.

ਸਮੁੱਚੀ ਮਨੁੱਖਤਾ ਸਿੱਖੀ ਤੇ ਗੁਰਸਿੱਖਾਂ ਤੋਂ ਜ਼ਰੂਰ ਕੁੱਛ ਸਿੱਖੇ।
ਰਾਮ ਸਿੰਘ, ਗਰੇਵਜ਼ੈਂਡ

ਕ੍ਰਾਂਤੀਕਾਰੀ ਜੁਗ ਪੁਰਸ਼ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਦੇ ਹਰ ਖੇਤਰ ਵਿੱਚ ਅਨਰਥ ਹੁੰਦਾ ਦੇਖ ਕੇ ਇੱਕ ਮਹਾਨ ਸਿਧਾਂਤ ਪੇਸ਼ ਕਰਨ ਦਾ ਟੀਚਾ ਉਲੀਕਿਆ, ਜੋ ਬਿਨਾਂ ਵਿਤਕਰੇ ਸਾਰੀ ਮਨੁੱਖਤਾ ਨੂੰ ਠੀਕ ਜੀਵਨ ਜਾਂਚ ਦੇ ਸਕੇ। ਉਸ ਸਿਧਾਂਤ ਨੂੰ ਜਿੱਸ ਸਹਿਜ ਨਾਲ ਆਮ ਲੋਕਾਂ ਤੱਕ (ਜਦ ਕਿ ਪਿਛਲੇ ਸਮਿਆਂ ਵਿੱਚ ਕੁੱਛ ਚੋਣਵੇਂ ਲੋਕਾਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਸੀ) ਪੁਜਾਇਆ ਗਿਆ ਤੇ ਲੋਕਾਂ ਨੂੰ ਉਸ ਤੋਂ ਚੰਗੀ ਤਰ੍ਹਾਂ ਜਾਣੂੰ ਕਰਾ ਕੇ ਉਸ ਤੇ ਚੱਲਣ ਯੋਗ ਬਣਾਇਆ ਗਿਆ ਕਿ ਉਸ ਵਿੱਚੋਂ ਜਗਿਆਸੂਆਂ ਨੇ ਸੁੱਖ, ਸਹਿਜ, ਆਨੰਦ ਦੀ ਝਲਕ ਆਉਂਦੀ ਦੇਖੀ। ਕਿਉਂਕਿ ਦੁਨੀਆਂ ਵਿੱਚ ਬੰਦੇ ਦੀ ਹੋਂਦ ਹੋਣੀ ਹੋਰ ਗੱਲ ਹੈ, ਪਰ ਜੀਵਨ ਜੀਉਣਾ ਅਸਲੀ ਜੀਵਨ ਹੈ। ਫਿਰ ਕੀ ਸੀ? ਉਸ ਸਿਧਾਂਤ ਨੂੰ ਹੌਲੀਂ ਹੌਲੀਂ ਐਸਾ ਅਪਨਾਉਣਾ ਸ਼ੁਰੂ ਕੀਤਾ ਕਿ ਉਸ ਰਾਹੀਂ ਉਨ੍ਹਾਂ ਨੂੰ ‘ਜੀਉ ਤੇ ਜੀਉਣ ਦਿਉ’, ‘ਜੀਉ ਗੈਰਤ ਤੇ ਮਾਣ ਨਾਲ’, ‘ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ’, ‘ਸਾਰੇ ਹੀ ਇਕੋ ਪਿਤਾ ਦੇ ਬਾਲਕ ਹਨ ਤੇ ਬਰਾਬਰ ਹਨ', ‘ਮਾਨਸ ਦੀ ਜਾਤ ਇਕੋ ਹੀ ਹੈ’, ‘ਪਰਾਈਆਂ ਬੀਬੀਆਂ ਮਾਵਾਂ ਭੈਣਾਂ ਧੀਆਂ ਤੁੱਲ ਹਨ’, ‘ਸਰਬੱਤ ਦਾ ਭਲਾ ਮੰਗੋ ਤੇ ਕਰੋ’, ‘ਨਾਮ ਦਾ ਨਸ਼ਾ ਹੀ ਅਸਲੀ ਨਸ਼ਾ ਹੈ’, ‘ਏਕੇ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ’, ‘ਦਇਆ ਤੇ ਸੰਤੋਖ ਹੀ ਅਸਲੀ ਧਰਮ ਹੈ’, ਪ੍ਰੇਮ ਰਾਹੀਂ ਹੀ ਰੱਬ ਮਿਲਦਾ ਹੈ’, ‘ਰੱਬ ਜੀ ਦੀ ਪੂਜਾ ਤੋਂ ਬਿਨਾਂ ਹੋਰ ਸੱਭ ਪੂਜਾ ਆਦਿ ਵਿਅਰਥ ਹੈ’ ਆਦਿ ਸ਼ੁਭ ਗੁਣ ਗ੍ਰਹਿਣ ਕਰਨੇ ਬੜੇ ਆਸਾਨ ਨਜ਼ਰ ਆਏ। ਕਿਉਂਕਿ ਐਸਾ ਕਰਨ ਨਾਲ ਜੀਵਨ ਵਿੱਚੋਂ ਰਸ ਆਉਣ ਸੁਭਾਵਕ ਸੀ। ਉਨ੍ਹਾਂ ਗੁਣਾਂ ਰਾਹੀਂ ਆਪਸੀ ਪਿਆਰ ਦੀਆਂ ਪੀਂਘਾਂ ਨੇ ਉਨ੍ਹਾਂ ਲੋਕਾਂ ਨੂੰ ਅਸਲੀ ਰਾਜੇ (ਸੱਭ ਨੂੰ ਬਰਾਬਰ ਦਾ ਨਿਆਂ ਨਾ ਦੇਣ ਵਾਲੇ ਰਾਜੇ ਨਹੀਂ ਹੁੰਦੇ, ਚੰਗੇਜ਼ੀ, ਔਰੰਗਜ਼ੇਬੀ ਹੁੰਦੇ ਹਨ) ਬਣਨ ਦੇ ਐਸਾ ਯੋਗ ਬਣਾਇਆ ਕਿ ਉਨ੍ਹਾਂ ਨੇ ਅੰਤ ਦੁਨੀਆਂ ਲਈ ਅਸਲੀ ਰਾਜ ਦੀਆਂ ਦੋ ਵਾਰ ਮਿਸਾਲਾਂ ਪੈਦਾ ਕੀਤੀਆਂ। ਇੱਕ 1710 ਵਿੱਚ ਕੁੱਛ ਸਾਲਾਂ ਲਈ, ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਜੀ ਵਲੋਂ, ਦੂਸਰੇ ਮਹਾਰਾਜਾ ਰਣਜੀਤ ਸਿੰਘ 1800-1839 ਤੱਕ, ਜਦ ਕਿ ਸਾਰੇ (ਹਿੰਦੂ, ਸਿੱਖ, ਮੁਸਲਮਾਨ ਆਦਿ) ਸੁਖੀ ਤੇ ਖੁਸ਼ ਸਨ। ਕਿਉਂਕਿ ਇਨਸਾਫ ਦਾ ਮਾਪ ਤੋਲ ਸਾਰਿਆ ਲਈ ਇਕੋ ਜਿਹਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰੂ ਨਾਨਕ ਸਾਹਿਬ ਦੀ ਸੋਚ ਦੀ ਉਪਜ ਵਾਲਾ ਰਾਜ ਤਾਂ ਇੱਕ ਖਾਸ ਮਿਸਾਲ ਸੀ, ਜੋ ਅੱਜ ਦੀ ਸਮਾਜਵਾਦੀ ਸੋਚ ਵਾਲੀ ਦੁਨੀਆਂ ਲਈ ਖਾਸ ਕਰਕੇ ਪੱਥ-ਪਰਦ੍ਰਸ਼ਕ ਹੈ ਤੇ ਹੋਣੀ ਚਾਹੀਦੀ ਹੈ, ਜਦ ਅਮਲੀ ਤੇ ਅਸਲੀ ਅਰਥਾਂ ਵਿੱਚ ਜਗੀਰਦਾਰੀ ਸਿਲਸਿਲਾ ਖਤਮ ਕਰਕੇ ਹਲ-ਵਾਹਕਾਂ ਨੂੰ ਜ਼ਮੀਨ ਦੇ ਮਾਲਕ ਬਣਾ ਦਿੱਤਾ ਤੇ ਅੱਜ ਵੀ ਉਹ ਲੋਕ ਉਸ ਦੇ ਮਾਲਕ ਹਨ, ਜਦ ਕਿ ਮਾਰਕਸ, ਲੈਨਨ, ਮਾਉ ਆਦਿ ਵਰਗੀ ਸੋਚ ਵਾਲਾ ਸਿਸਟਮ ਫੇਲ੍ਹ ਹੋ ਚੁੱਕਾ ਹੈ, (ਸੋਚ ਭਾਵੇਂ ਬਹੁਤ ਚੰਗੀ ਸੀ) ਕਿਉਂਕਿ ਉਸ ਵਿੱਚ ਗੁਰੂ ਨਾਨਕ ਸਾਹਿਬ ਦੀ ਸੋਚ ਵਾਲਾ ਧਰਮ ‘ਧਰਮ ਦਇਆ ਦਾ ਪੁੱਤਰ ਤੇ ਸੰਤੋਖ’ ਗਾਇਬ ਸੀ। ਦੂਸਰੇ, ਜਿਵੇਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰਨ ਸਮੇਂ ਕਿਸੇ ਧਾਰਮਿਕ ਅਸਥਾਨ (ਮਸਜਿਦ/ਮੰਦਰ ਆਦਿ) ਦੀ ਨਾਂ ਤਾਂ ਬੇਅਦਬੀ ਕੀਤੀ ਤੇ ਨਾਂ ਹੀ ਕੋਈ ਨੁਕਸਾਨ ਪਹੁੰਚਾਇਆ, ਤਿਵੇਂ ਹੀ ਅੱਜ ਦੀ ਦੁਨੀਆਂ ਨੂੰ ਕਿਸੇ ਬਦਕਿਸਮਤੀ ਰਾਹੀਂ ਆਪਸੀ ਨਫਰਤ ਦੌਰਾਨ ਭੀ ਧਾਰਮਿਕ ਅਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਤੇ ਪੁਸਤਕਾਂ ਦੀ ਬੇਅਦਬੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਹ ਤਾਂ ਸਿੱਖ ਸਿਧਾਂਤ ਦੇ ਵਿਲੱਖਣ ਹੋਣ ਦੀ ਜਾਣ ਪਛਾਣ ਕਰਵਾਈ ਹੈ। ਪਰ ਉਸ ਦੌਰਾਨ ਸਿੱਖੀ ਸਿਧਾਂਤ ਨੂੰ ਮਨਾਂ ਵਿੱਚ ਚੰਗੀ ਤਰ੍ਹਾਂ ਬਿਠਾ ਕੇ ਉਸ ਤੇ ਚੱਲਣ ਵਾਲਿਆਂ, ਭਾਵ ਸਿੱਖਾਂ ਨੇ ਜੋ ਸਿੱਖਿਆ ਤੇ ਕੀਤਾ, ਉਹ ਬਹੁਤ ਮਹੱਤਵਪੂਰਨ ਹੈ। ਉਸ ਵਿੱਚੋਂ ਟੂਕ ਮਾਤਰ ਹੀ ਕੁੱਛ ਨੁਕਤੇ ਦਿੱਤੇ ਜਾਂਦੇ ਹਨ ਜੋ ਅੱਜ ਦੀ ਜਲਦੀ ਬਲਦੀ ਦੁਨੀਆਂ ਉਨ੍ਹਾਂ ਤੋਂ ਸਿੱਖਿਆ ਲੈ ਕੇ ਤੇ ਉਨ੍ਹਾਂ ਤੇ ਚੱਲ ਕੇ ਦੁਨੀਆਂ ਵਿੱਚ ਸ਼ਾਂਤੀ ਪੈਦਾ ਕਰ ਸਕਦੀ ਹੈ। ਆਮ ਦੇਖਣ ਵਿੱਚ ਆਇਆ ਹੈ ਕਿ ਜਦ ਕਿਤੇ ਸਿੱਖਾਂ ਤੋਂ ਬਗੈਰ ਕੋਈ ਕਿਸੇ ਤਰ੍ਹਾਂ ਦੀ ਮੰਗ ਜਾ ਮੰਗਾਂ ਆਦਿ ਜਾ ਹੋਰ ਕਿਸੇ ਕਾਰਨ ਮੁਜ਼ਾਹਰੇ ਆਦਿ ਕਰਦੇ ਹਨ ਤਾਂ ਭੰਨ ਤੋੜ, ਸਾੜ ਫੂਕ ਕਰਕੇ ਹੱਦੋਂ ਵੱਧ ਨੁਕਸਾਨ ਕਰਦੇ ਹਨ, ਇਹ ਸੋਚੇ ਬਿਨਾਂ ਕਿ ਆਖਰ ਉਹ ਸਾਰਾ ਨੁਕਸਾਨ ਉਨ੍ਹਾਂ ਦਾ ਹੀ ਹੁੰਦਾ ਹੈ, ਜਿੱਸ ਨੂੰ ਪੂਰਾ ਕਰਨ ਲਈ ਵਾਧੂ ਟੈਕਸ, ਬੀਮਾ ਆਦਿ ਰਾਹੀਂ ਅਦਾ ਕਰਨਾ ਪੈਣਾ ਹੈ। ਕਈ ਵਾਰ ਉਹ ਨੁਕਸਾਨ ਬੇਕਸੂਰ ਬੰਦਿਆਂ ਦਾ ਹੁੰਦਾ ਹੈ ਜੋ ਕਾਫੀ ਦੇਰ ਤੱਕ ਆਪਣੇ ਪੈਰਾਂ ਤੇ ਨਹੀਂ ਖੜ੍ਹ ਸਕਦੇ। ਬੀਬੀਆਂ ਦੀ ਇੱਜ਼ਤ ਤੱਕ ਲੁਟੀ ਜਾਂਦੀ ਹੈ। ਸਿੱਖਾਂ ਨੇ ਜਿੰਨੇ ਮੋਰਚੇ ਲਾਏ ਜਾ ਮੁਜ਼ਾਹਰੇ ਕੀਤੇ, ਸ਼ਾਇਦ ਹੀ ਸਾਰੀ ਦੁਨੀਆਂ ਨੇ ਕੁੱਲ ਮਿਲਾ ਕੇ ਕੀਤੇ ਹੋਣ। ਪਰ ਕਿਸੇ ਵੀ ਮੁਜ਼ਾਹਰੇ ਸਮੇਂ ਸਿੱਖਾਂ ਨੇ ਕਦੇ ਭੰਨ ਤੋੜ, ਸਾੜ ਫੂਕ ਆਦਿ ਨਹੀਂ ਕੀਤੀ, ਆਪ ਤਾਂ ਭਾਵੇਂ ਲਾਠੀਆਂ ਦੀ ਮਾਰ, ਗੋਲੀਆਂ ਦੀ ਬੁਛਾੜ ਝੱਲ ਲਈ ਹੋਵੇ। ਕਿਸੇ ਦੁਸ਼ਮਣ ਆਦਿ ਦੀਆਂ ਬੀਬੀਆਂ ਹੱਥ ਆਉਣ ਤੇ ਵੀ ਉਨ੍ਹਾਂ ਵੱਲ ਭੈੜੀ ਨਿਗਾਹ ਨਾਲ ਦੇਖਣਾ ਤਾਂ ਇੱਕ ਪਾਸੇ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਉਨ੍ਹਾਂ ਦੇ ਘਰੋ ਘਰੀ ਪਹੁੰਚਾਇਆ, ਜਿੱਸ ਦੀ ਦੁਸ਼ਮਣਾਂ ਨੇ ਵੀ ਸ਼ਲਾਘਾ ਕੀਤੀ।
