹ ਇੱਕ ਐਸੀ ਕੰਪਨੀ ਦਾ ਨੁਮਾਂਇੰਦਾ
(Executive) ਨੀਅਤ ਹੋ ਕੇ ਆਇਆ ਸੀ, ਜਿਸ ਦੇ ਅਸੀਂ ਡੀਲਰ ਸਾਂ। ਉਸ ਵੇਲੇ ਉਹ ਅਜੇ ਕੁਵਾਰਾ ਸੀ। ਇਸ ਕੰਪਨੀ ਨਾਲਾ ਸਾਡੇ ਚੰਗੇ ਪੱਧਰ ਦੇ ਵਪਾਰਕ ਸਬੰਧ ਸਨ। ਉਹ ਪਹਿਲੀ ਵਾਰੀ ਅਵਿਨਾਸ਼ ਕਪੂਰ ਜੀ ਦੇ ਨਾਲ ਆਇਆ ਸੀ ਜੋ ਪਹਿਲਾਂ ਇਸ ਇਲਾਕੇ ਦਾ ਕੰਪਨੀ ਦਾ ਨੁਮਾਂਇੰਦਾ ਸੀ। ਉਸ ਦੀ ਇਸੇ ਦਫਤਰ ਵਿੱਚ ਤਰੱਕੀ ਹੋ ਗਈ ਸੀ ਇਲਾਕਾ ਮੈਨੇਜਰ ਦੇ ਤੌਰ `ਤੇ, ਇਸੇ ਕਰਕੇ ਉਹ ਹੁਣ ਆਪਣੀ ਜਗ੍ਹਾ ਆਏ ਚੱਢਾ ਜੀ ਨਾਲ ਮਿਲਾਉਣ ਆਇਆ ਸੀ। ਸਾਡੀ ਕਪੂਰ ਸਾਬ੍ਹ ਨਾਲ ਵੀ ਸਾਂਝ ਤਾਂ ਭਾਵੇਂ ਵਪਾਰਕ ਪੱਧਰ ਤੇ ਹੀ ਸ਼ੁਰੂ ਹੋਈ ਸੀ ਪਰ ਹੌਲੀ ਹੌਲੀ ਉਹ ਨਿਜੀ ਸਬੰਧਾਂ ਵਿੱਚ ਬਦਲ ਗਈ। ਕਪੂਰ ਸਾਬ੍ਹ ਇੱਕ ਚੰਗੇ, ਕਾਬਲ ਕਾਮੇਂ ਤਾਂ ਸਨ ਹੀ, ਨਾਲ ਸੱਚਮੁੱਚ ਹੀ ਇੱਕ ਬਹੁਤ ਚੰਗੇ ਇਨਸਾਨ ਸਨ। ਬਸ ਇਨਸਾਨੀ ਰਿਸ਼ਤੇ ਇਤਨੇ ਪੱਕੇ ਹੋਏ ਕਿ ਭਰਾਵਾਂ ਵਰਗੇ ਸਬੰਧ ਬਣ ਗਏ। ਉਨ੍ਹਾਂ ਚੱਢਾ ਸਾਬ੍ਹ ਨਾਲ ਮਿਲਾਉਂਦਿਆਂ ਵੀ ਉਸ ਨੂੰ ਨਿਜੀ ਸਬੰਧਾਂ ਬਾਰੇ ਚੰਗੀ ਤਰ੍ਹਾਂ ਦੱਸ ਦਿੱਤਾ ਸੀ।
ਭਾਵੇਂ ਉਹ ਕਾਰੋਬਾਰੀ ਨਜ਼ਰੀਏ ਨਾਲ ਹੀ ਮਿਲਣ ਆਏ ਸਨ ਪਰ ਇੱਕ ਸਿੱਖ ਹੋਣ ਨਾਤੇ ਉਸ ਦਾ ਦਾੜ੍ਹੀ ਕੁਤਰਿਆ ਚਿਹਰਾ ਵੇਖ ਕੇ ਮੈਨੂੰ ਕੁੱਝ ਦੁੱਖ ਜਿਹਾ ਹੋਇਆ। ਇੱਕ ਤਾਂ ਨਾਲ ਕਪੂਰ ਸਾਬ੍ਹ ਦੇ ਹੋਣ ਕਰਕੇ ਅਤੇ ਕੁੱਝ ਪਹਿਲੀ ਮਿਲਣੀ ਕਾਰਨ ਮੈਂ ਇਸ ਬਾਰੇ ਕੁੱਝ ਕਹਿਣਾ ਠੀਕ ਨਹੀਂ ਸਮਝਿਆ। ਉਂਝ ਉਸ ਨਾਲ ਵੀ ਚੰਗੇ ਸਬੰਧ ਬਣਾ ਕੇ ਰਖਣਾ ਸਾਡੀ ਕਾਰੋਬਾਰੀ ਲੋੜ ਸੀ।
ਮਹੀਨੇ ਕੁ ਬਾਅਦ ਉਹ ਦੂਸਰੀ ਵਾਰੀ ਮਿਲਣ ਆਇਆ। ਇਸ ਵਾਰੀ ਉਸ ਨੇ ਆਪਣਾ ਪਹਿਚਾਣ
(Visiting) ਕਾਰਡ ਵੀ ਦਿੱਤਾ ਜੋ ਸ਼ਾਇਦ ਪਿਛਲੀ ਵਾਰੀ ਉਸ ਕੋਲ ਨਹੀਂ ਹੋਣਾ।
“ਪਹਿਚਾਣ ਤਾਂ ਹੁਣ ਹੋ ਹੀ ਚੁੱਕੀ ਹੈ”, ਮੈਂ ਕਾਰਡ ਫੜਦੇ ਹੋਏ ਮੁਸਕੁਰਾ ਕੇ ਕਿਹਾ।
“ਰਖ ਲਓ, ਕਦੇ ਕੋਈ ਟੈਲੀਫੋਨ ਨੰਬਰ ਆਦਿ ਵੇਖਣ ਲਈ ਕੰਮ ਆ ਜਾਂਦਾ ਹੈ”, ਉਸ ਨੇ ਵੀ ਉਸੇ ਤਰ੍ਹਾਂ ਮੁਸਕੁਰਾ ਕੇ ਜੁਆਬ ਦਿੱਤਾ। ਮੇਰੀ ਨਜ਼ਰ ਕਾਰਡ ਤੇ ਪਈ ਤਾਂ ਉਤੇ ਨਾਂਅ ਲਿਖਿਆ ਸੀ ਮਨਿੰਦਰ ਐਸ ਚੱਢਾ। ਮੈਨੂੰ ਇੱਕ ਹੋਰ ਝਟਕਾ ਲੱਗਾ। ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੇਰੇ ਕੋਲੋਂ ਰਿਹਾ ਨਹੀਂ ਗਿਆ ਤੇ ਮੈਂ ਆਪਣੇ ਲਫ਼ਜ਼ਾਂ ਵਿੱਚ ਬੜਾ ਪਿਆਰ ਅਤੇ ਆਪਣਾਪਨ ਭਰਦੇ ਹੋਏ ਕਿਹਾ, “ਚੱਢਾ ਜੀ, ਮਹਿਸੂਸ ਨਾ ਕਰੋ ਤਾਂ ਇੱਕ ਗੱਲ ਕਹਾਂ?”