ਨੇੜਲੀ ਤਤਕਾਲੀ ਮਿਸਾਲ 1982-1990 ਵਿਆਂ ਤੱਕ ਦੀ ਲਈ ਜਾਵੇ। ਪਹਿਲੇ ਸਾਲਾਂ ਵਿੱਚ ਮੋਰਚਾ ਬੜੀ ਸ਼ਾਂਤੀ ਨਾਲ ਚੱਲਦਾ ਰਿਹਾ। ਕੋਈ ਵੀ ਮੰਗ ਮੰਨਣ ਦੀ ਥਾਂ ਸਰਕਾਰ ਵਲੋਂ ਪੁਲੀਸ ਨੂੰ ਸਿੱਖ ਨੌਜਵਾਨਾਂ ਤੇ ਖੁੱਲਮ ਖੁੱਲਾ ਤਸ਼ੱਦਦ ਕਰਨ ਦੀ ਖੁੱਲੀ ਛੁੱਟੀ ਦੇ ਦਿੱਤੀ ਗਈ, ਜਿੱਸ ਨੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਤੇ ਮਜਬੂਰ ਕਰ ਦਿੱਤਾ। ਉਨ੍ਹਾਂ ਨੌਜਵਾਨਾਂ ਨੇ ਹਥਿਆਰ ਪੁਲੀਸ ਦਾ ਤਸ਼ੱਦਦ ਰੋਕਣ ਲਈ ਚੁੱਕੇ। ਉਹ ਦਹਿਸ਼ਤਗਰਦ ਨਹੀਂ ਸਨ, ਉਨ੍ਹਾਂ ਨੂੰ ਪੰਜਾਬ ਦੀਆਂ, ਨਾ ਕਿ ਸਿਰਫ ਸਿੱਖਾਂ ਦੀਆਂ, ਮੰਗਾਂ ਮਨਾਉਣ ਲਈ ਇਹ ਕਦਮ ਚੁੱਕਣਾ ਪਿਆ। ਉਸ ਦੌਰਾਨ ਵੀ ਨਾ ਕਿਸੇ ਤਰ੍ਹਾਂ ਦਾ ਮਾਲੀ ਨੁਕਸਾਨ ਕੀਤਾ ਗਿਆ ਅਤੇ ਨਾ ਹੀ ਕਿਸੇ ਮਾਸੂਮ ਨੂੰ ਮਾਰਨਾ ਤਾਂ ਇੱਕ ਪਾਸੇ, ਕਿਸੇ ਤਰ੍ਹਾਂ ਦੀ ਤਕਲੀਫ ਦਿੱਤੀ ਗਈ, ਨਾ ਹੀ ਕਿਸੇ ਧੀ ਭੈਣ ਦੀ ਇੱਜ਼ਤ ਲੁੱਟੀ ਗਈ। ਪਰ ਸ੍ਰਕਾਰ ਅਤੇ ਵੱਡੇ ਪੁਲੀਸ ਅਧਿਕਾਰੀਆਂ (ਕੇ. ਪੀ. ਐਸ ਗਿੱਲ, ਅਜ਼ਹਾਰ ਆਲਮ, ਸਵਰਨਾਂ ਘੋਟਣਾ, ਸੁਮੇਧ ਸੈਣੀ ਆਦਿ) ਵਲੋਂ ਉਨ੍ਹਾਂ ਜੁਝਾਰੂਆਂ ਨੂੰ ਦਹਿਸ਼ਤਗਰਦ ਘੋਸ਼ਤ ਕਰਕੇ ਉਨ੍ਹਾਂ ਵਿੱਚ ਸਿੱਖੀ ਸ਼ਕਲ ਵਿੱਚ ਗੁੰਡੇ ਕਿਸਮ ਦੇ ਬੰਦੇ (ਅੱਜਕਲ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਸ੍ਰਕਾਰ ਵਲੋਂ ਜਾਣ ਬੁੱਝ ਕੇ ਨਸ਼ਈ ਬਣਾ ਦਿੱਤਾ ਹੈ ਜੋ ਸਿੱਖੀ ਤੋਂ ਉਲਟ ਕੰਮ ਕਰਦੇ ਹਨ, ਉਨ੍ਹਾਂ ਸਿੱਖਾਂ ਦੀ ਗੱਲ ਤੇ ਮਿਸਾਲ ਨਹੀਂ, ਜੇ ਮੁੜ ਕੇ ਸਿੱਖੀ ਕਿਰਦਾਰ ਅਪਨਾ ਲੈਣਗੇ ਤਾਂ ਉਹ ਵੀ ਗੁਰਸਿੱਖ ਤੇ ਖਾਲਸਾ ਬਣ ਜਾਣਗੇ ਤੇ ਉਨ੍ਹਾਂ ਦੀ ਵੀ ਮਿਸਾਲ ਦਿੱਤੀ ਜਾ ਸਕੇਗੀ) ਘੁਸੇੜ ਕੇ ਉਨ੍ਹਾਂ ਪਾਸੋਂ ਧੀਆਂ ਭੈਣਾਂ ਨਾਲ ਕੁਕਰਮ ਤੇ ਮਾਸੂਮਾਂ ਦੇ ਕਤਲ ਕਰਵਾ ਕੇ ਜੁਝਾਰੂਆਂ ਦੇ ਨਾਂ ਲਾਏ ਗਏ ਤੇ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ। ਜੁਝਾਰੂ ਤਾਂ ਸਗੋਂ ਕਿਸੇ ਵਿਤਕਰੇ ਤੋਂ ਬਿਨਾਂ ਕਿਸੇ ਦੀ ਧੀ ਭੈਣ ਤੇ ਹੋ ਰਹੇ ਜ਼ੁਲਮ ਜਾ ਇੱਜ਼ਤ ਤੇ ਹਮਲੇ ਸਮੇਂ ਆਪਣੀ ਜਾਨ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਉਸ ਦੀ ਮਦਦ ਕਰਦੇ ਸਨ, ਕਿਸੇ ਮਾਸੂਮ ਨੂੰ ਕਤਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। 1970 ਵਿਆਂ ਵਿੱਚ ਗੁਰਦਾਸਪੁਰ ਵਿੱਚ ਇੱਕ ਹਲਵਾਈ ਦੀ ਲੜਕੀ ਨੂੰ ਤੰਗ ਕਰਦੇ ਇੱਕ ਗੁੰਡੇ ਪਹਿਲਵਾਨ ਨੂੰ ਸ਼ਹੀਦ ਭਾਈ ਸਾਹਿਬ ਭਾਈ ਫੌਜਾ ਸਿੰਘ ਨੇ ਸੋਧਾ ਲਾਇਆ ਸੀ। ਐਸਾ ਖਾਲਸਾਈ ਕਿਰਦਾਰ ਸਿੱਖਾਂ ਨੇ ਬੇਘਰ ਹੁੰਦਿਆਂ ਜੰਗਲਾਂ ਵਿੱਚ ਰਹਿੰਦਿਆਂ ਇੱਕ ਮੁਸਲਮਾਨ ਅਫਸਰ ਵਲੋਂ ਇੱਕ ਗਰੀਬ ਮੁਸਲਮਾਨ ਦੀ ਜ਼ਬਰਦਸਤੀ ਉਧਾਲੀ ਹੋਈ ਲੜਕੀ ਨੂੰ ਆਪਣੀ ਜਾਨ ਤੇ ਖੇਲ ਕੇ ਵਾਪਸ ਕਰਵਾਇਆ ਤੇ ਅਫਸਰ ਨੂੰ ਢੁੱਕਵੀਂ ਸਜ਼ਾ ਦਿੱਤੀ ਸੀ। ਇਸੇ ਤਰ੍ਹਾਂ 1982-1990 ਵਿਆਂ ਦੌਰਾਨ ਜੁਝਾਰੂਆਂ ਨੇ ਸਿੱਖ ਸਿਧਾਂਤ ਨੂੰ ਮੁੱਖ ਰੱਖਦਿਆਂ, ਬਿਨਾਂ ਵਿਤਕਰੇ ਇਹ ਫਰਜ਼ ਨਿਭਾਇਆ, (ਜਿਸ ਤੋਂ ਅੱਜਕਲ ਬਿਨਾਂ ਕਿਸੇ ਡਰ ਅਤੇ ਸੋਚ ਵਿਚਾਰ ਬਲਾਤਕਾਰ ਕਰਨ ਵਾਲਿਆ ਨੂੰ ਸਬਕ ਲੈਣਾਂ ਚਾਹੀਦਾ ਹੈ) ਅਤੇ ਨਾਲ ਹੀ ਕਈ ਥਾਵਾਂ ਤੇ ਸ੍ਰਕਾਰੀ ਦਫਤਰਾਂ ਵਿੱਚ ਅਫਸਰਾਂ ਨੂੰ ਲੋਕਾਂ ਦੇ ਕੰਮ ਬਿਨਾਂ ਰਿਸ਼ਵਤ ਕਰਨ ਲਈ ਪ੍ਰੇਰਿਆ ਅਤੇ ਕਈ ਭਲੇ ਵਾਲੇ ਸਮਾਜਿਕ ਕੰਮ ਵੀ ਕੀਤੇ, ਜਿੱਸ ਨਾਲ ਆਮ ਲੋਕੀਂ ਬੜੇ ਖੁਸ਼ ਸਨ, ਕਿਉਂਕਿ ਇਹ ਸੱਭ ਕੁੱਛ ਬੇਇਨਸਾਫੀ ਤੇ ਜ਼ੁਲਮ ਵਿਰੁੱਧ ਕੀਤਾ ਜਾ ਰਿਹਾ ਸੀ ਨਾ ਕਿ ਕਿਸੇ ਬ੍ਰਾਦਰੀ ਵਿਰੁੱਧ, ਜੋ ਕਿ ਖਾਸ ਸਿੱਖੀ ਕਿਰਦਾਰ ਹੈ, (ਇਸ ਲੋਕ ਭਲਾਈ ਦੇ ਮਹਾਨ ਕੰਮ ਦੀ ਮਿਸਾਲ ਤੋਂ ਅੱਜਕਲ ਦੀ ਭ੍ਰਿਸ਼ਟ ਹੋ ਚੁੱਕੀ ਅਫਸਰਸ਼ਾਹੀ ਨੂੰ ਖਾਸ ਕਰਕੇ ਸਿੱਖਿਆ ਲੈਣੀ ਚਾਹੀਦੀ ਹੈ, ਤਾਕਿ ਪਰੇਸ਼ਾਨੀਆਂ ਵਿੱਚ ਫਸੇ ਲੋਕ ਸੁੱਖ ਦਾ ਸਾਹ ਲੈ ਸਕਣ) ਪਰ ਜਿਸ ਸੱਭ ਕੁੱਛ ਕਾਰਨ ਭਰਿਸ਼ਟ ਸ੍ਰਕਾਰ ਤੇ ਕਰਮਚਾਰੀ ਐਸੇ ਘਬਰਾਏ ਕਿ ਸਿਰਫ ਜੁਝਾਰੂਆਂ ਨੂੰ ਹੀ ਨਹੀਂ, ਆਮ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਝੂਠੇ ਤੇ ਫਰਜ਼ੀ ਪੁਲੀਸ ਮੁਕਾਬਲਿਆਂ ਵਿੱਚ ਹਜ਼ਾਰਾਂ ਵਿੱਚ ਕਤਲ ਕਰਵਾਇਆ। ਇਹ ਦੇਸ਼ ਲਈ ਬਹੁਤ ਬੜਾ ਨੁਕਸਾਨ ਸੀ, ਜਵਾਨੀ ਦਾ ਘਾਣ! ਦੇਸ਼ ਦੇ ਹਾਕਮਾਂ ਅਤੇ ਨਿਆਂਇਕ ਪ੍ਰਨਾਲੀ ਨੂੰ ਖਾਸ ਕਰਕੇ ਸਿੱਖਾਂ ਵਲੋਂ ਦੋ ਵਾਰ ਕੀਤੇ ਰਾਜ ਦੇ ਸਿਸਟਮ ਤੋਂ ਸੇਧ ਲੈ ਕੇ ਉਸ ਤੇ ਚੱਲਣ ਦੀ ਕਸਮ ਲੈਣੀ ਚਾਹੀਦੀ ਹੈ ਤਾਕਿ ਸਾਰੇ ਹੀ ਸ਼ਾਂਤੀ ਦਾ ਆਨੰਦ ਮਾਣ ਸਕਣ।
ਸੋ ਜੇ ਅੱਜਕਲ ਹੋ ਰਹੇ ਘੁਟਾਲੇ, ਬਲਾਤਕਾਰ ਆਦਿ ਨੂੰ ਠਲ੍ਹ ਪਾਉਣੀ ਹੈ ਤਾਂ ਸਿੱਖੀ ਤੇ ਪਹਿਰਾ ਦੇ ਰਹੇ ਅਤੇ ਅਸਲੀ ਅਰਥਾਂ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਤਾਕਿ ਉਹ ਅਸਲੀ ਸਿੱਖੀ ਦਾ ਪ੍ਰਚਾਰ ਕਰਕੇ ਮੁੜ ਪੁਰਾਣੇ ਸਮਿਆਂ ਵਾਲੀ ਸਿੱਖੀ ਤੇ ਸਿੱਖੀ ਸਭਿਆਚਾਰ (ਸਿੱਖੀ ਸਭਿਆਚਾਰ ਤੇ ਪੰਜਾਬੀ ਸਭਿਆਚਾਰ ਦੋ ਵੱਖਰੇ ਸਭਿਆਚਾਰ ਹਨ) ਪੰਜਾਬ ਵਿੱਚ ਬਹਾਲ ਕਰ ਸਕਣ। ਕਿਉਂਕਿ ਪੰਜਾਬ, ਪ੍ਰੋ. ਪੂਰਨ ਸਿੰਘ ਦੇ ਕਥਨ ‘ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ’ ਨੂੰ ਆਪਣੀਆਂ ਕੁਰਸੀਆਂ ਬਚਾਉਣ ਖਾਤਰ, ਗੁੰਡਾ ਗਰਦੀ ਵਿੱਚ ਜਾਣ ਬੁੱਝ ਕੇ ਬਦਲ ਦਿੱਤਾ ਗਿਆ ਹੈ। ਥਾਂ ਥਾਂ ਤੇ ਸ਼ਰਾਬ ਦੇ ਠੇਕੇ ਖੋਲ ਕੇ, ਅਸ਼ਲੀਲ ਗੀਤ ਗਾਉਣ ਵਾਲਿਆਂ ਨੂੰ ਉਤਸ਼ਾਹਤ ਕਰਕੇ, ਡੇਰਾਵਾਦ ਨੂੰ ਹੱਲਾਸ਼ੇਰੀ ਦੇ ਕੇ, ਟੈਲੀ ਤੇ ਵੀ ਅਸ਼ਲੀਲ ਫਿਲਮਾਂ, ਨਾਟਕਾਂ ਆਦਿ ਦੀ ਭਰਮਾਰ ਕਰਵਾ ਕੇ ਗੁਰੂ ਸਾਹਿਬਾਨ ਵਲੋਂ 230 ਸਾਲਾਂ ਦੀ ਕਰੜੀ ਮਿਹਨਤ ਨਾਲ ਸਥਾਪਤ ਕੀਤਾ ਕੁਲੀਨ, ਸਾਊ ਤੇ ਨਰੋਆ ਸਭਿਆਚਾਰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ, ਉਹ ਸੱਭ ਲਈ ਬਹੁਤ ਖਤਰਨਾਕ ਤੇ ਹਾਨੀਕਾਰਕ ਹੈ। ਸਿੱਖੀ ਦੀ ਅਸਲੀ ਸਿੱਖਿਆ ਧਰਮ ਦੀ ਕਿਰਤ, ਆਮ ਹੋ ਰਹੇ ਘੁਟਾਲੇ, ਚੋਰੀਆਂ ਆਦਿ ਨੂੰ ਜੜ੍ਹੋਂ ਪੁੱਟ ਸਕਦੀ ਹੈ। ਕਮਜ਼ੋਰਾਂ, ਲੋੜਮੰਦਾਂ ਆਦਿ ਤੇ ਦਇਆ ਅਤੇ ‘ਪਰਾਏ ਹੱਕ ਨੂੰ ਮੁਰਦਾਰ’ ਸਮਝਣ ਦੀ ਸਿੱਖਿਆ ਹੇਰਾਫੇਰੀ ਆਦਿ ਰਾਹੀਂ ਵਾਧੂ ਹਥਿਆਉਣ ਦੀ ਥਾਂ ਗੁਜ਼ਾਰੇ ਅਨੁਸਾਰ ਕੋਲ ਹੋਣ ਤੇ ਸਬਰ ਸੰਤੋਖ ਕਰਨ ਲਾ ਦੇਵੇਗੀ, ਜਿਵੇਂ ਬਘਿਆੜਾਂ ਦੇ ਦਰਮਿਆਨ ਘਿਰਿਆ ਡਾ. ਮਨਮੋਹਨ ਸਿੰਘ ਭਾਵੇਂ ਸਿੱਖੀ ਦਾ ਸੰਤ-ਸਿਪਾਹੀ ਵਾਲਾ ਫਰਜ਼ ਤਾਂ ਨਹੀਂ ਨਿਭਾ ਰਿਹਾ ਤੇ ਗਿਆਨੀ ਜ਼ੈਲ ਸਿੰਘ ਵਾਂਗ ਇੱਕ ਮੋਹਰੇ ਵਜੋਂ ਹੀ ਵਰਤਿਅ ਜਾ ਰਿਹਾ ਹੈ, ਪਰ ‘ਪਰਾਇਆ ਹੱਕ ਨਾ ਖਾਣ’ ਵਾਲਾ ਫਰਜ਼ ਠੀਕ ਨਿਭਾ ਰਿਹਾ ਹੈ। ਅੱਗੇ, ਸਿੱਖਾਂ ਨੇ ਜ਼ਾਲਮ ਜਾ ਕਸੂਰਵਾਰ ਨੂੰ ਸੋਧਣ ਤੋਂ ਬਿਨਾਂ ਕਦੇ ਕਿਸੇ ਮਾਸੂਮ ਜਾ ਬੇਕਸੂਰ ਬੰਦਿਆਂ ਨੂੰ ਮਾਰਨਾ ਤਾਂ ਇੱਕ ਪਾਸੇ ਕਦੇ ਕੋਈ ਤਕਲੀਫ ਨਹੀਂ ਪਹੁੰਚਾਈ। ਸੋ ਹਜ਼ਾਰਾਂ ਹੀ ਬੇਕਸੂਰ ਸਿੱਖਾਂ, ਮੁਸਲਮਾਨਾਂ, ਈਸਾਈਆਂ ਤੇ ਦਲਿਤਾਂ ਦਾ ਕਤਲ ਕਰਨ ਵਾਲੀ ਬ੍ਰਾਦਰੀ ਅਤੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੇਕਸੂਰ ਲੋਕਾਂ ਨੂੰ ਬੰਬਾਂ ਰਾਹੀਂ ਜਾ ਆਤਮ ਘਾਤੀ ਹਮਲਿਆਂ ਰਾਹੀਂ ਮੌਤ ਦੇ ਘਾਟ ਉਤਾਰਨ ਅਤੇ ਅਰਬਾਂ ਖਰਬਾਂ ਦੀ ਸੰਪਤੀ ਦਾ ਨੁਕਸਾਨ ਕਰਨ ਵਾਲਿਆਂ ਨੂੰ, ਸਿੱਖੀ ਦੀ ਜ਼ਾਲਮ ਤੇ ਕਸੂਰਵਾਰ ਨੂੰ ਹੀ ਸੋਧਣ ਦੀ ਨੀਤੀ, ਤੋਂ ਸਬਕ ਸਿੱਖਣਾ ਚਾਹੀਦਾ ਹੈ। ਕਿਉਂਕਿ ਐਸੀਆਂ ਬੇਕਸੂਰ ਤੇ ਮਾਸੂਮਾਂ ਦੀਆਂ ਮੌਤਾਂ ਜਿੱਥੇ ਬਹੁਤ ਬੜਾ ਨੁਕਸਾਨ ਤੇ ਜੁਰਮ ਹਨ ਉੱਥੇ ਇਹ ਬਹੁਤ ਬੜਾ ਪਾਪ ਹਨ, ਤੋਂ ਬਚਣਾਂ ਚਾਹੀਦਾ ਹੈ।
ਭਾਰਤੀ ਮਨੂੰਵਾਦੀ ਵਰਨ-ਵੰਡ ਸੋਚ ਸਿਰਫ ਆਪ ਹੀ ਮਨੁੱਖੀ ਘਾਣ ਨਹੀਂ ਕਰਦੀ ਤੇ ਕਰਾਉਂਦੀ ਆ ਰਹੀ, ਇਸ ਰਾਹੀਂ ਆਪਸੀ ਬੇਇਤਫਾਕੀ ਕਾਰਨ ਹਜ਼ਾਰ ਸਾਲ ਦੀ ਬਦੇਸ਼ੀ ਗੁਲਾਮੀ ਗਲ ਪਵਾ ਕੇ ਅਪਮਾਨਜਨਕ ਜੀਵਨ, ਮਨੁੱਖੀ ਘਾਣ, ਹਰ ਤਰ੍ਹਾਂ ਦੀ ਲੁੱਟ ਖਸੁੱਟ ਆਦਿ ਕਰਵਾਏ। ਐਸੇ ਢਹਿੰਦੀ ਕਲਾ ਵਾਲੇ ਜੀਵਨ ਵਿੱਚੋਂ ਕੱਢਣ ਲਈ ਹੀ ਗੁਰੂ ਨਾਨਕ ਸਾਹਿਬ ਦੀ ਸੁਤੰਤਰਤਾ ਅਧਾਰਤ ਸੋਚ ਵਾਲੀ ਲਹਿਰ ਨੇ ਅਖੌਤੀ ਚਹੁ-ਵਰਨੀ ਥੋੜੀ ਗਿਣਤੀ ਦੇ ਇਕੱਠ ਦੁਆਰਾ ਹੀ ਦੇਸ਼ ਨੂੰ ਆਜ਼ਾਦੀ ਦੀ ਸੁਗਾਤ ਬਖਸ਼ ਦਿੱਤੀ, ਪਰ ਮਨੂੰਵਾਦੀ ਵਰਨ-ਵੰਡ ਗਤੀਵਿਧੀਆਂ ਫਿਰ ਉਸੇ ਹੀ ਰਾਹ ਤੇ ਪੈ ਕੇ ਘੱਟਗਿਣਤੀਆਂ, ਖਾਸ ਕਰਕੇ ਸਰਬੱਤ ਦਾ ਭਲਾ ਲੋੜਨ ਤੇ ਕਰਨ ਵਾਲੀ ਸਿੱਖ ਘੱਟਗਿਣਤੀ, ਨਾਲ ਔਰੰਗਜ਼ੇਬੀ ਵਰਤਾਉ ਕਰਕੇ ਇਸ ਸ਼ਕਤੀ ਨੂੰ ਉਸਾਰੂ ਢੰਗ ਨਾਲ ਵਰਤਨ ਦੀ ਥਾਂ ਬਰਬਾਦੀ ਤੇ ਗੁਲਾਮੀ ਵਾਲਾ ਰਾਹ ਫੜ ਚੁਕੀਆਂ ਹਨ। ਐਸੀ ਵਿਨਾਸ਼ਕਾਰੀ ਸੋਚ ਵਾਲੇ ਸੱਜਨ ਜੇ ਗੁਰੂ ਨਾਨਕ ਸਾਹਿਬ ਦੀ ‘ਮਾਨਸ ਦੀ ਜਾਤ ਇੱਕ ਹੀ ਹੈ’, ‘ਨਾ ਕੋਈ ਵੈਰੀ ਨਾ ਕੋਈ ਬਿਗਾਨਾ’ ਹੈ, ਅਪਨਾ ਲੈਣ ਤਾਂ ਐਸਾ ਕਰਨ ਨਾਲ ਹੀ ਹੋਰ ਸਾਰੀਆਂ ਸਮਾਜ-ਵਿਰੋਧੀ ਗਤੀਵਿਧੀਆਂ ਨੂੰ ਰੋਕ ਪੈ ਸਕਦੀ ਹੈ, ਜੋ ਬਹੁਤ ਉਸਾਰੂ ਸਾਬਤ ਹੋ ਸਕਦਾ ਹੈ। ਪਰ ਐਸੀ ਸੋਚ ਲਈ ਇੱਕ ਬੜੀ ਸ਼ਰਤ ਹੈ, ਜੋ ‘ਦਇਆ’ ਦਾ ਹੋਣਾ ਹੈ। ਮਨੂੰਵਾਦੀ ਵਰਨ-ਵੰਡ ਵਿੱਚ ਤਾਂ ‘ਦਇਆ’ ਦੀ ਸਦਾ ਲਈ ਅਣਹੋਂਦ ਹੈ, ਜੋ ਸਵਰਗ ਦਾ ਲਾਰਾ ਲਾ ਕੇ ‘ਆਰੇ’ ਤੇ ‘ਸਤੀ’ ਰਾਹੀਂ ਮਨੁੱਖੀ ਘਾਣ ਤੱਕ ਕਰਾਉਂਦੀ ਆ ਰਹੀ ਹੈ ਤੇ ਕਰਾ ਸਕਦੀ ਹੈ, ਪਰ ਇਸ ਤੋਂ ਉਲਟ ਸਿੱਖੀ ਵਿੱਚ ‘ਦਇਆ’ ਨੇ ਜਿੱਥੇ ਹੋਰਨਾਂ ਤੇ ਦਇਆ ਕਰਨ ਨਾਲ ਹੋਰਨਾਂ ਨੂੰ ਆਜ਼ਾਦੀ ਦਾ ਜੀਵਨ ਬਖਸ਼ਣ ਦਾ ਫਰਜ਼ ਨਿਭਾਇਆ, ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਕੈਦ ਵਿੱਚੋਂ ਹਜ਼ਾਰਾਂ ਨੂੰ ਆਜ਼ਾਦ ਕਰਵਾਇਆ, ਗੁਰੂ ਹਰਿ ਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕਦੇ ਵੀ ਰਿਹਾ ਨਾ ਹੋਣ ਵਾਲੇ ਰਾਜਿਆਂ ਨੂੰ ਕੈਦ ਵਿੱਚੋਂ ਆਜ਼ਾਦ ਕਰਵਾਇਅ ਤੇ ਗੈਰਤ ਦਾ ਜੀਵਨ ਜੀਣ ਲਈ ਪ੍ਰੇਰਿਆ, ਬੇਘਰ ਹੁੰਦੇ ਖਾਲਸੇ ਨੇ ਆਪਣੇ ਦੇਸ਼ ਦੀਆਂ ਬੰਦੀ ਬਣਾਈਆਂ ਬੇਵੱਸ ਤੇ ਨਿਆਸਰਾ ਬੀਬੀਆਂ ਨੂੰ ਆਜ਼ਾਦ ਕਰਵਾ ਕੇ ਘਰੋ ਘਰੀ ਪੁਜਾਇਆ, ਗੁਰੂ ਨਾਨਕ ਸਾਹਿਬ ਵਲੋਂ ਬਖਸ਼ੀ ਗੈਰਤ ਤੇ ਮਾਣ ਨਾਲ ਜੀਉਣ ਵਾਲੀ ਸਿੱਖਿਆ ਤੇ ਚਲਦਿਆਂ ਗੁਰੂ ਦੇ ਖਾਲਸੇ ਨੇ ਪਹਿਲਾਂ ਬਦੇਸ਼ੀਆਂ ਪਾਸੋਂ ਪੰਜਾਬ ਨੂੰ ਆਜ਼ਾਦ ਕਰਵਾ ਕੇ ਰਾਜ ਕਾਇਮ ਕਰ ਲਿਆ, ਫਿਰ ਸਮੁੱਚੇ ਦੇਸ਼ ਭਾਰਤ ਨੂੰ ਬਦੇਸ਼ੀ ਰਾਜ ਤੋਂ ਆਜ਼ਾਦ ਕਰਵਾਉਣ ਲਈ ਆਪਣੇ ਵਿੱਤ ਨਾਲੋਂ ਵੀ ਵੱਧ ਯੋਗਦਾਨ ਹੀ ਨਹੀਂ ਪਾਇਆ ਦੇਸ਼ ਨੂੰ ਆਜ਼ਾਦ ਕਰਾ ਕੇ ਆਪਣੇ ਗਲ ਗੁਲਾਮੀ ਦਾ ਪਟਾ ਪਵਾ ਲਿਆ। ਭਾਵ ਮਨੂੰਵਾਦੀ ਸੋਚ ਆਪ ਦਇਆ ਕਰਨਾ ਤਾਂ ਜਾਣਦੀ ਹੀ ਨਹੀਂ, ਦਇਆ ਕਰਨ ਵਾਲੇ ਨੂੰ ਧੰਨਵਾਦ ਵਜੋਂ ਸਦਾ ਲਈ ਆਪਣਾ ਗੁਲਾਮ ਬਣਾ ਲੈਂਦੀ ਹੈ, ਜੋ ਸਿੱਖਾਂ ਨਾਲ ਇਸ ਵੇਲੇ ਹੋ ਰਿਹਾ ਹੈ। ਪਰ ਸਿੱਖ ਸੋਚ ਤੇ ਕਿਰਦਾਰ ਹਰ ਇੱਕ ਦੀ ਆਜ਼ਾਦੀ ਲਈ ਸਦਾ ਵਾਸਤੇ ਵਚਨਵੱਧ ਹੈ, ਜਿੱਸ ਤੋਂ ਮਨੂੰਵਾਦੀ ਸੋਚ ਨੂੰ ਸੇਧ ਲੈਣੀ ਚਾਹੀਦੀ ਹੈ।
ਇੱਥੇ ਮਨੂੰਵਾਦੀ ਬ੍ਰਾਹਮਣੀ ਵਰਨ-ਵੰਡ ਵਾਲੀ ਸੋਚ ਰਾਹੀਂ ਪੰਜਾਬ ਦਾ ਹਰ ਪੱਖੋਂ ਹੋ ਰਹੇ ਨੁਕਸਾਨ ਬਾਰੇ ਕੁੱਛ ਖੋਲ੍ਹ ਕੇ ਲਿਖਣਾ ਜ਼ਰੂਰੀ ਹੈ। ਇਸ ਸੋਚ ਅਨੁਸਾਰ ਸਾਰੇ ਕਿਰਤੀ (ਤਰਖਾਣ, ਲੋਹਾਰ, ਝੀਵਰ, ਕੁਮਹਾਰ, ਚਮਾਰ, ਚੂਹੜਾ, ਨਾਈ, ਜੱਟ, ਜੁਲਾਹਾ, ਛੀਂਬਾ ਆਦਿ) ਸ਼ੂਦਰ ਹਨ। ਬ੍ਰਾਹਮਣ ਵਲੋਂ ਇਨ੍ਹਾਂ ਦੀ ਕਈ ਢੰਗਾਂ ਨਾਲ ਲੁੱਟ ਖਸੁੱਟ ਹੀ ਨਹੀਂ ਕੀਤੀ ਗਈ, ਇਨ੍ਹਾਂ ਨੂੰ ਆਪਸੀ ਦੁਸ਼ਮਣ ਤੱਕ ਬਨਾਉਣ ਵਿੱਚ ਵੀ ਸਫਲ ਹੁੰਦਾ ਦਿੱਸ ਰਿਹਾ ਹੈ ਜਿਸ ਨੂੰ ਆਮ ਬੰਦਾ ਨਹੀਂ ਸਮਝ ਸਕਦਾ। ਪਹਿਲਾਂ ਇੱਕ ਖਾਸ ਨੁਕਤਾ ਜਾਨਣਾ ਜ਼ਰੂਰੀ ਹੈ। ਇਨ੍ਹਾਂ ਅਖੌਤੀ ਨੀਵੀਂ ਜਾਤਾਂ ਵਾਲੇ ਸਤਿਕਾਰਯੋਗ ਭਗਤ ਸਾਹਿਬਾਨ ਸ੍ਰੀ ਕਬੀਰ ਜੀ, ਸ੍ਰੀ ਰਵਿਦਾਸ ਜੀ, ਸ੍ਰੀ ਨਾਮਦੇਵ ਜੀ ਆਦਿ ਨੇ ਜੋ ‘ਜਨ ਭਏ ਖਾਲਸੇ’ ‘ਬੇਗਮਪੁਰਾ’ ਆਦਿ ਦੀ ਅਵਸਥਾ ਪ੍ਰਾਪਤ ਕਰ ਲਈ ਸੀ (ਜੋ ਉਨ੍ਹਾਂ ਨੇ ਆਪਣੀ ‘ਧੁਰ ਕੀ ਬਾਣੀ’ ਵਿੱਚ ਅੰਕਤ ਕੀਤਾ ਅਤੇ ਗੁਰੂ ਨਾਨਕ ਸਾਹਿਬ ਵਲੋਂ ਇਕੱਤਰ ਕੀਤੀ ਉਨ੍ਹਾਂ ਦੀ ਵੱਡਮੁਲੀ ਬਾਣੀ ਨੂੰ ਗੁਰੂ ਅਰਜਨ ਦੇਵ ਵਲੋਂ ਬੜੇ ਸਨਮਾਨ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਵਜੋਂ ਸ਼ਾਮਲ ਕੀਤਾ ਗਿਆ) ਅਤੇ ਉਨ੍ਹਾਂ ਦੇ ਪੈਰੋਕਾਰ ਵੀ ਠੀਕ ਰਾਸਤੇ ਤੇ ਚੱਲ ਰਹੇ ਸਨ, ਉਹ ਅਵਸਥਾ ਬ੍ਰਾਹਮਣ ਆਪਣੇ ਕਰਮ-ਕਾਂਡੀ ਧਰਮ ਰਾਹੀਂ ਪ੍ਰਾਪਤ ਨਹੀਂ ਕਰ ਸਕਿਆ ਸੀ, (ਨਾ ਕਦੇ ਕਰ ਸਕੇਗਾ) ਤੇ ਭਗਤ ਸਾਹਿਬਾਨ ਤੇ ਪੈਰੀਂ ਪੈਣਾ ਪਿਆ ਸੀ। ਇਹ ਉਸ ਦੇ ਲਈ ਅਸਹਿ ਸੀ। ਪਰ ਜਦ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸੱਭ ਕਿਰਤੀਆਂ ਦੀ ਸੰਗਤ ਤੇ ਪੰਗਤ ਰਾਹੀਂ ਬ੍ਰਾਹਮਣੀ ਲੁੱਟ ਖਸੁੱਟ ਵਿਰੁੱਧ ਹੀ ਨਹੀਂ ਰਾਜਸੀ ਜਬਰ ਅਤੇ ਅਨਿਆਂ ਵਿਰੁੱਧ ਭੀ ਜਥੇਬੰਧਕ ਲਹਿਰ ਚਲਾਈ ਤਾਂ ਬ੍ਰਾਹਮਣ ਨੇ ਆਪਣੀ ਕਮਰ ਟੁੱਟਦੀ ਦੇਖੀ। ਇਹ ਹੀ ਨਹੀਂ ਇਹ ਲਹਿਰ ਗੁਰੂ ਹਰਿ ਗੋਬਿੰਦ ਰਾਹੀਂ ਗੁਰੂ ਗੋਬਿੰਦ ਸਿੰਘ ਤੱਕ ਪਹੁੰਚ ਕੇ ਇਨ੍ਹਾਂ ਕਿਰਤੀਆਂ ਨੂੰ ਖਾਲਸਾ ਰੂਪ ਵਿੱਚ ਬੜੇ ਬੜੇ ਜਰਨੈਲ ਤੇ ਰਾਜੇ ਬਣਾ ਦਿੰਦੀ ਹੈ। ਇੱਥੇ ਉਹ ਇਨ੍ਹਾਂ ਸੱਭ ਨੂੰ ਆਪਣੇ ਨਾਲੋਂ ਉਚੇ ਹੋਏ ਵੇਖਦਾ ਹੈ (ਕਿਉਂਕਿ ਜੇ ਮਨੁੱਖ ਸਾਰੇ ਜੀਵਾਂ ਦਾ ਸ੍ਰਦਾਰ ਹੈ ਤਾਂ ਖਾਲਸਾ ਨਿਰਭਉ ਤੇ ਨਿਰਵੈਰ ਹੁੰਦਾ ਹੋਇਆ ਸਾਰੇ ਮਨੁੱਖਾਂ ਦਾ ਸ੍ਰਦਾਰ ਹੈ) ਤਾਂ ਤਲਮਲਾ ਉੱਠਦਾ ਹੈ। ਭਗਤ ਸਹਿਬਾਨ ਅਤੇ ਗੁਰੂ ਸੋਚ ਅੱਗੇ ਉੱਸ ਕੋਲ ਨਾ ਕੋਈ ਦਲੀਲ ਸੀ ਨਾ ਕੋਈ ਹੈ। ਉਸ ਕੋਲ ਸਿਰਫ ਚਾਨਕੀਆ ਸੋਚ ਹੀ ਹੈ, ਆਪਣੇ ਵਿਰੋਧੀਆਂ ਨੂੰ ਆਪਸ ਵਿੱਚ ਲੜਾਉਣਾ। ਇਸ ਅਖੌਤੀ ਜਾਤੀ ਸਮੂਹ ਤੋਂ, ਜੋ ਸਦਾ ਸਰਬੱਤ ਦਾ ਭਲਾ ਲੋੜਦਾ ਹੈ, ਇਸ ਨੂੰ ਸਦਾ ਡਰ ਰਿਹਾ ਹੈ, ਭਾਵੇਂ ਇਨ੍ਹਾਂ ਰਾਹੀਂ ਬਣਾਇਆ, ਪੈਦਾ ਆਦਿ ਕੀਤਾ ਸਾਮਾਨ ਵਰਤਦਾ ਤੇ ਖਾਂਦਾ ਹੈ। ਧੰਨਵਾਦੀ ਹੋਣ ਦੀ ਥਾਂ ਅਕ੍ਰਿਤਘਣ ਬਣਦਾ ਹੈ। ਇਸ ਬ੍ਰਾਹਮਣਵਾਦ ਖਤਰਨਾਕ ਅਤੇ ਸੱਭ ਲਈ ਹਾਨੀਕਾਰਕ ਸੋਚ ਤੇ ਕਰਤੂਤ ਦਾ ਟਾਕਰਾ ਅਖੌਤੀ ਜਾਤੀ ਸਮੂਹ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ “ਗੁਰਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥” (ਅੰਗ. 648) ਅਨੁਸਾਰ ‘ਬੇਗਮਪੁਰੇ’ ਦੇ ਵਾਸੀ ‘ਖਾਲਸਾ’ ਗੁਰੂ ਗ੍ਰੰਥ ਸਾਹਿਬ ਦੇ ‘ਬੇਟੇ’ ਬਣ ਕੇ ਕਰਨਾ ਚਾਹੀਦਾ ਹੈ, ਤਾਕਿ ਕੁੱਛ ਚੋਣਵੇਂ ਲੋਕ ਹੀ ਨਾ ਮਨ-ਮਰਜ਼ੀ ਦਾ ਸੌਖਾ ਜੀਵਨ ਹੋਰਨਾਂ ਨੂੰ ਤੰਗ ਕਰਕੇ ਜੀਉਣ ਤੱਕ ਸੀਮਤ ਰਹਿਣ, ਸਾਰੇ ਹੀ ਕਿਸੇ ਵਿਤਕਰੇ ਤੋਂ ਬਿਨਾਂ ਸ਼ਾਂਤੀ ਪੂਰਬਕ ਜੀਵਨ ਜੀਉ ਸਕਣ।
ਇਸ ਸੰਬੰਧੀ ਸ੍ਰੀ ਪ੍ਰੇਮ ਪੈਂਥਰ ਜੀ ਨੇ ਦੋ ਕੁ ਸਾਲ ਪਹਿਲਾਂ ਇੱਕ ਲੇਖ “ਰਵਿਦਾਸ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਦਾ ਲੜ ਨਾ ਛੱਡੇ” ਵਿੱਚ ਇਹ ਵਿਚਾਰ ਦਿੱਤੇ ਸਨ, “ਮਨੁੱਖਤਾ ਨੂੰ ਸ਼ਾਂਤਮਈ ਤੇ ਵਧੀਆ ਜੀਵਨ ਦੇਣ ਲਈ ਬ੍ਰਾਹਮਣਵਾਦ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਖਾਤਮੇ ਲਈ ਇੱਕ ਬਹੁਤ ਵੱਡੀ ਤਾਕਤ ਬਣ ਕੇ ਰਵਿਦਾਸੀਆ ਭਾਈਚਾਰਾ ਅਤੇ ਸਿੱਖ ਕੌਮ ਮਿਲ ਕੇ ਆ ਰਹੇ ਸਨ। ਬ੍ਰਾਹਮਣਵਾਦ ਨੇ ਇਸ ਬਣੀ ਬਣਾਈ ਤਾਕਤ ਨੂੰ ਆਪਣੀ ਚੁਸਤੀ ਤੇ ਚਲਾਕੀ ਨਾਲ ਤਹਿਸ ਨਹਿਸ ਕਰ ਕੇ ਰੱਖ ਦਿੱਤਾ”। ਭਾਵ ਐਸੀ ਚਾਲ ਚੱਲੀ ਕਿ ਇਹ ਆਪਸ ਵਿੱਚ ਲੜ ਕੇ ਆਪਣੀ ਤਾਕਤ ਜ਼ਾਇਆ ਕਰਦੇ ਰਹਿਣ ਅਤੇ ਉਸ ਦੀ ਪਹਿਚਾਣ ਵੀ ਨਾ ਕਰ ਸਕਣ। ਜਥੇਦਾਰ ਮਹਿੰਦਰ ਸਿੰਘ ਖਹਿਰਾ ਜੀ ਨੇ ਵੀ ਆਪਣੇ ਲੇਖ ‘ਜਾਤ ਪਾਤ ਅਤੇ ਸਿੱਖ ਲਹਿਰ’ ਲੇਖ ਵਿੱਚ ਇਸ ਸੰਬੰਧੀ ਕਾਫੀ ਵਿਸਥਾਰ ਨਾਲ ਲਿਖਦੇ ਹੋਏ ਇਹ ਖਾਸ ਗੱਲ ਕਹੀ ਹੈ, “ਹਿੰਦੋਸਤਾਨ ਵਿੱਚ ਬ੍ਰਾਹਮਣਵਾਦ ਦੀ ਸਰਦਾਰੀ ਰਹੀ ਤੇ ਬ੍ਰਾਹਮਣਵਾਦੀ ਆਗੂ ਬੜੀ ਸੌਖ ਨਾਲ ਦਲਿਤਾਂ (ਅਖੌਤੀ ਦਲਿਤ) ਨੂੰ ਆਪਣੇ ਮਕਸੱਦ ਲਈ ਵਰਤਦੇ ਰਹੇ, ਇੱਥੋਂ ਤੱਕ ਕਿ ਸਿੱਖ ਲਹਿਰ ਜੋ ਕਿ ਦਲਿਤ ਸਮਾਜ ਨੂੰ ਬ੍ਰਾਹਮਣਵਾਦ ਦੀ ਗੁਲਾਮੀ ਚੋਂ ਕੱਢ ਕੇ ਉਸ ਦੀ ਸਰਦਾਰੀ ਸਥਾਪਿਤ ਕਰਨ ਦੇ ਸਮਰੱਥ ਹੈ (ਸਮਰੱਥ ਹੁੰਦਾ ਹੋਇਆ ਸਰਦਾਰ ਬਣਾ ਕੇ ਗੁਰੂ-ਕਾਲ ਤੋਂ ਭਾਈ ਜੈਤਾ, ਭਾਈ ਸੰਗਤ ਸਿੰਘ ਵਰਗੀਆਂ ਮਹਾਨ ਹਸਤੀਆਂ ਤੇ ਵਰਤਮਾਨ ਵਿੱਚ ਮਹਾਨ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਿਆ ਆ ਰਿਹਾ ਹੈ), ਦੇ ਵਿਰੁੱਧ ਵੀ ਬ੍ਰਾਹਮਣਵਾਦੀ ਲੀਡਰ ਪੰਜਾਬ `ਚ ਦਲਿਤਾਂ ਨੂੰ ਵਰਤਦੇ ਆ ਰਹੇ ਹਨ”। ਇਹ ਖਿਆਲ ਦਿੰਦੇ ਹੋਏ ਉਹ ਅੱਗੇ ਲਿਖਦੇ ਹਨ, “ਇਸ ਗੱਲ ਤੋਂ ਵੀ ਦਲਿਤ ਭਾਈਚਾਰਾ ਮੁਨਕਰ ਨਹੀਂ ਹੋ ਸਕਦਾ ਕਿ ਜਦੋਂ ਕੋਈ ਦਲਿਤ ਵਿਅਕਤੀ ਗੁਰੂ ਗ੍ਰੰਥ ਜੀ ਦੀ ਤਾਬਿਆ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛੱਕ ਲੈਂਦਾ ਹੈ ਤਾਂ ਉਹ ਆਪਣੀ ਪਿਛਲੀ ਜਾਤ, ਕੁਲ ਕਿਰਤ, ਕਰਮ ਧਰਮ ਦਾ ਤਿਆਗ ਕਰਕੇ ਖਾਲਸਾ ਪੰਥ ਵਿੱਚ ਅਭੇਦ ਹੋ ਜਾਂਦਾ ਹੈ”। ਇਹ ਹੀ ਤਾਂ ਸਰਦਾਰੀ ਹੈ, ਅਤੇ ਆਪਸੀ ਏਕਤਾ ਰਾਹੀਂ ਬ੍ਰਹਮਣਵਾਦ ਦਾ ਸਫਲਤਾ ਸਹਿਤ ਟਾਕਰਾ ਕਰਨ ਲਈ ਸਿੱਖਿਆਦਾਇਕ ਢੰਗ। ਸ. ਸੁਰਿੰਦਰ ਸਿੰਘ ਸੰਘਾ ਅਨੁਸਾਰ, “ਜੇਕਰ ਅਸੀਂ ਆਪਣੀ ਜ਼ਾਤ-ਪਾਤ ਨੂੰ ਅਧਾਰ ਬਣਾ ਕੇ ਡੌਰੂ ਵਜਾਈ ਜਾਣਾ ਹੈ ਤਾਂ ਅਸੀਂ ਆਪਸ ਵਿੱਚ ਉਲਝ ਕੇ ਰਹਿ ਜਾਵਾਂਗੇ”। ਇਹ ਉਨ੍ਹਾਂ ਨੇ ਇਟਲੀ ਵਿੱਚ ਇੱਕ ਨਗਰ ਕੀਰਤਨ ਦੌਰਾਨ ਇੱਕ ਬ੍ਰਾਦਰੀ ਦੇ ਕੁੱਛ ਨੌਜਵਾਨਾਂ ਨੂੰ “ਪੁੱਤ ਚ … …. . ਦੇ ਥਾਂ ਥਾਂ ਭੜਥੂ ਪਾਉਂਦੇ” ਦੇਖ ਕੇ ਲਿਖਿਆ ਸੀ। ਉਨ੍ਹਾਂ ਦੀ ਚਿਤਾਵਨੀ ਖਾਸ ਧਿਆਨ ਮੰਗਦੀ ਹੈ।
ਸੋ ਇਹ ਸੱਭ ਕੁੱਛ ਸਾਬਤ ਕਰਦਾ ਹੈ ਕਿ ਸਿੱਖੀ ਸਿਧਾਂਤ ਤੇ ਪਹਿਰਾ ਦੇ ਕੇ ਦੁਨੀਆਂ ਵਿੱਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ, ਭਾਵ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਨ ਮਨੋਰਥ-ਪੱਤਰ ਵਜੋਂ ਅੱਗੇ ਰੱਖ ਕੇ ਹਰ ਕਾਰਜ ਕੀਤਾ ਜਾਵੇ, ਜਿਵੇਂ ਇੱਕ ਵੇਲੇ ਇੱਕ ਪੱਤਰਕਾਰ ਵਲੋਂ ਸਵਰਗੀਆ ਸਤਿਕਾਰਯੋਗ ਸ੍ਰੀ ਕਾਂਸ਼ੀ ਰਾਮ ਜੀ ਨੂੰ ਇਹ ਪੁੱਛਣ ਤੇ ਕਿ ਤੁਹਾਡਾ ਚੋਣ ਮਨੋਰਥ ਕੀ ਹੈ, ਉਨ੍ਹਾਂ ਨੇ ਜਵਾਬ ਦਿੱਤਾ ਸੀ, “ ਗੁਰੂ ਗ੍ਰੰਥ ਸਾਹਿਬ ਹੈ”। ਗੁਰੂ ਸਾਹਿਬ ਤਾਂ ਕੁਰਾਹੇ ਪਏ ਪੰਡਤ ਤੇ ਵੀ ਤਰਸ ਕਰਦੇ ਹੋਏ ਉਸਨੂੰ ਜੀਵਨ ਮੁਕਤ ਹੋਣ ਲਈ ਮਨੂੰਵਾਦੀ ਵਰਨ-ਵੰਡ ਨਂੂ ਤਿਆਗ ਕੇ ਚਹੁ ਵਰਨਾਂ ਨੂੰ ਸ਼ੁਭ ਉਪਦੇਸ਼ ਕਰਨ ਦੀ ਸਿੱਖਿਆ ਦਿੰਦੇ ਹਨ। ਗੁਰੂ ਕਰੇ ਸਾਰੇ ਹੀ ਇਸ ਸੋਚ ਤੇ ਪਹਿਰਾ ਦੇਣਾ ਆਪਣਾ ਫਰਜ਼ ਸਮਝ ਲੈਣ। ਨਾਲ ਦੀ ਨਾਲ ਸਿੱਖਾਂ ਨੂੰ ਭੀ ਇਸ ਵੇਲੇ ਆਪਣੇ ਸਿੱਖੀ ਸਿਧਾਂਤ, ‘ਏਕੇ ਕਉ ਕਿਛ ਭਉ ਨਾਹੀ’, “ਗੁਰਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ”, ਇਸੇ ਅਨੁਸਾਰ ਬੜੀ ਮਿਹਨਤ ਨਾਲ ਬਣਾਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਣਿਤ ਰਹਿਤ ਮਰਿਯਾਦਾ ਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਮੰਨ ਕੇ ਅਤੇ ਆਪਣੇ ਇਤਿਹਾਸ ਤੋਂ, ਇਕਮੁੱਠ ਹੋਣ (ਜਿੱਸ ਦੀ ਬੜੀ ਘਾਟ ਹੈ) ਦੀ ਸਿੱਖਿਆ ਲੈਣੀ ਅਤਿ ਜ਼ਰੂਰੀ ਹੈ, ਭਾਵੇਂ ਵਿਚਾਰ ਵੱਖਰੇ ਵੱਖਰੇ ਵੀ ਕਿਉਂ ਨਾ ਹੋਣ, ਤੇ ਹੁੰਦੇ ਵੀ ਹਨ। ਇਸ ਵਿੱਚ ਹੀ ਸੱਭ ਦਾ ਭਲਾ ਹੈ। ਫਿਰ ਹਰ ਮੈਦਾਨ ਫਤਿਹ ਹੀ ਫਤਿਹ ਹੈ ਤੇ ਜਿੱਸ ਵਿੱਚ ਸੱਭ ਦਾ ਭਲਾ ਹੀ ਭਲਾ ਹੈ।




.