“ਹਾਂ ਹਾਂ! ਦੱਸੋ ਨਾ ਰਾਜਿੰਦਰ ਸਿੰਘ ਜੀ”, ਉਹ ਵੀ ਉਸੇ ਆਪਣੇਪਨ ਨਾਲ ਬੋਲਿਆ।
“ਭਾਵੇਂ ਅਸੀਂ ਸਿਰਫ ਦੂਜੀ ਵਾਰ ਹੀ ਮਿਲ ਰਹੇ ਹਾਂ ਪਰ ਸੱਚ ਜਾਣੋ, ਤੁਸੀਂ ਮੈਨੂੰ ਆਪਣੇ ਛੋਟੇ ਭਰਾ ਵਾਂਗੂ ਜਾਪੇ ਹੋ। ਇਸੇ ਨਾਤੇ ਇਹ ਕਹਿ ਰਿਹਾ ਹਾਂ”, ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਉਹ ਸੁਆਲੀਆ ਅੰਦਾਜ਼ ਵਿੱਚ ਮੇਰੇ ਵੱਲ ਵੇਖ ਰਿਹਾ ਸੀ। ਮੈਂ ਆਪਣੀ ਗੱਲ ਜਾਰੀ ਰੱਖੀ, “ਜਿਹੜੀ ਚੀਜ਼ ਲਿਖਣ ਦੀ ਵੱਡੀ ਲੋੜ ਸੀ ਉਹ ਤਾਂ ਤੁਸੀਂ ਆਪਣੇ ਨਾਂਅ ਨਾਲ ਲਿਖੀ ਨਹੀਂ ਅਤੇ ਜਿਸ ਦੀ ਕੋਈ ਖਾਸ ਲੋੜ ਨਹੀਂ ਸੀ, ਉਹ ਲਿਖੀ ਹੋਈ ਹੈ?”
“ਮਤਲਬ?” ਉਸ ਨੇ ਹੈਰਾਨਗੀ ਨਾਲ ਪੁੱਛਿਆ।
“ਜਿਸ ਸਿੰਘ ਲਫ਼ਜ਼ ਨੂੰ ਹਰ ਸਿੱਖ ਨੂੰ ਆਪਣੇ ਨਾਂਅ ਨਾਲ ਮਾਣ ਨਾਲ ਲਿਖਣਾ ਚਾਹੀਦਾ ਹੈ, ਉਸ ਨੂੰ ਤਾਂ ਤੁਸੀਂ ਐਸ ਬਣਾ ਦਿੱਤਾ ਅਤੇ ਜ਼ਾਤ-ਪਾਤ ਜਿਸ ਦਾ ਸਿੱਖੀ ਵਿੱਚ ਕੋਈ ਸਥਾਨ ਨਹੀਂ, ਉਹ ਤੁਸੀਂ ਲਿਖੀ ਹੋਈ ਹੈ”, ਮੈਂ ਉਸੇ ਤਰ੍ਹਾਂ ਮੁਸਕੁਰਾਹਟ ਆਪਣੇ ਚਿਹਰੇ ਤੇ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ।
“ਸਰਦਾਰ ਜੀ! ਕਿਹੜੀਆਂ ਦਕੀਆਨੂਸੀ ਗੱਲਾਂ ਵਿੱਚ ਪੈ ਗਏ ਹੋ, ਕੋਈ ਕੰਮ ਦੀ ਗੱਲ ਕਰੋ। ਵੈਸੇ ਮੈਂ ਤੁਹਾਨੂੰ ਇਤਨਾ ਦੱਸ ਦਿਆਂ, ਮੈਂ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ ਹੀ ਸਭ ਤੋਂ ਵੱਡਾ ਧਰਮ ਸਮਝਦਾ ਹਾਂ”, ਕਹਿੰਦਿਆਂ ਉਸ ਦੇ ਚਿਹਰੇ `ਤੇ ਇੱਕ ਝੁੰਜਲਾਹਟ ਜਿਹੀ ਦਿੱਸੀ ਤੇ ਅਵਾਜ਼ ਵਿੱਚ ਥੋੜ੍ਹਾ ਤਿੱਖਾਪਨ ਵੀ ਮਹਿਸੂਸ ਹੋਇਆ। ਭਾਵੇਂ ਚਿਹਰੇ `ਤੇ ਉਸ ਨੇ ਉਹੀ ਮੁਸਕੁਰਾਹਟ ਬਣਾਕੇ ਰੱਖਣ ਦੀ ਕੋਸ਼ਿਸ਼ ਕੀਤੀ ਸੀ।
“ਵੈਸੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ, . . ਮੈਂ ਕਿਸੇ ਜਾਤ-ਪਾਤ ਵਿੱਚ ਕੋਈ ਵਿਸ਼ਵਾਸ ਨਹੀਂ ਰਖਦਾ, ਇਹ ਤਾਂ ਮੈਂ ਬਸ ਐਵੇਂ ਹੀ ਆਪਣੀ ਪਹਿਚਾਣ ਦੇ ਤੌਰ ਤੇ ਲਿਖਿਆ ਹੋਇਆ ਹੈ”। ਉਸ ਨੇ ਜ਼ਰਾ ਰੁੱਕ ਕੇ ਆਪਣੀ ਗੱਲ ਪੂਰੀ ਕੀਤੀ।
ਉਸ ਦੇ ਲਫ਼ਜ਼ਾਂ `ਚੋਂ ਸੁਨੇਹਾ ਬੜਾ ਸਪੱਸ਼ਟ ਸੀ ਕਿ ਉਸ ਨਾਲ ਇਸ ਵਿਸ਼ੇ ਤੇ ਬਹਿਸਣ ਦਾ ਕੋਈ ਫ਼ਾਇਦਾ ਨਹੀਂ। ਵੈਸੇ ਤਾਂ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਕਾਫੀ ਸੰਕੋਚ ਲਿਆ ਸੀ, ਫਿਰ ਵੀ ਕਦੇ ਕੋਈ ਗੱਲ ਮੂੰਹੋਂ ਨਿਕਲ ਹੀ ਜਾਂਦੀ, ਪਰ ਉਹ ਧਰਮ ਜਾਂ ਕੌਮ ਨਾਲ ਸਬੰਧਤ ਕਿਸੇ ਵੀ ਗੱਲ ਵਲ ਬਿਲਕੁਲ ਧਿਆਨ ਨਾ ਦੇਂਦਾ ਤੇ ਅਕਸਰ ਗੱਲ ਟਾਲ ਜਾਂਦਾ।
ਉਹ ਤਕਰੀਬਨ ਡੇਢ ਕੁ ਸਾਲ ਇਹ ਨੌਕਰੀ ਕਰਦਾ ਰਿਹਾ ਅਤੇ ਉਸ ਦੌਰਾਨ ਨੇਮ ਨਾਲ ਸਾਡੇ ਕੋਲ ਵੀ ਆਉਂਦਾ ਰਿਹਾ। ਇਸ ਦੌਰਾਨ ਮੇਰੇ ਉਸ ਨਾਲ ਕਾਫੀ ਚੰਗੇ ਸਬੰਧ ਬਣ ਗਏ ਪਰ ਉਹ ਤਕਰੀਬਨ ਕਾਰੋਬਾਰੀ ਪੱਧਰ ਤੱਕ ਹੀ ਰਹੇ, ਕਦੀਂ ਵੀ ਉਸ ਪੱਧਰ ਤੇ ਨਾ ਪਹੁੰਚ ਸਕੇ ਜਿਹੋ ਜਿਹੇ ਕਪੂਰ ਸਾਬ੍ਹ ਨਾਲ ਸਨ। ਇੱਕ ਹਲਕੀ ਜਿਹੀ ਸਮਝ ਨਾ ਆਉਣ ਵਾਲੀ ਦੂਰੀ ਸਾਡੇ ਵਿੱਚ ਬਣੀ ਰਹੀ। ਉਸ ਤੋਂ ਬਾਅਦ ਉਹ ਨੌਕਰੀ ਛੱਡ ਕੇ ਵਿਦੇਸ਼ ਚਲਾ ਗਿਆ। ਉਥੇ ਹੀ ਉਸ ਵਿਆਹ ਕਰਾਇਆ ਤੇ ਉਥੇ ਹੀ ਉਸ ਦੇ ਬੱਚੇ ਹੋਏ।
ਉਹ ਸੱਤ ਅੱਠ ਸਾਲਾਂ ਬਾਅਦ ਵਾਪਸ ਆਇਆ ਅਤੇ ਉਸੇ ਕਾਰੋਬਾਰੀ ਖੇਤਰ ਵਿੱਚ ਇੱਕ ਕੰਪਨੀ ਦੇ ਮੈਨੇਜਰ ਦੇ ਅਹੁਦੇ `ਤੇ ਨਿਯੁਕਤ ਹੋ ਗਿਆ। ਇੱਕ ਵਿਸ਼ੇਸ਼ ਗੱਲ ਹੋਰ ਸੀ ਕਿ ਉਸ ਕੰਪਨੀ ਦਾ ਖੇਤਰੀ ਦਫਤਰ ਵੀ ਚੰਡੀਗੜ੍ਹ ਹੀ ਸੀ। ਜਦੋਂ ਮੈਨੂੰ ਉਸ ਦੇ ਆਉਣ ਬਾਰੇ ਪਤਾ ਲੱਗਾ, ਮੈਂ ਉਸ ਨੂੰ ਵਿਸ਼ੇਸ਼ ਤੌਰ ਤੇ ਮਿਲਣ ਗਿਆ। ਉਹ ਬੜੇ ਪਿਆਰ ਨਾਲ ਮਿਲਿਆ ਪਰ ਅੱਗੋਂ ਨੇੜਤਾ ਬਹੁਤੀ ਨਾ ਵਧ ਸਕੀ। ਭਾਵੇਂ ਕਾਰੋਬਾਰੀ ਖੇਤਰ ਤਾਂ ਉਹੀ ਸੀ ਪਰ ਉਨ੍ਹਾਂ ਦੀ ਕੰਪਨੀ ਨਾਲ ਸਾਡੇ ਵਪਾਰਕ ਸਬੰਧ ਨਹੀਂ ਸਨ। ਇਸ ਲਈ ਕਦੇ ਕਿਸੇ ਮੀਟਿੰਗ ਜਾਂ ਸਮਾਜਿਕ ਇਕੱਠ ਆਦਿ ਵਿੱਚ ਹੀ ਮੇਲ ਹੁੰਦਾ। ਭਾਵੇਂ ਅਸੀਂ ਜਦੋਂ ਮਿਲਦੇ ਬੜੇ ਪਿਆਰ ਨਾਲ ਮਿਲਦੇ ਪਰ ਵਿਸ਼ੇਸ਼ ਤੌਰ ਤੇ ਮਿਲਣ ਦੀ ਨਾ ਕਦੇ ਉਸ ਕੋਸ਼ਿਸ਼ ਕੀਤੀ ਅਤੇ ਨਾ ਹੀ ਮੈਂ।
ਹਾਂ ਜਦੋਂ ਕਦੇ ਕਪੂਰ ਸਾਬ੍ਹ ਆਉਂਦੇ, ਸਾਡਾ ਇਕੱਠੇ ਬੈਠ ਕੇ ਗੱਪਸ਼ੱਪ ਮਾਰਨ ਦਾ ਸਬਬ ਬਣ ਜਾਂਦਾ ਕਿਉਂਕਿ ਉਸ ਦੇ ਹੁਣ ਕਪੂਰ ਸਾਬ੍ਹ ਨਾਲ ਬਹੁਤ ਦੋਸਤਾਨਾ ਸਬੰਧ ਸਨ। ਸ਼ਾਇਦ ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਆਪਸੀ ਸੰਪਰਕ ਬਣਿਆ ਰਿਹਾ ਸੀ। ਵੈਸੇ ਕਪੂਰ ਸਾਬ੍ਹ ਵੀ ਹੁਣ ਉਸ ਤੋਂ ਵੱਡੇ ਅਹੁਦੇ ਤੇ ਤਰੱਕੀ ਕਰ ਕੇ ਦਿੱਲੀ ਚਲੇ ਗਏ ਸਨ, ਇਸ ਲਈ ਉਨ੍ਹਾਂ ਦਾ ਚੱਕਰ ਵੀ ਹੁਣ ਘੱਟ ਹੀ ਲਗਦਾ ਪਰ ਫੇਰ ਵੀ ਸਾਡਾ ਭਰਾਵਾਂ ਵਾਲਾ ਪਿਆਰ ਉਂਝੇ ਕਾਇਮ ਸੀ। ਹਾਲਾਂਕਿ ਕੁੱਝ ਵਿਸ਼ੇਸ਼ ਕਾਰਨਾ ਕਰਕੇ ਮੈਂ ਕਾਰੋਬਾਰ ਵੀ ਤਬਦੀਲ ਕਰ ਲਿਆ ਪਰ ਕਪੂਰ ਸਾਬ੍ਹ ਨਾਲ ਸਾਡੇ ਨਿਜੀ ਭਰਾਵਾਂ ਵਾਲੇ ਰਿਸ਼ਤੇ ਉਸੇ ਤਰ੍ਹਾਂ ਕਾਇਮ ਰਹੇ।
ਸੰਨ 1984 ਦਾ ਜੂਨ ਮਹੀਨਾ ਸਿੱਖ ਕੌਮ ਵਾਸਤੇ ਜ਼ੁਲਮ ਦਾ ਮਹੀਨਾ ਬਣ ਕੇ ਚੜ੍ਹਿਆ। ਜੇ ਪਹਿਲੀ ਤਾਰੀਖ ਨੂੰ ਇਹ ਦੁੱਖਦਾਈ ਖ਼ਬਰ ਆਈ ਕਿ ਨੀਮ ਫੌਜੀ ਦਸਤਿਆਂ ਨੇ ਦਰਬਾਰ ਸਾਹਿਬ ਵੱਲ ਗੋਲੀਬਾਰੀ ਕੀਤੀ ਹੈ ਤਾਂ ਤਿੰਨ ਤਾਰੀਖ ਨੂੰ ਇਹ ਮੰਦਭਾਗੀ ਖ਼ਬਰ ਆ ਗਈ ਕਿ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਭਰਪੂਰ ਹਮਲਾ ਬੋਲ ਦਿੱਤਾ ਹੈ। ਪੰਜ ਦਿਨਾਂ ਤੱਕ ਜ਼ੁਲਮ, ਵਹਿਸ਼ਤ ਅਤੇ ਦਹਿਸ਼ਤ ਦਾ ਨੰਗਾ ਨਾਚ ਹੋਇਆ। ਸੈਂਕੜੇ ਸਿੰਘ ਸ਼ਹੀਦ ਹੋ ਗਏ। ਕੁੱਝ ਗੁਰਧਾਮਾਂ ਦੀ ਰਖਿਆ ਕਰਦੇ ਅਤੇ ਕੁੱਝ ਯਾਤਰੂ। ਸਰਕਾਰ ਨੇ ਬਥੇਰਾ ਰੌਲਾ ਪਾਇਆ ਕਿ ਦਰਬਾਰ ਸਾਹਿਬ ਨੂੰ ਖਾੜਕੂਆਂ ਤੋਂ ਮੁਕਤ ਕਰਾਉਣ ਲਈ ਇਹ ਕਾਰਵਾਈ ਕਰਨੀ ਪਈ ਹੈ, ਪਰ ਕੋਈ ਵੀ ਸਿੱਖ ਸਰਕਾਰ ਦੇ ਭਰਮਜਾਲ ਵਿੱਚ ਫਸਣ ਨੂੰ ਤਿਆਰ ਨਹੀਂ ਸੀ। ਹਰ ਇੱਕ ਸਿੱਖ ਅੱਖ ਰੋਈ, ਹਰ ਸਿੱਖ ਹਿਰਦਾ ਵਲੂੰਧਰਿਆ ਗਿਆ। ਹਰ ਸਿੱਖ ਭਾਵਨਾ ਭੜਕ ਉੱਠੀ।
ਭਾਵੇਂ ਦੋ ਤਿੰਨ ਸਾਲ ਰਾਜਨੀਤਕ ਖੇਤਰ ਵਿੱਚ ਸਰਗਰਮ ਰਹਿਣ ਤੋਂ ਬਾਅਦ, ਇਸ ਵਿਚਲੇ ਗੰਦ ਨੂੰ ਮਹਿਸੂਸ ਕਰਦੇ ਹੋਏ, ਮੈਂ ਪਿਛਲੇ ਤਿਨ ਚਾਰ ਸਾਲਾਂ ਤੋਂ ਰਾਜਨੀਤਿਕ ਖੇਤਰ ਨੂੰ ਪੂਰੀ ਤਰ੍ਹਾਂ ਤਿਆਗ ਚੁੱਕਾ ਸਾਂ, ਪਰ ਇਸ ਵੇਲੇ ਗੱਲ ਰਾਜਨੀਤੀ ਦੀ ਨਹੀਂ ਨਿਰੋਲ ਧਰਮ ਦੀ ਸੀ। ਕੌਮ ਦੀ ਅਣਖ ਨੂੰ ਵੰਗਾਰਿਆ ਗਿਆ ਸੀ। ਮੈਂ ਵੀ ਆਪਣੀਆਂ ਭਾਵਨਾਵਾਂ ਦੇ ਵੇਗ ਨੂੰ ਰੋਕ ਨਾ ਸਕਿਆ। ਥਾਂ-ਥਾਂ ਗੁਰਦੁਆਰਿਆਂ ਵਿੱਚ ਰੋਸ ਸਮਾਗਮ ਹੋ ਰਹੇ ਸਨ। ਜਿਥੇ ਸਟੇਜ ਤੇ ਖਲੋਣ ਦਾ ਮੌਕਾ ਮਿਲ ਜਾਂਦਾ, ਅੰਦਰ ਦਾ ਗ਼ੁਬਾਰ ਫੁਟ ਕੇ ਬਾਹਰ ਆ ਜਾਂਦਾ, ਜਿਵੇਂ ਸ਼ਾਂਤ ਧਰਤੀ ਦੀ ਕੁਖ ਪਾੜ ਕੇ ਲਾਵਾ ਫੁਟ ਰਿਹਾ ਹੋਵੇ।
ਜ਼ਾਲਮ ਨੂੰ ਇਹ ਕਿਵੇਂ ਮਨਜ਼ੂਰ ਹੋ ਸਕਦਾ ਹੈ ਕਿ ਕੋਈ ਉਸ ਦੇ ਜ਼ੁਲਮਾਂ ਨੂੰ ਨੰਗਾ ਕਰੇ। ਉਸ ਦੇ ਖ਼ਿਲਾਫ ਅਵਾਜ਼ ਉਠਾਏ। ਧਰਮ ਨਿਰਪੱਖ, ਲੋਕਰਾਜੀ, ਗਣਤੰਤਰ
(Secular, Democratic, republic) ਭਾਰਤ ਦੇਸ਼, ਜਿਥੇ ਕਹਿਣ ਨੂੰ ਹਰ ਨਾਗਰਿਕ ਨੂੰ ਆਪਣੀ ਭਾਵਨਾਵਾਂ ਦਰਸਾਉਣ ਦਾ, ਬੋਲਣ ਦਾ ਪੂਰਾ ਅਧਿਕਾਰ ਹੈ, ਦੀ ਸਰਕਾਰ ਨੇ ਦੇਸ਼ ਧਰੋਹ ਦੇ ਦੋ ਕੇਸ ਦਰਜ ਕਰ ਦਿੱਤੇ। ਪਹਿਲੀ ਫਰਵਰੀ 1985 ਨੂੰ ਇੱਕ ਕੇਸ ਵਿੱਚ ਮੈਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਚੰਗੇ ਭਾਗਾਂ ਨੂੰ ਇਸ ਕੇਸ ਵਿੱਚ ਨਾਲ ਦੋ ਉਘੇ ਅਕਾਲੀ ਆਗੂਆਂ ਦਾ ਨਾਂਅ ਵੀ ਸ਼ਾਮਲ ਸੀ, ਹਾਲਾਂਕਿ ਉਨ੍ਹਾਂ ਦੀ ਪਹਿਲਾਂ ਹੀ ਜਮਾਨਤ ਹੋ ਗਈ ਸੀ, ਜੇਲ੍ਹ ਕੇਵਲ ਮੈਨੂੰ ਜਾਣਾ ਪਿਆ ਸੀ। ਹੁਣ ਕੇਸ ਦਰਜ ਸੀ ਤਾਂ ਕੇਸ ਤਾਂ ਚਲਣਾ ਹੀ ਸੀ। ਉਨ੍ਹਾਂ ਆਗੂਆਂ ਨੇ ਕੋਸ਼ਿਸ਼ ਕਰ ਕੇ ਕੇਸ ਖ਼ਤਮ ਕਰਵਾ ਲਿਆ। ਨਤੀਜੇ ਵਜੋਂ ਪੰਜ ਮਹੀਨੇ ਜੇਲ੍ਹ ਵਿੱਚ ਬਿਤਾ ਕੇ ਜੁਲਾਈ 1985 ਦੇ ਪਹਿਲੇ ਹਫਤੇ ਮੇਰੀ ਵੀ ਬੰਦ ਖਲਾਸੀ ਹੋ ਗਈ। ਹਾਲਾਂਕਿ ਦੂਸਰੇ ਕੇਸ ਵਿੱਚ ਮੈਨੂੰ ਫਰਵਰੀ 1986 ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਤੇ ਢਾਈ ਸਾਲ ਫੇਰ ਜੇਲ੍ਹ ਦੀ ਯਾਤਰਾ ਕਰਨੀ ਪਈ।
ਜਦੋਂ ਜੁਲਾਈ 1985 ਵਿੱਚ ਮੈਂ ਰਿਹਾ ਹੋ ਕੇ ਆਇਆ ਤਾਂ ਪਤਾ ਲੱਗਣ ਤੇ ਕਪੂਰ ਸਾਬ੍ਹ ਮੈਨੂੰ ਮਿਲਣ ਲਈ ਆਏ। ਦਿਹਾੜੀ ਅਸੀਂ ਆਪਸ ਵਿੱਚ ਦੁੱਖ-ਸੁਖ ਸਾਂਝਾ ਕਰਦੇ ਰਹੇ ਪਰ ਸ਼ਾਮ ਦੇ ਖਾਣੇ ਦਾ ਪ੍ਰੋਗਰਾਮ ਉਨ੍ਹਾਂ ਚੱਢਾ ਜੀ ਨਾਲ ਬਣਾ ਲਿਆ। ਮੈਨੂੰ ਪਤਾ ਸੀ ਉਨ੍ਹਾਂ ਰੱਲ ਕੇ ਦਾਰੂ ਪੀਣਾ ਸੀ, ਇਸ ਲਈ ਮੈਂ ਨਾਲ ਸ਼ਾਮਲ ਹੋਣ ਤੋਂ ਟਾਲ ਗਿਆ। ਮੈਂ ਕਪੂਰ ਸਾਬ੍ਹ ਨੂੰ ਜਾਂਦੇ ਵਿਸ਼ੇਸ਼ ਤੌਰ ਤੇ ਆਖਿਆ ਕਿ ਉਹ ਸਮੇਂ ਨਾਲ ਵਾਪਸ ਆ ਜਾਣ ਕਿਉਂਕਿ ਮੇਰੇ ਕੋਲ ਹੀ ਠਹਿਰੇ ਹੋਏ ਸਨ ਤੇ ਉਨ੍ਹਾਂ ਦੀ ਪਤਨੀ ਵੀ ਨਾਲ ਸੀ, ਜੋ ਖਾਣੇ ਵਾਸਤੇ ਉਥੇ ਨਾਲ ਹੀ ਗਈ ਸੀ। ਕਾਫੀ ਚਿਰ ਹੋ ਜਾਣ ਤੇ ਵੀ ਉਹ ਜਦੋਂ ਵਾਪਸ ਨਹੀਂ ਪਰਤੇ ਤਾਂ ਮੈਂ ਚੱਢਾ ਜੀ ਦੇ ਘਰ ਟੈਲੀਫੋਨ ਕੀਤਾ। ਉਹ ਕਹਿਣ ਲੱਗੇ ਕਿ ਬਸ ਨਿਕਲ ਹੀ ਰਹੇ ਹਾਂ, ਪਰ ਫੇਰ ਕਾਫੀ ਸਮਾਂ ਬੀਤ ਗਿਆ ਉਹ ਵਾਪਸ ਨਹੀਂ ਆਏ। ਦੋ ਵਾਰੀ ਫੇਰ ਟੈਲੀਫੋਨ ਕਰਨਾ ਪਿਆ, ਹਰ ਵਾਰੀ ਇਹੀ ਜੁਆਬ ਮਿਲਦਾ ਕਿ ਬਸ ਆ ਹੀ ਰਹੇ ਹਾਂ। ਟੈਲ਼ੀਫੋਨ ਤੇ ਗੱਲ ਕਰਦਿਆਂ ਵਿੱਚੋਂ ਕੁੱਝ ਐਸੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਜਿਵੇਂ ਕੋਈ ਗਰਮਾਂ-ਗਰਮ ਚਰਚਾ ਚੱਲ ਰਹੀ ਹੋਵੇ। ਬੜੀ ਹੈਰਾਨਗੀ ਹੋਈ ਕਿ ਆਖਰ ਐਸਾ ਕੀ ਮੁੱਦਾ ਆ ਗਿਐ?
ਆਖਰ ਕਪੂਰ ਸਾਬ੍ਹ ਵਾਪਸ ਆ ਗਏ, ਚੱਢਾ ਸਾਬ੍ਹ ਵੀ ਨਾਲ ਸਨ। ਮੈਂ ਉਸ ਵੇਲੇ ਕੁਦਰਤੀ ਬਾਹਰ ਦਰਵਾਜ਼ੇ ਕੋਲ ਹੀ ਖੜ੍ਹਾ ਸਾਂ। ਇਹੀ ਸੋਚਿਆ ਕਿ ਅਦਬ ਦੇ ਨਾਤੇ ਚੱਢਾ ਜੀ ਕਪੂਰ ਸਾਬ੍ਹ ਨੂੰ ਛੱਡਣ ਆਏ ਹਨ, ਪਰ ਬਹੁਤ ਹੈਰਾਨਗੀ ਹੋਈ ਕਿ ਜਦੋਂ ਕਾਰ `ਚੋਂ ਬਾਹਰ ਨਿਕਲੇ, ਚੱਢਾ ਜੀ ਕਪੂਰ ਸਾਬ੍ਹ ਨੂੰ ਬੁੜਕ ਬੁੜਕ ਕੇ ਪੈ ਰਹੇ ਸਨ, “ਫੇਰ ਕੀ ਹੋ ਗਿਆ, ਇਸ ਕਾਰਨ ਤੁਸੀਂ ਸਾਰੀ ਕੌਮ ਨੂੰ ਮਾਰ ਦਿਓਗੇ? … ਉਨ੍ਹਾਂ ਦੇ ਧਾਰਮਿਕ ਕੇਂਦਰ ਤੇ ਹਮਲਾ ਕਰ ਦਿਓਗੇ?. .”
ਮੈਨੂੰ ਸਮਝਦੇ ਦੇਰ ਨਾ ਲੱਗੀ ਕਿ ਚਰਚਾ ਸਾਕਾ ਨੀਲਾ ਤਾਰਾ ਬਾਰੇ ਚੱਲ ਰਹੀ ਹੈ। ਕਪੂਰ ਸਾਬ੍ਹ ਪਤਾ ਨਹੀਂ ਅੱਕ ਗਏ ਸਨ ਕਿ ਥੱਕ ਗਏ ਸਨ, ਉਹ ਤਾਂ ਖਹਿੜਾ ਛੁਡਾਉਣ ਦੇ ਮੂਡ ਵਿੱਚ ਹੀ ਸਨ। ਮੈਂ ਵੀ ਸੋਚਿਆ ਆਪਸੀ ਚੰਗੇ ਸਬੰਧ ਹਨ, ਅਕਸਰ ਤਕਰਾਰ `ਚੋਂ ਬਦਮਗਜ਼ੀ ਪੈਦਾ ਹੋ ਜਾਂਦੀ ਹੈ, ਗੱਲ ਇਥੇ ਹੀ ਮੁੱਕ ਜਾਵੇ ਤਾਂ ਚੰਗਾ ਹੈ। ਮੈਂ ਵੀ ਆਪਣੇ ਵੱਲੋਂ ਦੋਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚੱਢਾ ਜੀ ਵਾਪਸ ਆਪਣੇ ਘਰ ਪਰਤ ਗਏ।
ਚੱਢਾ ਜੀ ਤਾਂ ਚਲੇ ਗਏ ਪਰ ਮੇਰੇ ਵਾਸਤੇ ਇੱਕ ਅਚੰਭਾ ਛੱਡ ਗਏ। ਚੱਢਾ ਜੀ ਕੀ ਤੇ ਕੌਮੀ ਮੁੱਦੇ ਤੇ ਐਸਾ ਜਜ਼ਬਾ ਕੀ? ਉਸ ਨੂੰ ਤਾਂ ਸਿੱਖੀ ਨਾਲ ਕਦੇ ਕੋਈ ਲਗਾਵ ਹੀ ਨਹੀਂ ਸੀ ਰਿਹਾ। ਉਹ ਤਾਂ ਕੌਮ ਬਾਰੇ ਕੋਈ ਗੱਲ ਕਰਨਾ ਹੀ ਪਸੰਦ ਨਹੀਂ ਸੀ ਕਰਦਾ। ਮੈਂ ਕਪੂਰ ਸਾਬ੍ਹ ਨੂੰ ਟੋਹਣ ਦੀ ਕੋਸ਼ਿਸ਼ ਕੀਤੀ ਕਿ ਕੀ ਚਰਚਾ ਚੱਲ ਰਹੀ ਸੀ ਤਾਂ ਉਨ੍ਹਾਂ ਸਿਰਫ ਇਤਨਾ ਕਹਿ ਕੇ ਗੱਲ ਮੁਕਾ ਦਿੱਤੀ ਕਿ ਐਵੇਂ ਉਹ ਅਪਰੇਸ਼ਨ ਬਲੂ ਸਟਾਰ ਬਾਰੇ ਕੁੱਝ ਭਾਵੁਕ ਹੋ ਗਿਆ ਸੀ। ਮੈਂ ਉਸ ਦੇ ਅੰਦਾਜ਼ ਤੋਂ ਸਮਝ ਗਿਆ ਕਿ ਉਹ ਇਸ ਵਿਸ਼ੇ ਤੇ ਹੋਰ ਗੱਲ ਨਹੀਂ ਕਰਨਾ ਚਾਹੁੰਦਾ। ਵੈਸੇ ਵੀ ਉਨ੍ਹਾਂ ਸਵੇਰੇ ਸਵੇਰੇ ਵਾਪਸ ਦਿੱਲੀ ਜਾਣਾ ਸੀ ਅਤੇ ਦੇਰ ਪਹਿਲਾਂ ਹੀ ਬਹੁਤ ਹੋ ਗਈ ਸੀ।
ਮੈਂ ਰਾਤ ਕਾਫੀ ਦੇਰ ਚੱਢਾ ਸਾਬ੍ਹ ਅਤੇ ਉਸ ਦੇ ਵਿਹਾਰ ਬਾਰੇ ਸੋਚਦਾ ਰਿਹਾ। ਸਵੇਰੇ ਉਠਿਆ ਤਾਂ ਵੀ ਧਿਆਨ ਉਧਰ ਹੀ ਸੀ। ਮੇਰੀ ਜਗਿਆਸਾ ਬਹੁਤ ਵਧ ਚੁੱਕੀ ਸੀ। ਮੈਨੂੰ ਪਤਾ ਸੀ ਚੱਢਾ ਸਾਬ੍ਹ ਸਮੇਂ ਦਾ ਬਹੁਤ ਪਾਬੰਦ ਹੈ। ਦਸ ਤੋਂ ਪਹਿਲਾਂ ਹੀ ਦਫਤਰ ਪਹੁੰਚ ਜਾਂਦਾ ਹੈ। ਬਸ ਸੂਈ ਦਸ ਤੋਂ ਅੱਗੇ ਟੱਪੀ ਤੇ ਮੈਂ ਟੇਲੀਫੋਨ ਘੁਮਾ ਦਿੱਤਾ ਅਤੇ ਰਿਸੈਪਸ਼ਨਿਸ਼ਟ ਨੂੰ ਆਪਣੀ ਪਹਿਚਾਣ ਦੱਸ ਕੇ ਚੱਢਾ ਜੀ ਨਾਲ ਗੱਲ ਕਰਾਉਣ ਵਾਸਤੇ ਕਿਹਾ। ਉਹ ਕਹਿਣ ਲੱਗੀ ਅੱਜ ਤਾਂ ਸਾਬ੍ਹ ਟੂਰ ਤੇ ਹਨ, ਕੱਲ ਹੀ ਮਿਲ ਸਕਣਗੇ। ਕੋਈ ਚਾਰਾ ਨਹੀਂ ਸੀ ਇਸ ਲਈ ਸਬਰ ਕਰ ਲਿਆ।
ਅਗਲੇ ਦਿਨ ਮੈਂ ਟੈਲੀਫੋਨ ਦੇ ਚੱਕਰ ਚ ਪੈਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਅਤੇ ਸਾਢੇ ਕੁ ਦਸ ਵਜੇ ਚੱਢਾ ਜੀ ਦੇ ਦਫਤਰ ਪਹੁੰਚ ਗਿਆ। ਰਿਸੈਪਸ਼ਨਿਸ਼ਟ ਨੂੰ ਮਿਲਿਆ ਤਾਂ ਉਸੇ ਵੇਲੇ ਉਸ ਨੇ ਅੰਦਰ ਚੱਢਾ ਜੀ ਨਾਲ ਗੱਲ ਕੀਤੀ ਤੇ ਉਸੇ ਵੇਲੇ ਚੱਢਾ ਜੀ ਨੇ ਮੈਨੂੰ ਅੰਦਰ ਬੁਲਾ ਲਿਆ। ਹੱਥ ਮਿਲਾਉਂਦਿਆਂ ਚੱਢਾ ਜੀ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕੁਰਾਹਟ ਸੀ, ਜਿਵੇਂ ਉਹ ਕਹਿ ਰਿਹਾ ਹੋਵੇ ਕਿ ‘ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗਾ’।
ਥੋੜ੍ਹੀ ਦੇਰ ਅਸੀਂ ਦੋਵੇਂ ਚੁੱਪ ਰਹੇ ਤੇ ਫੇਰ ਚੁੱਪ ਚੱਢਾ ਜੀ ਨੇ ਤੋੜੀ, “ਹੋਰ ਰਾਜਿੰਦਰ ਸਿੰਘ ਜੀ ਕੀ ਹਾਲ ਚਾਲ ਹੈ?”
“ਬਸ ਠੀਕ ਹੈ”, ਕਹਿ ਕੇ ਮੈਂ ਥੋੜ੍ਹਾ ਰੁਕਿਆ ਅਤੇ ਫੇਰ ਬੋਲਿਆ, “ਜੇ ਮਹਿਸੂਸ ਨਾ ਕਰੋ ਤਾਂ ਇੱਕ ਗੱਲ ਪੁੱਛਾਂ?”
“ਹਾਂ ਹਾਂ! ਬੋਲੋ ਨਾ, ਤੁਹਾਨੂੰ ਆਗਿਆ ਲੈਣ ਦੀ ਲੋੜ ਹੈ?” ਉਸ ਨੇ ਕੁੱਝ ਹੈਰਾਨਗੀ ਜਤਾਉਂਦੇ ਹੋਏ ਕਿਹਾ।
“ਚੱਢਾ ਸਾਬ੍ਹ! ਪਰਸੋਂ ਮੈਂ ਤੁਹਾਡਾ ਇੱਕ ਨਵਾਂ ਹੀ ਰੂਪ ਵੇਖਿਆ ਹੈ। ਇਹ ਤਬਦੀਲੀ ਕਿਵੇਂ ਆ ਗਈ?” ਮੈਂ ਥੋੜ੍ਹਾ ਰੁੱਕ ਰੁੱਕ ਕੇ ਪੁੱਛਿਆ।
“ਕੀ ਦੱਸਾਂ ਰਾਜਿੰਦਰ ਸਿੰਘ ਜੀ?” ਉਸ ਦੇ ਚਿਹਰੇ ਦੀ ਮੁਸਕੁਰਾਹਟ ਗ਼ਾਇਬ ਹੋ ਗਈ, ਚਿਹਰਾ ਲਾਲ ਹੋ ਗਿਆ ਅਤੇ ਅੱਖਾਂ ਦੀ ਸੁਰਖੀ ਵਿੱਚ ਪਾਣੀ ਭਰ ਆਇਆ। ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਕੁੱਝ ਬੋਲਣਾ ਚਾਹੁੰਦਾ ਹੋਵੇ ਪਰ ਬੋਲ ਨਾ ਪਾ ਰਿਹਾ ਹੋਵੇ। ਕੁੱਝ ਹਿੰਮਤ ਇਕੱਠੀ ਕਰ ਕੇ ਬੋਲਿਆ, “ਤਿੰਨ ਜੂਨ 1984 ਨੂੰ ਸਾਰੇ ਪੰਜਾਬ ਅਤੇ ਚੰਡੀਗੜ੍ਹ ਨੂੰ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਕਰਫਿਊ ਐਲਾਨ ਦਿੱਤਾ ਗਿਆ। ਹਾਲਾਤ ਤੋਂ ਮੈਂ ਇਹ ਸਮਝ ਚੁੱਕਾ ਸਾਂ ਕਿ ਇਹ ਕਰਫਿਊ ਕਈ ਦਿਨਾਂ ਤੱਕ ਲੰਬਾ ਵੀ ਹੋ ਸਕਦਾ ਹੈ। ਮੈਂ ਛੇਤੀ ਨਾਲ ਕਾਰ ਚੁੱਕੀ ਤੇ ਬਜ਼ਾਰ ਦੌੜਿਆ, ਕੁੱਝ ਵ੍ਹਿਸਕੀ ਅਤੇ ਬੀਅਰ ਦੀਆਂ ਬੋਤਲਾਂ ਖਰੀਦੀਆਂ, ਕੁੱਝ ਖਾਣ ਪੀਣ ਦਾ ਸਮਾਨ ਖਰੀਦਿਆ ਅਤੇ ਕੁੱਝ ਪਿਕਚਰਾਂ ਦੀਆਂ ਵੀਡੀਓ ਲੈ ਲਈਆਂ ਕਿ ਸਮਾਂ ਬਿਤਾਣ ਵਿੱਚ ਮੁਸ਼ਕਲ ਨਾ ਹੋਵੇ। … ਬਸ ਬੜਾ ਮੌਜ ਦਾ ਦੌਰ ਚੱਲ ਰਿਹਾ ਸੀ। ਦਾਰੂ ਪੀਓ, ਪਕਵਾਨ ਖਾਓ ਤੇ ਪਿਕਚਰਾਂ ਵੇਖ ਕੇ ਦਿਲ ਬਹਿਲਾਓ। ਕਿਸੇ ਕਿਸੇ ਵੇਲੇ ਵਿੱਚੋਂ ਖ਼ਬਰਾਂ ਵੀ ਸੁਣ ਵੇਖ ਲੈਂਦੇ। ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਸਨ ਪਰ ਹਰ ਗੱਲ ਤੋਂ ਬੇਲਾਗ ਮੈਂ ਆਪਣੀ ਮਸਤੀ ਵਿੱਚ ਝੂਮ ਰਿਹਾ ਸਾਂ। ਦੋ ਦਿਨ ਇੰਝ ਹੀ ਬੀਤ ਗਏ। ਛੇ ਜੂਨ ਨੂੰ ਮੈਂ ਇੰਝ ਹੀ ਦਾਰੂ ਨਾਲ ਰੱਜ ਕੇ, ਖਾ ਪੀ ਕੇ ਸੌਂ ਗਿਆ। ਰਾਤ ਦੋ–ਢਾਈ ਵਜੇ ਦਾ ਸਮਾਂ ਹੋਵੇਗਾ, ਟੈਲੀਫੋਨ ਦੀ ਘੰਟੀ ਖੜਕੀ।
ਬੜੀ ਖਿਝ ਆਈ ਕਿ ਰਾਤ ਇਸ ਵੇਲੇ ਕਿਸ ਨੇ ਟੈਲੀਫੋਨ ਕਰ ਦਿੱਤਾ ਹੈ। ਬੜੀ ਔਖਿਆਈ ਨਾਲ ਉਠ ਕੇ ਟੈਲੀਫੋਨ ਚੁੱਕਿਆ। ਟੈਲੀਫੋਨ ਵਿਦੇਸ਼ ਤੋਂ ਆਇਆ ਸੀ। ਉਧਰੋਂ ਕੋਈ ਬੜੀ ਕਾਹਲੀ ਕਾਹਲੀ ਘਬਰਾਹਟ ਜਿਹੀ ਵਿੱਚ ਬੋਲ ਰਿਹਾ ਸੀ,
‘Hello ! Could I talk to Mr Chadha? (ਕੀ ਮੈਂ ਮਿਸਟਰ ਚੱਢਾ ਨਾਲ ਗੱਲ ਕਰ ਸਕਦਾ ਹਾਂ?) ‘
ਮੈਂ ਕੁੱਝ ਸੁਚੇਤ ਹੋਇਆ ਅਤੇ ਦਾਰੂ ਦਾ ਲੋਰ ਕੁੱਝ ਘਟਿਆ। ਅਵਾਜ਼ ਪਛਾਣਨ ਦੀ ਕੋਸ਼ਿਸ਼ ਕੀਤੀ, ਇਹ ਤਾਂ ਮੇਰੇ ਬਹੁਤ ਨੇੜਲੇ ਦੋਸਤ ‘ਜੋ’
(Joe) ਦੀ ਅਵਾਜ਼ ਸੀ, ‘ Yes Joe, I am Chadha speaking. (ਹਾਂ ਜੋ, ਮੈਂ ਚੱਢਾ ਹੀ ਬੋਲ ਰਿਹਾ ਹਾਂ।) ‘, ਮੈਂ ਵੀ ਕਾਹਲੀ ਨਾਲ ਜੁਆਬ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਉਸ ਦੀ ਘਬਰਾਹਟ ਦਾ ਕਾਰਨ ਪੁੱਛ ਸਕਦਾ। ਉਹ ਕੁੱਝ ਤਸੱਲੀ ਨਾਲ ਬੋਲਿਆ, ‘Thank God ! I could talk to you. I was thinking I will never be able to talk to you. (ਪ੍ਰਮਾਤਮਾਂ ਦਾ ਸ਼ੁਕਰ ਹੈ, ਮੈਂ ਤੇਰੇ ਨਾਲ ਗੱਲ ਕਰ ਰਿਹਾ ਹਾਂ। ਮੈਂ ਤਾਂ ਸੋਚ ਰਿਹਾ ਸਾਂ ਹੁਣ ਮੈਂ ਤੇਰੇ ਨਾਲ ਕਦੇ ਗੱਲ ਨਹੀਂ ਕਰ ਸਕਾਂਗਾ।) ‘ਉਸ ਦੀ ਅਵਾਜ਼ ਤੋਂ ਜਾਪਿਆ ਜਿਵੇਂ ਉਸ ਨੇ ਸੁੱਖ ਦਾ ਸਾਹ ਲਿਆ ਹੋਵੇ।
‘Why ! What happened Joe? Why are you so disturbed? (ਕਿਉਂ ਜੋ! ਕੀ ਹੋਇਆ? ਤੁਸੀਂ ਇਤਨੇ ਘਬਰਾਏ ਹੋਏ ਕਿਉਂ ਹੌ?) ‘ਮੈਂ ਹੈਰਾਨ ਹੁੰਦੇ ਹੋਏ ਪੁੱਛਿਆ।
‘Chadha ! I have seen Indian Army attack on Golden temple in Amritsar on Television. I have seen Sikhs fightinting the Indian Army for the honour of Golden temple. I thought you might have been killed by now or you must be there in Amritsar fighting for the sanctity of Golden Temple. OK, I am relieved, you are alive. We will talk again.
(ਚੱਢਾ! ਮੈਂ ਟੈਲੀਵੀਜ਼ਨ ਤੇ ਭਾਰਤੀ ਫ਼ੌਜ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਦੇ ਵੇਖਿਆ ਹੈ। ਮੈਂ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਸਤਿਕਾਰ ਵਾਸਤੇ ਭਾਰਤੀ ਫ਼ੌਜਾਂ ਦਾ ਟਾਕਰਾ ਕਰਦੇ ਵੇਖਿਆ ਹੈ। ਮੈਂ ਤਾਂ ਸੋਚਿਆ ਸੀ ਜਾਂ ਤਾਂ ਹੁਣ ਤੱਕ ਤੂੰ ਵੀ ਭਾਰਤੀ ਫ਼ੌਜਾਂ ਦਾ ਟਾਕਰਾ ਕਰਦਾ ਮਰ ਗਿਆ ਹੋਵੇਂਗਾ, ਜਾਂ ਤੂੰ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੀ ਪਵਿਤ੍ਰਤਾ ਵਾਸਤੇ ਭਾਰਤੀ ਫ਼ੌਜ ਦਾ ਟਾਕਰਾ ਕਰ ਰਿਹਾ ਹੋਵੇਂਗਾ। ਮੈਨੂੰ ਸੁੱਖ ਦਾ ਸਾਹ ਆਇਆ ਹੈ ਕਿ ਤੂੰ ਜਿਊਂਦਾ ਹੈਂ। ਚੰਗਾ! ਆਪਾਂ ਫੇਰ ਕਿਸੇ ਵੇਲੇ ਗੱਲ ਕਰਾਂਗੇ।) ‘, ਕਹਿ ਕੇ ਉਸ ਟੈਲੀਫੋਨ ਕੱਟ ਦਿੱਤਾ।
‘ਉਸ ਨੇ ਤਾਂ ਇਤਨਾ ਕਹਿ ਕੇ ਟੈਲੀਫੋਨ ਕੱਟ ਦਿੱਤਾ ਪਰ ਮੈਂ ਬਾਕੀ ਸਾਰੀ ਰਾਤ ਰੋਂਦਾ ਰਿਹਾ ਕਿ ਸੰਸਾਰ ਸਾਡੇ ਕੋਲੋਂ ਕੀ ਉਮੀਦ ਲਾਈ ਬੈਠਾ ਹੈ ਅਤੇ ਅਸੀਂ ਸਿੱਖ ਕੀ ਕਰ ਰਹੇ ਹਾਂ’ ?”, ਕਹਿੰਦਿਆਂ ਚੱਢਾ ਜੀ ਦਾ ਮਨ ਭਰ ਆਇਆ ਅਤੇ ਅੱਖਾਂ `ਚੋਂ ਕੁੱਝ ਅਥਰੂ ਵੱਗ ਤੁਰੇ। ਨਾਲ ਹੀ ਉਸ ਦੀ ਅਵਾਜ਼ ਵਿੱਚੇ ਦਬ ਗਈ। ਮੈਂ ਵੀ ਕੁੱਝ ਭਾਵੁਕ ਹੋ ਗਿਆ ਸਾਂ, ਇਸ ਲਈ ਮੇਰੇ ਕੋਲੋਂ ਵੀ ਕੁੱਝ ਨਹੀਂ ਬੋਲਿਆ ਗਿਆ।
ਥੋੜ੍ਹੀ ਦੇਰ ਬਾਅਦ ਮੁੜ ਕੁੱਝ ਹਿੰਮਤ ਇਕੱਠੀ ਕਰ ਕੇ ਉਹ ਕੇਵਲ ਇਤਨਾ ਬੋਲਿਆ, “ਸ਼ਾਇਦ ਉਸ ਵਿਦੇਸ਼ੀ ਦੇ ਟੈਲੀਫੋਨ ਨੇ ਮੇਰੇ ਅੰਦਰ ਹੀ ਕਿਧਰੇ ਦਫਨਾਈ ਪਈ ਸਿੱਖੀ ਦੀ ਲਾਸ਼ ਨੂੰ ਮੁੜ ਜ਼ਿੰਦਾ ਕਰ ਦਿੱਤਾ ਹੈ”।
(ਇਹ ਇੱਕ ਸੱਚੀ ਕਹਾਨੀ ਹੈ, ਕੇਵਲ ਕੁੱਝ ਪਾਤਰਾਂ ਦੇ ਨਾਂਅ ਬਦਲੇ ਗਏ ਹਨ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਫੋਨ: +91 98761 04726
.